ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।
Previous article: ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 2 of 3
ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਲਾਜ ਕਰਨ ਤੋਂ ਪਹਿਲਾਂ ਉਸ ਦਾ ਮਰਜ਼ ਸਮਝਣਾ ਜ਼ਰੂਰੀ ਹੈ।
ਪਹਿਲਾਂ ਸਮਝੀਏ ਕਿ ਨਸ਼ਾ ਦਿਮਾਗ਼ ਵਿਚ ਵਿਗਾੜ ਪੈਦਾ ਕਿਵੇਂ ਕਰਦਾ ਹੈ :-
ਸਾਡੇ
ਦਿਮਾਗ਼ ਵਿਚਲੇ ਨਿਊਰੋਨ ਸੈੱਲ ਇਕ ਦੂਜੇ ਨਾਲ ਤੰਦਾਂ ਰਾਹੀਂ ਗੁੰਦੇ ਹੁੰਦੇ ਹਨ। ਜਿੰਨੇ
ਜ਼ਿਆਦਾ ਸੈੱਲ ਆਪਸ ਵਿਚ ਜੁੜੇ ਹੋਣ, ਓਨੇ ਹੀ ਸੁਣੇਹੇ ਵੱਧ ਤੇ ਓਨੀ ਹੀ ਯਾਦਾਸ਼ਤ ਵੱਧ।
ਇਨ੍ਹਾਂ ਤੰਦਾਂ ਰਾਹੀਂ ਨਿੱਕੇ ਤੋਂ ਨਿੱਕਾ ਸੁਣੇਹਾ ਜੋ ਦਿਮਾਗ਼ ਤੱਕ ਪਹੁੰਚਦਾ ਹੈ ਉਸ
ਬਾਰੇ ਵਿਚਾਰ ਤਕਰਾਰ ਤੋਂ ਬਾਅਦ ਦਿਮਾਗ਼ ਆਪਣਾ ਫੈਸਲਾ ਲੈਂਦਾ ਹੈ ਕਿ ਮੈਂ ਕੀ ਕਰਨਾ ਹੈ ਤੇ
ਜੋ ਕਰਨਾ ਹੈ ਉਹ ਸਹੀ ਹੈ ਜਾਂ ਨਹੀਂ। ਇਸ ਵਾਸਤੇ ਪੂਰੀ ਜਾਣਕਾਰੀ ਦਾ ਦਿਮਾਗ਼ ਅੰਦਰ ਛਪਣਾ
ਵੀ ਜ਼ਰੂਰੀ ਹੁੰਦਾ ਹੈ।
ਦਿਮਾਗ਼ ਦੇ ਇਸ ਪੂਰੇ ਤਾਣੇ ਬਾਣੇ ਉੱਤੇ ਡੋਪਾਮੀਨ ਅਸਰ ਪਾਉਂਦੀ ਹੈ।
ਜਦੋਂ
ਨਸ਼ੇ ਦੀ ਲਤ ਲੱਗ ਜਾਵੇ ਤਾਂ ਨਿਊਰੌਨ ਸੈੱਲਾਂ ਦੀਆਂ ਤੰਦਾਂ ਤੇ ਜੋੜ ਪੱਕੀ ਤੌਰ ਉੱਤੇ
ਤਬਦੀਲ ਹੋ ਜਾਂਦੇ ਹਨ। ਨਸ਼ੇ ਵਾਲੀਆਂ ਦਵਾਈਆਂ ਦੇ ਪੱਕੇ ਅਸਰ ਹੇਠ ਯਾਦਾਸ਼ਤ ਦਾ ਸੈਂਟਰ
ਸਿਰਫ਼ ਕੁੱਝ ਕੁ ਚੀਜ਼ਾਂ ਹੀ ਸਮੋ ਸਕਦਾ ਹੈ। ਬਾਕੀ ਸਭ ਕੁੱਝ ਦਿਮਾਗ਼ ਬੇਲੋੜਾ ਸਮਝ ਕੇ ਛੰਡ
ਦਿੰਦਾ ਹੈ। ਯਾਦ ਰੱਖਣ ਵਾਲੀਆਂ ਚੀਜ਼ਾਂ ਜੋ ਯਾਦਾਸ਼ਤ ਦਾ ਸੈਂਟਰ ਸਾਂਭਦਾ ਹੈ, ਉਹ ਵੀ ਨਸ਼ੇ
ਨਾਲ ਹੀ ਸੰਬੰਧਤ ਹੁੰਦੀਆਂ ਹਨ। ਮਸਲਨ, ਨਸ਼ਾ ਜਿਹੜੀ ਥਾਂ ਤੋਂ ਮਿਲਦਾ ਹੈ, ਕਿਹੜੀ ਚੀਜ਼
ਵਿਚ ਹੁੰਦਾ ਹੈ ਤੇ ਕਿਹੜੇ ਬੰਦੇ ਤੋਂ ਮਿਲਦਾ ਹੈ। ਯਾਨੀ ਥਾਂ, ਚੀਜ਼ ਤੇ ਬੰਦੇ ਦਾ ਸਰਕਟ
