A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਭਾਰਤੀ ਧਰਮ-ਚੇਤਨਾ ਤੇ ਗੁਰਮਤਿ ਫ਼ਲਸਫ਼ਾ

Author/Source: Prof. Gurmukh Singh

ਭਾਰਤੀ ਧਰਮ-ਚੇਤਨਾ ਤੇ ਗੁਰਮਤਿ ਫ਼ਲਸਫ਼ਾ
ਪ੍ਰੋਫ਼ੈਸਰ ਗੁਰਮੁਖ ਸਿੰਘ ਜੀ, ਗੌਰਮੈਂਟ ਕਾਲਜ, ਸੰਗਰੂਰ

ਭਾਰਤ ਇਕ ਬੜਾ ਵਿਸ਼ਾਲ ਦੇਸ਼ ਹੈ, ਜਿਸ ਵਿਚ ਕਈ ਪ੍ਰਕਾਰ ਦੇ ਧਰਮਾਂ, ਜਾਤੀਆਂ, ਕਬੀਲਿਆਂ ਦੇ ਲੋਕ ਵਸਦੇ ਹਨ। ਇਸਨੂੰ ਰਿਸ਼ੀਆਂ ਮੁਨੀਆਂ ਦਾ ਦੇਸ਼ ਭੀ ਕਹਿੰਦੇ ਹਨ। ਇਥੇ ਅਨੇਕਾਂ ਅਵਤਾਰ ਭੀ ਹੋਏ। ਹਰ ਇਕ ਨੇ ਆਪੋ ਆਪਣੇ ਸਮੇਂ ਮਨੁੱਖ ਦੇ ਮਨ ਨੂੰ ਸੰਤੁਸ਼ਟ ਕਰਨ ਲਈ ਸੱਚ ਦੀ ਵਿਆਖਿਆ ਕੀਤੀ। ਇਸ ਵਿਸਮਾਦੀ ਜਗਤ ਦੀ ਹਰ ਚੀਜ਼ ਦੇ ਰਹੱਸ ਨੂੰ ਖੋਜਣ ਦਾ ਜਤਨ ਕੀਤਾ ਗਿਆ। ਇਉਂ ਸਦੀਆਂ ਤੋਂ, ਬਲਕਿ ਹਜ਼ਾਰਾਂ ਸਾਲਾਂ ਤੋਂ ਰਿਸ਼ੀਆਂ ਮੁਨੀਆਂ ਅਵਤਾਰਾਂ ਦੇ ਮਿਲਵੇਂ ਜਤਨਾਂ ਸਦਕਾ ਕੁਝ ਫ਼ਲਸਫ਼ਾ ਇਕੱਠਾ ਹੋਇਆ, ਜਿਸਨੂੰ ਆਮ ਬੋਲ ਚਾਲ ਵਿਚ 'ਹਿੰਦੂ ਫ਼ਲਸਫ਼ਾ' ਆਖਿਆ ਜਾਂਦਾ ਹੈ। ਹਿੰਦੂ ਕਿਸੇ ਧਰਮ ਦਾ ਨਾਮ ਨਹੀਂ, ਜਿਸਦਾ ਇਹ ਫ਼ਲਸਫ਼ਾ ਮੰਨਿਆ ਜਾਵੇ। ਆਰੀਆਂ ਦੇ ਭਾਰਤ ਆਉਣ ਤੋਂ ਪਹਿਲਾਂ ਭੀ ਇਥੇ ਸ਼ੈਵ ਮੱਤ ਦੀ ਵਿਚਾਰਧਾਰਾ ਦੇ ਚਿੰਨ੍ਹ ਮਿਲਦੇ ਹਨ। ਫਿਰ ਆਰੀਆਂ ਆਏ। ਉਹਨਾਂ ਵਿਚ ਕੁਝ ਬ੍ਰਹਮ ਬਿਰਤੀ ਵਾਲੇ ਲੋਕ ਸਨ, ਜਿਨ੍ਹਾਂ ਨੂੰ ਭਾਰਤ ਦੇ ਜਲ-ਵਾਯੂ ਨੇ, ਖ਼ਾਸ ਕਰਕੇ ਪੰਜਾਬ ਦੇ ਪਉਣ-ਪਾਣੀ ਨੇ ਚਿੰਤਨ ਕਰਨ ਲਈ ਪ੍ਰੇਰਿਆ। ਚਾਰ ਵੇਦ, ਉਪਨਸ਼ਿਦ, ਛੇ ਸ਼ਾਸਤਰ, ਅਠਾਰ੍ਹਾਂ ਪੁਰਾਣ, ਫਿਰ ਇਹਨਾਂ ਗ੍ਰੰਥਾਂ ਦੇ ਭਾਸ਼ਯ ਜਾਂ ਵਿਆਖਿਆ-ਗ੍ਰੰਥ ਤਿਆਰ ਹੋਏ। ਬੁਧ ਤੇ ਜੈਨ ਮੱਤ ਬ੍ਰਹਾਮਣੀ ਵਿਚਾਰਧਾਰਾ ਦੇ ਟਾਕਰੇ ਤੇ ਇਕ ਨਵੀਂ ਫ਼ਿਲਾਸਫ਼ੀ ਲੈ ਕੇ ਉਭਰੇ। ਧਰਮ ਖੇਤਰ ਵਿਚ ਸੱਚ ਸੰਬੰਧੀ ਭਿੰਨ ਭਿੰਨ ਵਿਚਾਰ-ਧਾਰਾਵਾਂ ਦਾ ਜਨਮ ਹੋਇਆ। ਯੂਨਾਨੀ ਵਿਚਾਰ-ਧਾਰਾ ਵਾਂਗ ਭਾਰਤੀਆਂ ਨੇ ਭੀ ਬਹੁ ਦੇਵੀ-ਦੇਵਤਿਆਂ ਦੀਆ ਹਸਤੀਆਂ ਨੂੰ ਪਰਵਾਨ ਕੀਤਾ, ਤੇ ਇਉਂ ਉਹਨਾਂ ਦੀ ਪੂਜਾ ਦਾ ਅਰੰਭ ਹੋਇਆ, ਅਤੇ ਇਹ ਪੂਜਾ ਅਜ ਤਕ ਤੁਰੀ ਆਉਂਦੀ ਹੈ। ਅਣਦਿਸਦੇ ਦੇਵਤਿਆਂ ਨੂੰ ਮੂਰਤੀਮਾਨ ਕੀਤਾ ਗਿਆ, ਤੇ ਮੂਰਤੀ-ਪੂਜਾ ਦਾ ਜਨਮ ਹੋਇਆ। ਇਸ ਪੂਜਾ ਦਾ ਮਨੋਰਥ, ਜਿਹਾ ਕਿ ਵੇਦ-ਮੰਤ੍ਰਾਂ ਤੋਂ ਸਪਸ਼ਟ ਹੁੰਦਾ ਹੈ, ਕੇਵਲ ਕਿਸੇ ਦੇਵਤੇ ਨੂੰ ਉਸਤਤ ਜਾਂ ਭੇਟਾ ਦੇ ਕੇ ਪ੍ਰਸੰਨ ਕਰਨਾ ਹੁੰਦਾ ਸੀ, ਤਾਂ ਕਿ ਉਹ ਪੂਜਾ ਕਰਨ ਵਾਲੇ ਨੂੰ ਮਾਇਕ ਪਦਾਰਥਾਂ ਨਾਲ ਮਾਲਾ ਮਾਲ ਕਰ ਦੇਵੇ। ਇਹ ਹਿੰਦੂ ਫ਼ਲਸਫ਼ੇ ਦੇ ਵਿਕਾਸ ਦੀ ਸੰਖੇਪ ਜਿਹੀ ਕਹਾਣੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਗੁਰੂ ਸਾਹਿਬਾਨ ਦੇ ਸਾਹਮਣੇ ਇਹ ਸਾਰਾ ਭਾਰਤੀ ਫ਼ਲਸਫ਼ਾ ਸੀ। ਉਨ੍ਹਾਂ ਨੂੰ ਇਸ ਫ਼ਲਸਫ਼ੇ ਦੀਆ ਸੀਮਾਵਾਂ ਦਾ ਭੀ ਚੰਗੀ ਤਰ੍ਹਾਂ ਗਿਆਨ ਸੀ ਕਿ ਭਾਰਤੀ (ਹਿੰਦੂ) ਧਰਮ-ਚਿੰਤਨ ਮੂਲ ਰੂਪ ਵਿਚ ਲੋਕਗਤ (spatial) ਹੈ। ਭਾਵ, ਇਸਦੀ ਸੋਚ ਦਾ ਖੇਤਰ ਮਾਤ ਲੋਕ ਵਿਚ ਰਹਿ ਕੇ ਸੁਖ ਮਾਣਨਾ, ਇਸ ਸੁਖ ਲਈ ਹਰ ਪ੍ਰਕਾਰ ਦੇ ਕਰਮ ਧਰਮ ਕਰਨੇ, ਮਾਤ ਲੋਕ ਤੋਂ ਦੇਵ ਲੋਕ ਦੇ ਪੰਧ ਤਕ ਸਦਾ ਸੁਖ ਦੀ, ਆਰਾਮ ਦੀ ਜਾਚਨਾ ਕਰਦੇ ਰਹਿਣਾ, ਮਾਤ ਲੋਕ ਤੋਂ ਸਵਰਗ ਗੰਮਨ, ਇਹੋ ਧਰਮ-ਚਿੰਤਨ ਦਾ ਇਕ ਬੜਾ ਸਵਾਦਲਾ ਕਾਂਢ ਹੁਣ ਤਕ ਬਣਿਆ ਹੋਇਆ ਹੈ। ਸ਼ਾਇਦ ਨਰਕ ਦੇ ਡਰ ਨੇ ਭਾਰਤੀ ਚਿੰਤਨ ਵਿਚ ਨੈਤਿਕਤਾ ਨੂੰ ਜਨਮ ਦਿਤਾ। ਮਾਤ ਲੋਕ ਦੇ ਦੁਖਾਂ ਤੇ ਨਰਕ ਦੇ ਤਸੀਹਿਆਂ ਤੋਂ ਮੁਕਤੀ ਨੂੰ ਮੋਕਸ਼ ਆਖਿਆ ਗਿਆ ਹੈ। ਇਸ ਨੂੰ ਬੋਧੀਆਂ, ਜੈਨੀਆਂ, ਸ਼ਾਸਤਰਾਂ ਆਦਿ ਨੇ ਆਪੋ ਆਪਣੇ ਤਰੀਕੇ ਨਾਲ ਬਿਆਨਿਆ ਹੈ। ਇਨ੍ਹਾਂ ਵਿਚ ਕੋਈ ਖਾਸ ਅੰਤਰ ਨਹੀਂ ਜਾਪਦਾ। ਕੈਵਲਯ (ਜੈਨੀਆਂ ਦਾ), ਨਿਰਵਾਣ(ਬੋਧੀਆਂ ਦਾ) ਅਤੇ ਮੋਕਸ਼ ਵਿਚ ਕੋਈ ਗੁਣਾਤਮਕ ਫ਼ਰਕ ਨਹੀਂ। ਤਿੰਨੇ ਹੀ ਮਾਤਲੋਕ ਦੇ ਘੇਰੇ ਚੋਂ ਨਹੀਂ ਨਿਕਲਦੇ।

ਗੁਰਮਤਿ ਫ਼ਲਸਫ਼ੇ ਦੀ ਵਿਲੱਖਣਤਾ ਇਹੋ ਹੈ ਕਿ ਉਹ ਮਨੁਖ ਨੂੰ ਮਾਤ ਲੋਕ ਦੀ ਕੈਦ ਤੋਂ ਕੱਡ ਕੇ 'ਸਚਖੰਤਿ ਵਸੈ ਨਿਰੰਕਾਰੁ' ਦੀ ਸੇਧ ਦਿੰਦੀ ਹੈ, ਜਿਥੇ ਕੇਵਲ ਪ੍ਰਭੂ-ਚਰਨਾਂ ਦੀ ਪ੍ਰੀਤ ਹੀ ਮਨੁਖੀ ਆਤਮਾ ਦਾ ਸਰਬੋਤਮ ਸਹਾਰਾ ਬਣੀ ਰਹਿੰਦੀ ਹੈ। ਗੁਰਵਾਕ ਹੈ-

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥
(ਦੇਵਗੰਧਾਰੀ ਮ: ੫, ਪੰਨਾ ੫੩੪)

ਗੁਰਮਤਿ ਫ਼ਲਸਫ਼ੇ ਦਾ ਧੁਰਾ ਲੋਕਗਤ (ਮਾਤ ਲੋਕ) ਨਹੀਂ। ਇਸ ਦਾ ਧੁਰਾ ਕਰਤਾ ਪੁਰਖ ਨੁੰ ਹੀ ਮੰਨਿਆ ਹੈ। ਦਸਮੇਸ਼ ਜੀ ਦਾ ਫ਼ੁਰਮਾਨ ਹੈ-

