ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਜਲਦ ਬਾਅਦ
ਵਿਦਵਾਨ, ਯੋਧਾ ਅਤੇ ਅੰਮ੍ਰਿਤਸਰ ਦੀ ਮਰਿਆਦਾ ਬੰਨ੍ਹਣ ਵਾਲੇ ਸਿੰਘ ਭਾਈ ਮਨੀ ਸਿੰਘ
(੧੬੧੪-੧੭੩੭) ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਚਿਤੇਰੇ ਕਿਰਪਾਲ ਸਿੰਘ ਨੇ ਬੰਦ ਬੰਦ
ਕੱੱਟੇ ਜਾਣ ਦੇ ਸਮੇਂ ਨੂੰ ਚਿਤਵਦਿਆਂ ਇੱਕ ਚਿੱਤਰ ਤਿਆਰ ਕੀਤਾ ਜੋ ੧੯੫੭ ਦਾ ਬਣਿਆ ਹੋਇਆ
ਹੈ। ਇਹ ਤੇਤੀ ਗੁਣਾਂ ਤਰਤਾਲੀ ਇੰਚ ਦਾ ਹੈ। ਭਾਈ ਮਨੀ ਸਿੰਘ ਦੀ ਸ਼ਹੀਦੀ ਦਰਸਾਉਣ ਵਾਲਾ
ਸੰਭਵ ਤੌਰ 'ਤੇ ਇਹ ਪਹਿਲਾ ਚਿੱਤਰ ਹੈ। ਇਸ ਦਾ ਮਹੱਤਵ ਇਹ ਵੀ ਹੈ ਕਿ ਕਿਸੇ ਦੂਜੇ ਫ਼ਨਕਾਰ
ਨੇ ਇਸ ਤ੍ਰਾਸਦੀ ਨੂੰ ਵਿਸ਼ਾ ਬਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਨਹੀਂ ਕੀਤਾ। ਭਾਈ ਮਨੀ ਸਿੰਘ
ਦੇ ਬਚਪਨ ਦਾ ਨਾਂ ਮਨੀ ਰਾਮ (ਮਨੀਆ ਵੀ ਕਹਿ ਲੈਂਦੇ ਸਨ) ਸੀ। ਪਿਤਾ ਰਾਓ ਮਾਈ ਦਾਸ ਅਤੇ
ਮਾਤਾ ਮਦਰੀ ਬਾਈ (ਲੱਖੀ ਸ਼ਾਹ ਵਣਜਾਰਾ ਦੀ ਧੀ) ਸੀ। ਮਨੀ ਰਾਮ ਆਪਣੇ ਬਾਰਾਂ ਭਰਾਵਾਂ
ਵਿੱਚੋਂ ਇੱਕ ਸੀ।
ਪਿਤਾ ਤੇਰ੍ਹਾਂ ਸਾਲ ਦੀ ਉਮਰ ਵਿੱਚ ਮਨੀ ਰਾਮ ਨੂੰ ਗੁਰੂ ਹਰਿਰਾਏ
ਪਾਸ ਲਿਆਏ ਸਨ। ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵੱਲ ਰਵਾਨਗੀ ਸਮੇਂ ਭਾਈ ਮਤੀ ਦਾਸ, ਭਾਈ
ਸਤੀ ਦਾਸ ਅਤੇ ਭਾਈ ਦਿਆਲਾ ਵੀ ਉਨ੍ਹਾਂ ਦੇ ਨਾਲ ਸਨ। ਉਬਲਦੀ ਦੇਗ ਵਿੱਚ ਬੈਠਣ ਵਾਲੇ ਭਾਈ
ਦਿਆਲਾ, ਭਾਈ ਮਨੀ ਰਾਮ (ਸਿੰਘ) ਦੇ ਭਰਾ ਸਨ।
੧੬੯੯ ਨੂੰ ਗੁਰੂ ਗੋਬਿੰਦ ਸਿੰਘ
ਹੱਥੋਂ ਅੰਮ੍ਰਿਤਪਾਨ ਕਰਨ ਉਪਰੰਤ ਉਹ ਮਨੀ ਸਿੰਘ ਬਣੇ। ਇਸ ਉਪਰੰਤ ਗੁਰੂ ਜੀ ਨੇ ਉਨ੍ਹਾਂ
ਨੂੰ ਅੰਮ੍ਰਿਤਸਰ ਦੀ ਸੇਵਾ ਹਿੱਤ ਉੱਥੇ ਭੇਜ ਦਿੱਤਾ ਕਿਉਂਕਿ ੧੬੯੬ ਤੋਂ ਉੱਥੇ ਕੋਈ ਨਹੀਂ
ਸੀ। ਉਹ ਬਾਣੀ ਗਿਆਤਾ ਦੇ ਨਾਲ-ਨਾਲ ਬਾਣੀ ਵਿਆਖਿਆਕਾਰ ਵੀ ਸਨ। ਇਸ ਤੋਂ ਇਲਾਵਾ ਉਹ ਇੱਕ
ਯੋਧਾ ਵੀ ਸਨ। ਉਨ੍ਹਾਂ ਨੇ ਭੰਗਾਣੀ ਅਤੇ ਨਦੌਣ ਦੀਆਂ ਜੰਗਾਂ ਵਿੱਚ ਹਿੱਸਾ ਲਿਆ।
ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡ ਕੇ ਦਮਦਮਾ ਸਾਹਿਬ ਆਏ ਤਾਂ ਉਨ੍ਹਾਂ ਨੂੰ ਵੀ ਉੱਥੇ
