ਹਮ ਨਹੀਂ ਸੁਧਰੇਂਗੇ ! ਸਿਰਫ਼ ਤਿੰਨ ਰੁਪਏ ਰੋਜ਼ਾਨਾ ਵਿਚ ਨਾਸਤਕ ਬਣਨ ਦਾ ਨੁਸਖ਼ਾ।
ਨਾਸਤਕ ਅਤੇ ਗੁਰੂ ਨਿੰਦਕ ਬਣਨ ਲਈ ਲਾਲ ਬੁੱਝਕੜ ਹਕੀਮ ਦਾ ਸਿਰਫ਼ ਤਿੰਨ ਰੁਪਏ ਦਾ ਆਸਾਨ ਤੇ ਸਸਤਾ ਨੁਸਖਾ ਹੈ, ਰੋਜ਼ ਚੰਡੀਗੜ੍ਹ ਤੋਂ ਛਪਦਾ ਪੰਥ ਚੋਂ ਛੇਕਿਆ ਅਖਬਾਰ ਲੈ ਕੇ ਪੜ੍ਹ ਲਿਆ ਜਾਏ।
ਛੋਟੇ ਹੁੰਦਿਆਂ ਸਕੂਲ ਦਾ ਇਕ ਲੋੜ ਤੋਂ ਵੱਧ ਇੱਲਤੀ ਜਮਾਤੀ ਸੀ। ਜਿਸ ਕਰ ਕੇ ਮਾਸਟਰ ਵਲੋਂ ਉਸਦੀ ਸੇਵਾ ਵੀ ਚੰਗੀ ਹੁੰਦੀ ਸੀ। ਉਸਦੀ ਸਾਈਕਲ ਦੇ ਪਿੱਛੇ ਲਿਖਿਆ ਹੁੰਦਾ ਸੀ, “ਹਮ ਨਹੀਂ ਸੁਧਰੇਂਗੇ!”। ਲਗਦਾ ਹੈ ਇਹੀ ਹਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ-ਬਦਰ ਕਰ ਦਿੱਤੇ ਗਏ ਇਸ ਅਖਬਾਰ ਦਾ ਹੈ । ਇਸਦੇ ਬਾਵਜੂਦ ਇਹ ਆਪਣੀ ਨਾਸਤਿਕਤਾ ਅਤੇ ਪੰਥ ਵਿਰੋਧੀ ਸੋਚ ਤੇ ਦ੍ਰਿੜਤਾ ਨਾਲ ਕਾਇਮ ਹੈ। ਜ਼ਮੀਂ ਜ਼ੁੰਬਦ ਨਾ ਜ਼ੁੰਬਦ ਗੁਲ ਮੁਹੰਮਦ। ਧਰਤੀ ਹਿਲ ਜਾਏ ਤਾਂ ਹਿਲ ਜਾਏ ਪਰ ਇਹ ਗੁਲ ਮੁਹੰਮਦ ਨਹੀਂ ਹਿਲੇ ਗਾ। ਹਰ ਫ਼ਿਰਕੇ ਅਤੇ ਖ਼ਾਸ ਕਰ ਕੇ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਤੇ ਹਮਲਾਵਰ ਹੁੰਦਿਆਂ ਜਾਣ ਬੁਝ ਕੇ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣਾਂ ਲਗਦਾ ਹੈ ਹੁਣ ਇਸ ਦੀ ਫ਼ਿਤਰਤ ਤੇ ਮਜਬੂਰੀ ਬਣ ਚੁਕੀ ਹੈ।ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥(307)
ਇਸਦੇ ਪੰਥ ਵਿਰੋਧੀ ਹੋਣ ਦਾ ਇਸ ਤੋਂ ਵੱਧ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਪੰਥ ਚੋਂ ਛੇਕਿਆ ਹਰ ਵਿਅਕਤੀ ‘ਇਸਦੇ ਪੰਥ ਦਾ’ ਮਹਾਨ ਗੁਰਮਤਿ ਗਿਆਤਾ, ਸਤਿਕਾਰਤ ਅਤੇ ਪੰਥਕ ਵਿਦਵਾਨ ਹੈ।ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥ (314)