ਕੇਵਲ ਕਾਲ ਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ॥ (ਤਿਲੰਗ ਕਾਫੀ ਪਾ: ੧੦)

ਬਚਿਤ੍ਰ ਨਾਟਕ ਦੇ ਆਰੰਭ ਵਿਚ ਦਸਮੇਸ਼ ਸਤਿਗੁਰ ਜੀ ਨੇ ਭਾਰਤੀ ਧਰਮ-ਚਿੰਤਨ ਦੀ ਸੰਖੇਪ ਜਹੀ ਸਮੀਖਿਆ ਕੀਤੀ ਹੈ-
ਬ੍ਰਹਮਾ ਚਾਰ ਹੀ ਬੇਦ ਬਨਾਏ॥ ਸਰਬ ਲੋਕ ਤਿਹ ਕਰਮ ਚਲਾਏ॥
ਜਿਨ ਕੀ ਲਿਵ ਹਰਿ ਚਰਨਨ ਲਾਗੀ॥ ਤੇ ਬੇਦਨ ਤੇ ਭਏ ਤਿਆਗੀ॥੧੯॥
ਜਿਨ ਮਤ ਬੇਦ ਕਤੇਬਨ ਤਿਆਗੀ॥ ਪਾਰਬ੍ਰਹਮ ਕੇ ਭਏ ਅਨੁਰਾਗੀ॥੨੦॥
ਬਚਿਤ੍ਰ ਨਾਟਕ, ਧਿਆ: ੬

ਗੁਰਮਤਿ ਫ਼ਿਲਾਸਫ਼ੀ ਦਾ ਧੁਰਾ 'ਹੁਕਮ' ਉਘੜਦਾ ਹੈ। ਜਪੁਜੀ ਸਾਹਿਬ ਦੇ ਆਰੰਭ ਵਿਚ ਹੀ ਹੁਕਮ ਦੀ ਜੋ ਵਿਆਖਿਆ ਕੀਤੀ ਗਈ ਹੈ, ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਹੁਕਮ ਨੂੰ ਕਿਤਨੀ ਮਹੱਤਤਾ ਦਿੱਤੀ ਹੈ-

ਹੁਕਮੇ ਅੰਦਰਿ ਸਭ ਕੋ ਬਹਰਿ ਹੁਕਮੁ ਨ ਕੋਇ॥ (ਜਪੁਜੀ ਸਾਹਿਬ, ਪੰਨਾ ੧)

ਪੁਨਾ- ਪਾਤਾਲ ਪੁਰੀਆ ਲੋਅ ਅਕਾਰਾ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ॥
ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ॥੫॥
ਹੁਕਮੇ ਬੂਝੈ ਸੁ ਹੁਕਮੁ ਸਲਾਹੇ॥ ਅਗਮ ਅਗੋਚਰ ਵੇਪਰਵਾਹੇ॥
ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ॥
ਮਾਰੂ ਮ: ੩, ਪੰਨਾ ੧੦੬੦-੬੧

ਭਾਰਤੀ ਤਥਾ ਸਾਮੀ ਧਰਮ-ਚੇਤਨਾ ਦੇ ਸੰਦਰਭ ਵਿਚ ਗੁਰਮਤਿ ਧਰਮ-ਚਿੰਤਨ ਦੀ ਵਿਲੱਖਣਤਾ ਸਮਝਣ ਲਈ, ਸਾਨੂੰ ਭਾਰਤੀ ਧਰਮ ਚਿੰਤਨ ਦੇ ਪੜਾਵਾਂ ਦਾ ਸਰਵੇਖਣ ਕਰਨਾ ਪਏਗਾ। ਨਿਰੋਲ ਭਾਰਤੀ ਆਸਤਕ ਵਿਚਾਰਧਾਰਾਂ ਨੂੰ ਦੋ ਵਖ ਵਖ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਨਾਸਤਕ ਵਿਚਾਰ-ਧਾਰਾ ਦਾ ਪ੍ਰਭੂ ਨਾਲ ਦੂਰ ਦਾ ਭੀ ਕੋਈ ਸੰਬੰਧ ਨਹੀਂ ਹੁੰਦਾ। ਆਸਤਕ ਵਿਚਾਰਧਾਰਾ ਦਾ ਇਕ ਵਰਗ ਇਹ ਮੰਨਦਾ ਹੈ ਕਿ ਅੰਤਮ ਸਤਿ ਇਕ ਹੈ, ਪਰ ਦੂਜੇ ਵਰਗ ਦਾ ਨਿਸਚਾ ਹੈ ਕਿ ਅੰਤਮ ਸਤਿ ਇਕ ਨਹੀਂ, ਦੋ ਹਨ। ਜ਼ਿਮਰ ਨੇ ਆਪਣੀ ਪੁਸ਼ਤਕ 'ਫ਼ਲਾਸਫ਼ੀਜ਼ ਆਫ ਇੰਡੀਆਂ' ਵਿਚ ਇਸ ਪ੍ਰਕਾਰ ਦੇ ਵਰਗੀਕਰਣ ਅਧੀਨ, ਜੈਨ ਮੱਤ, ਸਾਂਖ ਮਤ, ਤੇ ਯੋਗ ਮਤ ਨੂੰ ਦੂਜੇ ਕਿਸਮ ਦੇ ਵਰਗ ਵਿਚ ਸ਼ਾਮਲ ਕੀਤਾ ਹੈ। ਇਹਨਾਂ ਅਨੁਸਾਰ ਅੰਤਮ ਸਤਿ ਦੇ ਦੋ ਤਤ ਹੁੰਦੇ ਹਨ, ਇਕ ਆਤਮਕ ਤੇ ਦੂਜਾ ਪ੍ਰਕਿਰਤੀ ਜਾਂ ਲੇਸ਼ ਦੀ ਜਕੜ ਵਿਚ ਫਸ ਕੇ ਇਸ ਸੰਸਾਰ ਵਿਖੇ ਦੁਖ ਸੁਖ ਭੋਗਦੇ ਹਨ। ਜੈਨੀ ਜੀਵ ਅਤੇ ਅਜੀਵ ਦੋ ਤੱਤ ਮੰਨਦੇ ਹਨ। ਜੀਵ ਨੇ ਅਜੀਵ ਦੀ ਲੇਸ ਤੋਂ ਨਿਕਲਣਾ ਹੈ ਤੇ ਕੈਲਵਯੰ ਪ੍ਰਾਪਤ ਕਰਨਾ ਹੈ। ਇਉਂ, ਇਸ ਵਿਚਾਰਧਾਰਾ ਅਨੁਸਾਰ ਮਨੁਖੀ ਜੀਵਨ ਦਾ ਮਨੋਰਥ ਕੇਵਲ ਇਸ ਮਾਇਆ ਜਾ ਪ੍ਰਕਿਰਤੀ ਦੀ ਜਕੜ ਵਿਚੋਂ ਨਿਕਲਣਾ ਹੈ।

ਇਹੋ ਹਾਲ ਯੋਗੀਆਂ ਦਾ ਸੀ। ਉਹ ਭੀ ਸੰਨਿਆਸ ਤੇ ਜ਼ੋਰ ਦਿੰਦੇ ਹਨ। ਉਹਨਾਂ ਦੇ ਵਿਚਾਰ ਵਿਚ ਮਨ ਨੂੰ ਫੁਰਨਿਆਂ ਤੋਂ ਸੁੰਨ ਕਰਨ ਲਈ ਸਮਾਧੀ ਲਾਉਣਾ ਇਕ ਜ਼ਰੂਰੀ ਕਰਮ ਹੈ। ਜੋਗੀਆਂ ਦਾ ਵਿਚਾਰ ਹੈ ਕਿ ਮਨ ਦੇ ਫੁਰਨੇ ਹੀ ਪੁਰਸ਼ ਨੂੰ ਪ੍ਰਕਿਰਤੀ ਵਿਚ ਖਚਿਤ ਕਰੀ ਰਖਦੇ ਹਨ। ਇਸ ਲਈ ਮਨ ਦੇ ਫੁਰਨਿਆਂ ਨੂੰ ਹੀ ਖ਼ਤਮ ਕਰਨਾ ਉਹਨਾਂ ਦਾ ਲਕਸ਼ ਬਣ ਗਿਆ। ਕਈ ਪ੍ਰਕਾਰ ਦੇ ਜੋਗ-ਆਸਣਾਂ, ਪ੍ਰਾਣਾਯਾਮ ਦੁਆਰਾ, ਉਹ ਦਸਮ ਦੁਆਰ ਤਕ ਅਪੜਨ ਲਈ ਕਠਨ ਸਾਧਨਾਂ ਵਿਚ ਉਲਝ ਗਏ। ਉਹਨਾਂ ਦਾ ਖ਼ਿਆਲ ਸੀ ਕਿ ਉਥੋਂ ਹੀ ਲੰਬਾ ਸਮਾਂ ਟਿਕਣ ਨਾਲ ਸ਼ਾਇਦ ਮਨ ਮਰ ਜਾਏਗਾ, ਪਰ ਜਦੋਂ ਸਮਾਧੀ ਤੋਂ ਹੇਠਾਂ ਉਤਰ ਕੇ ਜੋਗੀ ਸੰਸਾਰ ਵਿਚ ਆਪਣੀ ਕੀਤੀ ਕਮਾਈ ਦੀ ਪਰਖ (test) ਕਰਨ ਲਈ ਆਇਆ ਤਾਂ, ਪਤਾ ਲਗਾ ਕਿ ਜਿਨ੍ਹਾਂ ਪ੍ਰਕਿਰਤਕ ਵਿਰੋਧੀਆਂ (ਕਾਮ ਕ੍ਰੋਧ ਆਦਿਕ ਪੰਜਾਂ ਦੀ ਫ਼ੋਜ਼) ਨਾਲ ਉਸ ਨੇ ਟਾਕਰਾ ਕਰਨਾ ਹੈ, ਉਹ ਉਸ ਨਾਲੋਂ ਜਿਆਦਾ ਬਲਵਾਨ ਹਨ। ਜੋਗੀ ਹਾਰ ਗਿਆ, ਫਿਰ ਪਹਾੜਾਂ ਤੇ ਜਾ ਚੜ੍ਹਿਆ, ਪ੍ਰਕਿਰਤੀ ਤੋਂ ਡਰ ਕੇ ਛੁਪ ਬੈਠਾ। ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਸਿਧਾਂ

ਨੂੰ ਚੋਰਾਂ ਵਾਂਗ ਸਹਿਮੇ ਹੋਏ ਵੇਖਿਆ ਤਾਂ ਹੱਸ ਬੋਲੇ:-

ਨਾਨਕ ਆਖੇ ਭੰਗਰਨਾਥ! ਤੇਰੀ ਮਾਉ ਕੁਚਜੀ ਆਈ॥
ਭਾਂਡਾ ਧੋਇ ਨ ਜਾਤਿਓਨਿ, ਭਾਇ ਕੁਚਜੇ ਫੁਲ ਸੜਾਈ॥
ਹੋਇ ਅਤੀਤ ਗ੍ਰਿਹਸਤਿ ਤਜਿ, ਫਿਰਿ ਉਨ ਹੂ ਕੇ ਘਰਿ ਮੰਗਣਜਾਈ॥
ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੦

ਫਿਰ:- ਬਾਬਾ ਬੋਲੇ ਨਾਥ ਜੀ, ਅਸਾਂ ਵੇਖੇ, ਜੋਗੀ ਵਸਤੁ ਨ ਕਾਈ॥
ਗੁਰੁ, ਸੰਗਤਿ, ਬਾਣੀ ਬਿਨਾ, ਦੂਜੀ ਓਟ ਨਹੀ ਹਹਿ ਰਾਈ॥
ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੨

ਸਤਿਗੁਰ ਜੀ ਨੇ ਸਿਧਾਂ ਨਾਲ ਸਿਧ ਗੋਸਟ ਕਰਦਿਆਂ ਸਪਸ਼ਟ ਕੀਤਾ ਕਿ ਇੰਜ ਸੰਸਾਰ ਤੋਂ ਨੱਸਿਆਂ ਮਨ ਬਲਵਾਨ ਨਹੀਂ ਹੁੰਦਾ। ਪ੍ਰਭੂ ਦੇ ਨਾਮ ਨਾਲ ਜੁੜ ਕੇ ਇਸ ਮਨ ਦੇ ਫੁਰਨੇ ਅਤੇ ਵਿਕਾਰ ਆਪਣੇ ਆਪ ਮਰ ਜਾਂਦੇ ਹਨ।

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੈ॥੫॥
ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੩੮

