A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਦਸਮ ਗੁਰੂ ਰਚਿਤ ਸਵੈਯੇ : ਇਕ ਅਧਿਐਨ

February 5, 2010
Author/Source: Dr. Mohinder Kaur Gill

ਇਸ ਤੋਂ ਪਹਿਲਾਂ ਕਿ ਅਧਿਐਨ ਆਰੰਭ ਕੀਤਾ ਜਾਏ ਇਹ ਜਾਣਨਾ ਸੰਗਤ ਹੋਵੇਗਾ ਕਿ ਦਸਮ ਗੁਰੁ ਨੇ ਸਵੈਯੇ ਦੀ ਵਰਤੋਂ ਰਚਨਾ-ਵਿਸ਼ੇਸ਼ ਦੇ ਤੌਰ ‘ਤੇ ਵੀ ਕੀਤੀ ਹੈ ਤੇ ਛੰਦ ਵਿਸ਼ੇਸ਼ ਵਾਂਗ ਵੀ। ਜੇ ਛੰਦ-ਵਿਸ਼ੇਸ਼ ਦੀ ਗੱਲ ਕੀਤੀ ਜਾਵੇ ਤਾਂ ਇਹ ਉਹਨਾਂ ਦੁਆਰਾ ਰਚਿਤ ਲਗਭਗ ਸਾਰੀਆਂ ਬਾਣੀਆਂ ਵਿਚ ਮੌਜ਼ੂਦ ਹੈ। ਉਹ ਬਾਣੀਆਂ ਚਾਹੇ ਵਰਣਨਾਤਮਕ ਹਨ ਜਿਹਾ ਕਿ ਜਾਪੁ ਸਾਹਿਬ ਤੇ ਅਕਾਲ ਉਸਤਤ ਆਦਿ ਜਾਂ ਬ੍ਰਿਤਾਂਤਕ ਬਿਰਤੀ ਵਾਲੀਆਂ ਬਾਣੀਆਂ। ਪਰ ਸਵੈਯਾ ਰੂਪ ਸਭ ਥਾਂਈ ਵੇਖਿਆ ਜਾ ਸਕਦਾ ਹੈ। ਫ਼ਿਲਹਾਲ ਇਹਨਾਂ ਦਾ ਪਾਠ ਕੇਂਦਰਿਤ ਅਧਿਐਨ ਕਰਨ ਦਾ ਇਰਾਦਾ ਹੈ।

ਦਸਮ ਗੁਰੁ ਰਚਿਤ ‘ਸੁਧਾ ਸਵੈਯੇ’ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿਚੋਂ ਇਕ ਹੋਣ ਕਰਕੇ ਖਾਸੇ ਪ੍ਰਸਿੱਧ ਹਨ। ਗੁਰੁ ਸਾਹਿਬ ਰਚਿਤ ਅਕਾਲ ਉਸਤਤ ਜੋ ਇਕ ਲੰਮੇਰੀ ਬਾਣੀ ਹੈ, ਉਸ ਵਿਚ ਸਵੈਯੇ ਦੋ ਵਾਰ ਦਰਜ ਹਨ। ਅਕਾਲ ਉਸਤਤ ਬਾਣੀ ਦਾ ਆਰੰਭ ਚੌਪਈ (ਪ੍ਰਣਵੋ ਆਦਿ ਏਕੰਕਾਰਾ) ਨਾਲ ਹੁੰਦਾ ਹੈ। ਇਸ ਤੋਂ ਬਾਅਦ ੧੦ ਕਬਿਤ ਅੰਕਿਤ ਹਨ। ਤੀਸਰੇ ਨੰਬਰ ਉੱਤੇ ‘ਸੁਧਾ ਸਵੈਯੇ’ ਦਰਜ ਹਨ। ਉਥੇ ਇਹ ਤਵਪ੍ਰਸਾਦਿ ਕਰਕੇ ਅੰਕਿਤ ਹਨ। ‘ਸੁਧਾ ਸਵੈਯੇ’ ਦਾ ਨਾਮ ਜਦੋਂ ਤੋਂ ਪ੍ਰਚਲਿਤ ਹੋਇਆ ਇਤਿਹਾਸ ਇਸ ਬਾਰੇ ਖਾਮੋਸ਼ ਹੈ। ਅਕਾਲ ਉਸਤਤ ਵਿਚ ਇਕ ਹੋਰ ਥਾਂ ਵੀ ‘ਤਵ ਪ੍ਰਸ਼ਾਦਿ ਸਵੈਯੇ’ ਦਰਜ ਹਨ ਜੋ ਆਮ ਕਰਕੇ ਸਿੱਖ ਵਿਚ ਪ੍ਰਚਲਿਤ ਨਹੀਂ ਹੋਏ। ਇਸ ਤੋਂ ਇਲਾਵਾ ਦਸਮ ਗੁਰੁ ਦੀ ਇਕ ਹੋਰ ਰਚਨਾ ਵੀ ‘ਤੇਤੀ ਸਵੈਯੇ’ ਨਾਲ ਸੰਬੰਧਿਤ ਹੈ ਇਸਦਾ ਸਿਰਲੇਖ ਹੈ ਤੇਤੀ ਸਵੈਯੇ।

ਇਹ ਰਚਨਾ ਸੁਤੰਤਰ ਸਿਰਲੇਖ ਦੇ ਆਧੀਨ ਦਰਜ ਹੈ। ਇਸ ਸਿਰਲੇਖ ਉਪਰ ਵਿਚਾਰ ਕਰਨ ਤੋਂ ਪਹਿਲਾਂ ਇਹ ਸੰਕੇਤ ਕਰਨਾ ਜ਼ਰੂਰੀ ਹੈ ਜਿਥੇ ਸਵੈਯੇ ਕਾਵਿ-ਛੰਦ ਦੇ ਰੂਪ ਵਿਚ ਆਏ ਹਨ ਉਥੇ ਤਵਪ੍ਰਸਾਦਿ ਜਾਂ ਕਿਸੇ ਹੋਰ ਤਰ੍ਹਾਂ ਦਾ ਉਪ-ਸਿਰਲੇਖ ਅੰਕਿਤ ਨਹੀਂ। ਉਦਾਹਰਣ ਵਜੋਂ ਚੰਡੀ ਚਰਿਤਰ ਉਕਤੀ ਬਿਲਾਸ, ਰਾਮ ਅਵਤਾਰ ਤੇ ਕ੍ਰਿਸ਼ਨਾਵਤਾਰ ਦੀਆਂ ਰਚਨਾਵਾਂ ਦਾ ਮੁਤਾਲਿਆ ਕੀਤਾ ਜਾ ਸਕਦਾ ਹੈ। ਇਥੇ ਸਵਈਆਂ ਛੰਦ-ਵਿਸ਼ੇਸ਼ ਦੇ ਨਾਲ ਨਾਲ ਬ੍ਰਿਤਾਂਤਕ ਅਥਵਾ ਮਿਥਕ-ਛੂਹਾਂ ਨਾਲ ਭਰਪੂਰ ਹਨ। ਪਰ ਜਿਥੇ ਰਚਨਾ-ਵਿਸ਼ੇਸ਼ ਦੇ ਤੌਰ ਤੇ ਆਇਆ ਹੈ, ਉਥੇ ਇਹਨਾਂ ਦਾ ਰੂਪ-ਪ੍ਰਬੰਧ ਰਤਾ ਕੁ ਅਡਰਾ ਹੈ। ਉਥੇ ਇਹ ਵਰਣਨਾਤਮਕ ਵਧੇਰੇ ਹਨ। ਸੁਆਲ ਹੋ ਸਕਦਾ ਹੈ, ਕਾਵਿ-ਛੰਦ ਜਾਂ ਰਚਨਾ-ਵਿਸ਼ੇਸ਼ ਦੇ ਅੰਤਰਗਤ ਆਏ ਸਵਈਏ ਕੀ ਆਪਣੇ ਰੂਪ-ਪ੍ਰਬੰਧ ਵਿਚ ਅਡਰੇ ਹਨ ਜਾਂ ਇਹ ਅੰਤਰੰਗ ਅਤੇ ਬਹਿਰੰਗ ਪਹਿਲੂਆਂ ਦੀ ਦ੍ਰਿਸ਼ਟੀ ਤੋਂ ਸਮਾਨਤਾ ਰੱਖਦੇ ਹਨ। ਇਸ ਤੱਥ ਦਾ ਨਿਖੇੜਾ ਕੁਝ ਉਦਾਹਰਨਾਂ ਰਾਹੀਂ ਸਮਝਣਾ ਉਚਿਤ ਰਹੇਗਾ। ਸੰਕੇਤ ਕੀਤਾ ਜਾ ਚੁੱਕਾ ਜਿਥੇ ਇਸ ਦੀ ਵਰਤੋਂ ਕੇਵਲ ਕਾਵਿ-ਛੰਦ ਦੇ ਅਰਥਾਂ ਵਿਚ ਹੋਈ ਹੈ, ਉਥੇ ਇਸ ਦੇ ਨਾਮ-ਵਿਸ਼ੇਸ਼ ਨੂੰ ਉਪ-ਸਿਰਲੇਖ ਵਜੋਂ ਵਰਤਿਆ ਗਿਆ ਹੈ। ਜਿਥੇ ਇਹ ਰਚਨਾਂ-ਵਿਸ਼ੇਸ਼ ਦੇ ਅੰਤਰਰੰਗ ਆਏ ਹਨ ਉਥੇ ਇਹਨਾਂ ਦੇ ਸਿਰਲੇਖਾਂ ਵਿਚ ਅੰਤਰ ਹੈ। ਮਸਲਨ ਇਹਨਾਂ ਨੂੰ ਤਿੰਨ ਤਰ੍ਹਾਂ ਨਾਲ ਆਂਕਿਆ ਗਿਆ ਹੈ:

੧. ਤਵ ਪ੍ਰਸਾਦਿ ਸਵੈਯੇ (ਅਕਾਲ ਉਸਤਤ)
੨. ੴ ਸਤਿਗੁਰ ਪ੍ਰਸਾਦਿ
ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਸ੍ਰੀ ਭਗਉਤੀ ਜੀ ਸਹਾਇ
ਤੇਤੀ ਸਵੈਯੇ
ਸ੍ਰੀ ਮੁਖ ਪਾਤਸ਼ਾਹੀ ੧੦
੩. ਸਵੈਯਾ (ਕਾਵਿ-ਛੰਦ) ਰਾਮਾਵਤਾਰ, ਕ੍ਰਿਸ਼ਨਾਵਤਾਰ ਆਦਿ।


ਇਥੇ ਦਸਮ ਪਾਤਸਾਹ ਰਚਿਤ ਅਕਾਲ ਉਸਤਤ ਵਾਲੇ ੨੦ ਸਵਈਏ ਤੇ “੩੩ ਸਵਈਏ” ਨੂੰ ਵਿਚਾਰਨ ਦੀ ਮਨਸਾ ਹੈ। ਦੂਸਰੇ ਸ਼ਬਦਾਂ ਵਿਚ ਇਸ ਪਰਚੇ ਦਾ ਸਰੋਕਾਰ ਉਹਨਾਂ ਸਵਈਆਂ ਨਾਲ ਹੈ ਜੋ ਬਾਣੀ-ਵਿਸ਼ੇਸ਼ ਵਾਂਗ ਅੰਕਿਤ ਮਿਲਦੇ ਹਨ। ਰੂਪ-ਪ੍ਰਬੰਧ ਪਖੋਂ ਕਿਧਰੇ ਇਹਨਾਂ ਦਾ ਬਲ ਵਰਣਨ ਉਪਰ ਵਧੇਰੇ ਹੈ ਤੇ ਕਿਧਰੇ ਬ੍ਰਿਤਾਂਤ ਉਪਰ। ਬਲ-ਅਬਲ ਦੇ ਅੰਤਰ ਤੋਂ ਇਲਾਵਾ ਇਹਨਾਂ ਦੀ ਮੂਲ ਸੁਰ ਜਾਂ ਬਿਰਤੀ ਸਮਾਨ ਹੈ। ਵਿਵੇਚਨਾਤਮਕ ਜੁਜ਼ ਇਹਨਾਂ ਦਾ ਖਾਸਾ ਹੈ। ਪਰ ਕਾਵਿ-ਛੰਦ ਦੇ ਤੌਰ ਤੇ ਇਹ ਬ੍ਰਿਤਾਂਤਕ ਵਧੇਰੇ ਹਨ। ਰਾਮ ਅਵਤਾਰ ਤੇ ਕ੍ਰਿਸ਼ਨ ਅਵਤਾਰ ਇਸ ਕਥਨ ਦੇ ਪੁਸ਼ਟ ਪ੍ਰਮਾਣ ਹਨ। ਇਥੇ ਧਿਆਨ ਰਹੇ, ਰੂਪ ਹੀ ਵਸਤੂ ਦੀ ਰਚਨਾ ਕਰਨ ਦੇ ਸਮਰੱਥ ਹੁੰਦਾ ਹੈ। ਸਾਹਿਤ-ਪਾਠ ਇਕ ਸੰਰਚਨਾ ਦੀ ਰਚਨਾ ਕਰਦਾ ਹੈ। ਉਹ ਲੇਖਕ ਜਾਂ ਅਧਿਐਤਾ ਨੂੰ ਇਕ ਅਰਥ ਹੀ ਨਹੀਂ ਪਹੁੰਚਾਉਂਦਾ, ਇਕ ਰੂਪ-ਪ੍ਰਬੰਧ ਵੀ ਪਹੁੰਚਾਉਂਦਾ ਹੈ। ਜ਼ਾਹਿਰ ਹੈ, ਇਹਨਾਂ ਦੋਹਾਂ ਦਾ ਪਰਸਪਰ ਦਵੰਦਾਤਮਕ ਸੰਬੰਧ ਹੈ। ਰੂਪ-ਪ੍ਰਬੰਧ ਵਿਚ ਵਥ ਅਤੇ ਰੂਪ ਇਕ ਦੂਜੇ ਵਿਚ ਓਤਪੋਤ ਹੁੰਦੇ ਹਨ। ਤੇ ਇਹਨਾਂ ਦੋਹਾਂ ਵਿਚ ਇਹਨਾਂ ਦਾ ਆਂਤ੍ਰਿਕ ਸਮੁੱਚ ਸ਼ਾਮਲ ਹੁੰਦਾ ਹੈ। ਰੁਪ-ਨਿਖੇੜੇ ਪ੍ਰਤੀ ਗੁਰੁ ਸਾਹਿਬਾਨ-ਸੁਚੇਤ ਜਾਪਦੇ ਹਨ। ਇਹੋ ਕਾਰਨ ਹੈ, ਜਦੋਂ ਪੰਥ ਬਾਣੀਆਂ ਦੇ ਪੜ੍ਹਨ-ਪਾਠ ਨੂੰ ਨਿਤਨੇਮ ਦਾ ਅੰਗ ਬਣਾਇਆ ਤਾਂ ਇਹਨਾਂ ਦਾ ਇਕ ਨਿਸਚਿਤ ਉਦੇਸ਼ ਵੀ ਸੀ। ਮਸਲਨ:

੧. ਜਪੁਜੀ ਸਾਹਿਬ : ਬ੍ਰਹਮ ਗਿਆਨ ਦੀ ਪ੍ਰਦਾਤਾ ਹੈ।
੨. ਜਾਪ ਸਾਹਿਬ : ਅਕਾਲ ਪੁਰਖ ਦੇ ਅਨੇਕਮੁਖ ਸਰੂਪ ਲੱਛਣਾਂ ਨੂੰ ਜਾਣਕੇ ਉਸ ਨੂੰ ਨਮਸਕਾਰ ਕਰਨਾ ਹੈ।
੩. ਸੁਧਾ ਸਵੈਯੇ : ਕਰਮ-ਆਡੰਬਰ ਤੋਂ ਤਿਆਗੀ ਹੋ ਕੇ ਪ੍ਰਭੂ-ਪ੍ਰੀਤ ਦਾ ਧਾਰਨੀ ਹੋਣਾ ਹੈ।
੪. ਬੇਨਤੀ ਚੌਪਈ : ਸਰਬ ਅੰਗੀ ਸੁਰੱਖਿਆ ਪ੍ਰਾਪਤ ਕਰਨ ਲਈ ਹੈ।
੫. ਅਨੰਦ ਸਾਹਿਬ : ਜੀਵਨ-ਮੁਕਤੀ ਦਾ ਸਾਰ ਸਮਝਕੇ ਆਤਮਾ ਨੂੰ ਪਰਮਾਨੰਦ ਪ੍ਰਾਪਤ ਕਰਨ ਦਾ ਢੰਗ ਦਸਣ ਵਾਲੀ ਹੈ।


ਨਿਤਨੇਮ ਸਾਨੂੰ ਸਰਬਾਂਗੀ ਸੂਝ ਵੀ ਦੇਂਦਾ ਹੈ ਤੇ ਅਕਾਲ ਪੁਰਖ ਨਾਲ ਮੇਲ ਕਰਾਉਣ ਦਾ ਸਾਧਨ ਵੀ ਹੈ। ਨਿਤਨੇਮ ਨੂੰ ਆਤਮਸਾਹ ਕਰਨ ਲਈ “ਸਵੈਯੇ-ਰਚਨਾ” ਉਪਰ ਅਧਿਐਨ-ਕਰਮ ਕਰਾਣਾ ਪ੍ਰਬੰਧਕਾਂ ਦਾ ਸਲਾਹੁਣ ਜੋਗ ਕਦਮ ਹੈ। ਵਿਚਾਰਯੋਗ ਗੱਲ ਇਹ ਹੈ, ਨਿਤਨੇਮ ਵਿਚ ਕੇਵਲ ਸੁਧਾ ਸਵੈਯੇ ਹੀ ਅੰਕਿਤ ਹਨ ਪਰ ਵਿਚਾਰਾਧੀਨ ਪਰਚਾ ਇਸਦੇ ਨਾਲ ਨਾਲ ਦਸਮ ਗੁਰੁ ਦੇ ੫੩ ਸਵੈਯਾਂ ਉਪਰ ਵੀ ਦ੍ਰਿਸ਼ਟੀਪਾਤ ਕਰੇਗਾ। ਮੂਲ ਪ੍ਰਸ਼ਨ ਹੈ ਸਵੈਯੇ ਵਿਸ਼ੇਸ਼ ਸਾਹਿਤ ਦੀ ਕਿਸ ਵਿਧਾ ਜਾਂ ਰੂਪ-ਭੇਦ ਦੇ ਅੰਤਰਗਤ ਆਉਣਗੇ। ਇਹ ਗੱਲ ਇਹਨਾਂ ਦੀ ਵਸਤੂ-ਸਾਮਗ੍ਰੀ ਸੋਚਣ ਲਈ ਮਜ਼ਬੂਰ ਕਰਦੀ ਹੈ। ਸਾਹਿਤਕਾਰ ਸਾਹਿਤ ਰਚਨਾ ਦੇ ਨਾਲ ਨਾਲ ਰੂਪਾਕਾਰ ਸਾਹਿਤਕਾਰ ਸਾਹਿਤ ਰਚਨਾ ਦੇ ਨਾਲ ਨਾਲ ਰੂਪਾਕਾਰ ਨੂੰ ਵੀ ਵਿਉਂਤਦਾ ਹੈ। ਸਾਹਿਤ-ਰਚਨਾ ਸਾਹਿਤ ਪਰੰਪਰਾ ਤੋਂ ਟੁੱਟਦੀ ਨਹੀਂ ਸਗੋਂ ਵਿਸਤਾਰ ਗ੍ਰਹਿਣ ਕਰਦੀ ਹੈ। ਗੁਰਬਾਣੀ ਸਾਹਿਤ ਤੋਂ ਪਹਿਲਾਂ ਬਾਣੀ-ਸਾਹਿਤ ਦੀ ਲੰਮੀ ਪਰੰਪਰਾ ਮੌਜ਼ੂਦ ਸੀ। ਸੰਸਕ੍ਰਿਤ ਸਾਹਿਤ ਪਰੰਪਰਾ ਦੇ ਗੁਣ-ਲੱਛਣ ਪ੍ਰਾਕ੍ਰਿਤ ਸਾਹਿਤ ਵਿਚ ਵੇਖੇ ਜਾ ਸਕਦੇ ਹਨ। ਪ੍ਰਾਕ੍ਰਿਤ ਸਾਹਿਤ-ਪਰੰਪਰਾ ਦੇ ਗੁਣ-ਲੱਛਣ ਅਪਭ੍ਰੰਸ਼ ਸਾਹਿਤ ਵਿਚ ਮੌਜ਼ੂਦ ਹਨ। ਇਸੇ ਤਰ੍ਹਾਂ ਅਪਭ੍ਰੰਸ ਸਾਹਿਤ ਤੋਂ ਸਾਹਿਤ ਪਰੰਪਰਾ ਤੋਂ ਵਿਗਸਣ ਵਾਲੀਆਂ ਬੋਲੀਆਂ ਵਿਚ ਅਪਭ੍ਰੰਸ਼ ਦੇ ਗੁਣ-ਲੱਛਣ ਵਿਦਮਾਨ ਹਨ। ਅਪਭ੍ਰੰਸ਼ ਸਾਹਿਤ ਵਿਚ ਚਰਿਤ ਗ੍ਰੰਥ, ਸਤੋਤਰ, ਆਖਿਆਨ ਤੇ ਉਪਦੇਸ਼ਾਤਮਕ ਗ੍ਰੰਥ, ਆਦਿ ਵਡੇਰੀ ਮਾਤਰਾ ਵਿਚ ਮੌਜ਼ੂਦ ਹਨ। ਸਾਖੀਕਾਰਾਂ ਨੇ ਚਰਿਤ ਕਾਵਿ ਦੇ ਗੁਣ-ਲੱਛਣਾਂ ਦਾ ਰੂਪਗਤ ਪ੍ਰਦਰਸ਼ਨ ਸਾਖੀ ਸਾਹਿਤ ਵਿਚ ਕੀਤਾ ਹੈ। ਚਰਿਤ ਕਾਵਿ ਦੀ ਵੰਨਗੀ ਵਿਚ ਵਿਸਮੈ ਤੱਤ, ਚਮਤਕਾਰਾਂ ਦੀ ਬਹੁਲਤਾ ਆਮ ਹੈ। ਇਸੇ ਤਰ੍ਹਾਂ ਸਤੋਤਰ ਤੇ ਉਪਦੇਸ਼ਤਮਕ ਗ੍ਰੰਥਾਂ ਦਾ ਅਨੁਸਰਨ ਬਾਣੀ ਸਾਹਿਤ ਵਿਚ ਵੇਖਿਆ ਜਾ ਸਕਦਾ ਹੈ। ਅਪਭ੍ਰੰਸ਼ ਸਾਹਿਤ-ਪਰੰਪਰਾ ਵਿਚ ਮਹਾਂਕਾਵਿ, ਖੰਡ ਕਾਵਿ ਤੇ ਮੁਕਤਕ ਕਾਵਿ ਨੂੰ ਖ਼ਾਸ ਮਾਣ ਪ੍ਰਾਪਤ ਹੈ।

ਗੁਰੁ ਨਾਨਕ ਦੇਵ ਸਮਰੱਥ ਸਿਰਜਣਾ ਦੇ ਨਾਲ ਨਾਲ ਸਿਰਜਣ-ਪ੍ਰਕਿਰਿਆ ਪ੍ਰਤੀ ਵੀ ਸੁਚੇਤ ਸਨ। ਉਹਨਾਂ ਦੀ ਮੂਲ ਵਫ਼ਾ, ਕਰਤਾਰ ਨਾਲ ਸੀ ਜੋ ‘ਸਰਗੁਣ ਨਿਰਗੁਣ ਨਿਰੰਕਾਰ ਤੇ ਸੁੰਨ ਸਮਾਧੀ’ ਵਾਲਾ ਸੀ। ਇਕ ਵੰਨਗੀ ਮੁਕਤਕ-ਕਾਵਿ ਨੂੰ ਆਪਣਾ ਲਿਆ। ਦੂਸਰੇ ਸਬਦਾਂ ਵਿਚ ਗੁਰਬਾਣੀ ਆਪਣੇ ਵਥ ਵਿਧੀ ਤੇ ਅੰਦਾਜ਼ ਰਾਹੀਂ ਨਵੇਕਲਾ ਰੂਪ ਗ੍ਰਹਿਣ ਕਰਦੀ ਹੈ। ਇਨ੍ਹਾਂ ਤਿੰਨਾਂ ਦੀ ਸੰਜੁਗਤ ਇਕਾਈ ਹੀ ਗੁਰਬਾਣੀ ਦੇ ਪ੍ਰਮਾਣਿਕ ਪ੍ਰਤੀਮਾਨ ਹਨ। ਏਸੇ ਵਿਚੋਂ ਹੀ ਬਾਣੀ ਦੇ ਰੂਪ-ਪ੍ਰਬੰਧ ਦੀ ਪਛਾਣ ਕੀਤੀ ਜਾ ਸਕਦੀ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਗੁਰਮਤਿ ਸਾਹਿਤ ਨੂੰ ਵਿਸਤਾਰਿਆ ਹੈ। ਚਰਿਤ ਕਾਵਿ, ਸਤੋਤਰ ਤੇ ਉਪਦੇਸ਼ਾਤਮਕ ਵਿਵਰਣ ਆਪਣੇ ਅੰਦਾਜ਼ ਰਾਹੀਂ ਰੂਪਮਾਨ ਹੋਇਆ ਹੈ। ਚੰਡੀ ਦੀ ਵਾਰ ਚਰਿਤ ਕਾਵਿ ਦਾ ਉੱਤਮ ਨਮੂਨਾ ਹੈ। ਸਤੋਤਰ ਸ਼ੈਲੀ ਦੀ ਭਰਵੀਂ ਵਰਤੋਂ ਜਾਪੁ ਸਾਹਿਬ ਅਕਾਲ ਉਸਤਤਿ ਤੇ ਗਿਆਨ ਪ੍ਰਬੋਧ ਆਦਿ ਵਿਚ ਹੋਈ ਹੈ। ਹੁਣ ਸਵਾਲ ਹੈ – ਸਵੈਯੇ-ਰਚਨਾ ਨੂੰ ਕਿਸ ਕੋਟੀ ਵਿਚ ਆਕਿਆ ਜਾਵੇ? ੀੲਹ ਜਾਨਣ ਲਈ ਸਵੈਯਾ ਦੀ ਵਸਤੂ-ਸਾਮਗ੍ਰੀ ਵਲ ਗਹੁ ਕਰਨਾ ਪਏਗਾ।

ਰੂਪ-ਭੇਦ ਦੇ ਪੱਖੋਂ ਇਤਨਾਂ ਤਾਂ ਸਪਸ਼ਟ ਹੀ ਹੈ ਕਿ ਇਸ ਦਾ ਸਿਰਲੇਖ ਖ਼ੁਦ ਦਸਮ ਗੁਰੁ ਜੀ ਨੇ ਦਿੱਤਾ ਹੈ। ਇਹਨਾਂ ਸਵੈਯਾਂ ਦੇ ਵਥ ਨੂੰ ਰਤਾ ਨਿਖੇੜ ਕੇ ਵਿਚਾਰਨਾ ਉਚਿਤ ਰਹੇਗਾ।

ਤਵ ਪ੍ਰਸਾਦਿ ਸਵੈਯੇ (ਸ੍ਰਾਵਗ ਸਿਧ ਸਮੂਹ ਸਿਧਾਨ ਕੇ) ਇਹ ਸਵੈਯੇ ਗ੍ਰੰਥਕਾਰਾਂ ਨੇ ਦੋ ਤਰ੍ਹਾਂ ਅੰਕਿਤ ਕੀਤੇ ਹਨ।