ਕਦੇ ਇਹ ਅਠਾਰਵੀਂ ਸਦੀ ਦੇ ਮਹਾਨ ਸੂਰਬੀਰ ਯੋਧਿਆਂ ਨੂੰ ‘ਜੰਗਲੀ’ ਲਿਖਦਾ ਹੈ। ਕਦੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਪਾਵਨ ਮਰਯਾਦਾ ਦੇ ਪ੍ਰਕਾਸ਼ ਨੂੰ ‘ਰੁਮਾਲਿਆਂ ਵਿਚ ਲਿਪਟਿਆ ਗੱਠਰ’ ਕਹਿ ਦਿੰਦਾ ਹੈ। ਕਦੇ ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਦਸਮੇਸ਼ ਬਾਣੀ ਬਾਰੇ ਘਟੀਆ ਪੱਧਰ ਤੇ ਲਿਖਦਾ ਹੈ, ਕਦੇ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ, ਪੰਥ, ਹੁਕਮਨਾਮੇ, ਰਹਿਤ ਮਰਯਾਦਾ ਆਦਿ ਨੂੰ ਅਦਾਲਤਾਂ ਵਿਚ ਲੈ ਜਾਣ ਦੀ ਹਿਮਾਕਤ ਕਰਦਾ ਹੈ।ਸ਼ਾਇਦ ਇਸ ਨੂੰ ਇਹ ਭੁਲੇਖਾ ਪੈ ਗਿਆ ਹੈ ਕਿ ਸਿੱਖ ਹੁਣ ਨਹੀਂ ਰਹੇ ਜਾਂ ਘੱਟੋ ਘੱਟ ਉਹ ਨਹੀਂ ਰਹੇ ਜੋ ਹੁੰਦੇ ਸਨ ਜਾਂ ਹੋਣੇ ਚਾਹੀਦੇ ਹਨ। ਸਮਗਲਰ ਆਦਿ ਬਾਰਡਰ ਤੋਂ ਖਤਰੇ ਦੀ ਪਛਾਣ ਲਈ ਪਹਿਲਾਂ ਕੁੱਤੇ ਬਿੱਲੇ ਛਡਦੇ ਹਨ। ਇਹ ਹੁਣ ਮੋਹਰਾ ਜਾਂ ਮੋਹਰੀ ਹੋ ਕੇ ਉਹੀ ਰੋਲ ਅਦਾ ਕਰ ਕੇ ਸਿੱਖ ਕੌਮ ਦੀ ਚੇਤੰਨਤਾ ਨੂੰ ਪਰਖ ਰਿਹਾ ਹੈ।
ਪੰਥ ਦੀ ਸਰਵੁੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸਨੂੰ ਪੰਥ ਚੋਂ ਛੇਕ ਦਿੱਤੇ ਜਾਣ ਦੇ ਬਾਅਦ ਹੁਣ ਉੱਥੋਂ ਤਾਂ ਇਸ ਦੇ ਬਾਅਦ ਕੋਈ ਹੋਰ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੋ ਸਕਦਾ। ਹੁਣ ਇਸਦੇ ਬਾਅਦ ਤਾਂ ਹੁਕਮਨਾਮੇ ਤੇ ਅਮਲ ਕਰਨ ਦਾ ਧਾਰਮਿਕ ਅਤੇ ਕੌਮੀ ਫ਼ਰਜ਼ ਹਰ ਸਿੱਖ ਦਾ ਹੈ। ਸ਼ਾਇਦ ਪੰਥ ਦੀ ਇਸ ਸਿਧਾਂਤਕ ਮਜਬਰੀ ਨੂੰ ਇਹ ਕਮਜ਼ੋਰੀ ਸਮਝ ਬੈਠਾ ਹੈ ਅਤੇ ਹੱਦ ਬੰਨੇ ਤੋੜਦਿਆਂ ਇਸ ਨੇ ਲਿਖ ਦਿੱਤਾ ਹੈ,
“ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਨੂੰ, ਮਿਸਾਲ ਵਜੋਂ, ਆਪਣੇ ਗੁਰੂ ਜਾਂ ਧਾਰਮਕ ਪੁਸਤਕ ਨੂੰ ਮੱਥਾ ਟੇਕਣਾ
ਸਿਰਫ ਤੇ ਸਿਰਫ ਬ੍ਰਾਹਮਣੀ ਕਰਮ ਹੈ।… ਮੁਸਲਮਾਨ ਤੇ ਈਸਾਈ ਆਪਣੇ ਗ੍ਰੰਥਾਂ ਨੂੰ ਮੱਥਾ ਨਹੀਂ
ਟੇਕਦੇ। ਪਤਾ ਨਹੀਂ ਇਹ ਬ੍ਰਾਹਮਣੀ ਰਸਮ ਸਿੱਖਾਂ ਵਿਚ ਕਿਥੋਂ ਆ ਗਈ?............ ”
ਇਸ ਲਿਖਤ ਵਿਚ ਇਹ ‘ਗੁਰੂ ਜਾਂ ਧਾਰਮਕ ਪੁਸਤਕ’ ਨੂੰ ਮੱਥਾ ਟੇਕਣ ਨੂੰ ਬ੍ਰਾਹਮਣੀ ਕਰਮ ਲਿਖ ਕੇ ਦਰਅਸਲ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਫਰਕ ਦਸੱਣਾ ਚਾਹੁੰਦਾ ਹੈ। ਕੀ ਇਸ ਵਿਚ ਸ਼ੱਕ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਦਸਾਂ ਪਾਤਸ਼ਾਹੀਆਂ ਦੀ ਜੋਤਿ ਹੈ। ਇਹੀ ਪਰਤੱਖ ਗੁਰੂ ਹੈ । ਇਹੀ ਨਿਰੰਕਾਰ ਹੈ।
ਸਿਰ ਤਾਂ ਉਹੀ ਸਾਰਥਕ ਹੈ ਜੋ ਗੁਰੂ ਦੇ ਸਾਹਮਣੇ ਨਤਮਸਤਕ ਹੋਵੇ। ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥1॥10॥1394 ਅਤੇ ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥ ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥709
ਹਰ ਗਲ ਨੁੰ ਬ੍ਰਾਹਮਣਵਾਦ ਦਾ ਹਉਆ ਬਣਾ ਕੇ ਪੇਸ਼ ਕਰਨਾ ਅਤੇ ਸਮਾਜ ਨੂੰ ਨਿਰਰਥਕ ਵਾਦ ਵਿਵਾਦ ਅਤੇ ਸ਼ਾਸਤ੍ਰਾਰਥ ਵਿਚ ਉਲਝਾਉਣਾ ਅਤੇ ਫਿਰ ਲੋੜ ਪੈਣ ਤੇ ਫਟ ਮਾਫੀ ਨਾਮਾ ਅਗੇ ਕਰ ਦੇਣਾ ਹੀ ਅਸਲ ਬ੍ਰਾਹਮਣਵਾਦ ਹੈ, ਜੋ ਇਹ ਪੰਥ ਵਿਰੋਧੀ ਪਰਚਾ ਕਰ ਰਿਹਾ ਹੈ। ਪਰ ਇਸਨੂੰ ਬ੍ਰਾਹਮਣ ਕਹਿਣਾ ਵੀ ਬ੍ਰਾਹਮਣ ਦੀ ਨਿਰਾਦਰੀ ਹੈ। ਕੀ ਹਰ ਉਹ ਕੰਮ ਜੋ ਬ੍ਰਾਹਮਣ ਕਰਦਾ ਹੈ ਬ੍ਰਾਹਮਣਵਾਦੀ ਕਰਮ ਕਹਿ ਕੇ ਤਿਆਗ ਦੇਣਾ ਚਾਹੀਦਾ ਹੈ? ਕੀ ਬ੍ਰਾਹਮਣ ਜੰਗਲ ਪਾਣੀ ਜਾਂਦਾ ਹੈ ਸੋ ਇਹ ਬ੍ਰਾਹਮਣੀ ਕਰਮ ਕਹਿ ਕੇ ਛੱਡ ਦੇਣਾ ਚਾਹੀਦਾ ਹੈ? ਗੁਰੂ ਗ੍ਰੰਥ ਜੀ ਮਾਨਿਓ ਪ੍ਰਤਖ ਗੁਰੂ ਕੀ ਦੇਹ ਦੇ ਸਤਿਕਾਰ ਬਾਰੇ ਵੀ ਇਹ ਮੰਦ ਭਾਵਨਾ ਨਾਲ ਹੁਣ ਦੇ ਲੇਖ ਵਿਚ ਲਿਖਦਾ ਹੈ,
"ਇਥੇ ਹੀ ਬਸ ਨਹੀਂ, ਸਿੱਖੀ ਵਿਚ ਸਤਿਕਾਰ ਦਾ ਸਾਡਾ ਬ੍ਰਾਹਮਣੀ ਕਾਰੋਬਾਰ ਜਿਵੇਂ ਕਿ ਸੁੱਖ ਆਸਨ ਆਦਿ, ਪਤਾ ਨਹੀਂ ਕਿਵੇਂ ਤੇ ਕਦੋਂ ਆ ਗਿਆ। ਸਿੱਖਾਂ ਵਲੋਂ ਬਾਣੀ ਨੁੰ ਰੁਮਾਲਿਆਂ ਵਿਚ ਰਖਣਾ……………..”
