ਅਕਾਲੀ ਕੌਰ ਸਿੰਘ ਜੀ ਨਿਹੰਗ - ਇਕ ਆਦਰਸ਼ਕ ਜੀਵਨੀ
ਜਿਸ ਸ਼ਖ਼ਸੀਅਤ ਬਾਰੇ ਅਸੀਂ ਉਲੇਖ ਕਰ ਰਹੇ ਹਾਂ, ਉਸ ਦੇ ਨਾਮ ਨਾਲ ਲੱਗਦੇ ਸਾਰੇ ਅੱਖਰ ਆਪਣੇ ਆਪ ਵਿਚ ਸਿੱਕੇ-ਬੱਧ ਮਹੱਤਵ ਰੱਖਦੇ ਹਨ। ਅਕਾਲੀ ਦਾ ਰਹੱਸ ਅਕਾਲੀ ਫੌਜ (ਸ਼ਹੀਦੀ ਫੌਜ) ਤੋਂ ਹੁੰਦਾ ਹੋਇਆ ਅਕਾਲੀ ਫੂਲਾ ਸਿੰਘ ਦੀ ਅਜ਼ਮਤ ਭਰੀ ਰਹਿਣੀ-ਬਹਿਣੀ ਤਕ ਖ਼ਾਲਸਾ ਰਾਜ ਸਮੇਂ ਪੁੱਜ ਚੁਕਾ ਸੀ। ਅੰਗ੍ਰੇਜ਼ੀ ਕਾਲ ਦੇ ਅੰਤਮ ਛਿਨਾਂ ਅਤੇ ਹਿੰਦੁਸਤਾਨੀਆਂ ਦੇ ਵਰਤਮਾਨ ਰਾਜ-ਕਾਲ ਦੇ ਪਹਿਲੋਂ-ਪਹਿਲ ਦੇ ਦੋ ਵਰ੍ਹਿਆਂ (1952-53 ਈ.) ਤਕ ਅਕਾਲੀ ਰਹਿਣੀ-ਬਹਿਣੀ ਦੀ ਸੰਤ-ਸਿਪਾਹੀ ਵਰਗੀ ਅਤੇ ਰਹੱਸਾਤਮਕ ਪ੍ਰਾਪਤੀਆਂ ਭਰਪੂਰ ਅਜ਼ਮਤ ਦੀ ਉਦਾਹਰਣ ਸਿਰਫ਼ ਅਕਾਲੀ ਕੌਰ ਸਿੰਘ ਨੂੰ ਹੀ ਮੰਨਿਆ ਜਾਂਦਾ ਸੀ। ਉਨ੍ਹਾਂ ਤੋਂ ਉਪਰੰਤ ਅਕਾਲੀ ਦੀ ਅਜ਼ਮਤ ਦੀ ਜੀਵਨ-ਜਾਚ ਅਤੇ ਇਲਾਹੀ ਮੰਡਲਾਂ ਦੀ ਅਨੁਭਵੀ ਬਖਸ਼ਿਸ਼ ਇਕ ਤਰ੍ਹਾਂ ਦੁਰਲਭ ਹੋ ਗਈ ਜਾਪਦੀ ਹੈ। ਕੌਰ ਦੀ ਸ਼ਾਬਦਿਕ ਬਣਤਰ ਇਸਤਰੀ ਲਿੰਗ ਦਾ ਆਭਾਸ ਦਿੰਦੀ ਹੈ, ਪਰ ਇਸ ਦੀ ਬਣਤਰ ਕੰਵਰ ਦੀ ਨਿਕਟਤਾ ਵਾਲੀ ਹੈ।
ਸਿੰਘ ਦੀ ਅਜ਼ਮਤ ਨੂੰ ਅਕਾਲੀ ਜੀ ਨੇ ਜੀਵਨ-ਪ੍ਰਯੰਤ ਜਾਨ ਤੋਂ ਵੱਧ ਪਿਆਰਾ ਰੱਖਿਆ। ਸ੍ਰੀ ਸਾਹਿਬ ਧਾਰਨ ਕਰੀ ਰੱਖਣਾ ਸਿੰਘ ਦੀ ਅਜ਼ਮਤ ਦਾ ਅੰਗ-ਸੰਗੀ ਰੁਤਬਾ ਚਿੰਨ੍ਹ ਹੈ (ਭਜਨ ਬੰਦਗੀ ਦੀ ਪ੍ਰਪੱਕਤਾ ਸਹਿਤ)।
ਨਿਹੰਗ ਦੇ ਰੂਪ ਵਿਚ ਅਕਾਲੀ ਜੀ ਬੁੱਢਾਦਲ ਦੇ ਮੈਂਬਰ ਰਹੇ ਅਤੇ ਨਿਹੰਗਪੁਣੇ ਦੀ ਸਰਵੋਤਮ ਉਦਾਹਰਣ ਬਣ ਕੇ ਇਸ ਸਦੀ ਵਿਚ ਵਿਚਰੇ। ਇਸ ਗੱਲ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਮਹਾਨ ਕੋਸ਼ ਵਿਚ ਨਾਨਕ ਪੰਥੀਆਂ ਦੀਆਂ ਪ੍ਰਤੀਨਿਧ ਤਸਵੀਰਾਂ ਦੇਣ ਸਮੇਂ ਨਿਹੰਗ ਵਜੋਂ ਅਕਾਲੀ ਜੀ ਦੀ ਤਸਵੀਰ ਸ਼ਾਮਲ ਕਰਕੇ ਨਿਰਧਾਰਿਤ ਕਰ ਦਿੱਤਾ ਸੀ।
ਪਰਿਵਾਰਕ ਪਿਛੋਕੜ-
ਦਸਮ ਪਿਤਾ ਦੇ ਬਖਸ਼ੇ ਹੋਏ ਨਿਹੰਗੀ ਬਾਣੇ ਨੂੰ ਧਾਰਨ ਕਰਨ ਤੋਂ ਪਹਿਲਾਂ ਆਪ ਦਾ ਪਿਛੋਕੜ ਇਸ ਪ੍ਰਕਾਰ ਹੈ:-
