
ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।
ਜਸਵੰਤ ਸਿੰਘ ਨੇ ਸਿੱਖ ਗੁਰੂਆਂ ਦੇ ਬਹੁਤ ਘੱਟ ਚਿੱਤਰ ਬਣਾਏ ਹਨ ਅਤੇ ਉਸ ਤੋਂ ਘੱਟ ਸੰਤਾਂ, ਭਗਤਾਂ ਅਤੇ ਸਿੱਖ ਯੋਧਿਆਂ ਦੇ।
ਸਿੱਖ ਇਤਿਹਾਸ ਵਿੱਚ ਭਾਈ ਜੈਤਾ ਦਾ ਵਿਸ਼ੇਸ਼ ਮਹੱਤਵ ਹੈ। ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਗੁਰੂ ਤੇਗ ਬਹਾਦਰ ਦਾ ਸੀਸ ਉਨ੍ਹਾਂ ਦੇ ਸਪੁੱਤਰ ਗੋਬਿੰਦ ਰਾਏ (ਸਿੰਘ) ਦੇ ਸਪੁਰਦ ਕਰਦਾ ਹੈ। ਦਿੱਲੀ ਤੋਂ ਆਨੰਦਪੁਰ ਤਕ ਦਾ ਸਫਰ ਉਹ ਆਪਣੇ ਤਿੰਨ ਸਾਥੀਆਂ ਭਾਈ ਆਗਿਆ, ਭਾਈ ਊਦਾ ਅਤੇ ਭਾਈ ਨਾਨੂੰ ਸਮੇਤ ਪੰਜ ਦਿਨਾਂ ਵਿੱਚ ਤੈਅ ਕਰਦਾ ਹੈ। ਉਸ ਵੇਲੇ ਇਹ ਅਲੋਕਾਰ ਘਟਨਾ ਸੀ
ਕਸ਼ਮੀਰੀ ਪੰਡਿਤਾਂ ਦੀ ਫਰਿਆਦ ਨੂੰ ਹਾਕਮ ਜਮਾਤ ਤਕ ਪੁੱਜਦੀ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੂੰ ਆਨੰਦਪੁਰ ਸਾਹਿਬ ਤੋਂ ਦਿੱਲੀ ਜਾਣਾ ਪਿਆ। ਉਨ੍ਹਾਂ ਨੇ ਮੁਗ਼ਲ ਹਕੂਮਤ ਵੱਲੋਂ 'ਧਰਮ ਪਰਿਵਰਤਨ ਦੀ ਸਲਾਹ' ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ। ਫਲਸਰੂਪ ਪਹਿਲਾਂ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਤਿੰਨ ਸਿੱਖਾਂ ਭਾਈ ਮਤੀ ਦਾਸ (ਆਰੇ ਨਾਲ ਚੀਰ ਕੇ), ਭਾਈ ਦਿਆਲਾ (ਉਬਲਦੀ ਦੇਗ ਵਿੱਚ ਬਿਠਾ ਕੇ) ਤੇ ਭਾਈ ਮਤੀ ਦਾਸ (ਰੂੰ ਵਿੱਚ ਲਪੇਟ ਕੇ ਅੱਗ ਲਾ ਕੇ) ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਹਜੂਮ ਸਾਹਮਣੇ ਜੱਲਾਦ ਵੱਲੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਵਖ ਕਰ ਦਿੱਤਾ ਗਿਆ। ਤਸੀਹੇ ਦੇ ਕੇ ਖ਼ਤਮ ਕੀਤੀਆਂ ਦੇਹਾਂ ਨੂੰ ਧੂੜ ਮਿੱਟੀ ਵਿੱਚ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਸਿੱਖਾਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਪੂਰੇ ਕਰਨ ਦੀ ਇਜਾਜਤ ਵੀ ਨਹੀਂ ਮਿਲਦੀ।
