“ਜਨਾਬ ਆਹ ਹਰਦੀਪ ਦਾ, ਵੱਡੇ ਖਾਲਸੇ ਦਾ ਕੁਛ ਕਰਨਾ ਪਊ ਜੀ, ਨਹੀਂ ਤਾਂ ਇਹ ਖ਼ਰਾਬ ਕਰੂ” ਕੋਤਵਾਲੀ ਵਿਚਲੇ ਸ੍ਹਾਬ ਮੱਖਣ ਸਿਹੁੰ ਦੇ ਕਮਰੇ ਵਿਚ ਵੜਦਿਆਂ ਹੀ ਹੌਲਦਾਰ ਬਲਦੇਵ ਨੇ ਮੱਖਣ ਸਿਹੁੰ ਨੂੰ ਸੰਬੋਧਨ ਹੁੰਦਿਆਂ ਕਿਹਾ। “ਕਿਉਂ ਹੁਣ ਕੀ ਹੋ ਗਿਆ” ਕਾਗ਼ਜ ਫਰੋਲਦੇ ਹੋਏ ਮੱਖਣ ਸਿਹੁੰ ਨੇ ਹੌਲਦਾਰ ਨੂੰ ਪੁੱਛਿਆ।
“ਹੋਣਾ ਕੀ ਐ ਜਨਾਬ, ਅੱਜ ਫੇਰ ਗੁਰਦਾਰੇ ਲੱਗਿਆ ਪਿਆ ਸੀ ਜੀ ਆਵਦੀ ਵਿਦਵਤਾ ਜ੍ਹੀ ਘੋਟਣ, ਅਖੇ “ਸਾਨੂੰ ਘੱਟ ਗਿਣਤੀਆਂ ਨੂੰ ਕੁਚਲਣ ਦੇ ਨਿੱਤ ਦਿਹਾੜੀ ਮਨਸੂਬੇ ਘੜ੍ਹੇ ਜਾ ਰਹੇ ਨੇ, ਰੋਜ ਨਵੀਂਆਂ ਤਰਕੀਬਾਂ ਲੱਭੀਆਂ ਜਾ ਰਹੀਆਂ ਹਨ, ਜੇ ਅਜੇ ਵੀ ਅਸੀਂ ਗਫਲਤ ਦੀ ਨੀਂਦ ਵਿਚੋਂ ਨਾ ਜਾਗੇ, ਘੇਸਲ ਵੱਟੀ ਪਿਆਂ ਨੇ ਠੰਡ ਤੋਂ ਡਰਦਿਆਂ ਆਪਣੇ ਖੇਸਾਂ ਦੀਆਂ ਬੁੱਕਲਾਂ ਨਾ ਲਾਹੀਆਂ ਤਾਂ ਦੁਨੀਆਂ ਦੀ ਕੋਈ ਤਾਕਤ ਸਾਨੂੰ ਬਚਾ ਨਹੀਂ ਸਕੇਗੀ…………” ਨਾਲੇ ਜਨਾਬ ਆਹ ਹਵਾਰੇ, ਹਵੂਰੇ ਦਾ ਜ਼ਿਕਰ ਵੀ ਬਾਰ ਬਾਰ ਕਰਦਾ ਸੀ, ਕਹਿੰਦਾ ਸੀ, “ਭਾਈ ਜਗਤਾਰ ਸਿੰਘ ਹਵਾਰੇ ਨੂੰ ਭਾਰਤੀ ਅਦਾਲਤਾਂ ਨੇ ਫਾਂਸੀ ਦੀ ਸਜਾ ਸੁਣਾ ਦਿੱਤੀ ਐ ਪਰ ਨਵੰਬਰ 84 ਵਿਚ ਹਜ਼ਾਰਾਂ ਸਿਖਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਕਾਤਲ ਸ਼ਰੇਆਮ ਲਾਲ ਬੱਤੀ ਵਾਲੀਆਂ ਗੱਡੀਆਂ ਦਾ ਸੁਖ ਮਾਣ ਰਹੇ ਨੇ……………” ਜਨਾਬ ਜੇ ਆਪਾਂ ਛੇਤੀ ਏਹਦਾ ਕੋਈ ਹੱਲ ਨਾ ਕੀਤਾ ਤਾਂ ਇਹ…………” ਬਾਕੀ ਗੱਲ ਹੌਲਦਾਰ ਨੇ ਵਿਚੇ ਛੱਡ ਦਿੱਤੀ।
ਸ੍ਹਾਬ ਵੀ ਕਾਗਜ਼ ਪਾਸੇ ਰੱਖਦਾ ਹੋਇਆ ਬੋਲਿਆ, “ਓ ਰਪੋਟਾਂ ਤਾਂ ਮੈਨੂੰ ਵੀ ਏਹਦੀਆਂ ਬਥੇਰੀਆਂ ਆਈਐਂ, ਸਣਿਐਂ ਏਹਨੇ ਗੁਰਦੁਆਰੇ ‘ਚ ਮੁੰਡਿਆਂ ਨੂੰ ਗੱਤਕਾ-ਗੁੱਤਕਾ ਸਖਾਉਣਾ ਵੀ ਸ਼ੁਰੂ ਕੀਤੈ ਤੇ ਨਾਲੇ ਰੋਜ਼ ਉੱਥੇ ਮੁੰਡਿਆਂ ਦੀ ਕੋਈ ਕਲਾਸ ਕਲੂਸ ਵੀ ਲਗਾਉਂਦੈ, ਸੀ ਆਈ ਡੀ ਆਲਾ ਗਿੱਲ ਦੱਸਦਾ ਸੀ, ਬੀ ਮੁੰਡੇ ਵੀ ਉੱਥੇ ਕਾਰੀ ਆਉਂਦੇ ਐ” ਮੱਖਣ ਸਿਹੁੰ ਨੇ ਆਪਣੀ ਜਾਣਕਾਰੀ ਵੀ ਹੌਲਦਾਰ ਨਾਲ ਸਾਂਝੀ ਕੀਤੀ।
“ਤੇ ਹੋਰ ਜਨਾਬ 25-30 ਮੁੰਡੇ ਤਾਂ ਰੋਜ ਆਉਂਦੇ ਐ ਜੀ, ਬਿਨ ਨਾਂਗਾ………, ਚਾਰ ਪੰਜ ਮੁੰਡਿਆਂ ਨੇ ਤਾਂ ਜੂੜੇ ਵੀ ਰੱਖਲੇ ਐ ਜੀ, ਖੱਟੇ ਗੋਲ ਪਰਨਿਆਂ ‘ਚ ਈ ਹੁੰਦੇ ਐ ਸਾਰੇ ਉੱਥੇ, ਕਈ ਆਰੀ ਬੈਠੇ ਪਾਠ-ਪੂਠ ਵੀ ਕਰੀ ਜਾਂਦੇ ਹੁੰਦੇ ਐ, ਮੈਂ ਲੰਘਦੇ ਨੇ ਕਈ ਆਰੀ ਵੇਖਿਐ………” ਹੌਲਦਾਰ ਦਾ ਘਰ ਵੀ ਉਸੇ ਬਸਤੀ ਵਿਚ ਸੀ, ਜਿੱਥੇ ਮੁੰਡੇ ਰੋਜ ਆਥਣੇ ਇਕੱਠੇ ਹੁੰਦੇ ਸਨ।
“ਫੇਰ ਤਾਂ ਛੇਤੀ ਕੋਈ ਉਪਾਅ ਕਰਨਾ ਪਊ ਏਹਦਾ…………, ਮੈਂ ਐਵੇਂ ਈ ਘੌਲ ਕਰ ਗਿਆ ਯਰ………, ਸਰਸੇ ਆਲੇ ਚੱਕਰ ਤੋਂ ਬਾਅਦ ਸ਼ਹਿਰ ਦੇ ਜਿਹੜੇ ਸਿਖ ਮੁੰਡੇ ਨਿਗ੍ਹਾ ‘ਚ ਆਏ ਸਨ ਉਹਨਾਂ ਦੀ ਐੱਸ.ਐੱਸ.ਪੀ. ਸ੍ਹਾਬ ਨੇ ਇਕ ਲਿਸਟ ਬਣਵਾਈ ਸੀ, ਉਸ ‘ਚ ਵੀ ਏਹਦਾ ਨਾਂ ਸਭ ਤੋਂ ਉੱਪਰ ਸੀ…………, ਤੂੰ ਆਏਂ ਕਰ ਬਲਦੇਵ ਸਿਆਂ, ਆਵਦੀ ਕੋਈ ਜਾਣ ਪਛਾਣ ਆਲਾ ਚਲਾਕ ਜਿਆ ਮੁੰਡਾ ਆਥਣੇ ਇਹਨਾਂ ਕੋਲ ਭੇਜਣਾ ਸ਼ੁਰੂ ਕਰ, ਵੇਖੀਏ ਤਾਂ ਸਹੀ ਇਹ ਗੱਲਾਂ ਕੀ ਕਰਦੇ ਐ ਉੱਥੇ ਵੱਡੇ ਜਥੇਦਾਰ”
“ਕੋਈ ਨ੍ਹੀ ਜਨਾਬ, ਮੈਂ ਅੱਜ ਈ ਕੋਈ ਜਵਾਕ ਲੱਭ ਲੈਂਦਾਂ ਜੀ, ਸਿਆਣਾ ਜਿਹਾ………… ਆਪਾਂ ਪਤਾ ਕਰਵਾ ਲੈਂਦੇ ਆਂ ਜੀ ਸਾਰਾ ਕੁਛ”
ਹਰਦੀਪ ਸਿੰਘ ਐੱਮ.ਏ. ਵਿਚ ਪੜ੍ਹਦਾ ਇਕ ਸਿਆਣਾ ਗੁਰਸਿਖ ਮੁੰਡਾ ਸੀ। ਕੋਈ 25-26 ਸਾਲ ਦਾ। ਛੋਟੇ ਹੁੰਦਿਆਂ ਤੋਂ ਹੀ ਉਹ ਭਾਸ਼ਨ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦਾ ਰਿਹਾ ਸੀ, ਇਹ ਲਈ ਹੁਣ ਉਹ ਵਧੀਆ ਬੁਲਾਰਾ ਵੀ ਬਣ ਚੁੱਕਾ ਸੀ। ਸ਼ਹਿਰ ਵਿਚ ਗੁਰਪੁਰਬਾਂ ਅਤੇ ਹੋਰ ਧਾਰਮਿਕ ਸਮਾਗਮਾਂ ‘ਤੇ ਪ੍ਰਬੰਧਕ ਉਸ ਨੂੰ ਬੋਲਣ ਲਈ ਸੱਦਣ ਲੱਗ ਪਏ ਸਨ। ਉਹ ਇਕ ਵੀ ਗੱਲ ਗੁਰਬਾਣੀ ਗੁਰਮਤਿ ਸਿਧਾਂਤਾਂ ਤੇ ਸਿਖ ਇਤਿਹਾਸ ਤੋਂ ਬਾਹਰੀ ਨਹੀਂ ਕਰਦਾ ਸੀ, ਇਸ ਲਈ ਕਈਆਂ ਦੀਆਂ ਅੱਖਾਂ ‘ਚ ਰੜਕਦਾ ਵੀ ਸੀ।
ਸਰਸੇ ਦੇ ਇਕ ਪਾਖੰਡੀ ਦੇਹਧਾਰੀ ਦੁਆਰਾ ‘ਗੁਰੂ ਗੋਬਿੰਦ ਸਿੰਘ ਸਾਹਿਬ’ ਦੀ ਨਕਲ ਕੀਤੇ ਜਾਣ ਤੋਂ ਬਾਅਦ ਸਾਰੀ ਸਿਖ ਕੌਮ ਦੇ ਹਿਰਦੇ ਵਲੂਧਰੇ ਗਏ। ਥਾਂ-ਥਾਂ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਰਦੀਪ ਹੋਰਾਂ ਨੇ ਵੀ ਇਸ ਮਾੜੇ ਕਾਰੇ ਦਾ ਵਿਰੋਧ ਕਰਨ ਲਈ ਸ਼ਹਿਰ ਵਿਚ ਮੀਟਿੰਗਾਂ ਸ਼ੁਰੂ ਕੀਤੀਆਂ। ਹਰੇਕ ਮੀਟਿੰਗ ਵਿਚ ਹਰਦੀਪ ਨੂੰ ਬੋਲਣ ਲਈ ਕਿਹਾ ਜਾਂਦਾ। ਨੌਜੁਆਨ ਹੋਣ ਕਰਕੇ ਉਹ ਹਰੇਕ ਗੱਲ ਬੜੇ ਜੋਸ਼ ਨਾਲ ਕਰਦਾ। ਸੀ.ਆਈ.ਡੀ. ਨੇ ਪਹਿਲਾਂ ਵੀ ਇਸ ਬਾਰੇ ਸੁਣਿਆਂ ਤਾਂ ਹੋਇਆ ਈ ਸੀ, ਪਰ ਇਹਨਾਂ ਮੀਟਿੰਗਾਂ ਰਾਹੀਂ ਇਹ ਉਹਨਾਂ ਦੀਆਂ ਅੱਖਾਂ ਵਿਚ ਪੂਰੀ ਤਰ੍ਹਾਂ ਚੜ੍ਹ ਗਿਆ। ਇਸ ਦੇ ਬੁੱਲਾਂ ਵਿਚੋਂ ਨਿਕਲਦੇ ਜੁਝਾਰੂ ਬੋਲ ਸੀ.ਆਈ.ਡੀ. ਵਾਲਿਆਂ ਦੀਆਂ ਡਾਇਰੀਆਂ ਵਿਚ ਨੋਟ ਹੋ ਕੇ ਵੱਡੇ ਅਫਸਰਾਂ ਦੇ ਮੇਜ਼ਾਂ ਤੱਕ ਪਹੁੰਚ ਚੁੱਕੇ ਸਨ। ਅਫਸਰਾਂ ਨੇ ਪਹਿਲਾਂ ਤਾਂ ਇਸ ਨੂੰ ਇਕ ਵਖਤੀ ਜੋਸ਼ ਕਿਹਾ, ਪਰ ਨਾਲ ਹੀ ‘ਨਜ਼ਰ ਰੱਖਿਓ’ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ। ਓਦੋਂ ਤੋਂ ਹਰਦੀਪ ਪੂਰੀ ਤਰ੍ਹਾਂ ਨਾਲ ਪੁਲਸ ਦੀਆਂ ਨਜ਼ਰਾਂ ਵਿਚ ਸੀ।