ਲਗਭਗ 1886 ਦੇ ਕਰੀਬ (ਅਕਾਲੀ ਕੌਰ ਸਿੰਘ, ਪੰਜਾਬੀ ਯੂਨੀ. ਪ੍ਰਕਾਸ਼ਨ, ਅਕਾਲੀ ਕੌਰ ਸਿੰਘ ਨਿਹੰਗ, ਲੇਖਕ ਸ. ਅਤਰ ਸਿੰਘ, ਚੰਡੀਗੜ੍ਹ) ਪਿੰਡ ਚਕਾਰ (ਮੁਜੱਫਰਾਬਾਦ, ਕਸ਼ਮੀਰ) ਦੇ ਉਸ ਘਰਾਣੇ ਵਿਚ ਜਨਮ ਲਿਆ, ਜਿਸ ਘਰਾਣੇ ਦੇ ਦੋ (ਸਹਜਧਾਰੀ) ਬਜ਼ੁਰਗ ਸ੍ਰੀਨਗਰ ਕਸ਼ਮੀਰ ਦੀ ਰੈਨਾਵੜੀ ਬਸਤੀ ਤੋਂ (ਹੋਰ ਨਾਨਕ ਪੰਥੀਆਂ, ਭਾਵ ਬ੍ਰਹਮਦਾਸ ਦੀ ਔਲਾਦ ਭਾਈ ਕ੍ਰਿਪਾ ਰਾਮ ਆਦਿ ਨਾਲ) ਕਸ਼ਮੀਰੀ ਪੰਡਤਾਂ ਦੀ ਸੰਗਤ ਨਾਲ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਸਨ। ਇਨ੍ਹਾਂ ਦੋ ਬਜ਼ੁਰਗਾਂ ਦੇ ਨਾਮ ਸਨ, ਭਾਈ ਤ੍ਰਲੋਕੀ ਨਾਥ ਰੈਨਾ ਤੇ ਇਨ੍ਹਾਂ ਦੇ ਪੁੱਤਰ ਭਾਈ ਅਮੋਲਕ ਚੰਦ ਰੈਨਾ। ਇਸ ਘਰਾਣੇ ਦੇ ਉਪਰੋਕਤ ਜੀਵਨਕਾਰਾਂ ਨੇ ਦਸਮ ਪਿਤਾ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀਆਂ ਪਾਈਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਨਮੇ ਭਾਈ ਮਹਾਂ ਸਿੰਘ ਦੇ ਘਰ ਉਪਰੋਕਤ ਮਿਤੀ ਨੂੰ ਭਾਈ ਮਹਾਂ ਸਿੰਘ ਦੇ ਘਰ ਪਹਿਲਾ ਬੱਚਾ ਅਕਾਲੀ ਕੌਰ ਸਿੰਘ (ਜਿਨ੍ਹਾਂ ਦਾ ਪਰਿਵਾਰਕ ਨਾਮਕਰਣ ਪੂਰਨ ਸਿੰਘ ਦੇ ਰੂਪ ਵਿਚ ਹੋਇਆ ਸੀ) ਜਨਮਿਆ। ਇਨ੍ਹਾਂ ਦੇ ਪਿਤਾ ਇਲਾਕੇ ਦੇ ਉੱਚ ਕੋਟੀ ਦੇ ਪਰਉਪਕਾਰੀ ਤੇ ਨਾਮ-ਬਾਣੀ ਦੇ ਰਸੀਏ ਦੇ ਰੂਪ ਵਿਚ ਜਾਣੇ ਜਾਂਦੇ ਸਨ।
ਵਿਆਹ ਦੀ ਪੰਡ-
ਨੌਜਵਾਨੀ ਦੀ ਚੰਚਲਤਾ ਅਤੇ ਇਸ਼ਕ-ਮੁਸ਼ਕ ਦੀ ਅੰਨ੍ਹੇਰੀ ਦੀ ਥਾਂ ਗੁਰਬਾਣੀ ਚਾਨਣ ਦੀਆਂ ਰਮਜ਼ ਭਰੀਆਂ ਤ੍ਰੰਗਾਂ ਅਕਾਲੀ ਜੀ ਦੀ ਸੁਹਲ ਤੇ ਸੁਬਕ ਜਵਾਨੀ ਨੂੰ ਖਿਡਾਉਂਦੀਆਂ ਰਹਿੰਦੀਆਂ ਸਨ। ਮਾਤਾ-ਪਿਤਾ ਨੇ ਜਵਾਨ ਤੇ ਜੇਠੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਭਾਈਚਾਰੇ ਤੇ ਦੁਨੀਆਂਦਾਰੀ ਵਿਚ ਮਾਣ-ਮਰਿਆਦਾ ਖੱਟਣ ਲਈ ਜ਼ੋਰ-ਸ਼ੋਰ ਨਾਲ ਕਰਨੀਆਂ ਆਰੰਭੀਆਂ। ਦੁਨੀਆਦਾਰੀ ਦੀ ਜਿੱਲਣ ਵਿਚ ਫਸਣ ਤੋਂ ਬੇਨਿਆਜ਼ ਪੂਰਨ ਸਿੰਘ ਚੁੱਪ-ਚੁਪੀਤੇ ਸ੍ਰੀ ਪੰਜਾ ਸਾਹਿਬ ਹਰਨ ਹੋ ਗਏ (ਨੱਸ ਤੁਰੇ)। ਜਿੰਨੀ ਵਾਰੀ ਉਹ ਦੁਨੀਆਦਾਰੀ ਦੀ ਇਸ ਵਿਆਹ ਲਗਾਮ ਤੋਂ ਛੁਟਕਾਰਾ ਲੈਣ ਨੱਸ ਤੁਰਦੇ, ਓਨੀ ਵਾਰੀ ਰਸੂਖ ਵਾਲੇ ਤੇ ਚੌਧਰੀ ਕਹਾਉਂਦੇ ਪਿਤਾ, ਸੀ.