Exclusive Report on the Disregarded and Banished Sikligars Sikhs of Punjab
ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ।
ਸ਼ਿਕਲੀਗਰ ਭਾਈਚਾਰੇ ਵਿਰੁੱਧ ਭਾਰਤ ਵਿੱਚ ਵਾਪਰੀਆਂ ਦੁੱਖਦਾਈ ਘਟਨਾਵਾਂ ਦੀ ਚਰਚਾ ਨੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਮਨਾਂ ਅੰਦਰ ਸ਼ਿਕਲੀਗਰ ਸਿੱਖਾਂ ਦੀ ਹੌਦ ਅਤੇ ਸਮਾਜਿਕ, ਆਰਥਿਕ, ਧਾਰਮਿਕ ਦਸ਼ਾ ਪ੍ਰਤੀ ਬੇਚੈਨੀ ਪੈਦਾ ਕਰ ਦਿੱਤੀ ਹੈ। ਓਝ ਤਾਂ ਸੰਨ ੨੦੦੦ ਤੋਂ ਬਾਦ ਹੀ ਸ਼ਿਕਲੀਗਰ ਸਿੱਖਾਂ ਅੰਦਰ ਧਾਰਮਿਕ, ਸਮਾਜਿਕ ਅਤੇ ਆਰਥਿਕ ਚੇਤੰਨਤਾ ਦੇ ਉਪਰਾਲੇ ਅਰੰਭ ਹੋ ਗਏ ਸਨ ਪਰ ਹਾਲ ਹੀ ਵਿੱਚ ਜਿਸ ਪ੍ਰਕਾਰ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚਲੀਆਂ ਭਾਜਪਾ ਸਰਕਾਰਾਂ ਅਤੇ ਸੰਘ ਪਰਿਵਾਰ ਵੱਲੋਂ ਸ਼ਿਕਲੀਗਰ ਸਿੱਖਾ ਪ੍ਰਤੀ ਨਫਰਤ ਅਤੇ ਜੁਲਮ ਦੇ ਕਾਲੇ ਦੌਰ ਦੀਆਂ ਵਾਪਰੀਆਂ ਘਟਨਾਵਾਂ ਨੇ ਵਿਸ਼ਵ ਦੇ ਸਿੱਖਾਂ ਨੂੰ ਸ਼ਿਕਲੀਗਰਾਂ ਦੀ ਅਜਿਹੀ ਦੁਰਦਸ਼ਾ ਲਈ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਇਹੋ ਕਾਰਨ ਹੈ ਕਿ ਮੀਡੀਆਂ ਵਿੱਚ ਸਿਕਲੀਗਰਾਂ ਪ੍ਰਤੀ ਜਾਣਕਾਰੀ ਅੱਜ ਕੇਂਦਰ ਬਿੰਦੂ ਤੇ ਹੈ ਅਤੇ ਇਸ ਵਿਚ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਸਿੱਖ ਜੱਥੇਬੰਦੀਆਂ, ਭਾਰਤ ਵਿਚਲੇ ਵੱਖ-ਵੱਖ ਰਾਜਾਂ ਦੀਆਂ ਸਿੱਖ ਜੱਥੇਬੰਦੀਆਂ ਅਤੇ ਸਿੰਘ ਸਭਾਵਾਂ ਅਤੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੁਣ ਤੱਕ ਸ਼ਿਕਲੀਗਰਾਂ ਲਈ ਭਲਾਈ ਕਾਰਜ ਦੇ ਵੇਰਵੇ ਅਖਬਾਰੀ, ਇਲੈਕਟ੍ਰੋਨਿਕ ਅਤੇ ਸ਼ੋਸ਼ਲ ਮੀਡਿਆਂ ਦਾ ਸ਼ਿੰਗਾਰ ਬਣੇ ਹੋਏ ਹਨ। ਏਨਾ ਹੀ ਨਹੀਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ੧੯੯੨ ਵਿੱਚ ੧ ਕਰੋੜ, ੨੦੦੬ ਵਿੱਚ ੨੦ ਲੱਖ, ੨੦੦੮ ਵਿੱਚ ੧੦ ਲੱਖ ਰੁੱਪਏ ਪੰਜਾਬ ਦੇ ਸ਼ਿਕਲੀਗਰਾਂ ਦੀ ਭਲਾਈ ਲਈ ਖਰਚੇ ਜਾਣ ਦਾ ਦਾਵਾ ਹੈ। ਜਦੋਂ ਕਿ ਸਾਬਕਾ ਪ੍ਰਧਾਨ ਅਵਤਾਰ ਸਿੰਘ ਦੇ ਅਨੁਸਾਰ ੨੦੧੨-੧੩ ਵਿੱਚ ੩੨੮ ਸ਼ਿਕਲੀਗਰ ਪਰਿਵਾਰਾਂ ਨੂੰ ੩੨ ਲੱਖ ੮੦ ਹਜਾਰ ਰੁੱਪਏ ਦਿੱਤੇ ਗਏ। ੨੦੧੪ ਵਿੱਚ ੧ ਕਰੋੜ ਤੋਂ ਵੱਧ ਰਾਸ਼ੀ ਇਨ੍ਹਾਂ ਲਈ ਵਰਤੀ ਗਈ। ਜਦੋਂ ਕਿ ਹੁਣ ਹਰੇਕ ਸਾਲ ੨ ਕਰੋੜ ਰੁਪਏ ਸ਼ਿਕਲੀਗਰਾਂ ਦੀ ਭਲਾਈ ਲਈ ਖਰਚੇ ਜਾਣ ਦੇ ਦਾਅਵੇ ਕੀਤੇ ਜਾਏ ਰਹੇ ਹਨ। ਪਰ ਇਹ ਭਲਾਈ ਕਾਰਜ਼ ਕਿੱਥੇ ਅਤੇ ਕਿਵੇ ਕੀਤੇ ਗਏ ਇੱਕ ਵੱਖਰਾਂ ਵਿਸ਼ਾ ਹੈ। ਸ਼ਿਕਲੀਗਰ ਭਾਈਚਾਰੇ ਦੇ ਭਾਰਤ ਵਿੱਚਲੇ ੮ ਰਾਜਾਂ ਦੇ ੬੦ ਜਿਲਿਆਂ ਦੀ ਵੱਸੋਂ ਖੇਤਰ ਬਾਰੇ ਅਸੀਂ ਸੂਚੀ ੨ ਮਹੀਨੇ ਪਹਿਲਾਂ ਹੀ ਜਾਰੀ ਕਰ ਚੁੱਕੇ ਹਾਂ।
ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਿਕਲੀਗਰ ਸਿੱਖਾਂ ਦੀ ਭਲਾਈ ਲਈ ਕੰਮ ਕਰਨ ਵਾਲੀਆ ਦੇਸ਼ ਵਿਦੇਸ਼ ਦੀਆਂ ਸਿੱਖ ਸੰਥਾਵਾਂ ਨੇ ਮੱਧ ਪ੍ਰਦੇਸ਼ ਦੇ ੫ ਕੁ ਜਿਲਿਆਂ ਦੇ ਕੁੱਝ ਪਿੰਡਾਂ ਨੂੰ ਹੀ ਆਪਣਾ ਕਾਰਜ਼ ਖੇਤਰ ਬਣਾਇਆਂ ਹੋਇਆ ਹੈ ਇਨ੍ਹਾਂ ਲਈ ਕੰਮ ਕਰ ਰਹੀਆਂ ਜੱਥੇਬੰਦਿਆਂ ਭਾਰਤ ਅਤੇ ਖਾਸ ਕਰਕੇ ਵਿਦੇਸ਼ਾਂ ਦੀਆਂ ਸਿੱਖ ਸ਼ੰਗਤਾਂ ਪਾਸੋਂ ਦਾਨ ਦੇ ਰੂਪ ਵਿੱਚ ਕਾਫੀ ਧਨ ਪ੍ਰਾਪਤ ਕਰ ਰਹੀਆਂ ਹਨ ਪਰ ਇਸ ਦੀ ਵਰਤੋਂ ਕਿੱਥੇ ਤੇ ਕਿਵੇ ਹੋ ਰਹੀ ਹੈ ਬਾਰੇ ਵੀ ਚੁੱਪ ਰਹਿਣਾ ਹੀ ਠੀਕ ਹੈ ਕਿਉਂਕਿ ਪ੍ਰਾਪਤ ਸੂਚਨਾ ਅਨੁਸਾਰ ਇਨ੍ਹਾਂ ਵਿੱਚੋਂ ਬਹੁਤੀਆਂ ਜੱਥੇਬੰਦੀਆਂ ਆਪਣੇ ਆਪ ਨੂੰ ਵੱਡੇ ਸੇਵਾਦਾਰ ਦੇ ਰੂਪ ਵਿੱਚ ਸਥਾਪਤ ਕਰਨ ਲਈ ਇੱਕ ਦੂਜੀ ਨੂੰ ਹਰ ਇੱਕ ਸਮੇਂ ਨੀਵਾਂ ਦਿਖਾਉੇਣ ਦੀ ਕੋਸ਼ਿਸ ਵਿੱਚ ਲੱਗੀਆਂ ਰਹਿੰਦੀਆਂ ਹਨ ਅਤੇ ਮੌਕਾ ਮਿਲਣ ਤੇ ਕਦੇ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋ ਗੁਰੇਜ਼ ਨਹੀਂ ਕਰਦੀਆਂ। ਪਰ ਦੇਸ਼ ਵਿਦੇਸ਼ ਤੋਂ ਮੱਧਪ੍ਰਦੇਸ਼ ਤੇ ਸ਼ਿਕਲੀਗਰਾਂ ਦੇ ਨਾਮ ਤੇ ਫੰਡ ਇੱਕਠੇ ਕਰਨ ਵਾਲੀਆਂ ਇਹਨਾਂ ਜੱਥੇਬੰਦੀਆਂ ਨੇ ਸ਼ਾਇਦ ਹੀ ਕਦੇ ਪੰਜਾਬ ਦੇ ਸ਼ਿਕਲੀਗਰਾਂ ਦੇ ਹਾਲਾਤ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੋਵੇ। ਜੋ ਪੰਜਾਬ ਦੇ ੨੨ ਜਿਲਿਆਂ ਵਿੱਚੋਂ ੧੭ ਜਿਲਿਆ ਵਿੱਚ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿੱਚ ਡੇਰਿਆਂ, ਕਸਬਿਆ, ਬਸਤੀਆਂ ਵਿੱਚ ਲੱਖਾ ਦੀ ਗਿਣਤੀ ਵਿੱਚ ਰਹਿ ਰਹੇ ਹਨ।
ਇਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੀ ਪੰਥਕ ਡੌਟ ਅੌਰਗ ਵੈਬਸਾਈਟ ਦੀ ਛੋਟੀ ਜਿਹੀ ਟੀਮ ਨੇ ਇਨ੍ਹਾਂ ਦੀਆਂ ਬਸਤੀਆਂ ਵਿੱਚ ਜਾਣ ਦਾ ਉਪਰਾਲਾ ਕੀਤਾ। ਇਸ ਲਈ ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨੱਕ ਹੇਠ ਬਣੇ ੧੮ ਕਿਲੋਮੀਟਰ ਦੂਰ ਕਸਬੇ ਜੰਡਿਆਲਾ ਗੁਰੂ ਤੇ ੨੫ ਕਿਲੋ ਮੀਟਰ ਦੂਰ ਇਤਹਾਸਿਕ ਨਗਰੀ ਤਰਨਤਾਰਨ ਵਿਖੇ ਗਏ ਜਿੱਥੋ ਦੇ ਸ਼ਿਕਲੀਗਰਾਂ ਦੀ ਹਾਲਾਤ ਰੋਗਟੇ ਖੜੀ ਕਰਨ ਵਾਲੀ ਹੈ ਜੋ ਅਸੀਂ ਪਾਠਕਾਂ ਨਾਲ ਸ਼ਾਝੀ ਕਰ ਰਹੇ ਹਾਂ ਤਾਂ ਜੋ ੨ ਕਰੋੜ ਸਾਲਨਾ ਸ਼ਿਕਲੀਗਰਾਂ ਦੇ ਖਰਚ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਕਰੋੜਾਂ ਰੁਪਏ ਹੋਰ ਖਰਚ ਕਰਨ ਦਾ ਦਾਅਵਾ ਕਰਨ ਵਾਲੀਆਂ ਸਿੱਖ ਜੱਥੇਬੰਦੀਆਂ ਦੀ ਕਾਰਜਗੁਜਾਰੀ ਦੇ ਰੂ-ਬਰੂ ਹੋ ਸਕੀਏ ਇਸ ਲਈ ਇਸ ਦੀ ਪਹਿਲੀ ਕਿਸ਼ਤ ਰਾਹੀਂ ਅਸੀਂ ਪੰਜਾਬ ਵਿਚਲੀਆਂ ਸ਼ਿਕਲੀਗਰਾਂ ਦੀਆਂ ਨੌ ਬਸਤੀਆਂ ਦੇ ਹਲਾਤ ਪੇਸ਼ ਕਰ ਰਹੇ ਹਾਂ।
JANDIALA GURU
