A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

Author/Source: Bibi Rajinder Kaur, Talwandi Sabo

Nihangs Singhs of the Sikh Panth

Note: In the historical Sikh perspective, and in this article, the term ‘Nihang Singh’ connotes a traditional Sikh/Khalsa warrior, and not necessarily a member of any particular Dal or organization as it is implied in modern times.

ਨਿਹੰਗ ਸਿੰਘਾਂ ਦਾ ਗੁਰੂ-ਘਰ ਨਾਲ ਨਿਕਟਵਰਤੀ ਅਤੇ ਭਾਵਨਾਤਮਕ ਸੰਬੰਧ ਹੈ। ਨਿਹੰਗ ਸਿੰਘਾਂ ਨੇ ਸਮੁੱਚੇ ਸਿੱਖ ਪੰਥ ਦੀ ਹੋਂਦ ਨੂੰ ਕਾਇਮ ਰੱਖਣ ਲਈ ਜੋ ਸੰਘਰਸ਼ ਕੀਤਾ, ਉਹ ਬੇਮਿਸਾਲ ਹੈ। ਇਨ੍ਹਾਂ ਨੇ ਅਠ੍ਹਾਰਵੀਂ ਸਦੀ ਦੇ ਭਿਆਨਕ ਦੌਰ ਵਿਚ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਬਹੁਤ ਹੀ ਬਹਾਦਰੀ, ਆਤਮ-ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਕੀਤਾ। ਇਸ ਸਮੇਂ ਦੌਰਾਨ ਉਹ ਬਨਵਾਸੀਆਂ ਦੀ ਤਰ੍ਹਾਂ ਜੰਗਲਾਂ ਵਿਚ ਰਹੇ। ਕਈ-ਕਈ ਦਿਨ ਉਨ੍ਹਾਂ ਨੇ ਬਗੈਰ ਕੁਝ ਖਾਧਿਆਂ-ਪੀਤਿਆਂ ਘੋੜਿਆਂ ਦੀਆਂ ਕਾਠੀਆਂ ਉੱਤੇ ਬਤੀਤ ਕੀਤੇ। ਪਰੰਤੂ ਇਨ੍ਹਾਂ ਦੇ ਚਰਿੱਤਰ ਦਾ ਵਿਸ਼ੇਸ਼ ਗੁਣ ਇਹ ਸੀ ਕਿ ਇਨ੍ਹਾਂ ਨੇ ਕਦੇ ਵੀ ਸਿਦਕ ਨਹੀਂ ਹਾਰਿਆ। ਇਨ੍ਹਾਂ ਨੇ ਜ਼ਾਲਮਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਹਰ ਸਮੇਂ ਜਾਰੀ ਰੱਖਿਆ। ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਆਮ ਵਸਨੀਕਾਂ ਦੀ ਜੋ ਦਸ਼ਾ ਸੀ ਉਹ ਇਸ ਅਖਾਣ ਤੋਂ ਸਪਸ਼ਟ ਹੋ ਜਾਂਦੀ ਹੈ-‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।’ ਦੂਜੇ ਪਾਸੇ ਨਿਹੰਗ ਸਿੰਘਾਂ ਦੀ ਸੱਚੀ-ਸੁੱਚੀ, ਰਹਿਣੀ-ਬਹਿਣੀ ਅਤੇ ਪਵਿੱਤਰ ਆਚਰਣ ਦੇ ਕਾਰਨ ਹੀ ਇਹ ਕਹਾਵਤ ਮਸ਼ਹੂਰ ਹੋਈ-‘ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ।’