੧. ਸ਼ਬਦਾਰਥ ਦਸਮ ਗ੍ਰੰਥ ਸਾਹਿਬ – ਪੰਜਾਬੀ ਯੂਨੀ. ਪਟਿਆਲਾ – “ਤਵ ਪ੍ਰਸਾਦਿ ਸਵੈਯੇ”
ਰਣਧੀਰ ਸਿੰਘ ੧੯੭੩

੨. ਸ੍ਰੀ ਦਸਮ ਗ੍ਰੰਥ ਜੀ ਸਟੀਕ – ਭਾਈ ਚਤਰ ਸਿੰਘ ਜੀਵਨ ਸਿੰਘ – “ਸੁਧਾ ਸਵੈਯੇ”
ਪੰਡਿਤ ਨਰੈਣ ਸਿੰਘ ੧੯੯੬

੩. ਸ੍ਰੀ ਦਸਮ ਗ੍ਰੰਥ ਸਾਹਿਬ – ਗੋਬਿੰਧ ਸਦਨ ਗਦਈਪੁਰ – “ਤਵ ਪ੍ਰਸਾਦਿ ਸਵੈਯੇ”
ਡਾ. ਰਤਨ ਸਿੰਘ ਜੱਗੀ ਮਹਿਰੋਲੀ ੧੯੯੯

ਜ਼ਾਹਿਰ ਹੈ, ਦੋ ਗ੍ਰੰਥਕਾਰ ਕੇਵਲ ਤਵ ਪ੍ਰਸਾਦਿ ਸਵੈਯੇ ਲਿਖਦੇ ਹਨ ਤੇ ਪੰਡਿਤ ਨਰੈਣ ਸਿੰਘ ਇਸਦਾ ਸਿਰਲੇਖ ਸੁਧਾ ਸਵੈਯੇ ਲਿਖਦੇ ਹਨ। ਕਾਰਨ, ਪਤਾ ਨਹੀਂ ਲਗਦਾ। ਇਸਦੇ ਬਾਰੇ ਉਹਨਾਂ ਨੇ ਕੋਈ ਟਿਪਣੀ ਨਹੀਂ ਕੀਤੀ ਪਰ ਅਜਕਲ ਸਿੱਖ ਸੰਗਤ ਵਿਚ ਇਹ ‘ਸੁਧਾ ਸਵੈਯੇ’ ਕਰਕੇ ਹੀ ਵਧੇਰੇ ਪ੍ਰਸਿੱਧ ਹਨ। ਵਸਤੂ-ਸਾਮਗ੍ਰੀ ਦੀ ਦ੍ਰਿਸ਼ਟੀ ਤੋਂ ਇਹ ਸਵੈਯੇ ਜੀਵਨ ਦੀਆਂ ਦੋ ਤਰਜ਼ਾਂ ਨੂੰ ਰੂਪਮਾਨ ਕਰਦੇ ਹਨ। ਇਕ ਪਾਸੇ, ਕਾਲਾਤੀਤ ਪ੍ਰਭੂ-ਪ੍ਰੇਮ ਦਾ ਸੁਰ ਗੂੰਜਦਾ ਹੈ। ਦੂਜੇ ਪਾਸੇ, ਮਾਇਆ-ਰਤੇ ਕਾਲਯੁਕਤ ਪ੍ਰਾਣੀਆਂ ਦਾ ਜੀਵਨ-ਵਿਹਾਰ ਹੈ ਜੋ ਆਪਣੀ ਹਉਂ ਉੱਚੇ ਸੁਰ ਵਿਚ ਉਚਾਰਦੇ ਹਨ। ਦਸਮ ਗੁਰੁ ਦੋਹਾਂ ਤਰ੍ਹਾਂ ਦੇ ਪਹਿਲੂਆਂ ਵਿਚੋਂ ਪਹਿਲੀ ਤਰ੍ਹਾਂ ਉਪਰ ਸੰਘਣਾ ਬਲ ਦੇਂਦੇ ਹਨ। ਦੂਸਰੀ ਤਰਜ਼ੇ ਜ਼ਿੰਦਗੀ ਨੂੰ ਛੁਟਿਆਉਂਦੇ ਹੋਏ ਮਨੁੱਖੀ ਨਿਗੂਣਤਾ ਨੂੰ ਉਭਾਰਦੇ ਹਨ। ਦਸਮ ਗੁਰੁ ਜੀ ਦਾ ਇਨਕਲਾਬੀ ਸੁਰ ਉਹਨਾਂ ਦੇ ਤਤਕਾਲੀ ਪੜੌਸੀ ਪਹਾੜੀ ਰਾਜਿਆਂ ਨੂੰ ਕਿਸੇ ਵੀ ਤਰ੍ਹਾਂ ਸੁਹਾਂਦਾ ਨਹੀਂ ਸੀ। ਗੁਰੁ ਜੀ ਨੇ ਆਪਣੀ ਬਾਣੀ ਰਾਹੀਂ ਉਹਨਾਂ ਲੋਕਾਂ ਨੂੰ ਉਸ ਸਤਿ ਤੋਂ ਜਾਣੂ ਕਰਵਾਣਾ ਚਾਹਿਆ ਜੋ ਜੀਵਨ ਦਾ ਅੰਤਿਮ ਸੱਚ ਹੈ।

ਇਕ ਗੱਲ ਹੋਰ ਜੋ ਸਵੈਯਾ ਦੇ ਪਾਠ ਵਿਚ ਉੱਭਰਦੀ ਹੈ ਲੌਕਿਕ ਸ਼ਕਤੀਆਂ ਦਾ ਵਡਿਉ ਵਡਾ ਜ਼ੋਰ ਜਾਂ ਆਕਰਸ਼ਣ ਬਿਆਨ ਕਰਨ ਤੋਂ ਬਾਅਦ ਉਹਨਾਂ ਦੀ ਤੁਲਨਾ ਪ੍ਰਭੂ ਦੀ ਤਾਕਤ ਦੇ ਮੁਕਾਬਲੇ ਵਿਚ ਅਸਲੋਂ ਨਿਗੂਣੀ, ਨਿਤਾਣੀ ਸਥਾਪਿਤ ਕਰਨੀ ਕੇਵਲ ਦਸਮ ਗੁਰੁ ਜੀ ਦੀ ਸੈਲੀ ਹੈ। ਵਡਿਉਂ ਵੱਡਾ ਪ੍ਰਗਟਾਵਾ ਜਾਂ ਉਪਾਇ ਪ੍ਰਭੂ ਦੀ ਕ੍ਰਿਪਾ ਅਗੇ ਤੁੱਛ ਤੇ ਹੋਛਾ ਹੈ। ਦਰਅਸਲ, ਇਹਨਾਂ ਸਵੈਯਾ ਦੀ ਮੁੱਖ ਥੀਮ ਮਨੁੱਖੀ ਮਨ ਵਿਚਲੇ ਹੰਕਾਰ ਨੂੰ ਜੋ ਉਸ ਵਿਚ ਆਪਣੇ ਆਪ ਨੂੰ ਵੱਡਾ ਬਨਾਉਣ ਵਿਚ ਹੈ, ਉਸੇ ਦਾ ਵਿਵੇਚਨ ਹੀ ਇਹ ਬਾਣੀ ਕਰਦੀ ਹੈ। ਮਨੁੱਖੀ ਤਾਕਤ ਨੂੰ ਸਰਬ, ਸਮਰੱਥ, ਸ਼ਕਤੀਮਾਨ ਅਕਾਲਪੁਰਖ ਦੇ ਸਾਹਮਣੇ ਅਸਲੋਂ ਹਉਲੀ, ਛੋਟੀ ਤੇ ਥੋਹੜੀ ਹੈ। ਰਬ ਜਦੋਂ ਵੀ ਚਾਹੇ, ਜਿਵੇਂ ਵੀ ਚਾਹੇ ਬੰਦੇ ਨੂੰ ਦਰੜ ਸਕਦਾ ਹੈ। ਬੰਦੇ ਨੂੰ ਚਾਹੀਦਾ ਹੈ, ਉਸ ਪ੍ਰਭੂ ਦੀ ਅਸੀਮ ਅਥਾਹ ਸ਼ਕਤੀ ਅਗੇ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ। ਇਸ ਬਾਣੀ ਦੇ ਦਸ ਸਵੈਯੇ ਦਸ ਵਖੋ-ਵਖਰੇ ਰੂਪਕ ਰੂਪਮਾਨ ਕਰਦੇ ਹਨ। ਹਰ ਸਵੈਯਾ ਇਕ ਦੁਨਿਆਵੀ ਕਰਮ ਅਡੰਬਰ ਦਾ ਰੂਪਕ ਪੇਸ਼ ਕਰਦਾ ਹੈ ਪਹਿਲੀਆਂ ਤਿੰਨ ਪੰਕਤੀਆਂ ਇਸ ਕਰਮ ਅਡੰਬਰ ਨੂੰ ਪੇਸ਼ ਕਰਨ ਵਲ ਰੁਚਿਤ ਹਨ ਤੇ ਚੋਥੀ ਪੰਕਤੀ ਉਸੇ ਤੇ ਅੰਤ ‘ਤੇ ਲੌਕਿਕਤਾ ਦਾ ਖੰਡਨ ਕਰਕੇ ਉਸ ਕਾਲਾਤੀਤ ਨਾਲ ਜੁੜਨ ਲਈ ਪ੍ਰੇਰਦੀ ਹੈ। ਪਹਿਲੀਆਂ ਤਿੰਨ ਪੰਕਤੀਆਂ ਇਕ ਝਲਕੀ ਵਿਸ਼ੇਸ਼ ਸਾਹਮਣੇ ਲਿਆਉਂਦੀਆਂ ਹਨ। ਚੌਥੀ ਪੰਕਤੀ ਉਸੇ ਵੇਲੇ ਉਹਨਾਂ ਨੂੰ ਢਹਿ ਢੇਰੀ ਕਰਕੇ ਸਰਬ ਸ਼ਕਤੀਮਾਨ ਦੀ ਵਿਰਾਟ ਮਹਿਮਾ ਦਾ ਜੈਗਾਨ ਕਰ ਰਹੀ ਹੈ। ਉਪਰਲੇ ਕਥਨ ਦੀ ਪ੍ਰਮਾਣਿਕਤਾ ਨੂੰ ਸਮਝਣ ਲਈ ਉਦਾਹਰਨ ਹਾਜ਼ਰ ਹਨ:

ਪਹਿਲਾ ਸਵੈਯਾ : ਸਰੇਵੜੇ ਜਾਂ ਜੈਨੀ, ਜੋਗੀ, ਜਤੀ, ਬ੍ਰਹਮਚਾਰੀ, ਵੱਡੇ ਵੱਡੇ ਸੂਰਮੇ, ਅਨੇਕ ਮਤਾਂ ਦੇ ਸੰਤ ਸਾਧ ਪ੍ਰਭੂ-ਪ੍ਰੀਤ ਵਿਹੁਣੇ ਜਿਤਨੇ ਮਰਜ਼ੀ ਕਰਮ ਕਰ ਲੈਣ, ਉਹਨਾਂ ਦਾ ਮੁੱਲ ਰਤੀ ਭਰ ਵੀ ਨਹੀਂ ।

ਦੂਜਾ ਸਵਯਾ : ਜੇ ਸੋਨੇ ਦੇ ਸਾਜ਼ਾਂ ਨਾਲ ਸਿੰਗਾਰੇ, ਕਦਾਵਰ ਸੰਧੂਰ ਨਾਲ ਸਜਾਏ ਮਸਤ ਹਾਥੀ ਹੋਣ, ਜੇ ਕਰੋੜਾਂ ਘੋੜੇ ਹਿਰਨਾਂ ਵਾਂਗ ਕੁਦਣ ਵਾਲੇ ਹੋਣ ਤੇ ਹਵਾ ਦੀ ਰਫਤਾਰ ਵਾਂਗ ਤੇਜ਼ ਚਲਣ ਵਾਲੇ ਹੋਣ, ਜੇ ਵੱਡੀਆਂ ਵੱਡੀਆਂ ਬਾਹਾਂ ਵਾਲੇ ਬਲਵਾਨ ਮਹਾਰਾਜੇ ਜਿਹਨਾਂ ਨੂੰ ਬੇਅੰਤ ਤਾਕਤਾਂ ਵਾਲੇ ਆਕੇ ਮਥਾ ਟੇਕਦੇ ਹੋਣ, ਜੇ ਵੱਡਾ ਐਸ਼ਵਰਜੀ ਰਾਜਾ ਹੋਵੇ ਤਾਂ ਵੀ ਕੀ – ਅੰਤ ਸਮੇਂ ਸਧਾਰਨ ਮਨੁੱਖ ਵਾਂਗ ਰਬੀ ਨੇਮ ਅਧੀਨ ਹੀ ਸੰਸਾਰ ਤੋਂ ਕੂਚ ਕਰੇਗਾ।

ਤੀਸਰਾ ਸਵੈਯਾ : ਚਰਕਧਾਰੀ ਰਾਜੇ ਦੀ ਤਾਕਤ ਦਾ ਵਰਣਨ ਤੇ ਅੰਤਕਾਲ ਦੀ ਹੋਣੀ ਦਾ ਵਿਵਰਣ।

ਚੌਥਾ ਸਵੈਯਾ : ਜੇ ਕੋਈ ਤੀਰਥ ਰਟਨ ਕਰਦਾ ਰਹੇ; ਵੇਦਾਂ, ਪੁਰਾਣਾਂ, ਕਤੇਬਾਂ ਤੇ ਕਰਾਨਾਂ ਦਾ ਪਾਠ ਕਰਦਾ ਰਹੇ ਪਰ ਸਚੇ ਨਾਮ ਤੋਂ ਵਿਹੂਣਾਂ ਹੋਣ ਕਰਕੇ ਉਸਦਾ ਮੁੱਲ ਕੋਡੀ ਵੀ ਨਹੀਂ।

