A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

Author/Source: ਭਾਈ ਗੁਰਦਰਸ਼ਨ ਸਿੰਘ (Bhai Gurdarshan Singh)

ਹੱਥੀਂ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥ ਕਦੇ ਨ ਨੱਠੇ ਜੁੱਧ ਤੇ ਜੋਧੇ ਜੁਝਾਰੇ ॥

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।


੧. ਭਾਰਤੀ ਔਰਤਾਂ ਦੇ ਜੀਵਣ ਸੁਧਾਰ ਵਿੱਚ ਗੁਰੂ ਸਾਹਿਬਾਨਾਂ ਦੀ ਦੇਣ -


ਪ੍ਰਾਚੀਨ ਭਾਰਤੀ ਇਤਿਹਾਸ ਅੰਦਰ ਔਰਤਾਂ ਦੇ ਜੀਵਣ ਹਾਲਾਤ ਬਹੁਤ ਹੀ ਤਰਸਯੋਗ ਸਨ। ਔਰਤਾਂ ਦੇ ਜਨਮ, ਵਿਆਹ, ਰੋਗ ਅਤੇ ਯਾਤਰਾ ਸਬੰਧੀ ਅਨੇਕਾਂ ਅੰਧ-ਵਿਸ਼ਵਾਸ ਪ੍ਰਚਲਿਤ ਸਨ। ਔਰਤਾਂ ਆਮ ਕਰਕੇ ਘਰਾਂ ਦੀ ਚਾਰ ਦਿਵਾਰੀ ਵਿੱਚ ਹੀ ਰਹਿੰਦੀਆਂ ਸਨ ਅਤੇ ਉਨ੍ਹਾਂ ਨੂੰ ਕੇਵਲ ਸੰਤਾਨ ਪ੍ਰਾਪਤੀ ਦਾ ਸਾਧਨ ਹੀ ਸਮਝਿਆ ਜਾਂਦਾ ਸੀ। ਉੱਚ ਸਿੱਖਿਆ ਅਤੇ ਆਰਥਿਕ ਖੇਤਰ 'ਚ ਇਨ੍ਹਾਂ ਦੀ ਸਵੈ-ਨਿਰਭਰਤਾ ਵਰਜਿਤ ਸੀ। ਪ੍ਰਸਿੱਧ ਵਿਦਵਾਨ ਮੈਗਸਥਨੀਜ਼ ਲਿਖਦਾ ਹੈ ਕਿ "ਬ੍ਰਾਹਮਣ ਇਸਤਰੀ ਨੂੰ ਦਾਰਸ਼ਨਿਕ ਗਿਆਨ ਦੇਣ ਦੇ ਵਿਰੁੱਧ ਸੀ", ਡਾ. ਡੀ.ਆਰ ਭੰਡਾਰਕਰ ਲਿਖਦਾ ਹੈ ਕਿ "ਉਸ ਸਮੇਂ ਪਰਦੇ ਦਾ ਰਿਵਾਜ਼ ਸੀ। ਇਥੋਂ ਤੱਕ ਕਿ ਰਾਜੇ ਮਹਾ-ਰਾਜਿਆਂ ਦੀਆਂ ਔਰਤਾਂ ਵੀ ਪਰਦੇ ਵਿੱਚ ਰਹਿੰਦੀਆਂ ਸਨ, ਰਾਜੇ ਅਨੇਕਾਂ ਵਿਆਹ ਕਰਵਾਉਂਦੇ ਸਨ, ਸਮਾਜ ਵਿੱਚ ਔਰਤਾਂ ਕੋਲੋਂ ਵੇਸਵਾ-ਵਿਰਤੀ ਕਰਵਾਈ ਜਾਂਦੀ ਸੀ"। ਸਮਾਜ ਦੀਆਂ ਕਈ ਉੱਚ ਜਾਤਾਂ ਅਤੇ ਕਬੀਲਿਆਂ ਵਿੱਚ ਇਹ ਰਿਵਾਜ਼ ਪ੍ਰਚਲਿਤ ਸੀ ਕਿ ਜਦੋਂ ਕੋਈ ਔਰਤ ਵਿਧਵਾ ਹੋ ਜਾਂਦੀ ਸੀ ਤਾਂ ਉਸਦਾ ਸਿਰ ਮੁੰਨ ਕੇ ਕਸਬੇ ਤੋਂ ਬਾਹਰਵਾਰ ਉਸਦੀ ਰਿਹਾਇਸ਼ ਕਰ ਦਿੱਤੀ ਜਾਂਦੀ ਸੀ ਅਤੇ ਉਹ ਔਰਤ ਸਾਰੀ ਉਮਰ ਆਪਣੇ ਸਿਰ ਦੇ ਵਾਲ ਨਹੀਂ ਸੀ ਵਧਾ ਸਕਦੀ। ਅਜਿਹਾ ਉਸਦੀ ਵਿਧਵਾ ਵਜੋਂ ਪਹਿਚਾਣ ਲਈ ਕੀਤਾ ਜਾਂਦਾ ਸੀ ਅਤੇ ਸੁਹਾਗਣ ਔਰਤਾਂ ਅਜਿਹੀ ਔਰਤ ਦੇ ਪਰਛਾਵੇਂ ਤੋਂ ਵੀ ਦੂਰ ਰਹਿੰਦੀਆਂ ਸਨ।

ਮੰਨੂ ਸਮਰਿਤੀ ਕਾਲ ਵਿੱਚ ਮੰਨੂੰ ਨੇ ਤਾਂ ਬਹੁਤ ਹੀ ਭੇੜੇ ਢੰਗ ਨਾਲ ਔਰਤ ਨੂੰ ਲਤਾੜਿਆ ਹੈ। ਮੰਨੂੰ ਲਿਖਦਾ ਹੈ ਕਿ "ਔਰਤ ਬਚਪਨ ਵਿੱਚ ਪਿਤਾ ਦੀ, ਵਿਆਹ ਤੋਂ ਬਾਅਦ ਪਤੀ ਦੀ, ਜੇ ਔਲਾਦ ਵਾਲੀ ਵਿਧਵਾ ਹੈ ਤਾਂ ਔਲਾਦ ਦੀ ਆਗਿਆ 'ਚ ਰਹੇ ਅਤੇ ਕਦੇ ਵੀ ਉਨ੍ਹਾਂ ਦੇ ਹੁਕਮ ਦੀ ਉਲੰਘਣਾ ਨਾ ਕਰੇ, ਵਿਧਵਾ ਹੋਣ 'ਤੇ ਔਰਤ ਕਦੀ ਦੁਬਾਰਾ ਵਿਆਹ ਨਾ ਕਰੇ।" ਮੰਨੂੰ ਨੇ ਸਿਮਰਤੀ ਅੰਦਰ ਇਥੋਂ ਤੱਕ ਲਿਖਿਆ ਹੈ ਕਿ ਜੇਕਰ ਵਿਧਵਾ ਔਰਤ ਦੁਬਾਰਾ ਵਿਆਹ ਕਰੇ ਤਾਂ ਉਹ ਗਿੱਦੜ ਦੀ ਜੂਨੀ ਵਿੱਚ ਪਵੇਗੀ। ਮੰਨੂੰ ਹੋਰ ਲਿਖਦਾ ਹੈ ਕਿ ਔਰਤ ਦਾ ਪਤੀ ਭਾਵੇਂ ਸ਼ਰਾਬੀ , ਵਿਭਚਾਰੀ , ਜੂਏਬਾਜ ਜਾਂ ਲੂਲਾ-ਲੰਗੜਾ ਹੀ ਕਿਉਂ ਨਾ ਹੋਵੇ ਉਹ ਮਰਦ ਫਿਰ ਵੀ ਔਰਤ ਲਈ ਪੂਜਨਯੋਗ ਹੈ। ਹਿੰਦੂ ਸਮਾਜ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਜਿਸਨੂੰ ਜਦੋਂ ਮਰਜੀ ਬਦਲਿਆ ਜਾ ਸਕਦਾ ਹੈ। ਯੋਗ ਮੱਤ ਦੇ ਮੋਢੀ ਗੋਰਖਨਾਥ ਤਾਂ ਇਸਤਰੀ ਨੂੰ ਬਘਿਆੜਨ ਕਹਿ ਕੇ ਸੰਬੋਧਨ ਕਰਦਾ ਹੈ ਜਿਸਨੇ ਤਿੰਨਾਂ ਲੋਕਾਂ ਨੂੰ ਖਾ ਲਿਆ ਹੈ "ਇਨ ਬਘਿਆੜਨ ਤ੍ਰੈ ਲੋਈ ਖਾਈ" ਯੋਗੀ ਔਰਤ ਦੇ ਪਰਛਾਵੇਂ ਤੋਂ ਵੀ ਤ੍ਰਹਿੰਦੇ ਸਨ ਅਤੇ ਘਰ ਬਾਰ ਦਾ ਤਿਆਗ ਕਰ ਜੰਗਲਾਂ ਨੂੰ ਨਿਕਲ ਜਾਂਦੇ ਸਨ, ਅਤੇ ਗ੍ਰਹਿਸਤੀ ਲੋਕਾਂ ਨੂੰ ਰੱਜ ਕੇ ਨਿੰਦਦੇ ਸਨ ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਨੂੰ ਪੁਛਿਆ ਕਿ ਤੁਸੀਂ ਔਰਤ 'ਤੇ ਗ੍ਰਹਿਸਤ ਧਰਮ ਨੂੰ ਮਾੜਾ ਕਹਿੰਦੇ ਹੋ ਪਰ ਪੇਟ ਦੀ ਭੁੱਖ ਮਿਟਾਉਣ ਲਈ ਉਨ੍ਹਾਂ ਗ੍ਰਹਿਸਤੀ ਲੋਕਾਂ ਦੇ ਘਰ ਜਾ ਕੇ ਔਰਤਾਂ ਦੁਆਰਾ ਪਕਾਇਆ ਭੋਜਨ ਮੰਗਦੇ ਫਿਰਦੇ ਹੋ ਆਪ ਜੀ ਦਾ ਫੁਰਮਾਨ ਹੈ "ਹੋਇ ਅਤੀਤੁ ਗ੍ਰਹਿਸਤ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ॥"

ਧੰਨ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਣ ਬੰਗਾਲ ਵਿਖੇ ਸ਼ੈਵ ਮੱਤ ਦੇ ਧਾਰਨੀ ਲੋਕਾਂ ਨੂੰ ਮਿਲੇ ਜੋ ਸ਼ਰਾਬ ਆਦਿਕ ਨਸ਼ੇ ਕਰਕੇ ਭੈਰਵੀ ਚੱਕਰ ਬਣਾ ਕੇ ਨੱਚਦੇ ਸਨ ਅਤੇ ਸਰੀਰਕ ਸਬੰਧ ਬਨਾਉਣ ਲੱਗਿਆਂ ਪਿਓ-ਧੀ , ਮਾਂ-ਪੁੱਤਰ , ਭੈਣ-ਭਰਾ ਆਦਿਕ ਜਿਹੇ ਪਵਿੱਤਰ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਸੁੱਟਦੇ ਸਨ। ਗੁਰੂ ਪਿਤਾ ਜੀ ਨੇ ਉਨ੍ਹਾਂ ਨੂੰ ਅਜਿਹੇ ਗੈਰ ਮਾਨਵੀ ਵਰਤਾਰੇ ਤੋਂ ਰੋਕ ਕੇ ਪ੍ਰਭੂ ਭਗਤੀ ਵੱਲ ਲਗਾਇਆ। ਰਾਜੇ ਅਕਸਰ ਆਪਣੇ ਰਾਜ ਖੇਤਰ ਵਧਾਉਣ ਲਈ ਲੜ੍ਹਦੇ ਰਹਿੰਦੇ ਸਨ, ਕਿ ਦੂਜੇ ਰਾਜ 'ਤੇ ਹਮਲੇ ਵੇਲੇ ਔਰਤਾਂ ਨੂੰ ਸਭ ਤੋਂ ਵੱਧ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਸੀ ਉਨ੍ਹਾਂ ਨਾਲ ਬਲਾਤਕਾਰ ਕੀਤੇ ਜਾਂਦੇ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਆਪਣੇ ਰਾਜ ਵਿੱਚ ਲਿਆ ਕੇ ਨਰਕ ਭੋਗਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਅਕਸਰ ਵਿਦੇਸ਼ੀ ਧਾੜਵੀ ਭਾਰਤ ਦੀਆਂ ਬਹੂ-ਬੇਟੀਆਂ ਨੂੰ ਲੁੱਟ ਕੇ ਲੈ ਜਾਂਦੇ ਅਤੇ ਕਾਬੁਲ ਗਜ਼ਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ 'ਤੇ ਵੇਚਦੇ। ਜਦੋਂ ਕਿ ਉਸ ਸਮੇਂ ਇੱਕ ਗਊ-ਮੱਝ ਦੀ ਕੀਮਤ ਵੀ ਘੱਟੋ-ਘੱਟ ਇੱਕ ਆਨ੍ਹਾ ਜਰੂਰ ਸੀ। ਇਹੋ ਕਾਰਨ ਸੀ ਕਿ ਉਸ ਸਮੇਂ ਬਾਲ ਵਿਆਹ ਪ੍ਰਥਾ, ਜੰਮਦੀ ਕੁੜੀ ਮਾਰਨੀ ਤੇ ਸਤੀ ਦੀ ਰਸਮ ਜੋਰਾਂ 'ਤੇ ਸੀ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਰਤ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਨੂੰ ਔਰਤਾਂ ਦਾ ਸਤਿਕਾਰ ਕਰਨ ਦਾ ਹੌਕਾ ਦੇ ਕੇ ਕਿਹਾ ਸੰਸਾਰ ਦਾ ਜਨਮ, ਵਿਕਾਸ, ਪ੍ਰਸਾਰ, ਸਭ ਔਰਤ ਜਾਤੀ 'ਤੇ ਹੀ ਨਿਰਭਰ ਹੈ।

ਗੁਰੂ ਵਾਕ ਹੈ "ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣਿ ਵਿਆਹੁ॥ ਭੰਡਹੁ ਹੋਵਹਿ ਦੋਸਤੀ ਭੰਡਹੁ ਚਲਹਿ ਰਾਹੁ॥ ਭੰਡਿ ਮੂਆ ਭੰਡਿ ਭਾਲੀਐ ਭੰਡਿ ਹੋਵਹਿ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥" (ਵਾਰ ਆਸਾ ਮਹਲਾ ੧ , ਅੰਗ-੪੭੩) ,

ਹਿੰਦੂ ਧਰਮ ਵਿੱਚ ਪਤੀ ਦੀ ਚਿਖਾ ਵਿੱਚ ਮਜ਼ਬੂਰਨ ਪਤੀ ਨੂੰ ਸਾੜ ਦਿੱਤਾ ਜਾਂਦਾ ਸੀ। ਕਿਸੇ ਦੀ ਜੂਅਰਤ ਨਹੀਂ ਸੀ ਇਸ ਭੈੜੀ ਰਸਮ ਨੂੰ ਬੰਦ ਕਰੇ ਪਰ ਅਕਬਰ ਵਲੋਂ ਤੀਜ਼ੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਉਣ 'ਤੇ ਤੀਜੇ ਪਾਤਸ਼ਾਹ ਜੀ ਨੇ ਸਰਕਾਰੀ ਤੌਰ 'ਤੇ ਇਸ ਭੈੜੀ ਸਤੀ ਦੀ ਰਸਮ 'ਤੇ ਪਾਬੰਦੀ ਲਗਵਾਈ। ਪ੍ਰਸਿੱਧ ਵਿਦਵਾਨ ਜੇ.ਬੀ ਸਕਾਟ ਲਿਖਦਾ ਹੈ ਕਿ "ਗੁਰੂ ਅਮਰਦਾਸ ਜੀ ਹੀ ਸੰਸਾਰ ਦੇ ਪਹਿਲੇ ਸੁਧਾਰਕ ਸਨ ਜਿੰਨ੍ਹਾਂ ਸਭ ਤੋਂ ਪਹਿਲਾਂ ਸਤੀ ਦੀ ਰਸਮ ਬੰਦ ਕਰਵਾਈ ਤੇ ਗੁਰਬਾਣੀ ਰਾਂਹੀ ਇਸ ਰਸਮ ਵਿਰੁੱਧ ਪ੍ਰਚਾਰ ਕਰਦਿਆਂ ਫੁਰਮਾਇਆ

