The Panthic Weekly Published by The Khalsa Press
Established
Nanakshahi 537 (2005)

PW XML Feed
  This issue published on : April 17th of 2008 | Publishing in service of the Sikh Panth
Latest Issue
  
• 04/17/08 Issue
Punjab
Americas
Europe
Asia
Inspirational Articles

WebBlog
Feedback
PW in E-mail
XML Feeds
About PW
PAST ISSUES

2008-07-11
2008-07-04
2008-06-27
2008-06-20
2008-06-13
2008-06-06
2008-05-30
2008-05-23
2008-05-16
more...



ਇਤਿਹਾਸ ਪਰੰਪਰਾ ਤੇ ਬਿਚਿਤ੍ਰ ਨਾਟਕ
(Gurmukhi) DushtDaman.org
Thursday 17th of April 2008
Sawarn Singh Sanayhi

Note: This article is in UNICODE Gurmukhi, for technical assistance visit : Wikipedia's Multilugual Support Page

ਇਤਿਹਾਸ ਪਰੰਪਰਾ ਤੇ ਬਿਚਿਤ੍ਰ ਨਾਟਕ
ਸਵਰਨ ਸਿੰਘ ਸਨੇਹੀ

 ਇਤਿਹਾਸਿਕ ਪੁਸਤਕਾਂ ਵਾਰਤਕ ਵਿਚ ਹੋਣ ਕਰਕੇ ਇਹ ਧਾਰਨਾ ਬਣ ਗਈ ਹੈ ਕਿ ਕਾਵਿ ਰਚਨਾ ਇਤਿਹਾਸ ਨਹੀਂ ਹੋ ਸਕਦੀ। ਸਾਡੀ ਜਾਚੇ ਇਤਿਹਾਸ ਕਵਿਤਾ ਤੇ ਵਾਰਤਕ ਦੋਹਾਂ ਰੂਪਾਂ ਵਿਚ ਹੀ ਲਿਖਿਆ ਜਾ ਸਕਦਾ ਹੈ। ਹਾਂ ਕਵਿਤਾ ਵਿਚ ਇਤਿਹਾਸ ਲਿਖਣਾ ਕਵੀ ਵਲੋਂ ਵਿਦਵਤਾ ਦੇ ਜੌਹਰ ਦਿਖਾਉਣ ਵਾਲੀ ਗੱਲ ਬਣ ਜਾਂਦੀ ਹੈ। ਜਿਵੇਂ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ਵਾਲੀ ਗੁਰੂ ਨਾਨਕ ਦੇਵ ਦੀ ਉਚਾਰੀ ਸਤਰ ਦਾ ਹਰ ਕੋਈ ਵਿਦਵਾਨ ਆਪੋ ਆਪਣੀ ਬੁਧੀ ਤੇ ਮਾਨਸਿਕ ਝੁਕਾਉ ਅਨੁਸਾਰ ਵੱਖ-ਵੱਖ ਅਰਥ ਕੱਢ ਲੈਂਦਾ ਹੈ।

 ਵਿਦਵਾਨਾਂ ਦਾ ਮਤ ਹੈ ਕਿ ਪਹਿਲਾਂ ਕਾਵਿ ਸਾਹਿਤ ਦੀ ਉਤਪਤੀ ਹੁੰਦੀ ਹੈ। ਵਾਰਤਕ ਦੇ ਜਨਮ ਤਕ ਕਵਿਤਾ ਪ੍ਰੋੜ੍ਹ ਰੂਪ ਧਾਰਨ ਕਰ ਚੁਕਦੀ ਹੈ। ਕਵੀ ਆਪਣੀ ਕਾਵਿ ਯੋਗਤਾ ਅਨੁਸਾਰ ਕਠਨ ਵਿਸ਼ੇ ਵੀ ਕਾਵਿ ਮਾਧਿਅਮ ਰਾਹੀਂ ਨਿਭਾਉਣ ਦੇ ਸਮਰਥ ਹੁੰਦਾ ਹੈ ਜਾਂ ਦੂਸਰੇ ਸ਼ਬਦਾਂ ਵਿਚ, ਇਉਂ ਕਹਿ ਲੈਣਾ ਵਧੇਰੇ ਯੋਗ ਹੋਵੇਗਾ ਕਿ ਇਹ ਕਿਸੇ ਕਵੀ ਦੀ ਯੋਗਤਾ ਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੇ ਵਿਸ਼ਿਆਂ ਨੂੰ ਸਫਲਤਾ ਨਾਲ ਨਿਭਾ ਸਕਦਾ ਹੈ।  

 ਇਹ ਕਹਿਣਾ ਅਨਿਆਇ ਹੋਵੇਗਾ ਕਿ ਪ੍ਰਾਚੀਨ ਸਮੇਂ ਦੇ ਭਾਰਤੀਆਂ ਨੂੰ ਇਤਿਹਾਸ ਦੀ ਨਾ ਤਾਂ ਸੂਝ ਬੂਝ ਸੀ ਤੇ ਨਾ ਹੀ ਕਦਰ ਕੀਮਤ।  ਸਹੀ ਗੱਲ ਤਾਂ ਇਹ ਹੈ ਕਿ ਇਤਿਹਾਸ ਵੱਲੋਂ ਉਹ ਅਵੇਸਲੇ ਨਹੀਂ ਸਨ।  ਸਗੋਂ ਇਤਿਹਾਸ ਨੂੰ ਪ੍ਰਾਚੀਨ ਭਾਰਤ ਵਿਚ ਪੰਜਵੇ ਵੇਦ ਦਾ ਦਰਜਾ ਦਾ ਪ੍ਰਾਪਤ ਸੀ।  ਜਿਸ ਤੋਂ ਇਹ ਅਨੁਮਾਨ ਲਗਾ ਸਕਣਾ ਔਖੀ ਗੱਲ ਨਹੀਂ ਕਿ ਸਾਡੇ ਬਜ਼ੁਰਗਾਂ ਨੇ ਇਤਿਹਾਸ ਨੂੰ ਉਚ ਦਰਜੇ ਦਾ ਸਮਝ ਕੇ ਉਸ ਦਾ ਸਤਿਕਾਰ ਕਾਇਮ ਰਖਿਆ।  ਫਿਰ ਵੀ ਉਹਨਾਂ ਨੂੰ ਕਈ ਕਾਰਨਾ ਕਰਕੇ ਇਤਿਹਾਸ ਵੱਲੋਂ ਅਵੇਸਲੇਪਨ ਦੇ ਦੋਸ਼ ਦਾ ਭਾਗੀ ਬਣਨਾ ਪੈ ਗਿਆ ਹੈ।  ਸਭ ਤੋਂ ਪੁਰਾਣੀ ਸਭਿਅਤਾ ਦੇ ਮਾਲਕ ਅਤੇ ਇਤਿਹਾਸ ਵਿਚ ਸਭ ਤੋਂ ਪਹਿਲੇ ਜਾਗ੍ਰਤ ਵਿਚ ਆਏ ਹੋਣ ਤੇ ਵੀ ਪਿਛਲੀਆਂ ਸਮੇਂ ਦੀਆਂ ਡੂੰਘਾਈਆਂ ਦਾ ਕੋਈ ਸਿਲਸਿਲੇਵਾਰ ਵਿਗਆਨਿਕ ਇਤਿਹਾਸ ਨਹੀਂ ਮਿਲਦਾ ਪਰ ਜੋ ਕੁਝ ਤੇ ਜਿਸ ਤਰ੍ਹਾਂ ਮਿਲਦਾ ਹੈ, ਉਸ ਵਿਚੋਂ ਉਹਨਾਂ ਦਾ ਨੁਕਤਾ ਖਿਆਲ ਨਾ ਸਮਝਣ ਕਰਕੇ ਹੀ ਉਹ ਤ੍ਰਿਸਕਾਰਿਤ ਹੁੰਦਾ ਹੈ।  

 ਭਾਰਤੀ ਤੇ ਪੰਜਾਬੀ ਸਾਹਿਤ ਵਿਚ ਪਹਿਲਾਂ ਕਾਵਿ ਸਿਰਜਣਾ ਹੋਈ।  ਭਾਰਤੀ ਕਵੀਆਂ ਨੇ ਇਤਿਹਾਸ ਜਿਹੇ ਖੁਸ਼ਕ ਵਿਸ਼ੇ ਨੂੰ ਰੋਚਕ ਬਣਾ ਕੇ ਕਵਿਤਾ ਵਿਚ ਸਫਲਤਾ ਨਾਲ ਨਿਭਾਉਣ ਦੀ ਪੂਰੀ ਚੇਸ਼ਟਾ ਕੀਤੀ।  ਇਹੋ ਕਾਰਨ ਹੈ ਕਿ ਭਾਰਤ ਵਿਚ, ਪਹਿਲੇ ਸਮਿਆਂ ਵਿਚ ਲਿਖਿਆ ਗਿਆ ਇਤਿਹਾਸ ਕਾਵਿ ਰੂਪ ਵਿਚ ਹੀ ਮਿਲਦਾ ਹੈ।  ਆਪਣੇ ਦੇਸ਼ ਦੇ ਜਿਹੜੇ ਲੰਮੇ ਇਤਿਹਾਸ ਮਿਲਦੇ ਹਨ ਤੇ ਜਿਨ੍ਹਾਂ ਵਿਚ ਬਹੁਤ ਕੁਝ ਵਿਗਿਆਨਿਕ ਇਤਿਹਾਸ ਵਾਂਗ ਵੀ ਮਿਲਦਾ ਹੈ, ਉਹ ਕਵਿਤਾ ਵਿਚ ਹਨ ਤੇ ਅਲੰਕਾਰਕ ਸਾਹਿਤ ਵਿਚ ਵਰਣਿਤ ਹਨ ਜਿਨ੍ਹਾਂ ਨਾਲ ਇਨਸਾਨੀ ਆਚਰਣ ਤੇ ਚੰਗੇ ਅਸਰ ਪੈਂਦੇ ਹਨ।  ਜੇ ਸਾਡੇ ਪੂਰਵਜ, ਇਤਿਹਾਸਿਕ ਮਹੱਤਵ ਵਾਲੀ ਕਿਸੇ ਘਟਨਾ ਦੇ ਵਰਣਨ ਨੂੰ ਕਾਵਿ ਰੂਪ ਵਿਚ ਲਿਖਿਆ ਹੋਣ ਕਾਰਨ ਹੀ ਇਤਿਹਾਸ ਦੇ ਖੇਤਰ ਵਿਚੋਂ ਖਾਰਜ ਕਰ ਦਿੰਦੇ ਤਾਂ ਵਾਰਤਕ ਇਤਿਹਾਸਕਾਰੀ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਣਾ ਵੱਡੀ ਗੱਲ ਨਹੀਂ ਸੀ।  

