A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

Earning an Honest Living and Gurmat

Author/Source: Dr. Rachpal Singh

ਗੁਰਮਤਿ ਵਿਚ ਕਿਰਤ

ਡਾ. ਰਛਪਾਲ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪਹਿਲੇ ਧਾਰਮਿਕ ਆਗੂ ਹਨ, ਜਿਨ੍ਹਾਂ ਨੇ ਸਮਾਜਿਕ-ਉਸਾਰੀ ਲਈ, ਹੱਥਾਂ ਨਾਲ ਕਿਰਤ ਕਰਨ ਨੂੰ ਵੀ ਅਧਿਆਤਮਿਕ ਸਿੱਖਿਆ ਦਾ ਅੰਗ ਬਣਾਇਆ। ਧਰਮ ਦੀ ਕਿਰਤ ਦੁਆਰਾ ਸੱਚ ਦੇ ਪ੍ਰਕਾਸ਼ ਵਿਚ, ਆਚਰਣ ਦੀ ਸ਼ੁੱਧਤਾ ਅਤੇ ਸਤਿਗੁਰੂ ਦੀ ਅਗਵਾਈ ਵਿਚ ਅਜਿਹਾ ਰਸਤਾ ਉਲੀਕਿਆ, ਜਿਸ ਉੱਪਰ ਤੁਰ ਕੇ ਮਨੁੱਖ ਸਮਾਜ ਦਾ ਲਾਹੇਵੰਦ ਅੰਗ ਬਣ ਕੇ, ਮਾਨਵਤਾ ਦੀ ਭਲਾਈ ਲਈ ਸਦੀਵੀ ਤਤਪਰ ਰਹਿੰਦਾ ਹੈ। ਗੁਰਮਤਿ-ਮਾਰਗ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਨੇ ‘ਜਗਤ ਕਲਿਆਣ’ ਲਈ ‘ਸੱਚ’ ਨੂੰ ਆਪਣੀ ਬਾਣੀ ਦਾ ਧੁਰਾ ਬਣਾ ਕੇ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ ਨਾਲ ਆਪਣੇ ਵਿਸ਼ਵ-ਵਿਆਪੀ ਮੱਤ ਦਾ ਆਰੰਭ ਕੀਤਾ। ਗੁਰੂ ਜੀ ਅਨੁਸਾਰ ‘ਸੱਚ’ ਸਭ ਤੋਂ ਸ੍ਰੇਸ਼ਟ ਹੈ ਪਰ ਸੱਚ ਉਪਰ ਆਧਾਰਿਤ ਸਦਾਚਾਰਕ ਜੀਵਨ ਉਸ ਤੋਂ ਵੀ ਉੱਤਮ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਅੰਗ 62)

