A Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

October 14, 2018
Author/Source: Dr. Ramanpreet Kaur

1.ਜਾਪਦਾ ਸੰਕਲਪ


I. ਪਰਿਭਾਸ਼ਾ: ਸਾਡੇ ਸਮਾਜ ਵਿਚ ਜਾਪ ਇਕ ਧਾਰਮਿਕ ਅਤੇ ਅਧਿਆਤਮਕ ਪੱਧਰ ਦੀ ਸੰਕਲਪਿਕ ਮਦ ਹੈ। ਇਸ ਦਾ ਇਕ ਨਿਸ਼ਚਿਤ ਘੇਰਾ ਹੈ, ਜੋ ਭਾਰਤੀ ਅਧਿਆਤਮਕ ਮੰਡਲਾਂ ਅਤੇ ਮੰਡਪਾਂ ਵਿੱਚ ਲਗਾਤਾਰ ਵਿਕਸਿਤ ਹੁੰਦਾ ਰਿਹਾ ਹੈ। ਇਸ ਨੇ ਮਾਨਵੀ ਮਾਨਸਿਕਤਾ ਵਿੱਚ ਇਕ ਵਿਸ਼ੇਸ਼ ਸਥਾਨ ਬਣਾਇਆ ਹੈ। ਸਮਾਜਿਕ ਪ੍ਰਬੰਧ ਅਤੇ ਧਾਰਮਿਕ ਪ੍ਰਵਚਨ ਇਸ ਸੰਕਲਪਿਕ ਅਤੇ ਵਿਹਾਰਕ ਮਦ ਨੂੰ ਲਗਾਤਾਰ ਇਕ ਵਿਕਾਸਸ਼ੀਲ ਪਰੰਪਰਾ ਵਜੋਂ ਸਥਾਪਿਤ ਕਰਦੇ ਆ ਰਹੇ ਹਨ। ਜਾਪ ਨੂੰ ਹੇਠ ਲਿਖੇ ਅਨੁਸਾਰ ਪਰਿਭਾਸ਼ਤ ਕੀਤਾ ਜਾ ਸਕਦਾ ਹੈ:


ਜਾਪ ਇਕ ਅਜਿਹਾ ਮਾਨਵੀ ਪ੍ਰਯਤਨ ਹੈ, ਜਿਸ ਅਧੀਨ ਅਭਿਆਸੀ (ਸਾਧਕ) ਜਾਂ ਸਮੂਹ ਸੰਗਤ ਨਿਰਧਾਰਤ ਪ੍ਰਯੋਜਨਾਂ ਦੀ ਪੂਰਤੀ ਲਈ ਨਾਵਾਂ, ਵਾਕੰਸ਼ਾਂ, ਸਲੋਕਾਂ ਜਾਂ ਮੰਤਰਾਂ ਦਾ ਲਗਾਤਾਰ ਉਚਾਰਨ ਨਿਤਨੇਮੀ ਅਨੁਸ਼ਠਾਨ ਅਨੁਸਾਰ ਕਰਦੇ ਹਨ।


II. ਜਾਪ ਦੇ ਤੱਤ: ਜਾਪਦੀ ਇਸ ਉਪਰੋਕਤ ਪਰਿਭਾਸ਼ਾ ਵਿਚ ਹੇਠ ਲਿਖੇ ਤੱਤ ਦ੍ਰਿਸ਼ਟੀਗੋਚਰ ਹੁੰਦੇ ਹਨ: ਵਿਅਕਤੀਗਤ ਜਾਂ ਸਮੂਹਿਕ ਪ੍ਰਯਤਨ, ਸ਼ਬਦ (ਸਲੋਕ, ਸੂਤਰ ਜਾਂ ਮੰਤਰ), ਉਚਾਰਨ, ਲਗਾਤਾਰਤਾ ਅਤੇ ਪ੍ਰਯੋਜਨ।


(ੳ) ਵਿਅਕਤੀਗਤ ਜਾਂ ਸਮੂਹਿਕ ਪ੍ਰਯਤਨ : ਪ੍ਰਾਣੀ (ਮਾਨਵੀ) ਜਗਤ ਵਿਚੋਂ ਮਨੁੱਖ ਹੀ ਇਕ ਸੁਚੇਤ ਅਤੇ ਬੁੱਧੀ ਵਾਲਾ ਪ੍ਰਾਣੀ ਹੈ। ਇਸ ਲਈ ਜਾਪਮਨੁੱਖ ਦਾ ਹੀ ਇਕ ਸੁਚੇਤ ਪ੍ਰਯਤਨ ਹੈ। ਗੋਬਿੰਦ ਮਿਲਣ ਕੀ ਏਹੁ ਤੇਰੀ ਬਰੀਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਹ ਆਪਣੇ ਆਲੇ-ਦੁਆਲੇ ਬਾਰੇ ਲਗਾਤਾਰ ਚੇਤਨਾ ਗ੍ਰਹਿਣ ਕਰਦਾ ਹੈ। ਇਸ ਦੇ ਆਧਾਰ ਤੇ ਵਿਕਸਿਤ ਬੁੱਧੀ ਦੀ ਮਦਦ ਨਾਲ ਉਹ ਪ੍ਰਤੱਖ ਕੁਦਰਤੀ ਵਰਤਾਰੇ ਦੇ ਅਪ੍ਰਤੱਖ ਆਧਾਰ-ਸਰੋਤ ਨੂੰ ਸਮਝਣ ਦਾ ਯਤਨ ਕਰਦਾ ਹੈ। ਇਸ ਵਿਚ ਉਸਦੀ ਬੌਧਿਕ ਅਤੇ ਧਾਰਮਿਕ ਪਰੰਪਰਾ ਉਸ ਲਈ ਪੂਰਨੇ ਪਾਉਂਦੀ ਹੈ। ਆਪਣੀ ਪਰੰਪਰਾ ਅਤੇ ਆਪਣੇ ਵਰਤਮਾਨ ਬੋਧ ਦੇ ਸਹਾਰੇ ਕੁਦਰਤੀ, ਗੈਰ-ਕੁਦਰਤੀ ਅਤੇ ਮਾਨਵੀ ਵਜੂਦਾਂ ਤੇ ਵਰਤਾਰਿਆਂ ਦੇ ਆਧਾਰ-ਸਰੋਤ ਨੂੰ ਪਹਿਲਾਂ ਨਿਰਧਾਰਤ ਕਰਦਾ ਹੈ, ਫਿਰ ਉਸ ਨਾਲ ਆਪਣੀ ਇਕਸੁਰਤਾ ਪ੍ਰਾਪਤ ਕਰਨ ਲਈ ਯਤਨਸ਼ੀਲ ਹੁੰਦਾ ਹੈ।


ਅਜੋਕੇ ਵਰਤਮਾਨ ਯੁੱਗ ਵਿੱਚ ਮਨੁੱਖ ਕੋਲ ਗਿਆਨ ਅਤੇ ਵਿਗਿਆਨ ਦੀ ਸਿੱਖਿਆ ਤੇ ਸੰਚਾਰ ਲਈ ਰਸਮੀ ਸਿੱਖਿਆ ਪ੍ਰਣਾਲੀ ਅਧੀਨ ਸੰਸਥਾਈ ਪੱਧਰ ਦੀ ਵਿਵਸਥਾ ਪ੍ਰਾਪਤ ਹੈ। ਪ੍ਰਾਚੀਨ ਮਾਨਵੀ ਸਮਾਜ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਦੀ ਅਣਹੋਂਦ ਸੀ। ਇਸ ਲਈ ਮਨੁੱਖ ਨੂੰ ਸਿੱਖਿਅਕ ਅਤੇ ਸੁਚੇਤ ਕਰਨ ਹਿਤ ਇਸ ਘਾਟ ਦੀ ਪੂਰਤੀ ਧਰਮ ਨਾਲ ਸੰਬੰਧਿਤ ਸਮਾਜਿਕ ਪ੍ਰਣਾਲੀਆਂ ਦੁਆਰਾ ਕੀਤੀ ਜਾਂਦੀ ਸੀ। ਸਾਧਾਰਨ ਬੋਧ ਵਾਲੇ ਵਿਅਕਤੀਆਂ ਨੂੰ ਪਰੰਪਰਾ ਤੋਂ ਪ੍ਰਾਪਤ ਸੂਤਰਾਂ ਅਤੇ ਮੰਤਰਾਂ ਦੇ ਉਚਾਰਨ ਦਾ ਪਹਿਲਾ ਗ਼ੈਰ-ਰਸਮੀ ਪੱਧਰ ਤੇ ਅਭਿਆਸ ਕਰਾਇਆ ਜਾਂਦਾ ਸੀ, ਫਿਰ ਇਹ ਜਾਪ ਦੇ ਰੂਪ ਵਿੱਚ ਉਨ੍ਹਾਂ ਦੇ ਨਿਤਾ-ਪ੍ਰਤੀ ਜੀਵਨ ਦਾ ਅੰਗ ਬਣ ਜਾਂਦਾ ਸੀ। ਸੂਤਰਾਂ ਤੇ ਮੰਤਰਾਂ ਦੇ ਉਚਾਰਨ ਦੀ ਮੌਲਿਕਤਾ ਬਣਾਈ ਰੱਖਣ ਲਈ ਸ਼ੁੱਧਤਾ ਉੱਤੇ ਵਿਸ਼ੇਸ਼ ਬਲ ਦਿੱਤਾ ਜਾਂਦਾ ਸੀ। ਇਸ ਮੰਤਵ ਲਈ ਇਨ੍ਹਾਂ ਦੇ ਸ਼ੁੱਧ ਉਚਾਰਨ ਨਾਲ ਕਈ ਤਰ੍ਹਾਂ ਦੇ ਨਿਤਨੇਮੀ ਕਰਮ-ਕਾਂਡ ਅਤੇ ਵਿਸ਼ਵਾਸ ਵੀ ਹੋਂਦ ਵਿੱਚ ਆਏ। ਮੌਖਿਕ ਸੰਚਾਰ ਦੀ ਮਜਬੂਰੀ ਅਤੇ ਪਰੰਪਰਾ ਦੇ ਨਿਘੂੰਟ, ਨਿਰੁਕਤ, ਕੋਸ਼ਕਾਰੀ, ਵਿਆਕਰਨ ਅਤੇ ਦਰਸ਼ਨ ਦੇ ਅਧਿਐਨ ਖੇਤਰਾਂ ਨੂੰ ਬੀਜ-ਰੂਪ ਵਿਚ ਸਥਾਪਿਤ ਕਰਨ ਲਈ ਵੀ ਆਪਣਾ ਯੋਗਦਾਨ ਪਾਇਆ। ਇਸ ਤਰ੍ਹਾਂ ਜਾਪ ਵਿਹਾਰਕ ਪੱਧਰ ਤੇ ਇਕ ਮਾਨਵੀ ਪ੍ਰਯਤਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਹ ਪ੍ਰਯਤਨ ਵਿਅਕਤੀਗਤ ਵੀ ਹੋ ਸਕਦਾ ਹੈ ਅਤੇ ਸਮੂਹਿਕ ਵੀ। ਦੋਵਾਂ ਸਥਿਤੀਆਂ ਵਿੱਚ ਇਹ ਸਮਾਜ ਨੂੰ ਇਕ ਸਿਹਤਮੰਦ ਦਿਸ਼ਾ ਪ੍ਰਦਾਨ ਕਰਦਾ ਹੈ ਅਤੇ ਵਿਅਕਤੀ ਤੇ ਸਮੂਹ ਲਈ ਕਲਿਆਣਕਾਰੀ ਸਿੱਧ ਹੁੰਦਾ ਹੈ।


(ਅ) ਸ਼ਬਦ : ਸ਼ਬਦ ਜਾਪ ਦੀ ਪ੍ਰਕਿਰਿਆ ਦਾ ਮੁੱਖ ਤੱਤ ਹੈ। ਮਨੁੱਖ ਦਾ ਸਾਰਾ ਅਵਚੇਤਨ, ਅਰਧ-ਚੇਤਨ ਅਤੇ ਚੇਤਨ-ਜਗਤ ਸ਼ਬਦ (ਭਾਸ਼ਾ) ਆਧਾਰਿਤ ਹੈ। ਭਾਰਤੀ ਵਿਆਕਰਨਕਾਰ ਅਤੇ ਅਮਰੀਕੀ ਮਾਨਵ-ਵਿਗਿਆਨੀ ਇਸ ਤੱਥ ਨਾਲ ਸਹਿਮਤ ਹਨ ਕਿ ਭਾਸ਼ਾ ਹੀ ਮਾਨਵੀ ਚੇਤਨਾ ਵਿਚਲੇ ਸੰਸਾਰ ਨੂੰ ਸਿਰਜਦੀ ਹੈ। ਭੌਤਿਕ ਅਤੇ ਪਦਾਰਥਕ ਵਸਤੂ-ਜਗਤ ਦੀ ਹੋਂਦ ਚਿੰਨ੍ਹ ਵਿਗਿਆਨਕ ਪ੍ਰਕਿਰਿਆਵਾਂ ਰਾਹੀ ਜਦੋਂ ਮਨੁੱਖ ਦੇ ਬੋਧ ਦਾ ਅੰਗ ਬਣਦੀ ਹੈ ਤਾਂ ਭਾਸ਼ਾ ਨੂੰ ਹੀ ਮਾਧਿਅਮ ਬਣਾਉਂਦੀ ਹੈ। ਇਸ ਲਈ ਹੀ ਕਿਹਾ ਗਿਆ ਹੇ ਕਿ ਸ਼ਬਦ ਹੀ ਸੰਸਾਰ ਹੈ ਅਤੇ ਭਾਸ਼ਾ (ਸ਼ਬਦ) ਸਮਾਜਿਕ ਯਥਾਰਥ ਲਈ ਦਿਸ਼ਾ ਨਿਰਦੇਸ਼ਕ ਦਾ ਕਾਰਜ ਕਰਦੀ ਹੈ। ਇਸ ਲਈ ਵਿਅਕਤੀਗਤ ਜਾਂ ਸਮੂਹਿਕ ਜਾਪ ਦਾ ਦੂਜਾ ਮੁੱਖ ਤੱਤ ਸ਼ਬਦ ਹੁੰਦਾ ਹੈ। ਜਾਪ ਹਮੇਸ਼ਾ ਸ਼ਬਦਦਾ ਹੀ ਕੀਤਾ ਜਾਂਦਾ ਹੈ। ਇਹ ਸ਼ਬਦਇਕਾਈ ਰੂਪ ਵਿੱਚ ਕੋਈ ਨਾਂਵ ਹੋ ਸਕਦਾ ਹੈ ਜਾਂ ਵਿਸ਼ੇਸ਼ਣ ਅਤੇ ਫਿਰ ਵਿਸ਼ੇਸ਼ਣ-ਨਾਂਵ ਰਲ ਕੇ ਵਾਕੰਸ਼ੀ ਰੂਪ ਵੀ ਅਖ਼ਤਿਆਰ ਕਰ ਸਕਦਾ ਹੈ। ਪਰੰਪਰਾ ਵਿਚ ਕਿਉਂਕਿ ਮੌਖਿਕ ਅਭਿਆਸ ਹੀ ਸੰਚਾਰ ਦਾ ਇਕੋ-ਇਕ ਸਾਧਨ ਸੀ ਇਸ ਲਈ ਜਾਪ ਲਈ ਨਿਰਧਾਰਿਤ ਸ਼ਬਦ ਵਧੇਰੇ ਕਰਕੇ ਛੰਦ-ਬੱਧ ਰੂਪ ਵਿੱਚ ਵਿਚਰਦਾ ਸੀ। ਛੰਦ-ਬੱਧ ਲੈਅ ਵਾਲਾ ਕਾਵਿ-ਰੂਪ ਨਾ ਸਿਰਫ਼ ਯਾਦ-ਸ਼ਕਤੀ ਦਾ ਅੰਗ ਹੀ ਸਹਿਜੇ ਬਣ ਜਾਂਦਾ ਸੀ, ਬਲਕਿ ਅਭਿਆਸ ਕਰਤਾ ਨੂੰ ਛੰਦਾਂ ਅਤੇ ਲੈਅ ਵਿਚੋਂ ਉਪਜੇ ਸੰਗੀਤ ਦੀਆਂ ਤਰੰਗਾਂ ਦੁਆਰਾ ਆਨੰਦ ਵੀ ਪ੍ਰਦਾਨ ਕਰਦਾ ਸੀ। ਜਾਪ ਦਾ ਇਹ ਮੁੱਖ ਤੱਤ (ਸ਼ਬਦ) ਛੰਦ ਅਤੇ ਕਾਵਿ-ਰੂਪ ਵਿਚ ਮਾਨਵੀ ਸਿਰਜਣ ਪ੍ਰਕਿਰਿਆ ਦੀ ਉਪਜ ਹੈ। ਇਸ ਲਈ ਇਸ ਰਾਹੀਂ ਸੰਚਾਰਿਤ ਸੋਚ ਸਾਧਾਰਨ ਭਾਸ਼ਾਈ ਬੋਲਾਂ ਅਤੇ ਵਾਰਤਕ ਕਥਨਾਂ ਤੋਂ ਪਾਰ ਵਿਚਰਦੀ ਹੈ। ਮਾਨਵੀ ਅਭਿਆਸ ਅਤੇ ਬ੍ਰਹਿਮੰਡਕ ਅਵਲੋਕਣ ਰਾਹੀਂ ਪ੍ਰਾਪਤ ਚੇਤਨਾ, ਗਿਆਨ ਅਤੇ ਬੋਧ ਨੂੰ ਸੰਚਾਰਿਤ ਕਰਨ ਲਈ ਜਦੋਂ ਸਾਧਾਰਨ ਅਤੇ ਸੰਕਲਪਿਕ ਸ਼ਬਦਾਵਲੀ ਦੀ ਸਿਰਜਤ ਪ੍ਰਸੰਗਾਂ ਵਿਚ ਵਰਤੋਂ ਕੀਤੀ ਜਾਂਦੀ ਹੈ ਤਾਂ ਸ਼ਬਦਸੂਤਰਾਂ ਅਤੇ ਮੰਤਰਾਂ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਪਰ ਜੇ ਇਸ ਤਰਾਂ ਦੀ ਭਾਸ਼ਾਈ ਸਿਰਜਣਾ ਕਰਨ ਵਾਲਾ ਵਿਅਕਤੀ, ਭਗਤ ਜਾਂ ਗੁਰੂ ਵਾਲੇ ਸਰਵਉੱਚ ਅਤੇ ਸਤਿਕਾਰਯੋਗ ਸਥਾਨ ਦਾ ਧਾਰਨੀ ਹੋਵੇ ਤਾਂ ਉਸਦੀ ਇਸ ਸਿਰਜਣਾ ਨੂੰ ਬਾਣੀ ਵਜੋਂ ਸਵੀਕਾਰਿਆ ਅਤੇ ਸਤਿਕਾਰਿਆ ਜਾਂਦਾ ਹੈ। ਬਾਣੀ ਦਾ ਜਾਪ ਵਿਅਕਤੀ ਅਤੇ ਸਮੂਹ ਨੂੰ ਨਾ ਸਿਰਫ਼ ਜੀਵਨ ਯਥਾਰਥ ਦਾ ਹੀ ਬੋਧ ਕਰਵਾਉਂਦਾ ਹੈ, ਬਲਕਿ ਸਮੁੱਚੇ ਕੁਦਰਤੀ ਅਤੇ ਮਾਨਵੀ ਜੀਵਨ ਦੇ ਆਧਾਰ-ਸਰੋਤ ਦੇ ਸਨਮੁਖ ਲਿਆ ਖੜ੍ਹਾ ਕਰਦਾ ਹੈ ਅਤੇ ਉਸ ਨਾਲ ਇਕਸੁਰਤਾ ਪ੍ਰਾਪਤ ਕਰਨ ਦਾ ਮਾਰਗ ਵੀ ਸਪੱਸ਼ਟ ਕਰਦਾ ਹੈ।