ਸੱਦ ਲਿਆ। ਗੁਰੂ ਸਾਹਿਬ ਨੇ ਬੋਲ ਕੇ ਆਦਿ ਗ੍ਰੰਥ ਦੇ ਉਤਾਰੇ ਤਿਆਰ ਕਰਵਾਏ ਸਨ। ਭਾਈ
ਗੁਰਦਾਸ ਦੀਆਂ ਵਾਰਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ 'ਗਿਆਨ ਰਤਨਾਵਲੀ' ਦੀ ਰਚਨਾ ਕੀਤੀ।
'ਭਗਤ ਰਤਨਾਵਲੀ' ਦੀ ਰਚਨਾ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਰਚਨਾ ਨੂੰ ਇੱਕ
ਥਾਂ ਇਕੱਤਰ ਕਰ ਕੇ ਉਸ ਨੂੰ 'ਦਸਮ ਗ੍ਰੰਥ' ਦਾ ਸਰੂਪ ਦਿੱਤਾ। ਕਲਮ ਚਲਾਉਣ ਵਾਲੇ ਹੱਥਾਂ
ਨੇ ਤੇਗ ਵੀ ਵਾਹੀ ਅਤੇ ਫਿਰ ਆਪਣੀਆਂ ਉਗਲਾਂ ਦੇ ਪੋਟੇ-ਪੋਟੇ ਨੂੰ ਕਟਵਾਇਆ। ਚਿੱਤਰਕਾਰ
ਕਿਰਪਾਲ ਸਿੰਘ ਦਾ ਚਿੱਤਰ ਪੋਟਾ-ਪੋਟਾ ਕੱਟਣ ਦੀ ਕਾਰਵਾਈ ਦੀ ਸ਼ੁਰੂਆਤ ਤੋਂ ਖਿਣ ਭਰ
ਪਹਿਲਾਂ ਦਾ ਬਿੰਬ ਸਾਕਾਰ ਕਰਦਾ ਹੈ।
ਚਿੱਤਰ ਅਤੇ ਇਤਿਹਾਸ ਨਾਲੋਂ-ਨਾਲ ਚਲਦਾ ਹੈ ਕਿਉਂਕਿ ਇਸ ਚਿੱਤਰ ਦੇ ਪਿਛੋਕੜ ਵਿੱਚ ਘਟਨਾਵਾਂ ਦੀ ਲੜੀ ਹੈ। ਚਿੱਤਰ ਕਲਪਨਾ ਆਧਾਰਿਤ ਨਹੀਂ।
ਘਟਨਾ ੧੭੩੭ ਦੀ ਹੈ। ਭਾਈ ਮਨੀ ਸਿੰਘ ਚਾਹੁੰਦੇ ਸਨ ਕਿ ਇਸ ਸਾਲ ਸਾਰੇ ਸਿੱਖ ਮਿਲ ਕੇ
ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਮਨਾਉਣ। ਵੇਲੇ ਦਾ ਹੁਕਮਰਾਨ ਜਕਰੀਆ ਖ਼ਾਨ ਲਾਹੌਰ ਦਾ
ਗਵਰਨਰ ਹੈ। ਭਾਈ ਮਨੀ ਸਿੰਘ ਇਹ ਸੁਨਿਸ਼ਚਿਤ ਕਰਨ ਵਾਸਤੇ ਕਿ ਆਉਣ-ਜਾਣ ਵਾਲੇ ਕਿਸੇ ਸਿੱਖ
ਨੂੰ ਕੋਈ ਤਕਲੀਫ਼ ਨਾ ਹੋਵੇ, ਜਕਰੀਆ ਖ਼ਾਨ ਤੋਂ ਵਚਨ ਲੈਣਾ ਚਾਹੁੰਦੇ ਹਨ। ਸੁਰੱਖਿਅਤ ਲਾਂਘਾ
ਦੇਣ ਬਦਲੇ ਹਾਕਮ ਵੱਲੋਂ ਪੰਜ ਹਜ਼ਾਰ ਦੀ ਮੰਗ ਕੀਤੀ ਜਾਂਦੀ ਹੈ ਜਿਸ ਨੂੰ ਸਵੀਕਾਰ ਕਰ ਲਿਆ
ਜਾਂਦਾ ਹੈ। ਪਰ ਜ਼ਕਰੀਆ ਖ਼ਾਨ ਅਤੇ ਦਿਵਾਨ ਲੱਖਪਤ ਰਾਏ ਆਪਣੇ ਮਨਸੂਬੇ ਮੁਤਾਬਿਕ ਆ ਜਾ ਰਹੇ
ਅਤੇ ਅੰਮ੍ਰਿਤਸਰ ਇਕੱਠੇ ਹੋਣ ਵਾਲੇ ਸਿੱਖਾਂ ਨੂੰ ਘੇਰ ਕੇ ਮਾਰਨ ਦੀ ਸਾਜ਼ਿਸ਼ ਕਰਦੇ ਹਨ
ਜਿਸ ਦਾ ਪਤਾ ਭਾਈ ਮਨੀ ਸਿੰਘ ਨੂੰ ਲੱਗ ਜਾਂਦਾ ਹੈ। ਨਸਲਕੁਸ਼ੀ ਦੇ ਬਚਾਅ ਹਿੱਤ ਉਹ ਸਿੱਖ
ਜੱਥੇਬੰਦੀਆਂ ਨੂੰ ਪਹਿਲਾਂ ਹੀ ਦੱਸ ਦਿੰਦੇ ਹਨ। ਇਸ ਕਾਰਨ ਬਹੁਤ ਘੱਟ ਸਿੱਖ ਉਥੇ ਪਹੁੰਚਦੇ