ਦਿਮਾਗ਼ ਵਿਚ ਪੱਕਾ ਫਿਕਸ ਹੋ ਜਾਂਦਾ ਹੈ। ਕੁੱਝ ਚਿਰ ਬਾਅਦ ਦਿਮਾਗ਼ ਉੱਤੇ ਨਸ਼ੇ ਦਾ ਅਸਰ
ਘਟਦੇ ਸਾਰ ਆਪਣੇ ਆਪ ਹੋਰ ਲੈਣ ਦੀ ਲਾਲਸਾ ਜਾਗ ਉੱਠਦੀ ਹੈ। ਇਹ ਲਾਲਸਾ ਹੋਰ ਨਸ਼ਾ ਲੈਣ ਨੂੰ
ਉਕਸਾਉਂਦੀ ਹੈ ਤੇ ਬੰਦਾ ਨਸ਼ਾ ਨਾ ਮਿਲਣ ਉੱਤੇ ਛਟਪਟਾ ਉੱਠਦਾ ਹੈ। ਇਹ ਨੁਕਸ ਸਿਰਫ਼
ਸੈੱਲਾਂ ਦੇ ਜੋੜ ਤੇ ਤੰਦਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਸੈੱਲਾਂ ਦੇ ਅੰਦਰਲੇ ਅੰਸ਼ ਵਿਚ
ਵੀ ਸਦੀਵੀ ਨੁਕਸ ਹੋਣ ਸਦਕਾ ਰਿਸ਼ਤਿਆਂ ਵਿਚਲਾ ਨਿੱਘ, ਰੋਜ਼ਮਰਾ ਦੇ ਕੰਮ ਕਾਰ, ਨਵੀਆਂ
ਚੀਜ਼ਾਂ ਸਿੱਖਣ ਦਾ ਸ਼ੌਕ, ਮੋਹ, ਨਿੱਘ, ਪਿਆਰ, ਸਤਿਕਾਰ ਆਦਿ ਸਭ ਕੁੱਝ ਨਸ਼ਈ ਲਈ ਉੱਕਾ ਹੀ
ਮਾਇਨੇ ਨਹੀਂ ਰੱਖਦਾ। ਬੰਦਾ ਸਿਰਫ਼ ਨਸ਼ੇ ਦੇ ਚੱਕਰਵਿਊ ਵਿਚ ਫਸਿਆ ਜ਼ਿੰਦਗੀ ਦਾ ਅੰਤ ਕਰ
ਜਾਂਦਾ ਹੈ।
ਕੋਕੀਨ ਤੇ ਮੌਰਫ਼ੀਨ ਸੈੱਲਾਂ ਦੇ ਜੋੜਾਂ ਨੂੰ ਤਬਦੀਲ ਕਰ ਦਿੰਦੇ ਹਨ ਜਿਸ ਨਾਲ ਸੰਵੇਦਨਾ ਲਗਭਗ ਖ਼ਤਮ ਹੋ ਜਾਂਦੀ ਹੈ।
ਖੋਜਾਂ
ਇਹ ਸਾਬਤ ਕਰ ਚੁੱਕੀਆਂ ਹਨ ਕਿ ਸੁਣੇਹੇ ਪਹੁੰਚਾਉਣ ਵਾਲੀ ਦਿਮਾਗ਼ ਅੰਦਰਲੀ ਪ੍ਰੋਟੀਨ ਦੀ
ਬਣਤਰ ਹੀ ਤਬਦੀਲ ਹੋ ਜਾਂਦੀ ਹੈ ਜਿਸ ਨਾਲ ਦਿਮਾਗ਼ ਵੱਲ ਜਾਂਦਾ ਸੁਣੇਹਾ ਪੂਰਾ ਸਹੀ ਨਹੀਂ
ਪਹੁੰਚਦਾ ਤੇ ਇਸੇ ਲਈ ਅਜਿਹੇ ਨਸ਼ਈ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ, ਉਸ ਉੱਤੇ ਸਲਾਹਾਂ ਤੇ
ਲਾਅਨਤਾਂ ਦਾ ਪੂਰਾ ਅਸਰ ਹੁੰਦਾ ਹੀ ਨਹੀਂ। ਉਸ ਦੀ ਸੋਚਣ ਸਮਝਣ ਦੀ ਸ਼ਕਤੀ ਉਲਟ ਪੁਲਟ ਹੋ
ਜਾਂਦੀ ਹੈ।
ਦੂਜੇ ਸੈੱਲ ਤੱਕ ਸੁਣੇਹਾ ਭੇਜਣ ਤੇ ਅੱਗੋਂ ਸੁਣੇਹਾ ਫੜਨ ਵਾਲਾ
ਗਲੂਟਾਮੇਟ ਬਹੁਤ ਘੱਟ ਜਾਂਦਾ ਹੈ ਜਿਸ ਨਾਲ ਸਿਰਫ਼ ਇੱਕੋ ਸੁਣੇਹਾ ਕਿ ਨਸ਼ਾ ਹੋਰ ਲੈਣਾ ਹੈ,
