Friday, July 24, 2026

Established 2005 • ISSN Registration : 1930-0107

Morcha Gangsar Jaito

Panthic Archives Article (Category: Inspirational)

Originally published on: August 22, 2007
Author/Source: Bhai Sukhdev Singh 'Jaachak'

ਮੋਰਚਾ ਗੰਗਸਰ ਜੈਤੋ
-ਮਾਸਟਰ ਸੁਖਦੇਵ ਸਿੰਘ ‘ਜਾਚਕ’

ਜੈਤੋ ਮੰਡੀ ਬਠਿੰਡਾ-ਕੋਟਕਪੂਰਾ-ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਲਾਈਨ ’ਤੇ ਇਕ ਸਟੇਸ਼ਨ ਹੈ ਜਿਸ ਦੇ ਨੇੜੇ ਹੀ ਉੱਤਰ-ਪੱਛਮ ਵੱਲ ਸ੍ਰੀ ਗੰਗਸਰ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜੋ ਪਹਿਲਾਂ ਨਾਭਾ ਰਿਆਸਤ ਵਿਚ ਸੀ।

5 ਅਗਸਤ, 1923 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨਾਲ ਹਮਦਰਦੀ ਦਾ ਮਤਾ ਪਾਸ ਕਰ ਕੇ ਫ਼ੈਸਲਾ ਹੋਇਆ ਕਿ 9 ਸਤੰਬਰ ਨੂੰ ‘ਨਾਭਾ ਡੇ’ ਮਨਾਇਆ ਜਾਵੇ ਅਤੇ ਮਹਾਰਾਜੇ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਲਈ ਅਰਦਾਸੇ ਸੋਧੇ ਜਾਣ। 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ। 9 ਸਤੰਬਰ ਨੂੰ ਪੰਜਾਬ ਭਰ ਅਤੇ ਸਿੱਖ ਰਿਆਸਤਾਂ ਦੇ ਸਾਰੇ ਸ਼ਹਿਰਾਂ ਵਿਚ ਜਲੂਸ ਕੱਢੇ ਗਏ ਤੇ ਅਰਦਾਸੇ ਸੋਧੇ ਗਏ। ਜੈਤੋ ਮੰਡੀ ਵਿਚ ਵੀ ਬੜਾ ਵੱਡਾ ਜਲੂਸ ਨਿਕਲਿਆ ਤੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ, ਨਾਲ ਹੀ ਲੜੀਵਾਰ ਸ੍ਰੀ ਅਖੰਡ ਪਾਠਾਂ ਦਾ ਅਰੰਭ ਕਰ ਦਿੱਤਾ ਗਿਆ।