ਜੋਗ ਮੱਤ ਦੇ ਸਾਧਨਾ ਪੱਖ ਵਿਚ ਜਿਥੇ ਯੋਗ-ਆਸਣਾਂ ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਧਿਆਨ ਤੇ ਸਮਾਧੀ ਨੂੰ ਮਹੱਤਵਪੂਰਨ ਮੰਨਿਆ ਹੈ। ਸਮਾਧੀ ਇਕ ਤਕਨੀਕ ਹੈ, ਜਿਸ ਰਾਹੀਂ ਜੋਗੀ ਮਨ ਨੂੰ ਇਕਾਗਰ ਕਰਦਾ ਹੈ ਤੇ ਤ੍ਰਿਕੁਠੀ ਤੇ ਧਿਆਨ ਕੇਂਦਰਿਤ ਕਰਨ ਦਾ ਜਤਨ ਕਰਦਾ ਹੈ। ਉਸਦਾ ਨਿਸ਼ਾਨਾ ਗਿਆਨ ਪ੍ਰਾਪਤੀ ਹੈ। ਜੋਗ ਮੱਤ ਵਿਚ ਪਰਮਾਤਮਾ ਦਾ ਉਹ ਸੰਕਲਪ ਨਹੀਂ ਹੈ ਜੋ ਗੁਰਮਤਿ ਵਿਚ ਹੈ। ਇਥੇ ਈਸ਼ਵਰ ਨੂੰ ਪੁਰਸ਼ ਨਾਲੋਂ ਕੁਝ ਉਤਮ ਪੁਰਸ਼ ਮੰਨਿਆ ਗਿਆ ਹੈ, ਜੋ ਘਟੋ ਘਟ ਸੰਸਾਰ ਦਾ ਕਰਤਾ ਨਹੀਂ ਅਤੇ ਨਾ ਹੀ ਸਰਬ ਸ਼ਕਤੀਮਾਨ ਹੈ। ਹਾਂ, ਉਹ ਉਤਮ ਪੁਰਖ, ਪੁਰਸ਼ ਨੂੰ ਪ੍ਰਕਿਰਤੀ ਦੇ ਜਾਲ ਵਿਚੋਂ ਕਢਣ ਵਿਚ ਕੁਝ ਸਹਾਈ ਹੋ ਸਕਦਾ ਹੈ। ਪਰ ਜੋਗੀ ਆਮ ਤੌਰ ਤੇ ਇਸ ਈਸ਼ਵਰ ਦੀ ਸਹਾਇਤਾ ਜਾਂ ਕਿਰਪਾ, ਪ੍ਰਸਾਦੁ ਨਹੀਂ ਮੰਗਦੇ। ਉਹ ਕੇਵਲ ਪੁਰਸ਼ ਦੇ ਆਪਣੇ ਹੀ ਉਦਮ ਅਤੇ ਕਠਨ ਤਪੱਸਿਆ ਤੇ ਬਲ ਦਿੰਦੇ ਹਨ। ਪੁਰਸ਼ ਪ੍ਰਕਿਰਤੀ ਤੋਂ ਆਜ਼ਾਦ ਹੋ ਕੇ ਭੀ ਇਕੱਲਾ ਹੀ ਰਹਿੰਦਾ ਹੈ ਤੇ ਉਹ ਆਜ਼ਾਦ ਹੋ ਕੇ ਜਾਵੇ ਭੀ ਕਿਥੇ? ਸਤਿ ਵਿਚ ਸਮਾਉਣ ਲਈ ਗੁਰ ਪ੍ਰਸਾਦ ਦੀ ਗੱਲ ਤਾਂ ਸਤਿਗੁਰੂ ਨਾਨਕ ਜੀ ਨੇ ਹੀ ਦ੍ਰਿੜਾਈ ਹੈ।

ਗੁਰ ਪਰਸਾਦਿ ਏਕੋ ਜਾਣਾ॥ ਦੂਜਾ ਮਾਰਿ ਮਨੁ ਸਚਿ ਸਮਾਣਾ॥
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ॥੮॥੧੭॥੧੮॥
ਮਾਝ ਮ: ੩, ਪੰਨਾ ੧੨੦

ਗੁਰ ਪਰਸਾਦੁ ਕਰੇ ਨਾਮੁ ਦੇਵੈ, ਨਾਮੋ ਨਾਮਿ ਸਮਾਵਣਿਆ॥੨॥੧॥੩੪॥
ਮਾਝ ਮ: ੪, ਪੰਨਾ ੧੩੦

ਗੁਰੂ ਸਾਹਿਬ ਤਾਂ ਪੜਾਅ ਤੇ ਗੁਰਪ੍ਰਸਾਦਿ ਦਾ ਆਸਰਾ ਲੈਣ ਦੀ ਤਾਕੀਦ ਕਰਦੇ ਹਨ, ਮਤਾਂ ਕਿਤੇ ਮਨੁਖ ਨੂੰ ਆਪਣੀ ਕੀਤੀ ਘਾਲ ਕਮਾਈ ਦਾ ਹੰਕਾਰ ਹੋ ਜਾਏ। ਕਿਉਂਕਿ-

ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥
ਅਹੰਕਾਰਿ ਮੁਏ ਸੋ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ॥੯॥
(ਮਾਰੂ ਵਾਰ ਮ: ੩, ਪੰਨਾ ੧੦੮੯

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ, ਗੁਰਮੁਖਿ ਨਿਮਾਣਾ ਹੋਹੁ॥......
ਆਪਣੈ ਅਹੰਕਾਰਿ ਜਗਤੁ ਜਲਿਆ, ਮਤ ਤੂ ਆਪਣਾ ਆਪੁ ਗਵਾਵਹੇ॥
ਸਤਿਗੁਰ ਕੈ ਭਾਣੈ ਕਰਹਿ ਕਾਰ, ਸਤਿਗੁਰ ਕੈ ਭਾਣੈ ਲਾਗਿ ਰਹੁ॥
ਇਉ ਕਹੈ ਨਾਨਕ ਆਪ ਛਡਿ ਸੁਖ ਪਾਵਹਿ, ਮਨ ਨਿਮਾਣਾ ਹੋਇ ਰਹੁ॥੭॥
ਆਸਾ ਮ: ੩ ਛੰਤ ਘਰੁ ੩, ਪੰਨਾ ੪੪੧

ਗੁਰਮਤਿ 'ਧਿਆਨ' ਦੀ ਸਿਫ਼ਾਰਸ਼ ਨਹੀਂ ਕਰਦੀ, ਬਲਕਿ ਹਰ ਦਮ ਉਸ ਮਾਲਕ ਦੀ ਯਾਦ ਨੂੰ ਸ੍ਰੇਸ਼ਟ ਸਾਧਨ ਮੰਨਦੀ ਹੈ।
ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ॥੮॥
ਤਵ ਪ੍ਰਸਾਦਿ ਸਵਯੇ, ਪਾ: ੧੦

ਗੁਰੂ ਸਾਹਿਬਾਨ ਨੇ ਜਨ ਸਧਾਰਨ ਨੂੰ ਉਠਦਿਆਂ ਬਹਿੰਦਿਆਂ ਹਰ ਵੇਲੇ ਉਸ ਪ੍ਰਭੂ ਨੂੰ ਪ੍ਰੇਮ ਸਹਿਤ ਯਾਦ ਕਰਨ ਦਾ ਆਦੇਸ਼ ਦਿਤਾ ਹੈ:-
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ॥......

ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ॥੧॥
ਬਿਲਾਵਲੁ ਮ: ੫, ਪੰਨਾ ੮੨੦

ਸਤਿਗੁਰੂ ਸਾਹਿਬਾਨ ਨੇ ਸਿਮਰਨ ਵਿਧੀ ਤੇ ਹੀ ਜ਼ੋਰ ਦਿਤਾ ਹੈ, ਕਿਉਂਕਿ ਧਿਆਨ ਕੇਵਲ ਉਹੀ ਲਗਾ ਸਕਦਾ ਹੈ, ਜਿਸ ਨੇ ਸੰਸਾਰ ਦੇ ਕਾਰ ਵਿਹਾਰ ਛਡ-ਛਡਾ ਕੇ ਕੇਵਲ ਧਿਆਨ-ਸਮਾਧੀ ਨੂੰ ਹੀ ਆਪਣਾ ਜੀਵਨ ਮਨੋਰਥ ਬਣਾਇਆ ਹੋਵੇ। ਪਰ ਗੁਰਮਤਿ ਦੇ ਘਰ-ਬਾਰੀ, ਅਤੇ ਕਿਰਤ-ਵਿਰਤੀ ਜਨ ਸਾਧਾਰਨ ਨੂੰ, ਆਪਣੇ ਜੀਵਨ-ਨਿਰਬਾਹ ਲਈ ਸੁਕਿਰਤ ਕਰਨ ਲਈ ਉਦਮ ਕਰਨਾ ਪੈਂਦਾ ਹੈ। ਕਿਰਤ ਦੇ ਨਾਲ ਨਾਲ ਗੁਰ ਉਪਦੇਸ਼ ਹੈ-

ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ ਗਾਈਐ॥੧॥......
ਕਾਰਜਿ ਕਾਮਿ ਘਾਟ ਜਪੀਐ॥ ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ॥੨॥੬੧॥
ਆਸਾ ਮ: ੫, ਪੰਨਾ ੩੮੬

ਜੋ ਦਮੁ ਚਿਤਿ ਨ ਆਵਈ, ਸੋ ਦਮੁ ਬਿਰਥਾ ਜਾਇ॥......
ਨਾਨਕ ਕੰਮਿ ਨ ਆਵਈ, ਜਿਤੁ ਤਨਿ ਨਾਹੀ ਸਚਾ ਨਾਉ॥੪॥੫॥੭॥
(ਸੂਹੀ ਮ: ੧, ਪੰਨਾ ੭੩੦

ਇਉਂ ਪ੍ਰਕ੍ਰਿਤੀ (ਮਾਇਆ) ਵਿਚ ਵਿਚਚਦਿਆਂ ਭੀ ਜੀਵ ਜੇ ਪ੍ਰਭੂ ਨੂੰ ਚੇਤੇ ਕਰਦਾ ਰਹੇ ਤਾਂ ਇਸ ਵਿਚ ਖਚਿਤ ਨਹੀਂ ਹੁੰਦਾ। ਸਿਮਰਨ ਨਾਲ ਹੌਲੀ ਹੌਲੀ ਮਨ ਅੰਦਰ ਪ੍ਰੇਮ ਤੇ ਵੈਰਾਗ ਪੈਦਾ ਹੁੰਦੇ ਹਨ; ਪਰ ਹੁੰਦੇ ਹਨ ਗੁਰੂ ਪਾਤਸ਼ਾਹ ਦੀ ਮਿਹਰ ਨਾਲ। ਗੁਰਮਤਿ 'ਗੁਰਪ੍ਰਸਾਦਿ' ਰਾਹੀਂ ਜਗਿਆਸੂ ਨੂੰ ਅਗੇ ਵਧਣ ਦੀ ਸੇਧ ਬਖਸ਼ਦੀ ਹੈ। ਉਪਰ ਜਿਨ੍ਹਾਂ ਮੱਤਾਂ ਦੀ (ਜੈਨ, ਸਾਂਖ ਮੱਤ ਤੇ ਜੋਗ ਮੱਤ) ਚਰਚਾ ਹੋ ਰਹੀ ਹੈ, ਇਹ ਤਿੰਨੇ ਦੈਵ-ਤੱਤੀ ਮਤ ਹਨ ਤੇ ਇਹਨਾਂ ਅਨੁਸਾਰ ਗੁਰਪ੍ਰਸਾਦਿ ਦੀ ਜਗਿਆਸੂ ਨੂੰ ਕੋਈ ਲੋੜ ਨਹੀਂ। ਧਿਆਨ-ਸਮਾਧੀ ਰਾਹੀ ਇਹ ਪ੍ਰਵਿਰਤੀ ਦੀ ਜਕੜ ਨੂੰ ਢਿੱਲੀ ਕਰ ਕੇ, ਪੁਰਸ਼ ਨੂੰ ਆਜ਼ਾਦ ਕਰਾਉਣ ਨੂੰ ਕੇਵਲਯ ਜਾ ਨਿਰਵਾਣ ਪਦ ਦੀ ਪ੍ਰਾਪਤੀ ਮੰਨਦੇ ਹਨ। ਨਿਰਵਾਣ ਪ੍ਰਾਪਤ ਹੋਏ ਨੂੰ ਜੀਵਨ-ਮੁਕਤ ਦੀ ਪਦਵੀਂ ਨਾਲ ਸਨਮਾਨਿਆ ਜਾਂਦਾ ਹੈ। ਪਰ ਅਜਿਹਾ ਜੀਵਨ ਮੁਕਤ ਸੰਸਾਰ ਤੋਂ ਵਿਰੱਕਤ ਰਹਿੰਦਾ ਹੈ। ਉਹ ਸੰਸਾਰ ਲਈ ਜੀਂਵਦਿਆਂ ਹੀ ਮਰ ਚੁੱਕਾ ਹੁੰਦਾ ਹੈ। ਉਹ ਕੇਵਲ ਆਪਣੇ ਨਿੱਜ ਲਈ ਜੀਵਿਆ ਤੇ ਜੀਵਨ ਮੁਕਤ ਹੁੰਦਾ ਹੈ। ਪਰ ਗੁਰਮਤਿ ਅਨੁਸਾਰ ਜੀਵਨ-ਮੁਕਤ ਉਹ ਹੈ, ਜੋ-
ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥੮॥੨੩॥
(ਗਉੜੀ ਸੁਖਮਨੀ ਮ: ੫, ਪੰਨਾ ੨੯੫)