ਇਤਿਹਾਸ ਮੁਤਾਬਿਕ ਜਾਮਾ ਮਸਜਿਦ ਲਾਗੇ ਕੂਚਾ ਦਿਲਵਾਲੀ ਦੇ ਇੱਕ ਘਰ ਅੰਦਰ ਕੁਝ ਕੁ ਸਿੱਖ ਮਿਲਦੇ ਹਨ। ਵਿਚਾਰ ਵਟਾਂਦਰੇ ਤੋਂ ਬਾਅਦ ਭਾਈ ਜੈਤਾ, ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਜਾਣ ਲਈ ਤਿਆਰ ਹੁੰਦਾ ਹੈ। ਤਿੰਨ ਹੋਰ ਸਿੱਖ ਔਖੇ ਵੇਲੇ ਇਮਦਾਦ ਦੇਣ ਅਤੇ ਆਲੇ ਦੁਆਲੇ
ਦੀ ਨਕਲੋਂ ਹਰਕਤ ਉਪਰ ਅੱਖ ਰੱਖਣ ਲਈ ਭਾਈ ਜੈਤਾ ਦੇ ਨਾਲ ਹੋ ਤੁਰਦੇ ਹਨ। ਗੁਰੂ ਜੀ ਦਾ ਧੜ ਲੱਖੀ ਸ਼ਾਹ ਵਣਜਾਰਾ ਆਪਣੇ ਗੱਡਿਆਂ ਦੇ ਸਾਮਾਨ ਵਿੱਚ ਲੁਕੋ ਕੇ ਰਾਏਸਿਨਾ ਪਹਾੜ ਵੱਲ ਤੁਰ ਪੈਂਦਾ ਹੈ। ਸਮੁੱਚੀ ਵਿਉਂਤਬੰਦੀ ਨੂੰ ਕੁਦਰਤ ਦਾ ਅਹਿਮ ਸਾਥ ਮਿਲਿਆ।
ਬਾਲ ਗੋਬਿੰਦ ਰਾਏ (ਸਿੰਘ) ਦੇ ਦਰਬਾਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੰਦੇ ਹੋਏ ਕੁਝ ਚਿੱਤਰ ਵੇਖਣ ਨੂੰ ਮਿਲਦੇ ਹਨ, ਪਰ ਪੇਂਟਰ ਜਸਵੰਤ ਸਿੰਘ ਦੀ ਕਿਰਤ ਸਾਰਿਆਂ ਤੋਂ ਅੱਛਰੀ ਹੈ। ਇਹ ਸੰਘਰਸ਼ ਉਪਰੰਤ ਮੰਜਿਲ ਪ੍ਰਾਪਤੀ ਦਾ ਦ੍ਰਿਸ਼ ਨਹੀਂ ਦਿਖਾਉਂਦੀ ਸਗੋਂ ਸੰਘਰਸ਼ਰਤ ਭਾਈ ਜੈਤਾ ਦੇ ਕਰਮ ਨੂੰ ਦਿਖਾਉਂਦੀ ਹੈ। ਇਹ ਚਿੱਤਰ ਸੰਦੇਸ਼ ਦਿੰਦਾ ਹੈ ਕਿ ਜੇ ਗੁਰੂ ਦੀਨ, ਈਮਾਨ, ਮਜ਼ਲੂਮ ਵਾਸਤੇ ਆਪਣਾ ਸੀਸ ਦੇ ਸਕਦਾ ਹੈ ਤਾਂ ਗੁਰੂ ਦਾ ਸਿੱਖ ਵੀ ਮੌਤ ਦੇ ਭੈਅ ਤੋਂ ਬਿਨਾਂ ਆਪਣੀ ਜਾਨ ਵਾਰਨ ਤੋਂ ਪਿਛਾਹ ਨਹੀਂ ਹਟਦਾ।
ਜਸਵੰਤ ਸਿੰਘ ਦੇ ਚਿੱਤਰ ਮੁਤਾਬਿਕ ਦੁਖਦਾਈ ਘਟਨਾ ਵਾਪਰ ਚੁੱਕੀ ਹੈ। ਉਸ ਦੀ ਤਰਾਸਦੀ ਦੀ ਨਿਸ਼ਾਨੀ ਅਤੇ ਖ਼ਬਰ ਭਾਈ ਜੈਤਾ ਪਾਸ ਹੈ ਜੋ ਗੋਬਿੰਦ ਰਾਏ (ਸਿੰਘ) ਤਕ ਅੱਪੜਦੀ ਕਰਨੀ ਹੈ। ਆਪਣੀ ਮੰਜਿਲ ਤਕ ਪਹੁੰਚਣ ਦੌਰਾਨ ਉਸ ਨੂੰ ਕਈ ਬਿਖੜੇ ਰਾਹੋਂ ਗੁਜਰਨਾ ਪਿਆ। ਚਿੱਤਰ ਵਿੱਚ ਭਾਈ ਜੈਤਾ ਨੂੰ ਆਪਣੇ ਸਾਥੀਆਂ ਸਮੇਤ ਅੰਬਾਲੇ ਭੂ ਖੇਤਰ ਵਿੱਚ ਵਗਦੀ ਟਾਂਗਰੀ ਨਦੀ ਪਾਰ ਕਰਦਿਆ ਦਿਖਾਇਆ ਹੈ।
