ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।
Previous article: ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3
1. ਹੈਰੋਇਨ ਤੋਂ ਬਣੇ ਨਸ਼ੇ :-
ਚੌਵੀਂ ਘੰਟਿਆਂ ਵਿਚ 2 ਮੌਤਾਂ, ਤਿੰਨ
ਦਿਨਾਂ ਵਿਚ ਤਿੰਨ ਤੇ 2 ਮਹੀਨਿਆਂ (ਮਈ, ਜੂਨ, 2018) ਵਿਚ 106 ਮੌਤਾਂ ਡੈਲਾਵੇਅਰ ਵਿਚ
ਹੋਈਆਂ। ਇਹ ਸਾਰੀਆਂ ਮੌਤਾਂ ਨੌਜਵਾਨ ਬੱਚਿਆਂ ਦੀਆਂ ਸਨ ਤੇ ਸਭ ਨੇ ਹੈਰੋਇਨ ਦਾ ਨਸ਼ਾ ਕੀਤਾ
ਸੀ।
ਇਸ ਲਈ ਦੁਨੀਆ ਭਰ ਦੇ ਮੁਲਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜਿਹੜੇ
ਬੱਚੇ ਹੈਰੋਇਨ ਦੀ ਵਰਤੋਂ ਕਰ ਰਹੇ ਹੋਣ, ਉਨ੍ਹਾਂ ਦੇ ਮਾਪੇ, ਸਾਥੀਆਂ ਜਾਂ ਰਾਹਗੀਰਾਂ ਨੂੰ
ਕੁੱਝ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਜੇ ਇਹ ਲੱਛਣ ਦਿਸਣ ਤਾਂ ਉਸ ਬੱਚੇ ਜਾਂ
ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ। ਫੋਟੋਆਂ ਜਾਂ ਵੀਡੀਓ ਖਿੱਚਣ ਦੀ
ਥਾਂ `ਤੇ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ।
ਇਹ ਲੱਛਣ ਹਨ :-
* ਮੂੰਹ ਪੀਲਾ ਪੈ ਜਾਵੇ ਤੇ ਪਸੀਨੇ ਦਾ ਭਰਿਆ ਹੋਵੇ
* ਸਾਹ ਬਹੁਤ ਹੌਲੀ ਤੇ ਘੱਟ ਆ ਰਿਹਾ ਹੋਵੇ ਜਾਂ ਰੁਕ ਰਿਹਾ ਹੋਵੇ
* ਸਰੀਰ ਪੂਰਾ ਢਿੱਲਾ ਪੈ ਗਿਆ ਹੋਵੇ
* ਉਂਗਲਾਂ ਦੇ ਨਹੂੰ ਤੇ ਬੁੱਲ ਨੀਲੇ ਪੈ ਰਹੇ ਹੋਣ
* ਉਲਟੀਆਂ ਕਰ ਰਿਹਾ ਹੋਵੇ
* ਗਲੇ ਵਿੱਚੋਂ ਗਰਾਰਿਆਂ ਵਰਗੀ ਆਵਾਜ਼ ਆ ਰਹੀ ਹੋਵੇ
* ਬੋਲ ਨਾ ਸਕ ਰਿਹਾ ਹੋਵੇ ਤੇ ਬੈਠ ਨਾ ਸਕੇ
* ਡੂੰਘੀ ਨੀਂਦਰ ਵਿਚ ਜਾਪੇ ਤੇ ਬੁਲਾਉਣ ਉੱਤੇ ਉੱਠੇ ਹੀ ਨਾ
* ਦਿਲ ਦੀ ਧੜਕਨ ਘਟੀ ਹੋਵੇ ਜਾਂ ਬਲੱਡ ਪ੍ਰੈੱਸ਼ਰ ਘਟ ਚੁੱਕਿਆ ਹੋਵੇ
2. ਭੰਗ ਤੋਂ ਬਣੇ ਨਸ਼ੇ :-
ਨਿਊਯਾਰਕ ਵਿਚ ਮਈ 2018 ਵਿਚ 49 ਨੌਜਵਾਨ ਭੰਗ/ਗਾਂਜੇ ਤੋਂ ਬਣੇ ਨਸ਼ੇ ਨਾਲ ਹਸਪਤਾਲ ਵਿਚ
ਮਰਨ ਕਿਨਾਰੇ ਪਹੁੰਚੇ। ਇਹ ਵੇਖਣ ਵਿਚ ਆਇਆ ਕਿ ਦੁਨੀਆ ਭਰ ਵਿਚ ਵਰਤੀ ਜਾ ਰਹੀ ਭੰਗ ਦੀ
ਨਵੀਂ ਕਿਸਮ ਦਾ `ਕੇ-2` ਬੈਚ ਜੋ ਹੁਣ ਬਜ਼ਾਰ ਵਿਚ ਪਹੁੰਚਿਆ ਹੈ, ਵਿੱਚ ਮਿਲਾਵਟ ਹੈ। ਇਸ
ਨੂੰ ਸਿਗਰਟ ਰਾਹੀਂ ਪੀਣ ਜਾਂ ਸੁੰਘਣ ਵਾਲੇ ਤਰਲ ਦੀ ਸ਼ਕਲ ਵਿਚ ਵੇਚਿਆ ਜਾ ਰਿਹਾ ਹੈ ਅਤੇ
`ਸਪਾਈਸ` ਦੇ ਨਾਂ ਹੇਠ ਵਿਕ ਰਿਹਾ ਹੈ ਦੇ ਪੈਕਟ ਥੱਲੇ ਇੱਕ ਚੇਤਾਵਨੀ ਲਿਖੀ ਗਈ ਹੈ-``ਇਸ
ਦੀ ਇਨਸਾਨੀ ਵਰਤੋਂ ਖ਼ਤਰਨਾਕ ਹੈ।``
ਇਸ ਬੈਚ ਵਿਚਲੀ ਮਿਲਾਵਟ ਇਸਨੂੰ ਖ਼ਤਰਨਾਕ ਸਾਬਤ ਕਰ ਚੁੱਕੀ ਹੈ।
ਇਸ ਦੀ ਵਰਤੋਂ ਨਾਲ ਦਿਸ ਰਹੇ ਮਾੜੇ ਅਸਰ ਹਨ :-
* ਦਿਲ ਦੀ ਧੜਕਨ ਵਧਣੀ
* ਉਲਟੀਆਂ ਲੱਗਣੀਆਂ
* ਹਿੰਸਕ ਵਿਹਾਰ
* ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
3. ਓਕਸਿਸ ਨਸ਼ੇ ਵਿਚ ਮਿਲਾਈ ਜਾ ਰਹੀ ਫੈਂਟਾਨਿਲ :-
ਮਈ 2018 ਵਿਚ ਮਿਸੀਸਿੱਪੀ ਵਿਚ ਇਹ ਲੱਭਿਆ ਗਿਆ ਕਿ ਓਕਸੀਕੋਡੋਨ ਦੀਆਂ ਗੋਲੀਆਂ ਜੋ
ਬਿਲਕੁਲ ਓਕਸਿਸ ਨਾਲ ਮਿਲਦੀਆਂ ਹਨ, ਵਿਚ ਖ਼ਤਰਨਾਕ ਫੈਂਟਾਨਿਲ ਮਿਲਾ ਦਿੱਤਾ ਗਿਆ ਹੈ।
ਡੀ.ਈ.ਏ.ਲੈਬਾਰਟਰੀ ਵਿਚ ਖੋਜ ਕਰ ਕੇ ਸਾਬਤ ਕਰ ਦਿੱਤਾ ਗਿਆ ਕਿ ਇਸ ਵਾਰ ਮਿਲ ਰਹੀਆਂ ਨਸ਼ੇ
ਦੀਆਂ ਗੋਲੀਆਂ ਵਿਚ ਫੈਂਟਾਨਿਲ ਮਿਲਿਆ ਹੋਇਆ ਹੈ ਜਿਸ ਨਾਲ ਧੜਾਧੜ ਮੌਤਾਂ ਹੋਣੀਆਂ ਸ਼ੁਰੂ
ਹੋ ਗਈਆਂ ਹਨ।
ਇਸ ਬਾਰੇ ਵਿਸ਼ਵ ਪੱਧਰ ਉੱਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।
4. ਈ-ਸਿਗਰਟ :-
`ਜੁੱਲ` ਦੇ ਨਾਂ ਹੇਠ ਵਿਕਦੀਆਂ ਈ-ਸਿਗਰਟਾਂ ਨੌਜਵਾਨਾਂ ਦੀ ਪਹਿਲੀ ਪਸੰਦ ਹਨ। ਐਫ.ਡੀ.ਏ.
(ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ) ਨੇ ਪੂਰੀ ਦੁਨੀਆ ਵਾਸਤੇ ਚੇਤਾਵਨੀ ਜਾਰੀ ਕੀਤੀ ਹੈ ਕਿ
ਇਸ ਵਾਰ ਦਾ `ਮਾਲ` ਠੀਕ ਨਹੀਂ ਹੈ। ਇਸ ਵਾਸਤੇ 40 ਦੁਕਾਨਦਾਰਾਂ ਨੂੰ ਅਮਰੀਕਾ ਵਿਚ
ਅਪਰੈਲ 2018 ਵਿਚ `ਵਾਰਨਿੰਗ ਲੈਟਰ` ਜਾਰੀ ਕਰ ਦਿੱਤਾ ਗਿਆ। `ਜੁੱਲ` `ਫਲੈਸ਼ ਡਰਾਈਵ` ਨਾਲ
ਮਿਲਦਾ ਜੁਲਦਾ ਅਸਰ ਵਿਖਾਉਂਦੀ ਹੈ। ਇਸੇ ਲਈ ਮਾਪਿਆਂ ਤੇ ਅਧਿਆਪਿਕਾਂ ਨੂੰ ਪਤਾ ਹੀ ਨਹੀਂ
ਲੱਗਦਾ ਕਿ ਬੱਚਾ ਨਸ਼ਾ ਕਰੀ ਬੈਠਾ ਹੈ। ਇਸ ਵਿਚ ਹੁਣ ਨਿਕੋਟੀਨ ਦੀ ਮਾਤਰਾ ਬਹੁਤ ਜ਼ਿਆਦਾ
ਲੱਭੀ ਗਈ ਹੈ ਜੋ ਦਿਮਾਗ਼ ਉੱਤੇ ਸਦੀਵੀ ਅਸਰ ਪਾ ਕੇ ਬੱਚੇ ਨੂੰ ਈ-ਸਿਗਰਟ ਨਸ਼ੇ ਦਾ ਆਦੀ ਬਣਾ
ਦਿੰਦੀ ਹੈ।
ਜਨਵਰੀ 2012 ਤੋਂ ਅਪਰੈਲ 2017 ਤੱਕ 6 ਸਾਲ ਤੋਂ ਛੋਟੇ 8000 ਅਮਰੀਕਨ
ਬੱਚਿਆਂ ਨੇ ਇਸ ਸਿਗਰਟ ਦਾ ਆਨੰਦ ਮਾਣਿਆ ਕਿਉਂਕਿ ਇਸ ਨੂੰ ਬੱਚਿਆਂ ਲਈ ਸੁਰੱਖਿਅਤ ਵਿਖਾਇਆ
ਗਿਆ। ਹੁਣ ਇਨ੍ਹਾਂ ਬੱਚਿਆਂ ਵਿਚ ਤਗੜਾ ਨੁਕਸਾਨ ਤੇ ਮੌਤ ਤਕ ਹੁੰਦੀ ਵੇਖਦਿਆਂ ਇਸ ਬਾਰੇ
ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਸਿਗਰਟ ਨੂੰ ਸਖ਼ਤੀ ਨਾਲ ਬੱਚਿਆਂ ਤੋਂ
ਪਰ੍ਹਾਂ ਰੱਖਿਆ ਜਾਵੇ ਕਿਉਂਕਿ ਇਸ ਦੀ ਪਿਆਰੀ ਖ਼ਸ਼ਬੋ ਬੱਚਿਆਂ ਨੂੰ ਬਿਸਕੁਟ ਜਾਂ ਟਾਫ਼ੀ
ਵਰਗੀ ਖਿੱਚ ਪਾਉਂਦੀ ਹੈ।
5. ਭੰਗ ਤੋਂ ਬਣੇ ਸਿੰਥੈਟਿਕ ਨਸ਼ੇ :-
ਇਲੀਨੋਆ ਦੇ
ਪਬਲਿਕ ਹੈਲਥ ਦੇ ਵਿਭਾਗ ਨੇ ਭੰਗ ਤੋਂ ਬਣੇ ਵੱਖੋ-ਵੱਖ ਨਸ਼ਿਆਂ ਵਿਚ ਪੈਂਦੇ ਸਿੰਥੈਟਿਕ
ਬਾਰੇ ਅਪਰੈਲ 2018 ਵਿਚ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਬਹੁਤ
ਜ਼ਿਆਦਾ ਲਹੂ ਵਹਿਣ ਲੱਗ ਪਿਆ ਹੈ ਤੇ ਬੱਚੇ ਹਸਪਤਾਲਾਂ ਵਿਚ ਦਾਖ਼ਲ ਕਰਨੇ ਪੈ ਰਹੇ ਹਨ।
ਵਰਤਣ ਵਾਲਿਆਂ ਦੇ ਥੁੱਕ ਵਿਚ, ਪਿਸ਼ਾਬ ਵਿਚ, ਨੱਕ ਰਾਹੀਂ, ਮੂੰਹ ਰਾਹੀਂ, ਮਸੂੜਿਆਂ ਰਾਹੀਂ
ਲਹੂ ਵਹਿਣ ਲੱਗ ਪੈਂਦਾ ਹੈ ਤੇ ਮੌਤ ਵੀ ਹੋ ਜਾਂਦੀ ਹੈ।
ਟੈਸਟ ਕਰਨ ਉੱਤੇ ਪਤਾ ਲੱਗਿਆ ਕਿ ਭੰਗ ਵਿਚ ਚੂਹੇਮਾਰ ਦਵਾਈ `ਬਰੌਡੀਫੇਕੌਮ` ਪਾਈ ਹੋਈ ਸੀ ਜਿਸ ਨਾਲ ਲਹੂ ਵਗਣ ਤੋਂ ਰੁਕਦਾ ਨਹੀਂ।
ਸਿੰਥੈਟਿਕ ਨਸ਼ਾ ਬਣਾਉਣ ਦਾ ਮਕਸਦ ਹੁੰਦਾ ਹੈ ਮੈਰੀਯੂਆਨਾ ਵਰਗਾ ਅਸਰ ਵਿਖਾਉਣਾ ਪਰ ਜ਼ਹਿਰ
ਮਿਲਾ ਕੇ ਉਸ ਵਿੱਚੋਂ ਚਾਰ ਗੁਣਾ ਮੁਨਾਫ਼ਾ ਵੀ ਕਮਾਉਣਾ। ਅਜਿਹੇ ਨਸ਼ੇ `ਹਰਬਲ` ਜਾਂ `ਤਰਲ
ਖੁਸ਼ਬੋ` ਦੇ ਨਾਂ ਹੇਠ ਵਿਕ ਰਹੇ ਹਨ। ਇਨ੍ਹਾਂ ਨੂੰ `ਈ-ਸਿਗਰਟ` ਰਾਹੀਂ ਜਾਂ ਸੁੰਘ ਕੇ
ਵਰਤਿਆ ਜਾ ਰਿਹਾ ਹੈ। ਇਹ ਨਸ਼ੇ ਦੀ ਕਿਸਮ ਦੁਨੀਆ ਦੇ ਹਰ ਹਿੱਸੇ ਵਿਚ ਪਹੁੰਚਾਈ ਜਾ ਰਹੀ
ਹੈ।
5 ਅਪਰੈਲ 2018 ਨੂੰ ਮੇਰੀਲੈਂਡ ਹੈਲਥ ਡਿਪਾਰਟਮੈਂਟ ਨੇ ਮਤਾ ਪਾਸ ਕਰ ਕੇ ਪੂਰੀ
