ਰਾਸ਼ਟ੍ਰੀਯ? ਸਿੱਖ? ਸੰਗਤ? RSS

ਬਹੁ ਚਰਚਿਤ ਅਤੇ ਵਿਵਾਦਾਂ ਵਿੱਚ ਘਿਰੀ ਹੋਈ ਸੰਸਥਾ ‘ਰਾਸ਼ਟ੍ਰੀਯ ਸਵਯਮਸੇਵਕ ਸੰਘ ਦੀ ਇਕਾਈ ਰਾਸ਼ਟ੍ਰੀਯ ਸਿੱਖ ਸੰਗਤ’ ਨਾਮ ਦੀ ਸੰਸਥਾ ਵੱਲੋਂ ਸਿੱਖਾਂ ਨੂੰ ਮੁਖ਼ਾਤਬ ਕਰਕੇ ਅਰੰਭੇ ਪ੍ਰਚਾਰ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਹੈ। ਇਨ੍ਹਾਂ ਦੇ ਉਦੇਸ਼ਾਂ ਬਾਰੇ ਗੁਰਮਤਿ ਤੇ ਪੰਥ ਨੇ ਪਹਿਲਾਂ ਹੀ ਨਿਰਣੇ ਲਏ ਹੋਏ ਹਨ, ਲੋੜ ਕੇਵਲ ਉਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਹੈ।

ਪਹਿਲਾ ਵਿਚਾਰ ਤਾਂ ਇਸ ਸੰਸਥਾਦੇ ਰਾਸ਼ਟ੍ਰੀਯ ਸਿੱਖ ਸੰਗਤ ਨਾਮ ਕਰਣ ਦਾ। ਇਸ ਨਾਮ ਵਿੱਚ ਤਿੰਨ ਲਫ਼ਜ਼ ਹਨ, ਰਾਸ਼ਟ੍ਰੀਯ, ਸਿਖ ਅਤੇ ਸੰਗਤ। ਇਸ ਵਿੱਚੋਂ ਸਿੱਖ ਅਤੇ ਸੰਗਤ ਦੀ ਗੁਰਬਾਣੀ ਤੇ ਗੁਰਮਤਿ ਵੱਲੋਂ ਦਿੱਤੀ ਪਰਿਭਾਸ਼ਾ ਹੀ ਪ੍ਰਵਾਨਤ ਹੋਵੇਗੀ। ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਸਿੱਖ ਦੀ ਪਰਿਭਾਸ਼ਾ ਹੈ, ‘ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।

ਇਸੇ ਪਰਿਭਾਸ਼ਾ ਨੂੰ ਹੋਰ ਸਪੱਸ਼ਟ ਕਰਦਿਆਂ ਸਿੱਖ ਰਹਿਤ ਮਰਿਯਾਦਾ ਦੇ ਅੰਕ 2 ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਅੰਕਿਤ ਹੈ, (ੳ) ਇਕ ਅਕਾਲ ਪੁਰਖ਼ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। (ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ। (ੲ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। ਇਸੇ ਤਰ੍ਹਾਂ ਮੌਜੂਦਾ ਗੁਰਦੁਆਰਾ ਐਕਟ ਵਿੱਚ ਵੋਟਰ ਨੂੰ ਐਲਾਨ ਕਰਨਾ ਪੈਂਦਾ ਹੈ ਕਿ ‘ਮੈਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ।’ ਇਸ ਦੇ ਨਾਲ ਹੀ ਪਾਰਲੀਮੈਂਟ ਵੱਲੋਂ ਪ੍ਰਵਾਨ ਕੀਤੇ ਦਿੱਲੀ ਗੁਰਦੁਆਰਾ ਐਕਟ ਦੀ ਪਰਿਭਾਸ਼ਾ ਵਿੱਚ ਲਿਖਿਆ ਹੈ ਕਿ ਸਿੱਖ ਉਹ ਹੈ ‘ਜੋ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਅਤੇ ਜਿਸਦਾ ਹੋਰ ਕੋਈ ਧਰਮ ਨਹੀਂ ਹੈ।’