ਹਨ।
ਦੀਵਾਲੀ ਉਪਰੰਤ ਜ਼ਕਰੀਆ ਖ਼ਾਨ ਮਾਇਆ ਦੀ ਮੰਗ ਕਰਦਾ ਹੈ, ਪਰ ਸਿੱਖਾਂ ਦੇ ਨਾ ਆਉਣ
ਕਾਰਨ ਮਾਇਆ ਇਕੱਠੀ ਨਾ ਹੋ ਸਕੀ। ਸਾਰੀ ਸਥਿਤੀ ਭਾਈ ਮਨੀ ਸਿੰਘ ਨੇ ਜ਼ਕਰੀਆ ਖ਼ਾਨ ਨੂੰ ਦੱਸ
ਦਿੱਤੀ। ਹਾਕਮ ਇਹ ਜਾਣ ਕੇ ਚਿੜ ਗਿਆ ਸੀ ਕਿਉਂਕਿ ਇੱਕ ਤਾਂ ਉਹ ਸਿੱਖਾਂ ਨੂੰ ਆਪਣੀ
ਵਿਉਂਤ ਅਨੁਸਾਰ ਮਾਰਨ ਵਿੱਚ ਅਸਫਲ ਰਿਹਾ। ਦੂਜਾ, ਉਸ ਨੂੰ ਮੁੰਹ ਮੰਗੇ ਪੈਸੇ ਵੀ ਨਾ
ਮਿਲੇ। ਫਲਸਰੂਪ, ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਰਨ ਦਾ ਹੁਕਮ ਦਿੱਤਾ ਗਿਆ।
ਉਨ੍ਹਾਂ ਨੂੰ ਫੜ ਕੇ ਲਾਹੌਰ ਲਿਜਾਇਆ ਗਿਆ। ਕਾਜੀ ਨੇ ਸ਼ਰੀਅਤ ਅਨੁਸਾਰ ਸਜ਼ਾ ਸੁਣਾaਂਦਿਆਂ
ਦੋਸ਼ੀ ਦਾ ਬੰਦ-ਬੰਦ ਕੱਟ ਕੇ ਮਾਰਨ ਲਈ ਕਿਹਾ।
ਭਾਈ ਮਨੀ ਸਿੰਘ ਨੂੰ ਨਖਾਸ ਚੌਂਕ,
ਲਾਹੌਰ ਵਿਖੇ ਜਨ ਸਮੂਹ ਸਾਹਮਣੇ ਸ਼ਹੀਦ ਕੀਤਾ ਗਿਆ। ਕਿਰਪਾਲ ਸਿੰਘ ਨੇ ਉਸੇ ਅਨੁਰੂਪ ਚਿੱਤਰ
ਦਾ ਵਾਤਾਵਰਨ ਰਚਿਆ ਹੈ। ਜਗ੍ਹਾ ਖੁਲ੍ਹੇ ਆਕਾਸ਼ ਵਾਲੀ ਹੈ। ਭਾਈ ਮਨੀ ਸਿੰਘ ਚੌਂਕੜਾ ਮਾਰੀ
ਬੈਠੇ ਹਨ। ਸਿਰ ਸਫ਼ੈਦ ਕੇਸਾਂ ਦਾ ਭਰਵਾਂ ਜੂੜਾ ਹੈ ਅਤੇ ਖੁਲ੍ਹਾ ਦਾਹੜਾ ਹੈ। ਦੇਹ ਉਪਰ
ਕੋਈ ਵਸਤਰ ਨਹੀਂ। ਤੇੜ ਸਫ਼ੈਦ ਕਛਹਿਰਾ ਹੈ। ਉਨ੍ਹਾਂ ਦੇ ਕਰੀਬ ਸੱਜੇ ਵੱਲ ਜਲ਼ਾਦ ਗੋਡਿਆਂ
ਭਾਰ ਬੈਠਾ ਹੈ ਜਿਸ ਦੇ ਸੱਜੇ ਹੱਥ ਟੋਕਾ ਹੈ ਅਤੇ ਆਪਣੇ ਖੱਬੇ ਹੱਥ ਨਾਲ ਭਾਈ ਮਨੀ ਸਿੰਘ
ਦੀ ਸੱਜੀ ਬਾਂਹ ਨੂੰ ਗੁੱਟ ਤੋਂ ਘੁੱਟ ਕੇ ਫੜਿਆ ਹੋਇਆ ਹੈ। ਜਲ਼ਾਦ ਦੇ ਟੋਕੇ ਵਾਲੇ ਹੱਥ ਦੀ
ਪਕੜ ਦੇਖਣ ਨੂੰ ਓਨੀ ਮਜ਼ਬੂਤ ਨਹੀਂ ਲੱਗਦੀ ਜਿੰਨੀ ਬਾਂਹ ਵਾਲੀ ਪਕੜ ਮਹਿਸੂਸ ਹੋ ਰਹੀ ਹੈ।
ਨੇੜ ਨਿਰੀਖਣ ਰਾਹੀਂ ਭੇਤ ਸਪਸ਼ਟ ਹੋ ਜਾਂਦਾ ਹੈ ਕਿਉਂਕਿ ਜਲ਼ਾਦ ਦੀ ਖੱਬੀ ਬਾਂਹ ਦੀਆਂ
ਮਾਸਪੇਸ਼ੀਆਂ ਵਿੱਚ ਖਿਚਾਅ ਹੈ। ਉਸ ਨੂੰ ਅੰਦਰੋਂ-ਅੰਦਰ ਡਰ ਹੈ ਅਤੇ ਮਰਨ ਤੋਂ ਡਰਦਾ ਮਾਰਾ
ਕਾਫ਼ਿਰ ਆਪਣੀ ਬਾਂਹ ਪਿੱਛੇ ਨਾ ਖਿੱਚ ਲਵੇ। ਸਮਾਂ ਤਣਾਅ ਦਾ ਲੱਗਦਾ ਹੈ ਪਰ ਹੈ ਨਹੀਂ
ਕਿਉਂਕਿ ਦੋਵਾਂ ਵਿੱਚ ਤਕਰਾਰ ਨਹੀਂ। ਜੇ ਮਾਰਨ ਵਾਲਾ ਤਿਆਰ ਹੈ ਤਾਂ ਮਰਨ ਵਾਲਾ ਉਸ ਤੋਂ