ਪੂਰੇ ਕੈਨਵਾਸ ਉਪਰ ਕੇਂਦਰੀ ਕਿਰਦਾਰ 'ਭਾਰੂ' ਪੈ ਰਿਹਾ ਹੈ। ਖੱਬੇ ਤੋਂ ਸੱਜੇ ਵੱਲ ਤੁਰਦੀ ਨਿਗ੍ਹਾ ਨੂੰ ਭਾਈ ਜੈਤਾ ਹੀ ਦਿਖਦਾ ਹੈ। ਮੂਲ ਤਿੰਨ ਵਸਤਾਂ ਹਨ ਉਸ ਦਾ ਚਹਿਰਾ, ਪਹਿਨੇ ਹੋਏ ਵਸਤਰ ਅਤੇ ਆਪਣੇ ਖੱਬੇ ਹੱਥ ਵਿੱਚ ਕਸ ਕੇ ਫੜੀ ਹੋਈ ਗੁਰੂ ਦੇ ਸੀਸ ਵਾਲੀ ਗਠੜੀ। ਨਦੀ ਦੀ ਜਲਧਾਰਾ ਨੂੰ ਚੀਰ ਕੇ ਸਿੱਖ ਅੱਗੇ ਵੱਲ ਨੂੰ ਵਧ ਰਹੇ ਹਨ। ਦ੍ਰਿਸ਼ ਤੋਂ ਗਿਆਤ ਹੁੰਦਾ ਹੈ ਕਿ ਟੋਹੀਏ ਸੂਹੀਏ ਮੁਗ਼ਲ ਸਿਪਾਹੀ ਵੀ ਇੰਨ੍ਹਾਂ ਦੇ ਨਾਲ ਨਾਲ ਹਨ। ਦੋ ਵਿਰੋਧੀ ਧਿਰਾਂ ਦਾ ਇੱਕੋ ਥਾਂ 'ਤੇ ਪੇਸ਼ ਹੋਣਾ ਦਰਸ਼ਕ ਮਨ ਵਿੱਚ ਕੋਤੂਹਲ ਪੈਦਾ ਕਰਦਾ ਹੈ।
ਜਸਵੰਤ ਸਿੰਘ ਨੇ ਭਾਈ ਜੈਤਾ ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਉਲੀਕਿਆ ਹੈ ਜੋ ਚਿਹਰੇ, ਸਰੀਰ ਦੀ ਸੰਰਚਨਾ ਅਤੇ ਪਹਿਨੇ ਹੋਏ ਵਸਤਰਾਂ ਤੋਂ ਯਕਦਮ ਸਪੱਸ਼ਟ ਹੋ ਜਾਂਦਾ ਹੈ। ਭਰਵਾਂ ਜਵਾਨ ਚਿਹਰਾ ਜਿਸ ਦੇ ਸਿਰ ਨੀਲੀ ਪੱਗ ਹੈ। ਚਿਹਰੇ ਦੀ ਸਿਆਹ ਦਾੜ੍ਹੀ ਹਵਾ ਦੇ ਤੇਜ਼ ਵਹਾਅ ਕਾਰਨ ਪਿਛਾਂਹ ਵੱਲ ਉੱਡ ਰਹੀ ਹੈ। ਹਵਾ ਦੇ ਵਹਾਅ ਦੀ ਗਤੀ ਦਾ ਅਸਰ ਭਾਈ ਜੈਤਾ ਦੇ ਵਸਤਰਾਂ ਉਪਰ ਵੀ ਪੈ ਰਿਹਾ ਹੈ, ਤੈਰਾਕ ਦਰਿਆ ਦੇ ਵੇਗ ਅਤੇ ਪਵਨ ਚਾਲ ਨੂੰ ਇੱਕੋ ਵੇਲੇ ਸਹਿੰਦਿਆਂ ਅੱਗੇ ਵਧ ਰਹੇ ਹਨ। ਅਚੇਤ ਹੋਣ ਵਾਲੇ ਦੁਸ਼ਮਣ ਦੇ ਹਮਲੇ ਦਾ ਭੈਅ ਅਤੇ ਮਿਥੀ ਮੰਜਿਲ ਤਕ ਪਹੁੰਚਣ ਜਾਂ ਨਾ ਪਹੁੰਚਣ ਦੀ ਸੋਚ ਭਾਈ ਜੈਤਾ ਦੇ ਚਿਹਰੇ ਉਪਰ ਰੱਤੀ ਭਰ ਵੀ ਆਪਣਾ ਪ੍ਰਤੀਬਿੰਬ ਨਹੀਂ ਛੱਡ ਰਹੀ। ਚਿਹਰੇ ਦਾ ਭਾਵ ਸ਼ਾਂਤ ਹੈ। ਪਲਕਾਂ ਦਾ ਆਮ ਨਾਲੋਂ ਰਤਾ ਕੁ ਜਿਆਦਾ ਨੂਟਿਆ ਹੋਣਾ ਦੱਸਦਾ ਹੈ ਤੈਰਾਕ ਜਿਵੇਂ ਸਾਹਮਣੇ ਦਿਸਦੇ ਨਦੀ ਦੇ ਕਿਨਾਰੇ ਦੀ ਦੂਰੀ ਦਾ ਮਨ ਹੀ ਮਨ ਅਨੁਮਾਨ ਲਾ ਰਿਹਾ ਹੈ।
ਚਿਤੇਰੇ ਨੇ ਭਾਈ ਜੈਤੇ ਦਾ ਸਰੀਰ ਭਾਰਾ ਤੇ ਗੋਰਾ ਚਿਤਰਿਆ ਹੈ। ਜਿਸ ਤਰ੍ਹਾਂ ਦਾ ਚੌਤਰਫ਼ਾ ਮਾਹੌਲ ਹੈ, ਜਿਵੇਂ ਦਾ ਜੋਖ਼ਮ ਲੈ ਕੇ ਮਿਥੇ ਕੰਮ ਨੂੰ ਸਿਰੇ ਚਾੜ੍ਹਨਾ ਹੈ, ਉਸ ਵਾਸਤੇ ਤਾਕਤਵਰ ਜੁੱਸੇ ਦੀ ਲੋੜ ਹੈ। ਚਿੱਤਰ ਦੁਆਰਾ ਸਰੀਰਕ ਕਿਰਿਆ ਦਾ ਉੱਭਰਦਾ ਬਿੰਬ ਦੱਸਦਾ ਹੈ ਹੈ ਕਿ ਤੈਰਾਕ ਚੁਸਤ-ਦਰੁਸਤ ਹੈ ਤੇ ਭੀੜ ਵੇਲੇ ਈਨ ਮੰਨਣ ਵਾਲਾ ਵੀ ਨਹੀਂ ਹੈ।
