Sunday, July 26, 2026

Established 2005 • ISSN Registration : 1930-0107

RSS's Misleading Agenda

Panthic Archives Article (Category: Guest Columns/Commentary)

February 7, 2007
Author/Source: Gurmat Parkash

ਆਰ. ਐੱਸ. ਐੱਸ. ਦਾ ਗੁੰਮਰਾਹਕੁੰਨ ਪ੍ਰਚਾਰ ਸਿੱਖਾਂ ਦੇ ਮਨਾਂ ਚ ਫਿਰਕੂ ਨਫ਼ਰਤ ਨਹੀਂ ਭਰ ਸਕੇਗਾ!

ਅਜੋਕੇ ਸਮੇਂ ਵਿਚ ਖਾਲਸਾ ਪੰਥ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਸੇ ਸਿੱਖ ਧਰਮ ਆਪਣੇ ਆਗਮਨ ਸਮੇਂ ਤੋਂ ਹੀ ਚੁਣੌਤੀਆਂ ਦਾ ਮੁਕਾਬਲਾ ਕਰਦਾ ਆਇਆ ਹੈ ਅਤੇ ਅਜੋਕੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਪੂਰੀ ਤਰ੍ਹਾਂ ਸਮਰੱਥ ਹੈ। ਅਜੋਕੀਆਂ ਦਰਪੇਸ਼ ਚੁਣੌਤੀਆਂ ਵਿਚੋਂ ਇਕ ਪ੍ਰਮੁੱਖ ਚੁਣੌਤੀ ਹੈ:- ਕੁਝ ਲੋਕਾਂ ਵੱਲੋਂ ਆਪਣੀ ਇਤਿਹਾਸਕ ਸੂਝ ਸਮਝ ਘੱਟ ਹੋਣ ਕਾਰਨ ਜਾਂ ਜਾਣ ਬੁੱਝ ਕੇ ਮੈਂ ਨਾ ਮਾਨੂੰ ਵਾਲੀ ਬਿਰਤੀ ਤਹਿਤ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੋਣਾ। ਇਨ੍ਹਾਂ ਵਿਚੋਂ ਆਪਣੇ ਆਪ ਨੂੰ ਅਖੌਤੀ ਦੇਸ਼ ਭਗਤ ਅਖਵਾਉਣ ਵਾਲੀ ਸੰਸਥਾ ਆਰ. ਐੱਸ. ਐੱਸ. ਹੈ, ਜੋ ਸਿੱਖ ਪੰਥ ਨੂੰ ਹਿੰਦੂ ਮੱਤ ਦਾ ਇਕ ਅੰਗ ਮੰਨਦੀ ਹੈ। ਆਰ. ਐੱਸ. ਐੱਸ. ਨੇ ਅੰਮ੍ਰਿਤਸਰ ਵਿਚ 29 ਜਨਵਰੀ ਨੂੰ ਆਪਣੇ ਸਮਾਗਮ ਵਿਚ ਇਹ ਪ੍ਰਚਾਰ ਕੀਤਾ ਹੈ ਕਿ ਸਿੱਖ ਪੰਥ ਹਿੰਦੂ ਮੱਤ ਦਾ ਹੀ ਇਕ ਅੰਗ ਹੈ। ਆਰ. ਐੱਸ. ਐੱਸ. ਮੁਖੀ ਸੁਦਰਸ਼ਨ ਦਾ ਬਿਆਨ ਸੀ, ਸਾਰੇ ਸਿੱਖ ਹਿੰਦੂ ਹਨ ਅਤੇ ਸਾਰੇ ਹਿੰਦੂ ਸਿੱਖ ਹਨ। ਭਾਵ ਹਿੰਦੂ ਤੇ ਸਿੱਖ ਵਿਚ ਕੋਈ ਫਰਕ ਨਹੀਂ। ਆਰ. ਐੱਸ. ਐੱਸ. ਮੁਖੀ ਦੇ ਇਸ ਦਾਅਵੇ ਵਿਚ ਕਿੰਨੀ ਕੁ ਸੱਚਾਈ ਹੈ। ਆਓ ਆਪਾਂ ਗੁਰਬਾਣੀ ਅਤੇ ਇਤਿਹਾਸ ਦੀ ਕਸਵੱਟੀ ਉੱਪਰ ਪਰਖ ਕੇ ਵੇਖੀਏ!

ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦੀ ਦਰਦਨਾਕ ਹਾਲਤ ਨੂੰ ਬਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸੰਸਾਰ ਉੱਪਰ ਪਾਪ ਦਾ ਵਰਤਾਰਾ ਵਰਤ ਰਿਹਾ ਸੀ ਅਤੇ ਦੋ ਕੌਮਾਂ (ਹਿੰਦੂ ਤੇ ਮੁਸਲਮਾਨ) ਦੇ ਲੋਕ ਆਪਸ ਵਿਚ ਵੈਰ, ਵਿਰੋਧ ਅਤੇ ਈਰਖਾ ਦੇ ਕਾਰਨ ਖਹਿ-ਖਹਿ ਕੇ ਮਰ ਰਹੇ ਸਨ। ਕਿਉਂਕਿ ਦੋਨਾਂ ਕੌਮਾਂ ਦੇ ਅਨੁਯਾਈਆਂ ਦੇ ਜੀਵਨ ਚੋਂ ਸੱਚ ਦਾ ਵਰਤਾਰਾ ਪੂਰਨ ਤੌਰ ਤੇ ਅਲੋਪ ਹੋ ਚੁਕਾ ਸੀ:

ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਮ੍ਹਣਿ ਮਉਲਾਣੈ। (ਵਾਰ 1:21)

ਜਗਤ ਵਿਚ ਵਰਤ ਰਹੇ ਇਸ ਵਰਤਾਰੇ ਨੂੰ ਰੋਕਣ ਲਈ ਕਿਸੇ ਕਰਨੀ ਵਾਲੀ ਆਤਮਾ ਦੀ ਜ਼ਰੂਰਤ ਸੀ, ਜੋ ਲੋਕਾਈ ਨੂੰ ਪ੍ਰੇਮ ਦਾ ਸੰਦੇਸ਼ ਦੇ ਸਕੇ। ਪਰੰਤੂ ਐਸੀ ਮਹਾਨ ਆਤਮਾ ਕੋਈ ਨਜ਼ਰ ਨਹੀਂ ਸੀ ਆ ਰਹੀ। ਧਰਮ ਰੂਪੀ ਧਉਲ (ਬਲਦ) ਇਸ ਦਸ਼ਾ ਤੋਂ ਆਪਣੇ ਬਚਾਅ ਲਈ ਅਕਾਲ ਪੁਰਖ ਅੱਗੇ ਅਰਜੋਈਆਂ ਕਰ ਰਿਹਾ ਸੀ--

ਥੰਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ।
ਧਰਮ ਧਉਲੁ ਪੁਕਾਰੈ ਤਲੈ ਖੜੋਆ। (ਵਾਰ 1:22)

ਜਦ ਧਰਮ ਦੀ ਪੁਕਾਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਉੱਪਰ ਪ੍ਰਵਾਨ ਹੋਈ ਤਾਂ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਸੱਚ ਤੇ ਪ੍ਰੇਮ ਦਾ ਉਪਦੇਸ਼ ਦੇਣ ਲਈ ਸੰਸਾਰ ਵਿਚ ਭੇਜਿਆ:

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਹਿ ਪਠਾਇਆ।(ਵਾਰ 1:23)

ਸਤਿਗੁਰੂ, ਗੁਰੂ ਨਾਨਕ ਜੀ ਨੇ ਇਸ ਸੰਸਾਰ ਉੱਪਰ ਆ ਕੇ ਸੱਚ ਦਾ ਸ਼ਾਹ-ਰਾਹ ਵਿਖਾਇਆ ਅਤੇ ਧਰਮ ਦੀ ਵਿਆਖਿਆ ਕਰਦਿਆਂ ਹੋਇਆਂ ਕਿਹਾ ਕਿ ਮਨੁੱਖ ਦੁਆਰਾ ਆਪਣੇ ਜੀਵਨ ਵਿਚ ਪੂਰਨ ਤੌਰ ਤੇ ਸੱਚ ਨੂੰ ਧਾਰਨ ਕਰਨਾ ਹੀ ਇਕੋ ਇਕ ਧਰਮ ਹੈ:
ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ (ਬਸੰਤੁ ਮ: 1, ਪੰਨਾ 1188)

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਵਿਚ ਐਸਾ ਸਿੱਕਾ ਮਾਰਿਆ (ਭਾਵ ਲਹਿਰ ਚਲਾਈ) ਕਿ ਇਕ ਨਿਰਮਲ ਸੱਚਾ ਤੇ ਸੁੱਚਾ ਹਉਮੈ ਦੀ ਮੈਲ ਤੋਂ ਰਹਿਤ ਪੰਥ (ਸਿੱਖ ਪੰਥ) ਚਲਾ ਦਿੱਤਾ ਜਿਸ ਦੇ ਹਰੇਕ ਅਨੁਯਾਈ ਲਈ ਆਪਣੇ ਜੀਵਨ ਵਿਚ ਸੱਚ ਨੂੰ ਦ੍ਰਿੜ੍ਹਤਾ ਪੂਰਵਕ ਧਾਰਨ ਕਰਨਾ ਪਹਿਲੀ ਤੇ ਜ਼ਰੂਰੀ ਸ਼ਰਤ ਸੀ:-

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ॥(ਵਾਰ 1:45)

ਲੋਕਾਈ, ਇਸ ਸੱਚ ਨੂੰ ਦ੍ਰਿੜ੍ਹਤਾ ਪੂਰਵਕ ਧਾਰਨ ਕਰੇ, ਇਸ ਰੱਬੀ ਕਾਰਜ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਜੋਤ ਨੇ ਦਸ ਜਾਮੇ ਧਾਰਨ ਕਰਕੇ, ਲੋਕਾਈ ਦੀ ਸੱਚ ਉੱਪਰ ਪੂਰਨ ਤੌਰ ਤੇ ਅਧਾਰਿਤ ਆਪਣੇ ਅਮਲੀ ਜੀਵਨ ਰਾਹੀਂ ਅਗਵਾਈ ਕੀਤੀ। ਇਨ੍ਹਾਂ ਦਸਾਂ ਜਾਮਿਆਂ ਵਿਚ ਗੁਰੂ ਨਾਨਕ ਜੋਤ ਨੇ ਸਮੇਂ ਸਮੇਂ ਸ਼ਾਂਤਮਈ ਰਹਿੰਦਿਆਂ ਹੋਇਆਂ ਆਪਣਾ ਬਲੀਦਾਨ ਦੇ ਕੇ ਜਾਂ ਸ਼ਸਤਰਧਾਰੀ ਰੂਪ ਵਿਚ ਜ਼ੁਲਮ ਨਾਲ ਟੱਕਰ ਲੈ ਕੇ ਸੱਚ ਦੀ ਸ਼ਮ੍ਹਾਂ ਨੂੰ ਬਲਦਾ ਰੱਖਿਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਹ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਖਾਲਸਾ ਪੰਥ ਨੂੰ ਬਖਸ਼ ਕੇ ਆਪ ਅਕਾਲ ਪੁਰਖ ਵਿਚ ਲੀਨ ਹੋ ਗਏ।

