A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

King of Shaheeds : Sri Guru Arjan Dev Sahib Ji

Author/Source: Sardar Manpreet Singh Saagar

ਸ਼ਹੀਦਾਂ ਦੇ ਸਿਰਤਾਜ : ਸ੍ਰੀ ਗੁਰੂ ਅਰਜਨ ਦੇਵ ਜੀ

-ਸ. ਮਨਪ੍ਰੀਤ ਸਿੰਘ ਸਾਗਰ

ਸਾਡੇ ਦੇਸ਼ ਪੰਜਾਬ ਦੀ ਧਰਤੀ ਤੇ ਬੇਸ਼ੁਮਾਰ ਕੁਰਬਾਨੀਆਂ ਤੇ ਸ਼ਹੀਦੀਆਂ ਹੋਈਆਂ। ਕੌਮ ਦੀਆਂ ਨੀਹਾਂ ਪੱਕੀਆਂ ਕਰਨ ਲਈ, ਜ਼ੰਜੀਰਾਂ ਵਿਚ ਜਕੜੇ ਦੇਸ਼ ਦੀ ਖ਼ਾਤਰ, ਦੁਖੀਆਂ, ਮਜ਼ਲੂਮਾਂ ਦੇ ਹੰਝੂਆਂ ਨੂੰ ਠੰਡਾ ਕਰਨ ਲਈ, ਆਰਿਆਂ ਦੇ ਦੰਦਿਆਂ ਨੂੰ ਮੋੜਨ, ਰੰਬੀਆਂ ਨੂੰ ਖੁੰਢੇ ਕਰਨ ਅਤੇ ਫਾਂਸੀ ਦੇ ਤਖ਼ਤਿਆਂ ਨੂੰ ਚਕਨਾਚੂਰ ਕਰਨ ਲਈ ਪਾਤਰਾਂ ਨੇ ਆਪਣੇ-ਆਪਣੇ ਪਾਰਟਾਂ ਨੂੰ ਸਮੇਂ ਸਿਰ ਅਦਾ ਕੀਤਾ।

ਆਖਰ ਜੇ ਗਹੁ ਨਾਲ ਸੋਚਿਆ ਜਾਏ ਕਿ ਇਸ ਦਾ ਬਾਨੀ ਹੈ ਕੌਣ, ਜਿਸ ਨੇ ਪਰਵਾਨੇ ਨੂੰ ਸ਼ਮ੍ਹਾਂ ਤੋਂ ਕੁਰਬਾਨ ਹੋਣ ਦੀ ਜਾਚ ਦੱਸੀ, ਜਿਸ ਨੇ ਫਾਂਸੀ ਦੇ ਤਖ਼ਤੇ ਉੱਤੇ ਖੁਸ਼ੀ ਦੇ ਗੀਤ ਗਾਉਂਦੇ ਹੋਏ ਝੂਲਣਾ ਸਿਖਾਇਆ, ਤਾਂ ਉਹ ਸਨ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ। ਸ਼ਹੀਦ ਸਭ ਕੌਮਾਂ ਵਿਚ ਹੁੰਦੇ ਆਏ ਹਨ ਤੇ ਕੋਈ ਕੌਮ ਵੀ ਆਪਣੇ ਆਦਰਸ਼ ਵਿਚ ਸ਼ਹੀਦੀ ਕਰਤੱਵਾਂ ਦਾ ਦਿਖਾਵਾ ਕੀਤੇ ਬਿਨਾਂ ਵਧ-ਫੁੱਲ ਨਹੀਂ ਸਕਦੀ। ਕਿਸੇ ਸ਼ਾਇਰ ਦਾ ਕਥਨ ਹੈ:

"ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ।

ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।"

ਜਦੋਂ ਸ਼ਹੀਦਾਂ ਦਾ ਖੂਨ ਡੁੱਲ੍ਹਦਾ ਹੈ ਤਾਂ ਕੌਮਾਂ ਬਲਵਾਨ ਬਣਦੀਆਂ ਹਨ। ਸ਼ਹੀਦ ਸਦਾ ਜੀਊਂਦੇ ਹਨ। ਕਿਸੇ ਸ਼ਾਇਰ ਨੇ ਕਿਤਨਾ ਸੁੰਦਰ ਕਿਹਾ ਹੈ:

"ਸ਼ਹੀਦ ਕੀ ਜੋ ਮੌਤ ਹੈ, ਵੁਹ ਕੌਮ ਕੀ ਹਯਾਤ ਹੈ। ਹਯਾਤ ਤੋ ਹਯਾਤ ਯਹਾਂ ਮੌਤ ਭੀ ਹਯਾਤ ਹੈ।"

ਬਾਹਰੀ ਨਜ਼ਰਾਂ ਨਾਲ ਵੇਖਣ ਵਾਲੇ ਕਹਿੰਦੇ ਹਨ ਕਿ ਸ਼ਹੀਦ ਸਦਾ ਦੀ ਨੀਂਦੇ ਸੌਂ ਗਿਆ, ਉਸ ਨੂੰ ਇਸ ਦਾ ਕੀ ਲਾਭ ਹੋਇਆ? ਉਹ ਉਸ ਦੀ ਪੁਰ-ਦਰਦ ਮੌਤ ਤੇ ਅੱਥਰੂ ਵਗਾਣ ਲੱਗ ਪੈਂਦੇ ਹਨ। ਪਰ ਜਿਨ੍ਹਾਂ ਨੂੰ ਆਤਮ-ਗਿਆਨ ਹੁੰਦਾ ਹੈ, ਉਹ ਕਹਿੰਦੇ ਹਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥

ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਅੰਗ 1365)

ਲੋਕਾਂ ਦੀਆਂ ਨਜ਼ਰਾਂ ਵਿਚ ਸ਼ਹੀਦ ਸਦਾ ਦੀ ਨੀਂਦ ਸੌਂ ਗਿਆ। ਪਰ ਉਸ ਦੀ ਇਸ ਖ਼ਾਮੋਸ਼ ਮਸਤੀ ਨੂੰ ਤੋੜਨ ਦਾ ਹੌਸਲਾ ਤਾਂ ਲੋਹੇ ਦੇ ਵੱਡੇ-ਵੱਡੇ ਇੰਜਣਾਂ ਨੂੰ ਵੀ ਨਹੀਂ ਪੈਂਦਾ। ਉਹ ਵੀ ਸ਼ਹੀਦ ਦੇ ਚਰਨਾਂ ਤੇ ਝੁਕ ਜਾਂਦੇ ਹਨ ਤੇ ਅੱਗੇ ਤੁਰਨ ਤੋਂ ਇਨਕਾਰ ਕਰ ਦਿੰਦੇ ਹਨ। ਸ਼ਾਇਰ ਦਾ ਕਥਨ ਹੈ:-

"ਵਾਹ ਮਿੱਠੀਏ ਨੀਂਦੇ ਸਵਰਗ ਦੀਏ, ਸਭ ਤੇਰੇ ਅੱਗੇ ਝੁਕ ਜਾਂਦੇ।

ਲਹੂ ਵੇਖ ਕੇ ਤੇਰੇ ਆਸ਼ਕ ਦਾ, ਗੱਡੀਆਂ ਦੇ ਇੰਜਣ ਰੁਕ ਜਾਂਦੇ।

ਕੌਮਾਂ ਤੇ ਜੀਵਨ ਆ ਜਾਵੇ, ਤੇ ਮੁਰਝਿਆ ਜੀਵਨ ਖਿੜ ਜਾਵੇ।

ਅਰਸ਼ਾਂ ਤੇ ਜੈ ਜੈਕਾਰ ਹੋਵੇ, ਫਰਸ਼ਾਂ ਤੇ ਕੰਬਣੀ ਛਿੜ ਜਾਵੇ।"

ਸ਼ਹੀਦ ਦੀ ਮੌਤ ਦੇ ਦੋ ਪਹਿਲੂ ਹੁੰਦੇ ਹਨ। 1) ਸ਼ਹੀਦ ਦੀ ਮੌਤ ਜ਼ਾਲਮ ਦਾ ਮਨ ਸ਼ਾਂਤ ਕਰ ਦਿੰਦੀ ਹੈ ਅਤੇ ਉਹ ਜ਼ੁਲਮ ਕਰਨ ਤੋਂ ਬਾਜ ਆ ਜਾਂਦਾ ਹੈ। 2) ਜੇ ਉਹ ਜ਼ੁਲਮ ਕਰਨ ਤੋਂ ਬਾਜ ਨਾ ਆਵੇ, ਤਾਂ ਸ਼ਹੀਦ ਦਾ ਖ਼ੂਨ ਉਸ ਜ਼ੁਲਮ ਦੇ ਖਿਲਾਫ਼ ਭਾਰੀ ਇਨਕਲਾਬ ਲੈ ਆਉਂਦਾ ਹੈ। ਮੁਰਦਾ ਹੋ ਚੁੱਕੀਆਂ ਕੌਮਾਂ ਵੀ ਸ਼ਹੀਦ ਦੀ ਕੁਰਬਾਨੀ ਵੇਖ ਕੇ ਦੁਸ਼ਮਣ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਂਦੀਆਂ ਹਨ ਤੇ ਰਣ-ਤੱਤੇ ਵਿਚ ਜੂਝਣ ਲਈ ਸਮਰੱਥ ਬਣ ਜਾਂਦੀਆਂ ਹਨ:

"ਦਹਿਲ ਜਾਂਦੇ ਤਖ਼ਤ ਸ਼ਾਹੀਆਂ ਦੇ, ਭੁਚਾਲ ਜਿਹਾ ਆ ਜਾਂਦਾ ਹੈ।

ਸਰਹਿੰਦ ਜਿਹੀ ਜ਼ਾਲਮ ਬਸਤੀ ਨੂੰ, ਜੋ ਪਲਕਾਂ ਵਿਚ ਢਾਹ ਜਾਂਦਾ ਹੈ।"

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਇਸੇ ਯੂਨੀਵਰਸਲ ਨਿਯਮ ਦੇ ਅਧੀਨ ਹੋਈ, ਭਾਵੇਂ ਉਸ ਸਮੇਂ ਦੇ ਚਲਾਕ ਹਾਕਮਾਂ ਨੇ ਆਪ ਦੀ ਸ਼ਹਾਦਤ ਦਾ ਮਹੱਤਵ ਘਟਾਣ ਲਈ ਉਸ ਨੂੰ ਇਕ ਮਾਮੂਲੀ ਅਹਿਲਕਾਰ ਚੰਦੂ ਦੇ ਮੱਥੇ ਮੜ੍ਹਨ ਅਤੇ ਅਸਲ ਕਾਰਨਾਂ ਤੇ ਪੜਦਾ ਪਾਈ ਰੱਖਣ ਦਾ ਯਤਨ ਕੀਤਾ। ਪਰੰਤੂ ਅਸਲ ਭੇਦ ਕਦੀ ਨਾ ਕਦੀ ਪ੍ਰਗਟ ਹੋ ਕੇ ਹੀ ਰਹਿੰਦਾ ਹੈ।

ਸਵਾਲ ਉੱਠਦਾ ਹੈ ਕਿ ਜੇ ਗੁਰੂ ਜੀ, ਚੰਦੂ ਦੀ ਨਾਰਾਜ਼ਗੀ ਨਾ ਸਹੇੜਦੇ ਤੇ ਉਸ ਦੀ ਲੜਕੀ ਦਾ ਨਾਤਾ ਆਪਣੇ ਸਾਹਿਬਜ਼ਾਦੇ ਲਈ ਪ੍ਰਵਾਨ ਕਰ ਲੈਂਦੇ ਤਾਂ ਕੀ ਉਨ੍ਹਾਂ ਦੀ ਸ਼ਹਾਦਤ ਨਾ ਹੁੰਦੀ? ਇਹ ਖਿਆਲ ਕਰਨਾ ਨਿਰਮੂਲ ਹੈ। ਅਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜ਼ੁਲਮ ਦਾ ਨਾਸ਼ ਕਰਨ ਲਈ ਸੰਸਾਰ ਵਿਚ ਭੇਜਿਆ। ਆਪ ਨੇ ਦਸ ਜਾਮੇ ਧਾਰਨ ਕੀਤੇ। ਪਹਿਲੇ ਜਾਮੇ ਵਿਚ ਆਪ ਨੇ ਇਕ ਅਕਾਲ ਦਾ ਜਾਪ ਸਿਖਾਇਆ। ਦੂਜੇ ਜਾਮੇ ਵਿਚ ਸਰੀਰ ਨੂੰ ਮਜ਼ਬੂਤ ਕਰਨ ਲਈ ਮੱਲ ਅਖਾੜੇ ਰਚੇ। ਤੀਜੇ ਜਾਮੇ ਵਿਚ ਸਾਂਝਾ ਲੰਗਰ ਤੇ ਚੌਥੇ ਵਿਚ ਸਾਂਝਾ ਧਰਮ ਅਸਥਾਨ।