"ਸਤੀਆਂ ਏਹਿ ਨਾ ਆਖੀਅਨਿ ਜੋ ਮੜੀਆ ਲਗਿ ਜਲੰਨਿ॥ ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥" (ਵਾਰ ਸੂਹੀ ਕੀ ਅੰਗ-੭੮੭)

ਕਾਂਗੜਾ ਹਰੀਪੁਰ ਦੀ ਰਾਣੀ ਝਾਲੀ ਬਾਈ ਜੋ ਪਾਗਲ ਹੋਣ ਕਰਕੇ ਰਾਜੇ ਵਲੋਂ ਛੱਡ ਦਿੱਤੀ ਗਈ ਸੀ ਉਸ 'ਤੇ ਮਿਹਰ ਕਰਦਿਆਂ ਅਰੋਗ ਕਰਕੇ ਉਸਦਾ ਦੁਬਾਰਾ ਵਿਆਹ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁਨਰ ਵਿਧਵਾ ਵਿਆਹ ਦੀ ਮਰਿਆਦਾ ਵੀ ਆਰੰਭ ਕੀਤੀ। ਜੰਮਦਿਆਂ ਬੱਚੀਆਂ ਨੂੰ ਮਾਰ ਦੇਣ ਵਿਰੁੱਧ ਆਪ ਜੀ ਦੇ ਮਹਿਲ ਮਾਤਾ ਮਨਸਾ ਦੇਈ ਜੀ ਨੇ ਸੁਧਾਰਕ ਲਹਿਰ ਚਲਾਈ ਤੇ ਇਹ ਕਹਿ ਕੇ ਇਸ ਲਾਹਨਤ ਵਿਰੁੱਧ ਸੰਗਤਾਂ ਨੂੰ ਸੁਚੇਤ ਕੀਤਾ ਕਿ ਕੁੜੀ ਮਾਰਾਂ ਦੀਆਂ ਇੱਕੀ ਕੁਲ੍ਹਾਂ ਨਸ਼ਟ ਹੋ ਜਾਂਦੀਆਂ ਹਨ। ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਿੱਖਾਂ ਨੂੰ ਸਪਸ਼ਟ ਹੁਕਮਨਾਮਾ ਜਾਰੀ ਕੀਤਾ ਕਿ ਸਿੱਖ ਕਦੇ ਵੀ ਕੁੜੀਮਾਰਾਂ ਨਾਲ ਨਾ ਵਰਤੇ।

ਦਲਿਤ ਔਰਤਾਂ ਦੀ ਹਾਲਤ ਤਾਂ ਭਾਰਤੀ ਸਮਾਜ ਅੰਦਰ ਬਹੁਤ ਹੀ ਬਦਤਰ ਸੀ। ਦੱਖਣੀ ਭਾਰਤ ਵਿੱਚ ਉੱਚ ਜਾਤੀ ਬ੍ਰਾਹਮਣ ਹਾਕਮਾਂ ਵਲੋਂ ਦਲਿਤ ਔਰਤਾਂ ਨੂੰ ਛਾਤੀਆਂ ਨੰਗੀਆਂ ਰੱਖਣ ਦਾ ਹੁਕਮ ਸੀ ਅਤੇ ਛਾਤੀ ਦੇ ਆਕਾਰ ਅਨੁਸਾਰ ਦਲਿਤ ਔਰਤ ਨੂੰ ਟੈਕਸ ਦੇਣਾ ਪੈਂਦਾ ਸੀ ਇਹ ਅੱਤ ਨੀਚ ਵਰਤਾਰਾ ੧੯ਵੀਂ ਸਦੀ ਦੇ ਅਖੀਰ ਤੱਕ ਪ੍ਰਚਲਿਤ ਸੀ ਪਰ ਇੱਕ ਦਲਿਤ ਔਰਤ ਨਾਨਗੇਹਲੀ ਨੇ ਆਪਣੀਆਂ ਛਾਤੀਆਂ ਆਪ ਕੱਟ ਕੇ ਜੀਵਣ ਦੀ ਕੁਰਬਾਨੀ ਦੇ ਕੇ ਇਹ ਰਸਮ ਬੰਦ ਕਰਵਾਈ। ਭਾਰਤੀ ਗ੍ਰੰਥਾਂ ਅਨੁਸਾਰ ਸ਼ੂਦਰ , ਪਸ਼ੂ ਅਤੇ ਔਰਤ ਵਿੱਚ ਕੋਈ ਫਰਕ ਨਹੀਂ ਸੀ। ਗੁਰੂ ਸਾਹਿਬਾਨ ਜੀ ਨੇ ਹੀ ਸਭ ਤੋਂ ਪਹਿਲਾਂ ਔਰਤ ਜਾਤੀ ਦੇ ਜੀਵਣ ਪੱਧਰ 'ਚ ਇਨਕਲਾਬ ਲਿਆਂਦਾ।੨. ਚੰਡੀ ਦੀ ਵਾਰ ਸੰਖੇਪ ਅਧਿਐਨ ਤੇ ਅੰਤਰੀਵ ਭਾਵ -

ਭਾਵੇਂ ਗੁਰੂ ਸਾਹਿਬਾਨਾਂ ਵਲੋਂ ਔਰਤ ਜਾਤੀ ਨੂੰ ਸਮਾਜ ਵਿੱਚ ਸਤਿਕਾਰਯੋਗ ਸਥਾਨ ਦੇਣ ਲਈ ਅਨੇਕਾਂ ਇਨਕਲਾਬੀ ਕਾਰਜ ਕੀਤੇ ਗਏ ਸਨ, ਪਰ ਫਿਰ ਵੀ ਦਸ਼ਮੇਸ਼ ਪਿਤਾ ਜੀ ਚਹੁੰਦੇ ਸਨ ਕਿ ਭਾਰਤ ਵਿੱਚ ਖਾਸ ਕਰਕੇ ਸਿੱਖ ਔਰਤਾਂ ਦਾ ਸਰਵਪੱਖੀ ਜੀਵਣ ਅਜਿਹਾ ਹੋਵੇ ਕਿ, ਭਾਰਤੀ ਗ੍ਰੰਥਾਂ, ਕਾਨੂੰਨ ਤੇ ਧਾਰਮਿਕ ਮਰਿਆਦਾ ਦੇ ਨਾਂਅ 'ਤੇ ਔਰਤ ਨੂੰ ਗੁਲਾਮ ਬਨਾਉਣ ਅਤੇ ਹਰੇਕ ਤਰ੍ਹਾਂ ਦੇ ਸ਼ੋਸ਼ਣ ਤੋਂ ਸਿੱਖ ਔਰਤ ਪੂਰੀ ਤਰ੍ਹਾਂ ਸੁਚੇਤ ਅਤੇ ਅਜ਼ਾਦ ਹੋਵੇ ਤੇ ਲੋੜ ਪੈਣ 'ਤੇ ਆਪਣੀ ਰਾਖੀ ਆਪ ਕਰ ਸਕੇ। ਇਸ ਲਈ ਦਸ਼ਮੇਸ਼ ਪਿਤਾ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕਰਕੇ ਇੱਕ ਬਾਲੜੀ ਰਾਂਹੀ ਬੀਰ ਰਸ ਦਾ ਸੰਚਾਰ ਕੀਤਾ ਤਾਂ ਕਿ ਜ਼ਾਲਮਾਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦੇਣ ਲਈ ਇੱਕ ਔਰਤ ਵੀ ਹੱਥ ਵਿੱਚ ਹਥਿਆਰ ਫੜ ਕੇ ਖੁਦ ਫੈਸਲਾ ਕਰੇ ਤੇ ਨਿਆਂ ਪ੍ਰਾਪਤ ਕਰੇ। ਚੰਡੀ ਦੀ ਵਾਰ ਦੀ ਰਚਨਾ ਪਿੱਛੇ ਦਸ਼ਮੇਸ਼ ਪਿਤਾ ਜੀ ਦਾ ਮੁੱਖ ਮਨੋਰਥ ਜ਼ੁਲਮ ਵਿਰੁੱਧ ਧਰਮ ਯੁੱਧ ਲਈ ਪ੍ਰੇਰਨਾ ਪ੍ਰਾਪਤ ਕਰਨਾ ਹੈ ਜਿਸ ਸਬੰਧੀ ਆਪ ਜੀ ਦਾ ਫਰਮਾਨ ਹੈ ਕਿ "ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਇ॥ ਅਵਰਿ ਬਾਛਨਾ ਨਾਹਿ ਕਿਛੁ ਧਰਮ ਯੁੱਧ ਕੇ ਚਾਇ॥"

ਇਸ ਚੰਡੀ ਦਾ ਵਾਰ ਦੀ ਸ਼ੁਰੂਆਤ ਸਮੇਂ ਦਸ਼ਮੇਸ਼ ਪਿਤਾ ਜੀ "ੴ ਵਾਹਿਗੁਰੂ ਜੀ ਕੀ ਫਤਿਹ" ਤੋਂ ਭਾਵ ਹਰੇਕ ਯੁੱਧ ਵਿੱਚ ਇੱਕ ਸਰਬ ਵਿਆਪੀ ਵਾਹਿਗੁਰੂ ਜੀ ਦੀ ਜਿੱਤ ਹੈ - ਤੋਂ ਕਰਦੇ ਹਨ । ਭੰਗਾਣੀ ਦੇ ਯੁੱਧ ਤੋਂਂ ਬਾਅਦ ਵੀ ਦਸ਼ਮੇਸ਼ ਪਿਤਾ ਜੀ ਨੇ ਯੁੱਧ ਦੀ ਜਿੱਤ ਨੂੰ ਵਾਹਿਗੁਰੂ ਜੀ ਦੀ ਜਿੱਤ ਹੀ ਕਿਹਾ ਸੀ ਅਤੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਅੱਜ ਤੋਂ ਬਾਅਦ ਆਪਸ ਵਿੱਚ ਮਿਲਣ ਸਮੇਂ "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ" ਹੀ ਬੁਲਾਇਆ ਜਾਏ। ਭਾਵ ਕਿ ਖ਼ਾਲਸਾ ਵਾਹਿਗੁਰੂ ਜੀ ਦਾ ਹੈ ਅਤੇ ਖ਼ਾਲਸੇ ਵਲੋਂ ਜਿੱਤ ਵੀ ਵਾਹਿਗੁਰੂ ਜੀ ਦੀ ਹੀ ਹੈ। ਇਸ ਤੋਂ ਬਾਅਦ ਗੁਰੂ ਪਿਤਾ ਜੀ ਉਚਾਰਦੇ ਹਨ ਕਿ "ਸ਼੍ਰੀ ਭਗਉਤੀ ਜੀ ਸਹਾਇ" ਭਾਵ ਹਰੇਕ ਯੁੱਧ ਵਿੱਚ ਵਾਹਿਗੁਰੂ ਜੀ ਦੀ ਅਕਾਲ ਸ਼ਕਤੀ ਸਹਾਇਤਾ ਕਰੇ ਤੇ ਇਸਤੋਂਂ ਬਾਅਦ ਦਸ਼ਮੇਸ਼ ਪਿਤਾ ਜੀ ਪਹਿਲੀਆਂ ਨੌਂ ਪਾਤਸ਼ਾਹੀਆਂ ਦੇ ਹਰੇਕ ਸਮੇਂ ਅੰਗ ਸਹਾਈ ਹੋਣ ਦੀ ਕਾਮਨਾ ਕਰਦੇ ਹਨ। ਚੰਡੀ ਦੀ ਵਾਰ ਦੀ ਦੂਜੀ ਪੌੜੀ ਵਿੱਚ ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਹਨ ਕਿ ਹੇ ਅਕਾਲ ਪੁਰਖ ਜੀ, ਤੁਸੀਂ ਸਭ ਤੋਂ ਪਹਿਲਾਂ ਆਪਣੀ ਮਹਾਨ ਸ਼ਕਤੀ ਦੋ ਧਾਰਾ ਖੰਡਾ ਬਣਾ ਕੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ ਕੁਦਰਤ ਦਾ ਵੱਡਾ ਖੇਲ ਰਚਾਇਆ ਹੈ। ਫਿਰ ਸਮੁੰਦਰ ਧਰਤੀ ਅਤੇ ਪਹਾੜ ਬਣਾਏ ਅਤੇ ਬਿਨਾਂ ਥੰਮ੍ਹਾਂ ਤੋਂ ਅਕਾਸ਼ ਨੂੰ ਟਿਕਾ ਦਿੱਤਾ । ਤੁਸੀਂ ਹੀ ਦੈਂਤਾਂ ਅਤੇ ਦੇਵਤਿਆਂ ਨੂੰ ਪੈਦਾ ਕੀਤਾ ਅਤੇ ਉਨ੍ਹਾਂ ਅੰਦਰ ਝਗੜਾ ਪੈਦਾ ਕੀਤਾ , ਤੁਸੀਂ ਹੀ ਦੁਰਗਾ ਸਾਜ ਕੇ ਦੁਰਗਾ ਪਾਸੋਂ ਦੈਂਤਾ ਦਾ ਨਾਸ ਕਰਾਇਆ, ਤੁਹਾਡੇ ਤੋਂ ਹੀ ਰਾਮ ਨੇ ਬਲ ਲੈ ਕੇ ਰਾਵਣ ਨੂੰ ਤੀਰਾਂ ਨਾਲ ਮਾਰਿਆ ਅਤੇ ਤੁਹਾਡੇ ਤੋਂ ਹੀ ਕ੍ਰਿਸ਼ਨ ਨੇ ਬਲ ਲੈ ਕੇ ਕੰਸ ਨੂੰ ਕੇਸਾਂ ਤੋਂ ਫੜ ਕੇ ਪਟਕਾਇਆ, ਵੱਡੇ-ਵੱਡੇ ਮੁਨੀਆਂ, ਦੇਵਤਿਆਂ ਨੇ ਕਈ ਯੁੱਗ ਤਪ ਸਾਧੇ। ਪਰ ਕਿਸੇ ਨੇ ਵੀ ਹੇ ਅਕਾਲ ਪੁਰਖ ਜੀ ਤੁਹਾਡਾ ਅੰਤ ਨਹੀਂ ਪਾਇਆ।