ਹੀ ਚੁਫ਼ੇਰੇ ਘੁੰਮ ਫਿਰ ਕੇ ਵਾਪਸ ਪਹੁੰਚਦਾ ਰਹਿੰਦਾ ਹੈ।
ਕੁੱਝ ਕਿਸਮਾਂ ਦੇ ਨਸ਼ੇ ਇਸੇ
`ਸ਼ਟਲ ਪ੍ਰੋਟੀਨ` ਦਾ ਅਸਰ ਖ਼ਤਮ ਹੋਣ ਸਦਕਾ ਹੀ ਬੰਦੇ ਨੂੰ ਆਦੀ ਬਣਾ ਦਿੰਦੇ ਹਨ। ਡੋਪਾਮੀਨ
ਅਜਿਹੇ ਸੁਣੇਹਿਆਂ ਨੂੰ ਹੀ ਲਗਾਤਾਰ ਇੱਕ ਤੋਂ ਦੂਜੇ ਜੋੜਾਂ ਤਕ ਘੁੰਮਦੇ ਰਹਿਣ ਵਿਚ ਸਗੋਂ
ਮਦਦ ਕਰਨ ਲੱਗ ਪੈਂਦੀ ਹੈ।
ਖੋਜੀਆਂ ਨੇ ਨਸ਼ੇ ਦੇ ਆਦੀ ਬਣ ਚੁੱਕੇ ਬੰਦਿਆਂ ਤੇ
ਚੂਹਿਆਂ ਦੇ ਦਿਮਾਗ਼ ਅੰਦਰਲੇ ਗਰੋਥ ਫੈਕਟਰ ਦੇ ਟੈਸਟ ਕਰ ਕੇ ਲੱਭਿਆ ਕਿ ਲਗਾਤਾਰ ਮਿਲਦੇ
ਨਸ਼ੇ ਸਦਕਾ ਇਹ ਗਰੋਥ ਫੈਕਟਰ ਜੀਨ ਵਿਚ ਵੀ ਤਬਦੀਲੀ ਕਰ ਦਿੰਦਾ ਹੈ ਜਿਸ ਨਾਲ ਤਰਕ,
ਰਿਸ਼ਤਿਆਂ ਦੀ ਖਿੱਚ, ਯਾਦਾਸ਼ਤ, ਸੋਚਣ ਸਮਝਣ ਦੀ ਤਾਕਤ ਵਿਚ ਸਦੀਵੀ ਵਿਗਾੜ ਪੈ ਜਾਂਦਾ ਹੈ।
ਇਹ ਸਭ ਖੋਜਾਂ ਨਸ਼ੇੜੀਆਂ ਦੇ ਇਲਾਜ ਨੂੰ ਸਮਝਣ ਲਈ ਕੀਤੀਆਂ ਗਈਆਂ ਤੇ ਇਹ ਸਪਸ਼ਟ ਹੋ ਗਿਆ
ਕਿ ਨਸ਼ੇ ਦੇ ਆਦੀ ਹੋ ਚੁੱਕੇ ਬੰਦੇ ਨੂੰ ਸਿਰਫ਼ ਸਮਝਾਉਣ ਤੇ ਉਸ ਅੱਗੇ ਰੋਣ ਪਿੱਟਣ, ਵਾਸਤਾ
ਪਾਉਣ, ਆਦਿ ਦਾ ਉੱਕਾ ਹੀ ਕੋਈ ਫ਼ਰਕ ਨਹੀਂ ਪੈਂਦਾ।
ਨਸ਼ਈ ਨੂੰ ਲੈਕਚਰ ਦੇਣ ਜਾਂ ਲਾਅਨਤਾਂ ਪਾਉਣ ਨਾਲ ਵੀ ਇਹ ਸੁਣੇ ਹੋਏ ਸੁਣੇਹੇ ਪੂਰਨ ਰੂਪ ਵਿਚ ਦਿਮਾਗ਼ ਤਕ ਪਹੁੰਚਦੇ ਹੀ ਨਹੀਂ ਤੇ ਨਾ ਹੀ ਉੱਥੇ ਛਪਦੇ ਹਨ।
ਇਸੇ ਲਈ ਕਾਊਂਸਲਿੰਗ ਤੋਂ ਪਹਿਲਾਂ ਨਸ਼ੇ ਦੀ ਕਿਸਮ ਨੂੰ ਘਟਾ ਕੇ, ਹਲਕਾ ਨਸ਼ਾ ਦੇ ਕੇ
ਪਹਿਲਾਂ ਬੰਦੇ ਦੇ ਦਿਮਾਗ਼ ਉੱਤੇ ਪਏ ਅਸਰ ਨੂੰ ਘਟਾਉਣਾ ਜ਼ਰੂਰੀ ਹੁੰਦਾ ਹੈ। ਨਸ਼ਈ ਦੇ ਦਿਮਾਗ਼
ਵੱਲੋਂ ਲਗਾਤਾਰ ਆਉਂਦੇ ਸੁਣੇਹੇ ਉਸ ਦੀ ਤਲਬ ਵਧਾਉਂਦੇ ਹਨ, ਜਿਨ੍ਹਾਂ ਨੂੰ ਸ਼ਾਂਤ ਕਰਨ ਲਈ
ਮੈਡੀਕਲ ਹਲਕਾ ਨਸ਼ਾ ਦੇਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਨਸ਼ੇ ਦੀ ਤੋੜ ਦੇ ਲੱਛਣ ਘੱਟ ਜਾਣ।