(ੲ) ਉਚਾਰਨ : ਜਾਪ ਦੇ ਅੰਤਰਗਤ ਸ਼ਬਦ ਦਾ ਉਚਾਰਨ ਕੀਤਾ ਜਾਂਦਾ ਹੈ। ਮਨੁੱਖੀ ਭਾਸ਼ਾ ਮੁੱਖ ਤੌਰ ਤੇ ਬੋਲ-ਪੱਧਰ ਦੀ ਹੋਂਦ ਹੈ। ਵਿਅਕਤੀ ਪਹਿਲਾਂ ਬੋਲਾਂ ਨੂੰ ਸੁਣਦਾ ਹੈ ਅਤੇ ਫਿਰ ਇਨ੍ਹਾਂ ਨੂੰ ਬੋਲਣ ਦਾ ਅਭਿਆਸ ਕਰਦਾ ਹੈ। ਲਗਾਤਾਰ ਅਭਿਆਸ ਮਗਰੋਂ ਸੁਣੇ ਬੋਲਾਂ ਨੂੰ ਨਾ ਸਿਰਫ਼ ਦੁਹਰਾਉਣਾ ਸਿੱਖਦਾ ਹੈ, ਬਲਕਿ ਇਨ੍ਹਾਂ ਬੋਲਾਂ ਵਿਚਲੇ ਵਿਆਕਰਨਕ ਨੇਮਾਂ ਨੂੰ ਵੀ ਅਚੇਤ ਰੂਪ ਵਿੱਚ ਗ੍ਰਹਿਣ ਕਰ ਲੈਂਦਾ ਹੈ। ਫਿਰ ਇਨ੍ਹਾਂ ਗ੍ਰਹਿਣ ਕੀਤੇ ਨੇਮਾਂ ਨਾਲ ਉਹ ਆਪ ਆਪਣੀਆਂ ਭਾਵਨਾਵਾਂ, ਲੋੜਾਂ ਅਤੇ ਵਿਚਾਰਾਂ ਦਾ ਸੰਚਾਰ ਕਰਨ ਲੱਗ ਪੈਂਦਾ ਹੈ। ਇਸ ਲਈ ਜਾਪ ਵਿੱਚ ਵੀ ਪਹਿਲਾਂ ਨਿਰਧਾਰਿਤ ਸ਼ਬਦ ਜਾਂ ਮੰਤਰ ਦਾ ਉਚਾਰਨ ਸੁਣਿਆ ਜਾਂਦਾ ਹੈ, ਫਿਰ ਉਸ ਦੇ ਉਚਾਰਨ ਦੇ ਅਭਿਆਸ ਨਾਲ ਉਸ (ਸ਼ਬਦ, ਸੂਤਰ ਜਾਂ ਮੰਤਰ) ਨੂੰ ਯਾਦ-ਸ਼ਕਤੀ ਦਾ ਅੰਗ ਬਣਾਇਆ ਜਾਂਦਾ ਹੈ। ਨਿਸ਼ਚਿਤ ਸ਼ਬਦ ਦਾ ਉਚਾਰਨ ਅਤੇ ਅਭਿਆਸ, ਇਨ੍ਹਾਂ ਵਿਚਲੀਆਂ ਇਕਾਈਆਂ ਦੇ ਅਰਥ-ਘੇਰਿਆਂ ਅਤੇ ਉਨ੍ਹਾਂ ਦੁਆਰਾ ਸਿਰਜਿਤ ਪ੍ਰਸੰਗਾਂ ਰਾਹੀਂ ਸੰਚਾਰਿਤ ਭਾਵਾਂ ਨੂੰ ਚੇਤਨਾ ਦਾ ਅੰਗ ਬਣਾਉਣ ਵਿਚ ਵੀ ਸਾਹਇਕ ਹੁੰਦਾ ਹੈ। ਜਾਪ ਕਰਨ ਵਾਲਾ ਅਭਿਆਸੀ ਪਹਿਲੇ ਪੜਾਅ ਉੱਤੇ ਸੁਣਨ-ਯੋਗ ਉਚਾਰਨ ਨਾਲ ਜਾਪ ਕਰਦਾ ਹੈ। ਅਗਲੇ ਪੜਾਅ ਉੱਤੇ ਉਸ ਦੇ ਹੋਂਠ ਹਿਲਦੇ ਹੀ ਨਜ਼ਰ ਆਉਂਦੇ ਹਨ, ਕਿਉਂਕਿ ਉਸਦਾ ਧਿਆਨ ਕੇਂਦਰਿਤ ਹੋਣ ਮਗਰੋਂ ਉਸਨੂੰ ਸ਼ਬਦ ਦਾ ਉਚਾਰਨ ਆਪਣੇ ਕੰਨਾ ਰਾਹੀਂ ਸੁਣਨ ਦੀ ਲੋੜ ਨਹੀਂ ਰਹਿੰਦੀ, ਬਲਕਿ ਉਹ ਸ਼ਬਦ ਨੂੰ ਸੁੱਤੇ-ਸਿੱਧ ਗ੍ਰਹਿਣ ਕਰ ਲੈਂਦਾ ਹੈ। ਅਭਿਆਸ ਦੇ ਵਿਕਸਿਤ ਪੜਾਅ ਉੱਤੇ ਬਾਹਰੋਂ ਉਸਦੇ ਹੋਂਠ ਵੀ ਹਿਲਦੇ ਨਜ਼ਰ ਨਹੀਂ ਆਉਂਦੇ। ਇਸ ਅਵਸਥਾ ਵਿੱਚ ਉਸਦਾ ਜਾਪ ਇਕ ਅਜਿਹਾ ਮਾਨਵੀ ਪ੍ਰਯਤਨ ਬਣ ਜਾਂਦਾ ਹੈ, ਜਿਸ ਵਿਚ ਸ਼ਬਦ ਵੀ ਹੈ ਅਤੇ ਉਚਾਰਣ ਵੀ ਪਰ ਉਸਦਾ ਇਹ ਉਚਾਰਣ ਬਾਹਰੀ ਦਿਖਾਵਾ ਨਾ ਰਹਿ ਕੇ ਅੰਤਹਕਰਨ ਵਿੱਚ ਅੰਤਰ-ਕੇਂਦਰਿਤ ਉਚਾਰਣ ਬਣ ਜਾਂਦਾ ਹੈ। ਇਸ ਪੜਾਅ ਉੱਤੇ ਉਸ ਨੂੰ ਧਿਆਨ ਕੇਂਦਰਿਤ ਕਰਨ ਲਈ ਸਰੀਰਕ ਅੰਗਾਂ ਦਾ ਸਹਾਰਾ ਨਹੀਂ ਲੈਣਾ ਪੈਂਦਾ। ਉਹ ਸ਼ਬਦ ਦਾ ਉਚਾਰਣ ਅਤੇ ਸ੍ਰਵਣ ਅੰਤਰ-ਧਿਆਨ ਹੋ ਕੇ ਹੀ ਕਰਦਾ ਹੈ। ਇਸ ਪੜਾਅ ਉੱਤੇ ਉਸ ਨੂੰ ਪ੍ਰਤੱਖਣ ਲਈ ਸਰੀਰਕ ਅੰਗਾਂ ਉੱਤੇ ਨਿਰਭਰ ਨਹੀਂ ਰਹਿਣਾ ਪੈਂਦਾ, ਕਿਉਂਕਿ ਉਸ ਦੇ ਆਤਮਿਕ ਪ੍ਰਤੱਖਣ ਦੁਆਰ ਖੁੱਲ ਜਾਂਦੇ ਹਨ। ਇਹ ਪੜਾਅ ਉਸ ਨੰ ਇਕਸੁਰਤਾ, ਅਰਥਾਤ ਅਪ੍ਰਤੱਖ ਦਾ ਪ੍ਰਤੱਖਣ, ਪ੍ਰਾਪਤ ਕਰਨ ਲਈ ਅਗਲਾ ਕਦਮ ਬਣਦਾ ਹੈ। ਇਸ ਤਰਾਂ ਜਾਪ ਦਾ ਇਹ ਤੱਤ (ਉਚਾਰਣ) ਵਿਅਕਤੀ (ਸਾਧਕ) ਨੂੰ ਸਿਖਿਅਤ ਅਤੇ ਸੁਰਤ ਨੂੰ ਸੁਚੇਤ ਕਰਨ ਦਾ ਕਾਰਜ ਕਰਦਾ ਹੈ।


(ਸ) ਲਗਾਤਾਰਤਾ : ਜਾਪਇਕ ਅਜਿਹਾ ਮਾਨਵੀ ਪ੍ਰਤਯਨ ਹੈ, ਜੋ ਸਰੀਰ-ਵਿਗਿਆਨਕ ਪ੍ਰਕਿਰਿਆਵਾਂ ਵਾਂਗ ਨਿੱਤ-ਨੇਮੀ ਪ੍ਰਕਿਰਤੀ ਵਾਲਾ ਹੈ। ਜਿਸ ਪ੍ਰਕਾਰ ਸਰੀਰ ਦੇ ਵਾਧੇ, ਵਿਕਾਸ ਅਤੇ ਤੰਦਰੁਸਤੀ ਲਈ ਲਗਾਤਾਰ ਸੰਤੁਲਿਤ ਖੁਰਾਕ ਅਤੇ ਅਭਿਆਸ ਦੀ ਲੋੜ ਹੈ ਬਿਲਕੁਲ ਇਸ ਤਰਾਂ ਹੀ ਮਨ, ਬੁੱਧੀ ਅਤੇ ਚੇਤਨਾ ਦੇ ਵਿਕਾਸ ਅਤੇ ਤੰਦਰੁਸਤੀ ਲਈ ਜਾਪ ਦਾ ਕਰਮ ਵੀ ਨਿਤਨੇਮੀ ਪ੍ਰਕਿਰਿਆਵਾਂ ਅਤੇ ਪ੍ਰਯਤਨਾਂ ਦਾ ਅੰਗ ਬਣਾਇਆ ਜਾਂਦਾ ਹੈ, ਪਹਿਲਾਂ-ਪਹਿਲ ਤਾਂਸ਼ਬਦ ਨੂੰ ਯਾਦ-ਸ਼ਕਤੀ ਦਾ ਹਿੱਸਾ ਬਣਾਉਣ ਲਈ ਅਭਿਆਸ ਦਾ ਲਗਾਤਾਰ ਪ੍ਰਯਤਨ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਮਾਨਵੀ ਪ੍ਰਤਯਨ ਨਾ ਸਿਰਫ਼ ਇਕ ਸਰੀਰਕ ਪ੍ਰਕਿਰਿਆ ਤੱਕ ਹੀ ਸੀਮਿਤ ਰਹਿੰਦਾ ਹੈ, ਬਲਕਿ ਇਹ ਇਕ ਬੌਧਿਕ ਅਤੇ ਮਾਨਸਿਕ ਚੇਤਨਾ ਸਿਰਜਣ ਦਾ ਸਰੋਤ ਵੀ ਬਣਦਾ ਹੈ। ਜਾਪ ਦੇ ਸ਼ਬਦਾਂ ਨਾਲ ਭਾਵ ਜਦੋਂ ਲਗਾਤਾਰ ਮਾਨਵੀ ਸੋਚ ਦਾ ਅੰਗ ਬਣਦੇ ਹਨ ਤਾਂ ਉਹ ਮਨੁੱਖ ਦੇ ਮਨ ਅਤੇ ਸਰੀਰ ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ। ਮਨੁੱਖ ਦਾ ਸਮਾਜ ਅਤੇ ਵਿਵਸਥਾ ਉਸ ਨੂੰ ਪ੍ਰਚੰਡ ਪ੍ਰਭਾਵੀ ਪਦਵੀ ਵੀ ਪ੍ਰਦਾਨ ਕਰ ਸਕਦਾ ਹੈ ਅਤੇ ਘੋਰ ਸੰਤਾਪ ਦੀ ਅਵਸਥਾ ਵਿਚ ਵੀ ਧਕੇਲ ਸਕਦਾ ਹੈ। ਦੋਵਾਂ ਪ੍ਰਸਥਿਤੀਆਂ ਵਿਚ ਇਸ ਦਾ ਸਵੈ-ਪ੍ਰਭਾਵਿਤ ਹੁੰਦਾ ਹੈ। ਉਸਦਾ ਇਹ ਸਵੈ(ਆਪਾ) ਸਰੀਰ ਵਿਚ ਕੇਂਦਰਿਤ ਮਨ ਨਾਲ ਬੱਝਾ ਹੋਇਆ ਹੈ। ਜੀਵਨ ਦੇ ਚੜਾਅ ਉਸਨੂੰ ਆਕਾਸ਼ ਵਿਚ ਚੜ੍ਹਾ ਦਿੰਦੇ ਹਨ ਅਤੇ ਉਤਰਾਅ ਉਸ ਨੂੰ ਪਾਤਾਲ ਵਿੱਚ ਪਹੁੰਚਾ ਦਿੰਦੇ ਹਨ। ਮਨੁੱਖ ਦੇ ਜੀਵਨ ਵਿਚ ਇਹ ਕਰਮ ਲਗਾਤਾਰ ਵਾਪਰਦਾ ਰਹਿੰਦਾ ਹੈ। ਇਸ ਲਈ ਮਨੁੱਖ ਦੇ ਸਰੀਰ ਅਤੇ ਮਨ ਨੂੰ ਆਕਾਸ਼ ਦੀਆਂ ਉਚਾਈਆਂ ਅਤੇ ਪਾਤਾਲ ਦੀਆਂ ਡੂੰਘਾਈਆਂ ਤੋਂ ਧਰਤੀ ਦੇ ਸਮਤਲ ਧਰਾਤਲ ਉੱਤੇ ਟਿਕਾਈ ਰੱਖਣ ਲਈ ਜਾਪ ਦੀ ਲਗਾਤਾਰਤਾ ਪ੍ਰਮੁੱਖ ਯੋਗਦਾਨ ਪਾਉਂਦੀ ਹੈ। ਇਸ ਤਰਾਂ ਜਾਪ ਦੇ ਮਾਨਵੀ ਪ੍ਰਤਯਨ ਵਿਚ ਸ਼ਬਦ ਦੇ ਲਗਾਤਾਰ ਉਚਾਰਣ ਦਾ ਥੋੜ-ਚਿਰਾ ਮਹੱਤਵ ਵੀ ਹੈ ਅਤੇ ਚਿਰੰਜੀਵੀ ਮਹੱਤਵ ਵੀ ਹੈ।


(ਹ) ਪ੍ਰਯੋਜਨ : ਕੋਈ ਵੀ ਮਾਨਵੀ ਪ੍ਰਕਿਰਿਆ ਜਾਂ ਪ੍ਰਯਤਨ ਪ੍ਰਯੋਜਨਹੀਣ ਨਹੀਂ ਹੁੰਦਾ। ਮਨੁੱਖ ਦੇ ਸਮਾਜਿਕ ਅਤੇ ਭੌਤਿਕ ਵਿਕਾਸ ਲਈ ਸਾਰੇ ਯਤਨ ਪ੍ਰਯੋਜਨ ਨਿਰਧਾਰਿਤ ਹੀ ਕੀਤੇ ਹਨ। ਅਸੀਂ ਸਮਝਦੇ ਹਾਂ ਕਿ ਮਾਨਵੀ ਸਮਾਜ ਦੇ ਮੁੱਢਲੇ ਪੜਾਵਾਂ ਉੱਤੇ ਜਾਪਦਾ ਪ੍ਰਯੋਜਨ ਗ਼ੈਰ-ਰਸਮੀ ਸਿੱਖਿਆ ਪ੍ਰਣਾਲੀ ਦਾ ਕਾਰਜ ਨਿਭਾਉਣਾ ਸੀ। ਅਗਲੇ ਪੜਾਵਾਂ ਉੱਤੇ ਇਹ ਮਾਨਵੀ ਪ੍ਰਯਤਨ ਦਾਰਸ਼ਨਿਕ ਅਤੇ ਧਾਰਮਿਕ ਸੋਚ ਦਾ ਆਧਾਰ ਬਣਿਆ। ਵਿਕਸਿਤ ਸਮਾਜਿਕ ਪੜਾਵਾਂ ਉੱਤੇ ਵਿਚਰਦਾ ਮਨੁੱਖ ਸਰੀਰਕ ਸੁੱਖਾਂ ਅਤੇ ਸਮਾਜਿਕ ਪ੍ਰਤਿਸ਼ਠਾ ਲਈ ਲਗਾਤਾਰ ਯਤਨਸ਼ੀਲ ਹੁੰਦਾ ਰਹਿੰਦਾ ਹੈ। ਇਨ੍ਹਾਂ ਦੀ ਪ੍ਰਾਪਤੀ ਉਸ ਨੂੰ ਜਿਥੇ ਨਿਰਧਾਰਿਤ ਟੀਚਿਆਂ ਦੀ ਪੂਰਤੀ ਦੀ ਸੰਤੁਸ਼ਟਤਾ ਪ੍ਰਦਾਨ ਕਰਦੀ ਹੈ, ਉਥੇ ਇਨ੍ਹਾਂ ਦੇ ਅਰਥਹੀਣ ਹੋਣ ਦਾ ਅਕੇਵਾਂ ਵੀ ਬਖ਼ਸ਼ਦੀ ਹੈ। ਪਰ ਇਨ੍ਹਾਂ ਟੀਚਿਆਂ ਦੀ ਅਪ੍ਰਾਪਤੀ ਮਨੁੱਖ ਨੂੰ ਸੰਤਾਪ ਦੀ ਦਲਦਲ ਵਿਚ ਧਕੇਲ ਦਿੰਦੀ ਹੈ। ਦੋਵੇਂ ਪ੍ਰਸਥਿਤੀਆਂ ਅਸਾਵੇਂਪਣ ਵਾਲੀਆਂ ਹਨ ਇਨ੍ਹਾਂ ਵਿਚੋਂ ਬਾਹਰ ਨਿਕਲਣ ਅਤੇ ਜੀਵਨ ਦੇ ਯਥਾਰਥ ਦਾ ਪ੍ਰਤੱਖਣ ਕਰਨ ਲਈ ਸਾਵੇਂਪਣ ਵਾਲੀ ਅਵਸਥਾ ਲੋੜੀਂਦੀ ਹੈ। ਇਸ ਲਈ ਜਾਪ ਦਾ ਪ੍ਰਮੁੱਖ ਪ੍ਰਯੋਜਨ ਵਿਅਕਤੀ ਅਤੇ ਸਮੂਹ ਨੂੰ ਅਜਿਹੀ ਸਰੀਰਕ ਅਤੇ ਮਾਨਸਿਕ ਅਵਸਥਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹ ਮਾਨਵੀ ਜੀਵਨ ਵਿਚ ਸਾਵੇਂਪਣ ਵਾਲੀ ਸਥਿਤੀ ਅਖਤਿਆਰ ਕਰ ਸਕੇ। ਅਜਿਹੀ ਸਥਿਤੀ ਵਿਚ ਪਹੁੰਚ ਕੇ ਉਹ ਆਪਣੀ, ਸ੍ਵੈ-ਮੁਖੀ ਸੋਚ ਤੋਂ ਬਾਹਰ ਆ ਕੇ ਨਾ-ਸਿਰਫ਼ ਪਰਉਪਕਾਰੀ ਸੋਚ ਦਾ ਧਾਰਨੀ ਬਣ ਜਾਂਦਾ ਹੈ, ਬਲਕਿ ਸਮੁੱਚੇ ਬ੍ਰਹਿਮੰਡੀ ਯਥਾਰਥ ਨਾਲ ਇਕਸੁਰਤਾ ਵੀ ਗ੍ਰਹਿਣ ਕਰ ਸਕਦਾ ਹੈ। ਸ੍ਵੈ-ਮੁਖੀ ਸੋਚ ਮਨੁੱਖ ਨੂੰ ਪ੍ਰਾਣੀ ਜਗਤ ਦੀਆਂ ਸੀਮਾਵਾਂ ਦੇ ਘੇਰੇ ਦੀ ਦਲਦਲ ਵਿਚ ਲੈ ਜਾਂਦੀ ਹੈ, ਜਦਕਿ ਪਰ-ਮੁਖੀ ਸੋਚ ਉਸ ਨੂੰ ਬ੍ਰਹਿਮੰਡੀ ਅਤੇ ਅਧਿਆਤਮਕ ਉਚਾਈਆਂ ਬਖ਼ਸ਼ਦੀ ਹੈ। ਇਸ ਤਰ੍ਹਾਂ ਜਾਪ ਦਾ ਪ੍ਰਯੋਜਨ ਨਾ ਸਿਰਫ਼ ਮਾਨਵੀਂ ਘੇਰਿਆਂ ਵਿੱਚ ਹੀ ਵਿਚਰਦਾ ਹੈ, ਬਲਕਿ ਸਮੁੱਚੇ ਬ੍ਰਹਿਮੰਡੀ ਅਤੇ ਅਧਿਆਤਮਕ ਮੰਡਲਾਂ ਵਿੱਚ ਕੇਂਦਰਿਤ ਰਹਿੰਦਾ ਹੈ।


2. ਅਕਾਲ ਪੁਰਖ ਦੀ ਉਸਤਤਿ : ਨਿਰਗੁਣ ਤੇ ਸਰਗੁਣ ਸਰੂਪ


ਜਾਪ ਸਾਹਿਬ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ।


ਭਾਰਤੀ ਦਰਸ਼ਨ ਜਾਂ ਪਰੰਪਰਾ ਵਿਚ ਅਕਾਲ ਪੁਰਖ (ਬ੍ਰਹਮ) ਦਾ ਪ੍ਰਗਟਾਵਾ ਉਸ ਦੇ ਨਿਰਗੁਣ ਅਤੇ ਸਰਗੁਣਦੋਵਾਂ ਸਰੂਪਾਂ ਚ ਕੀਤਾ ਜਾਂਦਾ ਹੈ। ਜਾਪੁ ਸਾਹਿਬਅਕਾਲ ਪੁਰਖ ਦੇ ਨਿਰਗੁਣ ਅਤੇ ਸਰਗੁਣ ਦੋਵਾਂ ਸਰੂਪਾਂ ਦੇ ਵਾਚਕ ਨਾਵਾਂ ਅਰਥਾਤ ਵਿਸ਼ੇਸ਼ਣਾਂ ਜਾਂ ਸ਼ਬਦਾਂ ਦਾ ਅਜਿਹਾ ਅਨੂਠਾ ਸੰਗ੍ਰਹਿ ਹੈ, ਜਿਸ ਵਿਚ ਅਕਾਲ ਪੁਰਖ ਦੀ ਪ੍ਰਕਿਰਤੀ ਦੇ ਦੋਵੇਂ ਸਰੂਪ ਵਿਦਮਾਨ ਹਨ। ਅਕਾਲ ਪੁਰਖ ਦਾ ਨਿਰਗੁਣ ਸਰੂਪ ਉਸ ਦੇ ਸਦੀਵੀ ਸੱਚ ਦੀ ਪ੍ਰਕਿਰਤੀ ਨੂੰ ਰੂਪਮਾਨ ਕਰਦਾ ਹੈ, ਜਦੋਂ ਕਿ ਸਰਗੁਣ ਸਰੂਪ ਮਾਨਵੀ ਪ੍ਰਤੱਖਣ ਦੀ ਸੀਮਾ ਨੂੰ ਪ੍ਰਗਟਾਉਂਦਾ ਹੈ। ਮਾਨਵੀ ਪ੍ਰਤੱਖਣ ਵਖਰੇਵਿਆਂ ਉੱਤੇ ਆਧਾਰਿਤ ਹੈ। ਇਸ ਕਰਕੇ ਇਹ ਤੁਲਨਾਤਮਕ ਪਰਿਪੇਖ ਮਾਨਵੀ ਸਮਝ ਅਨੁਸਾਰ ਛੋਟਾ-ਵੱਡਾ ਹੋ ਸਕਦਾ ਹੈ। ਸਮੁੱਚਾ ਮਾਨਵੀ ਵਸਤੂ-ਜਗਤ ਦੋ ਪੱਧਰਾਂ ਤੇ ਵਿਚਰਦਾ ਹੈ : ਪਦਾਰਥਕ ਅਤੇ ਸੰਕਲਪਿਕ। ਇਸ ਵਸਤੂ-ਜਗਤ ਦੇ ਪਦਾਰਥਕ ਪੱਧਰ ਤੇ ਵਿਚਰਦੀ ਹਰ ਵਸਤੂ ਲੰਬਾਈ, ਚੌੜਾਈ, ਉਚਾਈ ਅਤੇ ਕਾਲ ਦੀਆਂ ਸੀਮਾਵਾਂ ਵਿਚ ਬੱਝੀ ਹੋਣ ਦੇ ਫ਼ਲਸਰੂਪ ਇਹ ਬਾਕੀ ਘਟਕਾਂ (ਲੰਬਾਈ, ਚੌੜਾਈ ਅਤੇ ਉਚਾਈ) ਤੋਂ ਮੁਕਤ ਨਹੀਂ ਹੋ ਸਕਦੀ। ਪਰੰਤੂ ਅਕਾਲ ਪੁਰਖ ਜੋ ਕਾਲ (ਸਮੇਂ) ਦੇ ਬੰਧਨਾਂ ਤੋਂ ਪਾਰ ਹੈ, ਉਹ ਵਸਤੂਗਤ ਵਰਤਾਰੇ ਦੀਆਂ ਸੀਮਾਵਾਂ ਤੋਂ ਵੀ ਮੁਕਤ ਹੈ। ਆਪਣੇ ਇਸੇ ਗੁਣ ਕਾਰਨ ਹੀ ਉਹ ਅਕਾਲ ਹੈ। ਇਸ ਕਰਕੇ ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਮਾਨਵੀ ਪ੍ਰਤੱਖਣ ਦੇ ਸਾਰੇ ਵਸਤੂ-ਪਰਕ ਵੇਰਵਿਆਂ ਦੇ ਨਾਂਹ-ਵਾਚੀ ਵਰਣਨ ਨਾਲ ਕੀਤੀ ਗਈ ਹੈ। ਇਸ ਦੇ ਆਧਾਰ ਤੇ ਅਕਾਲ ਪੁਰਖ ਦੇ ਰੂਪ, ਆਕਾਰ, ਜਾਤ, ਰੰਗ, ਧਰਮ, ਵਜੂਦ (ਨਰ-ਨਾਰੀ, ਸੁਰ-ਅਸੁਰ), ਜਨਮ-ਮੌਤ, ਵਰਣ ਅਤੇ ਸੰਬੰਧਾਂ ਆਦਿ ਦੇ ਵੇਰਵਿਆਂ ਲਈ ਨਾਂਹ-ਵਾਚੀ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਜਾਪ ਸਾਹਿਬ ਵਿਚ ਅਕਾਲ ਪੁਰਖ ਦੇ ਸਰੂਪ ਨੂੰ ਰੂਪਮਾਨ ਕਰਨ ਵਾਲੇ ਵਿਸ਼ੇਸ਼ਣ ਉਸ ਦੇ ਰੂਪ (ਨ ਰੂਪੇ, ਅਰੂਪ, ਅਕਾਏ); ਰੰਗ (ਅਰੰਗ, ਅਬਰਨ, ਨ ਰੰਗੇ); ਜਨਮ (ਅਜਾਏ, ਅਸਰਗ, ਅਜਨਮ, ਅਭੂ, ਨ੍ਰਿਬਾਮ); ਮਰਨ (ਅਮਰਨ, ਅਨੰਤ, ਅਮ੍ਰਿਤਾ ਮ੍ਰਿਤ, ਕਾਲਹੀਨ, ਅਲੈ, ਅਨਾਸ); ਜੂਨਾਂ (ਅਜੋਨਿ, ਅਜੋਨੀ, ਅਜੋਨਿ ਪੁਰਖ ਅਪਾਰ, ਜਨਮ-ਮਰਨ ਬਿਹੀਨ); ਨਾਮ (ਨ੍ਰਿਨਾਮ, ਨਾਮ-ਬਿਹੀਨ); ਭੇਸ (ਅਭੇਸ, ਅਭੇਖ, ਆਭਿਜ ਭੇਖ, ਸਰਬਤ੍ਰ ਭੇਸੈ); ਭੇਦ (ਅਭੇਵ, ਅਭੇਦ); ਚਿੱਤਰ (ਅਲੇਖ, ਅਲੀਕ, ਨ ਚਿਤ੍ਰੈ); ਦਿੱਖ (ਅਦਿਖ, ਅਲੋਕ, ਅਦ੍ਰਿਸੈ); ਆਕਾਰ (ਅਮੀਕ, ਅਮਿਤ, ਅਮਾਨ, ਅਪਾਰ) ਆਦਿ ਨੂੰ ਨਾਂਹਵਾਚੀ ਪਰਿਪੇਖ ਵਿਚ ਹੀ ਚਿਤਰਦੇ ਹਨ। ਅਕਾਲ ਪੁਰਖ ਦੇ ਸਰੂਪ ਦੀ ਪਰਿਭਾਸ਼ਾ ਦੇ ਪਰਿਪੇਖ ਵਿਚ ਤਾਂ ਇਹ ਸਾਰੇ ਨਾਂਹ-ਵਾਚੀ ਹਨ ਅਰਥਾਤ ਪਰਮਾਤਮਾ/ਅਕਾਲ ਪੁਰਖ ਦੇ ਨਿਰਗੁਣ ਸਰੂਪ ਦਾ ਪ੍ਰਤੱਖਣ ਇਨ੍ਹਾਂ ਦੀ ਨਾਂਹ-ਵਾਚਕਤਾ ਵਿਚ ਹੁੰਦਾ ਹੈ, ਜਦਕਿ ਮਨੁੱਖੀ ਪ੍ਰਤੱਖਣ ਜਾਂ ਮਨੁੱਖ ਦੇ ਸਰੂਪ ਦੀ ਪਰਿਭਾਸ਼ਾ ਵਿਚ ਇਹ ਸਾਰੇ ਹਾਂ-ਵਾਚੀ ਅਰਥ ਰੱਖਦੇ ਹਨ।1 ਇਸ ਤਰ੍ਹਾਂ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਦੇ ਸੰਚਾਰ ਲਈ ਮਾਨਵੀ ਪ੍ਰਤੱਖਣ ਦੀ ਨਾਂਹ-ਵਾਚਕਤਾ ਅਤੇ ਹਾਂ-ਵਾਚਕਤਾ ਦੇ ਇਨ੍ਹਾਂ ਤੁਲਨਾਤਮਕ ਪ੍ਰਸੰਗਾਂ ਨਾਲ ਜਾਪੁ-ਸਾਹਿਬ ਵਿਚ ਨਿਰਗੁਣ ਅਕਾਲ ਪੁਰਖ ਦੀ ਉਸਤਤਿ ਕੀਤੀ ਗਈ ਹੈ।