ਵੱਧ ਤਿਆਰ ਹੈ। ਕਿੰਤੂ ਮਰਨ ਵਾਲੇ ਵੱਲੋਂ ਕੀਤਾ ਜਾ ਰਿਹਾ ਕਿ ਜਲ਼ਾਦ ਹੁਕਮ ਦੀ ਮੂਲ ਭਾਵਨਾ
ਨੂੰ ਸਮਝਣੋਂ ਅਸਮਰੱਥ ਹੈ ਕਿਉਂਕਿ ਉਹ ਬੰਦ ਬੰਦ ਕੱਟਣ ਦੇ ਆਦੇਸ਼ ਨੂੰ ਗੁੱਟ ਤੋਂ ਕੱਟਣਾ
ਸਮਝਦਾ ਹੈ। ਚਿੱਤਰ ਵਿੱਚ ਦੋਵੇਂ ਧਿਰਾਂ ਬਿਲਕੁਲ ਕੋਲ ਕੋਲ ਹਨ। ਜ਼ਮੀਨ ਉਪਰ ਹੋਈ
ਪਲੇਸਮੈਂਟ ਅਨੁਸਾਰ ਭਾਈ ਜੀ ਜ਼ਰਾ ਕੁ ਉਚੇਰੇ ਲੱਗਦੇ ਹਨ। ਤਾਹੀਓਂ ਅੱਖਾਂ ਵਿੱਚ ਅੱਖਾਂ ਪਾ
ਮਰਨ ਵਾਲਾ ਮਾਰਨ ਵਾਲੇ ਨੂੰ ਆਪਣੀ ਗੱਲ ਸਮਝਾ ਰਿਹਾ ਹੈ ਕਿ 'ਬੰਦ ਬੰਦ ਕੱਟਣ' ਦਾ ਕੀ
ਅਰਥ ਹੁੰਦਾ ਹੈ ਜਿਸ ਨੂੰ ਸੁਣ ਨੰਗੇ ਪਿੰਡੇ ਆਪਣੇ ਗੋਡਿਆਂ ਭਾਰ ਬੈਠਾ ਜਲ਼ਾਦ ਹੈਰਾਨ ਹੋ
ਜਾਂਦਾ ਹੈ ਕਿਉਂਕਿ ਮਰਨ ਵਾਲਾ ਤੈਅ ਕਰ ਰਿਹਾ ਹੈ ਉਸ ਨੂੰ ਕਿਵੇਂ ਮਾਰਿਆ ਜਾਵੇ। ਦੂਜੇ
ਅਰਥਾਂ ਵਿੱਚ ਕਾਜ਼ੀ ਦੇ ਫ਼ੁਰਮਾਨ ਨੂੰ ਜਲ਼ਾਦ ਨੇ ਨਹੀਂ ਨਹੀਂ ਸਗੋਂ ਮਜ਼ਲੂਮ ਨੇ ਸਮਝਿਆ ਹੈ।
ਚਿੱਤਰ ਵਿੱਚ ਦੋ ਹੀ ਕਿਰਦਾਰ ਹਨ ਜਿਹੜੇ ਇੱਕ ਦੂਜੇ ਦੇ ਆਹਮੋਂ ਸਾਹਮਣੇ ਹਨ। ਜਲ਼ਾਦ ਭੁਰਾ
ਸਿਆਹ ਹੈ। ਚਿਹਰੇ ਉਪਰ ਕਾਟਵੀਂ ਦਾਹੜੀ ਅਤੇ ਡੂੰਘੀਆਂ ਅੱਖਾਂ ਉਸ ਨੂੰ ਡਰਾਵਣਾ
ਬਣਾਉਂਦੀਆਂ ਹਨ, ਪਰ ਉਸ ਦਾ ਸਾਹਮਣਾ ਬਿਲਕੁਲ ਵਿਪਰੀਤ ਚਿਹਰੇ ਮੇਹਰੇ ਨਾਲ ਹੋ ਰਿਹਾ ਹੈ।
ਦ੍ਰਿਸ਼ ਕਾਰਜ ਸ਼ੁਰੂ ਹੋਣ ਤੋਂ ਐਨ ਪਹਿਲਾਂ ਦਾ ਹੈ। ਬੰਦ ਬੰਦ ਕੱਟਦਿਆਂ ਦਾ ਨਹੀਂ।
ਲਹੂਹੀਣ ਦਿੱਸ ਰਿਹਾ ਲੱਕੜ ਦਾ ਗੋਲ ਟੁਕੜਾ (ਜਿਸ ਊਪਰ ਹੱਥ ਫੜ ਕੇ ਟਿਕਾਇਆ ਹੋਇਆ ਹੈ)
ਅਗਲੇ ਆਉਣ ਵਾਲੇ ਪਲੀ ਲਹੂ ਨਾਲ ਸਿੱਜਿਆ ਜਾਵੇਗਾ ਅਤੇ ਉਸ ਦਾ ਆਲਾ ਦੁਆਲਾ ਮਾਸ ਮਿੱਝ ਦੇ
ਨਿੱਕੇ ਵੱਡੇ ਟੁਕੜਿਆਂ ਨਾਲ ਭਰ ਜਾਵੇਗਾ।
ਉਹ ਮੰਜਰ ਹੌਲਨਾਕ ਹੀ ਹੋਵੇਗਾ। ਇਸ ਦਾ
ਸੰਕੇਤ ਰਚਨਾ ਵਿੱਚ ਹਾਜਰ ਹੈ। ਧੁਰ ਸੱਜੇ ਵੱਲ ਖੜ੍ਹੇ ਬੰਦੀ ਸਿੰਘਾਂ ਪ੍ਰਤੀ ਕਾਜ਼ੀ ਅਤੇ
ਜਲ਼ਾਦਾਂ ਦਾ ਵਿਹਾਰ ਮਨੀ ਸਿੰਘ ਤੋਂ ਭਿੰਨ ਹੋਣ ਵਾਲਾ ਨਹੀਂ।
ਹੁਕਮ ਚਾੜ੍ਹਨ ਵਾਲਾ
ਵਾਲਾ ਕਾਜ਼ੀ, ਜਲ਼ਾਦ ਦੇ ਬਿਲਕੁਲ ਪਿੱਛੇ ਖੜ੍ਹਾ ਹੈ। ਉਸ ਦਾ ਖ਼ਾਸ ਅੰਦਾਜ਼ ਹੋਰਾਂ ਨਾਲੋਂ
ਵੱਖਰਾ ਹੈ। ਲੱਤਾਂ ਫੈਲਾ ਕੇ ਖੜ੍ਹੇ ਕਾਜ਼ੀ ਦੇ ਬਗਲ ਕੁਰਾਨ ਹੈ। ਦੂਜੇ ਹੱਥ ਦੀ ਹਰਕਤ ਨਾਲ