ਇਸ ਸਮੇਂ ਨਾਭਾ ਰਿਆਸਤ ਦਾ ਰਾਜ ਪ੍ਰਬੰਧ ਅੰਗਰੇਜ਼ ਅਫ਼ਸਰ ਵਿਲੀਅਮ ਜਾਨਸਟਨ ਦੇ ਹੱਥ ਵਿਚ ਸੀ। ਮਹਾਰਾਜੇ ਸਬੰਧੀ ਕਿਸੇ ਵਿਚਾਰ, ਤਕਰੀਰ ਜਾਂ ਮਤਾ ਪਾਸ ਕਰਨ ਦੀ ਆਗਿਆ ਨਹੀਂ ਸੀ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਸਾਹਿਬਅੰਦਰ ਦੀਵਾਨ ਸਜਿਆ ਹੋਇਆ ਸੀ ਅਤੇ ਸੰਗਤਾਂ ਸ੍ਰੀ ਅਖੰਡ ਪਾਠ ਸਾਹਿਬ ਸ੍ਰਵਣ ਕਰ ਰਹੀਆਂ ਸਨ ਤਾਂ ਕੁਝ ਹਥਿਆਰਬੰਦ ਸਿਪਾਹੀਆਂ ਨੇ ਅੰਦਰ ਦਾਖ਼ਲ ਹੋ ਕੇ ਸਾਰੇ ਸ੍ਰੋਤਿਆਂ ਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਾਬਿਆ ਬੈਠੇ ਸਿੰਘ ਨੂੰ ਬਾਹੋਂ ਫੜ ਕੇ, ਘਸੀਟ ਕੇ ਬਾਹਰ ਲੈ ਗਏ ਅਤੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤਾ। ਹੁਣ ਇਹ ਨਿਰਾ ਮਹਾਰਾਜਾ ਨਾਭਾ ਨਾਲ ਹੋਏ ਧੱਕੇ ਦੂਰ ਕਰਨ ਦਾ ਸਵਾਲ ਨਹੀਂ ਰਿਹਾ ਸੀ ਸਗੋਂ ਇਕ ਨਿਰੋਲ ਧਾਰਮਿਕ ਸਵਾਲ ਬਣ ਗਿਆ ਸੀ। ਇਸ ਤਰ੍ਹਾਂ ਨਾਭੇ ਦੀ ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਇਕ ਧਾਰਮਿਕ ਮੋਰਚੇ ਲਈ ਖੜ੍ਹਾ ਕਰ ਦਿੱਤਾ। ਹੁਣ ਸਿੱਖਾਂ ਨੇ ਇਥੇ 101 ਸ੍ਰੀ ਅਖੰਡ ਪਾਠ ਸਾਹਿਬ ਲਗਾਤਾਰ ਕੀਤੇ ਜਾਣ ਦਾ ਫ਼ੈਸਲਾ ਕਰ ਕੇ 25-25 ਸਿੰਘਾਂ ਦਾ ਜਥਾ ਰੋਜ਼ਾਨਾ ਭੇਜਣਾ ਸ਼ੁਰੂ ਕਰ ਦਿੱਤਾ ਜੋ 15 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ। ਇਸ ਜਥੇ ਨੂੰ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋਣ ਤੋਂ ਪਹਿਲਾਂ ਹੀ ਫੜ ਲਿਆ ਗਿਆ। ਇਸੇ ਤਰ੍ਹਾਂ 25 ਸਿੰਘਾਂ ਦਾ ਜਥਾ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਤੁਰਦਾ
ਅਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ।