ਸੋ ਮੌਜੂਦਾ ਐਕਟ, ਦਿੱਲੀ ਐਕਟ ਤੇ ਸਿੱਖ ਰਹਿਤ ਮਰਿਯਾਦਾ ਵਿੱਚ ਦਿੱਤੀ ਸਿੱਖ ਦੀ ਪਰਿਭਾਸ਼ਾ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਤੇ ਹੋਰ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਨੂੰ ਹੀ ਸਿੱਖ ਤਸਲੀਮ ਕੀਤਾ ਗਿਆ ਹੈ। ਭਾਈ ਮੰਞ ਨੂੰ ਜਦੋਂ ਉਹ ਹਾਲੇ ਸਰਵਰੀਆਂ ਸੀ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਸਿੱਖੀ ਦੀ ਦਾਤ ਦੀ ਮੰਗ ਕੀਤੀ ਸੀ ਤਾਂ ਸਾਹਿਬਾਂ ਨੇ ਬਚਨ ਕੀਤੇ ਸੀ, ‘ਸਿੱਖੀ ਤੇ ਸਿੱਖੀ ਨਹੀਂ ਟਿਕਦੀ।’ ਸਿੱਖ ਕੇਵਲ ਇਕ ਦਾ ਹੋ ਸਕਦਾ ਹੈ ਦੋ ਜਾਂ ਵੱਧ ਦਾ ਨਹੀਂ। ਇਸੇ ਲਈ ਤਾਂ ਸਿੱਖ ਦੀ ਨਿਤਾਪ੍ਰਤਿ ਦੀ ਅਰਦਾਸ ਹੈ, ‘ਸਗਲ ਦੁਆਰ ਕਉ ਛਾਡਿ ਕੈ ਗਹਿਓੁ ਤੁਹਾਰੋ ਦੁਆਰ॥’ ’....ਅਤੇ ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥’...

ਇਸ ਪਿਛੋਕੜ ਵਿੱਚ ਰਾਸ਼ਟ੍ਰੀਯ ਸਿੱਖ ਸੰਗਤ ਨੂੰ ਸਿੱਖ ਦੀ ਇਸ ਧਾਰਮਿਕ ਤੇ ਕਾਨੂੰਨੀ ਪਰਿਭਾਸ਼ਾ ਦਾ ਹੀ ਸਤਿਕਾਰ ਕਰਦਿਆਂ ਸਿੱਖ ਦੀ ਅਜ਼ਾਦ ਹਸਤੀ ਦਾ ਸਤਿਕਾਰ ਕਰਨਾ ਹੋਵੇਗਾ। ਇਸੇ ਤਰ੍ਹਾਂ ਸੰਗਤ ਦੀ ਵਿਆਖਿਆ ਗੁਰੂ ਸਾਹਿਬ ਨੇ ਖ਼ੁਦ ਹੀ ਕਰ ਦਿੱਤੀ ਹੈ,

ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
(ਗੁਰੂ ਗ੍ਰੰਥ ਸਾਹਿਬ, ਪੰਨਾ 72)

ਹਰ ਭੀੜ ਜਾਂ ਹਜੂਮ ਦਾ ਨਾਮ ਸੰਗਤ ਨਹੀਂ ਹੈ। ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ ਕਿ ਹਜੂਮ ਉਹ ਮੁਬਾਰਕ ਹੈ ਜੋ ਰੱਬੀ ਯਾਦ ਲਈ ਹੋਵੇ ਤੇ ਜਿਸਦੀ ਬੁਨਿਆਦ ਸੱਚ ਤੇ ਹੋਵੇ ਅਤੇ ਜਿਹੜਾ ਹਜੂਮ ਸ਼ੈਤੀਨਤ ਦੀਆਂ ਘਾੜਤਾਂ ਘੜੇ ਜਾਂ ਜਿਸ ਤੋਂ ਅੱਗੇ ਪਛਤਾਵਾ ਹੋਵੇ ਉਹ ਹਜੂਮ ਬਦ ਹੈ।

