A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

Mahan Shaheed Baba Deep Singh Ji

Author/Source: Sardar Jaswinder Singh

ਧਰਮ ਲਈ ਆਪਾ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ

-ਸ. ਜਸਵਿੰਦਰ ਸਿੰਘ

ਸ਼ਹੀਦੋਂ ਕੀ ਕਤਲਗਾਹ ਸੇ, ਕਿਆ ਬੇਹਤਰ ਹੈ ਕਾਅਬਾ।
ਸ਼ਹੀਦੋਂ ਕੀ ਖਾਕ ਪੇ ਤੋ, ਖ਼ੁਦਾ ਭੀ ਕੁਰਬਾਨ ਹੋਤਾ ਹੈ।

ਸਿੱਖੀ ਅੰਦਰ ‘ਸ਼ਹੀਦੀ’ ਦਾ ਬਹੁਤ ਉਂਚਾ ਅਸਥਾਨ ਹੈ ਅਤੇ ‘ਸ਼ਹਾਦਤ’ ਦੇ ਸੰਕਲਪ ਦਾ ਮੁੱਖ ਧੁਰਾ ਧਰਮ ਹੈ। ਗੁਰੂ ਸਾਹਿਬਾਨ ਤੇ ਸਿੱਖਾਂ ਲਈ ਈਮਾਨ ਹੀ ਜਾਨ ਤੇ ਆਨ ਹੈ ਅਤੇ ਦੀਨ, ਦੁਨੀਆਂ ਨਾਲੋਂ ਜ਼ਿਆਦਾ ਪਿਆਰਾ ਹੈ। ਜਿਹੜਾ ਵੀ ਆਪਣੇ ਧਰਮ ਲਈ ਸ਼ਹੀਦ ਹੁੰਦਾ ਹੈ, ਆਪਾ ਕੁਰਬਾਨ ਕਰਦਾ ਹੈ, ਉਸ ਉਂਪਰ ਕਿਸੇ ਇਕ ਦੇਸ਼ ਜਾਂ ਕੌਮ ਦਾ ਹੀ ਹੱਕ ਨਹੀਂ ਹੁੰਦਾ, ਉਹ ਸਮੁੱਚੀ ਮਨੁੱਖਤਾ ਦਾ ਸ਼ਹੀਦ ਪ੍ਰਵਾਨਿਆ ਜਾਂਦਾ ਹੈ।

‘ਸ਼ਹੀਦ’ ਤੇ ‘ਸ਼ਹਾਦਤ’ ਦੋਨੋਂ ਅਰਬੀ ਭਾਸ਼ਾ ਦੇ ਸ਼ਬਦ ਹਨ। ‘ਸ਼ਹੀਦ’ ਸ਼ਬਦ ਦਾ ਅਰਥ ਹੈ, ਗਵਾਹੀ ਦੇਣ ਵਾਲਾ। ‘ਸ਼ਹਾਦਤ’ ਸ਼ਬਦ ਸ਼ਾਹਦੀ ਤੋਂ ਹੈ, ਜਿਸ ਦਾ ਅਰਥ ਹੈ ਗਵਾਹੀ। ਕਿਸੇ ਉਂਚ-ਆਦਰਸ਼, ਮੰਤਵ, ਵਿਸ਼ਵਾਸ, ਸਚਿਆਈ ਜਾਂ ਧਰਮ ਲਈ ਆਪਣੇ ਪ੍ਰਾਣ ਦੇਣ ਵਾਲਾ ਜਾਂ ਉਂਚੇ ਤੇ ਸੁੱਚੇ ਉਦੇਸ਼ ਦੀ ਪੂਰਤੀ ਲਈ ਲੜਦਿਆਂ ਹੋਇਆਂ ਮਰਨ ਵਾਲਾ ਸ਼ਹੀਦ ਅਖਵਾਉਂਦਾ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਤੇ ਭਰਮ-ਭਉ ਤੋਂ ਰਹਿਤ ਹੋ ਕੇ ਦਿੰਦਾ ਹੈ। ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਆਪਣੀਆਂ ਰਚਿਤ ਵਾਰਾਂ ਅੰਦਰ ‘ਸ਼ਹੀਦ’ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦੇ ਹਨ:-

ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ। (ਵਾਰ 3:18)