ਦੁਨੀਆ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਭੰਗ ਤੋਂ ਬਣੇ ਸਿੰਥੈਟਿਕ ਨਸ਼ੇ ਨੂੰ
ਤੁਰੰਤ ਬੰਦ ਨਾ ਕੀਤਾ ਗਿਆ ਤਾਂ ਢੇਰਾਂ ਦੇ ਢੇਰ ਸੱਥਰ ਵਿਛ ਜਾਣੇ ਹਨ।
6. ਕਰੈਟੋਮ :-
ਦੱਖਣੀ ਏਸ਼ੀਆ ਵਿਚ ਉੱਗਦੇ ਦਰਖ਼ਤ ਕਰੈਟੋਮ ਦੇ ਪੱਤਿਆਂ ਵਿਚ `ਮਿਟਰਾਗਾਇਨੀਨ` ਹੁੰਦੀ ਹੈ
ਜੋ ਅਫੀਮ ਵਰਗਾ ਨਸ਼ਾ ਕਰ ਦਿੰਦੀ ਹੈ। ਇਸ ਦੇ ਪੱਤਿਆਂ ਨੂੰ ਗੋਲੀਆਂ, ਕੈਪਸੂਲ, ਪਾਊਡਰ ਤੇ
ਚਾਹ ਦੀ ਸ਼ਕਲ ਵਿਚ ਵੇਚਿਆ ਜਾਂਦਾ ਹੈ।
ਅਮਰੀਕਾ ਦੇ ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ
ਪ੍ਰੀਵੈਨਸ਼ਨ ਵੱਲੋਂ ਪੂਰੀ ਦੁਨੀਆ ਵਿਚ ਚੇਤਾਵਨੀ ਘੱਲੀ ਗਈ ਹੈ ਕਿ ਇਸ ਵਾਰ ਦੇ ਕਰੈਟੋਮ ਦੇ
ਪੱਤਿਆਂ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੇ ਬਗ਼ੈਰ ਇਸ ਵਿੱਚੋਂ ਘੱਟ ਖ਼ਰਚੇ ਨਾਲ ਤਿੰਨ
ਗੁਣਾ ਕਮਾਈ ਕਰਨ ਦੇ ਚੱਕਰ ਵਿਚ ਜਿਹੜੇ ਪੱਤੇ ਨਸ਼ੇੜੀਆਂ ਕੋਲ ਪਹੁੰਚਾਏ ਜਾ ਰਹੇ ਹਨ,
ਉਨ੍ਹਾਂ ਵਿਚ ਸਾਲਮੋਨੈਲਾ ਕੀਟਾਣੂ ਭਰੇ ਪਏ ਹਨ ਜਿਨ੍ਹਾਂ ਨਾਲ ਇੱਕੀ-6 ਤੋਂ 67 ਸਾਲਾਂ ਦੇ
ਮਰੀਜ਼ 20 ਸੂਬਿਆਂ ਤੋਂ ਸੀਰੀਅਸ ਹਾਲਤ ਵਿਚ ਦਾਖਲ ਹੋ ਚੁੱਕੇ ਹਨ। ਉਲਟੀਆਂ, ਟੱਟੀਆਂ,
ਬੁਖ਼ਾਰ, ਢਿੱਡ ਪੀੜ ਨਾਲ ਦਾਖਲ ਹੋ ਰਹੇ ਮਰੀਜ਼ ਜੇ ਵੇਲੇ ਸਿਰ ਹਸਪਤਾਲ ਨਾ ਦਾਖਲ ਕਰਵਾਏ
ਜਾਣ ਤਾਂ ਮੌਤ ਤੱਕ ਹੋ ਸਕਦੀ ਹੈ।
7. ਓਕਸੀਕੋਡੋਨ :-
ਆਇਓਵਾ ਦੇ ਸਿਹਤ ਵਿਭਾਗ
ਨੇ ਆਪਣੇ ਮੁਲਕ ਵਿਚ ਦਾਖਲ ਹੋਏ ਨਸ਼ੇੜੀਆਂ ਕੋਲੋਂ ਬਰਾਮਦ ਹੋਈਆਂ ਓਕਸੀਕੋਡੋਨ ਦੀਆਂ
ਗੋਲੀਆਂ ਦੀ ਲੈਬਾਰਟਰੀ ਵਿਚ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਪੀੜ ਦੀਆਂ ਗੋਲੀਆਂ
ਓਕਸੀਕੋਡੋਨ ਦੀ ਹੂਬਹੂ ਸ਼ਕਲ ਸੂਰਤ ਵਿਚ ਫੈਂਟਾਨਿਲ ਤੇ ਯੂ-47700 ਪਾਇਆ ਹੋਇਆ ਸੀ ਜੋ ਤੇਜ਼
ਨਸ਼ਾ ਹੈ। ਇਸੇ ਲਈ ਉਸ ਦੀ ਓਵਰਡੋਜ਼ ਨਾਲ ਅਨੇਕ ਮੌਤਾਂ ਹੋਣ ਦਾ ਖਦਸ਼ਾ ਹੈ। ਇਸ ਬਾਰੇ
ਪਹਿਲਾਂ 18 ਜੁਲਾਈ 2017 ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਤੇ ਹੁਣ 2018 ਵਿਚ ਦੁਬਾਰਾ
ਪੂਰੀ ਦੁਨੀਆ ਨੂੰ ਇਸ ਬਾਰੇ ਚੇਤੰਨ ਕੀਤਾ ਗਿਆ ਹੈ ਕਿ ਜੇ ਕੋਈ ਨੌਜਵਾਨ ਜਾਂ ਬੱਚਾ ਨਸ਼ੇ
ਵਿਚ ਧੁੱਤ ਵੇਖਿਆ ਜਾਵੇ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ ਨਹੀਂ
ਤਾਂ ਉਸ ਦੀ ਮੌਤ ਹੋ ਸਕਦੀ ਹੈ।
ਪੂਰੀ ਦੁਨੀਆ ਵਿਚ ਇਨ੍ਹਾਂ ਹਦਾਇਤਾਂ ਦਾ ਪਾਲਣ ਕੀਤਾ
ਜਾਣ ਲੱਗ ਪਿਆ ਹੈ ਪਰ ਭਾਰਤ ਵਿਚ ਤੇ ਖ਼ਾਸ ਕਰ ਪੰਜਾਬ ਵਿਚ ਅਜਿਹੇ ਨਸ਼ੇੜੀਆਂ ਨੂੰ ਮਜ਼ਾਕ
ਦਾ ਪਾਤਰ ਬਣਾ ਕੇ, ਵੀਡੀਓ ਖਿਚ ਕੇ ਸਿਰਫ਼ ਤਮਾਸ਼ਾ ਬਣਾਉਣ ਤਕ ਸੀਮਤ ਕਰ ਦਿੱਤਾ ਗਿਆ ਹੈ ਤੇ
ਨਤੀਜਾ ਹੈ ਧੜਾਧੜ ਹੋ ਰਹੀਆਂ ਮੌਤਾਂ!