ਉਹ ਆਪਣੇ ਕਹੇ ਬੋਲਾਂ ਨੂੰ ਜੋਰਦਾਰ ਹੱਥ ਸੰਕੇਤ ਨਾਲ ਸਮਝਾ ਰਿਹਾ ਹੈ। ਉਸ ਦੇ ਗਲ
ਖੁੱਲ੍ਹਾ ਚੋਲਾ, ਤੇੜ ਸਲਵਾਰ ਅਤੇ ਪੈਰੀਂ ਜੁੱਤੀਆਂ ਹਨ। ਸਿਰ ਕੁੱਲੇਦਾਰ ਪਗੜੀ ਲੱਥੇ
ਚਿਹਰੇ ਦੀਆਂ ਅੱਡੀਆਂ ਅੱਖਾਂ ਅਤੇ ਕੱਟੀ ਹੋਈ ਮਹਿੰਦੀ ਰੰਗੀ ਦਾਹੜੀ, ਖ਼ੁਸ਼ਗਵਾਰ ਅਸਰ ਨਹੀਂ
ਦੇ ਰਹੀ। ਇਹਦੇ ਗਲ ਦੁਆਲੇ ਤਸਬੀਆਂ ਇਹਦੇ ਸਮਾਜਿਕ, ਰਾਜਸੀ ਅਹੁਦੇ ਵੱਲ ਇਸ਼ਾਰਾ ਕਰਦੀਆਂ
ਹਨ। ਉਹ ਧਰਮੀ ਹੈ, ਪਰ ਇੱਕ ਵਰਗ ਦਾ। ਉਸ ਦੀ ਕਾਰਜ ਸ਼ੈਲੀ ਨਿਆਂ ਦੇਣ ਵਾਲੀ ਨਹੀਂ ਸਗੋਂ
ਆਪਣੇ ਵਿਰੋਧੀ ਦਾ ਜੀਵਨ ਲੈਣ ਵਾਲੀ ਹੈ। ਕਾਜ਼ੀ ਦੀ ਸ਼ਰੀਰਕ ਭਾਸ਼ਾ ਤਾਕਤ ਦੇ ਨਾਲ ਨਾਲ
ਨਿਰਣਾ ਦੇਣ ਵਾਲੇ ਦੀ ਦ੍ਰਿੜਤਾ ਦਰਸਾਉਂਦੀ ਹੈ।
ਕਾਜ਼ੀ ਅਤੇ ਜਲਾਦ ਤੋਂ ਇਲਾਵਾ ਲੰਮਾ
ਚੌੜਾ ਹਥਿਆਰਾਂ ਨਾਲ ਲੈਸ ਸਿਪਾਹੀ ਨਿਗਰਾਨ ਵਜੋਂ ਖੜ੍ਹਾ ਹੈ। ਇਹਦੀ ਪਿੱਠ ਦਰਸ਼ਕਾਂ ਵੱਲ
ਹੈ। ਜ਼ਾਹਿਰ ਹੈ ਹਾਕਮ ਧਿਰ ਦਾ ਕਰਿੰਦਾ ਹੋਣ ਕਰਕੇ ਦਇਆਵਾਨ ਤਾਂ ਨਹੀਂ ਹੋ ਸਕਦਾ। ਕਾਜ਼ੀ
ਦੇ ਪਿੱਛੇ ਪਤਲਾ ਜਿਹਾ ਹਿੰਦੂ ਮੁਸਲਮਾਨਾ ਦਾ ਦਰਸ਼ਕ ਸਮੂਹ ਹੈ। ਇਨ੍ਹਾਂ ਦੇ ਹਾਵ-ਭਾਵ
ਸਾਧਾਰਨ ਨਹੀਂ। ਇਹ ਸਾਦੇ ਜਿਹੇ ਨੰਗੇ ਧੜ ਪੋਟਾ ਪੋਟਾ ਕੱਟੇ ਜਾਣ ਵਾਲੇ ਨੂੰ ਦੇਖਣ ਆਏ
ਹਨ, ਪਰ ਜੋ ਦੇਖਣ ਨੂੰ ਮਿਲੇਗਾ ਉਹ ਹੌਲਨਾਕ ਅਤੇ ਭੈਅ ਭਤਿ ਕਰਨ ਵਾਲਾ ਹੋਵੇਗਾ। ਇਹ ਲੋਕ
ਵੀ ਕੋਮਲ ਭਾਵੀਂ, ਸੱਭਿਆਚਾਰੀ ਪ੍ਰਤੀਤ ਨਹੀਂ ਹੋ ਰਹੇ। ਭਾਈ ਮਨੀ ਸਿੰਘ ਨੂੰ ਚੌਰਾਹੇ
ਬਿਠਾ ਕੇ ਕਤਲ ਕੀਤਾ ਜਾਣਾ ਹੈ, ਪਰ ਇਸ ਤੋਂ ਪਹਿਲਾਂ ਉਹ ਕੈਦੀ ਵਜੋਂ ਕਿਲੇ ਵਿੱਚ ਰੱਖੇ
ਗਏ ਸਨ। ਉਸੇ ਇਮਾਰਤ ਦਾ ਵਿਸ਼ਾਲ ਹਿੱਸਾ ਚਿੱਤਰ ਵਿੱਚ ਦ੍ਰਿਸ਼ਮਾਨ ਹੈ। ਇਸ ਨੂੰ ਬਣਾਉਂਦੇ
ਸਮੇਂ ਪੇਂਟਰ ਦੇ ਮਨ ਵਿੱਚ ਕੀ ਵਿਚਾਰ ਰਹੇ ਹੋਣਗੇ, ਪਤਾ ਨਹੀਂ। ਮਜ਼ਬੂਤ, ਚੌੜੀ ਪੱਥਰਾਂ
ਦੀ ਦੀਵਾਰ ਪਿਛਾਂਹ ਵੱਲ ਨੂੰ ਜਾਂਦੀ ਜਾਂਦੀ ਆਪਣਾ ਰੂਪ ਅਤੇ ਆਕਾਰ ਗੁਆ ਲੈਂਦੀ ਹੈ। ਇਹ
ਦਰਸ਼ਕਾਂ ਦੇ ਪਿਛੋਕੜ ਦਾ ਕੰਮ ਸਾਰ ਸਕਦੀ ਸੀ, ਪਰ ਹਲਕੇ ਨੀਲੇ ਭੂਰੇ, ਸਲੇਟੀ ਰੰਗਾਂ ਦੇ