ਜੰਡਿਆਲਾ ਗੁਰੂ ਵਿਖੇ ਸ਼ਿਕਲੀਗਰ ਸਿਖਾਂ ਦੀ ਹਾਲਾਤ:- ਸਿੱਖਾਂ ਦੇ ਕੇਂਦਰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਇਹ ਇਤਿਹਾਸਕ ਨਗਰ ੧੮ ਕਿਲੋਮੀਟਰ ਦੂਰ ਹੈ ਇਥੇ ਸ਼ਿਕਲੀਗਰ ਭਾਈਚਾਰਾ ਜੋਤੀ ਸ਼ਰ ਮੁਹੱਲੇ ਵਿੱਚ ਪਿਛਲੇ ੫੦ ਸਾਲਾ ਤੋਂ ਰਹਿ ਰਿਹਾ ਹੈ। ਕੱਖਾਂ ਕਾਨਿਆਂ ਦੇ ਕੱਚੇ ਮਕਾਨ ਤੇ ਚਿੱਕੜ ਭਰੀਆਂ ਗਲੀਆਂ ਇਹਨਾਂ ਦਾ ਵਸੇਬਾ ਹੈ ਤੇ ਤਕਰੀਬਨ ੬੦ ਕੁ ਪਰਿਵਾਰ ਅਤਿ ਗਰੀਬੀ ਨਾਲ ਜੂਝ ਰਹੇ ਹਨ। ਜੋ ਲਿਖਣ ਤੋਂ ਜਿਆਦਾ ਤਸਵੀਰਾਂ ਰਾਹੀਂ ਪਾਠਕਾਂ ਨੂੰ ਸਪੱਸ਼ਟ ਜੋ ਜਾਵੇਗਾ। ਇਹਨਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਇਹਨਾਂ ੫੦ ਸਾਲਾ ਚੋਂ ਕਦੇ ਵੀ ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਹੌਰ ਸਿੱਖ ਜੱਥੇਬੰਦੀ ਦਾ ਕੋਈ ਵੀ ਨੁਮਾਇਂਦਾ ਜਾਂ ਇਹਨਾਂ ਵੱਲੋਂ ਭੇਜੀ ਸਹਾਇਤਾ ਦਾ ਕੋਈ ਵੀ ਦੁੱਕੜ ਇਹਨਾਂ ਤੱਕ ਨਹੀਂ ਪਹੁੰਚਿਆ। ੫੦ ਸਾਲਾਂ ਤੋਂ ਸ਼ਾਮਲਾਟ ਜਮੀਨ ਤੇ ਬੈਠੇ ਇਹਨਾਂ ਸ਼ਿਕਲੀਗਰਾਂ ਦੀ ਵੋਟਾਂ ਅਤੇ ਕੁੱਝ ਰਾਸ਼ਨ ਕਾਰਡ ਬਣੇ ਹਨ ਪਰ ਨੇੜੇ ਬਣੇ ਹੋਏ ਆਲੀਸ਼ਾਨ ਮਕਾਨ ਕੋਠੀਆਂ ਕਾਰਨ ਇਹਨਾਂ ਦੀ ਬਸਤੀ ਤੇ ਕੁਝ ਸਫੈਦਪੋਸ਼ ਸ਼ਿਆਸੀ ਬਿਲਡਰਾ ਦੀ ਅੱਖ ਹੋਣ ਕਰਕੇ ਹਰ ਵੇਲੇ ਉਜਾੜੇ ਦਾ ਡਰ ਇਹਨਾਂ ਦੇ ਮਨ ਵਿੱਚ ਬਣਿਆ ਰਹਿੰਦਾ ਹੈ ਇਹੋ ਕਾਰਨ ਹੈ ਕਿ ਸਿਆਸੀ ਸ਼ਹਿ ਕਾਰਨ ਇਨ੍ਹਾਂ ਦੀ ਬਸਤੀ ਨੂੰ ਬਿਜਲੀ ਬੋਰਡ ਵੱਲੋਂ ਬਿਜਲੀ ਦੀ ਸਪਲਾਈ ਅਤੇ ਨਗਰ ਪਾਲਿਕਾ ਵੱਲੋਂ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ।
ਮਈ ਜੂਨ ਮਹੀਨੇ ਦੀ ਅੱਤ ਦੀ ਗਰਮੀ ਵਿੱਚ ਇਨ੍ਹਾਂ ਦੇ ਪਰਿਵਾਰ ਪੱਖੇ ਅਤੇ ਰੋਸ਼ਨੀ ਤੋਂ ਬਿਨਾਂ ਦਿਨ ਕੱਟ ਰਹੇ ਹਨ ਅਤੇ ਰਾਤ ਦੋ ਘੜੀਆਂ ਆਰਾਮ ਕਰਨ ਲਈ ਆਪਸ ਵਿੱਚ ਪੈਸੇ ਇੱਕਠੇ ਕਰਕੇ ੫੦੦ ਰੁੱਪਏ ਰੋਜਾਨਾ ਦੇ ਕਿਰਾਏ ਤੇ ਜਨੇਟਰ ਲਿਆ ਕੇ ਰਾਤ ਕੱਟਦੇ ਹਨ ਪਰ ਤਕਰੀਬਨ ੨੦ ਘੰਟੇ ਰੋਜ ਅੱਤ ਦੀ ਗਰਮੀ ਬਰਦਾਸ਼ਤ ਕਰ ਰਹੇ ਹਨ। ਇਹਨਾਂ ਦੀ ਬਸਤੀ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਹੈ ਅਤੇ ਖਸਤਾ ਹਾਲਤ ਇਕੋ ਨਲਕਾ ਹੈ ਜਿਸ ਦਾ ਪਾਣੀ ਇਨ੍ਹਾ ਗੰਦਾ ਹੈ ਕਿ ਪੀਣ ਦੀ ਬਜਾਏ ਉਹ ਹੱਥ ਧੋਣ ਦੇ ਕਾਬਲ ਵੀ ਨਹੀਂ ਹੈ। ਪਾਣੀ ਦੀ ਪੁਰਤੀ ਲਈ ਇਨ੍ਹਾਂ ਨੂੰ ਨੇੜੇ ਦੇ ਅਮੀਰ ਕੋਠੀਆ ਵਾਲਿਆਂ ਦੇ ਤਰਲੇ ਮਿਣਤਾ ਕਰਣੀਆਂ ਪੈਂਦੀਆਂ ਹਨ। ਇਨ੍ਹਾਂ ਦੱਸਿਆ ਕਿ ਪਿੱਛੇ ਜਿਹੇ ਬਟਾਲੇ ਦੇ ਕੁੱਝ ਵੀਰਾਂ ਨੇ ਸਮਰਸੀਬਲ ਪੰਪ ਲੱਗਾ ਕੇ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਬਿਜਲੀ ਸਪਲਾਈ ਨਾ ਹੋਣ ਕਰਕੇ ਇਨ੍ਹਾਂ ਨੇ ਇਹ ਠੁਕਰਾ ਦਿੱਤੀ। ਇਨ੍ਹਾਂ ਦੇ ਬੱਚਿਆਂ ਵਿੱਚੋਂ ਕੋਈ ਵੀ ਸਾਨੂੰ ਪੰਜਵੀਂ, ਸਤਵੀਂ, ਜਮਾਤ ਤੋ ਵੱਧ ਪੜਿਆ ਨਹੀਂ ਮਿਲਿਆ ਅਤੇ ਜਿਨ੍ਹਾਂ ਦੀ ਗਿਣਤੀ ਵੀ ਕੁਝ ਹੀ ਹੈ। ਇਹ ਆਪਣਾ ਮੂਲ ਕਿੱਤਾ ਲੋਹੇ ਦਾ ਸਾਮਾਨ ਬਣਾਉਣਾ ਛੱਡ ਚੁੱਕੇ ਹਨ ਅਤੇ ਲੁਧਿਆਣੇ ਦੇ ਇੱਕ ਵਪਾਰੀ ਵੱਲੋਂ ਭੇਜੀਆਂ ਅੱਤ ਘਟੀਆਂ ਪਲਾਸਟਿਕ ਦੀਆਂ ਕੁਰਸੀਆਂ ਅਤੇ ਤਰਨਤਾਰਨ ਦੇ ਵਪਾਰੀ ਵੱਲੋਂ ਭੇਜੇ ਘਟਿਆ ਲੋਹੇ ਦੇ ਮੱਜੇ ਵੇਚਣ ਦਾ ਧੰਦਾ ਫੇਰੀ ਲਾ ਕੇ ਕਰਦੇ ਹਨ। ਇਨ੍ਹਾਂ ਬਾਰੇ ਜਾਣਕਾਰੀ ਪਾਠਕਾ ਨਾਲ ਸਾਝੀ ਕਰਦੇ ਹੋਏ ਅਸੀ ਦੱਸ ਦੇਈਏ ਕਿ ਪਿਛਲੇ ਸਮੇਂ ਮੱਧਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਜੁਲਮ ਦਾ ਸ਼ਿਕਾਰ ਸ਼ਿਕਲੀਗਰਾਂ ਨੇ ਕੌਮ ਦੇ ਜੱਥੇਦਾਰਾ ਅਤੇ ਧਰਮ ਦੇ ਠੇਕੇਦਾਰਾ ਨੂੰ ਵਾਸਤਾ ਪਾ ਕੇ ਕਿਹਾ ਸੀ ਕਿ ਜੇ ਅੌਖੇ ਸਮੇ ਸਾਡੀ ਮਦਦ ਨਾ ਕੀਤੀ ਤਾਂ ਅਸੀਂ ਸਮੂਹਕ ਤੌਰ ਤੇ ਧਰਮ ਪਰਿਵਰਤਨ ਕਰ ਲਵਾਂਗੇ ਜਿਸ ਤੇ ਕੌਮ ਦੇ ਜੱਥੇਦਾਰਾਂ ਅਤੇ ਧਰਮ ਦੇ ਠੇਕੇਦਾਰਾ ਵੱਲੋਂ ਇਹਨਾਂ ਦੀ ਸਹਾਇਤਾਂ ਲਈ ਫੋਕੀ ਬਿਆਨ ਬਾਜ਼ੀ ਸ਼ੁਰੂ ਹੋ ਗਈ ਸੀ। ਪਰ ਇਸ ਗੁਰੂ ਸਵਾਰੀ, ਗੁਰੂ ਪਿਆਰੀ, ਸਿੱਖ ਕੌਮ ਤੇ ਇਸ ਦੇ ਜੱਥੇਦਾਰਾਂ ਅਤੇ ਧਰਮ ਦੇ ਠੇਕੇਦਾਰਾਂ ਦੇ ਧਿਆਨ ਵਿੱਚ ਅਸੀਂ ਲਿਆ ਦੇਈਏ ਕਿ ਸ਼ਿਕਲੀਗਰ ਸਿੱਖਾ ਵਿਚ ਵੱਡੀ ਪੱਧਰ ਤੇ ਧਰਮ ਪਰਿਵਰਤਨ ਹੋ ਚੁੱਕਾ ਹੈ ਕਿਉਂਕਿ ਜੰਡਿਆਲਾ ਗੁਰੂ ਵਿੱਚ ਹੀ ੨-੪ ਬਜੁਰਗ ਸ਼ਿਕਲੀਗਰਾਂ ਨੂੰ ਛੱਡ ਕੇ ਬਾਕੀ ਸਾਰੇ ਨੌਜਵਾਨ ਅਤੇ ਬੱਚੇ ਕੇਸ ਕਤਲ ਕਰਵਾ ਚੁੱਕੇ ਹਨ ਇਨ੍ਹਾਂ ਵਿੱਚੋਂ ਕਈ ਹੁਣ ਸ਼ਰਾਬ ਆਦਿ ਨਸ਼ੇ ਵੀ ਕਰਦੇ ਹਨ।
ਸਾਨੂੰ ਸਿੱਖੀ ਬਾਣੇ ਵਿੱਚ ਦੇਖ ਕੇ ਕੁੱਝ ਸ਼ਿਕਲੀਗਰ ਸਿਗਰਟਾਂ ਪੀਂਦੇ, ਸੁੱਟਦੇ ਵੀ ਦੇਖੇ ਗਏ। ਇਨਾਂ ਦੀ ਬਸਤੀਂ ਵਿੱਚ ਕੋਈ ਗੁਰੂਦੁਆਰਾ ਨਹੀਂ ਹੈ ਅਤੇ ਨੇੜੇ ਹੀ ਹੋਰ ਕਲੋਨੀ ਦੇ ਗੁਰੂਦੁਆਰੇ ਵਿੱਚ ਕੁਝ ਸ਼ਿਕਲੀਗਰ ਕਦੇ ਕਦਾਏ ਹੀ ਮੱਥਾਂ ਟੇਕਣ ਜਾਂਦੇ ਹਨ। ਜਦੋਂ ਕਿ ਇਨ੍ਹਾਂ ਵਿੱਚ ਬਹੁਤ ਸਾਰੇ ਨਿੰਰਕਾਰੀ ਬਣ ਚੁੱਕੇ ਹਨ ਅਤੇ ਨਿੰਰਕਾਰੀ ਭਵਨ ਜਾਂਦੇ ਹਨ। ਬਿਮਾਰੀ ਜਾ ਕਿਸੇ ਹੋਰ ਅੌਕੜ ਸਮੇਂ ਲਏ ੧੦% ਤੇ ਵਿਆਜੀ ਪੈਸੇ ਦੇ ਬੋਝ ਥੱਲੋਂ ਇਹ ਤਕਰੀਬਨ ਸਾਰੇ ਹੀ ਦੱਬੇ ਹੋਏ ਹਨ। ਇਨ੍ਹਾਂ ਵਿਚੋਂ ਸ਼ਿਕਲੀਗਰਾਂ ਨੇ ਸਾਡੇ ਤੋਂ ਪੁੱਛਿਆਂ ਕਿ ਸਾਨੂੰ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਸਾਡੀ ਭਲਾਈ ਲਈ ਹਰ ਸਾਲ ੨ ਕਰੋੜ ਰੁਪਏ ਸਹਾਇਤਾ ਦੇ ਰਹੀਂ ਹੈ ਤਾਂ ਇਹ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਦਾ ਜਵਾਬ ਅਸੀਂ ਇਹ ਦਿੱਤਾ ਕਿ ਸ਼੍ਰੋਮਣੀ ਕਮੇਟੀ ਤੋਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਸਾਡੀ ਟੀਮ ਸ਼੍ਰੀ ਤਰਨਤਾਰਨ ਸਾਹਿਬ ਲਈ ਰਵਾਨਾ ਹੋ ਗਈ।
TARAN TAARAN