ਚੰਡੀ ਦੀ ਵਾਰ ਦੀ ਤੀਜੀ ਪੌੜੀ ਤੋਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦੇ ਕਾਰਨ, ਯੁੱਧ ਦੇ ਢੰਗ ਤਰੀਕਿਆਂ, ਦੈਂਤਾਂ ਦੇ ਮੁਖੀਆਂ ਦੇ ਨਾਮ, ਉਨ੍ਹਾਂ ਦੀ ਸਰੀਰਕ ਬਣਤਰ ਅਤੇ ਤਾਕਤ ਦਾ ਦਸ਼ਮੇਸ਼ ਪਿਤਾ ਜੀ ਵਰਨਣ ਕਰਦੇ ਹਨ। ਚੰਡੀ ਦੀ ਵਾਰ ਵਿੱਚ ਦੁਰਗਾ ਨੂੰ ਕਈ ਵਾਰੀ ਦੈਂਤਾਂ ਦੇ ਵੱਖੋ ਵੱਖ ਯੋਧਿਆਂ ਨਾਲ ਯੁੱਧ ਕਰਦੇ ਦਿਵਾਇਆ ਗਿਆ ਹੈ। ਦਸ਼ਮੇਸ਼ ਪਿਤਾ ਜੀ ਵਰਨਣ ਕਰਦੇ ਹਨ ਕਿ ਸਤਯੁੱਗ ਦਾ ਸਮਾਂ ਬੀਤਿਆ ਤੇ ਤ੍ਰੇਤੇ ਦਾ ਅੱਧੇ ਭਲੇ ਵਾਲਾ ਸਮਾਂ ਆਇਆ ਜਿਸ ਵਿੱਚ ਦੇਵਤਿਆਂ ਵਿੱਚ ਹੰਕਾਰ ਪੈਦਾ ਹੋ ਗਿਆ, ਬ੍ਰਹਮਾ ਪੁੱਤਰ ਨਾਰਦ ਨੇ ਅਜਿਹੇ ਸਮੇਂ ਇੱਕ ਦੂਜੇ ਦੇਵਤੇ ਕੋਲ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਦੇਵਤੇ ਹੰਕਾਰ ਵਿੱਚ ਗ੍ਰਸ ਕੇ ਰੱਬੀ ਮਰਿਆਦਾ ਤੋਂ ਉਲਟ ਕੰਮ ਕਰਨ ਲੱਗ ਪਏ। ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿੰਨ੍ਹਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਵਿੱਚ ਦਸ਼ਮੇਸ਼ ਪਿਤਾ ਜੀ ਚੰਡੀ ਦੀ ਵਾਰ ਦੇ ਦੇਵਤਿਆਂ ਦੇ ਔਗੁਣਾਂ ਦਾ ਭਰਪੂਰ ਵਰਣਨ ਮਿਲਦਾ ਹੈ । ਭਾਈ ਗੁਰਦਾਸ ਜੀ ਆਪਣੀ ਵਾਰ ੧੮ ਦੀ ਪਉੜੀ ੧੧ ਵਿੱਚ ਦੇਵਤਿਆਂ ਦੇ ਔਗੁਣਾਂ ਦਾ ਵਰਣਨ ਕਰਕੇ ਫਰਮਾਉਂਦੇ ਹਨ "ਬ੍ਰਹਮਾ ਬਿਸਨ ਮਹੇਸ ਤ੍ਰੈ ਦਸ ਅਵਤਾਰ ਬਜਾਰਿ ਨਚਾਇਆ, ਕਾਮ ਕ੍ਰੋਧ ਵਿਰੋਧ ਵਿੱਚ ਲੋਭ ਮੋਹੁ ਕਰਿ ਧ੍ਰੋਹ ਲੜਾਇਆ, ਹਉਮੈ ਅੰਦਰਿ ਸਭ ਕੋ ਸ਼ੇਰਹੁ ਘਟਿ ਨਾ ਕਿਨੈ ਅਕਾਇਆ॥"

ਹਿੰਦੂ ਗ੍ਰੰਥਾਂ ਅਨੁਸਾਰ ਬ੍ਰਹਮਾ ਸਭ ਤੋਂ ਵੱਡਾ ਦੇਵਤਾ ਹੈ ਜਿਸ ਕੋਲ ਸੰਸਾਰ ਨੂੰ ਪੈਦਾ ਕਰਨ ਦਾ ਮਹਿਕਮਾ ਹੈ ਇਸੇ ਵੱਡੇਪਣ ਦੇ ਹੰਕਾਰ ਵਿੱਚ ਬ੍ਰਹਮਾ ਨਾਭ ਕਵਲ ਦੀ ਡੰਡੀ ਰਾਂਹੀ ਪ੍ਰਮਾਤਮਾ ਦਾ ਅੰਤ ਲੈਣ ਚਲਿਆ ਗਿਆ , ਪ੍ਰਮਾਤਮਾ ਦਾ ਅੰਤ ਤਾਂ ਕੀ ਲੈਣਾ ਸੀ ਅਨੇਕਾਂ ਯੁੱਗ ਨਾਭ ਕਵਲ ਦੀ ਡੰਡੀ ਦਾ ਅੰਤ ਹੀ ਨਾ ਪਾ ਸਕਿਆ। ਚਾਰ ਵੇਦਾਂ ਦਾ ਗਿਆਤਾ ਹੋਣ ਕਰਕੇ ਦੂਜੇ ਲੋਕਾਂ ਨੂੰ ਸਿੱਖਿਆ ਦਿੰਦਾ ਸੀ ਕਿ ਪਰਾਈ ਇਸਤਰੀ ਨੇੜੇ ਨਹੀਂ ਜਾਣਾ ਪਰ ਆਪਣੀ ਹੀ ਧੀ ਸੁਰਸਤੀ ਦਾ ਸੁੰਦਰ ਰੂਪ ਦੇਖ ਕੇ ਹੀ ਕਾਮ ਵਸ ਹੋ ਗਿਆ। ਇਸ ਸਬੰਧੀ ਅਸੀਂ ਭਾਈ ਗੁਰਦਾਸ ਜੀ ਦੀ ਵਾਰ ੧੨ ਪਉੜੀ ੭ "ਬ੍ਰਹਮਾ ਵਡਾ ਅਖਾਇਦਾ ਨਾਭਿ ਕਵਲ ਦੀ ਨਾਲਿ ਸਮਾਣਾ॥" ਵਿੱਚ ਵਿਸਥਾਰ ਨਾਲ ਪੜ੍ਹ ਸਕਦੇ ਹਾਂ । ਹਿੰਦੂ ਗੰ੍ਰਥਾਂ ਵਿੱਚ ਵਿਸ਼ਣੂ ਜੀ ਨੂੰ ਵੀ ਸਭ ਤੋਂ ਵੱਡਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਕੋਲ ਸਾਰੇ ਸੰਸਾਰ ਨੂੰ ਭੋਜਣ ਦੇਣ ਭਾਵ ਪਾਲਣ ਪੋਸਣ ਕਰਨ ਦਾ ਮਹਿਕਮਾ ਹੈ। ਵਿਸ਼ਣੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੰਨ੍ਹੇ ਸ਼ਕਤੀਸ਼ਾਲੀ ਸਨ ਕਿ ਇਕੋ ਵਾਰ ਨਾਲ ੧੦ ਹਜ਼ਾਰ ਯੋਧੇ ਦਾ ਨਾਸ ਕਰ ਦਿੰਦੇ ਸਨ। ਵਿਸ਼ਨੂੰ ਦੇ ਹੀ ਦਸ ਅਵਤਾਰ ਮੱਛ, ਕੱਛ, ਬੈਰਾਹ, ਨਰਸਿੰਘ, ਪਰਸਰਾਮ, ਰਾਮ, ਕ੍ਰਿਸ਼ਨ, ਨੇਹਕਲੰਕ ਆਦਿ ਹੋਏ ਦੱਸੇ ਜਾਂਦੇ ਹਨ। ਭਾਈ ਗੁਰਦਾਸ ਜੀ ਇਨ੍ਹਾਂ ਬਾਰੇ ਵਾਰ ੧੨ ਦੀ ਪਉੜੀ ੮ "ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਯੋਧ ਸੰਘਾਰੇ ...... ਹਉਮੈ ਅੰਦਰਿ ਕਾਰਿ ਵਿਕਾਰੇ " ਵਿੱਚ ਬਾਖੂਬੀ ਬਿਆਨ ਕਰਦੇ ਹਨ। ਹਿੰਦੂ ਗ੍ਰੰਥਾਂ ਦੇ ਤੀਜੇ ਵੱਡੇ ਦੇਵਤੇ ਸ਼ਿਵ ਜੀ ਹਨ ਜਿੰਨ੍ਹਾਂ ਕੋਲ ਸੰਸਾਰ ਦੇ ਜੀਵਾਂ ਦਾ (ਮੌਤ) ਅੰਤ ਕਰਨ ਦਾ ਮਹਿਕਮਾ ਦੱਸਿਆ ਜਾਂਦਾ ਹੈ। ਸ਼ਿਵ ਜੀ ਵੀ ਹੰਕਾਰ ਦੇ ਤਮੋ ਗੁਣ ਅੰਦਰ ਹੀ ਵਿਚਰਦੇ ਰਹੇ।

ਇਸ ਸਬੰਧੀ ਭਾਈ ਗੁਰਦਾਸ ਜੀ ਦੀ ਵਾਰ ੧੨ ਦੀ ਪਉੜੀ ੯ "ਮਹਾਂਦੇਉ ਅਉਧੂਤੁ ਹੋਇ ਤਾਮਸ ਅੰਦਰਿ ਜੋਗ ਨਾ ਜਾਣੇ" ਵਿੱਚ ਅਸੀਂ ਵਿਸਥਾਰ ਨਾਲ ਸਮਝ ਸਕਦੇ ਹਾਂ। ਹਿੰਦੂ ਗ੍ਰੰਥਾਂ ਅਨੁਸਾਰ ਚੌਥਾ ਵੱਡਾ ਦੇਵਤਾ ਇੰਦਰ ਨੂੰ ਗਿਣਿਆ ਜਾਂਦਾ ਹੈ ਜਿਸਨੂੰ ਸਭ ਤੋਂ ਲੰਬੀ ਉਮਰ ਵਾਲਾ ਤੇ ਸਵਰਗ 'ਤੇ ਰਾਜ ਕਰਨ ਵਾਲਾ ਕਿਹਾ ਜਾਂਦਾ ਹੈ ਪਰ ਹੰਕਾਰ ਅਤੇ ਕਾਮ ਵੱਸ ਇਹ ਆਪਣੇ ਗੁਰੂ ਗੌਤਮ ਦੀ ਪਤਨੀ ਅਹਿੱਲਿਆ 'ਤੇ ਹੀ ਮੋਹਿਤ ਹੋ ਗਿਆ ਅਤੇ ਵਿਭਚਾਰੀ ਬਣ ਬੈਠਾ ਸੀ। ਬ੍ਰਹਮਾ ਪੁੱਤਰ ਨਾਰਦ ਆਪਣੇ ਆਪ ਨੂੰ ਵੱਡਾ ਮੁੰਨੀ ਅਖਵਾਉਂਦਾ ਹੈ ਅਤੇ ਬ੍ਰਹਮਾ ਪੁੱਤਰ ਹੋਣ ਕਰਕੇ ਹਰੇਕ ਦੇਵਤੇ ਦੀ ਸਭਾ ਵਿੱਚ ਜਾਣ ਦਾ ਅਧਿਕਾਰੀ ਹੈ। ਪਰ ਸਾਰੇ ਦੇਵਤਿਆਂ ਦੀ ਸਭਾ ਵਿੱਚ ਹੋਣ ਵਾਲੀਆਂ ਵਿਚਾਰਾਂ ਦੀ ਇਹ ਇੱਕ ਦੂਜੇ ਕੋਲ ਚੁਗਲੀਆਂ ਕਰਕੇ ਝਗੜੇ ਹੀ ਵਧਾਉਂਦਾ ਰਿਹਾ। ਭਾਈ ਗੁਰਦਾਸ ਜੀ ਦੀ ਵਾਰ ੧੨ ਦੀਆਂ ੧੪ ਪਉੜੀਆਂ ਵਿੱਚ ਅਜਿਹੇ ਦੇਵਤਿਆਂ ਅਤੇ ਦੇਵ ਪੁੱਤਰਾਂ ਅਵਤਾਰਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਿਸਥਾਰ ਵਿੱਚ ਬਿਆਨ ਕੀਤਾ ਗਿਆ ਹੈ । ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਗਾਉੜੀ ਰਾਗ ਅੰਗ - ੨੨੪ , ੨੨੫ ਦੇ ਸ਼ਬਦ "ਬ੍ਰਹਮੈ ਗਰਬੁ ਕੀਆ ਨਹੀ ਜਾਨਿਆ .......... ਨਾਨਕ ਨਾਮੁ ਮਿਲੈ ਗੁਣ ਗਾਇ" ਵਿੱਚ ਕਹੇ ਜਾਂਦੇ ਦੇਵਤੇ ਬ੍ਰਹਮਾ, ਇੰਦਰ, ਹਰਿਚੰਦ, ਸਹਸਬਾਹੂ, ਰਾਵਣ, ਜੰਮਦਗਨ, ਪਰਸਰਾਮ ਆਦਿਕ ਅਤੇ ਦੈਂਤ ਰਾਜਾ ਬਲ, ਜਰਾਸੰਦ, ਕੰਸ, ਰਕਤਬੀਜ, ਸ਼ੁੰਭ-ਨਿਸ਼ੁੰਭ, ਮਹਿਖਾਸੁਰ, ਕੌਰਵ-ਪਾਂਡਵ ਆਦਿ ਵਿੱਚ ਪੈਦਾ ਹੋਏ ਹੰਕਾਰ ਅਤੇ ਔਗੁਣਾਂ ਕਾਰਨ ਉਨ੍ਹਾਂ ਦਾ ਜੀਵਨ ਅੰਤ ਅਤੇ ਭੈੜੇ ਜੀਵਨ ਆਚਰਨ ਦਸ਼ਾ ਨੂੰ ਬਾਖੂਬੀ ਬਿਆਨ ਕੀਤਾ ਹੈ।

ਚੰਡੀ ਦੀ ਵਾਰ ਵਿੱਚ ਦਸ਼ਮੇਸ਼ ਪਿਤਾ ਜੀ ਆਖਦੇ ਹਨ ਕਿ ਜਦੋਂ ਸਾਰੇ ਦੇਵਤੇ ਹੰਕਾਰੀ ਹੋ ਗਏ ਤਾਂ ਅਕਾਲ ਪੁਰਖ ਨੇ ਦੇਵਤਿਆਂ ਦਾ ਹੰਕਾਰ ਤੋੜਨ ਲਈ ਸ਼ਕਤੀਸ਼ਾਲੀ ਦੈਂਤਾ ਨੂੰ ਪੈਦਾ ਕੀਤਾ। ਮੁੱਖਵਾਕ ਹੈ "ਅਭਿਮਾਨ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ" ਅਕਾਲ ਪੁਰਖ ਨੇ ਝੋਟੇ ਦੇ ਸਰੀਰ ਵਰਗੇ ਸ਼ਕਤੀਸ਼ਾਲੀ ਮਹਿਖਾਸੁਰ ਤੇ ਸੁੰਭ ਨਿਸੁੰਭ ਰਾਖਸ਼ ਪੈਦਾ ਕੀਤੇ ਜਿੰਨ੍ਹਾਂ ਨੇ "ਜੀਤ ਲਏ ਤਿਨ ਦੇਵਤੇ ਤਿਹ ਲੋਕੀ ਰਾਜ ਕਮਾਇਆ" ਅਤੇ ਇੰਦਰ ਦੇਵਤੇ ਨੂੰ ਰਾਜ ਵਿਚੋਂ ਕੱਢ ਕੇ ਆਪਣੇ ਆਪ ਨੂੰ ਵੱਡੇ ਯੋਧੇ ਅਖਵਾ ਕੇ ਤਿੰਨਾਂ ਲੋਕਾਂ 'ਤੇ ਰਾਜ ਕਾਇਮ ਕਰ ਲਿਆ, ਦੈਂਤਾਂ ਨੇ ਇੰਦਰ ਸਮੇਤ ਸਾਰੇ ਦੇਵਤਿਆਂ ਦੇ ਦਿਲਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਜਿਸ ਕਾਰਨ ਇੰਦਰ ਨੇ ਦੁਰਗਾ ਦੀ ਸ਼ਰਨ ਤੱਕੀ। ਕਈ ਦਿਨਾਂ ਦੀ ਊਡੀਕ ਪਿੱਛੋਂ ਜਦੋਂ ਇੱਕ ਦਿਨ ਦੁਰਗਾ ਇਸ਼ਨਾਨ ਕਰਨ ਆਈ ਤਾਂ ਇੰਦਰ ਨੇ ਆਪਣੇ ਸਮੇਤ ਸਾਰੇ ਦੇਵਤਿਆਂ ਦੀ ਵਾਰਤਾ ਦੁਰਗਾ ਨੂੰ ਦੱਸੀ ਅਤੇ ਸਹਾਇਤਾ ਲਈ ਬੇਨਤੀ ਕੀਤੀ, ਦੁਰਗਾ ਨੇ ਇੰਦਰ ਨੂੰ ਧਰਵਾਸਾ ਦਿੱਤਾ ਅਤੇ ਆਪਣਾ ਸ਼ੇਰ ਮੰਗਵਾ ਕੇ ਦੈਂਤਾ ਨਾਲ ਯੁੱਧ ਕਰਨ ਚੱਲ ਪਈ, ਦੁਰਗਾ ਨੂੰ ਦੈਂਤਾਂ ਨਾਲ ਕਈ ਵਾਰ ਯੁੱਧ ਕਰਨਾ ਪਿਆ ਪਹਿਲੇ ਯੁੱਧ ਵਿੱਚ ਦੁਰਗਾ ਹੱਥ ਵਿੱਚ ਕ੍ਰਿਪਾਨ ਫੜ੍ਹ ਕੇ ਦੈਂਤਾਂ ਨਾਲ ਲੜੀ, ਮਹਿਖਾਸੁਰ ਦੈਂਤ ਦੁਰਗਾ ਦੇਖ ਕੇ ਕਹਿਣ ਲੱਗਾ ਕਿ ਮੈ ਇੰਦਰ ਵਰਗੇ ਸ਼ਕਤੀਸ਼ਾਲੀ ਯੋਧੇ ਨੂੰ ਆਪਣੇ ਸਾਹਮਣੇ ਨਹੀਂ ਟਿਕਣ ਦਿੱਤਾ ਫਿਰ ਤੂੰਂ ਵਿਚਾਰੀ ਦੁਰਗਾ ਕੌਣ ਹੈਂ? ਮਹਿਖਾਸੁਰ ਨੇ ਹੱਥ ਵਿੱਚ ਖੰਡਾ ਪਕੜ ਕੇ ਦੁਰਗਾ 'ਤੇ ਵਾਰ ਕੀਤਾ ਪਰ ਦੁਰਗਾ ਨੇ ਆਪਣੀ ਕ੍ਰਿਪਾਨ ਨਾਲ ਐਸਾ ਵਾਰ ਕੀਤਾ ਕਿ ਉਸਦੀ ਕ੍ਰਿਪਾਨ ਮਹਿਖਾਸੁਰ ਦੈਂਤ ਦੀ ਖੋਪੜੀ ਅਤੇ ਧੜ੍ਹ ਨੂੰ ਚੀਰ ਕੇ ਉਸਦੇ ਘੋੜੇ ਦੀਆਂ ਕਾਠੀਆਂ-ਪਲਾਨੇ ਚੀਰਦੀ ਹੋਈ ਧਰਤੀ ਹੇਠਲੇ ਬਲਦ ਦੇ ਸਿੰਗਾਂ ਨੂੰ ਜਾ ਲੱਗੀ ਅਤੇ ਮਹਿਖਾਸੁਰ ਸਮੇਤ ਸਾਰੇ ਦੈਂਤਾਂ ਦਾ ਨਾਸ ਕਰ ਦਿੱਤਾ।