ਇਸ ਪ੍ਰਕਾਰ ‘ਸੱਚ’ ਅਰਥਾਤ ‘ਨਾਮ’ ਅਤੇ ਉਚੇਰਾ ਇਖ਼ਲਾਕੀ ਜੀਵਨ ਹੀ ਗੁਰਸਿੱਖੀ ਦਾ ਮੀਲ ਪੱਥਰ ਹੈ। ਇਸ ਨੂੰ ਦੂਜੇ ਸ਼ਬਦਾਂ ਵਿਚ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਵੀ ਕਿਹਾ ਗਿਆ ਹੈ। ਗੁਰਬਾਣੀ ਦਾ ਮੁੱਖ ਉਦੇਸ਼ ਜੀਵ ਵਿਚ ਅਕਾਲ ਪੁਰਖ ਦੀ ਹੋਂਦ ਬਾਰੇ ਜਾਣਕਾਰੀ ਦੇਣਾ ਅਤੇ ਉਸ ਦੀ ਪ੍ਰਾਪਤੀ ਲਈ ਸਾਧਨਾ ਮਾਰਗ ਬਾਰੇ ਸੂਝ ਉਤਪੰਨ ਕਰਵਾਉਣਾ ਹੈ। ‘ਪ੍ਰਭੂ ਸਰਬ ਵਿਆਪਕ ਹੈ’, ਦਾ ਸੰਦੇਸ਼ ਤਾਂ ਭਾਵੇਂ ਸੰਸਾਰ ਦੇ ਸਭ ਧਾਰਮਿਕ ਮੁਖੀਆਂ ਨੇ ਦਿੱਤਾ ਹੈ, ਪ੍ਰੰਤੂ ਪ੍ਰਭੂ ਪ੍ਰਾਪਤੀ ਲਈ ਸਾਧਨਾ-ਮਾਰਗ ਬਾਰੇ ਵਿਭਿੰਨਤਾ ਪਾਈ ਜਾਂਦੀ ਹੈ। ਅਸਲ ਵਿਚ ਬਹੁਤੇ ਅਗਿਆਨੀ ਮਨੁੱਖ ਵਾਸਤਵਿਕ ਗਿਆਨ ਤੋਂ ਊਣੇ ਹਨ ਅਤੇ ਪੇਟ ਦੀ ਖ਼ਾਤਰ ਵੱਖ-ਵੱਖ ਤਰ੍ਹਾਂ ਦੇ ਸਾਂਗ ਰਚਦੇ ਹਨ। ਦੁਨਿਆਵੀ ਫੋਕੀ ਵਡਿਆਈ ਹਾਸਲ ਕਰਨਾ ਉਨ੍ਹਾਂ ਦਾ ਜੀਵਨ-ਉਦੇਸ਼ ਹੁੰਦਾ ਹੈ। ਅਜਿਹੇ ਗਿਆਨ ਵਿਹੂਣੇ ਮਨੁੱਖ ਬੇਅੰਤ-ਅਪਰੰਪਰ ਪ੍ਰਭੂ ਦੀ ਮਹਿਮਾ ਕਿਵੇਂ ਗਾਇਨ ਕਰ ਸਕਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਆਗੂਆਂ ਉੱਪਰ ਡੂੰਘਾ ਵਿਅੰਗ ਕੱਸ ਕੇ, ਨਿਰੋਲ ਸੱਚ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਨੇ ਜੋਗੀਆਂ, ਮੁਲਾਣਿਆਂ, ਤਪਸੀਆਂ, ਮੋਨੀਆਂ, ਪੰਡਤਾਂ ਆਦਿ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ। ਗੁਰੂ ਸਾਹਿਬ ਦਾ ਕਥਨ ਹੈ: ਭੁੱਖੇ ਮੁੱਲਾਂ ਚੜ੍ਹਾਵੇ ਦੀ ਖ਼ਾਤਰ ਆਪਣੇ ਘਰ ਨੂੰ ਹੀ ਮਸੀਤ ਬਣਾ ਲੈਂਦੇ ਹਨ। ਵਿਹਲੜ ਲੋਕ, ਜੋਗੀ ਬਣ, ਕੰਨ ਪੜਵਾ ਕੇ, ਕੰਨਾਂ ਵਿਚ ਮੁੰਦਰਾਂ ਪਾਈ ਫਿਰਦੇ ਹਨ। ਅਜਿਹੇ ਰਹਿਨੁਮਾ ਆਗੂਆਂ ਦੇ ਕਦੀ ਚਰਨੀਂ ਨਹੀਂ ਲੱਗਣਾ ਚਾਹੀਦਾ, ਜੋ ਕੇਵਲ ਰੋਟੀਆਂ ਦੀ ਖ਼ਾਤਰ ਹੀ ਤਾਲ ਪੂਰਦੇ ਫਿਰਦੇ ਹਨ। ਪ੍ਰਭੂ-ਪ੍ਰਾਪਤੀ ਲਈ, ਅਸਲੀ ਸਾਧਨਾ ਮਾਰਗ, ਘਰ-ਗ੍ਰਿਹਸਤ ਵਿਚ ਰਹਿ ਕੇ, ਦਸਾਂ ਨਹੁੰਆਂ ਦੀ ਕਿਰਤ ਕਰਦੇ ਹੋਏ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਪ੍ਰਭੂ-ਭੈ (ਹੁਕਮ) ਵਿਚ ਰਹਿਣਾ ਹੈ। ਅਜਿਹਾ ਮਨੁੱਖ ਹੀ ਅਕਾਲ ਪੁਰਖ ਦੇ ਰਾਹ ਦਾ ਅਸਲੀ ਮੁਸਾਫ਼ਰ ਹੈ:

ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥

ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਅੰਗ 1245)

‘ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ॥’ ਦੇ ਮਹਾਂਵਾਕ ਅਨੁਸਾਰ ਉਕਤ ਉਪਦੇਸ਼, ਗੁਰੂ ਜੀ ਨੇ ਕੇਵਲ ਕਿਸੇ ਵਿਸ਼ੇਸ਼ ਵਰਗ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਕੀਤਾ ਹੈ। ਇਹ ਜੀਵਨ-ਪੰਧ ਦੁਨਿਆਵੀ ਹੁੰਦਾ ਹੋਇਆ ਵੀ, ਸੰਸਾਰਕ ਵਾਸ਼ਨਾਵਾਂ ਤੋਂ ਨਿਰਲੇਪ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਉੱਪਰ ਤੈਰਦਾ ਹੋਇਆ ਵੀ ਪਾਣੀ ਤੋਂ ਅਭਿੱਜ ਰਹਿੰਦਾ ਹੈ। ਅਰਥਾਤ ਉਹ ਪਾਣੀ ਵਿਚ ਡੁੱਬਦਾ ਨਹੀਂ; ਇਸੇ ਪ੍ਰਕਾਰ ਇਹ ਜੀਵਨ-ਜਾਚ ਜਾਂ ਸੁਚੱਜਾ ਜੀਵਨ-ਢੰਗ ਮਨੋਵੇਗਾਂ ਦੇ ਜਾਬਤੇ ਅਤੇ ਵਸੀਕਰਣ ਦਾ ਜੀਵਨ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰਸਿੱਖ ਦੀਆਂ ਲਾਛਣਿਕ ਵਿਸ਼ੇਸ਼ਤਾਵਾਂ ਦਰਸਾਉਂਦੇ ਹੋਏ, ਕਿਰਤ-ਕਮਾਈ ਅਤੇ ਵੰਡ ਕੇ ਖਾਣ ਨੂੰ ਹੀ ਸਰਵੋਤਮ ਕਿਹਾ ਹੈ:

-ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।... (ਵਾਰ 8:24)

-ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ। (ਵਾਰ 28:15)

-ਕਿਰਤਿ ਵਿਰਤਿ ਕਰਿ ਧਰਮ ਦੀ, ਖਟਿ ਖਵਾਲਣੁ ਕਾਰਿ ਕਰੇਹੀ। (ਵਾਰ 1:3)

-ਹਥੀਂ ਕਿਰਤਿ ਕਮਾਂਵਦਾ, ਪਗਿ ਚਲੈ ਸੁਜਾਣਾ। (ਵਾਰ 2:18)

-ਘਾਲਿ ਖਾਇ ਗੁਰਸਿਖ ਮਿਲਿ ਖਾਣਾ। (ਵਾਰ 32:1)

ਕਿਰਤ ਕਰਨਾ ਸਰਵੋਤਮ ਗੁਣ ਹੈ। ਜੋ ਪੁਰਸ਼ ਹੱਥੀਂ ਕਿਰਤ ਨਹੀਂ ਕਰਦੇ, ਦੂਜੇ ਘਰਾਂ ਤੋਂ ਮੰਗ-ਮੰਗ ਕੇ ਟੁੱਕਰ ਖਾਂਦੇ ਹਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ:

ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ॥ ਘਰਿ ਘਰਿ ਮਾਗਤ ਲਾਜ ਨ ਲਾਗੈ॥ (ਅੰਗ 903)

ਨਜਾਇਜ਼ ਢੰਗ ਨਾਲ ਇਕੱਤਰ ਕੀਤੀ ਹੋਈ ਕਮਾਈ (ਮਾਇਆ) ਗੁਰਮਤਿ ਵਿਚ ਪ੍ਰਵਾਨ ਨਹੀਂ ਹੈ। ਬੇਗਾਨਾ ਹੱਕ ਖਾਣਾ, ਦੂਜੇ ਦੀ ਮਿਹਨਤ ਨਾਲ ਇਕੱਤਰ ਕੀਤੀ ਹੋਈ ਕਮਾਈ, ਮਨੁੱਖਾਂ ਦਾ ਲਹੂ ਪੀਣ ਦੇ ਬਰਾਬਰ ਹੈ:

-ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥ (ਪੰਨਾ 1243)

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)

ਧਰਮ ਦਾ ਅਰਥ ਹੀ ਸੁਚੱਜਾ ਜੀਵਨ-ਢੰਗ ਹੈ। ਸੁਚੱਜਾ ਜੀਵਨ-ਢੰਗ ਉੱਦਮ ਨਾਲ ਬਣਦਾ ਹੈ। ਵਿਹਲੜ, ਨਿਕੰਮੇ ਜਾਂ ਗ਼ੈਰ-ਕਿਰਤੀ ਲਈ ਗੁਰਮਤਿ ਵਿਚ ਕੋਈ ਥਾਂ ਨਹੀਂ। ਉੱਦਮ, ਕਿਰਤ ਅਤੇ ਪ੍ਰਭੂ-ਸਿਮਰਨ ਹੀ ਸਫਲ ਜੀਵਨ-ਜਾਚ ਹੈ:

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਅੰਗ 522)

ਸਾਖੀ ਆਉਂਦੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਸ ਲੱਗੀ। ਉਨ੍ਹਾਂ ਨੇ ਪਾਣੀ ਮੰਗਿਆ। ਭਰੇ ਦੀਵਾਨ ਵਿੱਚੋਂ ਇਕ ਸਿੱਖ (ਨੌਜਵਾਨ) ਉੱਠਿਆ ਤੇ ਪਾਣੀ ਦਾ ਗਿਲਾਸ ਲੈ ਆਇਆ। ਪਾਣੀ ਦਾ ਗਲਾਸ ਫੜਨ ਲੱਗਿਆਂ, ਗੁਰੂ ਜੀ ਨੇ ਉਸ ਦੇ ਕੋਮਲ ਹੱਥਾਂ ਵੱਲ ਵੇਖ ਕੇ ਪੁੱਛਿਆ, “ਤੂੰ ਕੀ ਕੰਮ ਕਰਦੈ ਹੁੰਨੈਂ?” ਸਿੱਖ ਨੇ ਉੱਤਰ ਦਿੱਤਾ, “ਜੀ! ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਹੈ। ਨੌਕਰ-ਚਾਕਰ ਬਹੁਤ ਹਨ। ਉਹੀ ਕੰਮ ਕਰੀ ਜਾਂਦੇ ਹਨ।” ਗੁਰੂ ਜੀ ਨੇ ਉਹ ਪਾਣੀ ਡੋਲ੍ਹ ਦਿੱਤਾ। ਸਿੱਖ ਨੇ ਕਿਹਾ, “ਜੀ, ਮੈਂ ਤਾਂ ਬੜੇ ਪ੍ਰੇਮ ਤੇ ਸ਼ਰਧਾ ਨਾਲ ਆਪ ਜੀ ਵਾਸਤੇ ਜਲ ਲੈ ਕੇ ਆਇਆ ਸਾਂ।” ਗੁਰੂ ਜੀ ਨੇ ਉੱਤਰ ਦਿੱਤਾ, “ਜੋ ਪੁਰਸ਼ ਹੱਥੀਂ ਖੁਦ ਕਿਰਤ ਨਹੀਂ ਕਰਦੇ, ਉਹ ਮੁਰਦੇ ਸਮਾਨ ਹਨ। ਜਿਵੇਂ ਮੁਰਦੇ ਦੇ ਅੰਗਾਂ ਨਾਲ ਲੱਗੀ ਕਿਸੇ ਵੀ ਵਸਤੂ ਨੂੰ ਕੋਈ ਨਹੀਂ ਖਾਂਦਾ। ਇਵੇਂ ਹੀ ਵਿਹਲੜ ਪੁਰਸ਼ਾਂ ਦੇ ਹੱਥੋਂ ਜਲ ਛਕਣਾ ਵੀ ਉਚਿਤ ਨਹੀਂ-

