Note: This article is in UNICODE Gurmukhi, for technical assistance visit : Wikipedia's Multilugual Support Page
12 ਅਕਤੂਬਰ, 2007
ਸੰਪਾਦਕ, ਸਪੋਕਸਮੈਨ,
ਚੰਡੀਗੜ੍ਹ,
ਸ੍ਰੀ ਮਾਨ ਜੀ,
ਸਪੋਕਸਮੈਨ ਦੇ 6 ਅਕਤੂਬਰ, 2007 ਦੇ ਪੰਨਾ 6 ਤੇ ਦਿੱਲੀ ਵਿਚ 2 ਅਕਤੂਬਰ, 2007 ਨੂੰ ਸ੍ਰੀ ਦਸਮ ਗ੍ਰੰਥ ਬਾਰੇ ਹੋਈ ਚਰਚਾ ਦੀ ਰਿਪੋਰਟ ਛਪੀ ਹੈ।
ਇਹ ਰਿਪੋਰਟ ਨਾ ਕੇਵਲ ਦੁਰਭਾਵਨਾ ਗ੍ਰਸਤ ਹੈ ਬਲਕਿ ਸਰਾਸਰ ਗਲਤ ਬਿਆਨੀ ਤੇ ਅਧਾਰਤ ਹੈ ਅਤੇ ਤਥਾਂ ਤੋਂ ਇਕ ਦਮ ਉਲਟ ਹੈ। ਮੇਰੇ ਬਾਰੇ ਇਸ ਵਿਚ ਸਿਰਲੇਖ ਲਾਇਆ ਗਿਆ ਹੈ ਕਿ ਮੈਂ ਇਹ ਕਿਹਾ ਹੈ, "ਮੈਨੂੰ ਸਾਰਾ ਗਿਆਨ ਦਸਮ ਗ੍ਰੰਥ ਵਿਚਲੇ ਸ਼ਿਵ ਪੁਰਾਣ ਤੋਂ ਮਿਲਿਆ, ਸ਼ਬਦ ਗੁਰੁ ਤੋਂ ਨਹੀਂ" ਇਹ ਸਿਰਲੇਖ ਇਕ ਦਮ ਸ਼ਰਾਰਤਪੂਰਣ ਹੈ ਅਤੇ ਰਿਪੋਰਟ ਭੇਜਣ ਵਾਲੇ ਪੱਤਰ ਪ੍ਰੇਰਕ ਦੇ ਗਿਆਨ ਦਾ ਲਖਾਇਕ ਹੈ। ਸ੍ਰੀ ਦਸਮ ਗ੍ਰੰਥ ਵਿਚ ਸ਼ਿਵ ਪੁਰਾਣ ਨਾਮ ਦੀ ਕੋਈ ਰਚਨਾ ਹੈ ਹੀ ਨਹੀਂ।
ਤਕਰੀਬਨ ਚਾਰ ਘੰਟੇ ਚਲੀ ਇਸ ਇਕਤ੍ਰਤਾ ਵਿਚ ਜੇ ਕੋਈ ਸੱਜਣ ਕਿਸੇ ਕਿਸਮ ਦੀ ਪੁਸਤਕ ਜਾਂ ਗ੍ਰੰਥ , ਮਸਲਨ ਮਾਰੰਡੇਯ ਪੁਰਾਣ, ਸ਼ਿਵ ਪੁਰਾਣ ਆਦਿ ਲੈ ਕੇ ਆਇਆ ਸੀ ਤਾਂ ਉਹ ਸਰਦਾਰ ਦਲਬੀਰ ਸਿੰਘ 'ਮਿਸ਼ਨਰੀ' ਸਨ ਜਿਸ ਦਾ ਉਹ ਬਾਰ ਬਾਰ ਪਾਠ ਕਰ ਕੇ ਸੁਣਾ ਰਹੇ ਸਨ। ਮੇਰੇ ਕੋਲ ਕੋਈ ਹਵਾਲਾ ਪੁਸਤਕ ਜਾਂ ਗ੍ਰੰਥ ਨਹੀਂ ਸੀ।
