Return to Panthic Weekly
Panthic Singhs respond to Jeeonwala/Ghagga Letter (Gurmukhi) 
Thursday 19th of October 2006
Author : Panthic Singh of Toronto

This letter was written by Panthic Singhs of Toronto to Gurcharan S. Jeeonwala regarding thier recent debate with Inder S. Ghagga.

(NOTE: This article is in UNICODE font, if unreadable view Gurbani Lipi version of article)

ਸ੍ਰ: ਗੁਰਚਰਨ ਸਿੰਘ ਜੀ (ਜਿਉਣ ਵਾਲੇ),

ਤੁਹਾਡੀ ਲਿਖੀ ਹੋਈ ਪ੍ਰੇਮ-ਪਾਤੀ ਅਜ ਸਵੇਰੇ ਹੀ ਸਾਨੂੰ ਪ੍ਰਾਪਤ ਹੋਈ ਅਤੇ ਤੁਹਾਡੇ ਵਲੋਂ ਉਠਾਏ ਆਲ-ਪਾਤਾਲ ਸਵਾਲ ਪੜਕੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਹਫਤੇ ਕੁ ਤੋਂ ਤੁਹਾਡੇ ਅਤੇ ਸ: ਇੰਦਰ ਸਿੰਘ ਘੱਗਾ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਤੋਂ ਬਾਅਦ ਸਾਨੂੰ ਤੁਹਾਡੇ ਪਾਸੋਂ ਅਜਿਹੀ ਤਹਰੀਰ ਦੀ ਹੀ ਆਸ ਸੀ। ਬਹੁਤ ਅਫਸੋਸ ਦੀ ਗੱਲ ਹੈ ਕਿ ਸਿੱਖ ਮਿਸ਼ਨਰੀ ਕਾਲਜ ਨਾਲ ਸੰਬੰਧਤ ਵੀਰਾਂ ਵਲੋਂ ਗੁਰਮਤਿ ਦੇ ਬੁਨਿਆਦੀ ਅਸੂਲਾਂ ਉੱਪਰ ਜ਼ੋਰਦਾਰ ਹਮਲਾ ਕੀਤਾ ਗਿਆ ਹੈ। ਨਾਮ ਜਪਣਾ ਸਿਖ ਧਰਮ ਦਾ ਇਕ ਬੁਨਿਆਦੀ ਅਸੂਲ ਹੈ ਜਿਸ ਨੂੰ ਸਿਵਾਏ ਕੁਝ ਅਖਾਉਤੀ ਵਿਦਵਾਨਾਂ ਦੇ ਅਤੇ ਕਾਲੇ ਅਫਗਾਨੇ ਦੇ ਚੇਲਿਆਂ ਦੇ ਸਾਰਾ ਸਿਖ ਪੰਥ ਸਵੀਕਾਰਦਾ ਹੈ ਅਤੇ ਇਸੇ ਕਰਕੇ ਹੀ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਅਤੇ ਸਿਖ ਮਿਸ਼ਨਰੀ ਕਾਲਜ ਵਲੋਂ ਵੰਡੀ ਜਾਣ ਵਾਲੀ ਸਿਖ ਰਹਿਤ ਮਰਿਆਦਾ ਵਿਚ ਉਚੇਚੇ ਤੌਰ ਤੇ “ਵਾਹਿਗੁਰੂ ਨਾਮ” ਦਾ ਸਿਮਰਨ, ਇਕ ਮਨ ਹੋ ਕੇ ਕਰਨ ਦੀ ਤਾਕੀਦ ਕੀਤੀ ਗਈ ਹੈ।

ਲੇਖ ਨੂੰ ਅਗੇ ਤੋਰਨ ਤੋਂ ਪਹਿਲਾਂ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡਾ ਆਪ ਜੀ ਨਾਲ ਜਾਂ ਘੱਗਾ ਜੀ ਨਾਲ ਕੋਈ ਜ਼ਾਤੀ ਵਿਰੋਧ ਨਹੀਂ ਅਤੇ ਸਿਰਫ ਵਿਚਾਰਾਂ ਦਾ ਮਤਭੇਦ ਹੈ। ਉਸ ਦਿਨ ਜਦੋਂ ਤੁਸੀਂ ਗੁਰਦੁਆਰਾ ਤਪੋਬਨ ਸਾਹਿਬ ਆਏ ਸਓ ਤਾਂ ਉਦੋਂ ਵੀ ਆਪ ਜੀ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਅਸੀਂ ਆਹਮੋ-ਸਾਹਮਣੇ ਬੈਠਕੇ, ਗੁਰਮਤਿ ਅਨੁਸਾਰ ਵਿਚਾਰ ਕਰਕੇ ਮਤਭੇਦ ਦੂਰ ਕਰਨ ਦੇ ਹੱਕ ਵਿੱਚ ਹਾਂ ਅਤੇ ਗੁਰਸਿਖਾਂ ਨਾਲ ਵਿਚਾਰਾਂ ਦੇ ਇਖਤਲਾਫ ਕਾਰਨ ਹਿੰਸਾ ਦੇ ਬਿਲਕੁਲ ਮੁਦੱਈ ਨਹੀਂ ਹਾਂ। ਇਸੇ ਕਰਕੇ ਹੀ ਆਪ ਜੀ ਨਾਲ ਅਤੇ ਸ: ਘੱਗਾ ਜੀ ਨਾਲ ਬਹੁਤ ਹੀ ਮੁਹੱਜ਼ਬ ਮਾਹੌਲ ਵਿੱਚ ਗੁਰਮਤਿ ਬਾਰੇ ਵਿਚਾਰਾਂ ਹੋਈਆਂ ਸਨ ਅਤੇ ਇਸ ਗੱਲ ਤੋਂ ਤੁਸੀਂ ਇਨਕਾਰੀ ਵੀ ਨਹੀਂ ਹੋ ਸਕਦੇ। ਕੁਲਬੀਰ ਸਿੰਘ ਖੁਦ ਤੁਹਾਡੇ ਨਾਲ ਗਲਬਾਤ ਤੋਂ ਪਹਿਲਾਂ ਜਫੀ ਪਾ ਕੇ ਮਿਲਿਆ ਸੀ ਅਤੇ ਬੜੇ ਸਤਿਕਾਰ ਨਾਲ ਤਹਾਨੂੰ ਸਭ ਨੂੰ ਜੀ-ਆਇਆਂ ਕਿਹਾ ਸੀ। ਇਸ ਦੇ ਬਾਵਜੂਦ ਆਪ ਜੀ ਵਲੋਂ “ਦੋ ਫੁੱਟੇ ਗੰਡਾਸੇ”, ਅਤੇ “ਤਿੰਨ ਫੁੱਟੀ ਕਿਰਪਾਨ” ਦੇ ਮੇਹਣੇ ਮਾਰਨੇ ਠੀਕ ਨਹੀ ਹਨ ਅਤੇ ਨਿੰਦਾ ਦੇ ਤੁਲ ਹੈ। ਇਕ ਅਸਿਖ ਅਤੇ ਪੰਥ-ਦੋਖੀ ਹੀ ਸਿੰਘਾਂ ਨੂੰ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤ੍ਰਧਾਰੀ ਬਾਣੇ ਵਿੱਚ ਦੇਖ ਕੇ ਜਰ ਨਹੀਂ ਸਕਦਾ।

ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ॥

ਗਹੇ ਕਾਨ ਤਾ ਕੋ ਕਿਤੈ ਲੈ ਸਿਧਾਨੋ॥

ਰਹੀ ਗੱਲ ਗਿਆਨ ਖੜਗ ਦੀ, ਸਾਡੇ ਵਲੋਂ ਵਿਚਾਰਾਂ ਦੇ ਦੌਰਾਨ, ਸਿਰਫ “ਗਿਆਨ ਖੜਗ” ਦੀ ਵਰਤੋਂ ਹੀ ਕੀਤੀ ਗਈ ਸੀ ਅਤੇ ਅੱਗੇ ਨੂੰ ਵੀ ਆਪ ਜੀ ਨੂੰ ਸੱਦਾ ਦਿੰਦੇ ਹਾਂ ਕਿ ਆਪਾਂ ਗੁਰਮਤਿ ਅਨੁਸਾਰ ਸਫਾਂ ਵਿਛਾ ਕੇ, “ਗਿਆਨ ਖੜਗ” ਦੀ ਵਰਤੋਂ ਕਰਕੇ ਕੂੜ ਕੁਫਰ ਨੂੰ ਖਤਮ ਕਰੀਏ। ਤੁਸੀਂ ਜਦੋਂ ਚਾਹੋ, ਆਪਾਂ ਤੁਹਾਡੇ ਨਾਲ ਆਹਮੋ-ਸਾਹਮਣੇ ਬੈਠ ਕੇ ਗੁਰਮਤਿ ਨਾਲ ਸੰਬੰਧਤ ਵਿਸ਼ੇ ਵਿਚਾਰਨ ਨੂੰ ਤਿਆਰ ਹਾਂ।

ਤੁਸੀਂ ਲਿਖਿਆ ਹੈ:

ਤੁਹਡੇ ਕੋਲ ਇੰਦਰ ਸਿੰਘ ਘੱਗਾ ਨੂੰ ਮਨਾਉਣ ਵਾਸਤੇ ਗਿਆਨ ਦੀ ਘਾਟ ਹੈ ਜਿਹੜੀ ਤੁਹਾਡੇ ਦੋ ਫੁੱਟੇ ਗੰਡਾਸੇ, ਤਿੰਨ ਫੁੱਟੀ ਨੰਗੀ ਤਲਵਾਰ ਨਾਲ ਪੂਰੀ ਨਹੀ ਕੀਤੀ ਜਾ ਸਕਦੀ ਤੇ ਦੋ ਦੋ ਕਿਲੋ ਦੇ ਕੜੇ ਪਾ ਕੇ ਡਰਾ ਕੇ ਧਮਕਾ ਕੇ ਵੀ ਪੂਰੀ ਨਹੀ ਕੀਤੀ ਜਾ ਸਕਦੀ। ਕਾਸ਼ ਜੇ ਤੁਹਾਡੇ ਕੋਲ ਦੋ ਦੋ ਕਿਲੋ ਦੇ ਕੜਿਆਂ ਤੇ ਤਲਵਾਰਾਂ ਦੀ ਬਜਾਇ ਕਿਤੇ ਸਤਿਗੁਰ ਦਾ ਗਿਆਨ ਖੜਗ ਹੁੰਦਾ?

ਆਪ ਜੀ ਕਿਰਪਾ ਕਰਕੇ ਇਹ ਦਸਣ ਦੀ ਖੇਚਲ ਕਰੋ ਕਿ ਕਦੋਂ ਸ: ਘੱਗਾ ਜੀ ਨੂੰ ਸਾਡੇ ਨਾਲ ਦੋ ਮੀਟਿੰਗਾਂ ਦੋਰਾਨ ਡਰਾਇਆ ਜਾਂ ਧਮਕਾਇਆ ਗਿਆ ਸੀ ਜਾਂ ਕਦੋਂ ਉਹਨਾਂ ਨੂੰ ਗੱਲ ਕਰਨ ਤੋਂ ਰੋਕਿਆ ਗਿਆ ਸੀ। ਕੁਲਬੀਰ ਸਿੰਘ ਵਲੋਂ ਆਪਣੀ ਜ਼ਾਤੀ ਗਰੰਟੀ ਦਿਤੀ ਗਈ ਸੀ ਕਿ ਘੱਗਾ ਜੀ ਉਪਰ ਕੋਈ ਆਂਚ ਨਹੀਂ ਆਵੇਗੀ। ਪਹਿਲੀ ਮੀਟਿੰਗ ਦੀ ਤਾਂ ਰਿਕਾਰਡਿੰਗ ਆਪਣੇ ਕੋਲ ਮੌਜੂਦ ਨਹੀਂ ਪਰ ਦੂਜੀ ਮੀਟਿੰਗ ਦੀਆਂ ਤਾਂ ਪੰਜ ਰਿਕਾਰਡਿੰਗਾਂ ਹਨ ਅਤੇ ਉਹਨਾਂ ਨੂੰ ਦੇਖ ਕੇ ਤੁਸੀਂ ਜਾਂ ਪਾਠਕ ਜਨ ਸਹਿਜੇ ਹੀ ਪਤਾ ਲਾ ਸਕਦੇ ਹਨ ਕਿ ਇਹ ਮੀਟਿੰਗਾਂ ਸ਼ਾਂਤੀ ਭਰੇ ਮਾਹੌਲ ਵਿੱਚ ਹੋਈਆਂ ਸਨ। ਕਿਸੇ ਨੂੰ ਨਾ ਡਰਾਇਆ ਗਿਆ ਸੀ ਅਤੇ ਨਾ ਹੀ ਧਮਕਾਇਆ ਗਿਆ ਸੀ। ਵੈਸੇ ਵੀ ਸਿੰਘ ਜੋ ਧਰਮ ਦੇ ਰਸਤੇ ਦਾ ਪਾਂਧੀ ਹੁੰਦਾ ਹੈ, ਕਦੇ ਕਿਸੇ ਵਲੋਂ ਭੈ ਜਾਂ ਧਮਕੀ ਨੂੰ ਕਬੂਲ ਨਹੀਂ ਕਰਦਾ। ਗੁਰੂ ਸਾਹਿਬ ਦਾ ਪਾਵਨ ਫੁਰਮਾਨ ਹੈ:

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ॥

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥

ਇਸ ਮਹਾਵਾਕ ਦੀ ਰੌਸ਼ਨੀ ਵਿੱਚ ਕਿਹੜਾ ਸਚਿਆਰ ਸਿੱਖ ਕਿਸੇ ਨੂੰ ਭੈ ਦੇ ਸਕਦਾ ਹੈ ਜਾਂ ਕਿਸੇ ਦਾ ਭੈ ਲੈ ਸਕਦਾ ਹੈ? ਹਾਂ ਜੇਕਰ ਕੋਈ ਨਾਦਾਨ ਜਨ, ਸਿੰਘਾਂ ਦੇ ਖੜਗਧਾਰੀ, ਸ਼ਸਤ੍ਰਧਾਰੀ ਬਾਣੇ ਦੀ ਤਾਬ ਨਾ ਝਲ ਸਕੇ ਅਤੇ ਸਿੰਘਾਂ ਦੇ ਇਸ ਬਾਣੇ ਨੂੰ “ਭੈ ਦੇਣਾ” ਸਮਝੇ ਤਾਂ ਇਸ ਵਿੱਚ ਸਿੰਘਾਂ ਦਾ ਤਾਂ ਕੋਈ ਕਸੂਰ ਨਹੀਂ।

ਤੁਸੀਂ ਲਿਖਿਆ ਹੈ:

ਗੁਰਦੁਆਰਾ ਤਪੋ ਬਨ’ ਵਿਚ ਮੀਟਿੰਗ ਵਾਲੇ ਦਿੱਨ ਮੈਂ ਨਾਲ ਸੀ ਤੇ ਤੁਹਾਡੀ ਇਹ ਰਟ, ਕਿ ਨਾਮ ਸਿਮਰਣ ਨਾਲ ਕਿਸੇ ਵੀ ਮਨੁੱਖ ਕੋਲ ਸਕਤੀਆਂ ਆ ਸਕਦੀਆਂ ਹਨ, ਦੇਹਧਾਰੀ ਗੁਰਤਾ ਨੂੰ ਜਿਉਂਦਾ ਰੱਖਣ ਦੀ ਸਕੀਮ ਹੈ ਜੋ ਗੁਰੂ ਸਿਧਾਂਤ ਦੇ ਬਿਲਕੁਲ ਉਲਟ ਹੈ

