|
ਦਸਮ ਗ੍ਰੰਥ ਦਾ ਛੰਦ ਬਿਓਰਾ ਤੇ ਛੰਦ ਵਿਧਾਨ
ਗੁਲਜਾਰ ਸਿੰਘ ਕੰਗ
ਨਿਰੁਕਤ ਦੇ ਇਕ ਭਾਸ਼ਕਾਰ ਦਾ ਕਹਿਣਾ ਹੈ ਕਿ ਛੰਦ ਤੋਂ ਬਿਨਾਂ ਵੇਦ-ਬਾਣੀ ਦਾ ਉਚਾਰਨ ਸੰਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਛੰਦ ਆਦਿ ਕਾਲ ਤੋਂ ਕਵਿਤਾ ਦਾ ਜ਼ਰੂਰੀ ਤੱਤ ਰਿਹਾ ਹੈ ਤੇ ਇਸ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ। ਅਜੋਕੇ ਸਮੇਂ ਵਿਚ ਬੇਸ਼ਕ ਛੰਦ-ਮੁਕਤ ਕਵਿਤਾ ਰਚੀ ਜਾਣ ਲੱਗ ਪਈ ਹੈ ਪਰ ਫਿਰ ਵੀ ਕਾਵਿ ਸਿਰਜਨਾ ਵਿਚੋਂ ਅਸੀਂ ਛੰਦ ਦੀ ਮਹੱਤਾ ਨੂੰ ਮਨਫ਼ੀ ਨਹੀਂ ਕਰ ਸਕਦੇ। ਛੰਦ-ਸ਼ਾਸਤਰ ਦਾ ਸਭ ਤੋਂ ਪੁਰਾਣਾ ਗ੍ਰੰਥ 'ਛੰਦ ਸੂਤ੍ਰ' ਹੈ, ਜਿਸ ਦਾ ਲੇਖਕ 'ਪਿੰਗਲ ਆਚਾਰਯ' ਸੀ। ਇਸੇ ਕਰਕੇ ਇਸ ਨੂੰ 'ਪਿੰਗਲ ਸ਼ਾਸਤਰ' ਵੀ ਕਿਹਾ ਜਾਂਦਾ ਰਿਹਾ ਹੈ। ਅਰਬੀ ਫ਼ਾਰਸੀ ਵਿਚ ਛੰਦ ਵਿਦਿਆ ਨੂੰ 'ਅਰੂਜ' ਕਿਹਾ ਗਿਆ ਹੈ। ਅੰਗਰੇਜ਼ੀ ਵਿਚ ਛੰਦ ਨੂੰ ਮੀਟਰ (Meter) ਤੇ ਛੰਦ ਸ਼ਾਸਤਰ ਨੂੰ Meteries ਜਾਂ Prosody ਆਖਿਆ ਜਾਂਦਾ ਹੈ। ਛੰਦ ਸ਼ਬਦ ਦੀਆਂ ਭਾਵੇਂ ਅਸੀਂ ਅਨੇਕਾਂ ਨਿਰੁਕਤੀਆਂ ਤੇ ਅਨੇਕਾਂ ਨਿਰੁਕਤੀਆਂ ਤੇ ਅਨੇਕਾਂ ਅਰਥ ਕੀਤੇ ਹਨ ਪਰ ਆਮ ਧਾਰਨਾ ਹੈ ਕਿ ਛੰਦ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਦੇ ਦੋ ਸ਼ਬਦਾਂ 'ਛੰਦਸ' ਅਤੇ 'ਛੰਦਕ' ਤੋਂ ਹੋਈ ਹੈ। 'ਛੰਦਕ' ਹੱਥ ਵਿਚ ਪਾਉਣ ਵਾਲਾ ਗਹਿਣਾ ਹੈ। 'ਛੰਦਸ' ਦੇ ਦੋ ਅਰਥ ਹਨ, ਇਕ ਢਕਣ ਦੇ ਅਰਥ ਦੇਣ ਵਾਲੀ ਧਾਤੂ 'ਛਦਿ' ਤੇ ਦੂਜਾ ਖੁਸ਼ੀ ਦਾ ਹੁਲਾਰਾ ਦੇਣ ਲਈ ਧਾਤੂ 'ਚਦਿ'। ਕਾਵਿ ਰਚਨਾ ਵਿਚ ਛੰਦ ਰਵਾਨੀ ਪੈਦਾ ਕਰਕੇ ਹੁਲਾਰਾ ਜਾਂ ਉਲਾਸ ਵੀ ਪੈਦਾ ਕਰਦਾ ਹੈ ਤੇ ਇਸ ਦੇ ਵਸਤੂ ਨੂੰ ਵੀ ਢਕ ਕੇ ਰਖਦਾ ਹੈ। ਪਹਿਲੇ ਅਰਥ ਅਨੁਸਾਰ ਇਹ ਕਵਿਤਾ ਵਿਚ ਸੁਹਜ (ਸ਼ਿੰਗਾਰ) ਵੀ ਭਰਦਾ ਹੈ। ਛੰਦ ਸ਼ਬਦ ਨੂੰ ਪਰਿਭਾਸ਼ਤ ਕਰਦੇ ਹੋਏ 'ਮਹਾਨ ਕੋਸ਼' ਦਾ ਕਰਤਾ ਇਸ ਨੂੰ ਕਵਿਤਾ ਵਿਚ ਮਾਰਤਾ, ਅਖੱਰਗਣ, ਵਿਸ਼ਰਾਮ ਤੇ ਅਨੁਪ੍ਰਾਸ ਆਦਿ ਨਿਯਮਾਂ ਦੀ ਪਾਬੰਦੀ ਕਹਿੰਦਾ ਹੈ। 'ਹਿੰਦੀ ਸਾਹਤਿਯ ਕੋਸ਼' ਅਨੁਸਾਰ ਅਜਿਹੀ ਪਦ ਰਚਨਾ ਹੀ ਛੰਦ ਹੈ ਜੋ ਅੱਖਰਾਂ, ਮਾਤਰਾ ਦੀ ਗਿਣਤੀ, ਤਰਤੀਬ ਦੇ ਖਾਸ ਬਿਸਰਾਮ ਦੇ ਨਿਯਮਾਂ ਅਧੀਨ ਰਚੀ ਗਈ ਹੋਵੇ। ਕੁਝ ਇਕ ਵਿਦਾਵਨਾਂ ਨੇ ਜਿਥੇ ਛੰਦ ਨੂੰ ਉਚੀਆਂ ਨੀਵੀਆਂ ਸਵਰਾਂ ਦਾ ਪ੍ਰਬੰਧ ਕਿਹਾ ਹੈ ਉਥੇ ਕੁਝ ਨੇ ਕਾਵਿ-ਬੱਧ ਲੈਆਤਮਕ ਤੇ ਮਾਪਣ-ਯੋਗ ਪੈਟਰਨ ਵੀ ਸਵੀਕਾਰ ਕੀਤਾ ਹੈ। ਨਿਰਨਾ ਇਹ ਲਿਆ ਜਾ ਸਕਦਾ ਹੈ ਕਿ ਕਵਿਤਾ ਵਿਚ ਮਾਤਰਾ ਜਾਂ ਵਰਣਾਂ ਨੂੰ ਖਾਸ ਵਿਉਂਤ ਨਾਲ ਜੋੜ ਕੇ ਵਜ਼ਨ, ਤਾਲ, ਸੁਰ, ਬਿਸਰਾਮ, ਦਾ ਖ਼ਿਆਲ ਰਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈਅ ਪੈਦਾ ਕਰਨੀ ਛੰਦ ਹੈ।
ਸਿੱਖ ਧਰਮ ਚਿੰਤਨ ਤੇ ਸਿੱਖ ਸਮਾਜ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ' ਤੋਂ ਬਾਅਦ 'ਦਸਮ ਗ੍ਰੰਥ' ਦਾ ਦਰਜਾ ਗੌਰਵਈ ਤੇ ਮਹੱਤਵਪੂਰਨ ਹੈ। 'ਦਸਮ ਗ੍ਰੰਥ' ਵਿਚ ਪਰਸਤੁਤ ਵਿਸ਼ੈ ਵਸਤੂ ਤੇ ਅਧਿਆਤਮਕ ਸਰੋਕਾਰਾਂ ਨੂੰ ਜੇਕਰ ਅਸੀਂ ਇਕ ਪਾਸੇ ਰਖ ਕੇ, ਇਸ ਦੀ ਜਲਾਲ ਮਈ ਬਲਵਾਨ ਸ਼ਬਦਾਵਲੀ ਤੇ ਨਾਨਾ ਪ੍ਰਕਾਰ ਦੀ ਛੰਦਾਵਲੀ ਦੇ ਜਲੌ ਦੀ ਗੱਲ ਕਰੀਏ ਤਾਂ ਇਸ ਦੀ ਵਚਿੱਤਰਤਾ ਦੀ ਆਪਣੇ ਆਪ ਵਿਚ ਇਕ ਨਵੇਕਲੀ ਮਿਸਾਲ ਹੈ ਜਿਸ ਦੇ ਤੁਲ ਸੰਸਾਰ ਸਾਹਿਤ ਦੀ ਕੋਈ ਵੀ ਰਚਨਾ ਖਲੋ ਨਹੀਂ ਸਕਦੀ। 1428 ਪੰਨਿਆਂ ਵਿਚ ਪਸਰੇ ਇਸ ਵੱਡ ਆਕਾਰੀ ਗ੍ਰੰਥ ਦੀ ਛੰਦਾਵਲੀ ਸਬੰਧੀ ਗਿਣਤੀ ਕੀਤੀ ਜਾਵੇ ਤਾਂ ਇਹ ਡੇਢ ਸੌ ਤੋਂ ਵੱਧ ਬਣਦੀ ਹੈ। ਇਸ ਤੋਂ ਪਹਿਲਾਂ ਕਿ ਇਸ ਗ੍ਰੰਥ ਦੀਆਂ ਰਚਨਾਵਾਂ ਦਾ ਰਚਨਾ ਵਾਰ ਛੰਦ-ਬਿਓਰਾ ਅੰਕਿਤ ਕਰੀਏ, ਛੰਦ-ਭੇਦ ਅਨੁਸਾਰ ਇਸ ਦੇ ਪ੍ਰਮੁੱਖ ਛੰਦਾਂ ਦਾ ਵੇਰਵਾ ਜਾਣ ਲੈਣਾ ਜ਼ਰੂਰੀ ਹੈ, ਜੋ ਇਸ ਪ੍ਰਕਾਰ ਹੈ:
(1) ਮਾਤ੍ਰਿਕ ਛੰਦ : ਅਤਿ ਮਾਲਤੀ, ਅਭੀਰ, ਅੜਿੱਲ, ਏਲਾ, ਸਵੈਯਾ, ਸਿਰਖਿੰਡੀ, ਸੋਰਨਾ, ਹਰਿ ਗੀਤਾ, ਹੰਸਾ, ਕਲਸ, ਕੁੰਡਲੀਆਂ, ਗਾਹਾ, ਗੀਤ ਮਾਲਤੀ, ਘਤਾ, ਚਉਬੋਲਾ, ਛਪੈ, ਤਿਲਕ, ਤ੍ਰਿਭੰਗੀ, ਤੋਮਰ, ਪਦਮਾਵਤੀ, ਪਾਧੜੀ, ਬੇਹੜਾ, ਬਿਸ਼ਨਪਦ, ਮਕਰਾ, ਮਧੁਭਾਰ, ਮਾਧੋ, ਮੋਹਨ, ਬੈਂਤ, ਵਿਜੈ ਆਦਿ।
(2) ਵਰਣਕ ਛੰਦ : ਉਗਾਥਾ, ਉਛਲਾ, ਉਟੰਕਣ, ਉਤਭੁਜ, ਅਸਤਰ, ਅਕਰਾ, ਅਚਕੜਾ, ਅਜਬਾ, ਅਨਹਦ, ਅਨਕਾ, ਅਨਾਦ, ਅਨੰਤਕਾ, ਅਪੂਰਬਾ, ਅਰੂਪਾ, ਅਲਕਾ, ਏਕ ਅਛਰੀ, ਸਮਾਨਕ, ਸਰਸਵਤੀ, ਸੁੰਦਰੀ,ਸੋਮਰਾਜੀ, ਸੰਖਨਾਰੀ, ਸੰਗੀਤਰਾਜ, ਸੰਗੀਤ ਭੁਜੰਗ, ਹਰਿ ਬੋਲਮਨਾ, ਕਬਿਤ, ਕਿਲਕਾ, ਕੁਸਮ, ਬਚਿਤਰ, ਚਰਪਟ, ਚਾਚਰੀ, ਚਾਮਰ, ਚੰਚਲਾ, ਝੂਲਨਾ, ਝਲਾ, ਤਾਰਕਾ, ਤੋਟਕ, ਤ੍ਰਿਗਤਾ, ਤ੍ਰਿਣਣਿਣ, ਦੋਧਕੇ, ਨਾਗ ਸਰੂਪਨੀ, ਨਾਰਾਜ਼, ਨਿਸਪਾਲ, ਪ੍ਰਿਯਾ, ਬਚਿਤਰ ਪਦ, ਬਾਨ, ਤਰੰਗਮ, ਬੋਲੀ ਬਿਦ੍ਰਮ, ਬਿਸ਼ੇਸਕ, ਭਗਵਤੀ, ਭੁਯੰਗ ਪ੍ਰਯਾਤ, ਮਧੁਰ ਧੁਨਿ, ਮੋਦਕ, ਮਨੋਹਰ, ਮਾਲਤੀ, ਰੁਣਝੁਣ, ਰੁਆਲ, ਰਸਾਵਲ ਆਦਿ।
ਇਨ੍ਹਾਂ ਛੰਦਾਂ ਦੀ ਵਰਤੋਂ ਗੁਰੂ ਸਾਹਿਬ ਨੇ ਰਚਨਾ ਵਿਚਲੀ ਵਸਤੂ ਦੇ ਨਿਭਾਅ ਅਨੁਸਾਰ ਕੀਤੀ ਹੈ। ਜਿਵੇਂ ਕਥਾ ਪ੍ਰਸੰਗ ਲਈ ਚੌਪਈ ਦੀ ਵਰਤੋਂ ਹੋਈ ਹੈ, ਜੁੱਧ ਵਾਰਤਾ ਲਈ ਭੁਜੰਗ, ਨਰਾਜ, ਤ੍ਰਿਣਣਿਣ, ਸੰਗੀਤ, ਭੁਯੰਗ ਪ੍ਰਯਾਤ, ਤ੍ਰਿਭੰਗੀ ਤੇ ਪਉੜੀ ਵਰਤੇ ਹਨ। ਛੰਦ ਫਾਰਸੀ ਜ਼ਬਾਨ ਵਿਚੋਂ ਵੀ ਆਏ ਹਨ ਤੇ ਦੇਸੀ ਛੰਦਾਂ ਉਪਰ ਫਾਰਸੀ ਛੰਦਾਵਲੀ ਦੀ ਪੁੱਠ ਵੀ ਚਾਹੜੀ ਗਈ ਹੈ। ਭਾਵੇਂ 'ਦਸਮ ਗ੍ਰੰਥ' ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਦੇ ਮਤਭੇਦ ਹਨ ਪਰ ਅਸੀਂ ਇਨ੍ਹਾਂ ਸੰਦੇਹਾਂ ਤੋਂ ਵੱਖ ਰਹਿ ਕੇ ਸਮੁੱਚੀਆਂ ਰਚਨਾਵਾਂ ਦਾ ਛੰਦ ਬਿਓਰਾ ਪੇਸ਼ ਕਰਦੇ ਹਾਂ, ਜਿਸ ਦੀ ਤਫਸੀਲ ਇਸ ਪ੍ਰਕਾਰ ਹੈ:
(ੳ) ਜਾਪੁ ਸਾਹਿਬ
ਇਸ ਰਚਨਾ ਦੇ ਕੁਲ 199 ਛੰਦ ਹਨ। ਕੁਝ ਵਿਦਵਾਨਾਂ ਨੇ ਗਿਣਤੀ 200 ਕੀਤੀ ਹੈ ਕਿਉਂਕਿ ਉਨ੍ਹਾਂ ਨੇ 185 ਨੰਬਰ ਵਾਲੇ ਭੁਜੰਗ ਪ੍ਰਯਾਤ ਛੰਦ ਨੂੰ ਦੋ ਅਰਧ ਭੁਜੰਗ ਪ੍ਰਯਾਤ ਛੰਦ ਮੰਨਿਆ ਹੈ। ਪਰ ਸਾਰੀਆਂ ਪੁਰਾਣੀਆਂ ਬੀੜਾਂ ਵਿਚ ਛੰਦਾਂ ਦੀ ਗਿਣਤੀ 199 ਹੈ। ਕੁਲ 10 ਕਿਸਮ ਦੇ ਛੰਦ ਵਰਤੇ ਗਏ ਹਨ:
(1) ਛਪੈ ਛੰਦ=01
(2) ਭੁਜੰਗ ਪ੍ਰਯਾਤ ਛੰਦ=65
(3) ਚਾਚਰੀ ਛੰਦ=32
(4) ਚਰਪਟ ਛੰਦ=08
(5) ਰੂਆਲ ਛੰਦ=08
(6) ਮਧੁਭਾਰ ਛੰਦ=17
(7) ਭਗਵਤੀ ਛੰਦ=41
(8) ਰਸਾਵਲ ਛੰਦ=05
(9) ਹਰਿ ਬੋਲਮਨਾ ਛੰਦ=14
(10) ਏਕ ਅਛਰੀ ਛੰਦ=08
ਇਨ੍ਹਾਂ ਛੰਦਾਂ ਦਾ 22 ਵਾਰ ਪਰਿਵਰਤਨ ਹੋਇਆ ਹੈ। ਇਹ ਛੰਦ ਵਧੇਰੇ ਕਰਕੇ ਛੋਟੇ ਤੇ ਤੀਬਰ ਗਤੀ ਵਾਲੇ ਹਨ। ਪੁਰਾਤਨ ਕਾਲ ਵਿਚ ਸਿੱਖ ਯੁੱਧ-ਵੀਰ ਇਨ੍ਹਾਂ ਛੰਦਾਂ ਦੀ ਚਾਲ ਤੇ ਗੱਤਕੇ ਦੇ ਪੈਂਤੜੇ ਨਿਸਚਿਤ ਕਰਦੇ ਹਨ। ਇਸ ਰਚਨਾ ਦਾ ਪਾਠ ਕਰਦੇ ਹੋਏ ਇਨ੍ਹਾਂ ਛੰਦਾਂ ਦੀ ਯੋਜਨਾ ਸ਼ਸਤਰ ਅਭਿਆਸ ਤੇ ਯੁੱਧ ਸੰਘਰਸ ਦੀ ਭੂਮਿਕਾ ਨਿਭਾਂਦੀ ਰਹੀ ਹੈ।