ਜਦੋਂ ਕੌਮ ਨੂੰ ਬਲਵਾਨ ਕਰਨ ਵਾਲੇ ਇਹ ਚਾਰੇ ਗੁਣ ਆ ਗਏ, ਤਾਂ ਇਨ੍ਹਾਂ ਨੂੰ ਜੀਵਨ-ਜਾਚ ਦੱਸਣ ਲਈ ਸ਼ਹਾਦਤ ਦਾ ਸਬਕ ਦੇਣਾ ਵੀ ਜ਼ਰੂਰੀ ਸੀ ਅਤੇ ਉਹ ਕੁਰਬਾਨੀ ਤੋਂ ਬਿਨਾਂ ਨਹੀਂ ਸੀ ਸਿਖਿਆ ਜਾ ਸਕਦਾ। ਜੀਊਂਦੇ ਰਹਿਣ ਲਈ ਮਰਨ ਦੀ ਜਾਚ ਸਿਖਾਣੀ ਜ਼ਰੂਰੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਕਥਨ ਹੈ, "ਜੇ ਤੂੰ ਜੀਣਾ ਚਾਹੁੰਦਾ ਹੈਂ ਤਾਂ ਮਰਨ ਦੀ ਜਾਚ ਸਿੱਖ ਅਤੇ ਜੇ ਤੂੰ ਅਮਨ ਚਾਹੁੰਦਾ ਹੈਂ ਤਾਂ ਲੜਾਈ ਲਈ ਤਿਆਰ ਹੋ ਜਾ।" ਮੌਤ ਵਿਚੋਂ ਜੀਵਨ ਅਤੇ ਲੜਾਈ ਵਿਚੋਂ ਹੀ ਅਮਨ ਪੈਦਾ ਹੁੰਦਾ ਹੈ।

ਲੜਨ ਵਾਲੇ ਜਦ ਤੀਕ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਨਾ ਹੋ ਜਾਣ, ਫ਼ਤਹਿ ਹਾਸਲ ਨਹੀਂ ਕਰ ਸਕਦੇ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਆਦਰਸ਼ ਪੇਸ਼ ਕਰਨ ਲਈ ਘੋਰ ਕਸ਼ਟ ਸਹੇ ਅਤੇ ਕਮਜ਼ੋਰ ਹਿੰਦ ਵਾਸੀਆਂ ਨੂੰ ਨਿਰਭੈ ਹੋ ਕੇ ਸ਼ਹਾਦਤ ਦੇਣ ਦਾ ਸਬਕ ਸਿਖਾਇਆ। ਆਪਣੇ ਨਰੋਏ ਖ਼ੂਨ ਦਾ ਟੀਕਾ ਲਗਾ ਕੇ ਗੁਰੂ ਜੀ ਨੇ ਮੁਰਦਾ ਕੌਮ ਦੀਆਂ ਰਗਾਂ ਵਿਚ ਨਵੀਂ ਜਾਨ ਭਰ ਦਿੱਤੀ।

ਇਸ ਮਹਾਂ ਤਪੱਸਵੀ ਨੇ ਗੁਰਿਆਈ ਦੀ ਗੱਦੀ ਤੇ ਬੈਠਣ ਦੇ ਅਸਥਾਨ ਤੇ ਤਪ ਰਹੀ ਲੋਹ ਉੱਤੇ ਸਮਾਧੀ ਲਾਈ। ਜਿਸ ਸੀਸ ਤੇ ਚੌਰ ਝੁਲਦੇ ਹੁੰਦੇ ਸਨ, ਉਸ ਤੇ ਤੱਤੀ ਰੇਤ ਦੇ ਕੜਛੇ ਪਵਾਏ। ਸ੍ਰੀ ਹਰਿਮੰਦਰ ਸਾਹਿਬ ਵਿਚ ਬਿਰਾਜਣ ਵਾਲੇ ਸ਼ਹਿਨਸ਼ਾਹ ਉਬਲਦੀ ਦੇਗ ਵਿਚ ਬੈਠੇ ਵੀ ਸ਼ੁਕਰ ਮਨਾਂਦੇ ਰਹੇ।

