ਭਾਈ ਸੁਰਿੰਦਰ ਸਿੰਘ ਉਰਫ਼ ਸੰਗਰਾਮ ਸਿੰਘ ਬੱਬਰ
ਮੋਜੂਦਾ ਅਜ਼ਾਦੀ ਦੇ ਸੰਘਰਸ਼ ਦੌਰਾਨ ਮਾਲਵੇ ਦਾ ਇਲਾਕਾ ਬੱਬਰਾਂ ਦੀਆਂ ਸ਼ਹਾਦਤਾਂ ਦੀ ਜਰਖੇਜ਼ ਮਿੱਟੀ ਬਣਿਆ ਰਿਹਾ ਹੈ। ਪੁਰਾਤਨ ਸਿੰਘਾਂ ਦੀਆਂ ਸ਼ਹਾਦਤਾਂ ਦੇ ਪੂਰਨਿਆਂ ‘ਤੇ ਚਲਦਿਆਂ, ਚਾਲੀ ਮੁਕਤਿਆ ਦੀ ਪਵਿੱਤਰ ਧਰਤੀ ਸ਼ਹਾਦਤਾਂ ਦੀ ਲੜੀ ਨੂੰ “ਟੁਟੋਂ ਗੰਢਣ” ਤੋਂ ਬਚਾਉਦੀ ਹੋਈ, ਸਿਰ ਨਿਵਾਂ ਕੇ ਨਹੀਂ ਚੱਲੀ, ਨਾ ਹੀ ਬੇਦਾਵਾ ਲਿਖਿਆ। ਮਾਲਵੇ ਦਾ ਨਿੱਕਾ ਜਿਹਾ ਪਿੰਡ ਚੱਕ ਮਦਰੱਸਾ ਜੋ ਮੁਕਤਸਰ ਜ਼ਿਲ੍ਹੇ ਵਿਚ ਮੁਕਤਸਰ ਤੋਂ ਮਹਾਂਬੱਧਰ, ਮੌੜ ਸੜਕ ਉੱਪਰ ਹੈ, ਇਸ ਪਿੰਡ ਨੇ ਇਕ ਖਾਲਸਤਾਨੀ ਯੋਧੇ ਨੂੰ ਜਨਮ ਦਿੱਤਾ, ਜਿਸ ਨੇ ਇਸ ਕਥਨ ਨੂੰ ਸੱਚ ਕਰ ਦਿਖਾਇਆ “ਅਸੁਰ ਸੰਘਾਰਬੇ ਕਉ ਦੁਰਜਨ ਕੇ ਮਾਰਬੇ ਕਉ ਸੰਕਟ ਨਿਬਾਰਬੇ ਕਉ ਖਾਲਸਾ ਬਨਾਯੋ ਹੈ”। ਸੱਚ ਹੀ ਭਾਈ ਸੁਰਿੰਦਰ ਸਿੰਘ ਬੱਬਰ ਕੌਂਮ ਲਈ ਸੰਕਟ ਉਬਾਰਦਾ ਪੁਰਜਾ-ਪੁਰਜਾ ਕੋਹੀਦਾ ਸ਼ਹੀਦ ਹੋ ਗਿਆ।
ਸਰਦਾਰ ਮਲਕੀਤ ਸਿੰਘ ਜੀ ਦਾ ਸਧਾਰਨ ਜਿਹਾ ਘਰ, ਘਰ ਦੀ ਗਰੀਬੀ ਗਲੀ ਉਪਰ ਖੁੱਲ੍ਹੇ ਦਰਵਾਜ਼ੇ ਦੀ ਦਹਿਲੀਜ਼ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪਿੰਡ ਦੇ ਲੋਕ ਇਸ ਘਰੋਂ ਕੱਪੜੇ ਸਿਉਣ ਆਉਂਦੇ ਸਨ। ਅੱਜ ਇਲਾਕਾ ਨਿਵਾਸੀ ਇਸ ਪਿੰਡ ਨੂੰ ਬੱਬਰ ਸੁਰਿੰਦਰ ਸਿੰਘ ਉਰਫ ਸੰਗਰਾਮ ਸਿੰਘ ਬੱਬਰ ਕਰਕੇ ਯਾਦ ਕਰਦੇ ਹਨ। ਭਾਈ ਸਾਹਿਬ ਜੀ ਦੇ ਸੁਨੇਹੀ ਉਹਨਾਂ ਨੂੰ ਜਿੰਦਾ ਸ਼ਹੀਦ ਉਰਫ਼ ਡੀ.ਸੀ. (ਡਿਪਟੀ ਚੀਫ) ਕਰਕੇ ਯਾਦ ਕਰਦੇ ਹਨ। ਆਪ ਜੀ ਦਾ ਜਨਮ ਸ. ਮਲਕੀਤ ਸਿੰਘ ਜੀ ਦੇ ਘਰੇ ਮਾਤਾ ਦਲਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ ਹੋਇਆ ਸੀ। ਆਪ ਜੀ ਤਿੰਨ ਭਰਾਵਾਂ ਤੇ ਦੋ ਭੈਣਾਂ ‘ਚੋਂ ਸਭ ਤੋਂ ਵੱਡੇ ਸਨ। ਆਪ ਜੀ ਨੇ ਆਪਣੀ ਮੁੱਢਲੀ ਵਿਦਿਆ ਆਪਣੇ ਨਾਨਕੇ ਪਿੰਡ ਫਰੀਦਕੋਟ ਤੋਂ ਆਪਣੇ ਮਾਮਾ ਡਾਕਟਰ ਬਲਬੀਰ ਸਿੰਘ ਜੀ ਦੇ ਘਰੇ ਰਹਿ ਕੇ ਮਨਜੀਤ ਇੰਦਰਪੁਣਾ ਪ੍ਰਾਇਮਰੀ ਸਕੂਲ ਡੋਗਰ ਬੱਸਤੀ ਤੋਂ ਪ੍ਰਾਪਤ ਕੀਤੀ। ਬਾਅਦ ਵਿਚ ਆਪ ਜੀ ਪਿੰਡ ਲੱਖੇਵਾਲੀ ਵਿਖੇ ਪੜ੍ਹਨ ਲੱਗ ਪਏ। ਘਰ ਦੀ ਗੁਰਬੱਤ, ਪੜ੍ਹਾਈ ਦੀ ਲਗਨ, ਛੋਟੇ ਭੈਣ ਭਰਾਵਾਂ ਦੇ ਪੜ੍ਹਾਈ ਦੇ ਖਰਚੇ, ਇਹ ਸਾਰੇ ਦਰਦ ਆਪਣੇ ਨਾਲ ਲਈ ਉਹ ਲੱਖੋਵਾਲੀ ਮੰਡੀ ਦੇ ਸਕੂਲ ਵਿਚ ਪੜ੍ਹਨ ਜਾਂਦੇ। ਸਕੂਲ ਦੀ ਛੁੱਟੀ ਤੋਂ ਬਾਅਦ ਘਰੋਂ ਰੋਟੀ ਚਾਹ ਆਦਿ ਛੱਕ ਕੇ ਨੇੜੇ ਹੀ ਬਣ ਰਿਹੇ ਸੇਮ ਨਾਲੇ ਉਪਰ ਦਿਹਾੜੀ ਕਰਨ ਚਲੇ ਜਾਂਦੇ। ਅੱਧੀ ਦਿਹਾੜੀ ਕਰ ਕੇ ਸ਼ਾਮ ਨੂੰ ਘਰੇ ਆ ਕੇ ਪਿਤਾ ਜੀ ਦੇ ਨਾਲ ਦਰਜ਼ੀ ਦੇ ਕੰਮ ਵਿਚ ਹੱਥ ਵਟਾਉਂਦੇ। ਇਕ ਅਜਿਹਾ ਸਿਰੜੀ, ਹੱਦ ਦਰਜ਼ੇ ਦਾ ਮਹਿਨਤੀ “ਸ਼ਿੰਦਾ”, ਹੱਸ-ਹੱਸ ਯਾਰਾਂ ਬੇਲੀਆਂ ਨੂੰ ਕਹਿ ਦੇਂਦਾ “ਸਰੀਰ ਦਾ ਕੀ ਹੈ, ਇਸ ਨੇ ਕਿਹੜਾ ਘੱਸਣਾ ਹੈ, ਜਿੰਨਾਂ ਵਰਤ ਲਈਏ ਥੋੜ੍ਹਾ ਹੈ। ਦੋਸਤੋ ਰੱਬ ਦਾ ਸ਼ੁਕਰ ਕਰੋ, ਆਪਾਂ ਨੂੰ ਇਨਸਾਨੀ ਜਾਮਾ ਮਿਲਿਆ ਹੈ, ਨੇਕ ਕੰਮ ਕਰੋ ਤਾਂ ਕਿ ਸੰਸਾਰ ਤੇ ਨਾਮ ਰਹੇ”। ਸੱਚ ਹੀ ਸ਼ਿੰਦਾ “ਸ਼ਹੀਦ ਭਾਈ ਸੰਗਰਾਮ ਸਿੰਘ ਬੱਬਰ” ਦਾ ਨਾਮ ਸੰਸਾਰ ‘ਤੇ ਕੌਂਮ ਦੀ ਅਜ਼ਾਦੀ ਲਈ ਛੱਡ ਗਿਆ। ਆਪ ਜੀ ਨੇ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਡਰਾਫਟਸਮੈਨ ਦਾ ਕੋਰਸ ਕਰ ਲਿਆ। ਹਰ ਮੈਦਾਨ ਵਿਚ ਹੋਣਹਾਰ ਹੋਣ ਕਾਰਨ, ਆਪ ਜੀ ਨੂੰ ਹੈਲਥ ਵਿਭਾਗ ਵਿਚ ਨੌਕਰੀ ਮਿਲ ਗਈ। ਹੁਣ ਘਰ ਦੀ ਕਬੀਲਦਾਰੀ ਦਾ ਸਾਰਾ ਹੀ ਬੋਝ ਉਹਨਾਂ ਉਪਰ ਆ ਗਿਆ ਸੀ। ਕਿਉਂਕਿ ਪਿਤਾ ਜੀ ਦੇ ਪੁਰਾਣੇ ਰਿਵਾਜ ਦੇ ਕੱਪੜੇ ਸੀਉਣ ਜਾਣਦੇ ਹੋਣ ਕਰਕੇ ਦਰਜ਼ੀ ਦੇ ਕੰਮ ਵਿਚ ਇਤਨੀ ਜ਼ਿਆਦਾ ਆਮਦਨ ਨਹੀਂ ਸੀ ਹੁੰਦੀ। ਇਸ ਕਾਰਨ ਘਰ ਦੀ ਹਾਲਤ ਤੰਗੀਆਲ ਤੁਰਸ਼ੀਆਂ ਵਿਚੋਂ ਹੀ ਲੰਘਦੀ ਸੀ। ਗੁਰਸਿੱਖੀ ਮਾਣ-ਮਰਿਆਦਾ ਭੈ ਭਾਵਨੀ ਉਹ ਹਮੇਸ਼ਾ ਹੀ ਆਪਣੇ ਸਿਰ ਉੱਪਰ ਰੱਖਦੇ ਸਨ। ਤਨਖਾਹ ਸਾਰੀ ਹੀ ਘਰੇ ਫੜਾ ਦਿੰਦੇ ਸਨ। ਤਨਖ਼ਾਹ ਦਾ ਦਸਵੰਧ ਜੱਥੇਬੰਦੀ ਦੇ ਸਿੰਘਾਂ ਨੂੰ ਫੜਾ ਕੇ, ਇਸ ਦਿੱਤੇ ਰਿਜਕ ਲਈ ਅਕਾਲ ਪੁਰਖ ਜੀ ਦਾ ਕੋਟ-ਕੋਟ ਸ਼ੁਕਰਾਨਾ ਕਰਦੇ ਸਨ।
ਤੇਰਾਂ ਅਪ੍ਰੈਲ ਸੰਨ 1978 ਨੂੰ ਵਿਸਾਖੀ ਵਾਲੇ ਦਿਨ ਵਾਪਰੇ ਖ਼ੂਨੀ ਕਾਂਡ ਨੇ ਆਪ ਜੀ ਨੂੰ ਅਖੰਡ ਕੀਰਤਨੀ ਜਥੇ ਨਾਲ ਜੋੜ ਦਿੱਤਾ। ਆਪ ਜੀ ਪੂਰਨ ਬਬੇਕੀ ਅਤੇ ਅਖੰਡ ਪਾਠੀ ਸਨ। ਹਮੇਸ਼ਾ ਹੀ ਸਹਿਜ ਪਾਠ ਘਰੇ ਕਰਦੇ ਰਹਿੰਦੇ ਸਨ। ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੇ ਆਪ ਜੀ ਨੂੰ ਅਜਿਹਾ ਝੰਜੋੜਿਆ ਕਿ ਆਪ ਜੀ ਨੇ ਕੀਰਤਨ ਕਰਨ ਲਈ ਲੈ ਕੇ ਆਂਦਾ ਹਰਮੋਨੀਅਮ ਪੱਕੇ ਤੌਰ ‘ਤੇ ਬੰਨ੍ਹ ਕੇ ਰੱਖ ਦਿੱਤਾ। ਕਹਿੰਦੇ “ਹੁਣ ਕੀਰਤਨੀ ਧੁਨਾ ਨੇ ਠੱਲ ਨਹੀਂ ਪਾਉਣੀ, ਖੰਡੇ ਦੀ ਬੇਲਾ ਹੀ ਗੂੰਜੇਗੀ, ਫਿਰ ਹੀ ਧਰਮ ਬਚੇਗਾ”।
ਆਪ ਜੀ ਸੰਨ 1982 ਦੇ ਸ਼ੁਰੂ ਵਿਚ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਬੱਬਰਾਂ ਦੇ ਜਥੇ ਵਿਚ ਸ਼ਾਮਲ ਹੋ ਗਏ ਸਨ। ਕਈ-ਕਈ ਦਿਨ ਆਪ ਜੀ ਦਫ਼ਤਰੋਂ ਛੁੱਟੀ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਚਲੇ ਜਾਂਦੇ, ਜਿਥੇ ਜਥੇ ਦੇ ਸਿੰਘਾਂ ਬਸਤਰਾਂ ਦੀ ਸੇਵਾ ਆਦਿ ਕਰਦੇ ਰਹਿੰਦੇ। ਘੰਟਿਆਂ ਬੱਧੀ ਚੌਕੜਾ ਮਾਰ ਕੇ ਬੇਦਾਗੀ ਵਿਚ ਲੀਨ ਰਹਿੰਦੇ। ਆਪ ਜੀ ਦਾ ਦਰਮਿਆਨਾ ਕੱਦ ਛਾਂਟਵਾਂ ਸਰੀਰ ਵੇਖ ਕੇ ਕੋਈ ਵੀ ਨਹੀਂ ਮੰਨਦਾ ਸੀ ਕਿ ਇਹ ਖਾੜਕੂ ਹੈ। ਦਰਬਾਰ ਸਾਹਿਬ ਜੀ ਉੱਪਰ ਹੋਏ ਹਮਲੇ ਤੋ ਅੱਠ ਦਿਨ ਪਹਿਲਾਂ ਹੀ ਆਪ ਨਾਨਕ ਨਿਵਾਸ ਛੱਡ ਕੇ ਜਥੇਬੰਦੀ ਦੀ ਹਦਾਇਤ ਤੇ ਘਰੇ ਆ ਕੇ ਗਏ ਸਨ।
ਜਦੋਂ ਆਪ ਜੀ ਫਰੀਦਕੋਟ ਵਿਖੇ ਨੌਕਰੀ ਕਰਦੇ ਸਨ ਤਾਂ ਬਠਿੰਡਾ ਪੁਲਿਸ ਨੇ ਕਾਰ ਬੰਬ ਧਮਾਕਿਆਂ ਦੇ ਸੰਬੰਧ ਵਿਚ 26 ਜੁਲਾਈ 1986 ਨੂੰ ਆਪ ਜੀ ਉੱਪਰ ਰੇਡ ਮਾਰੀ ਸੀ, ਜਿੱਥੇ ਆਪ ਜੀ ਘੇਰੇ ਵਿਚੋਂ ਨਿਕਲ ਗਏ ਸਨ। ਫਰੀਦਕੋਟ ਤੋਂ ਬਦਲੀ ਕਰਵਾ ਕੇ ਆਪ ਜੀ ਮੁਕਤਸਰ ਚਲੇ ਗਏ। ਮੁਕਤਸਰ ਵਿਖੇ ਆਪ ਜੀ ਦਾ ਟਿਕਾਣਾ ਬੱਬਰਾਂ ਦਾ ਬੁੰਗਾ ਕਰਕੇ ਮਸ਼ਹੂਰ ਸੀ। ਆਪ ਜੀ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਮੰਡ ਫਲੌਰੀ ਤੋਂ ਬਾਅਦ ਮਾਲਵੇ ਦੇ ਡਿਪਟੀ ਚੀਫ ਸਨ। ਸੰਨ 1985 ਦੇ ਚੋਣ ਬਾਈਕਾਟ ਸਮੇਂ ਆਪ ਕਾਰ ਬੰਬ ਧਮਾਕਿਆਂ ਦੇ ਮੋਹਰੀ ਰਹੇ। ਭਾਈ ਸੁਲੱਖਣ ਸਿੰਘ ਬੱਬਰ ਦੀ ਕਮਾਂਡ ਹੇਠ ਭਾਈ ਬਖਤੌਰ ਸਿੰਘ ਵਕੀਲ ਬਠਿੰਡਾ ਅਤੇ ਭਾਈ ਕੁਲਵੰਤ ਸਿੰਘ ਬੱਬਰ ਨਾਲ ਮਿਲ ਕੇ ਚੁੰਬਕੀ ਬੰਬ ਬਣਾਏ ਜੋ ਟਾਈਮਰ ਪੈਨਸਿਲਾਂ ਰਾਹੀ ਫੱਟਣੇ ਸਨ। ਉਹਨਾਂ ਨੂੰ ਕਾਰਾਂ ਦੀਆਂ ਪੈਟਰੋਲ ਟੈਕੀਆਂ ਹੇਠ ਲਾਇਆ ਜੋ ਸਾਰੇ ਪੰਜਾਬ ਵਿਚ ਇਕੋ ਸਮੇ ਫੱਟਣੇ ਸਨ। ਆਪ ਜੀ ਜੰਗਜੂ ਐਕਸ਼ਨਾ ਅੰਦਰ ਭਾਈ ਜਸਮਿੰਦਰ ਸਿੰਘ ਬੱਬਰ ਲੁਧਿਆਣਾ, ਭਾਈ ਜਸਵਿੰਦਰ ਸਿੰਘ ਹੈਪੀ ਸਿਵੀਆਂ, ਭਾਈ ਬਲਵਿੰਦਰ ਸਿੰਘ ਬੱਬਰ ਗੰਗਾ, ਭਾਈ ਹਰਭਜਨ ਸਿੰਘ ਬੱਬਰ ਡੇਲਿਆਂ ਵਾਲੀ ਨਾਲ ਗੁੱਪਤ ਰੂਪ ਵਿਚ ਵਿਚਰਦੇ ਰਿਹੇ। ਸੰਨ 1990 ਵਿਚ ਆਪ ਜੀ ਮੁਕਤਸਰ ਵਿਖੇ ਕਿਸੇ ਐਕਸ਼ਨ ਕਾਰਨ ਪੁਲਿਸ ਦੀਆਂ ਨਜ਼ਰਾਂ ਵਿਚ ਫਿਰ ਆ ਗਏ ਅਤੇ ਆਪ ਜੀ ਨੂੰ ਰੂਪੋਸ਼ ਹੋਣਾ ਪੈ ਗਿਆ।
ਬੱਬਰਾਂ ਨੇ ਆਪ ਜੀ ਨੂੰ ਗੁਪਤ ਨਾਮ ਭਾਈ ਸੰਗਰਾਮ ਸਿੰਘ ਬੱਬਰ ਦਿੱਤਾ। ਮਿੱਠਬੋਲੜੇ ਸੁਭਾਅ ਕਾਰਨ ਆਪ ਜੀ ਹਰ ਇਕ ਦੇ ਦਿਲ ਵਿਚ ਆਪਣੀ ਥਾਂ ਬਣਾ ਲੈਂਦੇ। ਜੋ ਵੀ ਇਹਨਾਂ ਨੇ ਇਕ ਵਾਰ ਮਿਲ ਲੈਂਦਾ ਉਹ ਆਪਣੀ ਜ਼ਿੰਦਗੀ ਦੀ ਯਾਦ ਹਮੇਸ਼ਾ ਨਾਲ ਲਈ ਫਿਰਦਾ।
ਜਦੋਂ ਐਸ.ਐਸ.ਪੀ. ਗੋਬਿੰਦ ਰਾਮ ਇਕ ਬੰਬ ਧਮਾਕੇ ਵਿਚ ਮਾਰਿਆ ਗਿਆ ਤਾਂ ਆਪ ਜੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟਿੱਬੀ ਸਾਹਿਬ ਕੋਲ ਮਾਘੀ ਦੇ ਮੇਲੇ ‘ਤੇ ਮਾਘ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ ਗੋਬਿੰਦ ਰਾਮ ਦੀ ਕਬਰ ਬਣਾ ਕੇ ਉਸ ਉੱਪਰ ਇਕ ਬੋਰਡ ਲਾ ਦਿੱਤਾ। ਇਹ ਔਰੰਗੇ ਦੀ ਰੂਹ ਦੀ ਕਬਰ ਹੈ। ਦੂਸਰੀਆਂ ਕਬਰਾਂ ਦੇ ਨਾਲ ਇਸ ਕਬਰ ‘ਤੇ ਵੀ ਹੋਲਾ-ਮਹੱਲਾ ਕੱਢਣ ਸਮੇਂ ਸਿੰਘ ਛਿੱਤਰ ਮਾਰ ਕੇ ਜਾਣ। ਆਪ ਜੀ ਦੇ ਐਕਸ਼ਨ ਅਤੇ ਸੰਗਤ ਅੰਦਰ ਸੇਵਾ ਕਰਨ ਦੇ ਢੰਗ ਬਿਲਕੁਲ ਹੀ ਨਿਆਰੇ ਸਨ ਜਿਸ ਕਾਰਨ ਆਪ ਜੀ ਨੂੰ ਸੰਗਤ ਅੱਜ ਵੀ ਯਾਦ ਕਰਦੀ ਹੈ।
ਮੁਕਤਸਰ ਅਤੇ ਫਰੀਦਕੋਟ ਪੁਲਿਸ ਵੱਲੋਂ ਸਖ਼ਤੀ ਵੱਧਣ ਕਾਰਨ ਆਪ ਜੀ ਨੇ ਪੰਜਾਬ ਛੱਡ ਦਿੱਤਾ। ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਲੰਮੀਆਂ ਯਾਤਨਾਵਾਂ ਝੱਲ ਰਹੇ ਸਨ। ਛੋਟੇ ਭਰਾ ‘ਤੇ ਮੁਕਤਸਰ ਪੁਲਿਸ ਨੇ ਇਸ ਕਦਰ ਤਸ਼ੱਦਦ ਕੀਤਾ ਕਿ ਉਹਨਾਂ ਦਾ ਸਰੀਰ ਅਜੇ ਤੱਕ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋਇਆ।
ਐਸ.ਐਸ.ਪੀ. ਫਰੀਦਕੋਟ ਸਵਰਨ ਸਿੰਘ, ਜੋ ਘੋਟਨਾ ਕਰਕੇ ਮਸ਼ਹੂਰ ਸੀ, ਨੇ ਨਵੰਬਰ 1991 ਦੇ ਸ਼ੁਰੂ ਵਿਚ ਫਰੀਦਕੋਟ ਪੁਲਿਸ ਦੀ ਇਕ ਜ਼ਰੂਰੀ ਮੀਟਿੰਗ ਸੱਦੀ ਕਿਉਂਕਿ ਪੁਲਿਸ ਕੋਲ ਕੋਟਕਪੂਰੇ ਦੇ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘਾਂ ਦਾ ਲੰਗੋਟੀਆ ਯਾਰ ਸੀ। ਐਸ.ਐਸ.ਪੀ. ਘੋਟਨੇ ਨੇ ਆਪਣੇ ਖਾਸ ਅਫ਼ਸਰ ਸੀ.ਆਈ.ਏ.ਸਟਾਫ ਫਰੀਦਕੋਟ ਦੇ ਇੰਚਾਰਜ ਬੱਚਨ ਸਿੰਘ ਦੀ ਖਾਸ ਡਿਉਟੀ ਲਾ ਦਿੱਤੀ ਕਿ ਅੱਠ ਦਿਨਾਂ ਦੇ ਅੰਦਰ ਸੁਰਿੰਦਰ ਸਿੰਘ ਨੂੰ ਫੜਨਾ ਹੀ ਫੜਨਾ ਹੈ। ਬੱਚਨ ਸਿੰਘ ਜੋ ਬੱਚਨੇ ਬੁੱਚੜ ਕਰਕੇ ਮਸ਼ਹੂਰ ਸੀ ਤੇ ਜਿਸਦੇ ਹੱਥ ਪਹਿਲਾਂ ਹੀ ਕਈ ਸਿੰਘਾਂ ਦੇ ਖੂਨ ਨਾਲ ਰੰਗੇ ਹੋਏ ਸਨ। ਭਾਈ ਸੁਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਬਣੇ ਇਕ ਦੋਸਤ ਦਾ ਅਸਲੀ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਲਜਿੰਦਰ ਸਿੰਘ ਉਰਫ ਮੁਨਸ਼ੀ ਉਰਫ ਅਮਰਜੀਤ ਸਿੰਘ ਪਿੰਡ ਠਾੜਾ ਨਿਵਾਸੀ ਨੇ ਉਹਨਾਂ ਦੇ ਸਾਰੇ ਟਿਕਾਣੇ ਅਤੇ ਹੋਰ ਮਹੱਤਵਪੂਰਨ ਗੱਲਾਂ ਕੋਟਕਪੂਰੇ ਦੇ ਸੀ.ਆਈ.ਡੀ. ਦੇ ਡੀ.ਐਸ.ਪੀ. ਨੂੰ ਦੱਸ ਦਿੱਤੀਆਂ ਸਨ। ਸੀ.ਆਈ.