ਸੋ ਇਸ ਪ੍ਰਕਾਰ ਖਾਲਸਾ ਪੰਥ ਸੰਸਾਰ ਦੇ ਸਮੁੱਚੇ ਮੱਤ-ਮੱਤਾਂਤਰਾਂ ਤੋਂ ਵੱਖਰੇ ਤੇ ਨਿਆਰੇ ਰੂਪ ਵਿਚ ਸਾਜਿਆ ਗਿਆ, ਜਿਸ ਦੇ ਸਿਧਾਂਤ ਆਪਣੇ ਆਪ ਵਿਚ ਵੱਖਰੇ ਅਤੇ ਨਿਵੇਕਲੇ ਹਨ। ਗੁਰਬਾਣੀ ਵਿਚ ਸਪੱਸ਼ਟ ਤੌਰ ਤੇ ਹਿੰਦੂ ਤੇ ਮੁਸਲਮਾਨ ਨਾਲੋਂ ਖਾਲਸਾ ਪੰਥ ਨੂੰ ਵੱਖਰਾ ਕਿਹਾ ਗਿਆ ਹੈ:

--ਨਾ ਹਮ ਹਿੰਦੂ ਨ ਮੁਸਲਮਾਨ॥ (ਭੈਰਉ ਮ: 5, ਪੰਨਾ 1136)
--ਹਮਰਾ ਝਗਰਾ ਰਹਾ ਨ ਕੋਊ॥
ਪੰਡਿਤ ਮੁਲਾਂ ਛਾਡੇ ਦੋਊ॥...

ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥ (ਭੈਰਉ ਕਬੀਰ ਜੀ, ਪੰਨਾ 1159)

--ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨ੍ਯੋ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨ੍ਯੋ॥
ਸਿੰਮ੍ਰਿਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨ ਜਾਨ੍ਯੋ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹ੍ਯੋ ਸਭ ਤੋਹਿ ਬਖਾਨ੍ਯੋ॥
(ਸ੍ਵੈਯਾ)

ਜੇ ਇਤਿਹਾਸਕ ਪੱਖ ਤੋਂ ਖਾਲਸਾ ਪੰਥ ਦੇ ਨਿਆਰੇਪਣ ਦੀ ਪੜਚੋਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਦੇ ਹਮਲਿਆਂ ਤੋਂ ਦੁਖੀ ਹੋਏ ਨਾਦਰ ਸ਼ਾਹ ਦੁਰਾਨੀ ਨੇ ਜਦੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਕੋਲੋਂ ਪੁੱਛਿਆ ਕਿ ਮੇਰੇ ਅੱਗੇ ਹਿੰਦੁਸਤਾਨ ਵਿਚ ਕੋਈ ਨਹੀਂ ਟਿਕਿਆ, ਪਰੰਤੂ ਮੇਰੇ ਨੱਕ ਵਿਚ ਦਮ ਕਰਨ ਵਾਲੇ ਇਹ ਫਕੀਰ ਜਿਹੀ ਕਿਸਮ ਦੇ ਲੋਕ ਕੌਣ ਹਨ ਤਾਂ ਜ਼ਕਰੀਆ ਖਾਂ ਨੇ ਜਵਾਬ ਦਿੱਤਾ ਕਿ ਇਨ੍ਹਾਂ ਦੀ ਰੀਤ ਹਿੰਦੂ-ਮੁਸਲਮਾਨਾਂ ਨਾਲੋਂ ਵੱਖਰੀ ਹੈ। ਸ੍ਰੀ ਗੁਰ ਪੰਥ ਪ੍ਰਕਾਸ਼, ਰਚਿਤ ਭਾਈ ਰਤਨ ਸਿੰਘ (ਭੰਗੂ) ਅਨੁਸਾਰ ਜ਼ਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਖਾਲਸੇ ਬਾਰੇ ਦੱਸਿਆ ਕਿ :-