ਅਕਾਲ ਪੁਰਖ ਦਾ ਨਿਰਗੁਣ ਸਰੂਪ ਉਸ ਦੀ ਸੁੰਨ-ਸਮਾਧੀ ਵਾਲੀ ਅਵਸਥਾ ਦਾ ਵਾਚਕ ਹੈ, ਜਿਹੜਾ ਮਨੁੱਖੀ ਸਮਝ ਦੀ ਪਹੁੰਚ ਸੀਮਾ ਜਾਂ ਪਕੜ ਤੋਂ ਪਰੇ ਹੈ। ਮਨੁੱਖੀ ਪ੍ਰਤੱਖਣ ਵਿਚ ਨਾ ਆਉਣ ਕਾਰਨ ਉਸ ਦਾ ਸਰੂਪ ਸਾਰੇ ਵਰਣਨਾਂ ਅਤੇ ਵਿਆਖਿਆਵਾਂ ਤੋਂ ਉਪਰ ਹੈ। ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਸਰੂਪ ਤੇ ਮੂਰਤ ਨੂੰ ਨਾਂਹ-ਵਾਚੀ ਵਿਸ਼ੇਸ਼ਣਾ ਦੁਆਰਾ ਅੰਕਿਤ ਕਰਨ ਦੇ ਨਾਲ ਹੀ ਉਸਦੇ ਸਰੂਪ ਦੇ ਹੁਸਨ, ਆਨੰਦ, ਚਮਕ, ਪ੍ਰਕਾਸ਼, ਗਿਆਨ, ਬਲ, ਤੇਜ, ਸਮਰੱਥਾ ਨੂੰ ਵੀ ਬਿਆਨ ਕੀਤਾ ਗਿਆ ਹੈ। ਅਕਾਲ ਪੁਰਖ ਸੋਹਣੇ ਰੰਗ, ਸੁੰਦਰ, ਪਿਆਰ ਰੂਪ, ਅਮਿਣਵੀ ਸੁਗੰਧੀ ਵਾਲਾ, ਹੁਸਨ ਦਾ ਚਿਰਾਗ, ਮੂਲ ਸੁੰਦਰਤਾ ਦੀ ਮੂਰਤ, ਪ੍ਰਕਾਸ਼ ਰੂਪ, ਸਥਿਰ ਪ੍ਰਕਾਸ਼, ਆਪਣੇ ਆਪ ਪ੍ਰਕਾਸ਼ਕ, ਬਿਆਨ ਤੋਂ ਬਾਹਰੀ ਚਮਕ, ਮਾਣੀ ਜਾਣ ਵਾਲੀ ਚਮਕ, ਸਦੀਵੀ ਚਾਨਣ ਸਰੂਪ, ਨਾ ਭੰਗ ਹੋਣ ਵਾਲਾ ਤੇਜ, ਅਨੁਭਵ ਤੋਂ ਪ੍ਰਾਪਤ ਪ੍ਰਕਾਸ਼, ਗਿਆਨ ਤੇ ਆਨੰਦ ਵਾਲੀ ਹਸਤੀ ਅਤੇ ਆਨੰਦ ਸਰੂਪ ਹੈ। ਜਿਵੇਂ :


- ਨਮਸਤੰ ਅਗੰਮੇ ।। ਨਮਸਤਸਤੁ ਰੰਮੇ ।। (੧੬)

- ਨਮਸਤਸਤੁ ਰਾਗੇ ।। ਨਮਸਤੰ ਸੁਹਾਗੇ ।। (੨੬)

- ਨਮੋ ਰੋਗ ਹਰਤਾ ।। ਨਮੋ ਰਾਗ ਰੂਪੇ ।। (੫੫)

- ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ।। (੫੮)

- ਕਿ ਹੁਸਨਲ ਵਜੂ ਹੈਂ ।। (੧੨੧.੧)

- ਨਿਰੁਕਤਿ ਪ੍ਰਭਾ ਹੈਂ ।। (੧੩੧.੧)

- ਬਿਭੁਗਤਿ ਪ੍ਰਭਾ ਹੈਂ ।। (੧੩੨.੨)


ਇਹ ਸਾਰੇ ਵੇਰਵੇ ਅਕਾਲ ਪੁਰਖ ਨੂੰ ਮਾਨਵੀ ਸਮਝ ਦੀ ਪ੍ਰਚੰਡਤਾ ਤੇ ਪਰਿਪੇਖ ਵਿਚ ਪੇਸ਼ ਕਰਦੇ ਹਨ। ਚਮਕ ਅਤੇ ਸੁੰਦਰਤਾ ਮਨੁੱਖੀ ਸੋਚ ਦੇ ਸਮਾਨ-ਪ੍ਰਸੰਗਿਕ ਅਤੇ ਸਮਾਨਾਂਤਰ ਵੇਰਵੇ ਹਨ। ਇਨ੍ਹਾਂ ਨਾਲ ਮਨੁੱਖ ਦੀ ਸੂਝ ਵਿਚ ਵਿਲੱਖਣਤਾ ਅਤੇ ਉੱਤਮਤਾ ਦੇ ਭਾਵ ਜੁੜੇ ਹੋਏ ਹਨ। ਇਸ ਲਈ ਜਦੋਂ ਇਨ੍ਹਾਂ ਵੇਰਵਿਆਂ ਨੂੰ ਅਤਿ ਦੀ ਤੀਬਰਤਾ ਵਾਲੇ ਰੂਪ ਵਿਚ ਅਕਾਲ ਪੁਰਖ ਨਾਲ ਜੋੜਿਆ ਗਿਆ ਹੈ ਤਾਂ ਪ੍ਰਯੋਜਨ ਅਕਾਲ ਪੁਰਖ ਦੀ ਵਡਿਆਈ ਕਰਨ ਲਈ ਇਕ ਹੋਰ ਪ੍ਰਸੰਗ ਦਾ ਪਾਸਾਰ ਸਿਰਜਣਾ ਹੈ। ਨਿਰਗੁਣ ਅਕਾਲ ਪੁਰਖ ਡਰ ਤੋਂ ਰਹਿਤ, ਡਰ ਨੂੰ ਪਰੇ ਸੁੱਟਣ ਵਾਲੀ, ਕਾਮਨਾ ਰਹਿਤ, ਚਿੰਤਾ-ਰਹਿਤ, ਦੁੱਖ ਜਾਂ ਤਾਪ ਰਹਿਤ, ਕਦੇ ਨਾ ਕਮਜ਼ੋਰ ਹੋਣ ਵਾਲੀ, ਤਿੰਨਾਂ ਗੁਣਾਂ ਤੋਂ ਉਪਰ, ਤਿੰਨਾਂ ਲੋਕਾਂ ਦਾ ਮਾਣ, ਬਾਦ-ਰਹਿਤ, ਨਾ ਭੋਗੇ ਜਾਣ ਵਾਲੀ ਅਤੇ ਆਪਣੇ-ਆਪ ਦੇ ਅਧੀਨ ਹਸਤੀ ਹੈ। ਉਹ ਕੁਲ ਜਾਂ ਬਰਾਦਰੀ ਤੋਂ ਬਿਨਾਂ, ਜਾਤ-ਰਹਿਤ, ਸਾਕ ਤੇ ਸ਼ਰੀਕ-ਰਹਿਤ, ਸਹਾਰੇ ਦੀ ਲੋੜ ਤੋਂ ਮੁਕਤ ਅਤੇ ਤਿੰਨਾਂ ਗੁਣਾਂ (ਰਜੋ, ਤਮੋ, ਸਤੋ) ਤੋਂ ਮੁਕਤ ਹੈ। ਅਕਾਲ ਪੁਰਖ ਦੇ ਵਸਤੂ-ਪਰਕ ਵਜੂਦਾਤਮਿਕਤਾ ਤੋਂ ਪਾਰ ਪਰ ਪ੍ਰਚੰਡ ਤੀਬਰਤਾ ਵਾਲੇ ਗੁਣ ਮਾਨਵੀ ਵਰਤਾਰਿਆਂ ਦੇ ਤਿੰਨਾਂ ਗੁਣਾਂ ਦੇ ਘੇਰੇ ਵਿਚ ਨਹੀਂ ਆਉਂਦੇ। ਇਸ ਲਈ ਮਾਨਵੀ ਵਜੂਦ ਦੇ ਪ੍ਰਤੱਖਣ ਦੀ ਸਾਰੀ ਗੁਣਾਤਮਿਕਤਾ ਜਦੋਂ ਨਾਂਹ-ਵਾਚਕਤਾ ਵਿਚ ਰੱਖ ਕੇ ਵੇਖੀ ਜਾਂਦੀ ਹੈ ਤਾਂ ਅਕਾਲ ਪੁਰਖ ਦਾ ਨਿਰਗੁਣ ਸਰੂਪ ਉਜਾਗਰ ਹੁੰਦਾ ਹੈ। ਜਾਪੁ ਸਾਹਿਬਵਿਚਲੇ ਇਸ ਗੁਣ ਵਾਲੇ ਸਾਰੇ ਵਿਸ਼ੇਸ਼ਣ ਜਦੋਂ ਛੰਦ-ਬੱਧ ਜਾਪ ਵਿਚ ਉਚਾਰੇ ਜਾਂਦੇ ਹਨ ਤਾਂ ਨਿਰਗੁਣ ਅਕਾਲ ਪੁਰਖ ਨਾਲ ਮਾਨਵੀ ਸੁਰਤ ਇਕਸੁਰਤਾ ਅਖ਼ਤਿਆਰ ਕਰ ਲੈਂਦੀ ਹੈ।


ਅਕਾਲ ਪੁਰਖ ਦਾ ਸਰਗੁਣ ਸਰੂਪ ਹਾਂ-ਵਾਚੀ ਪ੍ਰਕਿਰਤੀ ਅਨੁਸਾਰ ਉਸ ਦੀ ਕਿਰਿਆਸ਼ੀਲ ਜਾਂ ਗਤੀਸ਼ੀਲ ਸਥਿਤੀ ਨੂੰ ਬਿਆਨ ਕਰਦਾ ਹੈ। ਸਰਗੁਣ ਸਰੂਪ ਚ ਅਕਾਲ ਪੁਰਖ ਦਾ ਵਜੂਦ ਸਥਿਰ ਨਹੀਂ ਰਹਿੰਦਾ, ਬਲਕਿ ਕਰਮਸ਼ੀਲ ਰੂਪ ਵਿਚ ਵਿਚਰਦਾ ਹੈ। ਅਕਾਲ ਪੁਖ ਦਾ ਸਰਗੁਣ ਸਰੂਪ ਉਸ ਦੀ ਮਾਇਆ ਦੇ ਤਿੰਨਾਂ ਗੁਣਾਂ- ਰਜੋ, ਤਮੋ ਅਤੇ ਸਤੋ ਵਿਚ ਵਿਆਪਕ ਹਸਤੀ ਦਾ ਲਖਾਇਕ ਹੈ। ਵਾਸਤਵਿਕਤਾ ਇਹ ਹੈ ਕਿ ਅਕਾਲ ਪੁਰਖ ਦਾ ਸਰਗੁਣ ਅਤੇ ਨਿਰਗੁਣ ਸਰੂਪ ਜਿਹੜਾ ਵੇਖਣ ਨੂੰ ਪਰਸਪਰ ਵਿਰੋਧੀ ਪ੍ਰਕਿਰਤੀ ਵਾਲਾ ਜਾਪਦਾ ਹੈ, ਆਪਸ ਚ ਤਾਣੇ ਪੇਟੇ ਵਾਂਗ ਇਕ ਦੂਜੇ ਦਾ ਪੂਰਕ ਹੈ। ਸਰਗੁਣ ਬ੍ਰਹਮ ਅਰਥਾਤ ਅਕਾਲ ਪੁਰਖ ਦੇ ਆਪਣੀ ਰਚਨਾ ਦੇ ਪ੍ਰਸੰਗ ਵਿਚ ਤਿੰਨ ਪ੍ਰਮੁੱਖ ਗੁਣ ਹਨ: ਉਹ ਆਪਣੀ ਰਚਨਾ ਜਾਂ ਸਿਰਜਣਾ ਦਾ ਸਿਰਜਕ (ਕਰਤਾ) ਹੈ, ਉਸ ਦਾ ਪਾਲਕ (ਪਾਲਣਹਾਰਾ) ਅਤੇ ਸੰਘਾਰਕ (ਲੈਅ ਕਰਤਾ) ਵੀ ਹੈ। ਇਸ ਤਰ੍ਹਾਂ ਸਿਰਜਕ, ਪਾਲਕ ਅਤੇ ਸੰਘਾਰਕ ਹੋਣਾ ਸਰਗੁਣ ਸਰੂਪਦੇ ਮੁੱਖ ਲੱਛਣ ਹਨ। ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਸਰਗੁਣ ਸਰੂਪ ਵਾਲੇ ਇਨ੍ਹਾਂ ਤਿੰਨਾਂ ਗੁਣਾਂ ਨੂੰ ਵੱਖ-ਵੱਖ ਵਿਸ਼ੇਸ਼ਣਾਂ ਅਤੇ ਕਰਮ-ਨਾਵਾਂ ਦੁਆਰਾ ਪ੍ਰਗਟਾਇਆ ਗਿਆ ਹੈ। ਇਨ੍ਹਾਂ ਨੂੰ ਭਾਰਤੀ ਦਰਸ਼ਨ ਦੇ ਹਵਾਲੇ ਨਾਲ ਵੀ ਉਪਰੋਕਤ ਤਿੰਨਾਂ ਵਰਗਾਂ (ਸਿਰਜਕ, ਪਾਲਕ, ਅਤੇ ਸੰਘਾਰਕ) ਵਿਚ ਹੀ ਵੰਡਿਆ ਜਾ ਸਕਦਾ ਹੈ। ਅਸੀਂ ਸਮਝਦੇ ਹਾਂ ਕਿ ਸਿਰਜਣਾ, ਪਾਲਣਾ ਅਤੇ ਨਾਸ਼ ਕਰਨਾ ਅਕਾਲ ਪੁਰਖ ਦੇ ਤਿੰਨ ਅਜਿਹੇ ਕਾਰਜ ਹਨ, ਜਿਨ੍ਹਾਂ ਨਾਲ ਭਾਰਤੀ ਸੋਚ ਵਿਚ ਵਿਦਮਾਨ ਸਰਗੁਣ ਬ੍ਰਹਮ (ਅਕਾਲ ਪੁਰਖ) ਆਪਣੀ ਸਿਰਜਣਾ ਨੂੰ ਲਗਾਤਾਰ ਸੰਤੁਲਨ ਵਿਚ ਟਿਕਾਈ ਰੱਖਦਾ ਹੈ। ਜਾਪੁ ਸਾਹਿਬ ਵਿਚ ਸਿਰਜਕ ਵਜੋਂ ਅਕਾਲ ਪੁਰਖ ਚਾਰਾਂ ਕੂਟਾਂ ਤੇ ਚੋਹਾਂ ਚੱਕਾਂ ਦਾ ਕਰਤਾ, ਸਮੁੱਚੇ ਜਗਤ ਨੂੰ ਪੈਦਾ ਕਰਨ ਵਾਲਾ, ਪੈਦਾ ਕਰਨ ਵਾਲੇ ਵਸੀਲੇ ਦਾ ਮਾਲਕ, ਸਭ ਨੂੰ ਸਥਾਪਿਤ ਕਰਨ ਵਾਲਾ, ਸਭ ਦਾ ਆਤਮਾ-ਰੂਪ, ਕਰਤਿਆਂ ਦਾ ਕਰਤਾ, ਬ੍ਰਹਮਾ ਦਾ ਸਿਰਜਕ ਅਤੇ ਆਪਣੇ-ਆਪ ਦਾ ਕਰਤਾ ਵੀ ਹੈ। ਜਿਵੇਂ : ਚਤ੍ਰ ਚਕ੍ਰ ਕਰਤਾ (96), ਜਗਤੰ ਕ੍ਰਿਤੀ ਹੈਂ (106), ਕਾਰਨ ਕੁਨਿੰਦ ਹੈਂ (109), ਕਰਤਾ ਕਰ ਹੈ (183), ਕਿ ਸਰਬਤ੍ਰ ਸਾਜੇ (112), ਕਰੀਅੰ (95) ਅਤੇ ਸੁਯੰਭਵ (199) ਆਦਿ ਪ੍ਰਸੰਗ ਅਕਾਲ ਪੁਰਖ ਦੀ ਵਿਸ਼ਾਲ ਸਿਰਜਣਾ-ਸ਼ਕਤੀ ਨੂੰ ਰੂਪਮਾਨ ਕਰਦੇ ਹਨ। ਇਸ ਤਰ੍ਹਾਂ ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਕਾਰਜਾਂ ਨੂੰ ਪ੍ਰਤੀਬਿੰਬਤ ਕਰਦੇ ਵਿਸ਼ੇਸ਼ਣ ਉਸਦੀ ਸਿਰਜਣਾ ਨੂੰ ਵਿਸ਼ਾਲ ਪੱਧਰ ਤੇ ਲੈ ਜਾਂਦੇ ਹਨ। ਇਨ੍ਹਾਂ ਅਨੁਸਾਰ ਅਕਾਲ ਪੁਰਖ ਨਾ ਕੇਵਲ ਚਾਰਾਂ ਕੂਟਾਂ, ਚੋਹਾਂ ਚੱਕਾਂ, ਸਮੁੱਚੀ ਸ੍ਰਿਸ਼ਟੀ ਅਤੇ ਬ੍ਰਹਿਮੰਡ ਦੀ ਹੀ ਸਿਰਜਣਾ ਕਰਦਾ ਹੈ, ਬਲਕਿ ਸਿਰਜਣਾ ਦੇ ਕਾਰਨਾਂ ਜਾਂ ਕਰਤਿਆਂ ਬ੍ਰਹਮਾ ਆਦਿ ਦਾ ਵੀ ਸਿਰਜਕ ਹੈ ਅਤੇ ਇਸ ਤੋਂ ਹੋਰ ਅਗਾਂਹ ਉਹ ਆਪਣੀ ਸਿਰਜਣਾ ਵੀ ਆਪ ਹੀ ਕਰਦਾ ਹੈ। ਇਸ ਲਈ ਹੀ ਇਸ ਬਾਣੀ ਵਿਚ ਉਸਨੂੰ ਆਪਣੇ-ਆਪ ਦਾ ਪ੍ਰਕਾਸ਼ਕ ਸੁਯੰਭਵ ਕਿਹਾ ਗਿਆ ਹੈ। ਸਿਰਜਣਾ ਦਾ ਇਹ ਸੰਕਲਪ ਜਿੱਥੇ ਅਕਾਲ ਪੁਰਖ ਦੀ ਬੇਅੰਤ ਤੇ ਅਪਾਰ ਸ਼ਕਤੀ ਦਾ ਲਖਾਇਕ ਹੈ, ਉੱਥੇ ਇਹ ਸਤਹੀ ਅਨੇਕਤਾ ਪਿੱਛੇ ਕਾਰਜਸ਼ੀਲ ਇਕ ਨੂੰ ਵੀ ਪ੍ਰਤੀਬਿੰਬਤ ਕਰਦਾ ਹੈ। ਸਾਧਾਰਨ ਦ੍ਰਿਸ਼ਟੀ ਨਾਲ ਦਿਸ਼ਾਵਾਂ, ਧਰਤੀ, ਪਦਾਰਥ, ਜੀਵ, ਬ੍ਰਹਿਮੰਡੀ-ਵਜੂਦ, ਮਿਥਿਹਾਸਿਕ ਤੇ ਸੰਕਲਪਿਕ ਵਜੂਦਾਂ (ਬ੍ਰਹਮਾ) ਦਾ ਬਹੁਪੱਖੀ ਵਰਤਾਰਾ ਹੀ ਨਜ਼ਰ ਆਉਂਦਾ ਹੈ। ਪਰ ਜਾਪੁ ਸਾਹਿਬ ਵਿਚ ਇਹ ਸਾਰਾ ਇਕ ਅਕਾਲ ਪੁਰਖ ਦੀ ਸਿਰਜਣਾ ਦੇ ਰੂਪ ਵਿਚ ਪੇਸ਼ ਹੁੰਦਾ ਹੈ। ਇਨ੍ਹਾਂ ਦਾ ਸਿਰਜਕ ਅਕਾਲ ਪੁਰਖ ਆਪ ਆਪਣੇ ਸਿਰਜਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਹ ਤੱਥ ਬਾਣੀ ਦੀ ਭਾਵ-ਜੁਗਤ ਦੀ ਪੱਧਰ ਤੇ ਦ੍ਰਿਸ਼ਟੀਗੋਚਰ ਹੁੰਦਾ ਹੈਇੱਥੇ ਆ ਕੇ ਸਤਹੀ ਦਿੱਖ ਦੇ ਵਖਰੇਵੇਂ ਭਾਵ ਪੱਧਰ ਦੀਆਂ ਪਰਤਾਂ ਵਿਚ ਇਕ ਦੇ ਰੂਪ ਵਿਚ ਉਜਾਗਰ ਹੁੰਦੇ ਹਨ।