ਜੈਨੀਆਂ ਤੇ ਜੋਗੀਆਂ ਦੇ ਜੀਵਨ-ਮੁਕਤ ਦੀ ਮੁਕਤੀ ਕੇਵਲ ਵਰਤਮਾਨ ਜਨਮ ਵਿਚ ਸੰਸਾਰਕ ਕੰਮ ਕਾਜ, ਅਤੇ ਦੁਖ-ਸੁਖ, ਜੋ ਇਹਨਾਂ ਕਾਰਜਾਂ ਕਰਕੇ ਹੁੰਦੇ ਹਨ, ਤਕ ਸੀਮਿਤ ਹੁੰਦੀ ਹੈ। ਉਹਨਾਂ ਦਾ ਜਨਮ-ਮਰਨ ਦਾ ਗੇੜ ਕਦੋਂ ਮੁਕਦਾ ਹੈ, ਇਹ ਤਾਂ ਨਿਰੰਕਾਰ ਹੀ ਜਾਣੇ, ਪਰ ਉਹਨਾਂ ਦਾ ਵਿਸ਼ਵਾਸ ਹੈ ਕਿ ਇਕ ਵਾਰੀ ਪੁਰਸ਼ ਨੂੰ ਗਿਆਨ-ਚਾਨਣਾ ਹੋ ਜਾਏ ਤਾਂ ਫਿਰ ਉਹ ਮਾਇਆ ਦੇ ਜਾਲ ਵਿਚ ਨਹੀਂ ਫਸਦਾ। ਇਹ ਸਭ ਬੋਧਿਕ ਪੱਧਰ ਤਕ ਠੀਕ ਹੈ।

ਜੋਗੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਸਮੇਂ ਤਕ ਜੋ ਧਰਮ-ਚਿੰਤਨ ਸਮਾਜ ਨੂੰ ਦਿਤਾ, ਉਸ ਵਿਚ ਇਸਤ੍ਰੀ ਨੂੰ ਪ੍ਰਕਿਤਰੀ ਦਾ ਜਾਂ ਮਾਇਆ ਦਾ ਮਹਾਂ-ਜਾਲ ਮੰਨਿਆ। ਇਸ ਤੋਂ ਡਰਦੇ ਮਾਰੇ ਉਹਨਾਂ ਨੇ ਸਭ ਨੂੰ (ਇਸਤ੍ਰੀ) ਗ੍ਰੀਹਸਥ ਦਾ ਤਿਆਗ ਕਰਨ ਦਾ ਉਪਦੇਸ਼ ਦਿਤਾ। ਇਸਤ੍ਰੀ ਨੂੰ ਮਨੁਖ ਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਆਖਿਆ। ਸੰਸਾਰ ਵਿਚ ਰਿਹ ਕੇ ਗ੍ਰਹਿਸਥੀ ਨ ਬਣ ਕੈ ਭੀ ਇਸ ਤੋਂ ਜੋਗੀਆਂ ਨੂੰ ਖ਼ਤਰਾ ਹੀ ਖ਼ਤਰਾ ਭਾਸਦਾ ਸੀ, ਜਿਸ ਕਰਕੇ ਉਹ ਦੂਰ ਪਹਾੜਾਂ ਦੀਆਂ ਗੁਫਾਵਾਂ ਵਿਚ ਜਾ ਛੁਪੇ।

ਸ੍ਰੀ ਗੁਰਦੇਵ ਜੀ ਨੇ ਉਹਨਾਂ ਦੀ ਇਸ ਹਰਕਤ ਨੂੰ ਕੋਝਾ ਵੀ ਕਿਹਾ। ਭਾਈ ਗੁਰਦਾਸ ਜੀ ਨੇ ਬੜੇ ਵਿਅੰਗਮਈ ਢੰਗ ਨਾਲ ਇਸ ਨੂੰ ਇਉਂ ਲਿਖਿਆ ਹੈ:-

ਨਾਨਕ ਆਖੇ ਭੰਗਰ ਨਾਥ! ਤੇਰੀ ਮਾਉ ਕੁਚਜੀ ਆਈ ? ੪੦॥ (੧) ਜਿਸ ਨੇ ਤੇਰੇ ਵਰਗੇ ਜੋਗੀ ਪੁਤਰ ਨੂੰ ਜਨਮ ਦਿਤਾ? ਪਰ ਗੁਰਦੇਵ ਜੀ ਨੇ ਇਸਤ੍ਰੀ ਨੂੰ ਪੁਰਖ ਦੇ ਬਰਾਬਰ ਜਗਿਆਸਾ ਵਿਚ ਸ਼ਾਮਲ ਹੋਣ ਦਾ ਨਾ-ਕੇਵਲ ਅਧਿਕਾਰੀ ਮੰਨਿਆ ਹੈ, ਸਗੋਂ ਉਸ ਨੂੰ ਹਰ ਪ੍ਰਕਾਰ ਨਾਲ ਧਾਰਮਕ ਖੇਤਰ ਵਿਚ ਵਿਚਰਨ ਦੀ ਖੁਲ੍ਹ ਦਿਤੀ ਹੈ। ਇਸਤ੍ਰੀ ਭੀ ਗੁਰਮੁਖ ਸਮਾਜ ਦਾ ਉਤਨਾ ਹੀ ਜ਼ਰੂਰੀ ਅੰਗ ਹੈ ਜਿਤਨਾ ਕਿ ਪੁਰਸ਼। ਇਸਤ੍ਰੀ ਨੂੰ ਦੁਰ ਦੁਰ ਕਰਨਾ ਗੁਰਮਤਿ ਨਹੀਂ ਸਿਖਾਂਦੀ। ਇਸ ਪਖੋਂ ਗੁਰਮਤਿ ਆਧੁਨਿਕ ਸਰਬ-ਕਲਿਆਣੀ ਸਮਾਜਕ ਵਿਚਾਰਧਾਰਾ ਤੋਂ ਲਗ ਪਗ ੫੦੦ ਵਰ੍ਹੇ ਅਗੇਤਰੀ ਹੈ।

ਸਾਂਖ-ਸ਼ਾਸਤਰ ਕੇਵਲ ਪੁਰਸ਼ ਅਤੇ ਪ੍ਰਕਿਰਤੀ ਮੰਨਦਾ ਹੈ, ਪਰ ਜੋਗ ਸ਼ਾਸਤਰ, ਪੁਰਸ਼ ਪ੍ਰਕਿਰਤੀ ਤੋਂ ਬਿਨਾਂ ਉਤਮ ਪੁਰਖ ਰੂਪ ਵਿਚ ਈਸ਼ਵਰ ਨੁੰ ਭੀ ਸਾਖੀ (ਗਵਾਹ) ਮੰਨਦਾ ਹੈ। ਅਜ ਕਲ੍ਹ ਭਾਰਤ ਵਿਚ ਇਹੋ ਜਿਹੇ ੮੪ ਦੇ ਕਰੀਬ ਭਗਵਾਨ ਮੌਜੂਦ ਹਨ। ਗੁਰਮਤਿ ਨੇ ਕੇਵਲ ਇਕੋ ਅਕਾਲ ਨੂੰ ਹੀ ਪੁਰਖ ਮੰਨਿਆ ਹੈ-

ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ॥
ਸਭ ਘਟ ਭੋਗਵੈ ਅਲਿਪਤੁ ਰਹੈ, ਅਲਖੁ ਨ ਲਖਣਾ ਜਾਈ॥੨॥੧੫॥
(ਮ: ੩, ਵਡਹੰਸ ਕੀ ਵਾਰ, ਪੰਨਾ ੫੯੧-੯੨

ਗੁਰਮਤਿ ਨੇ ਪੁਰਖ ਪ੍ਰਕਿਰਤੀ ਦਾ ਝਗੜਾ ਮੰਨਿਆ ਹੀ ਨਹੀਂ। ਪ੍ਰਕਿਰਤੀ ਜਾਂ ਮਾਇਆ ਉਸ ਕਰਤੇ ਪੁਰਖ ਦੀ ਪੈਦਾ ਕੀਤੀ ਹੋਈ ਹੈ ਅਤੇ ਉਸਦੇ ਹੁਕਮ ਅੰਦਰ ਚਲ ਰਹੀ ਹੈ।

ਆਵਨੁ ਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੀਨੀ ਮਾਇਆ॥੬॥੨੩॥
(ਗਉੜੀ ਸੁਖਮਨੀ ਮ: ੫, ਪੰਨਾ ੨੯੪)

ਗੁਰਮਤਿ ਦਾ ਧੁਰਾ ਹੀ ਹੁਕਮ ਹੈ। ਕਰਤੇ ਪੁਰਖ ਦੀ ਰਜ਼ਾ ਵਿਚ ਤੇ ਉਸ ਦੀ ਯਾਦ ਵਿਚ ਜੀਵਨ ਬਤੀਤ ਕਰਨਾ ਗੁਰਮਤਿ ਦਾ ਸਹਿਜ ਯੋਗ ਸਾਧਨ ਮੰਨਿਆ ਜਾਂਦਾ ਹੈ।

ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥੭॥੯॥
(ਗਉੜੀ ਸੁਖਮਨੀ ਮ: ੫, ਪੰਨਾ ੨੭੫)

ਪ੍ਰਕ੍ਰਿਤੀ ਜਾਂ ਮਾਇਆ ਉਸ ਕਰਤੇ ਪੁਰਖ ਦੀ ਕੀਤੀ ਹੋਈ ਹੈ। ਇਸ ਲਈ ਗੁਰਮਤਿ ਦੇ ਜਗਿਆਸੂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਅਤੇ ਨਾ ਹੀ ਇਸ ਤੋਂ ਆਜ਼ਾਦ ਹੋਣ ਲਈ ਲੰਬੀਆਂ ਧਿਆਨ-ਸਮਾਧੀਆਂ ਦੀ ਜ਼ਰੂਰਤ-

ਕਹੈ ਨਾਨਕੁ, ਗੁਰਪਰਸਾਦੀ ਜਿਨਾ ਲਿਵਲਾਗੀ, ਤਿਨੀ ਵਿਚੇ ਮਾਇਆ ਪਾਇਆ॥੨੯॥
ਰਾਮਕਲੀ ਮ: ੩ ਅਨੰਦੁ, ਪੰਨਾ ੯੨੧

ਉਪਰ ਦਸ ਆਏ ਹਾਂ ਕਿ ਜੈਨ ਮੱਤ, ਸਾਂਖ ਅਤੇ ਯੋਗ ਮੱਤ ਦੇ ਸਾਹਮਣੇ ਦੋ ਤੱਤ ਹਨ : ਜੀਵ ਤੇ ਜੜ, ਜਾਂ ਪੁਰਸ਼ ਤੇ ਪ੍ਰਕਿਰਤੀ। ਇਹਨਾਂ ਤਿੰਨਾਂ ਮਤਾਂ ਦਾ ਨਿਸ਼ਾਨਾ ਨਿਰੰਕਾਰ ਦੀ ਪ੍ਰਾਪਤੀ ਨਹੀਂ ਹੈ।

ਹੁਣ ਵੇਦ ਅਤੇ ਵੇਦਾਂ ਤੋਂ ਪ੍ਰਭਾਵਿਤ ਹੋਏ ਮਤਾਂ ਦੀ ਸੰਖੇਪ ਵਿਚਾਰ ਕਰਕੇ ਇਹ ਵੇਖਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਥੋਂ ਤਕ ਇਸ ਵਿਚਾਰਧਾਰਾ ਨੂੰ ਪ੍ਰਵਾਨ ਕੀਤਾ? ਕੁਝ ਅੰਗਰੇਜ਼ ਵਿਦਵਾਨਾਂ ਨੇ ਗ਼ੁਲਾਮ ਭਾਰਤੀਆਂ ਨੂੰ ਸੁਝਾਇਆਂ ਜਾਪਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਗੱਲ ਆਪਣੇ ਕੋਲੋਂ ਨਹੀਂ ਆਖੀ। ਉਹ ਇਕ ਸਮਾਜ-ਸੁਧਾਰਕ ਸਨ। ਉਹਨਾਂ ਦੇ ਉਪਦੇਸ਼ਾਂ ਦਾ ਮਨੋਰਥ ਹਿੰਦੂ-ਮੁਸਲਿਮ ਏਕਤਾ ਪੈਦਾ ਕਰਨਾ ਸੀ। ਇਸ ਲਈ ਉਹਨਾਂ ਨੇ ਦੋਹਾਂ ਮਤਾਂ (ਹਿੰਦੂ ਅਤੇ ਇਸਲਾਮ) ਦੀਆਂ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਇਕੱਠੀਆ ਕਰ ਲਈਆਂ। ਇਸ ਵਿਚਾਰਧਾਰਾ ਨੂੰ ਪਿਛੋਂ ਹਿੰਦੂ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਖ਼ੂਬ ਉਛਾਲਿਆ ਕਿ ਸਿਖ ਹਿੰਦੂ ਹੀ ਹਨ, ਕਿਉਂਕਿ ਇਹਨਾਂ ਦੀਆ ਬਹੁਤ ਸਾਰੀਆਂ ਗੱਲਾਂ ਹਿੰਦੂ ਫ਼ਿਲਾਸਫੀ ਨਾਲ ਮਿਲਦੀਆ ਹਨ।