ਆਈ.ਡੀ. ਦੀ ਸਹਾਇਤਾ ਨਾਲ ਪਕੜਵਾ ਲਿਆਂਦੇ। ਆਖਰ ਮਾਂ-ਬਾਪ ਦੀ ਜ਼ਿੱਦ ਨੂੰ ਸੰਤੁਸ਼ਟ ਕਰਨ ਲਈ ਨਿਸਚਿਤ ਥਾਂ ਉਪਰ ਲਾਵਾਂ ਕਰਵਾਈਆਂ, ਪਰ ਡੋਲਾ ਘਰ ਆਉਂਦਿਆਂ ਹੀ ਸ਼ਾਮ ਨੂੰ ਫਿਰ ਘਰੋਂ ਨੱਸ ਤੁਰੇ; ਪਿੰਡ ਦੇ ਨਿਕਟ ਵਗਦੇ ਦਰਿਆ ਦੇ ਪੁਲ ਉੱਪਰ ਵਿਆਹ ਦੇ ਕੱਪੜੇ ਉਤਾਰ ਸੁੱਟੇ (ਤਾਂ ਜੋ ਇਹ ਅਨੁਮਾਨ ਹੋਵੇ ਕਿ ਮੁੰਡਾ ਦਰਿਆ ਵਿਚ ਕੁੱਦ ਗਿਆ ਹੈ), ਪ੍ਰਸਿੱਧ ਸੰਤ ਬਾਬਾ ਮਹਾਂ ਸਿੰਘ ਦੇ ਡੇਰੇ ਸੁਨੇਹਾ ਰੱਖ ਕੇ ਤਾਕੀਦ ਕੀਤੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਨਾ ਦੱਸਿਆ ਜਾਵੇ। ਉਸ ਤੋਂ ਬਾਅਦ ਐਸੇ ਫਰਾਰ ਹੋਏ (ਉਚੇਚੇ ਕਾਰਜ ਨਮਿਤ) ਕਿ ਪਿਤਾ-ਮਾਤਾ ਦੇ ਗੁਜ਼ਰਨ ਦੀ ਖ਼ਬਰਸਾਰ ਤੋਂ ਵੀ ਬੇ-ਨਿਆਜ਼ ਹੋ ਗਏ। ਜਾਂਦੀ ਵਾਰ ਜੋ ਚਿੱਠੀ ਰੱਖ ਆਏ ਸਨ (ਸੰਤਾਂ ਕੋਲ) ਉਸ ਦਾ ਲਹਿਜਾ ਇਸ ਪ੍ਰਕਾਰ ਸੀ, "ਆਪ ਜੀ ਨੇ ਮਾਂ-ਬਾਪ ਦੇ ਮੋਹ ਵੱਸ ਜਿਸ ਬੀਬੀ ਨੂੰ ਮੇਰੇ ਲੜ ਲਾਇਆ ਸੀ, ਹੁਣ ਉਹ ਤੁਹਾਡੀ ਨੂੰਹ ਹੋ ਕੇ ਤੁਹਾਡੇ ਪਾਸ ਹੈ। ਮੈਂ ਤੁਹਾਡੀ ਜ਼ਿੱਦ ਪੂਰੀ ਕੀਤੀ ਹੈ। ਹੁਣ ਇਸ ਨੂੰਹ ਨੂੰ ਸਾਡੇ ਛੋਟੇ ਵੀਰ ਦੇ ਸਪੁਰਦ ਕਰ ਦੇਣਾ, ਇਸ ਵਿਚ ਸਭ ਦਾ ਭਲਾ ਹੈ। ਸੋ, ਇਉਂ ਹੀ ਹੋਇਆ। ਫਿਰ ਆਪ ਜੀ ਅੰਦਰ ਐਸਾ ਪਰਿਵਰਤਨ ਆਇਆ ਕਿ ਹਜ਼ੂਰ ਸਾਹਿਬ ਜਾ ਪੁੱਜੇ ਜਿਥੇ ਤਖ਼ਤ ਸੱਚਖੰਡ ਦੇ ਹੈੱਡ ਗ੍ਰੰਥੀ ਭਾਈ ਹਜ਼ੂਰਾ ਸਿੰਘ ਜੀ ਦੀ ਸੰਗਤ ਕਰਨ ਨਿਹੰਗ ਸਿੰਘੀ ਬਾਣਾ ਧਾਰਨ ਕਰਕੇ ਬੇ-ਫ਼ਿਕਰ ਹੋ ਗਏ, ਕੋਈ ਵੀ ਸੀ.ਆਈ.ਡੀ. ਹੁਣ ਉਨ੍ਹਾਂ ਨੂੰ ਫੜ ਨਹੀਂ ਸੀ ਸਕਦੀ।
ਮੁਰਾਤਬਾ-