ਮਿਸ਼ਰਣ ਵਿੱਚ ਦੂਰ ਦੀ ਤਫ਼ਸੀਲ ਅਤੇ ਪੱਥਰਾਂ ਦੀ ਫ਼ਸੀਲ ਆਪਣੀ ਹੋਂਦ ਗੁਆ ਲੈਂਦੀ ਹੈ। ਇਸ
ਧੁਆਖੇ ਪਿਛੋਕੜ ਵਿੱਚੋਂ ਇੱਕ ਗੁੰਬਦ ਦਾ ਆਭਾਸ ਹੁੰਦਾ ਹੈ। ਇਹ ਮਸਜਿਦ ਹੋ ਸਕਦੀ ਹੈ।
ਚਿੱਤਰਕਾਰ ਮਹਿਤਾਬ ਪੂਰੀ ਬਣਾ ਸਕਦਾ ਸੀ। ਉਸ ਨੂੰ ਵਧੇਰੇ ਸਪਸ਼ਟਤਾ ਦੇ ਸਲਦਾ ਸੀ, ਪਰ
ਵਸਤੂ ਸਥਿਤੀ ਦਾ ਚਿਤਰਣ ਨੇੜਿਓ ਹੋਣ ਸਦਕਾ ਏਦਾਂ ਹੋਇਆ ਹੈ। ਵਿਸ਼ਾਲਤਾ ਮਜ਼ਬੂਤੀ ਅਤੇ
ਸਥਿਰਤਾ ਦਾ ਸੰਕੇਤ ਹੈ। ਇਹ ਇਮਾਰਤ ਦੇ ਨਾਲੋਂ-ਨਾਲ ਸੱਤਾ ਉਪਰ ਲਾਗੂ ਹੁੰਦਾ ਹੈ। ਸੱਤਾ
ਨਿਰਮਮਤਾ ਦੀ ਹਾਮੀ ਰਹਿੰਦੀ ਆਈ ਹੈ। ਇਸ ਚਿੱਤਰ ਵਿੱਚ ਇਹੋ ਲਖਸ਼ਿਤ ਹੋ ਰਿਹਾ ਹੈ।
ਦਰਵਾਜ਼ੇ ਦੀ ਮਹਿਤਾਬ ਦੇ ਬਾਹਰ ਵੱਲ ਮਨੀ ਸਿੰਘ ਨੂੰ ਬਿਠਾ ਕੇ ਆਮ ਲੋਕਾਂ ਦੇ ਸਾਹਮਣੇ ਬੰਦ
ਬੰਦ ਕੱਟਦਾ ਹੈ। ਦੇਖਣ ਆਏ ਲੋਕਾਂ ਦੇ ਚਿਹਰੇ ਮੇਹਰਿਆਂ ਦੇ ਹਾਵ ਭਾਵ ਜ਼ਾਹਿਰ ਨਹੀਂ ਹੋ
ਰਹੇ ਕਿਉਂਕਿ ਉਸ ਉਦੇਸ਼ ਅਨੁਸਾਰ ਉਨ੍ਹਾਂ ਨੂੰ ਚਿਤਰਿਤ ਨਹੀਂ ਕੀਤਾ। ਇਨ੍ਹਾਂ ਦਾ ਹੋਣਾ ਨਾ
ਹੋਣਾ ਇੱਕੋ ਜਿਹਾ ਹੈ ਕਿਉਂਕਿ ਕੁਝ ਕਰਨੋਂ ਅਸਮਰੱਥ ਹਨ। ਸੱਤਾਧਾਰੀ ਧਿਰ ਅਤੇ ਉਸ ਵੱਲੋਂ
ਦਿੱਤੀ ਜਾ ਰਹੀ ਮੌਤ ਦੇ ਤਰੀਕੇ ਨੇ ਉਨ੍ਹਾਂ ਨੂੰ ਪਥਰਾਅ ਦਿੱਤਾ ਹੈ। ਦ੍ਰਿਸ਼ ਤੋਂ ਹਟ
ਜਾਣ ਬਾਅਦ ਸੰਭਵ ਹੈ ਕਿ ਉਨ੍ਹਾਂ ਦੇ ਬੋਲ ਪਰਤ ਆਉਣ। ਦ੍ਰਿਸ਼ ਦੇ ਕੇਂਦਰ ਵਿੱਚ ਭਾਈ ਮਨੀ
ਸਿੰਘ ਹਨ। ਇਹ ਪ੍ਰਭਾਵ ਦੋਹਰਾ ਹੈ। ਇੱਕ ਤਾਂ ਉਹ ਜੋ ਪੇਂਟਿੰਗ ਫਰੇਮ ਵਿੱਚ ਮੌਜੂਦ ਹਨ
ਅਤੇ ਦੂਜਾ ਉਹ ਪੇਂਟਿੰਗ ਦੇ ਬਾਹਰ ਰਹਿ ਕੇ ਪੇਂਟਿੰਗ ਨੂੰ ਦੇਖ ਰਹੇ ਹਨ ਭਾਵ ਦਰਸ਼ਕ।
ਭਾਈ ਮਨੀ ਸਿੰਘ ਦੇ ਸਰੀਰ ਦਾ ਰੰਗ ਹੋਰਾਂ ਨਾਲੋਂ ਵਧੇਰੇ ਸਾਫ਼ ਹੈ। ਪੂਰਾ ਸਰੀਰ ਗਠੀਲਾ
ਅਤੇ ਇਕਹਿਰਾ ਹੈ। ਉਹ ਕਈ ਯੁੱਧਾਂ ਦੇ ਯੋਧੇ ਰਹਿ ਚੁੱਕੇ ਹਨ। ਸਫ਼ੈਦ ਕੇਸ ਅਤੇ ਦਾਹੜਾ ਵੀ
ਉਨ੍ਹਾਂ ਦੀ ਕਿੱਚ ਨੂੰ ਵਧਾਉਂਦਾ ਹੈ। ਉਹ ਜ਼ਮੀਨ ਉਪਰ ਹੀ ਚੌਂਕੜਾ ਮਾਰ ਕੇ ਬੈਠੇ ਹੋਏ ਹਨ।
ਜਲ਼ਾਦ ਨਾਲ ਗੱਲਬਾਤ ਉਪਰੰਤ ਉਨ੍ਹਾਂ ਦੀ ਸਰੀਰਕ ਹਰਕਤ ਸਹਿਜ ਹੈ, ਕੋਈ ਨਾਟਕੀ ਹਾਵ-ਭਾਵ
ਨਹੀਂ ਹੈ। ਮਰਨਾ ਤਾਂ ਹੈ ਪਰ ਜਿਸ ਤਰ੍ਹਾਂ ਮਾਰੇ ਜਾਣ ਦਾ ਤਰੀਕਾ ਉਨ੍ਹਾਂ ਵੱਲੋਂ ਜੱਲ਼ਾਦ