ਇੰਝ ਦੁਰਗਾ ਮਹਿਖਾਸੁਰ ਦੈਂਤ ਨੂੰ ਮਾਰ ਕੇ ਰਾਜੇ ਇੰਦਰ ਨੂੰ ਰਾਜ ਦੇ ਕੇ ਅਲੋਪ ਹੋ ਗਈ ਪਰ ਬਾਕੀ ਦੈਂਤ ਜਿੰਨ੍ਹਾਂ ਦੇ ਮੁਖੀ ਦੋ ਭਰਾ ਸੁੰਭ ਤੇ ਨਿਸੁੰਭ ਸਨ ਨੇ ਫਿਰ ਦੈਂਤਾਂ ਦੀ ਫੋਜ ਇਕੱਠੀ ਕਰਕੇ ਇੰਦਰ ਸਮੇਤ ਸਾਰੇ ਦੇਵਤਿਆਂ ਨੂੰ ਭਜਾ ਕੇ ਤਿੰਨਾਂ ਲੋਕਾਂ 'ਤੇ ਕਬਜ਼ਾ ਕਰ ਲਿਆ। ਇਹ ਭਗੌੜੇ ਦੇਵਤੇ ਫਿਰ ਦੁਰਗਾ ਦੀ ਸ਼ਰਨ ਵਿੱਚ ਆਏ ਜਿਸ ਕਾਰਨ ਦੇਵਤਿਆਂ ਅਤੇ ਦੈਂਤਾਂ ਦਾ ਦੁਬਾਰਾ ਯੁੱਧ ਸ਼ੁਰੂ ਹੋ ਗਿਆ। ਦੈਂਤ ਸੁੰਭ ਨਿਸੁੰਭ ਨੇ ਆਪਣੇ ਹੰਕਾਰੀ ਸੈਨਾਪਤੀ ਧੁਮਰ ਲੋਚਨ ਨੂੰ ਯੁੱਧ ਵਿੱਚ ਭੇਜਿਆ ਜਿਸਨੇ ਐਲਾਨ ਕੀਤਾ ਕਿ ਉਹ ਦੁਰਗਾ ਨੂੰ ਜਿਉਂਦਿਆਂ ਹੀ ਪਕੜ ਕੇ ਲਿਆਵੇਗਾ ਪਰ ਦੁਰਗਾ ਇਸ ਵਾਰ ਹੱਥ ਵਿੱਚ ਖੰਡਾ ਫੜ੍ਹ ਕੇ ਧੁਮਰ ਲੋਚਨ ਨਾਲ ਲੜੀ ਤੇ ਉਸਦੇ ਸਮੇਤ ਕਈ ਦੈਂਤਾਂ ਦਾ ਅੰਤ ਕਰ ਦਿੱਤਾ। ਸੁੰਭ ਨਿਸੁੰਭ ਨੇ ਫਿਰ ਚੰਡ ਤੇ ਮੁੰਡ ਦੀ ਕਮਾਨ ਹੇਠ ਦੈਂਤਾਂ ਦੀ ਫੌਜ ਭੇਜੀ ਪਰ ਇਸ ਵਾਰ ਫਿਰ ਦੁਰਗਾ ਨੇ ਤੀਰ ਚਲਾ ਕੇ ਚੰਡ ਮੁੰਡ ਸਮੇਤ ਸਾਰੇ ਦੈਂਤਾਂ ਦਾ ਅੰਤ ਕਰ ਦਿੱਤਾ। ਚੰਡ ਮੁੰਡ ਦੇ ਮਾਰੇ ਜਾਣ ਤੋਂ ਬਾਅਦ ਸੁੰਭ ਨਿਸੁੰਭ ਵਲੋਂ ਸ੍ਰਣਵਤ ਬੀਜ ਨਾਮ ਦੇ ਦੈਂਤ ਦੀ ਕਮਾਨ ਹੇਠ ਦੈਂਤਾਂ ਦੀ ਫੌਜ ਦੁਰਗਾ ਨਾਲ ਲੜਣ ਲਈ ਭੇਜੀ ਜਦੋਂ ਸ੍ਰਣਵਤ ਬੀਜ ਦੇ ਸਿਰ ਵਿੱਚ ਦੁਰਗਾ ਨੇ ਕ੍ਰਿਪਾਨ ਮਾਰੀ ਤਾਂ ਉਸ ਦੈਂਤ ਦਾ ਖੂਨ ਧਰਤੀ 'ਤੇ ਡਿਗਦਿਆਂ ਹੀ ਉਸ ਵਰਗੇ ਅਨੇਕਾਂ ਹੋਰ ਦੈਂਤ ਪੈਦਾ ਹੋ ਕੇ ਦੁਰਗਾ ਨਾਲ ਯੁੱਧ ਕਰਨ ਲੱਗੇ ਉਨ੍ਹਾਂ ਵਿਚੋਂ ਜਿਸਦਾ ਵੀ ਖੂਨ ਧਰਤੀ 'ਤੇ ਡਿੱਗਦਾ ਉਨ੍ਹਾਂ ਵਿਚੋਂ ਉਨ੍ਹਾਂ ਵਰਗੇ ਹੋਰ ਦੈਂਤ ਪੈਦਾ ਹੋ ਜਾਂਦੇ। ਇਹ ਦੇਖ ਕੇ ਦੁਰਗਾ ਨੇ ਕਾਲਕਾ ਦਾ ਸਹਾਰਾ ਲਿਆ ਜੋ ਦੁਰਗਾ ਦੀ ਸਹਿਯੋਗੀ ਬਣੀ ਅਤੇ ਦੈਂਤਾਂ ਦਾ ਖੂਨ ਧਰਤੀ 'ਤੇ ਡਿੱਗਣ ਤੋਂ ਪਹਿਲਾਂ ਹੀ ਪੀ ਜਾਂਦੀ ਇਸ ਤਰ੍ਹਾਂ ਹੋਰ ਦੈਂਤ ਪੈਦਾ ਹੋਣ ਤੋਂ ਬੰਦ ਹੋ ਗਏ ਤਾਂ ਸ੍ਰਣਵਤ ਬੀਜ ਅਤੇ ਉਸਦੇ ਸਾਰੇ ਰੂਪਾਂ ਦਾ ਦੁਰਗਾ ਨੇ ਅੰਤ ਕਰ ਦਿੱਤਾ। ਫਿਰ ਸੁੰਭ ਦਾ ਭਰਾ ਨਿਸੁੰਭ ਦੈਂਤ ਫੌਜਾਂ ਲੈ ਕੇ ਜੰਗ ਦੇ ਮੈਦਾਨ ਵਿੱਚ ਆਇਆ ਪਰ ਦੁਰਗਾ ਦੀ ਤੇਗ ਨਾ ਝੱਲ ਸਕਿਆ, ਤੇ ਦੈਂਤਾਂ ਸਮੇਤ ਮਾਰਿਆ ਗਿਆ।

ਅਖੀਰ ਵਿੱਚ ਦੈਂਤ ਸੁੰਭ ਆਪ ਯੁੱਧ ਵਿੱਚ ਆਇਆ ਤਾਂ ਇਸ ਵਾਰ ਦੁਰਗਾ ਆਪ ਹੱਥ ਵਿੱਚ ਨੇਜ਼ਾ ਫੜ੍ਹ ਕੇ ਲੜੀ ਅਤੇ ਬੜੀ ਬਹਾਦੁਰੀ ਨਾਲ ਸੁੰਭ ਸਮੇਤ ਸਾਰੇ ਦੈਂਤਾਂ ਦਾ ਨਾਸ ਕਰ ਦਿੱਤਾ ਅਤੇ ਇੰਦਰ ਨੂੰ ਰਾਜ ਗੱਦੀ 'ਤੇ ਬਿਠਾਇਆ। ਦਸ਼ਮੇਸ਼ ਪਿਤਾ ਜੀ ਵਲੋਂ ਦੁਰਗਾ ਦੁਆਰਾ ਯੁੱਧ ਵਿੱਚ ਚਲਾਈ ਤੇਗ ਨੂੰ "ਚਾਰੇ ਜੁਗ ਕਹਾਨੀ ਚਲਗ ਤੇਗ ਦੀ" ਕਹਿ ਕੇ ਵਡਿਆਇਆ ਹੈ । ਇਸ ਚੰਡੀ ਦੀ ਵਾਰ ਵਿੱਚ ਦਸ਼ਮੇਸ਼ ਪਿਤਾ ਜੀ ਨੇ ਬੀਰ ਰਸ ਰਾਂਹੀ ਯੁੱਧ ਦਾ ਚਿਤਰਣ ਇਸ ਪ੍ਰਕਾਰ ਕੀਤਾ ਹੈ ਕਿ ਪੜ੍ਹਣ ਸੁਨਣ ਵਾਲੇ ਨੂੰ ਇਹ ਜੰਗ ਆਪਣੇ ਸਾਹਮਣੇ ਹੋ ਰਹੀ ਪ੍ਰਤੀਤ ਹੁੰਦੀ ਹੈ । ਯੋਧਿਆਂ ਦਾ ਤਣ ਤਣ ਕੇ ਤੀਰ ਚਲਾਉਣਾ, ਯੋਧਿਆਂ ਦਾ ਬਿਜਲੀ ਮਾਰੇ ਪਰਬਤਾਂ ਤੇ ਉੱਚੇ ਮੁਨਾਰਿਆਂ ਵਾਂਗ ਢਹਿਣਾ, ਤੇਗਾਂ ਦਾ ਲਹੂ ਵਿੱਚ ਡੁੱਬ ਕੇ ਰਜਾਈ ਲਪੇਟ ਲੈਣੀ, ਯੁੱਧ ਵਿੱਚ ਜਵਾਨਾਂ ਦਾ ਸ਼ਰਾਬੀਆਂ ਵਾਂਗ ਝੂਮਣਾ, ਬੀਰਾਂ ਦਾ ਟਹਿਣੀਆਂ ਨਾਲ ਚਿੰਬੜੇ ਔਲਿਆਂ ਵਾਂਗ ਬਰਛੀਆਂ ਵਿੱਚ ਪਰੋਏ ਜਾਣਾ, ਖੱਬੇ ਹੱਥ ਨਾਲ ਕਮਾਨ ਦਾ ਚਿੱਲਾ ਕੰਨ ਤੱਕ ਖਿੱਚਣਾ, ਪੱਬਾਂ ਭਾਰ ਉਠ ਕੇ ਜਵਾਨਾਂ ਦਾ ਇੱਕ ਦੂਜੇ 'ਤੇ ਇੰਝ ਵਾਰ ਕਰਨਾ ਜਿਵੇਂ ਗਰਮ ਲੋਹੇ 'ਤੇ ਵਦਾਨ ਮਾਰੀ ਦਾ ਹੈ, ਤੋਪਾਂ ਵਿਚੋਂ ਗੋਲਿਆਂ ਦਾ ਨਰਕ ਦੇ ਬੂਹਿਆਂ ਵਿੱਚ ਭੜਕਦੀ ਅੱਗ ਵਾਂਗ ਨਿਕਲਣਾ ਐਸੇ ਦ੍ਰਿਸ਼ ਹਨ ਜੋ ਗੁਰੂ ਜੀ ਵਲੋਂ ਫੌਜਾਂ ਦਾ ਯੁੱਧ ਦੇ ਮੈਦਾਨ ਵਿੱਚ ਬੇਮਿਸਾਲ ਚਿਤਰਣ ਹੈ। ਯੁੱਧ ਵਿੱਚ ਸੂਰਮੇ ਸ਼ੇਰਾਂ ਵਾਂਗ ਗੱਜ ਰਹੇ ਹਨ, ਮਹਿਖਾਸੁਰ ਬੱਦਲ ਵਾਂਗ ਗੱਜਦਾ ਹੈ, ਦੁਰਗਾ ਵੀ ਦੈਂਤਾਂ ਦੀਆਂ ਫੌਜਾਂ ਵੇਖ ਕੜਕ ਰਹੀ ਹੈ ਅਤੇ ਬਿਜਲੀ ਵਾਂਗ ਲਿਸ਼ਕ ਰਹੀ ਹੈ। ਦੈਂਤ ਬੜੇ ਰੋਹ ਨਾਲ ਯੁੱਧ ਵਿੱਚ ਆਉਂਦੇ ਹਨ, ਉਹ ਲੜਾਈ ਦੇ ਨਸ਼ੇ ਵਿੱਚ ਝੂਮਦੇ ਹੋਏ ਘੋੜੇ ਨਚਾਉਂਦੇ ਹਨ, ਹੱਥੀਂ ਤੇਗਾਂ ਫੜ ਕੇ ਚੰਡੀ ਨੂੰ ਮਾਰਨ ਲਈ ਘੇਰਦੇ ਹਨ, ਦੇਵਤਿਆਂ 'ਤੇ ਤੀਰਾਂ ਦੀ ਵਰਖਾ ਕਰਦੇ ਹਨ, ਨਸ ਨਸ ਕੇ ਦੁਰਗਾ ਸਾਹਮਣੇ ਆਉਂਦੇ ਹਨ, ਤਲਵਾਰਾਂ, ਤੀਰ, ਢਾਲਾਂ, ਅਸਤਰ-ਸ਼ਸਤਰ ਆਦਿ ਟੁੱਟ ਭੱਜ ਰਹੇ ਹਨ ਅਤੇ ਦੁਰਗਾ ਦੈਂਤਾਂ ਨੂੰ ਮਾਰਨ ਤੋਂ ਬਾਅਦ ਜਿੱਤ ਦੀ ਖੁਸ਼ੀ ਵਿੱਚ ੧੪ ਲੋਕਾਂ ਵਿੱਚ ਆਪਣਾ ਸ਼ੇਰ ਪਹੁੰਚਾਉਂਦੀ ਹੈ ਇਹ ਦਸ਼ਮੇਸ਼ ਪਿਤਾ ਜੀ ਦੀ ਬਾ-ਕਮਾਲ ਪੇਸ਼ਕਾਰੀ ਹੈ। ਦਸ਼ਮੇਸ਼ ਪਿਤਾ ਜੀ ਵਲੋਂ ਰਚਿਤ ਚੰਡੀ ਦੀ ਵਾਰ ਦਾ ਪਾਠ ਕਰਨ ਪਿੱਛੋਂ ਸਾਡੇ ਆਪਣੇ ਜੀਵਣ ਵਿੱਚ ਹੇਠ ਲਿਖੇ ਔਗੁਣਾਂ ਦਾ ਤਿਆਗ ਕਰਕੇ ਗੁਣਾਂ ਨੂੰ ਧਾਰਨ ਕਰਨ ਦੀ ਸੇਧ ਮਿਲਦੀ ਹੈ :-