ਜੀਵਨ ਪ੍ਰਯੰਤ ਨਿਹੰਗੀ ਬਾਣੇ ਸਹਿਤ ਪੰਥ ਦੀਆਂ ਸਾਰੀਆਂ ਸਫਾਵਾਂ ਵਿਚ ਪ੍ਰਤਿਸ਼ਿਠਤ ਰਹੇ। ਵਿਦਿਆ, ਸਾਧਨਾ ਅਤੇ ਜਪ-ਤਪ ਦੀ ਇਹੋ ਜਿਹੀ ਕਮਾਈ ਕੀਤੀ ਕਿ ਬਿਬੇਕੀ ਪ੍ਰਚਲਨ ਦਾ ਰੁਤਬਾ ਪ੍ਰਾਪਤ ਹੋ ਗਿਆ। ਭਾਰਤ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ (ਆਸਾਮ, ਬੰਗਾਲ, ਦੱਖਣ, ਉੱਤਰ, ਪੱਛਮ) ਤੇ ਭਾਰਤ ਤੋਂ ਬਾਹਰਲੇ ਗੁਰਦੁਆਰਿਆਂ (ਕਾਬਲ, ਬਰ੍ਹਮਾ) ਦੀ ਸੇਵਾ-ਸੰਭਾਲ ਤੇ ਸਿੱਖੀ ਪ੍ਰਚਾਰ (ਅੰਮ੍ਰਿਤ-ਸੰਚਾਰ) ਦੀ ਨਿਸ਼ਕਾਮ ਸੇਵਾ ਕਰਦੇ ਰਹੇ। ਕਦੀ ਵੀ ਕੋਈ ਡੇਰਾ ਕਾਇਮ ਨਹੀਂ ਕੀਤਾ। ਗੁਰਦੁਆਰਿਆਂ ਨੂੰ ਹੀ ਆਪਣਾ ਟਿਕਾਣਾ ਜਾਣਿਆ ਤਾਂਹੀਓਂ ਆਖਰੀ ਸੁਆਸ ਗੁਰਦੁਆਰਾ ਦੂਖ ਨਿਵਾਰਨ ਪਟਿਆਲੇ ਹੀ ਤਿਆਗੇ, ਜਿਥੇ 23 ਜਨਵਰੀ 1953 ਨੂੰ ਆਪ ਦੇ ਦੁਸਹਿਰੇ ਦਾ ਭੋਗ ਪਿਆ ਸੀ।
ਪੰਥਕ ਮਾਣ-ਪ੍ਰਤਿਸ਼ਠਾ-
ਸਿੱਖ ਰਾਜ ਘਰਾਣਿਆਂ, ਸਿੱਖ ਸੰਗਤਾਂ, ਸਿੱਖ ਸੰਸਥਾਵਾਂ ਅਤੇ ਗੈਰ-ਸਿੱਖ ਅਧਿਕਾਰੀਆਂ ਵਿਚ ਅਕਾਲੀ ਜੀ ਦਾ ਇੰਨਾ ਮਾਣ-ਸਤਿਕਾਰ ਸੀ ਕਿ ਪੰਥਕ ਮਸਲਿਆਂ ਸੰਬੰਧੀ ਉਨ੍ਹਾਂ ਵੱਲੋਂ ਦਿੱਤੇ ਗਏ ਨਿਰਣਿਆਂ ਨੂੰ ਅੰਤਮ ਸਮਝਿਆ ਜਾਂਦਾ ਸੀ। ਸਿੱਖ-ਮਰਿਆਦਾ ਸੰਬੰਧੀ ਅਕਾਲੀ ਜੀ ਵੱਲੋਂ ਦਿੱਤੇ ਫੈਸਲਿਆਂ ਨੂੰ ਅੰਗ੍ਰੇਜ਼ ਸਰਕਾਰ ਭਰੋਸੇਯੋਗ ਅਤੇ ਮੁਦੱਲਲ ਸਮਝਦੀ ਸੀ। ਅਕਾਲੀ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਪਾਬੰਦ ਸਨ। ਜਨ ਸਾਧਾਰਨ ਅਤੇ ਸੰਤ-ਬਾਬਿਆਂ ਤੋਂ ਲੈ ਕੇ ਨਿਹੰਗ ਸਿੰਘਾਂ ਤਕ ਆਪ ਦੇ ਬੋਲ-ਬਚਨਾਂ ਨੂੰ ਪੂਰਾ ਮਾਣ ਪ੍ਰਾਪਤ ਸੀ। ਇਹ ਬੋਲ ਅਤਿਅੰਤ ਵਜ਼ਨਦਾਰ ਹੁੰਦੇ ਸਨ।
ਵਿਦਿਆ ਪ੍ਰਸਾਰ-
ਅਕਾਲੀ ਜੀ ਨੇ ਪਿਸ਼ੌਰ ਦੇ ਮਹਾਨ ਵਿਦਵਾਨ ਗਿਆਨੀ ਬਾਘ ਸਿੰਘ ਪਾਸੋਂ ਗੁਰਮਤਿ, ਦਸਮ ਗ੍ਰੰਥ, ਭਾਈ ਗੁਰਦਾਸ ਆਦਿ ਦੀ ਟਕਸਾਲੀ ਵਿਦਿਆ ਪ੍ਰਾਪਤ ਕੀਤੀ ਸੀ। ਇਸ ਵਿਦਵਾਨ ਸੂਰਮਾ ਸਿੰਘ ਗਿਆਨੀ ਬਾਘ ਸਿੰਘ ਮਹਾਂਪੁਰਖ ਪਾਸੋਂ ਉਸ ਸਮੇਂ ਨਾਨਕ ਸਿੰਘ ਨਾਵਲਿਸਟ ਵੀ ਵਿਦਿਆ ਪ੍ਰਾਪਤ ਕਰਦੇ ਸਨ ਅਤੇ ਮਹਾਨ ਸਿਆਸਤਦਾਨ ਗਿਆਨੀ ਸ਼ੇਰ ਸਿੰਘ (ਜੋ ਸੂਰਮਾ ਸਿੰਘ ਸਨ ਤੇ ਅਕਾਲੀ ਦਲ ਦੇ ਪ੍ਰਚਲਨ ਦੇ ਮੋਢੀਆਂ ਵਿਚੋਂ ਸਨ) ਵੀ ਇਨ੍ਹਾਂ ਦੇ ਹੀ ਪੜ੍ਹਾਏ ਸਨ।
