A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

Holla Mohalla : Historic Background

Author/Source: Manpreet Singh Sagar, Rsearcher, Punjabi Department Panjab University, Chandigarh

ਹੋਲੀ ਤੋਂ ਹੋਲਾ ਮਹੱਲਾ ਕਿਉਂ?
ਇਤਿਹਾਸਕ ਸਰਵੇਖਣ:-

ਹੋਲੀ ਭਾਰਤ ਦਾ ਇਕ ਪ੍ਰਸਿੱਧ, ਪ੍ਰਾਚੀਨ ਅਤੇ ਪ੍ਰਤੀਕਮਈ ਤਿਉਹਾਰ ਹੈ, ਜੋ ਦੇਸ ਭਰ ਵਿਚ ਭਾਰੀ ਉਤਸ਼ਾਹ, ਉਮਾਹ ਅਤੇ ਜੋਸ਼-ਖਰੋਸ਼ ਸਹਿਤ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਅਰੰਭਤਾ ਹਰਨਾਖਸ਼ ਦੇ ਜ਼ਮਾਨੇ ਤੋਂ ਮਿਥੀ ਜਾਂਦੀ ਹੈ। ਉਹ ਇੰਜ ਕਿ ਜਦੋਂ ਨਾ ਦਿਨੇ ਮਰਾਂ, ਨਾ ਰਾਤ; ਨਾ ਅੰਦਰ ਮਰਾਂ, ਨਾ ਬਾਹਰ; ਨਾ ਜ਼ਿਮੀਂ ਮਰਾਂ, ਨਾ ਆਕਾਸ਼; ਨਾ ਕਿਸੇ ਸ਼ਸਤਰ ਤੋਂ ਮਰਾਂ, ਨਾ ਕਿਸੇ ਦੇ ਹੱਥੋਂ; ਨਾ ਮਨੁੱਖ ਮਾਰ ਸਕੇ ਨਾ ਕੋਈ ਦੇਵਤਾ ਆਦਿ ਵਰ ਪ੍ਰਾਪਤ ਕਰ ਰਾਜਾ ਹਰਨਾਖਸ਼ ਲੋਕਾਈ ਤੋਂ ਜਲੇ ਹਰਨਾਖਸ਼, ਥਲੇ ਹਰਨਾਖਸ਼, ਹੈ ਭੀ ਹਰਨਾਖਸ਼, ਹੋਸੀ ਭੀ ਹਰਨਾਖਸ਼ ਦਾ ਜਾਪ ਕਰਾਉਣ ਲੱਗਾ ਤਾਂ ਉਸ ਦੇ ਪੁੱਤਰ ਪ੍ਰਹਿਲਾਦ ਨੇ ਹੀ ਉਸ ਦੀ ਵਿਰੋਧਤਾ ਕੀਤੀ। ਰਾਮ ਭਗਤ ਪ੍ਰਹਿਲਾਦ ਨੇ ਪਿਤਾ ਦੇ ਡਰਾਵਿਆਂ ਦਾ ਕੋਈ ਅਸਰ ਨਾ ਕਬੂਲਿਆ, ਬਲਕਿ ਡਟ ਕੇ ਕਿਹਾ- ਜਿਸ ਬਾਰੇ ਭਗਤ ਕਬੀਰ ਜੀ ਆਪਣੀ ਬਾਣੀ ਵਿਚ ਇਉਂ ਬਿਆਨ ਕਰਦੇ ਹਨ:

ਮੋ ਕਉ ਕਹਾ ਸਤਾਵਹੁ ਬਾਰ ਬਾਰ॥
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ॥
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ॥
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥
(ਬਸੰਤ ਕਬੀਰ ਜੀ, ਪੰਨਾ 1194)

ਹਰਨਾਖਸ਼ ਦਾ ਦਾਨਵੀ ਹੁਕਮ ਵਰਤਣ ਲੱਗਾ, ਜਲ ਵਿਚ ਡੋਬਿਆ, ਅੱਗ ਵਿਚ ਸੁਟਿਆ, ਪਰੰਤੂ ਪ੍ਰਹਿਲਾਦ ਅਡੋਲ ਇਹ ਤਸੀਹੇ ਸਹਾਰਦਾ ਰਿਹਾ-

