
ਅੱਜ ਤੋਂ ਕੋਈ ੨੭ ਵਰ੍ਹੇ ਪਹਿਲਾਂ ੪ ਅਗਸਤ ੧੯੮੨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਜਰਨੈਲ ਸਿੰਘ ਵੱਲੋਂ ੧੯ ਜੁਲਾਈ ਤੋਂ ਚਲਾਏ ਜਾ ਰਹੇ ਮੋਰਚੇ ਨੂੰ ਅਪਣਾ ਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ 'ਧਰਮ ਯੁੱਧ ਮੋਰਚਾ' ਅਰੰਭ ਕੀਤਾ ਸੀ । ਇਸ ਮੋਰਚੇ ਦਾ ਨਿਸ਼ਾਨਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ
ਸੀ ਤੇ ਇਸ ਮਤੇ ਦਾ ਮਨੋਰਥ :
੨. ਸਿੰਘਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ-ਕਾਲ ਘੜਨਾ, ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਉ ਪੂਰਨ ਤੌਰ 'ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸੱਕੇ ।
੩. ਕੰਗਾਲੀ ਭੁੱਖ ਨੰਗ ਤੇ ਥੁੜ੍ਹ ਨੂੰ ਦੂਰ ਕਰਨਾ, ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਕਾਣੀ ਵੰਡ ਤੇ ਲੁੱਟ-ਖਸੁੱਟ (ਐਕਸ-ਪਲਾਇਟੇਸ਼ਨ) ਨੂੰ ਦੂਰ ਕਰਨਾ ।
੪. ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ, ਛੂਤ-ਛਾਤ ਤੇ ਜ਼ਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ ।
੫. ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸੱਕੇ ।
ਇਹ ਮਨੋਰਥ ਸਪਸ਼ਟ ਕਰਦਾ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਰਾਜਨੀਤਕ ਮੰਤਵ ਖ਼ਾਲਸੇ ਦੇ ਬੋਲ ਬਾਲੇ, ਲੋੜੀਂਦਾ ਦੇਸ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਣਾ ਸੀ । ਇਹ ਰਾਜਨੀਤਕ ਨਿਸ਼ਾਨਾ ਸਿੱਖ ਕੌਮ ਦੀ ਵਿਲੱਖਣ, ਨਿਆਰੀ ਅਤੇ ਵੱਖਰੀ ਹੋਂਦ ਹਸਤੀ ਤੇ ਕੌਮੀਅਤ ਨੂੰ ਕਾਇਮ ਕਰਨ ਅਤੇ ਕੁਝ ਹੱਦ ਤੱਕ ਖ਼ਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਵੱਲ ਵਧਦਾ ਇੱਕ ਕਦਮ ਸੀ, ਜੋ ਵੱਡੀਆ ਕੁਰਬਾਨੀਆਂ ਕਰਨ ਦੇ ਬਾਵਜੂਦ ਸਿੱਖ ਆਗੂਆਂ ਦੀਆਂ ਲਾਪਰਵਾਹੀਆਂ, ਅਣਗਹਿਲੀਆਂ ਅਤੇ ਗਲਤੀਆਂ ਤੇ ਗ਼ੱਦਾਰਾਂ ਦੀ ਗ਼ੱਦਾਰੀ ਕਾਰਨ ਅੰਗਰੇਜ਼ਾ ਨੇ ਸਿੱਖਾਂ ਤੋਂ ਖੋਹ ਲਿਆ ਸੀ ਅਤੇ ਸ਼ਾਤਰਬਾਜ਼ ਹਿੰਦੂਆਂ ਨੇ ਸਿੱਖ ਆਗੂਆਂ ਨੂੰ ਆਪਣੀਆਂ ਚਾਲਾਂ ਵਿੱਚ ਲੈ ਕੇ ੧੯੪੭ ਵਿੱਚ ਵੀ ਪ੍ਰਾਪਤ ਨਹੀਂ ਸੀ ਕਰਨ ਦਿੱਤਾ, ਪਰ ਸਿੱਖਾਂ ਦੇ ਬੋਲ ਬਾਲੇ ਦਾ ਇਹ ਪੰਥਕ ਰਾਜਨੀਤਕ ਨਿਸ਼ਾਨਾ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਜਨੂਨ ਵਿੱਚ ਸਤਾ ਮਾਣ ਰਹੀ ਹਿੰਦ ਸਰਕਾਰ ਤੇ ਹਿੰਦੂਤਵੀ ਸੋਚ ਦੀਆਂ ਧਾਰਨੀ ਭਾਜਪਾ ਵਰਗੀਆਂ ਪਾਰਟੀਆਂ, ਧਰਮ ਵਿਰੋਧੀ ਕਮਿਉਨਿਸਟ ਜਮਾਤਾਂ ਅਤੇ ਸਿੱਖ ਦੁਸ਼ਮਣ ਤਾਕਤਾਂ ਨੂੰ ਕਿਵੇਂ ਪਚ ਸੱਕਦਾ ਸੀ ? ਇਹਨਾਂ ਸਾਰੀਆਂ ਪਾਰਟੀਆਂ ਨੇ ਦੇਸ ਦੀ ਏਕਤਾ ਤੇ ਅਖੰਡਤਾ ਦੇ ਨਾਂਅ 'ਤੇ ਅਤੇ ਵਿਦੇਸੀ ਤਾਕਤਾਂ ਦੇ ਹੱਥ ਹੋਣ ਦੀ ਦੁਹਾਈ ਦੇ ਕੇ 'ਧਰਮ ਯੁੱਧ ਮੋਰਚੇ' ਵਿਰੁੱਧ ਤੂਫ਼ਾਨ ਖੜਾ ਕਰ ਦਿੱਤਾ ਸੀ । ਸਾਰਿਆਂ ਨੇ ਇੱਕ ਅਵਾਜ਼ ਹੋ ਕੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤਾ ਕਹਿ ਕੇ ਤੇ 'ਧਰਮ ਯੁੱਧ ਮੋਰਚੇ' ਨੂੰ ਵਿਦੇਸ਼ੀ ਤਾਕਤਾਂ ਦੀ ਸ਼ਹਿ 'ਤੇ ਦੇਸ ਨੂੰ ਤੋੜਨ ਦੀ ਸਾਜ਼ਿਸ਼ ਕਹਿ ਕੇ ਭੰਡਿਆ ਅਤੇ ਇਸ ਨੂੰ ਦਬਾ ਦੇਣ ਦੀ ਦੁਹਾਈ ਪਾਈ ਸੀ ।
ਅਕਾਲੀ ਦਲ ਨੇ ਇਸ ਮੋਰਚੇ ਨੂੰ 'ਜੰਗ ਹਿੰਦ ਪੰਜਾਬ' ਦਾ ਨਾਂਅ ਦਿੱਤਾ ਸੀ ਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ :
* ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।
* ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਹੋਵੇਗੀ ।
* ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ ।
ਮੋਰਚੇ ਨੂੰ ਨਵਾਂ ਰੂਪ ਦੇਣ ਅਤੇ ਜਿੱਤਣ ਲਈ ਵਿਸਾਖੀ ੧੯੮੩ ਦੇ ਦਿਹਾੜੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਾਇਆ ਗਿਆ ਸੀ । ਇਸ ਮੌਕੇ 'ਧਰਮ ਯੁੱਧ ਮੋਰਚੇ' ਦੇ ਡਿਕਟੇਟਰ ਲੌਂਗੋਵਾਲ ਨੇ ਐਲਾਨ ਕੀਤਾ ਸੀ ਕਿ ਮਰਜੀਵੜੇ ਇੱਕ ਦਿਨ ਇੱਕ ਐਕਸ਼ਨ ਕਰਨਗੇ । ਮਰਜੀਵੜਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਪ੍ਰਣ ਪੱਤਰ ਭਰਿਆ ਅਤੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪ੍ਰਣ ਕੀਤਾ ਸੀ । ਮੋਰਚੇ ਵਿੱਚ ਸੁਮੱਚਾ ਪੰਥ ਜਿੱਤ ਦੇ ਨਿਸਚੇ ਨਾਲ ਨਿੱਤਰ ਪਿਆ ਸੀ । ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ । ਸੈਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ 'ਤੇ ਜਥੇ ਦੀ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ ਇੱਕੋ ਵੇਲੇ ਹੀ ੩੪ ਸਿੰਘਾਂ ਦੀਆਂ ਜਾਨਾਂ ਚਲੇ ਗਈਆ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ । ਮੋਰਚਾ ਪੂਰੇ ਖ਼ਾਲਸਾਈ ਜਲੌਅ ਨਾਲ ਆਪਣੇ ਸਿਖ਼ਰ 'ਤੇ ਪਹੁੰਚ ਚੁੱਕਾ ਸੀ ਤੇ ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ । ਸਿੰਘਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਬੰਨੀ ਪਹੁੰਚ ਰਹੇ ਸਨ ਤੇ ਪੂਰੇ ਹਿੰਦ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ 'ਧਰਮ ਯੁੱਧ ਮੋਰਚੇ' ਦੀ ਧਾਂਕ ਪੈ ਰਹੀ ਸੀ ।