ਮਰਜੀਵੜੇ ਦੇ ਵਸਤਰ ਲੋੜ ਅਨੁਸਾਰ ਨਾ ਘੱਟ ਹਨ, ਨਾ ਵੱਧ, ਪਰ ਇੰਨਾ ਕੁ ਸਪਸ਼ਟ ਹੈ ਕਿ ਉਸ ਦੇ ਜੁੱਸੇ ਨੂੰ ਵਿਸਥਾਰਦੇ ਜਰੂਰ ਹਨ। ਵੱਖ-ਵੱਖ ਰੰਗਾਂ ਦੇ ਵਸਤਰ ਚਿੱਤਰ ਦੇ ਸਜਾਵਟੀ ਪੱਖ ਨੂੰ ਉਭਾਰਨ ਤੋਂ ਇਲਾਵਾ ਕੁਝ ਕੁ ਲੋੜੀਦੇ ਅਰਥ ਸੰਚਾਰ ਰਹੇ ਹਨ। ਸਰੀਰ ਦੀ ਗਤੀ ਕਰਕੇ ਅਤੇ ਚੱਲ ਰਹੀ ਪੌਣ ਦੇ ਮੇਲ ਨਾਲ ਵਸਤਰਾਂ ਵਿੱਚ ਵਧੇਰੇ ਹਰਕਤ ਦਿਖਦੀ ਹੈ।
ਉਦੇਸ਼ਪੂਰਨ ਦਿਸ਼ਾ ਕਿਧਰ ਹੈ, ਇਸ ਦਾ ਨਿਰਣਾ ਅਤੇ ਅਗਵਾਈ ਕੇਂਦਰੀ ਇਕਾਈ ਨਿਰਧਾਰਤ ਕਰ ਰਹੀ ਹੈ। ਇਸ ਦੇ ਸਿਰ ਤੋਂ ਉਪਰਲੇ ਪਾਸੇ ਵੱਲ ਭਾਈ ਜੈਤਾ ਦਾ ਸਾਥ ਦੇ ਰਹੇ ਸਿੱਖਾਂ ਦੀਆਂ ਤਸਵੀਰਾਂ ਹਨ। ਸੱਜੇ ਪਾਸੇ ਦੇ ਉਪਰਲੇ ਹਿੱਸੇ ਹਥਿਆਰਬੰਦ ਮੁਗ਼ਲ ਸਿਪਾਹੀਆਂ ਦਾ ਗਰੋਹ ਹੈ ਜਿਨ੍ਹਾਂ ਦੇ ਚਿਹਰੇ ਸ਼ਾਂਤ ਭਾਵੀਂ ਨਹੀਂ ਦਿੱਸ ਰਹੇ। ਲੱਗਦਾ ਹੈ ਇਹ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਹਨ। ਇਉਂ ਭਾਈ ਜੈਤਾ ਅਤੇ ਸਾਥੀ, ਮੁਗ਼ਲ ਸਿਪਾਹੀਆਂ ਦੀ ਆਸ-ਪਾਸ ਮੌਜੂਦਗੀ ਦੇ ਬਾਵਜੂਦ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ।
ਇਸ ਪੇਂਟਿੰਗ ਵਿੱਚ ਭਾਈ ਜੈਤਾ ਦੇ ਵਸਤਰਾਂ ਦੇ ਰੰਗ ਇੱਕ ਨਹੀਂ ਸਗੋਂ ਵੱਖ-ਵੱਖ ਹਨ। ਸਿਰ ਪੱਗ ਨੀਲੀ, ਚੋਲਾ ਲਾਲ, ਕਮਰਕੱਸਾ ਨੀਲਾ ਅਤੇ ਜਿਸ ਕੱਪੜੇ ਵਿੱਚ ਗੁਰੂ ਦਾ ਸੀਸ ਹੈ, ਉਹ ਕੇਸਰੀ ਹੈ। ਮੋਢਿਆਂ ਉਪਰ ਸਫ਼ੈਦ ਚਾਦਰ ਹੈ ਜੋ ਹਵਾ ਦੇ ਵਹਾਅ ਸਦਕਾ ਪਿੱਛੇ ਨੂੰ ਲਹਿਰਾ ਰਹੀ ਹੈ।
ਕੀ ਵਸਤਰਾਂ ਦੇ ਰੰਗ ਸਿਰਫ਼ ਸੰਜੋਗ ਮਾਤਰ ਹਨ? ਇਨ੍ਹਾਂ ਦਾ ਕੋਈ ਹੋਰ ਅਰਥ ਨਹੀਂ ਹੈ? ਇਹ ਮੰਨਿਆ ਵੀ ਜਾ ਸਕਦਾ ਹੈ ਤੇ ਨਹੀਂ ਵੀ। ਜਿਸ ਪ੍ਰਸਥਿਤੀ ਵਿੱਚ ਮੂਲ ਇਕਾਈ ਸੰਘਰਸ਼ਰਤ ਹੈ, ਉਸ ਦੇ ਸਮੁੱਚੇ ਕਾਰਜ ਨੂੰ ਰੰਗ ਤੀਬਰਤਾ ਪ੍ਰਦਾਨ ਕਰਦੇ ਹਨ। ਉਹ ਲੋੜੀਂਦਾ ਵਾਤਾਵਰਨ ਸਿਰਜਣ ਤੋਂ ਇਲਾਵਾ ਕਿਰਦਾਰ ਦੇ ਮਨੋਭਾਵਾਂ ਨੂੰ ਉਜਾਗਰ ਵੀ ਕਰਦੇ ਹਨ।