ਤਰਨਤਾਰਨ ਵਿੱਚ ਸ਼ਿਕਲੀਗਰ ਸਿੱਖ :- ਇਹ ਇਤਾਹਸਿਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ੨੫ ਕਿਲੋਮੀਟਰ ਦੂਰ ਹੈ। ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਇਤਾਹਸਿਕ ਗੁਰੂਦੁਆਰਾ ਸਾਹਿਬ ਤੋਂ ਤਕਰੀਬਨ ੨ ਕਿਲੋਮੀਟਰ ਦੂਰ ਮੁਰਾਦਪੁਰ ਕਲੋਨੀ ਦੇ ੧੪-੧੮ ਫੁੱਟ ਡੂੰਘੇ ਛੱਪੜ ਵਾਲੀ ਥਾਂ ਤੇ ਸ਼ਿਕਲੀਗਰ ਬਸਤੀ ਹੈ ਅਤੇ ਇੱਥੇ ਤਕਰੀਬਨ ੨੦੦ ਦੇ ਕਰੀਬ ਸ਼ਿਕਲੀਗਰ ਪਰਿਵਾਰ ਰਹਿੰਦੇ ਹਨ। ਜੰਡਿਆਲਾ ਗੁਰੂ ਵਾਂਗ ਹੀ ਇੱਥੋਂ ਦੇ ਸ਼ਿਕਲੀਗਰ ਸਿੱਖ ਵੀ ਆਪਣਾ ਮੂਲ ਕਿੱਤਾ ਛੱਡ ਚੁੱਕੇ ਹਨ। ਪਲਾਸਟਿਕ ਦੀਆਂ ਕੁਰਸੀਆਂ ਅਤੇ ਮੰਜੇ ਵੇਚਣ ਦਾ ਧੰਦਾ ਫੇਰੀ ਲਾ ਕੇ ਕਰਦੇ ਹਨ। ਬੇਸ਼ਕ ਸ਼ਿਕਲੀਗਰ ਵੀਰਾਂ ਨੇ ਦੂਰੋਂ ਮਿੱਟੀ ਲਿਆ ਕੇ ਛੱਪੜ ਦਾ ਕਾਫੀ ਹਿੱਸਾ ਪੂਰ ਲਿਆ ਹੈ ਪਰ ਅਜੇ ਵੀ ਬਹੁਤ ਥਾਵਾਂ ਤੇ ਛੱਪੜ ਬਹੁਤ ਨੀਵਾਂ ਹੈ। ਇੱਥੋਂ ਦੇ ਸ਼ਿਕਲੀਗਰ ਵੀਰਾਂ ਦੇ ਕੁੱਝ ਘਰ ਸੀਮੇਂਟ, ਇੱਟਾਂ ਦੀਆਂ ਦੀਵਾਰਾਂ ਤੇ ਹਨ ਪਰ ਬਹੁਤਿਆ ਦੀ ਛੱਤਾ ਅਜੇ ਵੀ ਟੀਨਾਂ ਦੀਆਂ ਹਨ ਜਾਂ ਫਿਰ ਕੱਖਾਂ ਕਾਨੀਆਂ ਦੀ ਝੋਪੜੀਆਂ ਹਨ। ਆਪਣੇ ਮਕਾਨਾਂ ਵਿੱਚ ਪੱਕੇ ਰਹਿਣ ਦੀ ਖਾਹਿਸ਼ ਅਤੇ ਭੀੜ ਅੌਕੜ ਸਮੇਂ ੧੦% ਵਿਆਜ਼ ਤੇ ਲਈ ਰਕਮ ਦੇ ਬੋਝ ਥੱਲੇ ਬਹੁਤੇ ਸ਼ਿਕਲੀਗਰ ਦੱਬੇ ਹੋਏ ਹਨ। ਹੋਰਨਾਂ ਸ਼ਿਕਲੀਗਰ ਬੱਚਿਆਂ ਵਾਂਗ ਇੱਥੇ ਵੀ ਬੱਚੇ ਪੰਜਵੀਂ, ਸਤਵੀਂ ਜਮਾਤ ਤੱਕ ਹੀ ਪੜੇ ਹਨ। ਮਾੜੀ ਆਰਥਿਕ ਸਥਿਤੀ ਅਤੇ ਵੱਧ ਰਹੀਂ ਬੇਰੋਜਗਾਰੀ ਦੇ ਨਾਲ ਕਈ ਸ਼ਿਕਲੀਗਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ। ਪਰ ਇੱਕ ਅਹਿਮ ਜਾਣਕਾਰੀ ਜੋ ਆਪਣੀ ਕੌਮ ਦੇ ਜੱਥੇਦਾਰਾਂ, ਪੰਥਕ ਲੀਡਰਾਂ ਅਤੇ ਅਨੇਕਾਂ ਸਿੱਖ ਜੱਥੇਬੰਦਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਗੁਰੂ ਸਵਾਰੇ ਪੰਥ ਜੀ, ਇਤਹਾਸਿਕ ਸਿੱਖ ਨਗਰੀ ਸ਼੍ਰੀ ਤਰਨਤਾਰਨ ਸਾਹਿਬ ਜਿੱਥੇ ਕਦੇ ਗੁਰੂ ਪਾਤਸ਼ਾਹ ਜੀ ਨੇ ਕੋੜਿਆ ਦੇ ਕੋੜ ਦੂਰ ਕਰਕੇ ਉਨ੍ਹਾਂ ਨੂੰ ਸਿੱਖੀ ਦੀ ਦਾਤ ਬਖਸ਼ੀ ਸੀ, ਉਸ ਧਰਤੀ ਤੇ ਅੱਜ ਅਨੇਕਾਂ ਇਤਾਹਸਿਕ ਗੁਰੂਦੁਆਰੇ ਹੋਣ ਦੇ ਬਾਵਜੂਦ ਸ਼ਿਕਲੀਗਰ ਸਿੱਖ ੧੦੦% ਪ੍ਰਤਿਤ ਘੋਣ ਮੋਣ ਹੋ ਕੇ ਸਿੱਖੀ ਨੂੰ ਤਿਲਾਂਜਲੀ ਦੇ ਕੇ ਧਰਮ ਪਰਿਵਰਤਨ ਕਰ ਚੁਕੇ ਹਨ। ਜਿਸ ਦੀ ਮਿਸਾਲ ਇਸ ਤੋਂ ਮਿਲਦੀ ਹੈ ਕਿ ਪੂਰੇ ਮੁਰਾਦਪੁਰ ਨਗਰ ਵਿੱਚ ਸ਼ਿਕਲੀਗਰ ਬਸਤੀ ਦਾ ਨਾਮ ਨਿੰਰਕਾਰੀ ਮੁੱਖੀ ਹਰਦੇਵ ਸਿੰਘ ਦੇ ਕਹਿਣ ਤੇ ਪ੍ਰੀਤ ਨਗਰ ਰੱਖਿਆ ਹੋਇਆ ਹੈ।
ਇਥੇ ਦੋਂ ਨਿੰਰਕਾਰੀ ਭਵਨ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਿਕਲੀਗਰ ਨਿੰਰਕਾਰੀ ਬਣ ਚੁੱਕੇ ਹਨ ਅਤੇ ਨਿੰਰਕਾਰੀ ਭਵਨ ਜਾਦੇ ਹਨ। ਕੁੱਝ ਗਿਣਤੀ ਦੇ ਸ਼ਿਕਲੀਗਰ ਹੀ ਗੁਰੂ ਘਰ ਜਾਂਦੇ ਹਨ। ਬੇਸ਼ਕ ਆਧਾਰ ਕਾਰਡ ਤੇ ਵੋਟਰ ਕਾਰਡ ਬਣੇ ਹੋਏ ਹਨ ਪਰ ਅਣਪੜਤਾ ਕਾਰਨ ਰਾਸ਼ਨ ਕਾਰਡ ਨੂੰ ਹੀ ਬੀ ਪੀ ਐਲ ਕਾਰਡ ਸਮਝਦੇ ਹਨ। ਧਰਮ ਪਰਿਵਰਤਨ ਪ੍ਰਤੀ ਕੁੱਝ ਸ਼ਿਗਲੀਕਰ ਵੀਰਾਂ ਨੇ ਦੱਸਿਆ ਕਿ ਕਦੇ ਵੀ ਕਿਸੇ ਸਿੱਖ ਜੱਥੇਬੰਦੀ ਜਾਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਇਨ੍ਹਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਹੋਰ ਦੱਸਿਆ ਕਿ ਸਾਡੇ ਗੰਦੇ ਘਰਾਂ ਅਤੇ ਚਿਕੜ ਭਰੀਆਂ ਬਸਤੀਆਂ ਵਿੱਚੋਂ ਮਜਬੂਰੀ ਵੱਸ ਕਈਵਾਰ ਲੰਘਣ ਵਾਲੇ ਕ੍ਰਿਪਾਨ ਧਾਰੀ ਸਿੱਖ ਵੀ ਨੱਕ ਬੰਦ ਕਰਕੇ ਹੀ ਲੰਘਦੇ ਹਨ। ਅਜਿਹੇ ਵਿੱਚ ਪੰਜਾਬ ਵਿੱਚੋਂ ਮੱਧ ਪ੍ਰਦੇਸ਼ ਜਾ ਕੇ ਸ਼ਿਕਲੀਗਰਾਂ ਲਈ ਭਲਾਈ ਕਾਰਜ਼ ਕਰਨ ਵਾਲੀਆਂ ਲਈ ਇਹ ਵਰਤਾਰਾ ਬਹੁਤ ਸ਼ਰਮਨਾਕ ਹੈ। ਅਜਿਹੇ ਵੀਰਾਂ ਨੂੰ ਚਾਹੀਦਾ ਹੈ ਕਿ ਮੱਧਪ੍ਰਦੇਸ਼ ਦੇ ਨਾਲ ਨਾਲ ਆਪਣੇ ਘਰ ਪੰਜਾਬ ਵੱਲ ਵੀ ਝਾਤੀ ਮਾਰਣ ਅਤੇ ਨਾਲ ਹੀ ਸ਼ਿਕਲੀਗਰ ਵੀਰਾਂ ਦੀ ਭਲਾਈ ਲਈ ਦਾਨ ਦੇਣ ਵਾਲੇ ਵਿਦੇਸ਼ੀ ਵੀਰਾਂ ਅਤੇ ਸੰਗਤਾਂ ਆਪਣੇ ਵੱਲੋਂ ਭੇਜੇ ਜਾ ਰਹੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਲੀਗਰਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਜਾਂਚ ਆਪ ਕਰਨ। ਜੰਡਿਆਲਾ ਗੁਰੂ ਅਤੇ ਤਰਨਤਾਰਨ ਸਾਹਿਬ ਦੇ ਸ਼ਿਕਲੀਗਰਾਂ ਦੇ ਜੀਵਨ ਦੀ ਹਾਲਾਤ ਜਾਣਨ ਤੋਂ ਬਾਦ ਇਨ੍ਹਾਂ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਅਸੀਂ ਸ਼ਿਕਲੀਗਰਾਂ ਦੀ ਹੋਰ ਬਸਤੀਆਂ ਜਲੰਧਰ, ਹੋਸ਼ਿਆਰਪੁਰ, ਬਲਾਚੌਰ ਅਤੇ ਰਾਹੋ ਜਾਣ ਦੀ ਤਿਆਰੀ ਕਰ ਲਈ।
JALANDHAR
ਜਲੰਧਰ ਵਿੱਚ ਸ਼ਿਕਲੀਗਰ ਸਿੱਖ :- ਇਹ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ੮੦ ਕਿਲੋ ਮੀਟਰ ਦੂਰ ਹੈ। ਅਤੇ ਪੰਜਾਬ ਦੀ ਪ੍ਰਸਿੱਧ ਉਦਯੋਗਿਕ ਵਪਾਰਿਕ ਨਗਰੀ ਹੈ। ਜਲੰਧਰ ਵਿੱਚ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਹਾਸਿਕ ਸਥਾਨਾਂ ਤੋਂ ਇਲਾਵਾ ਸਿੱਖ ਜੱਥੇਬੰਦਿਆਂ ਦਾ ਪ੍ਰਚਾਰ ਕੇਂਦਰ ਅਤੇ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਧਨਾਢ ਸਿੱਖਾਂ ਦੀ ਬਹੁਤ ਵੱਸੋਂ ਹੈ। ਜਲੰਧਰ ਸ਼ਹਿਰ ਦੇ ਲੱਧੇਵਾਲੀ ਰੋੜ ਤੇ ਬਿਜਲੀ ਘਰ ਨੇੜੇ ਪਿਛਲੇ ੭੦ ਸਾਲਾ ਤੋਂ ੨੫੦ ਦੇ ਕਰੀਬ ਸ਼ਿਕਲੀਗਰ ਪਰਿਵਾਰ ਰਹਿੰਦੇ ਹਨ। ਇਸ ਕਲੋਨੀ ਦਾ ਨਾਮ ਵੀ ਨਿੰਰਕਾਰੀਆਂ ਵੱਲੋਂ ਰੱਖੇ ਨਾਮ ਤੇ ਪ੍ਰੀਤ ਨਗਰ ਹੈ। ਇੱਥੇ ਦੋ ਗੁਰੂਦੁਆਰੇ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਇਕ ਭਾਈ ਬੱਚਿਤਰ ਸਿੰਘ ਤੇ ਦੂਜਾ ਭਗਤ ਰਵੀਦਾਸ ਜੀ ਦੇ ਨਾਮ ਤੇ ਹੈ। ਇੱਥੇ ਇੱਕ ਆਲੀਸ਼ਾਨ ਨਿੰਰਕਾਰੀ ਭਵਨ ਹੈ। ਸ਼ਿਕਲੀਗਰ ਅਤੇ ਰਵੀਦਾਸਈਏ ਦੋਵੇ ਦਲਿਤ ਭਾਈਚਾਰੇ ਹਨ। ਪਰ ਆਪਸ ਵਿੱਚ ਕੋਈ ਮਿਲ ਵਰਤਣ ਨਹੀਂ ਰੱਖ ਰਹੇ ਅਤੇ ਨਾ ਹੀ ਇੱਕ ਦੂਜੇ ਦੇ ਗੁਰੂਦੁਆਰੇ ਜਾਂਦੇ ਹਨ। ਪਰ ਨਿੰਰਕਾਰੀ ਭਵਨ ਵਿੱਚ ਮਜਬੂਰੀ ਵੱਸ ਦੋਵੇ ਹੀ ਹਾਜ਼ਰੀ ਭਰਦੇ ਹਨ। ਇੱਥੋਂ ਦੇ ਸ਼ਿਕਲੀਗਰ ਵੀ ਪਲਾਸਟਿਕ ਦੀਆਂ ਕੁਰਸੀਆਂ ਅਤੇ ਲੋਹੇ ਦੇ ਮੰਜੇ ਫੇਰੀ ਲਾ ਕੇ ਵੇਚਦੇ ਹਨ। ਕੁੱਝ ਸ਼ਿਕਲੀਗਰ ਗੰਦੇ ਸੂਰ ਪਾਲਣ ਦਾ ਧੰਦਾ ਵੀ ਕਰਦੇ ਹਨ। ਜਿਨ੍ਹਾਂ ਨੂੰ ਪੰਜਾਬ ਵਿਚਲੇ ਮੀਟ ਦੇ ਵਪਾਰੀ ਇਨ੍ਹਾਂ ਤੋਂ ਖਰੀਦਦੇ ਹਨ। ਜਲੰਧਰ ਦੀ ਇਸ ਬਸਤੀ ਵਿੱਚ ਲੁਧਿਆਣੇ ਦੇ ਕੁੱਝ ਵੀਰਾਂ ਵੱਲੋਂ ਕੀਤਾ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਨੇ ਇੱਥੇ ਗੁਰੂਦੁਆਰਾ ਸਾਹਿਬ ਬਣਵਾ ਕੇ ਦਿੱਤਾ ਹੈ ਸ਼ਿਕਲੀਗਰ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਗੁਰਮਤਿ ਸਿਖਲਾਈ ਵੀ ਦੇ ਰਹੇ ਹਨ। ਕੁਝ ਸ਼ਿਕਲੀਗਰਾਂ ਨੂੰ ਇਨ੍ਹਾਂ ਅੱਧੇ ਕੱਚੇ ਪੱਕੇ ਮਕਾਨ ਬਨਾ ਕੇ ਦਿੱਤੇ ਹਨ। ਜਦੋਂ ਕਿ ਬਹੁਤੀ ਵੱਸੋਂ ਤਰਪਾਲਾ, ਟੀਨਾਂ ਅਤੇ ਕੱਖਾ ਕਾਨਿਆ ਦੀ ਛੱਤਾ ਵਾਲੀ ਹੈ। ਜਿਸ ਬਾਰੇ ਪਾਠਕ ਤਸਵੀਰਾਂ ਰਾਹੀਂ ਜਾਣਕਾਰੀ ਲੈ ਸਕਦੇ ਹਨ। ਸ਼ਿਕਲੀਕਰ ਵੀਰਾਂ ਦੇ ਇੱਥੇ ਵੋਟਰ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਬਿਜਲੀ ਪਾਣੀ ਦੇ ਸਰਕਾਰੀ ਮੀਟਰ ਲੱਗੇ ਹੋਏ ਹਨ। ਪਰ ਫਿਰ ਵੀ ਪਿਛਲ਼ੇ ੭੦ ਸਾਲਾ ਤੋਂ ਇੱਥੇ ਰਿਹਾਇਸ਼ ਦੇ ਬਾਵਜੂਦ ਇਨ੍ਹਾਂ ਦੇ ਘਰਾਂ ਦੀ ਜਮੀਨ ਇਨ੍ਹਾਂ ਦੇ ਨਾਮ ਤੇ ਨਹੀਂ ਹੈ। ਇਹਨਾਂ ਦੀ ਵਸੋਂ ਨੂੰ ਉਜਾੜਨ ਦੇ ਵੀ ਕਈ ਯਤਨ ਹੋ ਚੁੱਕੇ ਹਨ ਇੱਥੋਂ ਤੱਕ ਕਿ ਸਰਕਾਰੀ ਬਿਜਲੀ ਬੋਰਡ ਨੇ ਸ਼ਿਕਲੀਗਰ ਵੀਰਾਂ ਤੇ ਅਦਾਲਤੀ ਕੇਸ ਕਰਕੇ ਬਸਤੀ ਉਜਾੜਨ ਦਾ ਕੇਸ ਜਿੱਤ ਲਿਆ ਹੈ। ਪਿਛਲੇ ਅਨੇਕ ਸਾਲਾਂ ਤੋਂ ਇੱਥੋਂ ਦੇ ਵਸਨੀਕ ਸ਼ਿਕਲੀਗਰਾ ਨੂੰ ਵੱਖ ਵੱਖ ਰਾਜਨੀਤਿਕ ਪਾਰਟੀ ਵੱਲੋਂ ਪੱਕੇ ਘਰ ਬਨ੍ਹਾਂ ਕੇ ਦੇਣ ਦੇ ਵਾਅਦੇ ਲਾਰੇ ਹੀ ਸਾਬਤ ਹੋਏ ਹਨ। ਅੱਤ ਗਰੀਬੀ ਦੀ ਹਾਲਤ ਵਿੱਚ ਹੁਣ ਜਦੋਂ ਇਹ ਹਠੇਲੀ ਆਦਾਲਤ ਵਿੱਚ ਆਪਣੀ ਰਿਹਾਇਸ਼ ਲਈ ਕਾਨੂੰਨੀ ਲੜਾਈ ਹਾਰ ਚੁੱਕੇ ਹਨ ਤਾਂ ਪੰਥ ਜੀ ਉਪਰਲੀ ਅਦਾਲਤ ਵਿੱਚ ਕੇਸ ਕਰਕੇ ਜਾਂ ਸਰਕਾਰ ਤੱਕ ਪਹੁੰਚ ਕਰਕੇ ਇਨ੍ਹਾਂ ਨੂੰ ਉਜਾੜੇ ਤੋਂ ਕਿਵੇ ਬਚਾਇਆ ਜਾਵੇ ਇਹ ਵੀ ਵਿਚਾਰਣ ਯੋਗ ਹੈ। ਕਿਤੇ ਐਸਾ ਨਾ ਹੋਵੇ ਕਿ ਜੰਡਿਆਲਾ ਗੁਰੂ ਵਾਂਗ ਇੱਥੇ ਵੀ ਇਨ੍ਹਾਂ ਦੇ ਬਿਜਲੀ ਪਾਣੀ ਦੇ ਕੁਨੇਕਸ਼ਨ ਕੱਟ ਦਿੱਤੇ ਜਾਣ ਤੇ ਇਹ ਖਾਨਾਬਦੋਸ਼ ਜਿੰਦਗੀ ਜਿਉਣ ਲਈ ਮਜਬੂਰ ਹੋ ਜਾਣ। ਇੱਥੇ ਵੀ ਸਾਨੂੰ ਕੁੱਝ ਸ਼ਿਕਲੀਗਰ ਵੀਰਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਦੀ ੨੫ ਹਜਾਰ ਰੁੱਪਏ ਦੀ ਸਹਾਇਤਾ ਤੇ ਵਿਦੇਸ਼ੀ ਫੰਡ ਬਾਰੇ ਪੁੱਛਿਆ ਜਿਸ ਦਾ ਅਸੀਂ ਕੋਈ ਠੋਸ ਜੁਆਬ ਨਹੀਂ ਦੇ ਸਕੇ ਤੇ ਛੇਤੀ ਹੀ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਸ਼ਿਕਲੀਗਰ ਬਸਤੀ ਹੁਸ਼ਿਆਰਪੁਰ ਲਈ ਰਵਾਨਾ ਹੋ ਗਏ।
HOSHAIRPUR
ਹੋਸ਼ਿਆਰਪੁਰ ਵਿੱਚ ਸ਼ਿਕਲੀਗਰ ਸਿੱਖ :- ਇਹ ਧਰਤੀ ਦਾ ਵੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ। ਇਸ ਇਲਾਕੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਸਿਦਕੀ ਸਿੱਖ ਭਾਈ ਜੋਗਾ ਸਿੰਘ ਜੀ, ਗੁਰੂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਸਹਿਬਜਾਦਾ ਬਾਬਾ ਅਜੀਤ ਸਿੰਘ ਵੱਲੋਂ ਇੱਕ ਗਰੀਬ ਬ੍ਰਾਹਮਣ ਦੀ ਘਰਵਾਲੀ ਨੂੰ ਆਜਾਦ ਕਰਵਾਉਣ ਲਈ ਮੁਗਲ ਹਾਕਮ ਜਾਬਰ ਬੇਗ ਨੂੰ ਦਿੱਤੇ ਦੰਡ ਦਾ ਸਥਾਨ, ੬`ਵੀਂ ਪਾਤਸ਼ਾਹੀ ਗੁਰੂ ਹਰ ਗੋਬਿੰਦ ਸਾਹਿਬ ਜੀ ਦਾ ਇਤਹਾਸਿਕ ਸਥਾਨ ਗੁਰੂਦੁਆਰਾ ਹਰੀਆ ਵੇਲਾ ਤੋਂ ਇਲਾਵਾਂ ਪਾਤਸ਼ਾਹੀ ਪੰਜਵੀਂ ਅਤੇ ਨੌਵੀ ਨਾਲ ਸਬੰਧਤ ਤਕਰੀਬਨ ੨੫ ਕੁ ਇਤਿਹਾਸਿਕ ਸਥਾਨ ਹਨ। ਹੋਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿਖੇ ਪਿਛਲੇ ੬੦ ਸਾਲਾ ਤੋਂ ਤਕਰੀਬਨ ੨੫੦ ਸ਼ਿਕਲੀਗਰ ਪਰਿਵਾਰ ਰਹਿੰਦੇ ਹਨ। ਇੱਥੋਂ ਦੇ ਸ਼ਿਕਲੀਗਰਾਂ ਦੀ ਹਾਲਾਤ ਜੰਡਿਆਲਾ ਗੁਰੂ, ਤਰਨਤਾਰਨ ਅਤੇ ਜਲੰਧਰ ਨਾਲੋਂ ਵੀ ਬੱਦਤਰ ਹੈ। ਵੋਟਾਂ ਦੀ ਰਾਜਨੀਤੀ ਨੇ ਇੱਥੋਂ ਦੇ ਸ਼ਿਗਲੀਗਰਾਂ ਨੂੰ ਉਹਨਾਂ ਦੇ ਬਸਤੀ ਵਾਲੀ ਥਾਂ ਤੇ ਪੋਨੇ ਚਾਰ ਤੋਂ ਚਾਰ ਮਰਲੇ ਦੇ ਪਲਾਟ ਸਰਕਾਰ ਵੱਲੋਂ ਕੱਟ ਕੇ ਦਿੱਤੇ ਗਏ ਹਨ। ਇਸ ਬਸਤੀ ਦਾ ਨਾਮ ਵੀ ਨਿੰਰਕਾਰੀਆਂ ਅਨੁਸਾਰ ਪ੍ਰੀਤ ਨਗਰ ਹੈ। ਇੱਥੋਂ ਹੀ ਸਾਨੂੰ ਜਾਣਕਾਰੀ ਮਿਲੀ ਕਿ ਪੰਜਾਬ ਵਿੱਚ ਬਹੁ ਗਿਣਤੀ ਸ਼ਿਕਲੀਗਰ ਬਸਤੀਆਂ ਦੇ ਨਾਮ ਨਿਰੰਕਾਰੀ ਮੁਖੀ ਹਰਦੇਵ ਸਿੰਘ ਵੱਲੋਂ ਇਹਨਾਂ ਵਿੱਚ ਨਿੰਰਕਾਰੀ ਭਵਨ ਬਣਾ ਕੇ ਪ੍ਰੀਤ ਨਗਰ ਰੱਖ ਦਿੱਤੇ ਗਏ ਹਨ।ਇੱਥੇ ਇੱਕ ਬਹੁਤ ਵੱਡਾ ਨਿੰਰਕਾਰੀ ਭਵਨ ਅਤੇ ਛੋਟਾ ਜਿਹਾ ਗੁਰੂਦੁਆਰਾ ਸਾਹਿਬ ਵੀ ਹੈ। ਆਪਣੀ ਆਰਥਿਕ ਮਜਬੂਰੀਆਂ ਤੇ ਤੰਗੀਆਂ ਤੁਰਸੀਆ ਕਾਰਨ ਇੱਥੋਂ ਦਾ ਸ਼ਿਕਲੀਗਰ ਵੀ ਗੁਰੂਦੁਆਰਾ ਅਤੇ ਨਿੰਰਕਾਰੀ ਭਵਨ ਵੱਲੋਂ ਮਦਦ ਮਿਲਣ ਦੇ ਵਿਚਕਾਰ ਭਟਕਦਾ ਰਹਿੰਦਾ ਹੈ ਅਤੇ ਇਹ ਦੋ ਧੜਿਆਂ ਸਿੱਖ ਅਤੇ ਨਿੰਰਕਾਰੀ ਵਿੱਚ ਵੰਡਿਆ ਹੋਇਆ ਹੈ। ਪਿਛਲੇ ਸਮੇਂ ਇੱਥੇ ਭਿਆਨਕ ਅੱਗ ਲੱਗਣ ਕਾਰਨ ਸ਼ਿਕਲੀਗਰ ਸਿੱਖਾਂ ਦੀਆਂ ੩੮ ਝੁੱਗੀਆਂ ਪੂਰੇ ਸਮਾਨ ਸਮੇਤ ਸੜ ਗਈਆਂ ਸਨ। ਲੁਧਿਆਣੇ ਜਗਰਾਵਾਂ ਦੇ ਕੁੱਝ ਸਿੱਖ ਵੀਰਾਂ ਨੇ ਜਦੋਂ ਦੁਬਾਰਾ ਇਹਨਾਂ ਨੂੰ ਟੀਨ ਦੇ ਘਰ ਬਨ੍ਹਾ ਕੇ ਦੇਣੇ ਚਾਹੇ ਤਾਂ ਨਿੰਰਕਾਰੀ ਸ਼ਿਕਲੀਗਰਾਂ ਨੇ ਅੜਿੱਕਾ ਖੜਾ ਕਰ ਦਿੱਤਾ ਅਤੇ ਅੱਧੇ ਤੋਂ ਵੱਧ ਟੀਨ ਆਦਿ ਸਮਾਨ ਵੰਡਾ ਕੇ ਹੀ ਘਰ ਬਣਾਉਣ ਦਿੱਤੇ। ਭਾਵੇਂ ਕਿ ਕਿਸੇ ਵੀ ਨਿੰਰਕਾਰੀ ਸ਼ਿਕਲੀਗਰ ਦੀ ਝੋਪੜੀ ਨਹੀ ਸੀ ਸੜੀ। ਅੱਜ ਵੀ ਇਹ ਬਸਤੀ ੧੦੦% ਕੱਖਾ ਕਾਨਿਆ ਤੇ ਟੀਨਾ ਦੀਆਂ ਝੁੱਗੀਆਂ ਝੋਪੜੀਆਂ ਵਾਲੀ ਹੀ ਹੈ। ਇੱਥੋਂ ਦੇ ਸ਼ਿਕਲੀਗਰ ਬੱਚੇ ਪੰਜਵੀਂ, ਸੱਤਵੀਂ ਤੱਕ ਪੜ੍ਹੇ ਹਨ ਅਤੇ ਸਾਨੂੰ ਕੇਵਲ ਇੱਕ ਸਾਬਤ ਸੂਰਤ ਸਿੱਖ ਬੱਚਾ ਹੀ ਦੱਸਵੀਂ ਵਿੱਚ ਪੜਦਾ ਮਿਲਿਆ ਹੈ। ਇੱਥੇ ਵੀ ਕੇਵਲ ੪-੫ ਸ਼ਿਕਲੀਗਰ ਹੀ ਪਿਤਾ ਪੁਰਖੀ ਧੰਦਾ ਕਰਦੇ ਹਨ। ਬਾਕੀ ਸਾਰੇ ਹੀ ਪਲਾਸਟਿਕ ਦੀਆ ਕੁਰਸੀਆਂ ਤੇ ਲੋਹੇ ਦੇ ਮੰਜੇ ਵੇਚਦੇ ਹਨ। ਸ਼ਰਾਬ, ਜੁਐ, ਸਿਗਰੇਟਾਂ ਆਦਿਕ ਸਮਾਜਿਕ ਬੁਰਾਈਆਂ ਨਾਲ ਹੀ ਇੱਥੇ ਪਤੀਤਪੁਣਾ ਨੱਭੇ ਪ੍ਰਤੀਸ਼ਤ ਤੋਂ ਵੱਧ ਵੇਖਣ ਨੂੰ ਮਿਲਿਆ। ਕੇਵਲ ਕੁੱਝ ਕੁ ਨੋਜਵਾਨ ਅਤੇ ਬਜੁਰਗਾਂ ਨੂੰ ਛੱਡ ਬਾਕੀ ਸਾਰੇ ਘੋਣ ਮੌਣ ਹੋ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਨਿਰੰਕਾਰੀ ਭਵਨ ਜਾਂਦੇ ਹਨ। ਸੋ ਦੁਬਾਰਾ ਸੁਣੋ ਖਾਲਸਾ ਜੀ, ਇੱਥੇ ਵੀ ਧਰਮ ਪਰਿਵਰਤਨ ਹੋ ਚੁੱਕਿਆ ਹੈ ਪਰ ਅਸੀਂ ਕੇਵਲ ਮੱਧਪ੍ਰਦੇਸ਼ ਹੀ ਵਹੀਰਾ ਘੱਤ ਭੱਜੀ ਜਾਣ ਦਾ ਸਵਾਗ ਕਰ ਰਹੇ ਹਾਂ। ਸਰਕਾਰੀ ਸਹੂੁਲਤਾ ਪ੍ਰਤੀ ਅਗਿਆਨਤਾ ਇੱਥੇ ਵੀ ਹੈ। ਤੁਹਾਡੀ ਕਿਸ ਪ੍ਰਕਾਰ ਦੀ ਮਦਦ ਕੀਤੀ ਜਾਵੇ ਸਬੰਧੀ ਗੁਰੂ ਘਰ ਨੂੰ ਮੰਨਣ ਵਾਲੇ ਸ਼ਿਕਲੀਗਰਾਂ ਨੇ ਕਿਹਾ ਕਿ ਗੁਰੂਦੁਆਰਾ ਸਾਹਿਬ ਵਿੱਚ ਇੱਕ ਸੁਖ ਆਸਨ ਦਾ ਕਮਰਾ ਬਣਵਾ ਦਿਓ ਤਾਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਰ ਸਤਿਕਾਰ ਕਰ ਸਕੀਏ। ਹੈਰਾਨੀ ਦੀ ਗੱਲ ਹੈ ਕਿ ਇੱਥੋ ਦੇ ਸ਼ਿਕਲੀਗਰ ਗੰਦੇ ਸੂਰ ਪਾਲਣ ਤੋਂ ਨਫਰਤ ਕਰਦੇ ਹਨ।