ਜੇਕਰ ਨਿਹੰਗ ਸਿੰਘਾਂ ਦੇ ਅਰੰਭ ਹੋਣ ਦੇ ਸਮੇਂ ਦੇ ਭਾਰਤੀ ਇਤਿਹਾਸ ਵੱਲ ਧਿਆਨ ਦੇਈਏ ਤਾਂ ਉਸ ਸਮੇਂ ਧਰਮ ਨੂੰ ਬਚਾਉਣ ਦਾ ਸਿਰਫ ਇੱਕੋ ਇਕ ਰਸਤਾ ਸੀ ਕਿ ਸ਼ਸਤਰਧਾਰੀ ਹੋ ਕੇ ਧਰਮ ਦੀ ਰੱਖਿਆ ਕੀਤੀ ਜਾਵੇ। ੧੧ਵੀਂ ਸਦੀ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਹਿੰਦੁਸਤਾਨੀ ਸਮਾਜ ਆਪਣੀ ਅਣਖ ਅਤੇ ਗ਼ੈਰਤ ਨੂੰ ਗੁਆ ਚੁੱਕਿਆ ਸੀ। ਜੈਨ ਧਰਮ ਅਤੇ ਬੁੱਧ ਧਰਮ ਦੀਆਂ ਅਹਿੰਸਾਵਾਦੀ ਸਿੱਖਿਆਵਾਂ ਦਾ ਲੋਕਾਂ ਦੀ ਮਾਨਸਿਕਤਾ ਉੱਪਰ ਕਾਫੀ ਪ੍ਰਭਾਵ ਸੀ ਜਿਸ ਕਾਰਨ ਵਿਦੇਸ਼ੀ ਹਮਲਾਵਰ ਹਿੰਦੁਸਤਾਨ ਉੱਪਰ ਨਜਾਇਜ਼ ਕਾਬਜ਼ ਹੋ ਕੇ ਮਨ ਚਾਹੇ ਢੰਗ ਨਾਲ ਹਕੂਮਤ ਕਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਿੱਖ ਗੁਰੂ ਸਾਹਿਬਾਨ ਨੇ ਹਿੰਦੁਸਤਾਨੀਆਂ ਦੀ ਇਸ ਤਰਸਯੋਗ ਹਾਲਤ ਅਤੇ ਹਾਕਮਾਂ ਦੇ ਅਤਿਆਚਾਰੀ ਵਤੀਰੇ ਨੂੰ ਬੜੀ ਨਜ਼ਦੀਕੀ ਤੋਂ ਦੇਖਿਆ ਸੀ। ਸ਼ਾਂਤੀ ਅਤੇ ਅਹਿੰਸਾ ਦੇ ਮਾਰਗ ਉੱਤੇ ਚੱਲਦਿਆਂ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ। ਹੁਣ ਧਰਮ ਨੂੰ ਬਚਾਉਣ ਦਾ ਇੱਕੋ-ਇਕ ਰਸਤਾ ਹਥਿਆਰ ਉਠਾਉਣਾ ਅਤੇ ਜ਼ਾਲਮਾਂ ਦੇ ਵਿਰੁੱਧ ਜੰਗ-ਏ-ਮੈਦਾਨ ਵਿਚ ਜੂਝਣਾ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਹਿਲਾਂ ਹੀ ਇਸ ਰਸਤੇ ਉੱਪਰ ਚੱਲਣ ਦੀ ਸ਼ੁਰੂਆਤ ਕਰ ਚੁੱਕੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲਸਤੁ ਬੁਰਦਨ ਬ ਸ਼ਮਸ਼ੀਰ ਦਸਤ॥

ਸੋ ਅਜਿਹੇ ਸਮੇਂ ਵਿਚ ਜ਼ੁਲਮ ਅਤੇ ਜ਼ਾਲਮ ਦਾ ਟਾਕਰਾ ਕਰਨ ਲਈ ਨਿਹੰਗ ਸਿੰਘਾਂ ਦੀ ਸ਼ਸਤਰਧਾਰੀ, ਸੂਰਬੀਰ ਫੌਜ ਦਾ ਅਰੰਭ ਹੋਇਆ।