ਇਸ ਤਰ੍ਹਾਂ ਗ੍ਰਿਫ਼ਤਾਰ ਕੀਤੇ ਹਰ ਜਥੇ ਨੂੰ ਦੋ-ਤਿੰਨ ਦਿਨ ਸਾਧਾਰਨ ਕੰਡਿਆਲੀ ਤਾਰ ਦੀ ਵਲਗਣ ਅੰਦਰ ਭੁੱਖੇ-ਪਿਆਸੇ ਹੀ ਰੱਖਿਆ ਜਾਂਦਾ, ਕਈਆਂ ਦੀ ਮਾਰਕੁਟਾਈ ਕੀਤੀ ਜਾਂਦੀ ਅਤੇ ਫਿਰ ਕਈਆਂ ਨੂੰ ਦੂਰ ਲਿਜਾ ਕੇ ਜੰਗਲਾਂ-ਉਜਾੜਾਂ ਵਿਚ ਛੱਡ ਦਿੱਤਾ ਜਾਂਦਾ ਜਿਥੋਂ ਸਿੰਘ ਫਿਰ ਲੰਮੇ ਪੈਂਡੇ ਮਾਰ ਕੇ ਅੰਮ੍ਰਿਤਸਰ ਜਾ ਕੇ ਜਥਿਆਂ ਵਿਚ ਮਿਲ ਜਾਂਦੇ। 13 ਅਕਤੂਬਰ, 1923 ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਹਾਂ ਨੂੰ ਖ਼ਿਲਾਫ਼-ਕਾਨੂੰਨ ਜਮਾਇਤਾਂ ਕਰਾਰ ਦੇ ਦਿੱਤਾ ਗਿਆ ਅਤੇ ਕਮੇਟੀ ਦੇ ਮੈਂਬਰਾਂ, ਮੁਲਾਜ਼ਮਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਵਿਚ ਸ. ਮਹਿਤਾਬ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਸ. ਤੇਜਾ ਸਿੰਘ ਸਮੁੰਦਰੀ ਮੀਤ ਪ੍ਰਧਾਨ, ਸ. ਤੇਜਾ ਸਿੰਘ ਅਕਰਪੁਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਬਾਬਾ ਹਰਕ੍ਰਿਸ਼ਨ ਸਿੰਘ, ਪ੍ਰੋ. ਤੇਜਾ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ, ਪ੍ਰੋ. ਨਿਰੰਜਨ ਸਿੰਘ, ਸ. ਸਰਮੁਖ ਸਿੰਘ ਪ੍ਰਧਾਨ ਅਕਾਲੀ ਦਲ, ਰਸਾਲਦਾਰ ਸੁੰਦਰ ਸਿੰਘ, ਸ. ਗੋਪਾਲ ਸਿੰਘ ਕੌਮੀ, ਸ. ਤੇਜਾ ਸਿੰਘ ਘਵਿੰਡ, ਸ. ਸੇਵਾ ਸਿੰਘ ਠੀਕਰੀਵਾਲਾ, ਰਸਾਲਦਾਰ ਰਣਜੋਧ ਸਿੰਘ ਅਤੇ ਪ੍ਰੋ. ਸਾਹਿਬ ਸਿੰਘ ਆਦਿਕ 48 ਸਿੰਘ ਸ਼ਾਮਲ ਸਨ। ਇਨ੍ਹਾਂ ਖ਼ਿਲਾਫ਼ 4 ਨਵੰਬਰ, 1923 ਨੂੰ ਅੰਮ੍ਰਿਤਸਰ ਵਿਖੇ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ। 3 ਮਾਰਚ, 1924 ਨੂੰ ਸਰਕਾਰੀ ਬੰਦੀਆਂ ਨੂੰ ਲਾਹੌਰ ਕਿਲ੍ਹੇ ਵਿਚ ਭੇਜ ਦਿੱਤਾ ਗਿਆ ਅਤੇ ਕਿਲ੍ਹੇ ਵਿਚ ਹੀ ਜਨਵਰੀ 1926 ਤਕ ਕੇਸ ਚੱਲਦਾ ਰਿਹਾ। ਗ੍ਰਿਫ਼ਤਾਰੀਆਂ ਪਿੱਛੋਂ ਵੀ ਗੰਗਸਰ ਜੈਤੋ ਨੂੰ ਰੋਜ਼ਾਨਾ 25-25 ਸਿੰਘਾਂ ਦੇ ਜਥੇ ਭੇਜੇ ਜਾਣ ਦਾ ਸਿਲਸਿਲਾ ਉਵੇਂ ਹੀ ਜਾਰੀ ਰਿਹਾ।