 ਭਾਰਤੀ ਇਤਿਹਾਸ ਦੇ ਪ੍ਰਸਿੱਧ ਸੋਮਿਆਂ ਵਿਚ ਚੰਦ ਬਰਦਾਈ ਰਚਿਤ ਪ੍ਰਿਥਵੀ ਰਾਜ ਰਾਇਸੋ ਅਤੇ ਕਲਹਣ ਦੀ ਰਾਜ ਤ੍ਰੰਗਣੀ ਦੇ ਨਾਂ ਬੜੇ ਮਾਣ ਨਾਲ ਲਏ ਜਾਂਦੇ ਹਨ।  ਇਹ ਦੋਵੇਂ ਇਤਿਹਾਸਿਕ ਗ੍ਰੰਥ ਕਵਿਤਾ ਵਿਚ ਹਨ ਤੇ ਭਾਰਤ ਦੇ ਮਹਾਨ ਕਵੀਆਂ ਦੀ ਮਿਹਨਤ ਦੇ ਸਿੱਟੇ ਹਨ।  ਇਤਿਹਾਸ ਵਿਦਵਾਨਾਂ ਅਨੁਸਾਰ ਪ੍ਰਿਥਵੀ ਰਾਜ ਰਾਇਸੋ ਭਾਰਤ ਦੇ ਇਤਿਹਾਸ ਨੂੰ ਵਰਨਨ ਕਰਨ ਵਾਲਾ ਸਭ ਤੋਂ ਪਹਿਲਾ ਗ੍ਰੰਥ ਹੈ ਕਿਉਂਕਿ ਇਸ ਤੋਂ ਪਹਿਲਾਂ ਕੀਤੀ ਗਈ ਅਜਿਹੇ ਮਹੱਤਵ ਦੀ ਕਿਸੇ ਰਚਨਾ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲਦਾ।  ਪ੍ਰਿਥਵੀ ਰਾਜ ਰਾਇਸੋ ਦੇ ਕਰਤਾ ਚੰਦ ਬਰਦਾਈ ਨੇ ਆਪਣੇ ਇਸ ਗ੍ਰੰਥ ਦਾ ਮੁਢ, ਪ੍ਰਿਥਵੀ ਰਾਜ ਚੌਹਾਨ ਦੇ ਪਿਤਾਮਿਆਂ ਦੇ ਇਤਿਹਾਸ ਤੋਂ ਬੰਨ੍ਹਿਆ ਹੈ।  ਭਾਵੇਂ ਇਸ ਗੰਰਥ ਵਿਚ ਸੰਸਕ੍ਰਿਤ ਭਾਸ਼ਾ ਦੇ ਸ਼ਲੋਕਾਂ ਅਤੇ ਫ਼ਾਰਸੀ, ਪੰਜਾਬੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਹੋਇਆ ਵੀ ਮਿਲਦਾ ਹੈ ਫਿਰ ਵੀ ਇਸ ਦੀ ਭਾਸ਼ਾ ਤਦਵਕਤੀ ਹਿੰਦੀ ਹੀ ਮੰਨੀ ਗਈ ਹੈ।  ਇਸ ਗ੍ਰੰਥ ਦੀ ਕਾਵਿ ਪੱਧਰ ਅਜਿਹੀ ਹੈ ਕਿ ਵਿਦਵਾਨ ਇਸ ਦੇ ਅਰੰਭ ਵਿਚ ਕਵੀ ਵਲੋਂ ਲਿਖੇ ਗਏ ਮੰਗਲਾਚਰਨ ਦੇ ਛੰਦ ਦਾ ਹੀ ਸਹੀ ਨਿਰਨਾ ਨਹੀਂ ਕਰ ਸਕੇ।  

 ਦੂਸਰਾ ਪ੍ਰਸਿੱਧ ਇਤਿਹਾਸ ਸ੍ਰੋਤ ਮਹਾਂਕਵੀ ਕਲਹਣ ਰਚਿਤ ਰਾਜਤ੍ਰੰਗਣੀ ਹੈ ਜਿਸ ਵਿਚ ਕਸ਼ਮੀਰ ਦਾ ਇਤਿਹਾਸ ਵਰਨਨ ਕੀਤਾ ਹੋਇਆ ਹੈ।  ਕਲਹਣ, ਚੰਪਕ ਮਹਾਂਮੰਤਰੀ ਦਾ ਪੁਤਰ ਸੀ।  ਪਿਤਾ ਦੇ ਮਹਾਰਾਜ ਹਰਸ਼ਦੇਵ ਦੇ 1089 ਤੋਂ 1101 ਤਕ ਪ੍ਰਧਾਨ ਮੰਤਰੀ ਰਹਿ ਚੁਕਣ ਕਾਰਨ ਕਲਹਣ ਦਾ ਇਤਿਹਾਸ ਗਿਆਨ ਕਾਫੀ ਸੀ।  ਵਿਦਵਾਨਾਂ ਨੇ ਰਾਜਤ੍ਰੰਗਣੀ ਦਾ ਰਚਨਾ ਕਾਲ 1148 ਤੋਂ 1150 ਦੇ ਵਿਚਕਾਰ ਦਾ ਮੰਨਿਆ ਹੈ।  ਸਮੁੱਚੇ ਪ੍ਰਾਚੀਨ ਭਾਰਤੀ ਇਤਿਹਾਸ ਵਿਚ ਵਿਗਿਆਨਿਕ ਲੀਹਾਂ ਉੱਤੇ ਇਤਿਹਾਸ ਲਿਖਣ ਦਾ ਜੇ ਕੋਈ ਉਪਰਾਲਾ ਕੀਤਾ ਗਿਆ ਹੈ ਤਾ ਇਹ ਕਲਹਣ ਦੀ ਰਾਜਤ੍ਰੰਗਣੀ ਹੈ।  ਅਜਿਹੇ ਕਈ ਹੋਰ ਇਤਿਹਾਸਾਂ ਦੇ ਲਿਖੇ ਜਾਣ ਦੀ ਸੂਹ ਵੀ ਲਗਦੀ ਹੈ, ਜਿਨ੍ਹਾਂ ਵਿਚ 12000 ਸਲੋਕਾਂ ਵਿਚ, ਹੇਲਾਰਾਜ ਵਿਪਰ ਰਚਿਤ ਪਾਰਥਾਵਲੀ ਤੇ ਖੇਮੇਂਦਰ ਰਚਿਤ ਤ੍ਰਿਪਾਵਲੀ ਦੇ ਨਾਂ ਗਿਣੇ ਜਾ ਸਕਦੇ ਹਨ।  ਭਾਈ ਵੀਰ ਸਿੰਘ ਨੇ ਇਕ ਅਜਿਹੇ ਪ੍ਰਾਚੀਨ ਇਤਿਹਾਸ ਮੰਜੂਸਰੀ ਮੂਲਾ ਕਲਪ: ਦੀ ਦੱਸ ਪਾਈ ਹੈ ਜਿਸ ਵਿਚ ਈਸਾ ਪੂਰਵ 600 ਤੋਂ ਲੈ ਕੇ 700 ਈਸਵੀ ਤਕ ਦੇ ਹਾਲਾਤ ਦਰਜ ਹਨ ਤੇ ਜਿਸ ਨੂੰ ਟ੍ਰਾਵਨਕੋਰ ਰਿਆਸਤ ਨੇ ਪ੍ਰਕਾਸ਼ਿਤ ਕਰਵਾਇਆ ਸੀ।  

 ਇਸ ਤਰ੍ਹਾਂ ਦੇ ਕਾਵਿ ਇਤਿਹਾਸਾਂ ਵਿਚ ਸਾਨੂੰ ਸੰਖੇਪ ਤੇ ਵਿਸਤਰਿਤ ਦੋਹਾਂ ਤਰ੍ਹਾਂ ਦੇ ਇਤਿਹਾਸ ਮਿਲਦੇ ਹਨ।  ਭਾਈ ਵੀਰ ਸਿੰਘ ਨੇ ਰਾਜਤ੍ਰੰਗਣੀ ਤੇ ਮੰਜੂਸਰੀ ਮੂਲਾ ਕਲਪ ਨੂੰ ਵਿਗਿਆਨਿਕ ਇਤਿਹਾਸਾਂ ਦੀਆਂ ਵੰਨਗੀਆਂ ਮੰਨਦੀਆਂ ਲਿਖਿਆਂ ਹੈ ਕਿ ਆਮ ਤੌਰ ਤੇ ਹਿੰਦ ਦੇ ਪਿਛਲਿਆਂ ਦੇ ਲਿਖੇ ਇਤਿਹਾਸ ਇਸ ਤਰਾਂ ਦੇ ਨਹੀਂ ਮਿਲਦੇ।  