ਇਸ ਇਕਤ੍ਰਤਾ ਵਿਚ ਸਰਦਾਰ ਦਲਬੀਰ ਸਿੰਘ ਨੇ ਜੋ ਆਪਣਾ ਲੇਖ ਵੰਡਿਆ ਅਤੇ ਜਿਸ ਦੇ ਹਵਾਲੇ ਨਾਲ ਉਹਨਾਂ ਨੇ ਆਪਣਾ ਲੰਬਾ ਭਾਸ਼ਣ ਦਿੱਤਾ ਉਸ ਵਿਚ ਉਹਨਾਂ ਨੇ ਜਾਪ ਸਾਹਿਬ, ਅਕਾਲ ਉਸਤਤਿ, ਬੇਨਤੀ ਚੌਪਈ ਤੋਂ ਸਾਫ ਮੁਨਕਰ ਹੁੰਦਿਆਂ ਹੋਇਆ ਇਹ ਸਪਸ਼ਟ ਲਫਜ਼ਾ ਵਿਚ ਐਲਾਨ ਕਰਦਿਆਂ ਕਿਹਾ ਕਿ, "ਮੈਂ ਜਾਪ ਸਾਹਿਬ ਨਹੀਂ ਜੇ ਪੜ੍ਹਦਾ। ਮੈਂ ਬੇਨਤੀ ਚੌਪਈ ਨਹੀਂ ਜੇ ਪੜ੍ਹਦਾ।"
ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਪਸ਼ਟ ਹੁਕਮਨਾਮਾ ਹੋਣ ਦੇ ਬਾਵਜੂਦ ਕਿ ਇਸ ਗ੍ਰੰਥ ਦੇ ਖਿਲਾਫ ਬੋਲਣ ਵਾਲੇ 'ਸ਼ਰਾਰਤੀ ਅਨਸਰ' ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਰਦਾਰ ਤਰਸੇਮ ਸਿੰਘ ਜੀ ਨੇ ਸਰਦਾਰ ਦਲਬੀਰ ਸਿੰਘ ਦੇ ਵਿਚਾਰਾਂ ਦੀ ਖੁਲ੍ਹੀ ਹਿਮਾਇਤ ਕੀਤੀ ਅਤੇ ਕਿਹਾ ਕਿ ਜਿਹੜੇ ਦਸਮ ਗ੍ਰੰਥ ਦੇ ਹਿਮਾਇਤ ਵਿਚ ਹਨ ਉਹ ਵੀ ਉਤਨਾ ਹੀ ਵੱਡਾ ਗੁਨਾਹ ਹੈ ਜਿਤਨਾ ਕਿ ਦਲਬੀਰ ਸਿੰਘ ਦਾ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਅਗਰ ਇਹ ਕਹਿ ਵੀ ਦਿੱਤਾ ਕਿ ਇਹ ਤਾਂ ਕੋਈ ਐਡੀ ਵੱਡੀ ਗਲ ਨਹੀਂ। ਤੇ ਬਾਕੀ ਉਨਾਂ ਦੇ ਹਵਾਲੇ ਨਾਲ ਆਪ ਨੇ ਖੁਦ ਹੀ ਛਾਪ ਦਿੱਤਾ ਹੈ ਕਿ "ਜਦ ਤਕ ਰਹਿਤ ਮਰਿਆਦਾ 'ਚ ਸੋਧ ਨਹੀਂ ਹੁੰਦੀ, ਇਨ੍ਹਾਂ ਵਿਸ਼ਿਆਂ ਤੇ ਜਨਤਕ ਵਾਦ-ਵਿਵਾਦ ਕਰਨਾ ਠੀਕ ਨਹੀਂ।" ਇਹ ਕਹਿ ਕੇ ਤਰਸੇਮ ਸਿੰਘ ਜੀ ਨੇ ਸਿੱਧੇ ਤੌਰ ਤੇ ਸਿੱਖ ਰਹਿਤ ਮਰਯਾਦਾ ਨੂੰ ਸ਼ੱਕੀ ਬਣਾਣ ਦੀ ਕੋਸ਼ਿਸ਼ ਕੀਤੀ।