ਅਕਾਲੀ ਜੀ ਨੇ ਕਸ਼ਮੀਰ ਦੇ ਇਕ ਪਛੜੇ ਇਲਾਕੇ (ਚਕਾਰ ਪਹਾੜ) ਵਿਚ ਗੁਰੂ ਨਾਨਕ ਆਸ਼ਰਮ ਨਾਂ ਦੀ ਵਿਦਿਅਕ ਸੰਸਥਾ ਖੋਲ੍ਹੀ ਸੀ, ਜਿਸ ਵਿਚ ਬੋਰਡਿੰਗ ਅਤੇ ਵਿਦਿਆ ਦਾ ਮੁਫ਼ਤ ਪ੍ਰਬੰਧ ਸੀ। ਕਈ ਲੱਖ ਦੀ ਇਹ ਵਿਸ਼ਾਲ ਸੰਸਥਾ 1947 ਦੇ ਕਬਾਇਲੀ ਹਮਲਿਆਂ ਵਿਚ ਉਜੜ ਗਈ।
ਸਾਹਿਤ ਤੇ ਕਲਾ ਦੇ ਖੋਜੀ ਅਤੇ ਕਦਰਦਾਨ:
ਅਕਾਲੀ ਜੀ ਖ਼ੁਦ ਵਿਦਵਾਨ ਸਨ ਅਤੇ ਵਿਦਵਾਨਾਂ ਨਾਲ ਸੰਪਰਕ ਰੱਖਦੇ ਸਨ। 1925-26 ਦੇ ਫੁਲਵਾੜੀ ਦੇ ਸਿੱਖ ਇਤਿਹਾਸ ਅੰਕ ਵਿਚ ਆਪ ਦੇ ਲੇਖ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹਨ। ਆਪ ਨੇ ਰਟਨ ਕਰਕੇ ਪਹਿਲੀ ਵਾਰ ਦੁਰਲੱਭ ਲਿਖਤਾਂ ਤੇ ਵਸਤਾਂ ਲੱਭ ਕੇ ਸਿੱਖ ਜਗਤ ਤਕ ਪਹੁੰਚਾਈਆਂ।
1. ਸ੍ਰੀ ਗੁਰ ਸੋਭਾ- ਇਹ ਹਜ਼ੂਰੀ ਕਵੀ ਸੈਨਾਪਤਿ ਦਾ ਗੁਰੂ ਦਰਬਾਰ ਦਾ ਅੱਖੀਂ ਵੇਖਿਆ ਹਾਲ ਬਿਆਨ ਕਰਦਾ ਹੈ ਤੇ ਆਪ ਨੇ ਉੱਚੇ ਮੁੱਲ ਉਪਰ ਖਰੀਦ ਕੇ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ (1925 ਈ.)।
2. ਵਾਰਾਂ ਭਾਈ ਗੁਰਦਾਸ ਜੀ (ਤੁਕ ਤਤਕਰਾ)- ਵਾਰਾਂ ਅਤੇ ਕਬਿਤ ਸਵੱਈਆਂ ਦਾ ਤੁਕ ਤਤਕਰਾ ਪਹਿਲੀ ਵਾਰੀ ਤਿਆਰ ਕਰਕੇ 1929 ਵਿਚ ਸੰਗਤਾਂ ਤਕ ਪਹੁੰਚਾਇਆ।
3. ਸ੍ਰੀ ਗੁਰ ਸ਼ਬਦ ਰਤਨ ਪ੍ਰਕਾਸ਼ (ਤੁਕ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ)- ਇਹ ਮਹਾਨ ਸੰਦਰਭ ਰਚਨਾ ਵੀਹ ਵਰ੍ਹਿਆਂ ਦੀ ਲਗਨ ਤੇ ਘਾਲ ਤੋਂ ਉਪਰੰਤ 1923 ਵਿਚ ਪ੍ਰਕਾਸ਼ਿਤ ਹੋਈ। ਭਾਸ਼ਾ ਵਿਭਾਗ ਅੱਗੋਂ ਛਾਪਦਾ ਆ ਰਿਹਾ ਹੈ।
4. ਇਸਤ੍ਰੀ ਸੰਕਟ ਮੋਚਨ - ਭਾਰਤ ਦੀ ਇਸਤਰੀ ਜ਼ਾਤੀ ਦੇ ਉਥਾਨ ਲਈ ਬਾਦਲੀਲ ਉਪਰਾਲਾ ਹੈ, ਜਿਸ ਵਿਚ ਦੁਨੀਆਂ ਦੇ ਮਹਾਨ ਗ੍ਰੰਥਾਂ ਵਿਚੋਂ ਬਹੁਤ ਹੀ ਭਰੋਸੇਯੋਗ ਤੇ ਪ੍ਰਮਾਣਿਕ ਹਵਾਲੇ ਦੇ ਕੇ ਸਿੱਧ ਕੀਤਾ ਹੈ ਕਿ ਇਸਤ੍ਰੀ ਜ਼ਾਤਿ ਮਰਦ ਦੇ ਐਨ ਬਰਾਬਰ ਵਿਚਰਨ ਵਾਲੀ ਹਕੀਕਤ ਹੈ ਪਰ ਇਸ ਦੀ ਮੰਦਹਾਲੀ ਦਾ ਕਾਰਨ ਮਰਦ ਦੀ ਹਠਧਰਮੀ ਤੇ ਅਗਿਆਨ ਹੈ। ਅਜੋਕੇ ਉਲਾਰ-ਪਰਕ ਮਨੋਵਿਗਿਆਨ (ਅਬਨੋਰਮੳਲ ਫਸੇਚਹੋਲੋਗੇ) ਦੇ ਜਗਿਆਸੂ ਇਸ ਪੁਸਤਕ ਨੂੰ ਇਕ ਤਕੜੀ ਖੋਜ ਜਾਣਨਗੇ।