ਹਰਦੀਪ ਇਕ ਗੱਲ ਹਰ ਵਾਰ ਕਹਿੰਦਾ ਸੀ, “ਵੀਰੋ, ਸਾਡੀ ਇਕ ਬੜੀ ਵੱਡੀ ਭੈੜ ਹੈ ਕਿ ਜਦੋਂ ਸਾਡੇ ਸਿਰ ਕੋਈ ਮੁਸੀਬਤ ਪੈਂਦੀ ਹੈ ਅਸੀਂ ਓਦੋਂ ਹੀ ਇਕੱਠੇ ਹੁੰਦੇ ਹਾਂ, ਅੱਗੇ ਪਿੱਛੇ ਕੋਈ ਧਿਆਨ ਨਹੀਂ ਦਿੰਦੇ, ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਪੱਧਰ ‘ਤੇ ਇਕ ਕਮੇਟੀ ਬਣਾਈਏ ਜਿਹੜੀ ਕੁਝ ਮੁੱਖ ਜ਼ਿੰਮੇਵਾਰੀਆਂ ਆਪਣੇ ਸਿਰ ‘ਤੇ ਲਏ, ਜਿਵੇਂ ਕਿ ਬੱਚਿਆਂ ਦੀਆਂ ਗੁਰਮਤਿ ਕਲਾਸਾਂ, ਗੱਤਕਾ ਸਿਖਲਾਈ, ਦਸਤਾਰ ਸਿਖਲਾਈ, ਸ਼ਬਦ ਗੁਰੂ ਸਮਾਗਮ ਆਦਿ, ਤੇ ਨਾਲ ਹੀ ਉਹ ਕਮੇਟੀ ਸਿਖ ਮਸਲਿਆਂ ਅਤੇ ਸਿਖੀ ਵਿਰੋਧੀ ਤਾਕਤਾਂ ‘ਤੇ ਨਜ਼ਰ ਰੱਖੇ ਤੇ ਸੰਗਤਾਂ ਨੂੰ ਉਹਨਾਂ ਬਾਰੇ ਸਮੇਂ ਸਮੇਂ ‘ਤੇ ਸੁਚੇਤ ਕਰਦੀ ਰਹੇ, ਤਾਂ ਹੀ ਸਾਡਾ ਕੁਝ ਸੰਵਰ ਸਕਦਾ ਹੈ……………” ਉਸ ਦੀਆਂ ਇਹ ਗੱਲਾਂ ਪੁਲਸ ਨੂੰ ਸਭ ਤੋਂ ਵੱਧ ਚੁੱਭਦੀਆਂ ਸਨ, ਕਿਉਂਕਿ ਉਹ ਲੋਕਾਂ ਨੂੰ ਜਥੇਬੰਦ ਕਰਨਾ ਚਾਹੁੰਦਾ ਸੀ ਤੇ ਜਥੇਬੰਦ ਲੋਕ ਸਰਕਾਰਾਂ ਲਈ ਹਮੇਸ਼ਾਂ ਖਤਰਨਾਕ ਹੁੰਦੇ ਹਨ।
ਸਰਸੇ ਵਾਲਾ ਰੌਲਾ ਰੱਪਾ ਲੰਘ ਜਾਣ ਤੋਂ ਬਾਅਦ ਹਮੇਸ਼ਾਂ ਵਾਂਗ ਸਾਰੀ ਕੌਮ ਆਪੋ ਆਪਣੇ ਕੰਮਾਂ ਵਿਚ ਰੁੱਝ ਗਈ ਤੇ ਮੁੜ ਅਵੇਸਲੀ ਹੋ ਗਈ ਪਰ ਹਰਦੀਪ ਵਰਗੇ ਕੁਝ ਸੁਹਿਰਦ ਸਿਖ ਨੌਜੁਆਨਾਂ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਇਹਨਾਂ ਵਿਚੋਂ ਰੋਜ਼ਾਨਾਂ ਮੁੰਡਿਆਂ ਦੀ ਗੁਰਮਤਿ ਕਲਾਸ ਮੁੱਖ ਸੀ ਤੇ ਜਿਸ ਵਿਚ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸਿਖਾਂ ਨੇ ਉਸ ਦਾ ਕੋਈ ਸਹਿਯੋਗ ਨਹੀਂ ਕੀਤਾ ਸੀ, ਤੇ ਨਾਲ ਹੀ ਕਦੇ ਕਦੇ ਗੁਰਦੁਆਰਿਆਂ ਵਿਚ ਹਰਦੀਪ ਦੁਆਰਾ ਬੋਲਣਾ ਵੀ ਪੁਲਸ ਨੋਟ ਕਰਦੀ ਸੀ ਤੇ ਸਮੇਂ ਸਮੇਂ ‘ਤੇ ਅਫਸਰਾਂ ਨੂੰ ਦੱਸਦੀ ਰਹਿੰਦੀ ਸੀ।
ਤਾਜ਼ਾ ਘਟਨਾ ਵਿਚ ਵੀ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਵੱਲੋਂ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਹਕੂਮਤ ਵੱਲੋਂ ਦਿੱਤੀ ਗਈ ਫਾਂਸੀ ਦੀ ਸਜ਼ਾ ਦੇ ਵਿਰੋਧ ਵਿਚ ਇਕ ਪ੍ਰੋਗਰਾਮ ਕੀਤਾ ਗਿਆ ਸੀ, ਜਿਸ ਵਿਚ ਹਰਦੀਪ ਸਿੰਘ ਨੂੰ ਵੀ ਸੱਦਿਆ ਗਿਆ ਸੀ, ਤੇ ਉਸ ਦੁਆਰਾ ਉੱਥੇ ਬੋਲੀਆਂ ਗਈਆਂ ਗੱਲਾਂ ਹੀ ਹੌਲਦਾਰ ਬਲਦੇਵ ਸਿਹੁੰ ਨੇ ਨੋਟ ਕੀਤੀਆਂ ਸਨ।