ਹਿੰਦੂ ਤੁਰਕਨ ਤੇ ਹੈ ਨਯਾਰਾ। ਫਿਰਕਾ ਇਨਕਾ ਅਪਰ ਅਪਾਰਾ।
ਬ੍ਯਾਹ ਨਕਾਹ ਨ ਏਹ ਕਰੈਂ ਹੈਂ। ਭੁਗਤ ਅਨੰਦ ਆਨੰਦ ਪੜ੍ਹੈ ਹੈਂ।
ਸਿੰਘ ਸਿੰਘਣੀ ਜੋ ਮਰ ਜੈ ਹੈਂ। ਬਾਂਟਤ ਹਲੁਵਾ1 ਤੁਰਤ ਬਨੈ ਹੈ।
ਕਿਰਿਆ ਕਰਮ ਕਰਾਵਤ ਨਾਹੀਂ। ਹੱਡੀ ਪਾਂਯ ਨ ਗੰਗਾ ਮਾਹੀਂ।
ਕਰਤ ਦੁਸਿਹਰਾ ਗ੍ਰੰਥ ਪੜ੍ਹਾਵਤ। ਅਸਨ ਬਸਨ ਗਰੀਬਨ ਕੋ ਦ੍ਯਾਵਤ।
ਕੰਠੀ ਜੰਞੂ ਤਿਲਕ ਨ ਧਰਹੈਂ। ਬੁੱਤ ਪ੍ਰਸਤੀ ਕਦੇ ਨ ਕਰਹੈਂ।
ਏਕ ਰੱਬ ਦੀ ਕਰਤ ਬੰਦਗੀ। ਰਖਤ ਨ ਔਰਨ ਕੀ ਮੁਹਛੰਦਗੀ।
ਵੇਦ ਪੁਰਾਨ ਕਤੇਬ ਕੁਰਾਨ। ਪੜ੍ਹਤ ਸੁਨਤ, ਨਹਿ ਮਾਨਤ ਕਾਨ।
ਗੁਰੂ ਨਾਨਕ ਜੋ ਕਥੀ ਕਲਾਮ2। ਤਾਂ ਪਰ ਰਾਖਤ ਇਮਾਮ3 ਤਮਾਮ।...
ਇਕ ਹੀ ਬਰਤਨ ਮੇ ਸਭ ਕਾਹੂ। ਆਬਹਯਾਤ4 ਪਿਲਾਵਤ ਤਾਹੂੰ।...
ਜਾਤ ਗੋਤ ਕੁਲ ਕਿਰਿਆ ਨਾਮ। ਪਿਛਲੇ ਸੋ ਤਜ ਦੇਤ ਤਮਾਮ।...
ਮੁਸਲਮਾਨ ਹਿੰਦੁਨ ਤੇ ਨ੍ਯਾਰੀ। ਰੀਤ ਇਨੋਂ ਮੇਂ ਹੈ ਭਲਿ ਸਾਰੀ।
ਪ੍ਰੇਤ ਪੀੜ ਗ੍ਰਹਿ ਪੀੜ ਨ ਮਾਨਤ। ਮੜ੍ਹੀ ਮਸਾਣੀ ਕੋ ਨ ਪਛਾਨਤ।
ਗੰਗਾਦਿਕ ਤੀਰਥ ਨਹਿ ਜਾਵੈਂ। ਸੂਤਕ ਪਾਤਕ ਨਾਹਿ ਮਨਾਵੈਂ।
ਜੰਞੂ ਤਿਲਕ ਨ ਛਾਪਾ ਥਾਰੈਂ। ਸ਼ਰ੍ਹਾ ਹਿੰਦੂਆਂ ਕੀ ਨਹਿ ਪਾਰੈਂ।
ਬੋਦੀ ਧੋਤੀ ਤੁਲਸੀ ਮਾਲੈਂ। ਹੋਮ ਸ਼ਰਾਧ ਨ ਖ੍ਯਾਹ5 ਸੰਭਾਲੈਂ।
ਮਾਨਤ ਹੈ ਨਿਜ ਮਜ਼੍ਹਬ ਚੰਗੇਰਾ। ਹਿੰਦੂ ਕਹੇ ਤੇ ਖਿਝਤ ਵਧੇਰਾ।
ਰੀਤਿ ਹਿੰਦੂਆਂ ਵਾਰੀ ਜੇਤੀ। ਤਜ ਰਾਖੀ ਇਨ ਸਭ ਬਿਧ ਤੇਤੀ।

ਇਸੇ ਪ੍ਰਕਾਰ ਧਾਰਮਕ ਪੱਖ ਤੋਂ ਸਿੱਖਾਂ ਦੇ ਹੇਠ ਲਿਖਤ ਕਰਮ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਵੱਖ ਹਨ:-
1. ਮੰਤ੍ਰ:- ਹਿੰਦੂਆਂ ਦਾ ਗਾਯਤ੍ਰੀ, ਮੁਸਲਮਾਨਾਂ ਦਾ ਕਲਮਾ ਤੇ ਸਿੱਖਾਂ ਦਾ [ਗੁਰਮੰਤ੍ਰ (ਵਾਹਿਗੁਰੂ)] ਮੂਲ ਮੰਤਰ (ੴ ਤੋਂ ਲੈ ਕੇ ਗੁਰਪ੍ਰਸਾਦਿ ਤਕ)
2. ਮੰਗਲਾਚਰਨ:- ਹਿੰਦੂਆਂ ਦਾ ਓਅੰ. ਸ੍ਰੀ ਗਣੇਸ਼ਾਯ ਨਮਹ, ਮੁਸਲਮਾਨਾਂ ਦਾ ਬਿਸਮਿੱਲਾ ਆਦਿ ਅਤੇ ਸਿੱਖਾਂ ਦਾ
3. ਮੁਲਾਕਾਤ ਵੇਲੇ:- ਹਿੰਦੂ ਰਾਮ ਰਾਮ, ਨਮਸਤੇ ਆਦਿ, ਮੁਸਲਮਾਨ ਸਲਾਮ ਅਤੇ ਸਿੱਖ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
4. ਧਰਮ ਪੁਸਤਕ:- ਹਿੰਦੂਆਂ ਦੇ ਵੇਦ, ਪੁਰਾਨ, ਸ਼ਾਸਤਰ, ਸਿਮਰਿਤੀਆਂ; ਮੁਸਲਮਾਨਾਂ ਦਾ ਕੁਰਾਨ ਅਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ (ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਦਾ ਦਰਜਾ ਹਾਸਲ ਹੈ)
5. ਮੰਦਰ:- ਹਿੰਦੂਆਂ ਦੇ ਠਾਕਰ ਦੁਆਰੇ, ਸ਼ਿਵਾਲੇ ਆਦਿ; ਮੁਸਲਮਾਨਾਂ ਦੀ ਮਸਜਿਦ ਅਤੇ ਸਿੱਖਾਂ ਦੇ ਗੁਰਦੁਆਰੇ, ਧਰਮਸ਼ਾਲਾਂ।
6. ਧਾਰਮਕ ਸੰਸਕਾਰ:- ਹਿੰਦੂਆਂ ਦੇ ਜਨੇਊ ਮੁੰਡਨ ਆਦਿ, ਮੁਸਲਮਾਨਾਂ ਦੇ ਸੁੰਨਤ ਅਤੇ ਸਿੱਖਾਂ ਦੇ ਅੰਮ੍ਰਿਤ ਛਕਣਾ।
7. ਚਿੰਨ੍ਹ:-ਹਿੰਦੂਆਂ ਦਾ ਸਿਖਾ, ਤਿਲਕ, ਮਾਲਾ, ਜਨੇਊ, ਧੋਤੀ; ਮੁਸਲਮਾਨਾਂ ਦਾ ਸ਼ਰਈ ਮੁੱਛਾਂ, ਤੰਬਾ ਆਦਿ ਅਤੇ ਸਿੱਖਾਂ ਦਾ ਕੇਸ, ਕ੍ਰਿਪਾਨ, ਕਛਿਹਰਾ, ਕੜਾ, ਕੰਘਾ।
8. ਪੂਜ੍ਯ ਵਿਅਕਤੀ:- ਹਿੰਦੂਆਂ ਦੇ ਬ੍ਰਾਹਮਣ, ਸੰਨਿਆਸੀ, ਮੁਸਲਮਾਨਾਂ ਦੇ ਸਈਯਦ ਤੇ ਮੌਲਵੀ, ਸਿੱਖਾਂ ਦਾ ਗੁਰੂ ਖਾਲਸਾ।
9. ਵੱਡੇ ਦਿਨ:- ਹਿੰਦੂਆਂ ਦੇ ਜਨਮ ਅਸ਼ਟਮੀ, ਰਾਮਨੌਮੀ ਆਦਿ, ਮੁਸਲਮਾਨਾਂ ਦੇ ਈਦ, ਬਕਰੀਦ ਆਦਿ ਤੇ ਸਿੱਖਾਂ ਦੇ ਗੁਰਪੁਰਬ।
10. ਭੇਟਾ ਪ੍ਰਸ਼ਾਦਿ:- ਹਿੰਦੂਆਂ ਦੇ ਚੂਰਮਾ, ਲੱਡੂ, ਫਲ ਆਦਿ; ਮੁਸਲਮਾਨਾਂ ਦੇ ਦੁੰਬੇ ਬੱਕਰੇ ਆਦਿ ਦੀ ਕੁਰਬਾਨੀ ਅਤੇ ਸਿੱਖਾਂ ਦੇ ਕੜਾਹ ਪ੍ਰਸ਼ਾਦਿ।

(ਹਮ ਹਿੰਦੂ ਨਹੀਂ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ)