5. ਪ੍ਰਮਾਣਿਕ ਨਿਤਨੇਮ ਗੁਟਕਾ : ਅਤਿਅੰਤ ਟਕਸਾਲੀ ਬਿਰਤੀ ਤੋਂ ਅਤੇ ਸੁੰਦਰ ਰੂਪ ਵਿਚ ਪ੍ਰਕਾਸ਼ਿਤ ਰਚਨਾ, ਜੋ ਹੁਣ ਦੁਰਲਭ ਹੈ। (1927 ਈ:)
6. ਹਜ਼ੂਰੀ ਸਾਥੀ : ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਅਤੇ ਉਥੋਂ ਦੇ ਸੇਵਕ ਬਾਬਿਆਂ ਨਿਹੰਗਾਂ ਦਾ ਸੰਖੇਪ ਇਤਿਹਾਸ, ਜਿਸ ਵਿਚ ਬਹੁਤ ਮਹੱਤਵ ਪੂਰਨ ਇਤਿਹਾਸਕ ਤੱਥ ਮੌਜਦੂ ਹਨ। ਸ਼ਾਇਦ ਦੱਖਣ ਦੇ ਨਿਹੰਗ ਸਿੰਘਾਂ ਬਾਰੇ ਇਹ ਪਹਿਲੀ ਤੇ ਆਖਰੀ ਰਚਨਾ ਹੈ।
7. ਬੁਧਿਬਾਰਧ ਹਿਤ-ਉਪਦੇਸ਼ ਰਤਨਾਕਾਰ (ਕਾਵਿ)- ਪੰਚਤ੍ਰੰਤ ਦਾ ਗੁਰਮੁਖੀ ਕਰਣ, ਪ੍ਰਕਾਸ਼ਨ ਦੁਰਲਭ ਹੈ। ਸੈਂਕੜੇ ਲੇਖ-ਉਲੇਖ ਹਨ ਜੋ ਉਨ੍ਹਾਂ ਨੇ ਕਸ਼ਮੀਰ ਦੀ ਧਰਤੀ ਦੇ ਪਹਿਲੇ ਪ੍ਰਕਾਸ਼ਨ ਪਤ੍ਰ (ਪੲਰੋਿਦਚਿੳਲ) ਕਸ਼ਮੀਰ ਸਿੱਖ ਸਮਾਚਾਰ ਲਈ ਲਿਖੇ ਸਨ। ਬਹੁਤ ਵੱਡੀ ਲਾਇਬ੍ਰੇਰੀ ਸੀ, ਜੋ ਚਕਾਰ ਵਿਖੇ ਹੀ ਸਾੜ ਦਿੱਤੀ ਗਈ। ਆਪ ਨੇ ਦਸਮ ਪਿਤਾ ਦੀ ਉਸ ਪੇਂਟਿੰਗ ਨੂੰ ਵੀ ਢਾਕੇ ਤੋਂ ਲੱਭਿਆ ਤੇ ਪ੍ਰਿੰਟ ਕਰਵਾ ਦਿੱਤਾ, ਜਿਸ ਪੇਂਟਿੰਗ ਨੂੰ ਇਕ ਮੁਸਲਮਾਨ ਮੁਸੱਵਰ ਨੇ ਆਨੰਦਪੁਰ ਸਾਹਿਬ ਪਹੁੰਚ ਕੇ ਸ੍ਰੀ ਦਸਮ ਪਿਤਾ ਦੀ ਮਿਹਰ ਮਿਹਰਾਮਤ ਸਦਕੇ, ਭੇਂਟ ਕੀਤਾ ਸੀ। ਇਸ ਪੇਂਟਿੰਗ ਵਿਚ ਵੱਡੇ ਦੋ ਸਾਹਿਬਜ਼ਾਦੇ ਵੀ ਦਸਮ ਪਿਤਾ ਜੀ ਦੇ ਨਾਲ ਖੜ੍ਹੇ ਹਨ। ਮਾਤਾ ਸੁੰਦਰੀ ਜੀ ਦੇ ਦਿੱਲੀ ਨਿਵਾਸ ਤੋਂ ਉਪਰੰਤ ਇਹ ਪੇਂਟਿੰਗ ਹਠੀ ਸਿੰਘ ਤੋਂ ਪਿੱਛੋਂ ਜਿਵੇਂ ਕਿਵੇਂ ਢਾਕੇ ਪਹੁੰਚ ਗਈ, ਜਿਥੋਂ ਅਕਾਲੀ ਜੀ ਨੇ ਪ੍ਰਾਪਤ ਕੀਤੀ ਸੀ।
ਅੰਮ੍ਰਿਤ ਪ੍ਰਚਾਰ ਸੰਚਾਰ- ਹਰ ਪੰਥਕ ਇਕੱਠ ਵਿਚ ਅੰਮ੍ਰਿਤ-ਸੰਚਾਰ ਇਕ ਅਨਿਖੜਵੇਂ ਅੰਗ ਦੇ ਰੂਪ ਵਿਚ ਉਭਰ ਕੇ ਆ ਰਿਹਾ ਹੈ। 1953 ਤਕ ਲਗਭਗ ਹਰ ਅਜਿਹੇ ਇਕੱਠ ਵਿਚ ਅੰਮ੍ਰਿਤ ਸੰਚਾਰਣੀ ਮੰਡਲੀ ਦਾ ਸਿਰਮੌਰ ਅਕਾਲੀ ਕੌਰ ਸਿੰਘ ਨੂੰ ਸੁਤੇ ਹੀ ਮੰਨ ਲਿਆ ਜਾਂਦਾ ਰਿਹਾ ਹੈ।