ਸਿੰਘਾਂ ਨੇ ਫ਼ੈਸਲਾ ਕੀਤਾ ਕਿ ਪੰਝੀ-ਪੰਝੀ ਸਿੰਘਾਂ ਦੀ ਬਜਾਏ ਪੰਜ-ਪੰਜ ਸੌ ਸਿੰਘਾਂ ਦੇ ਜਥੇ ਗੰਗਸਰ ਵਿਖੇ ਭੇਜੇ ਜਾਣ ਅਤੇ ਪਹਿਲਾ ਸ਼ਹੀਦੀ ਜਥਾ 21 ਫਰਵਰੀ, 1924 ਨੂੰ ਜੈਤੋ ਪੁੱਜੇ ਅਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਕੇ ਸ੍ਰੀ ਅਖੰਡ ਪਾਠ ਅਰੰਭ ਕਰੇ। ਸੋ 9 ਫਰਵਰੀ ਨੂੰ ਬਸੰਤ ਪੰਚਮੀ ਦੇ ਦਿਨ ਪੰਜ ਸੌ ਸਿੰਘਾਂ ਦਾ ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਅਰਦਾਸਾ ਸੋਧ ਕੇ ਚੱਲਿਆ ਕਿ ਇਹ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਨਗੇ ਅਤੇ ਜੋ ਵੀ ਮੁਸੀਬਤਾਂ ਸਹਿਣੀਆਂ ਪੈਣ ਬਿਨਾਂ ਮੁਕਾਬਲਾ ਹੀ ਸਹਿਣਗੇ। ਹੌਲੀ-ਹੌਲੀ ਇਹ ਜਥਾ ਹਜ਼ਾਰਾਂ ਦੀ ਗਿਣਤੀ ਵਿਚ ਹੋ ਗਿਆ। ਉਧਰ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਜਥੇ ਦੀ ਆਉ-ਭਗਤ ਕਰਨ ਤੋਂ ਰੋਕਿਆ ਗਿਆ। ਜੋ ਲੋਕ ਫਿਰ ਵੀ ਸੇਵਾ ਕਰਦੇ, ਉਨ੍ਹਾਂ ’ਤੇ ਸਖ਼ਤੀ ਕੀਤੀ ਜਾਂਦੀ। ਜਦੋਂ ਜਥਾ ਫੂਲ ਵਿਖੇ ਪਹੁੰਚਿਆ ਤਾਂ ਪਿੰਡ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਪਹਿਰਾ ਲੱਗਣ ਦੇ ਬਾਵਜੂਦ ਵੀ ਲੋਕਾਂ ਨੇ ਕੰਧਾਂ ਟੱਪ ਕੇ ਚਾਹ-ਪਾਣੀ ਛਕਾਇਆ। ਜਥੇ ਦਾ ਆਖ਼ਰੀ ਪੜਾਅ 20 ਫਰਵਰੀ ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਸੀ। 21 ਫਰਵਰੀ ਨੂੰ ਸਵੇਰੇ ਆਸਾ ਦੀ ਵਾਰ ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਥੇ ਨੇ ਜੈਤੋ ਵੱਲ ਕੂਚ ਕੀਤਾ, ਜੋ ਇਥੋਂ ਛੇ ਕੁ ਮੀਲ ਸੀ। ਇਸ ਦੀ ਗਿਣਤੀ ਹਜ਼ਾਰਾਂ ਵਿਚ ਹੋ ਗਈ ਸੀ, ਜਿਸ ਵਿਚ ਕਾਫ਼ੀ ਬੀਬੀਆਂ ਵੀ ਸ਼ਾਮਲ ਸਨ। ਕਾਂਗਰਸੀ ਨੇਤਾ ਡਾ. ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ‘ਨਿਊਯਾਰਕ ਟਾਈਮਜ਼’ ਦੇ ਪ੍ਰਤੀਨਿਧ ਮਿ. ਜਿੰਮਜ਼ ਵੀ ਕਾਰ ਵਿਚ ਜਥੇ ਨਾਲ ਚੱਲ ਰਹੇ ਸਨ। ਨਾਭਾ ਰਾਜ ਦੀ ਹੱਦ ’ਤੇ ਕਾਂਗਰਸੀ ਨੇਤਾਵਾਂ ਨੂੰ ਰੋਕ ਲਿਆ ਗਿਆ। ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਚੁੱਕ ਕੇ ਜਾ ਰਹੇ ਸਨ, ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੀ ਅਤੇ ਜਥਾ ਚਾਰ-ਚਾਰ ਦੀਆਂ ਕਤਾਰਾਂ ਵਿਚ ਚੱਲ ਰਿਹਾ ਸੀ। ਗੰਗਸਰ ਨੂੰ ਜਾਣ ਵਾਲੇ ਰਸਤੇ ’ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਪੁਲਿਸ ਦਾ ਪਹਿਰਾ ਸੀ। ਗੁਰਦੁਆਰਾ ਸਾਹਿਬ ਕੋਲ ਕਿਲ੍ਹੇ ਉੱਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ ਅਤੇ ਹਰ ਪਾਸੇ ਫੌਜ ਤੇ ਪੁਲਿਸ ਬੰਦੂਕਾਂ ਸਿੱਧੀਆਂ ਕਰ ਕੇ ਖੜ੍ਹੀ ਸੀ। ਅੰਗਰੇਜ਼ ਅਫ਼ਸਰ ਵਿਲੀਅਮ ਜਾਨਸਟਨ ਅਤੇ ਹੋਰ ਵੀ ਕਈ ਅਫ਼ਸਰ ਮੌਜੂਦ ਸਨ। ਜਥਾ ਅਜੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਡੇਢ ਕੁ ਸੌ ਗਜ਼ ਪਿੱਛੇ ਹੀ ਸੀ ਕਿ ਇਕ ਯੂਰਪੀਨ ਅਫ਼ਸਰ ਨੇ ਉਥੇ ਹੀ ਰੁਕਣ ਲਈ ਕਿਹਾ ਪਰ ਜਦੋਂ ਜਥਾ ਨਾ ਰੁਕਿਆ ਤਾਂ ਇਕਦਮ ਤਿੰਨਾਂ ਪਾਸਿਆਂ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ। ਫਿਰ ਵੀ ਜਥਾ ਬੜੀ ਸ਼ਾਂਤੀ, ਹੌਸਲੇ ਅਤੇ ਵੱਡੇ ਦਿਲ ਨਾਲ ਅੱਗੇ ਵਧਦਾ ਗਿਆ। ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ। ਇਕ ਬੀਬੀ ਆਪਣੇ ਗੋਦੀ ਵਾਲੇ ਬੱਚੇ ਨੂੰ ਗੋਲੀ ਲੱਗ ਕੇ ਸ਼ਹੀਦ ਹੋ ਜਾਣ ਦੇ ਬਾਵਜੂਦ ਵੀ ਰੁਕੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਹਰ ਹੀਲੇ ਗੋਲੀ ਲੱਗਣ ਤੋਂ ਬਚਾਇਆ ਜਾ ਰਿਹਾ ਸੀ। ਗੋਲੀ-ਬਾਰੀ ਬੰਦ ਹੋਣ ਤਕ ਬਹੁਤ ਸਾਰੀ ਸੰਗਤ ਗੁਰਦੁਆਰਾ ਟਿੱਬੀ ਸਾਹਿਬ ਪਹੁੰਚ ਚੁਕੀ ਸੀ। ਅੰਗਰੇਜ਼ ਅਫ਼ਸਰਾਂ ਵੱਲੋਂ ਜ਼ਖ਼ਮੀ ਅਤੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਗੁਰਦੁਆਰਾ ਟਿੱਬੀ ਸਾਹਿਬ ਲਿਆਉਣ ’ਤੇ ਲਾਈ ਗਈ ਰੋਕ ਦੇ ਬਾਵਜੂਦ ਵੀ ਸਿੰਘ ਕਾਫ਼ੀ ਜ਼ਖ਼ਮੀਆਂ ਨੂੰ ਚੁੱਕ ਕੇ ਲੈ ਆਏ। ਹੁਣ ਬਾਕੀ ਬਚੇ ਸਿੰਘ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧੇ। ਪਰ ਇਕ ਘੋੜ-ਸਵਾਰ ਫੌਜੀ ਦਸਤੇ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਉਨ੍ਹਾਂ ਨੇ ਫਿਰ ਵੀ ਅੱਗੇ ਵਧਦੇ ਜਾ ਰਹੇ ਬੁੱਢੇ ਤੇ ਬੀਬੀਆਂ/ਬੱਚਿਆਂ ਨੂੰ ਘੋੜਿਆਂ ਦੀਆਂ ਟਾਪਾਂ ਥੱਲੇ ਲਤਾੜ ਕੇ ਸ਼ਹੀਦ ਕਰ ਦਿੱਤਾ। ਸਿੰਘਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਅਤੇ ਨੂੜ ਕੇ ਕੰਡਿਆਲੀ ਤਾਰ ਦੀ ਵਲਗਣ ਵਿਚ ਸੁੱਟ ਦਿੱਤਾ ਗਿਆ। ਸਿੱਖ ਬੀਬੀਆਂ ਅਤੇ ਸਿੱਖ ਪੁਰਸ਼ ਜੋ ਜ਼ਖ਼ਮੀਆਂ ਦੀ ਸੰਭਾਲ ਕਰ ਰਹੇ ਸਨ, ਨੂੰ ਵੀ ਬਹੁਤ ਮਾਰਿਆ ਗਿਆ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਬਹੁਤ ਸਾਰੇ ਸਿੰਘ ਭੁੱਖੇ-ਪਿਆਸੇ ਹੀ ਸ਼ਹੀਦੀਆਂ ਪਾ ਗਏ।