(ਅ) ਅਕਾਲ ਉਸਤਤਿ
ਇਸ ਰਚਨਾ ਦੇ ਕੁਲ ਸਾਢੇ 271 ਛੰਦ ਹਨ ਅੰਤ ਵਾਲਾ ਛੰਦ ਪੂਰਾ ਨਹੀਂ ਹੈ। 17 ਵਾਰ ਛੰਦ ਪਰਿਵਰਤਨ ਹੁੰਦਾ ਹੈ। ਛੰਦ ਵਾਰ ਬਿਓਰਾ ਇਸ ਪ੍ਰਕਾਰ ਹੈ-
(1) ਚੌਪਈ = 10 ਛੰਦ (ਸਰਬ ਵਿਆਪਕ ਜੋਤ ਦੇ ਪਸਾਰੇ ਦਾ ਵਰਨਨ)
(2) ਕਬਿੱਤ 11 ਤੋਂ 20 = 10 ਛੰਦ (ਸਰਬ ਵਿਆਪਕ ਹਸਤੀ ਦੀ ਵਿਆਖਿਆ)
(3) ਸਵੈਯਾ 21 ਤੋਂ 30 = 10 ਛੰਦ (ਕਰਮਕਾਂਡੀ ਤੇ ਰਾਜਸੀ ਬਲ ਦੇ ਦਾਅਵੇਦਾਰਾਂ ਦਾ ਖੰਡਨ)
(4) ਤੋਮਰ 31 ਤੋਂ 50 = 20 ਛੰਦ (ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਬਿਚਾਰ ਹੈ)
(5) ਲਘੂ ਨਰਾਜ 51 ਤੋਂ 70 =20 ਛੰਦ (ਰੱਬੀ ਵਿਆਪਕਤਾ ਦਾ ਨਿੱਜੀ ਅਨੁਭਵ)
(6) ਕਬਿੱਤ 71 ਤੋਂ 90 = 20 ਛੰਦ (ਦੰਭੀ ਮਤ ਮਤਾਂਤਰਾਂ ਤੇ ਵਿਅੰਗ)
(7) ਭੁਜੰਗ 91 ਤੋਂ 120 = 30 ਛੰਦ (15 ਵਿਚ ਰੱਬ ਇਹ ਨਹੀਂ, 15 ਵਿਚ ਰੱਬ ਇਹ ਹੈ)
(8) ਪਾਧੜੀ 121 ਤੋਂ 140 =20 ਛੰਦ (ਕਰਮ ਕਾਂਡ ਤੇ ਚੋਟ)
(9) ਤੋਟਕ 141 ਤੋਂ 160 = 20 ਛੰਦ (ਕਰਤਾ ਦੀ ਜੈ ਜੈਕਾਰ)
(10) ਨਰਾਜ 161 ਤੋਂ 180 =20 ਛੰਦ (ਰੂਪ ਰੇਖ ਤੋਂ ਉਪਰ ਜੋਤਿ ਦੀ ਸਰਬ ਵਿਆਪਕਤਾ)
(11) ਰੂਆਮਲ 181 ਤੋਂ 200 = 20 ਛੰਦ (ਸਰਬ ਕਰਤਾ ਦੀ ਮਹਿਮਾ)
(12) ਦੀਘਰ ਤ੍ਰਿਭੰਗੀ 201 ਤੋਂ 220 =20 ਛੰਦ (ਦੁਰਜਨ ਦਲ ਦੰਡਣ ਦੀ ਮਹਿਮਾ)
(13) ਦੋਹਰਾ 221 ਤੋਂ 230 = 10 ਛੰਦ (ਆਤਮਾ ਦਾ ਵਰਣਨ)
(14) ਪਾਧੜੀ 231 ਤੋਂ 242 = 12 ਛੰਦ (ਬੇਅੰਤ ਪ੍ਰਭੂ ਦੇ ਸਾਰੇ ਦੇਵਤੇ ਸੇਵਕ ਹਨ)
(15) ਸਵੈਯਾ 243 ਤੋਂ 252 = 10 ਛੰਦ (ਰੱਬ ਪ੍ਰਤਿਪਾਲਕ ਹੈ, ਉਸ ਨੂੰ ਸਭ ਨੇਤਿ ਨੇਤਿ ਆਖਦੇ ਹਨ)
(16) ਕਬਿੱਤ 253 ਤੋਂ 166 = 14 ਛੰਦ (ਦੇਸ ਦੇਸ ਦੇ ਲੋਕਾਂ ਨੂੰ ਰਬੀ ਕੀਰਤੀ ਕਰਦੇ ਦਸਿਆ)
(17) ਪਾਧੜੀ 267 ਤੋਂ 271/1/2 = 5/2 ਛੰਦ
(ੲ) ਬਿਚਿਤ੍ਰ ਨਾਟਕ
ਬਚਿਤ੍ਰ ਨਾਟਕ 'ਦਸਮ ਗ੍ਰੰਥ' ਦੀ ਸਭ ਤੋਂ ਲੰਮੇਰੀ ਰਚਨਾ ਹੈ। ਇਸ ਰਚਨਾ ਵਿਚ ਚੰਡੀ ਚਰਿਤ੍ਰਾਂ, ਚਉਬੀਸ ਅਵਤਾਰ, ਬ੍ਰਹਮਾ ਰੁਦ੍ਰ ਸਾਰੇ ਆਉਂਦੇ ਹਨ ਕਿਉਂਕਿ ਸਮਾਪਨ-ਸੂਚਕ ਉਕਤੀਆਂ ਜਾਂ ਪੁਸ਼ਪਿਕਾਵਾਂ ਵਿਚ ਬਿਚਿਤ੍ਰ ਨਾਟਕ ਦਾ ਹੀ ਵਰਣਨ ਹੈ। ਇਸ ਹਿਸਾਬ ਨਾਲ ਪ੍ਰੋ. ਪਿਆਰਾ ਸਿੰਘ ਪਦਮ ਨੇ ਇਸ ਦੇ 6356 ਛੰਦਾਂ ਦਾ ਜ਼ਿਕਰ ਕੀਤਾ ਹੈ। ਇਸ ਰਚਨਾ ਦੇ 634 ਪੰਨੇ ਬਣਦੇ ਹਨ। ਆਮ ਕਰਕੇ ਜਿਸ ਰਚਨਾ ਨੂੰ ਬਿਚਿਤ੍ਰ ਨਾਟਕ ਵਜੋਂ ਜਾਣਿਆਂ ਜਾਂਦਾ ਹੈ ਉਹ ਗੁਰੂ ਸਾਹਿਬ ਦੀ ਅਪਨੀ ਕਥਾ ਹੈ ਜਿਸ ਦੇ ਕੁਲ 14 ਅਧਿਆਇ ਹਨ। ਇਸ ਰਚਨਾ ਦੇ ਛੰਦਾਂ ਦੀ ਕੁਲ ਗਿਣਤੀ 471 ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ।
(1) ਅਧਿਆਇ ਪਹਿਲਾ: 101 ਛੰਦ। ਇਸ ਵਿਚ ਦੋਹਰਾ 1, ਤ੍ਰਿਭੰਗੀ 1, ਭੁਜੰਗ ਪ੍ਰਯਾਤ ਛੰਦ 43, ਰਸਾਵਲ ਛੰਦ 27, ਨਰਾਜ 8, ਤੋਟਕ 6 ਤੇ 11 ਸਵੈਯੇ ਹਨ। 19 ਵਾਰ ਛੰਦ ਪਰਿਵਰਤਨ ਹੁੰਦਾ ਹੈ।
(2) ਅਧਿਆਇ ਦੂਜਾ: 36 ਛੰਦ, ਨੌਂ ਵਾਰ ਛੰਦ ਪਰਿਵਰਤਨ ਹੁੰਦਾ ਹੈ। ਚੌਪਈ =32, ਦੋਹਰਾ=04
(3) ਅਧਿਆਇ ਤੀਜਾ: ਕੁਲ ਛੰਦ 52 ਹਨ, ਜਿਨ੍ਹਾਂ ਵਿਚ ਭੁਜੰਗ ਪ੍ਰਯਾਤ ਛੰਦ 14, ਰਸਾਵਲ 27, ਨਰਾਜ 9, ਛਪੈ ਛੰਦ ਇਕ ਤੇ ਇਕ ਚੌਪਈ ਹੈ। ਗਿਆਰਾਂ ਵਾਰ ਛੰਦ ਪਰਿਵਰਤਨ ਹੁੰਦਾ ਹੈ।
