ਮਨਸੂਰ ਦੀ ਮੌਤ
ਬਾਗ਼ੀ ਹੋ ਗਿਆ ਮਜ਼ਹਬ ਤੋਂ ‘ਮਨਸੂਰ’ ਜੇਕਰ
ਕਿਵੇਂ ਮੰਨਣਗੇ ਲੋਕੀਂ ਫ਼ੁਰਮਾਨ ਸਾਡਾ
ਜੇ ਨਾਂ ਟੰਗਿਆ ਸੂਲੀ ਤੇ ਆਦਮੀ ਇਹ
ਕਿਵੇਂ ਕਰਨਗੇ ਲੋਕੀਂ ਸਨਮਾਨ ਸਾਡਾ
ਫ਼ਤਵਾ ਧਰਮੀਆਂ ਨੇ ਜ਼ਾਰੀ ਉਦੋਂ ਕਰ ਦਿੱਤਾ
ਨਹੀਂ ਜਿਊਣ ਦਾ ‘ਮਨਸੂਰ’ ਨੂੰ ਹੱਕ ਕੋਈ
‘ਹਾਜ਼ੀ ਚੌਕ’ ’ਚ ਬਾਗ਼ੀ ਨੂੰ ਮਾਰ ਦੇਣਾ
ਖ਼ਬਰਦਾਰ ਜੇ ਨਮ ਹੋਈ ਅੱਖ ਕੋਈ
ਪੱਥਰ ‘ਮਨਸੂਰ’ ਦੇ ਮਾਰਨੇ ਸਾਰਿਆਂ ਨੇ
ਜ਼ਾਰੀ ਲੋਕਾਂ ਦੇ ਨਾ ਫ਼ੁਰਮਾਨ ਹੋਇਆ
ਹਸ਼ਰ ਮੌਤ ਤੱਕ ਵੇਖਣ ਲਈ ਜੱਗ ਆਇਆ
ਇਕੱਠਾ ਚੌਕ ਵਿੱਚ ਕੁਲ ਜਹਾਨ ਹੋਇਆ
ਜ਼ਿਗਰੀ ਯਾਰ ‘ਮਨਸੂਰ’ ਦਾ ਨਾਮ ‘ਸਿਬਲੀ’
ਸੋਚਦੈ ਮੈਂ ਵੀ ਯਾਰ ਦੇ ਦੀਦਾਰ ਕਰ ਲਾਂ
ਰਿਹਾ ਬਚਪਨ ਤੋਂ ਖੇਡਦਾ ਨਾਲ ਮੇਰੇ
ਖੁਦਾਬੰਦ ਨੂੰ ਸਜ਼ਦਾ ਜਾਂਦੀ ਵਾਰ ਕਰ ਲਾਂ
ਜਾ ਕੇ ਵੇਖਿਆ ਲੋਕਾਂ ਦੇ ਇਕੱਠ ਵਿੱਚੋਂ
ਪੱਥਰ ਦੋ-ਦੋ ਮਾਰਦੇ ‘ਮਨਸੂਰ’ ਨੂੰ ਅੱਜ
ਕੋਈ ਪਤਾ ਨਹੀਂ ਲੋਕਾਂ ਭੋਲਿਆਂ ਨੂੰ
ਵੇਖ ਕਿਵੇਂ ਫਿਟਕਾਰਦੇ ‘ਮਨਸੂਰ’ ਨੂੰ ਅੱਜ
ਹਜ਼ਾਰਾਂ ਲੋਕਾਂ ਵਿੱਚ ਖੜਾ ਲਹੂ-ਲੁਹਾਨ ਹੋਇਆ
ਫਿਰ ਵੀ ਕਿਵੇਂ ‘ਮਨਸੂਰ’ ਮੁਸਕਰਾਈ ਜਾਂਦਾ
ਕਸੂਰ ਇਹੋ ਕਿ ਹੈ ‘ਬੇਕਸੂਰ’ ਗਾਫ਼ਿਲ
‘ਪੱਥਰ’ ਹੱਸ ਕੇ ਬੇਗਾਨਿਆਂ ਦੇ ਖਾਈ ਜਾਂਦਾ
ਭੁੱਲ ਗਿਆ ‘ਸਿਬਲੀ’ ਕਿ ਸੱਚਾ ਹੈ ਯਾਰ ਮੇਰਾ
ਲੋਕਾਂ ਨਾਲ ਹੀ ਕਰਜ਼ ਉਤਾਰ ਦਿੱਤੇ
ਪਾਲਣਾ ਫ਼ਤਵੇ ਦੀ ‘ਸਿਬਲੀ’ ਵੀ ਕਰ ਗਿਆ ਸੀ
ਫੁੱਲ ‘ਦੋ’ ‘ਮਨਸੂਰ’ ਦੇ ਮਾਰ ਦਿੱਤੇ
ਵੇਂਹਦਿਆਂ-ਵੇਂਹਦਿਆਂ ਧਾਹੀਂ ‘ਮਨਸੂਰ’ ਰੋਇਆ
ਫੁੱਲ ਯਾਰ ਦੇ ਵਾਂਗ ਕਟਾਰ ਲੱਗੇ
ਭੋਲੀ ਦੁਨੀਆਂ ਨੂੰ ਤਾਂ ਪਤਾ ਨਹੀਂ ਸੀ ਦੋਸਤਾ ਉਏ
ਤੇਰੇ ਫੁੱਲ ਮੈਨੂੰ ਵਾਂਗ ਤਲਵਾਰ ਵੱਜੇ
ਸਲਾਮ ਆਖ਼ਰੀ ਗੱਲ ਸੁਣ ਸਿਬਲੀਆ ਉਏ
ਅੱਜ ਲੋਕਾਂ ਵਾਂਗ ਜੇ ਤੂੰ ਦੁਰਕਾਰਦਾ ਨਾ
ਲੱਖ ਬਦਲਗੀ ਦੁਨੀਆਂ ਪਰ ਤੂੰ ਬਦਲਦਾ ਨਾ
ਇਹਨਾਂ ਲੋਕਾਂ ਤੋਂ ‘ਮਨਸੂਰ’ ਕਦੇ ਹਾਰਦਾ ਨਾ