A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਗੁਰੂ ਗੋਬਿੰਦ ਸਿੰਘ ਜੀ ਦਾ ਆਤਮਕ ਮੰਡਲ

Author/Source: Prof. Joginder Singh

ਗੁਰੂ ਗੋਬਿੰਦ ਸਿੰਘ ਜੀ ਦਾ ਆਤਮਕ ਮੰਡਲ
(ਪ੍ਰੋ. ਜੋਗਿੰਦਰ ਸਿੰਘ, ਅੰਤ੍ਰਿੰਗ ਮੈਂਬਰ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)

(੧)
ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਭਾਵੇਂ ਅਨਿਕ ਹਨ ਅਤੇ ਸਿੱਛਾ ਵੀ ਭਾਂਤਿ ਭਾਂਤਿ ਦੀ ਹੈ, ਪਰ ਹਰ ਰੂਪ ਤੇ ਸਿੱਛਾ ਦਾ ਮੰਡਲ ਆਤਮਕ ਹੀ ਹੈ। ਆਤਮਕ ਮੰਡਲ ਸੰਪੂਰਨਤਾ ਦਾ ਮੰਡਲ ਹੀ ਹੁੰਦਾ ਹੈ। ਜਿਵੇਂ ਸੰਪੂਰਨਤਾ ਦੇ ਮੰਡਲ ਵਿਚ ਚੱਕ੍ਰ-ਚਿਹਨ, ਬਰਨ-ਜਾਤਿ, ਰੂਪ-ਰੰਗ ਤੇ ਰੇਖ-ਭੇਖ ਦਾ ਕੋਈ ਵਿਤਕਰਾ ਨਹੀਂ ਹੁੰਦਾ ੳਤੇ ਨਾ ਹੀ ਮਾਰਗ, ਧਰਮ, ਇਸ਼ਟ ਤੇ ਗੁਰੂ ਦਾ ਕੋਈ ਝਗੜਾ ਹੁੰਦਾ ਹੈ, ਇਸੇ ਤਰ੍ਹਾਂ ਆਤਮਕ ਮੰਡਲ ਹਰ ਤਰ੍ਹਾਂ ਦੇ ਵੰਡ-ਵਿਤਕਰਿਆਂ ਤੇ ਹਉਮੈ ਦੇ ਲਾਲਚ ਕਾਰਨ ਉਪਜੇ ਝਗੜਿਆਂ ਤੋਂ ਆਜ਼ਾਦ ਹੁੰਦਾ ਹੈ। ਜੋਤਿ ਤੇ ਗੁਰਬਾਣੀ ਨੇ ਆਤਮਕ ਮੰਡਲ ਦੇ ਕਈ ਰੂਪ-ਚਿੰਨ੍ਹ ਨਿਸਚਿਤ ਕੀਤੇ ਹਨ, ਪਰ ਆਤਮਕ ਮੰਡਲ ਦਾ ਸੱਚ ਤੇ ਪੱਧਰ, ਨਿਰੰਤਰ ਇਕੋ ਜਿਹਾ ਹੀ ਹੁੰਦਾ ਤੇ ਰਹਿੰਦਾ ਹੈ। ਹੇਮਕੁੰਟ ਪਰਬਤ ਉਤੇ ਕੀਤੀ ਅਰਾਧਨਾ ਤੇ ਸਾਧਨਾ, ਕਾਜ ਦੀ ਸਥਾਪਨਾ, ਸੁਰੱਖਿਆਂ ਲਈ ਦੁਸਟ-ਦੋਖੀਆਂ ਨਾਲ ਕੀਤੇ ਸੰਘਰਸ਼, ਤਖਤੋ-ਤਾਜ ਤੇ ਸਾਰਾ ਬੰਸ ਕੁਰਬਾਨ ਕਰਵਾ ਕੇ ਪੈਦਾ ਹੋਏ ਸੰਕਟ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਜੇ ਆਤਮਕ ਮੰਡਲ ਵਿਚ ਜੁੜੇ ਜਾਂ ਬਿਰਾਜੇ ਰਹਿਣ, ਨਾ ਡਿੱਗਣ, ਨਾ ਡੋਲਣ, ਸਗੋਂ ਮਰਦ ਅਗੰਮੜਾ ਵਾਂਗ, ਜੀਵਨ ਦੀ ਹਰ ਸਥਿਤੀ ਤੇ ਹਰ ਸੰਕਟ ਵਿਚ ਸੱਚ, ਪ੍ਰੇਮ, ਅਣਖ ਤੇ ਆਜ਼ਾਦੀ ਨਾਲ ਵਿਚਰਦੇ ਰਹਿਣ, ਤਾਂ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਆਤਮਕ ਮੰਡਲ ਕਾਇਮ ਹੀ ਨਹੀਂ, ਸਗੋਂ ਉਹ ਲਗਾਤਾਰ ਆਤਮਕ ਮੰਡਲ ਦੇ ਵਾਸੀ ਹਨ।