ਸ਼੍ਰੋਮਣੀ ਕਮੇਟੀ ਦੇ ਅਨੁਮਾਨ ਮੁਤਾਬਿਕ 400 ਤੋਂ ਵੀ ਵੱਧ ਸਿੰਘ ਸ਼ਹੀਦ ਹੋ ਗਏ। ਬਹੁਤ ਸਾਰੇ ਸਿੰਘ ਜ਼ਖ਼ਮੀ ਹੋ ਗਏ ਅਤੇ 700 ਤੋਂ ਵੱਧ ਮੌਕੇ ’ਤੇ ਹੀ ਫੜ ਲਏ ਗਏ। ਉਨ੍ਹਾਂ ਨੂੰ ਬਹੁਤ ਹੀ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ, ਭੁੱਖੇ-ਪਿਆਸੇ ਰੱਖਿਆ ਗਿਆ ਅਤੇ ਫਿਰ ਬਾਕੀਆਂ ਨੂੰ ਦੂਰ ਜੰਗਲਾਂ ਵਿਚ ਛੱਡ ਦਿੱਤਾ ਗਿਆ। ਗੰਗਸਰ ਜੈਤੋ ਮੋਰਚੇ ਵਿਚ 500 ਸਿੰਘਾਂ ਦੇ ਜਥੇ ਦੀ ਅਜਿਹੀ ਦਰਦਨਾਕ ਘਟਨਾ ਦੇ ਬਾਵਜੂਦ ਵੀ ਸਿੱਖਾਂ ਦਾ ਜੋਸ਼ ਠੰਡਾ ਨਹੀਂ ਸੀ ਹੋਇਆ ਸਗੋਂ ਹੋਰ ਵੀ ਵਧ ਗਿਆ ਤੇ ਸਿੰਘ ਖੁਸ਼ੀ ਨਾਲ ਗਾਉਂਦੇ, ‘ਨਾਭੇ ਨੂੰ ਜ਼ਰੂਰ ਜਾਊਂਗਾ ਭਾਵੇਂ ਸਿਰ ਕੱਟ ਜਾਏ ਮੇਰਾ!’ ਇਸੇ ਤਰ੍ਹਾਂ ਇਹ ਮੋਰਚਾ ਲੱਗਭਗ ਇਕ ਸਾਲ ਦਸ ਮਹੀਨੇ ਤਕ ਚੱਲਦਾ ਰਿਹਾ, ਅਨੇਕਾਂ ਜਥੇ ਵੱਖੋ-ਵੱਖ ਥਾਵਾਂ ਤੋਂ ਇਥੇ ਪਹੁੰਚੇ ਅਤੇ ਸਿੰਘਾਂ ਨੂੰ ਬਹੁਤ ਅਣਥੱਕ ਘਾਲਣਾਵਾਂ ਘਾਲਣੀਆਂ ਪਈਆਂ। ਕਿੰਨੇ ਹੀ ਸਿੰਘ ਸ਼ਹੀਦ ਤੇ ਫੱਟੜ ਹੋਏ, ਕਿੰਨੇ ਹੀ ਅੰਗਹੀਣ ਹੋ ਕੇ ਉਮਰ ਭਰ ਲਈ ਨਕਾਰਾ ਹੋ ਗਏ, ਅਨੇਕਾਂ ਦੀਆਂ ਜਾਇਦਾਦਾਂ ਤੇ ਘਰ-ਘਾਟ ਜ਼ਬਤ ਕਰ ਕੇ, ਉਨ੍ਹਾਂ ਨੂੰ ਦੇਸ਼-ਨਿਕਾਲਾ ਦਿੱਤਾ ਗਿਆ। ਜੇਲ੍ਹਾਂ ਅੰਦਰ ਮੁਸੀਬਤਾਂ ਸਹਿਣੀਆਂ ਪਈਆਂ, ਮਾਰ-ਕੁਟਾਈਆਂ ਹੋਈਆਂ ਅਤੇ ਭੁੱਖਾਂ-ਪਿਆਸਾਂ ਕੱਟੀਆਂ।