(4) ਅਧਿਆਇ ਚੌਥਾ: ਇਸ ਦੇ ਕੁਲ 10 ਛੰਦ ਹਨ। ਇਸ ਵਿਚ 3 ਵਾਰ ਭੁਜੰਗ ਪ੍ਰਯਾਤ ਛੰਦ, 3 ਵਾਰ ਰਸਾਵਲ, ਇਕ ਵਾਰ ਅੜਿਲ, ਇਕ ਦੋਹਰਾ ਤੇ ਦੋ ਚੋਪਈਆਂ ਆਈਆਂ ਹਨ। ਪੰਜ ਵਾਰ ਛੰਦ ਪਰਿਵਰਤਨ ਹੁੰਦਾ ਹੈ।
(5) ਅਧਿਆਇ ਪੰਜਵਾਂ: ਕੁਲ ਛੰਦ 16 ਹਨ ਜਿਨ੍ਹਾਂ ਵਿਚ ਇਕ ਵਾਰ ਨਰਾਜ ਛੰਦ, 4 ਵਾਰ ਦੋਹਰਾ ਤੇ 11 ਚੌਪਈ ਛੰਦ ਆਏ ਹਨ। 6 ਵਾਰ ਛੰਦ ਪਰਿਵਰਤਨ ਹੁੰਦਾ ਹੈ।
(6) ਅਧਿਆਇ ਛੇਵਾਂ: ਕੁਲ 64 ਛੰਦ ਹਨ, ਜਿਨ੍ਹਾਂ ਵਿਚ ਚੌਪਈ 49, ਦੋਹਰਾ 6, ਨਰਾਜ ਛੰਦ 7 ਤੇ ਰਸਾਵਲ 2 ਵਾਰ ਆਏ ਹਨ। ਪੰਦਰਾਂ ਵਾਰ ਛੰਦ ਪਰਿਵਰਤਨ ਹੋਇਆ ਹੈ।
(7) ਅਧਿਆਇ ਸੱਤ: ਇਹ ਛੋਟਾ ਜਿਹਾ ਅਧਿਆਇ ਹੈ। ਇਸ ਵਿਚ ਚੌਪਈ ਛੰਦ ਨੂੰ ਵਰਤਿਆ ਗਿਆ ਹੈ ਤੇ ਕੁਲ ਤਿੰਨ ਚੌਪਈਆਂ ਹਨ।
(8) ਅਧਿਆਇ ਅੱਠ: ਇਸ ਵਿਚ ਕੁਲ 38 ਛੰਦ ਹਨ ਜਿਨ੍ਹਾਂ ਵਿਚ ਚੌਪਈ 4 ਵਾਰ, ਭੁਜੰਗ ਪ੍ਰਯਾਤ ਛੰਦ 21 ਵਾਰ, ਰਸਾਵਲ 9 ਵਾਰ ਤੇ ਦੋਹਰਾ 4 ਵਾਰ ਆਏ ਹਨ। ਗਿਆਰਾਂ ਵਾਰ ਛੰਦ ਪਰਿਵਰਤਨ ਹੋਇਆ ਹੈ।
(9) ਅਧਿਆਇ ਨੌਂ: ਇਸ ਦੇ ਕੁਲ ਚੌਵੀ ਛੰਦ ਹਨ। ਚੌਪਈ 3 ਵਾਰ, ਭੁਜੰਗ ਪ੍ਰਯਾਤ ਛੰਦ 5 ਵਾਰ, ਮਧੁਭਾਰ ਛੰਦ 3 ਵਾਰ, ਰਸਾਵਲ 4 ਵਾਰ ਤੇ ਦੋਹਰਾ 2 ਵਾਰ ਤੇ ਭੁਜੰਗ ਛੰਦ 7 ਵਾਰ ਇਸਤੇਮਾਲ ਹੋਇਆ ਹੈ। ਅੱਠ ਵਾਰ ਛੰਦ ਪਰਿਵਰਤਨ ਹੋਇਆ ਹੈ।
(10) ਅਧਿਆਇ ਦਸਵਾਂ: ਇਸ ਦੇ ਕੁਲ 10 ਛੰਦ ਹਨ। ਇਸ ਵਿਚ ਚੌਪਈ 4 ਵਾਰ, ਭੁਜੰਗ ਪ੍ਰਯਾਤ ਛੰਦ 2 ਵਾਰ, ਨਰਾਜ 2 ਵਾਰ, ਦੋਹਰਾ 2 ਵਾਰ ਵਰਤਿਆ ਗਿਆ ਹੈ। ਚਾਰ ਵਾਰ ਛੰਦ ਪਰਿਵਰਤਨ ਹੋਇਆ ਹੈ।
(11) ਅਧਿਆਇ ਗਿਆਰਵਾਂ: ਕੁਲ ਛੰਦ 69 ਹਨ, ਜਿਨ੍ਹਾਂ ਵਿਚ ਭੁਜੰਗ ਪ੍ਰਯਾਤ ਛੰਦ 18 ਵਾਰ, ਦੋਹਰਾ 9 ਵਾਰ, ਚੌਪਈ 13 ਵਾਰ, ਮਧੁਭਾਰ ਛੰਦ 9 ਵਾਰ, ਤ੍ਰਿਭੰਗੀ ਇਕ ਵਾਰ, ਰਸਾਵਲਾ ਛੰਦ 15 ਵਾਰ, ਪਾਧੜੀ ਛੰਦ 2 ਵਾਰ ਤੇ ਨਰਾਜ ਛੰਦ 2 ਵਾਰ ਵਰਤਿਆ ਗਿਆ ਹੈ। 18 ਵਾਰ ਛੰਦ ਪਰਿਵਰਤਨ ਹੋਇਆ ਹੈ।
(12) ਅਧਿਆਇ ਬਾਰ੍ਹਵਾਂ: ਇਸ ਦੇ ਛੰਦਾਂ ਦੀ ਗਿਣਤੀ 12 ਹੈ। ਇਸ ਵਿਚ ਚੌਪਈ 7 ਵਾਰ, ਰਸਵਾਲ 3 ਵਾਰ ਤੇ ਦੋਹਰੇ ਦੀ 2 ਵਾਰ ਵਰਤੋਂ ਹੋਈ ਹੈ। ਛੇ ਵਾਰ ਛੰਦ ਪਰਿਵਰਤਨ ਹੋਇਆ ਹੈ।
(13) ਅਧਿਆਇ ਚੌਧਵਾਂ: ਇਸ ਦੇ 11 ਛੰਦ ਹਨ ਤੇ ਸਾਰੇ ਹੀ ਚੌਪਈ ਰੂਪ ਵਿਚ ਆਏ ਹਨ।
ਕੁਲ ਮਿਲਾ ਕੇ ਵੇਖਿਆ ਜਾਵੇ ਤਾਂ 13 ਕਿਸਮ ਦੇ ਛੰਦਾਂ ਦੀ ਇਸ ਰਚਨਾ ਵਿਚ ਵਰਤੋਂ ਹੋਈ ਹੈ। ਸਭ ਤੋਂ ਅਧਿਕ ਵਰਤੋਂ ਚੌਪਈ ਦੀ ਹੈ ਤੇ ਇਸ ਤੋਂ ਪਿਛੋਂ ਰਸਾਵਲ ਤੇ ਭੁਜੰਗ ਪ੍ਰਯਾਤ ਛੰਦ ਆਉਂਦੇ ਹਨ। ਕੁਲ 115 ਵਾਰ ਛੰਦ ਪਰਿਵਰਤਨ ਹੁੰਦਾ ਹੈ।
(ਸ) ਚੰਡੀ ਚਰਿਤ੍ਰ 1
ਦਸਮ ਗ੍ਰੰਥ ਵਿਚ ਇਸ ਰਚਨਾ ਦਾ ਨਾਮ 'ਚੰਡੀ ਚਰਿਤ੍ਰ ਉਕਤਿ ਬਿਲਾਸ' ਲਿਖਿਆ ਗਿਆ ਹੈ। ਇਸ ਰਚਨਾ ਦੇ ਕੁਲ 233 ਛੰਦ ਹਨ ਅਤੇ 8 ਅਧਿਆਇ ਹਨ। ਇਹ ਬਿਚਿਤ੍ਰ ਨਾਟਕ ਦਾ ਭਾਗ ਹੀ ਹੈ ਅਪਨੀ ਕਥਾ ਦੇ ਚੌਦਵੇਂ ਅਧਿਆਇ ਦੇ ਅੰਤ ਵਿਚ ਇਸ ਦਾ ਜਿਕਰ ਇਸ ਪ੍ਰਕਾਰ ਹੈ:
ਪਹਿਲੇ ਚੰਡੀ ਚਰਿਤ੍ਰ ਬਨਾਯੋ। ਨਖ ਸਿਖ ਤੇ ਕ੍ਰਮ ਭਾਖ ਸੁਨਾਯੋ।
ਛੌਰ ਕਥਾ ਤਬ ਪ੍ਰਥਮ ਸੁਨਾਈ। ਅਬ ਚਾਹਤ ਫਿਰਿ ਕਰੋ ਬਡਾਈ।
ਰਚਨਾਕਾਰ ਅਨੁਸਾਰ ਭਾਵੇਂ ਸਾਰੀ ਰਚਨਾ ਕਬਿੱਤਾ ਵਿਚ ਰਚੀ ਗਈ ਪਰ ਇਸ ਦੇ ਸਾਰੇ 233 ਛੰਦ ਕਬਿੱਤ ਨਹੀਂ ਹਨ ਸਗੋਂ ਸਵੈਯਾ, ਦੋਹਰਾ, ਸੋਰਠਾ, ਤੋਟਕ, ਰੇਖਤਾ, ਪੁਨਹਾ ਆਦਿ ਛੰਦਾਂ ਵਿਚ ਹੈ ਅਤੇ ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਇਸ ਰਚਨਾ ਦਾ ਛੰਦ ਬਿਓਰਾ ਇਸ ਪ੍ਰਕਾਰ ਹੈ:
(1) ਅਧਿਆਇ ਪਹਿਲਾ : ਕੁਲ ਛੰਦ =12 (ਸਵੈਯਾ 4+ਦੋਹਰਾ 4+ਪੁਨਹਾ 1+ਤੋਟਕ 2+ਸੋਰਠਾ 1=12)
(2) ਅਧਿਆਇ ਦੂਜਾ : ਕੁਲ ਛੰਦ =40 (ਪੁਨਹਾ 1+ਸਵੈਯਾ 17+ਦੋਹਰਾ 20+ਰੇਖਤਾ 1+ਕਬਿੱਤ 1=40)
(3) ਅਧਿਆਇ ਤੀਜਾ : ਕੁਲ ਛੰਦ =50 (ਦੋਹਰਾ 27+ਸਵੈਯਾ 21+ਸੋਰਠਾ 1+ਕਬਿੱਤ 1=50)
(4) ਅਧਿਆਇ ਚੌਥਾ : ਕੁਲ ਛੰਦ =14 (ਦੋਹਰਾ 6+ਸਵੈਯਾ 8=14)
(5) ਅਧਿਆਇ ਪੰਜਵਾਂ : ਕੁਲ ਛੰਦ =56 (ਸੋਰਠਾ 4+ਦੋਹਰਾ 13+ ਸਵੈਯਾ 39=56)
(6) ਅਧਿਆਇ ਛੇਵਾਂ : ਕੁਲ ਛੰਦ =30 (ਸਵੈਯਾ 24+ ਦੋਹਰਾ 5+ ਕਬਿੱਤ 1=30)
(7) ਅਧਿਆਇ ਸਤਵਾਂ : ਕੁਲ ਛੰਦ =22 (ਦੋਹਰਾ 6+ ਸਵੈਯਾ 14+ ਕਬਿੱਤ 2=22)
(8) ਅਧਿਆਇ ਅੱਠਵਾਂ : ਕੁਲ ਛੰਦ =09 (ਸਵੈਯਾ 5+ ਕਬਿੱਤ 3+ ਦੋਹਰਾ 1=09)
ਇਸ ਰਚਨਾ ਵਿਚ ਸਭ ਤੋਂ ਵਧੇਰੇ ਵਰਤੋਂ ਸਵੈਯਾ ਛੰਦ ਦੀ (132 ਵਾਰ) ਹੋਈ ਹੈ ਅਤੇ ਦੂਜੇ ਨੰਬਰ ਤੇ ਦੋਹਰੇ ਦੀ 82 ਵਾਰ ਵਰਤੋਂ ਹੋਈ ਹੈ।
(ਹ) ਚੰਡੀ ਚਰਿਤ੍ਰ 2
ਇਸ ਰਚਨਾ ਦੇ ਕੁਲ 262 ਛੰਦ ਤੇ 8 ਅਧਿਆਇ ਹਨ। ਜਿਥੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਾਰਕੰਡੇ ਪੁਰਾਣ ਦੇ ਮੂਲ ਸਰੋਤ ਤੇ ਅਧਾਰਤ ਹੈ ਉਥੇ ਇਸ ਰਚਨਾ ਦੇ ਮੂਲ ਸਰੋਤ ਸਬੰਧੀ ਕੋਈ ਸੰਕੇਤ ਨਹੀਂ ਹੈ। ਇਸ ਰਚਨਾ ਵਿਚ ਕੁਲ 15 ਛੰਦਾਂ ਨਰਾਜ, ਰਸਾਵਲ, ਦੋਹਰਾ, ਭੁਜੰਗ ਪ੍ਰਯਾਤ, ਤੋਟਕ, ਚੌਪਈ, ਮਧੁਭਾਰ, ਰੂਆਲ, ਰੁਆਮਲ, ਸੋਰਠਾ, ਵਿਜੈ, ਮਨੋਹਰ, ਬੋਲੀ ਵਿਦ੍ਰਮ, ਮਧੁਰਾ, ਕੁਲਕ ਆਦਿ ਦੀ ਵਰਤੋਂ ਹੋਈ ਹੈ। ਇਨ੍ਹਾਂ ਵਿਚ ਪ੍ਰਧਾਨਤਾ ਭੁਜੰਗ ਪ੍ਰਯਾਤ ਛੰਦ ਦੀ ਹੈ। ਕੁਲ 57 ਵਾਰ ਛੰਦ ਪਰਿਵਰਤਨ ਹੋਇਆ ਹੈ। ਇਸ ਰਚਨਾ ਦੇ ਛੰਦਾਂ ਦਾ ਬਿਓਰਾ ਇਸ ਪ੍ਰਕਾਰ ਹੈ:
(1) ਅਧਿਆਇ ਪਹਿਲਾ : ਕੁਲ ਛੰਦ =38
(ਨਰਾਜ 07+ਰਸਾਵਲ 06+ਦੋਹਰਾ 02+ਭੁਜੰਗ ਪ੍ਰਯਾਤ ਛੰਦ 07+ਤੋਟਕ 04+ਚੌਪਈ 02+ਮਧੁਭਾਰ 04+ਰੂਆਮਲ 06=38)
(2) ਅਧਿਆਇ ਦੂਜਾ : ਕੁਲ ਛੰਦ =26
(ਕੁਲਕ 04+ਦੋਹਰਾ 03+ਚੌਪਾਈ 02+ਨਰਾਜ 02+ਰਸਾਵਲ 11+ਭੁਜੰਗ ਪ੍ਰਯਾਤ ਛੰਦ 04=26)
(3) ਅਧਿਆਇ ਤੀਜਾ : ਕੁਲ ਛੰਦ =13
(ਦੋਹਰਾ 02+ਚਉਪਈ 02+ਰੂਆਲ 09 =13)
(4) ਅਧਿਆਇ ਚੌਥਾ : ਕੁਲ ਛੰਦ =45
(ਸੋਰਠਾ 01+ ਚੌਪਈ 05+ਭਜੰਗ ਪ੍ਰਯਾਤ 06+ਰਸਾਵਲ 21+ਬਿਜੇ 02+ਮਨੋਹਰ 01+ਸੰਗੀਤ ਭੁਜੰਗ ਪ੍ਰਯਾਤ 07+ਨਰਾਜ 02=45)
(5) ਅਧਿਆਇ ਪੰਜਵਾਂ : ਕੁਲ ਛੰਦ =34
(ਦੋਹਰਾ 02+ਭੁਜੰਗ ਪ੍ਰਯਾਤ 03+ਰਸਾਵਲ 15+ਬੇਲੀ ਬਿੰਦ੍ਰਮ 06+ਨਿਰਾਜ 03+ਮਧੁਭਾਰ 04+ਬਿਰਧ ਨਿਰਾਜ 01=34)
(6) ਅਧਿਆਇ ਛੇਵਾਂ : ਕੁਲ ਛੰਦ =63
: (ਭੁਜੰਗ ਪ੍ਰਯਾਤ 13+ਦੋਹਰਾ 04+ਨਰਾਜ਼ 03+ਸੰਗੀਤ ਮਧੁਭਾਰ 07+ਸੰਗੀਤ ਨਰਾਜ 01+ਰਸਾਵਲ 20+ਚੌਪਈ 07+ਮਧੁਭਾਰ 04 +ਬੇਲੀ ਬਿਦ੍ਰਮ 04=63)
ਨੋਟ : ਇਸ ਅਧਿਆਇ ਵਿਚ ਅੰਕ 176 ਤੋਂ 187 ਤਕ ਵਰਤੇ 12 ਰਸਾਵਲ ਛੰਦ ਪੁਰਾਣੀਆਂ ਸੈਂਚੀਆਂ ਵਿਚ ਬਿਰਾਜ ਛੰਦ ਸਿਰਲੇਖ ਅਧੀਨ ਆਇਆ ਹੈ ਜੋ ਵਿਜੋਹਾ ਤੇ ਵਿਔਹਾ ਭੀ ਸਦਿਆ ਜਾਂਦਾ ਹੈ।
(7) ਅਧਿਆਇ ਸੱਤਵਾਂ : ਕੁਲ ਛੰਦ =37
(ਬੇਲੀ ਬਿਦ੍ਰਮ 01+ਚੌਪਈ 02+ਭੁਜੰਗ ਪ੍ਰਯਾਤ 34=37)
(8) ਅਧਿਆਇ ਅਠਵਾਂ : ਕੁਲ ਛੰਦ =06
(ਭੁਜੰਗ ਪ੍ਰਯਾਤ 05+ਦੋਹਰਾ 01=06)
(ਕ) ਚੰਡੀ ਦੀ ਵਾਰ