ਜਲ ਅਗਨੀ ਵਿਚਿ ਘਤਿਆ, ਜਲੈ ਨ ਡੁਬੈ ਗੁਰ ਪਰਸਾਦਿ।
(ਭਾਈ ਗੁਰਦਾਸ ਜੀ, ਵਾਰ 10, ਪਉੜੀ 2)

ਇਸ ਸਮੇਂ ਹਰਨਾਖਸ਼ ਦੀ ਭੈਣ ਹੋਲਿਕਾ, ਜਿਸ ਨੂੰ ਕੁਝ ਥਾਈਂ ਹੋਲੀ ਅਤੇ ਢੂੰਡਾ ਵੀ ਲਿਖਿਆ ਹੈ, ਭਰਾ ਦੀ ਸਹਾਇਤਾ ਲਈ ਬਹੁੜੀ। ਹੋਲਿਕਾ ਨੂੰ ਵੀ ਭੋਲੇ ਸ਼ੰਕਰ ਦਾ ਵਰ ਸੀ ਕਿ ਜੇਕਰ ਸ਼ਿਵ ਸ਼ੰਕਰ ਦੀ ਬਖਸ਼ੀ ਹੋਈ ਚਾਦਰ ਓੜ ਕੇ ਬੈਠ ਜਾਵੇ ਤਾਂ ਅੱਗ ਵੀ ਉਸ ਨੂੰ ਜਲਾ ਨਹੀਂ ਸਕੇਗੀ। ਸੋ ਹੋਲਿਕਾ ਪ੍ਰਹਿਲਾਦ ਨੂੰ ਭਸਮ ਕਰਨ ਲਈ ਉਸ ਨੂੰ ਗੋਦੀ ਵਿਚ ਲੈ ਕੇ ਮੱਚ ਰਹੀ ਅੱਗ ਵਿਚ ਜਾ ਬੈਠੀ। ਉਸ ਨੂੰ ਵਿਸ਼ਵਾਸ ਸੀ ਕਿ ਉਸ ਨੂੰ ਤਾਂ ਅੱਗ ਨੇ ਕੁਝ ਨਹੀਂ ਕਹਿਣਾ, ਪਰੰਤੂ ਪ੍ਰਹਿਲਾਦ ਸੜ ਮਰੇਗਾ। ਪਰੰਤੂ ਕੁਦਰਤ ਦਾ ਭਾਣਾ ਅਜਿਹਾ ਵਰਤਿਆ ਕਿ ਅਚਾਨਕ ਤੇਜ਼ ਹਨ੍ਹੇਰੀ ਆਈ ਅਤੇ ਸ਼ਿਵ ਜੀ ਦੀ ਬਖਸ਼ੀ ਹੋਈ ਚਾਦਰ ਹੋਲਿਕਾ ਦੇ ਸਰੀਰ ਤੋਂ ਲਹਿ ਕੇ ਪ੍ਰਹਿਲਾਦ ਦੁਆਲੇ ਲਿਪਟ ਗਈ, ਜਿਸ ਦੇ ਫਲਸਰੂਪ ਹੋਲਿਕਾ ਅਗਨੀ ਵਿਚ ਸੜ ਮੋਈ ਜਦੋਂ ਕਿ ਪ੍ਰਹਿਲਾਦ ਨੂੰ ਆਂਚ ਤਕ ਨਾ ਲੱਗੀ।

ਹਰਨਾਖਸ਼ ਨੇ ਆਖਰੀ ਹਥਿਆਰ ਵਰਤਿਆ ਕਿ ਪ੍ਰਹਿਲਾਦ ਨੂੰ ਤਪਦੇ ਹੋਏ ਥੰਮ੍ਹ ਨਾਲ ਬੰਨ੍ਹ ਕੇ ਵੰਗਾਰਿਆ ਕਿ ਲਿਆ ਆਪਣਾ ਰਾਮ, ਜੋ ਕਿ ਤੈਨੂੰ ਇਥੋਂ ਛੁਡਾਵੇ। ਅਤੇ ਸਾਰੇ ਜਾਣਦੇ ਹਨ ਕਿ ਕਿਵੇਂ ਭਗਵਾਨ ਕੀੜੀ ਦਾ ਰੂਪ ਧਾਰ ਕੇ ਥੰਮ੍ਹ ਉੱਤੇ ਪ੍ਰਗਟ ਹੋਇਆ, ਪ੍ਰਹਿਲਾਦ ਨੇ ਥੰਮ੍ਹ ਨੂੰ ਜੱਫੀ ਪਾ ਲਈ ਅਤੇ ਫਿਰ ਭਗਵਾਨ ਨਰਸਿੰਘ ਦਾ ਭਿਆਨਕ ਰੂਪ ਧਾਰਕੇ ਥੰਮ੍ਹ ਵਿਚੋਂ ਪ੍ਰਗਟ ਹੋਇਆ ਅਤੇ ਹਰਨਾਖਸ਼ ਦਾ ਅੰਤ ਕੀਤਾ। ਗੁਰਬਾਣੀ ਗਵਾਹ ਹੈ :

ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ॥
ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍‍ ਉਪਾੜਿ॥
ਹਰਣਾਖਸੁ ਨਖੀ ਬਿਦਾਰਿਆ, ਪ੍ਰਹਲਾਦੁ ਲੀਆ ਉਬਾਰਿ॥
(ਭੈਰਉ ਮ: 3, ਪੰਨਾ 1133)

ਹੋਲਿਕਾ ਦੀ ਕੁਟਿਲਤਾ ਦੀ ਹਾਰ ਅਤੇ ਪ੍ਰਹਿਲਾਦ ਦੀ ਨਿਰਛਲਤਾ ਦੀ ਜਿੱਤ ਦੀ ਖੁਸ਼ੀ ਵਿਚ ਲੋਕ ਝੂਮ ਉਠੇ ਅਤੇ ਹੋਲਿਕਾ ਦੀ ਖਿੱਲੀ ਉਡਾਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਹੋਲਿਕਾ ਦੀ ਸਾਰੇ ਜਗਤ ਵਿਚ ਭਾਰੀ ਬਦਨਾਮੀ ਹੋਈ। ਮਗਰੋਂ ਹਰ ਸਾਲ ਹੀ ਇਸ ਦਿਨ ਨੂੰ ਲੋਕ ਇਕੱਠੇ ਹੁੰਦੇ ਅਤੇ ਖੇਹ ਉਡਾਂਦੇ। ਸਮੇਂ ਦੇ ਗੁਜ਼ਰਨ ਨਾਲ ਰੰਗ ਅਤੇ ਫਿਰ ਚਿੱਕੜ ਆਦਿ ਸੁੱਟਣ ਦੀ ਪ੍ਰਥਾ ਵੀ ਚੱਲ ਪਈ। ਗੱਲ ਕੀ ਦੁਸਿਹਰੇ ਵਾਂਗ ਹੋਲੀ ਦਾ ਤਿਉਹਾਰ ਵੀ ਸੱਚਾਈ ਅਤੇ ਨੇਕੀ ਦੀਆਂ ਉਸਾਰੂ ਤਾਕਤਾਂ ਦੀ ਕੂੜ ਅਤੇ ਬਦੀ ਦੀਆਂ ਉਲਾਰੂ ਤਾਕਤਾਂ ਉੱਤੇ ਹੋਈ ਦਿੱਗ-ਵਿਜੈ ਦਾ ਪ੍ਰਤੀਕ ਹੈ।

ਹੋਲੀ ਦਾ ਦੂਜਾ ਨਾਮ ਫਾਗ ਹੈ, ਅਰਥਾਤ ਫੱਗਣ ਮਹੀਨੇ ਜਾਂ ਬਸੰਤ ਰੁੱਤ ਦਾ ਚਾਵਾਂ ਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਜਿਸ ਦੇ ਅਧਿਆਤਮਕ ਤੇ ਅੰਤਰੀਵ ਭਾਵ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਕਾਰ ਕਥਨ ਕਰਦੇ ਹਨ:

ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥
ਆਜੁ ਹਮਾਰੈ ਮਹਾ ਅਨੰਦ॥ ਚਿੰਤ ਲਥੀ ਭੇਟੇ ਗੋਬਿੰਦ॥...
ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍‍ ਬੇਅੰਤ॥1॥ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥2॥
(ਬਸੰਤ ਮ: 5, ਪੰਨਾ 1180)