ਗੁਰਮਤਿ ਦੇ ਮਹਾਨ ਆਦਰਸ਼ ਸ਼ਹਾਦਤ ਨੂੰ ਦ੍ਰਿੜ੍ਹ ਕਰਵਾਉਣ ਲਈ ਗੁਰੂ ਕੇ ਸਿੱਖਾਂ ਅਤੇ ਗੁਰੂ ਸਾਹਿਬਾਨ ਨੂੰ ਆਪ ਵੀ ਬੇਮਿਸਾਲ ਕੁਰਬਾਨੀਆਂ ਦੇਣੀਆਂ ਪਈਆਂ ਹਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦੀ ਦਿੱਤੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਿੱਖੀ ਸਿਦਕ ’ਤੇ ਕਾਇਮ ਰਹਿੰਦਿਆਂ ਚਮਕੌਰ ਦੀ ਜੰਗ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਦੋ ਛੋਟੇ ਸਾਹਿਬਾਜ਼ਿਆਂ ਨੇ ਮੁਗ਼ਲ ਹਿਰਾਸਤ ਅੰਦਰ ਲਾਲਚ ਦਿੱਤੇ ਜਾਣ, ਡਰਾਏ ਤੇ ਧਮਕਾਏ ਜਾਣ ਤੇ ਤਸੀਹੇ ਦੇਣ ਦੇ ਬਾਵਜੂਦ ਵੀ ਸਿੱਖੀ ਵਿਚ ਆਪਣੇ ਵਿਸ਼ਵਾਸ ਨੂੰ ਆਂਚ ਨਹੀਂ ਆਉਣ ਦਿੱਤੀ ਅਤੇ ਸ਼ਹਾਦਤ ਪ੍ਰਾਪਤ ਕਰ ਗਏ।

ਇਨ੍ਹਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਅਣਗਿਣਤ ਸਿੰਘਾਂ-ਸਿੰਘਣੀਆਂ ਨੇ ਸਿੱਖੀ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸਿੱਖੀ ਸਿਦਕ ਨੂੰ ਕਾਇਮ ਰੱਖਿਆ।

ਐਸੇ ਯੋਧੇ ਤੇ ਸੂਰਬੀਰ ਸਮੇਂ-ਸਮੇਂ ਇਸ ਸੰਸਾਰ ਅੰਦਰ ਪੈਦਾ ਹੁੰਦੇ ਰਹਿੰਦੇ ਹਨ। ਇਨ੍ਹਾਂ ਮਹਾਨ ਸੂਰਬੀਰਾਂ ਵਿੱਚੋਂ ਹੀ ਇਕ ਸਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ‘ਸ਼ਹੀਦ’ ਨਾਮ ਨਾਲ ਸਤਿਕਾਰਿਆ ਅਤੇ ਜਾਣਿਆ ਜਾਂਦਾ ਹੈ।

ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ ‘ਦੀਪੇ’ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ‘ਦੀਪ ਸਿੰਘ’ ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰ੍ਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।

20-22 ਸਾਲ ਦੀ ਉਮਰ ਵਿਚ ਹੀ ਬਾਬਾ ਦੀਪ ਸਿੰਘ ਇਕ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਿਕ ਬਣ ਗਏ। ਇਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿਚ ਨਵਾਂ ਧਾਰਮਿਕ ਜੋਸ਼ ਭਰਦੇ ਸਨ, ਦੂਸਰੇ ਪਾਸੇ ਆਪ ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰਕੇ ਲੋੜ ਸਮੇਂ ਮੈਦਾਨ-ਏ-ਜੰਗ ਵਿਚ ਜਾ ਕੇ ਜੈਕਾਰੇ ਬੁਲਾਉਂਦੇ ਸਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਵੱਖ-ਵੱਖ ਅਸਥਾਨਾਂ ਰਾਹੀਂ ਹੁੰਦੇ ਹੋਏ ਪਾਵਨ ਅਸਥਾਨ ਦਮਦਮਾ ਸਾਹਿਬ, ਤਲਵੰਡੀ ਸਾਬੋ, ਜ਼ਿਲ਼੍ਹਾ ਬਠਿੰਡਾ ਵਿਖੇ ਪਹੁੰਚੇ। ਇਸ ਪਾਵਨ ਅਸਥਾਨ ’ਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ। ਆਪ ਜੀ ਇਕ ਮਹਾਨ ਕੀਰਤਨੀਏ ਤੇ ਵਧੀਆ ਲਿਖਾਰੀ ਵੀ ਸਨ।