ਦਸਮ ਗ੍ਰੰਥ ਵਿਚ ਇਸ ਰਚਨਾ ਦਾ ਸਿਰਲੇਖ 'ਅਬ ਵਾਰ ਦੁਰਗਾ ਦੀ ਲਿਖਯਤੇ' ਹੈ। ਇਹ ਰਚਨਾ ਪਉੜੀਆਂ ਵਿਚ ਹੈ ਜਿਨ੍ਹਾਂ ਦੀ ਕੁਲ ਗਿਣਤੀ 55 ਹੈ। ਪਟਨੇ ਵਾਲੀ ਬੀੜ ਵਿਚ ਇਸ ਦੇ 6 ਅਧਿਆਇ ਬਣਾਏ ਗਏ ਹਨ। ਇਨ੍ਹਾਂ ਪਉੜੀਆਂ ਵਿਚ ਨਿਸ਼ਾਨੀ ਤੇ ਸਿਰਕੰਡੀ ਛੰਦ ਵਰਤੇ ਗਏ ਹਨ। ਰਚਨਾ ਵਿਚ ਕੁਲ 54 ਪਉੜੀਆਂ+1 ਦੋਹਰਾ ਆਉਂਦਾ ਹੈ।
(ਖ) ਗਿਆਨ ਪ੍ਰਬੋਧ
ਇਸ ਰਚਨਾ ਦੇ ਕੁਲ 336 ਛੰਦ ਹਨ। ਇਹ ਇਕ ਵੱਖਰੀ ਪੋਥੀ ਦੇ ਰੂਪ ਵਿਚ ਸੁਤੰਤਰ ਰਚਨਾ ਹੈ ਕਿਉਂਕਿ ਦੂਜੇ ਜੱਗ ਦੀ ਸਮਾਪਤੀ ਉਪਰੰਤ (156ਵੇਂ ਛੰਦ ਤੋਂ ਬਾਅਦ) ਇਸ ਪ੍ਰਕਾਰ ਪੁਸ਼ਪਿਕਾ ਲਿਖੀ ਹੈ:
'ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ'।
ਇਸ ਦੇ ਅੰਤ ਤੇ ਸਮਾਪਤੀ ਸੂਚਕ ਕੋਈ ਪੁਸ਼ਪਿਕਾ ਨਹੀਂ ਦਿੱਤੀ ਹੋਈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਸੰਪੂਰਨ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਕਾਸ਼ਤ ਦਸਮ ਗ੍ਰੰਥ ਦੇ ਸ਼ਬਦਾਰਥ ਵਿਚ ਇਸ ਰਚਨਾ ਨੂੰ ਚਉਬੀਸ ਅਵਤਾਰ ਤੇ ਸ਼ਸਤ੍ਰਨਾਮਮਾਲਾ ਤੋਂ ਬਾਅਦ ਲਿਆ ਗਿਆ ਹੈ। ਅਸਲ ਵਿਚ ਚਉਬੀਸ ਅਵਤਾਰ ਬਿਚਿਤ੍ਰ ਨਾਟਕ ਦਾ ਭਾਗ ਹਨ ਤੇ ਇਹ ਰਚਨਾ ਸੁਤੰਤਰ ਹੈ। ਵਿਸ਼ੈ ਦੇ ਅਧਾਰ ਤੇ ਇਸ ਦੇ ਦੋ ਭਾਗ ਬਣਦੇ ਹਨ, ਇਕ ਦਾ ਅੰਤ 125 ਛੰਦਾ ਉਪਰ ਹੁੰਦਾ ਹੈ ਤੇ ਦੂਜਾ ਭਾਗ ਪਾਧੜੀ ਛੰਦ ਨਾਲ ਸ਼ੁਰੂ ਹੁੰਦਾ ਹੈ। ਇਸ ਰਚਨਾ ਵਿਚ ਕੁਲ 16 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
ਤ੍ਰਿਭੰਗੀ, ਨਰਾਜ, ਕਲਸ, ਛਪੈ, ਕਬਿਤ, ਬਹਿਰਤਵੀਲ, ਅਰਧ ਨਰਾਜ, ਬ੍ਰਿਧ ਨਰਾਜ, ਰਸਾਵਲ, ਪਾਧੜੀ, ਰੂਆਲ, ਭੁਜੰਗ ਪ੍ਰਯਾਤ, ਚੌਪਈ, ਦੋਹਰਾ, ਤੋਟਕ ਤੇ ਤੋਮਰ ਆਦਿ।
(ਗ) ਚਉਬੀਸ ਅਵਤਾਰ : ਕੁਲ ਛੰਦ =3871
ਚਉਬੀਸ ਅਵਤਾਰ 'ਦਸਮ ਗ੍ਰੰਥ' ਦੀ ਮਹੱਤਵ ਪੂਰਨ ਤੇ ਵੱਡ-ਆਕਾਰੀ ਰਚਨਾ ਹੈ। ਇਸ ਵਿਚ ਵਿਸ਼ਨੂੰ ਦੇ 24 ਅਵਤਾਰਾਂ ਦੀਆਂ ਚਰਿਤ੍ਰ ਕਥਾਵਾਂ ਹਨ। ਇਸੇ ਕਰਕੇ ਇਹ ਬਿਚਿਤ੍ਰ ਨਾਟਕ ਦਾ ਭਾਗ ਹਨ। ਇਸ ਰਚਨਾ ਦਾ ਛੰਦ-ਬਿਓਰਾ ਇਸ ਪ੍ਰਕਾਰ ਹੈ:
(1) ਰਚਨਾ ਦਾ ਅਰੰਭ : ਕੁਲ ਛੰਦ = 38
ਇਸ ਵਿਚ ਅਵਤਾਰਾਂ ਦੇ ਕਥਾ ਪ੍ਰਸੰਗ ਤੋਂ ਪਹਿਲਾਂ ਪਰਮਾਤਮਾ ਪ੍ਰਤੀ ਗੁਰੂ ਸਾਹਿਬ ਦੀ ਧਾਰਨਾ ਸਪਸ਼ਟ ਹੋਈ ਹੈ। ਇਹ ਸਾਰੇ 38 ਛੰਦ ਚੌਪਈ ਰੂਪ ਵਿਚ ਹਨ।
(2) ਮੱਛ ਅਵਤਾਰ : ਕੁਲ ਛੰਦ = 16
(ਚੌਪਈ 02+ਭੁਜੰਗ ਪ੍ਰਯਾਤ 10+ਰਸਾਵਲ 03+ਤ੍ਰਿਭੰਗੀ 01 =16)
(3) ਕੱਛ ਅਵਤਾਰ : ਕੁਲ ਛੰਦ = 5
(ਸਾਰੇ ਦੇ ਸਾਰੇ ਭੁਜੰਗ ਪ੍ਰਯਾਤ ਛੰਦ ਹਨ)
(4) ਨਰ ਨਾਰਾਇਣ ਅਵਤਾਰ : ਕੁਲ ਛੰਦ =20 (ਨਰ ਤੇ ਨਰਾਇਣ ਦੇ ਅਵਤਾਰ ਹਨ)
(ਤੋਟਕ 10+ਦੋਹਰਾ 01+ਚੌਪਈ 02+ ਭੁਜੰਗ ਪ੍ਰਯਾਤ 07=20)
(5) ਮਹਾਮੋਹਨੀ ਅਵਤਾਰ : ਕੁਲ ਛੰਦ =08
(ਭੁਜੰਗ ਪ੍ਰਯਾਤ 05+ਚੌਪਈ 01+ਦੋਹਰਾ 02= 08)
(6) ਬੈਰਾਹ ਅਵਤਾਰ : ਕੁਲ ਛੰਦ =14
(ਸਾਰੇ ਦੇ ਸਾਰੇ ਭੁਜੰਗ ਪ੍ਰਯਾਤ ਛੰਦ ਹਨ)
(7) ਨਰ ਸਿੰਘ ਅਵਤਾਰ : ਕੁਲ ਛੰਦ =42
(ਪਾਧੜੀ 07+ਤੋਟਕ 15+ਬੋਲੀ ਬਿੰਦ੍ਰਮ 02+ਤੋਮਰ 02+ਦੋਧਕ 05+05+ਭੁਜੰਗ ਪ੍ਰਯਾਤ 04+ਦੋਹਰਾ 01+ਭੁਜੰਗ 02=42)
(8) ਬਾਵਨ ਅਵਤਾਰ : ਕੁਲ ਛੰਦ =27 ਇਸ ਨੂਮ ਵਾਮਨ ਅਵਤਾਰ ਵੀ ਆਖਦੇ ਹਨ।
(ਭੁਜੰਗ ਪ੍ਰਯਾਤ ਛੰਦ 03+ ਨਰਾਜ 04+ਚੌਪਈ 15+ਦੋਹਰਾ 02+ਤੋਮਰ 03)
(9) ਪਰਸ ਰਾਮ ਅਵਤਾਰ : ਕੁਲ ਛੰਦ =35
