A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

The Bippar's Real Intent : The Proliferation of Hindutva

February 28, 2007
Author/Source: Dr. Jodh Singh

ਜਾਗੋ ਜਾਗੋ ਸੁੱਤਿਓ: ਏਕਤਾ-ਅਖੰਡਤਾ ਦੀ ਮੌਜੂਦਾ ਪਹੁੰਚ ਪਿੱਛੇ ਅਸਲ ਮਨਸ਼ਾ : ਹਿੰਦੂਤਵ ਦਾ ਬੋਲਬਾਲਾ ਕਰਨਾ !

ਹਿੰਦੂ-ਸਿੱਖ ਸੰਬੰਧਾਂ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਕੀਤਾ ਗਿਆ ਹੈ ਅਤੇ ਪਿਛਲੇ 2-3 ਸਾਲਾਂ ਵਿਚ ਇਹ ਵਿਵਾਦ ਇਕ ਸੁਨਿਸ਼ਚਿਤ ਢੰਗ ਨਾਲ ਚਲਾਇਆ ਜਾ ਰਿਹਾ ਹੈ। ਸਿੱਖ ਸੁਭਾਅ ਦਾ ਇਕ ਜ਼ਰੂਰੀ ਪੱਖ ਹੈ ਕਿ ਆਪਣੀ ਖੁਲ੍ਹਦਿਲੀ ਕਾਰਨ ਪਹਿਲਾਂ ਇਹ ਵਿਰੋਧੀ ਸੁਰ ਨੂੰ ਪਛਾਣਨ ਦੀ ਗੱਲ ਨਹੀਂ ਕਰਦਾ, ਵਿਰੋਧੀ ਨੂੰ ਵਿਰੋਧੀ ਨਾ ਮੰਨ ਕੇ ਮਨੁੱਖੀ ਭਾਈਚਾਰੇ ਦੇ ਅੰਗ ਵਜੋਂ ਆਪਣਾ ਹੀ ਅੰਗ ਤਸੱਵਰ ਕਰਕੇ ਆਪਣੇ ਪਿਆਰ ਕਲਾਵੇ ਵਿਚ ਲੈ ਲੈਂਦਾ ਹੈ। ਸਾਰੇ ਜਾਣਦੇ ਹਨ ਕਿ ਸੁਆਮੀ ਦਯਾਨੰਦ ਜੀ ਗੁਜਰਾਤ ਵਿਚ ਪੈਦਾ ਹੋਏ, ਮੱਧ ਪ੍ਰਦੇਸ਼ ਵਿਚ ਵਿਚਰੇ, ਬੰਗਾਲ ਤਕ ਗਏ ਪਰ ਕਿਧਰੇ ਵੀ ਆਰੀਆ ਸਮਾਜ ਦੀਆਂ ਜੜ੍ਹਾਂ ਨਾ ਲੱਗ ਸਕੀਆਂ। ਪੰਜਾਬ ਦੇ ਸਿੱਖਾਂ ਨੇ ਦਯਾਨੰਦ ਜੀ ਦੇ ਅਦਵੈਤਵਾਦੀ ਸਿਧਾਂਤ ਨੂੰ ਸੁਣ ਕੇ ਉਨ੍ਹਾਂ ਦੀਆਂ ਜਾਤ-ਪਾਤ ਵਿਰੋਧੀ ਚਰਚਾਵਾਂ ਬਾਰੇ ਜਾਣ ਕੇ ਉਨ੍ਹਾਂ ਨੂੰ ਪੰਜਾਬ ਵਿਚ ਸੱਦਾ ਦਿੱਤਾ, ਉਨ੍ਹਾਂ ਦਾ ਸਤਕਾਰ ਕੀਤਾ ਕਿਉਂਕਿ ਏਥੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿਧਾਂਤਾਂ ਨੇ ਲੋਕਾਂ ਦੇ ਦਿਲਾਂ ਨੂੰ ਕਾਫੀ ਵਿਸ਼ਾਲ ਬਣਾ ਦਿੱਤਾ ਹੋਇਆ ਸੀ। ਜਾਤ-ਪਾਤ ਦੀਆਂ ਪੀਡੀਆਂ ਸਨਾਤਨੀ ਗੰਢਾਂ ਕਾਫੀ ਢਿੱਲੀਆਂ ਪੈ ਚੁਕੀਆਂ ਸਨ। ਇਸ ਸਤਕਾਰ ਦਾ ਗ਼ਲਤ ਪ੍ਰਭਾਵ ਲੈ ਕੇ ਜਦੋਂ ਸੁਆਮੀ ਜੀ ਨੇ ਸਿੱਖ ਗੁਰੂ ਸਾਹਿਬਾਨ ਅਤੇ ਵਿਸ਼ੇਸ਼ ਕਰ ਗੁਰੂ ਨਾਨਕ ਸਾਹਿਬ ਜੀ ਬਾਰੇ ਕੋਝੀ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਹਿੰਦੂ ਧਰਮ ਦੀ ਸਰਬ-ਉੱਚਤਾ ਦਰਸਾਉਣੀ ਸ਼ੁਰੂ ਕਰ ਦਿੱਤੀ ਤਾਂ ਸਿੱਖਾਂ ਨੂੰ ਜਾਗ ਆਈ ਅਤੇ ਸੁਆਮੀ ਜੀ ਦਾ ਤੀਬਰ ਵਿਰੋਧ ਸ਼ੁਰੂ ਹੋ ਗਿਆ। ਹਾਲਾਤ ਇਥੋਂ ਤਕ ਅੱਪੜ ਗਏ ਕਿ ਭਾਈ ਕਾਨ੍ਹ ਸਿੰਘ ਜੀ ਵਰਗੇ ਵਿਦਵਾਨ ਨੂੰ ਹਮ ਹਿੰਦੂ ਨਹੀਂ ਨਾਮ ਦੀ ਪੁਸਤਕ ਲਿਖਣੀ ਪਈ। ਛੇ-ਸੱਤ ਦਹਾਕਿਆਂ ਬਾਅਦ ਏਸੇ ਤਰ੍ਹਾਂ ਹੀ ਮੈਕਲੋਡ ਨਾਮਕ ਪਾਦਰੀ ਨੇ ਜਿਹੜਾ ਕਿ ਬਟਾਲੇ ਸਥਿਤ ਸੀ ਸਿੱਖ ਧਰਮ ਦਾ ਅਧਿਐਨ ਸ਼ੁਰੂ ਕੀਤਾ, ਏਥੋਂ ਦੀ ਭਾਸ਼ਾ ਸਿਖੀ ਅਤੇ ਸਿੱਖ ਧਰਮ ਬਾਰੇ ਲੇਖ ਅਤੇ ਇਕ ਪੁਸਤਕ ਲਿਖੀ। ਲਗਭਗ ਸਾਰੇ ਸਿੱਖ ਵਿਦਵਾਨਾਂ ਨੇ ਉਸ ਨੂੰ ਸਿਰ ’ਤੇ ਚੁੱਕ ਲਿਆ। ਸਿੱਖ-ਜਗਤ ਨੇ ਉਸ ਦਾ ਬਹੁਤ ਮਾਣ-ਸਨਮਾਨ ਕੀਤਾ। ਉਸ ਨੇ ਕਈ ਇਤਿਹਾਸਕਾਰ ਆਪਣੇ ਚੇਲੇ ਵੀ ਬਣਾ ਲਏ। ਆਪਣੀ ਪ੍ਰਸਿੱਧੀ, ਅੰਗਰੇਜ਼ੀ ਗਿਆਨ ਅਤੇ ਚੁਸਤੀ ਦੇ ਆਸਰੇ ਜਦੋਂ ਉਸ ਨੇ ਸਿੱਖ ਵਿਸ਼ਵਾਸ ਦੇ ਮੂਲ-ਧੁਰੇ ਜਨਮ-ਸਾਖੀਆਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਏਥੋਂ ਤਕ ਸਿੱਧ ਕਰਨ ਦਾ ਜਤਨ ਕੀਤਾ ਕਿ ਗੁਰੂ ਨਾਨਕ ਸਾਹਿਬ ਤਾਂ ਕਦੀ ਪੰਜਾਬੋਂ ਬਾਹਰ ਹੀ ਨਹੀਂ ਗਏ ਤਾਂ ਸਿੱਖ ਵਿਦਵਾਨਾਂ ਨੂੰ ਹੋਸ਼ ਆਇਆ ਕਿ ਇਹ ਕੀ ਬਣ ਗਿਆ ? ਏਨੇ ਸਮੇਂ ਵਿਚ ਉਹ ਪੰਜਾਬੋਂ ਤਾਂ ਚਲਾ ਗਿਆ ਪਰ ਉਸ ਦੇ ਪੈਰੋਕਾਰ ਜਿਨ੍ਹਾਂ ਵਿਚੋਂ ਕਾਫੀ ਗਿਣਤੀ ਵਿਚ ਸਿੱਖ ਵੀ ਹਨ ਅਜੇ ਤਕ ਉਸ ਦੇ ਨਕਸ਼ੇ-ਕਦਮਾਂ ’ਤੇ ਚਲ ਰਹੇ ਹਨ ਅਤੇ ਸਿੱਖ ਅਧਿਐਨ ਦੇ ਵਿਕਾਸ ਵਿਚ ਰੋਲ਼-ਘਚੋਲੇ ਪਾ ਕੇ ਪੂਰਾ ਯੋਗਦਾਨ ਦੇ ਰਹੇ ਹਨ।