ਜਿਮ ਮੁਰਦੇ ਕੇ ਅੰਗ ਅਪਾਵਨ। ਸੁਕਚਿਤ ਸਭਿ ਨਹਿˆ ਕਰਹਿ ਛੁਵਾਵਨ।

ਸੁਨਿ ਸਿਖਾ ਗੁਰਮਤਿ ਇਹ ਸਾਰ। ਸਤਿ ਸੰਗਤ ਕੀ ਸੇਵ ਉਦਾਰ। (ਗੁਰਪ੍ਰਤਾਪ ਸੂਰਜ ਗ੍ਰੰਥ, ਰੁਤ 4 ਅੰਸੂ 7)

ਜੋ ਮਨੁੱਖ ਹੱਥੀਂ ਕੋਈ ਕੰਮ ਨਹੀਂ ਕਰਦੇ, ਗੁਰਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ, ਪਰਉਪਕਾਰ ਨਹੀਂ ਕਰਦੇ। ਉਹ ਮੁਰਦੇ ਹਨ। ਬੇਗਾਨੀ ਵਸਤੂ ਅਰਥਾਤ ਪਰਾਇਆ ਧਨ ਨਾ ਖਾਵੇ। ਰਿਸ਼ਵਤ ਨਾ ਲਵੇ। ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਗ੍ਰਿਹਸਤ ਜੀਵਨ ਦੇ ਖਰਚੇ ਕਰਕੇ, ਜੇਕਰ ਕੁਝ ਬਚੇ ਤਾਂ ਉਸ ਦਾ ਦਸਵੰਧ ਗੁਰੂ-ਘਰ ਲਈ ਜ਼ਰੂਰ ਕੱਢੇ। ਵੰਡ ਕੇ ਛਕੇ। ਮਨ ਨਿਰਮਲ ਹੋ ਜਾਵੇਗਾ-

ਸੁਨਿ ਗੁਰ ਕਹਯੋ ਕਿਰਤਿ ਕਰਿ ਕੋਈ। ਧਰਮ ਸਮੇਤਿ ਨ੍ਰਿਬਾਹਹੁ ਸੋਈ।

ਕਪਟ ਬਿਹੀਨ ਜੀਵਿਕਾ ਕਰੈ। ਪਰ ਕੀ ਵਸਤੁ ਛੁਪਾਇ ਨ ਧਰੈ।

ਤਿਸ ਮਹਿ ਬਾਟ ਪ੍ਰਭੂ ਹਿਤ ਖਾਵੈ। ਤਿਸ ਕੋ ਉਰ ਨਿਰਮਲ ਹੁਇ ਜਾਵੈ। (ਗੁਰ ਪ੍ਰਤਾਪ ਸੂਰਜ ਗ੍ਰੰਥ: ਰਾਸ 2, ਅੰਸੂ 45)

ਦੁਨੀਆਂ ਵਿਚ ਬਹੁਤ ਸਾਰੇ ਮਨੁੱਖ ਅਜਿਹੇ ਵੀ ਹਨ, ਜੋ ਸਾਰਾ ਦਿਨ ਬਹੁਤ ਮਿਹਨਤ ਕਰਦੇ ਹਨ। ਦਿਨ ਨਹੀਂ ਵੇਖਦੇ, ਰਾਤ ਨਹੀਂ ਵੇਖਦੇ, ਕਿਸੇ ਦਾ ਹੱਕ, ਜਾਇਜ਼-ਨਜਾਇਜ਼ ਨਹੀਂ ਵੇਖਦੇ, ਉਨ੍ਹਾਂ ਦਾ ਮੁੱਖ ਉਦੇਸ਼ ਕੇਵਲ ਮਾਇਆ ਇਕੱਤਰ ਕਰਨੀ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਹਰ ਵੇਲੇ ਹੇਰਾਫੇਰੀ, ਠੱਗੀ ਆਦਿ ਵੱਲ ਲੱਗਾ ਰਹਿੰਦਾ ਹੈ। ਅਜਿਹੀ ਇਕੱਤਰ ਕੀਤੀ ਕਮਾਈ, ‘ਗੁਰਮਤਿ ਕਿਰਤ’ ਦੇ ਅਦਾਰੇ ਵਿਚ ਨਹੀਂ ਆਉਂਦੀ। ਉਹ ਤਾਂ, “ਲੈਦਾ ਬਦੁ ਦੁਆਇ ਤੂੰ ਮਾਇਆ ਕਰਹਿ ਇਕਤੁ॥” ਵਾਲੀ ਗੱਲ ਹੈ। ਗੁਰਮਤਿ ਵਿਚ ਮਲਕ ਭਾਗੋ ਵਰਗੀ ਕਮਾਈ ਪ੍ਰਵਾਨ ਨਹੀਂ। ਭਾਈ ਲਾਲੋ ਜੀ ਵਰਗੀ ਸੱਚੀ-ਸੁੱਚੀ ਕਿਰਤ ਹੀ ਪ੍ਰਵਾਨ ਹੈ। ਗੁਰਮਤਿ ਮਾਰਗ ਦੇ ਸਾਰੇ ਬਾਣੀਕਾਰਾਂ ਨੇ ਹੱਥੀਂ ਕਿਰਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਹੱਥੀਂ ਹਲ ਚਲਾਇਆ। ਭਗਤ ਕਬੀਰ ਜੀ ਨੇ ਸੂਤ ਦੀਆਂ ਤਾਣੀਆਂ ਤਣੀਆਂ:

ਹਮ ਘਰਿ ਸੂਤੁ ਤਨਹਿ ਨਿਤ ਤਾਨਾ... ...॥ (ਅੰਗ 482)

ਭਗਤ ਰਵਿਦਾਸ ਜੀ ਨੇ ਜੋੜੇ ਗੰਢਣ ਦੀ ਕਿਰਤ ਕੀਤੀ:

ਪਾਣਾ ਗੰਢੈ ਰਾਹ ਵਿਚਿ, ਕੁਲਾ ਧਰਮ ਢੋਇ ਢੋਰ ਸਮੇਟਾ। (ਵਾਰ 10:17)

ਭਗਤ ਨਾਮਦੇਵ ਜੀ ਕੱਪੜੇ ਧੋਣ ਅਤੇ ਕੱਪੜਿਆਂ ’ਤੇ ਛਾਪੇ ਲਾਉਣ ਦੀ ਕਿਰਤ ਕਰਦੇ ਸਨ। ਉਹ ਕਿਰਤ ਦੇ ਨਾਲ-ਨਾਲ ਮੂੰਹ ਅਤੇ ਹਿਰਦੇ ਤੋਂ ਸਵਾਸ-ਸਵਾਸ ਪ੍ਰਭੂ-ਸਿਮਰਨ ਵਿਚ ਲੀਨ ਰਹਿੰਦੇ ਸਨ:

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍‍ਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਅੰਗ 1375-76)

ਬਿਨਾਂ ਕੰਮ ਤੋਂ ਫਲ ਦੀ ਆਸ ਨਹੀਂ ਰੱਖੀ ਜਾ ਸਕਦੀ। ਮੰਦੇ ਕੰਮ ਕਰਕੇ, ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ:

-ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ॥ (ਅੰਗ 157)

-ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥ (ਅੰਗ 468)

ਜਿਨ੍ਹਾਂ ਮਨੁੱਖਾਂ ਨੇ ਹੱਥੀਂ ਕਿਰਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ, ਸੇਵਾ ਕੀਤੀ, ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਅਰਪਣ ਕਰ ਦਿੱਤਾ। ਗੁਰੂ ਹੁਕਮ ਵਿਚ ਰਹੇ। ਅਜਿਹੇ ਮਹਾਂਪੁਰਸ਼ ਆਪਣੀ ਘਾਲਣਾ ਸਫਲੀ ਕਰ ਜਾਂਦੇ ਹਨ। ਉਨ੍ਹਾਂ ਦੇ ਮੁੱਖ ਲੋਕ ਅਤੇ ਪ੍ਰਲੋਕ ਵਿਚ ਉੱਜਲੇ ਹੁੰਦੇ ਹਨ। ਉਨ੍ਹਾਂ ਨੂੰ ਹੀ ਪ੍ਰਭੂ ਦਰਬਾਰ ਵਿਚ ਮਾਣ ਮਿਲਦਾ ਹੈ ਅਤੇ ਸਦੀਵੀ ਅਮਰ ਰਹਿੰਦੇ ਹਨ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਅੰਗ 8)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article