(ਚੌਪਈ 05+ਭੁਜੰਗ ਪ੍ਰਯਾਤ 07+ਨਰਾਜ 02+ਰਸਾਵਲ 13+ਭੁਜੰਗ ਛੰਦ 08)
(10) ਬ੍ਰਹਮਾ ਅਵਤਾਰ : ਕੁਲ ਛੰਦ =7
(6 ਚੌਪਈ +1 ਦੋਹਰਾ)
(11) ਰੁਦ੍ਰਾਵਤਾਰ ਅਵਤਾਰ : ਕੁਲ ਛੰਦ = 07
(ਤੋਟਕ 19+ਪਾਧੜੀ 02+ਰੁਆਲਮ 04+ਨਰਾਜ 06+ਰਸਾਵਲ 10+ਚੌਪਈ 43+ਅੜਿੱਲ 02+ਦੋਹਰਾ 02+ਬ੍ਰਿਧ ਨਰਾਜ 04 +ਭੁਜੰਗ ਪ੍ਰਯਾਤ 03)
(12) ਜਲੰਧਰ ਅਵਤਾਰ : ਕੁਲ ਛੰਦ =28
(ਚੌਪਈ 12+ਦੋਹਰਾ 07+ਤੋਟਕ 06+ਭੁਜੰਗ ਪ੍ਰਯਾਤ 03)
(13) ਬਿਸਨ ਅਵਤਾਰ : ਕੁਲ ਛੰਦ =05
(ਚੌਪਈ 04+ਦੋਹਰਾ 1)
(14) ਮਧੁ ਕੈਟਭ ਦੇ ਸੰਗਾਰਕ ਰੂਪ ਅਵਤਾਰ: ਕੁਲ ਛੰਦ =07
(ਚੌਪਈ 03+ਚੌਪਈ 04)
(15) ਅਰਹੰਤ ਦੇਵ ਅਵਤਾਰ : ਕੁਲ ਛੰਦ =20
(17 ਚੌਪਈ+03 ਦੋਹਰੇ)
(16) ਮਨੁ ਰਾਜਾ ਅਵਤਾਰ : ਕੁਲ ਛੰਦ =08
(7 ਚੌਪਈ+01 ਦੋਹਰੇ)
(17) ਧਨੰਤਰ ਬੈਦ ਅਵਤਾਰ : ਕੁਲ ਛੰਦ = 06
(4 ਚੌਪਈ+01 ਦੋਹਾਰੇ)
(18) ਸੂਰਜ ਅਵਤਾਰ : ਕੁਲ ਛੰਦ = 27
(ਚੌਪਈ 03+ਨਰਾਜ 05+ਅਰਧ ਨਰਾਜ 03+ਦੋਹਰਾ 02+ਅੜਿੱਲ 02+ਅਨੁਭਵ 01+ਮਧੁਰ ਧੁਨੀ 07+ਬੋਲੀ ਬਿੰਦ੍ਰਮ 02 +ਤੋਟਕ 02)
(19) ਚੰਦ ਅਵਤਾਰ : ਕੁਲ ਛੰਦ =15
(ਦੋਧਕ 04+ਤੋਮਰ 07+ਚੌਪਈ 04)
(20) ਰਾਮ ਅਵਤਾਰ : ਕੁਲ ਛੰਦ =864
ਕੁਲ 25 ਭਾਗ ਹਨ। ਇਸ ਰਚਨਾ ਵਿਚ ਕਲਸ਼, ਉਲਾਸ, ਕ੍ਰੀੜਾ, ਮੀਤ, ਮਾਲਤੀ, ਚਾਚਰੀ, ਚੌਬੋਲਾ, ਤਿਲਕੜਿਆ, ਰਸਾਵਲ, ਸਸਿ, ਸੁਖਦਾ, ਸੁਧਿ, ਦੋਹਰਾ, ਅਲਕਾ, ਅਗਾਧ, ਉਟੰਕਣ, ਅਰਧ, ਭੁਜੰਗੀ, ਅਰਧ, ਨਰਾਜ, ਅਰੂਪ, ਅਮ੍ਰਿਤਗੀਤ, ਅਨੂਪ ਨਰਾਜ, ਅਨਕਾ, ਅਜਬਾ, ਚੌਪਈ, ਤੋਟਕ, ਪਾਧੜੀ, ਰੂਆਮਲ, ਸੁੰਦਰੀ, ਭੁਜੰਗ, ਪ੍ਰਯਾਤ, ਮਧੁਰ ਧੁਨਿ, ਸਵੈਯਾ, ਚਰਪਟ ਛੀਗਾ, ਕਬਿੱਤ, ਦੋਧਕ, ਸ਼ਮਾਨਕਾ, ਸਾਰਸੁਤੀ, ਨਗ ਸਰੂਪੀ, ਨਗ ਸਰੂਪੀ ਅਰਧ ਛੰਦ, ਉਮਾਧ, ਉਮਾਥਾ, ਦੋਹਰਾ, ਸੋਰਠਾ, ਮਨੋਹਰ, ਬਿਜੈ, ਅਪੂਰਬ, ਕੁਸਮ ਬਚਿਤ੍ਰ, ਕੰਠ ਅਭੂਖਨ, ਝੂਲਾ, ਝੂਲਨਾ, ਤਾਰਕਾ, ਸੰਗੀਤ ਛਪੈ ਛੰਦ, ਬਿਰਾਜ ਛੰਦ, ਨਵ ਨਾਮਕ ਛੰਦ, ਸਿਰਖੰਡੀ, ਪਾਧੜੀ, ਸੰਗੀਤ, ਪਧਿਸਟਕਾ ਛੰਦ, ਹੋਹਾ ਛੰਦ, ਤ੍ਰਿਣ ਣਿਣ ਛੰਦ, ਤ੍ਰਿਮਤਾ ਛੰਦ, ਅਨਾਦ ਛੰਦ, ਬਹੜਾ ਛੰਦ, ਸੰਮੀਤ ਬਹੜਾ, ਅਨੰਤ ਤੁਕਾ ਸਵੈਯਾ, ਅਕਲਾ ਛੰਦ, ਮਕਰਾ ਛੰਦ, ਅਣਕਾ ਛੰਦ, ਅੜੂਹਾ ਛੰਦ। ਇਵੇਂ ਕੁਲ ਮਿਲਾਕੇ 67 ਪ੍ਰਕਾਰ ਦੇ ਛੰਦਾਂ ਦੀ ਇਸ ਰਚਨਾ ਵਿਚ ਵਰਤੋਂ ਹੋਈ ਹੈ।
(21) ਕ੍ਰਿਸ਼ਨਾਵਤਾਰ : ਕੁਲ ਛੰਦ =2492
ਭਾਈ ਮਨੀ ਸਿੰਘ ਵਾਲੀ ਬੀੜ ਵਿਚ 43 ਛੰਧ ਵੱਧ ਹਨ। ਸੰਗਰੂਰ ਵਾਲੀ ਬੀੜ ਵਿਚ 2559 ਛੰਦ ਤੇ ਪਟਨੇ ਵਾਲੀ ਬੀੜ ਵਿਚ 2580 ਛੰਦ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਕਾਸ਼ਤ ਦਸਮ ਗ੍ਰੰਥ ਸ਼ਬਦਾਰਥ ਅਨੁਸਾਰ ਅਸੀਂ ਛੰਦ ਬਿਓਰਾ ਦੇ ਰਹੇ ਹਾ, ਇਸ ਵਿਚ 2492 ਛੰਦ ਹਨ।
492 ਪੰਨਿਆਂ ਦੀ ਇਸ ਰਚਨਾ ਵਿਚ ਵਧੇਰੇ ਕਰਕੇ ਦੀਰਘ ਛੰਦ ਵਰਤੇ ਗਏ ਹਨ। ਸਵੈਯਾ ਛੰਦ ਦੀ ਵਰਤੋਂ ਸਭ ਤੋਂ ਵਧੇਰੇ ਹੋਈ ਹੈ। ਇਸ ਤੋਂ ਬਿਨਾਂ ਚੌਪਈ, ਦੋਹਰਾ, ਕਬਿੱਤ, ਅੜਿੱਲ, ਸੋਰਠਾ, ਛੱਪੈ, ਤੋਟਕ, ਬਿਸ਼ਨਪਦ ਛੰਦ ਵਰਤੇ ਗਏ ਹਨ।
(22) ਨਰ ਅਵਤਾਰ : ਕੁਲ ਛੰਦ =07
(ਸਾਰੇ ਹੀ ਛੌਪਈ ਛੰਦ ਹਨ। )
(23) ਬਊਧ ਅਵਤਾਰ : ਕੁਲ ਛੰਦ =03
(ਦੋ ਚੌਪਈ+ਇਕ ਦੋਹਰਾ)ਇਹ ਅਤਿ ਲਘੂ ਅਵਤਾਰ ਕਥਾ ਹੈ ਜੋ ਬੁੱਧ ਦੀ ਮੂਰਤੀ ਬਾਰੇ ਹੈ।