ਮੱਖਣ ਸਿੰਘ ਦੇ ਕਹਿਣ ‘ਤੇ ਬਲਦੇਵ ਸਿਹੁੰ ਨੇ ਇਕ ਮੁੰਡਾ ਲੱਭ ਲਿਆ ਸੀ ਤੇ ਉਸ ਨੂੰ ਹਰਦੀਪ ਹੋਰਾਂ ਦੀ ਕਲਾਸ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਮੁੰਡੇ ਦਾ ਨਾਮ ਗੁਰਮੀਤ ਸੀ। ਕਈ ਦਿਨ ਲਗਾਤਾਰ ਉਹ ਕਲਾਸ ਵਿਚ ਜਾਂਦਾ ਰਿਹਾ। ਉਸ ਨੇ ਹੌਲਦਾਰ ਨੂੰ ਦੱਸਿਆ ਕਿ ਉਹ ਗੱਤਕੇ ਦੀ ਟਰੇਨਿੰਗ ਤੋਂ ਬਾਅਦ ਕੁਝ ਸਿਖ ਇਤਿਹਾਸ ਦੀਆਂ ਗੱਲਾਂ ਕਰਦੇ ਹਨ, ਪਰ ਹਰਦੀਪ ਜਿਸ ਢੰਗ ਨਾਲ ਇਤਿਹਾਸ ਸਮਝਾਉਂਦਾ ਹੈ ਐਸਾ ਪ੍ਰਭਾਵਸ਼ਾਲੀ ਤਰੀਕਾ ਉਸ ਨੇ ਕਦੇ ਨਹੀਂ ਸੁਣਿਆਂ। ਅੰਤ ਵਿਚ ਉਹ ਸਾਰੇ ਰਲ ਕੇ ‘ਰਹਿਰਾਸ’ ਦਾ ਪਾਠ ਕਰਦੇ ਨੇ …………… । ਹੌਲਦਾਰ ਦੇ ਕਹਿਣ ਤੇ ਮੁੰਡੇ ਨੇ ਲਗਾਤਾਰ ਕਲਾਸ ਵਿਚ ਜਾਣਾ ਜਾਰੀ ਰੱਖਿਆ। ਹੌਲਦਾਰ ਨੇ ਸਾਰੀ ‘ਰਿਪੋਰਟ’ ਮੱਖਣ ਸਿਹੁੰ ਤੱਕ ਵੀ ਪਹੁੰਚਾ ਦਿੱਤੀ।
ਇਕ ਦਿਨ ਸੀ. ਆਈ. ਡੀ. ਆਲੇ ਗਿਲ ਨੇ ਮੱਖਣ ਸਿਹੁੰ ਨੂੰ ਇਕ ਮੈਗਜ਼ੀਨ ਲਿਆ ਕੇ ਫੜਾਇਆ, ਜਿਸ ਵਿਚ ਹਰਦੀਪ ਦਾ ਇਕ ਲੇਖ ਛਪਿਆ ਸੀ, ਪੰਜਾਬ ਦੀ ਅੱਜ ਦੀ ਹਾਲਤ ਬਾਰੇ, ਕਈ ਕੁਝ ਉਸ ਲੇਖ ਵਿਚ ਇਹਨਾਂ ਨੂੰ ‘ਖਤਰਨਾਕ’ ਲੱਗਿਆ। ਲੇਖ ਪੜਣ ਤੋਂ ਬਾਅਦ ਮੱਖਣ ਸਿਹੁੰ ਬੋਲਿਆ, “ਹੂੰ.....ਊ......ਊ......ਅੱਛਾ......ਤੇ ਇਹ ਲਿਖਦਾ ਵੀ ਐ”।
“ਜਨਾਬ ਇਹ ਤਾਂ ਪਿਛਲੇ ਤਿੰਨ-ਚਾਰ ਸਾਲ ਤੋਂ ਲਿਖਦੈ ਜੀ” ਗਿੱਲ ਨੇ ਜਵਾਬ ਦਿੱਤਾ।
“ਤੂੰ ਤਾਂ ਮੈਨੂੰ ਅੱਜ ਈ ਦੱਸਿਐ …………… ਪਿਛਲਾ ਸਾਰਾ ਕੁਝ ਹੈਗਾ ਤੇਰੇ ਕੋਲ ਏਹਦਾ ਲਿਖਿਆ ਹੋਇਆ”
“ਜੀ ਜਨਾਬ, ਤਕਰੀਬਨ ਸਾਰਾ ਈ ਪਿਐ ਜੀ, ਵੱਡੇ ਸਾਬ ਨੂੰ ਤਾਂ ਪਤੈ …………… ਉਹਨਾਂ ਨੇ ਇਕ ਫਾਈਲ ਲਵਾਈ ਵੀ ਐ ਜੀ” ਸਾਰੇ ਜਿਲ੍ਹਿਆਂ ਦੇ ਵੱਡੇ ਸ੍ਹਾਬਾਂ ਨੇ ਲਿਖਣ ਵਾਲੇ ਮੰਡਿਆਂ ਦੀਆਂ ਐਹੋ ਜਿਹੀਆਂ ਫਾਈਲਾਂ ਲਵਾਈਆਂ ਹੋਈਆਂ ਹਨ। ਲੋਕ ਭਾਵੇਂ ਪੜਣ ਜਾਂ ਨਾਂ ਪਰ ਇਹ ਸਭ ਕੁਝ ਜਰੂਰ ਪੜਦੇ ਨੇ।
“ਠੀਕ ਐ ........ ਆਏਂ ਕਰੀਂ ਮੈਨੂੰ ਦੇਈਂ ਉਹ ਫਾਈਲ ਸਾਰੀ ........... ਵੇਖੀਏ ਤਾਂ ਸਹੀ ਲਿਖਦੇ ਕੀ-ਕੀ ਐ ਭਾਈ ਹਰਦੀਪ ਸਿੰਘ”
“ਜਨਾਬ 47 ਤੋਂ ਬਾਅਦ ਬਾਰੇ ਈ ਜਿਆਦਾ ਕੁਛ ਲਿਖਦੈ ਜੀ ......... ਜੇ ਕੋਈ ਪਿਛਲੇ ਇਤਿਹਾਸ ਦੀ ਗੱਲ ਵੀ ਲਿਖੇ ਉਸ ਨੂੰ ਵੀ ਅੱਜ ਤੇ ਲਿਆ ਕੇ ਈ ਖਤਮ ਕਰਦੈ ਜੀ ......... ਆਮ ਤੌਰ ਤੇ ਇਸ ਦੀਆਂ ਲਿਖਤਾਂ ਦਾ ਮੁਖਪਾਤਰ ਜਾਂ ਕਹਿ ਲਉ ਹੀਰੋ ‘ਭਿੰਡਰਾਂਵਾਲਾ’ ਈ ਹੁੰਦੈ ਜੀ ..........” ਗਿੱਲ ਨੇ ਜੋ ਕੁਝ ਪੜਿਆ ਸੀ ਉਸ ਅਨੁਸਾਰ ਮੱਖਣ ਸਿਹੁੰ ਨੂੰ ਦੱਸ ਦਿੱਤਾ।
“ਬਈ ਫੇਰ ਤਾਂ ਛੇਤੀ ਕੁਝ ਕਰਨਾ ਪਉ ਹੱਲ ......... ਬਲਦੇਵ ਸਿਆਂ .......... ਓ ਬਲਦੇਵ ਸਿਆਂ .......... ਗਿਲ ਚਲਿਆ ਗਿਆ ਤੇ ਮੱਖਣ ਸਿਹੁੰ ਨੇ ਹੌਲਦਾਰ ਨੂੰ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਦੱਸਿਆ ਕਿ ਉਹ ਤਾਂ ਅੱਜ ਤੀਕ ਆਇਆ ਨੀ ਸੀ।