ਪਰ ਗੁਰਬਾਣੀ ਅੰਦਰਲੀ ਗਵਾਹੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪਸ਼ਟ ਸ਼ਬਦਾਂ ਦੇ ਹੁੰਦਿਆਂ ਇਹ ਭੇਲੇਖਾ ਸਦਾ ਲਈ ਖ਼ਤਮ ਕਰ ਦੇਣਾ ਚਾਹੀਦਾ ਹੈ ਕਿ ਗੁਰਮਤਿ ਫ਼ਲਸਫ਼ਾ ਮੰਗ ਤੰਗ ਕੇ ਭਾਨਮਤੀ ਦੇ ਮਠ ਵਾਂਗ ਉਸਰਿਆ ਹੈ। ਗੁਰ ਫ਼ੁਰਮਾਨ ਹੈ:-

ਬੇਦ, ਕਤੇਬ, ਸੰਸਾਰ, ਹਭਾਹੂੰ ਬਾਹਰਾ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥੪॥੩॥੧੦੫॥ (ਆਸਾ ਮ: ੫, ਪੰਨਾ ੩੯੭)

ਦਾਸ ਗੁਪਤਾ ਦੀ ਪੁਸਤਕ 'ਹਿੰਦੂ ਮਿਸਟੀਸਿਜ਼ਮ' ਦੇ ਪੰਨਾ ੫ ਤੇ ਅੰਕਤ ਹੈ ਕਿ ਵੇਦਾਂ ਅੰਦਰ ਬਹੁ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਅਤੇ ਪਸ਼ੂਆਂ ਦੀ ਬਲੀ ਦੇਣ ਲਈ ਜੋ ਮੰਤਰ ਲਿਖੇ ਗਏ ਹਨ, ਉਹਨਾਂ ਤੋਂ ਇਹ ਆਖਣਾ ਕੀ ਕਠਨ ਹੋ ਜਾਂਦਾ ਹੈ ਕਿ ਅਜਿਹੇ ਪਵਿਤਰ ਮੰਤਰ ਕਿਸੇ ਧਰਮ ਜਾਂ ਮੱਤ ਦੇ ਸੂਚਕ ਹੋ ਸਕਦੇ ਹਨ। ਵੇਦ-ਮੰਤਰ ਕਿਸ ਨੇ ਬਣਾਏ, ਕੋਈ ਪਤਾ ਨਹੀਂ। ਉਹਨਾਂ ਮੰਤਰਾਂ ਵਿਚ ਤਾਂ ਤਕੜੇ ਤੋ ਕਰੜੇ ਹੁਕਮ ਹਨ, ਜਿਨ੍ਹਾਂ ਨੂੰ ਰੱਬੀ ਹੁਕਮ ਮੰਨਣਾ ਹਰ ਆਰੀਆ ਦਾ ਫਰਜ਼ ਹੈ, ਇਉਂ ਬ੍ਰਾਹਮਣ ਨੇ ਮੱੁਢ ਤੋਂ ਪ੍ਰੰਪਰਾ ਚਲਾਈ ਹੋਈ ਹੈ।

ਆਖ਼ਰ ਵੇਦ-ਮੰਤਰਾਂ ਵਿਚ ਕੀ ਹੈ? ਵੇਦ-ਮੰਤਰ ਆਮ ਕਰਕੇ ਅਨੇਕ ਦੇਵੀ ਦੇਵਤਿਆਂ ਦੀ ਉਸਤਤ ਕਰਦੇ ਹਨ। ਰਿਗ ਵੇਦ ਅਨੁਸਾਰ ਸਭ ਤੋਂ ਸ੍ਰੇਸ਼ਟ ਦੇਵਤਾ ਇੰਦਰ ਮੰਨਿਆ ਗਿਆ ਹੈ, ਜੋ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ, ਸਵਰਗ ਦਾ ਰਾਜਾ ਸੀ। ਆਰੀਆਂ ਦਾ ਵਿਚਾਰ ਸੀ ਕਿ ਇੰਦਰ ਹੀ ਪੂਜਣ ਯੋਗ ਦੇਵਤਾ ਹੈ, ਕਿਉਂਕਿ ਇਸਦੀ ਪ੍ਰਸੰਨਤਾ ਨਾਲ ਹੀ ਮੀਂਹ ਪਵੇਗਾ, ਪ੍ਰਿਥਵੀ ਤੇ ਅਨ-ਧਨ ਬਹੁਤ ਹੋਣ ਨਾਲ ਖੇਤਰ ਵਿਚ ਖੁਸ਼ਿਆਲੀ ਆਵੇਗੀ, ਤੇ ਦੂਜਾ, ਮਰਨ ਉਪਰੰਤ ਸਵਰਗ ਵਿਚ ਇਸ ਦੇਵਤੇ ਦੀ ਛਤਰ ਛਾਇਆ ਹੇਠ ਰਹਿਣਾ ਪੈਣਾ ਹੈ, ਇਸ ਲਈ ਦਰਿਆ ਵਿਚ ਰਹਿੰਦਿਆ ਮਗਰਮੱਛ ਨਾਲ ਵੈਰ ਪਾਉਣਾ ਠੀਕ ਨਹੀਂ। ਇੰਦਰ ਦੇਵਤੇ ਨੂੰ ਪ੍ਰਸੰਨ ਰੱਖਣ ਲਈ ਅਨੇਕ ਵੇਦ ਮੰਤਰ ਉਚਾਰਨ ਹੋਏ ਹਨ। ਪਰ ਇੰਦਰ ਦਾ ਵਿਲਾਸੀ ਇਤਿਹਾਸ ਆਰੀਆ ਨੇ ਹੀ ਪ੍ਰਚਲਤ ਕੀਤਾ। ਗੋਤਮ ਰਿਖੀ ਦੀ ਨਾਰ ਦੇ ਸਤਿ-ਭੰਗ ਦਾ ਦੋਖੀ ਭੀ ਇਹੋ ਹੈ। ਕੀ ਇਸ ਦੀ ਪੂਜਾ ਉਚਿਤ ਹੈ? ਇੰਜ ਵੀ ਵਰੁਨ ਦੇਵਤਾ, ਅਗਨੀ ਦੇਵਤਾ, ਜਲ ਦੇਵਤਾ ਤੇ ਬੇ-ਸ਼ੁਮਾਰ ਦੇਵੀਆਂ-ਦੇਵਤੇ ਮੰਨੇ ਗਏ, ਜਿਨ੍ਹਾਂ ਦੀ ਆਖ਼ਰੀ ਜਨਗਣਨਾ (ਪਤਾ ਨਹੀਂ ਇਹ ਕਦੋਂ ਹੋਈ ਸੀ) ਦੇ ਅੰਕੜੇ ਦਸਦੇ ਹਨ ਕਿ ਤੇਤੀ ਕਰੋੜ ਸੀ।

ਵੇਦਾਂ ਦਾ ਇਕ ਹੋਰ ਭਾਗ ਹੈ ਜਿਸ ਨੂੰ ਬ੍ਰਾਹਮਣਾ ਆਖਿਆ ਜਾਂਦਾ ਹੈ। ਇਸ ਵਿਚ ਪੁਜਾਰੀ ਲਈ ਮੰਤਰਾਂ ਦੇ ਸਹੀ ਉਚਾਰਨ (ਗ਼ਲਤ ਉਚਾਰਨ ਨਾਲ ਦੇਵਤਾ ਨਰਾਜ਼ ਹੋ ਸਕਦਾ ਹੈ), ਮੰਤਰ ਪਾਠ ਦੀ ਵਿਧੀ, ਯਗ ਸਮਗ੍ਰੀ, ਪਸ਼ੂ ਅਤੇ ਉਸਦੀ ਬਲੀ ਦੇਣ ਦੀ ਵਿਧੀ ਆਦਿ ਦਰਜ ਹਨ। ਇਹਨਾਂ ਵਿਚ ਫ਼ਾਰਮੂਲੇ ਹਨ। ਜੇ ਫ਼ਾਰਮੂਲੇ ਤੋਂ ਜ਼ਰਾ ਜਿੰਨਾ ਵੀ ਫ਼ਰਕ ਪਾ ਕੇ ਜਗਿਆਸੂ ਅਗੇ ਪਿਛੇ ਹੋ ਗਿਆ ਤਾਂ ਦੇਵਤਾ ਜਾਂ ਦੇਵੀ ਪ੍ਰਸੰਨ ਹੋਣ ਦੀ ਥਾਂ ਨਰਾਜ਼ ਹੋ ਸਕਦੇ ਹਨ। ਇਸ ਲਈ ਇਸ ਪ੍ਰਕਾਰ ਦੀ ਪੂਜਾ ਨੂੰ ਬੜੀ ਸਾਵਧਾਨੀ ਨਾਲ ਕਰਨ ਲਈ ਵਿਸ਼ੇਸ਼ ਸੁਸਿਖਿਅਤ ਪੁਜਾਰੀ ਵਰਗ ਦੀ ਲੋੜ ਮਹਿਸੂਸ ਹੋਈ। ਗੁਰਮਤਿ ਨੇ ਪੁਜਾਰੀ ਵਰਗ ਨੂੰ ਜਨਮ ਨਹੀਂ ਦਿਤਾ ਅਤੇ ਨਾ ਹੀ ਅਜਿਹੇ ਵਰਗ ਦੀ ਇਥੇ ਕਦਰ ਹੈ।

ਮੁੱਢ ਵਿਚ ਆਰੀਆ ਲੋਕਾਂ ਲਈ ਧਰਮ ਦੇ ਅਰਥ ਹੀ ਇਹੋ ਹਨ ਕਿ ਦੇਵੀ-ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ ਜਾਵੇ। ਭਾਰਤੀ ਧਰਮ-ਚਿੰਤਨ ਦਾ ਧੁਰਾ ਹੀ ਇਸ ਲੋਕ (ਮਾਤ ਲੋਕ) ਵਿਚ ਸੰਸਾਰਕ ਸੁਖ ਅਤੇ ਕਈ ਪ੍ਰਕਾਰ ਦੇ ਪਦਾਰਥਾਂ ਦੀ ਪ੍ਰਾਪਤੀ ਹੀ ਸੀ। ਵੇਦ ਮੰਤਰ ਤੇ ਦੇਵਤਿਆਂ ਦੀ ਪੂਜਾ ਦਾ ਮਨੋਰਥ ਹੀ ਪਦਾਰਥਾਂ ਦੀ ਪ੍ਰਾਪਤੀ ਤੇ ਮਾਤਲੋਕ ਵਿਚ ਹਰ ਪ੍ਰਕਾਰ ਦੇ ਸੁਖ ਦੀ ਪ੍ਰਾਪਤੀ ਕਰਨਾ ਸੀ। ਸਵਾਦਲੀ ਗੱਲ ਇਹ ਸੀ ਕਿ ਸੈੱਟ ਕੀਤੇ ਫਾਰਮੂਲੇ ਅਨੁਸਾਰ ਜੇ ਪੁਜਾਰੀ ਨੇ ਇਕ ਵਾਰੀ ਠੀਕ ਢੰਗ ਨਾਲ ਯਗ ਸੰਪੂਰਨ ਕਰ ਦਿਤਾ ਤਾਂ ਦੇਵੀ ਦੇਵਤੇ ਦੀ ਕੀ ਮਜਾਲ ਹੈ, ਉਹ ਫਲ ਨਾ ਦੇਵੇ। ਸੋ ਰੱਬੀ ਮਿਹਰ ਦੀ ਜਾਂ ਪ੍ਰਭੂ ਪ੍ਰੀਤ ਦੀ ਵੇਦਾਂ ਵਿਚ ਕਿਤੇ ਹੀ ਨਹੀਂ। ਤੇ ਨਾ ਹੀ ਆਰੀਆ ਲੋਕ ਅਜੇ ਪ੍ਰੇਮਾ-ਭਗਤੀ ਲਈ ਮਾਨਸਕ ਤੌਰ ਤੇ ਤਿਆਰ ਸਨ। ਅਜੇ ਉਹ ਨਿਰੋਲ ਪਦਾਰਥਵਾਦੀ ਹੀ ਸਨ। ਵੇਦਾਂ ਦਾ ਭੀ ਆਪਣਾ ਪਦਾਰਥਵਾਦ ਹੈ, ਜਿਸ ਵਿਚ ਦੇਵੀ-ਦੇਵਤਿਆਂ ਦੀ ਹੋਂਦ ਨੂੰ ਸਵੀਕਾਰ ਕਰ ਕੇ ਉਹਨਾਂ ਤੋਂ ਧੱਕੇ ਨਾਲ ਆਪਣੀਆਂ ਮੰਗਾਂ ਪੂਰੀਆਂ ਕਰਵਾਉਣੀਆਂ ਹੀ ਧਰਮ ਸੀ। ਉਹਨਾਂ ਲਈ ਗੁਰਮਤਿ ਦੇ ਫ਼ੁਰਮਾਨਾਂ ਅਨੁਸਾਰ-