ਜੇ ਅਕਾਲੀ ਆਗੂ ਦ੍ਰਿੜ੍ਹ ਹੁੰਦੇ ਤਾਂ ਪੰਥ ਦੀ ਜਿੱਤ ਯਕੀਨੀ ਸੀ ਤੇ ਹਿੰਦ ਸਰਕਾਰ ਦੀ ਕੋਈ ਤਾਕਤ ਨਹੀਂ ਸੀ ਕਿ ਇਸ ਮੋਰਚੇ ਨੂੰ ਦਬਾ ਸੱਕਦੀ, ਪਰ ਅਕਾਲੀ ਆਗੂ ਸੁਹਿਰਦ ਨਹੀਂ ਸਨ ਤੇ ਉਹ ਮੋਰਚੇ ਨੂੰ ਪੰਥ ਦੀ ਪ੍ਰਾਪਤੀ ਲਈ ਨਹੀਂ ਸਿਰਫ ਆਪਣੀ ਜ਼ਾਤੀ ਗਰਜ਼ ਲਈ ਚਲਾ ਰਹੇ ਸਨ ਤੇ ਸਮਝਦੇ ਸਨ ਕਿ ਜਿਸ ਦਿਨ ਜੇਲ੍ਹਾਂ ਭਰ ਗਈਆਂ, ਸਰਕਾਰ ਕੁਝ ਇੱਕ ਮੰਗਾਂ ਮੰਨ ਲਏਗੀ ਤੇ ਫ਼ੈਸਲਾ ਹੋ ਜਾਏਗਾ । ਜੇਲ੍ਹ ਵਿੱਚ ਬੈਠਾ ਬਾਦਲ ਤਾਂ ਬਾਰ-ਬਾਰ ਕਹੀ ਜਾਂਦਾ ਸੀ ਕਿ ਵੱਡੇ-ਵੱਡੇ ਜਥੇ ਲੈ ਕੇ ਜੇਲ੍ਹਾਂ ਭਰ ਦਿਉ । ਸਰਕਾਰ ਕੋਲ ਗ੍ਰਿਫ਼ਤਾਰੀਆਂ ਦੇਣ ਵਾਲੇ ਸਿੰਘਾਂ ਨੂੰ ਰੱਖਣ ਲਈ ਥਾਂ ਹੀ ਨਹੀਂ ਤੇ ਉਹ ਜਲਦੀ ਹੀ ਸਮਝੌਤਾ ਕਰ ਲਏਗੀ । ਰਵਾਇਤੀ ਅਕਾਲੀ ਸਿਰਫ਼ ਜੇਲ੍ਹਾ ਭਰਨ ਨਾਲ ਹੀ ਮੋਰਚਾ ਜਿੱਤਣ ਦੀ ਠਾਣੀ ਬੈਠੇ ਸਨ । ਅਸਲ ਵਿੱਚ ਉਹ ਅਨੰਦਪੁਰ ਸਹਿਬ ਦੇ ਮਤੇ ਦੀ ਪ੍ਰਾਪਤੀ ਲਈ ਸੁਹਿਰਦ ਹੀ ਨਹੀਂ ਸਨ ਤੇ ਸਿਰਫ ਸਤਾ ਮਾਣਨ ਲਈ ਉਸੇ ਤਰ੍ਹਾਂ ਸਿੱਖਾਂ ਦੀਆਂ ਵੋਟਾਂ ਪੱਕੀਆਂ ਕਰਨੀਆ ਚਹੁੰਦੇ ਸਨ, ਜਿਵੇਂ ਕਾਂਗਰਸ ਹਿੰਦੂ ਪੱਤਾ ਖੇਡ ਕੇ ਹਿੰਦੂਆਂ ਦੀਆਂ ਵੋਟਾਂ ਪੱਕੀਆਂ ਕਰਦੀ ਆ ਰਹੀ ਸੀ ਤੇ ਸਤਾ ਹੰਡਾਉਂਦੀ ਸੀ । ਜਦ ਕਿ ਸੰਤ ਜਰਨੈਲ ਸਿੰਘ ਦ੍ਰਿੜ੍ਹ ਇਰਾਦੇ ਨਾਲ ਮੋਰਚੇ ਵਿੱਚ ਨਿੱਤਰੇ ਸਨ ਤੇ ਉਹ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੋਈ ਵੀ ਫ਼ੈਸਲਾ ਕਰਨਾ ਪੰਥ ਦੀ ਹੇਠੀ, ਸਿੱਖਾਂ ਦੀ ਕੁਰਬਾਨੀ ਵਿਅਰਥ ਗਵਾਉਣ, ਅਰਦਾਸ ਭੰਗ ਕਰਨ ਅਤੇ ਪ੍ਰਣ ਤੋੜਨ ਵਾਲੀ ਬੁਜ਼ਦਿਲਾਨਾ ਕਾਰਵਾਈ ਸਮਝਦੇ ਸਨ। ਜਿਉਂ-ਜਿਉਂ ਮੋਰਚਾ ਲੰਬਾ ਹੋ ਰਿਹਾ ਸੀ ਸਿੰਘਾਂ ਨੂੰ ਤਾਂ ਜੋਸ਼ ਚੜ੍ਹ ਰਿਹਾ ਸੀ, ਪਰ ਅਕਾਲੀ ਆਗੂ ਥੱਕ ਤੇ ਅੱਕ ਚੁੱਕੇ ਸਨ ਤੇ ਉਹ ਹਰ ਹਾਲਤ ਵਿੱਚ 'ਧਰਮ ਯੁੱਧ ਮੋਰਚੇ 'ਤੋਂ ਖਹਿੜਾ ਛਡਾਉਣਾ ਚਾਹੁੰਦੇ ਸਨ ਅਤੇ ਸਰਕਾਰ ਨਾਲ ਘੱਟ ਤੋਂ ਘੱਟ ਲੈ ਕੇ ਵੀ ਫ਼ੈਸਲਾ ਕਰਨ ਲਈ ਤਰਲੋ ਮੱਛੀ ਸਨ । ਇੰਦਰਾ ਬੜੀ ਚਲਾਕ ਸੀ ਤੇ ਉਹ ਅਕਾਲੀ ਆਗੂਆਂ ਦੀ ਹਰ ਕੰਮਜ਼ੋਰੀ ਨੂੰ ਸਮਝਦੀ ਸੀ । ਉਸ ਨੇ ਅਕਾਲੀਆਂ ਨੂੰ ਬਦਨਾਮ ਕਰਨ ਤੇ ਸਿੱਖਾਂ ਨੂੰ ਕੁਚਲਣ ਦੀ ਠਾਨ ਰੱਖੀ ਸੀ ਤੇ ਫ਼ੌਜੀ ਹਮਲੇ ਦੀ ਤਿਆਰੀ ਕਰਨ ਲਈ ਚਕਰਾਤਾ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫ਼ੌਜੀ ਮਛਕਾਂ ਕਰਾ ਰਹੀ ਸੀ । ਉਸ ਨੇ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇ ਦਿੱਤਾ ਸੀ ਤੇ ਦਰਬਾਰ ਸਾਹਿਬ 'ਤੇ ਫ਼ੌਜ ਚੜ੍ਹਾਉਣ ਦੀ ਕਨੂੰਨੀ ਕਾਰਵਾਈ ਪੂਰੀ ਕਰ ਲਈ ਸੀ । ਗਿ. ਜ਼ੈਲ ਸਿੰਘ ਨੇ ਇਸ ਕਾਰਵਾਈ ਲਈ ਬਿਨਾਂ ਝਿਜਕ ਦਸਖ਼ਤ ਕਰ ਦਿੱਤੇ ਸਨ ਤੇ ਇੰਦਰਾ ਨੇ ਹਮਲਾ ਕਰਨ ਦੇ ਅਧਿਕਾਰ ਲੈ ਲਏ ਸਨ ।