ਸ਼ਹਾਦਤ ਦਾ ਅਸਲ ਕਾਰਨ ਸਮੇਂ ਦੇ ਬਾਦਸ਼ਾਹ ਜਹਾਂਗੀਰ ਦਾ ਤੁਅੱਸਬ ਹੈ। ਸ਼ਹਾਦਤ ਦੀ ਪੂਰੀ ਜ਼ਿੰਮੇਵਾਰੀ ਵੀ ਜਹਾਂਗੀਰ ਦੇ ਸਿਰ ਤੇ ਹੈ।

ਆਪ ਤੱਤੀ ਤਵੀ ਤੇ ਸਮਾਧੀ ਲਾ ਕੇ ਇਸ ਲਈ ਬੈਠੇ ਸਨ ਕਿ ਜ਼ੁਲਮ ਦੀ ਤਪ ਰਹੀ ਭੱਠੀ ਨੂੰ ਸ਼ਾਂਤ ਕੀਤਾ ਜਾਵੇ। ਹੇਠ ਜ਼ੋਰ ਦੀ ਅੱਗ ਮੱਚ ਰਹੀ ਸੀ, ਸਰੀਰ ਜਲ ਰਿਹਾ ਸੀ, ਪਰ ਆਪ ਲੋਹ ਤੇ ਬੈਠੇ ਹੋਏ ਉਚਾਰ ਰਹੇ ਸਨ:

-ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਅੰਗ 394)

-ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥

ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥ (ਅੰਗ 726)

ਬ੍ਰਹਮ ਗਿਆਨੀ ਦੀ ਮੂਰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਉਬਲਦੀ ਦੇਗ, ਤੱਤੀ ਰੇਤ ਤੇ ਗਰਮ ਲੋਹ ਆਈ। ਆਪ ਨੇ ਕਿਹਾ, "ਵਾਹਿਗੁਰੂ! ਤੇਰਾ ਨਾਮ ਸੀਤਲ ਹੈ। ਅੱਗ ਨੂੰ ਅੱਗ ਰਹਿਣ ਦੇਹ। ਪਰ ਮੈਨੂੰ ਆਪਣੇ ਨਾਮ ਦਾ ਸਦਕਾ ਸ਼ਾਂਤੀ ਦੇਹ ਤਾਂ ਕਿ ਮੈਂ ਇਸ ਸੇਕ ਨੂੰ ਬਰਦਾਸ਼ਤ ਕਰ ਸਕਾਂ" ਅਤੇ ਇਹ ਕੁਝ ਕਰ ਕੇ ਵੀ ਵਿਖਾ ਦਿੱਤਾ।

ਜਦ ਸਾਈਂ ਮੀਆਂ ਮੀਰ ਜੀ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗਾ ਤਾਂ ਦੌੜੇ ਆਏ ਤੇ ਕਹਿਣ ਲੱਗੇ ਕਿ ਮੈਂ ਇਹ ਕੀ ਵੇਖ ਰਿਹਾ ਹਾਂ ਕਿ ਧਰਤੀ ਤੇ ਆਕਾਸ਼ ਦਾ ਮਾਲਕ ਤੱਤੀਆਂ ਤਵੀਆਂ ਤੇ ਬੈਠਾ ਹੈ! ਮੇਰੇ ਪਾਸ ਇਹ ਵੇਖਣ ਦੀ ਸ਼ਕਤੀ ਨਹੀਂ ਕਿ ਸਰਬ ਸ਼ਕਤੀਮਾਨ ਦਾਤਾ ਇਹੋ ਜਿਹੇ ਕਸ਼ਟ ਸਹਾਰੇ। ਮੈਨੂੰ ਹੁਕਮ ਕਰੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ।

