
Shaheedi Saka of 1921
ਇਸ ਧਰਤੀ ’ਤੇ ਸਮੇਂ-ਸਮੇਂ ਕਈ ਨਵੀਆਂ ਵਿਚਾਰਧਾਰਾਵਾਂ, ਫਲਸਫੇ ਪਨਪੇ ਅਤੇ ਸਮੇਂ ਦੀ ਹਨੇਰੀ ਨਾਲ ਖੇਰੂੰ-ਖੇਰੂੰ ਹੋ ਗਏ। ਜਿਨ੍ਹਾਂ ਵਿਚਾਰਧਾਰਾਵਾਂ ਅਤੇ ਫ਼ਲਸਫ਼ਿਆਂ ਨੂੰ ਕੌਮਾਂ ਨੇ ਆਪਣੇ ਖੂਨ ਨਾਲ ਸਿੰਚਿਆ ਉਹ ਸਥਾਪਤ ਰਹੇ ਅਤੇ ਅਜੇ ਤਕ ਜਿਉਂ ਦੇ ਤਿਉਂ ਖੜ੍ਹੇ ਹਨ। ਜਿਨ੍ਹਾਂ ਕੌਮਾਂ ਵਿਚ ਮੌਤ ਪ੍ਰਤੀ ਲਾਪਰਵਾਹੀ ਅਤੇ ਨਿਡਰਤਾ, ਆਪਣੇ ਰਹਿਬਰ ਅਤੇ ਫਲਸਫੇ ਪ੍ਰਤੀ ਪੂਰਨ ਸਮਰਪਣ ਦੀ ਭਾਵਨਾ ਹੁੰਦੀ ਹੈ, ਉਨ੍ਹਾਂ ਦੇ ਵਜੂਦ ਨੂੰ ਕੋਈ ਤਾਕਤ ਅਤੇ ਜਬਰ ਖ਼ਤਮ ਨਹੀਂ ਕਰ ਸਕਦਾ। ਸੰਸਾਰ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਨ੍ਹਾਂ ਸਿਰ ਦਿੱਤੇ, ਆਪਾ ਵਾਰਿਆ ਉਹ ਕੌਮਾਂ ਜਿਊਂਦੀਆਂ ਹਨ ਅਤੇ ਸੰਸਾਰੀਆਂ ਨੂੰ ਨਵੀਂ ਚੇਤਨਾ ਨਾਲ ਭਰਦੀਆਂ ਹਨ। ਸਿੱਖਾਂ ਦੀ ਖਾਲਸੇ ਦੇ ਰੂਪ ਵਿਚ ਇਸ ਧਰਤੀ ’ਤੇ ਸਥਾਪਤੀ ਅਕਾਲ ਪੁਰਖ ਦੀ ਉਸ ਮੌਜ ਦੀ ਗਵਾਹੀ ਹੈ ਜਿਹੜੀ ਦਸਵੇਂ ਪਾਤਸ਼ਾਹ ਦੇ ਰਾਹੀਂ ਆਪਣਾ ਮੁਕੰਮਲ ਰੂਪ ਧਾਰਨ ਕਰਦੀ ਹੈ। ਅਕਾਲ ਪੁਰਖ ਇਸ ਧਰਤੀ ਨੂੰ ਉਨ੍ਹਾਂ ਮਰਦ ਪੁਰਖਾਂ ਰਾਹੀਂ ਸੰਵਾਰਨਾ ਅਤੇ ਸਜਾਉਣਾ ਚਾਹੁੰਦਾ ਹੈ, ਜਿਨ੍ਹਾਂ ਨੇ ਸੱਚ ਦੀ ਗਵਾਹੀ ਭਰਨੀ ਹੈ ਅਤੇ ਉਸ ਦੀ ਸਥਾਪਤੀ ਲਈ ਆਪਾ ਕੁਰਬਾਨ ਕਰਨ ਲਈ ਤਤਪਰ ਰਹਿਣਾ ਹੈ। ਇਸ ਧਰਤੀ ਧਰਮਸਾਲ ਨੂੰ ਕਾਮਲ ਪੁਰਖਾਂ ਨਾਲ ਸੁਸ਼ੋਭਿਤ ਕਰਨ ਲਈ ਹੀ ਪੂਰਨ ਪੁਰਖ ਨੇ ਖਾਲਸੇ ਦੀ ਹੋਂਦ ਨੂੰ ਸਾਕਾਰ ਰੂਪ ਦਿੱਤਾ। ਮਹਾਨ ਕੌਮਾਂ ਯਕੀਨਨ ਪਰਮਾਤਮਾ ਵੱਲੋਂ ਸੱਚ ਦੀ ਗਵਾਹੀ ਭਰਨ ਲਈ ਸਮੇਂਸਮੇਂ ਨਵੇਂ ਇਮਤਿਹਾਨਾਂ ਵਿੱਚੋਂ ਗੁਜ਼ਰ ਕੇ ਸੱਚ ਪ੍ਰਤੀ ਸੰਸਾਰ ਨੂੰ ਚੇਤਨਾ ਦਿੰਦੀਆਂ ਹਨ। ਵੱਡਾਪਨ ਵੱਡਿਆਂ ਕਾਰਨਾਮਿਆਂ ਕਰਕੇ ਹਾਸਲ ਹੁੰਦਾ ਹੈ। ਵੱਡੀ ਘਾਲਣਾ, ਵੱਡੇ ਆਦਰਸ਼ ਸਿਰਜ ਕੇ ਲੋਕਾਈ ਦੀ ਅਗਵਾਈ ਲਈ ਪ੍ਰੇਰਨਾ-ਸ੍ਰੋਤ ਬਣਦੀ ਹੈ। ਸਿੱਖ ਇਸ ਧਰਤੀ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਹੋਂਦ ਵਿਚ ਆ ਕੇ ਦਸਵੇਂ ਪਾਤਸ਼ਾਹ ਦੀ ਅੰਮ੍ਰਿਤ-ਅਸੀਸ ਸਦਕਾ ਸੰਤ-ਸਿਪਾਹੀ ਦੀ ਨਵੀਂ ਬੁਲੰਦੀ ਨੂੰ ਛੂੰਹਦਾ ਅਤੇ ਉਸ ਦੀ ਰਾਖੀ ਲਈ ਬੋਟੀ-ਬੋਟੀ ਹੋਣ ਦੇ ਹੌਸਲੇ ਨਾਲ ਪੂਰਨਤਾ ਨੂੰ ਹਾਸਲ ਕਰਦਾ ਹੈ। ਸਿੱਖ, ਪੰਜ-ਭੂਤਕ ਸਰੀਰ ਗੁਰੂ ਦੀ ਅਗਵਾਈ ਤੋਂ ਬਾਅਦ ਸ਼ਬਦ-ਗੁਰੂ ਦੀ ਸਰਪ੍ਰਸਤੀ ਹੇਠ ਲੋਕਾਈ ਸਨਮੁੱਖ ਹੋ ਕੇ ਨਵੀਆਂ ਪੈੜਾਂ ਪਾਉਂਦਾ ਆਪਣੇ ਸੱਚੇ ਪਾਤਸ਼ਾਹ ਨੂੰ ਸੱਚੀ ਨਮਸਕਾਰ ਕਰਦਾ ਹੈ।
ਸਿੱਖ ਜਿੰਨੀ ਸ਼ਿੱਦਤ ਨਾਲ ਬਾਣੀ ਪੜ੍ਹਦਾ, ਸੇਵਾ ਕਰਦਾ ਅਤੇ ਆਪਣੇ ਗ੍ਰਿਹਸਤ ਜੀਵਨ ਨੂੰ ਨਿਭਾਉਂਦਾ ਹੈ, ਉਸ ਦੇ ਨਾਲ ਹੀ ਵਧੇਰੇ ਚਾਅ ਤੇ ਉਮਾਹ ਨਾਲ ਇਸ ਦੀ ਰਾਖੀ ਅਤੇ ਸਥਾਪਤੀ ਲਈ ਕੁਰਬਾਨ ਹੋਣ ਲਈ ਵੀ ਤਿਆਰ ਰਹਿੰਦਾ ਹੈ। ਇਤਿਹਾਸ ਇਨ੍ਹਾਂ ਦੀ ਇਸ ਦ੍ਰਿੜ੍ਹਤਾ ਦੀ ਗਵਾਹੀ ਸੀਨਾ ਠੋਕ ਕੇ ਦਿੰਦਾ ਹੈ। ਘਟਨਾਵਾਂ, ਤੱਥ, ਤਰੀਕਾਂ, ਚਰਿੱਤਰ ਇੰਨੇ ਜੀਵੰਤ ਅਤੇ ਪ੍ਰਮਾਣਿਕ ਹਨ ਕਿ ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਸਭ ਸਾਡੇ ਸਾਹਮਣੇ ਹੀ ਵਾਪਰਿਆ ਹੋਵੇ। ਕੋਈ ਕਲਪਨਾ ਜਾਂ ਕਹਾਣੀ ਨਹੀਂ ਘੜੀ ਗਈ, ਯਥਾਰਥ-ਚਿਤਰਨ ਹੈ ਉਸ ਵਾਸਤਵਿਕਤਾ ਦਾ ਜੋ ਵਾਪਰੀ ਅਤੇ ਆਪਣੇ ਕਦੀ ਨਾ ਭੁੱਲਣ ਵਾਲੇ ਨਿਸ਼ਾਨ ਛੱਡ ਗਈ, ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣੇ ਬਜ਼ੁਰਗਾਂ ਤੋਂ ਪ੍ਰੇਰਨਾ ਲੈ ਕੇ ਸੱਚ ਦੀ ਸਥਾਪਤੀ ਲਈ ਹਰ ਪੱਖੋਂ ਤੱਤਪਰ ਰਹਿਣ। ਨਨਕਾਣਾ ਸਾਹਿਬ ਦੀ ਉਹ ਪਾਵਨ ਧਰਤੀ ਜਿਥੇ ਦੁਨੀਆਂ ਦੇ ਸਭ ਤੋਂ ਮਹਾਨ ਆਧੁਨਿਕ, ਅਧਿਆਤਮਿਕ, ਰਾਜਨੀਤਿਕ, ਆਰਥਿਕ, ਸਮਾਜਿਕ ਚਿੰਤਕ ਨੇ ਕਦਮ ਰੱਖੇ; ਜਿਸ ਦੀ ਆਮਦ ਨਾਲ ਜ਼ਰ੍ਹਾ-ਜ਼ਰ੍ਹਾ ਖੁਸ਼, ਉਤਸ਼ਾਹਿਤ ਅਤੇ ਪ੍ਰਫੁੱਲਤ ਹੋਇਆ, ਮਨੁੱਖਤਾ ਨੇ ਸੁਖ, ਸਕੂਨ ਮਹਿਸੂਸਿਆ ਅਤੇ ਸੱਚ ਦੀ ਪਛਾਣ ਕੀਤੀ; ਉਸ ਮਹਾਨ ਪੁਰਖ ਨੂੰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਪੁਕਾਰਿਆ ਅਤੇ ਸਤਿਕਾਰਿਆ ਜਾਂਦਾ ਹੈ। ਜਿਥੇ ਇਸ ਮਹਾਨ ਗੁਰੂ ਦੇ ਕਦਮ ਪਏ, ਉਹ ਧਰਤੀ ਧੰਨ ਹੋ ਗਈ, ਉਹ ਘਰ ਧਰਮਸਾਲ ਹੋ ਗਿਆ। ਜਿਸ ਹਿਰਦੇ ਨੇ ਇਸ ਦੀ ਅਵਾਜ਼ ਸੁਣੀ ਉਹ ਹਰਿ ਮੰਦਰ ਹੋ ਗਿਆ।
![]() The site of the kiln where Bhai Dalip Singh Ji attained Martyrdom. |