‘ਬਚਿੱਤ੍ਰ ਨਾਟਕ’ ਵਿਚ ਹੇਮਕੁੰਟ ਪਰਬਤ ਉਤੇ ਆਪਣੇ ਪ੍ਰਕਾਸ਼ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਅਰਾਧਨਾ ਅਤੇ ਸਾਧਨਾ ਦਾ ਸਾਰ-ਵਿਸਥਾਰ ਦਿੱਤਾ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਟਨਾ ਸ਼ਹਿਰ ਵਿਚ ਭਵ (ਪ੍ਰਗਟ) ਲੈਣ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਜੀ ਆਤਮਕ ਮੰਡਲ ਵਿਚ ਹੀ ਬਿਰਾਜੇ ਹੋਏ ਸਨ। ਦਵੈ ਤੋਂ ਇਕ ਰੂਪ ਹੋਣਾ ਅਤੇ ਆਪਣੀ ਸੁਰਤਿ ਨੂੰ ਸਦਾ ਪ੍ਰਭੂ-ਚਰਨਾਂ ਨਾਲ ਜੋੜੀ ਰੱਖਣਾ, ਇਹ ਆਤਮਕ ਮੰਡਲ ਵਿਚ ਜੀਣ-ਕ੍ਰਿਆ ਦੀ ਹੀ ਪਛਾਣ ਹੈ। ਆਤਮਕ ਮੰਡਲ ਵਿਚ ਜੀਊਣ ਵਾਲਾ ਸਦਾ ਵਿਸਮਾਦ ਤੇ ਅਨੰਦਾਤਮਿਕ ਹੋ ਕੇ ਵਿਚਰਦਾ ਹੈ। ਉਸ ਦਾ ਚਿੱਤ ਪ੍ਰਭੂ-ਰਸਿਕਤਾ ਪ੍ਰਤੀ ਇੰਨਾ ਸਮਰਪਿਤ ਹੁੰਦਾ ਹੈ ਕਿ ਕਿਸੇ ਕਾਰਨ ਵੀ, ਉਹ ਪ੍ਰਭੂ-ਚਰਨਾਂ ਨੂੰ ਛੱਡ ਕੇ, ਵਿਸ਼ੇ ਤੇ ਤਪ ਭਰੇ ਸੰਸਾਰ ਵਿਚ ਆਉਣਾ ਨਹੀਂ ਚਾਹੁੰਦਾ। ਜੇ ਗੁਰੂ ਗੋਬਿੰਦ ਸਿੰਘ ਜੀ ਵਿਸ਼ ਤੇ ਤਪੁ-ਸੰਸਾਰ ਵਿਚ ਆਉਣਾ ਨਹੀਂ ਚਾਹੁੰਦੇ ਤਾਂ ਸਪੱਸ਼ਟ ਕਿ ਹੇਮਕੁੰਟ ਪਰਬਤ ਉਤੇ ਕੀਤੀ ਅਰਾਧਨਾ, ਸਾਧਨਾ ਵੇਲੇ ਵੀ ਉਹਨਾਂ ਦਾ ਚਿੱਤ ਆਤਮਕ ਮੰਡਲ ਵਿਚ ਹੀ ਸੀ। ਜੇ ਪ੍ਰਭੂ-ਆਇਸ ਪ੍ਰਾਪਤ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਵਿਚ ਭਵ-ਪ੍ਰਗਟ ਵੀ ਹੁੰਦੇ ਹਨ, ਤਾਂ ਜੀਵਨ-ਕ੍ਰਿਆ ਦਾ ਹਰ ਅਨੁਭਵ, ਹਰ ਬੋਲ, ਹਰ ਕਰਮ, ਹਰ ਬੁੱਧ, ਹਰ ਸਿਰਜਨਾ ਅਤੇ ਹਰ ਪ੍ਰਾਪਤੀ ਆਤਮਕ ਮੰਡਲ ਦੇ ਵਾਸੀ ਹੋਣ ਦਾ ਪ੍ਰਭਾਵ ਹੀ ਉਜਾਗਰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨਿਸਚੇ ਹੀ ਸਦਾ ਆਤਮਕ ਮੰਡਲ ਦੇ ਵਾਸੀ ਰਹੇ ਤੇ ਜੀਵਨ-ਕ੍ਰਿਆ ਦੇ ਹਰ ਰੁਖ ਨੂੰ ਉਹਨਾਂ ਨੇ ਸੰਪੂਰਨਤਾ ਦਾ ਰੂਪ ਪ੍ਰਦਾਨ ਕੀਤਾ।

