GurSobha Granth\'s Glimpse of Vaisakhi 1699
ਖਾਲਸੇ ਦੀ ਸਿਰਜਣਾ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਮੁਤਾਬਿਕ ਸੰਮਤ ਨਾਨਕਸ਼ਾਹੀ 231 ਨੂੰ ਵਿਸਾਖੀ ਦੇ ਦਿਹਾੜੇ 'ਤੇ ਪੂਰੀ ਮਰਯਾਦਾ ਨਾਲ ਅਨੰਦਪੁਰ ਸਾਹਿਬ ਵਿਖੇ ਕੀਤੀ। ਇਸ ਮਹਾਨ ਕਾਰਜ ਬਾਰੇ ਪ੍ਰਥਮ ਲਿਖਤੀ ਗਵਾਹੀ ਸਾਨੂੰ 'ਸ੍ਰੀ ਗੁਰਸੋਭਾ' ਦੇ ਕਰਤਾ ਕਵੀ 'ਸੈਨਾਪਤਿ' ਵੱਲੋਂ ਦਿੱਤੀ ਗਈ ਹੈ। ਇਹ ਗ੍ਰੰਥ 1711 ਈ. ਨੂੰ ਤਿਆਰ ਹੋਇਆ। ਪ੍ਰਤੱਖ ਹੈ ਕਿ ਇਸ ਗ੍ਰੰਥ ਦੀ ਰਚਨਾ ਖਾਲਸੇ ਦੀ ਸਿਰਜਣਾ ਤੋਂ ਕੇਵਲ 12 ਸਾਲ ਪਿੱਛੋਂ ਹੀ ਕਰ ਦਿੱਤੀ ਗਈ ਸੀ।
ਕਵੀ ਸੈਨਾਪਤਿ ਨੇ ਆਪਣੀ ਰਚਨਾ ਵਿਚ ਸਭ ਤੋਂ ਵੱਧ ਥਾਂ 'ਖਾਲਸੇ' ਦੇ ਵੱਖ-ਵੱਖ ਪਹਿਲੂਆਂ ਨੂੰ ਦਿੱਤੀ ਹੈ। ਪੁਸਤਕ ਦੇ 124 ਪੰਨਿਆਂ ਵਿੱਚੋਂ 49 ਪੰਨਿਆਂ ਦਾ ਸਿੱਧਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸੇ ਦੀ ਉਪਮਾ ਨਾਲ ਹੀ ਹੈ। ਕਵੀ ਨੇ ਜ਼ਿਆਦਾ ਵਿਸਥਾਰ 'ਚ ਜਾਣ ਦੀ ਲੋੜ ਨਹੀਂ ਸਮਝੀ। ਡਾ. ਗੰਡਾ ਸਿੰਘ ਨੇ ਸ੍ਰੀ ਗੁਰ ਸੋਭਾ ਦਾ ਮੁਖ ਬੰਧ ਲਿਖਦਿਆਂ (ਸੰਪਾਦਨਾ ਕਰਨ ਸਮੇਂ) ਇਹ ਵਿਚਾਰ ਪ੍ਰਗਟ ਕੀਤੇ ਹਨ : “ਸੈਨਾਪਤਿ ਨੇ ਗੁਰੂ ਸਾਹਿਬ ਦੇ ਜੀਵਨ ਦੇ ਕੇਵਲ ਉਨ੍ਹਾਂ ਚੋਣਵੇਂ ਵਾਕਿਆਤ ਨੂੰ ਹੀ ਲਿਆ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਧਾਰਮਿਕ ਵਿਚਾਰਾਂ, ਉਨ੍ਹਾਂ ਦੇ ਨਿਰਵੈਰ ਮਨ ਦੀ ਦਸ਼ਾ, ਉਨ੍ਹਾਂ ਦੀ ਸੂਰਬੀਰਤਾ, ਸੈਨਿਕ ਨਿਪੁੰਨਤਾ, ਖਾਲਸੇ ਦੀ ਸਾਜਨਾ, ਖਾਲਸੇ ਦੀ ਰਹਿਤ ਅਤੇ ਸੋਭਾ ਪ੍ਰਗਟ ਹੁੰਦੀ ਹੈ।
ਖਾਲਸੇ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ, ਇਸ ਬਾਰੇ ਕਵੀ ਸੈਨਾਪਤਿ ਲਿਖਦਾ ਹੈ:
ਪੁਰ ਆਨੰਦ ਗੋਬਿੰਦ ਸਿੰਘ ਗੁਰ ਅਬਿ ਕਬਿ ਕਰਤ ਬਖਾਨ।
ਗਿਰਦ ਪਹਾਰ ਅਪਾਰ ਅਤਿ ਸਤਿਲੁੱਦ੍ਰ ਤਟਿ ਸੁਭ ਥਾਨ।
ਚੇਤ ਮਾਸ ਬੀਤਿਉ ਸਕਲ ਮੇਲਾ ਭਯੋ ਅਪਾਰ।
ਬੈਸਾਖੀ ਕੇ ਦਰਸ ਪੈ ਸਤਿਗੁਰ ਕੀਯੋ ਬਿਚਾਰ।...
ਗੋਬਿੰਦ ਸਿੰਘ ਕਰੀ ਖੁਸ਼ੀ ਸੰਗਤਿ ਕਰੀ ਨਿਹਾਲ।
ਕੀਉ ਪ੍ਰਗਟ ਤਬ ਖਾਲਸਾ ਚੁਕਿਓ ਸਕਲ ਜੰਜਾਲ।
(ਸ੍ਰੀ ਗੁਰ ਸੋਭਾ, ਪੰਨਾ 78)
ਸਪਸ਼ਟ ਹੈ ਕਿ ਖਾਲਸੇ ਦੀ ਸਿਰਜਣਾ ਪਹਿਲੀ (ਵੈਸਾਖੀ ਵਾਲੇ ਦਿਨ) ਵੈਸਾਖ ਭਾਵ 1699 ਈ. ਨੂੰ ਅਨੰਦਪੁਰ ਸਾਹਿਬ ਵਿਖੇ ਸਤਲੁਜ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ।
ਖਾਲਸਾ ਪ੍ਰਗਟ ਕਰਨ ਦਾ ਵਿਰੋਧ ਵੀ ਹੋਇਆ ਤੇ ਖੁਸ਼ੀ ਵੀ ਹੋਈ। ਕੌਣ ਦੁਖੀ ਹੋਏ, ਇਨ੍ਹਾਂ ਬਾਰੇ ਕਵੀ ਸੈਨਾਪਤਿ ਲਿਖਦਾ ਹੈ:
ਸਬ ਸਮੂਹ ਸੰਗਤਿ ਮਿਲੀ, ਸੁਭ ਸਤਿਲੁੱਦ੍ਰ ਕੇ ਤੀਰ।
ਕੇਤਕ ਸੁਨ ਪਏ ਖਾਲਸਾ, ਕੇਤਕ ਭਏ ਅਧੀਰ।
ਤਜ ਮਸੰਦ ਪ੍ਰਭ ਏਕ ਜਪ, ਯਹਿ ਬਿਬੇਕ ਤਹਾ ਕੀਨ।
ਸਤਿਗੁਰ ਸੋ ਸੇਵਕ ਮਿਲੇ, ਨੀਰ ਮਧਿ ਜੋ ਮੀਨ।
(ਸ੍ਰੀ ਗੁਰ ਸੋਭਾ, ਪੰਨਾ 78)
ਇਸ ਸਮੇਂ ਸਿੱਖਾਂ ਨੂੰ ਕਿਹਾ ਗਿਆ:
ਗੁਰ ਸਿਖਨ ਕੋ ਬਚਨ ਸੁਨਾਯੋ।
ਜੋ ਸਿਖਨ ਜਗ ਮੈ ਪ੍ਰਗਟਾਯੋ।
ਸਿਰ ਗੁੰਮਨ ਕੇ ਮੁਖ ਨਹੀਂ ਲਾਗੋ।
ਪਾਂਚਨ ਕੋ ਸਬ ਸੰਗਿ ਤਿਯਾਗੋ।
ਮਰਨ ਪਰਨ ਤਿਨ ਕੇ ਕਛੁ ਹੋਵੈ।
ਤਹਾਂ ਸਿਖ ਨਹੀਂ ਜਾਇ ਖਲੋਵੈ। (ਸ੍ਰੀ ਗੁਰ ਸੋਭਾ, ਪੰਨਾ 79)
ਮੰਨਤ ਗੋਲਕ ਅਰ ਦਸਵੰਧ।
ਘਰਿ ਮੈ ਰਾਖੋ ਤਜੋ ਮਸੰਦ। (ਸ੍ਰੀ ਗੁਰ ਸੋਭਾ, ਪੰਨਾ 80)
ਸਪਸ਼ਟ ਹੈ ਕਿ ਗੁਰੂ ਜੀ ਨੇ ਦਸਵੰਧ, ਮੰਨਤ ਆਦਿ ਦੇਣ ਲਈ ਮਸੰਦ ਰੱਦ ਕਰ ਦਿੱਤੇ। ਸਿੱਖਾਂ ਨੂੰ ਕੁੜੀਮਾਰਾਂ, ਨੜੀਮਾਰਾਂ (ਹੁੱਕਾ ਸਿਗਰਟ ਪੀਣ ਵਾਲਿਆਂ), ਮੀਣਿਆਂ (ਪ੍ਰਿਥੀ ਚੰਦ ਦੀ ਔਲਾਦ), ਮਸੰਦਾਂ ਤੇ ਧੀਰ ਮੱਲੀਆਂ ਨਾਲ ਵਰਤਣ 'ਤੇ ਪਾਬੰਦੀ ਲਾ ਦਿੱਤੀ।