ਅਰਥਾਤ, ਗੁਰਸਿੱਖਾਂ ਦੀ ਅਧਿਆਤਮਕ ਮੰਡਲਾਂ ਦੀ ਅਨੰਦਮਈ ਹੋਲੀ ਦਾ ਅਜਬ ਨਜ਼ਾਰਾ ਬੰਨ੍ਹਿਆ ਗਿਆ ਹੈ ਅਤੇ ਮਨੁੱਖ ਨੂੰ ਨਾਮ ਰੂਪੀ ਰੰਗਣ ਵਿਚ ਰੰਗੇ ਜਾਣ ਲਈ ਪ੍ਰੇਰਿਤ ਕੀਤਾ ਗਿਆ ਹੈ। ਚੇਤਰ ਵਦੀ ਇਕ ਨੂੰ ਮਨਾਇਆ ਜਾਣ ਵਾਲਾ ਹੋਲਾ ਮਹੱਲਾ ਤਿਉਹਾਰ ਖ਼ਾਲਸਾ ਪੰਥ ਦੇ ਸਾਜਣਹਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿੱਜੀ ਤੇ ਮੌਲਿਕ ਖੋਜ ਹੈ ਅਤੇ ਇਹ ਖਾਲਸਾ ਪੰਥ ਨੂੰ ਆਪ ਦੀ ਅਦੁੱਤੀ ਦੇਣ ਹੈ। ਗੁਰੂ ਜੀ ਨੇ ਅਨੁਭਵ ਕਰ ਲਿਆ ਸੀ ਕਿ ਹੋਲੀ ਦਾ ਤਿਉਹਾਰ, ਜੋ ਭਾਵੇਂ ਖੁਸ਼ੀਆਂ ਤੇ ਚਾਵਾਂ ਦਾ ਤਿਉਹਾਰ ਹੀ ਹੈ, ਪਰੰਤੂ ਇਸ ਦੇ ਮਨਾਉਣ ਦੇ ਤੌਰ-ਤਰੀਕੇ ਕਾਫ਼ੀ ਵਿਗੜ ਚੁਕੇ ਸਨ। ਇਕ ਦੂਸਰੇ ਉੱਪਰ ਗੰਦ-ਮੰਦ ਉਛਾਲਿਆ ਜਾਣ ਲੱਗ ਪਿਆ ਸੀ ਅਤੇ ਫਿਰ ਇਸ ਕਾਰਨ ਗਾਲੀ-ਗਲੋਚ ਤਕ ਵੀ ਨੌਬਤ ਆ ਜਾਂਦੀ। ਇਹੋ ਕਾਰਨ ਸੀ ਕਿ ਇਤਿਹਾਸਕ ਮਹੱਤਵ ਹੋਣ ਦੇ ਬਾਵਜੂਦ ਭਾਰਤੀ ਤਿਉਹਾਰ ਭਾਰਤੀ ਜੀਵਨ ਦੀ ਉਸਾਰੀ ਵਿਚ ਕੋਈ ਨਿੱਗਰ ਤੇ ਸ਼ਕਤੀਸ਼ਾਲੀ ਹਿੱਸਾ ਨਹੀਂ ਸੀ ਪਾ ਰਹੇ। ਭਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੀ ਮਹਾਨ ਅਨੁਭਵੀ ਸ਼ਖ਼ਸੀਅਤ, ਜਿਸ ਨੇ ਆਪਣੀ ਜ਼ਿੰਦਗੀ ਦੇ ਕੁਝ ਕੁ ਸਾਲਾਂ ਵਿਚ ਸਮੁੱਚੇ ਭਾਰਤ ਦੀ ਕਾਇਆ ਕਲਪ ਕਰਨੀ ਸੀ, ਉਪਰੋਕਤ ਸਮਾਜੀ ਗਿਰਾਵਟ ਤੋਂ ਕਿਵੇਂ ਅਵੇਸਲੀ ਰਹਿ ਸਕਦੀ ਸੀ? ਆਪ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆ ਅਤੇ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕੇ ਹੀ ਬਦਲ ਦਿੱਤੇ। ਪਹਿਲਾਂ 1756 ਬਿਕ੍ਰਮੀ ਦੀ ਵਿਸਾਖੀ ਵਾਲੇ ਦਿਨ ਆਪ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਜਿਸ ਦਾ ਸਿੱਟਾ ਇਹ ਹੋਇਆ ਕਿ ਵਿਸਾਖੀ ਦਾ ਅਤੀ ਖੁਸ਼ੀਆਂ ਭਰਿਆ ਦਿਨ ਖ਼ਾਲਸੇ ਦੇ ਜਨਮ-ਦਿਨ ਦੇ ਰੂਪ ਵਿਚ ਮਨਾਇਆ ਜਾਣ ਲੱਗਾ ਅਤੇ ਇਸ ਤੋਂ ਅਗਲੇ ਹੀ ਸਾਲ ਤੋਂ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਦੀ ਪ੍ਰੰਪਰਾ ਜਾਰੀ ਕੀਤੀ। ਪਹਿਲਾ ਹੋਲਾ ਮਹੱਲਾ ਸਾਲ 1757 ਬਿਕ੍ਰਮੀ ਚੇਤ ਵਦੀ ਇਕ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਅਸਥਾਨ ਵਿਖੇ ਮਨਾਇਆ ਗਿਆ ਅਤੇ ਬਚਨ ਕੀਤਾ :-

ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧਿ ਬਚਨ ਅਮੋਲਾ।
(ਗੁਰੁ ਪਦ ਪ੍ਰੇਮ ਪ੍ਰਕਾਸ਼, ਕ੍ਰਿਤ ਬਾਬਾ ਸੁਮੇਰ ਸਿੰਘ)

ਜਿਵੇਂ ਹੋਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਕੱਚੀ-ਪਿੱਲੀ ਸ਼ਬਦਾਵਲੀ ਦੀ ਥਾਂ ਖ਼ਾਲਸੇ ਨੂੰ ਠੋਕਵੇਂ ਤੇ ਖਾੜਕੂ ਸ਼ਬਦ ਦਿੱਤੇ ਗਏ ਹਨ, ਬਿਲਕੁਲ ਉਵੇਂ ਹੀ ਖ਼ਾਲਸੇ ਨੂੰ ਹੋਲੀ ਦੀ ਥਾਂ ਹੋਲਾ ਮਹੱਲਾ ਮਨਾਉਣ ਦਾ ਆਦੇਸ਼ ਹੈ। ਕਵੀ ਨਿਹਾਲ ਸਿੰਘ ਜੀ ਨੇ ਇਸ ਬਾਰੇ ਬੜਾ ਸੋਹਣਾ ਛੰਦ ਲਿਖਿਆ ਹੈ:-

ਬਰਛਾ, ਢਾਲ, ਕਟਾਰਾ, ਤੇਗਾ, ਕੜਛਾ, ਦੇਗਾ, ਗੋਲਾ ਹੈ।
ਛਕਾ ਪ੍ਰਸਾਦਿ, ਸਜਾ ਦਸਤਾਰਾ, ਅਰੁ ਕਰਦੌਨਾ ਟੋਲਾ ਹੈ।
ਸੁਭਟ, ਸੁਚਾਲਾ, ਅਰ ਲੱਖ ਬਾਹਾ, ਕਲਗਾ, ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜ੍ਹਾ ਜੈਸੇ, ਤੈਸੇ ਹੋਲਾ ਬੋਲਾ ਹੈ।