ਇਨ੍ਹਾਂ ਲਈ ‘ਅਕਾਲੀ’ ਜਾਂ ‘ਨਿਹੰਗ’ ਸ਼ਬਦ ਇਸ ਲਈ ਵਰਤਿਆ ਜਾਂਦਾ ਸੀ ਕਿਉਂਕਿ ਇਹ ਇੱਕੋ ਅਕਾਲ ’ਤੇ ਵਿਸ਼ਵਾਸ ਰੱਖਦੇ ਅਤੇ ਕਾਲ ਦੇ ਭੈਅ ਤੋਂ ਮੁਕਤ ਹੋ ਕੇ ਵਿਚਰਦੇ ਸਨ। ਫ਼ਾਰਸੀ ਵਿਚ ‘ਨਿਹੰਗ’ ਮਗਰਮੱਛ ਦਾ ਵਾਚਕ ਹੈ ਜੋ ਇਕ ਬੜਾ ਹਠੀਲਾ ਜਲ-ਜਾਨਵਰ ਹੈ। ਮਹਾਨ ਕੋਸ਼ ਵਿਚ ਨਿਹੰਗ ਦਾ ਅਰਥ ‘ਨਿਹਸ਼ੰਕ’ ਅਤੇ ‘ਨਿਹਸੰਗ’ ਦਿੱਤਾ ਗਿਆ ਹੈ।੨ ‘ਨਿਹਸ਼ੰਕ’ ਭਾਵ ਜਿਸ ਨੂੰ ਮੌਤ ਦੀ ਚਿੰਤਾ ਨਹੀਂ ਬਹਾਦਰ, ਦਲੇਰ। ‘ਨਿਹਸੰਗ’ ਤੋਂ ਭਾਵ ਨਿਰਲੇਪ ਆਤਮਾ ਗਿਆਨੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਭਾਵ ਦਾ ਸ਼ਬਦ ਹੈ:

ਨਿਰਭਉ ਹੋਇਓ ਭਇਆ ਨਿਹੰਗਾ॥ (ਪੰਨਾ ੩੯੨)

ਭਾਈ ਰਤਨ ਸਿੰਘ (ਭੰਗੂ) ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ:

ਨਿਹੰਗ ਕਹਾਵੈ ਸੋ ਪੁਰਸ਼ ਦੁਖ ਸੁਖ ਮੰਨੇ ਨ ਅੰਗ। (ਸਫ਼ਾ ੪੧੩)

ਇਸ ਪ੍ਰਕਾਰ ਹੀ ਪਿਆਰਾ ਸਿੰਘ ਪਦਮ ਅਨੁਸਾਰ ਨਿਹੰਗ ਦਾ ਭਾਵ-ਅਰਥ ਨਿਧੜਕ ਤੇ ਨਿਰਭੈ ਵਰਿਆਮ ਯੋਧਾ ਹੈ, ਜੋ ਜੱਕੋ-ਤੱਕੀ ਨੂੰ ਛੱਡ ਕੇ ਇਕਦਮ ਐਕਸ਼ਨ ਕਰਦਾ ਤੇ ਫਿਰ ਪਿਛਾਂਹ ਨਹੀਂ ਹਟਦਾ।੩ ਇਸ ਤਰ੍ਹਾਂ ‘ਨਿਹੰਗ’ ਤੋਂ ਭਾਵ ਨਿਰਭੈ, ਨਿਹਸ਼ੰਕ, ਨਿਹਸੰਗ, ਬੇਪਰਵਾਹ ਯੋਧਾ ਹੈ। ਨਿਹੰਗ ਸਿੰਘਾਂ ਵਿਚ ‘ਚਲਦੇ ਵਹੀਰ’ ਦਾ ਕੇਂਦਰੀ ਮਹੱਤਵ ਹੈ। ਨਿਹੰਗ ਸਿੰਘਾਂ ਦੇ ‘ਚਲਦੇ ਵਹੀਰ’ (ਜਿਸ ਨੂੰ ਦਲ ਵੀ ਕਿਹਾ ਜਾਂਦਾ ਹੈ) ਵਿਚ ਸਭ ਤੋਂ ਮੁੱਖ ਸਥਾਨ ਜਥੇਦਾਰ ਦਾ ਹੁੰਦਾ ਹੈ।