ਨਿਸਚਿਤ ਰੂਪ ਵਿੱਚ ਚਿੱਤਰਕਾਰ ਜਸਵੰਤ ਸਿੰਘ ਨੇ ਰੰਗ ਚੋਣ ਵੇਲੇ ਰੰਗਾਂ ਦੇ ਸੰਦਰਭਾਂ ਨੂੰ ਧਿਆਨ ਵਿੱਚ ਰੱਖਿਆ ਹੈ। ਨੀਲਾ ਰੰਗ ਭਰਪੂਰਤਾ ਦੀ ਨਿਸ਼ਾਨੀ ਹੈ। ਇਸ ਅਸੀਸ ਵੱਲ ਸੰਕੇਤ ਕਰਦਾ ਹੈ ਜਿਵੇਂ ਆਸਮਾਨ ਜਾਂ ਸਾਗਰ। ਇਹ ਤਾਕਤ, ਪੁਰਸ਼ਤਵ ਦਾ ਲਖਾਇਕ ਹੈ। ਮਨ ਵਿੱਚ ਕਿਸੇ ਉਦੇਸ਼ ਨੂੰ ਸਾਹਮਣੇ ਰੱਖ ਕੇ ਉਸ ਲਈ ਲੜ ਮਰਨ ਦੀ ਇੱਛਾ ਲੈ ਕੇ ਨਿਕਲ ਪੈਣ ਵੱਲ ਵੀ ਇਹ ਸੈਨਤ ਕਰਦਾ ਹੈ। ਭਾਈ ਜੈਤਾ ਜੋ ਕਰਮ ਕਰ ਰਿਹਾ ਹੈ, ਇਹ ਰੰਗ ਉਸ ਨਾਲ ਮੇਲ ਖਾਂਦਾ ਹੈ।
ਲਾਲ ਰੰਗਾ ਚੋਲਾ ਸਿਰਫ ਚੋਲਾ ਨਹੀਂ, ਕੁਝ ਹੋਰ ਵੀ ਹੈ... ਭਾਈ ਜੈਤਾ ਵੱਲੋਂ ਗੁਰੂ ਦਾ ਸੀਸ ਸਾਂਭ ਕੇ ਬਾਲ ਗੋਬਿੰਦ ਰਾਏ (ਸਿੰਘ) ਤਕ ਪਹੁੰਚਾਉਣ ਦੀ ਯਾਤਰਾ ਇਸੇ ਵਰਗ ਵਿੱਚ ਰੱਖੀ ਜਾ ਸਕਦੀ ਹੈ। ...ਚਿੱਤਰ ਸੰਦਰਭ ਅਨੁਸਾਰ ਮੁਗ਼ਲ ਸਿਪਾਹੀ ਆਸ-ਪਾਸ ਘੁੰਮਦੇ ਦਿੱਸਦੇ ਰਹੇ, ਪਰ ਸਿੱਖ ਹਮੇਸ਼ਾਂ ਬਚ ਕੇ ਨਿਕਲਦੇ ਰਹੇ।
ਕੇਸਰੀ ਰੰਗ ਦਾ ਜੋੜ ਅੱਗ ਨਾਲ ਕੀਤਾ ਜਾਂਦਾ ਹੈ। ਅੱਗ ਵਿੱਚ ਤਾਪ ਹੈ, ਵਸਤੂ ਨੂੰ ਸਾੜ ਕੇ ਸੁਆਹ ਅਤੇ ਨਿਖਾਰਨ ਦਾ ਗੁਣ ਹੈ। ਗੁਰੂ ਤੇਗ ਬਹਾਦਰ ਜੀ ਦਾ ਸੀਸ ਕੇਸਰੀ ਕੱਪੜੇ ਵਿੱਚ ਲਿਪਟਿਆ ਹੋਇਆ ਹੈ। ਭੋਤਿਕ ਤੌਰ 'ਤੇ ਗੁਰੂ ਜੀ ਭਾਵੇਂ ਸ਼ਹੀਦ ਹੋ ਗਏ ਹਨ, ਪਰ ਉਨ੍ਹਾਂ ਦੇ ੁਵਿਚਾਰਾਂ ਨੂੰ ਹਕੂਮਤ ਦਬਾ ਨਾ ਸਕੀ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਨਾਨਕ ਨਾਮਲੇਵਾ ਸੰਗਤ ਨੂੰ ਦੂਜੀ ਵਾਰ ਆਪਣੇ ਗੁਰੂ ਨੂੰ ਸ਼ਹੀਦ ਹੁੰਦਿਆਂ ਦੇਖਣਾ ਪਿਆ। ਗੁਰੂ ਤੇਗ ਬਹਾਦਰ ਜੀ ਦੀ 'ਕਿਰਿਆ' ਨੇ ਸਿੱਖ ਸਮਾਜ ਨੂੰ ਨਵੀਂ ਜੱਦੋਂ-ਜਹਿਦ ਵੱਲ ਧੱਕ ਦਿੱਤਾ। ਇਸੇ ਦੌਰ ਨੇ ਉਸ ਨੂੰ ਨਿਖਾਰਨਾ ਤੇ ਮਜ਼ਬੂਤ ਕਰਨਾ ਸੀ। ਅਧਿਆਤਮ ਪਰੰਪਰਾ ਅਨੁਰੂਪ ਇਸ ਰੰਗ ਨੂੰ ਖੋਜ ਨਾਲ ਵੀ ਜੋੜਿਆ ਜਾਂਦਾ ਹੈ।