ਤਾਈਂ ਸੁਣਾਇਆ ਗਿਆ, ਉਸ ਦੇ ਭੈਅ ਦਾ ਰਤਾ ਜਿੰਨਾ ਪਰਛਾਵਾਂ ਅੱਖਾਂ ਵਿੱਚ ਜਾਂ ਚਿਹਰੇ ਉਪਰ
ਨਹੀਂ ਹੈ।
ਯੁੱਧ ਭੂਮੀ ਵਿੱਚ ਵੀ ਭਾਈ ਮਨੀ ਸਿੰਘ ਧਰਮ ਰਾਖੀ ਹਿੱਤ ਲੜਦੇ ਰਹੇ ਅਤੇ
ਇਸ ਵਾਰ ਵੀ ਸਵੈ-ਧਰਮ ਦੀ ਰੱਖਿਆ ਹਿੱਤ ਖ਼ੁਦ ਨੂੰ ਮਰਵਾ ਰਹੇ ਹਨ। ਯੁੱਧ ਭੂਮੀ ਵਿੱਚ
ਦੋਵੇਂ ਧਿਰਾਂ ਹਥਿਆਰਾਂ ਨਾਲ ਲੈਸ ਹੁੰਦੀਆਂ ਸਨ। ਹੁਣ ਇੱਕ ਧਿਰ ਪਾਸ ਹਥਿਆਰ ਹੈ ਜਦੋਂਕਿ
ਦੂਜੀ ਪਾਸ ਸਬਰ, ਸ਼ਾਂਤੀ ਅਤੇ ਜਬਰ ਸਹਿਣ ਦੀ ਸ਼ਕਤੀ ਹੈ।
ਚਿੱਤਰ ਵਿਚਲੇ ਹਰ ਕਿਰਦਾਰ
ਦੀ ਨਿਗ੍ਹਾ ਭਾਈ ਮਨੀ ਸਿੰਘ ਉਪਰ ਟਿਕੀ ਹੋਈ ਹੈ। ਦੇਖੇ ਜਾਣ ਦਾ ਕਾਰਨ ਵਿਲੱਖਣ ਹੈ ਕਿਉਂ
ਜੋ ਮਾਰਨ ਵਾਲੇ ਨੇ ਪ੍ਰਚਲਿਤ ਤੋਂ ਵੱਖਰਾ ਅੰਦਾਜ਼ ਅਪਣਾਇਆ ਹੈ ਜਿਸ ਨੂੰ ਮਰਨ ਵਾਲੇ ਨੇ
ਹੋਰ ਸੂਖ਼ਮਤਾ ਦੇ ਦਿੱਤੀ ਹੈ।
ਇਸ ਚਿੱਤਰ ਵਿੱਚ ਭੀੜ ਨਾ ਸੰਘਣੀ ਹੈ ਅਤੇ ਨਾ ਹੀ ਉਸ
ਨੂੰ ਕੋਈ ਤੋਰਨ ਵਾਲਾ ਹੈ। ਦਰਸ਼ਕ ਰੂਪ ਵਿੱਚ ਜੋ ਚਾਰ ਛੇ ਲੋਕ ਹਨ, ਉਹ ਵੀ ਸਾਧਾਰਨ ਹਨ।
ਇਹ ਗਰੀਬ ਥੁੜ੍ਹੇ ਲੋਕ ਹਨ ਜਿਨ੍ਹਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ। ਸਬੰਧ ਤਾਂ ਭਾਈ
ਮਨੀ ਸਿੰਘ ਨਾਲ ਵੀ ਨਹੀਂ। ਉਹ ਮੁਜਰਿਮ ਦੇ ਹਮਾਇਤੀ ਜਾਂ ਹਮਦਰਦ ਵੀ ਨਹੀਂ। ਹਮਖ਼ਿਆਲ ਹੋਣਾ
ਤਾਂ ਦੂਰ ਦੀ ਗੱਲ ਹੈ। ਇੰਨਾ ਕੁ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰਾ ਕੁਝ ਦੇਖਣ ਤੋਂ
ਬਾਅਦ ਇਹ ਹੋਰਾਂ ਨੂੰ ਜਾ ਕੇ ਦੱਸਣਗੇ। ਅਜਿਹੇ ਬੋਲ ਹੀ ਲੋਕ ਇਤਿਹਾਸ ਦਾ ਆਧਾਰ ਬਣਦੇ
ਹਨ।
ਇਮਾਰਤੀ ਮਹਿਤਾਬ ਥੱਲੇ ਚਾਰ ਸਿੰਘਾਂ ਦਾ ਜੁਟ ਹੈ। ਜਿਨ੍ਹਾਂ ਦੇ ਸਿਰ ਦਸਤਾਰਾਂ,
ਗਲਾਂ ਵਿੱਚ ਚੋਲੇ ਅਤੇ ਤੇੜ ਕਛਹਿਰੇ ਹਨ। ਉਨ੍ਹਾਂ ਨੇ ਗਾਤਰੇ ਵੀ ਧਾਰੇ ਹੋਏ ਹਨ। ਇਹ
ਮਨੀ ਸਿੰਘ ਦੇ ਹਮਾਇਤੀ, ਹਮਖ਼ਿਆਲ, ਹਮਦਰਦ ਹਨ। ਨਿਸ਼ਚਿਤ ਹੈ ਕਿ ਅਗਲੀ ਵਾਰੀ ਇਨ੍ਹਾਂ
ਵਿੱਚੋਂ ਹੀ ਕਿਸੇ ਇੱਕ ਦੀ ਹੋਵੇਗੀ।
ਭੀੜ ਨੂੰ ਆਪਣੇ ਹਸ਼ਰ ਦਾ ਅੰਦਾਜ਼ਾ ਨਹੀਂ, ਪਰ
ਇਨ੍ਹਾਂ ਸਿੰਘਾਂ ਨੂੰ ਹੈ। ਹਾਕਮ ਵਾਸਤੇ ਸਿੰਘ ਸਦਾ ਖ਼ਤਰੇ ਦਾ ਕਾਰਨ ਹਨ। ਉਨ੍ਹਾਂ ਨੂੰ