ਪੰਜਵਾਂ ਸਵੈਯਾ : ਪਰਾਕਰਮੀ ਯੋਧਿਆਂ ਦੀ ਤਾਕਤ ਦਾ ਵਰਣਨ, ਉਹਨਾਂ ਦੇ ਉੱਚੇ ਮੁਰਾਤਬੇ ਤੇ ਹੌਸਲੇ ਦਾ ਵਰਣਨ ਤੇ ਅੰਤ ਸਭ ਸੰਸਾਰ ਵਾਂਗ ਹੀ ਹੈ।

ਛੇਵਾਂ ਸਵੈਯਾ : ਵਡੇ ਰਾਜੇ ਜੋ ਅਜਿਤ ਕਹਾਉਂਦੇ ਹਨ ਉਹ ਵੀ ਅੰਤ ਤੇ ਰਬ ਅਗੇ ਹਾਰ ਜਾਂਦੇ ਹਨ।

ਸਤਵਾਂ ਸਵੈਯਾ : ਦੈਂਤ, ਦੇਵਤੇ, ਸ਼ੇਸ਼ਨਾਗ, ਆਦਿ ਪ੍ਰਭੂ ਦਾ ਸਿਮਰਨ ਕਰਦੇ ਪ੍ਰਸੰਨ ਰਹਿੰਦੇ ਹਨ।

ਅੱਠਵਾਂ ਸਵੈਯਾ : ਰਾਜੇ, ਇੰਦਰ, ਕੁਬੇਰ ਆਦਿ ਦਾਨ-ਪੁੰਨ ਕਰਦੇ ਹਨ ਪਰ ਬਚਦੇ ਉਹੋ ਹੀ ਹਨ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ।

ਨੌਵਾਂ ਸਵੈਯਾ : ਬਾਹਰੀ ਕਰਮ ਅਡੰਬਰ ਦਾ ਖੰਡਨ ਤੇ ਨਾਮ ਸਿਮਰਨ ਦਾ ਮੰਡਨ।

ਦਸਵਾਂ ਸਵੈਯਾ : ਸਾਲਗ੍ਰਾਮ ਤੇ ਸ਼ਿਵਲਿੰਗ ਦਾ ਉਪਾਸ਼ਕ, ਕੋਈ ਪਛਮ ਕੋਈ ਪੂਰਬ ਵਿਚ ਉਸਨੂੰ ਮੰਨਦਾ ਹੈ ਪਰ ਸਚ ਤਾਂ ਇਹੋ ਹੈ ਪ੍ਰਭੂ ਪ੍ਰੀਤ ਹੀ ਸ੍ਰੇਸ਼ਟ ਹੈ। ਦੂਸਰੇ ਸਵੈਯੇ ਵੀ ਅਕਾਲ ਉਸਤਤ ਦੀ ਲੰਮੇਰੀ ਰਚਨਾ ਦਾ ਅੰਗ ਹਨ। ਰਚਨਾ-ਸਿਰਲੇਖਾਂ ਉਪਰ ਜੇ ਧਿਆਨ ਕੇਂਦਰਤ ਕੀਤਾ ਜਾਏ ਤਾਂ ਸਤਾਰਾਂ ਉਪਸਿਰਲੇਖ ਜਾਂ ਜੋ ਵਿਸ਼ੇਸ਼ ਛੰਦ-ਯੁਕਤ ਹਨ ਸਾਹਮਣੇ ਆਉਂਦੇ ਹਨ। ਪਹਿਲੇ ਸਵੈਯੇ (ਸ੍ਰਾਵਗ ਸੁਧ) ਅਕਾਲ ਉਸਤਤ ਵਿਚ ਤੀਸਰੇ ਨੰਬਰ ਤੇ ਦਰਜ ਹਨ ਤੇ ਦੂਸਰੇ ਸਵੈਯੇ (ਦੀਨਨ ਕੀ ਪ੍ਰਤਿਪਾਲ ਕਰੇ) ਸੋਲਾਂ ਨੰਬਰ ਤੇ ਆਉਂਦੇ ਹਨ। ਵਸਤੂ ਸਾਮਗ੍ਰੀ ਦੀ ਦ੍ਰਿਸ਼ਟੀ ਤੋਂ ਇਹ ਦਸ ਸਵੈਯੇ ਵੀ ਦਸ ਚਿੱਤਰ ਰੂਪਮਾਨ ਕਰਦੇ ਹਨ। ਇਹਨਾਂ ਵਿਚ ਅਕਾਲ-ਮਹਿਮਾਂ ਦਾ ਸੁਰ ਬਹੁਤ ਉਚੇਰਾ ਹੈ। ਗੱਲ ਦੇ ਸੌਖ ਲਈ ਸੁਧਾ ਸਵੈਯਾਂ ਵਿਚ ਦਸ ਮਨੁੱਖੀ ਸ਼ਕਤੀਆਂ, ਕਰਮ ਅਡੰਬਰਾਂ ਦੇ ਵੰਨ-ਸਵੰਨ ਚਿੱਤਰ ਹਨ। ਦੂਸਰੇ ਸਵੈਯਾਂ ਵਿਚ ਅਕਾਲ ਪੁਰਖ ਦੀ ਮਹਾਨਤਾ ਦਾ ਅਨੇਕਮੁਖ ਵਿਸ਼ਾਲ ਵੇਰਵਾ ਸਪਸ਼ਟ ਹੈ। (੧) ਉਹ ਦੀਨ ਦੁਖੀਆਂ ਦੀ ਪਾਲਨਾ ਵੀ ਕਰਦਾ ਹੈ ਤੇ ਦੋਖੀਆਂ ਨੂੰ ਦੇਖ ਕੇ ਵੀ ਦੇਣੋਂ ਸੰਕੋਚ ਨਹੀਂ ਕਰਦਾ। (੨) ਦੁਰਜਨਾਂ ਦੇ ਦਲਾਂ ਨੂੰ ਪਲ ਵਿਚ ਨਾਸ ਕਰਕੇ ਪ੍ਰਭੂ ਪ੍ਰੀਤ ਵਾਲਿਆਂ ਦਾ ਪੋਸਟ ਕਰਦਾ ਹੈ। (੩) ਕੀੜੇ ਪਤੰਗੇ ਹਿਰਨ ਸਪ ਉਸੇ ਨੇ ਹੀ ਬਣਾਏ ਹਨ। ਵਖੋ-ਵਖ ਕਾਲ ਜਿਹਾ ਕਿ ਭੂਤ, ਭਵਿਖ ਤੇ ਵਰਤਮਾਨ ਦੀ ਉਸੇ ਨੇ ਹੀ ਰਚੇ ਹਨ। ਦੇਵਤੇ ਦੈਂਤ ਹੰਕਾਰ ਵਿਚ ਖਪ ਗਏ। ਵੈਦ, ਪੁਰਾਣ, ਕਤੇਬ, ਕੁਰਾਨ, ਧਾਰਮਿਕ ਗ੍ਰੰਥ ਉਸ ਬਾਰੇ ਗਿਣਤੀਆਂ ਮਿਣਤੀਆਂ ਕਰਦੇ ਰਹੇ, ਪਰ ਥਾਹ ਨਹੀਂ ਪਾ ਸਕੇ। ਪ੍ਰਭੂ-ਪ੍ਰੀਤ ਹੀ ਸਹੀ ਮਾਰਗ ਹੈ। (੪) ਉਹ ਪ੍ਰਭੂ ਤਿੰਨ ਲੋਕਾਂ ਦਾ ਕਰਤਾ ਹੈ ਪਰ ਤਿੰਨਾਂ ਤੋਂ ਮੁਕਤ ਹੈ। ਉਹ ਛਲ ਛਿਦ੍ਰ ਤੇ ਕਾਲ ਤੋਂ ਮੁਕਤ ਹੈ। ਉਹ ਸਭ ਦਾ ਸੁਆਮੀ ਹੈ। (੫) ਉਹ ਵਿਸ਼ਿਆਂ ਤੋਂ ਮੁਕਤ ਸੰਸਾਰੀ ਸੰਬੰਧਾਂ ਤੋਂ ਮੁਕਤ, ਘਰ-ਬਾਹਰ ਤੋਂ ਮੁਕਤ, ਜੜ-ਵਸਤੂ, ਅਕਾਸ਼-ਪਤਾਲ ਤੋਂ ਮੁਕਤ ਹੈ। ਪ੍ਰਾਣੀ ਬਿਨਾਂ ਡੋਲੇ ਉਸ ਨੂੰ ਯਾਦ ਰੱਖ, ਉਹ ਤੇਰੀ ਸਾਰ ਲੈ ਰਿਹਾ ਹੈ। (੬) ਉਹ ਰੋਗਾਂ ਸੋਗਾਂ ਤੋਂ, ਜਲ ਦੇ ਜੰਤੂਆਂ ਤੋਂ ਅਨੇਕ ਤਰੀਕਿਆਂ ਨਾਲ ਬਚਾਉਂਦਾ ਹੈ, ਹੋਰ ਤਾਂ ਹੋਰ ਉਹ ਮਾਂ ਦੇ ਗਰਭ ਵਿਚ ਪਏ ਜੀਵ ਦੀ ਰੱਖਿਆ ਵੀ ਕਰਦਾ ਹੈ। (੭) ਹੇ ਪ੍ਰਭੂ! ਯਕਸ਼, ਸਪ, ਦੈਂਤ, ਦੇਵਤੇ ਅਰਾਧਨਾ ਵਿਚ ਲਗੇ ਹੋਏ ਹਨ ਪਰ ਤੇਰਾ ਪਾਰ ਨਹੀਂ ਪਾ ਸਕਦੇ। (੮) ਨਾਰਦ, ਬ੍ਰਹਮਾਂ, ਸ਼ਿਵ, ਸਿਧ, ਨਾਥ ਆਦਿ ਵੀ ਉਸਦੀ ਥਾਹ ਨਹੀਂ ਪਾ ਸਕੇ। (੯) ਸਾਰੇ ਧਰਮ ਗ੍ਰੰਥ ਉਸਦਾ ਭੇਦ ਨਹੀਂ ਪਾ ਸਕੇ। (੧੦) ਕੋਈ ਜਗਿਆਸੂ ਅਨੇਕਾਂ ਉਪਾਇ ਕਰੇ ਤੀਰਥ, ਬਰਤ, ਦਾਨ, ਜੋਗ ਆਦਿ ਕਮਾਏ ਪਰ ਉਸਦਾ ਅੰਤ ਨਹੀਂ ਪਾ ਸਕਦਾ।

ਸੰਕੇਤ ਕੀਤਾ ਜਾ ਚੁੱਕਾ ਹੈ, ੩੩ ਸਵੈਯੇ ਇਕ ਸੁਤੰਤਰ ਰਚਨਾ ਹੈ। ਇਸਦਾ ਆਰੰਭ ਪਹਿਲੇ ਵਿਚਾਰ ਕੀਤੇ ਗਏ ਸਵੈਯਾਂ ਨਾਲੋਂ ਅੰਤਰ ਹੈ। ਇਸਦਾ ਕਾਰਨ ਸ਼ਾਇਦ, ਇਸਦਾ ਰਚਨਾ ਵਿਸ਼ੇਸ਼ ਹੋਣਾ ਹੈ। ਦੁਹਰਾਉ ਦਾ ਦੋਸ਼ ਲੈ ਕੇ ਵੀ ਇਹ ਸਪਸ਼ਟ ਕਰਨਾ ਚਾਹਾਂਗੀ, ਇਸਦਾ ਸਿਰਲੇਖ ਹੈ।

ੴ ਸਤਿਗੁਰ ਪ੍ਰਸਾਦਿ
ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਤੇਤੀ ਸਵੈਯੇ
ਸ੍ਰੀ ਮੁਖਵਾਕ ਪਾਤਸ਼ਾਹੀ ੧੦