(ਉ). ਹੰਕਾਰ ਦਾ ਤਿਆਗ ਕਰਨਾ ਅਤਿ ਜਰੂਰੀ ਹੈ, ਹੰਕਾਰ ਕਾਰਨ ਸਾਡੀ ਪ੍ਰਭੂ ਭਗਤੀ ਆਦਿ ਸਮੇਤ ਸਭ ਕੁੱਝ ਤਬਾਹ ਹੋ ਜਾਂਦਾ ਹੈ ਅਤੇ ਸਾਨੂੰ ਪ੍ਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਜਿਵੇਂ ਦੇਵਤੇ ਹੰਕਾਰੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਪ੍ਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਤੇ ਪ੍ਰਮਾਤਮਾ ਦੇ ਪੈਦਾ ਕੀਤੇ ਦੈਂਤਾਂ ਰਾਂਹੀ ਉਨ੍ਹਾਂ ਨੂੰ ਭਾਰੀ ਜਲਾਲਤ ਸਹਿਣੀ ਪਈ ।

(ਅ). ਚੁਗਲੀ , ਚਾਪਲੂਸੀ ਤੇ ਚੁਗਲਖੋਰਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਜਿਸ ਕਾਰਨ ਆਪਸੀ ਪਿਆਰ , ਇਤਫਾਕ ਖ਼ਤਮ ਹੋ ਜਾਂਦਾ ਹੈ। ਜਿਵੇਂ ਚੰਡੀ ਦੀ ਵਾਰ ਵਿੱਚ ਬ੍ਰਹਮਾ ਪੁੱਤਰ ਨਾਰਦ ਨੇ ਦੇਵਤਿਆਂ ਵਿੱਚ ਇੱਕ ਦੂਜੇ ਦੀਆਂ ਚੁਗਲੀਆਂ ਕਰਕੇ ਝਗੜੇ ਵਧਾਏ ਤੇ ਉਨ੍ਹਾਂ ਵਿੱਚ ਹੰਕਾਰ ਪੈਦਾ ਕੀਤੇ। ਆਪਸੀ ਝਗੜਿਆਂ ਅਤੇ ਹੰਕਾਰ ਕਾਰਨ ਹੀ ਦੇਵਤਿਆਂ ਦੀ ਤਾਕਤ ਘਟੀ ਤੇ ਉਨ੍ਹਾਂ ਨੂੰ ਬਾਰ ਬਾਰ ਦੈਂਤਾਂ ਕੋਲੋਂ ਹਾਰ ਦਾ ਮੂੰਂਹ ਦੇਖਣਾ ਪਿਆ।੩. ਚੰਡੀ ਦੀ ਵਾਰ ਅਤੇ ਸਿੱਖ ਬੀਬੀਆਂ :-

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ। ਭਾਵੇਂ ਮਾਰਕੰਡਾ ਪੁਰਾਣ ਅਤੇ ਹਿੰਦੂ ਮਿਥਿਹਾਸ ਵਿੱਚ ਦੁਰਗਾ ਨੂੰ ਕਈ ਬਾਹਵਾਂ ਵਾਲੀ ਦਿਖਾਇਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਈ ਤਰ੍ਹਾਂ ਦੇ ਹਥਿਆਰ ਫੜ੍ਹੇ ਹੋਏ ਹਨ ਪਰ ਦਸ਼ਮੇਸ਼ ਪਿਤਾ ਜੀ ਦੀ ਚੰਡੀ ਦੀ ਵਾਰ ਦੀ ਦੁਰਗਾ ਦੋ ਬਾਹਵਾਂ ਵਾਲੀ ਹੈ ਜੋ ਦੋ ਹੱਥਾਂ ਨਾਲ ਕ੍ਰਿਪਾਨ, ਖੰਡਾ, ਤੀਰ, ਨੇਜਾ ਆਦਿ ਕਈ ਹਥਿਆਰ ਚਲਾਉਂਦੀ ਹੈ। ਗੁਰੂ ਸਾਹਿਬ ਜੀ ਚਹੁੰਦੇ ਸਨ ਕਿ ਖ਼ਾਲਸਾ ਪੰਥ ਦੀਆਂ ਸਿੰਘਣੀਆਂ ਵੀ ਦੋਵਾਂ ਹੱਥਾਂ ਨਾਲ ਕਈ ਤਰ੍ਹਾਂ ਦੇ ਹਥਿਆਰ ਚਲਾਉਣ ਅਤੇ ਦਸ਼ਮੇਸ਼ ਪਿਤਾ ਜੀ ਵੇਲੇ ਮਾਤਾ ਭਾਗ ਕੌਰ ਜੀ ਤੀਰ, ਕ੍ਰਿਪਾਨ, ਬੰਦੂਕ, ਨੇਜ਼ੇ ਸਮੇਤ ਕਈ ਹਥਿਆਰ ਚਲਾਉਣ ਵਿੱਚ ਪ੍ਰਪੱਕ ਸਨ।

ਮਾਤਾ ਭਾਗ ਕੌਰ ਜੀ ਦੀ ਬੰਦੂਕ ਜਿਸ ਦੀ ਬੈਰਲ ੧੦ ਫੁੱਟ ਤੋਂ ਵੀ ਲੰਬੀ ਹੈ ਸ਼ਾਇਦ ਹੀ ਅੱਜ ਕੋਈ ਮਰਦ ਉਠਾ ਸਕੇ। ਭਾਵੇਂ ਚੰਡੀ ਦੀ ਵਾਰ ਨਿੱਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਨਹੀਂ ਪਰ ਫਿਰ ਵੀ ਗੁਰੂ ਕੇ ਸਿੰਘ ਸਿੰਘਣੀਆਂ ਵਿੱਚ ਨਿੱਤਨੇਮ ਤੋਂ ਬਾਅਦ ਇਸ ਬਾਣੀ ਦੇ ਪਾਠ ਅਤੇ ਗਾਇਨ ਦੀ ਪੁਰਾਤਨ ਰਵਾਇਤ ਚੱਲੀ ਆ ਰਹੀ ਹੈ ਬਹੁਤ ਸਾਰੇ ਸਿੰਘ ਸਿੰਘਣੀਆਂ ਨੂੰ ਇਹ ਬਾਣੀ ਕੰਠ ਸੀ ਤੇ ਕਿਸੇ ਯੁੱਧ ਜਾਂ ਬਿਪਤਾ ਸਮੇਂ ਇਸਦਾ ਪਾਠ ਉਨ੍ਹਾਂ ਵਲੋਂ ਉਚੇਚੇ ਤੌਰ 'ਤੇ ਕੀਤਾ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਉੱਨ ਦੀਆਂ ਮਾਲਾ ਪਹਿਨਣ ਵਾਲੇ ਨਾਮਧਾਰੀਆਂ ਵਿੱਚ ਵੀ ਇਸਦੇ ਪਾਠ ਕਰਨ ਸਬੰਧੀ ਨਾਮਧਾਰੀਆਂ ਨੂੰ ਬਾਬਾ ਰਾਮ ਸਿੰਘ ਜੀ ਵਲੋਂ ਵਿਸ਼ੇਸ਼ ਹੁਕਮ ਕਰਨ ਦੇ ਹਵਾਲੇ ਉਨ੍ਹਾਂ ਦੀਆਂ ਚਿੱਠੀਆਂ ਵਿਚੋਂ ਮਿਲਦੇ ਹਨ। ਸਿੱਖ ਧਰਮ ਵਿੱਚ ਅਨੇਕਾਂ ਹੀ ਸਿੰਘਣੀਆਂ ਦਾ ਵਰਨਣ ਹੈ ਜਿੰਨ੍ਹਾਂ ਨੇ ਸੇਵਾ ਸਿਮਰਨ ਰਾਂਹੀ ਆਪਣਾ ਜਨਮ ਸਫ਼ਲ ਕੀਤਾ ਉਥੇ ਚੰਡੀ ਦੀ ਵਾਰ ਦਾ ਪਾਠ ਕਰਨ ਵਾਲੀਆਂ ਬਹੁਤ ਸਾਰੀਆਂ ਬੀਬੀਆਂ ਦੇ ਹਵਾਲੇ ਮਿਲਦੇ ਹਨ ਜਿੰਨ੍ਹਾਂ ਨੇ ਯੁੱਧ ਦੇ ਮੈਦਾਨ ਵਿੱਚ ਸਿੰਘਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਜਾਂ ਇਕੱਲਿਆਂ ਵੀ ਲੜ੍ਹ ਕੇ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਵਿਚੋਂ ਕੁੱਝ ਕੁ ਹਵਾਲੇ ਹੇਠ ਲਿਖੇ ਅਨੁਸਾਰ ਹਨ :-

(ਉ). ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚੋਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਕੇ ਆਏ ਸਿੰਘਾਂ ਦੀ ਟੁੱਟੀ ਗੰਢਵਾਉਣ ਵਾਲੀ ਮਾਤਾ ਭਾਗ ਕੌਰ ਹਰੇਕ ਤਰ੍ਹਾਂ ਦੇ ਸ਼ਸਤਰ ਚਲਾਉਣ ਵਿੱਚ ਮਾਹਿਰ ਸੀ। ਰੁਪਿਆਣੇ ਅਤੇ ਖਿਦਰਾਣੇ ਦੀ ਢਾਬ ਵਿਚਕਾਰ ਵਾਪਸ ਆਏ ਬਿਦਾਵੀਏ ਅਤੇ ਹੋਰ ਮਾਝੇ ਦੇ ਸਿੰਘਾਂ ਵਲੋਂ ਗੁਰੂ ਪਿਤਾ ਜੀ ਨਾਲ ਸਾਥ ਦੇਣ ਲਈ ਭਾਈ ਰਾਏ ਸਿੰਘ ਜੀ ਵਲੋਂ ਖਿੱਚੀ ਲਕੀਰ ਸਮੇਂ ਸਿਰ 'ਤੇ ਦਸਤਾਰ ਸਜਾਈ ਹੱਥ ਵਿੱਚ ਨੇਜ਼ਾ ਫੜ੍ਹੀ ਮਾਈ ਭਾਗ ਕੌਰ ਜੀ ਨੇ ਲਕੀਰ ਟੱਪ ਕੇ ਕਿਹਾ ਸੀ "ਮੈਂ ਸਿੰਘਣੀ ਵੀ ਖ਼ਾਲਸਾ ਹਾਂ ਵੀਰੋ ਤੇ ਅੱਜ ਮੈਂ ਲੜਾਂਗੀ ਸਾਹਮਣੇ ਹੋ ਕੇ, ਗੁਰੂ ਦੇ ਹੁਕਮ ਅੰਦਰ ਸੀਸ ਤੱਕ ਵਾਰਾਂਗੀ, ਮੈਂ ਲੜਾਂਗੀ ਜਦੋਂ ਤੱਕ ਸਾਹ ਹਨ, ਅੱਗੇ ਵਧਦੀ ਰਹਾਂਗੀ, ਤੁਸੀਂ ਸਭ ਵੀਰ ਭਾਵੇਂ ਆਪਣੇ ਘਰਾਂ ਨੂੰ ਚਲੇ ਜਾਓ" ਤੇ ਮਾਤਾ ਭਾਗ ਕੌਰ ਖਿਦਰਾਣੇ ਦੀ ਢਾਬ 'ਤੇ ਮੁਗਲਾਂ ਨਾਲ ਜੂਝ ਪਈ, ਜਖ਼ਮੀ ਹੋਣ ਦੇ ਬਾਵਜੂਦ ਲੜ੍ਹਦੀ ਰਹੀ। ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਜੀਵਨ ਦਾ ਬਾਕੀ ਸਮਾਂ ਗੁਰੂ ਪਿਤਾ ਜੀ ਦੇ ਅੰਗ ਸੰਗ ਰਹੇ।

(ਅ) ਚਮਕੌਰ ਦੀ ਗੜ੍ਹੀ ਵਿੱਚ ਦਸ਼ਮੇਸ਼ ਪਿਤਾ ਜੀ ਵੱਡੇ ਸਾਹਿਬਜ਼ਾਦਿਆਂ ਸਮੇਤ ਕੁੱਲ ੪੩ ਸਿੰਘ ਸਨ । ਗੁਰੂ ਪੰਥ ਦਾ ਹੁਕਮ ਮੰਨ ਕੇ ਦਸ਼ਮੇਸ਼ ਪਿਤਾ ਜੀ ਤਿੰਨ ਹੋਰ ਸਿੰਘਾਂ ਸਮੇਤ ਗੜ੍ਹੀ ਛੱਡ ਗਏ। ਬਾਕੀ ੩੯ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਰਾਤ ਨੂੰ ਬੀਬੀ ਸ਼ਰਨ ਕੌਰ ਜੀ ਇੱਕ ਹੱਥ ਵਿੱਚ ਕ੍ਰਿਪਾਨ ਤੇ ਦੂਜੇ ਹੱਥ ਵਿੱਚ ਬਲਦਾ ਦੀਵਾ ਫੜ੍ਹੀ ਜੰਗ ਦੇ ਮੈਦਾਨ ਵਿੱਚ ਪਹੁੰਚੀ । ਅੱਤ ਦੀ ਠੰਡ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਲੋਥਾਂ, ਕੇਸਾਂ ਅਤੇ ਕੜਿਆਂ ਤੋਂ ਪਛਾਣ ਕਰਕੇ ਨੇੜੇ ਹੀ ਆਜੜੀਆਂ ਦੇ ਵਾੜੇ ਵਿੱਚ ਇਕੱਠੀਆਂ ਕਰਦੀ ਰਹੀ ਤੇ ਨਾਲ ਹੀ ਕਹਿੰਦੀ "ਇਹ ਲਹੂ ਤੇ ਮਿੱਟੀ ਵਿੱਚ ਸੋਣ ਵਾਲੇ ਸ਼ਹੀਦੋ ਤੁਹਾਨੂੰ ਪ੍ਰਣਾਮ, ਤੁਸੀਂ ਧੰਨ ਹੋ! ਧਰਮ ਹੇਤ ਗੁਰੂ ਜੀ ਦੇ ਸਨਮੁੱਖ ਜ਼ਾਲਮ ਨਾਲ ਲੋਹਾ ਲੈਂਦੇ ਰਹੇ" ਸਿੰਘਾਂ ਦੀਆਂ ਲੋਥਾਂ ਦੀਆਂ ਪਛਾਣ ਕਰਕੇ ਇਕੱਠਿਆਂ ਕਰਦਿਆਂ ਸਵੇਰ ਹੋ ਗਈ ਸੀ ਬੀਬੀ ਸ਼ਰਨ ਕੌਰ ਨੇ ਅਰਦਾਸ ਕਰਕੇ ਸਾਰੀਆਂ ਲੋਥਾਂ ਦਾ ਇੱਕਠਿਆਂ ਹੀ ਸਸਕਾਰ ਕਰ ਦਿੱਤਾ, ਅੱਗ ਦੇ ਭਾਂਬੜ ਮੱਚਣ 'ਤੇ ਮੂਗਲਾਂ ਨੂੰ ਪਤਾ ਲੱਗ ਗਿਆ ਉਨ੍ਹਾਂ ਬੀਬੀ ਸ਼ਰਨ ਕੌਰ ਨੂੰ ਘੇਰਾ ਪਾ ਲਿਆ। ਬੀਬੀ ਸ਼ਰਨ ਕੌਰ ਜੀ ਕਈ ਮੂਗਲਾਂ ਨੂੰ ਨਰਕ ਤੋਰਦੇ ਹੋਏ ਗੰਭੀਰ ਜਖ਼ਮੀ ਹੋ ਗਏ ਮੂਗਲਾਂ ਨੇ ਜਖ਼ਮੀ ਹੋਈ ਬੀਬੀ ਸ਼ਰਨ ਕੌਰ ਨੂੰ ਬਲਦੀ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ।