'ਨਾਨਕ ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ'॥੨੨॥ ਆਸਾ ਦੀ ਵਾਰ, ਪੰਨਾ ੪੭੪

ਅਜੇ ਬਹੁਤ ਦੂਰ ਦੀ ਗੱਲ ਸੀ। ਤੇ "ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ"॥(੧੦੧੮) ਦੇ ਭੀ ਭਾਰਤੀ-ਧਰਮ-ਚੇਤਨਾ ਵਿਚ ਕੲੋੀ ਵਿਚਾਰ ਉਤਪੰਨ ਨਹੀਂ ਸੀ ਹੋਏ।

ਇਹ ਭੀ ਦਾਅਵਾ ਕੀਤਾ ਗਿਆ ਕਿ ਵੇਦ ਰੱਬੀ ਕਲਾਮ ਹਨ ਅਤੇ ਰੱਬ ਤੋਂ ਆਏ ਅੰਤਮ ਸਤਿ ਦੇ ਰੂਪ ਵਿਚ ਆਰੀਆਂ ਦੇ ਕਲਿਆਨ ਲਈ ਪ੍ਰਾਪਤ ਹੋਏ ਹੁਕਮ ਹਨ। ਇਸ ਲਈ ਇਹ ਅਭੁਲ ਕਲਾਮ ਹੈ। ਇਸ ਵਿਚ ਹੀ ਰੱਬੀ ਗਿਆਨ ਹੈ। ਜੋ ਇਸ ਤੋਂ ਮੁਕਰੇ ਜਾਂ ਕਿੰਤੂ ਕਰੇਗਾ, ਉਹ ਵੱਡਾ ਪਾਪੀ ਹੋਵੇਗਾ। ਦਾਸ ਗੁਪਤਾ ਆਪਣੀ ਪੁਸਤਕ 'ਹਿੰਦੂ ਮਿਸਟੀਸਿਜ਼ਮ' ਦੇ ਪੰਨਾ ੧੭-੧੮ ਤੇ ਇਹ ਟਿਪਣੀ ਦਿੰਦਾ ਹੈ, "ਇਹਨਾਂ ਮੰਤਰਾਂ ਵਿਚ ਸੋਚ ਜਾਂ ਭਾਵਨਾ ਦੀ ਕੋਈ ਗੱਲ ਨਹੀਂ। ਸਗੋਂ ਹਰ ਇਕ ਨੂੰ ਇਹਨਾਂ ਅਗੇ ਬਿਨਾਂ ਕਿਸੇ ਸੰਕੋਚ ਸਿਰ ਝੁਕਾਉਣ ਪੈਂਦਾ ਸੀ"। ਅਤੇ ਇਹ ਮੰਤਰ "ਕਿਸੇ ਵਿਅਕਤੀ ਦੇ ਨਹੀਂ, ਸਗੋਂ ਅਗਿਆਤ ਸੱਤਾ ਵਲੋਂ ਬਣਾਏ ਗਏ ਸਨ, ਜਿਨ੍ਹਾਂ ਵਿਚ ਅਟੱਲ, ਅਗੰਮੀ ਨਿਯਮ ਸਨ, ਜੋ ਗੁਪਤ ਸਕਤੀਆਂ ਦਾ ਸੋਮਾ ਸਨ"।

ਵੇਖਣ ਵਿਚ ਆਇਆ ਹੈ ਕਿ ਵੇਦ-ਮੰਤਰਾਂ ਤੇ ਬਲੀ ਦੇਣ ਦੀਆਂ ਰੀਤਾਂ ਨੇ ਪਿਚੋ ਆਉਣ ਵਾਲੇ ਹਰ ਪ੍ਰਕਾਰ ਦੇ ਭਾਰਤੀ ਧਰਮ-ਚਿੰਤਨਾਂ ਤੇ ਆਪਣੀ ਛਾਪ ਛੱਡੀ ਹੈ। ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੀ ਵਾਹਦ ਭਾਰਤੀ ਧਰਮ-ਚਿੰਤਕ ਹੋਏ ਹਨ ਜਿਨ੍ਹਾਂ ਨੇ ਵੇਦਾਂ ਬ੍ਰਾਹਮਣਾਂ (ਰੀਤੀ ਵਿਧਾਨ), ਸ਼ਾਸਤਰਾਂ, ਪੁਰਾਣਾਂ, ਸਿਮ੍ਰਤੀਆਂ ਆਦਿ ਦਾ ਖੰਡਨ ਕੀਤਾ ਤੇ ਉਹਨਾਂ ਨੂੰ ਫੋਕਾ ਕਿਹਾ, ਕਿਉਂਕਿ ਉਹਨਾਂ ਵਿਚ ਸਰਬ-ਸ਼ਕਤੀਮਾਨ ਅਕਾਲ ਪੁਰਖ ਜੀ ਦੀ ਚਰਚਾ ਸਪਸ਼ਟ ਰੂਪ ਵਿਚ ਕਿਤੇ ਨਹੀਂ ਹੈ-

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ॥ ਪੂਜਸਿ ਨਾਹੀਂ ਹਰਿ ਹਰੇ ਨਾਨਕ ਨਾਮ ਅਮੋਲ॥੧॥
(ਗਉੜੀ ਸੁਖਮਨੀ ਮ: ੫, ਪੰਨਾ ੨੬੫)

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪਰਵਰਤੀ ਸਤਿਗੁਰੂ ਸਾਹਿਬਾਨ ਨੇ ਗੁਰਮਤਿ ਫ਼ਲਸਫ਼ੇ ਦਾ ਮੁੱਢ ਹੀ ਇਸ ਗੱਲ੍ਹ ਤੇ ਬੰਨ੍ਹਿਆ ਕਿ ਵੇਦ ਸ਼ਾਸਤਰ ਪ੍ਰਾਮਣੀਕ ਨਹੀਂ ਹਨ, ਕਿਉਂਕਿ ਉਹ ਮਨੁਖ ਨੂੰ ਇਕ ਅਕਾਲ ਪੁਰਖ ਦੇ ਪੰਧ ਤੇ ਨਹੀਂ ਪਾਉਂਦੇ। ਅਧਿਆਤਮਵਾਦੀ ਚਿੰਤਨ ਵਿਚ ਇਹ ਪਹਿਲੀ ਵਾਰ ਹੈ ਕਿ ਵੇਦਾਂ ਦੀ ਸਰਬੋਤਮ ਮਾਨ-ਪ੍ਰਤਿਸ਼ਠਾ ਨੂੰ ਵੰਗਾਰਿਆ ਗਿਆ ਹੋਵੇ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੇਦ-ਫਲਸਫ਼ੇ ਤੇ ਇਉਂ ਟਿਪਣੀ ਕੀਤੀ ਹੈ-

ਕਥਾ ਕਹਾਣੀ ਬੇਦੀ ਆਣੀ, ਪਾਪੁ ਪੁੰਨੁ ਬੀਚਾਰੁ॥
ਦੇ ਦੇ ਲੈਣਾ, ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥ (ਸਲੋਕ ਮ: ੨, ਪੰਨਾ ੧੨੪੩)

ਸੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ:-
ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥੪॥੩॥
(ਆਸਾ ਮ: ੫, ਪੰਨਾ ੩੯੭)

ਇਉਂ ਗੁਰਮਤਿ ਫਲਸਫਾ ਅਰੰਭ ਤੋਂ ਹੀ ਭਾਰਤੀ ਧਰਮ-ਚਿੰਤਨ ਦੇ ਇਤਿਹਾਸ ਵਿਚ ਇਕ ਨਵੀਂ ਦੇਣ ਹੈ ਸਿਖ ਧਰਮ ਭਾਰਤੀ ਧਰਮ-ਪਰੰਪਰਾ ਵਿਚ ਇਕ ਵਿਲੱਖਣ ਧਰਮ ਦੇ ਰੂਪ ਵਿਚ ਉਜਾਗਰ ਹੋਇਆ। ਇਸ ਨਵੀਂ ਵਿਚਾਰਧਾਰਾ ਦਾ ਵਿਰੋਧ ਬ੍ਰਾਹਮਣ ਮੁੱਢ ਤੋਂ ਹੀ ਕਰਦਾ ਆਇਆ ਹੈ ਤੇ ਉਸ ਦਾ ਇਹ ਜਤਨ ਰਿਹਾ ਹੈ ਕਿ ਗੁਰਮਤਿ ਦੇ ਸਿਧਾਂਤਾਂ ਨੂੰ ਜਾਂ ਗੁਰਮਤਿ ਦੀਆਂ ਰਹਿਤ-ਰਹਿਣੀ ਸੰਬੰਧੀ ਪ੍ਰੰਪਰਾਵਾਂ ਨੂੰ ਕਿਵੇਂ ਨਾ ਕਿਵੇਂ ਛੁਟਿਆਇਆ ਜਾਏ ਤੇ ਇਸ ਧਰਮ ਦੇ ਅਨੁਆਈਆਂ ਨੂੰ ਮੁੜ ਕੇ ਬੁਹ-ਦੇਵ ਪੂਜਨ ਵਿਚ ਜੋੜਿਆ ਜਾਏ ਤੇ ਆਪਣੀ ਦੁਕਾਨਦਾਰੀ ਦੇ ਪੈ ਰਹੇ ਘਾਟੇ ਨੂੰ ਪੂਰਿਆ ਜਾਏ।

ਅਨੁਭਵੀ ਪੁਰਖ ਅਤੇ ਧਰਮ-ਚਿੰਤਨ ਦੇ ਖੇਤਰ ਦੇ ਆਧੁਨਿਕ ਬੁਧੀਜੀਵੀ ਹੁਣ ਇਹ ਮਹਿਸੂਸ ਕਰਨ ਲਗ ਪਏ ਹਨ ਕਿ ਵੈਦਿਕ ਪ੍ਰਣਾਲੀ ਨਾ ਤਾਂ ਕਿਸੇ ਧਰਮ ਦਾ ਨਿਰੂਪਣ ਕਰਦੀ ਹੈ, ਜਿਸ ਅੰਦਰ ਮਨੁਖ ਤੇ ਉਸ ਦੇ ਸਿਰਜਣਹਾਰ ਦੇ ਵਿਚਕਾਰ ਪਈ ਵਿੱਥ ਨੂੰ ਪੂਰਨ ਦਾ ਜਤਨ ਕੀਤਾ ਗਿਆ ਹੋਵੇ, ਅਤੇ ਨਾ ਹੀ ਇਸ ਨੂੰ ਭਾਰਤੀ ਰਹੱਸਵਾਦ ਦਾ ਨਾਂ ਦਿਤਾ ਜਾ ਸਕਦਾ ਹੈ, ਜਿਸ ਵਿਚ ਜਗਿਆਸੂ ਨੂੰ ਆਪਣੀ ਜਗਿਆਸਾ ਵਿਚ ਪਰਾ-ਭੌਤਕ ਅਨੁਭਵ ਹੁੰਦੇ ਹਨ। ਵੇਦਾਂ ਬਾਰੇ ਹੁਣ ਇਹ ਵਿਚਾਰ ਬਣਦੇ ਜਾ ਰਹੇ ਹਨ ਕਿ ਅੰਧਕਾਰ ਦੇ ਮਹਾਨ ਯੁਗ ਵਿਚ ਵੇਦ-ਮੰਤਰ ਜਾਦੂ ਟੂਣਿਆਂ ਦੇ ਧਰਮ ਤੋਂ ਵਧ ਹੋਰ ਕੁਝ ਵੀ ਨਹੀਂ ਸਨ, ਜਿਸ ਨੇ ਦੇਵੀ-ਦੇਵਤਿਆਂ ਦੇ ਹਥੋਂ ਸ਼ਕਤੀ ਖੋਹ ਕੇ ਪੁਜਾਰੀ ਵਰਗ ਦੇ ਹੱਥ ਦੇ ਦਿਤੀ।