ਇਥੇ ਇਹ ਸਾਫ਼ ਕਰਨਾ ਉਚਿਤ ਰਹੇਗਾ ਤੇਤੀ ਸਵੈਯਾਂ ਦੀ ਇਸ ਪ੍ਰਕਾਰ ਦੀ ਅੰਕਣ-ਵਿਧੀ ਕੇਵਲ ਗਿਆਨੀ ਨਰੈਣ ਸਿੰਘ ਨੇ ਦਿੱਤੀ ਹੈ। ਡਾ. ਜੱਗੀ ਨੇ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁੱਖ ਵਾਕ ਪਾਤਸ਼ਾਹੀ ੧੦ – ਦੇ ਸਿਰਲੇਖ ਹੇਠ ਦਰਜ਼ ਕੀਤੇ ਹਨ। ਰਣਧੀਰ ਸਿੰਘ ਵੀ ਇਸੇ ਵਿਧੀ ਦਾ ਅਨੁਸਾਰੀ ਹੈ। ਜ਼ਾਹਿਰ ਹੈ, ਉਤਾਰਾ ਕਰਨ ਵਾਲਿਆਂ ਵਿਚ ਅੰਤਰ ਹੈ ਤੇ ਮੂਲ ਰੂਪ ਮੈਨੂੰ ਪ੍ਰਾਪਤ ਨਹੀਂ ਹੋਇਆ। ਹਾਲ ਦੀ ਘੜੀ ਏਨਾ ਕੁ ਜਾਣਨਾਂ ਹੀ ਉਚਿਤ ਹੈ - ੴ ਸਤਿਗੁਰ ਪ੍ਰਸਾਦਿ ਮੰਗਲ-ਵਿਧੀ ਨਾਲ ਸੰਬੰਧਿਤ ਹੈ। ਇਹ ਮੰਗਲ ਵਿਧੀ ਗੁਰੁ ਗ੍ਰੰਥ ਸਾਹਿਬ ਵਾਲੀ ਹੈ ਜਿਸਦਾ ਅ੍ਰਥ ਹੈ – ਪਾਰਬ੍ਰਹਮ ਨੂੰ ਸਤਿਗੁਰ ਦੀ ਕ੍ਰਿਪਾ ਨਾਲ ਹੀ ਜਾਣਿਆ ਜਾ ਸਕਦਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਹਿ ਇਸਦਾ ਅਰਥ ਹੈ, ਸ੍ਰੀ ਅਕਾਲ ਪੁਰਖ ਜੀ ਤੇਰੀ ਸਰਣ। ਸ੍ਰੀ ਭਗਉਤੀ ਜੀ ਸਹਾਇ: ਕੁਲ ਜਗਤ ਦੀ ਸਿੰਗਾਰ ਸ਼ਕਤੀ ਅਥਵਾ ਅਕਾਲ ਜੀ ਸਹਾਈ ਹੋਵੇ। ਸ੍ਰੀ ਮੁਖਵਾਕ ਪਾਤਸ਼ਾਹੀ ੧੦ ਇਸ ਤੱਥ ਦਾ ਸੰਕੇਤ ਕਰਦਾ ਹੈ ਕਿ ਇਹ ਰਚਨਾ ਦਸਮ ਗੁਰੁ ਜੀ ਦੇ ਮੁੱਖ ਤੋਂ ਉਚਾਰੀ ਹੋਈ ਹੈ। ਪ੍ਰਸ਼ਨ ਹੋ ਸਕਦਾ ਹੈ, ਗੁਰੁ-ਪਰੰਪਰਾ ਹੁਣ ਤਕ ਮਹਲਾ-ਅੰਕ ਨਾਲ ਜੁੜ ਕੇ ਸਾਹਮਣੇ ਆਈ ਹੈ ਪਰ ਦਸਮ ਗੁਰੁ ਲਈ ਮਹਲਾ ਤੋਂ ਅਮੰਨ ਰਹਿ ਕੇ ਪਾਤਸ਼ਾਹੀ ਦਾ ਸੰਕੇਤ ਤਜਵੀਜ਼ ਕੀਤਾ ਗਿਆ ਹੈ। ਪਾਤਸ਼ਾਹੀ ੧੦ ਦਾ ਸੰਕੇਤ ਖੁਦ ਦਸਮ ਗੁਰੁ ਜੀ ਨੇ ਨਾ ਅੰਕਿਤ ਕੀਤਾ ਹੋਵੇ ਤੇ ਇਹ ਦਸਮ ਗ੍ਰੰਥ ਦੇ ਸੰਪਾਦਕ ਜਾਂ ਉਤਾਰਾ ਕਰਨਵਾਲਿਆਂ ਦੀ ਕਾਢ ਹੋਵੇ ਪਰ ਇਤਨਾਂ ਤਾਂ ਸਪਸ਼ਟ ਹੀ ਹੈ ਦਸਮ ਗੁਰੁ ਰਚਿਤ ਬਾਣੀ ਉਪਰ ਪਾਤਸ਼ਾਹੀ ੧੦ ਦਾ ਸੰਕੇਤ ਮੌਜ਼ੂਦ ਹੁੰਦਾ ਹੈ। ਬਹੁਤ ਵਿਸਥਾਰ ਵਿਚ ਨਾ ਜਾ ਕੇ ਇਥੇ ਇਤਨਾ ਸੰਕੇਤ ਹੀ ਕਾਫੀ ਹੈ ਪੰਜਵੇਂ ਗੁਰੁ ਦੀ ਸਹੀਦੀ ਤੋਂ ਬਾਅਦ ਸ਼ਾਂਤ ਅਧਿਆਤਮਕ ਭਗਤੀ ਦੀ ਲਹਿਰ ਨੇ ਆਪਣੇ ਨਾਲ ਸ਼ਕਤੀ ਨੂੰ ਵੀ ਜੋੜ ਲਿਆ। ਫਲਸਰੂਪ ਗੁਰੁ-ਘਰ ਵਿਚ ਅਕਾਲ ਤਖ਼ਤ ਦਾ ਨਿਰਮਾਣ, ਸੈਨਿਕ ਸ਼ਕਤੀ ਤੇ ਰਾਜਸੀ ਸ਼ੈਲੀ ਦਾ ਨਿਰਮਾਣ ਹੋਇਆ। ਗੁਰੁ ਸਾਹਿਬਾਨ ਸ਼ਸਤਰਾਂ ਦੇ ਨਾਲ ਨਾਲ ਕਲਗੀ ਵੀ ਸਜਾਉਂਦੇ ਰਹੇ। ਇਹ ਰਾਜਸੀ ਸ਼ੈਲੀ ਦਾ ਪ੍ਰਗਟਾਵਾ ਹੀ ਤਾਂ ਸੀ। ਜਦੋਂ ਨਾਨਕ ਰਾਜ – ਹਲੀਮੀ ਰਾਜ ਦੀ ਯਾਤਰਾ ਕਰਦਾ ਕਰਦਾ ਪਾਤਸ਼ਾਹੀ ਸ਼ੈਲੀ ਦੇ ਰੂਬਰੂ ਆਣ ਖੜਾ ਹੋਇਆ। ਜ਼ਾਹਿਰ ਹੈ, ਮਹਲਾ-ਅੰਕ ਪਾਤਸ਼ਾਹੀ ਅੰਕ ਵਿਚ ਤਬਦੀਲ ਹੋ ਗਿਆ। ਉਂਝ ਤਾਂ ਹੋਰ ਵੀ ਕਈ ਤਬਦੀਲੀਆਂ ਵਾਪਰੀਆਂ ਪਰ ਉਹਨਾਂ ਦਾ ਵਿਚਾਰ ਕਿਸੇ ਹੋਰ ਪਰਚੇ ਵਿਚ ਨਜਿਠ ਲਿਆ ਜਾਵੇਗਾ। ਹਾਲ ਦੀ ਘੜੀ ੩੩ ਸਵੈਯੇ ਦੇ ਵਥ ਬਾਰੇ ਵਿਚਾਰ ਕਰਨੀ ਉਚਿਤ ਪ੍ਰਤੀਤ ਹੋ ਰਹੀ ਹੈ। ੩੩ ਸਵੈਯੇ ਦਾ ਨਿਕਟ ਅਧਿਐਨ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਦਸਮ ਗੁਰੁ ਜੀ ਦਾ ਨਜ਼ਰੀਆ ਵਿਵੇਚਨਾਤਮਕ ਹੈ। ਇਸੇ ਕਰਕੇ ਇਹਨਾਂ ਸਵਈਆਂ ਨੂੰ ਵਸਤੂ-ਸਾਮਗ੍ਰੀ ਦੀ ਦ੍ਰਿਸ਼ਟੀ ਤੋਂ ਲਗਭਗ ੯ ਇਕਾਈਆਂ ਵਿਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ। ਇਸ ਦੇ ਪਹਿਲੇ ੭ ਸਵੈਯੇ ਅਕਾਲ ਪੁਰਖ ਦੇ ਸਰੂਫ ਲੱਛਣ ਨੂੰ ਵਿਆਖਿਉਣ ਵਲ ਰੁਚਿਤ ਹਨ। ਮਸਲਨ

ਸਤਿ ਸਦੈਵ ਸਰੂਪ ਸਤਬ੍ਰਤ ਆਦਿ ਅਨਾਦਿ ਅਗਾਧ ਅਜੈ ਹੈ
ਦਾਨ ਦਯਾ ਦਮ ਸੰਜਮ ਨੇਮ ਜਤੱਬ੍ਰਤ ਸੀਲ ਸੁਬ੍ਰਿਤ ਅਬੈ ਹੈ (੨)

ਉਹ ਸਦਾ ਹੀ ਸਤ ਸਰੂਪ, ਸਦਾ ਬਰਤ, ਸਭ ਦਾ ਮੁੱਢ, ਆਦਿ ਰਹਿਤ, ਅਥਾਹ ਅਤੇ ਅਜਿਤ ਹੈ। ਦਾਨ ਦਇਆ, ਤਪ, ਸੰਜਮ, ਜਤਬ੍ਰਤ ਸਾਂਤ ਭਾਵ, ਨੇਕ ਆਚਾਰਣ ਆਦਿ ਸਭ ਉਸਨੂੰ ਜਾਨਣ ਦੇ ਵਸੀਲੇ ਹਨ। ਇਹ ਦੋ ਪੰਕਤੀਆਂ ਇਕ ਪਾਸੇ ਬ੍ਰਹਮ ਸਰੂਪ ਦੇ ਲੱਛਣ ਪੇਸ਼ ਕਰਦੀਆਂ ਹਨ। ਦੂਜੀ ਪੰਕਤੀ ਉਸਨੂੰ ਜਾਨਣ ਦੇ ਸਾਧਨਾਂ ਵਲ ਸੰਕੇਤ ਕਰਦੀ ਹੈ ਪਰ ਇਹ ਕਲੇਮ ਨਹੀਂ ਕਰਦੀ ਕਿ ਇਹਨਾਂ ਸਾਧਨਾਂ ਨੂੰ ਅਪਨਾਣ ਨਾਲ ਉਸ ਪਾਰਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਕ੍ਰਿਪਾ ਨਿਧਾਨ ਹੈ। ਸਭ ਦਾ ਪਾਲਣਹਾਰ ਹੈ। ਉਹ ਸਰਬ ਸੰਸਾਰ ਦੇ ਵੰਨਸੁਵੰਨ ਜੀਵਾਂ ਦੀ ਸਿਰਜਣਾ ਕਰਦਾ ਹੈ। ਦੇਵਤੇ, ਦੈਂਤ, ਸ਼ੇਸ਼ਨਾਗ, ਪਰਬਤ, ਅਕਾਸ਼, ਧਰਤੀ, ਸ਼ਿਵ, ਵਿਸ਼ਨੂੰ, ਬ੍ਰਹਮਾਂ, ਗਣੇਸ਼ ਆਦਿ ਸਭ ਉਸੇ ਦੀ ਹੀ ਰਚਨਾ ਹੈ। ਵੇਦ, ਪੁਰਾਣ, ਸਿੰਮ੍ਰਤੀਆਂ, ਉਪਨਿਸ਼ਦ, ਕਤੇਬ, ਕੁਰਾਨ ਆਦਿ ਗ੍ਰੰਥਾਂ ਨੂੰ ਉਸਦੀ ਅਨੇਕਮੁਖ ਵਿਚਾਰ ਕੀਤੀ ਹੈ ਤੇ ਸਾਰੇ ਹੀ ਇਸ ਨਤੀਜੇ ਤੇ ਪਹੁੰਚਦੇ ਹਨ ਲੋਕ-ਪਰਲੋਕ ਦਾ ਉਹੀ ਸਭ ਤੋਂ ਵਡਾ ਸਰਦਾਰ ਹੈ। ਉਸ ਬਾਰੇ ਵਿਚਾਰ ਤਾਂ ਕੀਤੀ ਜਾ ਸਕਦੀ ਹੈ ਪਰ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਤਾਂ ਹੈਂ ਈ ਕਾਲ-ਅਕਾਲ, ਉਸਦੀ ਥਾਹ ਨਿਮਾਣਾ ਨਿਗੂਣਾਂ ਜੀਵ ਕਿਵੇਂ ਪਾ ਸਕਦਾ ਹੈ?
ਦੂਸਰੀ ਇਕਾਈ ਅਠਵਾਂ ਤੇ ਨੌਵਾਂ ਸਵੈਯਾ ਪ੍ਰਸ਼ਨ ਤੇ ਉਤਰ ਨਾਲ ਭਰਪੂਰ ਹਨ। ਪ੍ਰਸਨ ਹੈ – ਇਹ ਤਾਂ ਠੀਕ ਹੈ ਤੂੰ ਸਦਾ ਹੀ ਸਤ ਸਰੂਪ ਤੇ ਸਤ ਭਾਵ ਹੈ। ਤੂੰ ਹੀ ਵੈਦਾਂ-ਕਤੇਬਾਂ ਨੂੰ ਪੈਦਾ ਕੀਤਾ ਹੈ। ਤੂੰ ਹੀ ਦੇਵਤੇ ਤੇ ਦੈਂਤਾਂ ਨੂੰ ਪੈਦਾ ਕੀਤਾ ਹੈ। ਤਿੰਨਾਂ ਕਾਲਾਂ ਵਿਚ ਤੈਨੂੰ ਹੀ ਮੰਨਿਆ ਜਾਂਦਾ ਹੈ ਪਰ ਇਸਤਰ੍ਹਾਂ ਦੇ ਗੁਪਤ ਗਿਆਨ ਨੂੰ ਪ੍ਰਗਟ ਕਿਸ ਨੇ ਕੀਤਾ ਹੈ? ਨੌਵਾਂ ਸਵੈਯਾ ਇਸੇ ਪ੍ਰਸ਼ਨ ਦਾ ਵਿਸਤਾਰ ਉੱਤਰ ਦੇਂਦਾ ਹੋਇਆ ਸਪਸ਼ਟ ਕਰਦਾ ਹੈ – ਹੇ ਪ੍ਰਭੂ ਤੂੰ ਧਰਤੀ, ਅਕਾਸ਼, ਪਤਾਲ ਦੀਆਂ ਦੋਹਾਂ ਦਿਸ਼ਾਵਾਂ ਵਿਚ ਜਿਹੜੇ ਵੀ ਜੀਵ-ਜੰਤ ਹਨ ਸਭ ਦੇ ਚਿੱਤ ਦਾ ਹਾਲ ਜਾਣਦਾ ਹੈ। ਤੇਰੀ ਮਹਿਮਾਂ ਜੋ ਧਰਤੀ ਵਿਚ ਵਿਆਪ ਰਹੀ ਹੈ, ਉਸੇ ਵਸਤੂ-ਮਹਿਮਾਂ ਰਾਹੀਂ ਹੀ ਇਹ ਗੁਪਤ-ਗਿਆਨ ਆਪਣੇ ਸੰਕੇਤ ਦੇ ਰਿਹਾ ਹੈ। ਪ੍ਰਭੂ ਦੀ ਲੀਲ੍ਹਾ ਇਸ ਗੱਲ ਦਾ ਕਾਰਗਰ ਸਾਧਨ ਹੈ।