(e) ਪਿੰਡ ਸਰਹਾਲੀ ਰਾਣੀ ਝਾਲਾ ਕੌਰ ਨੂੰ ਜਦ ਪਤਾ ਲੱਗਾ ਕਿ ਉਸਦਾ ਪੁੱਤਰ ਬਿਜੈ ਸਿੰਘ ਸਰਸਾ ਨਦੀ ਕਿਨਾਰੇ ਹੋਈ ਜੰਗ ਵਿੱਚ ਸ਼ਹੀਦ ਹੋ ਗਿਆ ਹੈ ਤਾਂ ਉਸਨੇ ਉਚੀ-ਉਚੀ ਹੱਸਣਾ ਸ਼ੁਰੂ ਕਰ ਦਿੱਤਾ ਜਿਸਨੂੰ ਸੁਣ ਕੇ ਪਿੰਡ ਵਾਲੇ ਇੱਕਠੇ ਹੋ ਗਏ ਤੇ ਇਸਨੂੰ ਪੁੱਛਿਆ ਭੈਣੇ ਕਹਿੜੀ ਵੱਡੀ ਖੁਸ਼ੀ ਮਿਲੀ ਹੈ ਜੋ ਇੰਝ ਖੁਸ਼ ਹੋ ਰਹੀ ਹੈਂ ਤਾਂ ਰਾਣੀ ਝਾਲਾ ਕੌਰ ਨੇ ਕਿਹਾ "ਪਿੰਡ ਵਾਲਿਓ ਮੇਨੂੰ ਵਧਾਈਆਂ ਦਿਓ, ਅੱਜ ਮੇਰੀ ਕੁੱਖ ਸਫ਼ਲੀ ਹੋਈ ਹੈ, ਮੇਰੇ ਪੁੱਤਰ ਨੇ ਗੁਰ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ" ਇਹ ਕਹਿ ਕੇ ਇਸ ਬੀਬੀ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਗੁੜ ਵੰਡਣਾ ਸ਼ੁਰੂ ਕਰ ਦਿੱਤਾ। ਐਸੀ ਹੀ ਇੱਕ ਮਿਸਾਲ ਅਯੋਕੇ ਸਮੇਂ ਡੱਡੂਆਣੇ ਵਾਲੇ ਸ਼ਹੀਦ ਭਾਈ ਇਕਬਾਲ ਸਿੰਘ ਬਾਲੇ ਦੀ ਹੈ ਜਿਸ ਦੀ ਸ਼ਹੀਦੀ ਦੀ ਖ਼ਬਰ ਦੇਣ ਵਾਲਿਆਂ ਨੂੰ ਆਪ ਜੀ ਦੀ ਮਾਤਾ ਨੇ ਆਪਦੇ ਹੱਥੀਂ ਖੀਰ ਬਣਾ ਕੇ ਖਵਾਈ ਸੀ।

(ਸ) ਪਿੰਡ ਤਲਵਣ ਜਿਲ੍ਹਾ ਜਲੰਧਰ ਦੀ ੨੦-੨੨ ਸਾਲ ਦੀ ਨੌਜਵਾਨ ਬੀਬੀ ਦੀਪ ਕੌਰ ਅਨੰਦਪੁਰ ਸਾਹਿਬ ਚੱਲ ਪਈ । ਰਸਤੇ ਵਿੱਚ ਇੱਕ ਮੁਗਲ ਫੌਜੀ ਟੁੱਕੜੀ ਨਾਲ ਮੇਲ ਹੋ ਗਿਆ। ਇਕੱਲੀ ਸਿੱਖ ਬੀਬੀ ਨੂੰ ਦੇਖ ਮੁਗਲ ਅਫ਼ਸਰ ਭੈੜੇ ਕਾਰਿਆਂ 'ਤੇ ਉਤਰ ਆਇਆ। ਬੀਬੀ ਦੀਪ ਕੌਰ ਨੇ ਕ੍ਰਿਪਾਨ ਦੇ ਇੱਕੋ ਵਾਰ ਨਾਲ ਉਸਦੇ ਦੋ ਟੋਟੇ ਕਰ ਦਿੱਤੇ ਤੇ ਉਸਦੇ ਘੋੜੇ 'ਤੇ ਬੈਠ ਉਸਦੀ ਬੰਦੂਕ ਤੇ ਢਾਲ ਕਬਜ਼ੇ 'ਚ ਕਰ ਲਈ। ਬਾਕੀ ਮੁਗਲ ਅੱਗੇ ਵਧੇ ਤਾਂ ਬੀਬੀ ਦੀਪ ਕੌਰ ਨੇ ਬੰਦੂਕ ਨਾਲ ਫੁੰਡ ਸੁੱਟੇ, ਗੋਲੀ ਸਿੱਕਾ ਮੁਕੱਣ 'ਤੇ ਬੀਬੀ ਨੇ ਕ੍ਰਿਪਾਨ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਅਨੇਕਾਂ ਮੁਗਲ ਮਾਰ ਦਿੱਤੇ। ਇਸ ਲੜਾਈ ਵਿੱਚ ਬੀਬੀ ਦੀਪ ਕੌਰ ਆਪ ਵੀ ਗੰਭੀਰ ਜਖ਼ਮੀ ਹੋ ਗਈ। ਅਚਾਨਕ ਪਿੱਛੋਂ ਸਿੰਘਾਂ ਦਾ ਹੋਰ ਜਥਾ ਆਉਣ 'ਤੇ ਮੁਗਲ ਫੌਜੀ ਭੱਜ ਗਏ, ਜਖ਼ਮੀ ਹਲਾਤ ਵਿੱਚ ਬੀਬੀ ਨੂੰ ਅਨੰਦਪੁਰ ਸਾਹਿਬ ਪਹੁੰਚਾਇਆ ਗਿਆ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਆਪ ਹੱਥੀਂ ਉਸਦੀ ਮਲ੍ਹਮ ਪੱਟੀ ਕੀਤੀ ਅਤੇ ਭਰੇ ਦਰਬਾਰ ਵਿੱਚ ਉਸਨੂੰ ਆਪਣੀ ਪੁੱਤਰੀ ਕਹਿ ਕੇ ਨਿਵਾਜਿਆ।

(ਹ) ਸੰਨ ੧੭੪੮ ਲਾਹੌਰ, ਜਿੱਥੇ ਸ਼ਹੀਦ ਗੰਜ ਹੈ ਵਿਖੇ ਸੈਂਕੜੇ ਨੌਜਵਾਨ ਸਿੱਖ ਬੀਬੀਆਂ ਨੂੰ ਮੀਰ ਮੰਨੂੰ ਨੇ ਕੈਦ ਕਰ ਲਿਆ, ਉਨ੍ਹਾਂ ਨੂੰ ਭੁੱਖੇ ਰੱਖਿਆ ਗਿਆ, ਸਵਾ ਸਵਾ ਮਣ ਦਾਣੇ ਚੱਕੀ ਪੀਹਣ ਲਈ ਦਿੱਤੇ ਗਏ, ਜਦੋਂ ਫਿਰ ਵੀ ਉਨ੍ਹਾਂ ਧਰਮ ਨਾ ਛੱਡਿਆ ਤਾਂ ਉਨ੍ਹਾਂ ਦੇ ਸੀਰ ਖੌਰ੍ਹ ਬੱਚੇ ਖੋਹ ਕੇ ਨੇਜ਼ਿਆਂ 'ਤੇ ਟੰਗ ਕੇ ਸ਼ਹੀਦ ਕਰ ਦਿੱਤੇ ਗਏ। ਸ਼ਹੀਦ ਬੱਚਿਆਂ ਦੇ ਟੋਟੇ ਕਰਕੇ ਹਾਰ ਬਣਾ ਕੇ ਮਾਵਾਂ ਗਲ ਪਾ ਦਿੱਤੇ, ਫਿਰ ਵੀ ਸਿੰਘਣੀਆਂ ਨੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਅਤੇ ਕਿਹਾ "ਹੇ ਸੱਚੇ ਪਾਤਸ਼ਾਹ ਇਹ ਚੰਗਾ ਕੀਤਾ ਕਿ ਸਾਡੇ ਬੱਚੇ ਸਾਡੇ ਸਾਹਮਣੇ ਹੀ ਸਿੱਖੀ ਖਾਤਿਰ ਸ਼ਹੀਦ ਹੋ ਰਹੇ ਹਨ ਨਹੀਂ ਤੇ ਇਨ੍ਹਾਂ ਦੁਸ਼ਟਾਂ ਸਾਨੂੰ ਮਾਰ ਕੇ ਸਾਡੇ ਬੱਚੇ ਪਾਲ ਕੇ ਮੁਸਲਮਾਨ ਬਣਾ ਲੈਣੇ ਸਨ, ਸ਼ੁਕਰ ਹੈ ਤੇਰਾ ਸਾਡੀ ਕੁੱਖ ਨੂੰ ਦਾਗ ਲੱਗਣੋਂ ਬਚ ਗਿਆ"।

(ਕ). ਸੰਨ ੧੭੮੭ ਵਿੱਚ ਜਨਮੀ ਬਹਾਦਰ ਰਣਜੀਤ ਕੌਰ ਦੇ ਜੀਵਣ ਦਾ ਕੋਈ ਇੱਕ ਦਿਨ ਵੀ ਐਸਾ ਨਹੀਂ ਲੰਘਿਆ ਜਦੋਂ ਉਸਨੂੰ ਯੁੱਧ ਨਾ ਕਰਨਾ ਪਿਆ ਹੋਵੇ । ਤੇਗ , ਕਟਾਰ , ਬੰਦੂਕ ਚਲਾਉਣ ਵਿੱਚ ਪੂਰੀ ਤਰ੍ਹਾਂ ਪਰਪੱਕ ਇਹ ਸਿੱਖ ਨੌਜਵਾਨ ਬੀਬੀ ਮੁਗਲਾਂ ਨਾਲ ਲੜ੍ਹਦੀ ਹੋਈ ਕਾਬਲ ਵਿਖੇ ਸ਼ਹੀਦ ਹੋਈ।

(ਖ). ਕਰਤਾਰਪੁਰ ਜਲੰਧਰ ਦੀ ਰਹਿਣ ਵਾਲੀ ਨਿਰਭੈ ਕੌਰ ਸਿਰ 'ਤੇ ਦਸਤਾਰ ਸਜਾਉਂਦੀ ਸੀ ਤੇ ਹਰੇਕ ਤਰ੍ਹਾਂ ਦੇ ਸ਼ਸਤਰ ਚਲਾ ਲੈਂਦੀ ਸੀ। ਇਸਨੇ ਇੱਥੇ ਅਨੇਕਾਂ ਹੀ ਲੜਕੀਆਂ ਨੂੰ ਸ਼ਸਤਰ ਵਿਦਿਆ ਦੇ ਕੇ ਤਿਆਰ ਬਰ ਤਿਆਰ ਕੀਤਾ। ਜਲੰਧਰ ਦੇ ਫੋਜ਼ਦਾਰ ਨਸਰ ਅਲੀ ਦੀ ਫੋਜ਼ੀ ਟੁੱਕੜੀ ਨੇ ਜਦ ਇਸ ਬੀਬੀ ਨੂੰ ਚੁੱਕ ਕੇ ਲਿਜਾਣਾ ਚਾਹਿਆ ਤਾਂ ਇਸਨੇ ਤਲਵਾਰ ਦੇ ਇੱਕੋ ਵਾਰ ਨਾਲ ਦੋ ਮੁਗਲ ਮਾਰ ਸੁੱਟੇ ਤੇ ਬਾਕੀ ਭੱਜ ਗਏ। ਹਿੰਦੂ ਦੁਕਾਨਦਾਰ ਸ਼ਿਵ ਦਿਆਲ ਦੀ ਧੀ ਕਾਂਤਾ ਨੂੰ ਵੀ ਇਸਨੇ ਸ਼ਸਤਰ ਵਿਦਿਆ ਸਿਖਾ ਕੇ ਸਿੰਘਣੀ ਸਜਾਇਆ ਸੀ। ਕਰਤਾਰਪੁਰ ਦੀਆਂ ਸਿੱਖ ਮੁਗਲ ਲੜਾਈਆਂ ਵਿੱਚ ਇਸਨੇ ਵਧ ਚੜ੍ਹ ਕੇ ਹਿੱਸਾ ਲਿਆ।

(ਗ) ਸੰਨ ੧੭੩੫ ਵਿੱਚ ਜਾਫਰਬੇਗ ਨੇ ਪਿੰਡ ਵਾਂ ਵਿਚੋਂ ਭਾਈ ਤਾਰਾ ਸਿੰਘ ਜੀ ਦੇ ਜਥੇ ਤੋਂ ਕੁੱਟ ਖਾਣ ਉਪਰੰਤ ਪਿੰਡ ਚਵਿੰਡੇ ਨੂੰ ਘੇਰਾ ਪਾ ਲਿਆ ਕਿਉਂਕਿ ਉਸਨੂੰ ਖ਼ਬਰ ਮਿਲੀ ਸੀ ਕਿ ਭਾਈ ਬਹਾਦਰ ਸਿੰਘ ਹੋਰ ਸਿੰਘਾਂ ਸਮੇਤ ਪਿੰਡ ਪੁੱਤਰ ਦੇ ਵਿਆਹ ਲਈ ਆਇਆ ਹੋਇਆ ਹੈ, ਭਾਈ ਬਹਾਦਰ ਸਿੰਘ ਜਾਫ਼ਰਬੇਗ ਦੇ ਪੰਜਾਹ ਕੁ ਮੁਗਲ ਮਾਰ ਕੇ ਪਿੰਡੋਂ ਨਿਕਲ ਗਿਆ ਪਰ ਪਿੱਛੇ ਪਿੰਡ ਵਿੱਖੇ ਦੋ ਕੁ ਘੰਟੇ ਪਹਿਲਾਂ ਵਿਆਹੀ ਉਸਦੀ ਨੂੰਂਹ ਧਰਮ ਕੌਰ ਅਤੇ ੨੦ ਕੁ ਨੌਜਵਾਨ, ਬਿਰਧ ਔਰਤਾਂ ਰਹਿ ਗਈਆਂ, ਬੀਬੀ ਧਰਮ ਕੌਰ ਨੇ ਸਿੱਖ ਬੀਬੀਆਂ ਦੀ ਕਮਾਂਢ ਸੰਭਾਲੀ ਅਤੇ ਮੁਗਲ ਫੋਜ਼ਾਂ ਦਾ ਮੁਕਾਬਲਾ ਬੰਦੂਕਾਂ, ਤੀਰਾਂ, ਕ੍ਰਿਪਾਨਾਂ ਤੇ ਨੇਜ਼ਿਆਂ ਨਾਲ ਕੀਤਾ। ਜਾਫ਼ਰਬੇਗ ਦੇ ੨੦੦ ਸਿਪਾਹੀ ਮਾਰੇ ਗਏ ਅਤੇ ੫ ਕੁ ਬੀਬੀਆਂ ਸ਼ਹੀਦ ਹੋਈਆਂ, ਬੀਬੀ ਧਰਮ ਕੌਰ ਸਮੇਤ ਬਾਕੀ ਬੀਬੀਆਂ ਗੰਭੀਰ ਜਖ਼ਮੀ ਹੋਈਆਂ। ਜ਼ਾਫਰਬੇਗ ਆਪਣਾ ਹੱਥ ਬੀਬੀ ਧਰਮ ਕੌਰ ਤੋਂ ਵਢਾ ਕੇ ਟੁੰਡਾ ਹੋ ਕੇ ਉਥੋਂ ਭੱਜ ਨਿਕਲਿਆ।