ਜੀਵਾਂ ਦੀ ਸਿਰਜਣਾ ਕਰਕੇ ਉਨ੍ਹਾਂ ਦੀ ਪ੍ਰਤੀਪਾਲਣਾ ਅਰਥਾਤ ਪਾਲਣ-ਪੋਸ਼ਣ ਕਰਨਾ ਅਕਾਲ ਪੁਰਖ ਦਾ ਦੂਜਾ ਮਹੱਤਵਪੂਰਨ ਕਾਰਜ ਹੈ। ਜਾਪ ਸਾਹਿਬਵਿਚ ਅਕਾਲ ਪੁਰਖ ਦੇ ਪਾਲਣਾ ਕਰਨ ਵਾਲੇ ਕਾਰਜਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਰੋਜੀ-ਰੋਟੀ ਦੇਣ ਵਾਲਾ, ਤਿੰਨਾ ਪਦਾਰਥਾਂ (ਧਰਮ, ਅਰਥ ਅਤੇ ਕਾਮ) ਦਾ ਸਰੋਤ, ਸਭ ਨੂੰ ਰੌਸ਼ਨੀ ਦੇਣ ਵਾਲਾ, ਸਭ ਦਾ ਦਾਤਾ, ਹਰ ਥਾਂ ਦਾਨ ਦੇਣ ਵਾਲਾ, ਚਾਰਾਂ ਦਿਸ਼ਾਵਾਂ ਦਾ ਪੋਸ਼ਣ ਕਰਨ ਵਾਲਾ, ਨਾ ਮੁੱਕਣ ਵਾਲਾ ਭੰਡਾਰ, ਗ਼ਰੀਬਾਂ ਦੀ ਪਾਲਣਾ ਕਰਨ ਵਾਲਾ, ਸਾਰੇ ਵਿਸ਼ਵ ਨੂੰ ਪਾਲਣ ਵਾਲਾ, ਹਰ ਥਾਂ ਪਾਲਣਾ ਕਰਨ ਵਾਲਾ ਅਤੇ ਗੁਪਤ ਰੂਪ ਚ ਪਾਲਣਾ ਕਰਨ ਵਾਲਾ ਹੈ। ਜਾਪੁ ਸਾਹਿਬ ਦੇ ਪਾਠ ਅਨੁਸਾਰ ਅਕਾਲ ਪੁਰਖ ਇਕ ਪਾਲਕ ਵਜੋਂ ਰਹਿਮ ਕਰਨ ਵਾਲਾ, ਖੁੱਲ੍ਹ-ਦਿਲਾ, ਕਿਰਪਾ ਤੇ ਦਇਆ ਦਾ ਘਰ, ਧਰਤੀ ਨੂੰ ਜਾਣਨ ਵਾਲਾ, ਧਰਮ ਦਾ ਗਹਿਣਾ, ਪ੍ਰਤਾਪ ਦਾ ਸੋਮਾ, ਪ੍ਰਾਣ-ਰੂਪ, ਹੱਕ ਤੋਂ ਰਹਿਤ ਪ੍ਰਤਾਪ, ਚੰਗੀ ਤਰ੍ਹਾਂ ਭੋਗਿਆ ਜਾਣ ਵਾਲਾ ਪ੍ਰਕਾਸ਼, ਚੰਗੀ ਤਰ੍ਹਾਂ ਮਿਲਿਆ ਹੋਇਆ ਅਤੇ ਪਿਆਰ ਦਾ ਸੋਮਾ ਹੈ। ਇਸ ਦੇ ਨਾਲ ਹੀ ਉਹ ਸਾਰਿਆਂ ਦੀ ਆਤਮਾ, ਸਭ ਦੀ ਜ਼ੁਬਾਨ, ਸਭ ਦੀ ਪਛਾਣ, ਸਭ ਦਾ ਮੁੱਢ, ਸਭ ਦਾ ਪ੍ਰਕਾਸ਼, ਸਭ ਦਾ ਭੇਦ ਜਾਣਨ ਵਾਲਾ, ਸਾਰਿਆਂ ਦਾ ਧਿਆਨ ਰੱਖਣ ਵਾਲਾ, ਸਭ ਦੀ ਬੋਲੀ, ਦਿਮਾਗ ਦਾ ਮਾਲਕ, ਸਭ ਤੋਂ ਉੱਚੀ ਸਮਝ ਵਾਲਾ, ਅਕਲ ਤੇ ਇਲਮ ਵਾਲਾ, ਸਭ ਦੀ ਸਲਾਮਤੀ, ਸਭ ਦਾ ਮੂਲ, ਸਭ ਦਾ ਪਿਆਰ, ਸਭ ਦਾ ਪਿਆਰਾ ਅਤੇ ਸਿੱਖਿਆ ਦੇਣ ਵਾਲਾ ਹੈ। ਇਨ੍ਹਾਂ ਗੁਣਾਂ ਦਾ ਧਾਰਨੀ ਹੋਣ ਕਰਕੇ ਹੀ ਉਹ ਆਤਮਾ, ਜ਼ੁਬਾਨ, ਬੋਲੀ, ਪਛਾਣ, ਦਿਮਾਗ਼, ਇਲਮ, ਅਕਲ, ਸਮਝ, ਬੁੱਧੀ, ਰਿੱਧੀਆਂ-ਸਿੱਧੀਆਂ, ਮੁਕਤੀ, ਵਡਿਆਈ, ਗਿਆਨ ਆਦਿ ਨੂੰ ਦੇਣ ਵਾਲਾ, ਭੋਗਣ ਵਾਲਾ ਅਤੇ ਖਿੱਚਣ ਵਾਲੇ ਗੁਣਾਂ ਦਾ ਸਮੂਹ (ਅਕ੍ਰਿਸੈ) ਅਤੇ ਸਭ ਕੁੱਝ ਦੇ ਸਮਰੱਥ ਹੈ। ਪਾਲਣਾ ਦੇ ਸੰਕਲਪ ਨੂੰ ਉਲੀਕਣ ਵਾਲੇ ਇਨ੍ਹਾਂ ਸਾਰੇ ਵੇਰਵਿਆਂ ਦਾ ਕੇਂਦਰ ਬਿੰਦੂ ਅਕਾਲ ਪੁਰਖ ਪੂਰਨ ਤੌਰ ਤੇ ਗੁਪਤ, ਐਬ-ਰਹਿਤ ਅਤੇ ਪਵਿੱਤਰ ਰਹਿੰਦਾ ਹੈ। ਇਹ ਸਾਰੇ ਵੇਰਵੇਅਕਾਲ ਪੁਰਖ ਦੇ ਸਰਗੁਣ ਸਰੂਪ ਨੂੰ ਉਲੀਕਦੇ ਹਨ। ਭਾਵ ਪੱਧਰ ਤੇ ਇਨ੍ਹਾਂ ਵੇਰਵਿਆਂ ਦਾ ਸੰਬੰਧ ਮਨੁੱਖ ਦੀਆਂ ਯਥਾਰਥਕ ਅਤੇ ਸੰਕਲਪਿਕ ਲੋੜਾਂ ਨਾਲ ਹੈ। ਅਕਾਲ ਪੁਰਖ ਨੂੰ ਇਸ ਬਾਣੀ ਵਿਚ ਮਨੁੱਖ ਦੀਆਂ ਇਨ੍ਹਾਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੇ ਸਰੋਤ ਵਜੋਂ ਪੇਸ਼ ਕੀਤਾ ਗਿਆ ਹੈ। ਮਾਨਵੀ ਸੋਚ ਵਜੂਦਾਂ ਤੇ ਵਰਤਾਰਿਆਂ ਨੂੰ ਪੈਦਾ ਹੁੰਦੇ ਅਤੇ ਸਿਰਜੇ ਜਾਂਦੇ ਨਹੀਂ ਵੇਖਦੀ ਬਲਕਿ ਇਨ੍ਹਾਂ ਨੂੰ ਵਿਕਾਸ ਕਰਦੇ ਅਤੇ ਪਰਵਰਤਿਤ ਹੁੰਦੇ ਹੋਏ ਵੀ ਵੇਖਦੀ ਹੈ। ਇਹ ਬਾਣੀ ਮਨੁੱਖ ਦੀ ਸੋਚ ਦੇ ਇਸ ਪਾਸਾਰ ਨੂੰ ਅਕਾਲ ਪੁਰਖ ਦੇ ਇਕ ਕਾਰਜ ਵਜੋਂ ਅੰਕਿਤ ਕਰਕੇ ਇਕ ਤਾਰਕਿਕ ਆਧਾਰ ਬਖ਼ਸ਼ਦੀ ਹੈ। ਇਸ ਤਰ੍ਹਾਂ ਇਹ ਬਾਣੀ ਨਿਰਗੁਣ ਅਕਾਲ ਪੁਰਖ ਦੇ ਸਰਗੁਣ ਸਰੂਪ ਨੂੰ ਸਿਰਜਣਾ ਦੇ ਮਗਰੋਂ ਪਾਲਣਾ ਦੇ ਪਰਿਪੇਖ ਵਿਚ ਵੀ ਉਜਾਗਰ ਕਰਦੀ ਹੈ।


ਸਰਗੁਣ ਸਰੂਪ ਅਕਾਲ ਪੁਰਖ ਦਾ ਤੀਜਾ ਕਾਰਜ ਸੰਘਾਰ (ਨਾਸ਼) ਦੇ ਹਵਾਲੇ ਨਾਲ ਦੋ ਪੱਧਰਾਂ ਤੇ ਪੇਸ਼ ਕੀਤਾ ਗਿਆ ਹੈ। ਪਹਿਲੇ ਪੱਧਰ ਤੇ ਅਕਾਲ ਪੁਰਖ ਨੂੰ ਬੁੱਢਾਪੇ ਦਾ ਵੈਰੀ, ਰੋਗ ਦਾ ਨਾਸ਼ ਕਰਨ ਵਾਲਾ, ਜਨਮ-ਮਰਨ ਨੂੰ ਖ਼ਤਮ ਕਰਨ ਵਾਲਾ, ਵੈਰੀਆਂ ਨੂੰ ਜਿੱਤਣ ਵਾਲਾ, ਦੁਸ਼ਟਾਂ ਨੂੰ ਘਾਇਲ ਤੇ ਨਾਸ਼ ਕਰਨ ਵਾਲਾ, ਫੁਰਨੇ ਵਿਚ ਹੀ ਦੁਸ਼ਟਾਂ ਦਾ ਨਾਸ਼ ਕਰਨ ਵਾਲਾ, ਆਕੀਆਂ ਦਾ ਵੱਢਾ ਵੈਰੀ, ਦੁਸ਼ਮਣਾਂ ਤੋਂ ਕਰ ਵਸੂਲਣ ਵਾਲਾ, ਵੈਰੀਆਂ ਨੂੰ ਹਾਰ ਦੇਣ ਵਾਲਾ, ਦੋਖੀਆਂ ਦਾ ਨਾਸ਼-ਕਰਤਾ, ਸੂਰਜ ਨੂੰ ਸੁਕਾਉਣ ਵਾਲਾ, ਧਰਤੀ-ਆਕਾਸ਼ ਤੇ ਪਾਤਾਲ ਚ ਪਾਪਾਂ ਦਾ ਨਾਸ਼ ਕਰਨ ਵਾਲਾ, ਨਰਕਾਂ ਦਾ ਨਾਸ਼ ਕਰਤਾ, ਕੁਕਰਮਾਂ ਤੇ ਕਲੰਕਾਂ ਦਾ ਨਾਸ਼ ਕਰਨ ਵਾਲਾ, ਸਭ ਨੂੰ ਡਰਾਉਣ ਵਾਲਾ ਤੇ ਤਿੰਨਾ ਲੋਕਾਂ ਦੇ ਰਸਤੇ ਚ ਰੁਕਾਵਟ ਪਾਉਣ ਵਾਲਾ ਹੋਣ ਕਰਕੇ ਬੁਢਾਪੇ, ਰੋਗ, ਜਨਮ-ਮਰਨ, ਵੈਰੀਆਂ, ਦੁਸ਼ਟਾਂ, ਦੋਖੀਆਂ, ਪਾਪਾਂ, ਨਰਕਾਂ, ਕੁਕਰਮਾਂ, ਅਤੇ ਹੰਕਾਰ ਆਦਿ ਦਾ ਸੰਘਾਰ ਕਰਨ ਵਾਲਾ ਕਿਹਾ ਗਿਆ ਹੈ। ਦੂਜੇ ਪੱਧਰ ਤੇ ਅਕਾਲ ਪੁਰਖ ਨੂੰ ਵਿਰਾਟ ਰੂਪ ਵਿਚ ਸੰਘਾਰਕ ਦਾ ਕਾਰਜ ਨਿਭਾਉਂਦੇ ਹੋਏ ਉਲੀਕਿਆ ਗਿਆ ਹੈ। ਇੱਥੇ ਉਹ ਸਭ ਦਾ ਨਾਸ਼ ਕਰਨ ਵਾਲਾ, ਸਭ ਦਾ ਕਾਲ-ਰੂਪ, ਸਾਰਿਆਂ ਨੂੰ ਸੁਕਾਉਣ ਵਾਲਾ, ਹਰ ਥਾਂ ਨਾਸ਼ ਕਰਨ ਵਾਲਾ, ਕਾਲ ਦਾ ਵੀ ਕਾਲ, ਸ਼ਿਵ ਦਾ ਨਾਸ਼ ਕਰਤਾ, ਚਾਰਾਂ ਦਿਸ਼ਾਵਾਂ ਤੇ ਤਿੰਨਾ ਲੋਕਾਂ ਦਾ ਨਾਸ਼ ਕਰਨ ਵਾਲਾ, ਪਰਲੋ ਨੂੰ ਲਿਆਉਣ ਵਾਲਾ, ਸਭ ਨੂੰ ਦਲਣ ਵਾਲਾ ਅਤੇ ਸਭ ਦੇ ਰੋਗਾਂ (ਦੁੱਖਾਂ) ਦੇ ਕਾਰਨ ਵਜੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਤਰ੍ਹਾਂ ਅਕਾਲ ਪੁਰਖ ਸਮੁੱਚੀ ਸਿਰਜਣਾ, ਚਾਰਾਂ-ਕੂਟਾਂ, ਤਿੰਨ ਲੋਕਾਂ ਦੇ ਨਾਸ਼ ਕਰਤਾ ਸ਼ਿਵ ਦੇ ਸੰਘਾਰਕ ਵਜੋਂ ਵੀ ਰੂਪਮਾਨ ਹੁੰਦਾ ਹੈ। ਜਾਪ ਸਾਹਿਬਪਾਠ ਵਿਚਲੇ ਵਿਸ਼ੇਸ਼ਣੀ ਵਰਣਨ ਦੇ ਵੇਰਵੇ ਮਾਨਵੀ ਪ੍ਰਤੱਖਣ ਵਿਚਲੀ ਸਿਰਜਣਾ ਦੇ ਨਾਸ਼ ਹੋਣ ਦੀ ਪ੍ਰਕਿਰਿਆ ਅਤੇ ਇਨ੍ਹਾਂ ਦੇ ਸੰਕਲਪਿਕ ਸੰਘਾਰਕ (ਸ਼ਿਵ) ਦੀ ਕਾਲ-ਯੁਕਤਤਾ ਨੂੰ ਉਲੀਕਦੇ ਹਨ। ਸਮੇਂ ਨਾਲ ਸਾਰੇ ਪਦਾਰਥਕ ਅਤੇ ਸੰਕਲਪਿਕ ਵਜੂਦ ਰੂਪ ਗ੍ਰਹਿਣ ਕਰਦੇ ਹਨ। ਨਿਰਧਾਰਤ ਆਯੂ ਭੋਗਣ ਮਗਰੋਂ ਪਰਿਵਰਤਨ ਦਾ ਸ਼ਿਕਾਰ ਹੋ ਜਾਂਦੇ ਹਨ। ਮਨੁੱਖੀ ਸੋਚ ਇਨ੍ਹਾਂ ਦੀ ਵਜੂਦਾਤਮਿਕਤਾ ਲਈ ਆਪਣੀ ਸੂਝ ਅਨੁਸਾਰ ਤਰਕ ਘੜਦੀ ਰਹਿੰਦੀ ਹੈ। ਇਹ ਬਾਣੀ ਇਸ ਸਾਰੀ ਸੁਰਤ ਦਾ ਸਰੋਤ ਅਕਾਲ ਪੁਰਖ ਨੂੰ ਬਣਾਉਂਦੀ ਹੈ। ਮਾਨਵੀ ਸੂਝ ਵਿਚ ਸੰਘਾਰਕ ਸਰੋਤ (ਸ਼ਿਵ) ਵੀ ਜਦੋਂ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਅਧੀਨ ਹੀ ਪੇਸ਼ ਹੁੰਦਾ ਹੈ ਅਤੇ ਨਿਸ਼ਚਿਤ ਆਯੂ ਭੋਗਣ ਮਗਰੋਂ ਪਰਮਸੱਤਾ ਵਿਚ ਲੀਨ ਹੁੰਦਾ ਵਿਆਖਿਆ ਜਾਂਦਾ ਹੈ ਤਾਂ ਇਹ ਵੇਰਵਾ ਦੋ ਤਰ੍ਹਾਂ ਦੀ ਸੂਚਨਾ ਸੰਚਾਰਿਤ ਕਰਦਾ ਹੈ: ਇਕ ਤਾਂ ਅਕਾਲ ਪੁਰਖ ਹੀ ਇਕੋ-ਇਕ ਕਾਲ ਯੁਕਤ ਸਦੀਵੀ ਸੱਚ ਹੈ ਅਤੇ ਦੂਜਾ ਉਸ ਦੀ ਸਰਗੁਣਤਾ ਨੂੰ ਉਜਾਗਰ ਕਰਨ ਵਾਲਾ ਇਕ ਹੋਰ ਪਾਸਾਰ ਉਸ ਦਾ ਸੰਘਾਰਕ ਹੋਣਾ ਹੈ।


ਅਕਾਲ ਪੁਰਖ (ਸਰਗੁਣ ਬ੍ਰਹਮ) ਦੇ ਤਿੰਨਾਂ ਕਾਰਜਾਂ ਵਿਚੋਂ ਸਿਰਜਕ (ਕਰਤਾ) ਤੇ ਪਾਲਕ (ਭਰਤਾ) ਦੇ ਵਿਸ਼ੇਸ਼ਣਾਂ (ਵਾਚਕ-ਨਾਵਾਂ) ਦੇ ਅਰਥ-ਭਾਵ ਇਕ ਦੂਜੇ ਦੇ ਪੂਰਕ ਹਨ, ਪਰ ਸੰਘਾਰਕ (ਹਰਤਾ) ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਇਨ੍ਹਾਂ ਦੇ ਵਿਰੋਧੀ ਜਾਪਦੇ ਹਨ। ਅਸਲ ਵਿਚ ਅਕਾਲ ਪੁਰਖ ਦੇ ਉਪਰੋਕਤ ਤਿੰਨੇ ਹੀ ਕਾਰਜਾਂ ਦਾ ਮੂਲ-ਸੂਤਰ ਉਸਦੀ ਦਇਆ ਹੀ ਹੈ। ਇਸ ਲਈ ਅਕਾਲ ਪੁਰਖ ਕਿਸੇ ਜੀਵਨ ਜਾਂ ਵਸਤੂ-ਜਗਤ ਨੂੰ ਲੈਅ (ਨਾਸ਼) ਕਰਨ ਸਮੇਂ ਵੀ ਉਨ੍ਹਾਂ ਹੀ ਦਿਆਲੂ ਹੁੰਦਾ ਹੈ, ਜਿੰਨਾ ਕਿ ਉਸਨੂੰ ਪੈਦਾ ਕਰਨ ਅਤੇ ਪਾਲਣਾ ਸਮੇਂ। ਅਕਾਲ ਪੁਰਖ ਦੀ ਇਸ ਲੈਅ-ਸ਼ਕਤੀ ਦਾ ਹੀ ਕਮਾਲ ਹੈ, ਜਿਸ ਸਦਕਾ ਪੁਰਾਣੀ ਤੇ ਖਸਤਾ ਹੋ ਚੁੱਕੀ ਰਚਨਾ ਦਾ ਨਾਲੋਂ-ਨਾਲ ਸਫ਼ਾਇਆ ਹੁੰਦਾ ਹੈ ਅਤੇ ਉਸ ਦੀ ਥਾਂ ਨਵੀਂ ਸਿਰਜਣਾ ਰੂਪਮਾਨ ਹੁੰਦੀ ਰਹਿੰਦੀ ਹੈ। ਇਹ ਲੈਅ-ਸ਼ਕਤੀ ਹੀ ਸਿਰਜਣਾ ਨੂੰ ਨਿਯੰਤਰਿਤ ਕਰਦੀ ਹੈ। ਸਰਗੁਣ ਸਰੂਪ ਵਜੋਂ ਅਕਾਲ ਪੁਰਖ ਵਿਚ ਕਾਇਆ ਦੇ ਤਿੰਨੇ ਗੁਣ- ਰਜੋ, ਤਮੋ ਅਤੇ ਸਤੋ ਵਿਆਪਕ ਹਨ ਅਰਥਾਤ ਉਹ ਇਨ੍ਹਾਂ ਤਿੰਨਾਂ ਰੂਪਾਂ ਦੁਆਰਾ ਆਪਣੀ ਸਿਰਜਣਾ ਚ ਵਿਚਰਦਾ ਹੈ। ਜਾਪੁ ਸਾਹਿਬ ਵਿਚ ਇਸ ਨੂੰ ਇੰਝ ਬਿਆਨ ਕੀਤਾ ਗਿਆ ਹੈ :


