Friday, July 24, 2026

Established 2005 • ISSN Registration : 1930-0107

ਸ਼ਹੀਦ ਬਾਬਾ ਸੰਗਤ ਸਿੰਘ ਜੀ

Panthic Archives Article (Category: Inspirational)

Originally published on: December 8, 2009
Author/Source: Bibi Manmohan Kaur Anandpuri

ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ ੨੨ ਦਸੰਬਰ, ੧੬੬੬ ਈ. ਦੇ ਪ੍ਰਕਾਸ਼ ਤੋਂ ੪ ਮਹੀਨੇ ਦੇ ਫ਼ਰਕ ਨਾਲ ਭਾਵ ੨੫ ਅਪ੍ਰੈਲ, ੧੬੬੭ ਈ. ਨੂੰ ਬਾਬਾ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਬਾਬਾ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।

ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਵੇਲੇ ਹੀ ਜਿੱਥੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੋਧ ਵਿਚ ਇਨਕਲਾਬ ਲਿਆਂਦੇ ਉਥੇ ‘ਚਾਰਿ ਵਰਨਿ ਇਕੁ ਵਰਨੁ ਕਰਾਇਆ’ ਭਾਵ ਜਾਤਾਂ-ਪਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਪੰਗਤ ਅਤੇ ਸੰਗਤ ਵਿਚ ‘ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ’ ਦੇ ਸਿਧਾਂਤ ਨੂੰ ਪ੍ਰਗਟ ਕਰ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ‘ਗੁਰੂ ਕਾ ਚੱਕ’ (ਅੰਮ੍ਰਿਤਸਰ) ਵਸਾਇਆ ਤਾਂ ਗੁਰੂ-ਦਰਸ਼ਨਾਂ ਅਤੇ ਗੁਰ-ਸੇਵਾ ਲਈ ਕੁਝ ਸਿੱਖਾਂ ਦੇ ਪਰਵਾਰ ਵੀ ਆਇਆ ਕਰਦੇ ਸਨ ਜਿਨ੍ਹਾਂ ਵਿੱਚੋਂ ਕੱਪੜਾ ਬੁਣਕਰ (ਜੁਲਾਹੇ) ਕਿਰਤ ਨਾਲ ਸੰਬੰਧਤ ਭਾਈ ਜਰਨੈਲ ਜੀ ਦਾ ਪਰਵਾਰ ਵੀ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾ ਵਾਸਤੇ ਦੂਰ ਕਰਨ ਲਈ ਇਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ ਆਪਣੇ ਪਾਸ ਬੁਲਾ ‘ਸਿਰੋਪਾਓ’ ਦੀ ਬਖਸ਼ਿਸ਼ ਕਰਦਿਆਂ ਸੰਗਤ ਨੂੰ ਹੁਕਮ ਕੀਤਾ ਕਿ ਇਹ ਮੇਰੇ ਨਾਮ ਨਾਲ ‘ਰਾਮਦਾਸੀਏ ਸਿੱਖ’ ਕਰਕੇ ਜਾਣੇ ਜਾਣ। ਇਹ ਰਾਮਦਾਸੀਆ ਸਿੱਖ ਦਾ ਲਕਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖ਼ਸ਼ਿਸ਼ ਸਦਕਾ ਪ੍ਰਾਪਤ ਹੋਇਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਧਾਰਨ ਕਰਨ ਤੋਂ ਬਾਅਦ ਇਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿਚ ਉਨ੍ਹਾਂ ਆਪਣੇ ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ ਤੇ ਨਾਲ ਹੀ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਹੁਕਮਨਾਮੇ ਨੂੰ ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਅਸੀਂ ਗਰੀਬ ਆਏ ਹਾਂ। ਸਾਡੇ ਕੋਲ ਭੇਟਾ ਕਰਨ ਲਈ ਕੁਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ। ਕਿਰਪਾ ਕਰੋ, ਸਾਨੂੰ ਆਪਣੀ ਫੌਜ ਵਿਚ ਰੱਖ ਲਵੋ।” ਗੁਰਬਿਲਾਸ ਪਾਤਸ਼ਾਹੀ ਛੇਵੀਂ, ਪੰਨਾ ੧੫੩, ਮੈਕਾਲਿਫ਼ ਦੁਆਰਾ :