ਬਾਕੀ ਆਪ ਦੀ ਰਿਪੋਰਟ ਵਿਚ ਕੀਤੀ ਗਈ ਰਿਕਾਰਡਿੰਗ ਨੂੰ ਤੋੜ ਮਰੋਣ ਕੇ ਪੇਸ਼ ਕਰਣ ਦਾ ਖਦਸ਼ਾ ਦਰੁਸਤ ਸਾਬਿਤ ਹੋਇਆ ਹੈ ਜਿਸ ਵਿਚ ਆਪ ਦੇ ਪਰਚੇ ਵਿਚ ਛਪੀ ਖਬਰ ਵਿਚ ਇਹੀ ਕੀਤਾ ਗਿਆ ਹੈ।
ਆਪ ਦੀ ਰਿਪੋਰਟ ਨੇ ਇਕ ਹੋਰ ਇੰਕਸ਼ਾਫ ਕੀਤਾ ਹੈ ਕਿ , "ਪੰਥਕ ਮਾਹਰਾਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਦਿੱਲੀ ਦੇ ਕੁੱਝ ਪੰਥਕ ਵਿਦਵਾਨਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਨੂੰ 'ਪੰਥ ਵਿਚੋਂ ਛੇਕਣ' ਲਈ ਆਧਾਰ ਤਿਆਰ ਕਰਨ ਦਾ ਇਕ ਜ਼ਰੀਆ ਸੀ। ਇਸ ਬਾਰੇ ਕੇਵਲ ਇਤਨਾ ਸਪਸ਼ਟੀਕਰਨ ਹੀ ਕਾਫੀ ਹੋਵੇਗਾ ਕਿ ਪੰਥ ਚੋਂ ਕਿਸੇ ਨੂੰ ਕੋਈ ਨਹੀਂ ਛਿਕਵਾ ਸਕਦਾ ਬਲਕਿ ਅਜ ਤਕ ਜਿਤਨੇ ਵੀ ਭੱਦਰ ਪੁਰਸ਼ ਪੰਥ ਚੋਂ ਛੇਕੇ ਗਏ ਹਨ ਉਹ ਆਪਣੀਆਂ ਕਰਤੂਤਾਂ ਅਤੇ ਪੰਥ ਵਿਰੋਧੀ ਲਿਖਤਾਂ ਅਤੇ ਬਿਆਨਾਂ ਕਰ ਕੇ ਛੇਕੇ ਗਏ ਹਨ।
ਪੱਤਰਕਾਰਿਤਾ ਦੇ ਮੁਢਲੇ ਫਰਜ਼ ਦਾ ਸਤਿਕਾਰ ਕਰਦਿਆਂ ਬੇਨਤੀ ਹੈ ਕਿ ਮੇਰਾ ਇਹ ਸਪਸ਼ਟੀਕਰਣ ਜ਼ਰੂਰ ਛਾਪਣ ਦੀ ਕਿਰਪਾ ਕੀਤੀ ਜਾਏ। ਧੰਨਵਾਦੀ ਹੋਵਾਂਗਾ।
ਗੁਰਚਰਨਜੀਤ ਸਿੰਘ ਲਾਂਬਾ
ਐਡੀਟਰ,
ਸੰਤ ਸਿਪਾਹੀ (Estd.1945)
24, ਸ਼ਹੀਦ ਊਧਮ ਸਿੰਘ ਨਗਰ,
ਜਲੰਧਰ.
Phone: 98159-63036