ਖ਼ਤਮ ਕਰਨਾ ਮੁੱਖ ਉਦੇਸ਼ ਹੈ। ਉਨ੍ਹਾਂ ਦੀ ਵੱਖਰਤਾ ਇਸ ਭੀੜ ਜਿੰਨੀ ਕੁ ਵੀ ਹੈ। ਪਛਾਣੀ ਜਾ
ਸਕਦੀ ਹੈ। ਗੁਰੂ ਸਾਹਿਬਾਨ ਨੇ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਸਲਾਹਿਆ ਹੈ। ਗੁਰਬਾਣੀ
ਵੀ ਅਜਿਹੇ ਵਿਅਕਤੀ ਨੂੰ ਆਦਰਸ਼ ਵਿਅਕਤੀ ਸਵੀਕਾਰਦੀ ਹੈ। ਭਾਈ ਮਨੀ ਸਿੰਘ ਅਜਿਹੇ ਹੀ
ਵਿਅਕਤੀ ਹਨ। ਕਿਰਪਾਲ ਸਿੰਘ ਕੈਨਵਸ ਉਪਰ ਭਾਈ ਮਨੀ ਸਿੰਘ ਨੂੰ ਉਸੇ ਰੂਪ ਵਿੱਚ ਚਿਤਰਦਾ
ਹੈ। ਚਿੱਤਰਕਾਰ ਨੇ ਕੰਮ ਵਿੱਚ ਗੂੜ੍ਹੇ ਰੰਗਾਂ ਦੀ ਵਰਤੋਂ ਨਹੀਂ ਕੀਤੀ। ਜਿੱਥੇ-ਜਿੱਥੇ
ਨੀਲੇ ਰੰਗ ਦੀ ਵਰਤੋਂ ਹੋਈ ਹੈ, ਉਸ ਵਿੱਚ ਹੋਰ ਰੰਗ ਮਿਲਾ ਕੇ ਉਸ ਦੇ ਮੂਲ ਸੁਭਾਅ ਨੂੰ
ਦਬਾਇਆ ਗਿਆ ਹੈ।
ਭਾਈ ਮਨੀ ਸਿੰਘ ਅਵਤਾਰੀ ਪੁਰਖ ਨਹੀਂ। ਇਸ ਕਰਕੇ ਉਨ੍ਹਾਂ ਦੇ ਸਿਰ
ਦੁਆਲੇ 'ਹਾਲਾ' ਨਹੀਂ ਹੈ। ਹੋ ਵੀ ਨਹੀਂ ਸਕਦਾ, ਪਰ ਉਨ੍ਹਾਂ ਦਾ ਸਮੁੱਚਾ ਜੀਵਨ 'ਆਦਰਸ਼
ਜੀਵਨ' ਰਿਹਾ ਹੈ। ਲੱਗਦਾ ਹੈ ਕਿ ਚਿੱਤਰਕਾਰ ਨੇ ਆਪਣੀ ਤਰ੍ਹਾਂ ਉਨ੍ਹਾਂ ਦੇ ਗੁਣਾਂ ਅਤੇ
ਜੀਵਨ ਨੂੰ ਦਿੱਖ ਰਹੇ ਸਰੀਰ ਰਾਹੀਂ ਪੇਂਟ ਕੀਤਾ ਹੈ। ਸਰੀਰ ਨੂੰ ਉੱਜਲ ਰੂਪ ਦੇਣ ਹਿੱਤ
ਇੱਕ ਜੁਗਤ ਦੀ ਵਰਤੋਂ ਹੋਈ ਹੈ। ਮਹਿਤਾਬ ਥਾਣੀਂ ਆ ਰਹੀ ਲੋਅ ਭਾਈ ਮਨੀ ਸਿੰਘ ਦੀ ਪਿੱਠ
ਨੂੰ ਛੂਂਹਦਿਆਂ ਚਿੱਤਰ ਦੇ ਦੂਸਰੇ ਪਾਸਿa ਅਗਾਹ ਨਿਕਲ ਜਾਂਦੀ ਹੈ ਜਾਂ ਮੱਧਮ ਪੈ ਜਾਂਦੀ
ਹੈ। ਏਦਾਂ ਨੰਗੀ ਲੋਅ ਨੰਗੀ ਪਿੰਡੇ ਨੂੰ ਦਗ-ਦਗ ਕਰ ਦਿੰਦੀ ਹੈ।
'ਦੇਹ ਦਾ ਦਗ ਦਗ ਕਰਨਾ'
ਹੀ ਕਤਲ ਕੀਤੀ ਜਾ ਰਹੀ ਸ਼ਖ਼ਸੀਅਤ ਨੂੰ ਅਲੌਕਿਕਤਾ ਪ੍ਰਦਾਨ ਕਰਦਾ ਹੈ। ਸਾਰੇ ਕੈਨਵਸ ਵਿਚੋਂ
ਸਭ ਤੋਂ ਵੱਧ ਪ੍ਰਕਾਸ਼ਿਤ ਵਿਅਕਤੀ ਭਾਈ ਮਨੀ ਸਿੰਘ ਹਨ। ਪ੍ਰਕਾਸ਼ ਦਾ ਸਬੰਧ ਉਰਜਾ ਨਾਲ ਵੀ
ਹੈ। ਉੂਰਜਾ ਵਿੱਚ ਜੀਵਨ ਹੁੰਦਾ ਹੈ। ਇਸ ਤੱਥ ਨੂੰ ਵਿਸਥਾਰ ਦਿੰਦਿਆਂ ਕਹਿ ਸਕਦੇ ਹਾਂ ਕਿ
ਮੌਤ ਨੂੰ ਸਾਹਮਣੇ ਦੇਖ ਕੇ ਵੀ ਨਾ ਡਰਨ ਵਾਲੇ ਜੀਵਨ ਮਰਨ ਦੀ ਲਕੀਰ ਦਾ ਫਰਕ ਬੇਮਾਅਨੇ ਹੈ।
Download/View Full Version of Artist Kirpal Singh's Painting