ਸੋ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਇਸ ਮੌਕੇ ਉੱਤੇ ਦੂਰ ਦੂਰ ਤੋਂ ਸਿੰਘ ਸੂਰਬੀਰ ਤੇ ਸਿੱਖ ਸੰਗਤਾਂ ਹੋਲਾ ਮਹੱਲਾ ਮਨਾਉਣ ਹਿਤ ਆਨੰਦਪੁਰ ਸਾਹਿਬ ਇਕੱਤਰ ਹੋਣ ਲੱਗੀਆਂ। ਭਾਰੀ ਦੀਵਾਨ ਸਜਦੇ ਅਤੇ ਕਥਾ ਕੀਰਤਨ ਦੇ ਸਮਾਗਮ ਹੁੰਦੇ। ਪਰੰਤੂ ਮੇਲੇ ਦਾ ਵਿਸ਼ੇਸ਼ ਪ੍ਰੋਗਰਾਮ ਅਸਤਰਾਂ-ਸ਼ਸਤਰਾਂ ਦੇ ਤਰ੍ਹਾਂ-ਤਰ੍ਹਾਂ ਦੇ ਕਰਤਬ ਵਿਖਾਉਣੇ ਹੁੰਦੇ। ਸਿੰਘ ਘੋੜ-ਦੌੜ, ਗਤਕਾਬਾਜ਼ੀ, ਨੇਜ਼ਾਬਾਜ਼ੀ, ਤੀਰਅੰਦਾਜ਼ੀ ਆਦਿ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ। ਖ਼ਾਲਸਾ ਫੌਜ ਨੂੰ ਦੋ ਦਲਾਂ ਵਿਚ ਵੰਡਿਆ ਜਾਂਦਾ ਅਤੇ ਇਨ੍ਹਾਂ ਦੀ ਇਕ ਪ੍ਰਕਾਰ ਦੀ ਮਸਨੂਈ ਲੜਾਈ ਕਰਵਾਈ ਜਾਂਦੀ। ਜੇਤੂ ਦਲ ਨੂੰ ਇਨਾਮ-ਸਨਮਾਨ ਦਿੱਤੇ ਜਾਂਦੇ। ਖ਼ਾਲਸਾ ਫੌਜ ਦਾ ਮਹੱਲਾ ਨਿਕਲਦਾ ਤਾਂ ਗੁਲਾਲ, ਗੁਲਾਬ ਅਤੇ ਕਸਤੂਰੀ ਆਦਿ ਦੀ ਫੁਹਾਰ ਕੀਤੀ ਜਾਂਦੀ, ਨਗਰ ਦੇ ਗਲੀਆਂ-ਬਾਜ਼ਾਰ ਅਤੇ ਸਿੰਘਾਂ ਦੇ ਬਸਤਰ ਆਦਿ ਲਾਲ ਰੰਗ ਨਾਲ ਏਨੇ ਰੰਗੇ ਜਾਂਦੇ ਅਤੇ ਅਤਰ ਫੁਲੇਲਾਂ ਨਾਲ ਏਨੇ ਗੜੁੱਚ ਹੋ ਜਾਂਦੇ ਕਿ ਹਰ ਪਾਸੇ ਰੰਗੀਨੀਆਂ ਪਸਰ ਅਤੇ ਸੁਗੰਧੀਆਂ ਖਿੱਲਰ ਜਾਂਦੀਆਂ। ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਇਕ ਅਜਿਹੇ ਹੀ ਹੋਲੇ-ਮਹੱਲੇ ਦਾ ਜ਼ਿਕਰ ਆਪਣੀ ਫ਼ਾਰਸੀ ਪੁਸਤਕ ਦੀਵਾਨਿ ਗੋਯਾ ਦੀ ਗਜ਼ਲ ਨੰਬਰ 32 ਵਿਚ ਇਸ ਪ੍ਰਕਾਰ ਕਰਦੇ ਹਨ:

ਗੁਲੇ ਹੋਲੀ ਬ ਬਾਗੇ ਦਹਿਰ ਬੂ ਕਰਦ। ਲਬੇ ਚੂੰ ਗੁੰਚਹ ਰਾ ਫ਼ਰਖੰਦਹ ਖ਼ੂ ਕਰਦ।
ਗੁਲਾਬੋ, ਅੰਬਰੋ, ਮੁਸ਼ਕੋ, ਅਬੀਰੋ, ਚੁ ਬਾਰਾਂ ਬਾਰਸ਼ੇ ਅਜ਼ ਸੂ ਬਸੂ ਕਰਦ।
ਜ਼ਹੇ ਪਿਚਕਾਰੀਏ ਪੁਰ ਜ਼ਾਫ਼ਰਾਨੀ, ਕਿ ਹਰ ਬੇਰੰਗ ਰਾ, ਖੁਸ ਰੰਗੋ ਬੂ ਕਰਦ।
ਗੁਲਾਲ ਅਫ਼ਸ਼ਾਨੀ ਅਜ਼ ਦਸਤੇ ਮੁਬਾਰਕ, ਜ਼ਮੀਨੋ-ਆਸਮਾਂ ਰਾ ਸੁਰਖ਼ਰੂ ਕਰਦ।
ਦੁ ਆਲਮ ਗਸ਼ਤ ਰੰਗੀਂ ਅਜ਼ ਤੁਫ਼ੈਲਸ਼, ਚੁ ਸ਼ਾਹਮ ਜਾਮਹ ਰੰਗੀਂ ਦਰ ਗੁਲੂ ਕਰਦ।

ਇਨ੍ਹਾਂ ਸ਼ਿਅਰਾਂ ਵਿਚ ਸਪਸ਼ਟ ਜ਼ਿਕਰ ਹੈ ਕਿ ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਸਭ ਪਾਸੇ ਮੀਂਹ ਵਾਂਗ ਵੱਸਣ ਲੱਗ ਪਏ। ਕੇਸਰ ਨਾਲ ਭਰੀ ਪਿਚਕਾਰੀ ਨੇ ਸਭਨਾਂ ਦੇ ਬਸਤਰਾਂ ਨੂੰ ਸੁਹਣਾ ਰੰਗ ਦਿੱਤਾ ਅਤੇ ਸਤਿਗੁਰੂ ਜੀ ਨੇ ਆਪਣੇ ਹੱਥਾਂ ਨਾਲ ਗੁਲਾਲ ਉਡਾ-ਉਡਾ ਕੇ ਧਰਤੀ ਤੇ ਆਕਾਸ਼ ਨੂੰ ਲਾਲ ਸੂਹਾ ਕਰ ਦਿੱਤਾ।