ਡੀ. ਦੀ ਇਹ ਗੁਪਤ ਸੂਚਨਾ ਦੇ ਅਧਾਰ ‘ਤੇ ਹੀ ਸੀ.ਆਈ.ਏ. ਸਟਾਫ ਫਰੀਦਕੋਟ ਨੇ 6 ਨਵੰਬਰ ਦੀ ਰਾਤ ਨੂੰ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਭਲਦੇਵ ਸਿੰਘ ਤਲਵੰਡੀ, ਉਹਨਾਂ ਦੀ ਸਿੰਘਣੀ ਉਹਨਾਂ ਦੇ ਘਰੇ ਆਈ ਉਹਨਾਂ ਦੀ ਬੇਟੀ ਜੋ ਬੱਚੇ ਨੂੰ ਜਨਮ ਦੇਣ ਲਈ ਆਖਰੀ ਮਹੀਨੇ ਆਪਣੇ ਮਾਪਿਆ ਦੇ ਘਰ ਆਈ ਸੀ ਨੂੰ ਪਿੰਡ ਡੱਗੋ ਰੁਮਾਨੇ ਦੇ ਇਕ ਸਿੰਘ ਤੇ ਨਾਲ ਹੀ ਭਾਈ ਤੀਰਥ ਸਿੰਘ ਖਾਲਸਾ ਸਾਬਕਾ ਫੌਜੀ ਅਤੇ ਇਸ ਜੀਵਨੀ ਦੇ ਲੇਖਕ ਕਰਮਜੀਤ ਸਿੰਘ ਸਿੱਖਾਂਵਾਲਾ ਅਤੇ ਉਹਨਾਂ ਦੀ ਸਿੰਘਣੀ ਸਾਰਿਆਂ ਨੂੰ ਪੁਲਿਸ ਦੀਆਂ ਵੱਖਰੋ-ਵੱਖਰੀਆਂ ਪੁਲਿਸ ਪਾਰਟੀਆਂ ਨੇ ਚੁੱਕ ਲਿਆਂਦਾ। 7 ਨਵੰਬਰ 1991 ਦੀ ਸਵੇਰ ਨੂੰ ਸਾਰਿਆਂ ਦੀਆ ਹੀ ਅਣਖਾਂ ਗੈਰਤਾਂ ਦੀਆਂ ਕਹਾਣੀਆਂ ਵੱਖਰੋ-ਵੱਖਰੀਆਂ ਪਰਖੀਆਂ ਜਾ ਰਹੀਆਂ ਸਨ। ਅਲਫ ਨੰਗੀ ਹਾਲਤ ਵਿਚ ਜ਼ਬਰ ਜ਼ੁਲਮ ਤੇ ਸ਼ਰਮਹਯਾ ਫਰੀਦਕੋਟ ਦੇ ਤਫਤੀਸ਼ੀ ਸੈਂਟਰ ਵਿਚ ਦਿਨ ਦੀਵੀ ਵਿਹੜੇ ਦੀਆਂ ਪਾੜ-ਪਾੜ ਕੰਧਾਂ ਵਿਚ ਦਫ਼ਨ ਹੋ ਰਿਹੇ ਸਨ।
ਇਸ ਕਹਿਰ ਦੀ ਗੱਲ ਕੀ ਲਿਖੀ ਜਾਵੇ ਜਦੋਂ ਭਾਈ ਬਲਦੇਵ ਸਿੰਘ ਤਲਵੰਡੀ ਭਾਈ ਨੂੰ ਸਟਾਫ ਦੀ ਇਕ ਨੁੱਕਰ ਵਿਚ ਗੱਡੇ ਕਿੱਲ੍ਹੇ ‘ਤੇ ਘੜੀਸ ਕੇ ਬਿਠਾਇਆ ਜਾ ਰਿਹਾ ਸੀ ਜੋ ਤਿੱਖਾ ਤੇ ਉੱਪਰੋਂ ਗਰੀਸ ਨਾਲ ਲਬੇੜਿਆ ਹੋਇਆ ਸੀ। ਬੱਚੀ ਤੇ ਸਿੰਘਣੀਆਂ ਨੂੰ ਕੇਸਕੀਆਂ ਤੋਂ ਫੜ ਕੇ ਰਾਇਫਲਾਂ ਦੇ ਬੱਟਾਂ ਅਤੇ ਬੂਟਾਂ ਦੇ ਠੁੱਡਿਆਂ ਨਾਲ ਸਿੰਘਾਂ ਦੀ ਇਹ ਹਾਲਤ ਦੇਖਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ।
ਪੁਲਿਸ ਨੂੰ ਕੈਟ ਮੁਨਸ਼ੀ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ ਕਿ ਸੁਰਿੰਦਰ ਸਿੰਘ ਦੀਵਾਲੀ ਤੋਂ ਬਾਅਦ ਪੰਜਾਬ ਆ ਜਾਵੇਗਾ। ਪੁਲਿਸ ਨੂੰ ਸ਼ੱਕ ਸੀ ਕਿ ਸੁਰਿੰਦਰ ਸਿੰਘ ਬੱਬਰ ਪੰਜਾਬ ਵਿਚ ਆਪਣੇ ਕਿਸੇ ਟਿਕਾਣੇ ਤੇ ਆ ਚੁੱਕਾ ਹੋਵੇਗਾ। ਜਦੋਂ ਪੁਲਿਸ ਨੂੰ ਇਹ ਯਕੀਨ ਹੋ ਗਿਆ ਕਿ ਸੁਰਿੰਦਰ ਸਿੰਘ ਬੱਬਰ ਅਜੇ ਪੰਜਾਬ ਨਹੀਂ ਆਇਆ ਤਾਂ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੇ ਆਪਣਾ ਜਾਲ ਵਿਛਾ ਲਿਆ ਅਤੇ ਦੂਸਰੀ ਇਕ ਪਾਰਟੀ ਨੇ ਨਾਗਪੁਰ ਉਹਨਾਂ ਦੇ ਟਿਕਾਣੇ ‘ਤੇ ਛਾਪਾ ਮਾਰਨ ਲਈ ਕਾਰਵਾਈ ਅਰੰਭ ਕਰ ਦਿੱਤੀ। ਕਿਉਂਕਿ ਨਾਗਪੁਰ ਵਿਖੇ ਤਲਵੰਡੀ ਭਾਈ ਵਾਲੇ ਸਿੰਘ ਦੇ ਰਿਸ਼ਤੇਦਾਰ ਰਹਿੰਦੇ ਸਨ। ਪਰ ਸੁਰਿੰਦਰ ਸਿੰਘ ਨਾਗਪੁਰ ਵਿਖੇ ਨਹੀਂ ਮਿਲੇ। 10 ਨਵੰਬਰ ਨੂੰ ਸਵੇਰੇ 8 ਵਜੇ ਜਦੋਂ ਦਿੱਲੀ ਰੇਲਵੇ ਸਟੇਸ਼ਨ ‘ਤੇ ਨਾਗਪੁਰ ਤੋਂ ਆਉਣ ਵਾਲੀ ਰੇਲ ਗੱਡੀ ਰੁਕੀ ਤਾਂ ਪੁਲਿਸ ਨੇ ਉਸ ਗੱਡੀ ਨੂੰ ਆਪਣੇ ਘੇਰੇ ਵਿਚ ਲੈ ਲਿਆ। ਭਾਈ ਸੁਰਿੰਦਰ ਸਿੰਘ ਬੱਬਰ ਗੱਡੀ ਵਿਚੋਂ ਉਤਰੇ। ਉਹਨਾਂ ਆਪਣਾ ਦਾਹੜਾ ਬੰਨ ਕੇ ਭੇਸ ਬਦਲਣ ਦੀ ਕੋਸ਼ਿਸ ਕੀਤੀ ਸੀ ਪਰ ਉਹ ਕੈਟ ਮੁਨਸ਼ੀ ਦੀ ਪਹਿਚਾਣ ਵਿਚ ਆ ਗਏ। ਉਹ ਫਿੱਕੀ ਸਲੇਟੀ ਪੱਗ ਅਤੇ ਕੋਟ ਪੈਂਟ ਨਾਲ ਪੂਰੇ ਵਪਾਰੀ ਲੱਗ ਰਹੇ ਸਨ। ਕੈਟ ਮੁਨਸ਼ੀ ਨੇ ਭਾਈ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਗੁਰ ਫਤਿਹ ਬੁਲਾਈ ਅਤੇ ਜੱਫੀ ਵਿਚ ਬਲਗੀਰ ਹੋਇਆ ਪਰ ਜੱਫੀ ਨੂੰ ਛੱਡਿਆ ਨਹੀਂ। ਸਾਦੇ ਕੱਪੜਿਆ ਵਿਚ ਫੈਲੇ ਕਮਾਂਡੋ ਇਕ ਦਮ ਭਾਈ ਸਾਹਿਬ ਜੀ ਨੂੰ ਟੁੱਟ ਕੇ ਪੈ ਗਏ। ਭਾਈ ਸਾਹਿਬ ਨੂੰ ਇਹ ਨਾ ਪਤਾ ਲੱਗਾ ਕੇ ਮੁਨਸ਼ੀ ਜੱਫੀ ਪਾ ਕੇ ਬਲਗੀਰ ਹੋਇਆ ਯਾਰੀ ਦੇ ਪਿਆਰ ਨਾਲ ਮਿਲ ਰਿਹਾ ਹੈ ਜਾਂ ਯਾਰ ਮਾਰ ਕਰ ਗਿਆ ਹੈ। ਪੁਲਿਸ ਦੀ ਧਾੜ ਨੇ ਇਕ ਦਮ ਉਹਨਾਂ ਨੂੰ ਚੁੱਕ ਲਿਆ। ਸਟੇਸ਼ਨ ‘ਤੇ ਹਫੜਾ ਦਫੜੀ ਮੱਚ ਗਈ। ਪੁਲਿਸ ਨੇ ਪੱਗੜੀ ਤੋਂ ਕਛਹਿਰੇ ਤੱਕ ਸਾਰੇ ਕੱਪੜੇ ਉਤਾਰ ਦਿੱਤੇ। ਦਾਹੜੇ ਕੇਸਾਂ ਨੂੰ ਚੰਗੀ ਤਰਾਂ ਫਰੋਲਿਆ ਕਿ ਕਿਤੇ ਕੋਈ ਸਾਇਆਨਾਇਡ ਨਾ ਲੁਕੋ ਰੱਖੀ ਹੋਵੇ।
ਆਤਮਿਕ ਰੰਗ ਦੀਆਂ ਲਹਿਰਾਂ ਸੰਗ ਜੁੜ ਕੇ ਜਦੋਂ ਉਹ ਪਾਠ ਕਰਦੇ ਸਨ ਉਦੋਂ ਉਹ ਆਪਣੇ ਭਵਿੱਖ ਦੀ ਕਹਾਣੀ ਬੋਲ ਜਾਂਦੇ ਸਨ। 13 ਅਪ੍ਰੈਲ 1991 ਨੂੰ ਆਪਣੇ ਟਿਕਾਣੇ ‘ਤੇ ਸਹਿਜ ਪਾਠ ਦਾ ਭੋਗ ਪਾਇਆ। ਸ਼ਹੀਦ ਸਿੰਘਾਂ ਦੀ ਯਾਦ ਵਿਚ ਰੱਖੇ ਇਸ ਪਾਠ ਦੀ ਸਮਾਪਤੀ ਅਰਦਾਸ ਭਾਈ ਸਾਹਿਬ ਨੇ ਖੁਦ ਕੀਤੀ ਅਤੇ ਹੁਕਮਨਾਮਾ ਭਾਈ ਬਲਵਿੰਦਰ ਸਿੰਘ ਗੰਗਾ ਬੱਬਰ ਨੇ ਪੜ੍ਹ ਕੇ ਸੁਣਾਇਆ। ਗੁਰੁ ਸਾਹਿਬ ਜੀ ਨੇ ਇਹ ਹੁਕਮ ਆਪਣੇ ਅੰਗ 923 ਤੋਂ “ਰਾਮਕਲੀ ਸਦੁ” ਤੋਂ ਬਖ਼ਸ਼ਿਸ਼ ਕੀਤਾ। ਹੁਕਮਨਾਮੇ ਦੀਆਂ ਆਖਰੀ ਪੰਗਤੀਆਂ “ਹਰਿ ਗੁਰਹਿ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ॥” ਨੂੰ ਭਾਈ ਸਾਹਿਬ ਦੁਹਰਾਉਂਦੇ ਕਹਿੰਦੇ ਹੁਣ ਤਾਂ ਸਦੁ ਆ ਗਿਆ ਹੈ। ਹੁਣ ਤਾਂ ਗੁਰੁ ਸਾਹਿਬ ਜੀ ਨੇ ਹੀ ਪੈਜ ਰੱਖਣੀ ਹੈ। ਭਾਈ ਸਾਹਿਬ ਜੀ ਨੂੰ ਦਿਖਾਈ ਦਿੱਤਾ ਆਪਣੇ ਸੰਘਰਸ਼ਮਈ ਜੀਵਨ ਦਾ ਅੰਤ ਦਿੱਲੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਗਿਆ।
ਭਾਈ ਸਾਹਿਬ ਜੀ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਚੁੱਕ ਕੇ ਅਤੇ ਗੱਡੀ ਵਿਚ ਸੁੱਟ ਕੇ ਫਰੀਦਕੋਟ ਸੀ.ਆਈ.ਏ. ਸਟਾਫ ਵਿਚ ਲੈ ਆਏ। ਬੁੱਚੜਗਰਦੀ ਨਾਲ ਇਕ ਹੋਰ ਖਾਲਸਤਾਨੀ ਯੋਧੇ ਦੀ ਪਰਖ ਸ਼ੁਰੂ ਹੋ ਗਈ। 11 ਨਵੰਬਰ 1991 ਤੋਂ 23 ਨਵੰਬਰ 1991 ਦੀ ਅੱਧੀ ਰਾਤ ਤੱਕ ਫਰੀਦਕੋਟ ਪੁਲਿਸ ਵੱਲੋਂ ਕਹਿਰਾਂ ਦੀਆਂ ਰਾਤਾਂ ਹਰ ਵਹਿਸ਼ਤੀ ਢੰਗ ਦੇ ਜ਼ੁਲਮਾਂ ਨਾਲ ਉਹਨਾਂ ਨੇ ਆਪਣੇ ਪਿੰਡੇ ‘ਤੇ ਝੱਲੀਆਂ।
ਫਰੀਦਕੋਟ ਤਫਤੀਸ਼ੀ ਸੈਂਟਰ ਨੇ ਭਾਈ ਸੁਰਿੰਦਰ ਸਿੰਘ ਬੱਬਰ ਤੋਂ ਇਲਾਵਾ ਭਾਈ ਅਵਤਾਰ ਸਿੰਘ ਬੱਬਰ ਲੱਡੂ ਪਿੰਡ ਰਾਜੋਆਣਾ ਅਤੇ ਭਾਈ ਸ਼ਮਸ਼ੇਰ ਸਿੰਘ ਬੱਬਰ ਪਿੰਡ ਭੁੱਲਰ ਨੂੰ ਵੀ ਫੜ ਰੱਖਿਆ ਸੀ। ਇਹਨਾਂ ਦੋਹਾਂ ਸਿੰਘਾਂ ਨੂੰ ਗੰਗਾ ਨਗਰ ਦੀ ਦਾਣਾ ਮੰਡੀ ਵਿਚੋਂ ਰਾਜਸਥਾਨ ਪੁਲਿਸ ਨੇ ਫੜਿਆ ਸੀ। ਬਾਅਦ ਵਿਚ ਰਾਜਸਥਾਨ ਤੋਂ ਪੰਜਾਬ ਪੁਲਿਸ ਸੰਗਰੂਰ ਲੈ ਗਈ ਤੇ ਸੰਗਰੂਰ ਤੋਂ ਫਰੀਦਕੋਟ ਪੁਲਿਸ ਲੈ ਆਈ ਸੀ। ਇਹਨਾਂ ਤੋਂ ਇਲਾਵਾ ਦੋ ਬੀਬੀਆਂ ਹੋਰ ਵੀ ਬੰਦ ਕੀਤੀਆਂ ਹੋਈਆਂ ਸਨ, ਸਟਾਫ ਦੇ ਰਿਹਾਇਸ਼ੀ ਕਮਰੇ ਵਿਚ ਬੰਦ ਸਨ ਤੇ ਇਹਨਾਂ ਬੀਬੀਆਂ ਦੀ ਹੋਂਦ ਬਾਰੇ ਹਨ੍ਹੇਰਾ ਹੋ ਜਾਣ ‘ਤੇ ਉਦੋਂ ਪਤਾ ਲੱਗਦਾ ਸੀ, ਜਦੋਂ ਉਹਨਾਂ ਦੀਆਂ ਤਰਲਿਆ ਭਰੀਆਂ ਸਿਸਕੀਆਂ, ਖਚਰੀਆਂ ਟਿਚਰਾਂ ਅਤੇ ਹਾਸਿਆਂ ਵਿਚ ਸੁਣਦੀਆਂ ਸਨ। ਬਾਅਦ ਵਿਚ ਇਹਨਾਂ ਬੀਬੀਆਂ ਬਾਰੇ ਕਾਫੀ ਪੜਤਾਲ ਕੀਤੀ ਗਈ ਕਿ ਇਹ ਨਿਮਾਣੀਆਂ ਕੌਣ ਸਨ, ਕਿੱਥੋਂ ਚੁੱਕ ਕੇ ਲਿਆਂਦੀਆਂ ਗਈਆਂ ਸਨ, ਕਿੱਥੇ ਚਲੀਆਂ ਗਈਆਂ, ਕਿਥੇ ਖਪਾ ਦਿੱਤੀਆਂ ਗਈਆਂ ਪਰ ਕੋਈ ਥਹੁ ਪਤਾ ਨਹੀਂ ਲੱਗਾ!!