ਨਮੋ ਰਾਜਸੰ ਤਾਮਸੰ ਸਾਂਤਿ ਰੂਪ ॥ (੧੮੬.੧)


ਸਰਬ ਵਿਆਪਕ ਹੋਣ ਕਰਕੇ ਅਕਾਲ ਪੁਰਖ ਰਜੋ, ਤਮੋ, ਸਤੋ ਆਦਿ ਗੁਣਾਂ ਦੁਆਰਾ ਸਾਰਿਆਂ ਵਿਚ ਰਮਿਆ ਹੋਇਆ ਹੈ। ਇਸ ਲਈ ਉਹ ਹਰ ਥਾਂ ਅਨੁਰਾਗ (ਪ੍ਰੇਮ) ਰੂਪ ਹੋ ਕੇ ਪਸਰਿਆ ਹੈ। ਅਕਾਲ ਪੁਰਖ ਹਰ ਥਾਂ ਅਨੁਰਾਗ ਜਾਂ ਪਿਆਰ-ਰੂਪ ਚ ਫੈਲੇ ਹੋਣ ਕਰਕੇ ਹੀ ਆਪਣੀ ਸਿਰਜਣਾ ਨੂੰ ਅਨੰਦਿਤ ਹੋ ਕੇ ਵੇਖਦਾ ਹੈ। ਇਸ ਕਰਕੇ ਉਹ ਗਿਆਨ ਤੇ ਆਲੰਦ ਵਾਲੀ ਹਸਦੀ ਦਾ ਮਾਲਕ ਹੈ। ਅਸਲ ਚ ਅਕਾਲ ਪੁਰਖ ਦਾ ਸਰਗੁਣ ਸਰੂਪ ਉਸਦੇ ਨਿਰਗੁਣ ਸਰੂਪ ਦਾ ਹੀ ਦ੍ਰਿਸ਼ਟਮਾਨ ਪਸਾਰਾ ਹੈ। ਇਹ ਦ੍ਰਿਸ਼ਟਮਾਨ ਪਾਸਾਰਾ ਵੀ ਨਿਰਗੁਣ ਬ੍ਰਹਮ (ਅਕਾਲ ਪੁਰਖ) ਨੇ ਸਵੈ-ਇੱਛਾ ਅਧੀਨ ਸਰਗੁਣ ਰੂਪ ਚ ਸਿਰਜਿਆ ਹੈ ਅਤੇ ਖ਼ੁਦ ਗੁਪਤ ਰੂਪ ਚ ਇਸ ਅੰਦਰ ਵਿਆਪਕ ਹੈ। ਆਪਣੀ ਸਿਰਜਣਾ ਹੋਣ ਕਰਕੇ ਉਸ ਦੀ ਜਦੋਂ ਮਰਜ਼ੀ ਹੁੰਦੀ ਹੈ, ਉਹ ਇਸ ਦਿਸਦੇ ਪਾਸਾਰੇ ਨੂੰ ਸਮੇਟ ਕੇ ਆਪਣੇ ਨਿਰਗੁਣ ਸਰੂਪ ਵਿਚ ਲੀਨ ਕਰ ਲੈਂਦਾ ਹੈ। ਸਦੀਵੀ ਸੱਚ ਦਾ ਨਿਰਗੁਣ ਸਰੂਪ ਸੁਮਤਿ ਵਾਲੇ ਮਨੁੱਖਾਂ ਲਈ ਹੈ ਅਤੇ ਸਰਗੁਣ ਸਰੂਪ ਸਾਧਾਰਨ ਸੂਝ ਵਾਲਿਆਂ ਲਈ। ਪਰੰਪਰਾ ਇਸੇ ਵਿਚਾਰ ਨੂੰ ਹੀ ਸੰਚਾਰਿਤ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਇਸ ਬਾਣੀ ਵਿਚ ਨਾਂਹ-ਵਾਚਕ ਵਿਸ਼ੇਸ਼ਣੀ ਵਰਣਨ ਨਾਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੀ ਉਸਤਤਿ ਕਰਦੇ ਹਨ। ਅਕਾਲ ਪੁਰਖ ਦੇ ਸਰਗੁਣ ਸਰੂਪ ਲਈ ਉਹ ਮਨੁੱਖ ਸੋਚ ਦੀ ਸਿਰਜਣਾ, ਪਾਲਣਾ ਅਤੇ ਸੰਘਾਰ ਦੇ ਕਾਰਜਾਂ ਨੂੰ ਵਰਣਿਤ ਕਰਨ ਵਾਲੇ ਵਿਸ਼ੇਸ਼ਣਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਜਾਪੁ ਸਾਹਿਬ ਵਿਚ ਅਕਾਲ ਪੁਰਖ ਦਾ ਸਰਗੁਣ ਸਰੂਪ ਸਥੂਲ ਸਮੂਰਤੀਕਰਨ ਦੀ ਥਾਂ ਅਸਥੂਲ ਸੰਕਲਪੀਕਰਨ ਹੈ।


3. ਅਕਾਲ ਪੁਰਖ: ਅਨੁਰਾਗ ਰੂਪ


ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਕਰਦਿਆਂ ਇਕ ਤਾਂ ਉਸਦੇ ਨਿਰਗੁਣ ਸਰੂਪ ਦੀ ਨੂੰ ਚਿਤਰਿਆ ਗਿਆ ਹੈ ਅਤੇ ਦੂਜਾ ਅਕਾਲ ਪੁਰਖ ਦੇ ਸਰਗੁਣ ਸਰੂਪ ਦਾ ਵੀ ਵਰਣਨ ਕੀਤਾ ਗਿਆ ਹੈ। ਇਸ ਬਾਣੀ ਦੀ ਵਿਲੱਖਣ ਵਿਸ਼ੇਸ਼ਤਾ ਹੈ ਕਿ ਆਕਾਲ ਪੁਰਖ ਦੇ ਸਰਗੁਣ ਸਰੂਪ ਦੀ ਉਸਤਤਿ ਕਰਨ ਸਮੇਂ ਉਸ ਦੀ ਕਰਮਸ਼ੀਲਤਾ ਅਰਥਾਤ ਕਰਮਨਾਵਾਂ ਨੂੰ ਕੇਂਦਰੀ ਬਿੰਦੂ ਬਣਾਇਆ ਗਿਆ ਹੈ। ਮਨਾਵੀ ਚੇਤਨ ਅਤੇ ਅਵਚੇਤਨ ਵਸਤੂ-ਜਗਤ ਅਤੇ ਵਰਤਾਰਿਆਂ ਨੂੰ ਸਿਰਜਣ-ਵਿਗਸਣ ਅਤੇ ਬਿਨਸਣ ਦੀਆਂ ਪ੍ਰਕਿਰਿਆਵਾਂ ਵਿਚੋਂ ਗੁਜਰਦਾ ਵੇਖਦਾ ਹੈ। ਇਸ ਲਈ ਜਾਪੁ ਸਾਹਿਬ ਵਿਚ ਅਕਾਲ ਪੁਰਖ ਨੂੰ ਤਿੰਨ ਪ੍ਰਕਿਰਿਆਵਾਂ ਦੇ ਸੰਚਾਲਕ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਨਾਲ ਮਾਨਵੀ ਪ੍ਰਤੱਖਣ ਵਿਚ ਅਕਾਲ ਪੁਰਖ ਦਾ ਸਰਗੁਣ ਸਰੂਪ ਪ੍ਰਕਾਸ਼ਮਾਨ ਹੋ ਗਿਆ ਹੈ। ਇਸੇ ਪ੍ਰਕਾਰ ਅਕਾਲ ਪੁਰਖ ਦੀ ਉਸਤਤਿ ਵਿਰੋਧੀ ਭਾਵਾਂ ਵਾਲੀ ਇਕਾਈਆਂ (ਅੰਧਕਾਰੇ-ਤੇਜ ਤੇਜੇ, ਕਰਤਾ-ਹਰਤਾ ਆਦਿ) ਦੁਆਰਾ ਵੀ ਕੀਤੀ ਗਈ ਹੈ। ਪਰ ਇਨ੍ਹਾਂ ਇਕਾਈਆਂ ਦੇ ਅਰਥ-ਘੇਰੇ ਅਜਿਹੇ ਹਨ, ਜਿਹੜੇ ਸਧਾਰਨ ਮਾਨਵੀ ਪ੍ਰਤੱਖਣ ਦੀ ਪਹੁੰਚ ਸੀਮਾ ਤੋਂ ਬਾਹਰੇ ਹਨ। ਇਨ੍ਹਾਂ ਦਵੰਦਾਤਮਕ ਵੇਰਵਿਆਂ ਨਾਲ ਅਕਾਲ ਪੁਰਖ ਦੀ ਜਿਹੜੀ ਤਸਵੀਰ ਉਘੜਦੀ ਹੈ, ਉਸ ਨੂੰ ਸੁਰਜੀਤ ਸੁਰਤ ਨਾਲ ਹੀ ਵੇਖਿਆ ਜਾ ਸਕਦਾ ਹੈ। ਇਸ ਲਈ ਸਧਾਰਨ ਬੋਧ ਲਈ ਕੇਵਲ ਇਕ ਅਜਿਹਾ ਰੂਪ ਹੀ ਲੋੜੀਂਦਾ ਹੈ, ਜਿਸ ਦੁਆਰਾ ਅਕਾਲ ਪੁਰਖ ਦੀ ਕਿਰਪਾ ਅਤੇ ਬਖਸ਼ਿਸ਼ ਮਾਨਵੀ ਪ੍ਰਤੱਖਣ ਦੀ ਸੀਮਾਂ ਵਿਚ ਆ ਸਕੇ। ਜਾਪੁ ਸਾਹਿਬ ਵਿਚ ਅਜਿਹੇ ਸਰੂਪ ਲਈ ਅਕਾਲ ਪੁਰਖ ਵਾਸਤੇ ਅਨੁਰਾਗ-ਰੂਪ ਕਹਿੰਦੇ ਹਨ। ਅਨੁਰਾਗ ਅਰਥਾਤ ਪਿਆਰ, ਪ੍ਰੀਤ ਜਾਂ ਪ੍ਰੇਮ ਹੀ ਅਜਿਹਾ ਭਾਵ ਹੈ, ਜਿਸ ਨਾਲ ਅਕਾਲ ਪੁਰਖ ਆਪਣੀ ਸਿਰਜਣਾ ਨੂੰ ਵੇਖਦਾ ਅਤੇ ਖੁਸ਼ ਹੁੰਦਾ ਹੈ। ਅਕਾਲ ਪੁਰਖ ਦੇ ਅਨੁਰਾਗ ਰੂਪ ਨੂੰ ਜਾਪੁ ਸਾਹਿਬ ‘ਚ ਇੰਝ ਪ੍ਰਗਟਾਇਆ ਗਿਆ ਹੈ:


-ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ।। (੮੦.੪)

-ਸੁਭੰ ਸਰਬ ਭਾਗੇ ।। ਸੁ ਸਰਬਾਨੁਰਾਗੇ ।। (੧੨੯)


ਅਕਾਲ ਪੁਰਖ ਜਿਹੜਾ ਚੋਹਾਂ ਦਿਸ਼ਾਵਾਂ ਵਿਚ ਪ੍ਰੇਮ-ਰੂਪ ਹੋ ਕੇ ਪਸਰਿਆ ਹੋਇਆ ਹੈ, ਉਹ ਸੰਸਾਰ ਦੇ ਸਾਰਿਆਂ ਹਿੱਸਿਆਂ ਵਿਚ ਸੁਭਾਇਮਾਨ ਹੈ ਅਤੇ ਸਭ ਨੂੰ ਪਿਆਰ ਕਰਨ ਵਾਲਾ ਹੈ। ਅਕਾਲ ਪੁਰਖ ਦੀ ਸਿਰਜਣਾ ਕਿਉਕਿ ਵਿਰੋਧੀ ਭਾਵਾਂ ਦੀ ਪ੍ਰਕਿਰਤੀ ਵਾਲੀ ਹੈ, ਜਿਸ ਵਿਚ ਹਨੇਰਾ ਵੀ ਹੈ ਅਤੇ ਤੇਜ ਵੀ, ਸਿਰਜਣਾ ਵੀ ਹੈ ਅਤੇ ਸੰਘਾਰ ਵੀ, ਉਹ ਇਕ ਵੀ ਹੈ ਅਤੇ ਅਨੇਕ ਵੀ। ਇਸ ਲਈ ਸਤਹੀ ਪੱਧਰ ਤੇ ਇਸ ਦੀ ਵਿਰੋਧਮਈ ਪ੍ਰਕਿਰਤੀ ਦੇ ਲਖਾਇਕ ਜਾਪਣ ਦੇ ਬਾਵਜੂਦ ਅਕਾਲ ਪੁਰਖ ਆਪਣੀ ਸਿਰਜਣਾ ਦੇ ਪ੍ਰਸੰਗ ‘ਚ ਅਨੁਰਾਗ ਰੂਪ ਹੈ। ਸਾਰੀ ਸਿਰਜਣਾ ਵਿਚ ਅਨੁਰਾਗ(ਪ੍ਰੇਮ) ਰੂਪ ਪਰਸਿਆ ਹੋਣ ਕਰਕੇ ਹੀ ਉਹ ਆਪਣੀ ਸਾਰੀ ਸਿਰਜਣਾ ਨੂੰ ਵੇਖ ਕੇ ਖੁਸ ਹੁੰਦਾ ਹੈ। ਇਸ ਲਈ ਪੁਰਖ (ਮਨੁੱਖ) ਦੇ ਪ੍ਰਤੱਖਣ ਵਿਚ ਅਨੁਰਾਗ ਹੀ ਅਜਿਹਾ ਘਟਕ ਹੈ, ਜਿਸ ਦੁਆਰਾ ਅਕਾਲ ਪੁਰਖ ਨੂੰ ਪਇਆ ਜਾ ਸਕਦਾ ਹੈ। ਗੁਰੂ ਸਾਹਿਬ ‘ਅਕਾਲ ਉਸਤਤਿ’ ਵਿਚ ਵੀ ਇਸ ਦਾ ਹਵਾਲਾ ਦਿੰਦੇ ਹਨ:


ਸਾਚੁ ਕਹੁੰ ਸੁਨ ਲੇਹੁ ਸਭੈ ।।

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।। (ਅਕਾਲ ਉਸਤਤਿ, 29)


ਜਦੋਂ ਮਾਨਵੀ ਸੁਰਤ ਅਨੁਰਾਗ ਰੂਪ ਅਕਾਲ ਪੁਰਖ ਨਾਲ ਜੁੜਨ ਲਈ ਯਤਨਸ਼ੀਲ ਹੁੰਦੀ ਹੈ ਤਾਂ ਉਸ ਨੂੰ ਪ੍ਰੇਮ ਦਾ ਮਾਰਗ ਹੀ ਅਪਣਾਉਣਾ ਪੈਦਾ ਹੈ। ਭਾਰਤੀ ਪਰੰਪਰਾ ਵਿਚ ਪ੍ਰੇਮਾ-ਭਗਤੀ ਪਰਮਸੱਤਾ ਨਾਲ ਇਕਸੁਰਤਾ ਵਿਚ ਵਿਚਰਨ ਦੀ ਇਕ ਪ੍ਰਚਲਿਤ ਵਿਧੀ ਹੈ। ਇੱਥੇ ਜਾਪੁ ਸਾਹਿਬ ਵਿਚ ਅਕਾਲ ਪੁਰਖ ਨੂੰ ਅਨੁਰਾਗ ਰੂਪ ਅਤੇ ਅਕਾਲ ਉਸਤਤਿ ਵਿਚ ਪ੍ਰਭੂ ਨੂੰ ਪਾਉਣ ਦਾ ਮਾਰਗ ਅੰਕਿਤ ਕਰਕੇ ਗੁਰੂ ਸਾਹਿਬ ਪਰੰਪਰਾ ਨੂੰ ਨਵਾਂ ਪਰਿਪੇਖ ਪ੍ਰਦਾਨ ਕਰਦੇ ਹਨ। ਇਨ੍ਹਾਂ ਅਨੁਸਾਰ ਅਨੁਰਾਗ ਰੂਪ ਅਕਾਲ ਪੁਰਖ ਨੂੰ ਪ੍ਰੇਮ ਮਾਰਗ ਰਾਹੀ ਪ੍ਰਾਪਤ ਕਰਨ ਵਾਲਾ ਵਿਅਕਤੀ ਕਬਜ਼ੇ ਜਾਂ ਮਾਲਕੀ ਵਾਲੇ ਭਾਵਾਂ ਤੋਂ ਮੁਕਤ ਹੋ ਜਾਂਦਾ ਹੈ। ਅਨੁਰਾਗ ਵਾਲਾ ਸੰਬੰਧ ਪਿਆਰ, ਅਪਣੱਤ ਅਤੇ ਸਾਂਝ ਪੈਦਾ ਕਰਦਾ ਹੈ। ਜਿਨ੍ਹਾਂ ਨਾਲ ਮਾਨਵੀ ਸੁਰਤ ’ਚੋਂ ਹਉਮੈ ਵਾਲੀ ਮਨਫ਼ੀ ਪ੍ਰਕਿਰਤੀ ਨੂੰ ਖਤਮ ਕੀਤਾ ਜਾ ਸਕਦਾ ਹੈ। ਜਦੋਂ ਇਹ ਅਵਸਥਾ ਪੈਦਾ ਹੁੰਦੀ ਹੈ ਤਾਂ ਨਜ਼ਰ ਆਉਂਦੀ ਅਨੇਕਤਾ ਵਿਅਕਤੀ (ਮਾਨਵੀ ਸੁਰਤ) ਨੂੰ ਭਰਮ ਵਿਚ ਨਹੀ ਪਾਉਂਦੀ। ਉਸ ਨੂੰ ਅਕਾਲ ਪੁਰਖ ਨਾਲ ਪ੍ਰਾਪਤ ਇਕਸੁਰਤਾ ਦੇ ਦਰਸ਼ਨ ਕਰਵਾਉਂਦੀ ਹੈ। ਅਨੁਰਾਗ ਰੂਪ ਅਕਾਲ ਪੁਰਖ ਵਿਚ ਜੁੜੀ ਮਾਨਵੀ ਸੁਰਤ ਅਕਾਲ ਪੁਰਖ ਨਾਲ ਸਦਾ ਸੰਪਰਕ ਵਿਚ ਰਹਿੰਦੀ ਹੈ। ਜਿਸ ਦੁਆਰਾ ਸਤਹੀ ਪੱਧਰ ਤੇ ਨਜ਼ਰ ਆਉਂਦੀ ਵਿਰੋਧਮਈ ਵਖਰੇਵਿਆਂ ਵਾਲੀ ਸਾਰੀ ਸਿਰਜਣਾ ਉਸਦਾ ਰੂਪ ਹੀ ਨਜ਼ਰ ਆਉਂਦੀ ਹੈ। ਸਾਰੀ ਸਿਰਜਣਾ, ਹਰ ਵਜੂਦ ਅਤੇ ਹਰ ਕਰਮ ਵਿਚ ਅਕਾਲ ਪੁਰਖ ਆਪ ਨਜ਼ਰ ਆਉਣ ਲੱਗ ਪੈਂਦਾ ਹੈ।


4. ਅਕਾਲ ਪੁਰਖ: ਸਰਬ-ਸ੍ਰੇਸ਼ਟ ਅਸਤਿੱਤਵ


ਜਾਪੁ ਸਾਹਿਬ ਵਿਚ ਵਜੂਦ ਰਹਿਤ ਅਕਾਲ ਪੁਰਖ ਦੀ ਉਸਤਤਿ ਕਰਦਿਆਂ ਉਸਨੂੰ ਸਰਬ-ਸ੍ਰੇਸ਼ਟ ਅਸਤਿਤੱਵ ਜਾਂ ਵਜੂਦ ਵਜ਼ੋਂ ਚਿਤਰਿਆ ਗਿਆ ਹੈ। ਮਾਨਵੀ ਪ੍ਰਤੱਖਣ ਵਿਚ ਸ੍ਰੇਸਟਤਾ ਦੀ ਚਿੰਨ੍ਹਾਤਮਿਕਤਾ ਰਾਜਾ, ਇੰਦਰ, ਦੇਵਤੇ, ਬ੍ਰਹਮਾ, ਵਿਸ਼ਨੂੰ, ਮਹੇਸ਼, ਚੰਦ, ਸੂਰਜ ਆਦਿ ਸ਼ਕਤੀਆਂ ਦੇ ਰੂਪ ’ਚ ਕੀਤੀ ਗਈ ਹੈ। ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਅਸਤਿੱਤਵ ਨੂੰ ਸਰਬ-ਸ੍ਰੇਸ਼ਟ ਸਿੱਧ ਕਰਨ ਲਈ ਪਹਿਲਾਂ ਕਿਸੇ ਉਤਕ੍ਰਿਸ਼ਟ ਜਾਂ ਸ਼ਕਤੀਸਾਲੀ ਸੱਤਾ ਦਾ ਉਲੇਖ ਕਰਕੇ ਫਿਰ ਅਕਾਲ ਪੁਰਖ ( ਆਪਣੇ ਇਸ਼ਟ ਦੇਵ) ਨੂੰ ਉਸ ਤੋਂ ਉਪਰ ਸ੍ਰੇਸ਼ਟ ਸਕਤੀ ਵਜ਼ੋਂ ਬਿਆਨ ਕੀਤਾ ਗਿਆ ਹੈ। ਜਿਵੇਂ:


-ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ (੫੦)

-ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ

ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ (੫੧)