ਇਹ ਮੋਰਚਾ ਕਿਵੇਂ ਖ਼ਤਮ ਹੋਇਆ ਅਤੇ ਇਸ ਦੇ ਕੀ ਨਤੀਜੇ ਨਿਕਲੇ, ਇਹ ਇਕ ਲੰਮੀ ਕਹਾਣੀ ਹੈ। ਇਥੇ ਏਨਾ ਕਹਿਣਾ ਹੀ ਕਾਫ਼ੀ ਹੈ ਕਿ ਖਾਲਸੇ ਨੇ ਇਸ ਮੋਰਚੇ ਦੇ ਧਾਰਮਿਕ ਪੱਖ ਅਥਵਾ ਖੰਡਿਤ ਹੋਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਪਾਬੰਦੀ ਨੂੰ ਸਵੀਕਾਰ ਕਰਨ ਦੇ ਜਾਰੀ ਕੀਤਾ ਅਤੇ ਉਸ ਥਾਂ ’ਤੇ ਜਿੱਥੇ ਇਕ ਪਾਠ ਕਰਨ ਲਈ ਵੀ ਨਾਭੇ ਦੀ ਅੰਗਰੇਜ਼ ਸਰਕਾਰ ਆਗਿਆ ਨਹੀਂ ਸੀ ਦਿੰਦੀ,
ਉਥੇ 101 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਕੀਤੇ ਪ੍ਰਣ ਅਤੇ ਸੋਧੇ ਅਰਦਾਸੇ ਨੂੰ ਗੁਰੂ ਦੀ ਕਿਰਪਾ ਸਦਕਾ ਤੋੜ ਨਿਭਾਇਆ।