ਇਸ ਸਮੇਂ ਹੋਲੇ-ਮਹੱਲੇ ਦਾ ਤਿਉਹਾਰ ਵਿਸ਼ੇਸ਼ ਰੂਪ ਵਿਚ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਭਾਵੇਂ ਛੋਟੇ-ਛੋਟੇ ਇਕੱਠ ਤਾਂ ਕਈ ਥਾਈਂ ਹੁੰਦੇ ਹਨ। ਦੋਹਾਂ ਤੀਰਥ ਅਸਥਾਨਾਂ ਉੱਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਰਹਿੰਦੀਆਂ ਹਨ ਅਤੇ ਹਜ਼ੂਰੀ ਦੀਵਾਨਾਂ ਦੀ ਹਾਜ਼ਰੀ ਭਰਨ ਤੋਂ ਇਲਾਵਾ ਸਿੰਘ ਸੂਰਬੀਰਾਂ, ਨਿਹੰਗ ਸਿੰਘਾਂ ਦੇ ਕਰਤਬਾਂ ਦਾ ਆਨੰਦ ਮਾਣਦੀਆਂ ਹਨ। ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਘੋੜੇ, ਜੋ ਕਿ ਮਹੱਲੇ ਦੇ ਜਲੂਸ ਦੀ ਅਗਵਾਈ ਕਰਦੇ ਹਨ, ਸੰਗਤਾਂ ਦਾ ਵਿਸ਼ੇਸ਼ ਧਿਆਨ ਖਿੱਚਦੇ ਹਨ। ਇਸੇ ਤਰ੍ਹਾਂ ਝੂਲ ਰਹੇ ਨਿਸ਼ਾਨ ਸਾਹਿਬ ਅਤੇ ਸ਼ਬਦ-ਕੀਰਤਨ ਕਰਦੀਆਂ ਭਜਨ ਮੰਡਲੀਆਂ ਵਾਯੂ-ਮੰਡਲ ਨੂੰ ਆਕਰਸ਼ਕ ਅਤੇ ਸੁਹਾਵਣਾ ਬਣਾ ਦਿੰਦੀਆਂ ਹਨ। ਗਤਕਾ ਪਾਰਟੀਆਂ ਆਪਣੇ ਜੌਹਰ ਵਿਖਾ ਕੇ ਮਨ ਮੋਂਹਦੀਆਂ ਹਨ। ਇਹ ਸੱਚਖੰਡੀ ਨਜ਼ਾਰੇ ਤੱਕ ਕੇ ਹਰ ਇਕ ਦੇ ਮੂੰਹੋਂ ਆਪ ਮੁਹਾਰੇ ਧੰਨ ਧੰਨ ਧੰਨ ਧੰਨ ਦੇ ਆਵਾਜ਼ੇ ਨਿਕਲਦੇ ਵੇਖੀਦੇ ਹਨ। ਕੁਰਬਾਣੀ ਤਿਨਾ ਗੁਰਸਿਖਾਂ, ਭਾਇ ਭਗਤਿ ਗੁਰਪੁਰਬ ਕਰੰਦੇ (ਭਾਈ ਗੁਰਦਾਸ ਜੀ)- ਧੰਨ ਹਨ ਉਹ ਗੁਰਸਿੱਖ ਮਾਈ-ਭਾਈ, ਜੋ ਅਜਿਹੇ ਪੁਰਬਾਂ ਸਮੇਂ ਕਲਗੀਧਰ ਪਿਤਾ ਜੀ ਦੇ ਪਾਵਨ ਗੁਰਧਾਮਾਂ ਦੀ ਯਾਤਰਾ ਕਰਕੇ ਆਪਣੀ ਜੀਵਨ ਯਾਤਰਾ ਸਫ਼ਲੀ ਕਰਦੇ ਹਨ।

ਖੋਜਾਰਥੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article