ਇਹ ਤਾਂ ਬਹੁਤ ਹੀ ਹੈਰਾਨੀ-ਕੁਨ ਦਲੀਲ ਪੇਸ਼ ਕੀਤੀ ਹੈ ਕਿ ਨਾਮ ਸਿਮਰਨ ਨਾਲ ਆਉਣ ਵਾਲੀ ਸ਼ਕਤੀ ਦੀ ਗੱਲ ਕਰਨ ਨਾਲ ਦੇਹਧਾਰੀ ਗੁਰੂ ਨੂੰ ਜਿਊਂਦਾ ਰਖਣ ਦੀ ਸਕੀਮ ਹੈ। ਗੁਰਬਾਣੀ ਵਿੱਚ ਅਣਗਿਣਤ ਥਾਂਵਾਂ ਤੇ ਜ਼ਿਕਰ ਹੈ ਕਿ ਨਾਮ ਜਪਨ ਨਾਲ ਬੇਅੰਤ ਸ਼ਕਤੀਆਂ ਆ ਜਾਂਦੀਆਂ ਹਨ ਅਤੇ ਇਸ ਦਾ ਸਬੂਤ ਸ੍ਰੀ ਸੁਖਮਨੀ ਸਾਹਿਬ ਦੀਆਂ ਪਹਿਲੀਆਂ ਦੋ ਅਸ਼ਟਪਦੀਆਂ ਹਨ। ਹੇਠਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥਾਂ ਸਮੇਤ ਪੇਸ਼ ਹਨ ਸ੍ਰੀ ਸੁਖਮਨੀ ਸਾਹਿਬ ਵਿਚੋਂ ਕੁਝ ਕੁ ਗੁਰਬਾਣੀ ਦੀਆਂ ਪੰਕਤੀਆਂ:

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥5॥ {ਪੰਨਾ 263}

ਪਦ ਅਰਥ :-ਸਿਮਰਹਿ-(ਜੋ) ਸਿਮਰਦੇ ਹਨ । ਸੇ-ਉਹ ਮਨੁੱਖ । ਧਨਵੰਤੇ-ਧਨ ਵਾਲੇ, ਧਨਾਢ । ਪਤਿਵੰਤੇ-ਇੱਜ਼ਤ ਵਾਲੇ । ਪਰਵਾਨ-ਕਬੂਲ, ਮੰਨੇ ਪ੍ਰਮੰਨੇ । ਪੁਰਖ-ਮਨੁੱਖ । ਪ੍ਰਧਾਨ-ਸ੍ਰੇਸ਼ਟ, ਚੰਗੇ । ਸਿ-ਸੇ, ਉਹ ਮਨੁੱਖ । ਬੇਮੁਹਤਾਜੇ-ਬੇ-ਮੁਥਾਜ, ਬੇ-ਪਰਵਾਹ । ਅਬਿਨਾਸੀ-ਨਾਸ-ਰਹਿਤ, ਜਨਮ ਮਰਨ ਤੋਂ ਰਹਿਤ । ਸਿਮਰਨਿ-ਸਿਮਰਨ ਵਿਚ । ਤੇ-ਉਹ ਮਨੁੱਖ । ਜਿਨ-ਜਿਨ੍ਹਾਂ ਉਤੇ । ਆਪਿ-ਪ੍ਰਭੂ ਆਪ । ਜਨ-ਸੇਵਕ । ਰਵਾਲਾ-ਚਰਨਾਂ ਦੀ ਧੂੜ ।

ਅਰਥ :-ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ, ਤੇ, ਉਹ ਇੱਜ਼ਤ ਵਾਲੇ ਹਨ ।ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ, ਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ ।ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ, ਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ ।ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ।(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ); ਹੇ ਨਾਨਕ ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ।5।

ਹੋਰ ਦੇਖੋ, ਹੇਠਲੇ ਸ਼ਬਦ ਵਿਚ ਗੁਰੂ ਸਾਹਿਬ ਨਾਮ ਦੀ ਸ਼ਕਤੀ ਦਾ ਕੈਸਾ ਜ਼ਿਕਰ ਕਰਦੇ ਹਨ:

ਅਸਟਪਦੀ ॥ ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ ਜਹ ਮੁਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥ ਅਨਿਕ ਪੁਨਹਚਰਨ ਕਰਤ ਨਹੀ ਤਰੈ ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ ਨਾਨਕ ਪਾਵਹੁ ਸੂਖ ਘਨੇਰੇ ॥1॥ {ਪੰਨਾ 264}

ਪਦ ਅਰਥ :-ਜਹ-ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ) । ਸਤੁ-ਪੁੱਤ੍ਰ । ਮਨ-ਹੇ ਮਨ ! ਊਹਾ-ਓਥੇ । ਮਹਾ-ਵੱਡਾ । ਭਇਆਨ-ਭਿਆਨਕ, ਡਰਾਉਣਾ । ਦੂਤ ਜਮ-ਜਮਦੂਤ । ਦੂਤ ਜਮ ਦਲੈ-ਜਮਦੂਤਾਂ ਦਾ ਦਲ । ਤਹ-ਓਥੇ । ਕੇਵਲ-ਸਿਰਫ਼ । ਖਿਨ ਮਾਹਿ-ਖਿਨ ਵਿਚ, ਅੱਖ ਦੇ ਫੋਰ ਵਿਚ । ਉਧਾਰੀ-ਬਚਾਉਂਦਾ ਹੈ । ਅਨਿਕ-ਅਨੇਕ, ਬਹੁਤ । ਪੁਨਹ ਚਰਨ {ਸਕਟ. ਪੁਨ: ਆਚਰਣ । ਆਚਰਨ-ਧਾਰਮਿਕ ਰਸਮ}-ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ) । ਕੋ-ਕਾ, ਦਾ । ਕੋਟਿ-ਕਰੋੜ । ਪਰਹਰੈ-ਦੂਰ ਕਰ ਦੇਂਦਾ ਹੈ । ਗੁਰਮੁਖਿ-ਗੁਰੂ ਦੇ ਸਨਮੁਖ ਹੋ ਕੇ ।1।

ਅਰਥ :-ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ), ਓਥੇ ਹੇ ਮਨ ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ) । ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ, ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ । ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, (ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ । ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ, (ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ । (ਤਾਂ ਤੇ) ਹੇ ਮੇਰੇ ਮਨ ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ; ਹੇ ਨਾਨਕ ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ।1।

ਹੋਰ ਦੇਖੋ ਗੁਰੂ ਸਾਹਿਬ ਸਾਫ ਕਹਿ ਰਹੇ ਹਨ ਕਿ ਨਾਮ ਜਪਣ ਨਾਲ ਜਾਂ ਅਕਾਲ ਪੁਰਖ ਨੂੰ ਹਿਰਦੇ ਵਿਚ ਵਸਾਉਣ (ਧਿਆਉਣ) ਨਾਲ ਬੇਅੰਤ ਸ਼ਕਤੀਆਂ ਮਨੁਖ ਕੋਲ ਆ ਜਾਂਦੀਆਂ ਹਨ:

ਸਲੋਕੁ ਮ: 3 ॥ ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ, ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ, ਜੋ ਹਰਿ ਹਿਰਦੈ ਸਦਾ ਵਸਾਇ ॥ {ਪੰਨਾ 649}

ਪਦ ਅਰਥ :-ਬਿੰਦੈ-ਜਾਣਦਾ ਹੈ । ਬ੍ਰਹਮੁ-ਪਰਮਾਤਮਾ । ਬ੍ਰਹਮਤੁ-ਬ੍ਰਾਹਮਣ ਵਾਲਾ ਲੱਛਣ । ਏਕ ਸਬਦਿ-ਕੇਵਲ ਸ਼ਬਦ ਵਿਚ ।

ਅਰਥ :-ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ; ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ।

ਇਸ ਉਪਰਲੇ ਗੁਰਵਾਕ ਦੇ ਅਰਥ ਵੀ ਪ੍ਰੋਫੈਸਰ ਸਾਹਿਬ ਸਿੰਘ ਵਲੋਂ ਹੀ ਕੀਤੇ ਗਏ ਹਨ।

ਤੁਸੀਂ ਲਿਖਿਆ ਹੈ:

ਤੇ ਜਿਤਨਾ ਚਿਰ ਗੁਰੂ ਨਾਨਕ ਸਾਹਿਬ ਦਾ ਸਾਡੇ ਕੋਲ ਇਹ ਫੁਰਮਾਣ ਹੈ: “ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ

ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥ ਪੰਨਾ 418॥”

ਨਾਮ ਸਿਮਰਣ ਨਾਲ ਪ੍ਰਾਪੱਤ ਹੋਣ ਵਾਲੀਆਂ ਸਕਤੀਆਂ ਬਾਰੇ ਯਕੀਨ ਨਹੀ ਕੀਤਾ ਜਾ ਸਕਦਾ।

ਦੇਖੋ ਕਿਸ ਤਰਾਂ ਨਾਸਮਝੀ ਦੇ ਕਾਰਨ ਤੁਸੀਂ ਨਾਮ ਦੀ ਤੁਲਨਾ ਆਮ ਜੰਤ੍ਰਾਂ ਮੰਤ੍ਰਾਂ ਅਤੇ ਟੂਣਿਆਂ ਨਾਲ ਕਰ ਰਹੇ ਹੋ। ਇਸ ਉਪਰਲੇ ਗੁਰਵਾਕ ਵਿੱਚ ਗੁਰੂ ਸਾਹਿਬ ਕਹਿ ਰਹੇ ਹਨ ਕਿ ਪਖੰਡੀਆਂ ਦੇ ਜੰਤ੍ਰ ਮੰਤ੍ਰ ਅਤੇ ਟੂਣੇ-ਟੋਟਕੇ ਧਰੇ ਧਰਾਏ ਰਹਿ ਗਏ ਸਨ ਅਤੇ ਉਹਨਾਂ ਕੋਲੋਂ ਕੋਈ ਮੁਗਲ ਅੰਨਾ ਨਾ ਕਰ ਹੋਇਆ। ਦੇਖ ਲਓ ਇਨਾਂ ਟੂਣੇ-ਟਾਣਿਆਂ ਦੀ ਤੁਲਨਾ ਗੁਰਮਤਿ ਨਾਮ ਕਰਕੇ ਤੁਸੀਂ ਆਪਣੀ ਨਾਦਾਨੀ ਅਤੇ ਗੁਰਬਾਣੀ ਵਲੋਂ ਨਾ-ਵਾਕਫੀ ਦਾ ਸਬੂਤ ਖੁਦ ਦੇ ਹੀ ਰਹੇ ਹੋ।ਇਤਿਹਾਸ ਅਤੇ ਗੁਰਬਾਣੀ ਗਵਾਹ ਹੈ ਕਿ ਸੂਲਹੀ ਖਾਨ ਜਦੋਂ ਗੁਰੂ ਸਾਹਿਬ ਤੇ ਚੜਕੇ ਆਇਆ ਸੀ ਤਾਂ ਗੁਰੂ ਸਾਹਿਬ ਨੂੰ ਪਹਿਲਾਂ ਸਾਲਾਹ ਦਿਤੀ ਗਈ ਕਿ ਉਹ ਆਪਣਾ ਪੱਖ ਪੇਸ਼ ਕਰਨ ਲਈ ਸੂਲਹੀ ਖਾਨ ਪਾਸ ਇਕ ਚਿੱਠੀ ਭੇਜਣ। ਗੁਰੂ ਸਾਹਿਬ ਚੁਪ ਕਰ ਰਹੇ। ਕੁਝ ਹੋਰਨਾਂ ਨੇ ਸਾਲਾਹ ਦਿਤੀ ਕਿ ਚਿੱਠੀ ਭੇਜਣ ਦੀ ਬਜਾਏ ਦੋ ਨੁਮਾਂਇਦੇ ਭੇਜੇ ਜਾਣ। ਗੁਰੂ ਸਾਹਿਬ ਫਿਰ ਵੀ ਚੁਪ ਰਹੇ। ਅਖੀਰ ਸਾਲਾਹਕਾਰਾਂ ਨੇ ਕਿਹਾ ਕਿ ਚੁਪ ਕਰਕੇ ਨਹੀਂ ਸਰਨਾ ਅਤੇ ਕੁਝ ਤਾਂ ਕਰਨਾ ਹੀ ਪੈਣਾ ਹੈ। ਸਤਿਗੁਰਾਂ ਨੇ ਸਭ ਕੁਛ ਛਡ ਕੇ ਇਕ ਪਰਮਾਤਮਾ ਦੀ ਟੇਕ ਲਈ ਅਤੇ ਨਾਮ ਜਪਿਆ। ਇਸ ਘਟਨਾ ਨੂੰ ਹੇਠਲੇ ਸ਼ਬਦਾਂ ਵਿਚ ਅੰਕਿਤ ਕੀਤਾ ਗਿਆ ਹੈ ਅਤੇ ਪੇਸ਼ ਹੈ ਸ਼ਬਦ, ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਖਿਆ ਸਮੇਤ:

ਆਸਾ ਮਹਲਾ 5 ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥1॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥1॥ ਰਹਾਉ ॥ ਸਤਿਗੁਰਿ ਮੋ ਕਉ ਦੀਆ ਉਪਦੇਸੁ ॥ ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ ਜੋ ਕਿਛੁ ਕਰੀ ਸੁ ਤੇਰਾ ਤਾਣੁ ॥ ਤੂੰ ਮੇਰੀ ਓਟ ਤੂੰ ਹੈ ਦੀਬਾਣੁ ॥2॥ ਤੁਧ ਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ ਆਨ ਨ ਬੀਆ ਤੇਰੀ ਸਮਸਰਿ ॥ ਤੇਰੇ ਸੇਵਕ ਕਉ ਕਿਸ ਕੀ ਕਾਣਿ ॥ ਸਾਕਤੁ ਭੂਲਾ ਫਿਰੈ ਬੇਬਾਣਿ ॥3॥ ਤੇਰੀ ਵਡਿਆਈ ਕਹੀ ਨ ਜਾਇ ॥ ਜਹ ਕਹ ਰਾਖਿ ਲੈਹਿ ਗਲਿ ਲਾਇ ॥ ਨਾਨਕ ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥4॥5॥ {ਪੰਨਾ 371}

ਨੋਟ :-ਸਿੱਖ-ਇਤਿਹਾਸ ਦੱਸਦਾ ਹੈ ਕਿ ਦੋਖੀ ਸੁਲਹੀ ਖ਼ਾ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ ।