(24) ਨਿਹਕਲੰਕੀ ਅਵਤਾਰ : ਕੁਲ ਛੰਦ =588
ਅਕਾਰ ਵਜੋਂ ਇਹ ਰਚਨਾ ਚਉਬੀਸ ਅਵਤਾਰ ਵਿਚ ਤੀਜੇ ਨੰਬਰ ਤੇ ਆਉਂਦੀ ਹੈ। ਸਭ ਤੋਂ ਵੱਡੀ ਰਚਨਾ ਕ੍ਰਿਸ਼ਨਾਵਤਾਰ ਹੈ। ਦੂਜੇ ਨੰਬਰ ਤੇ ਰਾਮਾਵਤਾਰ ਹੈ। ਇਸ ਰਚਨਾ ਦੇ ਚਾਰ ਅਧਿਆਇ ਹਨ। ਛੰਦ ਬਿਓਰਾ ਇਸ ਪ੍ਰਕਾਰ ਹੈ:
(1) ਅਧਿਆਇ ਪਹਿਲਾ = 454 ਛੰਦ
(2) ਅਧਿਆਇ ਦੂਜਾ = 52 ਛੰਦ
(3) ਅਧਿਆਇ ਤੀਜਾ = 04 ਛੰਦ
(4) ਅਧਿਆਇ ਚੌਥਾ =78 ਛੰਦ
-------
ਕੁਲ ਜੋੜ 588 ਛੰਦ
-------
ਕੁਲ ਮਿਲਾ ਕੇ 60 ਕਿਸਮ ਦੇ ਛੰਦ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ ਪ੍ਰਮੁੱਖ ਇਸ ਪ੍ਰਕਾਰ ਹਨ:
'ਚੌਪਈ, ਮਾਲਤੀ, ਬ੍ਰਿਧ ਨਰਾਜ, ਕੁਮਾਰ, ਲਲਿਤ, ਨਵਪਦੀ, ਅੜਿਲ, ਕੁਲਕ, ਕਿਲਕਾ, ਮਧੁਭਾਰ, ਹਰਿਗੀਤਕਾ, ਤ੍ਰਿਭੰਗੀ, ਹੀਰ, ਸੋਰਠਾ, ਦੋਹਰਾ, ਕੁੰਤਲੀਆ,ਪਾਧਰੀ, ਸਿਰਖੰਡੀ, ਅਨੂਪ, ਅਕਵਾ, ਚਾਚਰੀ, ਰਸਾਵਲ, ਤੋਮਰ, ਸਵੈਯਾ, ਸੁਪ੍ਰਿਯਾ, ਤ੍ਰਿੜਕਾ, ਅਨਹਦ, ਸੁਖਦਾ ਆਦਿ।
(ਘ) ਬ੍ਰਹਮਾ ਅਵਤਾਰ
ਚਉਬੀਸ ਅਵਤਾਰ ਵਿਸ਼ਨੂੰ ਦੇ ਹਨ। ਬ੍ਰਹਮਾ ਦੇ ਸੱਤ ਅਵਤਾਰ ਹਨ। ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਤੋਂ ਬਾਅਦ ਇਹ ਰਚਨਾ ਆਉਂਦੀ ਹੈ ਤੇ ਇਸ ਤੋਂ ਬਾਅਦ ਰੁਦ੍ਰ ਦੇ ਦੋ ਅਵਤਾਰਾਂ ਦਾ ਚਰਿਤ੍ਰ ਹੈ। ਇਹ ਸਭ ਰਚਨਾਵਾਂ ਬਿਚਿਤ੍ਰ ਨਾਟਕ ਦਾ ਭਾਗ ਹਨ।
ਇਸ ਰਚਨਾ ਦਾ ਕੁਲ 306 ਛੰਦ ਹਨ ਜਿਨ੍ਹਾਂ ਦਾ ਬਿਓਰਾ ਇਸ ਪ੍ਰਕਾਰ ਹੈ:
(1) ਬਾਲਮੀਕ ਅਵਤਾਰ : ਕੁਲ ਛੰਦ = 6
(ਸਾਰੇ ਨਰਾਜ ਛੰਦ ਹਨ)
(2) ਕਸਪ ਅਵਤਾਰ : ਕੁਲ ਛੰਦ = 3
(ਸਾਰੇ ਤੋਮਰ ਛੰਦ ਹਨ)
(3) ਸੁਕ੍ਰ (ਸ਼ੁਕ੍ਰ) ਅਵਤਾਰ : ਕੁਲ ਛੰਦ = 2
(ਸਾਰੇ ਪਾਧੜੀ ਛੰਦ ਹਨ)
(4) ਬਾਚੇਸ (ਬ੍ਰਹਸਪਤਿ) : ਕੁਲ ਛੰਦ = 2
ਅਵਤਾਰ (ਸਾਰੇ ਪਾਧੜੀ ਛੰਦ ਹਨ)
(5) ਬਿਆਸ ਅਵਤਾਰ : ਕੁਲ ਛੰਦ = 285
ਇਸ ਵਿਚ ਤੋਮਰ, ਨਰਾਜ, ਪਾਧੜੀ, ਹਰਿਬੋਲਮਨਾ, ਤੋਟਕ, ਰੂਆਲ, ਮਧੁਭਾਰ, ਦੋਧਕ, ਮੋਹਨੀ, ਭੁਜੰਗ ਪ੍ਰਯਾਤ, ਸਵੈਯਾ, ਦੋਹਰਾ, ਕਬਿੱਤ ਆਦਿ ਦੀ ਵਰਤੋਂ ਹੋਈ ਹੈ।
(6) ਸਾਸਤ੍ਰੋਧਾਰਕ ਅਵਤਾਰ : ਕੁਲ ਛੰਦ = 4
(ਸਾਰੇ ਤੋਟਕ ਛੰਦ ਹਨ)
(7) ਕਾਲੀਦਾਸ ਅਵਤਾਰ : ਕੁਲ ਛੰਦ =4
(ਸਾਰੇ ਤੋਮਰ ਛੰਦ ਹਨ)
ਕੁਲ ਮਿਲਾ ਕੇ ਇਸ ਰਚਨਾ ਵਿਚ 20 ਛੰਦਾਂ ਦੀ ਵਰਤੋਂ ਹੋਈ ਹੈ।
(ਙ) ਰੁਦ੍ਰ ਅਵਤਾਰ : ਕੁਲ ਛੰਦ =856
ਇਸ ਰਚਨਾ ਵਿਚ ਦੋ ਅਵਤਾਰਾਂ ਦਤਾਤ੍ਰੇਯ ਤੇ ਪਾਰਸਨਾਥ ਦਾ ਵਰਣਨ ਹੈ ਇਹ ਦੋਵੇਂ ਰੁਦ੍ਰ ਦੇ ਅਵਤਾਰ ਹਨ। ਛੰਦ-ਬਿਓਰਾ ਇਸ
ਪ੍ਰਕਾਰ ਹੈ:
(1) ਦਤਾਤ੍ਰੇਯ : ਕੁਲ ਛੰਦ = 498
ਪ੍ਰਸਤਾਵਨਾ =06 ਛੰਦ
ਵਰਨਣ =492
ਇਸ ਰਚਨਾ ਵਿਚ ਤੋਮਰ, ਪਾਧੜੀ, ਚੌਪਈ, ਰਸਾਵਲ, ਤੋਟਕ, ਵਿਚਿਤ੍ਰ, ਭੁਜੰਗ ਪ੍ਰਯਾਤ, ਮੋਹਨ, ਅਨੂਪ, ਨਰਾਜ, ਕੁਲਕ, ਤਰਕ, ਦੋਹਰਾ, ਮੋਹਿਨੀ, ਰੁਨਝੁਨ, ਰੁਆਲ, ਸਵੈਯਾ, ਭਗਵਤੀ, ਮਧੁਭਾਰ, ਚਰਪਟ ਆਦਿ ਛੰਦਾਂ ਦੀ ਵਰਤੋਂ ਹੋਈ ਹੈ।
(2) ਪਾਰਸਨਾਥ : ਕੁਲ ਛੰਦ = 358
ਇਸ ਵਿਚ ਕੁਲ ਮਿਲਾ ਕੇ 16 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ ਅਖਰ, ਸਵੈਯਾ, ਭਗਵਤੀ, ਨਰਾਜ, ਭੁਜੰਗ ਪ੍ਰਯਾਤ, ਮੋਹਿਨੀ, ਰਸਾਵਲ, ਰੂਆਮਲ, ਰੂਆਲ ਤੇ ਬਿਸ਼ਨਪਦ ਆਦਿ ਪ੍ਰਮੁੱਖ ਹਨ।
(ਚ) ਸ਼ਸਤ੍ਰ ਨਾਮ ਮਾਲਾ : ਇਸ ਰਚਨਾ ਦੇ ਕੁਲ ਛੰਦ 1318 ਹਨ। ਇਹ ਰਚਨਾ ਪੰਜ ਅਧਿਆਇ ਵਿਚ ਵੰਡੀ ਗਈ ਹੈ। ਛੰਦ-ਬਿਓĄ |