ਤੀਸਰੀ ਇਕਾਈ – ਦਸਵਾਂ ਤੇ ਯਾਰਵਾਂ ਪ੍ਰਭੂ ਦੀ ਬੇਅੰਤਤਾ ਨੂੰ ਸਮਰਪਿਤ ਹਨ।

(ੳ) ਬੇਦ ਕਤੇਬ ਨ ਭੇਦ ਲਹਯੋ ਤਿਹਿ ਸਿੱਧ ਸਮਾਧਿ ਸਭੈ ਕਰਿ ਹਾਰੇ
ਸਿੰਮ੍ਰਿਤ ਸ਼ਾਸਤ੍ਰ ਬੇਦ ਸਬੈ ਬਹੁ ਭਾਂਤਿ ਪੁਰਾਨ ਬੀਚਾਰ ਬੀਚਾਰੇ -੧੦

(ਅ) ਆਦਿ ਅਨਾਦਿ ਅਗਾਧ ਸਦਾ ਪ੍ਰਭ ਸਿੱਧ ਸਵਰੂਪ ਸਭੋ ਪਹਿਚਾਨਯੋ
ਗੰਧ੍ਰਬ ਜੱਛ ਮਹੀਧਰ ਨਾਗਨ ਭੂੰਮ, ਅਕਾਸ਼ ਚਹੂੰ ਚਕ ਜਾਨਯੋ
ਲੋਕ ਅਲੋਕ ਦਿਸ਼ਾ ਬਿਦਿਸ਼ਾ ਅਰੁ ਦੇਵ ਅਦੇਵ ਦੁਹੂੰ ਪ੍ਰਭ ਮਾਨਯੋ
ਚਿਤ ਅਗਯਾਨ ਸੁਜਾਨ ਸੁਯੰਭਵ ਕੌਨ ਸ਼੍ਰੀ ਕਾਨ ਨਿਧਾਨ ਭੁਲਾਨਯੋ-੧੧

ਵੇਦ-ਕਤੇਬ ਵੀ ਉਸ ਦੇ ਰਹੱਸ਼ ਨੂੰ ਸਮਝ ਨਹੀਂ ਸਕੇ। ਸਿੱਧ ਲੋਕ ਵੀ ਸਮਾਧੀਆਂ ਲਾ-ਲਾ ਹਾਰ ਗਏ। ਦੁਨੀਆਂ ਭਰ ਦੇ ਧਰਮ ਗ੍ਰੰਥ ਉਸ ਬਾਰੇ ਵਿਚਾਰ ਕਰ ਰਹੇ ਹਨ ਪਰ ਉਸ ਦਾ ਅੰਤ ਨਹੀਂ ਪਾ ਸਕੇ। ਉਹ ਅਨੰਤ ਬਿਅੰਤ ਹੈ। ਉਸ ਦੀ ਚਰਚਾ, ਲੋਕ ਅਲੋਕ, ਦਿਸ਼ਾ ਬਿਦਿਸ਼ਾ, ਦੇਵ-ਅਭੇਵ, ਦੁਹਾਂ ਵਿਚ ਹੋ ਰਹੀ ਹੈ ਪਰ ਕੋਈ ਵੀ ਉਸਦੀ ਬੇਅੰਤਤਾ ਦਾ ਅੰਤ ਨਹੀਂ ਪਾ ਸਕਿਆ। ਦਸਮ ਗੁਰੁ ਦੇ ਸਵਈਆਂ ਦਾ ਇਕ ਪ੍ਰਮੁੱਖ ਲੱਛਣ ਇਹ ਵੀ ਹੈ। ਪਹਿਲੀਆਂ ਤਿੰਨ ਪੰਕਤੀਆਂ ਵਿਸ਼ੇ ਨੂੰ ਰੂਪਮਾਨ ਕਰਦੀਆਂ ਹਨ, ਚੌਥੀ ਜਾਂ ਆਖਰੀ ਪੰਕਤੀ ਨਤੀਜਾ ਜਾਂ ਫੈਸਲਾਕੁਨ ਹੁੰਦੀ ਹੈ। ਇਹ ਵਿਧੀ ਲਗਭਗ ਸਾਰੇ ਸਵਈਆਂ ਵਿਚ ਮੌਜ਼ੂਦ ਹੈ।

ਬਾਰਵਾਂ ਸਵੈਯਾ ਅਥਵਾ ਚੌਥੀ ਇਕਾਈ ਸੰਸਾਰ ਵਿਚ ਵਿਆਪਕ ਇਸ਼ਟ-ਪੂਜਾ ਦੀ ਵੰਸੁਵੰਨਤਾ ਵਲ ਰੁਚਿਤ ਹੈ। ਹਰ ਕੋਈ ਆਪਣੇ ਢੰਗ ਨਾਲ ਉਸਦੀ ਪੂਜਾ ਕਰ ਰਿਹਾ ਹੈ:

ਕਾਹੂੰ ਲੈ ਠੋਕਿ ਬਧੇ ਉਰ ਠਾਕੁਰ ਕਾਹੂੰ ਮਹੇਸ਼ ਕੋ ਏਸ਼ ਬਖਾਨਯੋ
ਕਾਹੂੰ ਕਹਿਯੋ ਹਰਿ ਮੰਦਰ ਮੈਂ ਹਰਿ ਕਾਹੂੰ ਮਸੀਤ ਕੈ ਬੀਚ ਪ੍ਰਮਾਨਯੋ
ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮੈ ਅਵਤਾਰਨ ਮਾਨਯੋ
ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਜੀਉ ਜਾਨਯੋ-੧੨

ਪੰਜਵੀਂ ਇਕਾਈ ਇਕ ਹੋਰ ਨੁਕਤੇ ਨੂੰ ਵਿਚਾਰਨ ਵਲ ਸੰਕੇਤ ਕਰਦੀ ਹੈ। ਦਸਮ ਗੁਰੁ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਅਰਾਧਨਾ ਉਪਰ ਬਲ ਦੇਂਦੇ ਹਨ। ਅਵਤਾਰਵਾਦ ਉਪਰ ਉਹਨਾਂ ਦਾ ਭਰੋਸਾ ਨਹੀਂ ਸਗੋਂ ੧੩, ੧੪, ੧੫, ੧੬, ੧੭ ਪੰਜ ਸਵੈਯਾ ਵਿਚ ਵਖ-ਵਖ ਪ੍ਰਸੰਗਾਂ ਦਾ ਸੰਕੇਤ ਦੇ ਕੇ ਇਹ ਸਿੱਧ ਕੀਤਾ ਗਿਆ ਹੈ ਕਿ ਜਿਹਨਾਂ ਨੂੰ ਲੋਕਾਈ ਅਵਤਾਰ ਮੰਂਦੀ ਹੈ, ਉਹ ਵੀ ਕਾਲ ਦੇ ਆਧੀਨ ਇਸ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ:

੧. ਜੌ ਕਹੌ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੋਸ਼ਲਿ ਕੁੱਖ ਜਯੋ ਜੂ-੧੩

੨. ਆਦਿ ਅਜੋਨ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ-੧੪

੩. ਕੋਊ ਦਿਜੇਸ਼ (ਬ੍ਰਹਮਾ) ਕੋ ਮਾਨਤ ਹੈ ਅਰੁ ਕੋਊ ਮਹੇਸ਼ ਕੌ ਏਸ਼ ਬਤੈ ਹੈ
ਕੋਊ ਕਹੈ ਬਿਸਨੋ ਬਿਸੁਨਾਇਕ ਜਾਹਿ ਭਜੇ ਅਘ ਓਘ ਕਟੈ ਹੈ-੧੬

੪. ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ
ਕਾਲ ਹੀ ਪਾਇ ਸਦਾ ਸਿਵ ਜੂ ਸਤ ਦੇਸ ਬਿਦੇਸ ਭਇਆ ਹਮ ਜਾਨਯੋ-੧੭


ਦਰਅਸਲ, ਦਸਮ ਗੁਰੁ ਜਗਤ-ਰਚਨਾ ਦੇ ਮੂਲ਼ ਸਿਧਾਂਤ ਉਪਰ ਬਾਰੰਬਾਰ ਧਿਆਨ-ਕੇਂਦਰਤ ਕਰਦੇ ਹਨ। ਸੰਸਾਰ ਵਿਚ ਸਿਵਾਇ ਅਕਾਲ ਦੇ ਕੋਈ ਵੀ ਜੀਵ, ਵਸਤੂ ਸਥਿਰ ਨਹੀਂ। ਸਭ ਕਾਲ-ਵਸ ਆਏ, ਆਪੋ-ਆਪਣਾ ਕਾਰਜ ਕੀਤਾ ਤੇ ਕੂਚ ਕਰ ਗਏ। ਅਮਰ ਕੇਵਲ ਇਕੋਂ ਹੋਂਦ ਹੈ।

ਸਮਾਜ ਪ੍ਰਭੂ-ਪ੍ਰਾਪਤੀ ਲਈ ਅਨੇਕਾਂ ਅਡੰਬਰ ਕਰਦਾ ਹੈ :

ਸਵੈਯਾ ਅੰਕ ੧੮, ੧੯, ੨੦, ੨੧, ੨੨, ਅਤੇ ੩੦, ੩੧ ਵਿਸ਼ੇਸ਼ ਕਰਕੇ ਕਰਮ ਅਡੰਬਰ ਦੀ ਪ੍ਰਦਰਸ਼ਨੀ ਕਰਦੇ ਹਨ। ਕੋਈ ਅੱਖਾਂ ਮੀਟ ਕੇ ਲੋਕਾਂ ਨੂੰ ਠਗ ਰਿਹਾ ਹੈ। ਕੋਈ ਵਾਲਾਂ ਦੀਆਂ ਜਟਾਵਾਂ ਰੱਖਕੇ, ਨੋਹ ਵਧਾ ਕੇ, ਬਿਭੂਤੀ ਮਲ ਕੇ, ਕੋਈ ਪੱਥਰਾਂ ਨੂੰ ਪੂਜ ਰਿਹਾ ਹੈ, ਕੋਈ ਅਖਾਂ ਵਿਚ ਤੇਲ ਪਾਕੇ ਅੱਖਾਂ ਵਿਚੋਂ ਪਾਣੀ ਵਗਾਕੇ ਲੋਕਾਂ ਨੂੰ ਭਰਮਾ ਰਿਹਾ ਹੈ। ਸਚੇ ਰਬ ਦਾ ਸੱਚੇ ਦਿਲੋਂ ਨਾਮ ਨਹੀਂ ਜਪਦਾ। ਇਹ ਵਿਖਾਲਾ ਕਿਸੇ ਦੀ ਵੀ ਬੰਧ ਖਲਾਸ ਨਹੀਂ ਕਰ ਸਕਦਾ। ਇਹ ਸਵਈਏ ਧਰਮ-ਸੰਸਾਰ ਵਿਚ ਵਾਪਰਦੇ ਪਾਖੰਡ ਨੂੰ ਸਾਹਮਣੇ ਲਿਆਉਂਦੇ ਹਨ। ਇਹਨਾਂ ਦਾ ਵਿਸ਼ਾ-ਵਸਤੂ ਕਿਸੇ ਇਕ ਵਰਗ, ਧਰਮ ਜਾਂ ਫਿਰਕੇ ਨਾਲ ਸੰਬੰਧਿਤ ਨਹੀਂ। ਇਹ ਤਾਂ ਸਰਬ-ਧਰਮ-ਅਡੰਬਰ ਨੂੰ ਰੀਲ ਵਾਂਗ ਵਿਖਾਕੇ ਅਖੀਰਲੀ ਪੰਕਤੀ ਵਿਚ ਉਹਨਾਂ ਦਾ ਖੰਡਨ ਕਰਦੇ ਹਨ। ਇਹ ਛੇਵੀਂ ਇਕਾਈ ਭਰਪੂਰ ਕਰਮ ਵਿਖਾਲੇ ਦਾ ਕੋਸ਼ਕਾਰੀ ਵੇਰਵਾ ਦੇਂਦੀ ਹੋਈ ਅਖੀਰ ਉਹਨਾਂ ਦਾ ਨਕਾਰਣ ਕਰਦੀ ਹੈ।

ਸਤਵੀ ਇਕਾਈ ੨੩, ੨੪, ੨੫ ਸਵੈਯੇ ਨਾਲ ਸੰਬੰਧਿਤ ਹੈ। ਇਸ ਦਾ ਮੁਖ ਬਲ ਕਾਲ ਦੀ ਸਰਬੋਚਤਾ ਉਪਰ ਹੈ। ਇਸ ਤੋਂ ਨਾ ਕੋਈ ਰਾਮ ਰਸੂਲ ਬਚ ਸਕਿਆ ਹੈ ਤੇ ਨਾ ਹੀ ਕੋਈ ਜੀਵ-ਜੰਤ। ਕਾਲ ਸਭ ਦੇ ਸਿਰ ਤੇ ਕੂਕ ਰਿਹਾ ਹੈ। ਇਸਦੀ ਹੋਣੀ ਅਟਲ ਹੈ:

ਕਾਲ ਬਧੇ ਸਭ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ
ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿਖ ਉਪਾਇ ਮਿਟਾਏ-੨੩