ਪਦ ਅਰਥ :-ਮਤਾ-ਸਲਾਹ । ਜਿ-ਕਿ । ਪਤ੍ਰੀ-ਚਿੱਠੀ । ਚਲਾਵਉ-ਮੈਂ ਭੇਜਾਂ, ਚਲਾਵਊਂ । ਦੁਇ-ਦੋ । ਪਹੁਚਾਵਉ-ਪਹੁਚਾਵਉਂ, ਮੈਂ ਅਪੜਾਵਾਂ । ਕਰਉ-ਮੈਂ ਕਰਾਂ । ਉਪਾਇਆ-ਉਪਾਉ । ਪ੍ਰਭ-ਹੇ ਪ੍ਰਭੂ ! ਤੁਹੀ-ਤੈਨੂੰ ਹੀ ।1। ਅਚਿੰਤ-ਨਿਸਚਿੰਤਤਾ । ਸਹਜਾਇਆ-ਸਹਜ, ਆਤਮਕ ਅਡੋਲਤਾ । ਦੂਤ-ਵੈਰੀ ।1।ਰਹਾਉ। ਸਤਿਗੁਰਿ-ਗੁਰੂ ਨੇ । ਮੋ ਕਉ-ਮੈਨੂੰ । ਕਉ-ਨੂੰ । ਜੀਉ-ਜਿੰਦ । ਪਿੰਡੁ-ਸਰੀਰ । ਕਰੀ-ਕਰੀਂ, ਮੈਂ ਕਰਦਾ ਹਾਂ । ਤਾਣੁ-ਬਲ । ਦੀਬਾਣੁ-ਆਸਰਾ ।2। ਨੋ-ਨੂੰ । ਕੈਂ ਧਰਿ-ਕੇਹੜੇ ਪਾਸੇ ? ਆਨ-ਹੋਰ । ਬੀਆ-ਦੂਜਾ । ਸਮਸਰਿ-ਬਰਾਬਰ । ਕਾਣਿ-ਮੁਥਾਜੀ । ਸਾਕਤੁ-ਰੱਬ ਨਾਲੋਂ ਟੁੱਟਾ ਹੋਇਆ । ਬੇਬਾਣਿ-ਜੰਗਲ ਵਿਚ ।3।

ਜਹ ਕਹ-ਜਿਥੇ ਕਿਥੇ, ਹਰ ਥਾਂ । ਗਲਿ-ਗਲ ਨਾਲ । ਲਾਇ-ਲਾ ਕੇ । ਪ੍ਰਭਿ-ਪ੍ਰਭੂ ਨੇ । ਪੈਜ-ਇੱਜ਼ਤ । ਵਾਧਾਈ-ਵਧੀ ਹੋਈ ਅਵਸਥਾ, ਚੜ੍ਹਦੀ ਕਲਾ, ਆਤਮਕ ਤਾਕਤ । ਵਜੀ-ਵੱਜ ਪਈ, ਜ਼ੋਰ ਵਿਚ ਆ ਗਈ ।4।

ਅਰਥ :-(ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ), (ਇਸ ਤਰ੍ਹਾਂ) ਅੰਤਰ ਆਤਮੇ ਸੁਖ ਮਿਲਦਾ ਹੈ ।1।ਰਹਾਉ। ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ, ਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ, ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ, ਪਰ ਹੇ ਪ੍ਰਭੂ ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ।1। ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ । (ਇਸ ਵਾਸਤੇ) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ, ਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ।2। ਹੇ ਪ੍ਰਭੂ ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ ? (ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ (ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ ? (ਪਰ ਹੇ ਪ੍ਰਭੂ !) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ ।3। ਹੇ ਪ੍ਰਭੂ ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ, ਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ । ਹੇ ਦਾਸ ਨਾਨਕ ! (ਆਖ-ਹੇ ਪ੍ਰਭੂ !) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ । (ਹੇ ਭਾਈ !) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ।4।5।

ਇਕ ਹੋਰ ਸ਼ਬਦ ਸੂਲਹੀ ਖਾਨ ਬਾਰੇ ਹੀ ਖਾਸ ਉਚਾਰਿਆ ਗਿਆ ਸੀ।ਪੇਸ਼ ਹੈ ਸ਼ਬਦ, ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਖਿਆ ਸਮੇਤ:

ਬਿਲਾਵਲੁ ਮਹਲਾ 5 ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥1॥ ਰਹਾਉ ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥1॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥2॥18॥104॥ {ਪੰਨਾ 825}

ਪਦ ਅਰਥ :-ਤੇ-ਤੋਂ । ਨਾਰਾਇਣ-ਹੇ ਪ੍ਰਭੂ ! ਰਾਖੁ-ਬਚਾ ਲੈ । ਕਹੀ-ਕਿਤੇ ਭੀ । ਨਾਪਾਕੁ-ਅਪਵਿੱਤਰ, ਮਲੀਨ-ਬੁੱਧਿ ।1।ਰਹਾਉ। ਕਾਢਿ-ਕੱਢ ਕੇ । ਕੁਠਾਰੁ-(ਮੌਤ-ਰੂਪ) ਕੁਹਾੜਾ । ਖਸਮਿ-ਮਾਲਕ (-ਪ੍ਰਭੂ) ਨੇ । ਖਾਕੁ-ਮਿੱਟੀ, ਸੁਆਹ । ਪਚਿਆ-ਸੜ ਮੁਇਆ ਹੈ । ਜਿਨਿ-ਜਿਸ (ਪ੍ਰਭੂ) ਨੇ । ਤਿਨਿ-ਉਸ (ਪ੍ਰਭੂ) ਨੇ । ਧਾਕੁ-ਧੱਕਾ ।1। ਨ ਰਹਿਓਸੁ-ਉਸ (ਸੁਲਹੀ) ਦਾ ਨਹੀਂ ਰਿਹਾ । ਛੋਡਿ-ਛੱਡ ਕੇ । ਕਹੁ-ਆਖ । ਬਲਿਹਾਰੀ-ਕੁਰਬਾਨ । ਜਿਨਿ-ਜਿਸ (ਪ੍ਰਭੂ) ਨੇ । ਜਨ ਕਾ ਵਾਕੁ-ਸੇਵਕ ਦੀ ਅਰਦਾਸ ।2।

ਅਰਥ :-(ਹੇ ਪ੍ਰਭੂ ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ, ਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ । (ਹੇ ਭਾਈ ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ ।1।ਰਹਾਉ। ਹੇ ਭਾਈ ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ । ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ । ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ ।1। ਹੇ ਭਾਈ ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ । ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ । ਹੇ ਨਾਨਕ ! ਆਖ-ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ।2।18।104।

ਭਾਵ :-ਕੋਈ ਭੀ ਬਿਪਤਾ ਆਉਂਦੀ ਦਿੱਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ ।

ਕੀ ਇਹਨਾਂ ਉਪਰਲੇ ਸ਼ਬਦਾਂ ਤੋਂ ਇਹ ਸਿਧ ਨਹੀਂ ਹੁੰਦਾ ਅਤੇ ਤੁਹਾਡੀ ਤਸੱਲੀ ਨਹੀਂ ਹੁੰਦੀ ਕਿ ਨਾਮ ਜਪਣ ਨਾਲ ਤਮਾਮ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕਦਾ ਹੈ? ਅਜਿਹੇ ਸ਼ਬਦ ਗੁਰਬਾਣੀ ਵਿੱਚ ਅਨੇਕਾਂ ਹੀ ਹਨ ਜੋ ਨਾਮ ਦੀ ਸਕਤੀ ਨੂੰ ਸਾਬਤ ਕਰਦੇ ਹਨ।

ਇਹਨਾਂ ਉਪਰ ਦਿਤੇ ਸ਼ਬਦਾਂ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿਉਂਕਿ ਫਰੀਦਕੋਟੀ ਟੀਕੇ ਤੋਂ ਲੈਕੇ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਤਕ ਸਭ ਨੇ ਇਹਨਾਂ ਸ਼ਬਦਾਂ ਦੇ ਇਹੋ ਹੀ ਅਰਥ ਕੀਤੇ ਹਨ ਅਤੇ ਵਿਆਕਰਣ ਮੁਤਾਬਕ ਹੋਰ ਅਰਥ ਹੋ ਹੀ ਨਹੀਂ ਸਕਦੇ। ਇਹਨਾਂ ਸ਼ਬਦਾਂ ਦੇ ਜਵਾਬ ਵਿੱਚ ਸ਼ੰਕਾਵਾਦੀਆਂ ਵਲੋਂ ਬਹੁਤ ਹੀ ਬੇਬੁਨਿਆਦ ਅਤੇ ਅਸ਼ਰਧਕ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ, ਗੁਰੂ ਸਾਹਿਬ ਜਦੋਂ ਸ਼ਹੀਦ ਹੋਏ ਸਨ ਤਾਂ ਉਦੋਂ ਉਹਨਾਂ ਨੇ ਨਾਮ ਦੀ ਸ਼ਕਤੀ ਕਿਉਂ ਨਾ  ਵਰਤੀ ਅਤੇ ਹੋਰਨਾਂ ਥਾਂਵਾਂ ਤੇ ਜਦੋਂ ਮੁਸੀਬਤਾਂ ਆਈਆਂ ਤਾਂ ਗੁਰੂ ਸਾਹਿਬਾਨ ਨੇ ਨਾਮ ਦੀ ਸ਼ਕਤੀ ਦਾ ਪ੍ਰਦਰਸ਼ਨ ਕਿਉਂ ਨਾ ਕੀਤਾ। ਇਸ ਬਾਰੇ ਹੇਠ ਲਿਖੇ ਵਿਚਾਰ ਹਨ ਜੀ:

1) ਆਪਾਂ ਇਹ ਨਾ ਸੋਚੀਏ ਕਿ ਗੁਰੂ ਸਾਹਿਬ ਨੇ ਇਹ ਕਿਉਂ ਨਹੀਂ ਕੀਤਾ ਤੇ ਉਹ ਕਿਉਂ ਨਹੀਂ ਕੀਤਾ ਬਲਕਿ ਪਹਿਲਾਂ ਜੋ ਕੁਛ ਗੁਰੂ ਸਾਹਿਬ ਨੇ ਕੀਤਾ ਹੈ ਉਸ ਵਿੱਚ ਆਪਣੀ ਸ਼ਰਧਾ ਲੈਕੇ ਆਈਏ। ਉਸ ਦਿਨ (ਦਿਨ ਐਤਵਾਰ, ਅਕਤੂਬਰ 1, 2006) ਮੁਬਾਹਿਸੇ ਦੇ ਦੌਰਾਨ, ਸੂਲਹੀ ਖਾਨ ਵਾਲੀ ਘਟਨਾ ਦੇ ਸੰਦਰਭ ਵਿੱਚ, ਘੱਗਾ ਜੀ ਨੇ ਕਿਹਾ ਸੀ ਕਿ ਗੁਰੂ ਸਾਹਿਬ ਨੇ ਇਸ ਕਰਕੇ ਨਾਮ ਦੀ ਸ਼ਕਤੀ ਵਰਤੀ ਸੀ ਕਿਉਂਕਿ ਉਦੋਂ ਉਹਨਾਂ ਕੋਲੇ ਫੌਜਾਂ ਨਹੀਂ ਸਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾਮ ਦੀ ਸ਼ਕਤੀ ਵਰਤੀ ਤਾਂ ਸੀ ਨਾ। ਘੱਗਾ ਜੀ ਖੁਦ ਮੰਨੇ ਹਨ ਅਤੇ ਇਸ ਗੱਲ ਦੀ ਰਿਕਾਰਡਿੰਗ ਮੌਜੂਦ ਹੈ ਕਿ ਗੁਰੂ ਸਾਹਿਬ ਨੇ ਫੌਜਾਂ ਨਾ ਹੋਣ ਦੀ ਸੂਰਤ ਵਿਚ ਹੀ ਨਾਮ ਦੀ ਸ਼ਕਤੀ ਵਰਤੀ ਸੀ। ਕੀ ਇਸ ਤੋਂ ਸਿਧ ਨਹੀਂ ਹੁੰਦਾ ਕਿ ਨਾਮ ਸਿਮਰਨ ਦੀ ਸ਼ਕਤੀ ਨਾਲ ਅਜਿਹੀ ਤਾਕਤ ਆ ਜਾਂਦੀ ਹੈ ਕਿ ਕੋਈ ਵੀ ਵੱਡੀ ਤੋਂ ਵੱਡੀ ਮੁਸ਼ਕਿਲ ਹੱਲ ਕੀਤੀ ਜਾ ਸਕਦੀ ਹੈ?

2) ਘੱਗਾ ਜੀ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਸ਼ਹੀਦ ਹੋਣ ਵੇਲੇ ਆਪਣੀ ਸ਼ਕਤੀ ਕਿਉਂ ਨਾ ਵਰਤੀ। ਇਸ ਬਾਰੇ ਜਵਾਬ ਹੈ ਕਿ, ਗੁਰੂ ਸਾਹਿਬ ਦੇ ਸ਼ਹੀਦ ਹੋਣ ਵਿੱਚ ਵੀ ਨਾਮ ਦੀ ਸ਼ਕਤੀ ਹੀ ਸਿਧ ਹੁੰਦੀ ਹੈ। ਕੌਣ ਹੈ ਜੋ ਨਾਮ ਸਿਮਰਨ ਦੀ ਟੇਕ ਤੋਂ ਬਿਨਾਂ ਤੱਤੀ ਤਵੀ ਤੇ ਬੈਠਕੇ, ਉਪਰੋਂ ਤੱਤੀ ਰੇਤ ਸਿਰ ਵਿੱਚ ਪੁਆ ਸਕਦਾ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਅਡੋਲ ਤੱਤੀ ਤਵੀ ਉਪਰ ਬੈਠ ਹੀ ਨਹੀਂ ਸਕਦਾ ਅਤੇ ਜੇਕਰ ਬੈਠ ਵੀ ਜਾਵੇ ਤਾਂ ਚੀਕਾਂ ਮਾਰੇ ਬਗੈਰ ਰਹਿ ਨਹੀਂ ਸਕਦਾ ਪਰ ਧੰਨ ਹਨ ਪੰਚਮੇਸ਼ ਪਿਤਾ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੋ ਅਡੋਲ ਰਹਿ ਕੇ ਤੱਤੀ ਤਵੀ ਤੇ ਬੈਠੇ ਅਤੇ ਨਾਮ ਦੇ ਇਲਾਹੀ ਰੰਗਾਂ ਵਿੱਚ ਲਿਵਲੀਨ (ਸਮਾਏ) ਰਹੇ ਅਤੇ ਆਪਣੀ ਨਾਮ ਵਿਚ ਲੀਨ ਸੁਰਤੀ ਨਾਲ “ਤੇਰਾ ਕੀਆ ਮੀਠਾ ਲਾਗੈ॥ ਹਰਿਨਾਮੁ ਪਦਾਰਥੁ ਨਾਨਕੁ ਮਾਗੈ॥” ਦੀ ਧੁਨੀ ਉਚਾਰਦੇ ਰਹੇ। ਇਸ ਅਲੌਕਿਕ ਨਜ਼ਾਰੇ ਨੂੰ ਤੱਕ ਕੇ ਮੀਆਂ ਮੀਰ ਵਰਗੇ ਕਾਮਲ ਪੀਰ ਵੀ ਹੈਰਾਨ ਹੋ ਗਏ ਸਨ। ਇਹ ਨਾਮ ਦੀ ਸ਼ਕਤੀ ਅਤੇ ਕਰਾਮਾਤ ਨਹੀਂ ਤਾਂ ਹੋਰ ਕੀ ਹੈ? ਪਰ “ਮੈਂ ਨਾ ਮਾਨੂੰ” ਦੀ ਰਟ ਲੌਣ ਵਾਲਿਆਂ ਨੂੰ ਕੌਣ ਮਨਾ ਸਕਦਾ ਹੈ।