ਭਾਰਤ ਦੇ ਲਗਭਗ ਹਰ ਗੁਰਦੁਆਰੇ ਅਤੇ ਪ੍ਰਾਂਤਾਂ ਦੇ ਦੂਰ-ਦਰਾਜ਼ ਦੇ ਗੁਰਧਾਮਾਂ ਉਪਰ ਪੁੱਜ ਕੇ ਸਿੱਖ ਸੰਗਤਾਂ ਦੀ ਖ਼ਬਰ-ਸਾਰ ਲੈਣਾ ਤੇ ਅੰਮ੍ਰਿਤ ਛਕਾਉਣਾ ਅਕਾਲੀ ਜੀ ਦੇ ਹਿੱਸੇ ਆਇਆ। ਆਸਾਮ, ਬਿਹਾਰ, ਬੰਗਾਲ, ਨੇਪਾਲ, ਯੂ.ਪੀ., ਪੰਜਾਬ, ਕਸ਼ਮੀਰ, ਦੱਖਣ, ਕਾਬਲ ਆਦਿ ਅਸਥਾਨਾਂ ਉੱਪਰ ਵੱਸਣ ਵਾਲੇ ਸਿੱਖ ਪਰਵਾਰਾਂ ਅੰਦਰ ਅਜੇ ਤਕ ਉਸ ਨਿਹੰਗ ਸਿੰਘ ਦੀ ਯਾਦ ਕਾਇਮ ਹੈ, ਜਿਸ ਨੇ ਉਨ੍ਹਾਂ ਦੇ ਬਜ਼ੁਰਗਾਂ ਦੀ ਖ਼ਬਰ-ਸਾਰ ਲਈ ਅਤੇ ਗੁਰੂ ਵਾਲੇ ਬਣਾਇਆ।
ਰਾਜ-ਘਰਾਣਿਆਂ ਤੇ ਸਰਦੇ ਪੁੱਜਦਿਆਂ ਨੂੰ ਸਿੱਖੀ ਪਿਆਰ ਨਾਲ ਜੋੜਨਾ:
ਇਹ ਗੱਲ ਵਿਰਲਿਆਂ ਨੂੰ ਹੀ ਪਤਾ ਹੈ ਕਿ ਸਿੱਖੀ ਪਿਆਰ ਲਈ ਕੁਝ ਕੁ ਰਾਜੇ-ਰਾਣਿਆਂ ਤੇ ਸਰਦਾਰਾਂ ਨੂੰ ਕੁਰਬਾਨੀ ਦੇਣੀ ਪਈ ਪਰ ਬਹੁਤੇ ਰਾਜੇ ਰਾਣੇ ਤੇ ਸਰਦਾਰ ਇਸ ਗੁਰਸਿੱਖੀ ਪਿਆਰ ਤੋਂ ਸੱਖਣੇ ਰਹੇ। 1947 ਤੋਂ ਪਹਿਲਾਂ ਮਹਾਰਾਜਾ ਫਰੀਦਕੋਟ, ਮਹਾਰਾਜਾ ਨਾਭਾ ਹੀਰਾ ਸਿੰਘ ਤੇ ਰਿਪੁਦਮਨ ਸਿੰਘ ਅਤੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਇਸ ਪਿਆਰ ਲਈ ਪ੍ਰਸਿੱਧ ਸਨ। ਜਿਨ੍ਹਾਂ ਰਾਜੇ ਰਾਣਿਆਂ ਨੇ ਇਕਦਮ ਅੰਗ੍ਰੇਜ਼ੀ ਪ੍ਰਭਾਵ ਅਧੀਨ ਸਿੱਖੀ ਸਰੂਪ ਨੂੰ ਤਿਆਗ ਕੇ ਈਸਾਈਅਤ ਪ੍ਰਵਾਨ ਕਰ ਲਈ, ਉਨ੍ਹਾਂ ਦੀ ਲਿਸਟ ਤਾਂ ਬੜੀ ਲੰਮੀ ਹੈ। ਜੇਕਰ ਕੁਝ ਮਹਾਨ ਤਪੱਸਵੀ (ਸੰਤ ਬਾਬਾ ਅਤਰ ਸਿੰਘ, ਗਿਆਨੀ ਬਚਨ ਸਿੰਘ, ਭਾਈ ਅਰਜਨ ਸਿੰਘ ਬਾਗੜੀਆਂ, ਅਕਾਲੀ ਕੌਰ ਸਿੰਘ ਨਿਹੰਗ ਆਦਿ ਇਨ੍ਹਾਂ ਰਾਜ-ਘਰਾਣਿਆਂ ਤੇ ਕਰੋੜਪਤੀਆਂ ਦੇ ਅੰਦਰ ਸੁਹਿਰਦਤਾ ਨਾ ਜਗਾਉਂਦੇ ਤਾਂ ਬਚਿਆ-ਖੁਚਿਆ ਸਿੱਖੀ ਪਿਆਰ ਵੀ ਸ਼ਾਇਦ ਪਤਿਤਪੁਣੇ ਵਿਚ ਪਰਿਵਰਤਿਤ ਹੋ ਜਾਂਦਾ। ਅਕਾਲੀ ਜੀ ਨੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਸਤਾਏ ਆਪਣੇ ਇਕ ਦੀਵਾਨ ਦੀਆਂ ਦੋ ਬੱਚੀਆਂ ਨੂੰ (ਉਸ ਦੀ ਜਲਾਵਤਨੀ ਦੌਰਾਨ ਤੇ ਮੌਤ ਤੋਂ ਉਪਰੰਤ) ਧਰਮ ਦੀਆਂ ਧੀਆਂ ਬਣਾ ਕੇ ਪਾਲ਼ਿਆ ਤੇ ਵਿਆਹਿਆ, ਜਿਨ੍ਹਾਂ ਵਿਚ ਇਕ ਸ. ਅਤਰ ਸਿੰਘ, ਖ਼ਾਲਸਾ ਹੋਟਲ, ਸ੍ਰੀਨਗਰ ਨਾਲ ਵਿਆਹੇ ਜਾਣ ਤੋਂ ਉਪਰੰਤ ਪ੍ਰਸਿੱਧ ਸੁਧਾਰਕ ਬੀਬੀ ਭਾਗਵੰਤ ਕੌਰ ਦੇ ਰੂਪ ਵਿਚ ਪ੍ਰਸਿੱਧੀ ਨੂੰ ਪ੍ਰਾਪਤ ਹੋਏ ਅਤੇ ਜੀਵਨ-ਪਰਿਅੰਤ ਆਪਣੇ ਆਪ ਨੂੰ ਨੀਲੇ ਖੱਦਰ ਪੋਸ਼ ਲਿਬਾਸ ਵਿਚ, ਪੁਲਿੰਗ ਰੂਪ ਵਿਚ ਹੀ ਮੁਖ਼ਾਤਬ ਹੁੰਦੇ ਰਹੇ (ਮੈਂ ਗਿਆ ਸੀ, ਮੈਂ ਬੈਠਾ ਸੀ) ਜੋ ਚੜ੍ਹਦੀਆਂ ਕਲਾਂ ਦਾ ਪ੍ਰਤੀਕ ਹੈ।
ਨਿਆਸਰਿਆਂ ਤੇ ਨਿਗੁਰਿਆਂ ਦੀ ਉਮੀਦ-
1947 ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਪਾਕਿਸਤਾਨ ਵਿਚ ਰਹਿ ਚੁਕੀਆਂ ਅਬਲਾ ਇਸਤਰੀਆਂ (ਸਿੱਖ ਹਿੰਦੂ ਆਦਿ) ਨੂੰ ਖ਼ੁਦ ਜਾ ਕੇ ਭਾਲਣਾ, ਪਤਿਤਾਂ ਨੂੰ ਮੁੜ ਗੁਰਸਿੱਖੀ ਵਿਚ ਲਿਆਉਣ ਦਾ ਪਿਆਰ-ਮਰਹਮ ਦੇਣਾ, ਬੱਚਿਆਂ ਨੂੰ ਯਤੀਮਖਾਨਿਆਂ, ਸ਼ਰਨਾਰਥੀ ਕੈਂਪਾਂ, ਕਾਰਖਾਨਿਆਂ ਵਿਚ ਟਿਕਾਣੇ-ਰੁਜ਼ਗਾਰ ਦਿਵਾਣੇ, ਜ਼ਮੀਨਾਂ ਤੇ ਮਕਾਨ ਦਿਵਾਣੇ ਆਦਿ ਪਰਉਪਕਾਰ ਵੀ ਅਕਾਲੀ ਜੀ ਦੇ ਹੀ ਹਿੱਸੇ ਆਏ।
ਕਸ਼ਮੀਰ ਦੀ ਮੁਕਤੀ-
ਅਕਾਲੀ ਜੀ ਨੇ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਜਾ ਨਾਭਾ ਤੇ ਇਸ ਤਰ੍ਹਾਂ ਦਾ ਪ੍ਰਭਾਵ ਪਾਇਆ ਕਿ "ਕਸ਼ਮੀਰ ਨੂੰ ਸਿਰਫ਼ ਖਾਲਸਾ ਰਾਜ ਸਮੇਂ ਹੀ ਕਾਬਲੀ ਗੁਲਾਮੀ ਤੋਂ ਆਜ਼ਾਦੀ ਮਿਲੀ ਜਦੋਂ ਕਿ ਮਹਾਰਾਜਾ ਨੇ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰੀ ਇਕ ਮੁਕੰਮਲ ਸੂਬਾ ਬਣਾ ਦਿੱਤਾ। ਉਥੇ ਸਿਰਫ਼ ਸਿੱਖ ਮਾਰੇ ਜਾ ਰਹੇ ਹਨ, ਪੰਡਤ ਬੋਦੀਆਂ ਕੱਟ ਕੇ ਮੁਸਲਮਾਨਾਂ ਦੇ ਘਰਾਂ ਵਿਚ ਜਾਨ ਬਚਾ ਬੈਠੇ ਹਨ, ਸਿੱਖ ਸੀਸ ਕਟਵਾ ਦੇਵੇਗਾ ਪਰ ਕੇਸ ਨਹੀਂ ਕਟਵਾਏਗਾ, ਸੋ ਇਲਾਕਾ ਅਤੇ ਖ਼ੂਨ ਸਿਰਫ਼ ਸਾਡਾ, ਤੁਹਾਡਾ ਹੀ ਜ਼ਾਇਆ ਹੋ ਰਿਹਾ ਹੈ।" ਫਸਟ ਪਟਿਆਲਾ ਤੇ ਨਾਭਾ ਦੀਆਂ ਫੌਜਾਂ ਨੇ ਕਸ਼ਮੀਰ ਨੂੰ ਮੁਕਤ ਕਰਾਇਆ ਤਾਂ ਸਿਰਫ਼ ਅਕਾਲੀ ਜੀ ਦੇ ਪ੍ਰੇਮ ਪਿਆਰ ਅਤੇ ਪ੍ਰੇਰਨਾ ਸਦਕੇ।
ਇਹੋ ਜਿਹੀ ਮਜ਼ਬੂਤ ਰਾਇ ਅਤੇ ਸਰਬ-ਸਤਿਕਾਰ ਦੇ ਹੱਕਦਾਰ ਪੰਥ ਵਿਚ ਕਦੀ-ਕਦੀ ਹੀ ਪੈਦਾ ਹੁੰਦੇ ਹਨ।