8. ਪੀਲੀਆਂ ਪੀੜ ਦੀਆਂ ਗੋਲੀਆਂ :-
ਅਫੀਮ
ਤੋਂ ਬਣਾਈਆਂ ਪੀੜ ਘਟਾਉਣ ਦੀਆਂ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਜੂਨ 2017 ਵਿਚ
ਜੌਰਜੀਆ ਵਿਚ ਅਨੇਕ ਨਸ਼ੇੜੀ ਹਸਪਤਾਲ ਦਾਖ਼ਲ ਹੋਏ ਤਾਂ ਪਤਾ ਲੱਗਿਆ ਕਿ ਇਨ੍ਹਾਂ ਗੋਲੀਆਂ ਵਿਚ
ਦੋ ਨਵੇਂ ਤਰ੍ਹਾਂ ਦੇ ਨਸ਼ੇ ਮਿਲਾ ਦਿੱਤੇ ਗਏ ਹਨ-ਐਕਰਿਲ ਫੈਂਟਾਨਿਲ, ਟੈਟਰਾਹਾਈਡਰੋ
ਫਿਊਰਨ ਫੈਂਟਾਨਿਲ। ਇਹ ਦੋਵੇਂ ਚਮੜੀ ਰਾਹੀਂ ਵੀ ਜਜ਼ਬ ਹੋ ਜਾਂਦੇ ਹਨ ਤੇ ਬਹੁਤ ਖ਼ਤਰਨਾਕ
ਹਨ। ਇਹ ਇਨਸਾਨੀ ਵਰਤੋਂ ਲਈ ਅਤਿ ਦੇ ਜ਼ਹਿਰੀਲੇ ਤੇ ਜਾਨਲੇਵਾ ਮੰਨੇ ਗਏ ਹਨ। ਇਸ ਦੀ ਲੋੜੋਂ
ਵੱਧ ਵਰਤੋਂ ਤੋਂ ਬਚਾਉਣ ਲਈ ਐਂਟੀਡੋਜ਼ `ਨੈਲੋਕਸੋਨ` ਦਵਾਈ ਅਸਰਦਾਰ ਨਹੀਂ ਹੈ। ਇਸੇ ਲਈ
ਇਹ ਜਾਨਲੇਵਾ ਸਾਬਤ ਹੋ ਰਹੀ ਹੈ। ਐਲਬੈਨੀ ਤੇ ਸੈਂਟਰਵਿਲੇ ਸਮੇਤ ਕਈ ਸੂਬਿਆਂ ਵਿਚ ਢੇਰਾਂ
ਦੇ ਢੇਰ ਨਸ਼ੇੜੀ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਦਾਖਲ ਕੀਤੇ ਗਏ ਤੇ ਜਿਹੜੇ ਵੇਲੇ ਸਿਰ
ਹਸਪਤਾਲ ਨਾ ਪੁੱਜ ਸਕੇ, ਉਨ੍ਹਾਂ ਵਿੱਚੋਂ ਬਥੇਰਿਆਂ ਦੀ ਮੌਤ ਵੀ ਹੋ ਗਈ।
ਹੁਣ ਸੰਨ
2018 ਵਿਚ ਪੂਰੀ ਦੁਨੀਆ ਵਿਚ `ਐਲਰਟ` ਜਾਰੀ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਦੀ ਵਰਤੋਂ
ਜਾਨਲੇਵਾ ਹੈ। ਗਲਤੀ ਨਾਲ ਜਿਹੜੇ ਨਸ਼ੇੜੀ ਇਨ੍ਹਾਂ ਦੀ ਵਰਤੋਂ ਕਰ ਚੁੱਕੇ ਹਨ, ਉਨ੍ਹਾਂ ਨੂੰ
ਬਚਾਉਣਾ ਸਾਡਾ ਫਰਜ਼ ਹੈ ਤੇ ਅਜਿਹੀਆਂ ਗੋਲੀਆਂ ਉੱਤੇ `ਸੰਪੂਰਨ ਬੈਨ` ਲਗ ਜਾਣਾ ਚਾਹੀਦਾ
ਹੈ।
ਇਹ ਵੀ ਕਿਹਾ ਗਿਆ ਕਿ ਜੇ ਪੀਲੀਆਂ ਗੋਲੀਆਂ ਨਹੀਂ ਰੋਕੀਆਂ ਗਈਆਂ ਤਾਂ ਕਈ
ਮੁਲਕਾਂ ਵਿਚ ਸੱਥਰ ਵਿਛ ਜਾਣਗੇ। ਕੁੱਝ ਸੰਸਥਾਵਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ
ਅਫ਼ੀਮ ਦੀ ਖੇਤੀ ਉੱਤੇ ਹੀ ਸੰਪੂਰਨ ਰੋਕ ਲੱਗ ਜਾਣੀ ਚਾਹੀਦੀ ਹੈ।
9. ਕੋਕੀਨ ਵਿਚ ਫੈਂਟਾਨਿਲ :-
ਨਿਊਯਾਰਕ ਸਿਹਤ ਵਿਭਾਗ ਲਗਾਤਾਰ ਜੂਨ 2017 ਤੋਂ `ਵਾਰਨਿੰਗ` ਤੇ `ਐਲਰਟ` ਜਾਰੀ ਕਰ
ਚੁੱਕਿਆ ਹੈ ਕਿ ਹੁਣ ਕੋਕੀਨ ਦੇ ਵਿਚ ਫੈਂਟਾਨਿਲ ਮਿਲਿਆ ਨਸ਼ਾ ਦੁਨੀਆ ਭਰ ਵਿਚ ਵੇਚਿਆ ਜਾ
ਰਿਹਾ ਹੈ। ਪਹਿਲਾਂ ਫੈਂਟਾਨਿਲ ਹੈਰੋਇਨ ਵਿਚ ਪਾ ਕੇ ਵੇਚੀ ਜਾ ਰਹੀ ਸੀ ਜਿਸ ਨਾਲ ਅਣਗਿਣਤ
ਮੌਤਾਂ ਹੋ ਗਈਆਂ ਤੇ ਬਣਾਉਣ ਵਾਲਿਆਂ ਲਈ ਸਖ਼ਤ ਸਜ਼ਾਵਾਂ ਵੀ ਨਿਰਧਾਰਤ ਕਰ ਦਿੱਤੀਆਂ ਗਈਆਂ।
ਸਖ਼ਤੀ ਕਾਰਨ ਨਸ਼ਾ ਬਣਾਉਣ ਤੇ ਵੇਚਣ ਵਾਲਿਆਂ ਨੇ ਹੈਰੋਇਨ ਦੀ ਥਾਂ ਕੋਕੀਨ ਵਿਚ ਫੈਂਟਾਨਿਲ
ਮਿਲਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ। ਸੰਨ 2016 ਵਿਚਲੀਆਂ 37 ਫੀਸਦੀ ਮੌਤਾਂ ਫੈਂਟਾਨਿਲ
ਸਦਕਾ ਹੋਈਆਂ ਸਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਉਮਰ ਕੈਦ ਵੀ ਦਿੱਤੀ ਗਈ ਸੀ। ਸੰਨ 2015
ਨਾਲੋਂ 2016 ਵਿਚ ਇਹ ਵਾਧਾ 11 ਫੀਸਦੀ ਹੋਇਆ ਸੀ ਜਦਕਿ ਹੁਣ 52 ਫੀਸਦੀ ਹੋ ਚੁੱਕਿਆ ਹੈ।
ਨਿਊਯਾਰਕ ਵਿਚ 2017 ਵਿਚ 1300 ਮੌਤਾਂ ਫੈਂਟਾਨਿਲ ਵਾਲੀ ਕੋਕੀਨ ਨਾਲ ਹੋਈਆਂ ਜੋ ਗਿਣਤੀ
44 ਫੀਸਦੀ ਤਕ ਪਹੁੰਚ ਗਈ ਦੱਸੀ ਸੀ। ਉੱਥੇ ਸਖ਼ਤਾਈ ਹੋਣ ਬਾਅਦ ਹੁਣ ਇਹ ਨਸ਼ਾ ਦੁਨੀਆ ਦੇ
ਬਾਕੀ ਹਿੱਸਿਆਂ ਵੱਲ ਧੱਕ ਦਿੱਤਾ ਗਿਆ ਹੈ।
2018 ਵਿਚ ਹੁਣ ਚੇਤਾਵਨੀ ਜਾਰੀ ਕੀਤੀ ਗਈ
ਹੈ ਕਿ ਫੈਂਟਾਨਿਲ ਨੂੰ ਹੈਰੋਇਨ, ਕੈਟਾਮੀਨ ਤੇ ਮੀਥਾਈਲ ਐਮਫੈਟਾਮੀਨ ਵਿਚ ਵੀ ਮਿਲਾ
ਦਿੱਤਾ ਗਿਆ ਹੈ। ਇਸੇ ਲਈ ਜੇ ਤੁਰੰਤ ਨਸ਼ੇ ਦੇ ਵਪਾਰੀਆਂ ਨੂੰ ਨੱਥ ਨਾ ਪਾਈ ਗਈ ਤਾਂ
ਨੌਜਵਾਨ ਮੌਤਾਂ ਦੇ ਢੇਰ ਲੱਗ ਜਾਣੇ ਹਨ।
10. ਸਿੰਥੈਟਿਕ ਅਫੀਮ :-
`ਗਰੇ ਡੈੱਥ`
ਨਾਂ ਹੇਠ ਵਿਕ ਰਹੀ ਸਿੰਥੈਟਿਕ ਅਫੀਮ ਛੋਟੇ ਜਿਹੇ ਪੱਥਰ ਜਾਂ ਪਾਊਡਰ ਦੀ ਸ਼ਕਲ ਵਿਚ ਮਿਲਦੀ
ਹੈ। ਇਹ ਹੈਰੋਇਨ ਤੋਂ ਕਈ ਗੁਣਾ ਜ਼ਿਆਦਾ ਅਸਰ ਵਿਖਾਉਂਦੀ ਹੈ।
ਅਫਗਾਨਿਸਤਾਨ ਵਿਚ ਇਸ
ਵਿਚ ਕਈ ਤਰ੍ਹਾਂ ਦੇ ਰਲੇਵੇਂ ਕੀਤੇ ਜਾਂਦੇ ਹਨ। ਵੱਖੋ-ਵੱਖ ਵਪਾਰੀ ਇਸ ਵਿਚ ਵੱਖ-ਵੱਖ
ਤਰ੍ਹਾਂ ਦੀਆਂ ਚੀਜ਼ਾਂ ਰਲਾ ਦਿੰਦੇ ਹਨ ਜਿਸ ਨਾਲ ਅਲੱਗ ਤਰ੍ਹਾਂ ਦਾ ਨਸ਼ਾ ਚੜ੍ਹੇ। ਇਹ
ਟੀਕਿਆਂ ਰਾਹੀਂ, ਗੋਲੀ, ਸੁੰਘਣ ਵਾਲਾ ਪਾਊਡਰ ਜਾਂ ਸਿਗਰਟ ਵਿਚ ਪਾ ਕੇ ਲਿਆ ਜਾਂਦਾ ਹੈ।
ਹੁਣ ਤੱਕ ਲੈਬਾਰਟਰੀਆਂ ਵਿਚ ਤਿੰਨ ਕਿਸਮ ਦੇ ਰਲੇਵੇਂ ਲੱਭੇ ਜਾ ਚੁੱਕੇ ਹਨ-ਯੂ 47700,
ਹੈਰੋਇਨ ਤੇ ਫੈਂਟਾਨਿਲ।
ਇਸ ਦੀ ਵਰਤੋਂ ਨਾਲ ਹੋਈਆਂ ਮੌਤਾਂ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ ਹੈ।
11. ਗੁਲਾਬੋ :-
ਗੁਲਾਬੀ ਜਾਂ ਗੁਲਾਬੋ ਦੇ ਨਾਂ ਨਾਲ ਮਸ਼ਹੂਰ ਨਸ਼ੇ ਨਾਲ ਸੰਨ 2016 ਵਿਚ ਅਮਰੀਕਾ ਵਿਚ 50
ਮੌਤਾਂ ਹੋਈਆਂ। ਬੈਨ ਲੱਗ ਜਾਣ ਬਾਅਦ ਇਹ ਨਸ਼ਾ ਹੁਣ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਵੇਚਿਆ
ਜਾਣ ਲੱਗ ਪਿਆ ਹੈ।
2017 ਵਿਚ ਨਿਊਯਾਰਕ ਵਿਚ 31 ਤੇ ਨਾਰਥ ਕੈਰੋਲੀਨਾ ਵਿਚ 10
ਨੌਜਵਾਨ ਮੌਤਾਂ ਇਸੇ ਨਸ਼ੇ ਕਰ ਕੇ ਹੋਈਆਂ। ਪਾਊਡਰ ਤੇ ਗੋਲੀਆਂ ਦੀ ਸ਼ਕਲ ਵਿਚ ਵੇਚਿਆ ਜਾ
ਰਿਹਾ ਇਹ ਨਸ਼ਾ ਬਿਲਕੁਲ ਸਿਰ ਪੀੜ ਦੀ ਦਵਾਈ ਨਾਲ ਮਿਲਦਾ ਜੁਲਦਾ ਹੈ। ਦਵਾਈ ਦੇ ਤੌਰ ਉੱਤੇ