(੨)
ਗੁਰੂ ਗੋਬਿੰਦ ਸਿੰਘ ਜੀ ਦਾ ਜੱਗ-ਪ੍ਰਵੇਸ਼ ਕੇਵਲ ਧਰਮ-ਕਾਰਜ ਦੀ ਸਥਾਪਨਾ ਤੇ ਧਰਮ ਦੀ ਸੁਰੱਖਿਆ ਲਈ ਸੀ। ‘ਧਰਮ’ ਤੋਂ ਭਾਵ ਪ੍ਰਭੂ ਦੀ ਹਜ਼ੂਰੀ ਵਿਚ ਜੀਊਣਾ ਹੈ। ਜਿਹੜੀ ਕੂੜ-ਕ੍ਰਿਆ ਮਾਨਵ ਨੂੰ ਪ੍ਰਭੂ-ਹਜ਼ੂਰੀ ਤੋਂ ਦੂਰ ਕਰਦੀ ਜਾਂ ਸੰਪਰਦਾਇਕਤਾ ਦੀ ਭਾਵਨਾ ਪੈਦਾ ਕਰ ਕੇ ਮਾਨਸ ਜਾਤਿ ਵਿਚ ਘਿਰਣਾ ਤੇ ਵੰਡ ਪੈਦਾ ਕਰਦੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੀ ਜੀਵਨ-ਕ੍ਰਿਆ ਨੂੰ ‘ਧਰਮ’ ਸਵੀਕਾਰ ਹੀ ਨਹੀਂ ਕੀਤਾ। ਇਹੀ ਕਾਰਨ ਹੈ ਕਿ ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਕੂੜ-ਕ੍ਰਿਆ ਦਾ ਹਰ ਅੰਗ, ਫੋਕਟ ਧਰਮ, ਪਾਖੰਡ-ਭੇਖ, ਸਵਾਂਗ ਤੇ ਪ੍ਰਭੁਧਿ ਕਰਨ ਨੂੰ ਅਰਥ-ਹੀਣ ਕਹਿ, ਲੋਕਾਂ ਨੂੰ ਛੱਡਣ ਤੇ ਤਿਆਗਣ ਲਈ ਕਹਿੰਦੇ ਹਨ ਅਤੇ ਦੂਸਰੇ ਪਾਸੇ ਪੰਥ, ਮਾਨਸ ਜਾਤਿ, ਦੋਹੁਰਾ ਤੇ ਮਸੀਤ, ਪੂਜਾ ਤੇ ਨਿਵਾਜ, ਸੰਸਕ੍ਰਿਤ ਤੇ ਅਰਬੀ ਦੀ ਏਕਤਾ ਦਾ ਭਰਭੂਰ ਪ੍ਰਗਟਾਵਾ ਕਰਦੇ ਹਨ। ਹਉ ਦੇ ਲਾਲਚ ਤੋਂ ਉਪਜੀ ਕ੍ਰਿਆ ਤੇ ਪਾਸਾਰ ਦਾ ਵਿਰੋਧ ਕਰਨਾ, ਇਹ ਵੀ ਸ਼ੁਧ ਰੂਪ ਵਿਚ ਆਤਮਕ ਧਰਮ ਹੈ ਤੇ ਸਾਰੀ ਮਾਨਵਤਾ ਨੂੰ ਇਸ਼ਟ, ਮਾਰਗ, ਧਰਮ, ਭਗਤੀ-ਸਥਾਨਾਂ, ਪੂਜਾ-ਵਿਧੀਆਂ, ਬੋਲੀਆਂ ਤੇ ਸੰਸਕ੍ਰਿਤੀ ਅਤੇ ਏਕਤਾ ਤੇ ਬਰਾਬਰੀ ਦਾ ਅਹਿਸਾਸ ਪ੍ਰਸੰਗ ਕਰਨਾ, ਇਹ ਵੀ ਆਤਮਕ ਕਰਮ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਮੁਚਾ ਜੀਵਨ, ਬਾਣੀ ਤੇ ਬੋਲ, ਯੁੱਧ ਤੇ ਸਿਰਜਨਾ, ਬੰਸ ਤੇ ਪੰਥ ਦੀ ਕੁਰਬਾਨੀ-ਗੱਲ ਦੀ ਧਰਮ ਅਤੇ ‘ਕਰਮ ਪਖੋਂ’ ਸਾਖੀ ਹੈ ਕਿ ਉਹ ਸਦਾ ਆਤਮਕ ਮੰਡਲ ਵਿਚ ਹੀ ਵਿਚਰਦੇ ਰਹੇ। ਏਕਤਾ, ਬਰਾਬਰੀ, ਸਦਬਾਵਨਾ, ਪ੍ਰੇਮ ਤੇ ਧਰਮ ਕਰਮ ਦੀ ਕ੍ਰਿਆ ਨਿਰੋਲ ਆਤਮਕ ਮੰਡਲ ਦੀ ਕ੍ਰਿਆ ਹੀ ਹੈ। ਇਹੀ ਕਾਰਨ ਹੈ ਕਿ ਆਤਮਕ ਮੰਡਲ ਦੇ ਵਾਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਵੀ ਆਪਣੇ ਆਪ ਨੂੰ ਵਿਅਕਤੀ-ਪੂਜਾ, ਦੇਵ-ਪੂਜਾ, ਸਥਾਨ-ਪੂਜਾ ਤੇ ਭੇਖ-ਪੂਜਾ ਨਾ ਨਹੀਂ ਜੋੜਿਆ। ਗੁਰੂ ਗੋਬਿੰਦ ਸਿੰਘ ਜੀ ਸਦਾ ਪਰਮ ਪੁਰਖ ਦੀ ਪ੍ਰਾਪਤੀ ਦੇ ਅਨੰਦ ਵਿਚ ਤੇ ਅਨੰਤ ਨਾਮ ਦੇ ਰਸਿਕ ਗਾਇਕ ਦੇ ਰੂਪ ਵਿਚ ਉਜਾਗਰ ਹੋਏ। ਸ੍ਰੀ ਦਸਮ ਗ੍ਰੰਥ ਦੇ ਹੇਠਲੇ ਵਾਕ ਉਹਨਾਂ ਦੀ ਆਤਮਕ-ਭਾਵਨਾ ਨੂੰ ਹੀ ਸਪੱਸਟ ਕਰਦੇ ਹਨ:

ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋਂ ਕਹੀਂ ॥
ਅਨੰਤ ਨਾਮੁ ਗਾਇ ਹੋਂ ॥ ਪਰਮ ਪੁਰਖ ਪਾਇ ਹੋਂ ॥੩੫॥
ਬਿਅੰਤ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥
ਨ ਧਿਆਨ ਆਨ ਕੋ ਧਰੋਂ ॥ ਨ ਨਾਮ ਆਨ ਉਚਰੋਂ ॥੩੮॥
(ਬਚਿਤ੍ਰ ਨਾਟਕ, ਧਿਆ, ੬ )