ਦਰਅਸਲ ਆਪਣੀ ਨਾਸਤਿਕ ਸੋਚ ਨੂੰ ਤੋਰਦਿਆਂ ਇਹ ਇਸਲਾਮ ਦੀ ਮੁਕੱਦਸ ਕਿਤਾਬ ਕੁਰਾਨ ਮਜੀਦ ਬਾਰੇ ਵੀ
ਲਿਖਦਾ ਹੈ,
“ਬੁੱਲੇ ਸ਼ਾਹ ਕੁਰਾਨ ਉਪਰ ਪੀੜ੍ਹੀ ਡਾਹ ਕੇ ਇਹ ਕਹਿੰਦੇ ਹੋਇਆ ਬੈਠ ਜਾਂਦਾ ਹੈ ਕਿ ਇਸ ਕਿਤਾਬ ਦੀ ਲੋੜ ਆਦਮੀ ਨੂੰ ਤਦ ਤਕ ਹੈ ਜਦ ਤਕ ਆਦਮੀ ਰੱਬ ਨੁੰ ਨਹੀਂ ਮਿਲ ਲੈਂਦਾ।”
ਇਹ ਕੈਸੀ ਪਤਰਕਾਰਿਤਾ ਤੇ ਸੋਚ ਹੈ? ਗੁਰੂ ਤੋਂ ਵਾਰਨੇ ਜਾਣਾ, ਉਸਦੇ ਦਰ ਤੇ ਢਹਿ ਪੈਣਾ ਹੀ ਗੁਰੂ ਤੇ ਸਿੱਖ ਦੇ ਰਿਸ਼ਤੇ ਨੂੰ ਪਾਕੀਜ਼ਗੀ ਬਖਸ਼ਦਾ ਹੈ।
ਜਿਸ ਦਰ ਪੇ ਝੁਕੇ ਸਰ ਨਾ ਉਸੇ ਦਰ ਨਹੀਂ ਕਹਿਤੇ।
ਜੋ ਹਰ ਜਾਂ ਪੇ ਝੁਕ ਜਾਏ ਉਸੇ ਸਰ ਨਹੀਂ ਕਹਿਤੇ।
ਗੁਰੂ ਦੇ ਚਰਨਾਂ ਤੇ ਨਤਮਸਤਕ ਹੋ ਕੇ, ਮਸਤਕ ਗੁਰੂ ਦੇ ਕਦਮਾਂ ਤੇ ਰਖ ਕੇ ਸਾਡੇ ਮਸਤਕ ਤੇ ਲਿਖੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ ਜਿਵੇਂ ਮੋਹਰ ਦੀ ਲਿਖਤ ਅਤੇ ਇਬਾਰਤ ਪੁੱਠੀ ਹੁੰਦੀ ਹੈ ਪਰ ਜਦੋਂ ਇਸਨੂੰ ਸਿਆਈ ਲਗਾ ਕੇ ਕਾਗਜ਼ ਤੇ ਲਾਇਆ ਜਾਂਦਾ ਹੈ ਤਾਂ ਇਹ ਲੇਖ ਸਿੱਧਾ ਹੋ ਜਾਂਦਾ ਹੈ। ਰੋਪੜ ਤੋਂ ਆਏ ਸ਼ਰਧਾਵਾਨ ਸਲਾਰ ਦੀਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹੀ ਸਮਝਾਇਆ ਸੀ ਕਿ ਭਾਵਨਾ ਦੇ ਕਾਗਜ਼ ਤੇ ਪ੍ਰੇਮ ਦੀ ਸਿਆਈ ਲਗਾ ਕੇ ਜਦੋਂ ਸਿੱਖ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ ਤਾਂ ਮੋਹਰ ਦੀ ਤਹ੍ਹਾਂ ਉਸਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ।
ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਪਾਵਨ ਗੁਰਬਾਣੀ ਤਾਂ ਹਰ ਆਬਿਦ ਨੂੰ ਇਬਾਦਤ ਅਤੇ ਮੁਰਸ਼ਦ ਦੇ ਸਾਹਮਣੇ ਦੇ ਸਾਹਮਣੇ ਸਿਜਦੇ ਲਈ ਪ੍ਰੇਰਨਾ ਦਿੰਦੀ ਹੈ ਅਤੇ ਇਸ ਤੋਂ ਬਿਨਾ ਇਨਸਾਨ ਦੇ ਸਿਰ ਦੀ ਕੀ ਕੀਮਤ ਹੈ?
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥71॥
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥72॥1381
ਕਿਸੇ ਇਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਉਣਾਂ ਇਕ ਮੁਜਰਿਮਾਨਾ ਕਾਰਵਾਈ ਹੈ ਪਰ ਇੱਥੇ ਤਾਂ ਇਹ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਰੋਲ ਕੇ ਰੱਖ ਰਿਹਾ ਹੈ ਪਰ ‘ਪੰਥਕ ਸਰਕਾਰ’ ਵਲੋਂ ਹਾਲੇ ਤਕ ਇਸ ਬਾਰੇ ਕਿਸੇ ਕਾਰਵਾਈ ਦਾ ਨਾ ਕੀਤਾ ਜਾਣਾ ਹੈਰਾਨੀ ਜਨਕ ਹੈ।