ਏਧਰ ਕੁਝ ਹੋਰ ਈ ਭਾਣਾ ਵਾਪਰ ਗਿਆ ਸੀ। ਗੁਰਮੀਤ ਨੂੰ ਕਲਾਸ ਵਿਚ ਜਾਂਦੇ ਹੋਏ ਮਸਾਂ ਮਹੀਨਾਂ ਕੁ ਹੋਇਆ ਸੀ। ਹੌਲਦਾਰ ਨੇ ਗੁਰਮੀਤ ਤੋਂ ‘ਰਿਪੋਰਟ’ ਲੈਣ ਲਈ ਉਸ ਨੂੰ ਸੱਦਾ ਭੇਜਿਆ। ਪਰ ਹੌਲਦਾਰ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਜਦੋਂ ਉਸ ਨੇ ਗੁਰਮੀਤ ਨੂੰ ਵੇਖਿਆ। ਉਸ ਨੇ ਸਿਰ ’ਤੇ ਦੁਮਾਲਾ ਸਜਾਇਆ ਹੋਇਆ ਸੀ। ਭਮੱਤਰਿਆ ਹੋਇਆ ਹੌਲਦਾਰ ਬੋਲਿਆ “ਓ ਤੈਨੂੰ ਆਹ ਕੀ ਫਤੂਰ ਚੜ ਗਿਐ........ ਹਾਅ ਕੀਹਨੇ ਸਿਖਾਤਾ ਤੈਨੂੰ ‘ਪੱਗੜ’ ਜਿਹਾ ਬੰਨਣਾ”
“ਮੈਂ ਤਾਂ ਜੀ ਹੁਣ ਕੇਸ ਰੱਖਣੇ ਸ਼ੁਰੂ ਕਰ ਲਏ ਐ.........” ਮੁੰਡੇ ਨੇ ਜਵਾਬ ਦਿੱਤਾ, ਉਸ ਦਾ ਬੋਲਣ ਦਾ ਤਰੀਕਾ ਵੀ ਥੋੜਾ ਬਦਲਿਆ ਹੋਇਆ ਸੀ।
ਇਹ ਸੁਣ ਕੇ ਤਾਂ ਜਿਵੇਂ ਹੌਲਦਾਰ ਦੇ ਸਿਰ ਸੌ ਘੜੇ ਪਾਣੀ ਪੈ ਗਿਆ............. ਕਲਾਸ ਦੀ ‘ਰਿਪੋਰਟ’ ਤਾਂ ਉਸ ਨੂੰ ਭੁੱਲ ਈ ਗਈ ਜਾਂ ਕਹਿ ਲਉ ‘ਰਿਪੋਰਟ’ ਉਸ ਨੂੰ ਮਿਲ ਗਈ ਸੀ, ਉਸ ਨੇ ਮੁੰਡੇ ਨੂੰ ਹੋਰ ਕੁਝ ਨਾ ਪੁੱਛਿਆ ਤੇ ਡਿਊਟੀ ਤੇ ਜਾਣ ਲਈ ਤਿਆਰ ਹੋ ਗਿਆ। ਛੇਤੀ ਨਾਲ ਕੋਤਵਾਲੀ ਆਇਆ ਤੇ ਸਿਧਾ ਮੱਖਣ ਸਿਹੁੰ ਦੇ ਕਮਰੇ ਵਿਚ ਜਾ ਪਹੁੰਚਿਆ।
“ਓ ਆ ਓ ਬਲਚੇਵ ਸਿੰਘਾ ........... ਮੈਂ ਤੈਨੂੰ ਈ ਯਾਦ ਕਰਦਾ ਸੀ..............ਕੁਝ ਨਵਾਂ ਦੱਸਿਐ ਮੁੰਡੇ ਨੇ ਕਲਾਸ ਬਾਰੇ” ਬਲਦੇਵ ਦੇ ਅੰਦਰ ਵੜਦਿਆਂ ਈ ਮੱਖਣ ਸਿੰਹੁ ਨੇ ਪੁੱਛਿਆ, ਉਸ ਨੇ ਹੁਣ ਤੱਕ ਹਰਦੀਪ ਦੇ ਕਈ ਲੇਖ ਪੜ ਲਏ ਸਨ।
“ਜਨਾਬ ਮੁੰਡੇ ਨੇ ਕੀ ਦੱਸਣੈ ਜੀ...........ਓਹਦੇ ਤਾਂ ਤੌਰ ਈ ਬਦਲੇ ਪਏ ਐ ............ ਜਨਾਬ ਮੈਂ ਆਪਣੇ ਗੁਆਢ ਦਾ ਸਭ ਤੋਂ ਚਲਾਕ ਤੇ ਇੱਲਤੀ ਜਵਾਕ ਭੇਜਿਆ ਸੀ ਕਲਾਸ ’ਚ ............. ਤੇ ਅੱਜ ਜਨਾਬ ........... ਅੱਜ ਮੇਰੀ ਹੈਰਾਨੀ ਦੀ ਕੋਈ ਹੱਦ ਨੀ ਰਹੀ ਜਦ ਮੈਂ ਉਸ ਨੂੰ ਨਿਹੰਗਾ ਆਲੀ ਪੱਗ ਜੀ ਬੰਨੀ ਦੇਖਿਆ .........ਜਨਾਬ ਕੀ ਦੱਸਾਂ ਜੀ ਮੇਰਾ ਤਾਂ ਕੁਝ ਪੁੱਛਣ ਨੂੰ ਜੀਅ ਨ੍ਹੀ ਕੀਤਾ ......... ਜਿਹੜਾ ਮੁੰਡਾ ਧੀ-ਭੈਣ ਦੀ ਗਾਲ ਤੋਂ ਬਿਨਾਂ ਗੱਲ ਨਹੀਂ ਕਰਦਾ ਸੀ ਅੱਜ ਮੈਂ ਉਸ ਦੇ ਮੂੰਹੋਂ ਫੁੱਲ ਕਿਰਦੇ ਵੇਖੇ ......... ਏਨੀ ਨਿਮਰਤਾ ........... ਕਮਾਲ ਐ ਜਨਾਬ .......... ਪਤਾ ਨੀ ਕੀ ਜਾਦੂ ਆਲੀ ਛੜੀ ਐ ਉਸ ਪਤੰਦਰ ਹਰਦੀਪ ਕੋਲ...........”
“ਫੇਰ ਤਾਂ ਯਾਰ ਫਿਕਰ ਆਲੀ ਗੱਲ ਐ …………… ਸਾਹਬ ਨਾਲ ਗੱਲ ਕਰਨੀ ਪਉ …………… ਏਹ ਜਿਹੜਾ ਅੱਜ ਮੁੰਡਿਆਂ ਦੇ ਵਾਲ ਜੇ ਰਖਾਈ ਜਾਂਦੈ, ਕੱਲ ਨੂੰ ਕੋਈ ਹੋਰ ਸਿਆਪਾ ਨਾ ਖੜਾ ਕਰ ਦੇਵੇ……………” ਮੱਖਣ ਸਿਹੁੰ ਕੁਝ ਸੋਚ ਕੇ ਉਠ ਕੇ ਤੁਰ ਪੈਂਦਾ ਹੈ।
ਜਿਸ ਹਰਦੀਪ ਦਾ ਇਹ ਏਨਾ ‘ਫਿਕਰ’ ਕਰ ਰਹੇ ਨੇ, ਉਸ ਦੇ ਚਿੱਤ-ਚੇਤੇ ਵੀ ਕੋਈ ਐਸੀ ਗੱਲ ਨਹੀਂ ਸੀ । ਨਾ ਤਾਂ ਉਹ ਕੋਈ ਪਾਕਿਸਤਾਨ ਦਾ ਏਜੰਟ ਸੀ ਤੇ ਨਾ ਹੀ ਕੋਈ ‘ਅੱਤਵਾਦੀ’ ਉਹ ਤਾਂ ਸਿਰਫ ਇਕ ਗੁਰਸਿਖ ਸੀ। ਮੁੰਡਿਆਂ ਦੇ ਕੇਸ ਰੱਖਣ ਦਾ ਕਾਰਨ ਇਹ ਸੀ ਕਿ ਹਰਦੀਪ ਮੁੰਡਿਆਂ ਨੂੰ ਇਸ ਤਰ੍ਹਾਂ ਨਾਲ ਇਤਿਹਾਸ ਸਮਝਾ ਰਿਹਾ ਸੀ ਜੈਸਾ ਕਿ ਅੱਜ-ਤੱਕ ਮੁੰਡਿਆ ਨੇ ਨਹੀਂ ਸਮਝਿਆ ਸੀ। ਹੁਣ ਸਿਖ ਇਤਿਹਾਸ ਹੈ ਹੀ ਐਸਾ ਕਿ ਸ੍ਰੋਤੇ ਦੇ ਮਨ ’ਤੇ ਢੂੰਘੀ ਛਾਪ ਛੱਡਦਾ ਹੈ।ਅੱਜ ਕੱਲ ਦਾ ਕੋਈ ਸੰਤ ਜਾਂ ਕਥਾਵਾਚਕ ਇਸ ਤਰ੍ਹਾਂ ਗੁਰਮਤਿ ਸਿਧਾਂਤ ਤੇ ਇਤਿਹਾਸ ਸੰਗਤ ਨੂੰ ਨਹੀਂ ਸੁਣਾ ਰਹੇ ਸਨ, ਉਹ ਤਾਂ ਬਸ ਆਪੋ-ਆਪਣੇ ਘਰ ਭਰਨ ਵਿਚ ਲੱਗੇ ਹੋਏ ਹਨ, ਵੱਡੀਆਂ ਗੱਡੀਆਂ ’ਤੇ ਝੂਟੇ ਲੈਣ ਗਿੱਝੇ ਹੋਏ ਹਨ ਤੇ ਨਤੀਜਾ ਸਾਡੇ ਸਾਹਮਣੇ ਹੈ। ਦੂਜੇ ਲਫ਼ਜਾਂ ਵਿਚ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਵਿਚ ਜੋ ਵੀ ਪ੍ਰਚਾਰ ਸਟੇਜਾਂ ਤੋਂ ਕੀਤਾ ਜਾ ਰਿਹਾ ਹੈ ਲਗਭਗ ਸਾਰਾ ਹੀ ‘ਸਰਕਾਰੀ’ ਹੈ। ਸਕਰਾਰ ਜਾਂ ਏਜੰਸੀਆਂ ਜੋ ਕਹਿੰਦੀਆਂ ਹਨ ਉਹ ਹੀ ਬੋਲਿਆ ਜਾ ਰਿਹਾ ਹੈ।
“ਘਰ ਤੋਂ ਬਾਅਦ ਸਕੂਲ ਤੇ ਗੁਰਦੁਆਰਾ ਹੀ ਐਸੀਆਂ ਥਾਵਾਂ ਹਨ ਜਿਥੇ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਦੇ ਹਨ। ਸਕੂਲ ਤਾਂ ਸਰਕਾਰ ਦੇ ਕਬਜੇ ਹੇਠ ਸਨ ਹੀ, ਉਹ ਹੀ ਪੜਾਇਆ ਜਾਂਦਾ ਹੈ ਜੋ ਸਰਕਾਰ ਚਾਹੁੰਦੀ ਹੈ, ਗਾਂਧੀ ਨੂੰ ਬਾਪੂ, ਨਹਿਰੂ ਨੂੰ ਚਾਚਾ .............., ਤੇ ਹੁਣ ਗੁਰਦੁਆਰੇ ਵੀ ਤਕਰੀਬਨ ਸਰਕਾਰੀ ਕਬਜੇ ਥੱਲੇ ਹਨ ਤੇ ਸਰਕਾਰੀ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ। ............. ਤੇ ਜੇ ਕੋਈ ਹਰਦੀਪ ਵਰਗਾ ਮੁੰਡਾ ਨੌਜੁਆਨਾਂ ਮੂਹਰੇ ਸੱਚ ਰੱਖ ਰਿਹਾ ਹੈ ਤਾਂ ਉਹ ਤਾਂ ਇਹਨਾਂ ਨੂੰ ‘ਖਤਰਨਾਕ’ ਲੱਗਣਾ ਹੀ ਹੈ।
ਮੱਖਣ ਸਿੰਘ ਸਾਰੀ ਗੱਲ ਵੱਡੇ ਸਾਹਬ ਨਾਲ ਕਰਦਾ ਹੈ। ਕੁਝ ਮਸਾਲਾ ਕੋਲੋਂ ਵੀ ਲਗਾ ਦਿੰਦਾ ਹੈ। ਵੱਡਾ ਸਾਹਬ ਮਸਲੇ ਨੂੰ ਗੰਭਰਿਤਾ ਨਾਲ ਲੈਣ ਦਾ ਹੁਕਮ ਦਿੰਦਾ ਹੈ, ਤੇ ਕਿਸੇ ਤਰੀਕੇ ਕਲਾਸ ਬੰਚ ਕਰਵਾਉਣ ਲਈ ਉਪਰਾਲਾ ਕਰਨ ਲਈ ਵੀ ਕਹਿੰਦਾ ਹੈ। ਜਦੋਂ ਮੱਖਣ ਸਿੰਘ ਉੱਠ ਕੇ ਤੁਰਨ ਲੱਗਦਾ ਹੈ ਤਾਂ ਵੱਡਾ ਸਾਹਬ ਬੋਲਦਾ ਹੈ, “ਕੋਈ ਬਾਤ ਨਹੀਂ ਮੱਖਣ ਸਿੰਹ........ਫਿਕਰ ਮਤ ਕਰੋ..........ਜਲਦੀ ਹੀ ‘ਕੁਛ ਨਾ ਕੁਛ’ ਹੋ ਜਾਏਗਾ”