(ਘ). ਵੈਰੋਵਾਲ ਸ਼ਿਵਦਿਆਲ ਹਟਵਾਣੀਏ ਦੀ ਧੀ ਕੰਵਲ ਨੈਣੀ ਸਿੰਘਾਂ ਦੇ ਜੀਵਣ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਕੇ ਬੀਬੀ ਰਣਜੀਤ ਕੌਰ ਬਣੀ। ਜਲਾਲਾਬਾਦ ਦੇ ਵਿਭਚਾਰੀ, ਧੀਆਂ ਭੈਣਾਂ ਦੀ ਇਜੱਤ ਨਾਲ ਖੇਡਣ ਵਾਲੇ, ਸ਼ਮੀਰ ਖਾਂਨ ਦੇ ਕਿਲ੍ਹੇ ਨੂੰ ਢਾਹ ਕੇ ਇਸ ਬੀਬੀ ਨੇ ਸ਼ਮੀਰ ਖਾਂਨ ਨੂੰ ਮੌਤ ਦੰਡ ਦਿੱਤਾ। ਅਹਿਮਦਸ਼ਾਹ ਅਬਦਾਲੀ ਨੂੰ ਦੁਆਬੇ ਵਿੱਚ ਸਿੰਘਾਂ ਵਲੋਂ ਘੇਰਨ ਸਮੇਂ ਇਸ ਬੀਬੀ ਨੇ ਹਿੱਸਾ ਲਿਆ, ਯੁੱਧ ਵਿੱਚ ਤੇਗ ਚਲਾਈ, ਜਖ਼ਮੀਆਂ ਦੀ ਮਲ੍ਹਮ ਪੱਟੀ ਕੀਤੀ ਤੇ ਸਿੰਘਾਂ ਲਈ ਲੰਗਰ ਵੀ ਤਿਆਰ ਕੀਤੇ। ਸਿੰਘਾਂ ਵਲੋਂ ਕਸੂਰ 'ਤੇ ਹਮਲੇ ਸਮੇਂ ਇਹ ਬੀਬੀ ਰਣਜੀਤ ਕੌਰ ਆਪਣੇ ਪਤੀ ਭਾਈ ਤੇਗਾ ਸਿੰਘ ਸਮੇਤ ਸ਼ਹੀਦ ਹੋਈ।

(ਙ). ਹੁਸ਼ਿਆਰਪੁਰ ਨੰਗਲ ਸ਼ਾਮਾ ਦੀ ਰਹਿਣ ਵਾਲੀ ਸੁਮਿੱਤਰਾ ਦੇਵੀ ਵੀ ਅੱਜ ਸਿੱਖ ਇਤਿਹਾਸ ਵਿੱਚ ਬੀਬੀ ਸੁੰਦਰ ਕੌਰ ਦੇ ਨਾਂ ਨਾਲ ਅਮਰ ਹੈ ਜਿਸਨੇ ਕਈ ਜੰਗਾਂ ਵਿੱਚ ਸ਼ਾਮਲ ਹੋ ਕੇ ਮੁਗਲਾਂ ਦੇ ਆਹੂ ਲਾਹੇ । ਕਾਹਨੂੰਵਾਨ ਛੰਭ ਵਿੱਚ ਇਸ ਬੀਬੀ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਸ਼ੁਸ਼ੋਬਿਤ ਹੈ।

(ਚ). ਪਿਸ਼ਾਵਰ ਦੀ ਹਿੰਦੂ ਪਠਾਨ ਬੱਚੀ ਜਿਸਨੂੰ ਕਾਬਲੀ ਡਾਕੂ ਚੁੱਕ ਕੇ ਲੈ ਗਏ ਸਨ ਤੇ ਇਸਨੂੰ ਇਨ੍ਹਾਂ ਤੋਂ ਸਰਦਾਰ ਹਰੀ ਸਿੰਘ ਨਲੂਏ ਨੇ ਛੁਡਵਾਇਆ ਸੀ। ਇਹ ਅੰਮ੍ਰਿਤ ਛਕ ਕੇ ਸ਼ਰਨਾਗਤ ਕੌਰ ਬਣੀ। ਇਲਾਕੇ ਦੀਆਂ ਸਿੱਖ ਪਠਾਨ ਜੰਗਾਂ ਵਿੱਚ ਇਸਨੇ ਵਧ ਚੜ ਕੇ ਹਿੱਸਾ ਲਿਆ। ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹੀਦੀ ਦੀ ਖ਼ਬਰ ਇਸਨੇ ਹੀ ਲਾਹੌਰ ਦਰਬਾਰ ਦੇ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਾਈ। ਜੰਗਾਂ ਯੁੱਧਾਂ ਦੇ ਨਾਲ-ਨਾਲ ਅੰਤ ਸਮੇਂ ਤੱਕ ਸ਼ਰਨਾਗਤ ਕੌਰ ਨੇ ਆਪਣੇ ਪਤੀ ਭਾਈ ਬਿਹਾਰੀ ਸਿੰਘ ਨਾਲ ਪਿਸ਼ਾਵਰ 'ਚ ਸਿੱਖੀ ਪ੍ਰਚਾਰ ਵੀ ਕੀਤਾ।

(ਛ) ਪਟਿਆਲਾ ਰਾਜ ਘਰਾਣੇ ਦੀ ਧੀ ਸਾਹਿਬ ਕੌਰ ਨੇ ੧੭੯੬ 'ਚ ਮਰਹੱਟਿਆਂ ਵਲੋਂ ਪੰਜਾਬ 'ਤੇ ਕੀਤੇ ਹਮਲੇ ਸਮੇਂ ਆਪ ਫੌਜ ਦੀ ਕਮਾਂਡ ਸੰਭਾਲੀ ਤੇ ਮਰਹੱਟਿਆਂ ਨੂੰ ਹਰਾ ਕੇ ਦੇਸ਼ ਪੰਜਾਬ ਨੂੰ ਗੁਲਾਮ ਹੋਣ ਤੋਂ ਬਚਾਇਆ। ਮਹਾਰਾਣੀ ਸਦਾ ਕੌਰ, ਮਹਾਰਾਣੀ ਜਿੰਦ ਕੌਰ ਦੀ ਸਿੱਖ ਕੌਮ ਲਈ ਕੀਤੀ ਗਈ ਘਾਲਣਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਨ੍ਹਾਂ ਤੋਂ ਇਲਾਵਾ ਮਾਤ ਕਿਸ਼ਣ ਕੌਰ ਕਾਉਂਕੇ, ਬੀਬੀ ਗੁਲਾਬ ਕੌਰ, ਬੀਬੀ ਅਨੂਪ ਕੌਰ, ਬੀਬੀ ਸੁਸ਼ੀਲ ਕੌਰ, ਬੀਬੀ ਬਘੇਲ ਕੌਰ, ਬੀਬੀ ਸ਼ਮਸ਼ੇਰ ਕੌਰ, ਬੀਬੀ ਬਲਬੀਰ ਕੌਰ, ਬੀਬੀ ਧਰਮ ਕੌਰ ਆਦਿ ਅਨੇਕਾਂ ਸ਼ਹੀਦ ਸਿੰਘਣੀਆਂ ਹਨ ਜਿੰਨ੍ਹਾਂ ਨੇ ਹਥਿਆਰਬੰਦ ਹੋ ਕੇ ਜ਼ੁਲਮ ਵਿਰੁੱਧ ਸੰਘਰਸ਼ ਕੀਤਾ। ਸੰਨ ੧੯੪੭ 'ਚ ਭਾਰਤ ਪਾਕਿ ਵੰਡ ਸਮੇਂ ਅਨੇਕਾਂ ਸਿੱਖ ਬੀਬੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜੂਨ ੧੯੮੪ 'ਚ ਦਰਬਾਰ ਸਾਹਿਬ 'ਤੇ ਹਮਲੇ ਸਮੇਂ ਬੀਬੀ ਉਪਕਾਰ ਕੌਰ, ਬੀਬੀ ਪ੍ਰੇਮ ਕੌਰ, ਭਾਈ ਮੋਹਰ ਸਿੰਘ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਤੇ ਦੋ ਲੜਕੀਆਂ ਸਤਿਨਾਮ ਕੌਰ ਤੇ ਵਾਹਿਗੁਰੂ ਕੌਰ ਵਲੋਂ ਸਰੀਰਾਂ ਨਾਲ ਬੰਬ ਬੰਨ੍ਹ ਕੇ ਭਾਰਤੀ ਟੈਂਕਾਂ ਦੇ ਪਰਖੱਚੇ ਉਡਾਉਣੇ ਆਦਿ ਅਜਿਹੇ ਕਾਰਨਾਮੇ ਹਨ ਜੋ ਗੁਰੂ ਪਿਤਾ ਜੀ ਵਲੋਂ ਸਿੱਖਾਂ ਨੂੰ ਬਖਸ਼ੀ ਗੁਰਬਾਣੀ ਰਾਂਹੀ ਪੈਦਾ ਹੋਏ ਬੀਰ ਰਸ ਆਸਰੇ ਹੀ ਕੀਤੇ ਜਾ ਸਕੇ। ਇਥੇ ਇਹ ਵਰਨਣਯੋਗ ਹੈ ਕਿ ਉਪਰੋਕਤ ਸਾਰੀਆਂ ਸ਼ਹੀਦ ਸਿੰਘਣੀਆਂ ਚੰਡੀ ਦੀ ਵਾਰ ਤੋਂ ਸੇਧ ਪ੍ਰਾਪਤ ਸਨ । ਨਵੰਬਰ ੧੯੮੪ 'ਚ ਸਿੱਖ ਕਤਲੇਆਮ ਵੇਲੇ ਅਤੇ ਬਾਅਦ 'ਚ ਹੋਏ ਭਾਰਤ ਪੰਜਾਬ ਯੁੱਧ ਸਮੇਂ ਸਿੱਖ ਬੀਬੀਆਂ ਵਲੋਂ ਜਬਰ ਜ਼ੁਲਮ ਸਹਿ ਕੇ ਸਿੱਖ ਰਵਾਇਤਾਂ ਕਾਇਮ ਰੱਖਣ ਦੇ ਅਨੇਕਾਂ ਮਾਮਲੇ ਹਨ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੇ।
(੪) ਦਸ਼ਮੇਸ਼ ਪਿਤਾ ਜੀ ਵਲੋਂ ਸੁਨੇਹਾ :-

ਜਿਵੇਂ ਦਸ਼ਮੇਸ਼ ਪਿਤਾ ਜੀ ਚੰਡੀ ਦੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਸ਼ਸਤਰ ਖੰਡੇ ਦੀ ਸਿਰਜਨਾ ਕੀਤੀ ਤੇ ਬਾਅਦ ਵਿੱਚ ਸੰਸਾਰ ਪੈਦਾ ਕੀਤਾ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਵੀ ਖ਼ਾਲਸੇ ਦੀ ਸਿਰਜਨਾ ਸਮੇਂ ਸਭ ਤੋਂ ਪਹਿਲਾਂ ਹੱਥ ਵਿੱਚ ਖੰਡਾ ਪਕੜਿਆ ਤੇ ਬਾਟੇ ਵਿੱਚ ਜਲ ਪਤਾਸੇ ਮਾਤਾ ਸਾਹਿਬ ਕੌਰ ਜੀ ਨੇ ਪਾਏ। ਸਿੱਖ ਬੀਬੀਆਂ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਪਾਨ ਵੀ ਮਾਤਾ ਸਾਹਿਬ ਕੌਰ ਜੀ ਨੇ ਹੀ ਕੀਤਾ ਜਿੰਨ੍ਹਾਂ ਨੂੰ ਖ਼ਾਲਸੇ ਦੀ ਮਾਤਾ ਹੋਣ ਦੀ ਉਪਾਧੀ ਮਿਲੀ। ਇਸਤੋਂ ਬਾਅਦ ਹਜ਼ਾਰਾਂ ਸਿੱਖ ਬੀਬੀਆਂ ਨੇ ਇਕੱਠੇ ਅੰਮ੍ਰਿਤਪਾਨ ਕੀਤਾ ਤੇ ਹਰ ਤਰ੍ਹਾਂ ਨਾਲ ਮਰਦਾਂ ਦੇ ਬਰਾਬਰ ਹੱਕ ਪ੍ਰਾਪਤ ਕੀਤੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੀ ਲਿਖ਼ਤ "ਸਿੰਘਾਂ ਦਾ ਪੰਥ ਨਿਰਾਲਾ" ਵਿੱਚ ਯੂਰਪੀਅਨ ਵਿਦਵਾਨ ਕਨਿੰਘਮ ਦੇ ਹਵਾਲੇ ਨਾਲ ਲਿਖਦੇ ਹਨ ਕਿ "ਸਿੱਖ ਬੀਬੀਆਂ ਦੂਜੀਆਂ ਬੀਬੀਆਂ ਨਾਲੋਂ ਆਪਣੇ ਸਿਰ 'ਤੇ ਜੂੜੇ ਅਤੇ ਕੇਸਕੀ ਸਜਾਉਣ ਕਰਕੇ ਪਛਾਣਆਂ ਜਾਂਦੀਆਂ ਹਨ, ਸਿੱਖ ਧਰਮ ਵਿੱਚ ਸੰਗਤੀ ਰੂਪ 'ਚ ਇਕੱਠੇ ਵਿਚਰਣ ਕਰਕੇ ਔਰਤ ਮਰਦ ਦਾ ਵਖਰੇਵਾਂ ਖ਼ਤਮ ਹੋ ਗਿਆ, ਹਰ ਸਮਾਗਮ ਵਿੱਚ ਇਸਤਰੀ ਮਰਦ ਇਕੱਠੇ ਵਿਚਰਦੇ, ਸੇਵਾ ਕਰਦੇ, ਇੱਕੋ ਪੰਗਤ 'ਚ ਬੈਠ ਕੇ ਛਕਦੇ ਅਤੇ ਜੰਗ ਯੁੱਧ ਵਿੱਚ ਮੋਢੇ ਨਾਲ ਮੋਢਾ ਡਾਹ ਕੇ ਇਕੱਠੇ ਦੁਸ਼ਮਣ ਵਿਰੁੱਧ ਲੜ੍ਹਦੇ ਹਨ, ਸਿੱਖ ਧਰਮ ਨੇ ਇਸਤਰੀ ਜਾਤੀ ਨੂੰ ਸਮਾਜ, ਧਰਮ ਅਤੇ ਰਾਜ ਪ੍ਰਬੰਧ ਵਿੱਚ ਪੂਰਾ ਬਰਾਬਰ ਦਾ ਸਥਾਨ ਲੈ ਕੇ ਦਿੱਤਾ ਹੈ। ਇਸ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇਗੀ ਜੇ ਅਸੀਂ ਕਹਿ ਲਈਏ ਕਿ ਸਿੱਖ ਧਰਮ ਨੇ ਲਤਾੜੀ, ਥਪੇੜੇ ਖਾਂਦੀ ਅਤੇ ਪੈਰ ਦੀ ਜੁੱਤੀ ਕਹਾਈ ਜਾਂਦੀ ਇਸਤਰੀ ਨੂੰ ਅਬਲਾ ਤੋਂ ਸਬਲਾ ਬਣਾ ਕੇ ਮਨੁੱਖੀ ਮਨ ਅਤੇ ਸੰਸਾਰੀ ਸਨਮਾਨ ਦੇ ਤਖ਼ਤੇ ਤਾਉਸ ਉੱਤੇ ਲਿਆ ਬਿਠਾਇਆ ਹੈ।" ਇਹ ਸਾਰਾ ਕੁੱਝ ਧੰਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪ੍ਰੇਮ ਰਸ ਬਾਣੀ ਅਤੇ ਦਸ਼ਮੇਸ਼ ਪਿਤਾ ਜੀ ਦੀ ਚੰਡੀ ਦੀ ਵਾਰ ਵਰਗੀ ਬੀਰ ਰਸ ਬਾਣੀ ਕਰਕੇ ਹੀ ਸੰਭਵ ਹੋ ਸਕਿਆ ਹੈ।