(੩)
ਗੁਰੂ ਗੋਬਿੰਦ ਸਿੰਘ ਜੀ ਦਾ ਅਵਰ ਵਾਸ਼ਨਾ ਦਾ ਤਿਆਗ, ਧਰਮ ਯੁੱਧ ਦਾ ਚਾਅ, ਮੁਖ ਵਿਚਾਰ ਤੇ ਚਿੱਤ ਵਿਚ ਵਿਕਾਰਾਂ ਵਿਰੁੱਧ ਯੁੱਧ, ਆਪਣੇ ਪ੍ਰਭੂ ਪਾਸੋਂ ਮੰਗੇ ਵਰ-ਦਾਨ ‘ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’ ਤੇ ‘ਰਣ ਮਹਿ ਜੂਝ ਮਰੋਂ’ ਇਹ ਤਿਆਗ, ਧਰਮ ਯੁੱਧ, ਜੂਝ ਮਰੋ ਤੇ ਸੁਭ ਕਰਮਨ ਦੀ ਬਿਰਤੀ ਤੇ ਕ੍ਰਿਆ ਵੀ ਆਤਮਕ ਮੰਡਲ ਦੀ ਬਿਰਤੀ ਤੋਂ ਕ੍ਰਿਆ ਹੀ ਹੈ। ਆਤਮਕ ਮੰਡਲ ਦੀ ਬਿਰਤੀ ਸਦਾ ਪ੍ਰਭੂ-ਪ੍ਰੇਮ, ਧਰਮ-ਪ੍ਰੇਮ, ਮਾਨਵ-ਪ੍ਰੇਮ ਤੇ ਸਭਿਆਚਾਰਕ-ਪ੍ਰੇਮ ਤੋਂ ਪਛਾਣੀ ਜਾਂਦੀ ਹੈ, ਤੇ ਆਤਮਕ ਮੰਡਲ ਦੀ ਕ੍ਰਿਆ ਹਮੇਸ਼ਾ ਕੁਰਬਾਨੀ ਤੇ ਸ਼ਹੀਦੀ ਸਾਕਿਆਂ ਤੋਂ ਜਾਣੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭੂ-ਪ੍ਰੇਮ, ਧਰਮ-ਪ੍ਰੇਮ, ਮਾਨਵ-ਪ੍ਰੇਮ ਤੇ ਸਭਿਆਚਾਰਕ-ਪ੍ਰੇਮ ਸਿੱਖਰ ਤੇ ਪ੍ਰੇਮ ਵਿਚ ਕੀਤੇ ਪ੍ਰੇਮਾਂ ਦਾ ਸਰੂਪ ਜੇ ਵਾਸ਼ਨਾ ਵਾਲਾ ਨਹੀਂ, ਪ੍ਰਭੂ, ਧਰਮ, ਨਾਮ ਤੇ ਮਾਨਵਭਾਵੀ ਹੈ, ਸੇਵਾ ਤੇ ਉਪਕਾਰ ਹਿੱਤ ਹੈ, ਤਾਂ ਉਹ ‘ਪ੍ਰੇਮ’ ਸਿਰਜਨਾਤਮਿਕ ਵੀ ਹੈ ਤੇ ਪ੍ਰਭੂ-ਪ੍ਰਾਪਤੀ ਦਾ ਯੋਗ ਸਾਧਨ ਵੀ। ਪ੍ਰਭੂ-ਪ੍ਰਾਪਤੀ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਦੁਆਰੇ, ਵਿਧੀ, ਭੇਖ ਤੇ ਬੋਲੀ ਪ੍ਰਤੀ ਪ੍ਰੇਮ ਵੀ ਵਿਰੋਧ ਨਹੀਂ ਰਿਹਾ। ਗੁਰੂ ਪਰੰਪਰਾ ਤੇ ਖ਼ਾਸ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂ-ਪ੍ਰਾਪਤੀ ਲਈ ਨਾ-ਕੇਵਲ ਪੂਰੀ ਖੁਲ੍ਹ ਤੇ ਆਜ਼ਾਦੀ ਹੀ ਦਿਤੀ, ਸਗੋਂ ਹਰ ਧਰਮ ਦੇ ਸਾਧਨਾਂ ਤੇ ਵਿਧੀਆਂ ਪ੍ਰਤੀ ਸਤਿਕਾਰ ਵੀ ਪ੍ਰਗਟਾਇਆ। ਜਿਵੇਂ ਕਿ ਜਗਤ ਪ੍ਰਸਿੱਧ ਬਾਣੀ ‘ਜਾਪੁ ਸਾਹਿਬ’ ਵਿਚ ਭਾਰਤੀ ਧਰਮਾਂ ਵਲੋਂ ਨਿਯੁਕਤ ਰੱਬੀ ਨਾਵਾਂ, ਪੂਜਾ-ਵਿਧੀਆਂ ਤੇ ਬੋਲੀਆਂ ਦੇ ਵਖੇਵਿਆਂ ਤੋਂ ਮੁਕਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਮਾਦ ਵਿਚ ਆ ਕੇ ਨਮਸਕਾਰ ਕੀਤੀ ਹੈ, ਖਾਸ ਕਰ ਕੇ ‘ਸ੍ਰੀ ਅਕਾਲ ਉਸਤਤਿ’ ਵਿਚ ਲਗਾਤਾਰ ਛੇ ਘੰਟੇ ੧੬੦੦੦ ਵਾਰੀ ‘ਤੂੰਹੀਂ ਤੂੰਹੀਂ’ ਦੀ ਧੁਨੀ ਨੂੰ ਉਜਾਗਰ ਕੀਤਾ ਹੈ। ਨਿਸਚੇ ਹੀ ਸਾਡਾ ਦ੍ਰਿਸਟੀ-ਮੰਡਲ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਕ ਮੰਡਲਾਂ ਦਾ ਪਾਸਾਰ ਦਿਸਦਾ ਹੈ। ਪ੍ਰੇਮ-ਅਨੁਭਵ ਵਿਚ ਜੀਵਿਆ ਹਰ ਪਲ, ਬੋਲਿਆ ਬਾਣੀ-ਵਾਕ ਤੇ ਗੁਰਬਾਣੀ ਨਾਲ ਸਿੰਗਾਰਿਆ ਹਰ ਧਰਮ ਉਚੇ ਤੋਂ ਉਚਾ ਹੋਣ ਦਾ ਹੀ ਪ੍ਰਤੀਕ ਹੈ। ਆਤਮਕ ਮੰਡਲ ਸੰਸਾਰੀ ਮੰਡਲਾਂ ਵਿਚੋਂ ਸਭ ਤੋਂ ਉੱਚਾ ਤੇ ਪਵਿੱਤਰ ਮੰਡਲ ਹੈ। ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਲੜੇ, ਪਹਾੜੀ ਰਾਜਿਆਂ ਨਾਲ ਲੜੇ, ਵਾਸ਼ਨਕਾਂ ਵਿਚ ਫਸੇ ਦੁਸਟ-ਦੋਖੀਆਂ ਨਾਲ ਲੜੇ, ਹਾਂ ਇਕ ਤੱਥ ਸਦਾ ਸਪੱਸ਼ਟ ਰਿਹਾ ਹੈ ਕਿ ਹਰ ਲੜਾਈ ਵਿਚ ਲੜਨ ਤੇ ਜਿੱਤ ਦਾ ਪੱਧਰ ਇਕੋ ਹੀ ਰਿਹਾ ਹੈ।ਜੇ ਭਾਈ ਘਨੱਈਆਂ, ਵਿਰੋਧੀ ਜ਼ਖਮੀ ਯੋਧਿਆ ਨੂਮ ਮਰ੍ਹਮ-ਪੱਟੀ ਕਰ ਰਿਹਾ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਘਨੱਈਆਂ ਉੱਤੇ ਨਾਰਾਜ਼ ਨਹੀਂ ਹੋਏ, ਬਲਕਿ ਮਾਨਵ-ਸੇਵਾ ਪ੍ਰਤੀ ਪ੍ਰਸੰਨ ਹੋਏ ਹਨ। ਜੇ ਰਣ ਵਿਚ ਜੂਝ ਜਿਤੇ ਹਨ, ਤਾਂ ਇੰਨੀ ਖੁਸ਼ੀ ਦਾ ਪ੍ਰਗਟਾਵਾ ਨਹੀਂ ਕੀਤਾ, ਜਿੰਨਾ ਕ੍ਰਿਆ ਨਾਲ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ। ਕ੍ਰਿਆ ਨਾਲ ਪ੍ਰਤੀ ਧੁਰ-ਅੰਦਰੋਂ ਪ੍ਰਕਾਸ਼ਮਾਨ ਹੋਇਆ ਧੰਨਵਾਦ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਕ ਮੰਡਲ ਦਾ ਵਾਸੀ ਹੀ ਸਿੱਧ ਕਰਦਾ ਹੈ।