ਉਪਰੋਕਤ ਚਰਚਾ ਤੋਂ ਆਮ ਸੋਝੀ ਰੱਖਣ ਵਾਲਾ ਮਨੁੱਖ ਵੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਸਿੱਖ ਪੰਥ ਹਿੰਦੂ, ਮੁਸਲਮਾਨ ਅਤੇ ਹੋਰ ਸਭ ਧਾਰਮਕ ਮੱਤਾਂ ਤੋਂ ਨਿਆਰਾ ਹੈ। ਆਰ. ਐੱਸ. ਐੱਸ. ਇਹ ਵੀ ਦਾਅਵਾ ਕਰਦੀ ਹੈ ਕਿ ਸਿੱਖ ਪੰਥ, ਹਿੰਦੂ ਮੱਤ ਦੀ ਰਾਖੀ ਲਈ ਹੀ ਪੈਦਾ ਹੋਇਆ ਸੀ ਅਤੇ ਉਸ ਨੇ ਮਹਾਨ ਹਿੰਦੂ ਮੱਤ ਦੀ ਮੁਸਲਮਾਨਾਂ ਤੋਂ ਰੱਖਿਆ ਕੀਤੀ। ਇਸ ਤਰ੍ਹਾਂ ਦਾ ਪ੍ਰਚਾਰ ਕਰਕੇ ਉਹ ਸਿੱਖਾਂ ਤੇ ਮੁਸਲਮਾਨਾਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਵਿਚ ਹੈ। ਜਦਕਿ ਸੱਚਾਈ ਇਹ ਹੈ ਕਿ ਸਿੱਖ ਪੰਥ ਵਾਸਤੇ ਨਾ ਤਾਂ ਕੋਈ ਹਿੰਦੂ ਵੈਰੀ ਹੈ ਅਤੇ ਨਾ ਹੀ ਮੁਸਲਮਾਨ। ਸਿੱਖ ਪੰਥ ਦੀ ਟੱਕਰ ਜ਼ੁਲਮ ਦੇ ਖਿਲਾਫ਼ ਜ਼ਾਲਮ ਨਾਲ ਹੈ ਨਾ ਕਿ ਕਿਸੇ ਖਾਸ ਧਰਮ ਨਾਲ। ਖ਼ਾਲਸਾ ਪੰਥ ਦੁਆਰਾ ਜ਼ੁਲਮ ਨਾਲ ਲਈ ਗਈ ਇਸ ਟੱਕਰ ਵਿਚ ਮੁਸਲਮਾਨ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਅਤੇ ਇਕ ਭਰਾ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋਏ ਜਿਥੇ ਕਿ ਜ਼ਾਲਮ ਧਿਰ ਵਿਚ ਹਿੰਦੂ ਪਹਾੜੀ ਰਾਜੇ ਸ਼ਾਮਲ ਸਨ। ਇਸ ਦੇ ਉਲਟ ਜ਼ਾਲਮ ਵਜ਼ੀਰ ਖਾਂ ਸੂਬਾ ਸਰਹੰਦ ਜੋ ਕਿ ਮੁਸਲਮਾਨ ਧਰਮ ਨਾਲ ਸੰਬੰਧਤ ਸੀ, ਉਸ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ। ਪਰੰਤੂ ਹਿੰਦੂ ਮੱਤ ਨਾਲ ਸੰਬੰਧਤ ਭਾਈ ਟੋਡਰ ਮੱਲ ਜੀ ਨੇ ਸਸਕਾਰ ਕਰਨ ਜੋਗੀ ਜ਼ਮੀਨ ਮੁੱਲ ਤਾਰ ਕੇ ਪ੍ਰਾਪਤ ਕੀਤੀ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਇਸੇ ਪ੍ਰਕਾਰ ਹਿੰਦੂ ਮੱਤ ਨਾਲ ਸੰਬੰਧਤ ਦੀਵਾਨ ਕੌੜਾ ਮੱਲ ਜੀ ਨੇ ਸਮੇਂ ਸਮੇਂ ਜ਼ੁਲਮ ਦੇ ਖਿਲਾਫ਼ ਟੱਕਰ ਵਿਚ ਖਾਲਸੇ ਦੀ ਸਹਾਇਤਾ ਕੀਤੀ। ਪਰੰਤੂ ਇਸ ਦੇ ਉਲਟ ਹਿੰਦੂ ਅਖਵਾਉਣ ਵਾਲੇ ਜਸਪਤ ਰਾਇ ਤੇ ਲਖਪਤ ਰਾਇ ਦੋ ਭਰਾਵਾਂ ਨੇ ਖਾਲਸਾ ਪੰਥ ਨੂੰ ਖਤਮ ਕਰਨ ਦਾ ਨਿਸਚਾ ਕੀਤਾ ਹੋਇਆ ਸੀ। ਲਖਪਤ ਰਾਇ ਨੇ ਹੰਕਾਰ ਵਿਚ ਆ ਕੇ ਫੜ੍ਹ ਮਾਰੀ ਸੀ ਕਿ ਇਕ ਖੱਤਰੀ (ਭਾਵ ਗੁਰੂ ਨਾਨਕ ਸਾਹਿਬ ਜੀ) ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਹੁਣ ਇਕ ਖੱਤਰੀ (ਲਖਪਤ ਰਾਇ) ਹੀ ਇਸ ਨੂੰ ਖਤਮ ਕਰੇਗਾ। ਕੀ ਆਰ. ਐੱਸ. ਐੱਸ. ਦੇ ਆਗੂ ਇਹ ਦੱਸਣ ਦੀ ਖੇਚਲ ਕਰਨਗੇ ਕਿ ਜੇ ਸਿੱਖ ਧਰਮ ਹਿੰਦੂ ਧਰਮ ਦੀ ਰੱਖਿਆ ਲਈ ਪੈਦਾ ਹੋਇਆ ਸੀ ਤਾਂ ਫਿਰ ਹਿੰਦੂ ਅਖਵਾਉਣ ਵਾਲੇ ਜਸਪਤ ਰਾਇ ਤੇ ਲਖਪਤ ਰਾਇ ਇਸ ਨੂੰ ਖਤਮ ਕਰਨ ਤੇ ਕਿਉਂ ਤੁਲ ਗਏ? ਫਿਰ ਹਿੰਦੂ ਪਹਾੜੀ ਰਾਜੇ ਔਰੰਗਜ਼ੇਬ ਦੇ ਵਿਰੁੱਧ ਗੁਰੂ ਜੀ ਦਾ ਸਾਥ ਦੇਣ ਦੀ ਬਜਾਏ ਗੁਰੂ ਜੀ ਨਾਲ ਕਿਉਂ ਲੜਦੇ ਰਹੇ? ਗੁਰੂ ਜੀ ਦੀਆਂ ਬਹੁਤੀਆਂ ਲੜਾਈਆਂ ਮੁਸਲਮਾਨਾਂ ਦੀ ਥਾਂ ਹਿੰਦੂ ਪਹਾੜੀ ਰਾਜਿਆਂ ਨਾਲ ਕਿਉਂ ਹੋਈਆਂ? ਜੇ ਆਰ. ਐੱਸ. ਐੱਸ. ਕੋਲ ਇਨ੍ਹਾਂ ਸੁਆਲਾਂ ਦੇ ਜੁਆਬ ਨਹੀਂ ਹਨ ਤਾਂ ਇਸ ਦੇ ਆਗੂ ਸੁਦਰਸ਼ਨ ਨੂੰ ਇਹ ਹੀ ਕਹਿਣਾ ਬਣਦਾ ਹੈ ਕਿ "ਝੂਠੁ ਨ ਬੋਲਿ ਪਾਡੇ ਸਚੁ ਕਹੀਐ॥" (ਰਾਮਕਲੀ ਮ: 1, ਪੰਨਾ 904)