ਖਾਲਸੇ ਦੀ ਸਿਰਜਣਾ ਖੰਡੇ ਦੀ ਪਾਹੁਲ ਲੈ ਕੇ ਕੀਤੀ ਗਈ। ਕਵੀ ਸੈਨਾਪਤਿ ਲਿਖਦਾ ਹੈ:
ਖਾਂਡੇ ਕੀ ਪਾਹਿਲ ਦਈ, ਕਰਨਹਾਰ ਪ੍ਰਭ ਸੋਇ।
ਕੀਓ ਦਸੋ ਦਿਸ ਖਾਲਸਾ, ਤਾਂ ਬਿਨ ਅਵਰ ਨ ਕੋਇ।
(ਸ੍ਰੀ ਗੁਰ ਸੋਭਾ, ਪੰਨਾ 81)
'ਖੰਡੇ ਦੀ ਪਾਹੁਲ' ਛਕਾਉਣ ਤੋਂ ਪਿੱਛੋਂ ਚੋਰੀ, ਯਾਰੀ, ਜੂਆ, ਸ਼ਰਾਬ ਤੇ ਝੂਠ ਦੇ ਤਿਆਗ ਦਾ ਹੁਕਮ ਦਿੱਤਾ:
ਸਿਰ ਗੁੰਮਨ ਕੇ ਮਰਨੇ ਪਰਨੇ ਨਹੀਂ ਜਾਈਐ।
ਪਾਂਚਨ ਕੇ ਸੰਗਿ ਸਾਥ ਨੇਹ ਨਹੀਂ ਲਾਈਐ। ...
ਮਾਤਾ ਪਿਤਾ ਮਰਿ ਜਾਇ ਨ ਭਦਰ ਕਰਾਈਐ।
(ਸ੍ਰੀ ਗੁਰ ਸੋਭਾ, ਪੰਨਾ 82)
ਇਹ ਤੱਥ ਸਾਫ ਝਲਕਦਾ ਹੈ ਕਿ ਖਾਲਸੇ ਨੇ ਮਾਂ-ਪਿਉ ਦੇ ਮਰਨੇ 'ਤੇ ਸਿਰ ਨਹੀਂ ਮਨਾਉਣਾ। ਸਭ ਤੋਂ ਮਹੱਤਵਪੂਰਨ ਜ਼ੋਰ ਕੇਸਾਂ ਦੀ ਰਹਿਤ 'ਤੇ ਦਿੱਤਾ ਗਿਆ ਹੈ:
ਪਾਂਚ ਕੀ ਕੁਸੰਗਤਿ ਤਜਿ, ਸੰਗਤਿ ਸੌ ਪ੍ਰੀਤਿ ਕਰੇ,
ਦਯਾ ਔਰ ਧਰਮ ਧਾਰ, ਤਿਆਗੇ ਸਬ ਲਾਲਸਾ।
ਹੁੱਕਾ ਨ ਪੀਵੈ, ਸੀਸ ਦਾੜ੍ਹੀ ਨ ਮੁੰਡਾਵੈ,
ਸੋ ਤੋ ਵਾਹਿਗੁਰੂ ਵਾਹਿਗੁਰੂ, ਗੁਰੂ ਜੀ ਕਾ ਖਾਲਸਾ॥30॥
(ਸ੍ਰੀ ਗੁਰ ਸੋਭਾ, ਪੰਨਾ 81)
ਕੇਸਧਾਰੀ ਨੂੰ ਕਵੀ ਸੈਨਾਪਤਿ ਸੁੰਦਰ ਸਰੂਪ ਕਹਿੰਦਾ ਹੈ:
ਅਨੰਦ ਰੂਪ। ਸੁੰਦਰ ਸਰੂਪ।
ਐਸੋ ਨਿਹਾਰ। ਗੁਰੂ ਕੇਸ ਧਾਰ।
(ਸ੍ਰੀ ਗੁਰ ਸੋਭਾ, ਪੰਨਾ 87)
ਗੁਰੂ ਜੀ ਨੇ ਡਰਪੋਕ ਹੋ ਚੁੱਕੀ ਮੁਰਦਾ ਕੌਮ ਨੂੰ ਸ੍ਵੈ-ਰੱਖਿਆ ਤੇ ਬੀਰਤਾ ਦਾ ਮਨੋਬਲ ਦਿੱਤਾ। ਮੁਰਦਾ ਕੌਮ ਜ਼ਿੰਦਾ ਕਰ ਦਿੱਤੀ। ਇਸ ਤੋਂ ਵੱਡੀ ਹੋਰ ਕਰਾਮਾਤ ਕੀ ਹੋ ਸਕਦੀ ਹੈ?
-ਡਾ. ਗੁਰਚਰਨ ਸਿੰਘ 'ਆਦਰਸ਼'