(੪)
‘ਤਵ ਪ੍ਰਸ਼ਾਦਿ ਸਵੈਯੇ’ ਦੇ ਅਧਿਐਨ ਤੋਂ ਇਕ ਰੱਬ ਹੋਰ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕ ਦ੍ਰਿਸ਼ਟੀ ਵਿਚ, ਹੇਠ ਲਿਖੀ ਜੀਵਨ-ਕ੍ਰਿਆ ਬਿਲਕੁਲ ਹੀ ਪਰਵਾਨ ਨਹੀਂ:-

੧. ਸਭ ਦੇਸ-ਦਿਸਾਨ ਨੂੰ ਜਿਤ ਕੇ, ਖੁਸ਼ੀਆਂ ਵਿਚ ਢੋਲ ਮ੍ਰਿਦੰਗ ਅਤੇ ਨਗਾਰਿਆਂ ਨੂੰ ਵਜਾਣਾ।
੨. ਤੀਰਥ ਇਸ਼ਨਾਨ ਤੇ ਦਾਨ-ਪੁੰਨ ਦੇ ਨਾਮ ਤੇ ਸੰਜਮ ਕਰਨਾ।
੩. ਮਨ ਵਿਚ ਭਾਰੀ ਗੁਮਾਨ ਰਖ ਕੇ ਪਰਬਤ ਵਾਂਗ ਸਥਿਰ ਹੋ ਜਾਣਾ।
੪. ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸੂਰਮਾ ਕਹਿਣਾ।
੫. ਤ੍ਰਿਲੋਕੀ ਦਾ ਰਾਜ-ਅਧਿਕਾਰੀ ਬਣ ਬੈਠਣਾ।
੬. ਦੋਵੇਂ ਅੱਖਾਂ ਮੂੰਦ ਕੇ ਬਗਲੇ ਵਾਂਗੂੰ ਸਮਾਧੀ-ਸਥਿਰ ਹੋਣਾ।
੭. ਮਹਾਨ-ਪੂਜਯ ਬਣਨਾ ਤੇ ਗਲ ਵਿਚ ਸ਼ਿਵਲਿੰਗ ਲਟਕਾਈ ਰਖਣਾ।
੮. ਕੂੜ-ਕ੍ਰਿਆ ਵਿਚ ਉਰਝੇ ਰਹਿਣਾ।

ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਇਹ ਸੀ ਕਿ ਉਪ੍ਰੋਕਤ ਸਾਰੀ ਜੀਵਨ-ਕ੍ਰਿਆ ਬਾਹਰਮੁਖੀ ਹੈ। ਆਤਮਕ ਮੰਡਲ ਜਾਂ ਪ੍ਰਭੂ-ਪ੍ਰਾਪਤੀ ਲਈ ਇਸ ਸਾਰੀ ਕ੍ਰਿਆ ਦਾ ਕੋਈ ਮੁੱਲ ਅਤੇ ਮਹੱਤਵ ਨਹੀਂ।

ਬੀਰ ਹੋਵੇ ਜਾਂ ਬੀਰ ਅਪਾਰ ਹੋਵੇ, ਭੂਪ ਹੋਵੇ ਜਾਂ ਭੂਪ ਅਧਿਕਾਰੀ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦਾ ਨਿਰਣਾ ਇਹ ਹੈ ਕਿ ਜੇ ਉਸ ਕੋ ਭਗਵਾਨ-ਭਜਨ ਨਹੀਂ, ਜੇ ਉਸ ਕੋਲ ਸ੍ਰੀ ਪਤਿ ਸ੍ਰੀ ਭਗਵਾਨ-ਕਿਰਪਾ ਨਹੀਂ, ਤਾਂ ਉਹ ਬੀਰ, ਭੂਪ ਤੇ ਰਾਜ-ਅਧਿਕਾਰੀ ਤਾਂ ਹੋ ਸਕਦਾ ਹੈ, ਪਰ ਆਤਮਕ ਮੰਡਲ ਦਾ ਵਾਸੀ ਨਹੀਂ ਹੋ ਸਕਦਾ। ਆਤਮਕ ਮੰਡਲ ਦਾ ਵਾਸੀ ਬਣਨ ਲਈ ਪ੍ਰਭੂ-ਕ੍ਰਿਆ ਦੀ ਪ੍ਰਾਪਤੀ ਅਤਿ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਭੂ ਆਇਸ ਵਿਚ ਹੀ ਅਕਾਲ ਪੁਰਖ ਦੀ ਸਾਰੀ ਸਮਰੱਥਾਂ ਤੇ ਕਿਰਪਾ-ਦ੍ਰਿਸ਼ਟੀ ਪ੍ਰਾਪਤ ਹੋ ਗਈ ਸੀ। ਇਸ ਕਿਰਪਾ-ਦ੍ਰਿਸ਼ਟੀ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਹਰ ਸਥਿਤੀ ਤੇ ਹਰ ਸੰਕਟ ਵਿਚ ਵੀ ਆਤਮਕ ਮੰਡਲ ਨਾਲ ਜੁੜੇ ਰਹੇ।