ਪਰ ਗਾਵਾਂ ਜਾਂ ਮੱਝਾਂ ਪਾਲਣ ਲਈ ਵੀ ਤਿਆਰ ਨਹੀਂ ਹਨ। ਜਦੋਂ ਕਿ ਵੇਰਕਾ ਮਿਲਕ ਪਲਾਂਟ ਏਥੋਂ ਕੁੱਝ ਦੂਰੀ ਤੇ ਹੈ। ਜਿਸ ਨਾਲ ਇਨ੍ਹਾਂ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ। ਇਹਨਾਂ ਵਿੱਚ ਇੱਕ ਹੋਰ ਗੁਰਮਤ ਵਿਰੋਧੀ ਕਰਮ ਗੁੱਗਾ ਪੂਜਾ, ਭਾਦੋਂ ਦੀ ਸੰਗਰਾਦ ਤੋਂ ਨੌ ਦਿਨ ਬਾਦ ਕੀਤਾ ਜਾਂਦਾ ਹੈ। ਇੱਥੋਂ ਦੇ ਸ਼ਿਕਲੀਗਰ ਵੀਰਾਂ ਨੇ ਵੀ ਸਾਨੂੰ ਸੌਮਣੀ ਕਮੇਟੀ ਅਤੇ ਹੋਰ ਸਿੱਖ ਜੱਥੇਬੰਦਿਆਂ ਵੱਲੋ ਦਿੱਤੀ ਜਾਂਦੀ ਸਹਾਇਤਾ ਬਾਰੇ ਪੁੱਛਿਆ ਪਰ ਅਸੀਂ ਇਨ੍ਹਾਂ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਸਕੇ ਅਤੇ ਬਲਾਚੌਰ ਦੇ ਸ਼ਿਕਲੀਗਰਾਂ ਨੂੰ ਮਿਲਣ ਵਾਸਤੇ ਚਲੇ ਗਏ।
BALACHAUR
ਬਲਾਚੌਰ ਵਿੱਚ ਸ਼ਿਕਲੀਗਰ ਸਿੱਖ :- ਇਹ ਸ਼ਹਿਰ ਵੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ੧੫੯ ਕਿਲੋਮੀਟਰ ਦੂਰ ਹੈ। ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਗੁਰਦੁਆਰਾ ਟਾਹਲੀ ਸਾਹਿਬ, ਗੁਰੂਦੁਆਰਾ ਸ਼ਹੀਦਾਂ, ਗੁਰੂਦੁਆਰਾ ਪਤਾਕਾ ਸਾਹਿਬ ਤੋਂ ਇਲਾਵਾਂ ਗੁਰੂਦੁਆਰਾ ਫਲਾਹੀ ਸਾਹਿਬ ਇੱਥੇ ਸ਼ੁਸ਼ੋਭਿਤ ਹਨ। ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਵੀ ਇੱਕ ਇਤਿਹਾਸਿਕ ਸਥਾਨ ਹੈ। ਬਲਾਚੌਰ ਦੀ ਦਾਨਾ ਮੰਡੀ ਸਾਹਮਣੇ ਤਕਰੀਬਨ ੧੦੦ ਕੁ ਸ਼ਿਕਲੀਗਰ ਪਰਿਵਾਰ ਪਿਛਲੇ ੭੦ ਸਾਲਾ ਤੋਂ ਰਹਿ ਰਹੇ ਹਨ। ਕੱਖਾ ਕਾਨਿਆ ਦੀਆਂ ਝੁਗੀਆ `ਚ ਰਹਿ ਰਹੇ ਸ਼ਿਕਲੀਗਰ ਸਿੱਖਾਂ ਵੱਲੋਂ ਬਸਤੀ ਦੇ ਸੁਰੂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਛੌਟਾ ਜਿਹਾ ਪੱਕਾ ਗੁਰੂਦੁਆਰਾ ਸਾਹਿਬ ਬਣਾਇਆ ਹੋਇਆ ਹੈ। ਜੋ ਬੜੇ ਮਾਣ ਵਾਲੀ ਗੱਲ ਹੈ ਕਿ ਇੱਥੋ ਦੇ ਸ਼ਿਕਲੀਗਰ ਅਜੇ ਵੀ ਮਹਾਨ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹੋਏ ਹਨ। ਪੰਜਾਬ ਦੇ ਬਾਕੀ ਸ਼ਿਕਲੀਗਰ ਬਸਤੀਆਂ ਵਾਂਗ ਇਥੇ ਵੀ ਇਹੋ ਦੁਖਾਂਤ ਹੈ ਕਿ ਮੋਦੀ ਦੇ ਸਵੱਛ ਭਾਰਤ ਅਭਿਆਨ ਦੇ ਝਾੜੂ ਦੀਆਂ ਤੀਲਾਂ ਅੱਜੇ ਤੱਕ ਇੱਥੇ ਵੀ ਨਹੀ ਪਹੁੰਚੀਆਂ ਅਤੇ ਬਸਤੀ ਪੂਰੀ ਤਰ੍ਹਾਂ ਕੱਚੀ ਤੇ ਚਿਕੜ ਭਰੀ ਹੈ। ਇਨ੍ਹਾਂ ਵਿੱਚੋਂ ਕੁੱਝ ਕੁ ਹੀ ਪਿਤਾ ਪੁਰਖੀ ਧੰਦੇ ਨਾਲ ਜੁੜੇ ਹਨ ਬਾਕੀ ਸਾਰੇ ਹੀ ਪਲਾਸਟਿਕ ਦੀਆਂ ਕੁਰਸੀਆ ਅਤੇ ਲੋਹੇ ਦੇ ਮੰਜੇ ਵੇਚਣ ਦਾ ਧੰਦਾ ਕਰਦੇ ਹਨ। ਬੱਚਿਆ ਵਿੱਚ ਇੱਥੇ ਵੀ ਪੜ੍ਹਾਈ ਦੀ ਅਣਹੋਂਦ ਹੀ ਹੈ ਤੇ ਪਤਿਤਪੁਣਾ ੧੦੦% ਪੈਰ ਪਸਾਰ ਚੁੱਕਾ ਹੈ। ਪਰ ਏਥੋਂ ਦੇ ਬਜੁਰਗ ਅਤੇ ਅੱਧਖੜ ਆਪਣੀ ਹੋਂਦ ਅਤੇ ਹਸਤੀ ਬਚਾਈ ਰੱਖਣ ਲਈ ਕਾਫੀ ਸੂਚੇਤ ਨਜ਼ਰ ਆਏ। ਜੇਕਰ ਕੋਈ ਸਿੱਖ ਵੀਰ ਇਨ੍ਹਾਂ ਦੀ ਬਾਹ ਫੜਨ ਤਾਂ ਇਹ ਦੁਬਾਰਾ ਸਿੱਖੀ ਦਾ ਮਾਨ ਬਣ ਸਕਦੇ ਹਨ। ਇਹ ਆਪਣਾ ਸ਼ਾਨਾਮੱਤੀ ਇਤਿਹਾਸ ਅੱਜ ਵੀ ਆਪਣੇ ਹਿਰਦੇ ਅੰਦਰ ਸੰਭਾਲੀ ਬੈਠੇ ਹਨ। ਇਨ੍ਹਾਂ ਦੀ ਬਸਤੀ ਤੋਂ ੨ ਕਿਲਮੀਟਰ ਦੂਰ ਨਿੰਰਕਾਰੀ ਭਵਨ ਹੈ ਜਿੱਥੇ ਇਨ੍ਹਾ ਵਿੱਚੋਂ ਇੱਕਾ ਦੁੱਕਾ ਹੀ ਜਾਂਦੇ ਹਨ। ਜੰਡਿਆਲਾ ਗੁਰੂ ਅਤੇ ਜਲੰਧਰ ਦੀਆਂ ਸ਼ਿਕਲੀਗਰ ਬਸਤੀਆ ਵਾਂਗ ਇਨ੍ਹਾਂ ਦੇ ਚਿਹਰੇ ਤੇ ਵੀ ਉਜਾੜੇ ਦਾ ਭੈਅ ਸਾਫ ਝਲਕ ਰਿਹਾ ਸੀ ਕਿਉਂਕਿ ਜਿਸ ਜਮੀਨ ਤੇ ਇਹ ਪਿਛਲੇ ੭੦ ਸਾਲਾ ਤੋਂ ਰਹਿ ਰਹੇ ਹਨ ਸਬੰਧਤ ਵੱਸੋਂ ਦਾ ਕੇਸ ਹੇਠਲੀ ਅਦਾਲਤ ਤੋਂ ਹਾਰ ਚੁੱਕੇ ਹਨ। ਇਹਨਾਂ ਦੀਆਂ ਸਮੂਹਕ ਵੋਟਾ ਪ੍ਰਾਪਤ ਕਰਨ ਵਾਲੇ ਕਾਂਗਰਸੀਏ, ਅਕਾਲੀ, ਭਾਜਪਾ ਤੋਂ ਅੱਜ ਤੱਕ ਇਨ੍ਹਾਂ ਨੂੰ ਲਾਰੇ ਲੱਪੇ ਹੀ ਨਸੀਬ ਹੋਏ ਹਨ। ਤਰਲੇ ਅਤੇ ਹਸਰਤ ਭਰੀਆਂ ਅੱਖਾ ਨਾਲ ਇਨ੍ਹਾਂ ਪੰਥ ਖਾਲਸਾ ਨੂੰ ਅਪੀਲ ਕੀਤੀ ਹੈ ਕਿ ਕੋਈ ਕਿਸੇ ਤਰ੍ਹਾਂ ਵੀ ਇਨ੍ਹਾ ਦੇ ਘਰਾਂ ਦੀ ਜਮੀਨ ਇਨ੍ਹਾਂ ਦੇ ਨਾਮ ਕਰਵਾ ਦੇਵੇ ਤਾਂ ਜੋ ਭੱਵਿਖ ਵਿੱਚ ਇਨ੍ਹਾਂ ਦੇ ਬੱਚੇ ਸੜਕਾਂ ਤੇ ਰੁਲਣ ਲਈ ਮਜਬੂਰ ਨਾ ਹੋਣ। ਸਰਕਾਰੀ ਸਹੂਲਤਾ ਅਤੇ ਲੋਕ ਭਲਾਈ ਸਕੀਮਾਂ ਪ੍ਰਤੀ ਇਹ ਪੂਰੀ ਤਰ੍ਹਾ ਅਣਜਾਣ ਹਨ ਪਰ ਸ਼੍ਰੋਮਣੀ ਕਮੇਟੀ ਅਤੇ ਸਿੱਖ ਜੱਥੇਬੰਦਿਆਂ ਵੱਲੋਂ ਮਿਲਦੀ ਸਹਾਇਤਾ ਦੀਆਂ ਕਨਸੋਆ ਇੱਥੇ ਵੀ ਪਹੁੰਚ ਚੁੱਕਿਆ ਹਨ। ਇਹਨਾਂ ਪਾਸੋਂ ਅਸੀਂ ਹੋਰ ਸ਼ਿਕਲੀਗਰ ਬਸਤੀਆ ਦੀ ਜਾਣਕਾਰੀ ਪ੍ਰਾਪਤ ਕਰਕੇ ਅਗਲਾ ਪੜਾਵ ਰਾਹੋਂ ਜਾ ਕੀਤਾ।
RAAHON
ਰਾਹੋਂ ਵਿੱਚ ਸ਼ਿਕਲੀਗਰ ਸਿੱਖ :- ਇਹ ਕਸਬਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇੱਥੇ ਗੁਰੂਦੁਆਰਾ ਸੰਗਤ ਸਾਹਿਬ, ਗੁਰੂਦੁਆਰਾ ਸ਼ਹੀਦਾ ਤੋਂ ਇਲਾਵਾ ਇੱਕ ਵੱਡਾ ਗੁਰੂਦੁਆਰਾ ਸਿੰਘ ਸਭਾ ਵੀ ਹੈ। ਇਹ ਕਸਬਾ ਨਵਾਂ ਸ਼ਹਿਰ ਤੋਂ ੧ ਕਿਲੋਮੀਟਰ ਅਤੇ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਤੋਂ ੧੪੭ ਕਿਲੋਮੀਟਰ ਦੂਰ ਹੈ। ਇੱਥੇ ਬੱਸ ਸਟੈਂਡ ਨੇੜੇ ੨ ਥਾਵਾਂ ਤੇ ਸ਼ਿਗਲੀਗਰ ਸਿੱਖਾਂ ਦੇ ਤਕਰੀਬਨ ੬੦ ਕੁ ਪਰਿਵਾਰ ਰਹਿੰਦੇ ਹਨ ਅਤੇ ਸਾਰੇ ਹੀ ਤਾਲੇ ਕੁੰਜੀਆਂ, ਕੈਂਚੀ ਛੁਰੀਆ ਨੂੰ ਰਿਪੇਅਰ ਕਰਨ ਅਤੇ ਵੇਚਣ ਦਾ ਕੰਮ ਕਰਦੇ ਹਨ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਕਾਫੀ ਰਾਤ ਹੋ ਚੁੱਕੀ ਸੀ ਫਿਰ ਵੀ ਇਨ੍ਹਾਂ ਨੇ ਸਾਨੂੰ ਬੜੀ ਖੁਸ਼ੀ ਨਾਲ ਜੀ ਆਇਆ ਕਿਹਾ। ਇਥੋਂ ਦੇ ਸ਼ਿਕਲੀਗਰ ਸਾਨੂੰ ਦੂਜੇ ਸ਼ਿਕਲੀਗਰਾਂ ਦੇ ਮੁਤਾਬਿਕ ਕਾਫੀ ਸੁਚੇਤ ਨਜ਼ਰ ਆਏ। ਇਨ੍ਹਾਂ ਵਿੱਚ ਪਤਤਪੁਣਾ ਵੀ ਘੱਟ ਸੀ ਅਤੇ ਰਹਿਣ ਸਹਿਣ ਦਾ ਜੀਵਨ ਪੱਧਰ ਵੀ ਕੁੱਝ ਠੀਕ ਸੀ। ਇਹਨਾਂ ਦੇ ਘਰਾਂ ਦੀਆਂ ਕੰਧਾਂ ਭਾਵੇ ਕੱਚੇ ਗਾਰੇ, ਇੱਟਾਂ ਦੀਆਂ ਹਨ।ਪਰ ਛੱਤਾ ਬਾਸ, ਬਾਲਿਆਂ, ਟੀਨਾਂ ਤੇ ਕਾਨਿਆਂ ਦੀਆਂ ਹਨ।