ਅਠਵੀਂ ਇਕਾਈ ਅਕਾਲ ਪੁਰਖ ਦੀ ਬੇਅੰਤਤਾ ਨਾਲ ਇਕਸੁਰ ਹੈ। ੨੬, ੨੭, ੨੮ ਤੇ ੨੯ ਚਾਰੋ ਸਵੈਯੇ ਵਖੋ-ਵਖ ਫਿਰਕਿਆਂ ਦੇ ਸਵੈ-ਕੇਂਦਰਤ ਹੋ ਕੇ ਪ੍ਰਚਾਰ ਨੂੰ ਸੰਬੋਧਤ ਹਨ। ਹਰ ਫਿਰਕਾ ਆਪਣੀ ਗੱਲ ਕਰਕੇ ਹੀ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਉਸ ਕਰਤਾਰ ਤਕ ਕੋਈ ਨਹੀਂ ਪਹੁੰਚਾਂਦਾ:

ਜੋ ਜੁਗਿਅਨ ਕੇ ਜਾਇ ਕਹੈ ਸਭ ਜੋਗਨ ਕੋ ਗ੍ਰਹਿ ਮਾਲ ਉਠਦੇ
ਜੋ ਪਰੋ ਭਾਜਿ ਸਨਯਾਸਨ ਦੈ ਕਹੈ ਦੱਤ ਕੇ ਨਾਮ ਪੈ ਧਾਮ ਲੁਟੈਂਦੇ
ਜੋ ਕਰ ਕੋਊ ਮਸੰਦਨ ਸੌ ਕਹੈ ਸਰਬ ਦਰਬ ਲੈ ਮੋਹਿ ਅਬਿ ਦੈ
ਲੇੳੇੁ ਹੀ ਲੇਉ ਕਹੈ ਸਭ ਕੋ ਨਰ ਕੋਊ ਨ ਬ੍ਰਹਮ ਬਤਾਇ ਹਮੈ ਦੇ-੨੮

ਲੋਕਾਂ ਵਿਚ ਅਜੀਬ ਖਿਚੋਤਾਣ ਹੈ। ਹਰ ਕੋਈ ਆਪਣੇ ਆਪ ਨੂੰ ਚੰਗਾ ਤੇ ਵੱਡਾ ਆਖਦਾ ਹੈ। ਸਭਲੋਕ ਲੈਣ ਦੀ ਗੱਲ ਹੀ ਕਰਦੇ ਹਨ। ਅਸਲੀ ਗੱਲ ਨੂੰ ਕਈ ਨਹੀਂ ਜਣਾਉਂਦਾ।
ਨੌਂਵੀ ਇਕਾਈ ੩੨, ੩੩ ਸਵੈਯੇ ਨਾਲ ਸੰਬੰਧਿਤ ਹੈ। ਇਸ ਇਕਾਈ ਦਾ ਸੁਰ ਜਿਥੇ ਉਪਦੇਸ਼ਾਤਮਕ ਹੈ ਉਥੇ ਹੀ ਵਿਵੇਚਾਨਮ ਵੀ। ਜਗਤ ਦੀ ਅਸਾਰਤਾ ਦਾ ਸੱਚ ਇਹੋ ਹੀ ਹੈ ਅਖੀਰ ਬੰਦਾ ਇਸ ਦੁਨੀਆਂ ਤੋ ਇਕੱਲਾ ਹੀ ਜਾਂਦਾ ਹੈ। ਹਜ਼ਾਰਾਂ ਮਿੱਤਰ ਸੰਬੰਧੀ, ਗੁਰੁ ਪੀਰ ਕੋਲ ਖਲੋਤੇ ਹੋਣ ਪਰ ਜੀਵਾਤਮਾ ਨੇ ਮੌਤ ਤੋਂ ਬਾਅਦ ਦਾ ਸਫ਼ਰ ਇਕੱਲਿਆਂ ਹੀ ਤਹਿ ਕਰਨਾ ਹੁੰਦਾ ਹੈ। ਅੰਤ ਸਮੇਂ ਕੋਈ ਵੀ ਸਹਾਈ ਨਹੀਂ ਹੁੰਦਾ।

ਤੋ ਤਨ ਤਿਆਗਤ ਹੀ ਸੁਨ ਰੇ ਜੜ੍ਹ ਪ੍ਰੇਤ ਬਖਾਨ ਤ੍ਰਿਅ ਭਜਿ ਜੈ ਹੈ
ਪੁਤ੍ਰ ਕਲੱਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਕਾਰਹੁ ਆਇਸ ਦੈ ਹੈ
ਭਉਨ ਭੰਡਾਰ ਧਰਾਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ
ਚੇਤ ਰੇ ਚੇਤ ਅਚੇਤ ਮਹਾਂ ਪਸੂ ਅੰਤ ਕੀ ਬਾਰ ਅਕੇਲੋਈ ਜੈ ਹੈ-੩੩

ਇਹਨਾਂ ਸਵਈਆਂ ਦਾ ਮੁਖ ਬਲ ਅਕਾਲ ਪੁਰਖ ਦੀ ਅਰਾਧਨਾ ਹੈ। ਇਹ ਮੂਰਤੀ, ਕਬਰ, ਸਮਾਧ, ਸ਼ਮਸ਼ਾਨ ਦੀ ਪੂਜਾ ਨੂੰ ਵਰਿਜਤ ਕਰਦੇ ਹਨ। ਮੂਲ ਮਤ ਇਹੋ ਹੈ, ਇਹਨਾਂ ਵਿਚ ਕੋਈ ਸ਼ਕਤੀ ਨਹੀਂ ਤੇ ਨਾ ਹੀ ਇਹ ਕੁਝ ਬੰਦੇ ਨੂੰ ਦੇ ਸਕਦੇ ਹਨ। ਦੁਨੀਆਂ ਵਿਚ ਪੀਰ ਪੈਗੰਬਰ, ਦੇਵੀ ਦੇਵਤੇ, ਤੇ ਅਵਤਾਰ ਸਭ ਕਾਲ ਦੇ ਅਧੀਨ ਹਨ। ਇਸ ਲਈ ਬੰਦਾ ਕੇਵਲ ਤੇ ਕੇਵਲ ਮਹਾਂਸ਼ਕਤੀ ਅਕਾਲ ਪੁਰਖ ਦੀ ਅਰਾਧਨਾ ਕਰੇ ਜੋ ਇਹਨਾਂ ਸਾਰਿਆਂ ਦਾ ਸਿਰਜਕ ਹੈ। ਜਿਹੜੇ ਪਾਖੰਡੀ ਭੇਖਧਾਰੀ ਇਹ ਕਹਿੰਦੇ ਹਨ ਕਿ ਉਹ ਜੀਵ ਨੂੰ ਪਾਰਬ੍ਰਹਮ ਨਾਲ ਮਿਲਾ ਸਕਦੇ ਹਨ, ਉਹ ਕੋਰਾ ਝੂਠ ਬੋਲਦੇ ਹਨ। ਦਰਅਸਲ, ਇਹ ਮਾਇਆ ਹਥਿਆਉਣ ਦੀਆਂ ਜੁਗਤਾਂ ਹਨ। ਇਹਨਾਂ ਵਿਚ ਕਿਸੇ ਪ੍ਰਕਾਰ ਦਾ ਸਤਿ ਨਹੀਂ। ਵਖੋ-ਵਖਰੇ ਭੇਖ, ਜੋਗੀ, ਸੰਨਿਆਸੀ, ਉਦਾਸੀ ਆਦਿ ਅਡੋ ਅਡਰੀ ਸ਼ਕਤੀ ਵਿਖਾ ਕੇ ਲੋਕਾਂ ਨੂੰ ਖਿਚ ਤਾਂ ਪਾ ਸਕਦੇ ਹਨ ਪਰ ਉਸ ਅਕਾਲ ਪੁਰਖ ਤਕ ਪੁਚਾ ਨਹੀਂ ਸਕਦੇ। ਤੀਰਥ ਇਸ਼ਨਾਨ, ਜੰਗਲਾਂ ਵਿਚ ਰਟਨ ਕਰਨਾ ਜਾਂ ਬਗਲੇ ਅਤੇ ਬਿੱਲੇ ਵਾਂਗ ਸਮਾਧੀ ਤਾਂ ਲਾਈ ਜਾ ਸਕਦੀ ਹੈ ਅੰਤਿਮ ਸਤਿ ਨਾਲ ਰਸਾਈ ਨਹੀਂ ਹੋ ਸਕਦੀ। ਸੱਚੀ ਭਗਤੀ ਦਾ ਰਹ ਹੋਰ ਹੈ। ਇਹ ਵਿਸ਼ੇ-ਵਿਕਾਰਾ ਤੋਂ ਮੁੱਕਤ ਹੋ ਕੇ ਨਹੀਂ ਇਹਨਾਂ ਦਾ ਵਿਵੇਚਨ ਕਰਕੇ ਉਸ ਅਬਿਨਾਸੀ ਪੁਰਖ ਦੀ ਸੱਚੀ ਪ੍ਰੀਤ ਹੀ ਉਸ ਨਾਲ ਮਿਲਾ ਸਕਦੀ ਹੈ। ਦਿਸਦਾ ਜਗਤ ਸੰਬੰਧਾਂ ਦਾ ਸੰਸਾਰ ਹੈ। ਇਸ ਵਿਚ ਧੀਆਂ-ਪੁੱਤਰ, ਸਾਕ-ਸੰਬੰਧੀ, ਦੋਸਤ-ਮਿੱਤਰ ਸਭ ਦਿਸਦੇ ਜਗਤ ਨਾਲ ਜੋੜਕੇ ਜੀਵਾਤਮਾ ਨੂੰ ਝਮੇਲਿਆਂ ਵਿਚ ਫਸਾਈ ਰੱਖਦੇ ਹਨ। ਇਹ ਸੰਸਾਰਕ ਸੰਬੰਧ ਸੰਸਾਰ ਵਿਚ ਹੀ ਰਹਿ ਜਾਂਦੇ ਹਨ। ਇਸ ਸੰਸਾਰ ਤੋਂ ਅਗਲੀ ਯਾਤਰਾ ਜੀਵਾਤਮਾ ਨੇ ਇਕੱਲੇ ਹੀ ਕਰਨੀ ਹੁੰਦੀ ਹੈ। ਉਥੇ ਇਹਨਾਂ ਵਿਚੋਂ ਨਾ ਕੋਈ ਸਾਥ ਦੇ ਸਕਦਾ ਹੈ ਤੇ ਨਾ ਹੀ ਕੋਈ ਸਹਾਇਤਾ ਕਰ ਸਕਦਾ ਹੈ। ਜ਼ਾਹਿਰ ਹੈ, ਇਕ ਮਨ ਇਕ ਚਿਤ, ਉਸ ਅਖਾਲ ਪੁਰਖ ਦੀ ਭਗਤੀ ਹੀ ਬੇੜਾ ਪਾਰ ਕਰ ਸਕਦੀ ਹੈ।

ਸਵੈਯੇ ਦੀ ਵਥ ਵਿਸ਼ੇਸ਼ ਨੂੰ ਜਾਨਣ ਤੋਂ ਬਾਅਦ ਇਸਦੇ ਸਮੁੱਚੇ ਰੂਪ-ਪ੍ਰਬੰਧ ਬਾਰੇ ਵਿਚਾਰ ਅਜੇ ਬਾਕੀ ਹੈ। ਇਹ ਤਾਂ ਸਪਸ਼ਟ ਹੀ ਹੈ ਇਹ ਪ੍ਰਗੀਤ ਦੀ ਮੁਕਤਕ ਵਿਧੀ ਨਾਲ ਸੰਪੰਨ ਹੋਏ ਹਨ। ਦਸਮ ਗੁਰੁ ਦਾ ਖ਼ਾਸ ਅੰਦਾਜ਼ ਤਨਜ਼ ਵਾਲਾ ਹੈ। ਸਵੈਯੇ ਦੀਆਂ ਪਹਿਲੀਆਂ ਤਿੰਨ ਪੰਕਤੀਆਂ ਵਸਤੂ-ਵਿਸ਼ੇਸ਼ ਦੀ ਸਿਰਮੋਰਤਾ ਨੂੰ ਸਾਹਮਣੇ ਲਿਆਉਂਦੀਆਂ ਹਨ ਪਰ ਚੌਥੀ ਪੰਕਤੀ ਪਾਰਬ੍ਰਹਮ ਦੀ ਸਰਬ ਸਿਰਮੋਰਤਾ ਨੂੰ ਸਥਾਪਤ ਕਰਦੀ ਹੈ। ਅਕਾਲ ਪੁਰਖ ਦੀ ਸਰਬਅੰਗੀ ਸਿਰਮੋਰਤਾ ਇਹਨਾਂ ਸਵੈਯਾ ਦਾ ਖ਼ਾਸਾ ਹੈ। ਵਿਸ਼ੇਸ਼ਤਾ ਇਹ ਹੈ, ਇਹਨਾਂ ਵਿਚ ਸਿਧਾ ਸਪਾਟ ਵਰਣਨ ਨਹੀਂ ਬਲਕਿ ਨਾਲੋ ਨਾਲ ਸਮੀਖਿਆਤਮਕ ਸੁਰ ਆਪਣੀ ਨਿਸ਼ਾਨਦੇਹੀ ਕਰਵਾਉਂਦਾ ਜਾਂਦਾ ਹੈ। ਪ੍ਰਗੀਤ ਆਪਣੇ ਰੂਪ-ਪ੍ਰਬੰਧ ਵਿਚ ਦੁਧਿਰਾ ਹੁੰਦਾ ਹੈ। ਵਕਤਾ-ਸ੍ਰੋਤਾ ਇਸਦੀ ਲਾਜ਼ਮੀ ਜੁਗਤ ਹੈ। ਇਹ ਨਿੱਜ-ਮੁੱਖ ਹੁੰਦਾ ਹੈ। ਗੁਰੁ ਗ੍ਰੰਥ ਸਾਹਿਬ ਵਿਚਲਾ ਮੁਕਤਕ ਵੀ ਦੁਧਿਰਾ ਹੈ ਪਰ ਉਸ ਵਿਚਲਾ ਫ਼ਰਕ ਇਹ ਹੈ, ਉਹ ਨਿੱਜ-ਮੁਕਤ ਹੈ। ਬਾਣੀਕਾਰ ਦੋ ਧਿਰਾਂ, ਵਕਤਾ-ਸ੍ਰੋਤਾਂ, ਜੀਵਾਤਮਾ-ਪਰਮਾਤਮਾ, ਭਗਵੰਤ-ਭਗਤ, ਪਿਰ-ਪਿਰੀਆ ਆਦਿ ਬਾਣੀ ਸਿਰਜਣਾ ਦਾ ਮਾਧਿਅਮ ਬਣਾਉਂਦੇ ਹਨ। ਦਸਮ ਗੁਰੁ ਮੁਕਤਕ ਦੀ ਵਰਤੋਂ ਤਾਂ ਕਰਦੇ ਹੀ ਹਨ ਪਰ ਇਹ ਨਿੱਜ-ਮੁਕਤ ਹੋਣ ਦੇ ਨਾਲ ਨਾਲ ਧਿਰ-ਸਿਰਜਣਾ ਤੋਂ ਵੀ ਮੁਕਤ ਹਨ। ਸਿੱਧਾ-ਸਪਾਟ ਤਨਜ਼ ਭਰਿਆ ਵਰਣਨ ਇਹਨਾਂ ਦੀ ਖ਼ਾਸੀਅਤ ਹੈ। ਦਰਅਸਲ, ਇਹ ਚੰਪੂ-ਵਿਧੀ ਦੀ ਭਰਵੀਂ ਪੇਸ਼ਕਾਰੀ ਵਲ ਰੁਚਿਤ ਹੈ। ਚੰਪੂ ਦੀ ਖ਼ਾਸੀਅਤ ਇਹ ਹੁੰਦੀ ਹੈ, ਇਸ ਵਿਚ ਗਦ ਪਦ ਸੁੰਜਮਤ ਪੇਸ਼ਕਾਰੀ ਹੁੰਦੀ ਹੈ। ਸਵੈਯੇ ਇਸ ਤੱਥ ਨਾਲ ਭਰੇਪੂਰੇ ਹਨ। ਇਹ ਮਿਥਹਾਸਕ-ਸੰਕੇਤ ਤਾਂ ਦੇਂਦੇ ਹਨ ਪਰ ਉਹਨਾਂ ਦਾ ਸੰਪੂਰਨ ਵੇਰਵਾ ਨਹੀਂ। ਇਹੋ ਕਾਰਨ ਹੈ, ਮਿਥਹਾਸਕ-ਸੰਕੇਤਾਂ ਨੂੰ ਸਮਝਣ ਲਈ ਕਿਸੇ ਹੋਰ ਗ੍ਰੰਥ ਦੀ ਸਹਾਇਤਾ ਲੈਣੀ ਪੈਂਦੀ ਹੈ।