ਅਫ਼ਸੋਸ ਅੱਜ ਸਿੱਖਾਂ ਅੰਦਰੋਂ ਬੀਰ ਰਸ ਖ਼ਤਮ ਕਰਨ ਦੀਆਂ ਕੁਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਤਿਹਾਸ ਗਵਾਹ ਹੈ ਕਿ ਬੁੱਧ ਧਰਮ ਅੰਦਰੋਂ ਭਾਰਤ ਸਮੇਤ ਸੰਸਾਰ 'ਚ ਜਿੱਥੇ ਵੀ ਸ਼ਸਤਰ ਪ੍ਰੰਪਰਾ ਖ਼ਤਮ ਹੋਈ ਉਥੇ-ਉਥੇ ਹੀ ਬੁੱਧ ਧਰਮ ਖ਼ਤਮ ਹੋ ਗਿਆ ਜਾਂ ਖ਼ਤਮ ਹੋਣ ਕਿਨਾਰੇ ਹੈ। ਦਸ਼ਮੇਸ਼ ਪਿਤਾ ਜੀ ਵੇਲੇ ਵੀ ਬ੍ਰਾਹਮਣ ਪੁਜਾਰੀਆਂ ਨੇ ਗੁਰੂ ਪਿਤਾ ਜੀ ਨੂੰ ਸ਼ਕਤੀ ਪ੍ਰਾਪਤ ਕਰਨ ਲਈ ਦੇਵੀ ਯੱਗ ਕਰਨ ਲਈ ਕਿਹਾ ਸੀ ਗੁਰੂ ਪਿਤਾ ਜੀ ਨੇ ਸਿੱਖਾਂ ਨੂੰ ਬ੍ਰਾਹਮਣਵਾਦ ਦੇ ਕਰਮਕਾਂਢ ਤੋਂ ਬਚਾਉਣ ਅਤੇ ਸਿੱਖਿਆ ਦੇਣ ਲਈ ਅਨੰਦਪੁਰ ਨੇੜੇ ਨੈਣਾ ਦੇਵੀ ਦੇ ਸਥਾਨ 'ਤੇ ਹਵਨ ਯੱਗ ਦਾ ਚੋਜ ਸ਼ੁਰੂ ਕੀਤਾ, ਪੰਡਿਤਾਂ ਵਲੋਂ ਕਈ ਦਿਨ ਮੰਤਰ ਉਚਾਰਨ ਅਤੇ ਹਵਣ ਯੱਗ ਕਰਨ ਤੋਂ ਬਾਅਦ ਵੀ ਜਦੋਂ ਦੇਵੀ ਪ੍ਰਗਟ ਨਾ ਹੋਈ ਤਾਂ ਗੁਰੂ ਪਿਤਾ ਦੇ ਪੰਡਿਤਾਂ ਨੂੰ ਪੁੱਛਣ 'ਤੇ ਦੇਵੀ ਕਦੋਂ ਪ੍ਰਗਟ ਹੋਵੇਗੀ ਪੰਡਿਤਾਂ ਨੇ ਕਿਹਾ ਕਿ ਦੇਵੀ ਸ਼ੁੱਧ ਪੁਰਸ਼ ਦੀ ਬਲੀ ਮੰਗਦੀ ਹੈ, ਗੁਰੂ ਪਿਤਾ ਜੀ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਸ਼ੁੱਧ ਪੁਰਸ਼ ਕੌਣ ਹੋ ਸਕਦਾ ਹੈ ਤੇ ਸਵੇਰੇ ਤੁਹਾਡੇ ਵਿੱਚੋਂ ਹੀ ਕਿਸੇ ਇੱਕ ਦੀ ਬਲੀ ਦੇ ਕੇ ਦੇਵੀ ਪ੍ਰਗਟ ਕਰ ਲਈ ਜਾਵੇਗੀ, ਸਵੇਰ ਹੋਣ ਤੱਕ ਸਾਰੇ ਪੰਡਿਤ ਦੌੜ ਗਏ ਤਾਂ ਗੁਰੂ ਪਿਤਾ ਜੀ ਨੇ ਸਾਰੀ ਸਮਗਰੀ ਇੱਕੋ ਵੇਲੇ ਹਵਨ ਕੁੰਡ ਵਿੱਚ ਸੁਟਵਾ ਕੇ ਹੱਥ ਵਿੱਚ ਕ੍ਰਿਪਾਨ ਫੜ੍ਹ ਕੇ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ "ਅਸਲ ਦੇਵੀ ਇਹ ਕ੍ਰਿਪਾਨ ਹੈ ਜਿਸਦੀ ਸ਼ਕਤੀ ਨਾਲ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ।" ਪ੍ਰਸਿੱਧ ਯੂਰਪੀਅਨ ਵਿਦਵਾਨ ਐਸ.ਪਰਲ ਬਕ ਵੀ ਲਿਖਦੀ ਹੈ "ਸਿੱਖੋ ਗੁਰੂ ਪਿਤਾ ਦੀ ਦਿੱਤੀ ਕ੍ਰਿਪਾਨ ਤੁਹਾਡੀ ਹੋਂਦ ਨਿਸ਼ਚਿਤ ਕਰਦੀ ਹੈ, ਜਿਸ ਦਿਨ ਤੁਸੀਂ ਇਸਨੂੰ ਵਿਸਾਰ ਦਿੱਤਾ ਉਹ ਦਿਨ ਯਕੀਨਨ ਤੁਹਾਡੀ ਮੌਤ ਹੋਵੇਗੀ।"

ਅੱਜ ਭਾਰਤ ਅੰਦਰ ਹਿੰਦੂ ਭਾਈਚਾਰਾ ਕਈ ਢੰਗਾਂ ਨਾਲ ਕਈ-ਕਈ ਦਿਨ ਔਰਤ ਦੇਵੀ ਦੁਰਗਾ ਮਾਤਾ ਦੀ ਪੂਜਾ ਕਰਦਾ ਹੈ। ਜਿਸ ਦੇਵੀ ਨੇ ਦੇਵਤਿਆਂ ਨੂੰ ਦੈਂਤਾਂ ਤੋਂ ਬਚਾਇਆ ਅਤੇ ਇਨ੍ਹਾਂ ਦੇ ਰਾਜ ਭਾਗ ਦੁਬਾਰਾ ਲੈ ਕੇ ਇਨ੍ਹਾਂ ਨੂੰ ਦਿੱਤੇ ਉਹੀ ਦੇਵ ਕਹਾਉਂਦੇ ਅਖੌਤੀ ਊਚ ਜਾਤੀ ਸੰਤ, ਪੂਜਾਰੀ ਅਤੇ ਰਾਜਨੇਤਾ ਹੀ ਭਾਰਤ ਅੰਦਰ ਔਰਤਾਂ ਦੀ ਇੱਜਤ ਨਾਲ ਖੇਡ ਰਹੇ ਹਨ। ਸੰਘ ਪਰਿਵਾਰ ਨੇ ਔਰਤਾਂ ਦਾ ਇਕ ਸੰਗਠਨ "ਦੁਰਗਾ ਵਾਹਿਣੀ" ਬਣਾਇਆ ਹੋਇਆ ਹੈ ਜਿੱਥੇ ਹਿੰਦੂ ਲੜਕੀਆਂ ਨੂੰ ਤ੍ਰਿਸ਼ੂਲ, ਕਟਾਰ, ਤਲਵਾਰ ਅਤੇ ਬੰਦੂਕ ਚਲਾਉਣਾ ਸਿਖਾਇਆ ਜਾਂਦਾ ਹੈ ਪਰ ਅੱਜ ਤੱਕ ਕੋਈ ਵੀ ਐਸਾ ਪ੍ਰਮਾਣ ਨਹੀਂ ਮਿਲਦਾ ਜਦੋਂ ਕਿਸੇ ਭਾਰਤ ਵਾਸੀ ਔਰਤ ਦੀ ਹੋ ਰਹੀ ਬੇਪੱਤੀ ਨੂੰ ਦੁਰਗਾ ਵਾਹਿਣੀ ਨੇ ਬਚਾਇਆ ਹੋਵੇ। ਸਗੋਂ ਗੁੜਗਾਂਵ ਅਤੇ ਅੰਮ੍ਰਿਤਸਰ ਦੀਆਂ ਪਿੱਛੇ ਵਾਪਰੀਆਂ ਘਟਨਾਵਾਂ ਜਿੰਨ੍ਹਾਂ ਵਿੱਚ ਹਿੰਦੂ ਲੜਕਿਆਂ ਵਲੋਂ ਹਿੰਦੂ ਲੜਕੀਆਂ ਦੀ ਇੱਜਤ ਖ਼ਰਾਬ ਹੋਣ ਤੋਂ ਇੱਕ ਨਿਹੰਗ ਸਿੰਘ ਅਤੇ ਭਾਈ ਇੰਦਰ ਸਿੰਘ ਹੈਦਰਾਬਾਦੀ ਨੇ ਬਚਾਈ ਸੀ। ਭਾਰਤ ਵਿੱਚ ਫਿਲਮਾਂ, ਟੀ.ਵੀ ਅਤੇ ਇਲੈਕਟ੍ਰੋਨਿਕ ਮੀਡੀਏ ਨੇ ਔਰਤਾਂ ਨੂੰ ਇੱਕ ਭੋਗ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈ ਜਿਸ ਕਾਰਨ ਔਰਤ ਨਾਲ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਦਹੇਜ ਦੀ ਲਾਹਨਤ ਅਤੇ ਸਮਾਜ ਵਿੱਚ ਸੁਰੱਖਿਅਤ ਨਾ ਹੋਣ ਕਰਕੇ ਭਾਰਤੀ ਲੋਕ ਜੰਮਣ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਖ਼ਤਮ ਕਰਨ ਲੱਗ ਪਏ ਹਨ।

ਅੱਜ ਜਦੋਂ ਭਾਰਤ ਦੇ ਉੱਚ ਜਾਤੀ ਹੁਕਮਰਾਨ ਅਤੇ ਅਖੌਤੀ ਸਾਧੂ ਸੰਤ ਤਾਕਤ ਦੇ ਨਸ਼ੇ 'ਚ ਤ੍ਰੈਤੇ ਯੁੱਗ ਵਾਂਗ ਹੰਕਾਰੀ ਹੋ ਗਏ ਹਨ ਤੇ ਇਨ੍ਹਾਂ ਨੇ ਸ਼ਰਨਵਤ ਬੀਜ ਵਰਗੇ ਦੈਂਤਾਂ ਦਾ ਰੂਪ ਧਾਰਨ ਕਰ ਲਿਆ ਹੈ, ਹਰੇਕ ਬਲਾਤਕਾਰ ਦੀ ਘਟਨਾ ਪਿੱਛੋਂ ਹੋਰ ਬਲਾਤਕਾਰੀ ਟੋਲੇ ਵਧਦੇ ਜਾ ਰਹੇ ਹਨ ਤਾਂ ਸਿੱਖ ਬੀਬੀਆਂ ਨੂੰ ਚੰਡੀ ਦੀ ਵਾਰ ਪੜ੍ਹ ਕੇ ਦੁਰਗਾ ਦਾ ਰੂਪ ਧਾਰਨ ਕਰਨਾ ਪਵੇਗਾ ਤੇ ਹਰੇਕ ਪ੍ਰਕਾਰ ਦੇ ਸ਼ਸਤਰ ਚਲਾਉਣ ਵਿੱਚ ਖਾਸ ਮੁਹਾਰਤ ਹਾਸਲ ਕਰਨੀ ਪਵੇਗੀ , ਬੀਬੀ ਨਿਰਭੈ ਕੌਰ ਵਾਂਗ ਕੇਵਲ ਆਪਣੇ 'ਤੇ ਹੀ ਨਹੀਂ ਸਗੋਂ ਹੋਰ ਕਾਂਤਾ ਵਰਗੀਆਂ ਲੜਕੀਆਂ ਦੇ ਸਰੀਰਾਂ ਨੂੰ ਪੈਣ ਵਾਲੇ ਹੱਥਾਂ ਨੂੰ ਕ੍ਰਿਪਾਨ ਦੀ ਧਾਰ ਨਾਲ ਕੱਟ ਕੇ ਸੁੱਟਣਾਂ ਪਵੇਗਾ, ਅਜਿਹਾ ਇਸ ਲਈ ਵੀ ਜਰੂਰੀ ਹੈ ਕਿ ਇੱਕ ਵਾਰ ਹੋਏ ਬਲਾਤਕਾਰ ਤੋਂ ਬਾਅਦ ਭਾਰਤੀ ਅਦਾਲਤਾਂ 'ਚ ਪੀੜ੍ਹਤ ਔਰਤਾਂ ਦਾ ਬੋਲਾਂ ਰਾਂਹੀ ਬਾਰ ਬਾਰ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਬਹੁਤੇ ਅਦਾਲਤੀ ਮਾਮਲੇ ਨਿਆਂ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ। ਇਨ੍ਹਾਂ ਹਲਾਤਾਂ ਵਿੱਚ ਦਸ਼ਮੇਸ਼ ਪਿਤਾ ਜੀ ਦਾ ਇਹ ਕਥਨ "ਚੂੰਂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰਿ ਦਸਤ" ਵੀ ਆਪਣੇ ਹਿਰਦੇ 'ਚ ਧਾਰਨ ਕਰਨਾ ਪਵੇਗਾ ਕਿ ਜਦੋਂ ਹਰੇਕ ਅਪੀਲ ਦਲੀਲ ਤੇ ਹੀਲਾ ਵਸੀਲਾ ਬੇਅਸਰ ਹੋ ਜਾਵੇ ਤਾਂ ਤਲਵਾਰ ਦੀ ਮੁੱਠ ਨੂੰ ਹੱਥ ਪਾਉਣਾ ਜਾਇਜ਼ ਹੈ ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article

ਭਾਈ ਤਾਰੂ ਸਿੰਘ

 

ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।...

Read Full Article

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

 

ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ (੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ ਵਿੱਚੋਂ ਇੱਕ ਸੀ।...

Read Full Article

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

 

ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ। ...

Read Full Article

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

 

ਗੁਜਰਾਤ ਫਾਈਲਾਂ ਨਾਮ ਦੀ ਕਿਤਾਬ ਪੱਤਰਕਾਰ ਰਾਣਾ ਅਯੂਬ ਵਲੋਂ ਗੁਜਰਾਤ ਦੇ ਮੁਸਲਿਮ ਕਤਲੇਆਮ , ਝੂਠੇ ਪੁਲਸ ਮੁਕਾਬਲੇ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਹਿਰੇਨ ਪਾਂਡਿਯਾ ਦੇ ਕਤਲ ਦੀ ਛਾਨਬੀਣ ਦਾ ਵੇਰਵਾ ਹੈ । ਇਹ ਛਾਨਬੀਣ ਲੇਖਿਕਾ ਰਾਣਾ ਅਯੂਬ ਨੇ ਅਮਰੀਕਨ ਫਿਲਮਸਾਜ਼ ਮੈਥਿਲੀ ਤਿਆਗੀ ਨਾਮ ਦੀ ਲੜਕੀ ਬਣ ਕੇ 2001 ਤੋਂ 2010 ਤੱਕ ਗੁਜਰਾਤ 'ਚ ਰਹੇ ਉਚ ਪੁਲਸ ਅਫ਼ਸਰਾਂ , ਨੌਂਕਰਸ਼ਾਹਾਂ ਤੇ ਰਾਜਨੀਤਿਕਾਂ ਨਾਲ ਮੁਲਾਕਾਤਾਂ ਕਰਕੇ ਸਟਿੰਗ ਆਪ੍ਰੇਸ਼ਨ ਰਾਂਹੀ ਕੀਤੀ ਹੈ । ...

Read Full Article

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article