ਭਾਈ ਅਵਤਾਰ ਸਿੰਘ ਬੱਬਰ ਲੱਡੂ ਨੂੰ ਸਟਾਫ ਦੀ ਹਵਾਲਾਤ ਵਿਚ ਬੰਦ ਕੀਤਾ ਹੋਇਆ ਸੀ। ਹਵਾਲਾਤ ਦੇ ਲੋਹੇ ਦੇ ਗੇਟ ਮੁਹਰੇ ਦੋ ਕੰਬਲ ਪਾਏ ਹੋਏ ਸਨ। ਭਾਈ ਸੁਰਿੰਦਰ ਸਿੰਘ ਬੱਬਰ ਨੂੰ ਸਟਾਫ ਦੇ ਬਰਾਂਡੇ ਨਾਲ ਲਗਦੇ ਕਮਰੇ ਵਿਚ ਬੰਦ ਕੀਤਾ ਹੋਇਆ ਸੀ, ਭਾਈ ਸ਼ਮਸ਼ੇਰ ਸਿੰਘ ਬੱਬਰ ਨੂੰ ਹੋਰ ਕਿਸੇ ਅਣਸੁਖਾਵੀਂ ਜਗ੍ਹਾ ਵਿਚ ਰੱਖੇ ਕਾਠ ਦੇ ਸ਼ਿਕੰਜੇ ਵਿਚ ਲੱਤਾਂ ਦੇ ਕੇ ਬੰਦ ਕੀਤਾ ਹੋਇਆ ਸੀ।
ਤਿੰਨਾਂ ਹੀ ਬੱਬਰ ਯੋਧਿਆਂ ਨੇ ਆਪਣੀ ਅਣਖ ਗੈਰਤ ਗੁਰੁ ਦੇ ਪਿਆਰ ਨਾਲ ਬੁੱਚੜਾਂ ਦੇ ਹਰ ਜ਼ੁਲਮ ਨੂੰ ਸਹਾਰ ਕੇ ਸਿਦਕ ਸਿਰੜ ਨਾਲ ਨਿਭਾਈ। ਭਾਈ ਲੱਡੂ ਹਵਾਲਾਤ ਵਿਚ ਉੱਚੀ ਸੁਰ ਵਿਚ ਸਿਮਰਨ ਕਰਦੇ ਸਨ ਤਾਂ ਜਲਾਦ ਕੰਨਾਂ ਵਿਚ ਉਂਗਲਾਂ ਦੇ ਕੇ ਬੜ-ਬੜਾਅ ਉਠਦੇ ਸਨ। ਭਾਈ ਸੁਰਿੰਦਰ ਸਿੰਘ ਬੱਬਰ ਦਾ ਸਰੀਰ ਬਰਾਂਡੇ ਵਿਚ ਲੱਟਕਦੀ ਭਾਉਂਨੀ ਨਾਲ ਰੀੜ ਦੀ ਹੱਡੀ ਕੋਲੋ ਟੁੱਟਿਆ ਹੋਇਆ ਇਕ ਦਮ ਮੁਹਰੇ ਨੂੰ ਲਮਕਿਆਂ ਪਿਆ ਸੀ। ਉਹਨਾਂ ਦਾ ਕੰਘਾ ਕਿੰਨੇ ਹੀ ਦਿਨ ਸਟਾਫ ਦੇ ਵਿਹੜੇ ਵਿਚ ਰੁਲਦਾ ਦੇਖਿਆ ਗਿਆ। 23 ਨਵੰਬਰ ਦੀ ਰਾਤ ਬੱਬਰਾਂ ਦੀ ਆਖਰੀ ਰਾਤ ਸੀ, ਜਿਨ੍ਹਾਂ ਨੇ ਬਾਜੇਖਾਨੇ ਦੇ ਕੋਲ ਸੇਮ ਨਾਲੇ ਦੇ ਪੁਲ ‘ਤੇ ਦੁਸ਼ਟਾਂ ਦੀਆਂ ਗੋਲੀਆਂ ਨੂੰ ਆਪਣੀਆਂ ਛਾਤੀਆਂ ਵਿਚ ਸਾਂਭ ਲਿਆ। ਬਰਾਂਡੇ ਦੇ ਵਿਚ ਇਕ ਮੇਜ ਦੇ ਕੋਲ ਇਕ ਲਹੂ ਲਿਬੜਿਆ ਕੰਬਲ ਅਤੇ ਇਕ ਟੋਕਾ ਲਹੂ ਨਾਲ ਗੜੁੱਚ, ਬੱਬਰਾਂ ਦੀਆਂ ਸ਼ਹਾਦਤਾਂ ਦੀ ਗਵਾਹੀ ਭਰ ਰਹੇ ਸਨ। ਇਕ ਬੁਝਾਰਤ ਸਟਾਫ ਦੇ ਬਰਾਂਡੇ ਵਿਚ ਦੱਬੀ ਗਈ, ਕਿਸੇ ਯੋਧੇ ਦਾ ਸੀਸ ਧੜ ਤੋਂ ਵੱਖ ਕਰਕੇ, “ਇਹ ਬਾਤ ਇਤਿਹਾਸ ਲਈ ਛੱਡ ਦਿੱਤੀ ਗਈ”। ਬਾਅਦ ਵਿਚ ਪਤਾ ਲੱਗਾ ਕੇ ਭਾਈ ਅਵਤਾਰ ਸਿੰਘ ਲੱਡੂ ਦਾ ਸਰੀਰ ਫਰੀਦਕੋਟ ਕੋਲ ਵਗਦੀਆਂ ਦੋ ਨਹਿਰਾਂ ਦੇ ਕੋਲ ਸੁੱਟ ਦਿੱਤਾ ਗਿਆ, ਭਾਈ ਸੁਰਿੰਦਰ ਸਿੰਘ ਬੱਬਰ ਅਤੇ ਭਾਈ ਸ਼ਮਸ਼ੇਰ ਸਿੰਘ ਬੱਬਰ ਦਾ ਸੰਸਕਾਰ ਸ਼ਮਸ਼ਾਨ ਘਾਟ (ਰਾਮ ਬਾਗ) ਵਿਚ ਕਰ ਦਿੱਤਾ ਗਿਆ। ਭਾਈ ਬਲਦੇਵ ਸਿੰਘ ਤਲਵੰਡੀ ਅਤੇ ਭਾਈ ਸਰਬਣ ਸਿੰਘ ਡੱਗੋਰੁਮਾਨਾ ਅਤੇ ਇਹਨਾਂ ਦੇ ਪਰਿਵਾਰ ਨੂੰ ਛੱਡ ਦਿੱਤਾ ਗਿਆ। ਇਸ ਜੀਵਨੀ ਦੇ ਲੇਖਕ (ਕਰਮਜੀਤ ਸਿੰਘ ਸਿੱਖਾਂਵਾਲਾ) ਦੀ ਪਤਨੀ ਨੂੰ ਛੱਡ ਦਿੱਤਾ ਗਿਆ ਪਰ ਲੇਖਕ ਉਪਰ ਕਈ ਫਰਜ਼ੀ ਕੇਸ ਪਾ ਕੇ ਫਿਰੋਜ਼ਪੁਰ ਦੀ ਜੇਲ ਭੇਜ ਦਿੱਤਾ ਗਿਆ। ਭਾਈ ਅਵਤਾਰ ਸਿੰਘ ਬੱਬਰ ਦੀ ਦੇਹ ਦੇ ਟੋਟੇ ਕਰਕੇ ਨਹਿਰ ਵਿਚ ਇਸ ਕਰਕੇ ਸੁੱਟ ਦਿੱਤਾ ਗਿਆ ਕਿਉਂਕਿ ਜਦੋਂ ਪੰਜਾਬ ਪੁਲਿਸ ਇਹਨਾਂ ਨੂੰ ਰਾਜਸਥਾਨ ਤੋਂ ਸੰਗਰੂਰ ਲੈ ਕੇ ਆਈ ਸੀ ਤਾਂ ਐਸ.ਐਸ.ਪੀ. ਸੰਗਰੂਰ ਸ਼ਤੀਸ ਕੁਮਾਰ ਸ਼ਰਮਾ ਨੇ ਪ੍ਰੈਸ ਅੰਦਰ ਇਕ ਬਿਆਨ ਦਿੱਤਾ ਸੀ ਕਿ ਲੱਡੂ ਬੱਬਰ ਚੱਲਦੀ ਜਿਪਸੀ ਵਿਚੋਂ ਨਹਿਰ ਵਿਚ ਛਾਲ ਮਾਰ ਗਿਆ ਹੈ ਤੇ ਉਸ ਦੀ ਲਾਸ਼ ਲੱਭੀ ਜਾ ਰਹੀ ਹੈ। ਪੁਲਿਸ ਨੇ ਇਹ ਕਾਰਵਾਈ ਫੌਰੀ ਤਾਂ ਕੀਤੀ ਕਿ ਖਾੜਕੂਆਂ ਨੇ ਪੁਲਿਸ ਅਫਸਰਾਂ ਦੇ ਪਰਿਵਾਰ ਚੁੱਕ ਲਏ ਸਨ ਅਤੇ ਪੁਲਿਸ ਨੂੰ ਸਪੱਸ਼ਟ ਕਰ ਦਿੱਤਾ ਸੀ ਕਿਉਂਕਿ ਜੇਕਰ ਭਾਈ ਮਾਧਾ ਸਿੰਘ ਬੱਬਰ ਵੇਈਂ ਪੂੰਈ ਜੋ ਮਹਾਂਰਾਸ਼ਟਰ ਵਿਚ ਫੜੇ ਗਏ ਸਨ ਅਤੇ ਭਾਈ ਅਵਤਾਰ ਸਿੰਘ ਲੱਡੂ ਦਾ ਕੋਈ ਨੁਕਸਾਨ ਕੀਤਾ ਗਿਆ ਤਾਂ ਅਸੀ ਜਵਾਬੀ ਕਾਰਵਾਈ ਕਰਾਂਗੇ। ਪੁਲਿਸ ਨੇ ਇਸ ਕਰਕੇ ਕਈ ਪ੍ਰਕਾਰ ਦੇ ਡਰਾਮੇ ਕੀਤੇ, ਪਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ।
ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲਣ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸੰਗਤ ਵਿਚ ਰੱਖਣ ਦੇ ਲਈ ਜਦੋਂ ਭਾਈ ਸੁਰਿੰਦਰ ਸਿੰਘ ਬੱਬਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਦੇ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰ ਨੂੰ ਮਿਲਣ ਦਾ ਯਤਨ ਕੀਤਾ ਗਿਆ ਤਾਂ ਮਨ ਨੂੰ ਇਕ ਵੱਡਾ ਧੱਕਾ ਲੱਗਾ। ਪੁਲਿਸ ਦਾ ਸਹਿਮ ਅੱਜ ਤੱਕ ਉਹਨਾਂ ਦੇ ਚਿਹਰਿਆ ਉਪਰ ਸੀ। ਠਠੰਬਰੀਆਂ ਅੱਖਾਂ ਭਰੇ ਗੱਚ ਬਹੁਤ ਕੁਝ ਉਹਨਾਂ ਅੰਦਰ ਛੁਪਾ ਲੈਂਦੇ ਸਨ। ਇਹਨਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਬਹੁਤ ਲੱਭੀਆਂ, ਪਰਿਵਾਰਾਂ ਤੋਂ ਵੀ ਮੰਗੀਆਂ ਪਰ ਕਿਤੋਂ ਵੀ ਨਾ ਮਿਲੀਆਂ। ਅਖੀਰ ਮਾਰਚ 1989 ਦੇ “ਸੂਰਾ” ਮਾਸਿਕ ਰਸਾਲੇ ਅੰਦਰ ਭਾਈ ਸੁਰਿੰਦਰ ਸਿੰਘ ਬੱਬਰ ਦੀ ਤਸਵੀਰ ਛਪੀ ਹੋਈ ਲੱਭੀ। ਇਹ ਆਨੰਦ ਕਾਰਜ਼ ਦੀ ਤਸਵੀਰ ਸੀ।
ਭਾਈ ਸਾਹਿਬ ਸੁਰਿੰਦਰ ਸਿੰਘ ਬੱਬਰ ਦਾ ਆਨੰਦ ਕਾਰਜ ਬੀਬੀ ਹਰਦੀਪ ਕੌਰ ਨਾਲ ਨਵੰਬਰ 1988 ਵਿਚ ਮੋਗਾ ਵਿਖੇ ਸਲਾਨਾ ਅਖੰਡ ਕੀਰਤਨੀ ਅਖਾੜਿਆਂ ਅੰਦਰ ਹੋਇਆ ਸੀ। ਆਪ ਜੀ ਦੀ ਸਿੰਘਣੀ ਨੇ ਆਪ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸਹੁਰਾ ਪਰਿਵਾਰ ਛੱਡ ਦਿੱਤਾ ਸੀ ਅਤੇ ਮਾਪੇ ਪਰਿਵਾਰ ਵਿਚ ਚਲੇ ਗਏ ਸਨ। ਆਪ ਜੀ ਦੀ ਕੋਈ ਸੰਤਾਨ ਨਹੀਂ ਸੀ।
ਜਦੋਂ ਗੁਰਸਿੱਖ ਸੰਸਥਾ ਦੀ ਟੀਮ ਪਿੰਡ ਚੱਕ ਮਦਰੱਸੇ ਉਹਨਾਂ ਦੇ ਘਰੇ ਗਈ ਤਾਂ ਉਹਨਾਂ ਦੇ ਮਾਤਾ ਜੀ ਅੱਧ ਕੱਚੇ ਪੱਕੇ ਮਕਾਨ ਦੇ ਵਿਹੜੇ ਵਿਚ ਸਫ਼ਾਈ ਕਰ ਰਹੇ ਸਨ। ਰਸਮੀ ਗੱਲਬਾਤ ਤੋਂ ਬਾਅਦ ਜਦੋਂ ਭਾਈ ਸਾਹਿਬ ਜੀ ਦੀ ਯਾਦਗਿਰੀ ਦੀ ਕੋਈ ਨਿਸ਼ਾਨੀ ਦੇਖਣੀ ਚਾਹੀ ਤਾਂ ਭਰੀਆਂ ਅੱਖਾਂ ਨਾਲ ਮਾਤਾ ਜੀ ਕਹਿੰਦੇ, “ਪੁੱਤ ਪੁਲਿਸ ਸਾਰਾ ਕੁਝ ਹੀ ਚੁੱਕ ਕੇ ਲੈ ਗਈ ਸੀ” ਅਸੀਂ ਤਾਂ ਡਰਦਿਆਂ ਉਸ ਦਾ ਅੰਤਿਮ ਭੋਗ ਵੀ ਨਹੀਂ ਪਾਇਆ। “ਮੇਰਾ ਸੁਰਿੰਦਰ ਤਾਂ ਸਰਵਣ ਪੁੱਤਰ ਸੀ, ਕੌਣ ਕਹਿੰਦਾ ਹੈ ਕਿ ਉਹ ਅੱਤਵਾਦੀ ਸੀ। ਇਹ ਸੱਚ ਹੈ ਕੇ ਅਸੀਂ ਉਸ ਦਾ ਭੋਗ ਨਹੀਂ ਪਾਇਆ”। ਜਦੋਂ ਪੁਛਿਆ, ਮਾਤਾ ਜੀ ਭਾਈ ਸਾਹਿਬ ਅਖੰਡ ਕੀਰਤਨੀ ਜਥੇ ਦੇ ਨਾਲ ਉਸ ਦੇ ਰੂਹੇ ਰਵਾਂ ਬਣ ਕੇ ਤੁਰੇ ਸਨ ਅਤੇ ਉਹਨਾਂ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ ਹੈ, ਕਿਸੇ ਕੋਈ ਮਦਦ ਨਹੀਂ ਕੀਤੀ ਜਾਂ ਘਰ ਦੀ, ਪਰਿਵਾਰ ਦੀ ਸਾਰ ਨਹੀਂ ਲਈ? ਤਾਂ ਕਹਿੰਦੇ, “ਕਾਕਾ ਮੱਦਦ ਤਾਂ ਦੂਰ ਦੀ ਗੱਲ, ਸਾਡੇ ਤਾਂ ਘਰੇ ਤੱਕ ਵੀ ਕੋਈ ਨਹੀਂ ਆਇਆ, ਇਹ ਬਾਟਿਆਂ, ਖੜਤਾਲਾਂ ਵਾਲੇ ਤਾਂ ਕਿਤੇ ਦਿਖੇ ਵੀ ਨਹੀਂ, ਸਾਡੇ ਮੱਥੇ ਵੀ ਨਹੀਂ ਲੱਗੇ”।
“ਪਿੰਡ ਦੇ ਹੀ ਦੱਸਦੇ ਸਨ, ਅਖ਼ਬਾਰਾਂ ਅੰਦਰ ਵੀ ਪੜ੍ਹਿਆ ਸੀ, ਸੁਰਿੰਦਰ ਦੇ ਨਾਲ ਦੇ ਸਿੰਘਾਂ ਨੇ ਕਿਸੇ ਗੁਪਤ ਜਗ੍ਹਾ ‘ਤੇ ਭੋਗ ਪਾਇਆ ਸੀ। ਜਦੋਂ ਸੁਰਿੰਦਰ ਸਿੰਘ ਸ਼ਹੀਦ ਹੋਇਆ, ਉਸ ਤੋਂ ਕਈ ਦਿਨ ਬਾਅਦ ਦੋ ਸਿੰਘ ਸ਼ਾਮ ਨੂੰ ਸਾਡੇ ਘਰੇ ਆਏ ਉਹ ਇਕ ਮੈਡਲ, ਇਕ ਸ੍ਰੀ ਸਾਹਿਬ ਅਤੇ ਸਿਰੋਪਾਉ ਘਰੇ ਪਰਿਵਾਰ ਨੂੰ ਦੇ ਕੇ ਗਏ ਸਨ। ਪਰ ਅਗਲੇ ਹੀ ਦਿਨ ਪੁਲਿਸ ਨੇ ਦਿਨ ਚੜ੍ਹਦੇ ਹੀ ਘਰੇ ਛਾਪਾ ਮਾਰਿਆ। ਸਾਰੇ ਪਰਿਵਾਰ ਦੀ ਕੁੱਟਮਾਰ ਕੀਤੀ, ਬੇਹਯਾਈ ਨਾਲ ਤਲਾਸ਼ੀ ਲਈ ਅਤੇ ਸਿੰਘਾਂ ਵੱਲੋਂ ਭੇਂਟ ਕੀਤੀਆਂ ਵਸਤੂਆਂ ਨਾਲ ਲੈ ਗਏ”। ਬੱਬਰ ਖਾਲਸਾ ਵਾਲੇ ਜੋ ਸਿੰਘ ਸ਼ਹੀਦ ਹੋ ਜਾਂਦੇ ਸੀ ਉਸ ਪਰਿਵਾਰ ਨੂੰ ਆਪਣੀ ਜਥੇਬੰਦੀ ਵੱਲੋਂ ਇਕ ਸੋਨੇ ਦਾ ਮੈਡਲ ਇਕ ਸ੍ਰੀ ਸਾਹਿਬ ਜਿਸ ਉੱਪਰ ਆਪਣੀ ਜਥੇਬੰਦੀ ਦੀ ਮੋਹਰ ਲੱਗੀ ਹੁੰਦੀ ਸੀ “ਬੱਬਰ ਖਾਲਸਾ ਇੰਟਰਨੈਸ਼ਨਲ” ਉਹ ਭੇਟ ਕਰਦੇ ਹੁੰਦੇ ਸਨ।