ਨਿਹੰਗ ਸਿੰਘ ਜ਼ਿਆਦਾ ਕਰਕੇ ਨੀਲਾ ਬਾਣਾ ਪਹਿਨਦੇ ਹਨ ਅਤੇ ਸਿਰ ਉੱਪਰ ਨੀਲੇ ਜਾਂ ਕੇਸਰੀ ਰੰਗ ਦੀ ਗੋਲ ਦਸਤਾਰ ਬੰਨ੍ਹਦੇ ਹਨ ਜਿਸ ’ਤੇ ਚੱਕਰ, ਚੰਦ ਤੋੜੇ ਅਤੇ ਛੋਟੇ ਸ਼ਸਤਰ ਆਦਿ ਸਜਾਉਂਦੇ ਹਨ। ਇਹ ਸਰਬਲੋਹ ਦੇ ਸ਼ਸਤਰ ਬਹੁਤ ਸ਼ੌਂਕ ਨਾਲ ਰੱਖਦੇ ਹਨ। ਕਈ ਪੁਰਾਤਨ ਸਿੰਘਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਕਮਰਕੱਸੇ ਸਵਾ-ਸਵਾ ਮਣ ਭਾਰ ਦੇ ਹੋਇਆ ਕਰਦੇ ਸਨ। ਰਹਿਤਨਾਮੇ ਦਾ ਫ਼ਰਮਾਨ ਹੈ:

ਸੋ ਅਕਾਲੀ ਰੂਪ ਹੈ, ਨੀਲ ਬਸਤ੍ਰ ਪਹਿਰਾਇ। ਜਪੇ ਜਾਪੁ ਗੁਰਬਰ ਅਕਾਲ, ਸਰਬਲੋਹ ਪਹਿਰਾਇ।

ਨਿਹੰਗ ਸਿੰਘਾਂ ਦਾ ਜੀਵਨ ਇਕ ਕਠਿਨ ਤਪੱਸਿਆ ਤੋਂ ਘੱਟ ਨਹੀਂ ਹੁੰਦਾ। ਭਾਵੇਂ ਮੌਸਮ ਕਿਸੇ ਤਰ੍ਹਾਂ ਦਾ ਵੀ ਹੋਵੇ, ਇਹ ਜਦੋਂ ਰਵਾਨਾ ਹੋਣ ਦੀ ਅਰਦਾਸ ਕਰ ਲੈਂਦੇ ਹਨ ਤਾਂ ਫਿਰ ਕਿਸੇ ਵੀ ਹਾਲਤ ਵਿਚ ਰੁਕਦੇ ਨਹੀਂ। ਹਰ ਦੂਜੇ, ਚੌਥੇ ਦਿਨ ਸਥਾਨ (ਪੜਾਅ) ਬਦਲਣਾ, ਹਰੇਕ ਪੜਾਅ ’ਤੇ ਜਾ ਕੇ ਆਪਣਾ ਨਵਾਂ ਲੋਹ-ਲੰਗਰ ਤਿਆਰ ਕਰਨਾ, ਆਪਣੇ ਨਿਤਨੇਮ ਜਾਂ ਰਹਿਤ-ਬਹਿਤ ਵਿਚ ਛੋਟੀ ਜਿਹੀ ਭੁੱਲ ਹੋਣ ’ਤੇ ਵੀ ਤਨਖਾਹ ਲਵਾਉਣਾ ਇਨ੍ਹਾਂ ਦੇ ਜੀਵਨ ਵਿਚ ਸ਼ਾਮਲ ਹੈ।