ਆਂ ਹਜੂਮ ਖ਼ੁਸ਼ ਕਿ ਬਹਿਰਿ ਯਾਦਿ ਊ-ਸਤ
ਆਂ ਹਜੂਮਿ ਖ਼ੁਸ਼ ਕਿ ਹੱਕ ਬੁਨਿਆਦਿ ਊ-ਸਤ॥23॥
ਆ ਹਜੂਮਿ ਬਦ ਕਿ ਸ਼ੈਤਾਨੀ ਬਵਦ
ਆਕਬਤ ਅਜ਼ ਵੈ ਪਸ਼ੇਮਾਨੀ ਬਵਦ॥24॥

ਸੋ ਗੁਰਮਤਿ ਅਨੁਸਾਰ ਰੱਬ ਦੀ ਉਸਤਤਿ ਵਿੱਚ ਜੁੜੇ ਹਜੂਮ ਨੂੰ ਹੀ ਸੰਗਤ ਪਦ ਪ੍ਰਾਪਤ ਹੈ। ਵਜ਼ੀਰਾ, ਰਾਜਨੀਤਕ ਵਿਅਕਤੀਆਂ ਜਾਂ ਰਾਸ਼ਟ੍ਰੀਯ ਸਿੱਖ ਸੰਗਤ ਵਰਗੀਆਂ ਸੰਸਥਾਵਾਂ ਵੱਲੋਂ ਆਪਣੇ ਮਕਸਦ ਤੇ ਸਿਆਸੀ ਐਲਾਨਨਾਮਿਆਂ ਲਈ ਜੁੜੀ ਭੀੜ ਨੂੰ ਸੰਗਤ ਜਾਂ ਸੰਗਤ ਦਰਸ਼ਨ ਵਰਗੀ ਨਿਰੋਲ
ਸਿੱਖ ਸ਼ਬਦਾਵਲੀ ਨੂੰ ਸੰਗਤ ਦਾ ਦਰਜਾ ਨਹੀਂ ਦਿੱਤਾ ਜਾਣਾ ਚਾਹੀਦਾ। ਤੀਸਰਾ ਅਤੇ ਮੁੱਖ ਲਫ਼ਜ਼ ਹੈ ਰਾਸ਼ਟ੍ਰੀਯ।

ਇਹ ਲਫ਼ਜ਼ ਵੀ ਭੁਲੇਖੇ ਨੂੰ ਦੂਰ ਕਰਨ ਦੀ ਬਜਾਇ ਕਈ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦਾ ਹੈ। ਰਾਸ਼ਟਰ ਸ਼ਬਦ ਦਾ ਪਰਯਾਇਵਾਚੀ ਸ਼ਬਦ ਹੈ ਕੌਮ। ਸੋ ਜੇਕਰ ਸਿੱਖ ਖ਼ੁਦ ਹੀ ਇਕ ਕੌਮ ਹੈ ਤਾਂ ਫਿਰ ਰਾਸ਼ਟਰੀ ਸਿੱਖ ਜਾਂ ਕੌਮੀ ਸਿੱਖ ਕਹਿਣਾ ਅਰਥ ਹੀਣ ਹੈ। ਕੀ ਜੋ ਇਸ ਰਾਸ਼ਟ੍ਰੀਯ ਸਿੱਖ ਸੰਗਤ ਦਾ ਹਿੱਸਾ ਨਹੀਂ ਬਣਿਆ
ਉਹ ਰਾਸ਼ਟਰ ਵਿਰੋਧੀ ਹੈ ਜਾਂ ਗੈਰ ਰਾਸ਼ਟਰੀ। ਜੇਕਰ ਇਸ ਦਾ ਅਰਥ ਰਾਸ਼ਟਰ ਦੀ ਸੰਗਤ ਹੈ ਤਾਂ ਇਹ ਸਹੀ ਨਹੀਂ ਹੈ ਕਿਉਂਕਿ ਸਿੱਖ ਤਾਂ ਗੁਰੂ ਦਾ ਵੀ ਨਾ ਰਹਿ ਕੇ ਗੁਰ ਸੰਗਤ ਕੀਨੀ ਖਾਲਸਾ॥ ਦੇ ਮੁਤਾਬਿਕ ਵਾਹਿਗੁਰੂ ਜੀ ਕਾ ਖ਼ਾਲਸਾ ਹੋ ਗਿਆ। ਗੁਰੂ ਵੀ ਸਿੱਖ ਦਾ ਹਮਸਫ਼ਰ ਹੋ ਤੁਰਿਆ।