ਸ਼੍ਰੀ ਸੀ.ਐਫ. ਐਂਡਰਿਊਜ਼ ਇਸ ਬਾਰੇ ਲਿਖਦਾ ਹੈ:


“ਮੈਂ ਉਨ੍ਹਾਂ ਦੇ ਧਰਮ ਨੂੰ ਇਸ ਦਾ ਆਧਾਰ ਮੰਨਦਾ ਹਾਂ... ਉਨ੍ਹਾਂ ਵਿੱਚੋਂ ਹਰ ਆਦਮੀ ਦਾ ਇਹ ਨਿਸ਼ਚਾ ਸੀ ਕਿ ਉਹ ਆਪਣਾ ਆਪ ਵਾਹਿਗੁਰੂ ਪ੍ਰਤੀ ਅਰਪਣ ਕਰਦਾ ਹੈ।”

ਸ਼੍ਰੀਮਤੀ ਸਰੋਜਨੀ ਨਾਇਡੂ ਇਸ ਬਾਰੇ ਲਿਖਦੀ ਹੈ:

“ਅਕਾਲੀਆਂ ਦੀ ਸਫ਼ਲਤਾ ਦਾ ਭੇਤ ਜਥੇਬੰਦੀ ਤੇ ਏਕਤਾ ਵਿਚ ਹੈ।”

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?