 ਵਿਗਿਆਨਿਕ ਲੀਹਾਂ ਤੇ ਲਿਖੇ ਜਾਂਦੇ ਅੱਜ ਦੇ ਇਤਿਹਾਸਾਂ ਦੇ ਮੁਕਾਬਲੇ ਪੁਰਾਤਨ ਸਮੇਂ ਦੀਆਂ ਇਤਿਹਾਸਿਕ ਕਿਸਮ ਦੀਆਂ ਭਾਰਤੀ ਰਚਨਾਵਾਂ ਵਿਚ ਵਰਣਤ ਘਟਨਾਵਾਂ ਦੇ ਵਾਪਰਨ ਦੀਆਂ ਮਿਤੀਆਂ ਦਾ ਦਰਜ਼ ਨਾ ਹੋਣਾ, ਵਰਤਮਾਨ ਸਮੇਂ ਦੇ ਇਤਿਹਾਸ ਵਿਦਿਆਰਥੀਆਂ ਲਈ ਔਕੜਾਂ ਪੇਸ਼ ਕਰਦਾ ਹੈ ਤੇ ਰੜਕਦਾ ਵੀ ਹੈ।  ਇਤਿਹਾਸ ਵਿਦਵਾਨ ਇਸ ਨੂੰ ਪੂਰਵਜਾਂ ਦੀ ਊਣਤਾਈ ਖਿਆਲ ਕਰਦੇ ਹਨ।  ਕਈ ਵਿਦਵਾਨਾਂ ਨੇ ਇਸ ਰੀਤੀ ਨੂੰ ਅਨੇਕ ਜੂਨੀਏ ਹਿੰਦੂਆਂ ਦਾ ਇਤਿਹਾਸ ਵੱਲੋਂ ਅਵੇਸਲਾਪਨ ਵੀ ਗਰਦਾਨਿਆ ਹੈ।  ਉਹਨਾਂ ਅਨੁਸਾਰ ਪ੍ਰਾਚੀਨ ਭਾਰਤੀ ਲੋਕ ਜੂਨ ਕਟੀ ਕਰਦੇ ਸਨ, ਜਿਉਂਦੇ ਨਹੀਂ ਸਨ।  ਅਜਿਹੇ ਵਿਚਾਰਧਾਰੀਆਂ ਲਈ ਜਿੰਦਗੀ ਦੀ ਯਾਦ ਕਾਇਮ ਰੱਖਣਾ ਇਕ ਵਿਅਰਥ ਗੱਲ ਸੀ ਇਸੇ ਕਰਕੇ ਇਨ੍ਹਾਂ ਵਿਚ ਸਮੇਂ ਦੀ ਬਹੁਤੀ ਕਦਰ ਕੀਮਤ ਭੀ ਨਹੀਂ ਕਾਇਮ ਹੋ ਸਕੀ।  ਸਾਡਾ ਖਿਆਲ ਹੈ ਕਿ ਮਿਤੀਆਂ ਦਰਜ ਨਾ ਕਰਨ ਦੀ ਇਹ ਕਿਰਿਆ ਓਨੀ ਉਹਨਾਂ ਪੂਰਵਜਾਂ ਦੀ ਅਣਗਹਿਲੀ ਦਾ ਸਿੱਟਾ ਨਹੀਂ ਸੀ ਜਿੰਨਾ ਉਹਨਾਂ ਸਮਿਆਂ ਵਿਚ ਪ੍ਰਚਲਿਤ ਰੀਤੀ ਦੇ ਅਨੁਸਰਣ ਦਾ।   ਜਮਾਨੇ ਦੀ ਅਫਰਾ-ਤਫਰੀ ਵਿਚ ਪਿਛਲੇ ਇਤਿਹਾਸ ਸਾੜੇ ਫੂਕੇ ਵੀ ਗਏ ਪਰ ਜੋ ਕੁਛ ਵੀ ਮਿਲਦਾ ਹੈ ਉਸ ਵੱਲ ਨਜ਼ਰ ਮਾਰੀਏ ਤਾਂ ਜਾਪਦਾ ਹੈ ਕਿ ਲੇਖਕਾਂ ਦਾ ਖਿਆਲ ਇਤਿਹਾਸ ਦੇ ਅਸਰ ਵੱਲ ਵਧੇਰੇ ਗਿਆ ਹੈ।  ਇਸ ਨੂੰ ਖੋਜਿਆਂ ਐਉਂ ਜਾਪਦਾ ਹੈ ਕਿ ਉਹਨਾਂ ਨੇ ਵਾਕਯਾਤ ਵਿੱਚੋਂ ਅਨੋਖੀਆਂ ਗੱਲਾਂ ਛਾਣਪੁਣ ਕੇ ਰੱਖ ਲਈਆਂ ਹਨ ਤੇ ਅਕਸਰ ਵਾਕਯਾਤ ਦੇ ਵਰਨਨ ਲਈ ਕਵਿਤਾ ਨੂੰ ਵਰਤਿਆ ਹੈ।  ਇਸੇ ਸ਼ਕਲ ਵਿਚ ਵਾਕਯਾਤ ਤਾਂ ਚੁਣ ਕੇ ਸੰਭਾਲੇ ਹਨ ਪਰ ਉਹਨਾਂ ਦੀ ਤਫਸੀਲ ਦੀ ਦਰੁਸਤੀ ਦੀ ਪਰਵਾਹ ਨਹੀਂ ਕੀਤੀ ਤੇ ਨਾ ਹੀ ਸਾਰੀ ਤਫਸੀਲ ਰੱਖਣੀ ਲੋਂੜੀਦੀ ਸਮਝੀ ਹੈ।  ਇਥੋਂ ਤਾਈਂ ਕਿ ਤਾਰੀਖਾਂ ਤੇ ਸਮੇਂ ਵੀ ਪੂਰੀ ਤਰ੍ਹਾਂ ਨਹੀਂ ਲਿਖੇ।  ਜ਼ਰੂਰੀ ਨਹੀਂ ਕਿ ਸਾਰਿਆਂ ਨੇ ਇਸੇ ਲੀਹ ਨੂੰ ਵੀ ਅਪਣਾਇਆ ਹੋਵੇ।  ਕਈ ਇਤਿਹਾਸਾਂ ਵਿਚ ਕਈ ਘਟਨਾਵਾਂ ਦੀਆਂ ਮਿਤੀਆਂ ਦਰਜ ਹੋਈਆਂ ਮਿਲਦੀਆਂ ਵੀ ਹਨ ਪਰ ਕਿਉਂਕਿ ਇਹ ਗੰ੍ਰਥ ਕਵਿਤਾ ਵਿਚ ਰਚੇ ਗਏ ਹਨ ਤੇ ਮਹਾਂਕਵੀ ਤਿਥੀ ਮਿਤੀ ਵੀ ਸੰਖਿਆ ਕੋਸ਼ ਵਿਚ ਦਿਤੀ ਗਈ ਗਿਣਤੀ ਅਨੁਸਾਰ ਸ਼ਬਦਾਵਲੀ ਵਿਚ ਹੀ ਦਰਜ ਕਰਦੇ ਸਨ ਜੋ ਜਨ ਸਾਧਾਰਨ ਲਈ ਸਮਝਣੀ ਸਹਿਲ ਨਹੀਂ ਸੀ ਹੁੰਦੀ।  ਕਈ ਘਟਨਾਵਾਂ ਦੀਆਂ ਮਿਤੀਆਂ ਇਤਿਹਾਸਿਕ ਗੰ੍ਰਥਾਂ ਵਿਚ ਦਰਜ ਹੋਣ ਦੇ ਬਾਵਜੂਦ ਵੀ, ਵਿਦਵਾਨਾਂ ਵੱਲੋਂ ਉਹਨਾਂ ਦੇ ਵੱਖ ਵੱਖ ਅਰਥ ਕਢੇ ਜਾਣ ਦੇ ਫਲਸਰੂਪ, ਮੂਲ ਲਿਖਤ ਵਿਚ ਦਰਜ ਤਾਰੀਖਾਂ ਵਿਚ ਭੁਲੇਖੇ ਪੈਂਦੇ ਗਏ।  ਉਦਾਹਰਣ ਵਜੋਂ ਪ੍ਰਿਥਵੀ ਰਾਜ ਰਾਇਸੋ ਵਿਚ ਪ੍ਰਿਥਵੀਰਾਜ ਚੌਹਾਨ ਦਾ ਜਨਮ ਸੰਮਤ ਚੰਦਬਰਦਾਈ ਨੇ ਦਰਜ ਤਾਂ ਕੀਤਾ ਹੈ ਪਰ ਲਿਖਿਆ ਇਸ ਤਰ੍ਹਾਂ ਦੀ ਕਾਵਿਮਈ ਗੂੜ੍ਹ ਭਾਸ਼ਾ ਵਿਚ ਹੈ ਕਿ ਵਿਦਵਾਨਾਂ ਨੇ ਕਾਵਿ ਪਦ ਦੇ ਸਹੀ ਅਰਥ ਆਪੋ ਆਪਣੇ ਹਿਸਾਬ ਅਨੁਸਾਰ ਕਰ ਕੇ ਜਨਮ ਸੰਮਤ ਹੀ ਇਕ ਤੋ ਅਨੇਕ ਬਣਾ ਦਿੱਤੇ ਹਨ।  ਚੰਦਬਰਦਾਈ ਨੇ ਲਿਖਿਆ ਹੈ:

  ਏਕਾਦਸ ਸੇ ਪੰਚਦਹ, ਅਨੰਦ ਬਿਕ੍ਰਮ ਸਾਲ। 
 ਅਰਥਾਤ 1115 ਦਾ ਅਨੰਦ ਸ਼ਕ ਸੰਮਤ ਜਿਸ ਵਿਚ ਦੁਸ਼ਮਣਾਂ ਨੂੰ ਜਿਤਣ ਤੇ ਨਗਰ ਅਥਵਾ ਦੇਸ਼ ਦੇਸਾਤਰਾਂ ਨੂੰ ਹਰਨ ਲਈ ਪ੍ਰਿਥਵੀਰਾਜ ਨਰਿੰਦਰ (ਮਹਾਰਾਜ ਉਤਪੰਨ ਹੋਏ। ਅਨੰਦ ਸ਼ਕ ਦੇ 90-91 ਵਰ੍ਹੇ ਜੋੜ ਕੇ 1205 ਬਿਕ੍ਰਮੀ ਸੰਮਤ ਬਣਦਾ ਸੀ। ਪਰ ਅਨੰਦ ਸ਼ਬਦ ਦੇ ਅਰਥ ਸਹੀ ਨਾ ਲਏ ਜਾਣ ਦੇ ਕਾਰਨ ਪ੍ਰਿਥਵੀਰਾਜ ਦਾ ਜਨਮ ਕਿਸੇ ਨੇ ਕਿਸੇ ਸੰਮਤ ਵਿਚ ਤੇ ਕਿਸੇ ਨੇ ਕਿਸੇ ਸੰਮਤ ਵਿਚ ਲਿਖ ਦਿੱਤਾ ਹੈ।  

 ਕਿਸੇ ਗ੍ਰੰਥ ਦੇ ਰਚਨਾ, ਜਾਂ ਸਮਾਪਤੀ ਕਾਲ ਦਰਜ ਕਰਨ, ਉਸ ਦੇ ਛੰਦਾਂ ਦੀ ਗਿਣਤੀ ਦਰਜ ਕਰਨ ਦੀ ਪਰੰਪਰਾ ਦਾ ਅਨੁਸਰਣ ਵੀ ਬਹੁਤ ਗ੍ਰੰਥਾਂ ਵਿਚ ਕੀਤਾ ਮਿਲਦਾ ਹੈ।  ਜਿਵੇ:

  ਨਭ ਨਾਗ ਸਿਧੀ ਸਸਿ ਸਾਵਣ ਸੰਬਤ ਮੰਗਨ ਥਿਤ ਛਟੀ ਪਖ ਸਿਯਾਮਾ। 
  ਚੁਹਣੀ ਪੁਰ ਮਾਹਿ ਅਰੰਭ ਕਰਯੋ ਇਤਿ ਸ੍ਰੀ ਲਵਧਾਮ ਸਭਾਜਿਤ ਠਾਮਾ।  

 ਅਰਥਾਤ ਚੂਹਣੀਆਂ (ਤਹਿਸੀਲ ਲਾਹੌਰ) ਵਿਚ ਅਰੰਭ ਕੀਤਾ ਗ੍ਰੰਥ ਸਾਵਣ ਵਦੀ ਛੇਂਵੀ ਸੰਮਤ 1990 ਨੂੰ ਲਾਹੌਰ ਵਿਚ ਸੰਪੂਰਨ ਹੋਇਆ।  

  ਸੰਬਤ ਸਸਿ ਰਸ ਵਾਰ ਸਸਿ ਕਾਤਕ ਸਤਿਵਾਰ,
  ਤਾਂ ਤੈ ਢਾਕੈ ਸਹਰ ਮੈ ਉਪਜਯੋ ਪੁਰਪ ਪ੍ਰਚਾਰ।  

 ਸਸਿ 1, ਰਸ 6, ਵਾਰ 7, ਸਸਿ 1 1671 ਬਿ: ਕਤਕ ਦੇ ਮਹੀਨੇ ਵ੍ਰਿੰਦ ਸਤਸਈ ਢਾਕੇ ਸ਼ਹਿਰ ਵਿਚ ਸੰਪੂਰਨ ਹੋਇਆ।  

 ਭਾਰਤੀ ਇਤਿਹਾਸ ਪਰੰਪਰਾ ਦੇ ਇਸ ਸੰਦਰਭ ਵਿਚ ਗੁਰੂ ਗੋਬਿੰਦ ਸਿੰਘ ਰਚਿਤ ਬਿਚਿਤ੍ਰ ਨਾਟਕ ਦਾ ਅਧਿਐਨ ਕਰਨ ਤੋਂ ਪਹਿਲਾਂ ਦਸਮੇਸ਼ ਜੀ ਦੇ ਪੂਰਵਾਧਿਕਾਰੀ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਵਿਚ ਵਿਦਮਾਨ ਇਤਿਹਾਸ ਦੀ ਇਤਿਹਾਸਕਾਰੀ ਉਪਰ ਝਾਤ ਪਾ ਲੈਣੀ ਜ਼ਰੂਰੀ ਭਾਸਦੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਤੋਂ ਗੁਰੂ ਪਰੰਪਰਾ ਨੂੰ ਅੱਗੇ ਤੋਰਦਿਆਂ ਗੁਰੂ ਗੋਬਿੰਦ ਸਿੰਘ ਨੇ ਪੂਰਵ ਗੁਰੂ ਸਾਹਿਬਾਨ ਵੱਲੋਂ ਅਪਣਾਈ ਗਈ ਇਤਿਹਾਸ ਪਰੰਪਰਾ ਦਾ ਅਨੁਸਰਣ ਕਰਨ ਦੇ ਨਾਲ ਨਾਲ ਉਸ ਵਿਚ ਕੁਝ ਵਾਧਾ ਕੀਤਾ ਤੇ ਉਸ ਨੂੰ ਕੁਝ ਵਖਰੇਵਾਂ ਵੀ ਪਰਦਾਨ ਕੀਤਾ।  

 ਗੁਰੂ ਗੋਬਿੰਦ ਸਿੰਘ ਤੋਂ ਪਹਿਲੇ, ਸਭ ਗੁਰੂ ਸਾਹਿਬਾਨ ਨੇ ਵੀ ਇਤਿਹਾਸਿਕ ਘਟਨਾਵਾਂ ਗੁਰਬਾਣੀ ਵਿਚ ਦਰਜ ਕੀਤੀਆਂ ਹਨ ਪਰ ਵਡੇ ਪੈਮਾਨੇ ਦਾ ਉਦਮ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਵੱਲੋਂ ਕੀਤਾ ਗਿਆ ਜਾਪਦਾ ਹੈ।  ਇਸ ਕਿਸਮ ਦੇ ਵਰਨਨਾਂ ਵਿਚ ਵਿਸਥਾਰ ਨਾਲੋਂ ਸੰਖੇਪਤਾ ਵਧੇਰੇ ਨਜ਼ਰ ਆਉਂਦੀ ਹੈ।  ਬਾਬਰ ਦੇ ਭਾਰਤ ਉੱਤੇ ਹਮਲੇ ਦੇ ਸੰਬੰਧ ਵਿਚ ਰਚੀ ਬਾਣੀ ਵਿਚ ਭਾਵੇਂ ਗੁਰੂ ਨਾਨਕ ਦੇ ਸਥਾਨਕ ਜਨਤਾ ਵਿਚ ਉਸ ਦੇ ਪ੍ਰਤੀਕਰਮ ਤੇ ਜਨ-ਸਾਧਾਰਣ ਉਪਰ ਪਏ ਉਸਦੇ ਪ੍ਰਭਾਵ ਨੂੰ ਕਾਫੀ ਵਿਸਥਾਰ ਨਾਲ ਬਿਆਨਿਆ ਹੈ, ਫਿਰ ਵੀ ਵੀਹਵੀਂ ਸਦੀ ਦੇ ਜਗਿਆਸੂ ਪਾਠਕ ਦੀ ਭੁੱਖ ਇਸ ਨਾਲ ਪੂਰੀ ਹੁੰਦੀ ਨਹੀਂ ਜਾਪਦੀ ਕਿਉਂਕਿ ਬਾਬਰ ਦੇ ਹਮਲੇ ਦੇ ਚਸ਼ਮਦੀਦ ਗਵਾਹ ਅਤੇ ਹਮਲੇ ਦੇ ਫਲਸਰੂਪ ਪੈਦਾ ਹੋਈਆਂ ਪ੍ਰਸਥਿਤੀਆਂ ਵਿਚ ਵਿਚਰਨ ਵਾਲਾ ਅਨੁਭਵੀ ਸਾਇਰ ਇਸ ਤੋਂ ਵੀ ਬਹੁਤ ਕੁੱਛ ਵੱਧ ਦੱਸ ਸਕਦਾ ਸੀ।  ਦੂਜੇ ਪਾਸੇ, ਗੁਰੂ ਨਾਨਕ ਨੇ ਤਾਂ ਕਈ ਵਾਰੀ ਇਕ ਇਕ ਸਤਰ ਵਿਚ ਵੀ ਘਟਨਾ ਦਾ ਸੰਕੇਤਕ ਵਰਨਨ ਕੀਤਾ ਹੈ।  ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ਦੀ ਇਕ ਸਤਰੀ ਉਦਾਹਰਨ ਇਸ ਦਾ ਢੁਕਵਾਂ ਪ੍ਰਮਾਣ ਹੋ ਸਕਦਾ ਹੈ।  ਇਤਿਹਾਸਕਾਰਾਂ ਅਨੁਸਾਰ ਇਹ ਸਤਰ ਬਾਬਰ ਵਲੋਂ ਭਾਰਤ ਉਪਰ 1524 ਵਿਚ ਕੀਤੇ ਗਏ ਹਮਲੇ ਸਮੇਂ ਲਾਹੌਰ ਵਿਚ ਹਮਲਾਵਰਾਂ ਦੇ ਅਤਿਆਚਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ।  ਇਸ ਸਤਰ ਵਿਚੋਂ ਹੋਰ ਕਿੰਨੇ ਹੀ ਪ੍ਰਸ਼ਨ ਪੈਦਾ ਹੁੰਦੇ ਹਨ ਜਿਵੇਂ ਹਮਲਾ ਜਦੋਂ ਹੋਇਆ? ਕਹਿਰ ਕਿਸ ਰੂਪ ਵਿਚ ਵਾਪਰਿਆ? ਉਸ ਬਾਰੇ ਲੋਕਾਂ ਦਾ ਪ੍ਰਤੀਕਰਮ ਕੀ ਸੀ? ਉਸ ਨੇ ਆਮ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਤ ਕੀਤਾ? ਆਦਿ।  ਇਸ ਵਰਨਨ ਵਿਚ ਵਰਤੀ ਗਈ ਸੰਵੇਪਤਾ ਕਾਰਨ ਅੱਜ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਸਾਨੂੰ ਹੋਰਨਾਂ ਇਤਿਹਾਸਾਂ ਦਾ ਆਸਰਾ ਲੈਣਾ ਪੈਂਦਾ ਹੈ।  