ਸਮੇਂ ਦੇ ਗੁਜ਼ਰਨ ਨਾਲ ਧਰਮਸਾਲਾਵਾਂ ’ਤੇ ਕਾਬਜ਼ ਬੰਦੇ ਬਦਕਾਰ, ਖੂੰਖਾਰ ਅਤੇ ਵਿਭਚਾਰੀ ਹੋ ਗਏ। ਗੁਰਧਾਮਾਂ ਦੀ ਕਮਾਈ ਆਪਣੇ ਨਿੱਜੀ ਸਵਾਰਥਾਂ ਹਿਤ ਖਰਚਣ ਲੱਗੇ। ਬਾਬੇ ਦਾ ਅਦਬ, ਸਤਿਕਾਰ ਭੁੱਲਦੇ ਗਏ। ਜਦੋਂ ਇਹ ਆਪਣੀ ਹਉਂ ਵਿਚ ਅੰਨ੍ਹੇ ਹੋ ਗਏ ਤਾਂ ਗੁਰੂ ਦੇ ਖਾਲਸੇ ਨੇ ਆਪਣੇ ਫ਼ਰਜ਼ ਨਿਭਾਉਣ ਲਈ ਸਿਰ ਤਲੀ ’ਤੇ ਰੱਖੇ। ਨਨਕਾਣਾ ਸਾਹਿਬ ਦਾ ਸਾਕਾ ਸਿੱਖਾਂ ਦੀ ਮਰਦਾਨਗੀ ਅਤੇ ਗੁਰੂ ਪ੍ਰਤੀ ਵਫ਼ਾਦਾਰੀ ਦਾ ਉਹ ਪੁਖਤਾ ਸਬੂਤ ਹੈ ਜਿਸ ਨੇ ਯੁੱਗਾਂ-ਯੁੱਗਾਂ ਤਕ ਖਾਲਸਾਈ ਕਾਰਗੁਜ਼ਾਰੀ ਨੂੰ ਜਿਊਂਦੀ ਰੱਖਣਾ ਹੈ। ਇਹ ਉਨ੍ਹਾਂ ਨਾਪਾਕ ਪੁਰਖਾਂ ਦੀ ਉਦਾਹਰਣ ਵੀ ਦਰਸਾਉਂਦਾ ਰਹੇਗਾ ਜਿਨ੍ਹਾਂ ਮਨੁੱਖਤਾ ਨੂੰ ਕਲੰਕਿਤ ਹੀ ਨਹੀਂ ਕੀਤਾ ਬਲਕਿ ਮਨੁੱਖ ਦੇ ਅੰਦਰ ਪਈ ਉਸ ਦਰਿੰਦਗੀ ਦਾ ਪਰਦਾਫਾਸ਼ ਵੀ ਕੀਤਾ ਹੈ ਜੋ ਧਾਰਮਿਕ ਲਿਬਾਸ ਦੇ ਅੰਦਰ ਆਪਾ ਲੁਕਾਈ ਰੱਖਦੀ ਹੈ। ਇਹ ਇਸ ਗੱਲ ਦੀ ਸਾਖੀ ਵੀ ਬਣਦੀ ਹੈ ਕਿ ਪਵਿੱਤਰ ਧਰਮ-ਸਥਾਨਾਂ ’ਤੇ ਭੇਖ ਧਾਰ ਕੇ ਕਾਬਜ਼ ਹੋਇਆਂ ਕੋਈ ਫਰਿਸ਼ਤਾ ਜਾਂ ਪੂਰਨ ਪੁਰਖ ਨਹੀਂ ਬਣਦਾ। ਸੱਚਾ ਗੁਰੂ ਆਪਣੇ ਸਾਤਵਿਕ ਰੂਪ ਖਾਲਸੇ ਰਾਹੀਂ ਪ੍ਰਗਟ ਹੋ ਕੇ ਅਜਿਹੀ ਭੇਖੀ ਅਤੇ ਮੈਲੀ ਵਿਵਸਥਾ ਨੂੰ ਨਾ ਸਿਰਫ਼ ਵੰਗਾਰਦਾ ਹੈ ਬਲਕਿ ਉਸ ਦੀਆਂ ਜੜ੍ਹਾਂ ਪੁੱਟ ਸੁੱਟਣ ਦੀ ਤਾਕਤ ਵੀ ਰੱਖਦਾ ਹੈ।
ਜਿਸ ਧਰਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਨਾਲ ਆਪਣੇ ਵਜੂਦ ਨੂੰ ਖ਼ਲਕਤ ਦੇ ਸਾਹਮਣੇ ਪੂਜਨੀਕ ਪਵਿੱਤਰ ਧਾਮ ਰੂਪ ਵਿਚ ਪੇਸ਼ ਕੀਤਾ, ਜਿੱਥੋਂ ਸੰਸਾਰ ਨੂੰ ਸ਼ਾਂਤੀ, ਪ੍ਰੇਮ, ਭਾਈਚਾਰੇ ਅਤੇ ਅਧਿਆਤਮਕ ਉੱਨਤੀ ਦੀ ਲੋਅ ਲੱਗੀ, ਅੱਜ ਉਹੀ ਧਰਤੀ ਆਪਣੇ ਨਾਲ ਇਕ ਹੋਰ ਇਤਿਹਾਸਕ ਵਰਕਾ ਜੋੜਨ ਲਈ ਤਿਆਰ ਹੋਈ ਪ੍ਰਤੀਤ ਹੁੰਦੀ ਹੈ। ਅੱਯਾਸ਼ ਮਹੰਤ ਨਰੈਣ ਦਾਸ ਕੁਝ ਕੁ ਹਮਖ਼ਿਆਲੀ ਅਤੇ ਹਮਪਿਆਲੀ ਚਾਪਲੂਸਾਂ ਨਾਲ ਮਿਲ ਕੇ ਸਮੇਂ ਦੀ ਹਕੂਮਤ ਦੀ ਸ਼ਹਿ ਨਾਲ ਖਾਲਸਾਈ ਸ਼ਾਨ ਨੂੰ ਲਲਕਾਰ ਪਾਉਂਦਾ ਹੈ। ਮਹੰਤ ਦੀ ਹਉਂ ਨੂੰ ਠੱਲ੍ਹ ਪਾਉਣ ਲਈ ਅਤੇ ਨਨਕਾਣਾ ਸਾਹਿਬ ਨੂੰ ਅਜਿਹੇ ਹੰਕਾਰੀ ਤੋਂ ਅਜ਼ਾਦ ਕਰਵਾਉਣ ਲਈ ਪਿੰਡ ਧਾਰੋਵਾਲੀ ਵਿਖੇ ਇਕ ਦੀਵਾਨ ਸਜਾਇਆ ਗਿਆ ਅਤੇ ਮਹੰਤ ਨੂੰ ਆਪਣਾ ਪ੍ਰਬੰਧ ਅਤੇ ਕਰਮਾਚਾਰ ਸੁਧਾਰਨ ਲਈ ਮਤਾ ਪਾਸ ਕੀਤਾ ਗਿਆ। ਜਦੋਂ ਮਹੰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਸੁਧਾਰ ਦੀ ਬਜਾਏ ਸਿੱਖਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ ਅਤੇ ਤਿਆਰੀ ਅਰੰਭੀ। ਨਨਕਾਣਾ ਸਾਹਿਬ ਦੀ ਪਾਵਨ ਜੂਹ ਅੰਦਰ ਹਥਿਆਰ, ਤੇਲ ਅਤੇ ਜ਼ਰਾਇਮਪੇਸ਼ਾ ਬੰਦੇ ਇਕੱਤਰ ਕੀਤੇ ਤੇ ਉਸ ਅਸਥਾਨ ਨੂੰ ਮੋਰਚਾਬੰਦੀ ਕਰ ਕੇ ਜੰਗੀ ਕਿਲ੍ਹੇ ਦਾ ਰੂਪ ਦੇ ਦਿੱਤਾ। ਆਪਣੇ ਪਿਛਲੱਗੂਆਂ ਨੂੰ ਇਹ ਖਾਸ ਹਦਾਇਤ ਕੀਤੀ ਕਿ ਕੋਈ ਬਚੇ ਨਾ।
੨੦ ਫਰਵਰੀ, ੧੯੨੧ ਈ. ਨੂੰ ਭਾਈ ਲਛਮਣ ਸਿੰਘ ਹੋਰੀਂ ਲੱਗਭਗ ੧੫੦ ਸਿੰਘਾਂ ਦਾ ਜਥਾ ਲੈ ਕੇ ਸ਼ਾਂਤੀਪੂਰਨ ਅਤੇ ਗੁਰੂ-ਅਦਬ ਨਾਲ ਦਰਸ਼ਨੀ ਡਿਉਢੀ ਤੋਂ ਅੰਦਰ ਦਾਖ਼ਲ ਹੋਏ। ਭਾਈ ਲਛਮਣ ਸਿੰਘ ਹੋਰੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਬਾਕੀ ਸਿੰਘ ਦਰਬਾਰ ਸਾਹਿਬ ਦੇ ਹਾਲ ਵਿਚ ਬੈਠ ਕੇ ਸ਼ਬਦ ਪੜ੍ਹਨ ਵਿਚ ਮਗਨ ਹੋ ਗਏ। ਉਥੋਂ ਡੇਰੇ ਦੇ ਮਹੰਤ ਅਤੇ ਹੋਰ ਬੰਦੇ ਖਿਸਕ ਗਏ। ਇੰਨੇ ਵਿਚ ਛੱਤਾਂ ਉੱਤੇ ਬਣੇ ਮੋਰਚਿਆਂ ਵਿੱਚੋਂ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ। ਗੋਲੀਆਂ ਨਾਲ ਕਈ ਸਿੰਘ ਸ਼ਹੀਦ ਹੋ ਗਏ। ਸਹਿਕਦੇ ਜ਼ਖ਼ਮੀ ਸਿੰਘਾਂ ਨੂੰ ਛੱਤ ਤੋਂ ਉਤਰ ਕੇ ਮਹੰਤ ਦੇ ਗੁੰਡਿਆਂ ਨੇ ਛਵੀਆਂ, ਤਲਵਾਰਾਂ, ਗੰਡਾਸਿਆਂ ਨਾਲ ਵੱਢਣਾ-ਟੁੱਕਣਾ ਸ਼ੁਰੂ ਕੀਤਾ। ਜਦੋਂ ਅੰਦਰ ਵਾਲੇ ਸਿੰਘ ਸ਼ਹੀਦ ਕਰ ਦਿੱਤੇ ਗਏ ਤਾਂ ਮਹੰਤ ਜੋ ਘੋੜੇ ’ਤੇ ਸਵਾਰ ਮੂੰਹ ’ਤੇ ਕੱਪੜਾ ਲਪੇਟੀ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, ਗੁਰਦੁਆਰੇ ਦੇ ਗੇਟ ਤੋਂ ਬਾਹਰ ਆ ਗਿਆ ਅਤੇ ਬਾਹਰੋਂ ਆਉਣ ਵਾਲੇ ਸਿੱਖਾਂ ਨੂੰ ਮਰਵਾਉਣ ਲੱਗ ਪਿਆ। ਭਾਈ ਦਲੀਪ ਸਿੰਘ ਦੇ ਉਥੇ ਪਹੁੰਚਣ ’ਤੇ ਆਪ ਨਰੈਣ ਦਾਸ ਨੇ ਉਸ ਨੂੰ ਗੋਲੀ ਮਾਰੀ ਅਤੇ ਉਨ੍ਹਾਂ ਦੇ ਨਾਲ ਦੇ ਸਾਥੀ ਸ. ਵਰਿਆਮ ਸਿੰਘ ਨੂੰ ਉਸ ਦੇ ਗੁੰਡਿਆਂ ਨੇ ਚੀਰ ਸੁੱਟਿਆ। ਸਾਰੀਆਂ ਲੋਥਾਂ ਨੂੰ ਤਿੰਨ ਢੇਰਾਂ ਵਿਚ ਇਕੱਠਾ ਕਰ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਗਈ। ਭਾਈ ਲਛਮਣ ਸਿੰਘ ਹੋਰਾਂ ਨੂੰ ਜੰਡ ਨਾਲ ਬੰਨ੍ਹ ਕੇ ਤੇਲ ਪਾ ਕੇ, ਲਾਂਬੂ ਲਾ ਕੇ ਸ਼ਹੀਦ ਕਰ ਦਿੱਤਾ ਗਿਆ।