ਸੀ. ਆਈ. ਡੀ. ਦੇ ਕੁਝ ਬੰਦੇ ਚੁੱਪ ਚਪੀਤੇ ੳਹੁਨਾਂ ਮੁੰਡਿਆ ਦੇ ਘਰਦਿਆ ਨੂੰ ਮਿਲ ਆਉਂਦੇ ਹਨ ਜੋ ਲਗਾਤਾਰ ਹਰਦੀਪ ਨੂੰ ਮਿਲਦੇ ਸਨ। ਮੁੰਡਿਆ ਦੇ ਘਰਦਿਆਂ ਨੂੰ ਹਰਦੀਪ ਦੇ ‘ਅੱਤਵਾਦੀ’ ਹੋਣ ਬਾਰੇ ਦੱਸ ਦਿੱਤਾ ਜਾਂਦਾ ਹੈ।
ਸਚਮੁੱਚ, ਉਹ ਸਰਕਾਰ ਲਈ ਅੱਤਵਾਦੀ ਹੀ ਤਾਂ ਸੀ। ਜੋ ਸਰਾਬਾਂ ਪੀ ਰਹੇ ਤੇ ਗੰਦੇ ਗਾਣਿਆ ਤੇ ਭੰਗੜੇ ਪਾ ਰਹੇ ਮੁੰਡਿਆਂ ਨੂੰ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਯਾਦ ਦਿਵਾ ਰਿਹਾ ਸੀ। ਉਹ ਅੱਤਵਾਦੀ ਹੀ ਸੀ, ਜਿਸ ਨੇ ਸਾਰਾ ਦਿਨ ਕੁੜੀਆਂ ਮਗਰ ਧੱਕੇ ਖਾਂਦੇ ਫਿਰ ਰਹੇ ਮੁੰਡਿਆਂ ਨੂੰ ਗੁਰਦੁਆਰੇ ਆਉਣ ਲਾ ਦਿੱਤਾ ਸੀ, ਜਿਸ ਨੇ ਛੋਟੀ-ਛੋਟੀ ਗੱਲ ਤੇ ਆਪੋ ਵਿਚ ਲੜਦੇ ਮੁੰਡਿਆਂ ਨੂੰ ਭਰਾਵਾਂ ਵਾਂਗ ਰਹਿਣਾ ਸਿਖਾ ਦਿੱਤਾ ਸੀ ਜਿਹੜੇ ਹੁਣ ਜਦ ਗੱਤਕਾ ਖੇਡਦੇ ਸਨ ਤਾਂ ਲੋਕ ਮੂੰਹ ਵਿਚ ਉਂਗਲਾਂ ਪਾਂ ਲੈਂਦੇ ਸਨ। ਅੱਤਵਾਦੀ ਹੀ ਸੀ ................. ਸਚਮੁੱਚ ...............।
ਜਿਹੜੇ ‘ਕੁਛ ਨਾ ਕੁਛ’ ਹੋ ਜਾਣ ਬਾਰੇ ਵੱਡੇ ਸਾਹਬ ਨੇ ਮੱਖਣ ਸਿੰਘ ਨੂੰ ਕਿਹਾ ਸੀ, ਉਹ ਹੋ ਗਿਆ। ਦੂਰ ਇਕ ਜਿਲ੍ਹੇ ਦੇ ਸਿਨੇਮੇਂ ਵਿਚ ਬੰਬ ਧਮਾਕਾ ਹੋ ਗਿਆ ............. ਚਾਰ ਕੁ ਬੰਦੇ ਵੀ ਮਰ ਗਏ। ਮਰਨ ਵਾਲੇ ਭਈਏ ਸਨ ਤੇ ਸ਼ੱਕ ਸਿੱਧਾ ਸਿਖਾਂ ਤੇ ਹੀ ਆਉਣਾ ਸੀ। ਪੈਂਦੀ ਸੱਟੇ ਹੀ ਸਾਰੇ ਮੀਡੀਏ ਤੇ ਪੁਲਸ ਨੇ ਗੱਲ ਸਿਖ ਜਥੇਬੰਦੀਆਂ ਦੇ ਗਲ ਪਾ ਦਿੱਤੀ ............. ਬਸ ........... ਫੇਰ ਕੀ ਸੀ । ਦੋ ਮਹੀਨੇ ਹੋ ਗਏ ਧਮਾਕੇ ਨੂੰ .................ਪੰਜਾਬ ਵਿਚੋਂ ਘੱਟੋ-ਘੱਟ 60-70 ਮੁੰਡੇ ਚੁੱਕ ਲਏ ਪੁਲਸ ਨੇ ਪੁੱਛ ਪੜਤਾਲ ਕਰਨ ਲਈ ............... ਤੇ ਅੱਜ ਹਰਦੀਪ ਦੀ ਵਾਰੀ ਵੀ ਆ ਗਈ ............. ਉਹ ਵੀ ਤਾਂ ਨਜਰਾਂ ਵਿਚ ਸੀ .............. ਬਸ ਮੌਕੇ ਦੀ ਭਾਲ ਸੀ ................ ਤੇ ਏਸ ਤੋਂ ਵਧੀਆ ਮੌਕਾ ਪੁਲਸ ਲਈ ਹੋਰ ਕਿਹੜਾ ਸੀ।
ਸਾਰੇ ਆਂਢ-ਗੁਆਢ ਦੇ ਸਾਹਮਣੇ ਕੱਲ੍ਹ ਪੁਲਸ ਨੇ ਹਰਦੀਪ ਨੂੰ ਘਰੋਂ ਚੱਕਿਆ ਸੀ ਪਰ ਅੱਜ ਦੇ ਅਖਬਾਰ ਦੀ ਖਬਰ ਸੀ, “ਬੱਬਰ ਖਾਲਸਾ ਦਾ ਖਤਰਨਾਕ ਦਹਿਸ਼ਤਗਰਦ ਹਰਦੀਪ ਸਿੰਘ ਉਰਫ ਦੀਪਾ ਦਿੱਲੀ ਪੁਲਸ ਵੱਲੋਂ ਗਿਰਫਤਾਰ ............... 26 ਜਰਵਰੀ ਤੇ ਦਿੱਲੀ ਧਮਾਕਾ ਕਰਨ ਦੀ ਯੋਜਨਾ ਸੀ ............... ਬਹੁਤ ਚਿਰ ਤੋਂ ਪੁਲਸ ਨੂੰ ਲੋੜੀਂਦਾ ਸੀ ............. ਸਿਨੇਮਾਂ ਧਮਾਕੇ ਵਿਚ ਵੀ ਹੱਥ ਸੀ ................ ਸਰਸੇ ਵਾਲੇ ਨੂੰ ਮਾਰਨ ਦਾ ਵੀ ਪਲੈਨ ਸੀ ................”