(੫)
ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਉਮਰ ਭਾਵੇਂ ੪੨ ਸਾਲ ਦੀ ਹੈ, ਪਰ ਇਤਿਹਾਸ ਸਾਖੀ ਹੈ ਕਿ ੧੬੭੫ ਤੋਂ ੧੭੦੮ ਤਕ, ਉਹ ਘਟੋ ਘੱਟ ੩੩ ਸਾਲ ਸੰਘਰਸ਼ ਤੇ ਸੰਕਟ ਨਾਲ ਹੀ ਘਿਰੇ ਰਹੇ। ਹਾਲਾਂ ਭਾਂਤਿ ਭਾਂਤਿ ਦੀ ਸਿੱਛਾ ਪ੍ਰਾਪਤ ਕਰ ਰਹੇ ਸਨ ਕਿ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ‘ਕਿਰਪਾ ਰਾਮ’ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਦਾ ਇਕ ਜੱਥਾ ਆ ਗਿਆ। ਸੰਕਟ ਸਪੱਸ਼ਟ ਸੀ ਕਿ ਕੋਈ ਸੀਸ ਦੀ ਕੁਰਬਾਨੀ ਦੇਵੇ ਤਾਂ ਤਿਲਕ-ਜੰਞਞੂ ਦੀ ਤੇ ਬ੍ਰਾਹਮਣੀ ਧਰਮ ਦੀ ਸੁਰੱਖਿਆ ਹੁੰਦੀ ਹੈ, ਨਹੀਂ ਤਾਂ ਸਭ ਬ੍ਰਾਹਮਣ-ਹਿੰਦੂਆ ਨੂੰ ਮਲੇਛ ਭਾਖਿਆ ਵਿਚ ਵਿਚਰਨਾ ਪੈਂਦਾ ਸੀ। ਸੰਕਟ ਬੜਾ ਗੰਭੀਰ ਸੀ। ਔਰੰਗਜੇਬ ਹਰ ਪਾਸੇ ਡਰ ਤੇ ਤ੍ਰਾਸ ਦਾ ਵਾਤਾਵਰਣ ਸਿਰਜ ਰਿਹਾ ਸੀ। ਅਜਿਹੀ ਸੰਕਟ ਦੀ ਸਥਿਤੀ ਵਿਚੋਂ ਬ੍ਰਹਾਮਣਾਂ ਨੂੰ ਕੋਈ ਦੁਨੀਆਵੀ ਬੀਰ, ਭੂਪ ਤੇ ਰਾਜ-ਅਧਿਕਾਰੀ ਨਹੀਂ ਸੀ ਬਚਾ ਸਕਦਾ। ਹਾਂ, ਕੇਵਲ ਆਤਮਕ ਮੰਡਲ ਦਾ ਵਾਸੀ, ਜਿਹੜਾ ਨਿਰਭਉ ਨਾਲ ਜੁੜਿਆ ਹੋਵੇ ਤੇ ਭੇਅ-ਮੁਕਤ ਹੋਵੇ, ਕੇਵਲ ਐਸੀ ਅਡੋਲ ਸ਼ਖਸੀਅਤ ਹੀ ਸੰਕਟ ਤੋਂ ਆਜ਼ਾਦ ਕਰਾ ਸਕਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਕੇ ਕੇਵਲ ਬ੍ਰਾਹਮਣੀ ਧਰਮ ਨੂੰ ਸੰਕਟ ਤੋਂ ਹੀ ਨਹੀਂ ਬਚਾਇਆ, ਸਗੋਂ ਬਾਲ ਉਮਰ ਵਿਚ ਹੀ ਆਤਮਕ ਮੰਡਲ ਦਾ ਵਾਸੀ ਹੋਣ ਦਾ ਪ੍ਰਮਾਣ ਕੀਤਾ। ਪਿਤਾ ਤੇ ਪੰਥ-ਪਿਆਰੇ ਸਿੱਖ ਸ਼ਹੀਦ ਹੋ ਰਹੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਝੋਲੀ ਵਿਚ ਪਿਤਾ ਦਾ ਸੀਸ ਰਖ, ਬੜੇ ਅਡੋਲ ਹੋ, ਪ੍ਰਭੂ-ਪੁਰ ਵਿਚ ਬਿਰਾਜਮਾਨ ਹਨ। ਜੇ ਅਨੰਦਪੁਰ ਛੱਡ, ਸਰਸਾ ਨਦੀ ਦੇ ਕਿਨਾਰੇ ਪਰਿਵਾਰ-ਵਿਛੋੜਾ ਹੋਇਆ ਹੈ-ਜੋੜਾ ਕਿਸੇ ਪਾਸੇ, ਘੋੜਾ ਕਿਸੇ ਪਾਸ, ਤਾਂ ਪਰਿਵਾਰ-ਵਿਛੋੜੇ ਦਾ ਇੰਨਾ ਦੁਖ ਤੇ ਪੀੜਾ ਨਹੀਂ ਸੀ, ਜਿੰਨਾ ਅੰਮ੍ਰਿਤ ਵੇਲੇ ‘ਆਸਾ ਦੀ ਵਾਰ’ ਕੀਰਤਨ ਕਰ-ਸੁਣ ਕੇ ਆਪਣੀ ਰਸਿਕ ਮੌਜ ਨੂੰ ਮਾਣ ਰਹੇ ਹਨ।

ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਤੇ ਅਨੇਕਾਂ ਪੰਥ-ਪਿਆਰੇ ਸਿੱਖ ਸਹੀਦ ਹੋ ਗਏ ਹਨ, ਪਰ ਸਰਬੰਸਦਾਨੀ ਬੜੇ ਸਰਬ ਤੇ ਸਿਦਕ ਨਾਲ, ਆਪਣੇ ਕੌਮੀ-ਆਦਰਸ਼ਾਂ ਦੀ ਸਫ਼ਲਤਾ ਲਈ ਆਖ ਰਹੇ ਹਨ ਕਿ “ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ”। ਸਹੀ ਅਰਥਾਂ ਵਿਚ ਐਸਾ ਸਿਦਕ ਤੇ ਸਾਹਸ ਕੇਵਲ ਤੇ ਕੇਵਲ ਪ੍ਰਭੂ-ਵਰਦਾਨ ਹੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਭੂ-ਵਰਦਾਨ ਵੀ ਪ੍ਰਾਪਤ ਸੀ। ਪ੍ਰਭੂ-ਵਰਦਾਨ ਵਾਲਾ ਕਦੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ, ਉਸ ਦਾ ਆਤਮ-ਵਿਸ਼ਵਾਸ ਇਹ ਬਣ ਜਾਂਦਾ ਹੈ ਕਿ ਜਿਤ ਕੇ ਜੈਕਾਰ ਸਦਾ ‘ਪ੍ਰਭੂ ਕੇ ਪੰਥ’ ਦੀ ਹੋਣੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਤਮ-ਵਿਸ਼ਵਾਸ, ਸਾਰੀ ਜ਼ਿੰਦਗੀ ਐਸਾ ਹੀ ਮੂਰਤੀਮਾਨ ਹੋਇਆ ਹੈ। ਖਾਲਸੇ ਦੀ ਸਿਰਜਨਾ ਤੇ ਦਸਾਂ ਪਾਤਿਸ਼ਾਹੀਆਂ ਦੀ ਜੋਤਿ- ਸ੍ਰੀ ਗੁਰੂ ਗ੍ਰੰਥ ਸਾਹਿਬ ਆਤਮ-ਵਿਸ਼ਵਾਸ ਦਾ ਹੀ ਪ੍ਰਕਾਸ ਤੇ ਚਮਤਕਾਰ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ-ਪ੍ਰਕਾਸ਼ ਜੀਵਨ-ਚਮਤਕਾਰ, ਬੰਸ ਤੇ ਪੰਥ ਦੀਆਂ ਕੁਰਬਾਨੀਆਂ ਦਾ ਇਤਿਹਾਸ, ਨਿਸਚੇ ਹੀ ਆਤਮਾ ਮੰਡਲ ਦਾ ਪ੍ਰਕਾਸ਼, ਚਮਤਕਾਰ ਤੇ ਇਤਿਹਾਸ ਹੈ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