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਮੁੜ ਕੇ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਰਹੇ। ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ‘ਗੁਰੂ ਕੀ ਕਾਂਸ਼ੀ’ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਅਤੇ ਗੁਰਬਾਣੀ ਪੜ੍ਹਨ-ਪੜ੍ਹਾਉਣ ਤੇ ਲਿਖਵਾਉਣ ਦੀ ਸੇਵਾ ਲਈ ਨਿਯਤ ਕਰ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਸੀ। ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ ਸਿੰਘ ਜੀ ਹੀ ਵੱਡੇ ਸਿੱਖ ਵਿਦਵਾਨ ਸਨ।

17ਵੀਂ ਸਦੀ ਵਿਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇਕ ਸੰਗਠਿਤ ਰੂਪ ਵਿਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇਕ ਮਿਸਲ ਦਾ ਨਾਂ ਸੀ ‘ਸ਼ਹੀਦ ਮਿਸਲ’। ਬਾਬਾ ਦੀਪ ਸਿੰਘ ਜੀ ਇਸ ‘ਸ਼ਹੀਦ ਮਿਸਲ’ ਦੇ ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ਿਆ। ਇਸ ਸਮੇਂ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤ ਦਾ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਸ ਦਿਵਾਇਆ ਜਾਂਦਾ ਰਿਹਾ। ਸਿੱਖੀ ਪਰੰਪਰਾ ਦਾ ਇਕ ਅਨਿੱਖੜਵਾਂ ਤੇ ਸਰਵੋਤਮ ਪੱਖ ਹੈ ਕਿ ਕਿਸੇ ਮਜ਼ਲੂਮ ਤੇ ਗਰੀਬ ਦੀ ਰੱਖਿਆ ਕਰਨਾ ਅਤੇ ਅਨਿਆਂ ਵਿਰੁੱਧ ਡਟ ਕੇ ਪਹਿਰਾ ਦੇਣਾ। ਉਸ ਸਮੇਂ ਸਿੱਖ ਪੰਥ ਨੇ ਸਿੱਖੀ ਦੀ ਇਸ ਮਹਾਨ ਪਰੰਪਰਾ ਉਂਪਰ ਬਾਖ਼ੂਬੀ ਅਮਲ ਕਰਦਿਆਂ ਪਹਿਰਾ ਦਿੱਤਾ ਅਤੇ ਮੁਗ਼ਲ ਤੇ ਅਫ਼ਗਾਨ ਧਾੜਵੀਆਂ ਨੂੰ ਪਛਾੜਿਆ।

ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, ਆਪਣੇ 1757 ਈ: ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦੇਰ ਲਈ ਲਾਹੌਰ ਠਹਿਰਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ’ਤੇ ਪੁੱਜੀ ਤਾਂ ਆਪ ਦੇ ਦਿਲ ’ਤੇ ਅਸਹਿ ਸੱਟ ਵੱਜੀ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤ੍ਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਆਸ-ਪਾਸ ਦੇ ਨਗਰਾਂ ਤੇ ਟਿਕਾਣਿਆਂ ’ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਵਿਚ ਪਾਵਨ ਧਰਮ ਅਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜੱਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ-ਬੇਨਤੀ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇਕ ਲਕੀਰ ਖਿੱਚੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।