ਪਿਛਲੇ ਵੀਹ ਕੁ ਸਾਲਾਂ ਵਿਚ ਕਈ ਸਭਾ-ਸੁਸਾਇਟੀਆਂ ਬਣੀਆਂ, ਕਈ ਇੰਸਟੀਚਿਊਟ ਹੋਂਦ ਵਿਚ ਆਏ, ਕਈ ਆਪੂੰ ਥਾਪੇ ਪ੍ਰੋਫੈਸਰ, ਇੰਟਰਨੈਸ਼ਨਲ ਸਕਾਲਰ ਮੈਦਾਨ ਵਿਚ ਨਿੱਤਰੇ, ਅਨੇਕਾਂ ਹੀ ਮਿਸ਼ਨਰੀ ਕਾਲਜ ਹੋਂਦ ਵਿਚ ਆਏ ਜਿਹੜੇ ਦੇਸ਼-ਵਿਦੇਸ਼ਾਂ ਦੀ ਸੰਗਤ ਦੇ ਧਨ ਨਾਲ ਚਲਾਏ ਜਾ ਰਹੇ ਹਨ ਪਰ ਸਿੱਖ-ਸਿਧਾਂਤਾਂ ਨੂੰ ਧੁੰਦਲਾਉਣ ਦਾ ਕੰਮ ਵੀ ਪੂਰੇ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ। ਕਾਰਨ ਸਪਸ਼ਟ ਹੈ। ਪਿਛਲੇ 15-20 ਸਾਲਾਂ ਤੋਂ ਸਿੱਖ ਧਰਮ ਨਾਲ ਸੰਬੰਧਤ ਬਹੁਤੇ ਸਿੱਖ ਵਿਦਵਾਨਾਂ ਵੱਲੋਂ ਜੋ ਵੀ ਲਿਖਿਆ ਜਾ ਰਿਹਾ ਹੈ ਉਹ ਸੁਤੇ-ਸਿਧ ਨਾ ਹੋ ਕੇ ਪ੍ਰਤੀ-ਕਰਮ (ਰੀਐਕਸ਼ਨ) ਵਜੋਂ ਲਿਖਿਆ ਜਾ ਰਿਹਾ ਹੈ। ਸਿੱਖ ਅਧਿਐਨ ਦੀ ਬਦਕਿਸਮਤੀ ਇਹ ਵੀ ਰਹੀ ਹੈ ਕਿ ਇਸ ਦਾ ਅਧਿਐਨ ਅਜੋਕੇ ਸਮੇਂ ਵਿਚ ਜ਼ਿਆਦਾਤਰ ਇਤਿਹਾਸਕਾਰਾਂ ਨੇ ਜਾਂ ਫਿਰ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਨੇ ਸ਼ੁਰੂ ਕੀਤਾ, ਫ਼ਿਲਾਸਫੀ ਜਾਣਨ ਵਾਲਿਆਂ ਨੇ ਨਹੀਂ। ਸਿੱਖ ਇਤਿਹਾਸ ਨੂੰ ਸਿੱਖ ਫਲਸਫ਼ਾ ਸਮਝਿਆ ਸਮਝਾਇਆ ਜਾ ਰਿਹਾ ਹੈ। ਅੱਜ ਸਿੱਖਾਂ ਦੀ ਟੱਕਰ ਜਿਥੇ ਇਕ ਪਾਸੇ ਈਸਾਈ ਪ੍ਰਚਾਰਕਾਂ ਨਾਲ ਹੈ, ਉਥੇ ਨਾਲ ਹੀ ਨਾਲ ਉਸ ਸਨਾਤਨੀ ਵਿਚਾਰਧਾਰਾ ਜਾਂ ਉਸ ਦਰਸ਼ਨ ਨਾਲ ਵੀ ਹੈ ਜਿਸ ਨੇ ਕੇਵਲ ਬਹੁਤ ਸਾਰੇ ਸਵੈ-ਵਿਰੋਧੀ ਖਿਆਲਾਂ ਨੂੰ ਹੀ ਆਪਣੇ ਵਿਚ ਸਮੋਇਆ ਜਾਂ ਜਜ਼ਬ ਹੀ ਨਹੀਂ ਕੀਤਾ ਹੋਇਆ, ਸਗੋਂ ਆਰੀਆਂ ਦੇ ਭਾਰਤ ਵਿਚ ਆ ਕੇ ਵੱਸਣ ਤੋਂ ਪਹਿਲਾਂ ਇਥੇ ਸਥਾਪਿਤ ਨਸਲਾਂ ਨਿਗਰੀਟੋ, ਪ੍ਰੋਟੋਆ-ਸਟਰੋਲਾਇਡ, ਆਸਟਰੋਲਾਇਡ, ਦ੍ਰਾਵਿੜ ਤੇ ਮੰਗੋਲਾਇਡ ਅਤੇ ਬਾਅਦ ਵਿਚ ਆਈਆਂ ਸ਼ਕ, ਹੂਣ ਆਦਿ ਨਸਲਾਂ ਨੂੰ ਵੀ ਆਪਣੇ ਵਿਚ ਜਜ਼ਬ ਕੀਤਾ ਹੋਇਆ ਹੈ; ਉਂਜ ਇਸੇ ਜਜ਼ਬੀਕਰਣ ਨੂੰ ਹਿਰਦੇ ਦੀ ਵਿਸ਼ਾਲਤਾ ਦਾ ਨਾਂ ਦਿੱਤਾ ਜਾ ਰਿਹਾ ਹੈ ਪਰ ਇਹ ਸਭ ਸਾਹਿਤਕ, ਸਮਾਜਕ ਤੇ ਰਾਜਨੀਤਕ ਪੱਧਰ ’ਤੇ ਦਰਅਸਲ ਕਿਸ ਤਰ੍ਹਾਂ ਹੋਇਆ ਜਾਂ ਕੀਤਾ ਗਿਆ, ਇਹ ਇਕ ਲੰਮਾ ਇਤਿਹਾਸ ਹੈ ਜਿਹੜਾ ਦਿਲਚਸਪ ਵੀ ਹੈ ਅਤੇ ਜਿਸ ਨੂੰ ਜਾਣਨਾ ਸਿੱਖ ਧਰਮ ਦੇ ਪੈਰੋਕਾਰਾਂ ਲਈ ਅਤਿ ਜ਼ਰੂਰੀ ਵੀ ਹੈ। ਪਰ ਇਹ ਸਭ ਤਾਂ ਹੀ ਹੋ ਸਕੇਗਾ ਜੇ ਸਿੱਖ ਜਲਸੇ-ਜਲੂਸਾਂ ਵਰਗੇ ਸੌਖੇ ਕੰਮਾਂ ਤੋਂ ਫੁਰਸਤ ਪਾ ਸਕਣ ਅਤੇ ਭਾਰਤ ਦੇ ਧਰਮਾਂ ਦੇ ਇਤਿਹਾਸ ਨੂੰ ਡੂੰਘਾਈ ਨਾਲ ਘੋਖਣ। ਹਨ੍ਹੇਰੇ ਤੋਂ ਬਚਣ ਦਾ ਢੰਗ ਹਨ੍ਹੇਰੇ ਨੂੰ ਲਾਠੀ ਡੰਡਿਆਂ ਨਾਲ ਕੁੱਟਣਾ ਨਹੀਂ, ਕੁੱਟਣ ਮਾਰਨ ਨਾਲ ਕਦੇ ਵੀ ਹਨ੍ਹੇਰਾ ਦੂਰ ਨਹੀਂ ਹੋ ਸਕਦਾ। ਹਨ੍ਹੇਰੇ ਨੂੰ ਦੂਰ ਕਰਨ ਲਈ ਤਾਂ ਦੀਵਾ ਜਗਾਉਣ ਦੀ ਲੋੜ ਹੁੰਦੀ ਹੈ ! ਗਿਆਨ ਦਾ ਦੀਵਾ ਹੀ ਹਨ੍ਹੇਰਾ ਦੂਰ ਕਰ ਸਕਦਾ ਹੈ ਅਤੇ ਗਿਆਨ ਦਾ ਝਾੜੂ ਹੀ ਸਾਡੇ ਧੁਰ ਅੰਦਰ ਬੈਠੇ ਡਰ ਅਤੇ ਬੇਚਾਰਗੀ ਦੇ ਅਹਿਸਾਸ ਨੂੰ ਹੂੰਝ ਕੇ ਬਾਹਰ ਸੁੱਟ ਸਕਦਾ ਹੈ। ਗਿਆਨ ਤੋਂ ਏਥੋਂ ਮੇਰਾ ਭਾਵ ਹਾਲ ਦੀ ਘੜੀ ਬ੍ਰਹਮਗਿਆਨ ਨਹੀਂ ਹੈ, ਸਗੋਂ ਕੇਵਲ ਜਾਣਕਾਰੀ ਜਾਂ ਡੂੰਘੀ ਅਤੇ ਨਿਰਪੱਖ ਘੋਖ ਹੈ।

ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਅਤੇ ਸ. ਤਰਲੋਚਨ ਸਿੰਘ ਦੇ ਹੌਸਲੇ ਅਤੇ ਮਿਹਨਤ ਸਦਕਾ ਮਾਈਨਾਰਿਟੀ ਕਮਿਸ਼ਨ ਵੱਲੋਂ ਸਿੱਖ ਮੱਤ ਦੀ ਵਿਲੱਖਣਤਾ ਅਤੇ ਵੱਖਰੀ ਪਛਾਣ ਨੂੰ ਸਵੀਕਾਰ ਕਰਨ ਦੇ ਬਾਵਜੂਦ ਵੀ ਸਿੱਖ ਮੱਤ ਨੂੰ ਹਿੰਦੂ ਮੱਤ ਨਾਲ ਰਲਗੱਡ ਕਰਨ ਵਾਲੇ ਕੱਚ-ਘਰੜ ਵਿਦਵਾਨ ਆਮ ਤੌਰ ’ਤੇ ਕਹਿੰਦੇ ਸੁਣੇ ਜਾਂਦੇ ਹਨ ਕਿ ਹਿੰਦੂ ਮੱਤ ਇਕ ਵਿਸ਼ਾਲ ਬੋਹੜ ਦਾ ਦਰੱਖਤ (ਵਟ-ਵ੍ਰਕਸ਼) ਹੈ ਅਤੇ ਬੁੱਧ ਮੱਤ, ਜੈਨ ਮੱਤ, ਸਿੱਖ ਮੱਤ ਇਸੇ ਮਹਾਨ ਦਰੱਖਤ ਦੀਆਂ ਟਹਿਣੀਆਂ, ਫੁੱਲ ਅਤੇ ਪੱਤੀਆਂ ਆਦਿ ਹਨ। ਦੂਜੇ ਲਫਜ਼ਾਂ ਵਿਚ ਇਹ ਸਾਰੇ ਹਿੰਦੂ ਮੱਤ ਹੀ ਹਨ। ਇਸੇ ਅਨੁਰੂਪਤਾ (analogy) ਨੂੰ ਜੇ ਜ਼ਰਾ ਧਿਆਨ ਨਾਲ ਵੇਖਿਆ ਜਾਵੇ ਤਾਂ ਸਹਿਜੇ ਹੀ ਇਹ ਦਾਅਵਾ ਖੋਖਲਾ ਸਿੱਧ ਹੋ ਜਾਂਦਾ ਹੈ। ਕੀ ਕਦੀ ਕਿਸੇ ਨੇ ਟਹਿਣੀ ਨੂੰ ਤਣਾ ਜਾਂ ਜੜ੍ਹ ਕਿਹਾ ਹੈ; ਜਾਂ ਫਿਰ ਕਦੀ ਜੜ੍ਹ ਨੂੰ ਪੱਤਾ ਜਾਂ ਫੁੱਲ ਕਿਹਾ ਜਾ ਸਕਦਾ ਹੈ ? ਕੀ ਇਹ ਸੰਭਵ ਹੈ ਕਿ ਕੋਈ ਤਣੇ ਨੂੰ ਜੜ੍ਹ ਕਹੇ ? ਇਕੋ ਰੁੱਖ ’ਤੇ ਸਥਿਤ ਹੁੰਦਿਆਂ ਹੋਇਆਂ ਵੀ ਜਦੋਂ ਹਰ ਇਕ ਦੀ ਵੱਖਰੀ ਪਛਾਣ ਹੈ ਅਤੇ ਆਪਣਾ ਗੁਣ-- ਧਰਮ ਹੈ ਤਾਂ ਫਿਰ ਸਿੱਖ ਮੱਤ ਜਾਂ ਹੋਰ ਮੱਤਾਂ ਦੀ ਵੱਖਰੀ ਪਛਾਣ ਵਿਚ ਕੀ ਅੜਿੱਕਾ ਹੈ ? ਕਿਉਂ ਬੇਤੁਕੀਆਂ ਸ਼ਰਾਰਤਾਂ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ ?

ਨਵੰਬਰ 1995 ਵਿਚ ਦਿੱਲੀ ਦੇ ਪ੍ਰਸਿੱਧ ਮਾਵਲੰਕਰ ਆਡੀਟੋਰੀਅਮ ਵਿਚ ਵਿਸ਼ਵ ਹਿੰਦੂ ਫੈਡਰੇਸ਼ਨ ਵੱਲੋਂ ਇਕ ਵਿਸ਼ਾਲ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ਸੀ "ੂਨਟਿੇ ਅਮੋਨਗ ੍ਰੲਲਗਿੋਿਨਸ ੌਰਗਿਨਿੳਟੲਦ ਨਿ ੀਨਦੳਿ" ਅਰਥਾਤ "ਭਾਰਤ ਵਿਚ ਜਨਮੇ ਮੱਤਾਂ ਦੀ ਏਕਤਾ"। ਇਨ੍ਹਾਂ ਮੱਤਾਂ ਵਿਚ ਕੇਵਲ ਚਾਰ ਮੱਤ ਰੱਖੇ ਗਏ ਸਨ- ਹਿੰਦੂ ਮੱਤ, ਬੁੱਧ ਮੱਤ, ਜੈਨ ਮੱਤ ਅਤੇ ਸਿੱਖ ਮੱਤ। ਮੈਨੂੰ ਵੀ ਸੱਦਾ ਆਇਆ। ਮੈਂ ਦੁਬਿਧਾ ਵਿਚ ਫਸ ਗਿਆ ਕਿ ਕੀ ਕੀਤਾ ਜਾਵੇ- ਜਾਇਆ ਜਾਵੇ ਜਾਂ ਨਾ ਜਾਇਆ ਜਾਵੇ ? ਸੈਮੀਨਾਰ ਦੇ ਉਦੇਸ਼ ਸਮਝ ਆ ਰਹੇ ਸਨ ਕਿ ਦਰਅਸਲ ਉਥੇ ਫਿਰ ਉਹੀ ਰਾਗ ਅਲਾਪਿਆ ਜਾਣਾ ਹੈ ਕਿ ਸਾਰੇ ਇਕੋ ਬੋਹੜ ਰੂਪੀ ਹਿੰਦੂ ਮੱਤ ਦੇ ਹੀ ਅੰਗ ਹਨ। ਮੇਰੇ ਕੋਲੋਂ ਵੀ ਕੁਝ ਏਸੇ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਹੋਵੇਗੀ। ਕੁਝ ਹੀ ਦਿਨਾਂ ਬਾਅਦ ਛਪਿਆ ਹੋਇਆ ਕਾਰਡ ਪੁੱਜ ਗਿਆ ਜਿਸ ਵਿਚ ਸਤਾਈ ਬੁਲਾਰਿਆਂ ਵਿਚੋਂ ਇੱਕੀ ਹਿੰਦੂ ਵਿਦਵਾਨ ਅਤੇ ਧਰਮਾਚਾਰੀਆ ਸਨ। ਇਕ ਮੇਰਾ ਨਾਂ ਵੀ ਸੀ, ਤਿੰਨ ਬੋਧੀ-ਹਿਜ਼ ਹੋਲੀਨੈੱਸ ਦਲਾਈਲਾਮਾ, ਪ੍ਰੋ. ਐੱਸ. ਰਿੰਨਪੋਚੇ ਅਤੇ ਬੋਧ ਗਯਾ ਤੋਂ ਇਕ ਭਿਖਸ਼ੂ, ਇਕ ਜੈਨ ਸਾਧਵੀ ਸਾਧਨਾ ਜੀ ਅਤੇ ਇਕ ਗਾਂਧੀਵਾਦੀ ਵਿਦਵਾਨ ਸ਼੍ਰੀ ਅਨੰਦ ਸ਼ੰਕਰ ਪੰਡਯਾ ਸਨ। ਕਾਰਡ ਵੇਖ ਕੇ ਮੈਨੂੰ ਸਾਰੀ ਖੱਚਰ-ਖੇਡ ਪੂਰੀ ਤਰ੍ਹਾਂ ਸਮਝ ਆ ਗਈ। ਬਹੁਤ ਸੋਚ-ਵਿਚਾਰ ਕੇ ਫੈਸਲਾ ਕੀਤਾ ਕਿ ਮੈਂ ਜਾਵਾਂਗਾ ਅਤੇ ਆਪਣਾ ਪੱਖ ਬੇਝਿਜਕ ਹੋ ਕੇ ਰੱਖਾਂਗਾ।

ਸਮਾਗਮ ਵਿਚ ਜਦੋਂ ਮੈਂ ਪੁੱਜਾ ਤਾਂ ਵਿਦਵਾਨਾਂ ਦੇ ਭਾਸ਼ਣ ਚੱਲ ਰਹੇ ਸਨ। ਮੈਨੂੰ ਵੀ ਸਟੇਜ ’ਤੇ ਬਿਠਾਇਆ ਗਿਆ ਜਿਥੇ ਸ੍ਰੀ ਦਲਾਈਲਾਮਾ ਜੀ, ਪ੍ਰੋ. ਰਿੰਨਪੋਚੇ, ਜੋਤਿਸ਼ਪੀਠ ਦੇ ਜਗਤ-ਗੁਰੂ ਸ਼ੰਕਰਾਚਾਰਯ, ਸੁਆਮੀ ਵਾਸੁਦੇਵ ਨੰਦ ਜੀ, ਆਚਾਰਯ ਧਰਮੇਂਦਰ ਜੀ ਮਹਾਰਾਜ, ਪ੍ਰੋਫੈਸਰ ਵਿਜੈ ਕੁਮਾਰ ਮਲਹੋਤਰਾ, ਆਚਾਰਯ ਸੁਸ਼ੀਲ ਮੁਨੀ ਜੀ ਦੀ ਸਿਖਿਆਰਥੀ ਸਾਧਵੀ ਸਾਧਨਾ ਜੀ ਬਿਰਾਜਮਾਨ ਸਨ। ਸਾਹਮਣੇ ਲੰਮੇ-ਚੌੜੇ ਹਾਲ ਵਿਚ ਨਜ਼ਰ ਮਾਰੀ ਤਾਂ ਮੇਰੇ ਤੋਂ ਸਿਵਾ ਕੋਈ ਦੂਜਾ ਸਿੱਖ ਮੈਨੂੰ ਨਜ਼ਰ ਨਹੀਂ ਆਇਆ। ਪਹਿਲੀ ਕਤਾਰ ਵਿਚ ਸ੍ਰੀ ਅਸ਼ੋਕ ਸਿੰਘਲ ਦੇ ਨਾਲ ਬਜਰੰਗ ਦਲ ਅਤੇ ਸ਼ਿਵ ਸੈਨਾ ਦੇ ਪ੍ਰਮੁੱਖ ਨੇਤਾ ਬੈਠੇ ਸਨ। ਇਕ ਪਾਸੇ ਪ੍ਰੈਸ ਅਤੇ ਫੋਟੋਗ੍ਰਾਫਰਾਂ ਲਈ ਸੀਟਾਂ ਰਾਖਵੀਆਂ ਸਨ ਅਤੇ ਉਨ੍ਹਾਂ ਦੀ ਗਿਣਤੀ ਵੀ 20-25 ਦੇ ਕਰੀਬ ਸੀ।