3) ਗੁਰੂ ਸਾਹਿਬਾਨ ਪਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਸਨ ਅਤੇ ਪਰਮਾਤਮਾ ਦੀ ਰਜ਼ਾ ਇਹੋ ਹੀ ਪ੍ਰਤੀਤ ਹੁੰਦੀ ਹੈ ਕਿ ਗੁਰੂ ਸਾਹਿਬ ਨਾਮ ਵਿੱਚ ਅਡੋਲ ਰਹਿ ਕੇ ਧਰਮ ਹੇਤ ਸ਼ਹੀਦੀ ਪਾ ਜਾਣ। ਇਹ ਬਚਕਾਨਾ ਦਲੀਲ ਹੈ ਕਿ ਕਿਉਂਕਿ ਗੁਰੂ ਸਾਹਿਬ ਨੇ ਸੂਲਹੀ ਖਾਨ ਵਾਲਾ ਸਾਕਾ ਨਾਮ ਰਾਹੀਂ ਟਾਲਿਆ ਸੀ, ਸੋ ਉਹਨਾਂ ਨੂੰ ਸ਼ਹੀਦੀ ਸਾਕਾ ਵੀ ਟਾਲਣਾ ਚਾਹੀਦਾ ਸੀ। ਇਹ ਤਾਂ ਉਹ ਗੱਲ ਹੋਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗ ਹੀ ਬਿਨਾ ਕਿਰਪਾਨ ਤੋਂ ਦੁਸ਼ਟਾਂ ਦੇ ਦਿਲ ਜਿਤਣੇ ਚਾਹੀਦੇ ਸਨ ਅਤੇ ਜਿਸ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਜਣ ਠੱਗ ਵਰਗਿਆਂ ਦੇ ਦਿਲ ਕੀਰਤਨ ਨਾਲ ਹੀ ਬਦਲ ਦਿੱਤੇ ਸਨ ਉਸੇ ਤਰਾਂ ਹੀ ਸ੍ਰੀ ਗੁਰੂ ਦਸਮੇਸ਼ ਜੀ ਨੂੰ ਵੀ ਔਰੰਗਜ਼ੇਬ ਦਾ ਦਿਲ ਕੀਰਤਨ ਨਾਲ ਜਿਤਣਾ ਚਾਹੀਦਾ ਸੀ। ਜੇਕਰ, ਗੁਰੂ ਸਾਹਿਬ ਸਜਣ ਠੱਗ ਦਾ ਦਿਲ ਜਿੱਤ ਸਕਦੇ ਸਨ, ਤਾਂ ਕੀ ਉਹ ਔਰੰਗਜ਼ੇਬ ਦਾ ਦਿਲ ਨਹੀਂ ਸੀ ਜਿੱਤ ਸਕਦੇ? ਜੇਕਰ ਗੁਰੂ ਸਾਹਿਬ ਔਰੰਗਜ਼ੇਬ ਦੇ ਜਨਰੈਲ ਸੈਦ ਬੇਗ ਦਾ ਦਿਲ ਜਿੱਤ ਸਕਦੇ ਸਨ ਤਾਂ ਕੀ ਔਰੰਗਜ਼ੇਬ ਜਾਂ ਪਹਾੜੀ ਰਾਜਿਆਂ ਦਾ ਦਿਲ ਨਹੀਂ ਸੀ ਜਿੱਤ ਸਕਦੇ, ਨਿਰੋਲ ਨਾਮ ਦੀ ਸ਼ਕਤੀ ਨਾਲ? ਮੁਕਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਜੋ ਕੀਤਾ ਉਹ ਪ੍ਰਮਾਤਮਾ ਦੇ ਭਾਣੇ (ਹੁਕਮ) ਅਨੁਸਾਰ ਕੀਤਾ। ਜੇਕਰ ਰੱਬ ਨੇ ਚਾਹਿਆ ਕਿ ਨਿਰੋਲ ਨਾਮ ਰਾਹੀਂ ਹੀ ਕਾਰਜ ਸਿਧ ਕਰਨੇ ਹਨ ਤਾਂ ਸਤਿਗੁਰਾਂ ਨੇ ਉਵੇਂ ਹੀ ਕੀਤਾ ਅਤੇ ਜੇਕਰ ਪ੍ਰਮਾਤਮਾ ਨੂੰ ਭਾਇਆ ਕਿ ਕਿਰਪਾਨ ਰਾਹੀਂ ਨਾਮ ਦਾ ਤੇਜ ਜ਼ਾਹਰ ਕਰਨਾ ਹੈ ਤਾਂ ਗੁਰੂ ਸਾਹਿਬ ਵਲੋਂ ਉਸੇ ਤਰਾਂ ਹੀ ਚਮਕੌਰ ਦੀ ਗੜ੍ਹੀ ਵਿਚ ਕੀਤਾ ਗਿਆ। ਜੇਕਰ ਤੁਸੀ ਆਪਣੀ ਚਸ਼ਮ ਦੀ ਬੀਨਾਈ ਨੂੰ ਸਤਿਗੁਰਾਂ ਦੇ ਗੁਰਮਤਿ ਰੂਪੀ ਅੰਜਨ ਨਾਲ ਰੰਗ ਕੇ ਦੇਖੋ ਤਾਂ ਤੁਸੀਂ ਸਾਫ ਦੇਖ ਸਕੋਗੇ ਕਿ ਕਾਮਲ ਪੁਰਖਾਂ, ਸਤਿਗੁਰਾਂ ਵਲੋਂ ਹਰ ਹਾਲਤ ਵਿਚ ਹੀ ਨਾਮ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ।

4) ਇਹ ਕੋਈ ਦਲੀਲ ਨਹੀਂ ਕਿ ਚੂੰਕਿ ਸਤਿਗੁਰਾਂ ਨੇ ਹੋਰ ਮੌਕੇ ਤੇ ਨਿਰੋਲ ਨਾਮ ਨਾਲ ਕਾਰਜ ਸਿਧ ਨਹੀਂ ਕੀਤੇ ਇਸ ਕਰਕੇ ਜਿਥੇ ਨਿਰੋਲ ਨਾਮ ਨਾਲ ਕਾਰਜ ਸਿਧ ਕੀਤੇ ਹਨ, ਉਹ ਸਭ ਝੂਠ ਹੈ। ਇਹੋ ਜੇਹੀਆਂ ਥੋਥੀਆਂ ਦਲੀਲਾਂ ਤਾਂ ਬੇਅਕਲੀ ਦੀਆਂ ਹੀ ਨਿਸ਼ਾਨੀਆਂ ਹਨ ਜਿਹੜੀਆਂ ਕਿ ਹੰਢੇ ਹੋਏ ਅਤੇ ਸੁਘੜ ਵਿਦਵਾਨਾਂ ਨੂੰ ਸ਼ੋਭਦੀਆਂ ਨਹੀਂ ਕਿਉਂਕਿ ਇਹ ਉਹਨਾਂ ਦੀ ਤੰਗ ਦਿਲੀ ਅਤੇ ਅਗਿਆਨਤਾ ਭਰੇ ਹੇਠਲੇ ਦਰਜੇ ਦੇ ਵਿਦਵਾਨਪੁਣੇ ਦਾ ਪ੍ਰਗਟਾਵਾ ਹੀ ਕਰਦੀਆਂ ਹਨ।

5) ਗੁਰੂ ਸਾਹਿਬ ਵਲੋਂ ਨਾਮ ਦੀ ਸ਼ਕਤੀ ਵਾਲੇ ਸ਼ਬਦ ਉਪਰ ਦਰਜ ਕੀਤੇ ਗਏ ਹਨ ਅਤੇ ਇਹ ਸਬੂਤ ਕਿਸੇ ਵੀ ਤਰੀਕੇ ਨਾਲ ਕਟਿਆ ਨਹੀਂ ਜਾ ਸਕਦਾ ਕਿਉਂਕਿ ਗੁਰਬਾਣੀ ਤ੍ਰੈਕਾਲ ਸਤਿ ਹੈ।

ਤੁਸੀਂ ਲਿਖਿਆ ਹੈ:

ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਉਣ, ਪਾਣੀ, ਹਵਾ, ਧਰਤੀ, ਚੰਦ, ਸੂਰਜ ਅਤੇ ਅਕਾਸ ਪ੍ਰਮਾਤਮਾ ਦਾ ਸਿਮਰਣ ਕਿਵੇਂ ਕਰਦੇ ਹਨ? ਕਿਉਂਕਿ ਉਨ੍ਹਾਂ ਦੇ ਕਿਹੜਾ ਜੀਭਾਂ ਲੱਗੀਆਂ ਹੋਈਆਂ ਹਨ? ਇਸਦਾ ਮਤਲਬ ਇਹ ਹੋਇਆ ਕੇ ਸਿਮਰਣ ਦਾ ਮਤਲਬ ਮੂੰਹ ਨਾਲ ਰਟਣ ਕਰਣਾ ਨਹੀ ਸਗੋਂ ਕਿਸੇ ਨਿਯਮ ਦੇ ਅਧੀਨ ਚੱਲਣ ਦਾ ਨਾਮ ਹੀ ਸਿਮਰਣ ਹੈ।

ਅੱਗ, ਪਾਣੀ ਅਤੇ ਹਵਾ ਆਦਿਕ ਸਿਮਰਦੇ ਹੀ ਨਹੀ ਬਲਕਿ ਭਗਤੀ ਵੀ ਕਰਦੇ ਹਨ:

ਪਉੜੀ ॥ ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥ ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥3॥ {ਪੰਨਾ 948}

ਇਸ ਬਾਰੇ ਦਿਨ ਐਤਵਾਰ ਅਕਤੂਬਰ 1, 2006 ਨੂੰ ਘੱਗਾ ਜੀ ਨੂੰ ਦਸਿਆ ਗਿਆ ਸੀ ਕਿ ਇਹ ਸਾਰੀ ਕਾਇਨਾਤ ਹੀ ਨਾਮ ਦੇ ਆਸਰੇ ਖੜੀ ਹੈ ਅਤੇ ਨਾਮ ਦੀ ਵਾਈਬ੍ਰੇਸ਼ਨ ਹਰ ਥਾਂ ਮੌਜੂਦ ਹੈ, ਯਥਾ ਗੁਰਵਾਕ:

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥5॥ {ਅੰਗ 284}

ਦੇਖੋ ਇਸ ਸ਼ਬਦ ਵਿਚ ਸਾਫ ਲਿਖਿਆ ਹੋਇਆ ਹੈ ਕਿ ਨਾਮ ਦੇ ਆਸਰੇ ਹੀ ਸਾਰੀ ਸ੍ਰਿਸ਼ਟੀ ਖੜੀ ਹੈ। ਅਖੀਰ ਵਿੱਚ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਉਹ ਨਾਮ ਜੋ ਸਭ ਕੁਛ ਦਾ ਆਸਰਾ ਹੈ ਉਸ ਨਾਮ ਨੂੰ ਕੰਨਾਂ ਨਾਲ ਸੁਣ ਕੇ ਹੀ ਉਧਰ ਸਕੀਦਾ ਹੈ ਪਰ ਇਸ ਨਾਮ ਵਿਚ ਪ੍ਰਮਾਤਮਾ ਉਸੇ ਨੂੰ ਹੀ ਲਾਉਂਦਾ ਹੈ ਜਿਸ ਨੂੰ ਉਹ ਆਪ ਕਿਰਪਾ ਕਰਦਾ ਹੈ। ਗੁਰਬਾਣੀ ਦੀ ਖੋਜ ਕੀਤਿਆਂ ਸਹਿਜੇ ਹੀ ਪਤਾ ਲਗ ਜਾਂਦਾ ਹੈ ਕਿ ਗੁਰਬਾਣੀ ਵਿਚ ਗੁਰਮੰਤ੍ਰ, ਨਾਮ, ਅਤੇ ਸ਼ਬਦ ਸਮ-ਅਰਥੀ ਲਫਜ਼ ਹਨ। “ਸਿਮਰੈ ਧਰਤੀ ਅਰ ਆਕਾਸ਼ਾ॥” ਵਾਲੇ ਸ਼ਬਦ ਦਾ ਭਾਵ ਇਹੋ ਹੀ ਹੈ ਕਿ ਧਰਤੀ ਅਰ ਆਕਾਸ਼ ਸਭ ਪ੍ਰਮਾਤਮਾ ਦੀ ਨਾਮ ਸ਼ਕਤੀ ਦੇ ਆਸਰੇ ਹਨ ਅਤੇ ਉਹਨਾਂ ਵਿੱਚ ਨਾਮ ਦਾ ਹੀ ਕਰੰਟ ਮੌਜੂਦ ਹੈ। ਜੋ ਗੁਰਸਿਖ ਲਗਾਤਾਰ ਨਾਮ ਜਪਦੇ ਹਨ ਉਹਨਾਂ ਨੂੰ ਧਰਤੀ, ਆਕਾਸ਼ ਅਤੇ ਸਾਰੀ ਕਾਇਨਾਤ ਵਿੱਚੋਂ, ਰਮੇ-ਨਾਮ ਦੀ ਵਾਈਬ੍ਰੇਸ਼ਨ ਮਹਸੂਸ ਹੁੰਦੀ ਹੈ ਅਤੇ ਇਸੇ ਕਰਕੇ ਹੀ ਉਹ ਪੁਕਾਰ ਉਠਦੇ ਹਨ ਕਿ ਧਰਤੀ ਅਰ ਆਕਾਸ਼ ਸਭ ਨਾਮ ਜਪ ਰਹੇ ਹਨ।  ਇਹੋ ਅਨੁਭਵ ਤੁਹਾਡੇ ਵਲੋਂ ਪੇਸ਼ ਕੀਤੇ ਸ਼ਬਦਾਂ ਵਿੱਚ ਗੁਰੂ ਸਾਹਿਬ ਨੇ ਦਰਸਾਇਆ ਹੈ।

ਤੁਸੀਂ ਲਿਖਿਆ ਹੈ:

ਸ੍ਰ. ਕੁਲਬੀਰ ਸਿੰਘ ਜੀ ਤੁਸੀਂ ਨਾਮ ਅਭਿਆਸੀ ਵੀ ਹੋ ਤੇ ਸਿਮਰਣ ਨਾਲ ਪ੍ਰਾਪੱਤ ਹੋਣ ਵਾਲੀਆਂ ਸ਼ਕਤੀਆਂ ਦੇ ਮੁਦਈ ਵੀ।

ਹਰੇਕ ਗੁਰੂ ਨਾਨਕ ਨਾਮ ਲੇਵਾ ਗੁਰਸਿਖ ਸਮੇਤ ਕੁਲਬੀਰ ਸਿੰਘ ਦੇ ਸਿਮਰਨ ਵਾਲੀਆਂ ਸ਼ਕਤੀਆਂ ਦਾ ਇਸ ਕਰਕੇ ਮੁਦਈ ਹੈ ਕਿਉਂਕਿ ਗੁਰੂ ਪਾਤਸ਼ਾਹ ਨੇ ਇਹਨਾਂ ਸ਼ਕਤੀਆਂ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੈ। ਬਾਕੀ ਜੋ ਤੁਸੀਂ ਜ਼ਾਤੀ ਗੱਲ ਕੁਲਬੀਰ ਸਿੰਘ ਬਾਰੇ ਲਿਖੀ ਹੈ, ਇਸ ਦਾ ਚੱਲ ਰਹੀ ਵਿਚਾਰ ਨਾਲ ਕੋਈ ਸੰਬੰਧ ਨਹੀਂ। ਕੁਲਬੀਰ ਸਿੰਘ ਦੇ ਅਭਿਆਸੀ ਹੋਣ ਜਾਂ ਨਾ ਹੋਣ ਨਾਲ ਗੁਰਮਤਿ ਦੇ ਸਿਧਾਂਤ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਨਾਮ ਅਭਿਆਸ ਕਰਨਾ ਸਾਰਿਆਂ ਗੁਰਸਿਖਾਂ ਲਈ ਗੁਰੂ ਸਾਹਿਬ ਦਾ ਹੁਕਮ ਹੈ। ਯਥਾ ਗੁਰਵਾਕ:

ਮ: 4 ॥

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥

ਕਿਰਪਾ ਕਰਕੇ ਉਪਰ ਦਰਜ ਕੀਤੇ ਸ਼ਬਦ ਨੂੰ ਗੁਰਮਤਿ ਦੇ ਇਲਾਹੀ ਨੂਰ ਵਿਚ ਵਿਚਾਰਨ ਦੀ ਕਿਰਪਾ ਕਰਿਓ।

ਤੁਸੀਂ ਲਿਖਿਆ ਹੈ:

ਸੋ ਇਸ ਕਰਕੇ ਮੈਂ ਤੁਹਾਨੂੰ ਵੰਗਾਰਦਾ ਹਾਂ:

1. ਨਾਮ ਸਿਮਰਣ ਦੀ ਸ਼ਕਤੀ ਨਾਮ ਸਮੂਹ ਜਨਤਾ ਵਿਚੋਂ ਗਰੀਬੀ ਖਤਮ ਕਰਕੇ ਦਿਖਾਓ ਜੀ?