ਖਬਰ ਪੜ ਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ, ਐਸਾ ਹੋ ਵੀ ਕਿਵੇਂ ਸਕਦਾ ਸੀ, ਏਨਾ ਸ਼ਰੀਫ ਮੁੰਡਾ ............. ਤੇ ਅੱਤਵਾਦੀ................ ਪਰ ਇਸ ਨੂੰ ਤਾਂ ਘਰੋਂ ਚੁੱਕਿਆ ਸੀ ਤੇ ਫਿਰ ਦਿੱਲੀਓ?........... ਫੇਰ ‘ਕਿਸੇ ਡਰੋਂ’ ਸਾਰੇ ਚੁੱਪ ਹੋ ਜਾਂਦੇ।
ਏਧਰ ਮੱਖਣ ਸਿਹੁੰ, ਹੌਲਦਾਰ ਬਲਦੇਵ ਸਿਹੁੰ ਨਾਲ ਖਿੜ-ਖਿੜਾ ਕੇ ਹੱਸ ਰਿਹਾ ਸੀ। ਉਹ ਖ਼ੁਸ ਹੋਣ ਵੀ ਕਿਉਂ ਨਾਂ, ਇਕ ਵੱਡੇ ‘ਖਤਰਨਾਕ ਅੱਤਵਾਦੀ’ ਨੂੰ ਫੜਣ ਵਿਚ ਉਹਨਾਂ ਦਾ ਵੀ ਤਾਂ ਯੋਗਦਾਨ ਸੀ।
ਜਗਦੀਪ ਸਿੰਘ ਫਰੀਦਕੋਟ (9815763313)
Bhai Sahib,U have written really a true story as it is happening same u have said in this articles. Whoever try to speak truth is made involve in same false case and make him to close his mouth but it is our bad luck that we are still not united and keep fighting for our ego.We need to wake up now to safe our sikhi before it is too late.
indian govmnt sikha nu kaadee azad nahi dekh sakdi....jo bhai hardeep singh kar reha see oh taan saade (so called) leaderaan nu karna chaheeda si...
you wrote a great true story ...great job bhai jagdeep singh faridkot....
gur fateh........
veer g bilkol sach likhya hai tusi eh sarkari chimche sikh hi ne par sikhan de hi virodh ch ne je koi sache dilo sikhi da parchar karda hai te oh atvadi hunda hai te koi sach bolda hai, te oh atvadi hunda hai sant jarnail singh ji v atvadi c te asi v atvadi hi han.......... meri sikh veeran nu benti hai ki dasmesh pita ne sade to apna parvar var dita te sikhi bachai par ajj kal te nojvan munde sikhi nu api mita rahe ne te je koi sikhi nal jureya hoya hai te oh atvadi ban jand hai...........par je apan sare sikhi vich pore ho jaiye te sanu koi rok nai sakda......
realy true ..