 ਇਸੇ ਤਰ੍ਹਾਂ ਗੁਰੂ ਅਰਜਨ ਦੇਵ ਦੇ ਕਈ ਸ਼ਬਦ ਵਿਚਾਰੇ ਜਾ ਸਕਦੇ ਹਨ।  ਉਦਾਹਰਣ ਵਜੋਂ ਗਰੀਬਾ ਉਪਰਿਜਿ ਖਿੰਜੈ ਦਾੜ੍ਹੀ।  ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ਵਾਲਾ ਸ਼ਬਦ ਹੀ ਲਿਆ ਜਾ ਸਕਦਾ ਹੈ ਜਿਸ ਵਿਚ ਗੁਰੂ ਸਾਹਿਬ ਨੇ ਕਿਸੇ ਵਿਅਕਤੀ ਦੀ ਮੌਤ ਵਲ ਸੰਕੇਤ ਕਰਦਿਆਂ ਉਸ ਲਈ ਅਕਾਲਪੁਰਖ ਦਾ ਸ਼ੁਕਰ ਗੁਜ਼ਾਰਿਆ ਹੈ।  ਪਰ ਇਸ ਘਟਨਾ ਦੇ ਅੱਗੇ ਪਿਛੇ ਤੇ ਖਲਨਾਇਕ ਦੀ ਪਛਾਣ ਸ਼ਬਦ ਵਿਚੋਂ ਨਹੀਂ ਹੁੰਦੀ।  ਅਸਲ ਗੱਲ ਇਉਂ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਪਿਰਥੀਏ ਵੱਲੋਂ ਉਕਸਾਇਆ ਗਿਆ ਸਰਕਾਰੀ ਅਹਿਲਕਾਰ ਸੁਲਹੀਖਾਨ-ਦਾੜ੍ਹੀ ਉਪਰ ਹਥ ਫੇਰ ਕੇ ਦਿਲੀਉਂ ਇਹ ਪ੍ਰਣ ਕਰ ਕੇ ਤੁਰਿਆ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਗਦੀਉਂ ਲਾਹ ਕੇ ਬਾਬਾ ਪ੍ਰਿਥੀਚੰਦ ਨੂੰ ਗੁਰੂ ਬਣਾ ਕੇ ਆਵੇਗਾ ਪਰ ਗਰੀਬਾਂ ਉਪਰ ਖਿਝਣ ਵਾਲੀ ਦਾੜ੍ਹੀ ਆਵੇ ਦੀ ਅੱਗ ਵਿਚ ਸੜੀ।  ਇਸ ਘਟਨਾ ਨਾਲ ਹੋਰ ਵੀ ਕਈ ਪ੍ਰਸ਼ਨ ਜੁੜੇ ਹੋਏ ਹਨ ਅਰਥਾਤ ਸੁਲਹੀਖਾਨ ਕੌਣ ਸੀ? ਉਹ ਗੁਰੂ ਜੀ ਤੇ ਕਿਉਂ ਤੇ ਕਦੋਂ ਚੜ੍ਹ ਕੇ ਆਇਆ? ਕਿਥੇ ਮਰਿਆ? ਉਸ ਦੀ ਮੌਤ ਦਾ ਸਿਖਾਂ ਅਤੇ ਸਿਖੀ ਉਪਰ ਕੀ ਪ੍ਰਭਾਵ ਪਿਆ? ਆਦਿ।   ਇਹ ਇਤਿਹਾਸ ਸੰਖੇਪ ਹੈ।  

 ਅੱਜ ਕਲ੍ਹ ਇਤਿਹਾਸਕਾਰ, ਵਿਗਿਆਨਿਕ ਲੀਹਾਂ ਉੱਤੇ ਲਿਖੀ ਗਈ ਲ਼ਿਖਤ ਤੋਂ ਬਿਨਾਂ ਹੋਰ ਕਿਸੇ ਲਿਖਤ ਨੂੰ ਇਤਿਹਾਸ ਮੰਨਣ ਨੂੰ ਤਿਆਰ ਨਹੀਂ।  ਡਾਕਟਰ ਗੰਡਾ ਸਿੰਘ ਦਾ ਵਿਚਾਰ ਹੈ ਕਿ ਹਿੰਦੁਸਤਾਨੀ ਲੋਕਾਂ ਨੂੰ ਇਤਿਹਾਸ ਦੀ ਸੂਝ ਹੀ ਮੁਸਲਮਾਨਾਂ ਦੇ ਆਗਮਨ ਤੋਂ ਪਿਛੋਂ ਆਈ।  ਸਰਦਾਰ ਕਪੂਰ ਸਿੰਘ ਦਾ ਕਹਿਣਾ ਹੈ ਕਿ ਵਿਗਿਆਨਿਕ ਇਤਿਹਾਸ ਲਿਖੇ ਜਾਣ ਦਾ ਮੁਢ ਕਰੀਬ ਇਕ ਸਦੀ ਪਹਿਲਾਂ ਹੀ ਬਝਾ ਜਿਸ ਦੀਆਂ ਮੋਢੀ ਯੂਰਪੀਨ ਕੌਮਾਂ ਸਨ।  