ਮੇਰੀ ਚਿੰਤਾ ਹੋਰ ਡੂੰਘੀ ਹੋ ਗਈ। ਜਿਹੜੇ ਵਕਤਾ ਮਹਾਨ ਵਟ-ਵ੍ਰਕਸ਼ ਦਾ ਗੁਣਗਾਨ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਆਪਣਾ ਗੁਣਗਾਨ ਸਮਾਪਤ ਕੀਤਾ ਤਾਂ ਪ੍ਰੋਫੈਸਰ ਵਿਜੈ ਕੁਮਾਰ ਮਲਹੋਤਰਾ ਨੂੰ ਮਾਈਕ ’ਤੇ ਬੁਲਾਇਆ ਗਿਆ। ਇਸ ਦੌਰਾਨ ਮੈਂ ਸੰਤੁਲਤ ਹੋ ਚੁਕਾ ਸਾਂ ਅਤੇ ਕੀ ਕਹਿਣਾ ਹੈ ਮਨ ਵਿਚ ਪੱਕਾ ਕਰ ਚੁਕਾ ਸਾਂ। ਮਲਹੋਤਰਾ ਜੀ ਨੇ ਆਰੰਭ ਹੀ ਇਸ ਗੱਲ ਤੋਂ ਕੀਤਾ ਕਿ ਸੰਨ 1951 ਦੀ ਜਨਗਣਨਾ ਸਮੇਂ ਭਾਰਤ ਵਿਚ 88% ਹਿੰਦੂ ਸਨ ਪਰ 1991 ਦੀ ਜਨਗਣਨਾ ਸਮੇਂ ਇਹ 85% ਰਹਿ ਗਏ ਹਨ- ਅਰਥਾਤ 3% ਘਟ ਗਏ ਹਨ। ਇਹ ਬੜੀ ਚਿੰਤਾ ਦਾ ਵਿਸ਼ਾ ਹੈ। ਸਾਨੂੰ ਹਿੰਦੂ ਸਵਾਭਿਮਾਨ ਨੂੰ ਬਲ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਤਨ ਕਰਨੇ ਚਾਹੀਦੇ ਹਨ ਆਦਿ ਆਦਿ। ਜਿਸ ਵੇਲੇ ਉਹ ਬੋਲੇ ਸਨ ਤਾਂ ਇਨ੍ਹਾਂ ਸਤਰਾਂ ਦੇ ਲੇਖਕ ਨੇ ਸਟੇਜ ਸਕੱਤਰ ਨੂੰ ਕਿਹਾ ਕਿ ਕ੍ਰਿਪਾ ਕਰਕੇ ਮੈਨੂੰ ਇਨ੍ਹਾਂ ਤੋਂ ਬਾਅਦ ਹੀ ਸਮਾਂ ਦੇ ਦਿੱਤਾ ਜਾਵੇ। ਮੈਨੂੰ ਸਮਾਂ ਦੇ ਦਿੱਤਾ ਗਿਆ। ਬੋਲਣਾ ਹਿੰਦੀ ਵਿਚ ਸੀ ਅਤੇ 1983 ਵਿਚ ਬਨਾਰਸ ਤੋਂ ਪਟਿਆਲਾ ਯੂਨੀਵਰਸਿਟੀ ਵਿਚ ਆ ਜਾਣ ਪਿੱਛੋਂ ਇਹ ਪਹਿਲਾ ਮੌਕਾ ਸੀ ਕਿ ਮੇਰੀ ਹਿੰਦੀ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਪੂਰੀ ਤਰ੍ਹਾਂ ਮੇਰੇ ਕੰਮ ਆਈ। ਮਹਾਂਭਾਰਤ, ਰਾਮਚਰਿਤਮਾਨਸ, ਮੀਮਾਂਸਾ ਸ਼ਾਸਤ੍ਰ ਤੇ ਗੀਤਾ ਆਦਿ ਦੀਆਂ ਤੁਕਾਂ ਵਰਤ ਕੇ ਮੈਂ ਪਹਿਲਾਂ ਧਰਮ ਦੀ ਵਿਆਖਿਆ ਕੀਤੀ। ਫਿਰ ਗੁਰੂ ਗ੍ਰੰਥ ਸਾਹਿਬ ਦੇ ਆਧਾਰ ’ਤੇ ਧਰਮ ਦਾ ਵਿਲੱਖਣ ਚਿੰਤਨ-ਦਰਸ਼ਨ ਪ੍ਰਸਤੁਤ ਕੀਤਾ ਤਾਂ ਕਿ ਸਰੋਤਿਆਂ ਨੂੰ ਸਮਝ ਆ ਜਾਵੇ ਕਿ ਵਕਤਾ ਕੇਵਲ ਸਿੱਖ ਮੱਤ ਬਾਰੇ ਹੀ ਨਹੀਂ ਸਾਡੇ ਮੱਤ ਬਾਰੇ ਵੀ ਲੋੜੀਂਦੀ ਜਾਣਕਾਰੀ ਰੱਖਦਾ ਹੈ। ਆਪਣੀ ਹਮਦਰਦੀ ਪ੍ਰਗਟ ਕਰਦਿਆਂ ਮੈਂ ਕਿਹਾ ਕਿ ਇਹ ਵਾਕਈ ਚਿੰਤਾ ਦਾ ਵਿਸ਼ਾ ਹੈ ਕਿ ਹਿੰਦੁਸਤਾਨ ਵਿਚ ਹੀ ਹਿੰਦੂਆਂ ਦੀ ਗਿਣਤੀ ਨੂੰ ਖੋਰਾ ਲੱਗ ਰਿਹਾ ਹੈ। ਤਿੰਨ ਪ੍ਰਤੀਸ਼ਤ ਦਾ ਮਤਲਬ ਸਿੱਧਾ ਤਿੰਨ ਕਰੋੜ ਹੈ। ਇਹ ਬਹੁਤ ਚੰਗਾ ਹੈ ਕਿ ਮਾਨਯੋਗ ਸ਼ੰਕਰਾਚਾਰਯ ਜੀ ਇਥੇ ਬਿਰਾਜਮਾਨ ਹਨ। ਪਰ ਮੇਰੇ ਮਨ ਵਿਚ ਇਕ ਖਿਆਲ ਬਾਰ-ਬਾਰ ਆ ਰਿਹਾ ਹੈ ਕਿ ਗਿਣਤੀ ਨੂੰ ਖੋਰਾ ਕਿਧਰੇ ਇਸ ਕਰਕੇ ਤੇ ਨਹੀਂ ਲੱਗ ਰਿਹਾ ਕਿ ਇਹ ਮਹਾਨ ਕੌਮ ਅਜੇ ਵੀ ਚਾਰ-ਪੰਜ ਹਜ਼ਾਰ ਸਾਲ ਪੁਰਾਣੀਆਂ, ਵਿਸ਼ੇਸ਼ ਕਰਕੇ ਵਰਨ-ਵਿਵਸਥਾ ਨਾਲ ਸੰਬੰਧਤ ਮਾਨਤਾਵਾਂ ਨਾਲ ਚੰਬੜੀ ਹੋਈ ਹੈ ਅਤੇ ਲੋਕ ਊਚ-ਨੀਚ ਦੇ ਭਾਰੀ ਡੰਡੇ ਹੇਠੋਂ ਬਚ ਕੇ ਦੂਜੇ ਪਾਸਿਆਂ ਵੱਲ ਭੱਜ ਰਹੇ ਹਨ। ਉਂਜ ਦੂਜੇ ਮੱਤਾਂ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਮੱਤ ਅਤੇ ਉਨ੍ਹਾਂ ਦੀਆਂ ਰਹਿਤ ਮਰਯਾਦਾਵਾਂ ਉਸ ਸਮੇਂ ਦੀ ਜ਼ਰੂਰਤ ਸੀ ਜਦੋਂ ਇਹ ਹੋਂਦ ਵਿਚ ਆਏ ਸਨ, ਹੁਣ ਇਨ੍ਹਾਂ ਦੀ ਕੋਈ ਲੋੜ ਨਹੀਂ ਹੈ, ਇਨ੍ਹਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ। ਕੀ, ਇਸ ਮਹਾਨ ਧਰਮ ਵਿਚ ਸਭ ਕੁਝ ਤਰੋਤਾਜ਼ਾ ਹੈ ਕਿਧਰੇ ਵੀ ਕੁਝ ਸੜਿਆ-ਗਲ਼ਿਆ ਨਹੀਂ ਜਿਸ ਦਾ ਤਿਆਗ ਕੀਤਾ ਜਾਏ ਅਤੇ ਲੋਕਾਂ ਨੂੰ ਨਕਲੀ ਵੰਡੀਆਂ ਵਿਚੋਂ ਕੱਢ ਕੇ ਇਕ ਧਰਾਤਲ ’ਤੇ ਆਉਣ ਦਾ ਮੌਕਾ ਦਿੱਤਾ ਜਾਵੇ। ਕੀ ਅੱਜ ਇਸ ਸਮਾਗਮ ਵਿਚ ਮਾਨਯੋਗ ਸ਼ੰਕਰਾਚਾਰਯ ਜੀ ਕੋਈ ਦਿਸ਼ਾ ਨਿਰਦੇਸ਼ ਦੇਣ ਦੀ ਖੇਚਲ ਕਰਨਗੇ? ਸਿੱਖ ਮੱਤ ਇਸ ਵਰਨ ਵਿਵਸਥਾ ਨੂੰ ਪੰਜ ਸੌ ਸਾਲ ਪਹਿਲਾਂ ਹੀ ਨਕਾਰ ਚੁਕਾ ਹੈ ਅਤੇ ਏਹੋ ਹੀ ਇਸ ਦੀ ਵਿਲੱਖਣਤਾ ਅਤੇ ਭਿੰਨਤਾ ਹੈ। ਦੂਜੀ ਇਕ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਮੰਚ ਤੋਂ ਗੱਲ ਤਾਂ ਏਕਤਾ (unity) ਦੀ ਕੀਤੀ ਜਾ ਰਹੀ ਹੈ ਪਰ ਭਾਰਤ ਦੇ ਵਸਨੀਕਾਂ ਦੀ ਅਨੇਕਤਾ (diversity) ਉਨ੍ਹਾਂ ਦੇ ਵੱਖਰੇ ਸਭਿਆਚਾਰਾਂ ਦੀ ਹੋਂਦ ਨੂੰ ਮੰਨਿਆ ਹੀ ਨਹੀਂ ਜਾ ਰਿਹਾ। ਏਕਤਾ ਦੀ ਮੁੱਢਲੀ ਸ਼ਰਤ ਅਤੇ ਸਥਿਤੀ ਹੀ ਅਨੇਕਤਾ ਹੈ, ਜੇਕਰ ਅਨੇਕਤਾ ਨਹੀਂ ਹੈ ਤਾਂ ਏਕਤਾ ਕਿਥੇ ਖੋਜੀ ਜਾ ਰਹੀ ਹੈ? ਦਰਅਸਲ ਏਕਤਾ ਦੇ ਪਰਦੇ ਪਿੱਛੇ ਇਕਪੂਰਤਾ (Uniformity) ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਮੰਨਣਾ ਸੰਭਵ ਨਹੀਂ ਹੈ। ਇਹ ਸੰਭਵ ਇਸ ਲਈ ਵੀ ਨਹੀਂ ਕਿਉਂਕਿ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਵਿਚ ਪਰਮਾਤਮਾ ਬੇਸ਼ੱਕ ਕਿਣਕੇ ਕਿਣਕੇ ਵਿਚ ਵੱਸ ਰਿਹਾ ਹੈ ਪਰ ਫਿਰ ਵੀ ਨਾ ਕੋਈ ਰੁੱਖ ਇਕ ਦੂਜੇ ਵਰਗਾ ਹੈ, ਨਾ ਕੋਈ ਮਨੁੱਖ ਦੂਜੇ ਵਰਗਾ ਅਤੇ ਨਾ ਹੀ ਕੋਈ ਪਸ਼ੂ ਦੂਜੇ ਵਰਗਾ ਹੈ। ਹਰ ਇਕ ਵਿਲੱਖਣ ਹੈ ਅਤੇ ਪਰਮਾਤਮਾ ਦੀ ਕਲਾ ਦਾ ਅਦਭੁੱਤ ਨਮੂਨਾ ਹੈ। ਕੁਦਰਤ ਦੇ ਖਿਲਾਫ਼ ਚੱਲਣ ਵਾਲੇ ਜੇਕਰ ਇਹ ਸੋਚਣ ਅਤੇ ਮੰਨਵਾਉਣ ਦੀ ਕੋਸ਼ਿਸ਼ ਕਰਨ ਕਿ ਸਾਰੇ ਭਾਰਤ ਰੂਪੀ ਚਰਾਗਾਹ ਵਿਚ ਇਕੋ ਹੀ ਕਿਸਮ ਦਾ ਘਾਹ ਹੋਵੇ ਅਤੇ ਇਕੋ ਹੀ ਕਿਸਮ ਦੇ ਪਸ਼ੂ ਇਸ ਨੂੰ ਚਰਣ ਤਾਂ ਇਹ ਸੁਪਨਾ ਕਦੀ ਪੂਰਾ ਨਹੀਂ ਹੋ ਸਕਦਾ। ਭਾਰਤੀ ਹੋਣ ਵਿਚ ਇਕ ਸਿੱਖ ਨੂੰ, ਮੁਸਲਮਾਨ ਨੂੰ, ਈਸਾਈ ਨੂੰ, ਬੋਧੀ ਨੂੰ ਤੇ ਜੈਨੀ ਨੂੰ ਪੂਰਾ ਫ਼ਖਰ ਹੋ ਸਕਦਾ ਹੈ। ਪਰ ਜੇਕਰ ਭਾਰਤੀਅਤਾ ਦੀ ਠੇਕੇਦਾਰੀ ਕੇਵਲ ਕੋਈ ਇਕ ਮੱਤ ਹੀ ਲੈਣ ਦੀ ਕੋਸ਼ਿਸ਼ ਕਰੇਗਾ ਅਤੇ ਆਪਣੀ ਬਹੁਗਿਣਤੀ ਦੇ ਬਲ ’ਤੇ ਦੂਜਿਆਂ ਨੂੰ ਨੀਵਾਂ ਵੇਖਣ ਵਿਖਾਉਣ ਦੀ ਕੋਸ਼ਿਸ਼ ਕਰੇਗਾ ਤਾਂ ਦਰਅਸਲ ਉਹ ਭਾਰਤ ਅਤੇ ਭਾਰਤੀਅਤਾ ਦਾ ਸਭ ਤੋਂ ਵੱਡਾ ਦੁਸ਼ਮਣ ਸਮਝਿਆ ਜਾਵੇਗਾ।

ਬੜੀ ਸ਼ਰਮ ਅਤੇ ਅਫਸੋਸ ਦੀ ਗੱਲ ਹੈ ਕਿ ਭਾਰਤ ਵਿਚ ਗਰੀਬੀ, ਬਿਮਾਰੀ, ਅਨਪੜ੍ਹਤਾ ਦੀਆਂ ਲਾਹਨਤਾਂ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਦੇ ਖਾਤਮੇ ’ਤੇ ਤਾਕਤ ਲਾਉਣ ਦੀ ਬਜਾਏ ਦੇਸ਼ ਵਾਸੀਆਂ ਨੂੰ ਹੋਰਨਾਂ ਭੰਬਲਭੂਸਿਆਂ ਵਿਚ ਪਾਇਆ ਜਾ ਰਿਹਾ ਹੈ। ਸਿੱਖ ਮੱਤ ਦੇ ਪੈਰੋਕਾਰਾਂ ਨੂੰ ਇਕ ਗੱਲ ਹੋਰ ਵੀ ਵਿਉਂਤਬੱਧ ਢੰਗ ਨਾਲ ਸਮਝਾਈ ਜਾ ਰਹੀ ਹੈ ਕਿ ਸਿੱਖ ਧਰਮ ਗ੍ਰੰਥਾਂ ਵਿਚ ਸੈਂਕੜੇ ਹਜ਼ਾਰਾਂ ਵਾਰ ਰਾਮ ਅਤੇ ਕ੍ਰਿਸ਼ਨ ਦਾ ਨਾਂ ਆਇਆ ਹੈ, ਹੋਰਨਾਂ ਦੇਵੀ-ਦੇਵਤਿਆਂ ਦਾ ਵੀ ਜ਼ਿਕਰ ਆਇਆ ਹੈ। ਇਸ ਲਈ ਸਿੱਖ ਮੱਤ ਦਰਅਸਲ ਹਿੰਦੂ ਮੱਤ ਦਾ ਹੀ ਇਕ ਰੂਪ ਹੈ। ਭੋਲੇ-ਭਾਲੇ ਲੋਕ ਇਸ ਪ੍ਰਚਾਰ ਦੇ ਪ੍ਰਭਾਵ ਥੱਲੇ ਆ ਵੀ ਰਹੇ ਹਨ ਅਤੇ ਰਾਸ਼ਟਰੀ ਸਿੱਖ ਸੰਗਤ ਵਿਚ ਆਪਣੀਆਂ ਹਾਜ਼ਰੀਆਂ ਵੀ ਭਰ ਰਹੇ ਹਨ। ਜਨੂੰਨ ਦੀ ਹੱਦ ਤਕ ਜਾਣ ਵਾਲੇ ਰਾਸ਼ਟਰਵਾਦੀ ਸਿੱਖ ਸੰਗਤੀਆਂ ਨੂੰ ਇਕ ਸੁਆਲ ਪੁੱਛਿਆ ਜਾ ਸਕਦਾ ਹੈ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਮਾਨਯੋਗ ਈਸਾ ਮਸੀਹ ਇਕ ਯਹੂਦੀ ਘਰ ਵਿਚ ਪੈਦਾ ਹੋਏ ਹਨ। ਈਸਾਈਅਤ ਯਹੂਦੀ ਮੱਤ ਤੋਂ ਨਿਕਲੀ ਹੈ ਅਤੇ ਇਸਲਾਮ ਦੇ ਪੈਰੋਕਾਰਾਂ ਦੀ ਪਵਿੱਤਰ ਕੁਰਾਨ ਸ਼ਰੀਫ ਵਿਚ ਯਹੂਦੀ ਅਤੇ ਈਸਾਈ ਦੋਵਾਂ ਮੱਤਾਂ ਦੇ ਪੈਗ਼ੰਬਰਾਂ ਦੇ ਨਾਂ ਬੜੇ ਆਦਰ ਨਾਲ ਲਏ ਗਏ ਹਨ। ਏਸੇ ਅਧਾਰ ’ਤੇ ਰਾਸ਼ਟਰੀਅਤਾ ਜਾਂ ਇਉਂ ਕਹਿ ਲਓ ਭਾਰਤੀਅਤਾ ਦੇ ਨਵ ਜਨਮੇ ਠੇਕੇਦਾਰ ਕਿਸੇ ਮੁਸਲਮਾਨ ਨੂੰ ਈਸਾਈ ਜਾਂ ਯਹੂਦੀ ਮੰਨੇ ਜਾਣ ਲਈ ਮਜਬੂਰ ਕਰ ਸਕਦੇ ਹਨ ਜਾਂ ਫਿਰ ਕਿਸੇ ਈਸਾਈ ਨੂੰ ਯਹੂਦੀ ਜਾਂ ਮੁਸਲਮਾਨ ਕਿਹਾ ਜਾ ਸਕਦਾ। ਉਹ ਮੱਤ ਤਾਂ ਵੱਖਰੇ ਮੱਤ ਹਨ ਪਰ ਭਾਰਤ ਵਿਚ ਪੈਦਾ ਹੋਣ ਵਾਲੇ ਅਤੇ ਰਾਮ-ਕ੍ਰਿਸ਼ਨ ਦੇ ਨਾਵਾਂ ਨੂੰ ਆਦਰ ਪੂਰਵਕ ਵਰਤਣ ਅਤੇ ਆਮ ਜਨਤਾ ਨੂੰ ਧਾਰਮਿਕਤਾ ਦੇ ਘੇਰੇ ਵਿਚ ਲਿਆਉਣ ਲਈ ਉਨ੍ਹਾਂ ਨਾਲ ਸੰਬੰਧਤ ਕੇਵਲ ਪ੍ਰੇਰਕ ਪ੍ਰਸੰਗਾਂ ਨੂੰ ਵਰਤਣ ਦੀ ਸਿੱਖ ਮੱਤ ਨੂੰ ਇਹ ਸਜ਼ਾ ਹੈ ਕਿ ਉਹ ਆਪਣੇ ਆਪ ਨੂੰ ਹਿੰਦੂ ਕਹੇ ਅਤੇ ਰਿਆਇਤ ਇਹ ਦਿੱਤੀ ਜਾਂਦੀ ਹੈ ਕਿ ਜੇ ਇਹ ਨਹੀਂ ਤਾਂ ਘੱਟੋ ਘੱਟ ਕੇਸਾਧਾਰੀ ਹਿੰਦੂ ਕਹੇ। ਸਿੱਖ ਮੱਤ ਦੇ ਮੂਲ ਗ੍ਰੰਥਾਂ ਦੀ ਭਾਵਨਾ ਨੂੰ ਅੱਖੋਂ-ਪਰੋਖੇ ਕਰਕੇ ਦੂਜੇ-ਤੀਜੇ ਦਰਜੇ ਦੇ ਸਾਹਿਤ ਵਿਚੋਂ ਉਦਾਹਰਣਾਂ ਦੇ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਿੱਖਾਂ ਦਾ ਮੂਲ ਧੁਰਾ ਗੁਰੂ ਗ੍ਰੰਥ ਸਾਹਿਬ ਹੈ ਅਤੇ ਇਹੋ ਹੀ ਇਕੱਲਾ ਅਜਿਹਾ ਭਾਰਤੀ ਗ੍ਰੰਥ ਹੈ, ਜਿਸ ਨੇ ਪਿਛਲੇ ਪੰਜ ਹਜ਼ਾਰ ਸਾਲਾਂ ਦੇ ਚਲਾਏ ਹੋਏ ਪ੍ਰਪੰਚਾਂ ਦੀ ਜਕੜ ਵਿਚੋਂ ਕੱਢ ਕੇ ਭਾਰਤੀ ਲੋਕਾਂ ਨੂੰ ਇਹ ਜਾਚ ਸਿਖਾਈ ਹੈ ਕਿ ਕਿਵੇਂ ਸਾਰੀਆਂ ਕੌਮਾਂ ਅਤੇ ਉਨ੍ਹਾਂ ਦੀਆਂ ਲਿਤਾੜੀਆਂ ਹੋਈਆਂ ਸ਼੍ਰੇਣੀਆਂ ਨੂੰ ਸਨਮਾਨਪੂਰਨ ਜੀਵਨ ਜੀਣ ਦੀ ਕਲਾ ਦੇ ਸਨਮੁਖ ਕਰਨਾ ਹੈ। ਆਦਰ ਕਰਨਾ ਅਤੇ ਪਰਮਾਤਮਾ ਮੰਨਣਾ ਦੋਵੇਂ ਵੱਖਰੀਆਂ ਗੱਲਾਂ ਹਨ। ਸਿੱਖ ਮੱਤ ਦਾ ਮੂਲ ਮੰਤਰ ਹੀ ਇਹ ਹੈ ਕਿ ਉਹ ਅਵਤਾਰਵਾਦ ਨੂੰ ਨਹੀਂ ਮੰਨਦਾ ਪਰ ਯੁੱਗ-ਪੁਰਸ਼ਾਂ ਦਾ ਨਿਰਾਦਰ ਵੀ ਨਹੀਂ ਕਰਦਾ। ਇਹ ਆਪਣੇ ਸਮਿਆਂ ਦੇ ਮਹਾਨ ਰਾਜਾਗਣ ਸਨ, ਜਿਨ੍ਹਾਂ ਨੂੰ ਲੋਕਾਂ ਨੇ ਉਨ੍ਹਾਂ ਦੀ ਹਰਮਨਪਿਆਰਤਾ ਕਾਰਨ ਅਵਤਾਰੀ ਪੁਰਸ਼ਾਂ ਦੀ ਸੰਗਿਆ ਦਿੱਤੀ ਹੈ - ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ - (ਆਸਾ ਮ: 3, ਪੰਨਾ 423) ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਭੜਕਾਹਟ ਸਿੱਖਾਂ ਨੂੰ ਮਜਬੂਰ ਨਹੀਂ ਕਰ ਸਕਦੀ ਕਿ ਉਹ ਇਨ੍ਹਾਂ ਮਹਾਂਪੁਰਖਾਂ ਦਾ ਨਿਰਾਦਰ ਕਰਨ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਇਹ ਰਾਸ਼ਟਰੀ ਸਿੱਖ ਸੰਗਤੀਏ ਜਾਂ ਇਨ੍ਹਾਂ ਦੇ ਦੂਰ-ਦੁਰਾਡੇ ਬੈਠੇ ਮਾਰਗ-ਦਰਸ਼ਕ ਹੋਣਗੇ।

ਮੇਰੇ ਇਸ ਕਥਨ ਤੋਂ ਬਾਅਦ ਉਥੇ ਬੈਠੇ ਸਰੋਤਿਆਂ ਵਿਚ ਸੂਈ ਸੁੱਟ ਸੰਨਾਟਾ ਪਸਰ ਗਿਆ। ਆਯੋਜਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਸ਼ਾਇਦ ਗ਼ਲਤ ਆਦਮੀ ਬੁਲਾ ਲਿਆ ਹੈ। ਪਰ ਮੈਂ ਇਸ ਗੱਲ ਦੀ ਤਾਰੀਫ ਵੀ ਕਰਾਂਗਾ ਕਿ ਕਿਸੇ ਨੇ ਭੀ ਮੈਨੂੰ ਟੋਕਿਆ ਨਹੀਂ ਅਤੇ ਨਾ ਕੋਈ ਜੈਕਾਰੇ-ਲਲਕਾਰੇ ਵਰਗੀ ਕਾਰਵਾਈ ਕੀਤੀ। ਦਾਸ ਨੇ ਆਪਣੀ ਬੇਨਤੀ ਜਾਰੀ ਰੱਖੀ ਕਿ ਭਾਰਤੀ ਦਰਸ਼ਨ ਦਾ ਬਨਾਰਸ ਦੀ ਯੂਨੀਵਰਸਿਟੀ ਵਿਚ ਉਚੇਰਾ ਅਧਿਐਨ ਅਧਿਆਪਨ ਕਰਨ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਭਾਰਤੀ ਦਰਸ਼ਨ ਰਿਗਦੇਵ ਤੋਂ ਆਰੰਭ ਹੋ ਕੇ ਤੇਹਰਵੀਂ ਚੌਦ੍ਹਵੀਂ ਸਦੀ ਤਕ ਰਾਮਾਨੁਜ, ਮਧਵਾਚਾਰਯ, ਵਲਭਾਚਾਰਯ ਅਤੇ ਨਿੰਬਾਰਕਾਚਾਰਯ ’ਤੇ ਆ ਕੇ ਸਮਾਪਤ ਹੋ ਗਿਆ ਮੰਨਿਆ ਜਾਂਦਾ ਹੈ। ਫਿਰ ਛਾਲ ਮਾਰ ਕੇ ਅਸੀਂ ਵੀਹਵੀਂ ਸਦੀ ਵਿਚ ਆ ਜਾਂਦੇ ਹਾਂ, ਜਿਸ ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਸ੍ਰੀ ਰਵਿੰਦਰ ਨਾਥ ਟੈਗੋਰ, ਸ੍ਰੀ ਅਰਬਿੰਦ, ਪ੍ਰੋ. ਕੇ. ਸੀ. ਭੱਟਾਚਾਰੀਆ, ਡਾ. ਰਾਧਾਕ੍ਰਿਸ਼ਨਨ ਅਤੇ ਮਹਾਤਮਾ ਗਾਂਧੀ ਆਦਿ ਸਾਰੇ ਫ਼ਿਲਾਸਫਰ ਹਨ। ਹਾਲਾਂ ਕਿ ਇਨ੍ਹਾਂ ਵਿਚੋਂ ਬਹੁਤਿਆਂ ਨੇ ਕੋਈ ਨਵਾਂ ਦਰਸ਼ਨ (ਫਲਸਫ਼ਾ) ਨਹੀਂ ਦਿੱਤਾ ਬਲਕਿ ਭਾਰਤੀ ਦਰਸ਼ਨ ਦੀ ਹੀ ਵਿਆਖਿਆ ਕੀਤੀ ਹੈ ਅਤੇ ਬੜੀ ਚੰਗੀ ਵਿਆਖਿਆ ਕੀਤੀ ਹੈ। ਪਰ ਕੀ ਕੋਈ ਦੱਸੇਗਾ ਕਿ 1469 ਤੋਂ ਲੈ ਕੇ 1708 ਤਕ ਉੱਤਰੀ ਭਾਰਤ ਵਿਚ ਇਕ ਮਹਾਨ ਅਤੇ ਸਫਲ ਪ੍ਰਯੋਗ ਦੇ ਫਲਸਰੂਪ ਹੋਂਦ ਵਿਚ ਆਏ ਖਾਲਸਾ ਦਰਸ਼ਨ ਜਾਂ ਸਿੱਖ ਫ਼ਿਲਾਸਫੀ ਨੂੰ ਭਾਰਤੀ ਦਰਸ਼ਨਾਂ ਦੇ ਇਤਿਹਾਸ ਵਿਚ ਕਿਧਰੇ ਇਕ ਫੁੱਟ ਨੋਟ ਜਿੰਨੀ ਵੀ ਥਾਂ ਕਿਉਂ ਨਹੀਂ ਦਿੱਤੀ ਗਈ ? ਇਹ ਕਿਹੋ ਜਿਹਾ ਭਾਈਚਾਰਾ ਹੈ ਅਤੇ ਕਿਹੋ ਜਿਹੀ ਏਕਤਾ ਹੈ ? ਸਿੱਖ ਫ਼ਿਲਾਸਫੀ ਉਹ ਫ਼ਿਲਾਸਫੀ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਕਹਾਵਤ ਨੂੰ ਉਲਟਾ ਕੇ ਰੱਖ ਦਿੱਤਾ ਕਿ ਹਾਥੀ ਦੀ, ਘੋੜੇ ਦੀ ਬਲੀ ਨਹੀਂ ਦਿੱਤੀ ਜਾਂਦੀ ਅਤੇ ਸ਼ੇਰ ਦੀ ਤਾਂ ਬਿਲਕੁਲ ਹੀ ਬਲੀ ਨਹੀਂ ਦਿੱਤੀ ਜਾਂਦੀ, ਜਦੋਂ ਵੀ ਬਲੀ ਦਿੱਤੀ ਜਾਂਦੀ ਹੈ ਬੱਕਰੀ ਦੇ ਬੱਚੇ ਦੀ ਹੀ ਬਲੀ ਦਿੱਤੀ ਜਾਂਦੀ ਹੈ। ਵਿਧਾਤਾ ਵੀ ਸ਼ਾਇਦ ਕਮਜ਼ੋਰ ਨੂੰ ਹੀ ਮਾਰਦਾ ਹੈ- ਗਜਮ ਨੈਵ ਹਯਮ ਨੈਵ: ਵਿਆਘਰਮ ਨੈਵ ਚ ਨੈਵ ਚ। ਅਜਾ ਸੁਤਿਮ ਬਲਿਮ ਦਦਯਾਤ ਦੈਵੋ ਦੁਰਬਲ ਘਾਤਕ:। ਬੱਕਰੀ ਦੇ ਬੱਚਿਆਂ ਨੂੰ ਸ਼ੇਰ ਬਣਾਉਣ ਵਾਲੇ, ਭਾਰਤ ਦੀਆਂ ਪੱਛਮੀ ਹੱਦਾਂ ਨੂੰ ਸਦਾ ਲਈ ਸੁਰੱਖਿਅਤ ਅਤੇ ਸੀਲ ਕਰ ਦੇਣ ਵਾਲੇ ਸਿੱਖ ਫਲਸਫ਼ੇ ਨੂੰ ਫ਼ਿਲਾਸਫੀ ਦੇ ਅਧਿਐਨ ਦੀ ਕਿਸੇ ਪੱਧਰ ਉਤੇ ਵੀ ਕਿਸੇ ਸਿਲੇਬਸ ਵਿਚ ਸ਼ਾਮਲ ਨਾ ਕਰਨਾ ਕਿਸ ਤਰ੍ਹਾਂ ਦੀ ਵੱਖਵਾਦੀ ਸੋਚ ਹੈ ? ਇਸ ਦਾ ਨਿਰਪੱਖ ਜੁਆਬ ਲੱਭਿਆ ਜਾਣਾ ਚਾਹੀਦਾ। ਆਪਣੀ ਸ਼ਕਤੀ ਨੂੰ ਬੇਅਰਥੇ ਕੰਮਾਂ ਵਿਚ ਲਾਉਣ ਦੀ ਬਜਾਏ ਅਨੇਕਤਾ ਨੂੰ ਪ੍ਰਫੁੱਲਤ ਕਰਨ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਗੱਲਾਂ ਹੋਰ ਵੀ ਬਹੁਤ ਹੋਈਆਂ ਅਤੇ ਮੰਚ ਤੋਂ ਮੇਰਾ ਧੰਨਵਾਦ ਦੈਨਿਕ ਜਾਗਰਣ ਸਮਾਚਾਰ ਸਮੂਹ ਦੇ ਮੁੱਖ ਸੰਪਾਦਕ ਸ੍ਰੀ ਨਰੇਂਦ੍ਰ ਮੋਹਨ ਨੇ ਕੀਤਾ ਅਤੇ ਸੈਸ਼ਨ ਸਮਾਪਤ ਹੋਣ ’ਤੇ ਸ਼੍ਰੀ ਅਸ਼ੋਕ ਸਿੰਘਲ ਨੇ ਮੇਰੇ ਬੇਬਾਕ ਕਥਨਾਂ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੇਰੇ ਤੋਂ ਬਾਅਦ ਬੁੱਧ ਮੱਤ ਦੇ ਪ੍ਰਮੁੱਖ ਵਿਦਵਾਨ ਅਤੇ ਸਾਰਨਾਥ ਇੰਸਟੀਚਿਊਟ ਆਫ ਹਾਇਰ ਸਟੱਡੀਜ਼ ਇਨ ਬੁਧਿਜ਼ਮ, ਪ੍ਰੋ. ਐੱਸ. ਰਿੰਨਪੋਚੇ ਨੇ ਵੀ ਮੇਰੇ ਕਥਨਾਂ ਦੀ ਪ੍ਰੋੜਤਾ ਕੀਤੀ ਅਤੇ ਸਪਸ਼ਟ ਲਫਜ਼ਾਂ ਵਿਚ ਕਿਹਾ ਕਿ ਸਾਨੂੰ ਏਕਤਾ (ਇਕਰੂਪਤਾ) ਦੀ ਵਧੇਰੇ ਚਿੰਤਾ ਨਾ ਕਰਕੇ ਅਨੇਕਤਾ ਨੂੰ ਪੁਸ਼ਟ ਕਰਨਾ ਚਾਹੀਦਾ ਹੈ। ਨਤੀਜਾ ਇਹ ਨਿਕਲਿਆ ਕਿ ਅਨੇਕਾਂ ਸਮਾਚਾਰ ਸੰਵਾਦਦਾਤਾ ਅਤੇ ਫੋਟੋਗ੍ਰਾਫਰ ਉਥੇ ਮੌਜੂਦ ਹੋਣ ਦੇ ਬਾਵਜੂਦ ਸੈਮੀਨਾਰ ਦੀ ਕਾਰਵਾਈ ਦੀ ਕੋਈ ਰਿਪੋਰਟਿੰਗ ਨਹੀਂ ਕੀਤੀ ਗਈ ਅਤੇ ਕੋਈ ਸਮਾਚਾਰ ਅਗਲੇ ਦਿਨ ਨਹੀਂ ਛਪਿਆ (ਜਾਂ ਛਾਪਣ ਨਾ ਦਿੱਤਾ ਗਿਆ)। ਸੋ ਇਹ ਹੈ ਸਾਡੀ ਏਕਤਾ ਤੇ ਅਖੰਡਤਾ ਦੀ ਪਹੁੰਚ ਵਿਧੀ !