 

ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਦੀ ਦੋ ਕਾਰਨਾਂ ਕਰਕੇ ਵੱਖਰੀ ਮਹੱਤਤਾ ਹੈ। ਇੱਕ, ਉਨ੍ਹਾਂ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਮੁੜ ਬਹਾਲੀ ਵਾਸਤੇ ਲੜਦਿਆਂ ਆਪਣੇ ਪ੍ਰਾਣ ਤਿਆਗੇ। ਦੂਜਾ, ਇਹ ਬੀੜਾ ਉਨ੍ਹਾਂ ਉਸ ਸਮੇਂ ਚੁੱਕਿਆ ਜਦੋਂ ਉਹ ਪੰਝਤਰ ਸਾਲਾਂ ਦੇ ਸਨ। ਉਹ ਗੁਰੂ ਗੋਬਿੰਦ ਸਿੰਘ ਦੇ ਸੰਪਰਕ ਵਿੱਚ ਲੰਬੇ ਸਮੇਂ ਤਕ ਰਹੇ। ਉਨ੍ਹਾਂ ਆਪਣਾ ਸਮੁੱਚਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਰੱਖਿਆ ਲੇਖੇ ਲਾ ਦਿੱਤਾ। ...

Read Full Article

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

 

ਸਿੱਖ ਕੌਮ ਦਾ ਇਤਿਹਾਸ ਸੂਰਬੀਰਾਂ ਦੇ ਵਿਲੱਖਣ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੱਲੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ ਅਜਿਹਾ ਹੀ ਸਾਹਸੀ ਕਾਰਜ ਸੀ। ਚਿੱਤਰਕਾਰ ਕਿਰਪਾਲ ਸਿੰਘ ਨੇ ਇਸ ਦ੍ਰਿਸ਼ ਨੂੰ ਬਾਖ਼ੂਬੀ ਚਿਤਰਿਆ ਹੈ। ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਇਸ ਚਿੱਤਰ ਬਾਰੇ ਤਫ਼ਸੀਲ ਸਹਿਤ ਜਾਣਕਾਰੀ ਦਿੰਦੀ ਹੈ ਇਹ ਰਚਨਾ। ...

Read Full Article

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

 

ਚੰਡੀ ਦੀ ਵਾਰ ਭਾਵੇਂ ਦੈਂਤਾਂ ਅਤੇ ਦੇਵਤਿਆਂ ਦੇ ਯੁੱਧ ਦਾ ਵਰਨਣ ਹੈ ਪਰ ਗੁਰੂ ਸਾਹਿਬ ਜੀ ਨੇ ਇਸਤਰੀ ਨਾਇਕ ਦੁਰਗਾ ਨੂੰ ਸੰਸਾਰ ਸਾਹਮਣੇ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਵੱਡੇ-ਵੱਡੇ ਤਾਕਤਵਾਰ ਦੈਂਤਾਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਇਹ ਚਹੁੰਦੇ ਸਨ ਕਿ ਖ਼ਾਲਸਾ ਪੰਥ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤਰੀਆਂ ਵੀ ਹਰੇਕ ਤਰ੍ਹਾਂ ਨਾਲ ਯੁੱਧ ਕਲਾ ਵਿੱਚ ਪ੍ਰਬੀਨ ਹੋਣ ਅਤੇ ਸੰਸਾਰ ਵਿੱਚ ਪੂਰਨ ਅਜ਼ਾਦੀ, ਸਵੈਮਾਣ ਤੇ ਮਾਣ ਸਤਿਕਾਰ ਨਾਲ ਜੀਵਣ ਬਤੀਤ ਕਰਨ।...

Read Full Article

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

 

ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਔਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ...

Read Full Article

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

 

ਖ਼ਾਲਸਾ ਪੰਥ ਜੀ ਅੱਜ ਲੱਚਰਤਾ ਨਾਲ ਭਰੇ ਗੀਤਾਂ ਅਤੇ ਨਾਚਾਂ ਨਾਲ ਇਸ ਦੇਸ਼ ਦੇ ਹਾਕਮ ਤੁਹਾਨੂੰ ਫੇਰ ਸਰਦਾਰ ਤੋਂ ਨੱਚਾਰ ਬਨਾਉਣਾ ਚਹੁੰਦੇ ਹਨ । ਬਾਬੇ ਨਾਨਕ ਦੀ ਰਬਾਬ ਤੇ ਹਰਿਗੋਬਿੰਦ ਪਾਤਸ਼ਾਹ ਦੀ ਢਾਡੀ ਪ੍ਰੰਪਰਾ ਤੁਹਾਨੂੰ ਅਵਾਜ਼ਾਂ ਮਾਰ ਰਹੀ ਹੈ ਜੇ ਨਾਂ ਸੰਭਲੇ ਤਾਂ ਇੱਕ ਹੋਰ ੮੪ ਵਾਸਤੇ ਤਿਆਰ ਰਹਿਉ ।...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article