 ਵਿਗਿਆਨਿਕ ਇਤਿਹਾਸਕਾਰ ਦਾ ਆਦਰਸ਼ ਹੁੰਦਾ ਹੈ ਬਿਆਨ ਦੀ ਸਚਾਈ ਤੇ ਭਰੋਸਾ ਬਣਾਈ ਰੱਖਣਾ।  ਗੁਰਵੁਡ ਦਾ ਕਹਿਣਾ ਹੈ ਕਿ ਇਤਿਹਾਸ ਵਿਚ ਸਚ ਹੋਣਾ ਚਾਹੀਦਾ ਹੈ, ਸਚ ਤੋਂ ਬਿਨਾਂ ਹੋਰ ਕੁਝ ਵੀ ਨਹੀਂ।  ਪ੍ਰਾਚੀਨ ਭਾਰਤੀ ਇਤਿਹਾਸਕਾਰਾਂ ਦੀ ਪਰੰਪਰਾ ਹੀ ਸਚ ਤੇ ਪਹਿਰਾ ਦੇਣ ਦੀ ਰਹੀ ਹੈ।  ਉਹਨਾਂ ਨੇ ਕਿਸੇ ਲੋਭ ਲਾਲਚ ਖਾਤਰ ਆਪਣੇ ਇਤਿਹਾਸ ਨਹੀਂ ਲਿਖੇ।  ਇਸ ਸਬੰਧ ਵਿਚ ਕਲਹਣ ਦੀ ਉਦਾਹਰਣ ਉਚੇਚੇ ਤੌਰ ਤੇ ਦਿੱਤੀ ਜਾ ਸਕਦੀ ਹੈ।  ਜਿਸ ਨੇ ਇਹ ਇਤਿਹਾਸਿਕ ਮਹਾਂਕਾਵਿ ਕਿਸੇ ਰਾਜੇ ਤੋਂ ਪੁਰਸਕਾਰ ਪ੍ਰਾਪਤ ਕਰਨ ਲਈ ਨਹੀਂ ਲਿਖਿਆ ਸੀ; ਸਗੋਂ ਵਿਸ਼ਵ ਸਾਹਮਣੇ ਇਤਿਹਾਸਿਕ ਤਥ ਰੱਖਣ ਲਈ ਹੀ ਉਸ ਨੇ ਇਹ ਭਗੀਰਥ ਜਤਨ ਕੀਤਾ।   ਇਸ ਕਾਵਿ ਗੰ੍ਰਥ ਵਿਚ ਮਹਾਂਕਵੀ ਨੇ ਇਕ ਨਿਰਪਖ ਇਤਿਹਾਸਕਾਰ ਦਾ ਫਰਜ਼ ਨਿਭਾਇਆ ਹੈ ਜਿਸ ਰਾਜੇ ਵਿਚ ਜੋ ਗੁਣ ਸਨ, ਉਹਨਾਂ ਨੂੰ ਖੁਲ੍ਹ ਕੇ ਬਿਆਨਿਆ ਹੈ ਤੇ ਜੋ ਔਗੁਣ ਸਨ ਉਹਨਾਂ ਨੂੰ ਡੰਕੇ ਦੀ ਚੋਟ ਨਾਲ ਜਨ ਸਧਾਰਨ ਸਾਹਮਣੇ ਪ੍ਰਗਟ ਕਰ ਦਿੱਤਾ, ਉਹ ਵੀ ਪ੍ਰਮਾਣਾਂ ਤੇ ਤਿਥੀ ਸੰਮਤ ਸਮੇਤ।  ਕਲਹਣ ਨੇ ਲਿਖਿਆ, ਪੁਰਵਕਾਲ ਦੇ ਇਤਿਹਾਸਕਾਰਾਂ ਨੇ ਰਾਜਿਆਂ ਦੇ ਜੋ ਇਤਿਹਾਸ ਲਿਖੇ ਹਨ, ਉਹਨਾਂ ਨੂੰ ਦੇਖ ਕੇ ਅਤੇ ਉਹਨਾਂ ਦੀ ਸਚਾਈ ਤੇ ਅਸੱਤ ਨੂੰ ਪਰਖ ਕੇ ਸਚੇ ਇਤਿਹਾਸ ਨੂੰ ਜਨਸਧਾਰਣ ਦੇ ਸਨਮੁਖ ਰੱਖਣਾ ਹੀ ਨਿਪੁੰਨਤਾ ਦਾ ਕਾਰਜ ਹੈ? ਨਹੀਂ, ਇਸ ਲਈ ਪੂਰਨ ਨਿਰਦੋਸ਼ ਤੇ ਸਚੇ ਇਤਿਹਾਸ ਨੂੰ ਪ੍ਰਗਟ ਕਰਨ ਲਈ ਹੀ ਮੈਂ ਇਹ ਉਦਮ ਕਰ ਰਿਹਾਂ ਹਾਂ।  

 ਗੁਰੂ ਅਰਜਨ ਦੇਵ ਵਲੋਂ ਸਥਾਪਿਤ ਸੰਤਨ ਕੀ ਸੁਣਿ ਸਾਚੀ ਸਾਖੀ।  ਸੋ ਬੋਲਹਿ ਜੋ ਪੇਖਹਿ ਆਖੀ।   ਦਾ ਆਦਰਸ਼ ਸਿਧਾਂਤ ਵੀ ਵਿਗਿਆਨਿਕ ਇਤਿਹਾਸਕਾਰੀ ਦਾ ਮੁਢਲਾ ਸਿਧਾਂਤ ਮੰਨਿਆ ਜਾਂਦਾ ਹੈ।  

 ਭਾਰਤੀ ਇਤਿਹਾਸ ਪਰੰਪਰਾ ਸੰਭੰਧੀ ਉਕਤ ਵਿਚਾਰ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਗੋਬਿੰਦ ਸਿੰਘ ਰਚਿਤ ਬਿਚਿਤ੍ਰ ਨਾਟਕ ਦਾ ਆਲੋਚਨਾਤਮਿਕ ਅਧਿਐਨ ਵਰਤਮਾਨ ਸਮੇਂ ਦੀ ਲੋੜ ਹੈ।   ਬਿਚਿਤ੍ਰ ਨਾਟਕ , ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਦਰਜ ਇਤਿਹਾਸਿਕ ਰਚਨਾ ਹੈ ਜਿਸ ਦਾ ਬਹੁਤਾ ਹਿੱਸਾ ਗੁਰੂ ਸਾਬਿ ਦੇ ਵਡੇ ਵਡੇਰਿਆਂ ਤੇ ਆਪਣੇ ਜੀਵਨ ਨੂੰ ਸਮਰਪਤ ਹੈ।  ਇਸ ਦੇ ਪਹਿਲੇ ਅਧਿਆਇ ਵਿਚ ਕਾਲ ਜੂ ਕੀ ਉਸਤਤ, ਦੂਜੇ ਵਿਚ ਕਵਿ ਵੰਸ ਕਰਨਣ, ਤੀਜੇ ਵਿਚ ਨਵੀਂ ਕੁਸ਼ੀ ਜੁਧ, ਚੌਥੇ ਵਿਚ ਬੇਦੀ ਕੁਲ ਤੇ ਰਾਜ ਭਾਗ ਸਾਂਭਣ ਤਕ ਦਾ ਇਤਿਹਾਸ ਦਰਜ ਹੈ।  ਪੰਜਵੇਂ ਅਧਿਆਇ ਵਿਚ ਗੁਰੂ ਪਾਤਸ਼ਾਹੀ ਕਰਨਣ ਨਾਲ ਸਿੱਖ ਇਤਿਹਾਸ ਦਾ ਅਰੰਭ ਹੋ ਜਾਂਦਾ ਹੈ।  ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨ ਵਿਥਿਆ ਛੇਵੇਂ ਅਧਿਆਇ ਤੋਂ ਸ਼ੁਰੂ ਹੁੰਦੀ ਹੈ।  ਸਤਵਾਂ ਅਧਿਆਇ ਬਹੁਤ ਹੀ ਸੰਖੇਪ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੇ ਜਨਮ ਦਾ ਇਤਿਹਾਸ ਵਰਨਨ ਕੀਤਾ ਹੈ।  ਗੁਰੂ ਜੀ ਨੇ ਜੀਵਨ ਭਰ ਵਿਚ 20 ਯੁੱਧ ਲੜੇ ਜਿਨ੍ਹਾਂ ਵਿਚੋਂ 9 ਖਾਲਸਾ ਸਾਜੇ ਜਾਣ ਤੋਂ ਪਹਿਲਾਂ ਤੇ ਬਾਕੀ ਦੇ ਪਿਛੋਂ ਲੜੇ ਗਏ ਸਨ।   ਅਠਵੇਂ ਅਧਿਆਇ ਤੋਂ ਯੁੱਧਾਂ ਦਾ ਹਾਲ ਅਰੰਭ ਹੁੰਦਾ ਹੈ।  ਜੋ ਤੇਰਵੇਂ ਅਧਿਆਇ ਤਕ ਚਲਦਾ ਹੈ।  ਚੌਧਵੇਂ ਅਧਿਆਇ ਵਿਚ ਸਰਬ ਕਾਲ ਕੀ ਬੇਨਤੀ ਨਾਲ ਬਿਚਿਤ੍ਰ ਨਾਟਕ ਦਾ ਇਤਿਹਾਸ ਵਰਨਨ ਭਾਗ ਸਮਾਪਤ ਹੋ ਜਾਂਦਾ ਹੈ।  ਇਸ ਰਚਨਾ ਦੇ ਰਚਨਕਾਲ ਦਾ ਬਾਣੀ ਦੇ ਅੰਦਰੋਂ ਕੋਈ ਸੰਕੇਤ ਨਹੀਂ ਮਿਲਦਾ ਪਰ ਇਤਿਹਾਸ ਦੇ ਵਿਦਵਾਨਾ ਨੇ ਕਿਆਸ ਜਰੂਰ ਲਾਏ ਹਨ।  ਬਿਚਿਤ੍ਰ ਨਾਟਕ ਦੀ ਕਹਾਣੀ ਵੱਧ ਤੋਂ ਵੱਧ 1695 ਤਕ ਆਉਂਦੀ ਹੈ।  1696 ਈ: ਵਿਚ ਸ਼ਾਹਜ਼ਾਦਾ ਮੁਅੱਜ਼ਮ ਦੀ ਫੌਜ ਨੇ ਪਹਾੜੀ ਰਿਆਸਤਾਂ ਉੱਤੇ ਹਮਲਾਂ ਕੀਤਾ।  ਇਸ ਸਾਲ ਦੇ ਅਖੀਰ ਤੇ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਕੁਝ ਮੁਗਲ ਅਹਿਦੀਆਂ ਨੇ ਉਸੇ ਥਾਂ ਤੇ ਹਮਲੇ ਕੀਤਾ।  ਇਨਹਾਂ ਹਮਲਿਆਂ ਦੇ ਵਰਨਨ ਨਾਲ ਹੀ ਬਿਚਿਤ੍ਰ ਨਾਟਕ ਦਾ ਅੰਤ ਹੋ ਜਾਂਦਾ ਹੈ।  ਸਰਦਾਰ ਕਪੂਰ ਸਿੰਘ ਨੇ ਇਸ ਨੂੰ 1695 ਤੋਂ 1699 ਈ: ਦੇ ਵਿਚਾਰਲੀ ਰਚਨਾ ਮੰਨਿਆ ਹੈ ਜਦ ਕਿ ਸਰਦਾਰ ਰਣਧੀਰ ਸਿੰਘ ਨੇ ਇਸ ਦਾ ਰਚਨਾ ਕਾਲ 1685 ਤੋਂ 1699 ਈ: ਦੇ ਵਿਚਾਰਲੀ ਕਲਪਿਆ ਹੈ।  

 ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਿਖਤੀ ਕਾਰਗੁਜ਼ਾਰੀ ਵਿਚ ਇਤਿਹਾਸਿਕ ਤਤ ਸ਼ਾਮਲ ਕਰ ਕੇ ਇਤਿਹਾਸ ਪ੍ਰਤੀ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਕੀਤਾ ਹੈ।  ਸਮੁਚੇ ਗੁਰੂ ਕਾਲ ਵਿਚ ਇਹ ਕੇਵਲ ਗੁਰੂ ਗੋਬਿੰਦ ਸਿੰਘ ਸਬੰਧੀ ਕਿਹਾ ਜਾ ਸਕਦਾ ਹੈ ਜਦੋਂ ਕਿ ਉਹਨਾਂ ਦਾ ਮੁਨਸ਼ੀਖਾਨਾ ਬਾਕਾਇਦਾ ਕੰਮ ਕਰਦਾ ਜਾਪਦਾ ਹੈ।  ਸੰਮਤ 1748 ਬਿਕਰਮੀ (ਸੰਨ 1691 ਈ) ਤੋਂ ਉਹਨਾਂ ਦੇ ਸਾਰੇ ਹੁਕਮਨਾਮਿਆਂ ਪੁਰ ਤਾਰੀਖਾਂ, ਸੰਮਤ ਅਤੇ ਮਹੀਨੇ ਦਿਤੇ ਹੋਏ ਹਨਇਹੋ ਹੀ ਨਹੀਂ; ਇਨ੍ਹਾਂ ਵਿਚ ਲ਼ਿਖਾਰੀ ਦੀ ਲਿਖਤ ਦੀਆਂ ਸਤਰਾਂ ਭੀ ਅੰਤ ਵਿਚ ਦਿਤੀਆਂ ਹੋਈਆਂ ਹਨ ਤਾਂ ਕਿ ਬਾਅਦ ਵਿਚ ਕੁਝ ਵਾਧਾ ਘਾਟਾ ਨਾ ਕੀਤਾ ਜਾ ਸਕੇ।  ਬਹੁਤ ਸਾਰੇ ਹੁਕਮਨਾਮਿਆਂ ਪਰ ਤਾਂ ਮੁਨਸ਼ੀਖਾਨੇ ਦੇ ਰਜਿਸਟਰ (ਖਾਤੇ) ਦਾ ਨੰਬਰ ਵੀ ਦਿੱਤਾ ਹੋਇਆ ਹੈ।  ਇਸ ਤੋਂ ਬਿਨਾਂ ਕਈਆਂ ਬਾਣੀਆਂ ਦਾ ਰਚਨਾ ਜਾਂ ਸਮਾਪਤੀਕਾਲ ਤੇ ਸਥਾਨ ਵੀ ਲਿਖਣ ਦਾ ਵਾਧਾ ਸਾਨੂੰ ਕੇਵਲ ਦਸਮੇਸ਼ ਦੀ ਰਚਨਾ ਵਿਚ ਹੀ ਮਿਲਦਾ ਹੈ।  ਜਿਵੇਂ: ਚਰਿਤ੍ਰੋਪਖਯਾਨ ਦੀ ਸਮਾਪਤੀ ਦਾ ਸਮਾਂ

  ਸੰਮਤ ਸਤਰਹ ਸਹਸ ਪਚਾਵਨ।  ਭਣਿਜੈ।  ਅਰਧ ਸਹਸ ਫੁਨਿ ਤੀਨ ਕਹਜੈ। 
  ਭਾਦਵ ਸੁਦੀ ਅਸਟਮੀਰਵਿਵਾਰਾ। ਤੀਰ ਸਤੁੱਦ੍ਰਵ ਗੰ੍ਰਥ ਸੁਧਾਰਾ।  

 ਅਰਥਾਤ ਇਹ ਰਚਨਾ ਸਤਿਲੁਜ ਦਰਿਆ ਦੇ ਕਿਨਾਰੇ, ਭਾਦੋਂ ਸੁਦੀ ਅਠਵੀ ਸੰਮਤ 1753 ਬਿ: ਦਿਨ ਐਤਵਾਰ ਨੂੰ ਸੰਪੂਰਨ ਹੋਈ।  ਵਾਧਾ ਇਹ ਵੀ ਹੈ ਕਿ ਕਿਉਂਕਿ ਗੁਰੂ ਸਾਹਿਬ ਨੇ ਕੋਈ ਕਲਪਤ ਨਹੀਂ ਸਗੋਂ ਅਸਲ ਤੇ ਸਹੀ ਤਾਰੀਖ ਦਰਜ ਕੀਤੀ ਹੈ ਇਸ ਲਈ ਇਹ ਜੰਤਰੀ ਦੇ ਹਿਸਾਬ ਵੀ ਠੀਕ ਬੈਠਦੀ ਹੈ ਜਿਸ ਅਨੁਸਾਰ ਭਾਦੋਂ ਸੁਦੀ ਅਠਵੀਂ ਐਤਵਾਰ ਨੂੰ 15 ਭਾਦੋਂ ਤੇ 15 ਅਗਸਤ ਆਉਂਦਾ ਹੈ।  

 ਸਾਧਨਾਂ ਦੇ ਸੀਮਿਤ ਹੁੰਦਿਆਂ ਹੋਇਆਂ ਵੀ ਅਜ ਤੋਂ ਤਿੰਨ ਸਦੀਆਂ ਪਹਿਲਾਂ ਇਤਿਹਾਸ ਲਿਖਣ ਲਈ ਲੋੜੀਂਦੇ ਤਥ, ਉਹ ਵੀ ਦੁਸ਼ਮਣ ਨਾਲ ਸੰਬੰਧਿਤ, ਇਕਤਰ ਕਰਨ ਵਿਚ ਗੁਰੂ ਗੋਬਿੰਦ ਸਿੰਘ ਨੂੰ ਕਿੰਨੀ ਔਖਿਆਈ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਇਸ ਦਾ ਅਨੁਮਾਨ ਲਾ ਸਕਣਾ ਕੋਈ ਬਹੁਤੀ ਔਖੀ ਗਲ ਨਹੀਂ।  ਜਾਪਦਾ ਇਉਂ ਹੋ ਜਿਵੇਂ ਆਪ ਨੇ ਗੁਪਰਚਰ ਵਿਭਾਗ ਸੰਗਠਤ ਕੀਤਾ ਹੋਇਆ ਹੋਵੇ ਜਿਸ ਰਾਹੀਂ ਆਪ ਨੂੰ ਸਰਕਾਰੀ ਕਾਰਾਈਆਂ ਵਿਉਂਤਬੰਦੀਆਂ ਤੇ ਰਾਜਦਰਬਾਰ ਦੀਆਂ ਮਸਲਹਤਾਂ ਦਾ ਪਤਾ ਲਗਦਾ ਰਿਹਾ ਹੋਵੇ।  ਰਾਜ ਦਰਬਾਰ ਵਿਚ ਹੋਈਆਂ ਕਈ ਭੇਦਭਰੀਆਂ ਗੱਲਾਂ ਦਾ ਪਰਮਾਣੀਕ ਜ਼ਿਕਰ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ।  ਉਦਾਹਰਨ ਵਜੋਂ ਇਹ ਤਥ ਕਿ ਆਲਿਫ ਖਾਂ ਨੂੰ ਪਹਾੜੀ ਰਾਜਿਆਂ ਉਪਰ ਚਾੜ੍ਹਨ ਵਾਲਾ, ਜੰਮੂ ਦਾ ਵਾਇਸਰਾਇ ਮੀਆਂ ਖਾਨ ਸੀ: 

 ਮੀਆ ਖਾਨ ਜੰਮੂ ਕਹ ਆਯੋ।  
 ਅਲਿਫਖਾਨ ਨਾਦੌਣ ਪਠਾਵਾ। ਭੀਮਚੰਦ ਤਨ ਬੈਰ ਬਢਾਵਾ।  

 ਗੁਰੂ ਸਾਹਿਬ ਕੋਲੋਂ ਹਾਰ ਖਾ ਕੇ ਦਿਲਾਵਰ ਖਾਂ ਦਾ ਪੁਤਰ ਵਾਪਸ ਆਪਣੇ ਪਿਤਾ ਕੋਲ ਜਾਂਦਾ ਹੈ ਪਰ ਸ਼ਰਮ ਦਾ ਮਾਰਾ ਦੱਸ ਕੁਝ ਨਹੀਂ ਸਕਿਆ।  ਉਸ ਦੇ ਪਿਟਣ ਦੇ ਫਲਸਰੂਪ ਹੀ ਹੁਸੈਨ ਖਾਂ ਚੜ੍ਹਿਆ:

  ਗਯੋ ਖਾਨਜ਼ਾਦਾ, ਪਿਤਾ ਪਾਸ ਭੱਜੰ।   ਸਕੈ ਜਾਬੂ ਦੇ ਨਾ ਹਨੇ ਸੂਰ ਲੱਜੰ॥
  ਤਹਾਂ ਠੋਕਿ ਬਾਹਾ, ਹੁਸੈਨੀ ਗਰੱਜਿਯੰ।  

 ਗੁਰੂ ਸਾਹਿਬ ਹਥੋਂ ਹੋਈਆਂ ਹਾਰਾਂ ਕਾਰਨ ਔਰਗਜ਼ੇਬ ਨੇ ਗੁਸੇ ਵਿਚ ਆ ਕੇ ਆਪਣੇ ਪੁਤਰ ਸ਼ਾਹਜ਼ਾਦਾ ਮੁਹੰਮਦ ਮੁਅਜ਼ਮ ਸ਼ਾਹ ਨੂੰ ਪੰਜਾਬ ਤੇ ਚਾੜ੍ਹਿਆ।  ਮੁਆਸਰੇ ਆਲਿਮਗੀਰੀ ਅਨੁਸਾਰ ਉਹ 2 ਜੁਲਾਈ 1697 ਸ਼ੁਕਰਵਾਰ ਨੂੰ ਮੁਲਤਾਨ ਵੱਲ ਨੂੰ ਰਵਾਨਾ ਹੋ ਚੁਕਾ ਸੀ।  ਇਥੇ ਹੀ ਬਸ ਨਹੀਂ, ਰੋਹ ਵਿਚ ਆ ਕੇ ਹੀ ਔਰੰਗਜੇਬ ਨੇ ਇਕ ਕਰਮਚਾਰੀ ਗੁਰੂ ਸਾਹਿਬ ਦੇ ਸਥਾਨ ਅਨੰਦਪੁਰ ਵੀ ਭੇਜਿਆ।  

  ਤਬ ਅਉਰੰਗ ਮਨ ਮਾਹਿ ਰਿਸਾਵਾ।  ਮਦ੍ਰ ਦੇਸ ਕੋ ਪੂਤ ਪਠਾਵਾ। 
  ਤਿੱਹ ਆਵਤ ਸਭ ਲੋਕ ਡਰਾਨੇ। ਬਡੇ ਬਡੇ ਗਿਰਿ ਹੇਰਿ ਲੁਕਾਨੇ।
  ਤਬ ਅਉਰੰਗ ਜੀਅ ਮਾਂਝ ਰਿਸਾਏ। ਏਕ ਅਹਦੀਆ ਈਹਾਂ ਪਠਾਏ।  

 ਇਹ ਹੀ ਨਹੀਂ, ਹਿੰਦੂ ਰਾਜਿਆਂ ਦੀਆਂ ਅੰਦਰੂਨੀ ਗੱਲਾਂ ਦੇ ਭੇਦ ਵੀ ਗੁਰੂ ਸਾਹਿਬ ਕੋਲ ਪੁਜਦੇ ਸਨ।  ਨਦੌਣ ਯੁੱਧ ਸਮੇਂ ਦੁਸ਼ਮਣ ਦੀਆਂ ਫੌਜਾਂ ਸਾਹਮਣੇ ਡਟੀਆਂ ਖੜ੍ਹੀਆਂ ਸਨ ਪਰ ਇਹ ਰਾਜੇ ਅਫਸੋਸ ਵਿਚ ਡੁੱਬੇ ਖੜ੍ਹੇ ਸਨ ਤਕ ਜਿਤ ਦਾ ਪ੍ਰਬੰਧ ਕਰਨ ਲਈ ਭੀਮਚੰਦ ਹਨੂਮਾਨ ਮੰਤਰ ਦਾ ਜਾਪ ਕਰ ਰਿਹਾ ਸੀ:

  ਉਤੈ ਵੈ ਖਰੇ ਬੀਰ ਬੰਬੈ ਬਜਾਵੈ।  ਤਰੇ ਭੂਪ ਠਾਢੇ ਬਡੋ ਸੋਕੁ ਪਾਵੈ। 
  ਤਬੇ ਭੀਮਚੰਦੰ ਕੀਯੋ ਕੋਪ ਆਪੰ। ਹਨੂੰਮਾਨ ਕੇ ਮੰਤ੍ਰ ਕੋ ਮੁਖਿ ਜਾਪੇ।  

 ਫਿਰ ਜਦੋਂ ਯੁੱਧ ਖੇਤਰ ਵਿਚ ਜ਼ਖਮੀ ਹੋਏ ਡਿਗੇ ਹਿੰਮਤ ਨੂੰ ਦੇਖ ਕੇ ਰਾਮ ਸਿੰਘ ਨੇ ਗੋਪਾਲ ਨੂੰ ਕਿਹਾ ਕਿ ਸਾਰੇ ਕਲੇਸ਼ ਦੀ ਜੜ੍ਹ ਹੁਣ ਜ਼ਖਮੀ ਹਾਲਤ ਵਿਚ ਸਾਡੇ ਹੱਥ ਲਗਾ ਹੈ ਤਾਂ ਇਹ ਸੁਣ ਕੇ ਹੀ ਗੋਪਾਲ ਨੇ ਹਿੰਮਤ ਨੂੰ ਮਾਰ ਮੁਕਾਇਆ:

  ਰਾਮ ਸਿੰਘ, ਗੋਪਾਲ ਸਿਉਂ ਕਹਾ। 
  ਜਿਨਿ ਹਿੰਮਤ ਅਸ ਕਲਹ ਬਢਾਯੋ।
  ਘਾਇਲ ਆਜੁ ਹਾਥ ਵਹ ਆਯੋ।
    ਜਬ ਗੁਪਾਲ ਐਸੇ ਸੁਨਿ ਪਾਵਾ।
  ਮਾਰਿ ਦੀਯੋ ਜੀਅਤ ਨ ਉਠਾਵਾ।  

 ਵਾਪਰੀ ਹੋਈ ਘਟਨਾ ਨੂੰ ਇੰਨ ਬਿੰਨ ਕਿਸੇ ਝੇਪ ਦੇ ਦਰਜ ਕਰਨਾ ਗੁਰੂ ਗੋਬਿੰਦ ਸਿੰਘ ਦਾ ਆਦਰਸ਼ ਸੀ।  ਇਸ ਆਦਰਸ਼ ਪ੍ਰਤੀ ਬਚਨਬਧਿਤਾ ਆਪਨੇ ਬਿਚਿਤ੍ਰ ਨਾਟਕ ਵਿਚ ਹੀ ਕਈ ਥਾਈ ਪ੍ਰਗਟਾਈ ਹੈ:

  ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋ।  ਮ੍ਰਿਤ ਲੋਗ ਤੇ ਮੋਨਿ ਨ ਰਹਿ ਹੋ। 
  ਕਹਯੋ ਪ੍ਰਭੂ ਸੁ ਭਾਖ ਹੋਂ। ਕਿਸੂ ਨ ਕਾਨ ਰਾਖਿ ਹੋ।
  ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਹੋ ਜਗ ਮਾਹਿ।
  ਜੋ ਤਿਨ ਕਹਾ ਸੁ ਸਭਨ ਉਚਰੋਂ। ਡਿੰਭ ਵਿੰਭ ਕਛੁ ਨੈਕ ਨ ਕਰੋ।  

 ਗੁਰੂ ਗੋਬਿੰਦ ਸਿੰਘ ਆਪਣੀ ਇਤਿਹਾਸ ਰਚਨਾ ਵਿਚ ਬੇਲੋੜੇ ਵਿਸਥਾਰ ਦਾ ਭਾਰ ਪਾਉਣ ਦੇ ਪੱਖ ਵਿਚ ਨਹੀਂ ਸਨ।  ਇਕ ਸੂਰਬੀਰ ਕਵੀ ਹੋਣ ਦੇ ਨਾਤੇ ਜੰਗਾਂ ਯੁੱਧਾਂ ਦੇ ਵਰਨਨਾਂ ਵਿਚ ਯੁੱਧ ਖੇਤਰ ਦੇ ਦ੍ਰਿਸ਼ ਵਰਨਨ ਵਿਚ ਆਪ ਨੇ ਖੁੱਲ੍ਹ ਜਰੂਰ ਲਈ ਹੈ।  ਆਮ ਕਰਕੇ ਸੰਖੇਪਤਾ ਤੋਂ ਹੀ ਕੰਮ ਲੈਣ ਦਾ ਜਤਨ ਕੀਤਾ ਹੈ:

  ਅਬ ਮੈ ਕਥਾ ਸੰਛੇਪ ਤੇ, ਸਭਹੂੰ ਕਹਤ ਸੁਨਾਇ। 
  ਜੋ ਤਿਨ ਕੇ ਕਹਿ ਨਾਮ ਸੁਨਾਊ। ਕਥਾ ਬਢਨ ਤੇ ਅਧਿਕ ਡਰਾਊ।
  ਕਹਾ ਲਗੇ ਕਰਿ ਕਥਾ ਸੁਨਾਊ। ਗ੍ਰੰਥ ਬਢਨ ਤੇ ਅਧਿਕ ਡਰਾਊ।  

 ਬਿਚਿਤ੍ਰ ਨਾਟਕ ਵਿਚ ਆਪ ਨੇ ਆਪਣੇ ਵੰਸ਼ ਦਾ ਪਿਛੋਕੜ ਵਰਨਨ ਕਰਦਿਆਂ ਬੇਦੀ ਤੇ ਸੋਢੀ ਖਾਨਦਾਨਾਂ ਦੇ ਮੁੱਢਲੇ ਇਤਿਹਾਸਾਂ ਤੇ ਵੀ ਰੌਸ਼ਨੀ ਪਾਈ ਹੈ, ਜਿਸ ਵਿਚ ਆਪਣੇ ਪੂਰਵਜਾਂ ਤੇ ਉਚ ਕਾਰਨਾਮਿਆਂ ਦੇ ਹਵਾਲੇ ਤਾਂ ਦ