ਗੁਰੂ ਜੀ ਨੇ ਸਾਈਂ ਜੀ ਨੂੰ ਧੀਰਜ ਦਿੰਦਿਆਂ ਕਿਹਾ, "ਇਹ ਜਲ ਰਹੀ ਅੱਗ ਮੇਰੇ ਹਿਰਦੇ ਨੂੰ ਤਪਾ ਨਹੀਂ ਸਕਦੀ। ਪ੍ਰਭੂ-ਭਾਣੇ ਨੂੰ ਮਿੱਠਾ ਕਰ ਕੇ ਮੰਨਣ ਨਾਲ ਹਿਰਦਾ ਬਾਹਰੀ ਅੱਗ ਨਾਲ ਤਪ ਨਹੀਂ ਸਕਦਾ।" ਸਾਈਂ ਜੀ ਨੇ ਬਿਹਬਲ ਹੋ ਕੇ ਕਿਹਾ, "ਕੋਮਲ ਸਰੀਰ ਦੇ ਜਲਾਣ ਵਿਚ ਕਿਸ ਆਦਰਸ਼ ਦੀ ਪੂਰਤੀ ਹੁੰਦੀ ਹੈ?" ਤਾਂ ਗੁਰੂ ਜੀ ਨੇ ਕਿਹਾ, ਇਸ ਵਿਚ ਇਕ ਗੁੱਝਾ ਭੇਦ ਹੈ। ਜਿਵੇਂ ਕਿਸੇ ਬੂਟੇ ਨੂੰ ਕਲਮ ਕਰਨ ਨਾਲ ਉਹ ਵਧਦਾ-ਫੁੱਲਦਾ ਹੈ, ਇਸੇ ਤਰ੍ਹਾਂ ਕੁਰਬਾਨੀ ਕਰਨ ਨਾਲ ਕੌਮਾਂ ਵਧਦੀਆਂ-ਫੁੱਲਦੀਆਂ ਹਨ। ਪਵਿੱਤਰ ਕੁਰਬਾਨੀ ਕਦੇ ਬਿਰਥੀ ਨਹੀਂ ਜਾਂਦੀ। ਇਹ ਕੁਰਬਾਨੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਨੂੰ ਅਮਲੀ ਸ਼ਕਲ ਦੇਣ ਲਈ ਹੀ ਕੀਤੀ ਗਈ ਹੈ।" ਕਿਉਂਕਿ-

ਰੇਠੇ ਦਿਲਾਂ ਨੂੰ ਪਿਆਰ ਦੀ ਪਿਉਂਦ ਲਾ ਕੇ, ਬੂਟਾ ਲਾਇਆ ਸੱਚਿਆਂ ਮਾਲੀਆਂ ਨੇ।

ਅੰਮ੍ਰਿਤ ਪਾ ਕੇ ਅੰਮ੍ਰਿਤ ਸਰ ਵਿਚੋਂ, ਜਿਸ ਨੂੰ ਸਿੰਜਿਆ ਜੱਗ ਦੇ ਵਾਲੀਆਂ ਨੇ।

ਇਤਨਾ ਉਸ ਨੂੰ ਸੇਵਾ ਦਾ ਬੂਰ ਲੱਗਾ, ਝੁਕੀਆਂ ਨਿਮਰਤਾ ਨਾਲ ਸਭ ਡਾਲੀਆਂ ਨੇ।

ਐਪਰ ਕਿਸੇ ਸ਼ਹੀਦ ਦੇ ਖ਼ੂਨ ਬਾਝੋਂ, ਆਈਆਂ ਫੁੱਲਾਂ ਚ ਅਜੇ ਨਾ ਲਾਲੀਆਂ ਨੇ।

ਅੱਜ ਉਸ ਦੀਆਂ ਜੜ੍ਹਾਂ ਦੇ ਵਿਚ ਪਿਆਰੇ, ਅਸਾਂ ਰੱਤ ਹੈ ਆਪਣੀ ਚੋ ਦਿੱਤੀ।

ਜਿਹੜਾ ਵੱਢੇਗਾ ਉਸ ਨੂੰ ਵੀ ਮਹਿਕ ਦੇਸੀ, ਚੰਦਨ ਵਾਂਗ ਹੈ ਭਰ ਖੁਸ਼ਬੋ ਦਿੱਤੀ।

ਗੁਰੂ ਜੀ ਨੇ ਕਿਹਾ, "ਸਾਈਂ ਜੀ! ਇਹ ਭਾਣਾ ਕਰਤਾਰ ਦੇ ਹੁਕਮ ਵਿਚ ਹੀ ਵਰਤ ਰਿਹਾ ਹੈ। ਇਸ ਦੀ ਅਤਿਅੰਤ ਜ਼ਰੂਰਤ ਸੀ। ਸ਼ਾਇਰ ਦੇ ਬੋਲ ਹਨ:

ਮੈਂ ਚਰਬੀ ਪਾ ਕੇ ਆਪੇ ਦੀ, ਇਹ ਪੰਥਕ ਜੋਤ ਜਗਾਣੀ ਏਂ।

ਸਿਰ ਤੱਤੀ ਰੇਤ ਪਵਾ ਕੇ ਮੈਂ, ਵਿਚ ਦੁਨੀਆਂ ਠੰਢ ਵਰਤਾਣੀ ਏਂ।

ਮੈਂ ਪੀ ਕੇ ਜਾਮ ਸ਼ਹੀਦੀ ਦਾ, ਇਕ ਮਸਤੀ ਨਵੀਂ ਚੜ੍ਹਾਣੀ ਏਂ।

ਮੈਂ ਖਾ ਉਬਾਲੇ ਦੇਗਾਂ ਵਿਚ, ਫਿਰ ਦੇਗ-ਤੇਗ ਵਰਤਾਣੀ ਏ।

ਮੈਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ, ਪਰ ਜ਼ੁਲਮ ਦੀ ਅਲਖ ਮੁਕਾਣੀ ਏਂ।

ਮੈਂ ਸਦਕੇ ਹੋ ਕੇ ਸੰਗਤ ਤੋਂ, ਸੰਗਤ ਦੀ ਰੱਖ ਵਿਖਾਣੀ ਏਂ।

ਦੋ-ਧਾਰੇ ਖੰਡੇ ਖੜਕਣਗੇ, ਕੀ ਆਪਾਂ ਇੱਟ ਖੜਕਾਣੀ ਏਂ!

ਮੂਧੇ-ਮੂੰਹ ਡਿੱਗੂ ਤਾਕਤ ਇਹ, ਇਕ ਐਸੀ ਘੜੀ ਵੀ ਆਣੀ ਏਂ।

ਖ਼ਾਲਸਾ ਜੀ! ਤੱਕੀਏ ਆਪਣੀ ਅਜੋਕੀ ਦਸ਼ਾ ਵੱਲ, ਇਸ ਨੂੰ ਸੰਵਾਰਨ ਦਾ ਯਤਨ ਕਰੀਏ। ਆਓ! ਅੱਜ ਸ਼ਹੀਦਾਂ ਦੇ ਸਿਰਤਾਜ ਦੇ ਸ਼ਹੀਦੀ ਦਿਨ ਤੇ ਉਸ ਦਾਤੇ ਅੱਗੇ ਦਿਲੋਂ-ਮਨੋਂ ਅਰਦਾਸ ਕਰੀਏ।... ਹੇ ਸ਼ਹੀਦਾਂ ਦੇ ਸਿਰਤਾਜ... ਪੰਥ ਦੀ ਜੋ ਮੌਜੂਦਾ ਦਸ਼ਾ ਹੈ, ਆਪਣੀ ਮਿਹਰ ਸਦਕਾ ਇਸ ਵਿਚ ਨਾਮ-ਬਾਣੀ ਦਾ ਪਿਆਰ ਬਖਸ਼ੋ। ਆਪ ਦੀ ਬਾਣੀ ਸਦਾ ਸਾਡੇ ਹਿਰਦਿਆਂ ਨੂੰ ਸ਼ਾਂਤੀ ਵਿਚ ਰੱਖੇ। ਧਰਮ ਦੀ ਆਨ, ਸਾਡੀਆਂ ਗਰਦਨਾਂ ਸ੍ਵੈਮਾਨ ਨਾਲ ਅਕੜਾਈ ਰੱਖੇ, ਪਰ ਸਾਡੇ ਹਿਰਦੇ ਸਦਾ ਸਰਬੱਤ ਦੇ ਭਲੇ ਵਿਚ ਦ੍ਰਵੀ-ਭੂਤ ਰਹਿਣ। ਆਪਣੀ ਚਰਨ-ਸ਼ਰਨ ਦਾ ਅਤੁੱਟ ਸਿਦਕ ਸਾਨੂੰ ਬਖਸ਼ੋ ਅਤੇ ਪੰਥਕ ਜਥੇਬੰਦੀ ਨੂੰ ਖੇਰੂੰ-ਖੇਰੂੰ ਹੋਣ ਤੋਂ ਹੱਥ ਦੇ ਕੇ ਬਚਾ ਲਵੋ। ਪੰਥ ਦੇ ਸੀਸ ਤੇ ਹੱਥ ਰੱਖ ਕੇ ਸਦਾ ਠੰਢ ਪਾਓ ਅਤੇ ਸਦਾ ਮਿਹਰ ਤੇ ਸਿਦਕ ਦੀ ਛਾਂ ਹੇਠ ਵਾਧਾ ਬਖਸ਼ੋ!


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article