ਸੋ ਕਿਸੇ ਖ਼ਾਸ ਧੜੇ, ਫ਼ਿਰਕੇ, ਸਾਧ, ਸੰਤ, ਰਟੀ, ਡੇਰੇ ਜਾਂ ਰਾਸ਼ਟਰ ਦਾ ਨਹੀਂ। ਰਾਸ਼ਟ੍ਰੀਯਸਿੱਖ ਸੰਗਤ ਕੇਵਲ ਹਿੰਦੂ ਸਿੱਖ ਏਕਤਾ ਦੀ ਗੱਲ ਕਰਦੀ ਹੈ ਪਰ ਗੁਰਮਤਿ ਤਾਂ ਮਹਾਨ ਭਾਰਤੀ ਸਿਧਾਂਤ ਵਸੁਦੇਵ ਕਟੁੰਬਕਮ ਅਤੇ ਇਸਲਾਮੀ ਫ਼ਲਸਫ਼ੇ ਰੱਬੁਲ ਆਲਮੀਨ ਦੇ ਸਿਧਾਂਤ ਮੁਤਾਬਿਕ ਪ੍ਰਾਣੀ ਮਾਤਰ ਨੂੰ ਉਸ ਇਕ ਪਰਮ ਪਿਤਾ ਦੀ ਸੰਤਾਨ ਮੰਨਦਿਆਂ ਹੋਇਆਂ ਆਪਸ ਵਿੱਚ ਭਾਈਚਾਰੇ ਦਾ ਪਾਠ ਪੜਾਉਂਦੀ ਹੈ। ਸਿੱਖੀ ਦੀ ਦਾਤ ਪ੍ਰਾਪਤ ਕਰਦਿਆਂ ਉਸ ਨੂੰ ਸਾਰੇ ਸੰਸਾਰ ਦੇ ਭਲੇ ਦੀ ਕਾਮਨਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਕਿਸੇ ਸਿੱਖ ਦੀ ਪ੍ਰਪੱਕ ਸਿੱਖੀ ਹੀ ਉਸਦੇ ਵਤਨ ਦੀ ਰਾਖੀ ਦੀ ਸਭ ਤੋਂ ਵੱਡੀ ਜ਼ਾਮਨ ਹੈ। ਸਿੱਖੀ ਦਾ ਸੰਕਲਪ ਤਾਂ ਸਾਰੀ ਮਾਨਵਤਾ ਦੇ ਭਲੇ ਦੀ ਲੋਚਨਾ ਰੱਖਦਿਆਂ ਹੋਇਆਂ ਸਰਬੱਤ ਦੇ ਭਲੇ ਦੀ ਯਾਚਨਾ ਕਰਨਾ ਹੈ। ਇਸੇ ਲਈ ਸਿੱਖ ਤਾਂ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੀ ਮੰਗ ਕਰਦਾ ਹੈ। ਨਿੱਜੀ ਤੌਰ ’ਤੇ ਸਿੱਖ ਤਾਂ ਅੰਤਰ-ਰਾਸ਼ਟਰੀ ਹੋ ਚੁੱਕਾ ਹੈ। ਕੀ ਉਹ ਅੰਤਰ ਰਾਸ਼ਟਰੀ ਜਾਂ ਗੈਰ ਰਾਸ਼ਟਰੀ ਸਿੱਖ ਇਸ ਰਾਸ਼ਟ੍ਰੀਯ ਸਿੱਖ ਸੰਗਤ ਦਾ ਹਿੱਸਾ ਬਣ ਸਕਦੇ ਹਨ?