ਇਸ ਤਰ੍ਹਾਂ ਤੁਲਨਾਤਮਕ ਪਰਿਪੇਖ ਦੁਆਰਾ ਪਰਮ ਸੱਤਾ ਅਕਾਲ ਪੁਰਖ ਦੇ ਸਰਬ-ਸ੍ਰੇਸ਼ਟ ਅਸਤਿੱਤਵ ਅਤੇ ਮਹਾਨ ਸਮਰੱਥਾ ਉੱਤੇ ਰੌਸ਼ਨੀ ਪਾਈ ਗਈ ਹੈ। ਅਕਾਲ ਪੁਰਖ ਰਾਜਿਆਂ ਦੇ ਰਾਜਾ ਵਜੋਂ ਸਰਬ ਸ੍ਰੇਸ਼ਟ ਰਾਜਾ ਹੈ। ਉਹ ਜੋਗਿਆਂ ਦਾ ਜੋਗੀ ਅਰਥਾਤ ਜੋਗੀਰਾਜ ਵਜੋਂ ਸ੍ਰੇਸ਼ਟ ਸਿਧ ਸਰੂਪ ਵਾਲਾ ਹੈ। ਉਹ ਸੂਰਮਿਆ ਦਾ ਸੂਰਮਾ ਅਥਵਾ ਮਹੀਨ ਸੂਰਮਾ ਹੈ। ਅਕਾਲ ਪੁਰਖ ਇੰਦਰਾਂ ਦਾ ਵੀ ਇੰਦਰ ਭਾਵ ਇੰਦਰ ਤੋਂ ਵੀ ਉੱਚੀ ਹਸਤੀ ਵਾਲਾ, ਦੇਵਤਿਆਂ ਦਾ ਦੇਵਤਾ(ਦੇਵਾਨ ਦੇਵ), ਬਾਦਸ਼ਾਹਾਂ ਦਾ ਬਾਦਸ਼ਾਹ (ਸਾਹਨ ਸਾਹ),ਉੱਚਿਆਂ ਤੋ ਹੋਰ ਉੱਚਾ (ਬਾਲਾਨ ਬਾਲ) ਅਤੇ ਮੌਤ ਦੀ ਵੀ ਮੌਤ(ਕਾਲਾਨ ਕਾਲ) ਅਰਥਾਤ ਸਭ ਤੋਂ ਸ੍ਰੇਸ਼ਟ ਹੈ। ਕਾਲਾਨ ਕਾਲ ਦੇ ਰੂਪ ਵਿਚ ਉਹ ਸ੍ਰਿਸ਼ਟੀ ਦੇ ਨਾਸ਼ ਕਰਤਾ(ਸਿਵ) ਦੀ ਵੀ ਮੌਤ ਦਾ ਰੂਪ ਹੈ। ਇਸ ਤਰ੍ਹਾਂ ਉਹ ਇਸ਼ਟਾ ਦੇ ਇਸ਼ਟ ਵਜੋਂ ਮਹਾਨ ਪੂਜਣਯੋਗ ਹਸਤੀ ਹੈ। ਜਾਪੁ ਸਾਹਿਬ ਵਿਚ ਅਕਾਲ ਪੁਰਖ ਨੂੰ ਸਰਬ ਸ੍ਰੇਸ਼ਟ ਅਸਤਿੱਤਵ ਦੇ ਰੂਪ ’ਚ ਉਜਾਗਰ ਕਰਨ ਲਈ ਸਾਹਾਨ-ਸਾਹ(56,57), ਸਾਹ-ਸਾਹੇ(167), ਭੂਪ-ਭੂਪੇ(55), ਰਾਜ-ਰਾਜੇ(67), ਰਾਜਾਨ-ਰਾਜ(89), ਰਾਜ-ਰਾਜੇਸ੍ਵਰੰ(50,51), ਭਾਨਾਨ-ਭਾਨ(89), ਇੰਦ੍ਰ-ਇੰਦ੍ਰੇ(188), ਇੰਦ੍ਰਾਣਿ-ਇੰਦ੍ਰ(90), ਸੂਰਜ-ਸੂਰਜੇ(184), ਭਾਨ-ਭਾਨੇ(46), ਮਾਹ-ਮਾਹੇ(67), ਚੰਦ੍ਰ-ਚੰਦ੍ਰੇ(184) ਆਦਿ ਦੀ ਸੰਕਲਪਾਤਮਿਕਤਾ ਨੂੰ ਸਿਰਜਿਆ ਗਿਆ ਹੈ। ਮਾਨਵੀ ਪ੍ਰਤੱਖਣ ਦੇ ਸਾਰੇ ਵਸ਼ਿਸਟ ਸੰਕਲਪਾਂ ਦੀ ਚਿੰਨ੍ਹਾਤਮਕਤਾ ਦੇ ਪਰਿਪੇਖ ਵਿਚ ਅਕਾਲ ਪੁਰਖ ਨੂੰ ਸਰਬ ਸ੍ਰੇਸ਼ਟ ਅਸਤਿੱਤਵ ਵਜੋਂ ਰੂਪਮਾਨ ਕੀਤਾ ਗਿਆ ਹੈ। ਮਾਨਵੀ ਸੂਝ ਵਿਅਕਤੀਆਂ, ਕੁਦਰਤੀ ਸ਼ਕਤੀਆਂ , ਮਿਥਿਹਾਸਕ ਸਿਰਜਨਾਵਾਂ ਆਦਿ ਨੂੰ ਸੰਕਲਪਿਕ ਦਰਜਾਬੰਦੀ ਵਿਚ ਚਿਤਵਦੀ ਹੈ। ਵੱਖੋ-ਵੱਖਰੇ ਪਰਿਪੇਖਾਂ ਅਤੇ ਪ੍ਰਸੰਗਾਂ ਵਿਚ ਮਾਨਵੀ ਸਮਝ ਇਨ੍ਹਾਂ ਪਦਾਰਥਕ ਤੇ ਸੰਕਲਪਿਕ ਵਜੂਦਾਂ ਨੂੰ ਅਤਿ ਸ੍ਰੇਸ਼ਟ ਰੂਪ ਵਿਚ ਉਲੀਕਦੀ ਹੈ। ਜਾਪੁ ਸਾਹਿਬ ਵਿਚ ਗੁਰੂ ਸਾਹਿਬ ਅਕਾਲ ਪੁਰਖ ਦੀ ਉਸਤਤਿ ਕਰਦਿਆਂ ਇਨ੍ਹਾਂ ਸ੍ਰੇਸ਼ਟ ਵਜੂਦਾਂ ਨੂੰ ਹਵਾਲਾ ਬਿੰਦੂ ਬਣਾਉਦੇ ਹਨ। ਉਹ ਅਕਾਲ ਪੁਰਖ਼ ਨੂੰ ਇੰਨ੍ਹਾਂ ਦੇ ਪਰਿਪੇਖ ਵਿਚ ਰੱਖ ਕੇ ਇਨ੍ਹਾਂ ਤੋਂ ਵੀ ਸ੍ਰੇਸ਼ਟ ਦਰਜੇ ਵਾਲੇ ਅਸਤਿੱਤਵ ਵਜੋਂ ਪੇਸ਼ ਕਰਦੇ ਹਨ। ਇਸ ਤਰ੍ਹਾਂ ਦੇ ਪ੍ਰਸੰਗ ਮਾਨਵੀ ਸੰਕਲਪਾਂ ਦੇ ਸ੍ਰੇਸ਼ਟ ਸਿਰਜਕ ਅਤੇ ਨਿਰਦੇਸ਼ਕ ਵਜੋਂ ਵਰਣਿਤ ਕਰਦੇ ਹਨ।


5. ਅਕਾਲ ਪੁਰਖ: ਸਰਬ-ਵਿਆਪਕ ਵਜੂਦਾਤਮਿਕਤਾ


ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਪ੍ਰਗਟਾਵਾ ਲਘੂਤਮ ਤੋਂ ਲੈ ਕੇ ਵਿਰਾਟਤਮ ਪੱਧਰ ਤੇ ਹੋਇਆ ਹੈ। ਅਕਾਲ ਪੁਰਖ ਦਾ ਸਿਰਜਕ ਪਾਲਕ ਤੇ ਸੰਘਾਰਕ ਸਰੂਪ ਉਸਦੀ ਸਰਬ-ਵਿਆਪਕ ਸਕਤੀ ਦੀ ਹੀ ਲਖਾਇਕ ਹੈ। ਉਹ ਸ੍ਰਿਸ਼ਟੀ ਦੇ ਜ਼ਰੇ-ਜ਼ਰੇ ਵਿਚ ਪਸਰਿਆ ਹੋਇਆ ਹੈ। ਉਹ ਸਾਰੇ ਰੰਗਾਂ, ਸਾਰੇ ਰੂਪਾਂ, ਸਾਰੇ ਧੰਦਿਆਂ ਸਮੁੱਚੀ ਸਾਮੱਗਰੀ , ਤਿੰਨ੍ਹਾਂ ਤਰ੍ਹਾਂ ਦੇ ਪਦਾਰਥਾਂ ਅਤੇ ਸਾਰੇ ਬੋਲਾਂ ਵਿਚ ਵਿਆਪਕ ਹੈ। ਅਕਾਲ ਪੁਰਖ ਸਾਰੇ ਜੀਵਾਂ ਵਿਚ ਮੌਜੂਦ ਹੈ। ਉਹ ਸਭ ਵਿਚ ਹੋ ਕੇ ਸਾਰਿਆਂ ਦਾ ਸਾਥ ਦੇਣ ਵਾਲਾ ਅਤੇ ਹਰ ਥਾਂ ਪਹੁੰਚਣ ਵਾਲਾ ਹੈ। ਅਕਾਲ ਪੁਰਖ ਚਾਰੇ ਕੂਟਾਂ(ਦਿਸ਼ਾਵਾਂ) ਵਿਚ ਮੌਜੂਦ ਹੈ ਅਤੇ ਹਰ ਥਾਂ ‘ਰਿਸਾਲ’ ਰੂਪ ਹੋ ਕੇ ਬਿਰਾਜਿਆ ਹੈ। ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਸਰਬ-ਵਿਆਪਕ ਹੋਂਦ ਨੂੰ ਇਸ ਪ੍ਰਕਾਰ ਬਿਆਨ ਕੀਤਾ ਗਿਆ ਹੈ:


-ਚਤ੍ਰ ਚਕ੍ਰ ਫਿਰੈ ਚਤ੍ਰ ਚਕਿ ਮਾਨਹੀ ਪੁਰ ਤੀਨ ॥ (੮੨)

-ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥ (੭੯)

-ਚਤ੍ਰ ਚਕ੍ਰ ਵਰਤੀ ॥ (੯੭)

-ਕਿ ਸਰਬਤ੍ਰ ਗਉਨੇ ॥ (੧੧੧)

-ਕਿ ਸਰਬੁਲ ਗਵੰਨ ਹੈਂ (੧੫੬)

-ਸਮਸਤੁਲ ਨਿਵਾਸ ਹੈਂ (੧੫੪)

-ਜਮੀਨਲ ਜਮਾਂ ਹੈਂ (੧੫੮)

-ਜਲੈਂ ਹੈ ॥ ਥਲੈਂ ਹੈਂ (੬੨)

-ਸਮਸਤੁਲ ਜੁਬਾ ਹੈਂ (੧੫੫)

-ਨਮੋ ਸਰਬ ਰੂਪੇ ॥ (੧੯)

ਨਮੋ ਸਰਬ ਰੰਗੇ ॥ (੨੨)

ਨਮੋ ਸਰਬ ਧੰਧੇ ॥ (੨੪)

ਸਮਸਤੀ ਸਰੂਪੇ ॥ (੪੯)

-ਬ੍ਰਹਮੰਡਸ ਹੈਂ ॥ (੧੭੬)


ਅਕਾਲ ਪੁਰਖ ਦੀ ਹੋਂਦ-ਹਸਤੀ ਬ੍ਰਹਿਮੰਡ ਦੇ ਨਿੱਕੇ ਤੋਂ ਨਿੱਕੇ ਕਿਣਕੇ, ਲਘੂ ਤੋਂ ਲਘੂ ਜੀਵ ਤੋ ਲੈ ਕੇ ਸਮੁੱਚੀ ਸ੍ਰਿਸ਼ਟੀ ਵਿਚ ਵਿਆਪਕ ਪਸਰੀ ਹੋਈ ਹੈ। ਇਸ ਲਈ ਉਹ ਸਾਰੇ ਰੰਗਾ,ਰੂਪਾਂ,ਧੰਦਿਆਂ,ਸਾਮੱਗਰੀ ,ਧਰਤੀ ਤੇ ਜਲ ਵਿਚ ਵਿਆਪਕ ਹੈ। ਅਕਾਲ ਪੁਰਖ ਤਿੰਨ ਭਵਨਾਂ(ਲੋਕਾਂ) ਦਾ ਸੰਚਾਲਕ (ਕਰਤਾ,ਪਾਲਕ ਅਤੇ ਸੰਘਾਰਕ) ਹੋਣ ਦੇ ਫ਼ਲਸਰੂਪ ਆਪਣੀ ਸਾਰੀ ਸਿਰਜਣਾ ਵਿਚ ਇਕ ਰਸ ਕਿਰਿਆਸ਼ੀਲ ਹੈ। ਸਾਰੇ ਬ੍ਰਹਿਮੰਡ ਦਾ ਮਾਲਕ ਹੋਣ ਦੇ ਕਰਕੇ ਉਹ ਇਸਦਾ ਜੀਵਨ ਰੂਪ ਹੈ। ਇਸ ਲਈ ਜਿਹੜੀ ਹਸਤੀ ਸਾਰੇ ਜਗਤ ਵਿਚ ਅੰਸ਼ ਵਜੋਂ ਗਤੀਸ਼ੀਲ ਹੈ ਅਰਥਾਤ ਸਾਰੇ ਜਗਤ ਦਾ ਆਤਮਾ ਰੂਪ ਹੈਚ ਉਹ ਇਸ ਤੋਂ ਵੱਖ ਨਹੀ ਕੀਤੀ ਜਾ ਸਕਦਾ। ਇਹੋ ਉਸ ਦੀ ਸਰਬ-ਵਿਆਪਕ ਵਜੂਦਾਤਮਿਕਤਾ ਦਾ ਸਭ ਤੋਂ ਵੱਡਾ ਲੱਛਣ ਹੈ ਕਿ ਅਕਾਲ ਪੁਰਖ ਲਘੂਤਮ ਅੰਸ਼ ਤੋਂ ਲੈ ਕੇ ਵਿਰਾਟਤਮ ਪਸਾਰੇ ਅਰਥਾਤ ਬ੍ਰਹਿਮੰਡ ਵਿਚ ਵਿਦਮਾਨ ਹੈ। ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਸੰਕਲਪ ਦੋ ਤਰ੍ਹਾਂ ਦੇ ਭਾਵਾਂ ਨੂੰ ਅੰਕਿਤ ਕਰਦਾ ਹੈ। ਇਕ ਤਾਂ ਇਸ ਲਈ ਸਦੀਵੀ ਸੱਚ ਦੀ ਮੌਜੂਦਗੀ ਮਾਨਵੀ ਸੋਚ ਅਤੇ ਪ੍ਰਤੱਖਣ ਦੇ ਸਾਰੇ ਪਦਾਰਥਕ ਅਤੇ ਸੰਕਲਪਿਕ ਵਰਤਾਰਿਆਂ ਵਿਚ ਅੰਕਿਤ ਹੁੰਦੀ ਹੈ। ਦੂਜਾ ਇਹ ਇਨ੍ਹਾਂ ਦੇ ਮੁੱਖ ਆਧਾਰ ਘਟਕ ਵਜੋਂ ਵੀ ਨਿਹਿਤ ਹੁੰਦਾ ਹੈ। ਜਦੋਂ ਸਰਬ-ਵਿਆਪਕਤਾ ਮਦ ਅਕਾਲ ਪੁਰਖ ਨਾਲ ਜੋੜੀ ਜਾਂਦੀ ਹੈ ਤਾਂ ਸਾਰੇ ਪ੍ਰਤੱਖ ਅਤੇ ਅਪ੍ਰਤੱਖ ਵਸਤੂਗਤ-ਵਜੂਦ ਉਸ ਦੀ ਦ੍ਰਿਸ਼ਟੀ ਦੇ ਘੇਰੇ ਵਿਚ ਵਿਚਰਦੇ ਹਨ ਅਤੇ ਉਹ ਆਪ ਇਨ੍ਹਾਂ ਦਾ ਅਤੀ ਜਰੂਰੀ ਘਟਕ ਹੁੰਦੀਆਂ ਹੋਇਆਂ ਵੀ ਇਨ੍ਹਾਂ ਤੋਂ ਨਿਰਲੇਪ ਰਹਿੰਦਾ ਹੈ। ਨਿਰਗੁਣ ਤੇ ਸਰਗੁਣ ਅਕਾਲ ਪੁਰਖ ਆਪਣੀ ਸਿਰਜਣਾ ਦੇ ਵਰਤਾਰਿਆਂ ਵਿਚ ਸਰਬ-ਵਿਆਪਕ ਰਹਿੰਦਾ ਹੈ। ਇਸ ਤਰ੍ਹਾਂ ਸਿਰਜਕ ਤੇ ਸਿਰਜਣਾ ਦਾ ਨਿਰੰਤਰ ਸੰਬੰਧ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਉਸਦੀ ਸਰਬ-ਵਿਆਪਕ ਵਜੂਦਾਤਮਿਕਤਾ ਨੂੰ ਵੀ ਹਵਾਲਾ-ਬਿੰਦੂ ਬਣਾਇਆ ਗਿਆ ਹੈ।


6. ਅਕਾਲ ਪੁਰਖ: ਸਰਬ-ਸਕਤੀਮਾਨਤਾ:


ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਦਾ ਵਰਣਨ ਕਰਦਿਆਂ ਜਿਥੇ ਉਸਦੀ ਸਰਬ-ਵਿਆਪਕ ਵਜੂਦਾਤਮਿਕਤਾ ਨੂੰ ਚਿਤਰਿਆ ਗਿਆ ਹੈ,ਉਥੇ ਨਾਲ ਉਸ ਦੇ ਸਰਬ-ਸਕਤੀਮਾਨਤਾ ਵਾਲੇ ਲੱਛਣ ਨੂੰ ਵੀ ਉਘਾੜਿਆ ਗਿਆ ਹੈ। ਸਰਬ-ਵਿਆਪਕਤਾ ਅਤੇ ਸਰਬ ਸਕਤੀਮਾਨਤਾ ਵਾਲੇ ਦੋਵੇ ਲੱਛਣ ਆਪਸ ਵਿਚ ਅੰਤਰਸੰਬੰਧਿਤ ਹਨ,ਕਿਉਕਿ ਜਿਹੜੀ ਹਸਤੀ ਜਾਂ ਸੱਤਾ (ਪਰਮ ਸੱਤਾ) ਸਰਬ-ਵਿਆਪਕ ਹੋਵੇਗੀ, ਉਹੀ ਸਭ ਤੋਂ ਸਕਤੀਸ਼ਾਲੀ ਵਜੂਦ ਵਜੋਂ ਰੂਪਮਾਨ ਹੋਵੇਗੀ। ਆਪਣੇ ਸਰਬ-ਸਕਤੀਮਾਨ ਸੁਭਾਅ ਕਾਰਨ ਹੀ ਉਹ ਆਪਣੀ ਸਾਰੀ ਸਿਰਜਣਾ ਵਿਚ ਵਿਆਪਕ ਹੋ ਸਕੇਗੀ। ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਸਰਬ ਸਕਤੀਮਾਨਤਾ ਨੂੰ ਤਾਨ-ਤਾਨੇ, ਭਾਨ-ਭਾਨੇ, ਸੂਰਜ-ਸੂਰਜੇ ਆਦਿ ਪ੍ਰਸੰਗਾਂ ਦੁਆਰਾ ਪ੍ਰਗਟਾਇਆ ਗਿਆ ਹੈ। ਅਕਾਲ ਪੁਰਖ ਅਜਿਹੀ ਹਸਤੀ ਹੈ, ਜਿਹੜੀ ਬਲਸ਼ਾਲੀਆਂ ਨੂੰ ਵੀ ਬਲ ਪ੍ਰਦਾਨ ਕਰਦੀ ਹੈ ਅਤੇ ਸ੍ਰਿਸ਼ਟੀ ਨੂੰ ਪ੍ਰਕਾਸ਼ਮਈ ਜਾਂ ਰੌਸ਼ਨ ਕਰਨ ਵਾਲੀ ਸਕਤੀ(ਸੂਰਜ) ਨੂੰ ਵੀ ਆਪ ਪ੍ਰਕਾਸ਼ ਕਰਦੀ ਹੈ। ਅਕਾਲ ਪੁਰਖ ਸੂਰਜ ਦੇ ਤੇਜ਼ ਨੂੰ ਵੀ ਖਤਮ ਕਰ ਸਕਦਾ ਹੈ, ਕਿਉਕਿ ਉਹ ਆਪ ਸਾਰੀਆਂ ਸਕਤੀਆਂ ਨੂੰ ਪੈਦਾ ਕਰਨ ਵਾਲਾ ਬੀਜ ਰੂਪ ਹੈ। ਸਰਬ-ਸਕਤੀਸ਼ਾਲੀ ਰੂਪ ਵਿਚ ਉਹ ਯੋਧਿਆਂ ਦਾ ਯੋਧਾ, ਰਾਜਿਆਂ ਦਾ ਰਾਜਾ, ਰਾਜ ਨੂੰ ਪ੍ਰਕਾਸ਼ਤ ਕਰਨ ਵਾਲਾ, ਗਿਆਨਾਂ ਦਾ ਗਿਆਨ ਸਾਰੇ ਜਗਤ ਦੀ ਆਤਮਾ ਅਤੇ ਸਭ ਤੋਂ ਉੱਚੀ ਹਸਤੀ ਹੈ। ਉਸਦੀ ਸ਼ਰਬ-ਸਕਤੀਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੰਸਾਰ ਦੀਆਂ ਸਾਰੀਆਂ ਸਕਤੀਆਂ ( ਤਿੰਨ ਲੋਕਾਂ ਦੇ ਦੇਵਤੇ,ਮਨੁੱਖ,ਦੈਂਤ.ਜਲ ਵਿਚਲੇ ਜੀਵ ਅਤੇ ਸਮੁੱਚੀ ਪ੍ਰਕਿਰਤੀ) ਉਸ ਨੂੰ ਬੇਅੰਤ ਬੇਅੰਤ ਕਰਦੀਆਂ ਕਰਦੀਆਂ ਥੱਕ-ਹਾਰ ਜਾਂਦੀਆਂ ਹਨ,ਪਰ ਉਸਦਾ ਪਾਰਵਾਰ ਨਹੀ ਪਾ ਸਕਦੀਆਂ। ਅਕਾਲ ਪੁਰਖ ਆਪ ਸਕਤੀ ਦੀ ਸਰੋਤ ਅਤੇ ਸਕਤੀ ਨੂੰ ਸਮੇਟਣ ਵਾਲਾ ਹੈ। ਮਾਨਵੀ ਸਮਝ ਵਿਚ ‘ਸਕਤੀ’ ਵਜੂਦਾਤਮਿਕਤਾ ਨੂੰ ਪਰਿਭਾਸ਼ਤ ਕਰਨ ਵਾਲਾ ਇਕ ਲੱਛਣ ਹੈ। ਇਸੇ ਲਈ ਅਕਾਲ ਪੁਰਖ ਦੀ ਉਸਤਤਿ ਕਰਨ ਦੀ ਸਕਤੀ ਨੂੰ ਵੀ ਜਾਪੁ ਸਾਹਿਬ ਵਿਚ ਇਕ ਹਵਾਲਾ ਬਿੰਦੂ ਬਣਾਇਆ ਗਿਆ ਹੈ। ਉਸ ਨੂੰ ਸਾਰੀਆਂ ਸਕਤੀਆਂ ਦੇ ਮੁਕਾਬਲੇ ਵਧੇਰੇ ਸਕਤੀਸ਼ਾਲੀ ਰੂਪ ਵਿਚ ਪ੍ਰਸਤੁਤ ਕਰਕੇ ਨਾ ਸਿਰਫ ਉਸਦੀ ਸਰਵ-ਉਚਤਾ ਨੂੰ ਪ੍ਰਗਟ ਕੀਤਾ ਗਿਆ ਹੈ, ਬਲਕਿ ਮਾਨਵੀ ਸਰੀਰ, ਸੋਚ,ਅਤੇ ਸਮਝ ਦੀ ਸੀਮਾ ਨੂੰ ਵੀ ਨਿਰਧਾਰਤ ਕੀਤਾ ਗਿਆ ਹੈ।