2. ਨਾਮ ਸਿਮਰਣ ਦੀ ਸ਼ਕਤੀ ਨਾਲ ਪੰਜਬੀ ਸਿੱਖਾਂ ਦੀ ਬੜੇ ਚਿਰਾਂ ਤੋਂ ਚੱਲੀ ਆਉਂਦੀ ‘ਖਾਲਿਸਤਾਨ’ ਦੀ ਮੰਗ ਨੂੰ ਪੂਰਾ ਕਰਕੇ ਦਿਖਾਓ ਜੀ?

3. ਅੱਜ ਪੰਜਾਬ ਵਿਚ ਪਾਣੀ ਦਾ ਤਲ ਬਹੁਤ ਨੀਵਾਂ ਹੋ ਚੁਕਿਆ ਹੈ ਜਿਸ ਕਰਕੇ ਪੰਜਾਬ ਦੇ ਸਿੱਖ ਹੋਰ ਗਰੀਬ ਹੁੰਦੇ ਜਾ ਰਹੇ ਹਨ। ਇਸ ਕਰਕੇ ਤੁਸੀਂ ਹਰ ਸਾਲ ਪੰਜਾਬ ਵਿਚ ਰੱਜਵਾਂ ਮੀਂਹ ਪੁਆਓ ਜੀ?

4. ਨਾਮ ਸਿਮਰਣ ਦੀ ਸ਼ਕਤੀ ਨਾਲ ਸੈਂਟਰ ਸਰਕਾਰ ਦੀ ਸੋਚਣੀ ਬਦਲ ਦਿਓ ਜੀ ਤਾਂਕਿ ਉਹ ਪੰਜਾਬ ਦਾ ਪਾਣੀ ਪੰਜਾਬ ਵਿਚ ਹੀ ਰਹਿਣ ਦੇਵੇ?

ਉਪਰ ਕੀਤੇ ਗਏ ਸਵਾਲਾਂ ਦੇ ਜਵਾਬ ਵਿਚ ਪੇਸ਼ ਹੈ ਇਕ ਲਘੂ ਕਥਾ।

ਇਕ ਵਾਰੀ ਇਕ ਸਾਇੰਸਦਾਨ ਬਹੁਤ ਪੜ ਲਿਖ ਕੇ ਆਪਣੇ ਪਿੰਡ ਗਿਆ ਅਤੇ ਉਥੇ ਇਕ ਅਨਪੜ ਮੂਰਖ ਦੇ ਪੁਛਣ ਤੇ ਸਾਂਇਸ ਦੀ ਤਰੱਕੀ ਬਾਰੇ ਦਸਣ ਲੱਗਾ। ਜਦੋਂ ਉਸ ਨੇ ਐਟਮ ਬੰਬ ਦਾ ਜ਼ਿਕਰ ਕੀਤਾ ਤਾਂ ਇਸ ਮੂਰਖ ਨੇ ਕਿਹਾ:

ਮੂਰਖ: ਇਹ ਕਿਵੇਂ ਹੋ ਸਕਦਾ ਹੈ ਕਿ ਇਕ ਛੋਟਾ ਜਿਹਾ ਬੰਬ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇ।

ਸਾਇੰਸਦਾਨ: ਭਾਈਆ (ਵਡੀ ਉਮਰ ਦਾ ਹੋਣ ਕਰਕੇ), ਇਹ ਬਿਲਕੁਲ ਸਚ ਹੈ ਕਿ ਇਕ ਛੋਟਾ ਜਿਹਾ ਬੰਬ ਫਿਸ਼ਨ ਜਾਂ ਫਿਊਸ਼ਨ ਦੀ ਤਕਨੀਕ ਨਾਲ, ਸਾਰੇ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ।

ਮੂਰਖ: ਉਏ ਤੂੰ ਸਾਨੂੰ ਮੂਰਖ ਸਮਝਿਆ ਹੋਇਆ ਹੈ ਜੋ ਤੇਰੀ ਗੱਲ ਮੰਨ ਲਵਾਂਗੇ? ਜੇ ਇਦਾਂ ਦਾ ਕੋਈ ਬੰਬ ਹੁੰਦਾ ਤਾਂ ਹੁਣ ਨੂੰ ਪਾਕਿਸਤਾਨ ਨੇ ਕਦੋਂ ਦਾ ਚਲਾ ਦੇਣਾ ਸੀ। ਤੇਰੇ ਕੋਲੇ ਕੀ ਸਬੂਤ ਹੈ ਕਿ ਐਸਾ ਕੋਈ ਬੰਬ ਹੁੰਦਾ ਹੈ?

ਸਾਇੰਸਦਾਨ: ਭਾਈਆ, ਮੈਂ ਇਹਦੇ ਬਾਰੇ ਸਾਂਈਸ ਦੀਆਂ ਕਿਤਾਬਾਂ ਵਿੱਚ ਪੜਿਆ ਹੈ ਅਤੇ ਜੇ ਤੂੰ ਕਹੇਂ ਤਾਂ ਮੈ ਤੈਨੂੰ ਕਿਤਾਬਾਂ ਦਿਖਾ ਦਿੰਦਾ ਹਾਂ।

ਮੂਰਖ: ਉਏ, ਮੈਂ ਨਹੀਂ ਤੇਰੀਆਂ ਕਿਤਾਬਾਂ ਨੂੰ ਮੰਨਦਾ। ਜੇ ਐਸਾ ਕੋਈ ਬੰਬ ਹੈ ਤਾਂ ਫਿਰ ਸਾਨੂੰ ਚਲਾ ਕੇ ਦਿਖਾ।

ਇਹ ਸੁਣ ਕੇ ਸਾਇੰਸਦਾਨ ਭਮੱਤਰ ਗਿਆ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਨਪੜ ਮੂਰਖ ਨੂੰ ਸਾਬਤ ਨਾ ਕਰ ਸਕਿਆ ਕਿ ਐਸਾ ਬੰਬ ਹੁੰਦਾ ਹੈ। ਤੁਹਾਡੇ ਵਲੋਂ ਉਪਰ ਕੀਤੇ ਗਏ ਸਵਾਲ ਇਸੇ ਤਰਾਂ ਹਨ ਜਿਸ ਤਰਾਂ ਕਿ ਉਪਰ ਦਰਜ ਕਹਾਣੀ ਵਿਚ ਮੂਰਖ ਵਲੋਂ ਸਾਇੰਸਦਾਨ ਨੂੰ ਕਿਹਾ ਗਿਆ ਸੀ ਕਿ ਜੇਕਰ ਬੰਬ ਹੈ ਤਾਂ ਸਾਨੂੰ ਦਿਖਾ। ਇਸੇ ਤਰਾਂ ਹੀ ਤੁਸੀਂ ਅਤੇ ਘੱਗਾ ਜੀ ਇਹ ਰਟ ਰਹੇ ਹੋ ਕਿ ਜੇਕਰ ਨਾਮ ਦੀ ਸ਼ਕਤੀ ਹੈ ਤਾਂ ਇਸ ਦਾ ਪ੍ਰਦਰਸ਼ਨ ਕਰੋ। ਨਾਮ ਦੀ ਸ਼ਕਤੀ ਦੀ ਹੋਂਦ ਕਿਤੇ ਇਸ ਗੱਲ ਤੇ ਤਾਂ ਨਹੀਂ ਖੜੀ ਕਿ ਕੁਲਬੀਰ ਸਿੰਘ ਨਾਮ ਦੀ ਸ਼ਕਤੀ ਨਾਲ ਦੁਨੀਆ ਦੀ ਗਰੀਬੀ ਨੂੰ ਖਤਮ ਕਰ ਦਿਖਾਵੇ ਜਾਂ ਨਾਮ ਦੀ ਸ਼ਕਤੀ ਨਾਲ ਖਾਲਿਸਤਾਨ ਲੈ ਦੇਵੇ। ਇਹ ਤੁਹਾਡੇ ਸਵਾਲ ਅਤੇ ਵੰਗਾਰ ਬਿਲਕੁਲ ਪਾਏਦਾਰ ਨਹੀਂ ਹਨ ਅਤੇ ਬਿਲਕੁਲ ਹੀ ਨਿਰਮੂਲ਼ ਹਨ ਕਿ ਨਾਮ ਦੀ ਸ਼ਕਤੀ ਦੀ ਹੋਂਦ ਤਾਂ ਮਂੰਨੀ ਜਾ ਸਕਦੀ ਹੈ ਜੇਕਰ ਕੁਲਬੀਰ ਸਿੰਘ ਉਸ ਨੂੰ ਖਾਲਿਸਤਾਨ ਕਾਇਮ ਕਰਕੇ ਸਾਬਤ ਕਰੇ। ਕਿਰਪਾ ਕਰਕੇ ਐਸੀਆਂ ਬਚਕਾਨਾ ਦਲੀਲਾਂ ਨਾਲ ਵਿਚਾਰ ਦੇ ਮਿਆਰ ਨੂੰ ਹੇਠਾਂ ਨਾ ਸੁੱਟੋ। ਆਪਣੀ ਗੱਲ ਸਿਧਾਂਤ ਦੀ ਹੈ ਨਾਕਿ ਕੁਲਬੀਰ ਸਿੰਘ, ਇੰਦਰ ਸਿੰਘ ਘੱਗਾ ਜਾਂ ਜਿਉਣਵਾਲਿਆਂ ਦੀ। ਨਾ ਹੀ ਨਾਮ ਦੀ ਸ਼ਕਤੀ ਦੀ ਹੋਂਦ ਇਸ ਗੱਲ ਤੇ ਮੁਨੱਸਰ (ਨਿਰਭਰ) ਹੈ ਕਿ ਇਸ ਸ਼ਕਤੀ ਦਾ ਕੋਈ ਪ੍ਰਦਰਸ਼ਨ ਕਰੇ। ਨਾਮ ਦੀ ਸ਼ਕਤੀ ਦੀ ਹੋਂਦ ਵਾਸਤੇ ਗੁਰਬਾਣੀ ਦਾ ਕਹਿਣਾ ਹੀ ਗੁਰਸਿਖਾਂ ਵਾਸਤੇ ਕਾਫੀ ਹੈ। ਗੁਰਬਾਣੀ ਦੇ ਫੁਰਮਾਨ ਤੋਂ ਉਪਰ ਕੀ ਸਬੂਤ ਚਾਹੀਦਾ ਹੈ?

ਤੁਸੀਂ ਲਿਖਿਆ ਹੈ:

5. ‘ਰੰਗਲੇ ਸੱਜਣ’ ਕਿਤਾਬ ਵਿਚ ਭਾਈ ਰਣਧੀਰ ਸਿੰਘ ਜੀ ਐਸੀਆਂ ਸ਼ਕਤੀਆਂ ਦਾ ਵਰਨਣ ਕਰਦੇ ਇਹ ਲਿਖਦੇ ਹਨ ਕਿ ਮੈਂ ਨਾਮ ਅਭਿਆਸ ਦੀ ਸ਼ਕਤੀ ਨਾਲ ਛੱਤ ਨਾਲ ਜਾ ਲੱਗਾ। ਇਹ ਸ਼ਕਤੀ ਕਿਤਨੇ ਸਾਲ ਨਾਮ ਅਭਿਆਸ ਕਰਨ ਨਾਲ ਪ੍ਰਾਪੱਤ ਹੋ ਸਕਦੀ ਹੈ? ਜੇ ਤੁਸੀਂ ਉਤਨੇ ਸਾਲ ਨਾਮ ਦੀ ਕਮਾਈ ਕਰ ਚੁਕੇ ਹੋ ਤਾਂ ਜਰੂਰ ਛੱਤ ਨਾਲ ਲੱਗਣ ਵਿਚ ਕਾਮਯਾਬ ਹੋ ਜਾਵੋਗੇ। ਪਰ ਆਪਾਂ ਇਸ ਸ਼ਕਤੀ ਨਾਲ ਲੋਕਾਂ ਦਾ ਭਲਾ ਇਸ ਤਰ੍ਹਾਂ ਕਰ ਸਕਦੇ ਹਾ ਕਿ ਕੈਨੇਡਾ ਆਉਣ ਵਾਸਤੇ ਲੋਕਾਂ ਨੂੰ 50-55 ਹਜਾਰ ਦੀ ਟਿਕਟ ਵੀ ਨਾ ਲੈਣੀ ਪਵੇ ਤੇ ਨਾਹੀ ਕਿਸੇ ਨੂੰ ਕੈਨੇਡਾ ਦੇ ਵੀਜੇ ਵਾਸਤੇ ਦਰਖਾਸਤ ਭਰਨੀ ਪਵੇ। ਕ੍ਰਿਪਾ ਕਰਕੇ ਲੋਕਾਂ ਨੂੰ ਇਸ ਸ਼ਕਤੀ ਬਾਰੇ ਦੱਸੋ ਤੇ ਹਰ ਇਕ ਨਾਮ ਅਭਿਆਸੀ  ਬਗੈਰ ਹਵਾਈ ਜਹਾਜ ਤੇ ਚੜ੍ਹਨ ਤੋਂ ਹੀ ਕੈਨੇਡਾ ਆ ਜਾਵੇ। ਕੀ ਤੁਸੀਂ ਇਹ ਕਰਕੇ ਦਿਖਾਉਣ ਲਈ ਤਿਆਰ ਹੋ? ਨਹੀ ਤਾਂ ਇਹ ਸਮਝ ਲਿਆ ਜਾਵੇਗਾ ਕਿ ਤੁਸੀਂ ਫੋਕੀਆਂ ਗੱਲਾਂ ਹੀ ਕਰਦੇ ਹੋ।