ਇਨ੍ਹਾਂ ਸੰਤ-ਸਿਪਾਹੀ ਸੂਰਬੀਰਾਂ ਦੀ ਪ੍ਰਸੰਸਾ ਕੇਵਲ ਇਨ੍ਹਾਂ ਦੇ ਸ਼ੁਭ-ਚਿੰਤਕਾਂ ਨੇ ਹੀ ਨਹੀਂ ਕੀਤੀ ਬਲਕਿ ਜੰਗਾਂ-ਯੁੱਧਾਂ ਵਿਚ ਇਨ੍ਹਾਂ ਦੇ ਵਿਰੁੱਧ ਲੜਨ ਵਾਲੇ ਮੁਗ਼ਲ ਹਮਲਾਵਰਾਂ ਦੀਆਂ ਸਮਕਾਲੀ ਰਚਨਾਵਾਂ ਵਿੱਚੋਂ ਵੀ ਇਨ੍ਹਾਂ ਦੇ ਉੱਚੇ ਨੈਤਿਕ ਗੁਣਾਂ ਦਾ ਪ੍ਰਗਟਾਵਾ ਆਪ ਮੁਹਾਰੇ ਹੋਇਆ ਮਿਲਦਾ ਹੈ। ਜਿਵੇਂ ਅਹਿਮਦ ਸ਼ਾਹ ਦੁਰਾਨੀ ਦੇ ੧੭੬੪ ਈ. ਵਿਚ ਹੋਏ ਸਤਵੇਂ ਹਮਲੇ ਦਾ ਹਾਲ ਲਿਖਦਾ ਹੋਇਆ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ:

ਸਗਾਂ ਰਾ ਮਗੋ ਸਗ ਕਿ ਹਸਤੰਦ ਸ਼ੇਰ
ਬ ਮੈਦਾਨੇ ਮਰਦਾਂ ਚੂੰ ਸ਼ੇਰਾਂ ਦਲੇਰ।
ਕਿ ਨ ਕੁਸ਼ੰਦ ਨਮਰਦ ਰਾ ਹੇਚ ਗਾਹ
ਗੁਰੇਜ਼ੰਦਾ ਰਾਹਮ ਨਗੀਰੰਦ ਰਾਹ।...
ਜਨਾਹਮ ਨ ਬਾਸ਼ਦ ਮਿਆਨੇ ਸਗਾਂ
ਨ ਦੁਜ਼ਦੀ ਬਵਦ ਕਾਰੇ ਆਂ ਬਦਰਗਾਂ।...
ਕਿ ਜ਼ਾਨੀ ਓ ਸਾਰਕ ਨ ਦਾਰੰਦ ਦੋਸ
ਵਗਰ ਫਿਅਲੇ ਸ਼ਾਂ ਜੁਮਲਗੀ ਨ ਨਿਕੋਸਤ।

ਭਾਵ : ਇਨ੍ਹਾਂ ਨੂੰ ਸਗ (ਕੁੱਤੇ) ਨ ਕਹੋ, ਇਹ ਤਾਂ ਸ਼ੇਰ ਹਨ ਤੇ ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਤੋਂ ਵੀ ਵੱਧ ਦਲੇਰ ਹਨ।
ਇਹ ਬੁਜ਼ਦਿਲ ਨੂੰ ਜੋ ਜੰਗ ਵਿਚ ਹਥਿਆਰ ਸੁੱਟ ਦੇਵੇ, ਨਹੀਂ ਮਾਰਦੇ ਤੇ ਨਾ ਹੀ ਭੱਜੇ ਜਾਂਦੇ ਦਾ ਪਿੱਛਾ ਕਰਦੇ ਅਤੇ ਫੜਦੇ ਹਨ। ਇਨ੍ਹਾਂ ‘ਸਗਾਂ’ ਵਿਚ ਵਿਭਚਾਰ ਵੀ ਨਹੀਂ ਤੇ ਨਾ ਹੀ ਚੋਰੀ ਦੀ ਆਦਤ ਹੈ। ਇਹ ਤਾਂ ਚੋਰ ਯਾਰ ਨੂੰ ਦੋਸਤ ਹੀ ਨਹੀਂ ਬਣਾਉਂਦੇ।

ਪੰਜਾਬ ਹੀ ਨਹੀਂ ਸਮੁੱਚੇ ਹਿੰਦੁਸਤਾਨ ਨੂੰ ਸਦੀਆਂ ਤੋਂ ਪਈਆਂ ਹੋਈਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਜਿਸ ਤਿਆਗ ਅਤੇ ਬਲੀਦਾਨ ਦੀ ਜ਼ਰੂਰਤ ਸੀ, ਉਹ ਇਨ੍ਹਾਂ ਸੰਤ-ਸਿਪਾਹੀਆਂ ਨੇ ਕੀਤਾ। ਇਸ ਸਮੇਂ ਦਾ ਜ਼ਿਕਰ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਸ ਪ੍ਰਕਾਰ ਕੀਤਾ ਗਿਆ ਹੈ:

ਰਾਤ ਤੁਰੇ ਦਿਨ ਰਹੈਂ ਲੁਕਾਇ। ਕਈਅਨ ਲੀਨੇ ਕੁੰਭਲ ਬਨਾਇ।
ਕਈ ਰਹੈਂ ਘਰ ਤੀਜੇ ਥਾਇ। ਕਈ ਰਹੈਂ ਪਰਦੇਸਹਿ ਜਾਇ।
ਕਈ ਸਿੰਘ ਰਹੇ ਝਾੜਨ ਮਾਂਹੀ। ਕਈ ਸਿੰਘ ਜਾ ਜੰਗਲ ਲੁਕਾਹੀਂ।

ਅਜਿਹੀ ਹਾਲਤ ਵਿਚ ਵੀ ਸਿੰਘਾਂ ਨੇ ਆਪਣਾ ਮਨੋਬਲ ਨਹੀਂ ਤਿਆਗਿਆ ਉਨ੍ਹਾਂ ਨੇ ਪਹਿਲਾਂ ਆਪਣੇ ਆਪ ਨੂੰ ‘ਬੁੱਢਾ ਦਲ’ ਅਤੇ ‘ਤਰੁਨਾ ਦਲ’ ਵਿਚ ਸੰਗਠਤ ਕੀਤਾ ਅਤੇ ਫਿਰ ‘ਦਲ ਖਾਲਸਾ’ ਦੇ ਸੰਗਠਨ ਦੁਆਰਾ ਆਪਣੀ ਸ਼ਕਤੀ ਨੂੰ ਮਜ਼ਬੂਤ ਕਰ ਕੇ ਜਰਵਾਣਿਆਂ ਦੇ ਜ਼ੁਲਮਾਂ ਦਾ ਡਟ ਕੇ ਵਿਰੋਧ ਕੀਤਾ।

ਜਿਥੋਂ ਤਕ ਨਿਹੰਗ ਸਿੰਘ ਪਰੰਪਰਾ ਦੇ ਅਰੰਭ ਦਾ ਸਵਾਲ ਹੈ ਇਹ ਸਿੱਖ ਪੰਥ ਦੀ ਮੂਲ ਵਿਚਾਰਧਾਰਾ ‘ਨਿਰਭਉ’ ਅਤੇ ‘ਨਿਰਵੈਰ’ ਦੇ ਵਿਚਾਰ ’ਤੇ ਅਧਾਰਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੀ ਹੋਈ ਖਾਲਸਾ ਫੌਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਮੂਲ ਮੰਤਰ’ ਵਿਚ ‘ਪਰਮ ਸਤਿ’ ਦਾ ਸਰੂਪ ਬਿਆਨ ਕਰਦਿਆਂ ਨਿਰਭਉ ਹੋਣ ਨੂੰ ਉਸ (ਪਰਮ ਸਤਿ) ਦਾ ਵਿਸ਼ੇਸ਼ ਗੁਣ ਦੱਸਿਆ ਹੈ। ਸਿੱਖ ਧਰਮ ਵਿਚ ਸ਼ੁਰੂ ਤੋਂ ਹੀ ਭਗਤੀ-ਸ਼ਕਤੀ, ਮੀਰੀ-ਪੀਰੀ ਅਤੇ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ। ਇਸ ਵਿਲੱਖਣ ਵਿਚਾਰਧਾਰਾ ਦੇ ਆਧਾਰ ’ਤੇ ਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸੰਤ-ਸਿਪਾਹੀ ਸਿੱਖਾਂ ਦੀ ਇਕ ਫੌਜ ਤਿਆਰ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਉਦੇਸ਼ ਦੱਸਦਿਆਂ ਹੋਇਆਂ ਸਪਸ਼ਟ ਕਿਹਾ ਹੈ ਕਿ ਜਿਥੇ ਉਨ੍ਹਾਂ ਦਾ ਉਦੇਸ਼ ਧਰਮ ਚਲਾਉਣਾ ਅਤੇ ਨੇਕ ਪੁਰਸ਼ਾਂ ਨੂੰ ਬਚਾਉਣਾ ਹੈ, ਉਥੇ ਦੁਸ਼ਟਾਂ ਦੋਖੀਆਂ ਨੂੰ ਮਾਰਮੁਕਾਉਣਾ ਵੀ ਹੈ:

ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸ਼ਟ ਸਭਨ ਕੋ ਮੂਲ ਉਪਾਰਨ॥

ਇਸ ਤਰ੍ਹਾਂ ਗੁਰੂ-ਘਰ ਦੀ ਇਸ ਅਨੋਖੀ ਵਿਚਾਰਧਾਰਾ ਦੇ ਆਧਾਰ ’ਤੇ ਹੀ ਨਿਹੰਗ ਸਿੰਘਾਂ ਦਾ ਜਨਮ ਹੋਇਆ।

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਨਿਹੰਗ ਸਿੰਘਾਂ ਦਾ ਬਾਣਾ ਸਰੀਰਕ ਤੌਰ ’ਤੇ ਇਨ੍ਹਾਂ ਦੀ ਰਹਿਤ-ਬਹਿਤ, ਅਚਾਰ-ਵਿਹਾਰ ਦੇ ਤੌਰ ’ਤੇ ਇਨ੍ਹਾਂ ਦਾ ਬਹੁਤ ਜ਼ਿਆਦਾ ਨਿਤਨੇਮੀ ਹੋਣਾ ਮਾਨਸਿਕ ਅਤੇ ਆਤਮਿਕ ਤੌਰ ’ਤੇ ਇਨ੍ਹਾਂ ਦਾ ਪੂਰਨ ਖਾਲਸਾ ਹੋਣ ਦੀ ਗਵਾਹੀ ਭਰਦੇ ਹਨ।
ਫੁੱਟ ਨੋਟ :

੧. ਜ਼ਫ਼ਰ ਨਾਮਹ, (ਸਟੀਕ), ਸਫ਼ਾ ੧੬.
੨. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਸਫ਼ਾ ੫੨੭.
੩. ਪ੍ਰੋ. ਪਿਆਰਾ ਸਿੰਘ ਪਦਮ, ਸਿੱਖ ਸੰਪ੍ਰਦਾਵਲੀ, ਸਫ਼ਾ ੯੮.
੪. ਪ੍ਰੋ. ਪਿਆਰਾ ਸਿੰਘ ਪਦਮ (ਸੰਪਾ.), ਰਹਿਤਨਾਮੇ, ਸਫ਼ਾ ੭੪.
੫. ਪ੍ਰੋ. ਪਿਆਰਾ ਸਿੰਘ ਪਦਮ, ਸਿੱਖ ਸੰਪ੍ਰਦਾਵਲੀ, ਸਫ਼ਾ ੧੦੧.
੬. ਭਾਈ ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ ੨੩੨
੭. ਦਸਮ ਗ੍ਰੰਥ, ਸਫ਼ਾ ੫੭-੫੮.


1 Comments

  1. harman singh August 19, 2010, 6:08 am

    wonderful article to describe the beautiful nihang singh thanx alot gurbarakaal!! satsriakaal

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article