ਗੁਰੂ ਸਾਹਿਬ ਦਾ ਸੀਸ ਲਿਜਾ ਰਿਹਾ ਸਿੱਖ ਵਿਚਰਦੇ ਸੰਸਾਰ ਵਿੱਚ ਜਿਵੇਂ ਗੁਰੂ ਸਿੱਖ ਦੇ ਆਪਸੀ ਰਿਸ਼ਤੇ ਦੀ ਨਵੀਂ ਲੀਕ ਖਿੱਚ ਰਿਹਾ ਹੈ। ਇਨ੍ਹਾਂ ਸਭ ਰੰਗਾਂ ਤੋਂ ਉਪਰ ਸਫ਼ੈਦ ਰੰਗ ਦੀ ਸਰਦਾਰੀ ਹੈ। ਵਿਗਿਆਨ ਅਨੁਸਾਰ ਸਫ਼ੈਦ ਦੀ ਆਪਣੀ ਕੋਈ ਹੋਂਦ ਨਹੀਂ, ਇਹ ਤਾਂ ਸਭ ਰੰਗਾਂ ਦਾ ਆਪਸੀ ਸੁਮੇਲ ਹੈ। ਇਸ ਵਿਚਾਰ ਮੁਤਾਬਿਕ ਇਸ ਵਿੱਚ ਸਭ ਰੰਗਾਂ ਦੇ ਗੁਣ ਲੱਛਣ ਮੌਜੂਦ ਹਨ। ਸਭ ਰੰਗਾਂ ਦੇ ਭਾਵ-ਪ੍ਰਭਾਵ ਇਸੇ ਇੱਕੋ ਰੰਗ ਵਿੱਚ ਸਮਾਏ ਹਨ।
ਚਿੱਤਰ ਦ੍ਰਿਸ਼ ਵਿੱਚ ਨਦੀ ਦੇ ਜਲ ਦੀ ਗਤੀ ਅਤੇ ਉਸ ਦੇ ਨੇੜੇ ਦੂਰ ਦੇ ਪ੍ਰਭਾਵ ਨੂੰ ਦਿਖਾਉਣ ਲਈ ਕਈ ਰੰਗਾਂ ਦੀਆਂ ਹਲਕੀਆਂ ਟੋਨਜ਼ ਦਾ ਸਹਾਰਾ ਲਿਆ ਗਿਆ ਹੈ, ਪਰ ਅਨੁਪਾਤ ਪੱਖੋਂ ਸਫ਼ੈਦ ਦੀ ਮਾਤਰਾ ਵੱਧ ਹੈ।
ਭਾਈ ਜੈਤਾ ਵੱਲੋਂ ਆਪਣੇ ਮੋਢਿਆਂ ਉੱਪਰ ਲਈ ਸਫ਼ੈਦ ਚਾਦਰ ਦਾ ਪਾਸਾਰ ਐਨ ਖੱਬਿਓਂ ਸ਼ੁਰੂ ਹੋ ਕੇ ਸੱਜੇ ਤਕ ਨੂੰ ਹੈ ਸਗੋਂ ਇਹ ਕੈਨਵਸ ਦੇ ਬਾਹਰ ਨਿਕਲ ਜਾਂਦਾ ਹੈ। ਲੱਗਦਾ ਹੈ ਜਿਵੇਂ ਇੱਕ ਨਦੀ (ਟਾਂਗਰੀ ਨਦੀ) ਦੇ ਵਹਾਅ ਉਪਰੋਂ ਇੱਕ ਹੋਰ ਨਦੀ (ਮੋਢਿਆਂ 'ਤੇ ਲਈ ਚਾਦਰ) ਵਗ ਰਹੀ ਹੈ। ਇੱਕ ਨਦੀ ਦਾ ਵਹਾਅ ਸਥਾਈ ਹੈ ਜਦੋਂਕਿ ਦੂਜੀ ਦਾ ਅਸਥਾਈ, ਪਰ ਇਸੇ ਨੇ ਦ੍ਰਿਸ਼ ਨੂੰ ਸਜੀਵ ਬਣਾਇਆ ਹੈ।
ਇਸ ਵਿਸ਼ਲੇਸ਼ਣ 'ਤੇ ਸ਼ੱਕ ਵੀ ਹੋ ਸਕਦਾ ਹੈ ਕਿਉਂਕਿ ਜਿਵੇਂ ਦੇ ਰੰਗਾਂ ਵਾਲੇ ਵਸਤਰ ਸਿੱਖਾਂ ਨੇ ਧਾਰਨ ਕੀਤੇ ਹਨ, ਬਿਲਕੁਲ ਉਨ੍ਹਾਂ ਰੰਗਾਂ ਦੇ ਵਸਤਰ ਮੁਗ਼ਲ ਸਿਪਾਹੀਆਂ ਦੇ ਹਨ। ਸਿੱਖਾਂ ਬਾਬਤ ਕਹੇ ਗਏ ਗੁਣ-ਲੱਛਣ ਹੀ ਮੁਗ਼ਲ ਸਿਪਾਹੀਆਂ ਉਪਰ ਵੀ ਲਾਗੂ ਹੁੰਦੇ ਹਨ।
ਜੇ ਭਾਈ ਜੈਤਾ ਦੇ ਸਿਰ ਨੀਲੀ ਪੱਗ ਹੈ ਤਾਂ ਇਸੇ ਰੰਗ ਦੇ ਚੋਗੇ ਮੁਗ਼ਲ ਸਿਪਾਹੀਆਂ ਦੇ ਹਨ। ਇਨ੍ਹਾਂ ਨੇ ਆਪਣੇ ਸਿਰਾਂ ਦੁਆਲੇ ਲਾਲ, ਕੇਸਰੀ ਰੰਗ ਦੇ ਕੱਪੜੇ ਵਲੇਟੇ ਹੋਏ ਹਨ। ਕੀ ਇਸ ਗੁੰਝਲ ਦਾ ਉੱਤਰ ਵੀ ਇਸੇ ਚਿੱਤਰ ਵਿੱਚ ਮੌਜੂਦ ਹੈ। ਇਹ ਰਚਨਾ ਇਤਿਹਾਸ ਦੀ ਘਟਨਾ ਦੀ ਬਿਰਤਾਂਤਕ ਪੇਸ਼ਕਾਰੀ ਹੈ। ਪੇਸ਼ ਹੋਏ ਚਰਿੱਤਰ ਸਮ ਬਿਰਤੀ ਦੇ ਨਹੀਂ, ਉਹ ਇੱਕੋ ਫ਼ਿਰਕੇ ਦੇ ਵੀ ਨਹੀਂ। ਇੱਕ ਧਿਰ ਹਾਕਮ ਹੈ ਤੇ ਦੂਜੀ ਮਜ਼ਲੂਮ। ਹਾਕਮ ਜਮਾਤ ਆਪਣੇ ਅਧੀਨ ਖੇਤਰ ਦੀ ਪਰਜਾ ਨੂੰ ਈਨ ਮੰਨਣ ਜ਼ੋਰ ਪਾ ਰਹੀ ਹੈ। ਇੱਕ ਪਾਸ ਸੱਤਾ ਦੀ ਤਾਕਤ ਹੈ, ਦੂਜੇ ਕੋਲ ਵਿਰੋਧ ਕਰਨ ਦੀ ਊਰਜਾ ਹੈ ਜਿਸ ਨੂੰ ਉਹ ਵਰ੍ਹਿਆਂ ਤੋਂ ਅਰਜਿਤ ਕਰਦੀ ਆ ਰਹੀ ਹੈ। ਤਾਕਤ ਅਤੇ ਉਦੇਸ਼ (ਆਪੋ-ਆਪਣੀ ਤਰ੍ਹਾਂ ਦੀ) ਦੋਵਾਂ ਪਾਸ ਹੈ। ਫ਼ਰਕ ਬਸ ਇੰਨਾ ਹੈ ਕਿ ਇੱਕ ਧਿਰ ਆਪਣੀ ਜੀਵਨ ਵਿਧੀ ਦੂਜੇ ੳੱਪਰ ਥੋਪਣਾ ਚਾਹੁੰਦੀ ਹੈ ਜਦੋਂਕਿ ਦੂਜੀ ਧਿਰ ਆਪਣੀ ਇੱਛਾ ਮੁਤਾਬਿਕ ਆਪਣੀਆਂ ਸ਼ਰਤਾਂ 'ਤੇ ਆਪਣੀ ਜ਼ਿੰਦਗੀ ਜਿਊਣਾ ਚਾਹੁੰਦੀ ਹੈ। ਰੰਗ ਦੋਵਾਂ ਵਾਸਤੇ ਇੱਕੋ ਜਿਹੇ ਹਨ, ਪਰ ਉਦੇਸ਼ ਪ੍ਰਾਪਤੀ ਦੇ ਰਾਹ ਵੱਖੋ-ਵੱਖਰੇ ਹਨ। ਇੱਕ ਰੰਗ ਜਿਹੜਾ ਮੁਗ਼ਲ ਸਿਪਾਹੀਆਂ ਹਿੱਸੇ ਨਹੀਂ ਆਇਆ, ਉਹ ਸਫ਼ੈਦ ਹੈ ਭਾਵ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਹਾਰ ਵਿੱਚ ਕਿਸੇ ਪੱਖੋਂ ਵੀ ਪਾਕੀਜ਼ਗੀ ਨਹੀਂ।
ਜਸਵੰਤ ਸਿੰਘ ਨੇ ਭਾਈ ਜੈਤਾ ਦਾ ਸੱਜਾ ਹੱਥ ਪੂਰਾ ਨਹੀਂ ਚਿਤਰਿਆ। ਹਰ ਵਸਤੂ ਪੂਰੀ ਹੀ ਬਣਾਉਣਾ ਲਾਜ਼ਮੀ ਨਹੀਂ ਹੁੰਦਾ। ਭਾਈ ਜੈਤਾ ਨੇ ਖੱਬੇ ਹੱਥ ਵਿੱਚ ਗੁਰੂ ਸਾਹਿਬ ਦਾ ਸੀਸ ਸੰਭਾਲਿਆ ਹੋਇਆ ਹੈ। ਨਦੀ ਦੀ ਧਾਰ ਨੂੰ ਚੀਰ ਕੇ ਅਗਾਂਹ ਵਧਣ ਹਿੱਤ ਸੱਜਾ ਹੱਥ ਹੀ ਹੈ। ਸਰੀਰ ਨੂੰ ਅਗਾਂਹ ਕਰਨ ਹਿੱਤ ਲੋੜੀਂਦੀ ਚਾਲ/ਗਤੀ ਸੱਜਾ ਹੱਥ ਹੀ ਹੈ।
ਪੂਰੇ ਸਾਖੀ ਪ੍ਰਕਰਮ ਵਿੱਚ ਕੁਦਰਤ ਦਾ ਦਖ਼ਲ ਕਾਫ਼ੀ ਰਿਹਾ ਹੈ। ਕਿਸੇ ਵੇਲੇ ਕੀਤੇ ਜਾ ਰਹੇ ਕਾਰਜ ਵਿੱਚ ਇਹ ਮਦਦਗਾਰ ਹੁੰਦੀ ਹੈ, ਕਿਸੇ ਵੇਲੇ ਇਹ ਅੜਚਣ ਵੀ ਬਣਦੀ ਹੈ। ਜਦੋਂ ਸੀਸ ਅਤੇ ਧੜ ਚਾਂਦਨੀ ਚੌਂਕ ਵਿੱਚੋਂ ਚੁੱਕਿਆ ਜਾਂਦਾ ਹੈ ਤਾਂ ਕੁਦਰਤ (ਝੱਖੜ ਅਤੇ ਬੱਦਲਵਾਈ ਦੇ ਰੂਪ ਵਿੱਚ) ਸਹਾਇਕ ਵਜੋਂ ਆਉਂਦੀ ਹੈ। ਜਿਸ ਵੇਲੇ ਨਦੀ ਪਾਰ ਕੀਤੀ ਜਾਂਦੀ ਹੈ ਤਾਂ ਇਹ ਔਕੜ ਵਜੋਂ ਦਿਸਦੀ ਹੈ। ਇਸ ਦਾ ਲੁਕਵਾਂ ਲਾਭ ਇਹ ਹੁੰਦਾ ਹੈ ਕਿ ਸਿੱਖਾਂ ਦੇ ਕਰੌਬ ਪਹੁੰਚ ਜਾਣ ਦੇ ਬਾਵਜੂਦ ਮੁਗ਼ਲ ਸਿਪਾਹੀ ਸਿੱਖਾਂ ਨੂੰ ਪਛਾਣਨ ਤੋਂ ਅਸਮਰੱਥ ਰਹਿੰਦੇ ਹਨ।