29 ਨਵੰਬਰ ਨੂੰ ਅੱਜ ਦੀ ਆਵਾਜ਼ ਅਤੇ ਅਜੀਤ ਅਖ਼ਬਾਰ ਅੰਦਰ ਭਾਈ ਸਾਹਿਬ ਜੀ ਦੇ ਭੋਗ ਬਾਰੇ ਇਕ ਇਸ਼ਤਿਹਾਰ ਲੱਗਾ ਸੀ, ਜਿਸ ਵਿਚ ਕਿਸੇ ਗੁੱਪਤ ਜਗ੍ਹਾ ਤੇ ਭੋਗ ਪੈਣ ਬਾਰੇ ਲਿਖਿਆ ਸੀ ਅਤੇ ਸੰਗਤ ਨੂੰ ਚੌਪਈ ਸਾਹਿਬ ਜੀ ਦੇ ਪਾਠ ਕਰਨ ਲਈ ਬੇਨਤੀ ਕੀਤੀ ਗਈ ਸੀ। ਇਸ਼ਤਿਹਾਰ ਦੀ ਸੇਵਾ ਬੱਬਰਾਂ ਦੀ ਜਥੇਬੰਦੀ ਵੱਲੋਂ ਕਰਵਾਈ ਗਈ ਸੀ।
ਘਰ ਦੀ ਗਰੀਬੀ ਬਾਰੇ ਕੰਧਾਂ ਉੱਪਰ ਲੱਥੇ ਲਿਉੜ, ਮਾਤਾ ਜੀ ਦਾ ਝੁਰੜੀਆਂ ਭਰਿਆ ਚਿਹਰਾ, ਇਕ ਆਰਥਕ ਪੱਖੋਂ ਨਿਤਾਣਾ ਬਾਪ, ਬਿਆਈਆਂ ਭਰੇ ਪੈਰ ਆਪ ਬੋਲ ਰਹੇ ਸਨ। “ਪੁੱਤ ਚਾਰ ਛਿੱਲੜ ਕਰਜ਼ਾ ਚੁੱਕ ਕੇ, ਕੁਝ ਘਰੋਂ ਹੂੰਝ ਕੇ ਕੁੜੀਆਂ ਬਾਰੋਂ ਉਠਾ ਦਿੱਤੀਆਂ, ਬੱਸ ਇਕ ਸੁਰਿੰਦਰ ਨਹੀਂ ਭੁਲਦਾ”।
ਮਨੁੱਖੀ ਅਧਿਕਾਰਾਂ ਦੀ ਇਕ ਸੰਵਿਧਾਨਕ ਮੱਦ ਹੈ ਕਿ ਲਾਵਾਰਸ ਲਾਸ਼ ਨੂੰ ਸਥਾਨਕ ਪ੍ਰਬੰਧਕਾਂ ਨੂੰ ਦਿੱਤਾ ਜਾਂਦਾ ਹੈ ਤੇ ਉਹ ਉਸ ਨੂੰ ਤਿੰਨ ਦਿਨਾਂ ਤੱਕ ਸ਼ਨਾਖਤ ਲਈ ਰੱਖਦੇ ਹਨ ਅਤੇ ਉਸ ਦੀ ਪਹਿਚਾਣ ਲਈ ਲੋਕਾਂ ਨੂੰ ਦੱਸਿਆ ਜਾਂਦਾ ਹੈ, ਫਿਰ ਉਸ ਦਾ ਉਸ ਦੀਆਂ ਧਾਰਮਕ ਰਸਮਾਂ ਅਨੁਸਾਰ ਸਸਕਾਰ ਕੀਤਾ ਜਾਂਦਾ ਹੈ ਅਤੇ ਉਸਦੀਆਂ ਤਸਵੀਰਾਂ ਅਤੇ ਵੇਰਵੇ ਸੰਭਾਲ ਕੇ ਰੱਖੇ ਜਾਂਦੇ ਹਨ। ਪਰ ਹਿੰਦੋਸਤਾਨ ਅੰਦਰ ਲਾਵਾਰਸ ਲਾਸ਼ਾਂ ਦੀ ਸੜੀ ਕਹਾਣੀ, ਮਨੁੱਖੀ ਅਧਿਕਾਰਾਂ ਦੇ ਮੁਖੌਟਿਆਂ ਹੇਠ ਲਾਵਾਰਸ ਹੀ ਰਹਿ ਜਾਂਦੀ ਹੈ। ਭਾਈ ਸਾਹਿਬ ਜੀ ਦੇ ਸਹੁਰਾ ਸਾਹਿਬ ਪੁਰਬਾ ਜੀ ਨੇ ਸ਼ਹੀਦ ਸਿੰਘਾਂ ਦੀਆਂ ਅੰਤਿਮ ਨਿਸ਼ਾਨੀਆਂ ਰਾਮ ਬਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਬਹੁਤ ਮੰਗੀਆਂ ਅਤੇ ਲੱਭੀਆਂ ਪਰ ਕੁਝ ਵੀ ਪੱਲੇ ਨਹੀਂ ਪਿਆ।
ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅੰਦਰ ਪੁਲਿਸ ਦੇ ਜ਼ਬਰ ਦੀ ਦਹਿਸ਼ਤ ਅੱਜ ਤੱਕ ਇਸ ਕਦਰ ਹੈ ਕਿ ਉਹ ਖੁਲ੍ਹ ਕੇ ਅਜੇ ਵੀ ਨਹੀਂ ਬੋਲਦੇ। ਇਹਨਾਂ ਪਰਿਵਾਰਾਂ ਦੀਆਂ ਛਾਤੀਆਂ ਵਿਚ ਖ਼ਾਲਸਾਈ ਇਤਿਹਾਸ ਦੇ ਗਰਜਵੇਂ ਬੋਲ ਦੱਬੇ ਪਏ ਹਨ। ਵਰ੍ਹਿਆਂ ਦੀ ਚੀਸ ਜੋ ਸਰਕਾਰੀ ਦਹਿਸ਼ਤ ਕਾਰਨ ਲਾਵਾਰਸ ਸਿਵਿਆਂ ਦੇ ਸਿਰਹਾਣੇ ਖੜ੍ਹੀ ਹੈ, ਇਸ ਨੂੰ ਆਪਾਂ ਸੁਣਿਆ ਕਿਉਂ ਨਹੀਂ? ਕਿਉਂ ਨਹੀਂ ਆਪਾਂ ਉਹਨਾਂ ਦੇ ਅਧੂਰੇ ਕਾਰਜ ਪੂਰੇ ਕੀਤੇ? ਇਹ ਜ਼ੁਲਮ ਕਰਨ ਵਾਲੇ ਕੀ ਪੱਗਾਂ ਵਾਲੇ ਸਿੱਖ ਸਰਦਾਰ ਨਹੀਂ ਸਨ? ਜ਼ੁਲਮ ਝੱਲਣ ਵਾਲੀਆਂ ਬੀਬੀਆਂ ਕੀ ਸਿੱਖ ਨਹੀਂ ਸਨ? ਇਸ ਜ਼ੁਲਮੀ ਅੱਗ ਵਿਚ ਸੜਨ ਵਾਲੇ ਸਿੱਖ ਕੌਣ ਸਨ? ਅਜਿਹਾ ਕੁਝ ਕਿਸ ਮਕਸਦ ਲਈ ਹੋਇਆ? ਕੀ ਸਿੱਖ ਆਪਣੀ ਅਣਖ, ਆਪਣੀ ਪੱਗ ਨੂੰ ਆਪ ਰੋਲਣ ਲਈ ਜ਼ਿੰਮੇਵਾਰ ਨਹੀਂ? ਇਹ ਅਣਸੁਲਝੇ ਸਵਾਲ ਸਿੱਖਾਂ ਲਈ ਵੰਗਾਰ ਹਨ। ਸ਼ਿੰਦੇ ਬੱਬਰ, ਲੱਡੂ ਬੱਬਰ, ਸ਼ੇਰੇ ਬੱਬਰ ਦੀਆਂ ਸ਼ਹਾਦਤਾਂ ਅਜਾਈਂ ਜਾਣਗੀਆਂ!
(ਗੁਰਸਿੱਖ ਫੀਚਰਸ) ਕਰਮਜੀਤ ਸਿੰਘ ਸਿੱਖਾਂਵਾਲਾ
Its an eye opener.
ਜ਼ਰਬਵਅਮਾਨਦਹਿਰਮà©à¨¸à©±à¨µà¨°à¨¤à¨¶à¨¹à¨¿à¨°à¥¥à©›à©€à¨¨à¨¤à¨…ਲਤਖ਼ਤਖ਼ਾਲਸਾਮà©à¨¬à¨¾à¨°à©™à¨µà©™à¨¤à¥¥