ਵਰਤੀ ਜਾਂਦੀ ਅਫ਼ੀਮ ਦੀ ਸ਼ਕਲ ਬਣਾ ਕੇ ਹੁਣ ਇਹ ਬਜ਼ਾਰ ਵਿਚ ਵੇਚਿਆ ਜਾ ਰਿਹਾ ਹੈ।
ਓਕਸੀਕੋਡੋਨ ਵਰਗੀ ਸ਼ਕਲ ਬਣਾ ਕੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਵੀ ਰਖਵਾ ਦਿੱਤਾ ਗਿਆ ਹੈ।
ਗੁਲਾਬੋ ਮੌਰਫ਼ੀਨ ਤੋਂ ਪੰਜਾਹ ਗੁਣਾ ਵੱਧ ਨਸ਼ਾ ਕਰਦੀ ਹੈ। ਚੀਨ ਵਿੱਚੋਂ ਅਮਰੀਕਾ ਵਿਚ
ਪਹੁੰਚਾਇਆ ਜਾ ਰਿਹਾ ਨਸ਼ਾ ਹੁਣ ਹੈਰੋਇਨ ਤੇ ਫੈਂਟਾਨਿਲ ਮਿਲਾ ਕੇ ਵੇਚਿਆ ਜਾਣ ਲੱਗ ਪਿਆ ਹੈ
ਜਿਸ ਸਦਕਾ ਮੌਤਾਂ ਵਿਚ ਵਾਧਾ ਹੋ ਗਿਆ ਹੈ।
ਇਸ ਦਾ ਨਾਂ ਪਾਊਡਰ ਦੇ ਗੁਲਾਬੀ ਰੰਗ ਸਦਕਾ ਪੈ ਚੁੱਕਿਆ ਹੈ। ਇੰਟਰਨੈੱਟ ਉੱਤੇ ਇਸ ਨੂੰ ``ਖੋਜ ਆਧਾਰਿਤ ਕੈਮੀਕਲ`` ਨਾਂ ਹੇਠ ਵੀ ਵੇਚਿਆ ਜਾ ਰਿਹਾ ਹੈ।
12. ਕਾਰਫੈਂਟਾਨਿਲ :-
ਡਰੱਗ ਐਨਫੋਰਸਮੈਂਟ ਐਡਮਿਨਿਸਟਰੇਸ਼ਨ ਵੱਲੋਂ ਜਾਰੀ ਕੀਤੀ ਚੇਤਾਵਨੀ ਸਪਸ਼ਟ ਕਰਦੀ ਹੈ ਕਿ ਇਹ
ਨਸ਼ਾ ਮਨੁੱਖੀ ਵਰਤੋਂ ਲਈ ਨਹੀਂ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ ਖ਼ਤਰਨਾਕ ਨਸ਼ਾ ਸਾਬਤ
ਹੋ ਚੁੱਕਿਆ ਹੈ। ਮੌਰਫੀਨ ਨਾਲੋਂ 10,000 ਗੁਣਾ ਵਧ ਤੇਜ਼ ਇਸ ਨਸ਼ੇ ਦੀ ਵਰਤੋਂ ਨਾਲ ਦੁਨੀਆ
ਭਰ ਵਿਚ ਅਨੇਕ ਮੌਤਾਂ ਹੋ ਚੁੱਕੀਆਂ ਹਨ।
ਕਾਰਫੈਂਟਾਨਿਲ ਸਿਰਫ਼ ਜਾਨਵਰਾਂ, ਖਾਸ ਕਰ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤਿਆ ਜਾਂਦਾ ਹੈ।
ਫਲੋਰੀਡਾ ਦੇ ਮੈਡੀਕਲ ਰੀਸਰਚ ਲੈਬਾਰਟਰੀ ਨੇ `ਵਾਰਨਿੰਗ` ਜਾਰੀ ਕਰਦਿਆਂ ਦੱਸਿਆ ਹੈ ਕਿ
ਨਸ਼ੇ ਦੇ ਵਪਾਰੀਆਂ ਨੇ ਕਾਰਫੈਂਟਾਨਿਲ ਵਿਚ ਹੈਰੋਇਨ ਤੇ ਅਫੀਮ ਮਿਲਾ ਕੇ ਨਸ਼ੇੜੀਆਂ ਨੂੰ
ਸੜਕਾਂ ਉੱਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ।
13. ਫੈਂਟਾਨਿਲ ਵਿਚਲੀ ਮਿਲਾਵਟ :-
ਹੈਲਥ ਐਲਰਟ ਨੈੱਟਵਰਕ ਰਾਹੀਂ ਇਹ ਜਾਣਕਾਰੀ ਦੁਨੀਆ ਭਰ ਵਿਚ ਪਹੁੰਚਾਈ ਗਈ ਹੈ ਕਿ
ਫੈਂਟਾਨਿਲ, ਜੋ ਬੇਹੋਸ਼ੀ ਦੀ ਦਵਾਈ ਹੈ, ਅਤੇ ਹੈਰੋਇਨ ਤੋਂ 50 ਗੁਣਾ ਤੇਜ਼ ਹੈ, ਵਿਚ
ਹੈਰੋਇਨ ਮਿਲਾ ਕੇ ਇੰਡੀਆਨਾ, ਓਹੀਓ ਤੇ ਭਾਰਤ ਵਿਚ ਵੇਚੀ ਜਾ ਰਹੀ ਹੈ।
ਓਕਸੀਕੌਨਟਿਨ, ਜ਼ੈਨੇਕਸ, ਨੌਰਕੋ ਦੇ ਨਾਂ ਹੇਠ ਇਹ ਗੋਲੀਆਂ ਧੜਾਧੜ ਵਿਕ ਰਹੀਆਂ ਹਨ ਤੇ ਅਨੇਕ ਮੌਤਾਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।
ਫੈਂਟਾਨਿਲ ਨਾਲ ਖ਼ੁਰਕ, ਜੀਅ ਕੱਚਾ, ਉਲਟੀ, ਸਾਹ ਦਾ ਰੁਕਣਾ, ਮੌਤ ਹੋਣੀ ਵੇਖੇ ਗਏ ਹਨ।
ਜੇ ਇਸ ਵਿਚ ਹੋਰ ਨਸ਼ਿਆਂ ਦੀ ਮਿਲਾਵਟ ਹੋ ਜਾਏ ਤਾਂ ਓਵਰਡੋਜ਼ ਨਾਲ ਮੌਤ ਲਗਭਗ ਯਕੀਨੀ ਹੋ
ਜਾਂਦੀ ਹੈ।
ਇਸ ਨਾਲ ਮੂੰਹ ਵਿੱਚੋਂ ਝੱਗ ਨਿਕਲਣੀ ਤੇ ਦੌਰੇ ਪੈਂਦੇ ਵੀ ਵੇਖੇ ਗਏ ਹਨ।
ਆਮ ਦਵਾਈਆਂ ਦੀਆਂ ਦੁਕਾਨਾਂ ਉੱਤੇ ਫੈਂਟਾਨਿਲ ਨੂੰ ਪੀੜ ਘਟਾਉਣ ਦੀ ਦਵਾਈ ਕਹਿ ਕੇ ਜਾਂ
ਸੌਣ ਦੀ ਦਵਾਈ ਕਹਿ ਕੇ ਵੇਚਿਆ ਜਾ ਰਿਹਾ ਹੈ।
ਭੰਗ ਤੇ ਅਫੀਮ ਵਿਚ ਅਜਕਲ ਏਨੀ ਮਿਲਾਵਟ
ਵੇਖਣ ਨੂੰ ਮਿਲ ਰਹੀ ਹੈ ਜੋ ਪੋਸਟ ਮਾਰਟਮ ਰਿਪੋਰਟਾਂ ਰਾਹੀਂ ਸਾਹਮਣੇ ਆ ਰਹੀ ਹੈ।
ਮੈਰੀਯੂਆਨਾ ਨੂੰ ਵੇਚਣ ਲਈ ਵਰਤੇ ਜਾਂਦੇ ਨਾਂ ਹਨ-ਏ.ਕੇ.47, ਗੀਕਡ ਅੱਪ, ਰੈੱਡ ਜਾਇੰਟ,
ਬੈਡ ਗਾਏ, ਟਰਿੱਪੀ, ਆਈਸ ਡਰੈਗਨ, ਕਿੱਕ, ਫੇਕ ਵੀਡ, ਹਰਬਲ ਖ਼ੁਸ਼ਬੋ, ਆਦਿ।
14. ਲੋਪੈਰਾਮਾਈਡ :-
ਟੱਟੀਆਂ ਰੋਕਣ ਲਈ ਵਰਤੀ ਜਾਂਦੀ ਇਹ ਦਵਾਈ ਆਈਮੋਡੀਅਮ, ਮਾਲੋਕਸ, ਕੇਓਪੈਕਟੇਟ ਨਾਂ ਹੇਠ
ਦਵਾਈਆਂ ਦੀਆਂ ਦੁਕਾਨਾਂ ਤੋਂ ਆਮ ਹੀ ਖ਼ਰੀਦ ਕੇ ਵਰਤੀ ਜਾਂਦੀ ਹੈ। ਨੀਮ ਹਕੀਮ ਤੇ ਪਿੰਡਾਂ
ਵਿਚ ਬੈਠੇ ਝੋਲਾਛਾਪ ਡਾਕਟਰ ਇਸ ਦਵਾਈ ਦੀ ਵਰਤੋਂ ਸੈਂਕੜਿਆਂ ਦੀ ਗਿਣਤੀ ਵਿਚ ਹਰ ਮਹੀਨੇ
ਧੜਾਧੜ ਕਰ ਰਹੇ ਹਨ। ਗੋਲੀ, ਕੈਪਸੂਲ ਤੇ ਪੀਣ ਦੀ ਦਵਾਈ ਦੀ ਸ਼ਕਲ ਵਿਚ ਇਹ ਮਿਲਦੀ ਹੈ।
ਨਸ਼ਾ ਕਰਨ ਵਾਲੇ ਇਸ ਦੀ ਚਾਰ ਗੁਣਾ ਮਾਤਰਾ ਵਰਤ ਕੇ `ਹਾਈ` ਮਹਿਸੂਸ ਕਰ ਲੈਂਦੇ ਹਨ। ਇਸੇ
ਲਈ ਇਸ ਦਾ ਨਾਂ ਆਮ ਤੌਰ ਉੱਤੇ `ਹਵਾ ਹਵਾਈ` ਹੀ ਕਹਿ ਕੇ ਹੋਸਟਲਾਂ ਦੇ ਬੱਚੇ ਵਰਤ ਰਹੇ
ਹਨ।
ਵਾਧੂ ਮਾਤਰਾ ਵਿਚ ਵਰਤਣ ਨਾਲ ਬੇਹੋਸ਼ੀ, ਕਬਜ਼, ਢਿੱਡ ਪੀੜ, ਧੜਕਣ ਵਧਣੀ, ਦਿਲ ਦਾ
ਧੜਕਣਾ ਰੁਕ ਜਾਣਾ, ਪੁਤਲੀ ਦਾ ਫੈਲਣਾ, ਗੁਰਦੇ ਫੇਲ੍ਹ ਹੋਣੇ, ਪਿਸ਼ਾਬ ਬੰਦ ਹੋ ਜਾਣਾ,
ਘਬਰਾਹਟ, ਉਲਟੀਆਂ, ਆਦਿ ਵੇਖਣ ਵਿਚ ਆਉਂਦੇ ਹਨ।
ਇਸ ਦਾ ਨਸ਼ਾ ਕਰਨ ਵਾਲੇ ਨੂੰ ਜੇ
ਦਵਾਈ ਨਾ ਮਿਲੇ ਤਾਂ ਬਹੁਤ ਜ਼ਿਆਦਾ ਟੱਟੀਆਂ ਲੱਗ ਸਕਦੀਆਂ ਹਨ ਤੇ ਘਬਰਾਹਟ ਨਾਲ ਤ੍ਰੇਲੀਆਂ
ਵੀ ਆ ਸਕਦੀਆਂ ਹਨ ਅਤੇ ਜਾਨ ਨੂੰ ਖ਼ਤਰਾ ਵੀ ਹੋ ਜਾਂਦਾ ਹੈ।
15. ਓਪਾਨਾ ਅਤੇ ਏਡਜ਼ :-
ਇੰਡੀਆਨਾ ਵਿਚ ਏਡਜ਼ ਦੇ ਮਰੀਜ਼ਾਂ ਵਿਚ ਸਾਲ 2015 ਵਿਚ ਇਕਦਮ ਹੋਏ ਵਾਧੇ ਸਦਕਾ ਖੋਜ
ਕਰਦਿਆਂ ਇਹ ਪਤਾ ਲੱਗਿਆ ਕਿ ਪੀੜ ਘਟਾਉਣ ਵਾਲੀ ਤੇਜ਼ ਦਵਾਈ ਓਪਾਨਾ ਨੂੰ ਨਸਾਂ ਵਿਚ ਲਾਉਣ
ਲਈ ਸਾਂਝੀ ਵਰਤੀ ਸੂਈ ਸਦਕਾ ਹੋਇਆ ਸੀ।
16. ਮੋਜੋ, ਕਲਾਊਡ 9, ਭੰਗ ਮਿਸ਼ਰਣ :-
ਇਨ੍ਹਾਂ ਨੂੰ `ਡੀਜ਼ਾਈਨਰ ਡਰੱਗਸ` ਨਾਂ ਦਿੱਤਾ ਗਿਆ ਹੈ। `ਸਿੰਥੈਟਿਕ ਪੌਟ` ਜਾਂ
`ਸਿੰਥੈਟਿਕ ਮੈਰੀਯੂਆਨਾ` ਦੇ ਨਾਂ ਹੇਠ ਵਿਕਣ ਵਾਲੇ ਨਸ਼ੇ ਕਈ ਵਾਰ `ਸਕੂਬੀ ਸਨੈਕਸ`,
`ਕਰਾਊਨ`, `ਰਿਲੈਕਸ` ਕਹਿ ਕੇ ਹੁੱਕਾ ਪੈੱਨ, ਈ-ਸਿਗਰਟ ਜਾਂ ਅੱਖਾਂ ਵਿਚ ਪਾਉਣ ਵਾਲੇ ਆਈ
ਡਰਾਪਸ ਦੀ ਸ਼ਕਲ ਵਿਚ ਵੇਚੇ ਜਾਂਦੇ ਹਨ।