ਸੱਚਾਈ ਤਾਂ ਇਹ ਹੈ ਕਿ ਆਰ. ਐੱਸ. ਐੱਸ. ਦਾ ਇਹ ਗੁੰਮਰਾਹਕੁੰਨ ਪ੍ਰਚਾਰ ਸਿੱਖਾਂ ਦੇ ਮਨ ਵਿਚ ਨਾ ਤਾਂ ਮੁਸਲਮਾਨਾਂ ਦੇ ਖਿਲਾਫ਼ ਨਫ਼ਰਤ ਪੈਦਾ ਕਰ ਸਕਦਾ ਹੈ ਨਾ ਹੀ ਹਿੰਦੂ ਅਖਵਾਉਣ ਵਾਲੀ ਸੰਸਥਾ ਆਰ. ਐੱਸ. ਐੱਸ. ਦੇ ਫਿਰਕੂ ਤੇ ਨਫ਼ਰਤ ਫੈਲਾਉਣ ਵਾਲੇ ਪ੍ਰਚਾਰ ਨੂੰ ਸੁਣ ਕੇ ਸਿੱਖ ਸਮੁੱਚੇ ਹਿੰਦੂਆਂ ਨੂੰ ਨਫ਼ਰਤ ਕਰਨ ਲੱਗ ਪੈਣਗੇ। ਕਿਉਂਕਿ ਸਿੱਖ ਪੰਥ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ, ਜੋ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਦੋਹਾਂ (ਹਿੰਦੂ ਤੇ ਮੁਸਲਮਾਨ) ਵਿਚ ਇੱਕੋ ਸੱਚੇ ਰੱਬ ਦੀ ਜੋਤ ਹੈ:

ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ॥
(ਆਸਾ ਕਬੀਰ ਜੀ, ਪੰਨਾ 483)

ਆਰ. ਐੱਸ. ਐੱਸ. ਇਹ ਵੀ ਪ੍ਰਚਾਰ ਕਰਦੀ ਹੈ ਕਿ ਈਸਾਈ ਤੇ ਮੁਸਲਮਾਨ ਬਾਹਰੋਂ ਆਏ ਹਨ। ਇਸ ਕਰਕੇ ਇਹ ਵਿਦੇਸ਼ੀ ਧਰਮ ਹਨ। ਪਰੰਤੂ ਇਹ ਗੱਲ ਕਹਿਣ ਲੱਗਿਆਂ ਆਰ. ਐੱਸ. ਐੱਸ. ਵਾਲੇ ਇਹ ਗੱਲ ਭੁੱਲ ਜਾਂਦੇ ਹਨ ਕਿ ਆਰੀਆ (ਹਿੰਦੂ) ਲੋਕ ਵੀ ਬਾਹਰੋਂ ਹੀ ਆ ਕੇ ਇਥੇ ਵਸੇ ਹਨ ਅਤੇ ਇਸ ਤਰ੍ਹਾਂ ਉਹ ਆਪ ਵੀ ਵਿਦੇਸ਼ੀ ਹਨ। ਇਥੋਂ ਦੇ ਮੂਲ ਵਸਨੀਕ ਤਾਂ ਦਰਾਵੜ ਲੋਕ ਹਨ; ਜਿਨ੍ਹਾਂ ਨੂੰ ਇਨ੍ਹਾਂ ਨੇ ਦਾਸ, ਦਸਿਊ, ਦੈਂਤ, ਦਾਨਵ ਆਦਿ (ਅੱਜਕਲ੍ਹ ਦੇ ਅੱਤਵਾਦੀ ਲਫਜ਼ਾਂ ਵਾਂਗ) ਨਾਮ ਦੇ ਕੇ ਆਪਣੇ ਗੁਲਾਮ ਬਣਾਇਆ ਸੀ।
ਸੋ, ਅਖੀਰ ਵਿਚ ਮੈਂ ਆਰ. ਐੱਸ. ਐੱਸ. ਆਗੂਆਂ ਨੂੰ ਇਹ ਸੁਝਾਅ ਦੇਂਦਾ ਹਾਂ ਕਿ ਉਹ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਕਬੂਲ ਕਰਨ ਤਾਂ ਹੀ ਉਹ ਅਖੌਤੀ ਦੇਸ਼ ਭਗਤ ਦੀ ਥਾਂ ਸੱਚੇ ਦੇਸ਼ ਭਗਤ ਅਖਵਾ ਸਕਣ ਦੇ ਯੋਗ ਹੋਣਗੇ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ਹਮ ਹਿੰਦੂ ਨਹੀਂ ਦੇ ਇਸ ਕਬਿੱਤ ਨਾਲ ਮੈਂ ਆਪਣੀ ਗੱਲ ਇਥੇ ਹੀ ਸਮਾਪਤ ਕਰਦਾ ਹਾਂ:-