ਇਸ ਨਾਲ ਦਿਮਾਗ਼ ਅੰਦਰ ਪਏ ਸਦੀਵੀ ਵਿਗਾੜ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਇਸੇ ਲਈ
ਪੂਰਾ ਜ਼ੋਰ ਲਾਉਣ ਬਾਅਦ ਵੀ ਬਹੁਗਿਣਤੀ ਨਸ਼ੇਹੜੀ ਦੁਬਾਰਾ ਨਸ਼ਿਆਂ ਵੱਲ ਧੱਕੇ ਜਾਂਦੇ ਹਨ।
ਜ਼ਰੂਰੀ ਨੁਕਤੇ :-
*
ਵਿਸ਼ਵ ਪੱਧਰ ਉੱਤੇ ਨਸ਼ਾ ਛੁਡਾਉਣ ਲਈ ਇਸ ਸਾਰੀ ਜਾਣਕਾਰੀ ਦੇ ਆਧਾਰ ਉੱਤੇ `ਸਲੋ
ਵੀਨਿੰਗ` ਨੂੰ ਤਰਜੀਹ ਦਿੱਤੀ ਜਾਂਦੀ ਹੈ। ਯਾਨੀ ਹਲਕਾ ਮੈਡੀਕਲ ਨਸ਼ਾ ਜੋ ਆਊਟ ਡੋਰ ਵਿੱਚੋਂ
ਹੀ ਡਾਕਟਰੀ ਦੇਖ ਰੇਖ ਹੇਠਾਂ ਦਿੱਤਾ ਜਾ ਸਕੇ।
* ਜੇ ਹਾਲਤ ਬਹੁਤ ਵਿਗੜ ਚੁੱਕੀ
ਹੋਵੇ ਤਾਂ ਦਾਖਲ ਕਰਨਾ ਜ਼ਰੂਰੀ ਹੈ। ਪਰ, ਧਿਆਨ ਰਹੇ ਕਿ ਇਕਦਮ ਨਸ਼ਾ ਛੁਡਾਉਣਾ ਨਹੀਂ
ਚਾਹੀਦਾ। ਇੰਜ ਨਸ਼ੇੜੀ ਡਾਕਟਰ ਜਾਂ ਨਰਸ ਦਾ ਹੀ ਕਤਲ ਤੱਕ ਕਰ ਕੇ ਉੱਥੋਂ ਭੱਜ ਸਕਦਾ ਹੈ।
*
ਹਰ ਨਸ਼ਈ ਨੂੰ ਝਿੜਕਣ ਨਾਲੋਂ ਦਿਮਾਗ਼ੀ ਮਰੀਜ਼ ਮੰਨ ਕੇ ਪੂਰੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ
ਹੈ। ਇਹੋ ਜਿਹੇ ਮਰੀਜ਼ ਬੱਚਿਆਂ ਵਾਂਗ ਪੂਰੀ ਟ੍ਰੇਨਿੰਗ ਮੰਗਦੇ ਹਨ। ਜਿਉਂ ਹੀ ਝਿੜਕ ਜਾਂ
ਤਿਰਸਕਾਰ ਮਿਲੇ, ਇਹ ਇਲਾਜ ਤੋਂ ਇਨਕਾਰੀ ਹੋ ਜਾਂਦੇ ਹਨ।
* ਹੌਲੀ-ਹੌਲੀ ਪੂਰੀ ਤਰ੍ਹਾਂ
ਨਸ਼ਾ ਬੰਦ ਕਰ ਕੇ ਮੈਡੀਕਲ ਦਵਾਈਆਂ ਉੱਤੇ ਮਰੀਜ਼ ਨੂੰ ਪਾ ਦਿੱਤਾ ਜਾਂਦਾ ਹੈ ਤੇ ਨਾਲੋ ਨਾਲ
ਕਾਊਂਸਲਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ।
* ਖੋਜ ਸਾਬਤ ਕਰ ਚੁੱਕੀ ਹੈ ਕਿ ਭਾਵੇਂ
ਨਸ਼ਈ ਦੀ ਤੋੜ ਟੁੱਟ ਵੀ ਜਾਏ ਤੇ ਮਰੀਜ਼ ਨਸ਼ਾ ਛੱਡ ਵੀ ਜਾਏ, ਪਰ ਫਿਰ ਵੀ ਦਿਮਾਗ਼ ਅੰਦਰ ਹੋ
ਚੁੱਕੀ ਤਬਦੀਲੀ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ। ਇਸੇ ਲਈ ਨਸ਼ਾ ਤਿਆਗ ਚੁੱਕੇ
ਲੋਕ ਵੀ ਪਿਆਰ, ਮੁਹੱਬਤ, ਰਿਸ਼ਤੇ ਆਦਿ ਨਿਭਾਉਣ ਵੇਲੇ ਚਾਹੁੰਦੇ ਹੋਇਆਂ ਵੀ ਓਨੇ ਡੂੰਘੇ
ਰਿਸ਼ਤੇ ਨਹੀਂ ਗੰਢ ਸਕਦੇ। ਇਹ ਵੇਖਣ ਵਿਚ ਆਇਆ ਹੈ ਕਿ ਅਜਿਹੇ ਬੰਦੇ ਆਲੋਚਨਾ ਕਰਨ, ਤਿੱਖੀ
ਤੇ ਕੌੜੀ ਸ਼ਬਦਾਵਲੀ ਵਰਤਣ, ਰਤਾ ਰੁੱਖਾ ਸੁਭਾਅ ਹੋਣ ਤੇ ਛੇਤੀ ਤਲਖ਼ ਹੋਣ ਵਾਲੀ ਸ਼ਖ਼ਸੀਅਤ
ਵਿਚ ਤਬਦੀਲ ਹੋ ਜਾਂਦੇ ਹਨ ਤੇ ਛੇਤੀ ਕੀਤਿਆਂ ਮੁਆਫ਼ੀ ਵੀ ਨਹੀਂ ਮੰਗਦੇ। ਇਹ ਉਨ੍ਹਾਂ ਦੀ
ਮਜਬੂਰੀ ਹੁੰਦੀ ਹੈ ਕਿਉਂਕਿ ਦਿਮਾਗ਼ ਅੰਦਰਲੀ ਪ੍ਰੋਟੀਨ ਦੀ ਬਣਤਰ ਵਿਚ ਸਦੀਵੀ ਵਿਗਾੜ ਪੈ
ਚੁੱਕਿਆ ਹੁੰਦਾ ਹੈ।
* ਕਿਸ ਮਰੀਜ਼ ਵਿਚ ਕਿਹੜਾ ਵਿਹਾਰ ਵੱਧ ਤੇ ਕਿਹੜਾ ਘੱਟ ਹੋਣਾ ਹੈ,
ਯਾਨੀ ਕਿਸੇ ਨੂੰ ਗੁੱਸਾ ਛੇਤੀ ਆਉਣਾ ਤੇ ਕਿਸੇ ਨੇ ਗਾਲ੍ਹਾਂ ਵੱਧ ਕੱਢਣੀਆਂ ਜਾਂ ਕਿਸੇ
ਨੇ ਜ਼ਿਆਦਾ ਆਲੋਚਨਾ ਕਰਨ ਲੱਗ ਪੈਣਾ, ਆਦਿ ਵੱਖੋ-ਵੱਖ ਮਰੀਜ਼ ਉੱਤੇ ਨਿਰਭਰ ਕਰਦਾ ਹੈ ਕਿ ਉਸ
ਦੇ ਦਿਮਾਗ਼ ਦੇ ਕਿਸ ਹਿੱਸੇ ਉੱਤੇ ਵੱਧ ਅਸਰ ਪਿਆ।
* ਕਿਸੇ ਵਿਚ ਵੱਧ ਤੇ ਕਿਸੇ ਵਿਚ
ਘੱਟ, ਪਰ ਨਸ਼ੇ ਦੇ ਆਦੀ ਬਣ ਚੁੱਕੇ ਮਰੀਜ਼ ਦੇ ਨਸ਼ਾ ਛੱਡਣ ਬਾਅਦ ਵੀ ਵਿਹਾਰਕ ਅਸਰ ਦਿਸਦੇ
ਜ਼ਰੂਰ ਹਨ। ਜੇ ਆਮ ਬੰਦਾ ਨਾ ਵੀ ਲੱਭ ਸਕੇ ਤਾਂ ਸਿਆਣਾ ਡਾਕਟਰ ਜ਼ਰੂਰ ਇਹ ਲੱਛਣ ਪਛਾਣ
ਲੈਂਦਾ ਹੈ।
* ਹੈਲਪ ਗਰੁੱਪ :- ਜੋ ਨਸ਼ਾ ਛੱਡ ਚੁੱਕੇ ਹੋਣ, ਉਹ ਇਕ ਗਰੁੱਪ ਬਣਾ ਕੇ
ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਤੇ ਕਾਊਂਸਲਿੰਗ ਲਈ ਅੱਗੇ ਆਉਣ। ਇਹ ਲੋਕ
ਵੱਧ ਅਸਰਦਾਰ ਸਾਬਤ ਹੋਏ ਹਨ।
* ਸਕੂਲੀ ਕਿਤਾਬਾਂ ਵਿਚ ਨਸ਼ਿਆਂ ਦੇ ਮਾੜੇ ਅਸਰਾਂ ਬਾਰੇ
ਚੈਪਟਰ ਜ਼ਰੂਰ ਹੋਣੇ ਚਾਹੀਦੇ ਹਨ ਕਿਉਂਕਿ ਇਹ ਜਾਣਕਾਰੀ ਸਕੂਲੀ ਬੱਚਿਆਂ ਨੂੰ ਦੇਣੀ ਲਾਜ਼ਮੀ
ਹੈ। ਉਸੇ ਉਮਰ ਵਿਚ ਬੱਚੇ ਛੇਤੀ ਭਟਕਦੇ ਹਨ।
* ਇਹ ਸੁਣੇਹਾ ਬਿਲਕੁਲ ਸਪਸ਼ਟ ਰੂਪ ਵਿਚ
ਸਭ ਤਾਈਂ ਪਹੁੰਚਣਾ ਜ਼ਰੂਰੀ ਹੈ ਕਿ ਕਿਸੇ ਵੀ ਨਸ਼ੇ ਦੀ ਕਿਸਮ ਸੁਰੱਖਿਅਤ ਨਹੀਂ ਹੈ। ਹਲਕੀ