ਹਮਲਾ ਕਰਨ ਦੇ ਕਨੂੰਨੀ ਪੱਖ ਪੂਰੇ ਕਰਨ ਤੋਂ ਬਾਅਦ ਉਹ ਅਕਾਲੀ ਆਗੂਆਂ ਦੀ ਹਰੀ ਝੰਡੀ ਵੀ ਲੈਣਾ ਚਾਹੁੰਦੀ ਸੀ, ਜੋ ਟੌਹੜੇ ਨੇ ਗਵਰਨਰ ਹਾਉਸ ਵਿੱਚ ਖ਼ੁਦ ਜਾ ਕੇ ਤੇ ਲੌਂਗੋਵਾਲ ਨੇ ਟੌਹੜੇ ਦੀ ਹਾਜ਼ਰੀ ਵਿੱਚ ਇੰਦਰਾ ਨਾਲ ਟੈਲੀਫ਼ੋਨ 'ਤੇ ਗੱਲ ਕਰਕੇ ਹਮਲੇ ਤੋਂ ਕੁਝ ਦਿਨ ਪਹਿਲਾਂ ਦੇ ਦਿੱਤੀ ਸੀ । ਅਕਾਲੀ ਆਗੂ ਸੰਤ ਜਰਨੈਲ ਸਿੰਘ ਨੂੰ ਸਰਕਾਰ ਨਾਲ ਸਮਝੌਤਾ ਕਰਨ ਦੇ ਰਾਹ ਵਿੱਚ ਰੋੜਾ ਸਮਝਦੇ ਸਨ ਤੇ ਇੰਦਰਾ ਸੰਤ ਜਰਨੈਲ ਸਿੰਘ ਜਿਹਾ ਦ੍ਰਿੜ੍ਹ ਇਰਾਦੇ ਵਾਲਾ ਸਿੱਖਾਂ ਦਾ ਆਗੂ ਜਿਉਂਦਾ ਨਹੀਂ ਸੀ ਛੱਡਣਾ ਚਾਹੁੰਦੀ । ਦੋਹਾਂ ਦਾ ਸੰਤ ਜਰਨੈਲ ਸਿੰਘ ਤੋਂ ਖਹਿੜਾ ਛਡਾਉਣ ਦਾ ਹਿੱਤ ਸਾਂਝਾ ਸੀ ਤੇ ਦੋਵੇਂ ਹੀ ਸੰਤ ਜਰਨੈਲ ਸਿੰਘ ਨੂੰ ਹੁਣ ਬਹੁਤਾ ਚਿਰ ਦੇਖਣਾ ਨਹੀਂ ਸਨ ਚਾਹੁੰਦੇ ।
ਇੰਦਰਾ ਸਿੱਖਾਂ ਦੀਆਂ ਮੰਗਾਂ ਮੰਨ ਕੇ, ਹੱਕ ਦੇ ਕੇ ਤੇ ਹਿੰਦ-ਪਾਕਿ ਦੀ ਵੰਡ ਤੋਂ ਪਹਿਲਾਂ ਕਾਂਗਰਸ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਕੁਟਲ ਹਿੰਦੂ ਨੀਤੀ ਨੂੰ ਧੱਬਾ ਨਹੀਂ ਸੀ ਲਾਉਣਾ ਚਾਹੁੰਦੀ ਅਤੇ ਸਿੱਖਾਂ ਦੇ ਨਾਂਅ 'ਤੇ ਆਪਣੇ ਹਿੰਦੂ ਵੋਟ ਬੈਂਕ ਨੂੰ ਭਾਜਪਾ ਦੀ ਸੰਨ੍ਹ ਵੀ ਨਹੀਂ ਸੀ ਲਵਾਉਣਾ ਚਾਹੁੰਦੀ । ਅਕਾਲੀ ਆਗੂ ਸੰਤ ਜਰਨੈਲ ਸਿੰਘ ਦੇ ਵਧ ਰਹੇ ਪ੍ਰਭਾਵ ਨੂੰ ਨਹੀਂ ਸਨ ਜਰ ਸੱਕਦੇ ਤੇ ਦੇਸ ਭਗਤੀ ਨੂੰ ਧਰਮ ਤੋਂ ਨਹੀਂ ਸਨ ਵਾਰ ਸੱਕਦੇ । ਬੱਸ ਇੰਦਰਾ ਦੀ ਇਹ ਕੁਟਲ ਨੀਤੀ ਅਤੇ ਅਕਾਲੀਆਂ ਦੇ ਹੱਥੋਂ ਖੁਸ ਰਹੀ ਸਿਆਸੀ ਡੋਰ ਦਾ ਡਰ, ਦੋਹਾਂ ਦਾ ਸਾਂਝਾ ਹਿੱਤ ਬਣ ਗਿਆ ਅਤੇ ਦਰਬਾਰ ਸਾਹਿਬ 'ਤੇ ਟੈਂਕਾਂ ਤੇ ਤੋਪਾਂ ਦੇ ਗੋਲੇ ਵਰਨ ਲੱਗ ਪਏ । ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ । ਇੰਦਰਾ ਦਾ ਹਿੰਦੂ ਵੋਟ ਬੈਂਕ ਪੱਕਾ ਹੋ ਗਿਆ ਤੇ ਅਕਾਲੀਆਂ ਨੂੰ ਸੰਤ ਜਰਨੈਲ ਸਿੰਘ ਦਾ ਡਰ ਮੁੱਕ ਗਿਆ । ਸਿੱਖਾਂ 'ਤੇ ਘੱਲੂਘਾਰਾ ਵਾਪਰ ਗਿਆ ਅਤੇ ਪੰਥਕ ਵਿਰਸੇ ਦੀ ਭਿਆਨਕ ਤਬਾਹੀ ਹੋ ਗਈ । ਮੋਰਚਾ ਡਿਕਟੇਟਰ ਕੌਮ ਨਾਲ ਕੀਤੇ ਕੌਲ ਕਰਾਰਾਂ ਨੂੰ ਤੋੜ ਕੇ 'ਧਰਮ ਯੁੱਧ ਮੋਰਚੇ' ਦਾ ਭੋਗ ਪਾਉਣ ਲਈ ਬਰਨਾਲਾ-ਬਲਵੰਤ ਦੇ ਢਹੇ ਚੜ੍ਹ ਰਜੀਵ ਕੋਲ ਜਾ ਪਹੁੰਚਾ ਅਤੇ ਰਜੀਵ ਲੌਂਗੋਵਾਲ ਸਮਝੌਤਾ ਕਰਕੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਤੋਂ ਵੀ ਵੱਡਾ ਧ੍ਰੋਹ ਕਮਾ ਗਿਆ ਤੇ ਕੌਮ ਨੂੰ ਇੱਕ ਵਾਰ ਫਿਰ ਕਮਿਸ਼ਨਾਂ ਦੇ ਚੱਕਰਾਂ ਵਿੱਚ ਪਾ ਗਿਆ । ਰਜੀਵ ਗਾਂਧੀ ਨੇ ਜੇਤੂ ਧਿਰ ਵਾਂਗ ਈਨ ਮਨਾ ਲਈ ਅਤੇ ਲੌਂਗੋਵਾਲ ਨੇ ਹਾਰੀ ਧਿਰ ਵਾਂਗ ਈਨ ਮੰਨ ਲਈ । ਬਰਨਾਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ 'ਤੇ ਬਲਵੰਤ ਸਿੰਘ ਨੂੰ ਉਪ ਮੁਖ ਮੰਤਰੀ ਦੀ ਪਦਵੀ ਮਿਲ ਗਈ ਅਤੇ ਸ਼ੁਰੂ ਹੋ ਗਿਆ ਸਿਲਸਲਾ ਪੰਥ ਦੀ ਅਣਖੀਲੀ ਜੁਆਨੀ ਨੂੰ ਮਾਰ ਮਕਾਉਣ ਦਾ । ਤਸੀਹੇ ਦੇ ਕੇ, ਗੋਲੀਆਂ ਨਾਲ ਭੁੰਨ ਕੇ ਤੇ ਲਾਵਾਰਸ ਤੇ ਅਣਪਛਾਤੇ ਕਹਿ ਕੇ ਕਰੀਬ ੨੫ ਹਜ਼ਾਰ ਨੌਜੁਆਨਾਂ ਨੂੰ ਪੰਜਾਬ ਦੇ ਵੱਖ-ਵੱਖ ਸਿਵਿਆਂ ਵਿੱਚ ਫੂਕ ਸੁਟਿਆ । ਮਨੁੱਖੀ ਹੱਕਾਂ ਦੀ ਅਵਾਜ਼ ਬੁਲੰਦ ਕਰਕੇ ਇਹਨਾਂ ਦੀ ਭਾਲ 'ਚ ਨਿਕਲਿਆ ਸ. ਜਸਵੰਤ ਸਿੰਘ ਖਾਲੜਾ ਵੀ ਅਣਪਛਾਤੀ ਲਾਸ਼ ਬਣਾ ਕੇ ਖਪਾ ਦਿੱਤਾ ਗਿਆ । ਗਿਆਰਾਂ ਸੂਤਰੀ ਇਹ ਸਮਝੌਤਾ ਸਿੱਖ ਕੌਮ ਨਾਲ ੳੋਹੋ ਜਿਹਾ ਹੀ ਇੱਕ ਹੋਰ ਧੋਖਾ ਸੀ, ਜਿਹੋ ਜਿਹਾ ਅਕਾਲੀ ਆਗੂਆਂ ਦੀਆਂ ਕੰਮਜ਼ੋਰੀਆਂ ਦਾ ਫਾਇਦਾ ਉਠਾ ਕੇ ਹਿੰਦ ਸਰਕਾਰ ੧੯੪੭ ਤੋਂ ਅਕਸਰ ਲਗਾਤਾਰ ਹੀ ਕਰਦੀ ਆ ਰਹੀ ਹੈ ।
ਪੰਜਾਬ ਦੇ ਹੈਡਵਰਕਸ, ਡੈਮ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀ, ਅੱਜ ਵੀ ਜਿਉਂ ਦੇ ਤਿਉਂ ਕੇਂਦਰ ਦੇ ਕਬਜ਼ੇ ਵਿੱਚ ਹਨ । ਕੇਂਦਰ ਪਾਸ, ਸੁਰੱਖਿਆ, ਸੰਚਾਰ, ਵਿਦੇਸੀ ਤੇ ਕਰੰਸੀ ਦੇ ਚਾਰ ਮਹਿਕਮੇ ਰੱਖ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦੇ ਕੇ ਦੇਸ ਵਿੱਚ ਅਸਲੀ ਸੰਘੀ ਢਾਂਚਾ ਕਾਇਮ ਕਰਨ ਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦਾ ਮਾਮਲਾ ਹੁਣ ਕਦੇ ਕਿਸੇ ਵੀ ਅਕਾਲੀ ਆਗੂ ਨੇ ਨਹੀਂ ਉਠਾਇਆ । ਦੋਹਰੀ ਨਾਗਰਿਕਤਾ, ਦੋਹਰੀ ਵਿਧਾਨ ਪ੍ਰਣਾਲੀ ਤੇ ਅੰਦਰੂਨੀ ਖ਼ੁਦਮੁਖਤਿਆਰੀ ਦੇ ਸਿਧਾਂਤ ਨੂੰ ਲਾਗੂ ਕਰਾਉਣਾ ਤੇ ਧਾਰਾ ੨੫ ਨੂੰ ਖ਼ਤਮ ਕਰਾ ਕੇ ਸਿੱਖਾਂ ਨੂੰ ਵੱਖਰੀ ਕੌਮ ਮਨਾਉਣਾ ਹੁਣ ਕਿਸੇ ਦੇ ਚਿਤ ਚੇਤੇ ਵੀੇ ਨਹੀਂ । ਇਥੋਂ ਤੱਕ ਕੇ ਦਰਬਾਰ ਸਾਹਿਬ ਵਿਖੇ ਹਾਈ ਪਾਵਰ ਟਰਾਂਸਮੀਟਰ ਲਗਾਉਣ ਦੀ ਮੰਗ ਕਰਨ ਵਾਲੇ ਅਕਾਲੀ ਦਲ ਦੇ ਕਬਜ਼ੇ ਹੇਠ ਆਈ ਸ਼੍ਰੋਮਣੀ ਕਮੇਟੀ ਆਪਣਾ ਟਰਾਂਸਮੀਟਰ ਤੇ ਟੀ. ਵੀ. ਸੈਂਟਰ ਕਾਇਮ ਕਰਨ ਦੀ ਖੁੱਲ੍ਹ ਹੋਣ ਦੇ ਬਾਵਜੂਦ ਪ੍ਰਾਈਵੇਟ ਟੀ. ਵੀ. ਚੈਨਲਾਂ ਨੂੰ ਰਾਇਲਟੀ ਲੈ ਕੇ ਕੀਰਤਨ ਕਰਨ ਦੀ ਆਗਿਆ ਦੇ ਰਹੀ ਹੈ ।
ਸਿੱਖਾਂ ਨੇ 'ਧਰਮ ਯੁੱਧ ਮੋਰਚੇ' ਵਿੱਚ ਵੱਡੀ ਕੁਰਬਾਨੀ ਕੀਤੀ ਤੇ ਅਕਾਲੀਆਂ ਨੇ ਧ੍ਰੋਹ ਕਮਾਇਆ । ਸਰਕਾਰ ਨੇ ਸਿੱਖ ਕੌਮ 'ਤੇ ਰੱਜ ਕੇ ਕਹਿਰ ਕੀਤਾ ਤੇ ਵਿਰੋਧੀ ਪਾਰਟੀਆਂ ਨੇ ਮੂਕ ਦਰਸ਼ਕ ਬਣ ਕੇ ਸਰਕਾਰੀ ਜ਼ੁਲਮ ਨੂੰ ਤੱਕਿਆ ਤੇ ਹੋਰ ਜ਼ੁਲਮ ਕਰਨ ਲਈ ਸਰਕਾਰ ਨੂੰ ਉਤਸ਼ਾਹ ਦਿੱਤਾ । ਅਕਾਲੀ ਦਲ 'ਧਰਮ ਯੁੱਧ ਮੋਰਚੇ' ਤੋਂ ਸਦਾ ਲਈ ਤੋਬਾ ਕਰ ਗਿਆ ਅਤੇ ਅੱਗੇ ਤੋਂ ਕਦੇ ਵੀ ਕੋਈ ਮੋਰਚਾ ਨਾ ਲਾਉਣ ਦਾ ਐਲਾਨ ਕਰਕੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਲਿਆ । ਬਾਦਲ-ਬਰਨਾਲਾ ਦੀਆਂ ਤਿੰਨ ਸਰਕਾਰਾਂ ਬਣੀਆਂ, 'ਧਰਮ ਯੁੱਧ ਮੋਰਚੇ' ਦਾ ਪ੍ਰਮੁੱਖ ਬੁਲਾਰਾ ਅਖਵਾਉਂਦੇ ਰਾਮੂਵਾਲੀਏ ਸਮੇਤ ਕਈ ਅਕਾਲੀ ਮੰਤਰੀ ਕੇਂਦਰੀ ਮੰਤਰੀ ਬਣੇ, ਪਰ ਨਾ ਤਾਂ ਕਿਸੇ ਨੇ ਸੰਸਦ ਵਿੱਚ ਹੀ ਤੇ ਨਾ ਹੀ ਕਦੇ ਕਿਸੇ ਨੇ ਵਿਧਾਨ ਸਭਾ ਵਿੱਚ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਉਠਾਇਆ ਤੇ ਨਾ ਹੀ ੪੬ ਵਧੀਕੀਆਂ, ਹੱਕਾਂ ਤੇ ਮੰਗਾਂ ਦੇ ਕੇਂਦਰ ਨੂੰ ਸੌਂਪੇ ਚਾਰਟਰ ਨੂੰ ਹੀ ਕਦੀ ਮੁੱਦਾ ਬਣਾਇਆ ।
ਅਨੰਦਪੁਰ ਸਾਹਿਬ ਦੇ ਮਤੇ ਨੂੰ ਘੜਨ ਵਾਲੀ ਕਮੇਟੀ ਦਾ ਚੇਅਰਮੈਨ ਬਰਨਾਲਾ ਦੇਸ ਨੂੰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਸਹੀ ਰੂਪ ਵਿੱਚ ਸੰਘੀ ਢਾਚਾਂ ਬਣਾਉਣ ਲਈ ਕੋਈ ਅਵਾਜ਼ ਉਠਾਉਣ ਦੀ ਥਾਂ ਏਕਾਤਮਿਕ ਕੇਂਦਰੀ ਢਾਚੇ ਦਾ ਪੁਰਜਾ ਬਣ ਕੇ ਹੀ ਵੱਖ-ਵੱਖ ਸੂਬਿਆਂ ਦੀਆਂ ਰਾਜਪਾਲੀਆਂ ਹੰਡਾ ਰਿਹਾ ਹੈ । ਰਾਮੂਵਾਲੀਆ ਅਲੱਗ-ਥਲੱਗ ਹੋ ਕੇ ਕਦੇ ਕੁੜੀਆਂ ਨੂੰ ਸਹੁਰੇ ਵਸਾਉਣ ਤੇ ਕਦੇ ਵਿਦੇਸਾਂ 'ਚ ਫਸੇ ਨੌਜੁਆਨਾਂ ਨੂੰ ਛਡਾਉਣ ਦੇ ਫੋਕੇ ਦਮਗਜ਼ੇ ਮਾਰ ਕੇ ਦਾਲ ਫੁਲਕਾ ਚਲਾ ਰਿਹਾ ਹੈ । ਬਾਦਲ ਆਪਣੇ ਪਰਿਵਾਰ ਦੀ ਸਥਾਪਤੀ ਦੀ ਹੋੜ ਵਿੱਚ ਕੌਮ ਨੂੰ ਤੇ ਸਿੱਖ ਸੰਸਥਾਵਾਂ ਨੂੰ ਸੱਪ ਦਾ ਵਲੇਵਾਂ ਮਾਰ ਕੇ ਬੈਠਾ ਹੋਇਆ ਹੈ । ਜਿਹਨਾਂ ਮੁਦਿਆਂ ਲਈ ਧਰਮ ਯੁੱਧ ਮੋਰਚਾ ਲਾਇਆ ਸੀ, ਉਹਨਾਂ ਮੁਦਿਆਂ ਨੂੰ ਹੀ ਕੁਚਲ ਰਿਹਾ ਹੈ । ਤਲਵੰਡੀ ਸਮੇਤ ਸਾਰੇ ਅਕਾਲੀ ਆਗੂ ਬਾਦਲ ਦੇ ਕੁਹਾੜੇ ਦਾ ਡੰਡਾ ਬਣੇ ਹੋਏ ਹਨ । ਟੌਹੜਾ ਬਾਦਲ ਹੱਥੋਂ ਹੀ ਜਲੀਲ ਹੋ ਕੇ ਮੁੜ ਬਾਦਲ ਦੇ ਵਿਹੜੇ ਪੈ ਕੇ ਹੀ ਮਰਿਆ ਹੈ ।
ਧਰਮ ਯੁੱਧ ਮੋਰਚੇ ਦੌਰਾਨ ਸਿੱਖਾਂ 'ਤੇ ਢਾਹੇ ਜਾ ਰਹੇ ਜ਼ੁਲਮ ਨੂੰ ਬੰਦ ਕਰਨ ਦੀ ਜੋ ਗੱਲ ਹੁੰਦੀ ਸੀ, ਉਹ ਜ਼ੁਲਮ ਹੀ ਬਰਨਾਲੇ ਨੇ ਰਿਬੇਰੋ ਕੋਲੋਂ ਖ਼ੁਦ ਕਰਵਾਇਆ ਤੇ ਦਰਬਾਰ ਸਾਹਿਬ 'ਤੇ ਫ਼ੌਜ ਵੀ ਚੜ੍ਹਾਈ । ਬਾਦਲ ਦੀਆਂ ਦੋਹਾਂ ਸਰਕਾਰਾਂ ਵਿੱਚ ਹੀ ਜ਼ਾਲਮ ਰਾਜ ਦੌਰਾਨ ਪੈਦਾ ਹੋਇਆ ਪੁਲਿਸ ਸਭਿਆਚਾਰ ਜਿਉਂ ਦਾ ਤਿਉਂ ਕਾਇਮ ਰਿਹਾ ਹੈ ਤੇ ਬਾਦਲ ਨੇ ਨੌਜੁਆਨਾਂ ਨੂੰ ਮਾਰਨ ਦੇ ਦੋਸ਼ੀ ਅਫ਼ਸਰਾਂ ਦੇ ਬਚਾਅ ਲਈ ਕਨੂੰਨੀ ਸੈਲ ਵੀ ਕਾਇਮ ਕੀਤਾ ਹੈ । ਅੱਜ ਬਾਦਲ ਸਰਕਾਰ ਖ਼ੁਦ ਕੌਮ ਦੀ ਦੇਹਧਾਰੀ ਦੰਭ ਵਿਰੁੱਧ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਜੂਝ ਰਹੀ ਜੁਆਨੀ ਨੂੰ ਕੁੱਟ ਤੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਅਤੇ ਥਾਣਿਆਂ ਵਿੱਚ ਆਪਣੇ ਵਿਰੋਧੀਆਂ ਦੀਆਂ ਪੱਗਾਂ ਲੁਹਾ ਰਹੀ ਹੈ ਤੇ ਜਲੀਲ ਕਰਵਾ ਰਹੀ ਹੈ ।
ਸ਼ਰਬ ਹਿੰਦ ਗੁਰਦੁਆਰਾ ਐਕਟ ਬਣਾਉਣ ਦਾ ਅਨੰਦਪੁਰ ਸਾਹਿਬ ਦੇ ਮਤੇ ਦਾ ਮਤਾ ਅੱਜ ਮੂਲੋਂ ਹੀ ਭੁੱਲ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਤੜਵਾਉਣ ਦਾ ਮਹੌਲ ਸਿਰਜ ਦਿੱਤਾ ਗਿਆ ਹੈ । ਅਨੰਦਪੁਰ ਸਾਹਿਬ ਦੇ ਮਤੇ ਦੇ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਵਿਦਿਅਕ ਕਿਸੇ ਹਿੱਸੇ ਨੂੰ ਵੀ ਅਮਲੀ ਜਾਮਾ ਪਹਿਨਾਉਣ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਗਿਆ ਹੈ । ਧਾਰਮਿਕ ਖੇਤਰ ਜਿਸ ਵਿੱਚੋਂ ਬਹੁਤੀਆਂ ਮੱਦਾਂ ਨੂੰ ਖ਼ੁਦ ਲਾਗੂ ਕਰਨਾ ਸੀ, ਪਰ ਉਹ ਵੀ ਕਰਨ ਤੋਂ ਕਿਨਾਰਾਕਸ਼ੀ ਕੀਤੀ ਜਾ ਰਹੀ ਹੈ । ਮਤੇ ਦਾ ਸਿਧਾਂਤ ਗੁਰਮਤਿ ਦਾ ਪ੍ਰਚਾਰ, ਨਾਸਤਿਕਤਾ ਤੇ ਮਨਮਤ ਦਾ ਪ੍ਰਹਾਰ ਬਿਲਕੁਲ ਹੀ ਅੱਖੋਂ ਪਰੋਖੇ ਕਰ ਛੱਡਿਆ ਹੈ । ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਦੇ ਤਾਂ ਬੱਚੇ ਵੀ ਪਤਿਤ ਹਨ । ਨਾਸਤਿਕਤਾ ਅਤੇ ਮਨਮੱਤ ਨਾਲ ਜਾਰੀ ਪਾ ਲਈ ਗਈ ਹੈ ਅਤੇ ਦੇਹਧਾਰੀ ਦੰਭੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਗਈਆਂ ਹਨ । ਹੁਣ ਨੰਨੀ ਛਾਂ ਵੀਰ ਨੂੰ ਸਿਹਰਾ ਬੰਨ੍ਹੇਗੀ ਤੇ ਮਜੀਠੀਆ ਸਰਦਾਰ ਸਿਹਰਾ ਲਾ ਕੇ ਰਾਧਾ ਸੁਆਮੀਆਂ ਦੇ ਢੁੱਕੇਗਾ, ਵੱਡੇ 'ਤੇ ਛੋਟੇ ਬਾਦਲ ਸਾਹਿਬ ਜਾਂਝੀ ਬਣਨਗੇ ਤੇ ਦਰਬਾਰ ਸਾਹਿਬ ਦੇ ਮੁੱਖ ਗਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਵਾਂ ਪੜ੍ਹਨ, ਅਰਦਾਸ ਕਰਨ ਤੇ ਹੁਕਮ ਲੈਣ ਲਈ ਮਜਬੂਰ ਕਰਨ ਦਾ ਖਤਰਾ ਵੀ ਮੰਡਲਾ ਰਿਹਾ ਹੈ ਅਤੇ ਜਾਂ ਇਹਨਾਂ ਦੀ ਹਾਜ਼ਰੀ ਵਿੱਚ ਰਾਧਾ ਸੁਆਮੀ ਰਸਮ ਅਨੁਸਾਰ ਵਿਆਹ ਹੋਵੇਗਾ ।
ਕੰਗਾਲੀ ਭੁੱਖ ਨੰਗ ਤੇ ਥੁੜ੍ਹ ਨੂੰ ਦੂਰ ਕਰਕੇ ਗਰੀਬਾਂ ਦੀ ਹਾਲਤ ਸੁਧਾਰਨ ਦੀ ਥਾਂ, ਗਰੀਬਾਂ ਦਾ ਕਚੂੰਬਰ ਹੀ ਕੱਢ ਦਿੱਤਾ ਗਿਆ ਹੈ ਅਤੇ ਉਹਨਾਂ ਲਈ ਸਰਕਾਰੀ ਦਰਬਾਰ ਵਿੱਚ ਨੌਕਰੀ ਲਈ ਕੋਈ ਥਾਂ ਨਹੀਂ ਤੇ ਇਹ ਥਾਂ ਆਪਣੇ ਚਹੇਤਿਆਂ ਤੇ ਅਮੀਰਾਂ ਲਈ ਰਾਖਵੇਂ ਕਰ ਦਿੱਤੇ ਗਏ ਹਨ । ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣ ਤੇ ਮੌਜੂਦਾ ਕਾਣੀ ਵੰਡ ਤੇ ਲੁੱਟ-ਖਸੁੱਟ (ਐਕਸ-ਪਲਾਇਟੇਸ਼ਨ) ਨੂੰ ਦੂਰ ਕਰਨ ਦੀ ਥਾਂ ਅਨਿਆਂਕਾਰੀ ਨਿਜ਼ਾਮ ਕਾਇਮ ਕਰਕੇ ਲੋਕਾਂ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਗਿਆ ਹੈ । ਸਿੱਖ ਆਰਥਿਕ ਤੌਰ 'ਤੇ ਤਬਾਹ ਹੋ ਚੁੱਕੇ ਹਨ ਤੇ ਕਿਸਾਨ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਖ਼ੁਦਕਸ਼ੀ ਕਰੀ ਜਾ ਰਹੇ ਹਨ । ਅਮੀਰੀ ਗਰੀਬੀ ਦਾ ਪਾੜਾ ਵਧ ਗਿਆ ਹੈ ਅਤੇ ਅਕਾਲੀ ਦਲ ਜਗੀਰਦਾਰਾਂ, ਰਿਸ਼ਵਤਖੋਰਾਂ ਤੇ ਲੁੱਟ ਖਾਣਿਆਂ ਦੀ ਜਮਾਤ ਬਣਕੇ ਰਹਿ ਗਿਆ ਹੈ । ਬੇਰੁਜ਼ਗਾਰੀ ਹੱਦਾਂ ਪਾਰ ਕਰ ਗਈ ਹੈ ਅਤੇ ਵਿਦਿਆ ਦਾ ਬਿਉਪਾਰੀ ਕਰਨ ਹੋਣ ਕਾਰਨ ਪੇਂਡੂ ਬੱਚੇ ਅਨਪੜ੍ਹ ਰਹਿ ਗਏ ਹਨ । ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸੱਕੇ ਦੇ ਮਨੋਰਥ ਦੀ ਥਾਂ ਸਰਕਾਰ ਦੀ ਆਮਦਨ ਦਾ ਵੱਡਾ ਸਾਧਨ ਮੱਤ ਮਾਰਨ ਵਾਲੀ ਸ਼ਰਾਬ ਹੈ ਤੇ ਸਮੈਕ, ਹੀਰੋਇਨ, ਚਰਸ ਤੇ ਹੋਰ ਮਾਰੂ ਨਸ਼ਿਆਂ ਦਾ ਬਿਉਪਾਰ ਅਕਾਲੀ ਆਗੂਆਂ ਦੇ ਚਹੇਤਿਆਂ ਕੋਲ ਹੈ ਤੇ ਅਫ਼ੀਮ ਦੀ ਥਾਂ ਨਸ਼ੇ ਵਾਲੇ ਮਾਰੂ ਕੈਪਸੂਲਾਂ ਨੂੰ ਵੇਚਣ ਦਾ ਠੇਕਾ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਖੋਲ੍ਹ ਦਿੱਤਾ ਗਿਆ ਹੈ । ਕੌਮ ਦੀ ਜੁਆਨੀ ਨਸ਼ਿਆਂ ਵਿੱਚ ਗਰਕ ਕਰ ਦਿੱਤੀ ਗਈ ਹੈ ਤੇ ਪਤਿਤਪੁਣੇ ਦੇ ਕੋੜ ਦਾ ਸ਼ਿਕਾਰ ਬਣਾ ਦਿੱਤੀ ਗਈ ਹੈ ।