ਹਿੰਦੂ-ਧਰਮ-ਪਰੰਪਰਾ ਦੇ ਇਤਿਹਾਸ ਵਿਚ ਇਹ ਤਾਂ ਹੁਣ ਵੀ ਆਮ ਵੇਖਣ ਵਿਚ ਆਉਂਦਾ ਹੈ ਕਿ ਕਿਵੇਂ ਅਣਗਿਣਤ ਵਿਚ ਆਮ ਮਿਲਦਾ ਹੈ ਕਿ ਬੜ ਬੜੇ ਸਿਧ, ਜੋਗੀ, ਰਿਖੀ, ਮੁਨੀ, ਤਪੇ ਤਪੀਸਰ ਹਰ ਤਰ੍ਹਾਂ ਦੇ ਵਰ-ਸਰਾਪ ਤਾਂ ਲੋਕਾਂ ਨੂੰ ਦਿੰਦੇ ਆਏ ਹਨ ਤੇ ਲੋਕੀਂ 'ਉਹਨਾਂ ਦੇ ਡੰਗ ਮਾਰਨ ਤੋਂ ਹੁਣ ਭੀ ਤ੍ਰਾਸਦੇ ਹਨ, ਪਰ ਇਹ ਕਿਤੇ ਭੀ ਪੜ੍ਹਨ ਸੁਣਨ ਵਿਚ ਨਹੀਂ ਆਇਆ ਕਿ ਉਹਨਾਂ ਨੇ ਕਿਸੇ ਨੂੰ ਇਕ ਅਕਾਲ ਪੁਰਖ ਨਾਲ ਮੇਲਣ ਦਾ ਉਪਰਾਲਾ ਕੀਤਾ ਹੋਵੇ। ਸ੍ਰੀ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਬਾਰੇ ਸ੍ਰੀ ਗੁਰੂ ਰਾਮਦਾਸ ਜੀ ਇਉਂ ਲਿਖਦੇ ਹਨ:-

ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ, ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ॥੨॥੫੪॥
(ਸੂਹੀ ਮ: ੫, ਪੰਨਾ ੭੪੯)

ਅਜਿਹਾ ਕ੍ਰਿਸ਼ਮਾ, ਤੇ ਐਨੈ ਵੱਡੇ ਪੈਮਾਨੇ ਤੇ ਕਰ ਦਿਖਾਣਾ ਕੇਵਲ ਗੁਰੂ ਸਾਹਿਬਾਨ ਦੇ ਹਿੱਸੇ ਵਿਚ ਹੀ ਆਇਆ ਹੈ।

ਸ਼ੰਕਰਾਚਾਰੀਆ ਨਾਲ ਉਪਨਸ਼ਿਦਾਂ ਦੀ ਵਿਆਖਿਆ ਤੇ ਵੇਦਾਂਤ ਦਾ ਅਰੰਭ ਹੁੰਦਾ ਹੈ। ਉਸ ਨੇ ਬ੍ਰਹਮ ਨੂੰ ਹੀ ਅੰਤਮ ਸਤਿ ਮੰਨਿਆ ਹੈ, ਪਰ ਪ੍ਰਕਿਰਤੀ ਜਾਂ ਮਾਇਆ ਬਾਰੇ ਉਹ ਚੁਪ ਰਹਿੰਦਾ ਹੈ ਤੇ ਕੇਵਲ ਇਤਨਾ ਹੀ ਕਹਿ ਕੇ ਪਿੰਡ ਛੁਡਾਉਂਦਾ ਹੈ ਕਿ ਮਾਇਆ ਅਨਰਵਚਨੀਯ ਹੈ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸ਼ੰਕਰ ਦੇ ਬ੍ਰਹਮ ਅਤੇ ਮਾਇਆ ਦੇ ਸਿਧਾਂਤ ਦੀ ਪਿਠ ਤੇ ਸਾਂਖ ਸ਼ਾਸਤਰ ਦੀ ਵਿਚਾਰਧਾਰਾ ਪੁਰਸ਼-ਪ੍ਰਕਿਰਤੀ ਦਾ ਸੰਘਰਸ਼ ਹੀ ਕੰਮ ਕਰਦੀ ਦਿਸਦੀ ਹੈ, ਜਿਸਨੂੰ ਹੁਣ ਬ੍ਰਹਮ ਤੇ ਮਾਇਆ ਦਾ ਨਾਮ ਦਿਤਾ ਗਿਆ ਹੈ। ਜੀਵ ਭੀ ਬ੍ਰਹਮ ਹੈ, ਪਰ ਮਾਇਆ ਜਾਂ ਅਵਿਦਿਆ ਦੀ ਕੈਦ ਵਿਚ ਹੈ। ਇਸ ਲਈ ਕੈਦੀ-ਬ੍ਰਹਮ ਪੁਕਾਰ ਪ੍ਰਕਾਰ ਕਹਿੰਦਾ ਹੈ, "ਮੈਂ ਹੀ ਬ੍ਰਹਮ ਹਾਂ, ਮੈਂ ਹੀ ਬ੍ਰਹਮ ਹਾਂ"। "ਅਹੰਬ੍ਰਹਮ ਅਸਮੀ"। ਕੈਦੀ ਬ੍ਰਹਮ ਨੂੰ ਅਪਰ-ਬ੍ਰਹਮ ਕਿਹਾ ਗਿਆ ਤੇ ਆਜ਼ਾਦ ਬ੍ਰਹਮ ਨੂੰ ਪਾਰ-ਬ੍ਰਹਮ। ਪਰ ਵੇਦਾਂਤ ਦੀਆਂ ਬਰੀਕੀਆਂ ਨੂੰ ਸਾਧਾਰਨ ਮਨੁਖ ਲਈ ਸਮਝਣਾ ਬਹੁਤ ਹੀ ਕਠਨ ਹੈ। ਬੁਧੀਜੀਵੀ ਵੀ ਇਸ ਨੂੰ ਚੰਗੀ ਤਰ੍ਹਾਂ ਨਹੀਂ ਪਕੜ ਪਾਉਂਦੇ। ਨਿਰੋਲ ਅਦਵੈਤ, ਫਿਰ ਰਾਮਾਨੁਜ ਦਾ ਵਿਸ਼ੇਸ਼ ਅਦਵੈਤ, ਫਿਰ ਨਿੰਬਾਰਕ ਦਾ ਦਵੈਤ ਅਦਵੈਤ, ਇਹ ਭੂਲ-ਭੁਲਈਆਂ ਹੁਣ ਤਕ ਭਾਰਤੀ ਧਰਮ-ਚਿੰਤਕਾਂ ਲਈ ਇਕ ਤਕੜਾ ਭੁਲੇਖਾ ਤੇ ਭਰਮ-ਜਾਲ ਜਿਹਾ ਬਣਿਆ ਹੋਇਆ ਹੈ। ਵੇਦਾਂਤ ਵਿਚ ਭੀ ਜੀਵ ਦਾ ਅੰਤਮ ਲਕਸ਼ ਮਾਇਆ ਦੀ ਕੈਦ ਤੋਂ ਨਿਕਲਣਾ ਹੈ। ਤੇ ਮੋਕਸ਼ ਪ੍ਰਾਪਤ ਕਰ ਕੇ ਜੀਵ ਇਕੱਲਾ ਹੀ ਰਹਿੰਦਾ ਹੈ। ਉਹ ਕੁਝ ਵੀ ਨਹੀਂ ਕਰਦਾ। ਮਾਇਆ ਵਿਚ ਫਿਰ ਖਚਿਤ ਨਹੀਂ ਹੁੰਦਾ। ਸਾਧਨ ਪੱਖ ਤੋਂ ਵੇਦਾਂਤ ਨੇ ਮਨੁਖੀ ਜ਼ਿੰਦਗੀ ਨੂੰ ਚਾਰ ਹਿੱਸਿਆ (ਆਸ਼ਰਮਾਂ) ਵਿਚ ਵੰਡ ਦਿਤਾ : ਬ੍ਰਹਮਚਰਜ, ਗ੍ਰਹਿਸਤ, ਬਾਨਪ੍ਰਸਤ ਤੇ ਸੰਨਿਆਸ। ਇਸ ਦੇ ਨਾਲ ਹੀ ਜਾਤੀ ਵੰਡ ਦੀਆਂ ਗੰਢਾਂ ਨੂੰ ਹੋਰ ਪੀਡਾ ਕੀਤਾ। ਔਰਤ ਅਤੇ ਸ਼ੂਦਰ ਨੂੰ ਧਰਮ-ਕਰਮ ਤੋਂ ਵਾਂਞਞੇ ਰਖਣਾ ਮਨੁਖੀ ਕਦਰਾਂ ਕੀਮਤਾਂ ਨਾਲ ਅਨਿਆ ਕਮਾਉਣਾ ਹੈ। ਪਰ ਵੇਦਾਂ ਦੀ ਪ੍ਰਮਾਣਿਕਤਾ ਨੂੰ ਵੰਗਾਰਨ ਦਾ ਹੀਆ ਕੌਣ ਕਰੇ?

ਸ੍ਰੀ ਗੁਰੂ ਸਾਹਿਬਾਨ ਨੇ ਬੜੀ ਦਲੇਰੀ ਨਾਲ ਪਰੰਪਰਾਗਤ ਭਾਰਤੀ ਚਿੰਤਨ ਦਾ ਰੁਖ ਹੀ ਮੋੜ ਦਿਤਾ। ਜਾਤ-ਪਾਤ ਤੋੜਨ ਵਿਚ ਜੋ ਸਫਲਤਾ ਸਤਿਗੁਰਾਂ ਨੂੰ ਮਿਲੀ ਹੈ, ਉਹ ਅਜ ਤਕ ਭਾਰਤੀ ਧਰਮ ਦੇ ਇਤਿਹਾਸ ਵਿਚ ਕਿਸੇ ਨੂੰ ਨਹੀਂ ਮਿਲੀ। ਸੰਗਤ ਤੇ ਪੰਗਤ ਦੀ ਸਾਂਝ ਸਮੁਚੇ ਹਿੰਦੂ ਮੁਸਲਿਮ ਸਮਾਜ ਨੂੰ ਇਕ ਅਕਾਲ ਦੀ ਛਤ੍ਰ-ਛਾਇਆ ਹੇਠ ਇਕੱਠਿਆਂ ਕਰਨ ਦਾ ਮਹਾਨ ਸਾਧਨ ਸੀ। ਭਾਈ ਗੁਰਦਾਸ ਜੀ ਲਿਖਦੇ ਹਨ:-

ਚੜੇ ਸਵਾਈ ਦਿਹਦਿਹੀ, ਕਲਜੁਗਿ ਨਾਨਕ ਨਾਮੁ ਧਿਆਇਆ॥
ਵਿਣੁ ਨਾਵੈ ਹੋਰੁ ਮੰਗਣਾ, ਸਿਰਿ ਦੁਖਾਂ ਦੇ ਦੁਖ ਸਬਾਇਆ॥
ਮਾਰਿਆ ਸਿਕਾ ਜਗਤ ਵਿਚਿ, ਨਾਨਕ ਨਿਰਮਲ ਪੰਥੁ ਚਲਾਇਆ॥
ਵਾਰ ੧, ਪਉੜੀ ੪੫

ਸੰਖੇਪ ਵਿਚ ਪਾਠਕ ਜਨ ਸਤਿਗੁਰੂ ਸਾਹਿਬਾਨ ਦੇ ਚਾਨਣ ਮਾਰਗ ਦੀ ਇਹ ਵਿਲੱਖਣਤਾ ਮਹਿਸੂਸ ਕਰਨਗੇ ਕਿ ਇਸ ਵਿਚ ਕਿਤੇ ਭੀ ਵੇਦ-ਸ਼ਾਸਤਰੀ ਕਿਆਸ-ਅਰਾਈਆਂ ਨਹੀਂ ਹਨ। ਪੁਰਸ਼ ਪ੍ਰਕ੍ਰਿਤੀ ਦਾ ਮਾਇਆ ਜਾਲ ਸਰਬ ਵਿਆਪੀ ਹੁਕਮ ਬਣ ਕੇ ਸਾਹਮਣੇ ਆਉਂਦਾ ਹੈ। ਜੈਨੀਆਂ ਬੋਧੀਆਂ ਦਾ ਤਾਂ ਕਹਿਣਾ ਹੀ ਕੀ, ਜਿਨ੍ਹਾਂ ਨੂੰ ਅਕਾਲ ਪੁਰਖ ਦੀ ਹਸਤੀ ਤੇ ਵਿਸ਼ਵਾਸ ਹੀ ਹੈ ਨਹੀਂ। ਸਿੱਧ ਜੋਗੀਆਂ ਦੇ ਕਠਨ ਤਿਆਗ ਤਪੱਸਿਆ ਨਾਲ ਬੰਦਾ ਸੁਕ ਕੇ ਹੱਡੀਆਂ ਦੀ ਮੁੱਠ ਹੀ ਰਹਿ ਜਾਂਦਾ ਹੈ। ਦੂਜੇ ਬੰਨੇ ਆਮ ਜਨਤਾ ਬ੍ਰਾਹਮਣਾਂ ਦੇ ਵਸ ਪਈ, ਤਾਰਿਆਂ ਦੇ ਡੁਬਣ ਚੜ੍ਹਨ ਦੇ ਵਹਿਮਾਂ ਭਰਮਾਂ ਵਿਚ ਸਹਿਮੀ ਹੋਈ, ਕਈ ਪ੍ਰਕਾਰ ਦੇ ਛੋਟੇ ਵੱਡੇ ਦੇਵੀ-ਦੇਵਤਿਆਂ ਦੀਆ ਸੁਖਣਾਂ ਮੰਨਤਾਂ ਵਿਚ ਜੀਵਨ ਬਤੀਤ ਕਰਦੀ ਆ ਰਹੀ ਹੈ, ਉਸ ਨੂੰ ਅਕਾਲ ਪੁਰਖ ਦੀ ਸੋਝੀ, ਤੇ ਉਸ ਉਪਰ ਦ੍ਰਿੜ੍ਹ ਨਿਸਚਾ ਅਤੇ ਉਸ ਦੀ ਪ੍ਰਾਪਤੀ ਕੌਣ ਕਰਵਾਵੇ? ਵੇਦ ਮੰਤ੍ਰ ਤੇ ਤੀਰਥਾਂ ਆਦਿ ਕਰਮ-ਕਾਂਡ ਦਾ ਸਮਾ ਹੁਣ ਲਦ ਗਿਆ।