ਜੋ ਤੁਸੀਂ ਕੁਲਬੀਰ ਸਿੰਘ ਨੂੰ ਕਹਿ ਰਹੇ ਹੋ, ਇਹ ਇਤਿਹਾਸ ਵਿਚ ਗੁਰੂ ਸਾਹਿਬਾਨ ਨੂੰ ਅਤੇ ਬਾਅਦ ਵਿਚ ਬੇਅੰਤ ਸਿੰਘਾਂ ਨੂੰ ਕਿਹਾ ਗਿਆ ਸੀ ਕਿ ਜਾਂ ਕਰਾਮਾਤ ਦਿਖਾਓ ਜਾਂ ਮਰਨ ਲਈ ਤਿਆਰ ਹੋ ਜਾਵੋ। ਅਜ ਤੁਸੀਂ ਕੁਲਬੀਰ ਸਿੰਘ ਕਰਾਮਾਤ ਦਿਖਾਉਣ ਲਈ ਵੰਗਾਰ ਰਹੇ ਹੋ। ਕੀ ਤੁਹਾਡੀ ਇਹ ਵੰਗਾਰ ਗੁਰਮਤਿ ਅਨੁਸਾਰ ਠੀਕ ਹੈ? ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਇਹੋ ਜਿਹੇ “ਨਾਟਕ-ਚੇਟਕ” ਕਰਨ ਤੋਂ “ਪ੍ਰਭ-ਲੋਗਨ” ਨੂੰ ਸਦਾ ਹੀ ਲੱਜਾ ਆਉਂਦੀ ਹੈ। ਮਦਾਰੀਆਂ ਵਾਂਗ ਆਤਮਕ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਗੁਰਮਤਿ ਵਿਚ ਪਰਵਾਨ ਨਹੀਂ ਹੈ। ਇਕ ਪਾਸੇ ਕਰਾਮਾਤਾਂ ਨੂੰ ਖੰਡਨ ਕਰਦੇ ਹੋ ਅਤੇ ਦੂਜੇ ਪਾਸੇ ਹੋਰਨਾਂ ਸਿਖਾਂ ਨੂੰ ਕਰਾਮਾਤਾਂ ਕਰਨ ਦਾ ਸੱਦਾ ਦਿੰਦੇ ਹੋ।

ਬਾਕੀ ਜੋ ਤੁਸੀਂ ਲਿਖਿਆ ਹੈ ਕਿ ਭਾਈ ਸਾਹਿਬ ਨੇ ‘ਰੰਗਲੇ ਸੱਜਣ’ ਵਿਚ ਲਿਖਿਆ ਹੈ ਕਿ ਉਹ ਨਾਮ ਅਭਿਆਸ ਦੀ ਸ਼ਕਤੀ ਨਾਲ ਛੱਤ ਨਾਲ ਜਾ ਲੱਗੇ ਸਨ, ਇਹ ਤੁਸੀਂ ਸੁਣੀ-ਸੁਣਾਈ ਗੱਲ ਦੇ ਅਧਾਰ ਤੇ ਹੀ ਲਿਖਿਆ ਹੈ। ਜੇ ਤੁਸੀਂ ਬਜ਼ਾਤੇ-ਖੁਦ ਇਹ ‘ਰੰਗਲੇ ਸੱਜਣ’ ਨਾਮੇ ਕਿਤਾਬ ਪੜੀ ਹੁੰਦੀ ਤਾਂ ਇਸ ਤਰਾਂ ਦੀ ਗਲਤੀ ਨਾ ਕਰਦੇ। ਅਸਲ ਵਿਚ ਭਾਈ ਸਾਹਿਬ ਨੇ ਲਿਖਿਆ ਹੈ ਕਿ ਭਾਈ ਹੀਰਾ ਸਿੰਘ ਦਾਊਦਪੁਰੀ ਇਕ ਵਾਰ ਨਾਮ ਜਪਦੇ, ਛਤ ਨੂੰ ਜਾ ਲੱਗੇ ਸੀ। ਤੁਹਾਡੀ ਗਿਆਤ ਲਈ ਦੱਸ ਦਿੰਦੇ ਹਾਂ ਕਿ ਭਾਈ ਸਾਹਿਬ ਨੇ ਆਪਣੇ ਛੱਤ ਨਾਲ ਲਗਣ ਦੀ ਗੱਲ ‘ਜੇਲ ਚਿਠੀਆਂ’ ਵਿਚ ਕੀਤੀ ਹੈ ਨਾ ਕਿ ‘ਰੰਗਲੇ ਸੱਜਣ’ ਵਿਚ।

ਹੁਣ ਰਿਹਾ ਸਵਾਲ ਕਿ ਕਿਤਨੇ ਸਾਲ ਦੀ ਕਮਾਈ ਨਾਲ ਇਹ ਅਵਸਥਾ ਹਾਸਲ ਹੋ ਸਕਦੀ ਹੈ, ਇਸ ਬਾਰੇ ਤਾਂ ਪ੍ਰਮਾਤਮਾ ਹੀ ਜਾਣਦਾ ਹੈ। ਕੁਲਬੀਰ ਸਿੰਘ ਤੁਹਾਨੂੰ ਕੀ ਦੱਸ ਸਕਦਾ ਹੈ? ਹਾਂ ਇੰਨੀ ਸੋਝੀ ਗੁਰੂ ਸਾਹਿਬ ਨੇ ਜ਼ਰੂਰ ਬਖਸ਼ੀ ਹੈ ਕਿ ਜੇ ਪੂਰਨ ਪ੍ਰੇਮ ਵਿਚ ਪ੍ਰੇਮਾ ਭਗਤੀ ਕੀਤੀ ਜਾਵੇ ਤਾਂ “ਆਜੁ ਮਿਲਾਵਾ ਸੇਖ ਫਰੀਦ” ਵਾਲੀ ਗੱਲ ਹੈ। ਜੇਕਰ ਕੁਲਬੀਰ ਸਿੰਘ ਤੁਹਾਡੇ ਕੋਲੇ ਇਹਨਾਂ ਸ਼ਕਤੀਆਂ ਦਾ ਪ੍ਰਦਰਸ਼ਨ ਨਹੀਂ ਕਰਦਾ ਤਾਂ ਇਸ ਦਾ ਇਹ ਅਰਥ ਨਹੀਂ ਹੈ ਕਿ ਇਹ ਸ਼ਕਤੀਆਂ ਦੀ ਕੋਈ ਹੋਂਦ ਨਹੀਂ ਹੈ। ਬੇਅੰਤ ਗੁਰਸਿਖਾਂ ਵਲੋਂ ਅਜਿਹੇ ਤਜ਼ਰਬੇ ਮਾਣੇ ਗਏ ਹਨ ਪਰ ਇਸ ਗੁਝੇ ਨਾਮ-ਸਿਮਰਨ ਰੂਪੀ ਹੀਰੇ ਰਤਨ ਦੀ ਸਾਰ ਸਿਰਫ ਸੱਚਾ ਜਗਿਆਸੂ ਰੂਪੀ ਜੌਹਰੀ ਹੀ ਜਾਣ ਸਕਦਾ ਹੈ, ਹੋਰ ਕੋਈ ਨਹੀਂ।

6. ਅਣ-ਡਿਠੀ ਦੁਨੀਆਂ ਵਿਚ ਭਾਈ ਰਣਧੀਰ ਸਿੰਘ ਜੀ ਅਖੰਡ ਪਾਠ ਕਰਕੇ ਕਿਸੇ ਪ੍ਰੇਤ ਦਾ ਉਧਾਰ ਕਰਨ ਦੀ ਗੱਲ ਕਰਦੇ ਹਨ। ਪਹਿਲੀ ਵਾਰ ਪਾਠੀ ਦਾ, ਸੁਪਨ-ਦੋਸ਼ ਹੋਣ ਕਾਰਣ, ਕਛਿਹਰਾ ਗਿਲਾ ਹੋ ਗਿਆ ਤੇ ਪ੍ਰੇਤ ਦਾ ਉਧਾਰ ਨਹੀ ਹੋਇਆ ਪਰ ਦੂਜੀ ਵਾਰ ਪੂਰਨ ਨਿਯਮਬੱਧ ਤਰੀਕੇ ਨਾਲ ਪਾਠ ਕੀਤਾ ਗਿਆ ਤੇ ਪ੍ਰੇਤ ਦਾ ਉਧਾਰ ਹੋਇਆ। ਤੁਸੀਂ ਇਹ ਦੱਸ ਪਾਓਗੇ ਕਿ:

ੳ. ਕੀ ਪ੍ਰੇਤ ਪੰਜਾਬੀ ਸੀ?

ਅ. ਜੇ ਨਹੀ ਤਾਂ ਕੀ ਪ੍ਰੇਤ ਅਰਬੀ ਸੀ?

ੲ. ਕਿਉਂਕਿ ਭੁਤਾਂ ਪ੍ਰੇਤਾਂ ਨੂੰ ਦੇਸ ਦਾ ਬਾਰਡਰ ਰੋਕ ਨਹੀ ਸਕਦਾ ਇਸ ਕਰਕੇ ਭੂਤ ਕਿਸੇ ਵੀ ਮੁਲਕ ਦਾ ਹੋ ਸਕਦਾ ਹੈ। ਜੇ ਇਹ ਗੱਲ ਹੈ ਤਾਂ ਭਾਈ ਰਣਧੀਰ ਸਿੰਘ ਜੀ ਨੇ ਪ੍ਰੇਤ ਨਾਲ ਕਿਹੜੀ ਜਬਾਨ ਵਿਚ ਗੱਲ ਬਾਤ ਕੀਤੀ ਸੀ?

ਸ. ਭੂਤਾਂ ਪ੍ਰੇਤਾਂ ਨੂੰ ਮੰਨਣ ਵਾਲੇ ਲੋਕ ਇਹ ਆਖਦੇ ਹਨ ਕਿ ਇਨ੍ਹਾਂ ਦੀ ਛਾਂ ਨਹੀ ਹੁੰਦੀ ਹੈ ਇਸ ਕਰਕੇ ਇਹ ਚੀਜਾਂ ਦਿਸਦੀਆਂ ਨਹੀ। ਗੱਲ-ਬਾਤ ਕਰਨ ਤੇ ਕੜਾਹ ਪ੍ਰਸ਼ਾਦ ਖਾਣ ਵਾਸਤੇ ਤਾਂ ਮੂੰਹ ਚਾਹੀਦਾ ਹੈ। ਜਿਸ ਪ੍ਰੇਤ ਦਾ ਉਧਾਰ ਭਾਈ ਰਣਧੀਰ ਸਿੰਘ ਜੀ ਨੇ ਕੀਤਾ ਉਸ ਨੇ ਕੜਾਹ ਪ੍ਰਸ਼ਾਦ ਕਿਸ ਅੰਗ ਨਾਲ ਛਕਿਆ?

ਤੁਹਾਡੇ ਸਵਾਲ ਕਿ ਪ੍ਰੇਤ ਪੰਜਾਬੀ ਸੀ ਜਾਂ ਅਰਬੀ ਸੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਭਾਈ ਸਾਹਿਬ ਦੀ ਲਿਖਤ ਅਨੁਸਾਰ ਉਸ ਪ੍ਰੇਤ ਨੇ ਭਾਈ ਸਾਹਿਬ ਨਾਲ ਗਲਬਾਤ ਪੰਜਾਬੀ ਵਿੱਚ ਕੀਤੀ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਤਸੀਂ ਪ੍ਰੇਤਾਂ ਜਾਂ ਭੂਤਾਂ ਦੀ ਹੋਂਦ ਵਿਚ ਯਕੀਨ ਨਹੀਂ ਰਖਦੇ। ਤੁਹਾਡੇ ਖਿਆਲ ਤੁਹਾਨੂੰ ਮੁਬਾਰਕ ਹਨ ਅਤੇ ਨਾਲ ਹੀ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਭੂਤਾਂ ਪ੍ਰੇਤਾਂ ਨਾਲ ਭਾਈ ਸਾਹਿਬ ਦਾ ਵੀ ਕੋਈ ਵਾਸਤਾ ਨਹੀਂ ਸੀ ਨਾ ਹੀ ਹੋਰ ਕੋਈ ਗੁਰਮਤਿ ਤੇ ਚਲਣ ਵਾਲਾ ਸਿੰਘ ਭੂਤਾਂ ਪ੍ਰੇਤਾਂ ਦੇ ਖਲਜੱਗਣ ਵਿਚ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਜੋ ਚੀਜ਼ ਆਪਾਂ ਨਹੀਂ ਦੇਖੀ ਜਾਂ ਜਿਸ ਨਾਲ ਆਪਣਾ ਵਾਸਤਾ ਨਾ ਹੋਵੇ, ਉਸ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਈਏ। ਪ੍ਰਮਾਤਮਾ ਦੀ ਸ੍ਰਿਸ਼ਟੀ ਵਿਚ ਬੇਅੰਤ ਰਚਨਾ ਘੜੀ ਹੋਈ ਹੈ ਅਤੇ ਸ੍ਰੀ ਸੁਖਮਨੀ ਸਾਹਿਬ ਵਿਚ ਵੰਨਗੀ ਮਾਤ੍ਰ ਇਸ ਦਿਸਦੀ ਅਤੇ ਅਣਦਿਸਦੀ ਰਚਨਾ ਦਾ ਵਰਨਣ ਕੀਤਾ ਗਿਆ ਹੈ ਅਤੇ ਹੇਠਾਂ ਪੇਸ਼ ਹੈ ਇਸੇ ਅਸ਼ਟਪਦੀ ਵਿਚੋਂ ਦੋ ਪੰਕਤੀਆਂ, ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਸਮੇਤ:

ਕਈ ਕੋਟਿ ਜਖ੍ਹ ਕਿੰਨਰ ਪਿਸਾਚ ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥

ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ

ਜੋ ਘਟਨਾ ਭਾਈ ਸਾਹਿਬ ਨੇ ਦਰਜ ਕੀਤੀ ਹੈ ਉਸ ਵਿਚ ਗੁਰਮਤਿ ਦੇ ਉਲਟ ਕੋਈ ਗਲ ਨਹੀਂ ਹੈ ਅਤੇ ਜੇ ਹੈ ਤਾਂ ਆਪ ਜੀ ਨੂੰ ਬੇਨਤੀ ਹੈ ਕਿ ਦਸੋ ਕੀ ਗਲਤ ਹੈ ਇਸ ਘਟਨਾ ਵਿਚ। ਇਸ ਘਟਨਾ ਨਾਲ ਬਾਣੀ ਦੀ ਸ਼ਕਤੀ ਹੀ ਪ੍ਰਗਟ ਹੁੰਦੀ ਹੈ ਹੋਰ ਕੁਝ ਨਹੀਂ।

ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਜੋ ਭੂਤਾਂ ਪ੍ਰੇਤਾਂ ਦਾ ਕੰਮ ਅਜ ਪੰਜਾਬੀਆਂ ਵਿਚ ਚੱਲ ਪਿਆ ਹੈ ਉਹ ਬਿਲਕੁਲ ਗੁਰਮਤਿ ਦੇ ਉਲਟ ਹੈ। ਨਿਤ ਆ ਰਹੀਆਂ ਤਾਂਤਰਿਕਾਂ ਦੀਆਂ ਮਨਘੜਤ ਐਡਾਂ ਅਤੇ ਹੋਰ ਐਸਾ ਭੂਤਾਂ ਪ੍ਰੇਤਾਂ ਦਾ ਪਖੰਡ ਬਿਲਕੁਲ ਹੀ ਗੁਰਮਤਿ ਦੇ ਵਿਰੁਧ ਹੈ ਅਤੇ ਕੋਈ ਵੀ ਸਚਿਆਰ ਸਿਖ ਇਹਨਾਂ ਗਲਾਂ ਵਿਚ ਮੁੱਲਵਿਜ਼ (ਖਚਤ)ਨਹੀਂ ਹੁੰਦਾ। ਸਹਿਜੇ ਹੀ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਵਾਲਿਆਂ ਨੂੰ ਅਜਿਹੀਆਂ ਮਾੜੀਆਂ ਚੀਜ਼ਾਂ ਨਹੀਂ ਪੋਹ ਸਕਦੀਆਂ ਅਤੇ ਇਸੇ ਕਰਕੇ ਹੀ ਗੁਰਸਿਖ ਇਸ ਖਲਜੱਗਣ ਵਿਚ ਨਹੀਂ ਪੈਂਦੇ।

ਤੁਸੀਂ ਲਿਖਿਆ ਹੈ:

5.   ‘ਅਖੰਡ ਕੀਰਤਨੀਏ ਜੱਥੇ’ ਕੋਲ ਭਾਈ ਰਣਧੀਰ ਸਿੰਘ ਜੀ ਦੇ ਦੱਸੇ ਹੋਏ ਨੁਸਖੇ ਮੁਤਾਬਕ ਸਧਾਰਣ ਤੋਂ ਸਾਧਾਰਣ ਧਾਂਤ ਨੂੰ  ਸੋਨੇ ਵਿਚ ਬਦਲਿਆ ਜਾ ਸਕਦਾ ਹੈ। ਫਿਰ ਗੁਰੂ ਦੇ ਸਿੱਖ ਹੀ ਕਿਉਂ ਬਾਕੀ ਦੀ ਆਮ ਜਨਤਾ ਕਿਉਂ ਨਾ ਰੱਜ ਕੇ ਰੋਟੀ ਖਾਵੇ। ਕਿਉਂਕਿ ਸਿੱਖਾਂ ਨੇ ਤਾਂ ਲੋਕਾਂ ਦਾ ਭਲਾ ਹੀ ਕਰਨਾ ਹੈ ਇਸ ਕਰਕੇ ਆਓ ਸਟੇਜ ਤੇ ਪਰਖੀਏ ਕਿ ਕੀ ਤੁਸੀਂ ਸੱਚ ਬੋਲਦੇ ਹੋ ਜਾਂ ਝੂਠ?