ਇਹਨਾਂ ਸਵੈਯਾ ਦੀ ਆਪਣੀ ਰਚਨਾ ਬਣਤਰ ਹੈ। ਇਹ ਇਕ ਵਿਸ਼ੇਸ਼ ਸੰਦਰਭ ਨੂੰ ਉਜਾਗਰ ਕਰਦੀ ਹੈ। ਇਹਨਾਂ ਦੇ ਮੂਲ ਪਾਠ ਵਜੋ ਅਵੇਸਲਾ ਨਹੀਂ ਹੋਇਆ ਜਾ ਸਕਦਾ। ਇਹਨਾਂ ਵਿਚ ਲੋਕ-ਗਥਾਵਾਂ ਵਰਗਾ ਬਿਆਨ ਵੀ ਹੈ ਤੇਰਸ ਵੀ। ਇਹਨਾਂ ਦੀ ਰਚਨਾ-ਬਣਤਰ ਸਦਾ ਆਪਣੇ ਉਦੇਸ਼ ਪ੍ਰਤੀ ਅਗ੍ਰਸਰ ਰਹਿੰਦੀ ਹੈ। ਪਰ ਅੰਤਲੀ ਪੰਕਤੀ ਫੈਸਲਾ ਸੁਨਾਉਣੋਂ ਪਿਛੇ ਨਹੀ ਰਹਿੰਦੀ। ਪਾਠਕ ਨੂੰ ਜਿਥੇ ਪਾਠ ਕਰਦਿਆਂ ਜਿਵੇਂ ਮਿਥਕ ਟੋਟਕੇ ਜਾਂ ਮਿਥਕ ਪ੍ਰਸੰਗ ਦੀ ਥਹੁ ਮਿਲਦੀ ਹੈ ਉਸੇ ਤਰ੍ਹਾਂ ਉਸਤੋਂ ਪ੍ਰਾਪਤ ਹੋਣ ਵਾਲੇ ਨਤੀਜੇ ਦਾ ਅਹਿਸਾਸ ਵੀ ਹੋ ਜਾਂਦਾ ਹੈ। ਇਹੋ ਬਾਣੀਕਾਰ ਦੀ ਮਨਸ਼ਾ ਵੀ ਹੈ। ਉਹ ਆਪਣੇ ਉਦੇਸ਼ ਪ੍ਰਤੀ ਸਜਗ, ਸੁਚੇਤ ਤੇ ਚੇਤੰਤ ਹਨ। ਉਹ ਹੰਕਾਰੀ ਰਾਜਿਆਂ ਨੂੰ, ਪਾਖੰਡੀ ਭੇਖਧਾਰੀਆਂ ਨੂੰ, ਮਦਮਤੇ ਮਾਇਆ ਧਾਰੀਆਂ ਨੂੰ ਇਕ ਹਲੂਣਾ ਦੇਣਾ ਚਾਹੁੰਦੇ ਸਨ। ਇਸ ਰਚਨਾ ਵਿਚ ਇਕ ਇਨਕਲਾਬੀ ਸੁਰ ਗੂੰਜਦਾ ਹੈ ਜੋ ਸਧਾਰਨ ਮਾਨਸਿਕਤਾ ਦੀ ਲਖਾਇਕ ਨਹੀਂ ਸਗੋਂ ਵਿਚਾਰ ਦੀ ਪੱਧਰ ਤੇ ਆਮ ਲੁਕਾਈ ਨੂੰ ਜਾਗ੍ਰਤ ਕਰਨਾ ਸੀ। ਦਸਮ ਗੁਰੁ ਕੇਵਲ ਬਲਵਾਨ ਯੋਧਾ ਹੀ ਨਹੀਂ ਸਨ ਉਹ ਕਲਮ ਦੇ ਧਨੀ ਵੀ ਸਨ। ਉਹਨਾਂ ਨੇ ਲੋਕ ਮਾਨਸਿਕਤਾ ਨੂੰ ਵੀ ਹਲੂਣਾ ਦਿੱਤਾ। ਉਹਨਾਂ ਦੀ ਰਚਨਾ ਦੇ ਹਵਾਲੇ ਕਿਸੇ ਇਕ ਧਰਮ, ਵਰਗ ਜਾਂ ਫਿਰਕੇ ਨਾਲ ਸੰਬੰਧਿਤ ਨਹੀਂ ਸਨ ਸਗੋਂ ਅਖੰਡ ਭਾਰਤੀ ਅਧਿਆਤਮਕ ਵਿਰਾਸਤ ਨੂੰ ਰੂਪਮਾਨ ਕਰਨ ਵਲ ਰੁਚਿਤ ਸਨ। ਇਹ ਨਿਰੀ ਭਾਸ਼ਾ ਸ਼ਾਸਤਰੀ ਵਾਕ ਛੱਲ ਨਹੀਂ ਸਗੋਂ ਅਧਿਆਤਮਕ ਵਿਰਸੇ ਨੂੰ ਪ੍ਰਸਾਰਣ-ਪ੍ਰਕਿਰਿਆ ਨਾਲ ਜੋੜਨ ਦਾ ਇਕ ਕਾਰਗਰ ਸਾਧਨ ਸੀ ਜਿਸ ਨਾਲ ਜੁਗਾਂ-ਜੁਗਾਂਤਰਾਂ ਨਾਲ ਸੰਬੰਧਿਤ ਪ੍ਰਯੋਗ ਜਾਂ ਹਵਾਲੇ ਭਾਸ਼ਾਈ ਰੂਪ ਧਾਰਨ ਕਰ ਸਕੇ। ਪਰ ਗੁਰੁ ਜੀ ਦੀ ਸਰਬ ਅੰਗੀ ਕ੍ਰਾਂਤੀ ਹਰ ਹਾਲ, ਹਰ ਰੂਪ, ਹਰ ਵਿਧੀ ਵਿਚ ਆਪਣਾ ਬੋਲ ਉਚਾਰਦੀ ਰਹੀ। ਸਵੈਯਾਂ ਦੀ ਰਚਨਾ-ਬਣਤਰ, ਮੂਲ-ਪਾਠ ਤੇ ਸੰਦਰਭ, ਲੋਕ-ਧਾਰਣਾਵਾਂ, ਲੋਕ ਰੀਤਾਂ-ਰਸਮਾਂ, ਲੋਕ ਤੌਰ-ਤਰੀਕੇ ਨੂੰ ਉਜਾਗਰ ਕਰਨ ਵਿਚ ਬੇਜੋੜ ਹੈ। ਇਹ ਸਵੈਯੇ ਇਕ ਤਰ੍ਹਾਂ ਲੋਕ-ਮਾਨਸ ਦਾ ਭਰਵਾਂ ਪ੍ਰਗਟਾਵਾ ਕਰਦੇ ਹਨ। ਇਸ ਰਾਹੀਂ ਮਨੁੱਖੀ ਜੀਵਨ ਦੀ ਜਟਿਲਤਾ ਤੇ ਸਰਲਤਾ ਦੋਵੇਂ ਰੂਪਮਾਨ ਹੋਈਆਂ ਹਨ। ਇਕ ਬਹੁਰੰਗ ਸੰਸਾਰ ਦੀ ਸਿਰਜਣਾ, ਭਰਪੂਰ ਵੰਨ-ਸੁਵੰਨਤਾ ਚਾਹੇ ਉਹ ਜੀਵਨ ਨਾਲ ਸੰਬੰਧਿਤ ਹੈ, ਚਾਹੇ ਕਰਮਾਚਾਰ ਜਾਂ ਧਰਮਾਚਾਰ ਨਾਲ, ਦੀ ਬਹੁਵੰਨ ਵਿਰਾਟ ਕਾਰਗੁਜਾਰੀ ਨੂੰ ਇਹਨਾਂ ਸਵੈਯਾ ਰਾਹੀਂ ਬੋਲ ਮਿਲੇ ਹਨ। ਵਿਸ਼ੇਸ਼ਤਾ ਇਹ ਹੈ ਇਹਨਾਂ ਵਿਚੋਂ ਸਤੁਤੀਆਤਮਕ ਸੁਰ ਕਦੀ ਵੀ ਮੱਧਾ ਨਹੀਂ ਪੈਂਦਾ। ਦੁਤਰਫ਼ੇ, ਦੁਧਿਰੇ, ਜੀਵਨ ਦੇ ਅਨੇਕ ਪਾਸਾਰ ਇਹਨਾਂ ਸਵੈਯਾਂ ਦੀ ਰਚਨਾ ਰਾਹੀਂ ਸੰਪੰਨ ਹੋਏ ਹਨ। ਦੋ ਲੋਕ ਜਿਸ ਵਿਚ ਲੋਕ ਅਤੇ ਪਰਲੋਕ ਵੱਖ ਵੱਖ ਚਿਤਰਾਂ ਵਾਂਗ ਰੂਪਮਾਨ ਹੋ ਕੇ ਲੋਕੋਤਰ ਦੀ ਸਰਬ ਸਿਰਮੋਰਤਾ ਉਪਰ ਆਪਣੀ ਛਾਪ ਛੱਡਦੇ ਰਹੇ ਹਨ। ਦਸਮ ਬਾਣੀ ਵਿਚ ਅਨੇਕ ਕਾਵਿ-ਸਾਂਚੇ ਰੂਪਮਾਨ ਹੋਏ ਹਨ ਪਰ ਇਸ ਕਿਸਮ ਦੇ ਦਵੰਦਾਤਮਕ ਵਿਸ਼ੇ ਲਈ ਸਵੈਯਾ-ਸਾਂਚਾ ਹੀ ਪ੍ਰਵਾਣ ਕੀਤਾ ਗਿਆ ਹੈ। ਇਥੇ ਤਨਜ਼ ਅੰਦਾਜ਼ ਸਿਰ ਚੜ੍ਹਕੇ ਬੋਲਦੀ ਹੈ। ਕੋਸ਼ਕਾਰੀ ਵੇਰਤਾ ਭਾਰਤੀ ਸੰਸਕ੍ਰਿਤੀ ਨਾਲ ਜੁੜੀਆਂ ਹੋਈਆਂ ਅਨੇਕ ਜੀਵਨ-ਸ਼ੈਲੀ ਦਾ ਪ੍ਰਦਰਸ਼ਨ ਹੈਰਾਨਕੁਨ ਵੀ ਹੈ ਤੇ ਪ੍ਰਸੰਸਾ ਦਾ ਅਧਿਕਾਰੀ ਵੀ। ਅਜਿਹਾ ਵਿਰਾਟ ਬ੍ਰਹਿਮੰਡਕ ਵੇਰਵਾ, ਸਤੱਤਰੀ ਅੰਸ਼ਾਂ ਦੇ ਮਿਲਵੇਂ ਸਰੂਪ ਵਿਚ ਅਸਲੋਂ ਦੁਰਲੱਭ ਹੈ। ਇਹ ਦਸਮ ਗੁਰੁ-ਸੈਲੀ ਦਾ ਨਿਵੇਕਲਾ ਗੁਣ-ਲੱਛਣ ਵੀ ਹੈ। ਇਸੇ ਦਾ ਬਾਰੰਬਾਰ ਦੁਹਰਾ ਸਵਈਆਂ ਦੀ ਜਿੰਦਜਾਨ ਹੈ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article