ਮਾਤਰਾ ਵਿਚ ਲਿਆ ਕੋਈ ਵੀ ਨਸ਼ਾ ਪਹਿਲਾਂ ਦਿਮਾਗ਼ ਵਿਚ `ਟੌਲਰੈਂਸ` ਪੈਦਾ ਕਰਦਾ ਹੈ ਤੇ ਫੇਰ
`ਡਿਪੈਂਡੈਂਸ`। ਯਾਨੀ ਪਹਿਲਾਂ ਜਰ ਜਾਣਾ ਪਰ ਫੇਰ ਹੌਲੀ-ਹੌਲੀ ਵੱਧ ਮਾਤਰਾ ਕਰੀ ਜਾਣ
ਵਾਸਤੇ ਆਦੀ ਹੋ ਜਾਣਾ। ਇਹ ਸਭ ਭੰਗ, ਅਫ਼ੀਮ, ਸ਼ਰਾਬ, ਨੀਂਦ ਦੀਆਂ ਗੋਲੀਆਂ ਵਗੈਰਾਹ ਉੱਤੇ
ਪੂਰਨ ਰੂਪ ਵਿਚ ਲਾਗੂ ਹੁੰਦਾ ਹੈ।
* ਬੱਚਿਆਂ ਨੂੰ ਆਸ਼ਰਿਤ ਬਣਾਉਣ ਨਾਲੋਂ ਸਕੂਲਾਂ ਵਿਚ
ਹੀ ਹੱਥੀਂ ਕਿਰਤ ਕਰਨ ਤੇ ਆਪਣੀ ਕਮਾਈ ਕਰਨ ਦੇ ਵੱਖੋ-ਵੱਖ ਸਾਧਨ ਜੁਟਾਉਣ ਅਤੇ ਕਿੱਤਾ
ਮੁਖੀ ਸਿੱਖਿਆ ਦੇਣ ਦਾ ਜਤਨ ਕਰਨ ਦੀ ਲੋੜ ਹੈ ਤਾਂ ਜੋ ਹਰ ਜਣਾ ਡਾਕਟਰ, ਇੰਜੀਨੀਅਰ ਬਣਨ
ਦੇ ਚੱਕਰ ਵਿਚ ਸਰਕਾਰੀ ਨੌਕਰੀਆਂ ਦੀ ਝਾਕ ਵਿਚ, ਬੇਰੁਜ਼ਗਾਰੀ ਨੂੰ ਆਧਾਰ ਬਣਾ ਕੇ ਨਸ਼ਿਆਂ
ਵੱਲ ਮੁੜਨ ਦੀ ਥਾਂ ਆਪਣਾ ਕਿੱਤਾ ਆਪ ਚੁਣ ਕੇ ਕਮਾਈ ਸ਼ੁਰੂ ਕਰ ਲਵੇ।
* ਨਸ਼ਿਆਂ ਦੀ
ਦਲਤਲ `ਚੋਂ ਬਾਹਰ ਨਿਕਲਣ ਵਾਲਿਆਂ ਨੂੰ ਕਿਸੇ ਵੀ ਹਾਲ ਵਿਚ ਵਿਹਲੇ ਨਹੀਂ ਬੈਠਣ ਦੇਣਾ
ਚਾਹੀਦਾ ਕਿਉਂਕਿ ਉਨ੍ਹਾਂ ਦਾ ਵਿਹਲਾ ਦਿਮਾਗ਼ ਆਪਣੇ ਆਪ ਹੀ ਚੱਕਰਵਿਊ ਬਣਾ ਕੇ ਦੁਬਾਰਾ ਤਲਬ
ਸ਼ੁਰੂ ਕਰਵਾ ਸਕਦਾ ਹੈ। ਉਨ੍ਹਾਂ ਨੂੰ ਸਵੈ ਰੁਜ਼ਗਾਰ ਅਤੇ ਖੇਡਾਂ ਵੱਲ ਪ੍ਰੇਰਿਤ ਕਰ ਕੇ
ਨਾਰਮਲ ਜ਼ਿੰਦਗੀ ਜੀਉਣ ਵਿਚ ਮਦਦ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਅਜਿਹੇ ਲੋਕਾਂ ਦਾ
ਕਿਸੇ ਵੀ ਹਾਲ ਵਿਚ ਨਸ਼ਈ ਲੋਕਾਂ ਨਾਲ ਮੇਲ ਜੋਲ ਦੁਬਾਰਾ ਨਹੀਂ ਹੋਣਾ ਚਾਹੀਦਾ ਜੋ ਉਨ੍ਹਾਂ
ਨੂੰ ਵਾਪਸ ਉਸ ਦਲਦਲ ਵੱਲ ਧੱਕ ਸਕਦੇ ਹਨ।
* ਸਰਕਾਰੀ ਪੱਧਰ ਉੱਤੇ ਨਸ਼ੇ ਦੇ ਵਪਾਰੀਆਂ
ਲਈ ``ਜ਼ੀਰੋ ਟੌਲਰੈਂਸ ਪਾਲਿਸੀ`` ਕਰਨ ਦੀ ਲੋੜ ਹੈ। ਕਿਸੇ ਵੀ ਹਾਲਤ ਵਿਚ ਨਸ਼ੇ ਦੇ
ਵਪਾਰੀਆਂ ਨੂੰ ਬਖ਼ਸ਼ਣਾ ਨਹੀਂ ਚਾਹੀਦਾ।