ਭਾਈ ਸਾਹਿਬ ਨੂੰ ਇਹ ਸੋਨਾ ਬਨਾਉਣ ਵਾਲਾ ਨੁਸਖਾ ਜੇਲ ਵਿਚ ਇਕ ਕੈਦੀ ਨੇ ਦਿਤਾ ਸੀ ਅਤੇ ਭਾਈ ਸਾਹਿਬ ਮੁਤਾਬਕ ਬਾਅਦ ਵਿਚ ਭਾਈ ਸਾਹਿਬ ਨੇ ਇਸ ਨੁਸਖੇ ਨੂੰ ਅੱਗ ਲਾ ਕੇ ਸਾੜ ਦਿਤਾ ਸੀ ਕਿਉਂਕਿ ਇਸ ਨਾਲ ਉਹਨਾਂ ਦੀ ਨਾਮ ਵਿਚ ਪ੍ਰਾਇਣ ਬਿਰਤੀ ਨੂੰ ਫਰਕ ਪੈਂਦਾ ਸੀ। ਸਮਝ ਨਹੀਂ ਆਉਂਦੀ ਕਿ ਇਸ ਨੁਸਖੇ ਵਾਲੀ ਗੱਲ ਨਾਲ ਗੁਰਮਤਿ ਦੇ ਕਿਹੜੇ ਅਸੂਲ ਦੀ ਉਲੰਘਣਾ ਹੁੰਦੀ ਹੈ। ਇਸ ਘਟਨਾ ਦਾ ਤਾਂ ਨਾਮ ਸਿਮਰਨ ਦੀ ਸ਼ਕਤੀ ਨਾਲ, ਜਿਸ ਤੋਂ ਕਿ ਤੁਹਾਨੂੰ ਅਤੇ ਘੱਗਾ ਜੀ ਨੂੰ ਬਹੁਤ ਚਿੜ ਹੈ, ਕੋਈ ਸੰਬੰਧ ਵੀ ਨਹੀਂ ਹੈ। ਜੋ ਤੁਹਾਡਾ ਇਹ ਚੈਲੇਂਜ ਹੈ ਕਿ ਅਸੀਂ ਇਸ ਘਟਨਾ ਨੂੰ ਸਾਬਤ ਕਰੀਏ, ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਆਪ ਇਹ ਕਿਤਾਬ ਨਹੀਂ ਪੜੀ ਲਗਦੀ, ਵਰਨਾ ਤੁਹਾਨੂੰ ਪਤਾ ਹੁੰਦਾ ਕਿ ਇਹ ਨੁਸਖਾ ਹੁਣ ਮੌਜੂਦ ਨਹੀਂ ਕਿਉਂਕਿ ਭਾਈ ਸਾਹਿਬ ਨੇ ਇਸ ਨੂੰ ਸਾੜ ਦਿਤਾ ਸੀ।

ਤੁਸੀਂ ਲਿਖਿਆ ਹੈ:

6. ‘ਗੁਰਬਾਣੀ ਪਾਠ ਦਰਪਨ’ ਪੰਨਾ 87, ਛਪਾਈ ਸਾਲ 1969 ਤੇ ਇਹ ਲਿਖਿਆ ਹੈ ਕਿ ਸਿੱਖ ਨੇ ਅੰਮ੍ਰਿਤ ਇਸ ਕਰਕੇ ਛੱਕਣਾ ਹੈ ਕਿ ਜੇ ਕਿਤੇ ਕਿਸੇ ਅਵੱਗਿਆ ਕਾਰਣ ਸਿੱਖ ਨਰਕਾਂ ਵਿਚ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਸਿੱਖ ਨੂੰ ਕੇਸਾਂ ਤੋਂ ਪਕੜ ਕੇ ਨਰਕ ਵਿਚ ਪੈਣ ਤੋਂ ਬਚਾ ਲੈਣਗੇ। ਤੁਸੀਂ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਐਸਾ ਨਰਕ ਕਿਥੇ ਹੈ ਜਿਸਦੇ ਦਰਵਾਜੇ ਤੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਨਰਕ ਵਿਚ ਪੈਣ ਤੋਂ ਬਚਾਉਣ ਲਈ ਪਹਿਰੇਦਾਰ ਦਾ ਕੰਮ ਕਰ ਰਹੇ ਹਨ?

ਜਿਥੋਂ ਤਕ ਤੁਹਾਡਾ ਇਹ ਸਵਾਲ ਹੈ ਕਿ ਨਰਕ ਕਿਥੇ ਹੈ, ਇਸ ਦਾ ਜਵਾਬ ਤਾਂ ਆਪਾਂ ਨੂੰ ਅਗੇ ਜਾ ਕੇ ਹੀ ਮਿਲੇਗਾ ਪਰ ਇੰਨੀ ਗੱਲ ਜ਼ਰੂਰ ਸਚ ਹੈ ਕਿ ਨਰਕ ਹੈ ਜ਼ਰੂਰ ਅਤੇ ਇਕ ਨਹੀਂ ਅਨੇਕਾਂ ਹੀ ਨਰਕ ਹਨ। ਗੁਰਬਾਣੀ ਵਿਚ ਆਸਥਾ ਜਾਂ ਵਿਸ਼ਵਾਸ ਰਖਣ ਵਾਲਾ ਕੋਈ ਵੀ ਸੱਚਾ ਸਿਖ ਨਰਕ ਦੀ ਜਾਂ ਸਵਰਗ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦਾ। ਹੇਠਾਂ ਦਰਜ ਹਨ ਕੁਝ ਕੁ ਗੁਰਬਾਣੀ ਦੀਆਂ ਪੰਕਤੀਆਂ, ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਸਮੇਤ:

ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥ ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥ ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥ ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥5॥

ਅਰਥ :-ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ, ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ, ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ; ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ।5।

ਉਪਰਲੇ ਸ਼ਬਦ ਵਿਚ ਨਰਕ ਦੀ ਹੋਂਦ ਦੀ ਗੱਲ ਕੀਤੀ ਹੈ ਅਤੇ ਨਾਲ ਇਹ ਵੀ ਕਿਹਾ ਹੈ ਕਿ ਜਿਸ ਨੂੰ ਰਬ ਦਾ ਪਿਆਰ ਨਹੀਂ ਪੈਂਦਾ ਉਹ ਜ਼ਰੂਰ ਨਰਕ ਜਾਂਦਾ ਹੈ।

ਹੋਰ ਲਵੋ:

ਮਨਮੁਖਿ ਆਵੈ ਮਨਮੁਖਿ ਜਾਵੈ ॥ ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥12॥

ਮਨਮੁਖਿ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ । ਆਵੈ-ਜੰਮਦਾ ਹੈ । ਜਾਵੈ-ਮਰਦਾ ਹੈ । ਖਾਵੈ-ਖਾਂਦਾ ਰਹਿੰਦਾ ਹੈ । ਸੇ-ਉਹ {ਬਹੁ-ਵਚਨ} । ਗੁਰਮੁਖਿ-ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ । ਲੇਪੁ-ਲਬੇੜ, ਅਸਰ । ਮਾਸਾ-ਰਤਾ ਭੀ ।12।

ਹੇ ਭਾਈ ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ । ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ । ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ।12।

ਉਪਰਲੇ ਸ਼ਬਦ ਵਿਚ ਵੀ ਗੁਰੂ ਸਾਹਿਬ ਸਾਫ ਕਹਿ ਰਹੇ ਹਨ ਕਿ ਮਨਮੁਖ ਨਾ ਸਿਰਫ ਆਵਾਗਉਣ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ ਬਲਕਿ ਸਾਰਿਆਂ ਨਰਕਾਂ ਦੇ ਦੁਖ ਭੋਗਦਾ ਹੈ। ਇਸ ਸ਼ਬਦ ਨਾਲ ਨਾ ਸਿਰਫ ਨਰਕ ਦੀ ਹੋਂਦ ਹੀ ਸਿਧ ਹੁੰਦੀ ਹੈ ਬਲਕਿ ਆਵਾਗਉਣ ਦਾ ਗੁਰਮਤਿ ਸਿਧਾਂਤ ਵੀ ਸਾਬਤ ਹੁੰਦਾ ਹੈ।

ਤੁਸੀਂ ਲਿਖਿਆ ਹੈ:

ਸੱਭ ਤੋਂ ਅਹਿਮ ਨੁਕਤਾ ਇਹ ਹੈ ਕਿ ਗੁਰਬਾਣੀ ਵਿਆਕਰਣ ਨੂੰ ਹੋਰ ਕੋਈ ਮੰਨੇ ਜਾਂ ਨਾ ਮੰਨੇ ਪਰ ਮਿਸ਼ਨਰੀ ਜਰੂਰ  ਆਓ ਹੁਣ ਲਫਜ ਲਹਿਰ ਵੱਲ ਝਾਤ ਮਾਰੀਏ। ਮਹਾਨ ਕੋਸ਼ ਪੰਨਾ 1054, ਲਹਰ। 2. ਲਹਿਰ ਤਰੰਗਾਂ ਵਾਲਾ, ਵਾਲੀ। ਜਿਸ ਦਾ ਮਨ ਕਾਇਮ ਨਹੀ, ਅਨੇਕ ਤਰੰਗ ਮਨ ਵਿਚ ਉਠਦੇ ਹਨ  ਮਾਰੂ ਮਹਲਾ 1 ॥ ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥ ਪੰਨਾ 1013॥ ਇਸਦੇ ਬਾਵਜੂਦ ਵੀ ਉੱਸ ਸਮੇਂ ਦੀ ਬੋਲੀ ਵਿਚ; ਸਿੱਖ ਲਹਿਰ, ਕੌਮਨਿਸਟ ਲਹਿਰ, ਵਿਦਿਅਕ ਲਹਿਰ, ਸਿਧਾਂਤਕ ਲਹਿਰ, ਜਾਤੀ ਦੀ ਲਹਿਰ ਤੇ ਹੋਰ ਅਨੇਕਾਂ ਥਾਵਾਂ ਤੇ ਇਹ ਸਬਦ ਵਰਤਿਆ ਜਾਂਦਾ ਹੈ। ਪ੍ਰਿ. ਸਾਹਿਬ ਸਿੰਘ ਇਹ ਵੀ ਮੰਨਦੇ ਹਨ ਕਿ ਸੰਪੂਰਨ ਰੂਪ ਵਿਚ ਵਿਆਕਰਣ ਦੇ ਨਿਯਮ ਲਾਗੂ ਨਹੀ ਹੁੰਦੇ ਇਸ ਕਰਕੇ ਕੁੱਝ ਹੋਰ ਖੋਜ ਦੀ ਲੋੜ ਹੈ। ਛਪਾਈ ਅਤੇ ਉਤਾਰੇ ਦੀਆਂ ਗਲਤੀਆਂ ਦੀ ਸੰਭਾਵਨਾ ਨੂੰ ਰੱਦ ਨਹੀ ਕੀਤਾ ਜਾ ਸਕਦਾ।ਇਸ ਕਰਕੇ ਤੁਸੀਂ ਕਿਸੇ ਕਰਮਾਤ ਦੇ ਨਾਲ ਇਸ ਲਫਜ਼ ਨੂੰ ਨਹੀ ਜੋੜ ਸਕਦੇ ਤੇ ਨਾ ਹੀ ਕਬੀਰ ਸਾਹਿਬ ਦੀ ਜੰਜੀਰ ਪਾਣੀ ਦੀ ਲਹਿਰ ਨਾਲ ਟੁੱਟ ਸਕਦੀ ਹੈ।

“ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥” ਪੰਕਤੀ ਦੇ ਹੁਣ ਤਕ ਦੇ ਸਾਰੇ ਟੀਕਾਕਾਰਾਂ ਨੇ ਇਹ ਮਾਅਨੇ ਕੀਤੇ ਹਨ ਕਿ ਗੰਗਾ ਦੀ ਲਹਿਰ ਨੇ ਕਬੀਰ ਜੀ ਦੀਆਂ ਜ਼ਜੀਰਾਂ ਤੋੜ ਦਿਤੀਆਂ ਸਨ। ਹੇਠਾਂ ਦਰਜ ਹੈ ਟੀਕਾਕਾਰ ਅਤੇ ਸਿਖ ਮਿਸ਼ਨਰੀ ਕਾਲਜ ਦੇ ਪਿਤਾਮਾ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥ:

ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥1॥ ਮਨੁ ਨ ਡਿਗੈ, ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥2॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥3॥10॥18॥ {ਪੰਨਾ 1162}

ਨੋਟ :-ਕਬੀਰ ਜੀ ਸਾਰੀ ਉਮਰ ਧਾਰਮਿਕ ਜ਼ਾਹਰਦਾਰੀ, ਭੇਖ, ਕਰਮ-ਕਾਂਡ ਆਦਿਕ ਨੂੰ ਵਿਅਰਥ ਆਖਦੇ ਰਹੇ । ਹਿੰਦੂ ਕੌਮ ਦੇ ਗੜ੍ਹ ਬਨਾਰਸ ਵਿਚ ਰਹਿੰਦੇ ਹੋਏ ਭੀ ਇਹਨਾਂ ਲੋਕਾਂ ਤੋਂ ਨਹੀਂ ਡਰੇ । ਇਹ ਕੁਦਰਤੀ ਗੱਲ ਸੀ ਕਿ ਉੱਚੀ ਜਾਤ ਦੇ ਲੋਕ ਇਹਨਾਂ ਦੇ ਵਿਰੋਧੀ ਬਣ ਜਾਣ । ਉਹਨਾਂ ਵਲੋਂ ਆਏ ਕਿਸੇ ਕਸ਼ਟ ਦਾ ਇਸ ਸ਼ਬਦ ਵਿਚ ਜ਼ਿਕਰ ਹੈ, ਤੇ ਫ਼ੁਰਮਾਂਦੇ ਹਨ ਕਿ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ ਉਹ ਕਿਸੇ ਮੁਸੀਬਤ ਵਿਚ ਡੋਲਦਾ ਨਹੀਂ ।