ਮਾਨੈ ਨਾਹਿ ਵੇਦ ਭੇਦ ਸ੍ਰਿਮਿਤਿ ਪੁਰਾਨਨ ਕੇ,
ਪੂਜਤ ਨ ਭੈਰੋਂ ਭੂਤ ਗਿਰਿਜਾ ਗਣਿੰਦੂ ਹੈ।
ਤਿਥਿ, ਵਾਰ, ਸ਼ਕੁਨ, ਮੁਹੂਰਤ ਨ ਜਾਨੈ ਕਛੁ,
ਰਾਹੁ, ਕੇਤੁ, ਸ਼ਨੀ, ਸ਼ੁਕ੍ਰ, ਚੰਦ੍ਰਮਾ, ਦਿਨਿੰਦੂ ਹੈ।
ਜਾਤਿ, ਪਾਤਿ, ਮੰਤ੍ਰ, ਜੰਤ੍ਰ, ਤੰਤ੍ਰ, ਵ੍ਰਤ, ਸ਼੍ਰਾਧ, ਹੋਮ,
ਸੰਧ੍ਯਾ ਸੂਤਕਾਦਿ ਕੋ ਵਿਸ਼ਵਾਸੀ ਨਹਿ ਬਿੰਦੂ3 ਹੈ।
ਦਸਮੇਸ਼ ਕੋ ਸੁਪੂਤ ਖਾਲਿਸਾ ਹੈ ਭਿੰਨ ਪੰਥ,
ਮਹਾਂ ਹੈ ਅਗ੍ਯਾਨੀ, ਜੋਊ ਯਾਂ ਕੋ ਕਹੈ- ਹਿੰਦੂ ਹੈ।


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.
FEATURED ARTICLES
Canada's Forgotten Sikh Inmates

ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ

ਅਕੁਲ ਨਿਰੰਜਨ ਖਾਲਸਾ

Why draconian laws in Punjab?

Harjinder Dilgeer and His Nonsensical Assertions

ਜ਼ਖ਼ਮ ਅਜੇ ਵੀ ਅੱਲੇ ਨੇ.... ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?

Sikh & Kashmiri Canadians protest in Ottawa against PM Manmohan Singh's visit to that city

Sikh Genocide and 'Sikh Extremism' Roil Canada

Canada Hears Cries of Sikhs

ਐਲਾਨਨਾਮਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਐਲਾਨ-ਜੰਗ!

Anti-Panthic Lobby's Purported 'World Sikh Convention'

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

Sikhism: A World Religion Anomaly in Constitution needs to be Rectified

ਹੁਕਮ, ਹੁਕਮਨਾਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ!

India's 25 years long crimes against humanity Remembering the nearly 10,000 Sikhs

ਧਰਮ ਯੁੱਧ ਮੋਰਚਾ ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ?

ਸੌਦਾ ਸਾਧ ਦੀਆਂ ਫੁਕਰੀਆਂ

ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਆਸਕਰ ਜਿੱਤਣ ’ਤੇ ਹੱਸਣ ਕਿ ਰੋਣ

ਧੰਨ ਭਾਗ ਕੌਮ ਦੇ…… ਧੰਨਵਾਦ ਤੁਹਾਡਾ

Darshan Singh's Anti-Dasam Granth Phobia

Vaisakhi: Past to Present - The changing Trends!

ਨੁਕਸਾਨ - A short story regarding Justice in Punjab

ਸ੍ਰੀ ਦਸਮ ਗ੍ਰੰਥ : ਵਿਰੋਧੀਆਂ ਨੂੰ ਉਤਰ DushtDaman.org

ਭਰੂਣ ਹੱਤਿਆ ਪਾਪ ਹੈ...?

ਚਉਬੀਸ ਅਵਤਾਰ: ਰਚਨਾ ਉਦੇਸ਼ DushtDaman.org

ਦਸਮ ਗ੍ਰੰਥ ਦੀ ਪਰਮਾਣਿਕਤਾ DushtDaman.org

ਚਰਿਤ੍ਰੋ ਪਖਿਯਾਨ ਤੇ ਸਿਧਾਂਤ

ਦਸਮ ਬਾਣੀ ਵਿਚ ਅਵਤਾਰਵਾਦ ਦਾ ਖੰਡਨ

ਚਰਿਤ੍ਰੋ ਪਾਖਯਾਨ ਅਤੇ ਸਿਖ ਮਿਸ਼ਨਰੀ ਕਾਲਜ

ਭਾਰਤ ਬਨਾਮ ਪੰਜਾਬ

‘ਜਥੇਦਾਰ ਸਾਹਿਬ ਦੇ ਨਾਂ’

ਰਾਸ਼ਟ੍ਰੀਯ? ਸਿੱਖ? ਸੰਗਤ? RSS

ਮੂਰਖ ਕੋ ਸਮਝਾਊ ਰੇ...

ਗਿਆਨ ਵਿਹੂਣਾ ਗਾਵੈ ਗੀਤ...