* ਅੱਜਕਲ ਪੰਜਾਬ ਅੰਦਰ ਸਕੂਲ ਛੱਡਣ ਦਾ ਰੁਝਾਨ
ਵੱਧ ਲੱਗ ਪਿਆ ਹੈ। ਅੱਠਵੀਂ ਨੌਵੀਂ ਦਸਵੀਂ ਜਮਾਤ ਹੀ ਅਸਲ ਉਮਰ ਹੁੰਦੀ ਹੈ ਜਦੋਂ ਬੱਚੇ
ਨੂੰ ਹਾਲੇ ਕੋਈ ਰਾਹ ਦਸੇਰਾ ਮਿਲਿਆ ਨਹੀਂ ਹੁੰਦਾ ਤੇ ਉਹ ਨਸ਼ਿਆਂ ਵੱਲ ਛੇਤੀ ਧੱਕਿਆ ਜਾਂਦਾ
ਹੈ। ਇਸੇ ਉਮਰ ਵਿਚ `ਪੀਅਰ ਪਰੈੱਸ਼ਰ`` ਅਧੀਨ ਸਹਿਪਾਠੀਆਂ ਵੱਲੋਂ ਮਿਲੀ ਹੱਲਾਸ਼ੇਰੀ ਹੀ
ਬੱਚਿਆਂ ਨੂੰ ਨਸ਼ਿਆਂ ਦੇ ਰਾਹ ਤੋਰ ਦਿੰਦੀ ਹੈ।
* ਮਾਪਿਆਂ ਨੂੰ ਬੱਚਿਆਂ ਲਈ ਪੂਰਾ ਸਮਾਂ ਦੇਣਾ ਚਾਹੀਦਾ ਹੈ ਤੇ ਬੱਚੇ ਦੇ ਵਿਹਲੇ ਸਮੇਂ ਦੇ ਆਹਰ ਤੇ ਦੋਸਤਾਂ ਬਾਰੇ ਪੂਰਾ ਗਿਆਨ ਹੋਣਾ ਜ਼ਰੂਰੀ ਹੈ।
* ਬੱਚਿਆਂ ਨੂੰ ਹਾਰ ਦਾ ਸਾਹਮਣਾ ਕਰਨ ਦੀ ਜਾਚ ਸਿਖਾਉਣੀ ਚਾਹੀਦੀ ਹੈ।
*
ਮਾਪਿਆਂ ਨੂੰ ਆਪਣੀ ਜਾਇਦਾਦ ਉੱਤੇ ਬੱਚਿਆਂ ਦੇ ਹੱਕਾਂ ਨਾਲੋਂ ਬੱਚਿਆਂ ਨੂੰ ਆਪੋ ਆਪਣੇ
ਕੰਮ ਕਰਨ ਲਈ ਉਤਸਾਹਿਤ ਕਰਨ ਦੀ ਲੋੜ ਹੈ ਤਾਂ ਜੋ ਉਹ ਵਿਹਲੇ ਬਹਿ ਕੇ ਪਿਓ ਦੀ ਕਮਾਈ ਉੱਤੇ
ਝਾਕ ਰੱਖਣੀ ਛੱਡ ਦੇਣ।
* ਨਸ਼ਿਆਂ ਨੂੰ ਪ੍ਰੋਤਸਾਹਿਤ ਕਰਨ ਵਿਚ ਗੀਤਕਾਰਾਂ ਤੇ
ਸੰਗੀਤਕਾਰਾਂ ਦਾ ਬਹੁਤ ਵੱਡਾ ਰੋਲ ਹੈ। ਇਹ ਤਾਂ ਪਤਾ ਲੱਗ ਹੀ ਚੁੱਕਿਆ ਹੈ ਕਿ ਨਸ਼ੇ ਦੇ
ਆਦੀ ਲੋਕਾਂ ਦੇ ਦਿਮਾਗ਼ ਵਿਚ ਸਦੀਵੀ ਨੁਕਸ ਪੈ ਜਾਂਦਾ ਹੈ। ਇਸੇ ਲਈ ਉਹ ਤਰੰਗਾਂ ਜੋ ਨਸ਼ੇ
ਨੂੰ ਵਧਾਉਣ ਵਿਚ ਸਹਾਈ ਹੋ ਰਹੀਆਂ ਹੋਣ, ਨਸ਼ਈ ਛੇਤੀ ਫੜਦੇ ਹਨ ਤੇ ਉਨ੍ਹਾਂ ਨੂੰ ਨਸ਼ੇ ਦੀ
ਤਲਬ ਲੱਗ ਜਾਂਦੀ ਹੈ। ਇਸ ਚੱਕਰਵਿਊ ਵਿੱਚੋਂ ਫੇਰ ਨਸ਼ਈ ਕੋਲੋਂ ਨਿਕਲਣਾ ਔਖਾ ਹੋ ਜਾਂਦਾ
ਹੈ। ਇਸੇ ਲਈ ਹਰ ਨਾਈਟ ਕਲੱਬਾਂ ਤੇ ਨਸ਼ੇ ਵਾਲੀਆਂ ਥਾਵਾਂ ਉੱਤੇ ਨਸ਼ਿਆਂ ਵਾਲੇ ਗੀਤ ਸੰਗੀਤ
ਵਜਾਏ ਜਾਂਦੇ ਹਨ।
ਜੇ ਗੀਤਕਾਰ ਤੇ ਸੰਗੀਤਕਾਰ ਆਪਣੀ ਡਿਊਟੀ ਸਮਝ ਲੈਣ ਤਾਂ ਕਾਫੀ ਸੁਧਾਰ ਹੋ ਸਕਦਾ ਹੈ।
ਡੋਪ ਟੈਸਟ ਕੀ ਹੈ :-
1.