7. ਅਕਾਲ ਪੁਰਖ: ਪਰੰਪਰਾਈ ਚਿੰਨ੍ਹਾਤਮਿਕਤਾ ਦੇ ਪਰਿਪੇਖ ਵਿਚ


ਭਾਰਤੀ ਪਰੰਪਰਾ ਅਕਾਲ ਪੁਰਖ ਨੂੰ ਓਮ, ਓਅੰ, ਓਅੰਕਾਰ, ਬ੍ਰਹਮ, ਪਰਮੇਸ੍ਵਰ, ਜਗਤੇਸ੍ਵਰ, ਅਮਿਤੇਸ੍ਵਰ, ਪਰਮਾਤਮ ਅਤੇ ਸਚਿਦਾਨੰਦ ਆਦਿ ਚਿੰਨ੍ਹਾਂ ਦੁਆਰਾ ਪ੍ਰਗਟਾਇਆ ਜਾਂਦਾ ਰਿਹਾ ਹੈ। ਜਾਪੁ ਸਾਹਿਬ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਪਰੰਪਰਾਈ ਭਾਰਤੀ ਦਰਸ਼ਨ ਦੇ ਸੰਕਲਪਾਂ ਦੀ ਚਿੰਨ੍ਹਾਤਮਿਕਤਾ ਦੀ ਵਿਸ਼ੇਸ਼ਣੀ ਵਰਤੋਂ ਕੀਤੀ ਹੈ। ਇੱਥੇ ਕੇਵਲ ਇਸ ਚਿੰਨ੍ਹਾਤਮਿਕਤਾ ਨੂੰ ਉਦਰਤ ਹੀ ਨਹੀਂ ਕੀਤਾ ਗਿਆ, ਬਲਕਿ ਇਨ੍ਹਾਂ ਦੀ ਪ੍ਰਸੰਗਿਕ ਵਰਤੋਂ ਨਾਲ ਅਕਾਲ ਪੁਰਖ ਦੀ ਸਰਬ-ਵਿਆਪਕ ਅਤੇ ਸਰਬ-ਸ਼ਕਤੀਸ਼ਾਲੀ ਪ੍ਰਕਿਰਤੀ ਨੂੰ ਵਿਸ਼ਾਲ ਅਰਥ ਪ੍ਰਦਾਨ ਕਰਦਿਆਂ ਨਵ-ਪ੍ਰਭਾਸ਼ਿਤ ਵੀ ਕੀਤਾ ਗਿਆ ਹੈ। ਜਾਪ ਸਾਹਿਬਵਿਚ ਅਕਾਲ ਪੁਰਖ ਦਾ, ਪਰੰਪਰਾਈ ਸੰਕਲਪਾਤਮਿਕਤਾ ਦੇ ਪਰਿਪੇਖ ਵਿਚ ਵਰਣਨ ਹੇਠ ਲਿਖੇ ਅਨੁਸਾਰ ਮਿਲਦਾ ਹੈ :


I.ਓਅੰ/ ਓਅੰਕਾਰ: ਭਾਰਤੀ ਪਰੰਪਰਾ ਵਿਚ ਓਅੰ ਨੂੰ ਸਾਰੀ ਸਿਰਜਣਾਤਮਿਕਤਾ ਅਤੇ ਸਰਬ-ਵਿਆਪਕ ਸੱਤਾ ਵਜੋਂ ਜਾਣਿਆਂ ਜਾਂਦਾ ਹੈ। ਜਾਪੁ ਸਾਹਿਬ ਵਿਚ ਇਸ ਨੂੰ ਇੰਝ ਪਰਿਭਾਸ਼ਿਤ ਕੀਤਾ ਗਿਆ ਹੈ:


- ਓਅੰ ਆਦਿ ਰੂਪੇ ॥ ਅਨਾਦਿ ਸਰੂਪੇ ॥ (੧੨੮)

- ਓਅੰਕਾਰ ਆਦਿ ॥ ਕਥਨੀ ਅਨਾਦਿ ॥ (੧੬੭)


ਜਾਪ ਸਾਹਿਬ ਵਿਚ ਅਕਾਲ ਪੁਰਖ ਨੂੰ ਓਅੰਕਾਰ ਰੂਪ ਵਿਚ ਜਿੱਥੇ ਸਿਰਜਣਾਤਮਕ ਤੇ ਵਿਆਪਕ ਪਰਮ-ਸੱਤਾ-ਸੰਪੰਨ ਹਸਤੀ ਹੈ, ਉੱਥੇ ਇਹ ਸਭ ਦਾ ਆਦਿ (ਮੁੱਢ) ਸਰੂਪ ਵੀ ਹੈ, ਜਿਹੜਾ ਸਰੀਰ ਤੋਂ ਬਿਨਾਂ ਅਤੇ ਨਾਮ ਤੋਂ ਰਹਿਤ ਹੈ। ਪਰ ਨਾਲ ਹੀ ਉਹ ਤਿੰਨਾ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਤੇ ਉਨ੍ਹਾਂ ਦਾ ਵਿਨਾਸ਼ਕ ਵੀ ਹੈ। ਉਹ ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ਹੈ। ਇਸ ਲਈ ਉਸ ਦਾ ਵਰਣਨ ਵੀ ਕਥਨ ਤੋਂ ਬਾਹਰਾ ਹੈ।


II. ਬ੍ਰਹਮ ਜਾਂ ਬ੍ਰਹਮੰਡਸ: ਜਾਪ ਸਾਹਿਬ ਵਿਚ ਅਕਾਲ ਪੁਰਖ ਦਾ ਬ੍ਰਹਮ ਸਰੂਪ ਸ੍ਰਿਸ਼ਟੀ ਦੇ ਕਰਤਾ, ਭਰਤਾ ਅਤੇ ਹਰਤਾ ਵਜੋਂ ਪ੍ਰਸਤੁਤ ਹੋਇਆ ਹੈ ਅਰਥਾਤ ਬ੍ਰਹਮ ਸਾਰੇ ਜਗਤ ਦਾ ਸਿਰਜਕ ਹੈ। ਉਹ ਭੈਅ ਤੇ ਉਪਮਾ ਤੋਂ ਰਹਿਤ ਹਸਤੀ ਹੈ, ਜਿਹੜੀ ਸਰਬ-ਸ਼ਕਤੀਸ਼ਾਲੀ ਸਮਰੱਥਾ ਦੀ ਲਖਾਇਕ ਹੈ:


- ਕਿ ਬ੍ਰਹਮੰ ਸਰੂਪੇ ॥ ਕਿ ਅਨਭਉ ਅਨੂਪੇ (੧੦੬)

- ਬ੍ਰਹਮੰਡਸ ਹੈਂ॥ ਖਲ ਖੰਡਸ ਹੈਂ ॥ (੧੭੬)


ਬ੍ਰਹਮ ਸਾਰੇ ਸੰਸਾਰ ਦਾ ਸਿਰਜਕ ਹੋਣ ਕਰਕੇ ਸਾਰੇ ਜਗਤ ਦਾ ਜੀਵਨ-ਰੂਪ ਹੈ ਅਰਥਾਤ ਸਾਰੇ ਬ੍ਰਹਿਮੰਡ ਵਿਚ ਬ੍ਰਹਮ ਦਾ ਅੰਸ਼ ਹੀ ਕਿਰਿਆਸ਼ੀਲ ਹੈ, ਜਿਹੜਾ ਦਇਆ ਦਾ ਰੂਪ, ਦੁਸ਼ਟਾਂ ਦਾ ਨਾਸ਼-ਕਰਤਾ ਅਤੇ ਪਰੇ ਤੋਂ ਪਰੇ ਹੈ।


III. ਪਰਮੇਸ੍ਵਰ: ਪਰਮੇਸ੍ਵਰ ਦਾ ਅਰਥ ਹੈ ਸਭ ਤੋਂ ਸ੍ਰੇਸ਼ਟ ਮਾਲਕ ਜਾਂ ਸੁਆਮੀ। ਜਾਪੁ ਸਾਹਿਬ ਵਿਚ ਪਰਮ ਸ੍ਰੇਸ਼ਟ ਮਾਲਕ (ਅਕਾਲ ਪੁਰਖ) ਸਭ ਦੀ ਪਰੋਖ ਜਾਂ ਅਦ੍ਰਿਸ਼ ਰੂਪ ਵਿਚ ਪਾਲਣਾ ਕਰਨ ਵਾਲਾ ਹੈ:


ਪਰੰ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ ॥

ਸਦਾ ਸਰਬਦਾ ਸਿਧਿ ਦਾਤਾ ਦਿਆਲੰ॥ (੬੦)


ਉਹ ਅਜਿਹਾ ਦਿਆਲੂ ਸੁਆਮੀ ਹੈ, ਜਿਹੜਾ ਸਾਰੇ ਸਮਿਆਂ ਵਿਚ ਆਪਣੇ ਜੀਵਾਂ ਨੂੰ ਸਿੱਧੀਆਂ ਪ੍ਰਦਾਨ ਕਰਦਾ ਹੈ। ਉਹ ਨਾ ਕੱਟਿਆ ਜਾ ਸਕਦਾ ਹੈ ਅਤੇ ਨਾ ਹੀ ਤੋੜਿਆ ਜਾ ਸਕਦਾ ਹੈ, ਸਗੋਂ ਉਸਨੇ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸਦਾ ਉਹ ਆਸਰਾ ਵੀ ਹੈ। ਉਹ ਸਾਰੀਆਂ ਸ਼ਕਤੀਆਂ ਦਾ ਕਾਰਨ-ਰੂਪ ਅਤੇ ਸਭ ਨੂੰ ਬਣਾਉਣ ਵਾਲਾ ਹੈ।


IV. ਪਰਮਈਸ: ਭਾਰਤੀ ਪਰੰਪਰਾ ਵਿਚ ਬ੍ਰਹਮ ਲਈ ਪਰਮਈਸਸੰਕਲਪ ਵੀ ਵਰਤਿਆ ਗਿਆ ਹੈ। ਜਾਪੁ ਸਾਹਿਬ ਵਿਚ ਇਸ ਦਾ ਪ੍ਰਗਟਾਵਾ ਇਸ ਤਰ੍ਹਾਂ ਕੀਤਾ ਗਿਆ ਹੈ:


ਪਰੰ ਪਰਮ ਈਸ ਹੈਂ ॥ (੧੫੭)


ਪਰਮਈਸ (ਅਕਾਲ ਪੁਰਖ) ਸਭ ਤੋਂ ਸ੍ਰੇਸ਼ਟ ਸੁਆਮੀ ਹੈ, ਜਿਹੜਾ ਸਭ ਲਈ ਅਦ੍ਰਿਸ਼ ਰੂਪ ਚ ਵਿਚਰਦਾ ਹੈ। ਉਹ ਦੇਸ਼ਾਂ ਤੋਂ ਰਹਿਤ, ਲੇਖੇ ਤੋਂ ਮੁਕਤ ਹੈ ਅਤੇ ਹਮੇਸ਼ਾ ਹੀ ਭੇਖਾਂ ਤੋਂ ਬਾਹਰਾ ਹੈ। ਉਹ ਗਹਿਰ-ਗੰਭੀਰ ਧਰਮ ਵਾਲਾ ਹੈ, ਜਿਹੜਾ ਧਰਤੀ ਅਤੇ ਅਕਾਸ਼ ਵਿਚ ਵਿਆਪਕ ਹੈ।


V. ਜਗਤੇਸ੍ਵਰ: ਜਾਪ ਸਾਹਿਬ ਵਿਚ ਅਕਾਲ ਪੁਰਖ ਨੂੰ ਜਗਤੇਸ੍ਵਰ ਭਾਵ ਜਗਤ ਦੇ ਸੁਆਮੀ ਵਜੋਂ ਵੀ ਰੂਪਮਾਨ ਕੀਤਾ ਗਿਆ ਹੈ:


ਜਗਤੇਸ੍ਵਰ ਹੈਂ ॥ (੧੭੨, ੧੭੫)


ਉਹ ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰਨ ਵਾਲਾ ਜਗਤ ਦਾ ਕਾਰਨ-ਸਰੂਪ ਹੈ, ਜਿਸਨੂੰ ਸਾਰੀ ਸ੍ਰਿਸ਼ਟੀ ਆਪਣੇ ਮਨ ਵਿਚ ਮੰਨਦੀ ਹੈ। ਇਸ ਲਈ ਉਹ ਜਗਤ ਦੁਆਰਾ ਜਾਣਨਯੋਗ ਹੈ।


VI. ਬਿਸ੍ਵੰਭਰ: ਅਕਾਲ ਪੁਰਖ ਵਿਸ਼ਵ ਦਾ ਪੋਸ਼ਣ ਕਰਤਾ ਅਰਥਾਤ ਪਾਲਣਹਾਰ ਹੈ। ਇਸ ਲਈ ਉਹ ਬਿਸ੍ਵੰਭਰ ਵੀ ਹੈ:


ਬਿਸ੍ਵੰਭਰ ਹੈਂ ॥ ਕਰੁਣਾਲਯ ਹੈਂ ॥ (੧੮੧)


ਉਹ ਕਰੁਣਾ ਦਾ ਘਰ ਹੋਣ ਦੇ ਫ਼ਲਸਰੂਪ ਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ। ਵਿਸ਼ਵ/ਜਗਤ ਨੂੰ ਭਰਨ ਵਾਲਾ ਹੋਣ ਕਰਕੇ ਉਹ ਸਾਰੇ ਵਿਸ਼ਵ ਦਾ ਜੀਵਨ-ਰੂਪ ਅਰਥਾਤ ਆਤਮਾ ਹੈ।


VII. ਅਮਿਤੇਸ੍ਵਰ: ਅਕਾਲ ਪੁਰਖ ਦਾ ਇਕ ਰੂਪ ਉਸਦਾ ਅਮਿਣਵੀਂ ਜਾਂ ਅਮਿਤ ਸੀਮਾਂ ਦਾ ਮਾਲਕ ਹੋਣਾ ਹੈ। ਇਸ ਲਈ ਉਸ ਨੂੰ ਅਮਿਤੇਸ੍ਵਰ ਵੀ ਕਿਹਾ ਜਾਂਦਾ ਹੈ। ਅਮਿਤ ਸੀਮਾ ਦਾ ਮਾਲਕ ਹੋਣ ਕਰਕੇ ਉਸ ਨੂੰ ਸਿਰਜਿਆ ਨਹੀਂ ਜਾ ਸਕਦਾ ਅਤੇ ਨਾ ਹੀ ਉਸਦਾ ਸਰੂਪ ਬਣਾਇਆ ਜਾ ਸਕਦਾ ਹੈ। ਉਹ ਸ੍ਰੇਸ਼ਟ ਸੁਆਮੀ ਹੈ, ਜਿਹੜਾ ਮਨੁੱਖ ਦਾ ਨਾਇਕ, ਦੁਸ਼ਟਾਂ ਦਾ ਸੰਘਾਰਕ ਅਤੇ ਅਮਰਾਂ ਦਾ ਵੀ ਅਮਰ ਹੈ।


VIII. ਪਰਮਾਤਮ: ਅਕਾਲ ਪੁਰਖ ਪਾਰਬ੍ਰਹਮ ਹਸਤੀ ਅਰਥਾਤ ਸਰਬ-ਸ੍ਰੇਸ਼ਟ ਆਤਮਾ ਵਾਲਾ ਹੈ:


ਪਰਮਾਤਮ ਹੈਂ ॥ ਸਰਬਾਤਮ ਹੈਂ ॥

ਆਤਮ ਬਸ ਹੈਂ ॥ ਜਸ ਕੇ ਜਸ ਹੈਂ ॥ (੧੮੪)


ਇਸ ਲਈ ਉਹ ਸਭ ਵਿਚ ਵਿਆਪਕ ਅਤੇ ਸਾਰਿਆਂ ਦਾ ਆਤਮ-ਸਰੂਪ ਹੈ। ਉਹ ਆਪ ਭਾਵੇਂ ਸਭ ਤੀ ਆਤਮਾ ਹੈ, ਪਰੰਤੂ ਉਸ ਦਾ ਆਪਣਾ-ਆਪ ਉਸਦੇ ਆਪਣੇ ਅਧੀਨ ਹੈ।


IX. ਸਚਿਦਾਨੰਦ: ਜਾਪੁ ਸਾਹਿਬ ਵਿਚ ਅਕਾਲ ਪੁਰਖ ਦਾ ਗਿਆਨ ਤੇ ਆਨੰਦ ਵਾਲੀ ਹਸਤੀ ਆਧਾਰਿਤ ਸਰੂਪ ਸਚਿਦਾਨੰਦ ਦੀ ਚਿੰਨ੍ਹਾਤਮਿਕਤਾ ਦੁਆਰਾ ਵੀ ਵਿਕਸਤ ਕੀਤਾ ਗਿਆ ਹੈ:


-ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ॥ (੫੮)

-ਸਦਾ ਸਚਿਦਾਨੰਦ ਸਤ੍ਰੰ ਪ੍ਰਣਾਸੀ ॥ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ॥ (੧੯੮)


ਅਕਾਲ ਪੁਰਖ ਸੱਚ, ਚੇਤਨ ਅਤੇ ਆਨੰਦ ਰੂਪ ਚ ਆਪਣੀ ਸਾਰੀ ਸਿਰਜਣਾ ਵਿਚ ਕਾਰਜਸ਼ੀਲ ਜਾਂ ਵਿਆਪਕ ਹੈ। ਗਿਆਨ ਦੀ ਇਸ ਅਵਸਥਾ ਵਿਚ ਉਹ ਸਭ ਦਾ ਨਾਸ਼ ਕਰਨ ਵਾਲਾ, ਵੈਰੀਆਂ ਨੂੰ ਨਸ਼ਟ ਕਰਨ ਵਾਲਾ, ਮਿਹਰ ਜਾਂ ਦਇਆ ਕਰਨ ਵਾਲਾ ਕਰਨਹਾਰ ਅਤੇ ਸਭ ਵਿਚ ਨਿਵਾਸ ਕਰਨ ਵਾਲਾ ਹੈ। ਉਹ ਆਪਣੀ ਸਿਰਜਣਾ ਨੂੰ ਸਤ, ਚਿਤ ਅਤੇ ਆਨੰਦ ਰੂਪ ਚ ਮਾਣਦਾ ਹੈ


ਇਸ ਤਰਾਂ ਜਾਪ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਭਾਰਤੀ ਦਰਸ਼ਨ ਦੀ ਪਰੰਪਰਾਈ ਚਿੰਨ੍ਹਾਤਮਿਕਤਾ ਨੂੰ ਵੀ ਪਰਿਪੇਖ ਵਜੋਂ ਵਰਤਿਆ ਗਿਆ ਹੈ। ਬ੍ਰਹਮ, ਬ੍ਰਹਮੰਡਸ, ਓਅੰ, ਓਅੰਕਾਰ, ਪਰਮੇਸ੍ਵਰ, ਪਰਮਈਸ, ਜਗਤੇਸ੍ਵਰ, ਬਿਸ੍ਵੰਭਰ, ਅਮਿਤੇਸ੍ਵਰ, ਪਰਮਾਤਮ ਅਤੇ ਸਚਿਦਾਨੰਦ ਆਦਿ ਸੰਕਲਪ ਏਥੇ ਪੁਨਰ-ਸਿਰਜਤ ਅਤੇ ਪੁਨਰ-ਪਰਿਭਾਸ਼ਤ ਰੂਪ ਵਿਚ ਪ੍ਰਗਟ ਹੋਏ ਹਨ। ਇਹ ਅਕਾਲ ਪੁਰਖ ਦੇ ਵਿਸਤ੍ਰਿਤ ਅਵਲੋਕਨ ਨੂੰ ਸਥਾਪਿਤ ਕਰਦੇ ਹਨ। ਇਨ੍ਹਾਂ ਸੰਕਲਪਾਂ ਦਾ ਅਰਥ-ਘੇਰਾ ਇਕ ਅਜਿਹੇ ਚਿੱਤਰ ਦੀ ਆਕਾਸੀ ਕਰਦਾ ਹੈ, ਜਿਹੜਾ ਮਾਨਵੀ ਪ੍ਰਤੱਖਣ ਦੀ ਸੀਮਾ ਤੋਂ ਵੱਖਰਾ ਅਤੇ ਵਡੇਰੇ ਵਜੂਦ ਵਾਲਾ ਹੈ।


8. ਅਕਾਲ ਪੁਰਖ : ਵਿਰੋਧਾਰਥਕਤਾ ਦੇ ਪਰਿਪੇਖ ਵਿਚ


ਜਾਪੁ ਸਾਹਿਬ ਵਿਚ ਵਿਰੋਧਾਤਮਕ ਵੇਰਵਿਆਂ ਦੀ ਵਰਤੋਂ ਦੁਆਰਾ ਵੀ ਅਕਾਲ ਪੁਰਖ ਦੀ ਉਸਤਤਿ ਕੀਤੀ ਗਈ ਹੈ। ਇਸ ਉਦੇਸ਼ ਲਈ ਪਾਠ ਵਿਚ ਕਾਰਜ ਵਾਲੇ ਸੰਕਲਪਿਕ ਵਿਰੋਧ ਸਿਰਜ ਕੇ ਅਕਾਲ ਪੁਰਖ ਦੇ ਕਾਰਜਾਂ ਦੇ ਆਪਸੀ ਸੰਬੰਧ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਇਨ੍ਹਾਂ ਅਨੁਸਾਰ ਜੇਕਰ ਉਹ ਅਕਾਲ ਪੁਰਖ ਸਿਰਜਕ ਹੈ ਤਾਂ ਸੰਘਾਰਕ ਵੀ ਉਹੀ ਹੈ। ਉਹ ਸਭ ਦੀ ਸਥਾਪਨਾ ਕਰਨ ਵਾਲਾ ਹੈ ਤੇ ਸਭ ਨੂੰ ਖਪਾਉਣ ਵਾਲਾ ਵੀ ਉਹੀ ਹੈ। ਉਹ ਸਭ ਦਾ ਪਾਲਣ-ਪੋਸ਼ਣ ਵੀ ਕਰਦਾ ਹੈ ਤੇ ਸਭ ਨੂੰ ਖਪਾਉਂਦਾ ਵੀ ਹੈ। ਉਹ ਮਾਲਕ ਵੀ ਹੈ ਅਤੇ ਕਾਲ-ਰੂਪ ਵੀ।


-ਨਮੋ ਸਰਬ ਕਰਤਾ ॥ ਨਮੋ ਸਰਬ ਹਰਤਾ ॥ (੨੭)

-ਨਮੋ ਸਰਬ ਖਾਪੇ ॥ ਨਮੋ ਸਰਬ ਥਾਪੇ ॥ (੨੦)