ਇਹ ਆਪਣੀ ਹਾਲਤ ਸੁਧਾਰਨਾ ਚਾਹੁੰਦੇ ਹਨ। ਪਰ ਇਨ੍ਹਾਂ ਵਿੱਚੋਂ ਵੀ ਕੋਈ ਵੀ ਬੱਚਾ ਦੱਸਵੀ ਤੱਕ ਨਹੀਂ ਪੜਿਆ। ਸਰਕਾਰੀ ਸਹੁਲਤਾ ਪ੍ਰਤੀ ਵੀ ਬਿਲਕੁਲ ਅਗਿਆਨਤਾ ਹੀ ਹੈ। ਪਿਛਲੇ ੭੦ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਸਿੱਖ ਜੱਥੇਬੰਦੀ ਦਾ ਕੋਈ ਵੀ ਨੁਮਾਇਂਦਾ ਅੱਜ ਤੱਕ ਇਨ੍ਹਾਂ ਕੋਲ ਨਹੀਂ ਪਹੁੰਚਿਆ। ਇਨ੍ਹਾਂ ਤੱਕ ਪਹੁੰਚਣ ਵਾਲੀ ਪੰਥਕ ਡੋਟ ਅੌਰਗ ਦੀ ਟੀਮ ਹੀ ਪਹਿਲੀ ਟੀਮ ਹੈ। ਇਹਨਾਂ ਦੇ ਘਰ ਵੀ ਸਰਕਾਰੀ ਸ਼ਾਮਲਾਟ ਜਮੀਨ ਦੇ ਬਣੇ ਹਨ ਅਤੇ ਉਜਾੜੇ ਦੀ ਤਲਵਾਰ ਹਰ ਵੇਲੇ ਇਹਨਾਂ ਦੇ ਸਿਰ ਤੇ ਵੀ ਰੜਕਦੀ ਰਹਿੰਦੀ ਹੈ। ਰਾਤ ਕਾਫੀ ਹੋ ਜਾਣ ਕਰਕੇ ਇਨ੍ਹਾਂ ਤੋਂ ਹੋਰ ਸ਼ਿਕਲੀਗਰ ਬਸਤੀਆਂ ਨਵਾਂ ਸ਼ਹਿਰ, ਜੰਡਾਲਾ, ਕਰੀਹਾਂ, ਕਾਹਮਾ, ਮਾਛੀਵਾੜਾ, ਲੁਧਿਆਣਾ ਅਤੇ ਖੰਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਵਾਪਸੀ ਵੱਲ ਚੱਲ ਪਏ।ਇੱਕ ਦੁਜੇ ਤੋਂ ਵਿਛੜਨ ਲੱਗਿਆ ਇਹ ਸ਼ਿਕਲੀਗਰ ਇੰਝ ਮਹਿਸੂਸ ਕਰ ਰਹੇ ਸਨ ਜਿਵੇ ਜਨਮਾਂ ਦੇ ਵਿਛੜੇ ਸਾਥੀ ਕੁੱਝ ਪਲ ਮਿਲ ਕੇ ਦੁਬਾਰਾ ਵਿਛੜ ਰਹੇ ਹੋਣ। ਅਗਲੇ ਦਿਨ ਅਸੀਂ ਲੁਧਿਆਣੇ ਵੱਲ ਜਾਣ ਦਾ ਪ੍ਰੋਗਰਾਮ ਬਣਾਇਆ।
LUDHIANA
ਲੁਧਿਆਣੇ ਵਿੱਚ ਸ਼ਿਕਲੀਗਰ ਸਿੱਖ :- ਸ਼ਿਕਲੀਗਰ ਵਿੱਚ ਜਾਣ ਦਾ ਅੱਜ ਸਾਡਾ ਤੀਜਾ ਦਿਨ ਹੈ। ਸਵੇਰ ਤੋਂ ਹੀ ਕਾਫੀ ਬਰਸਾਤ ਹੋ ਰਹੀਂ ਹੈ ਮਨ ਵਿੱਚ ਵਿਚਾਰ ਆਇਆ ਕਿ ਸ਼ਿਕਲੀਗਰ ਬਸਤੀ ਦੀ ਬਰਸਾਤ ਕਾਰਨ ਬੁਰੀ ਹਾਲਾਤ ਹੋਵੇਗੀ। ਅੱਜ ਨਾ ਜਾਇਆ ਜਾਵੇ ਪਰ ਗੁਰੂ ਜੀ ਦੀ ਮਹਿਰ ਸਦਕਾ ਫੈਸਲਾ ਕਰਕੇ ਲੁਧਿਆਣੇ ਵੱਲ ਚੱਲ ਪਏ। ਇਹ ਅੰਮ੍ਰਿਤਸਰ, ਦਿੱਲੀ ਕੌਮੀ ਮਾਰਗ ਤੇ ਸ਼੍ਰੀ ਅੰਮ੍ਰਿਤਸਰ ਤੋਂ ੧੪੬ ਕਿਲੋਮੀਟਰ ਦੂਰ ਬਹੁਤ ਵੱਡਾ ਉਦਯੋਗਿਕ ਅਤੇ ਧਨਾਢ ਸਿੱਖਾਂ ਦਾ ਵਪਾਰਿਕ ਸ਼ਹਿਰ ਹੈ। ਇਸ ਨੂੰ ਭਾਰਤ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ। ਇਤਹਾਸਿਕ ਗੁਰੂਦੁਆਰਾ ਕਲਗੀਧਰ ਸਾਹਿਬ, ਦੁਖਨਿਵਾਰਨ ਸਾਹਿਬ, ਆਲਮਗੀਰ ਸਾਹਿਬ ਤੋਂ ਇਲਾਵਾ ਸੰਪਰਦਾ ਨਾਨਕ ਸਰ ਅਤੇ ਰਾੜਾ ਸਾਹਿਬ ਸਮੇਤ ਅਨੇਕਾ ਛੋਟੇ ਵੱਡੇ ਸੰਤਾ ਦਾ ਗੜ੍ਹ ਵੀ ਹੈ। ਅਨੇਕਾਂ ਸਿੱਖ ਜੱਥੇਬੰਦਿਆ ਦੇ ਸ਼ਹਿਰ ਲੁਧਿਆਣੇ ਵਿੱਚ ਸ਼ਿਕਲੀਗਰ ਭਾਈਚਾਰਾ ਤਿੰਨ ਮੁੱਖ ਥਾਵਾ ਤੇ ਨਿਵਾਸ ਕਰਦਾ ਹੈ। ਇਨ੍ਹਾਂ ਦੇ ਜੀਵਨ ਹਾਲਾਤ ਕੀ ਹਨ। ਇਹ ਤਸਵੀਰਾਂ ਮੁਹੋ ਬਿਆਨ ਕਰਦੀਆਂ ਹਨ। ਸਬ ਤੋਂ ਪਹਿਲਾ ਅਸੀਂ ਤਾਜਪੁਰ ਰੋੜ ਨੇੜੈ ਨਵੀਂ ਜੇਲ੍ਹ ਸ਼ਿਕਲੀਗਰ ਬਸਤੀ ਗਏ। ਜਿੱਥੇ ਦੋ ਹਜ਼ਾਰ ਦੇ ਕਰੀਬ ਸ਼ਿਕਲੀਗਰ ਪਰਿਵਾਰ ਰਹਿੰਦੇ ਹਨ। ਸ਼ਿਕਲੀਗਰਾਂ ਦੀ ਬਹੁਤੀਆਂ ਕਲੋਨੀਆਂ ਵਾਂਗ ਇਹ ਵੀ ਨਿਰੰਕਾਰੀਆਂ ਦੇ ਨਾਮ ਤੇ ਪ੍ਰੀਤ ਨਗਰ ਹੈ। ਇੱਥੇ ਗੁਰੂ ਅੰਗਦ ਦੇਵ ਜੀ ਵੇਲਫੇਅਰ ਭਲਾਈ ਕੌਂਸਲ ਵੱਲੋਂ ਬਹੁਤ ਹੀ ਵੱਡਾ ਆਲੀਸ਼ਾਨ ਗੁਰੂਦੁਆਰਾ ਅਤੇ ਸਕੂਲ ਭਾਈ ਬਾਜ ਸਿੰਘ ਦੇ ਨਾਮ ਤੇ ਬਣੇ ਹੋਏ ਹਨ। ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂਦੁਆਰਾ ਤੇ ਸਕੂਲ ਸ਼ਿਕਲੀਗਰਾਂ ਦੇ ਨਾਮ ਤੇ ਲੁਧਿਆਣੇ ਦੇ ਧਨਾਢ ਸਿੱਖਾ ਅਤੇ ਵਿਦੇਸ਼ੀ ਸਿੱਖਾਂ ਤੋਂ ਕਰੋੜਾਂ ਰੁੱਪਏ ਦਾਨ ਲੈ ਕੇ ਬਣੇ ਹਨ। ਪਰ ਇਸ ਗੁਰੂਦੁਆਰਾ ਸਾਹਿਬ ਵਿੱਚ ਕਿੰਨੇ ਸ਼ਿਕਲੀਗਰ ਜਾਂਦੇ ਹਨ ਅਤੇ ਇਸ ਸਕੂਲ ਵਿੱਚ ਕਿੰਨੇ ਸ਼ਿਕਲੀਗਰ ਬੱਚੇ ਪੜ੍ਹਦੇ ਹਨ ਬਾਰੇ ਕੁੱਝ ਵੀ ਸੱਪਸ਼ਟ ਨਹੀਂ ਹੈ ਗੁਰੂ ਅੰਗਦ ਦੇਵ ਜੀ ਵੇਲਫੈਅਰ ਭਲਾਈ ਕੌਸ਼ਲ ਤੋਂ ਅਸਤੁੰਸ਼ਟ ਸ਼ਿਕਲੀਗਰਾਂ ਦਾ ਵੀ ਮੁਹੱਲੇ ਵਿੱਚ ਇੱਕ ਛੋਟਾ ਜਿਹਾ ਖਸਤਾ ਹਾਲਾਤ ਗੁਰੂਦੁਆਰਾ ਸਾਹਿਬ ਹੈ।ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੀਆਂ ਸਿੱਖ ਜੱਥੇਬੰਦਿਆਂ ਉਹਨਾਂ ਦੇ ਮਹੁੱਲੇ ਦੀ ਵਿਡੀਓਗ੍ਰਾਫੀ ਕਰਕੇ ਵਿਦੇਸ਼ਾ ਤੋਂ ਸ਼ਿਕਲੀਗਰਾਂ ਦੇ ਨਾਮ, ਤੇ ਫੰਡ ਇੱਕਠਾ ਕਰਦੇ ਹਨ। ਇਹਨਾਂ ਦੇ ਇਸ ਬਿਆਨ ਬਾਰੇ ਸਾਡੀ ਟੀਮ ਕਿਸੇ ਵੀ ਵਿਵਾਦ ਵਿੱਚ ਨਹੀ ਪੈਣਾ ਚਾਹੁੰਦੀ। ਇਸੇ ਕਲੋਨੀ ਵਿੱਚ ਨਿਰੰਕਾਰੀ ਵੱਲੋਂ ਬਹੁਤ ਵੱਡਾ ਨਿੰਰਕਾਰੀ ਭਵਨ ਤੇ ਸਕੂਲ ਵੀ ਹੈ। ਜਿਥੇ ਸ਼ਿਕਲੀਗਰ ਬੱਚੇ ਵੱਡੀ ਗਿਣਤੀ ਵਿੱਚ ਪੜ੍ਹ ਰਹੇ ਹਨ। ਇੱਥੇ ਸ਼ਿਕਲੀਗਰਾਂ ਦਾ ਇੱਕ ਵੱਡਾ ਹਿੱਸਾ ਨਿੰਰਕਾਰੀ ਭਵਨ ਜਾਂਦਾ ਹੈ ਅਤੇ ਨਿਰੰਕਾਰੀ ਬਣ ਚੁੱਕਾ ਹੈ। ਇਸ ਬਸਤੀ ਦੇ ਬਹੁਤੇ ਘਰ ਵੀ ਕੱਚੇ ਅਤੇ ਕੱਖਾ ਕਾਨੀਆ ਤੇ ਟੀਨਾਂ ਦੀਆਂ ਛੱਤਾ ਵਾਲੇ ਹਨ। ਇਨ੍ਹਾਂ ਵਿੱਚੋਂ ਕੁੱਝ ਪਿਤਾ ਪੁਰਖੀ ਧੰਦਾ ਕਰਦੇ ਹਨ। ਜਦੋਂ ਕਿ ਬਹੁਤੇ ਪਲਾਸਟਿਕ ਦੀਆਂ ਕੁਰਸੀਆਂ ਅਤੇ ਲੋਹੇ ਦੇ ਮੰਜੇ ਵੇਚਦੇ ਹਨ। ਕੁਝ ਨੋਜਵਾਨ ਹੋਰ ਕਈ ਤਰ੍ਹਾਂ ਦੀ ਮੇਹਨਤ ਮਜਦੂਰੀ ਵੀ ਕਰਨ ਲੱਗ ਪਏ ਹਨ। ਲੁਧਿਆਣੇ ਦੀ ਤਾਜਪੁਰ ਰੋਡ ਦੀ ਇਹ ਪਹਿਲੀ ਸ਼ਿਕਲੀਗਰ ਬਸਤੀ ਹੈ ਜਿੱਥੇ ਅਨੇਕਾ ਸ਼ਿਕਲੀਗਰਾਂ ਦੇ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਫਾਰਮ ਭਰੇ ਗਏ ਸਨ ਜਿਹਨਾਂ ਵਿੱਚ ੧੦-੧੫ ਸ਼ਿਕਲੀਗਰਾਂ ਨੂੰ ੧੦-੧੦ ਹਜ਼ਾਰ ਰੁੱਪਏ ਦੀ ਸਹਾਇਤਾ ਪ੍ਰਾਪਤ ਹੋਈ ਹੈ ਬਾਕੀ ਇਹ ਸਹਾਇਤਾ ਮਿਲਣ ਦੀ ਆਸ ਵਿੱਚ ਸ਼੍ਰੋਮਣੀ ਕਮੇਟੀ ਦਾ ਰਾਹ ਤੱਕ ਰਹੇ ਹਨ। ਇੱਥੇ ਇੱਕ ਕੋੜੇ ਤਜਰਬੇ ਦਾ ਸਾਨੂੰ ਸਾਹਮਣਾ ਕਰਨਾ ਪਇਆ ਜਦੋਂ ਅਸੀਂ ਵਿਡੀਓ ਕੈਮਰੇ ਰਾਹੀਂ ਇਸ ਬਸਤੀ ਦੇ ਹਲਾਤਾ ਬਾਰੇ ਫਿਲਮ ਬਣਾਉਣ ਲੱਗੇ ਤਾਂ ਕੁੱਝ ਸ਼ਿਕਲੀਗਰ ਵੀਰਾਂ ਨੇ ਸਾਨੂੰ ਕਿਹਾ ਕਿ ਹੁਣ ਤੁਸੀ ਵੀ ਸਾਡੀਆਂ ਫਿਲਮਾਂ ਬਣਾ ਕੇ ਵਿਦੇਸ਼ਾਂ ਤੋਂ ਪੈਸੇ ਇੱਕਠੇ ਕਰੋਗੇ। ਇਸ ਤੇ ਸਾਨੂੰ ਹੈਰਾਨੀ ਵੀ ਹੋਈ ਤੇ ਉਹਨਾਂ ਦੀ ਇਸ ਚੇਤਨਤਾ ਤੇ ਖੁਸ਼ੀ ਵੀ ਹੋਈ ਕਿ ਉਹ ਸ਼ਿਕਲੀਗਰਾਂ ਦੇ ਮਾੜੇ ਹਲਾਤਾ ਨੂੰ ਦਰਸਾ ਕੇ ਪੈਸੇ ਇਕੱਠੇ ਕਰਨ ਵਾਲੀ ਜੱਥੇਬੰਦੀਆਂ ਪ੍ਰਤੀ ਪੂਰੀ ਤਰ੍ਹਾਂ ਸਚੇਤ ਹਨ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਅਜਿਹੀ ਕਿਸੇ ਵੀ ਜੱਥੇਬੰਦੀ ਨਾਲ ਸਬੰਧਤ ਨਹੀ ਸਗੋਂ ਉਹਨਾਂ ਦਾ ਸੱਚ ਪੰਥ ਸਾਹਮਣੇ ਰੱਖਣ ਲਈ ਅਜਿਹਾ ਕਰ ਰਹੇ ਹਾਂ ਤਾਂ ਜੋ ਦੇਸ਼ ਵਿਦੇਸ਼ ਦੇ ਵੀਰ ਆਪ ਪੜਤਲ ਕਰਕੇ ਤੁਹਾਡੇ ਤੱਕ ਸਿੱਧੇ ਪਹੁੰਚ ਕਰਨ। ਇਹਨਾਂ ਵਿੱਚੋਂ ਹੀ ਬਹੁਤ ਸਾਰੇ ਸਿਕਲੀਗਰ ਸਾਡੀ ਟੀਮ ਨਾਲ ਵੱਖੋਂ-ਵੱਖ ਰੂਪ ਵਿੱਚ ਮਿਲੇ ਅਤੇ ਕਲੋਨੀ ਦੇ ਹਾਲਾਤ ਸਾਡੇ ਸਾਹਮਣੇ ਰੱਖੇ। ਇਹਨਾਂ ਵੱਲੋਂ ਸ਼ਿਕਲੀਗਰਾਂ ਦੀ ਹੋ ਰਹੀ ਸਹਾਇਤਾ ਬਾਰੇ ਕਾਫੀ ਕੋੜੇ ਅਹਿਸਾਸ ਸਾਡੇ ਸਾਹਮਣੇ ਆਏ ਪਰ ਅਸੀ ਸਭ ਤਰ੍ਹਾਂ ਦੇ ਵਾਦ ਵਿਵਾਦਾਂ ਨੂੰ ਲਾਭੇ ਰੱਖ ਕੇ ਸ਼ਿਕਲੀਗਰਾਂ ਦੀ ਲੁਧਿਆਣਾ ਵਿੱਚ ਦੀ ਦੁਜੀ ਬਸਤੀ ਢੰਡਾਰੀ ਕਲਾਂ ਪੁੱਲ ਵੱਲ ਚਲੇ ਗਏ।