ਸਕਰੀਨਿੰਗ ਟੈਸਟ : ਇਹ ਸਸਤਾ ਟੈਸਟ ਪਿਸ਼ਾਬ ਦੇ ਸੈਂਪਲ ਵਿੱਚੋਂ ਕੀਤਾ ਜਾਂਦਾ ਹੈ। ਇਸ
ਵਿਚ ਸਰੀਰ ਵਿਚ ਨਸ਼ੇ ਦੀ ਮੌਜੂਦਗੀ ਦਾ ਪਤਾ ਲੱਗ ਸਕਦਾ ਹੈ। ਪਰ, ਧਿਆਨ ਰਹੇ ਕਿ
ਸਕਰੀਨਿੰਗ ਟੈਸਟ ਇਹ ਉੱਕਾ ਨਹੀਂ ਦੱਸਦਾ ਕਿ ਬੰਦਾ ਨਸ਼ੇ ਦਾ ਆਦੀ ਹੈ ਜਾਂ ਨਹੀਂ। ਸਿਰਫ਼ 6
ਘੰਟੇ ਤੋਂ ਦੋ ਦਿਨ ਦੇ ਅੰਦਰ ਲਏ ਨਸ਼ੇ ਬਾਰੇ ਹੀ ਪਤਾ ਲਾਇਆ ਜਾ ਸਕਦਾ ਹੈ।
ਇਹ ਟੈਸਟ
ਪੱਕਾ ਨਹੀਂ ਹੈ। ਕਈ ਵਾਰ ਝੂਠਾ ਪਾਜ਼ਿਟਿਵ ਜਾਂ ਝੂਠਾ ਨੈਗੇਟਿਵ ਵੀ ਆ ਸਕਦਾ ਹੈ। ਇਹ ਟੈਸਟ
ਸ਼ਰਾਬ, ਭੁੱਕੀ, ਅਫ਼ੀਮ, ਚਿੱਟਾ, ਐਲ.ਐਸ.ਡੀ. ਅਤੇ ਹੋਰ ਨਸ਼ਿਆਂ ਦਾ ਪਤਾ ਲਾ ਸਕਦਾ ਹੈ।
2.
ਕਨਫਰਮੇਟਰੀ ਟੈਸਟ :- ਇਹ ਮਹਿੰਗਾ ਟੈਸਟ ਇਕਦਮ ਰਿਪੋਰਟ ਨਹੀਂ ਦਿੰਦਾ। ਇਹ ਟੈਸਟ ਪਿਸ਼ਾਬ,
ਲਹੂ, ਵਾਲਾਂ ਤੇ ਨਹੁੰਆਂ ਵਿੱਚੋਂ ਵੀ ਕੀਤਾ ਜਾਂਦਾ ਹੈ। ਇਹ ਟੈਸਟ ਸਿਰਫ਼ ਕੁੱਝ ਕੁ ਖ਼ਾਸ
ਲੈਬਾਰਟੀਆਂ ਵਿਚ ਕੀਤਾ ਜਾ ਸਕਦਾ ਹੈ।
ਇਸ ਟੈਸਟ ਰਾਹੀਂ ਨਸ਼ੇ ਦੇ ਆਦੀ ਬੰਦੇ ਦਾ ਪਤਾ ਲਾਇਆ ਜਾ ਸਕਦਾ ਹੈ।
ਸਾਰ
:-ਨਸ਼ਾ ਸਿਰਫ਼ ਇਕ ਬੰਦੇ ਜਾਂ ਉਸ ਦੇ ਟੱਬਰ ਨੂੰ ਬਰਬਾਦ ਕਰਨ ਤਕ ਸੀਮਤ ਨਹੀਂ ਹੈ। ਇਹ ਤਾਂ
ਸਮਾਜ, ਸੱਭਿਆਚਾਰ ਅਤੇ ਕੌਮ ਦੀਆਂ ਨੀਹਾਂ ਤਕ ਗਾਲ ਦਿੰਦਾ ਹੈ। ਇਸੇ ਲਈ ਇਸ ਨੂੰ ਰੋਕਣ
ਵਾਸਤੇ ਧਾਰਮਿਕ, ਸਮਾਜਿਕ, ਪੁਲਿਸ, ਪ੍ਰਸ਼ਾਸਨ, ਪੱਤਰਕਾਰ, ਗੀਤਕਾਰ, ਸੰਗੀਤਕਾਰ,
ਸਿਆਸਤਦਾਨਾਂ ਸਮੇਤ ਹਰ ਕਿਸੇ ਨੂੰ ਆਪਣੀ ਜ਼ਿੰਮਵਾਰੀ ਮੰਨਦਿਆਂ ਸਾਂਝੇ ਤੌਰ ਉੱਤੇ ਹੰਭਲਾ
ਮਾਰਨ ਦੀ ਲੋੜ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783