ਹਿੰਦੂ ਧਰਮ ਦੀ ਜਾਤੀ ਵੰਡ, ਸ਼ੂਦਰਾਂ ਨਾਲ ਅਤਿ ਦੀ ਘ੍ਰਿਣਾ, ਔਰਤ ਦਾ ਧਰਮ-ਚਿੰਤਨ ਜਾਂ ਪੂਜਾ ਪਾਠ ਵਿਚ ਸਮਾਨ ਅਸਥਾਨ ਨਾ ਹੋਣਾ ਇਕ ਵੱਡਾ ਵਿਤਕਰਾ ਹੈ।

ਇਸ ਦੇ ਟਾਕਰੇ ਤੇ ਗੁਰਮਤਿ ਹਰੇਕ ਪ੍ਰਾਣੀ ਨੂੰ ਬਰਾਬਰੀ ਦਾ ਦਰਜਾ ਦੇ ਕੇ ਸੱਚ ਦਾ ਪਾਂਧੀ ਬਣਨ ਦਾ ਅਧਿਕਾਰੀ ਮੰਨਦੀ ਹੈ। ਹਿੰਦੂ ਧਰਮ-ਚਿੰਤਨ ਵਿਚ ਸੌੜੇ ਸੌੜੇ ਰਾਹ, ਪਾਪ ਪੁੰਨ ਦੀਆਂ ਅਤਿ ਕਰੜੀਆਂ ਗੰਢਾਂ ਨੂੰ ਵੇਖ ਵੇਖ ਕੇ, ਇਥੋਂ ਭਜ ਕੇ ਸਤਿਗੁਰਾਂ ਦੇ ਖੁਲ੍ਹੇ ਡੁਲ੍ਹੇ ਵਿਹੜੇ ਵਿਚ ਗੁਰੂ ਗੁਰੂ ਜਪਣ ਨੂੰ ਮਲੋ ਮਲੀ ਜੀਅ ਕਰਦਾ ਹੈ। ਪਿਛਾਂਹ ਪਰਤਣਾ ਤਾਂ ਕੀ ਹੈ, ਮੁੜ ਕੇ ਉਧਰ ਵੇਖਣ ਨੂੰ ਵੀ ਜੀਅ ਨਹੀਂ ਕਰਦਾ। ਪਿਛੋਂ ਆਵਾਜ਼ਾਂ ਮਾਰ ਕੇ ਵਾਪਸ ਸਦਣ ਵਾਲੇ ਹੁਣ ਸਨੇਹੀ ਨਹੀਂ, ਪਿਛਾਂਹ-ਖਿਚੂ ਲਗਦੇ ਹਨ। ਸਤਿਗੁਰਾਂ ਦੇ ਵਿਹੜੇ ਮਨੁਖ ਮਨੁਖ ਵਿਚਕਾਰ ਕੋਈ ਵਿਤਕਰਾ ਹੀ ਹੈ ਨਹੀਂ। ਸਾਰੇ ਇਕੋ ਸੰਗਤ ਪੰਗਤ ਵਿਚ ਜੁੜ ਕੇ ਬੈਠਦੇ ਹਨ, ਸੇਵਾ ਕਰ ਸਕਦੇ ਹਨ। ਇਥੇ ਕਿਸੇ ਦੇਵੀ-ਦੇਵਤੇ ਦੇ ਰੁਸਣ, ਜਾਂ ਕਿਸੇ ਗ੍ਰਹਿ ਤਾਰੇ ਦੇ ਅਗੇ ਪਿਛੇ ਹੋਣ ਦਾ ਤਖਲਾ ਹੀ ਮੁਕ ਗਿਐ। ਸਭ ਉਸ ਦਾ ਹੁਕਮ ਹੀ ਹੁਕਮ ਵਰਤਦਾ ਹੈ। ਦੇਵੀ ਦੇਵਤੇ, ਗ੍ਰਿਹ ਤਾਰੇ, ਰਾਮ ਰਹੀਮ, ਉਸਦੇ ਹੁਕਮ ਅੰਦਰ ਚਲਦੇ ਫਿਰਦੇ ਨਜ਼ਰ ਆਉਂਦੇ ਹਨ। ਇਥੇ ਉਸ ਦੀ ਰਜ਼ਾ ਵਿਚ ਖੁਸ਼ੀ ਖੁਸ਼ੀ ਵਿਚਰਨ ਦਾ ਆਦੇਸ਼ ਮਿਲਦਾ ਹੈ। 'ਹਮਰਾ ਠਾਕੁਰੁ ਸਭ ਤੇ ਊਚਾ' (੪੦੪) ਦਾ ਮਨ ਵਿਚ ਨਿਸਚਾ ਬਝਦਾ ਹੈ।

ਸਾਮੀ ਧਰਮਾਂ ਦੀ ਆਪਣੀ ਸੀਮਾ ਹੈ। ਉਹ ਧੱਕੇ ਨਾਲ ਸਾਰੀ ਦੁਨੀਆਂ ਨੂੰ ਮੋਮਨ ਕਰਨਾ ਚਾਹੁੰਦੇ ਹਨ। ਧੱਕੇ ਨਾਲ ਰਾਜ ਕਰਦੇ ਰਹੇ, ਤੇ ਮਾਸੂਮ ਬੱਚਿਆ, ਔਰਤਾਂ ਅਤੇ ਗਰੀਬਾਂ ਉਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰਦੇ ਰਹੇ। ਕੀ ਇਹ ਧਰਮ ਦੇ ਨਾਂ ਤੇ, ਅੱਲਾ ਦੇ ਨਾਂ ਤੇ ਨਹੀਂ ਹੁੰਦਾ ਰਿਹਾ? ਗੁਰੂ ਕੇ ਸਿਖਾਂ ਨੇ ਤੇ ਖੁਦ ਗੁਰੂ ਸਾਹਿਬਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਇਸਲਾਮ ਦੀ ਕਠੋਰ ਹੋ ਚੁਕੀ ਆਤਮਾ ਨੂੰ ਝੰਜੋੜਿਆ, ਪਰ ਨਤੀਜਾ ਕੁਝ ਨ ਨਿਕਲਿਆ। ਉਸ ਦੀ ਜ਼ਮੀਰ ਨੂੰ ਕਾਫ਼ਰ-ਮੋਮਨ ਦੀ ਵਿਚਾਰਧਾਰਾ ਨੇ ਪੱਥਰ ਹੀ ਬਣਾ ਦਿਤਾ ਹੈ। ਭਗਤ ਨਾਮਦੇਵ ਜੀ ਦੀ ਸੂਝ ਵਿਚੋਂ ਇਹ ਬੋਲ ਨਿਕਲੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਹਨ:-

ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੇ ਦੇਹੁਰਾ, ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥
(ਗੋਂਡ ਨਾਮਦੇਵ ਜੀ, ਪੰਨਾ ੮੭੫)

ਇਸਲਾਮ ਨੂੰ ਇਕ ਅਕਾਲ ਦੀ ਸੋਝੀ ਤਾਂ ਹੈ, ਪਰ ਉਸਨੂੰ 'ਸਰਬ ਮੈ ਪੇਖੈ ਭਗਵਾਨੁ" (੨੭੪) ਦੇ ਨੇਤਰ ਨਹੀਂ ਮਿਲੇ, ਇਸ ਲਈ ਕਾਣ ਰਹਿ ਗਈ। ਹਿੰਦੂ ਧਰਮ ਬਾਰੇ ਤਾ ਸਤਿਗੁਰੂ ਜੀ ਨੇ ਬਿਹਾਗੜੇ ਕੀ ਵਾਰ ਵਿਚ ਸਪਸ਼ਟ ਤੌਰ ਤੇ ਲਿਖ ਦਿਤਾ ਸੀ:

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥੨॥੨੦॥
(ਬਿਹਾਗੜੇ ਕੀ ਵਾਰ, ਮ: ੧, ਪੰਨਾ ੫੫੬)

ਇਕ ਅਕਾਲਪੁਰਖ ਨੂੰ ਛਡ ਕੇ ਹੋਰ ਕਿਸੇ ਦੀ ਪੂਜਾ ਘੋਰ ਅੰਧੇਰਗਰਦੀ ਹੈ। ਗੁਰਮਤਿ ਦੇ ਫ਼ਲਸਫ਼ੇ ਦੀ ਇਹ ਗੌਰਵਤਾ ਹੈ ਕਿ ਸਮੁਚੇ ਸੰਸਾਰ ਨੂੰ 'ਹਰਿ ਕਾ ਰੂਪ' ਮੰਨਦੀ ਹੈ। ਇਹ ਅਨਰਵਚਨੀਯ ਮਾਇਆ ਨਹੀਂ ਹੈ।
ਏਹੁ ਇਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ॥੩੬॥
(ਰਾਮਕਲੀ ਮ: ੩ ਅਨੰਦੁ, ਪੰਨਾ ੯੨੨)

ਇਹ ਰਚਨਾ ਮਿਥਿਆ ਨਹੀਂ, ਸਤਿ ਹੈ, ਕਿਉਂਕਿ ਸੱਚੇ ਨੇ ਆਪ ਬਣਾਈ ਹੈ:
ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥੫॥੨੩॥
(ਗਉੜੀ ਸੁਖਮਨੀ ਮ: ੫, ਪੰਨਾ ੨੯੪)

ਇਸ ਵਿਚ ਰਹਿੰਦੇ ਵਿਚਰਦੇ ਬੰਦੇ ਇਕੋ ਵਾਹਿਗੁਰੂ ਜੀ ਦੇ ਬਣਾਏ ਹੋਏ ਹਨ। ਸਾਰੇ ਇਕੇ ਪਿਤਾ ਦੇ ਬੱਚੇ ਹਨ। ਸਾਰੀ ਮਨੁਖਤਾ ਦੀ ਸਾਂਝ ਦਾ ਧੁੱਰਾ ਇਕ ਅਕਾਲ ਪੁਰਖ ਹੈ।

ਕੋਊ ਭਇਓ ਮੁੰਡੀਆ, ਸੰਨਿਆਸੀ ਕੋਊ ਜੋਗੀ ਭਇਓ, ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ, ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ, ਰਾਜਕ ਰਹੀਮ ਓਈ, ਦੂਸਰੋ ਨ ਭੇਦ ਕੋਈ ਭੂਲ ਬ੍ਰਮ ਮਾਨਬੋ॥
ਏਕ ਹੀ ਕੀ ਸੇਵ, ਸਬ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੮੫॥
(ਅਕਾਲ ਉਸਤਤਿ ਪਾ: ੧੦, ਤਵਪ੍ਰਸਾਦਿ, ਕਥਿਤ)

ਗੁਰੂ ਦੇ ਮੱਤ ਦੀ ਸਭ ਤੋਂ ਵੱਡੀ ਗੌਰਵ-ਮਈ ਗੱਲ ਇਹੋ ਹੈ ਕਿ ਇਹ ਸਮੁੱਚੀ ਮਨੁਖਤਾ ਨੂੰ ਆਪਣੇ ਕਲਾਵੇ ਵਿਚ ਲੈ ਕੇ, ਮੁਕਤ ਕਰਨ ਲਈ ਦ੍ਰਿੜ੍ਹ ਸੰਕਲਪ ਹੈ:-

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥੮॥੨੩॥
(ਗਉੜੀ ਸੁਖਮਨੀ ਮ: ੫, ਪੰਨਾ ੨੯੫)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article