ਹਮ ਅਨਾਥ ਸਿਰ ਭੇਟਾ ਕੀਨੇ, ਦਯਾ ਕਰਯੋ ਕਹਿ ਦੀਨੇ।

ਇਨ੍ਹਾਂ ਵਿਚ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਜੀ, ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂੰ ਜੀ ਬਾਬਾ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਜਿਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜੰਗਾਂ-ਯੁੱਧਾਂ ਵਿਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਭਾਈ ਭਾਨੂੰ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ ਜੰਗਾਂ ਵਿਚ ਸ਼ਾਮਲ ਸਨ।

ਜਦੋਂ ਭਾਈ ਮੱਖਣ ਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸਾਹਿਬ ਦੇ ਪਰਵਾਰ ਦੀ ਸੇਵਾ ਵਿਚ ਜੁੱਟ ਗਏ। ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਭਾਈ ਰਣੀਆ ਜੀ ਨੂੰ ਮੁੜ ਮਾਖੋਵਾਲ ਵਸਾਉਣ ਦੀ ਗੱਲ ਕਰਕੇ ਘਰ ਜਾਣ ਵਾਸਤੇ ਕੁਝ ਸਮੇਂ ਦੀ ਛੁੱਟੀ ਦੇ ਦਿੱਤੀ ਤੇ ਮੁੜ ਮਾਖੋਵਾਲ ਆਉਣ ਲਈ ਕਹਿ ਦਿੱਤਾ।

੧੯ ਜੂਨ, ੧੬੬੫ ਮੁਤਾਬਿਕ ੨੧ ਹਾੜ, ੧੭੨੨ ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਨਾਂ ’ਤੇ ਇਸ ਸ਼ਹਿਰ ਦਾ ਨਾਮ ‘ਚੱਕ ਨਾਨਕੀ’ ਰੱਖਿਆ। ਦੂਰੋਂ-ਨੇੜਿਓਂ ਆ ਕੇ ਸੰਗਤਾਂ ਇਥੇ ਵੱਸ ਗਈਆਂ। ਭਾਈ ਰਣੀਆ ਜੀ ਵੀ ਆਪਣੀ ਪਤਨੀ ਤੇ ਪਰਵਾਰ ਸਮੇਤ ਇਥੇ ਆ ਕੇ ਸੇਵਾ ਵਿਚ ਜੁੱਟ ਗਏ। ਬੀਬੀ ਅਮਰੋ ਬਤੌਰ ਟਹਿਲਣ ਮਾਤਾਵਾਂ ਦੀ ਸੇਵਾ ਕਰਨ ਲੱਗ ਪਈ।

ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਦੌਰੇ ਅਰੰਭੇ ਉਸ ਵੇਲੇ ਕੁਝ ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ ਤੁਰਿਆ। ਜਿਨ੍ਹਾਂ ਵਿਚ ਭਾਈ ਰਣੀਆ ਜੀ ਪਤਨੀ ਬੀਬੀ ਅਮਰੋ ਜੀ ਸਮੇਤ ਯਾਤਰਾ ਵਿਚ ਸ਼ਾਮਲ ਹੋ ਗਏ ਕਿਉਂਕਿ ਉਹ ਗੁਰੂ-ਘਰ ਦੇ ਟਹਿਲੀਏ ਸੇਵਾਦਾਰ ਸਨ। ਮਾਲਵੇ ਦੇਸ਼ ਦੇ ਬਾਂਗਰ ਇਲਾਕੇ ’ਚ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ। ਇਥੇ ਹੀ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋਇਆ।