ਪਦ ਅਰਥ :-ਗੁਸਾਇਨਿ-ਜਗਤ ਦੀ ਮਾਤਾ । ਗੋਸਾਈ-ਜਗਤ ਦਾ ਮਾਲਕ । {ਨੋਟ :-ਲਫ਼ਜ਼ ‘ਗੋਸਾਈ’ ਤੋਂ ‘ਗੁਸਾਇਨ’ ਇਸਤ੍ਰੀ-ਲਿੰਗ ਹੈ} । ਗਹਿਰ-ਡੂੰਘੀ । ਖਰੇ-ਲੈ ਗਏ । ਡਿਗੈ-ਡੋਲਦਾ ।ਰਹਾਉ।ਮ੍ਰਿਗਛਾਲਾ-ਹਰਨ ਦੀ ਖੱਲ ।2। ਰਘੁਨਾਥ-ਪਰਮਾਤਮਾ ।3।

ਅਰਥ :-(ਹੇ ਭਾਈ !) ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ, ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ ।ਰਹਾਉ। (ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ, ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ ‘ਮਾਤਾ’ ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ।1। (ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ, ਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ ।2। ਕਬੀਰ ਆਖਦਾ ਹੈ-(ਹੇ ਭਾਈ ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ । ਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ ।3।10।18।

1. ਪ੍ਰੋਫੈਸਰ ਸਾਹਿਬ ਸਿੰਘ ਜੀ ਵਲੋਂ ‘ਲਹਰਿ’ ਦਾ ਜੋ ਅਰਥ ਕੀਤਾ ਗਿਆ ਹੈ ਉਹ ਬਹੁ-ਵਚਨ, ਇਸਤ੍ਰੀ ਲਿੰਗ, ਕਰਣ ਕਾਰਕ ਰੂਪ ਵਿਚ ਹੈ। ਹੁਣ ਤਕ ਸਭ ਟੀਕਾਕਾਰਾਂ ਨੇ ਇਸਦਾ ਅਰਥ ਇਹੋ ਹੀ ਕੀਤਾ ਹੈ। ਘੱਗਾ ਜੀ ਨਾਲ ਵਿਚਾਰ ਕਰਨ ਤੋਂ ਬਾਅਦ ਕੁਝ ਇਕ ਸਿੰਘਾਂ ਨਾਲ ਵਿਚਾਰ ਤੋਂ ਪਤਾ ਲਗਿਆ ਕਿ ‘ਲਹਰਿ’ ਦਾ ਅਰਥ ਇਕ ਵਚਨ, ਇਸਤ੍ਰੀ ਲਿੰਗ ਨਾਂਵ, ਅਧਿਕਰਣ ਕਾਰਕ ਰੂਪ ਵਿਚ ਵੀ ਹੋ ਸਕਦਾ ਹੈ ਭਾਵ ਕਿ ਕਬੀਰ ਜੀ ਦੀ, ਪਾਣੀ ਦੀ ਲਹਿਰ ਵਿਚ, (ਪ੍ਰਮਾਤਮਾ ਦੀ ਕਿਰਪਾ ਨਾਲ) ਜ਼ੰਜੀਰ ਟੁੱਟ ਗਈ।

2. ਦੂਸਰਾ ਅਹਿਮ ਨੁਕਤਾ ਇਹ ਹੈ ਕਿ ਘਗਾ ਜੀ ਦੇ ਅਰਥ ਕਿ ਕਬੀਰ ਜੀ ਨੇ ਬ੍ਰਹਮਣਵਾਦ ਦੀਆਂ ਜ਼ੰਜੀਰਾਂ ਨੂੰ ਤੋੜ ਦਿਤਾ, ਇਹ ਅਰਥ ਇਤਿਹਾਸ ਦੇ ਬਿਲਕੁਲ ਉਲਟ ਹਨ। ਕਬੀਰ ਜੀ ਕਦੇ ਬ੍ਰਹਮਣਵਾਦ ਦੇ ਧਾਰਨੀ ਹੀ ਨਹੀਂ ਸਨ ਕਿਉਂਕਿ ਉਹ ਮੁਸਲਮਾਨ ਜੁਲਾਹੇ ਦੇ ਘਰ ਪੈਦਾ ਹੋਏ ਸਨ ਅਤੇ ਉਹਨਾਂ ਦੇ ਜੀਵਨ ਦੌਰਾਨ ਮੁਸਲਮਾਨਾਂ ਦਾ ਹੀ ਰਾਜ ਸੀ। ਜਦ ਕਬੀਰ ਜੀ ਬ੍ਰਹਮਣਵਾਦ ਦੀ ਜ਼ਜੀਰਾਂ ਦੇ ਜਕੜੇ ਹੋਏ ਹੀ ਨਹੀਂ ਸਨ ਤਾਂ ਫਿਰ ਉਹਨਾਂ ਨੂੰ ਇਹਨਾਂ ਜ਼ਜੀਰਾਂ ਨੂੰ ਤੋੜਨ ਦੀ ਕੀ ਲੋੜ ਪੈ ਗਈ? ਜੇਕਰ ਕਬੀਰ ਜੀ ਉਪਰ ਬ੍ਰਹਮਣਵਾਦ ਦਾ ਅਸਰ ਹੁੰਦਾ ਤਾਂ ਉਹ ਪੰਡਿਤਾਂ ਨੂੰ ਇਹ ਕਿਵੇਂ ਕਹਿ ਸਕਦੇ ਸਨ ਕਿ ਜੇ ਤੂੰ ਬ੍ਰਹਮਣੀ ਦੇ ਪੇਟ ਤੋਂ ਜੰਮਿਆ ਹੈਂ ਤਾਂ ਹੋਰ ਰਸਤੇ ਕਿਉਂ ਨਹੀਂ ਆਇਆ?

3. ਲਹਰਿ ਦਾ ਜੋ ਘੱਗਾ ਜੀ ਮਾਅਨਾ ਕਰਦੇ ਹਨ ਉਹ ਕਿਸੇ ਤਰਾਂ ਵੀ ਵਿਆਕਰਣ ਦੇ ਅਨੁਕੂਲ ਨਹੀਂ। ਉਹ ਇਸ ਦਾ ਮਾਅਨਾ ਕਰਮ ਕਾਰਕ ਵਿਚ ਕਰਦੇ ਹਨ ਪਰ ਇਹ ਨਹੀਂ ਦਸਦੇ ਕਿ ਇਸ ਕਰਮ ਦਾ ਕਰਤਾ ਕਬੀਰ ਕਿਸਤਰਾਂ ਬਣ ਗਿਆ। ਘੱਗਾ ਜੀ ਕਹਿੰਦੇ ਹਨ ਕਿ ਕਬੀਰ ਜੀ ਨੇ ਬ੍ਰਹਮਣਵਾਦ ਰੂਪੀ ਜ਼ੰਜੀਰਾਂ ਤੋੜ ਦਿਤੀਆਂ ਪਰ ਇਹ ਅਰਥ ਤਾਂ ਬਣ ਸਕਦੇ ਸਨ ਜੇਕਰ ਇਸ ਸ਼ਬਦ ਵਿਚ “ਟੁਟੀ” ਦੀ ਥਾਂ ਤੇ “ਤੋੜੀ” ਸ਼ਬਦ ਹੁੰਦਾ। ਇਸੇ ਹੀ ਪੰਕਤੀ ਵਿਚ “ਟੁਟੀ” ਅਤੇ “ਮੇਰੀ” ਲਫਜ਼ਾਂ ਦੇ ਇਕੱਠੇ ਹੋਣ ਕਾਰਨ ਘੱਗਾ ਜੀ ਵਾਲੇ ਅਰਥ ਕਿਸੇ ਵੀ ਤਰਾਂ ਨਹੀਂ ਹੋ ਸਕਦੇ। ਸਨਿਮਰ ਬੇਨਤੀ ਹੈ ਕਿ ਬਿਨਾ ਗੁਰਮਤਿ ਵਿਆਕਰਣ ਦੀ ਸੋਝੀ ਤੋਂ ਗੁਰਬਾਣੀ ਦੇ ਅਰਥ ਕਰਨੇ ਗੈਰ-ਜ਼ਿਮੇਵਾਰਾਨਾ ਹਰਕਤ ਹੈ ਜੋ ਕਿ ਅਜ ਦੇ ਯੁਗ ਵਿਚ ਜਦੋਂ ਕਿ ਗੁਰਬਾਣੀ ਵਿਆਕਰਣ ਦਾ ਸੂਰਜ ਉਦੇ ਹੋ ਚੁਕਿਆ ਹੈ, ਮਿਸ਼ਨਰੀ ਵੀਰਾਂ ਨੂੰ ਕਤਈ ਵੀ ਸ਼ੋਭਦੀ ਨਹੀਂ।

ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਗੁਰਬਾਣੀ ਦੇ ਸੰਦਰਭ ਵਿਚ ਇਸ ਸ਼ਬਦ ਨੂੰ ਅਤੇ ਹੋਰ ਨਾਮ ਦੀ ਮਹਿਮਾ ਵਾਲੇ ਸ਼ਬਦ ਵਿਚਾਰੋ ਜੀ। ਅਸੀਂ ਗੁਰਬਾਣੀ ਨੂੰ ਆਪਣੇ ਨਿਸ਼ਚੇ ਸਾਬਤ ਕਰਨ ਲਈ ਨਹੀਂ ਵਰਤਣਾ ਸਗੋਂ ਗੁਰਬਾਣੀ ਦੀ ਰੌਸ਼ਨੀ ਵਿਚ ਪੁਰਾਣੇ ਯਕੀਨ, ਵਿਸ਼ਵਾਸ ਅਤੇ ਨਿਸ਼ਚੇ ਤਿਆਗ ਕੇ ਗੁਰਬਾਣੀ ਨੂੰ ਗ੍ਰਹਿਣ ਕਰਨਾ ਹੈ।

ਤੁਸੀਂ ਲਿਖਿਆ ਹੈ:

ਅੱਜ ਤਕ ਇਨ੍ਹਾਂ ਕਰਮਾਤਾਂ ਨਾਲ ਸਮੁਚੀ ਲੋਕਾਈ ਦਾ ਕੋਈ ਭਲਾ ਨਹੀ ਹੋਇਆ। ਕੀ ਹੁਣ ਸਾਨੂੰ ਤੁਹਾਡੇ ਵਿਸ਼ਵਾਸ਼ ਮੁਤਾਬਕ ਕਰਾਮਾਤਾਂ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਕੋਈ ਕੰਮ ਨਹੀ ਕਰਨਾ ਚਾਹੀਦਾ ਅਤੇ ਭੁਖੇ ਮਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ? ਜਾਂ ਫਿਰ ਅੱਜ ਸਾਨੂੰ ਸਿੱਖਾਂ ਅਤੇ ਬਾਕੀ ਦੀਆਂ ਕੌਮਾਂ ਦਾ ਭਲਾ ਕਰਨ ਲਈ ਗੁਰਬਾਣੀ ਦੇ ਅਰਥ ਇਸ ਪ੍ਰਕਾਰ ਕਰਨੇ ਚਾਹੀਦੇ ਹਨ ਤਾਂ ਕਿ ਸਾਰੀ ਲੋਕਾਈ ਅਗਿਆਨਤਾ ਦੇ ਖਾਰੇ ਸਾਗਰ ਦੀ ਦਲ-ਦਲ ਵਿਚੋਂ ਨਿਕਲ ਸਕੇ ਅਤੇ ਆਪਣੀ ਰੋਟੀ ਕਮਾਉਣ ਲਈ ਯਤਨਸ਼ੀਲ ਹੋ ਜਾਵੇ।

ਅਸੀਂ ਕਦੋਂ ਪ੍ਰਚਾਰ ਕਰਦੇ ਹਾਂ ਕਿ ਆਪਾਂ ਨੂੰ ਕਰਾਮਾਤਾਂ ਦੀ ਉਡੀਕ ਕਰਨੀ ਚਾਹੀਦੀ ਹੈ ਪਰ ਅਸੀਂ ਇਹ ਗੱਲ ਡੰਕੇ ਦੀ ਚੋਟ ਤੇ ਕਹਿੰਦੇ ਹਾਂ ਕਿ ਆਪਾਂ ਨੂੰ ਕਾਮਯਾਬੀ ਤਾਂ ਹੀ ਮਿਲੇਗੀ ਜੇਕਰ ਆਪਾਂ ਗੁਰਮਤਿ ਅਨੁਸਾਰ ਨਾਮ ਜਪਾਂਗੇ, ਬਾਣੀ ਦਾ ਪਾਠ ਕਰਾਂਗੇ ਅਤੇ ਗੁਰਬਾਣੀ ਦਿਆਂ ਸਾਰਿਆਂ ਹੁਕਮਾਂ ਨੂੰ ਮੰਨਣ ਨੂੰ ਤਤਪਰ ਹੋਵਾਂਗੇ।

ਆਓ ਆਪਾਂ ਗੁਰੂ ਸਾਹਿਬ ਦੇ ਨਾਮ ਜਪਣ ਦੇ ਹੁਕਮ ਨੂੰ ਮੰਨੀਏ ਅਤੇ ਨਾ ਮੰਨਣ ਕਰਕੇ ਆਪਣੇ ਸਿਰ ਤੋਂ ਮੂਰਖ ਹੋਣ ਦਾ ਗੁਰੂ ਸਾਹਿਬ ਵਲੋਂ ਦਿੱਤਾ ਫਤਵਾ ਲਾਹੀਏ।

ਅਖੀਰ ਵਿਚ ਸਾਡਾ ਆਪ ਜੀ ਨੂੰ ਅਤੇ ਘੱਗਾ ਜੀ ਨੂੰ ਖੁਲਾ ਸੱਦਾ ਹੈ ਕਿ ਆਪਾਂ ਗੁਰਮਤਿ ਅਨੁਸਾਰ ਗੁਰਮਤਿ ਦੇ ਬੁਨਿਆਦੀ ਅਸੂਲਾਂ ਅਤੇ ਨਿਸ਼ਚਿਆਂ ਬਾਰੇ ਆਹਮੋ-ਸਾਹਮਣੇ ਬੈਠ ਕੇ, ਏਕ ਲਿਵ ਲਾ ਕੇ, ਵਿਚਾਰ ਕਰੀਏ। ਚਿਠੀ ਲਿਖਦਿਆਂ ਜੇਕਰ ਕੋਈ ਗੁਰਮਤਿ ਦੇ ਉਲਟ ਗੱਲ ਹੋ ਗਈ ਹੋਵੇ ਤਾਂ ਅਸੀਂ ਖਿਮਾ ਦੇ ਜਾਚਕ ਹਾਂ।

ਆਓ, ਵਿਚਾਰ ਦੀ ਸਮਾਪਤੀ ਸਤਿਗੁਰਾਂ ਦੇ ਪਾਵਨੋ-ਮੁਕੱਦਸ ਫੁਰਮਾਨ (ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਸਮੇਤ) ਨਾਲ ਕਰੀਏ:

ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥ ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥2॥

ਮੂਰਖਾ ਸਿਰਿ ਮੂਰਖੁ-ਸਭ ਤੋਂ ਵੱਡਾ ਮੂਰਖ । ਜਿ-ਜਿਹੜਾ ।2।

ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ । ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ । ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ।2।

Return to Panthic Weekly