ਇਸ ਸਾਰੇ ਪ੍ਰਸੰਗ ਦੇ ਸੰਦਰਭ ਵਿਚ ਇਕ ਗੱਲ ਸਿੱਖਾਂ ਨਾਲ ਵੀ ਕਰਨੀ ਬਣਦੀ ਹੈ। ਸਿੱਖਾਂ ਦੀਆਂ ਸ਼ਕਤੀਸ਼ਾਲੀ ਸੰਸਥਾਵਾਂ, ਧਰਮ ਕੇਂਦਰਿਤ ਨਾ ਹੋ ਕੇ ਵਿਅਕਤੀ ਕੇਂਦਰਿਤ ਸੰਸਥਾਵਾਂ ਬਣ ਕੇ ਰਹਿ ਗਈਆਂ ਹਨ। ਕੌਣ ਨਹੀਂ ਜਾਣਦਾ ਕਿ ਪਿਛਲੇ 25-30 ਸਾਲਾਂ ਵਿਚ ਇਕ ਪੂਰੇ ਨਿਯੋਜਿਤ ਢੰਗ ਨਾਲ ਸਿੱਖਾਂ ਦੇ ਇਤਿਹਾਸਕ ਧਰਮ-ਅਸਥਾਨਾਂ ਨੂੰ ਕੇਵਲ ਹਾਲ ਕਮਰਿਆਂ ਵਿਚ ਤਬਦੀਲ ਹੀ ਨਹੀਂ ਕਰ ਦਿੱਤਾ ਗਿਆ ਬਲਕਿ ਉਨ੍ਹਾਂ ਦੀ ਪੁਸਤਕਾਂ ਵਿਚ ਆਈ ਰੂਪ ਬਣਤਰ ਨੂੰ ਮੂਲੋਂ ਹੀ ਨਸ਼ਟ ਕਰਕੇ ਸਾਰੀ ਇਤਿਹਾਸਕਾਰੀ ਅਤੇ ਸਿੱਖ ਪਨੀਰੀ ਦੀ ਆਸਥਾ ’ਤੇ ਹੀ ਸੁਆਲੀਆ ਨਿਸ਼ਾਨ ਲਾ ਦਿੱਤਾ ਗਿਆ ਹੈ। ਹਜ਼ਾਰਾਂ ਸਾਲ ਪੁਰਾਣੇ ਜਗਨਨਾਥ ਪੁਰੀ ਦੇ ਮੰਦਰ, ਤਿਰੁਪਤੀ ਦੇ ਮੰਦਰ, ਮਦੁਰਾਇ ਦੇ ਮੀਨਾਕਸ਼ੀ ਮੰਦਰ ਨੂੰ ਜਿਉਂ ਦਾ ਤਿਉਂ ਰੱਖਣ ਦੇ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮੈਂ ਸਮਝਦਾ ਹਾਂ ਕਲਾ-ਸੰਸਕ੍ਰਿਤੀ ਦੀ ਰਾਖੀ ਦੇ ਇਹ ਉਦਮ ਸ਼ਲਾਘਾਯੋਗ ਹਨ। ਪਰ ਅਫਸੋਸ ਹੈ ਕਿ ਸਿੱਖ ਅਠ੍ਹਾਰਵੀਂ ਜਾਂ ਉਨ੍ਹੀਂਵੀ ਸਦੀ ਦੇ ਬਣਾਏ ਇਤਿਹਾਸਕ ਸਥਾਨਾਂ ਨੂੰ ਵੀ ਉਨ੍ਹਾਂ ਦੇ ਮੂਲ ਰੂਪ ਵਿਚ ਸੁਰੱਖਿਅਤ ਨਹੀਂ ਰੱਖ ਸਕੇ। ਸਿੱਖਾਂ ਦੀ ਦੂਜੀ ਬਦਕਿਸਮਤੀ ਇਹ ਹੈ ਕਿ ਸਿੱਖ ਲੀਡਰਾਂ ਨੂੰ ਜਾਂ ਤਾਂ ਕੁਰਸੀ ਪ੍ਰਾਪਤੀ ਦੀ ਤੜਫ ਨੇ ਬੇਹਾਲ ਕੀਤਾ ਹੋਇਆ ਹੈ ਅਤੇ ਜਾਂ ਜਿਸ ਨੂੰ ਕੋਈ ਨਾ ਕੋਈ ਕੁਰਸੀ ਮਿਲ ਗਈ ਹੈ ਉਹ ਉਸ ਨੂੰ ਬਚਾਉਣ ਲਈ ਕਲਾਬਾਜ਼ੀਆਂ ਲਾ ਰਿਹਾ ਹੈ। ਸਿੱਖ ਕੌਮ ਨੇ ਪਿਛਲੇ ਪੰਜ-ਸੱਤ ਸਾਲਾਂ ਵਿਚ ਘੱਟੋ-ਘੱਟ ਦਸ ਅਰਬ ਰੁਪਿਆ ਸਿਰਫ ਜਲਸੇ, ਜਲੂਸਾਂ, ਮਾਰਚਾਂ, ਸੁਆਗਤਾਂ ਜਾਂ ਧੰਨਵਾਦਾਂ ਦੇ ਉਤੇ ਹੀ ਖਰਚ ਕਰ ਦਿੱਤਾ ਹੋਵੇਗਾ। ਪਰ ਕੋਈ ਦੱਸੇ ਕਿ ਇਸ ਖਰਚ ਦਾ ਨਤੀਜਾ ਕੀ ਹੈ ? ਰਾਜਨੀਤੀ ਦਾ ਜਿੰਨਾ ਘਟੀਆ ਮਿਆਰ ਪਿਛਲੇ ਕੁਝ ਵਰ੍ਹਿਆਂ ਵਿਚ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ ਉਸ ਦੀ ਮਿਸਾਲ ਸਿੱਖਾਂ ਦੇ ਪੰਜ ਸੌ ਸਾਲਾਂ ਦੇ ਇਤਿਹਾਸ ਵਿਚ ਵੀ ਨਹੀਂ ਮਿਲਦੀ। ਪਿੰਡਾਂ ਵਿਚ 90% ਲੋਕਾਂ ਨੇ ਕੇਸਾਂ ਦੇ ਬੇਅਦਬੀ ਕੀਤੀ ਹੋਈ ਹੈ। ਨਸ਼ਿਆਂ ਦੀ ਤਾਂ ਗੱਲ ਹੀ ਬੇਮਾਅਨੀ ਹੋ ਗਈ ਹੈ। ਪੰਜਾਬੀ ਵਿਚ ਬਣਨ ਵਾਲੀਆਂ ਲਗਭਗ ਸਾਰੀਆਂ ਫਿਲਮਾਂ ਦਾ ਨਾਂ ਪੰਜਾਬ ਦੇ ਜੱਟ ਦੇ ਨਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਉਨ੍ਹਾਂ ਸਾਰੀਆਂ ਹੀ ਫਿਲਮਾਂ ਦੇ ਹੀਰੋ ਸਫਾਚਟ (ਕਲੀਨਸ਼ੇਵ) ਹੁੰਦੇ ਹਨ। ਅਜੇ ਤਕ ਕਦੀ ਕਿਸੇ ਸੰਸਥਾ ਵੱਲੋਂ ਇਸ ਬਾਰੇ ਚੇਤੰਨ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਵਿਅਕਤੀ ਜਿਸ ਦੇ ਨਾਂ ਨਾਲ ਸਿੰਘ ਲੱਗਦਾ ਹੈ ਉਸ ਦੀ ਇਕ ਖਾਸ ਦਿੱਖ ਹੁੰਦੀ ਹੈ। ਮਾਇਨਾਰਟੀ ਕਮਿਸ਼ਨ ਦੇ ਸਿੱਖ ਮੱਤ ਦੀ ਵਿਲੱਖਣਤਾ ਸੰਬੰਧੀ ਐਲਾਨ ਤੋਂ ਬਾਅਦ ਕੀ ਹੁਣ ਵੀ ਸਿੱਖ ਨੇਤਾਵਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਸੰਵਿਧਾਨ ਦੀ ਧਾਰਾ 25 ਵਿਚ ਲੋੜੀਂਦੀ ਸੋਧ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੀ ਹਿੰਮਤ ਕਰਨ ?


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article