ਇਹ ਨਸ਼ਾ ਇਸ ਲਈ `ਬੈਨ` ਕੀਤਾ ਗਿਆ ਕਿਉਂਕਿ
ਇਸ ਨਾਲ ਬਹੁਤ ਜ਼ਿਆਦਾ ਘਬਰਾਹਟ, ਲੜਾਈ, ਮਾਰ ਕੁਟਾਈ, ਕਤਲ ਕਰਨਾ, ਧੜਕਨ ਦਾ ਵਧਣਾ, ਬਲੱਡ
ਪ੍ਰੈੱਸ਼ਰ ਵਧਣਾ, ਉਲਟੀਆਂ, ਪੱਠਿਆਂ ਵਿਚ ਖਿੱਚ, ਦੌਰੇ ਪੈਣੇ, ਖ਼ੁਦਕੁਸ਼ੀ ਕਰਨੀ, ਮਨੋ-ਭਰਮ
ਪਾਲਣਾ, ਹਮਲਾ ਕਰਨਾ, ਮਨੋਰੋਗੀ ਹੋਣਾ, ਮਾੜੇ ਸੁਫ਼ਨੇ ਆਉਣੇ, ਆਦਿ ਅਨੇਕ ਮਾੜੇ ਲੱਛਣ ਦਿਸਣ
ਲੱਗ ਪਏ ਸਨ ਤੇ ਜੁਰਮ ਵਿਚ ਕਈ ਗੁਣਾਂ ਵਾਧਾ ਹੋ ਗਿਆ ਸੀ।
ਨਸ਼ੇ ਦੀ ਲਤ ਚਾਲੂ ਰੱਖਣ
ਲਈ ਲੁੱਟਾਂ-ਖੋਹਾਂ, ਕਤਲ ਤੇ ਆਪਸੀ ਤਅੱਲੁਕਾਤ ਬਹੁਤ ਜ਼ਿਆਦਾ ਵਿਗੜਨ ਦੇ ਕੇਸ ਸਾਹਮਣੇ ਆਉਣ
ਲੱਗ ਪਏ ਸਨ। ਵਿਆਹੁਤਾ ਰਿਸ਼ਤੇ ਤਿੜਕ ਰਹੇ ਸਨ ਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਸੀ।
ਇਸੇ ਲਈ ਸੰਨ 2018 ਵਿਚ ਇਨ੍ਹਾਂ ਨਸ਼ਿਆਂ ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਇਹ ਸਭ ਚੇਤਾਵਨੀਆਂ ਇਸ ਲਈ ਵਿਸ਼ਵ ਪੱਧਰ ਉੱਤੇ ਜਾਰੀ ਕਰਨੀਆਂ ਪਈਆਂ ਕਿਉਂਕਿ ਕਈ
ਹਜ਼ਾਰ-ਖਰਬਾਂ ਦਾ ਨਸ਼ਿਆਂ ਦਾ ਕਾਰੋਬਾਰ ਪੂਰੀ ਦੁਨੀਆ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ
ਰਿਹਾ ਹੈ। ਸਿਰਫ਼ ਨੌਜਵਾਨ ਹੀ ਨਹੀਂ, ਉਨ੍ਹਾਂ ਦੇ ਟੱਬਰਾਂ ਦੇ ਜੀਅ ਅਤੇ ਆਲੇ ਦੁਆਲੇ
ਵੱਸਦੇ ਆਮ ਬੇਦੋਸੇ ਲੋਕ ਜੋ ਸਿਰਫ਼ ਪੈਸੇ ਦੀ ਲੋੜ ਸਦਕਾ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਕੇ
ਜਾਨ ਤੋਂ ਹੱਥ ਧੋ ਰਹੇ ਹਨ। ਨਾਬਾਲਗ ਬੱਚੀਆਂ ਇਨ੍ਹਾਂ ਸਦਕਾ ਬਲਾਤਕਾਰ ਦਾ ਸ਼ਿਕਾਰ ਹੋ
ਰਹੀਆਂ ਹਨ ਤੇ ਇਕੱਲੇ ਰਹਿੰਦੇ ਬਜ਼ੁਰਗ ਪੈਸੇ ਕਰਕੇ ਕਤਲ ਕੀਤੇ ਜਾ ਰਹੇ ਹਨ ਤੇ ਪੂਰਾ ਸਮਾਜ
ਗੰਧਲਾ ਹੋਣ ਤੇ ਡਰੋਂ ਹੀ ਇਹ ਜਾਣਕਾਰੀ ਦੇਣ ਦੀ ਲੋੜ ਪਈ ਹੈ।
ਇਸ ਕਾਰੋਬਾਰ ਵਿਚ
ਸ਼ਾਮਲ ਲੋਕਾਂ ਦੇ ਉੱਚ ਪੱਧਰੀ ਤਅੱਲੁਕ ਹੀ ਇਸ ਕਾਰੋਬਾਰ ਨੂੰ ਕਿਸੇ ਪਾਸਿਓਂ ਘਟਣ ਨਹੀਂ ਦੇ
ਰਹੇ ਤੇ ਨੌਜਵਾਨਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾਈ ਜਾ ਰਹੇ ਹਨ। ਇਹ ਖਦਸ਼ਾ ਵਿਸ਼ਵ ਸਿਹਤ
ਸੰਗਠਨ ਵੱਲੋਂ ਕੀਤਾ ਜਾ ਰਿਹਾ ਹੈ ਕਿ ਜੇ ਭੰਗ ਦੀ ਖੇਤੀ ਆਮ ਹੋ ਗਈ ਤਾਂ ਮਿਲਾਵਟ ਕਰਨ
ਵਾਲਿਆਂ ਦੀ ਪੌਂ ਬਾਰਾਂ ਹੋ ਜਾਣੀ ਹੈ ਤੇ ਨੌਜਵਾਨਾਂ ਦੀਆਂ ਲਾਸ਼ਾਂ ਦੀ ਗਿਣਤੀ ਕਰਨੀ ਔਖੀ
ਹੋ ਜਾਣੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783
Next article: ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3