ਇਧਰ ਜਹਾਨ ਖਾਨ ਨੂੰ ਵੀ ਸੂਹੀਏ ਰਾਹੀਂ ਪਤਾ ਲੱਗ ਗਿਆ ਕਿ ਸਿੱਖ ਉਨ੍ਹਾਂ ਉਂਪਰ ਹਮਲਾ ਕਰਨ ਲਈ ਆ ਰਹੇ ਹਨ। ਇਹ ਖ਼ਬਰ ਸੁਣ ਕੇ ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉਂਤੇ ਹਮਲਾ ਕਰਨ ਦੇ ਆਦੇਸ਼ ਦਿੱਤੇ। ਜਹਾਨ ਖਾਨ ਆਪ ਘੋੜ ਸਵਾਰ ਫੌਜ ਨਾਲ ਲੈ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਗੋਹਲਵੜ ਦੇ ਸਥਾਨ ’ਤੇ ਪਹੁੰਚ ਗਿਆ, ਜਿੱਥੇ ਸਿੰਘਾਂ ਤੇ ਅਫ਼ਗਾਨਾਂ ਦੀ ਟੱਕਰ ਹੋਈ। ਅਫ਼ਗਾਨ ਸਿੰਘਾਂ ਦਾ ਟਾਕਰਾ ਨਾ ਕਰ ਸਕੇ। ਸਿੰਘਾਂ ਦੇ ਅੱਗੇ ਲੱਗ ਕੇ ਮੈਦਾਨੋਂ ਭੱਜ ਨਿਕਲੇ। ਇਤਨੇ ਨੂੰ ਜਹਾਨ ਖਾਨ ਦਾ ਸਹਾਇਕ ਅਤਾਈ ਖਾਨ ਆਪਣੀ ਭਾਰੀ ਫੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦੀ ਰੂਪ-ਰੇਖਾ ਬਦਲ ਗਈ। ਇਸ ਘਮਸਾਨ ਦੀ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ। ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਆਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਉਹ ਸਖ਼ਤ ਜਖ਼ਮੀ ਹੋ ਗਏ ਸਨ। ਅਫ਼ਗਾਨ ਦੁਸ਼ਮਣ ਦਾ ਇਕ ਕਮਾਂਡਰ ਅਮਾਨ ਖਾਨ ਅੱਗੇ ਵਧਿਆ ਤੇ ਬਾਬਾ ਜੀ ’ਤੇ ਵਾਰ ਕਰਨ ਲੱਗਾ। ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ। ਇਸ ਸਾਂਝੇ ਵਾਰ ਵਿਚ ਬਾਬਾ ਜੀ ਨੇ ਉਸ ਮੁਗ਼ਲ ਕਮਾਂਡਰ ਨੂੰ ਤਾਂ ਥਾਂ ’ਤੇ ਹੀ ਖ਼ਤਮ ਕਰ ਦਿੱਤਾ ਪਰ ਨਾਲ ਹੀ ਇਨ੍ਹਾਂ ਦੀ ਧੌਣ ਉਂਤੇ ਇਕ ਘਾਤਕ ਘਾਉ ਲੱਗਾ, ਜਿਸ ਨਾਲ ਬਾਬਾ ਜੀ ਦਾ ਸੀਸ ਇਕ ਪਾਸੇ ਉਲਰ ਗਿਆ। ਬਾਬਾ ਜੀ ਆਪਣੇ ਪਵਿੱਤਰ ਸੀਸ ਨੂੰ ਹੱਥ ਦਾ ਸਹਾਰਾ ਦਿੰਦੇ ਹੋਏ ਲੜਦੇ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤਕ ਜਾ ਪਹੁੰਚੇ। ਇਥੋਂ ਤਕ ਅੱਪੜਦਿਆਂ ਬਾਬਾ ਜੀ ਨੇ ਕਈ ਪਠਾਣ ਤੇ ਅਫ਼ਗਾਨ ਮਾਰ ਮੁਕਾਏ ਸਨ। ਇਸ ਤਰ੍ਹਾਂ ਇਸ ਘਮਸਾਨ ਦੀ ਜੰਗ ਅੰਦਰ ਅਫ਼ਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫੌਜ ਦੇ ਹੌਸਲੇ ਟੁੱਟ ਗਏ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ। ਸੰਨ 1757 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਹਿਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇਕ ਥੜ੍ਹੇ ਉਂਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉਂਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ:

1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈਂਡ ਜਥੇਦਾਰ

2. ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ

3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ

4. ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ

5. ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ

6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ

7. ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ

8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ

9. ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ

10. ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ

ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ।

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ, ਜਿੱਥੇ ਅੱਜਕਲ੍ਹ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ਵਿਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ-ਧਾਰਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।

ਧਰਮ ਪ੍ਰਤੀ ਆਪਾ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਪੰਥ ਅੰਦਰ ਗੁਰੂ-ਘਰ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਦਿੱਤੀ ਗਈ ਇਕ ਮਹਾਨ ਸ਼ਹਾਦਤ ਹੈ, ਜਿਹੜੀ ਸਾਨੂੰ ਸਾਰਿਆਂ ਨੂੰ ਸਾਡੇ ਪਾਵਨ ਧਰਮ ਅਸਥਾਨਾਂ ਦੀ ਦਿੱਖ ਅਤੇ ਰਹਿਤ ਮਰਯਾਦਾ ਨੂੰ ਕਾਇਮ ਤੇ ਬਰਕਰਾਰ ਰੱਖਣ ਲਈ ਉਦੋਂ ਤੋਂ ਹੁਣ ਤਕ ਪ੍ਰੇਰਨਾ ਕਰਦੀ ਆ ਰਹੀ ਹੈ ਅਤੇ ਕਰਦੀ ਹੀ ਰਹੇਗੀ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article