‘ਰਾਸ਼ਟ੍ਰੀਯ ਸਿੱਖ ਸੰਗਤ’ ਦੀ ਪ੍ਰਚਾਰ ਵਿਧੀ ਤੋਂ ਸਿੱਖਾਂ ਦੀ ਚਿੰਤਾ ਅਤੇ ਭੈ ਨਿਰਮੂਲ ਨਹੀਂ ਹੈ। ਕਾਵਿ ਚੂੜਾਮਣਿ ਭਾਈ ਸੰਤੋਖ ਨੇ ਸੂਰਜ ਪ੍ਰਕਾਸ਼ ਵਿੱਚ ਵਿਚਾਰ ਦਿੱਤੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਇਸ ਦੇਸ਼ ਵਿੱਚ ਪੂਰਨ ਰਾਸ਼ਟਰੀ ਏਕਤਾ ਹੋ ਜਾਣੀ ਸੀ। ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਪਰਪੱਕ ਜਾਤੇ, ਧਰਮ ਧਸੱਕ ਜਾਤੇ, ਬਰਨ ਗਰਕ ਜਾਤੇ ਸਾਹਿਤ ਬਿਧਾਨ ਕੀ। ਦੇਵੀ ਦੇਵ ਦਿਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨ ਹੋਤੀ ਜੋ ਪਹਿ, ਕਰੁਣਾ ਨਿਧਾਨ ਕੀ। (ਭਾਈ ਸੰਤੋਖ ਸਿੰਘ)

ਇਸੇ ਗੱਲ ਨੂੰ ਅਲਬੇਲੇ ਸ਼ਾਇਰ ਬੁੱਲ੍ਹੇ ਸ਼ਾਹ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਕਿਹਾ ਹੈ ਕਿਨਾ ਨਾ ਕਹੂੰ ਤਬ ਕੀ ਨਾ ਕਹੂੰ ਜਬ ਕੀ ਬਾਤ ਕਰੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬ ਕੀ। ਗੁਰ ਨੇ ਤਾਂ ਤਿਲਕ ਜੰਞੂ ਰਾਖਾ ਪ੍ਰਭੁ ਤਾਂਕਾ ਦੇ ਅਸੂਲ ਤੇ ਮਹਾਨ ਕੁਰਬਾਨੀ ਦੇ ਦਿੱਤੀ। ਸੋ ਉਸ
ਗੁਰੂ ਦੇ ਸਿੱਖ ਕੇਵਲ ਉਸ ਰਾਸ਼ਟਰੀ ਏਕਤਾ ਦੇ ਮੁੱਦਈ ਅਤੇ ਸੈਦਾਈ ਹੋ ਸਕਦੇ ਹਨ ਜੋ ਇਸ ਮਹਾਨ ਦੇਸ਼ ਦੇ ਹਰ ਫ਼ਿਰਕੇ ਤੇ ਧਰਮ ਅਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਹੋਵੇ। ਦੂਸਰਿਆਂ ਦੀ ਖ਼ਾਤਿਰ ਆਪਾ ਵਾਰਨ ਵਾਲੇ ਸਿੱਖ ਤਾਂ ਭਾਈ ਗੁਰਦਾਸ ਜੀ ਦੇ ਇਸ ਬਚਨ ਦੇ ਪਾਬੰਦ ਹਨ-

ਮੂਲ ਨ ਮਿਲੈ ਅਮੋਲ ਨ ਕੀਮਤ ਪਾਈਐ।
ਪਾਇ ਤਰਾਜੂ ਤੋਲ ਨ ਅਤੁਲ ਤੁਲਾਈਐ॥
ਨਿਜ ਘਰ ਤਖਤ ਅਡੋਲ ਨ ਡੋਲ ਡੋਲਾਈਐ॥
ਗੁਰਮੁਖ ਪੰਥ ਨਿਰੋਲ ਨ ਰਲੈ ਰਲਾਈਐ॥


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.


       

  POST FEEDBACK (Click to Enter Feedback)

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.











Our Sponsors


SikhDVD.com



AtmaImages.com