ਅਨੰਦਪੁਰ ਸਾਹਿਬ ਦਾ ਮਤਾ ਹੁਣ ਬੀਤੇ ਦੀ ਗੱਲ ਬਣ ਚੁੱਕਾ ਹੈ ਅਤੇ 'ਧਰਮ ਯੁੱਧ ਮੋਰਚੇ' ਤੋਂ ਤੋਬਾ ਕਰ ਲਈ ਗਈ ਹੈ । ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ ਮਤਾ ਵਿਸਾਰ ਕੇ ਗੁਰਦੁਆਰਿਆਂ ਨੂੰ ਤਾਂ ਕੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਤੇ ਵਿਲੱਖਣ ਹਸਤੀ 'ਤੇ ਵੀ ਹੱਥ ਠੋਕਾ ਜਥੇਦਾਰਾਂ ਰਾਹੀਂ ਗਲਬਾ ਪਾ ਲਿਆ ਗਿਆ ਹੈ । ਅਕਾਲ ਤਖ਼ਤ ਦੀ ਮਰਿਯਾਦਾ ਲਾਗੂ ਕਰਨ ਲਈ ਕੋਈ ਯਤਨ ਕਰਨ ਦੀ ਥਾਂ, ਤਖ਼ਤਾਂ ਦੀ ਹੋਂਦ ਹਸਤੀ ਤੇ ਮਾਣ-ਪ੍ਰਤਿਸ਼ਠਾ ਨੂੰ ਹੀ ਚਨੌਤੀ ਦੇਣ ਵਾਲੇ ਬੰਦੇ ਨੂੰ ਵੀ ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਬੈਠਾਇਆ ਜਾ ਰਿਹਾ ਹੈ ।
ਹਿੰਦ ਸਰਕਾਰ ਸਮਝ ਚੁੱਕੀ ਹੈ ਕਿ ਅਕਾਲੀ ਦਲ ਵਿੱਚ ਹੁਣ ਸਰਕਾਰ ਵਿਰੁੱਧ ਸਿੱਖਾਂ ਦੇ ਹੱਕਾਂ ਤੇ ਮੰਗਾਂ ਨੂੰ ਪ੍ਰਾਪਤ ਕਰਨ ਦੀ ਜੁਰਅਤ ਨਹੀਂ ਰਹੀ ਅਤੇ ਅਕਾਲੀ ਆਗੂ ਹੁਣ ਹਿੰਦੀ, ਹਿੰਦੂ, ਹਿੰਦੁਸਤਾਨ ਦੀ ਸਰਕਾਰੀ ਮਸ਼ੀਨ ਦਾ ਪੁਰਜਾ ਬਣ ਚੁੱਕੇ ਹਨ ਤੇ ਦੇਸ ਭਗਤੀ ਦੇ ਜਨੂੰਨ ਵਿੱਚ ਰੰਗੇ ਜਾ ਚੁੱਕੇ ਹਨ । ਹੁਣ ਸਰਕਾਰ ਵਿਰੁੱਧ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲਿਆਂ ਨੂੰ ਅੱਤਵਾਦੀ, ਵੱਖਵਾਦੀ ਤੇ ਵਿਦੇਸਾਂ ਦੇ ਏਜੰਟ ਕਹਿ ਕੇ ਬਦਨਾਮ ਕਰਨਾ ਸੌਖਾ ਹੋ ਗਿਆ ਹੈ ਤੇ ਅਕਾਲੀ ਸਰਕਾਰ ਹੱਥੋਂ ਹੀ ਕਟਾਉਣਾ, ਮਰਾਉਣਾ ਤੇ ਜਲੀਲ ਕਰਾਉਣਾ ਕੋਈ ਔਖੀ ਗੱਲ ਨਹੀਂ ਰਹੀ । ਸਿੱਖਾਂ ਦੀਆਂ ਬਹੁਤੀਆਂ ਸੰਸਥਾਵਾਂ ਆਪਣੇ ਆਪ ਹੀ ਸਰਕਾਰ ਦੇ ਪ੍ਰਭਾਵ ਹੇਠ ਆ ਗਈਆਂ ਹਨ ਤੇ ਉਹਨਾਂ ਵਿੱਚ ਹੁਣ ਸਿੱਖਾਂ ਦੀ ਆਜ਼ਾਦੀ ਦਾ ਜਜ਼ਬਾ ਭਰਨ ਦਾ ਦਮ ਨਹੀਂ ਰਿਹਾ । ਇਹ ਮਹੌਲ ਹਿੰਦ ਸਰਕਾਰ ਦੇ ਬਹੁਤ ਹੀ ਰਾਸ ਹੈ ਅਤੇ ਸਿੱਖ ਸਰਕਾਰ ਵਿਰੁੱਧ ਲੜਨ ਦੀ ਥਾਂ ਆਪਸ ਵਿੱਚ ਹੀ ਲੜ ਰਹੇ ਹਨ । ਸਿੱਖ ਕੌਮ ਦੀ ਚੜ੍ਹਦੀਕਲਾ, ਧਰਮ ਦੇ ਬੋਲਬਾਲੇ ਤੇ ਵੱਖਰੀ ਕੌਮੀ ਹਸੀਅਤ ਦੇ ਪ੍ਰਗਟਾਵੇ ਤੇ ਵੱਖਰੇ ਦੇਸ ਕਾਲ ਦੀ ਘਾੜਤ ਤੇ ਸਿੱਖਾਂ ਦੇ ਸ਼ਹਿਰੀ ਹੱਕਾਂ ਤੇ ਮਾਣ ਸਤਿਕਾਰ ਲਈ ਲਗਾਏ 'ਧਰਮ ਯੁੱਧ ਮੋਰਚੇ' ਦੇ ਅੱਜ ਵੱਡੇ ਦੁਸ਼ਮਣ, ਇਸ ਮੋਰਚੇ ਨੂੰ ਲਾਉਣ ਵਾਲੇ ਅਕਾਲੀ ਆਗੂ ਖ਼ੁਦ ਹੀ ਬਣ ਚੁੱਕੇ ਹਨ । ਪੰਥ ਦੇ ਵਾਲੀ ਦਸਮੇਸ਼ ਪਿਤਾ ਆਪਣੀ ਕੌਮ ਦੀ ਆਪ ਹੀ ਬਹੁੜੀ ਕਰਨ ।
(ਨਰਾਇਣ ਸਿੰਘ ੯੮੧੪੪-੯੯੦੫੪)
Views and opinion expressed in guest editorials/columns are of the author and do not necessarily reflect the view or opinion of Panthic.org or Khalsa Press.