ਬਾਬਾ ਸੰਗਤ ਸਿੰਘ ਜੀ ਦਾ ਜਨਮ ਵੀ ਇਥੇ ਹੀ ਹੋਇਆ। ਬਾਬਾ ਜੀ ਦੀ ਸ਼ਕਲ ਗੁਰੂ ਸਾਹਿਬ ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇਕ ਵਾਰੀ ‘ਰਾਣੀ ਮੈਣੀ’ ਦੇ ਘਰ ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ ’ਤੇ ‘ਸੰਗਤ ਸਿੰਘ’ ਜੀ ਨੂੰ ਅੱਗੇ ਕਰ ਦਿੱਤਾ, ਪਰੰਤੂ ਰਾਣੀ ਮੈਣੀ ਨੇ ਦੋਹਾਂ ਨੂੰ ਗੋਦੀ ਵਿਚ ਬਿਠਾ ਦੋਹਾਂ ਦਾ ਮਸਤਕ ਚੁੰਮ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ! ਬਾਲਾ-ਪ੍ਰੀਤਮ (ਦਸਮ ਗੁਰੂ) ਜੀ ਨੇ ਬਾਲਪਨ ਵਿਚ ਅਨੇਕਾਂ ਕੌਤਕ ਕੀਤੇ। ਭਾਈ ਸੰਗਤ ਸਿੰਘ ਗੁਰੂ ਪਾਤਸ਼ਾਹ ਤੋਂ ਸਿਰਫ਼ ਚਾਰ ਕੁ ਮਹੀਨੇ ਛੋਟੇ ਹੋਣ ਕਰਕੇ ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ ਨਕਲੀ ਲੜਾਈ ਕਰਨ ਹਿਤ ਦੋ ਟੋਲੀਆਂ ਬਣਾ ਇਕ ਟੋਲੀ ਦਾ ਆਗੂ ਆਪ ਬਣਦੇ ਤੇ ਦੂਜੀ ਟੋਲੀ ਦਾ ਆਗੂ ਭਾਈ ਸੰਗਤ ਸਿੰਘ ਜੀ ਨੂੰ ਬਣਾ ਨਕਲੀ ਲੜਾਈ ਕਰਦੇ। ਇਸ ਤਰ੍ਹਾਂ ਬਚਪਨ ਤੋਂ ਹੀ ਸਾਥੀ ਹਾਣੀਆਂ ਨਾਲ ਯੁੱਧ ਕਰਨ ਦੀ ਰਿਹਰਸਲ ਹੋਣ ਲੱਗ ਪਈ ਸੀ।

ਛੇ ਸਾਲ ਦੀ ਉਮਰ ਵਿਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ ਸਦਕਾ ਪਰਵਾਰ ਸਮੇਤ ‘ਚੱਕ ਨਾਨਕੀ’ ਵਾਪਸ ਬੁਲਾਇਆ, ਉਸ ਵਕਤ ਹੋਰ ਸੰਗਤਾਂ ਸਮੇਤ ਭਾਈ ਸੰਗਤ ਸਿੰਘ ਵੀ ਆਪਣੇ ਮਾਤਾ-ਪਿਤਾ ਸਮੇਤ ਬਾਲਾ-ਪ੍ਰੀਤਮ ਜੀ ਨਾਲ ਹੀ ‘ਚੱਕ ਨਾਨਕੀ’ (ਅਨੰਦਪੁਰ ਸਾਹਿਬ) ਵਾਪਸ ਆ ਗਏ।

ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤਕ ਯਾਨੀ ਕਿ ੧੬੭੫ ਤੋਂ ਲੈ ਕੇ ੧੬੯੯ ਤਕ ਦੇ ੨੩-੨੪ ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਗੁਰੂ ਨਾਨਕ ਮਿਸ਼ਨ ਪੂਰਤੀ ਹਿਤ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿਤ, ਦੁਸ਼ਟਾਂ ਦਾ ਖਾਤਮਾ ਕਰਨ ਲਈ ਜੰਗ-ਯੁੱਧ ਵੀ ਕਰਨੇ ਪਏ। ਜਿਥੇ ਬਾਬਾ ਸੰਗਤ ਸਿੰਘ ਜੀ ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿਚ ਮਾਲਵੇ ਦੇ ਖੇਤਰ ਦੇ ਪਿੰਡ-ਪਿੰਡ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ, ਉਥੇ ਗੁਰੂ ਸਾਹਿਬ ਦੀ ਚੌਰ ਬਰਦਾਰੀ ਵੀ ਕੀਤੀ, ਮੱਝਾਂ-ਗਾਈਆਂ ਤਕ ਚਰਾਉਣ ਦੀ ਸੇਵਾ ਕੀਤੀ ਅਤੇ ਜੰਗਾਂ-ਯੁੱਧਾਂ ਵਿਚ ਸੱਚੇ ਪਾਤਸ਼ਾਹ ਜੀ ਦੀ ਅਸ਼ੀਰਵਾਦ-ਥਾਪੜੇ ਸਦਕਾ ਬਹਾਦਰੀ ਦੇ ਜੌਹਰ ਵੀ ਵਿਖਾਏ।

‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’ ਦੇ ਕਥਨ ਨੂੰ ਸੱਚ ਰੂਪ ਵਿਚ ਸਿਰਜਣ ਹਿਤ ਜਦੋਂ ਦਸਮੇਸ਼ ਪਿਤਾ ਨੇ ੧੬੯੯ ਦੀ ਵੈਸਾਖੀ ਵਾਲੇ ਦਿਨ ‘ਖਾਲਸਾ ਪੰਥ’ ਪ੍ਰਗਟਾਇਆ ਉਸ ਤੋਂ ਫੌਰਨ ਬਾਅਦ ਯਾਨੀ ਉਸੇ ਹੀ ਦਿਨ ਭਾਈ ਸੰਗਤ ਸਿੰਘ ਨੇ ਸਮੇਤ ਪਰਵਾਰ, ਮਾਤਾ-ਪਿਤਾ, ਭਰਾਵਾਂ, ਇਥੋਂ ਤਕ ਕਿ ਚਾਚੇ ਦੇ ਪੁੱਤਰਾਂ ਨੇ ਵੀ ਪੰਜਾਂ-ਪਿਆਰਿਆਂ ਤੋਂ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਕੁਝ ਸਮੇਂ ਲਈ ਗੁਰੂ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇਕ ਹੁਕਮਨਾਮਾ ਭੇਜਿਆ, ਜੋ ਬਾਬਾ ਸੰਗਤ ਸਿੰਘ ਨੂੰ ਪਿੰਡ ਖੁੱਡੇ ਜੋ ਮੁਕਤਸਰ ਸਾਹਿਬ ਵਿਚ ਪੈਂਦਾ ਹੈ, ਮਿਲਿਆ। ਜਿਸ ਵਿਚ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਸਿੱਖ ਘੋੜਾ, ਤਲਵਾਰ, ਬੰਦੂਕ, ਨੇਜ਼ਾ ਆਦਿ ਹੋਰ ਵੀ ਨਵੀਨ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਆਵੇਗਾ, ਉਹ ਸਿੰਘ ਸਾਡੇ ਪਿਆਰ ਦਾ ਹੱਕਦਾਰ ਹੋਵੇਗਾ। ਇਸ ਹੁਕਮਨਾਮੇ ਦੀ ਅਸਲ ਕਾਪੀ ‘ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ, ਅਨੰਦਪੁਰ ਸਾਹਿਬ’ ਦੇ ਪ੍ਰਬੰਧਕਾਂ ਪਾਸ ਮੌਜੂਦ ਹੈ।

ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਸੀ, ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਸੀ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ ਗਈ ਸੀ, ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਸਨ, ਜਿਨ੍ਹਾਂ ਵਿਚ ਬਾਬਾ ਸੰਗਤ ਸਿੰਘ ਦਾ ਜਥਾ ਵੀ ਸ਼ਾਮਲ ਸੀ। ਰਾਤ ਵੇਲੇ ਪਹਾੜੀ ’ਤੇ ਮੁਗ਼ਲ ਫੌਜਾਂ ਦੇ ਕੈਂਪਾਂ ’ਤੇ ਹਮਲੇ ਕਰ ਕੇ ਰਸਦਾਂ ਲੁੱਟ ਕੇ ਲੈ ਆਉਂਦੇ ਸਨ। ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ, ਇਥੋਂ ਤਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਜੇ ਚਾਰ ਸਿੰਘ ਵੀ ਜਾਂਦੇ ਸਨ ਤਾਂ ਦੋ ਰਸਤੇ ਵਿਚ ਹੀ ਸ਼ਹੀਦ ਹੋ ਜਾਂਦੇ ਸਨ:

ਚਾਰ ਸਿੰਘ ਪਾਣੀ ਕੋ ਜਾਵੈ। ਦੋ ਜੂਝੈ ਦੋ ਪਾਣੀ ਲਿਆਵੈ।
ਲਰੈ ਸਿੰਘ ਮਾਰੈ ਲਲਕਾਰੈ।


ਆਖ਼ਰ ਦਸੰਬਰ ੧੭੦੪ ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ’ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਅੱਗੋਂ ਸਰਸਾ ਨਦੀ ਠਾਠਾਂ ਮਾਰ ਰਹੀ ਸੀ। ਵੈਰੀ ਕਸਮਾਂ ਨੂੰ ਤੋੜ ਕੇ ਆ ਪਏ। ਸਰਸਾ ’ਤੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਜਥੇ ਥਾਪ ਦਿੱਤੇ।

ਮੁਗ਼ਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ’ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ। ਜਦ ਤਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ।

ਸਰਸਾ ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਤੇ ਕੁਝ ਸਰਸਾ ਨਦੀ ਵਿਚ ਕਈ ਮੀਲ ਦੂਰ ਪਾਣੀ ਦੇ ਵੇਗ ਵਿਚ ਰੁੜ੍ਹ ਗਏ।
ਗੁਰੂ ਜੀ ਨੇ ੭ ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਬਿਰਾਜੇ। ਅਗਲੇ ਦਿਨ ਸਵੇਰੇ ੮ ਪੋਹ, ਸੰਮਤ ੧੭੬੧ ਬਿਕ੍ਰਮੀ ਨੂੰ ਸੰਸਾਰ ਦੇ ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇਕ ਪਾਸੇ ਕੇਵਲ ਭੁੱਖੇ ਤੇ ਥੱਕੇ ੪੦ ਸਿੰਘ, ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ। ਇਸ ਬਾਰੇ ਗੁਰੂ ਜੀ ਆਪਣੀ ਜਿੱਤ ਦੀ ਚਿੱਠੀ (ਜ਼ਫ਼ਰਨਾਮਾ) ਵਿਚ ਆਪ ਲਿਖਦੇ ਹਨ:

ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥
ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥੧੯॥

ਇਸ ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ। ਮੁਗ਼ਲ ਫੌਜ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਹਮਲਾ ਕਰ ਦਿੱਤਾ ਜਿਸ ਵਿਚ ਨਾਹਰ ਖ਼ਾਂ ਤੇ ਖਵਾਜਾ ਮੁਹੰਮਦ ਆਪਣੀ ਫੌਜ ਦੀ ਅਗਵਾਈ ਕਰ ਰਹੇ ਸਨ। ਗੁਰੂ ਜੀ ਨੇ ਵੀ ਤਿੰਨਾਂ ਪਾਸਿਆਂ ਵੱਲ ਆਪਣੇ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਨਾਹਰ ਖਾਂ ਤੇ ਗ਼ੈਰਤ ਖ਼ਾਨ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ। ਧਰਤੀ ’ਤੇ ਏਨਾ ਖੂਨ ਡੁੱਲ੍ਹਿਆ ਕਿ ਗਰਦ ਵੀ ਉਡਣੋਂ ਬੰਦ ਹੋ ਗਈ। ਵੈਰੀ ਦਲ ਨਾਲ ਜੂਝਦੇ ਹੋਏ, ਸ਼ਸਤਰ ਵਿੱਦਿਆ ਦੇ ਮਾਹਿਰ ਤੇ ਦੁਸ਼ਮਣਾਂ ਨੂੰ ਚੰਗਾ ਸਬਕ ਸਿਖਾਉਂਦੇ ਹੋਏ ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਡਿੱਠਾ ਤੇ ਜੈਕਾਰਾ ਗਜਾਇਆ ਤੇ ਬਚਨ ਕੀਤੇ:

ਪੀਯੋ ਪਿਯਾਲਾ ਪ੍ਰੇਮ ਕਾ ਭਯੋ ਸੁਮਨ ਅਵਤਾਰ।
ਆਜ ਖ਼ਾਸ ਭਏ ਖਾਲਸਾ, ਸਤਿਗੁਰੁ ਕੇ ਦਰਬਾਰ।

ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ :

ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ,
ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ,
ਬੇਟੋਂ ਕੀ ਜਾਂ ਧਰਮ ਕੀ ਖ਼ਾਤਿਰ ਫ਼ਿਦਾ ਹੂਈ।


ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ’ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ। ਪਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ ‘ਗੁਰੂ ਪੰਥ’ ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ ‘ਹੁਕਮ’ ਸੁਣਾਇਆ। ‘ਆਪੇ ਗੁਰ ਚੇਲਾ’ ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ‘ਪੰਥ ਗੁਰੂ’ ਦੇ ਹੁਕਮ ਅੱਗੇ ਸਿਰ ਨਿਵਾਇਆ, ਪਰੰਤੂ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ ‘ਗੁਰੂ ਪੰਥ’ ਅੱਗੇ ਕੀਤੀ ਜੋ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਮੂੰਹਮੁਹਾਂਦਰੇ ਵਾਲੇ ਹਮਸ਼ਕਲ ਬਾਬਾ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ’ਤੇ ਬੈਠਣ ਦੀ ਸਲਾਹ ਦਿੱਤੀ, ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਊਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।


ਅਗਲੀ ਸਵੇਰ ੯ ਪੋਹ, ੧੭੬੧ ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠਾ ਭਾਈ ਸੰਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਬਾਬਾ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ ‘ਫ਼ਤਹਿ’ ਗਜਾ ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ:

ਕਲਗੀ ਜਿਗ੍ਹਾ ਔਰ ਯਹ ਹੋਈ। ਗੋਬਿੰਦ ਇਹੈ ਹੈ ਸੋਈ।
ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।
ਇਹ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ:
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ।
ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ।
ਬਾਬਾ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ :
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥
ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(ਪੰਨਾ ੮੨੯)

ਯਥਾ :

ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (ਪੰਨਾ ੨੬)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba

Guru Nanak Dev Ji's Revolution

ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।

ਸ਼ਹੀਦ ਬਾਬਾ ਦੀਪ ਸਿੰਘ ਜੀ - ਮਿਸਲ ਸ਼ਹੀਦਾਂ

ਕੌਮੀਅਤ ਦਾ ਜਜ਼ਬਾ ਤੇ ਗਿ. ਦਿੱਤ ਸਿੰਘ

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

ਸੰਖੇਪ ਜੀਵਨ: ਭਾਈ ਸੁਖਦੇਵ ਸਿੰਘ ਬੱਬਰ

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥

Sikh General : Jathedar Nawab Kapoor Singh Ji

ਸ੍ਰੀ ਗੁਰੂ ਅਰਜਨ ਦਵੇ ਜੀ ਦੀ ਸ਼ਹਾਦਤ ਦੇ ਵਿਚਾਰਧਾਰਕ ਕਾਰਨ

ਸ੍ਰ੍ਰ੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ

ਪਹਿਲਾ ਸਿੱਖ ਹੁਕਮਰਾਨ - ਬਾਬਾ ਬੰਦਾ ਸਿੰਘ ਬਹਾਦਰ