DHANDARI KALAN
ਢੰਡਾਰੀ ਕਲ਼ਾਂ ਵਿੱਚ ਸ਼ਿਕਲੀਗਰ ਸਿੱਖ :- ਇੱਥੋਂ ਦੇ ਸ਼ਿਕਲੀਗਰ ਸਿੱਖ ਤਾਲੇ ਚਾਬੀਆਂ, ਕੈਂਚੀਆਂ ਅਤੇ ਛੁਰੀਆਂ ਨੂੰ ਵੇਚਣ ਤੇ ਰਿਪੇਅਰ ਕਰਨ ਦਾ ਕੰਮ ਕਰਦੇ ਹਨ। ਬਿਲਕੁੱਲ ਕੱਚੀ ਮਿੱਟੀ ਦੇ ਕੱਖਾ ਕਾਣੀਆਂ ਦੇ ਮਕਾਨਾਂ ਵਿੱਚ ਇੱਥੇ ਗਰੀਬ ੪੦ ਪਰਿਵਾਰ ਵੱਸਦੇ ਹਨ। ਇੱਕ ਬਜੁਰਗ ਦੇ ਦੱਸਣ ਮੁਤਾਬਿਕ ਅਤੇ ਸਾਨੂੰ ਦਿੱਤੇ ਦਸਤਾਵੇਜ਼ਾਂ ਮੁਤਾਬਿਕ ਸੰਨ ੧੯੪੪ ਤੋਂ ਇਹ ਇੱਥੇ ਵੱਸੇ ਹੋਏ ਹਨ। ਇੱਥੇ ਹੀ ਇਹਨਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਾਂ ਆਦਿ ਬਣੇ ਹਨ। ਬਿਜਲੀ ਦੇ ਮੀਟਰ ਅਤੇ ਪਾਣੀ ਦੀ ਸਪਲਾਈ ਵੀ ਹੈ। ਜਿਸ ਦਾ ਇਹ ਬਕਾਇਦਾ ਬਿਲ ਭਰਦੇ ਹਨ। ਇਸ ਦੇ ਬਾਵਜੂਦ ਨਗਰਪਾਲਿਕਾ ਲੁਧਿਆਣਾ ਬੁਲਡੋਜਰਾ ਨਾਲ ੫ ਵਾਰ ਇਹਨਾਂ ਦੇ ਮਕਾਨ ਪੂਰੀ ਤਰ੍ਹਾ ਤਹਿਸ ਨਹਿਸ ਕਰ ਚੁੱਕੀ ਹੈ। ਆਪਣੇ ਘਰਾਂ ਨੂੰ ਬਚਾਉਣ ਲਈ ਹੇਠਲੀ ਅਦਾਲਤ ਵਿੱਚ ਕੀਤਾ ਕੇਸ ਇਹ ਹਾਰ ਚੁੱਕੇ ਹਨ ਅਤੇ ਉਪਰਲੀ ਅਦਾਲਤ ਵਿੱਚ ਕੇਸ ਕਰਨ ਲਈ ਇਹਨਾਂ ਕੋਲ ਪੈਸੇ ਨਹੀਂ। ਇਹ ਕਲੋਨੀ ਕਿਉਂਕਿ ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਤੇ ਪੈਂਦੀ ਹੈ ਤੇ ਇਸ ਜਗ੍ਹਾ ਦਾ ਮੁੱਲ ਹੁਣ ਬਹੁਤ ਵੱਧ ਜਾਣ ਕਰਕੇ ਬਿਲਡਰ ਅਤੇ ਸਿਆਸੀ ਲੌਕ ਇਸ ਨੂੰ ਹੜਪ ਜਾਣਾ ਚਾਹੁੰਦੇ ਹਨ। ਬਹੁਤ ਸਾਰੇ ਕਾਂਗਰਸੀਏ, ਅਕਾਲੀ ਤੇ ਭਾਜਪਾ ਇਹਨਾਂ ਨੂੰ ਲਾਰਾ ਲਗਾ ਕੇ ਵੋਟਾ ਤੇ ਲੈ ਜਾਂਦੇ ਹਨ ਪਰ ਪੱਕੀ ਰਿਹਾਇਸ਼ ਦੇ ਵਾਦੇ ਝੂਠੇ ਹੀ ਸਾਬਤ ਹੋਏ ਹਨ। ਇਹਨਾਂ ਵਿੱਚ ਕਾਫੀ ਅੰਮ੍ਰਿਤਧਾਰੀ ਹਨ। ਪਰ ਬੱਚੇ ਨੋਜਵਾਨ ਘੱਟ ਹੀ ਪੜ੍ਹੇ ਲ਼ਿਖੇ ਹਨ। ਹੁਣ ਤੱਕ ਸ਼ਿਕਲੀਗਰ ਬਸਤੀਆਂ ਵਿੱਚੋਂ ਕੇਵਲ ਇਸ ਬਸਤੀ ਦਾ ਇੱਕ ਨੋਜਵਾਨ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਮਿਲਿਆ। ਜੋ ਸਾਡੇ ਲਈ ਖੁਸ਼ੀ ਅਤੇ ਅਚੰਭੇ ਦੀ ਗੱਲ ਹੈ। ਇਨ੍ਹਾਂ ਵੱਲੋਂ ਇੱਕ ਛੋਟਾ ਜਿਹਾ ਗੁਰੂਦੁਆਰਾ ਬਣਾਇਆ ਹੈ ਜਿਸ ਵਿੱਚ ਨਿਸ਼ਾਨ ਸਾਹਿਬ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਹਨ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਕੌਲ ਇਤਨੇ ਪੈਸੇ ਨਹੀ ਹਨ ਕਿ ਅਸੀਂ ਵੱਡਾ ਪੱਕਾ ਗੁਰੂਦੁਆਰਾ ਬਣਾ ਕੇ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਸਕੀਏ। ਤਾਂ ਸਾਡਾ ਧਿਆਨ ਕਾਰ ਸੇਵਾ ਵਾਲੇ ਉਹਨਾਂ ਬਾਬਿਆ ਵੱਲ ਚਲਾ ਗਿਆ ਜੋ ਪਹਿਲਾਂ ਬਣੇ ਵੱਡੇ ਪੱਕੇ ਸੰਗਮਰਮਰ ਦੀਆਂ ਇਮਾਰਤਾ ਨੂੰ ਤੌੜ ਕੇ ਦੁਬਾਰਾ ਕੌਮ ਦਾ ਸਰਮਾਇਆ ਖਰਚ ਕਰ ਰਹੇ ਹਨ। ਸਾਡੀ ਅਜਿਹੇ ਕਾਰ ਸੇਵਾ ਵਾਲੇ ਸੰਤ ਬਾਬਿਆ ਨੂੰ ਬੇਨਤੀ ਹੈ ਕਿ ਉਹ ਸ਼ਿਕਲੀਗਰ ਕਲੋਨੀਆ ਵਿੱਚ ਵੀ ਵੱਡੇ ਪੱਕੇ ਗੁਰੂਦੁਆਰਾ ਸਾਹਿਬ ਬਨਵਾਂ ਕੇ ਉਹਨਾਂ ਵਿੱਚ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਲਾਜਮੀ ਕਰਵਾਉਣ। ਤਾਜਪੁਰ ਰੋਡ ਕਲੋਨੀ ਵਾਂਗ ਇੱਥੇ ਵੀ ਇਹਨਾਂ ਤੋਂ ਸ਼੍ਰੋਮਣੀ ਕਮੇਟੀ ਨੇ ਸਹਾਇਤਾ ਦੇ ਫਾਰਮ ਭਰਵਾਏ ਸਨ ਜਿਸ ਵਿੱਚੋ ਤਕਰੀਬਨ ੭ ਕੁ ਪਰਿਵਾਰਾ ਨੂੰ ੧੦-੧੦ ਹਜ਼ਾਰ ਦੀ ਸਹਾਇਤਾ ਮਿਲੀ ਹੇ। ਤੇ ਬਾਕੀ ਵੀ ਸ਼ਹਾਇਤਾ ਮਿਲਣ ਦੀ ਆਸ ਵਿਚ ਬੈਠੇ ਹਨ। ਇਹ ਚਾਹੁੰਦੇ ਹਨ ਕਿ ਸਿੱਖ ਪੰਥ ਕੇਵਲ ਇਹਨਾਂ ਦੀ ਰਿਹਾਇਸ਼ ਵਾਲੀ ਥਾਂ ਹੀ ਕਿਸੇ ਤਰ੍ਹਾਂ ਇਹਨਾਂ ਦੇ ਨਾਮ ਕਰਵਾ ਦੇਵੇ ਕਿਉਂਕਿ ਆਪਣੇ ਅਤੇ ਆਪਣੇ ਬੱਚਿਆ ਦੇ ਉਜਾੜੇ ਦੀ ਚਿੰਤਾ ਰਾਤ ਦਿਨ ਇਹਨਾਂ ਨੂੰ ਵੱਢ-ਵੱਢ ਖਾ ਰਹੀ ਹੈ। ਇਹ ਚਿੰਤਾ ਉੱਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿਆਸ਼ੀ ਲੌਕਾ ਤੇ ਬਿਲਡਰਾਂ ਦੀ ਸ਼ਹਿ ਤੇ ਇਹਨਾਂ ਨੂੰ ਬਸਤੀ ਖਾਲੀ ਕਰਨ ਦੀਆਂ ਧਮਕੀਆਂ ਮਿਲਦੀਆਂ ਹਨ। ਅਸੀਂ ਇਨ੍ਹਾਂ ਦਾ ਦਰਦ ਪੰਥ ਸਾਹਮਣੇ ਰੱਖਣ ਦਾ ਵਾਦਾ ਕਰਕੇ ਵਿਦਾਇਗੀ ਲਈ ਅਤੇ ਇਹਨਾਂ ਦੀ ਇੱਕ ਹੋਰ ਬਸਤੀ ਜੰਤਾ ਨਗਰ ਗਿੱਲ ਪਿੰਡ ਵੱਲ ਚੱਲ ਪਏ।
ਜੰਤਾ ਨਗਰ ਗਿੱਲ ਪਿੰਡ ਵਿੱਚ ਸ਼ਿਕਲੀਗਰ ਸਿੱਖ :- ਇੱਥੇ ਵੀ ਬਾਕੀ ਸ਼ਿਕਲੀਗਰਾਂ ਵਾਂਗ ਬਹੁਤ ਲੰਬੇ ਸਮਂੇ ਤੋਂ ੯੦ ਕੁ ਪਰਿਵਾਰ ਵੱਸਦੇ ਹਨ ਜਿਹਨਾਂ ਦੇ ਘਰਾਂ ਦੀ ਹਾਲਾਤ ਬਾਕੀ ਸ਼ਿਕਲੀਗਰਾਂ ਵਾਂਗ ਹੀ ਹੈ। ਇੱਥੇ ਸਾਨੂੰ ਦਰਜਨ ਕੁ ਸਾਬਤ ਸੂਰਤ ਅੰਮ੍ਰਿਤ ਧਾਰੀ ਪੂਰੀ ਤਰ੍ਹਾਂ ਸੁਚੇਤ ਸ਼ਿਕਲੀਗਰ ਨੌਜਵਾਨ ਮਿਲੇ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਪਰ ਇਨ੍ਹਾ ਵਿੱਚੋਂ ਵੀ ਕੋਈ ਦਸਵੀਂ ਤੱਕ ਨਹੀਂ ਸੀ ਪੜ੍ਹਿਆ। ਇਨ੍ਹਾਂ ਰਾਹੀਂ ਸਾਨੂੰ ਹੋਰ ਜਾਣਕਾਰੀ ਮਿਲੀ ਕਿ ਸ਼ਿਕਲ਼ੀਗਰ ਭਾਈਚਾਰੇ ਵਿੱਚੋਂ ਵੱਡੀ ਗਿਣਤੀ ਕੇਵਲ ਨਿਰੰਕਾਰੀ ਹੀ ਨਹੀਂ ਬਣੇ ਸਗੋਂ ਹੁਣ ਬਹੁਤ ਥਾਂਵਾ ਤੇ ਇਸਾਈ ਵੀ ਬਨਣ ਲੱਗ ਪਏ ਹਨ। ਜੋ ਕਿ ਸਿੱਖ ਪੰਥ ਵਾਸਤੇ ਬਹੁਤ ਹੀ ਦੁਖਦਾਈ ਖਬਰ ਹੈ। ਇਸ ਕਲੋਨੀ ਦੇ ਸ਼ਿਕਲੀਗਰ ਬਾਕੀ ਸ਼ਿਕਲੀਗਰਾਂ ਵਾਂਗ ਤੁਰ ਫਿਰ ਕੇ ਤਾਲੇ, ਕੈਂਚੀ, ਛੂਰੀਆਂ ਦਾ ਕੰਮ ਨਹੀਂ ਕਰਦੇ ਸਗੋਂ ਹੁਣ ਇਹ ਅਜਿਹਾ ਕੰਮ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਸੜਕ ਤੇ ਛੋਟੀ ਜਿਹੀ ਖੁਲੀ ਫੜੀ ਲਗਾ ਕੇ ਕਰਦੇ ਹਨ। ਇਹਨਾਂ ਵੀਰਾਂ ਦੀ ਸੁਚੇਤਤਾ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਪਹਿਲੀ ਸ਼ਿਕਲੀਗਰ ਬਸਤੀ ਹੈ ਜਿਸ ਕੌਲ ਪੰਜਾਬ ਵਿੱਚ ਹੋਰ ਥਾਵਾਂ ਖੰਨਾ, ਦੋਰਾਹਾਂ, ਸਮਰਾਵਾ, ਪਟਿਆਲਾ, ਚੰਡੀਗੜ੍ਹ, ਮਾਛੀਵਾੜਾ, ਚਮਕੋਰ ਸਾਹਿਬ, ਵੈਰੋਵਾਲ, ਢਪਈ, ਬਠਿੰਡਾ, ਮੌਗਾ, ਫਤਿਹਗੜ੍ਹ ਸਾਹਿਬ ਤੋਂ ਇਲਾਵਾ ਤਕਰੀਬਨ ੭੦ ਹੋਰ ਥਾਵਾਂ ਤੇ ਵਸਦੇ ਸ਼ਿਕਲੀਗਰਾਂ ਦੀ ਸੂਚੀ ਹੈ ਜਿਸ ਅਨੁਸਾਰ ਪੰਜਾਬ ਅੰਦਰ ਸ਼ਿਕਲੀਗਰਾਂ ਦੀ ਗਿਣਤੀ ਲੱਖਾ ਤੋਂ ਵੀ ਟੱਪ ਜਾਂਦੀ ਹੈ। ਇਹਨਾਂ ਦੇ ਦੱਸੇ ਮੁਤਾਬਿਕ ਬਾਕੀ ਥਾਵਾਂ ਤੇ ਸਥਿਤੀ ਵੀ ਅੱਤ ਖਰਾਬ ਹੈ। ਇਸ ਲਈ ਸਾਡੀ ਟੀਮ ਨੇ ਫੈਸਲਾ ਕੀਤਾ ਕਿ ਬਾਕੀ ਥਾਵਾਂ ਦਾ ਵੀ ਦੌਰਾ ਕਰਕੇ ਤਸਵੀਰਾਂ ਵੀਡਿਓ ਰਾਹੀਂ ਸ਼ਿਕਲੀਗਰਾਂ ਵੀਰਾਂ ਦੀ ਸਥਿਤੀ ਪੰਥ ਦੇ ਸਾਹਮਣੇ ਰੱਖੀ ਜਾਵੇ ਹੁਣ ਤੱਕ ਦੇ ਸਰਵੇਖਣ ਵਿੱਚ ਕੌੜੀ ਸੱਚਾਈ ਸਾਡੇ ਸਾਹਮਣੇ ਆਈ ਹੈ ਕਿ ਸ਼ਿਕਲੀਗਰਾਂ ਨੂੰ ਅੱਜ ਤੱਕ ਕੋਈ ਵੀ ਸਰਕਾਰੀ ਸਹੁਲਤ ਜਾਂ ਲਾਭ ਪ੍ਰਾਪਤ ਨਹੀਂ ਹੋਇਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਅਜੇ ਤੱਕ ਇਹਨਾਂ ਕੋਲ ਨਹੀਂ ਪਹੁੰਚਿਆ ਤੇ ਇਹਨਾ ਬਸਤੀਆਂ ਦੇ ਵਸਨੀਕਾਂ ਕੋਲ ਨਾ ਤਾਂ ਨਹਾਉਣ ਵਾਸਤੇ ਗੁਸਲਖਾਣੇ ਹਨ ਅਤੇ ਨਾ ਹੀ ਸ਼ੌਚ ਆਦਿ ਕਰਨ ਵਾਸਤੇ ਲੈਟਰਿੰਗਾਂ ਹਨ।
ਅੱਜ ਤੱਕ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਟਕਸਾਲ, ਸਿੱਖ ਜੱਥੇਬੰਦਿਆ ਜਾਂ ਸੰਪਰਦਾਵਾ ਨੇ ਕਦੀ ਵੀ ਇਨ੍ਹਾਂ ਦੇ ਬੱਚਿਆਂ ਨੋਜਵਾਨਾ ਨੂੰ ਰਾਗੀ ਢਾਡੀ, ਪਾਠੀ ਜਾਂ ਪਰਚਾਰਕ ਬਣਾਉਣ ਦਾ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਇਨ੍ਹਾ ਨੂੰ ਸਿੱਖੀ ਨਾਲ ਜੋੜਨ ਲਈ ਇਹਨਾਂ ਦੀਆਂ ਬਸਤੀਆਂ ਵਿੱਚ ਰਾਗੀ ਢਾਡੀ, ਪ੍ਰਚਾਰਕ ਆਦਿ ਭੇਜੇ। ਪੰਥ ਜੀ. ਇਹ ਹੈ ਸ਼ਿਕਲੀਗਰਾਂ ਦੇ ਸਿੱਖੀ ਤੋਂ ਟੁੱਟ ਕੇ ਧਰਮ ਪਰਿਵਰਤਨ ਦੀ ਕੌੜੀ ਸਚਾਈ, ਕਿਸੇ ਵੀ ਸ਼ਿਕਲੀਗਰ ਬਸਤੀ ਵਿੱਚ ੧੦% ਤੋਂ ਵੱਧ ਬੀ ਪੀ ਐਲ ਕਾਰਡ ਨਹੀਂ ਬਣੇ। ਬਹੁਤੇ ਸ਼ਿਕਲੀਗਰ ਰਾਸ਼ਨਕਾਰਡ ਨੂੰ ਬੀ ਪੀ ਐਲ ਕਾਰਡ ਸਮਝ ਰਹੇ ਹਨ। ਜਨਮ ਮੌਤ ਸਰਟੀਫਿਕੇਟ ਪ੍ਰਤੀ ਵੀ ਅਗਿਆਨਤਾ ਹੀ ਹੈ। ਸ਼ਿਕਲੀਗਰਾਂ ਵਿੱਚ ਰਾਖਵਾਕਰਨ ਪ੍ਰਮਾਣਪੱਤਰ ਅਤੇ ਸਰਕਾਰੀ ਸਹੁਲਤਾ ਪ੍ਰਤੀ ਚੇਤਨਤਾ ੦% ਹੈ। ਇਹਨਾਂ ਵਿੱਚ ਅਨਪੜ੍ਹਤਾ ਦਾ ਮੁੱਖ ਕਾਰਨ ਅੱਤ ਗਰੀਬੀ ਹੈ ਪਰ ਇਹਨਾਂ ਨੂੰ ਸਿੱਖ ਘੱਟ ਗਿਣਤੀ ਅਤੇ ਪਿਛੜੀ ਸ਼੍ਰੇਣੀ ਸਹੁਲਤਾ ਜੋ ਵਿਦਿਆਰਥੀਆਂ ਨੂੰ ਮਿਲਦੀਆਂ ਹਨ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਅਜਿਹੀ ਵਿੱਚ ਸ਼ਿਕਲੀਗਰਾਂ ਸਬੰਧੀ ਕੁੱਝ ਭੱਖਦੇ ਸਵਾਲ ਸਾਡੇ ਸਾਹਮਣੇ ਮੁੰਹ ਅੱਡੀ ਖੜੇ ਹਨ। ਹੁਣ ਜਦੋਂ ਕਿ ਸ਼੍ਰੋਮਣੀ ਕਮੇਟੀ ਸਾਰੇ ਪੰਜਾਬ ਵਿੱਚ ਗੁਰੂਦੁਆਰਿਆ ਨਾਲ ਸਕੂਲ ਕਾਲਜ ਚਲਾ ਰਹੀਂ ਹੈ ਤਾਂ ਅਜਿਹੀ ਵਿੱਚ ਸ਼ਿਕਲੀਗਰ ਬੱਚਿਆ ਤੇ ਨੋਜਵਾਨਾ ਲਈ ਇਹਨਾਂ ਵਿੱਚ ਰਾਖਵਾਂ ਦਾਖਲਾ ਕਿਉ ਨਹੀਂ ਦਿੰਦੀ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਧੀਨ ਹੀ ਚੱਲ ਰਹੇ ਮਿਸ਼ਨਰੀ ਕਾਲਜਾਂ ਵਿੱਚ ਇਹਨਾਂ ਦੇ ਨੌਜਵਾਨਾ ਨੂੰ ਰਾਗੀ-ਢਾਡੀ, ਪਾਠੀ, ਪ੍ਰਚਾਰਕ ਕੋਰਸ ਕਿਉਂ ਨਹੀਂ ਕਰਵਾਇਆ ਜਾਂਦਾ ਤਾਂ ਜੋ ਸ਼ਿਕਲੀਕਰਾਂ ਦੇ ਨੋਜਵਾਨ ਸਿੱਖ ਧਰਮ ਦੀ ਜਾਣਕਾਰੀ ਲੈ ਕੇ ਆਪਣੀਆਂ ਕਲੋਨੀਆਂ ਅੰਦਰ ਸਿੱਖੀ ਦਾ ਪ੍ਰਚਾਰ ਕਰ ਸਕਣ। ਪੰਜਾਬ ਭਰ ਦੇ ਗੁਰੂਦੁਆਰਿਆਂ ਸਮੇਤ ਸ਼੍ਰੋਮਣੀ ਕਮੇਟੀ ਹਰ ਇੱਕ ਗੁਰਦੁਆਰੇ ਅੰਦਰ ੧-੨ ਸ਼ਿਕਲੀਗਰ ਪਰਿਵਾਰਾ ਨੂੰ ਨੌਕਰੀ ਕਿਉਂ ਨਹੀਂ ਦਿੰਦੀ ਤਾਂ ਜੋ ਸਿੱਖੀ ਨਾਲ ਜੁੜੇ ਰਹਿ ਕੇ ਇਨ੍ਹਾਂ ਦੀ ਆਰਥਿਕ ਹਾਲਤ ਠੀਕ ਹੋ ਸਕੇ। ਸਿੱਖ ਐਨ.ਜੀ.ਓ ਗਰੁੱਪ ਕਿਉ ਨਹੀਂ ਸ਼ਿਕਲੀਗਰਾਂ ਨੂੰ ਸਰਕਾਰੀ ਸਹੁਲਤਾ ਬਾਰੇ ਚੇਤਨ ਕਰਕੇ ਤੇ ਬੈਂਕਾਂ ਤੋਂ ਘੱਟ ਵਿਆਜ਼ ਤੇ ਉੁਦਯੌਗਿਕ ਇਕਾਈਆਂ ਸਥਾਪਿਤ ਕਰਨ ਲਈ ਮਿਲਦੇ ਕਰਜ਼ੇ ਬਾਰੇ ਜਾਣਕਾਰੀ ਦਿੰਦੇ ਤਾਂ ਜੋ ਇਹ ੧੦% ਮਹੀਨਾ ਵਿਆਜੁ ਸ਼ਾਹੁਕਾਰਾ ਤੋਂ ਮੁੱਕਤ ਹੋ ਸਕਣ। ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਚੰਡੀਗੜ੍ਹ ਆਦਿ ਦੇ ਵੱਡੇ ਧਨਾਢ ਸਿਖ ਉੁਦਯੋਗਪਤੀ ਸ਼ਿਕਲੀਗਰ ਨੌਜਵਾਨਾ ਨੂੰ ਆਪਣੇ ਉਦਯੋਗਾਂ ਵਿੱਚ ਨੌਕਰੀਆਂ ਕਿੳੇੁਂ ਨਹੀਂ ਦਿੰਦੇ। ਪੰਥ ਜੀ ਸ਼ਿਕਲੀਕਰਾਂ ਪ੍ਰਤੀ ਸਵਾਲ ਹੋਰ ਵੀ ਬਹੁਤ ਹਨ ਅਤੇ ਮਸਲੇ ਹੋਰ ਵੀ ਬਹੁਤ ਹਨ ਪਰ ਕੜੀ ਦੇ ਵਕਤੀ ਉਬਾਲ ਵਾਂਗ ਉਠ ਕੇ ਸ਼ਿਕਲੀਗਰਾਂ ਦੇ ਨਾਮ ਤੇ ਪੈਸਾ ਜੂਟਾਉਣ ਅਤੇ ਸ਼ੋਸ਼ਲ ਮੀਡਿਏ ਦੇ ਆਪਣਾ ਨਾਮ ਚਮਕਾਉਣ ਨਾਲੋਂ ਬਹਿਤਰ ਹੈ ਕਿ ਪੰਜਾਬ ਵਿਚਲੇ ੮੦ ਤੋਂ ਵੱਧ ਸ਼ਿਕਲੀਗਰ ਬਸਤੀਆਂ ਦਾ ਆਪ ਦੌਰਾ ਕਰੋ ਤਾਂ ਜੋ ਇਹਨਾਂ ਦੇ ਮੋਜੂਦਾ ਹਲਾਤਾ ਦੀ ਸਮਝ ਪਵੇ। ਗੁਰੂ ਭਲੀ ਕਰੇ ਪੰਥ ਜੀ ਅਸੀਂ ਵਕਤੀ ਜੋਸ਼ ਹੁਲਾਰੇ ਦੇ ਕਾਰਜ਼ਾ ਵਿੱਚੋਂ ਬਾਹਰ ਨਿਕਲ ਕੇ ਮਿਲ ਬੈਠ ਕੇ ਦੂਰ ਅਦੇਸ਼ੀ ਨਾਲ ਏਸੇ ਪ੍ਰੋਗਰਾਮ ਨੂੰ ਉਲਕੀਏ ਜਿਸ ਨਾਲ ਸਿੱਖੀ ਤੋਂ ਕੋਹਾਂ ਦੂਰ ਜਾ ਰਹੇ ਸ਼ਿਕਲੀਗਰ, ਰਮਦਾਸੀਏ, ਕਬੀਰਪੰਥੀ, ਛੀਬੇ, ਨਾਈ, ਘੁਮਿਆਰ, ਮਜਬੀ ਅਤੇ ਸਮਾਜ ਦੀਆਂ ਹੋਰ ਲਤਾੜੀਆਂ ਜਾਤਾਂ ਨੂੰ ਮੁੜ ਸਿੱਖੀ ਨਾਲ ਜੋੜਨ ਦਾ ਉਪਰਾਲਾ ਕਰੀਏ। ਖਾਸ ਤੌਰ ਤੇ ਵਿਦੇਸ਼ੀ ਵਸਦੇ ਦਰਦਵੰਦ ਸਿੱਖਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ਼ਿਕਲੀਗਰਾਂ ਦੀ ਸੇਵਾ ਦੇ ਨਾਮ ਤੇ ਕਿਸੇ ਵੀ ਵਿਅਕਤੀ ਜਾਂ ਜੱਥੇਬੰਦੀ ਨੂੰ ਦਸਵੰਦ ਭੇਟ ਕਰਨ ਦੀ ਬਜਾਏ ਆਪ ਸਿੱਧੇ ਹੀ ਆਪਣਾ ਯੋਗਦਾਨ ਪਾਉਣ। ਇਹਨਾਂ ਦੀਆਂ ਬਸਤੀਆਂ ਵਿੱਚ ਵੱਧ ਤੋਂ ਵੱਧ ਧਾਰਮਿਕ ਪ੍ਰੋਗਰਾਮ ਉਲੀਕ ਕੇ ਸ਼ਿਕਲੀਗਰਾਂ ਦੀ ਪੰਥ ਵਾਪਸੀ ਕਰਵਾੳੇੁਣ ਦੇ ਯਤਨ ਕਰਈਏ। ਪੰਥ ਜੀ, ਜਾਗੋ ਪੰਜਾਬ ਅੰਦਰ ਸ਼ਿਕਲੀਗਰ ਭਾਈਚਾਰੇ ਵਿੱਚ ਹੋ ਰਹੇ ਧਰਮ ਪਰਿਵਰਤਨਾਂ, ਪਤਤਪੁਣਾ ਅਤੇ ਨਸ਼ੇ ਆਦਿ ਤੋਂ ਬਚਾਉਣ ਲਈ ਯੋਗ ਧਾਰਮਿਕ ਕਾਰਜ਼ ਕਰਨ ਲਈ ਤੱਤਪਰ ਹੋਈਏ।
ਨੋਟ:- ਹਰ ਸ਼ਿਕਲੀਗਰ ਇਲਾਕੇ ਦੀਆਂ ੧੦-੧੫ ਤਸਵੀਰਾਂ ਸੰਗਤਾਂ ਸਾਹਮਣੇ ਪੇਸ਼ ਹਨ।ਲੋੜ ਪੈਣ ਤੇ ਵਿਡੀਓ ਵੀ ਮੁਹਾਇਆ ਕਰਵਾਏ ਜਾ ਸਕਦੇ ਹਨ। ਪਰ ਸੰਗਤਾ ਇਹ ਵੇਖ ਕੇ ਸਾਡੇ ਸਮੇਤ ਕਿਸੇ ਵੀ ਜੱਥੇਬੰਦੀ ਨੂੰ ਦਸਵੰਧ ਦੇਣ ਦੀ ਬਜਾਏ ਸ਼ਿਕਲੀਗਰਾਂ ਨਾਲ ਸਿੱਧਾ ਸੰਪਰਕ ਕਰਨ ਤਾਂ ਕਿ ਸ਼ਿਕਲੀਗਰਾਂ ਲਈ ਸਹੀਂ ਭਲਾਈ ਕਾਰਜ ਹੋ ਸਕਣ।
- ਲੇਖਕ
ਗੁਰਦਰਸ਼ਨ ਸਿੰਘ ਬਟਾਲਾ