ਗਤੀਵਾਨ ਨਦੀ ਦਾ ਆਪਣਾ ਜੀਵਨ ਸੰਸਾਰ ਹੈ ਜਿਸ ਵਿੱਚ ਘੋਗੇ, ਸਿੱਪੀਆਂ, ਮਛਲੀਆਂ ਦਿਖਦੀਆਂ ਹਨ। ਚਿਤੇਰਾ ਇਸ ਮਾਹੌਲ ਵਿੱਚ ਵੀ ਇਨ੍ਹਾਂ ਜੀਅ-ਜੰਤਾਂ ਨੂੰ ਨਹੀਂ ਵਿਸਾਰਦਾ।
ਚਿਤੇਰਾ ਜਸਵੰਤ ਸਿੰਘ ਸਿੱਖ ਚਰਿੱਤਰ ਦੇ ਗੁਣਾਂ ਨੂੰ ਵਿਲੱਖਣ ਅੰਦਾਜ਼ ਵਿੱਚ ਉਭਾਰਦਾ ਹੈ। ਸਿੱਖ ਪਾਸ ਸਰੀਰਕ ਬਲ ਦੇ ਨਾਲ ਨਾਲ ਆਤਮਿਕ ਬਲ ਵੀ ਹੈ। ਭਾਈ ਜੈਤਾ ਪਾਸ ਸ਼ਸਤਰ ਨਹੀਂ ਜਦੋਂਕਿ ਮੁਗ਼ਲ ਸਿਪਾਹੀ ਹਥਿਆਰਬੰਦ ਹਨ। ਉਹ ਹਥਿਆਰਾਂ ਦਾ ਮੁਕਾਬਲਾ ਆਪਣੇ ਆਤਮਿਕ ਬਲ ਸਦਕਾ ਕਰਦੇ ਪ੍ਰਤੀਤ ਹੁੰਦੇ ਹਨ ਜੋ ਉਨ੍ਹਾਂ ਨੂੰ ਗੁਰੂ ਪ੍ਰਤੀ ਸ਼ਰਧਾ ਤੋਂ ਪ੍ਰਾਪਤ ਹੋ ਰਿਹਾ ਹੈ।
ਸੱਚ ਪ੍ਰਕਾਸ਼ਵਾਨ ਹੈ ਜਦੋਂਕਿ ਝੂਠ ਸਿਆਹ ਹੈ। ਤਾਹੀਓਂ ਮੁਗ਼ਲ ਸਿਪਾਹੀਆਂ ਦੇ ਚਿਹਰੇ ਨ੍ਹੇਰੇ ਵਿੱਚ ਹਨ, ਅਸਪੱਸ਼ਟ ਹਨ। ਇਹ ਚਿੱਤਰ ਦਰਸ਼ਕ ਮਨ ਵਿੱਚ ਜਗਿਆਸਾ ਜਗਾਉਂਦਾ ਹੈ ਕਿ ਅੱਗੇ ਕੀ ਹੋ ਸਕਦਾ ਹੈ। ਇਹ ਪੱਖ ਬਿਰਤਾਂਤ ਜਾਣਨ ਵਾਲੇ ਲਈ ਵੀ ਸੱਚ ਹੈ ਅਤੇ ਨਾ ਜਾਣਨ ਵਾਲੇ ਲਈ ਵੀ। ਇਹ ਚਿੱਤਰ ਪੱਖ ਦਾ ਗੁਣ ਮੰਨਿਆ ਜਾਂਦਾ ਹੈ।
ਹਕੂਮਤ ਦੀ ਅੱਖ ਥੱਲਿਓਂ ਆਪਣੇ ਗੁਰੂ ਦੇ ਸਰੀਰ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਾ ਵੇਲੇ ਦੀ ਸਰਕਾਰ ਦੀ ਦੇਹ ਵਿੱਚ ਜ਼ਹਿਰੀ ਕੰਡਾ ਖੋਭਣ ਵਰਗਾ ਕੰਮ ਸੀ। ਸਾਰੇ ਬਿਰਤਾਂਤ ਵਿੱਚ ਕੱਟ-ਮਾਰ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪਰ ਇਉਂ ਹੁੰਦਾ ਨਹੀਂ।
ਇਹ ਦ੍ਰਿਸ਼ ਰਚਨਾ ਚਿੱਤਰਕਾਰ ਦੀ ਕਲਪਨਾ ਦਾ ਨਤੀਜਾ ਹੈ, ਪਰ ਰਚਨਾਕਾਰ ਨੇ ਵੇਲੇ ਦੀਆਂ ਘਟਨਾਵਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹਿਆ ਸਮਝਿਆ ਹੈ ਅਤੇ ਫਿਰ ਉਸੇ ਅਨੁਰੂਪ ਆਪਣੇ ਕੰਮ ਨੂੰ ਰੂਪਮਾਨ ਕੀਤਾ ਹੈ। ਇਹ ਸ਼ਬਦ ਰਚਨਾ ਅਤੇ ਚਿੱਤਰ ਰਚਨਾ ਵਿਚਾਲੇ ਸਾਂਝ ਦਾ ਉਚਿਤ ਪ੍ਰਦਰਸ਼ਨ ਹੈ। ਕਿਸੇ ਵੇਲੇ ਦ੍ਰਿਸ਼ ਰਚਨਾ ਸ਼ਬਦ ਰਚਨਾ ਤੋਂ ਅਗਾਂਹ ਲੰਘ ਕੇ ਦਰਸ਼ਕ ਮਨ ਵਿੱਚ ਅਮਿੱਟ ਬਿੰਬ ਧਰ ਦਿੰਦੀ ਹੈ। ਇਹ ਪੇਂਟਿੰਗ ਅਜਿਹਾ ਕਰਮ ਕਰਦੀ ਪ੍ਰਤੀਤ ਹੁੰਦੀ ਹੈ।