-ਕਿ ਸਰਬਤ੍ਰ ਸੋਖੈ ॥ ਕਿ ਸਰਬਤ੍ਰ ਪੋਖੈ ॥ (੧੧੬)


ਜੇ ਇਕ ਪਾਸੇ ਅਕਾਲ ਪੁਰਖ ਸਾਰੀਆਂ ਸਮੱਸਿਆਵਾਂ ਦਾ ਕਾਰਨ (ਕਲਹ-ਕਰਤਾ) ਹੈ ਤਾਂ ਦੂਜੇ ਪਾਸੇ ਸ਼ਾਂਤੀ ਪ੍ਰਦਾਨ ਕਰਨ ਵਾਲਾ ਸ਼ਾਂਤ-ਸਰੂਪ ਵੀ ਉਹ ਹੀ ਹੈ। ਇਸੇ ਤਰ੍ਹਾਂ ਜੇਕਰ ਉਹ ਸਾਰੇ ਹਨੇਰਿਆਂ ਦੇ ਰੂਪ ਚ ਅੰਧਕਾਰ ਹੈ ਤਾਂ ਦੂਜੇ ਪਾਸੇ ਪ੍ਰਕਾਸ਼ ਰੂਪ ਤੇਜ ਦਾ ਪੁੰਜ ਵੀ ਉਹ ਆਪ ਹੈ। ਇਕ ਪਾਸੇ ਜੇਕਰ ਉਹ ਅਣੂ ਹੈ ਤਾਂ ਦੂਜੇ ਪਾਸੇ ਸਮੂਹ ਵੀ ਹੈ :


-ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ॥ (੧੮੭)

-ਨਮੋ ਅੰਧਕਾਰੇ ਨਮੋ ਤੇਜ ਤੇਜੇ ॥

ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥ (੧੮੫)


ਅਕਾਲ ਪੁਰਖ ਜੇਕਰ ਅਨੇਕ ਰੂਪਾਂ ਚ ਵਿਚਰਦਾ ਹੈ ਤਾਂ ਉਹ ਏਕ ਰੂਪ ਵੀ ਹੈ। ਜਾਪੁ ਸਾਹਿਬ ਵਿਚ ਇਸ ਦੇ ਰਹੱਸ ਨੂੰ ਇੰਝ ਪ੍ਰਗਟਾਇਆ ਗਿਆ ਹੈ:


-ਨਮਸਤੰ ਸੁ ਏਕੈ ॥ ਨਮਸਤੰ ਅਨੇਕੈ ॥ (੪੩)

-ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥

ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ ॥ (੮੧)


ਭਾਵ ਇਹ ਕਿ ਅਕਾਲ ਪੁਰਖ ਜੋ ਇਕ ਰੂਪ ਹੈ, ਉਹ ਅਨੇਕਾਂ ਰੂਪਾਂ ਚ ਦਿਸਣ ਵਾਲਾ ਅਤੇ ਅਨੇਕਾਂ ਰੂਪਾਂ ਨੂੰ ਕਰਨ ਵਾਲਾ ਹੈ। ਬ੍ਰਹਿਮੰਡਕ ਪਸਾਰੇ ਦੀ, ਸਿਰਜਣਾ-ਰੂਪ, ਖੇਡ ਨੂੰ ਅਨੇਕਾਂ ਰੂਪਾਂ ਚ ਖੇਡ ਕੇ ਅਖੇਡਣ ਦੀ ਅਵਸਥਾ ਤਕ ਪਹੁੰਚਾ ਕੇ ਉਹ ਅੰਤ ਨੂੰ ਫਿਰ ਇਕ ਹੋ ਜਾਂਦਾ ਹੈ। ਇਸ ਲਈ ਉਹ ਜੇਕਰ ਅਨੇਕ (ਅਸੀਮ) ਹੈਂ ਤਾਂ ਇਕ ਵੀ ਹੈ।


ਵਿਰੋਧਾਤਮਕ ਦਿੱਸਦੀ ਵਜੂਦਾਤਮਕਤਾ ਵਾਲਾ ਅਕਾਲ ਪੁਰਖ ਇਕ ਪਾਸੇ ਜੇਕਰ ਜੋਗੀ ਜਾਂ ਸੰਨਿਆਸੀ ਰੂਪ ਹੈ ਤਾਂ ਦੂਜੇ ਪਾਸੇ ਉਹ ਪਦਾਰਥਾਂ ਨੂੰ ਭੋਗਣ ਵਾਲਾ (ਭੋਗ ਭੋਗੇ) ਵੀ ਹੈ। ਸਾਰਿਆਂ ਨੂੰ ਦੇਣ ਵਾਲਾ ਦਾਨੀ ਵੀ ਹੈ ਅਤੇ ਉਹ ਸਭ ਤੋਂ ਲੈਂਦਾ ਵੀ ਹੈ। ਆਪਣੀ ਸਿਰਜਣਾ ਦੇ ਰੂਪ ਚ ਉਹ ਸਾਰਿਆਂ ਨਾਲ ਜੁੜਿਆ ਹੋਇਆ ਹੈ, ਪਰ ਨਾਲ ਹੀ ਉਹ ਸਾਰਿਆਂ ਤੋਂ ਮੁਕਤ ਵੀ ਹੈ:


-ਨਮੋ ਜੋਗ ਜੋਗੇ ॥ ਨਮੋ ਭੋਗ ਭੋਗੇ ॥ (੨੮)

-ਕਿ ਸਰਬਤ੍ਰ ਦੀਨੈ ॥ ਕਿ ਸਰਬਤ੍ਰ ਲੀਨੈ ॥ (੧੧੩)

-ਸਰਬੰ ਜੁਗਤਾ ॥ ਸਰਬੰ ਮੁਕਤਾ ॥ (੧੪੪)


ਅਕਾਲ ਪੁਰਖ ਸਾਰਿਆਂ ਦੇਸ਼ਾ ਵਾਲਾ ਹੈ ਅਰਥਾਤ ਉਹ ਸਭ ਦੇਸ਼ਾ ਵਿਚ ਵਿਆਪਕ ਹੈ,ਪਰ ਨਾਲ ਹੀ ਉਹ ਬਿਨਾਂ ਦੇਸ਼ ਵਾਲਾ ਵੀ ਹੈ ਜਾਂ ਉਸਦਾ ਕੋਈ ਵਿਸ਼ੇਸ਼ ਦੇਸ਼ ਨਹੀ ਹੈ। ਉਹ ਸਾਰਿਆਂ ਰੰਗਾਂ ਵਿਚ ਵੀ ਹੈ ਅਤੇ ਰੰਗ-ਰਹਿਤ ਵੀ, ਉਹ ਸਾਰਿਆਂ ਰੂਪਾਂ ਵਿਚ ਵਿਆਪਕ ਹੈ ਅਤੇ ਨਾਲ ਹੀ ਬਿਨਾਂ ਰੂਪ ਵਾਲਾ ਵੀ ਹੈ। ਜੇਕਰ ਉਹ ਸਾਰਿਆਂ ਭੇਸਾਂ ਵਿਚ ਮੌਜੂਦ ਹੈ ਤਾਂ ਉਹ ਅਜਿਹੀ ਹਸਤੀ ਵੀ ਹੈ,ਜਿਸਦਾ ਕੋਈ ਭੇਖ ਨਹੀ। ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਇਨ੍ਹਾਂ ਵਿਰੋਧਾਤਮਕ ਵੇਰਵਿਆਂ ਨੂੰ ਇੰਝ ਸਿਰਜਿਆ ਗਿਆ ਹੈ:


- ਨਮੋ ਸਰਬ ਦੇਸੈ (੬੬)
- ਨਮੋ ਸਰਬ ਰੰਗੇ ॥ (੨੨)

- ਕਿ ਸਰਬਤ੍ਰ ਦੇਸੈ ॥ (੧੨)
-
ਨਮਸਤੰ ਅਰੰਗੇ ॥ (੧੫)

- ਨਮਸਤੰ ਨ੍ਰਿਦੇਸੇ ॥ (੧੦)
- ਨ ਰੰਗੇ ॥ (੧੯੫)

- ਅਦੇਸੰ ਅਦੇਸੇ ॥ (੧੮)
- ਨਮੋ ਸਰਬ ਭੇਸੇ॥ (੬੬)

- ਨਮੋ ਸਰਬ ਰੂਪੇ ॥ (੧੯)
- ਕਿ ਸਰਬਤ੍ਰ ਭੇਸੇ ॥ (੧੧੨)

- ਸਮਸਤੀ ਸਰੂਪੇ ॥ (੪੯)
- ਨ੍ਰਿਭੇਸੇ ॥ (੧੦)

- ਅਰੂਪ ਹੈਂ ॥ (੨੯)
- ਅਭੇਸ ਹੈਂ॥ (੬੫)

- ਨ ਰੂਪੈ ॥ (੧੯੫)

- ਨਮੋ ਸਰਬ ਧੰਧੇ ॥ (੨੪)

- ਅਧੰਧ ਹੈਂ ॥ (੩੬)


ਅਕਾਲ ਪੁਰਖ ਧਰਮ, ਅਰਥ ,ਕਾਮ ਆਦਿ ਤਿੰਨਾਂ ਵਰਗਾਂ ਜਾਂ ਪਦਾਰਥਾਂ ਨਾਲ ਵਿਆਪਕ ਵੀ ਹੈ ਅਤੇ ਇਨ੍ਹਾਂ ਤਿੰਨਾਂ ਤੋਂ ਮੁਕਤ ਵੀ। ਉਹ ਮਾਇਆ ਦੇ ਤਿੰਨਾਂ ਗੁਣਾਂ( ਰਜੋ,ਤਮੋ, ਸਤੋ) ਵਾਲਾ ਹੈ, ਪਰ ਨਾਲ ਹੀ ਉਹ ਮਾਇਆ ਦੇ ਤਿੰਨਾਂ ਗੁਣਾ ਤੋਂ ਪਰੇ ਹੈ। ਅਕਾਲ ਪੁਰਖ ਇਕ ਅਜਿਹੀ ਹਸਤੀ ਹੈ, ਜਿਸਦੀ ਜੀਵ-ਆਤਮਾ ਰੂਪੀ ਕੋਈ ਆਤਮਾ ਨਹੀ ਅਰਥਾਤ ਉਹ ਆਤਮਾ ਰਹਿਤ(ਅਨਾਤਮ) ਹੈ, ਪਰ ਨਾਲ ਹੀ ਉਹ ਸਭ ਤੋਂ ਉੱਚੀ ਆਤਮਾ ਵਾਲਾ ਹੈ,ਜੋ ਸਭ ਵਿਚ ਵਿਆਪਕ ਅਤੇ ਸਾਰਿਆਂ ਦਾ ਪ੍ਰਾਣ-ਰੂਪ ਹੈ। ਜਿਵੇਂ:


- ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥ (੮੫)

- ਪਰਮਾਤਮ ਹੈਂ।। ਸਰਬਾਤਮ ਹੈਂ ॥ (੧੮੪)


ਸਰੀਰ ਰਹਿਤ ਤੇ ਨਾਸ਼ ਤੋਂ ਮੁਕਤ ਬੇਅੰਤ ਹਸਤੀ ਅਕਾਲ ਪੁਰਖ ਆਤਮਾ ਤਾਂ ਉਸਦੀ ਹੀ ਹੋਵੇਗੀ , ਜਿਸ ਦਾ ਕੋਈ ਸਰੀਰ ਹੋਏਗ ਅਤੇ ਸਰੀਰਕ ਵਜੂਦ ਹੋਣ ਦੇ ਫਲਸਰੂਪ ਉਹ ਨਾਸ਼ਮਾਨ ਪ੍ਰਕਿਰਤੀ ਦਾ ਲਖਾਇਕ ਹੋਵੇਗਾ। ਪਰ ਅਕਾਲ ਪੁਰਖ ਆਤਮਾ ਅਤੇ ਸਰੀਰ ਦੀਆਂ ਵਿਸ਼ੇਸ਼ਤਾਵਾਂ ਤੋਂ ਪਾਰ ਹੈ। ਆਤਮਾ ਤੋਂ ਉਪਰ ਵਜੂਦ ਹੋਣ ਦੇ ਬਾਵਜੂਦ ਅਕਾਲ ਪੁਰਖ ਜਦੋਂ ਸਰਬ ਸਿਰਜਕ ਸਕਤੀ ਵਜੋਂ ਕਿਰਿਆਸ਼ੀਲ ਹੁੰਦਾ ਹੈ ਤਾਂ ਸਾਰੀ ਸਿਰਜਣਾ ਉਸਦਾ ਅੰਸ਼ ਅਰਥਾਤ ਆਤਮਾ-ਰੂਪ ਹੁੰਦੀ ਹੈ। ਇਸ ਲਈ ਉਹ ਸਾਰਿਆਂ ਦੀ ਆਤਮਾ ਵਜੋਂ ਦ੍ਰਿਸ਼ਟੀਗੋਚਰ ਹੁੰਦਾ ਹੈ।


ਜਾਪੁ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਲਈ ਵਿਰੋਧਾਰਥਕ ਵਿਸ਼ੇਸ਼ਣੀ ਵਰਣਨ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਪਰੰਪਰਾ ਵਿਚ ਨਿਰਗੁਣ ਬ੍ਰਹਮ ਨੂੰ ਪ੍ਰਕਾਸ਼ ਰੂਪ ਵਿਚ ਹੀ ਚਿਤਰਿਆ ਗਿਆ ਹੈ , ਪਰ ਗੁਰੂ ਸਾਹਿਬ ਨਮੋ ਅੰਧਕਾਰੇ ਅਤੇ ਨਮੋ ਤੇਜ ਤੇਜੇ ਦੇ ਵਿਸ਼ੇਸ਼ਣੀ ਪ੍ਰਸ਼ੰਗਾਂ ਨਾਲ ਅਕਾਲ ਪੁਰਖ ਦੀ ਉਸਤਤਿ ਕਰਦੇ ਹਨ । ਇਸ ਤੋਂ ਦੋ ਤਰ੍ਹਾਂ ਦੇ ਭਾਵ ਉਜਾਗਰ ਹੁੰਦੇ ਹਨ। ਇਕ ਤਾਂ ਸਾਰਾ, ਸਤਹੀ ਵਖਰੇਵਿਆਂ ਵਾਲਾ, ਵਰਤਾਰਾ (ਪਦਾਰਥਕ ਅਤੇ ਸੰਕਲਪਿਕ) ਅਕਾਲ ਪੁਰਖ ਦੀ ਹੀ ਸਿਰਜਣਾ ਹੈ । ਦੂਜਾ ਉਹ ਆਪਣੀ ਸਿਰਜਣਾ ਵਿਚ ਸਰਬ-ਵਿਆਪਕ ਹੈ, ਭਾਵੇ ਇਹ ਸਿਰਜਣਾ ਮਨਫੀ ਕੀਮਤਾਂ ਦੀ ਧਾਰਨੀ ਹੈ ਜਾਂ ਹਾਂ ਵਾਚੀ ਕੀਮਤਾਂ ਦੀ। ਇਨ੍ਹਾਂ ਭਾਵਾਂ ਤੋਂ ਇਹ ਨਤੀਜਾ ਸੁੱਤੇ-ਸਿਧ ਸਪੱਸਟ ਹੋ ਜਾਂਦਾ ਹੈ ਕਿ ਨਿਰਗੁਣ ਅਤੇ ਸਰਗੁਣ ਅਕਾਲ ਪੁਰਖ ਸਾਰੇ ਵਖਰੇਵਿਆਂ ਵਿਚ ਵਿਦਮਾਨ ਹੈ, ਪਰ ਇਨ੍ਹਾੰ ਦੀ ਕਾਲ ਯੁਕਤਾ ਤੋਂ ਪਾਰ ਹੈ। ਜਾਪੁ ਸਾਹਿਬ ਵਿਚ ਪ੍ਰਸਤੁਤ ਇਹ ਵਿਰੋਧਾਤਮਕ ਅਤੇ ਉਲਟਭਾਵੀ ਵੇਰਵੇ( ਵਿਸ਼ੇਸ਼ਣ) ਅਕਾਲ ਪੁਰਖ ਦੇ ਸਰਗੁਣ ਤੇ ਨਿਰਗੁਣ ਸਰੂਪ ਦੇ ਕਾਰਜਾਂ ਦੇ ਸਿਧਾਂਤਕ ਅਤੇ ਦਾਰਸ਼ਨਿਕ ਅਰਥ-ਘੇਰੇ ਨੂੰ ਸਿਰਜਦੇ ਹਨ। ਅਕਾਲ ਪੁਰਖ ਦੇ ਇਨ੍ਹਾਂ ਵਿਰੋਧਮਈ ਸੰਕਲਪਾਂ ਦੇ ਅਰਥ-ਘੇਰੇ ਜਾਂ ਸੰਚਾਰ ਦਾ ਪ੍ਰਤੱਖਣ ਉਚੇਰੀ ਦ੍ਰਿਸ਼ਟੀ ਦੀ ਸਮਰੱਥਾ ਵਾਲੀ ਮਾਨਵੀ ਸੁਰਤ ਤੋਂ ਬਿਨਾਂ ਨਹੀ ਕੀਤਾ ਜਾ ਸਕਦਾ।


9. ਅਕਾਲ ਪੁਰਖ : ਯੁੱਧ ਦੇ ਪਰਿਪੇਖ ਵਿਚ ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਸਰਗੁਣ-ਨਿਰਗੁਣ ਸਰੂਪ ਦੀ ਉਸਤਤਿ ਲਈ ਅਜਿਹੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨਾਲ ਯੁੱਧ-ਪਰਿਪੇਖ ਸਿਰਜਿਆ ਜਾਂਦਾ ਹੈ। ਭਾਰਤੀ ਪਰੰਪਰਾ ਜਾਂ ਦਰਸ਼ਨ ਵਿਚ ਅਕਾਲ ਪੁਰਖ ਦਾ ਸੰਘਾਰਕ ਜਾਂ ਜੁਝਾਰੂ ਪੱਖ ਕੇਵਲ ਰੁਦ੍ਰਮਈ ਰੂਪ ਵਜੋਂ ਵਰਣਿਤ ਕੀਤਾ ਗਿਆ ਹੈ। ਅਸਲ ਵਿਚ ਪਰੰਪਰਾ ਦਾ ਮੱਤ ਹੈ ਕਿ ਸੰਸਾਰਕ ਸਿਰਜਣਾ ਵਿਚ ਸੰਤੁਲਨ ਬਣਾਈ ਰੱਖਣ ਲਈ ਵਿਰੋਧੀ ਜਾਂ ਦੁਖਦਾਇਕ ਸ਼ਕਤੀਆਂ ਨੂੰ ਦਬਾਉਣਾ ਜ਼ਰੂਰੀ ਹੁੰਦਾ ਹੈ। ਇਹ ਦੁਖਦਾਇਕ ਸ਼ਕਤੀਆਂ ਹੀ ਅਸੁਰੀ, ਰਾਖਸ਼ੀ ਜਾਂ ਅਮਾਨਵੀ ਸ਼ਕਤੀਆਂ ਵਜੋਂ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਮਨਫ਼ੀ ਪ੍ਰਕਿਰਤੀ ਦੀਆਂ ਧਾਰਨੀ ਵੀ ਕਿਹਾ ਜਾਂਦਾ ਹੈ। ਜਾਪੁ ਸਾਹਿਬ ਵਿਚ ਭਗਤੀ ਨਾਲ ਸ਼ਕਤੀ ਦੇ ਸਮਨਵੈ ਦੁਆਰਾ ਹੀ ਯੁੱਧ-ਪਰਿਪੇਖ ਸਿਰਜਦਿਆਂ ਅਕਾਲ ਪੁਰਖ ਨੂੰ ਜੁਝਾਰੂ ਅਤੇ ਸਸਤ੍ਰਧਾਰੀ ਨਾਇਕ ਵਜੋਂ ਚਿਤਰਿਆ ਗਿਆ ਹੈ। ਜਿਵੇਂ :

- ਨਮੋ ਜੁਧ ਜੁਧੇ
।। ਨਮੋ ਗਿਆਨ ਗਿਆਨੇ ।।
-
ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ।। (੧੮੭)
- ਨਮੋ ਸਸਤ੍ਰ ਪਾਣੇ ।। ਨਮੋ ਅਸਤ੍ਰ ਮਾਣੈ ।। (੫੨)


ਸਾਰੇ ਸ਼ਸਤਰਾਂ ਵਿਚੋਂ ਅਸਤਰ ਉਹ ਹਥਿਆਰ ਹਨ, ਜਿਹੜੇ ਹੱਥ ਵਿਚੋਂ ਨਿਕਲ ਕੇ ਵਾਰ ਕਰਦੇ ਹਨ। ਇਸ ਲਈ ਅਕਾਲ ਪੁਰਖ ਦਾ ਜੁਧ-ਜੁਧੇ, ਸਸਤ੍ਰ ਪਾਣੇ ਅਤੇ ਅਸਤ੍ਰ ਮਾਣੇ ਅਰਥਾਤ ਯੁੱਧ ਦਾ ਕਾਰਨ ਸ਼ਸਤਰਧਾਰੀ ਅਤੇ ਅਸਤਰਾਂ ਨੂੰ ਮਾਣਨ ਵਾਲਾ ਸਰੂਪ, ਮਾਨਵੀ ਪ੍ਰਤੱਖਣ ਵਿਚਲੇ ਸਦੀਵੀ ਸੱਚ ਨੂੰ ਯੁੱਧ- ਪਰਿਪੇਖ ਵਿਚ ਸਿਰਜਦਾ ਹੈ। ਇਸ ਯੁੱਧ-ਪਰਿਪੇਖ ਦੇ ਫ਼ਲਸਰੂਪ ਹੀ ਅਕਾਲ ਪੁਰਖ ਨੂੰ ਵੈਰੀਆਂ ਦਾ ਸੰਘਾਰ ਕਰਨ ਵਾਲੇ ਸਰੂਪ ਵਜੋਂ ਚਿਤਰਿਆ ਗਿਆ ਹੈ। ਜਾਪੁ ਸਾਹਿਬ ਦੇ ਪਾਠ ਵਿਚਲੇ ਵੇਰਵਿਆਂ ਅਨੁਸਾਰ ਉਹ ਵੈਰੀਆਂ ਨੂੰ ਘਾਇਲ਼ ਕਰਨ ਵਾਲਾ (ਅਰਿਘਾਲਯ 171), ਦੁਸ਼ਟਾਂ ਦਾ ਨਾਸ਼ ਕਰਨ ਵਾਲਾ (ਖਲ ਖੰਡਨ 80), ਦੁਸ਼ਟਾਂ ਨੂੰ ਖਤਮ ਕਰਨ ਵਾਲਾ (ਖਲ ਘਾਇਕ 180), ਵੈਰੀਆਂ ਨੂੰ ਜਿੱਤਣ ਵਾਲਾ (ਅਰਿਗੰਜਨ 182), ਵੈਰੀ ਨੂੰ ਤਪਾਉਣ ਵਾਲਾ (ਰਿਪੁ ਤਾਪਨ 182), ਦੁੱਖ ਦੇਣ ਵਾਲੇ ਦੋਖੀਆਂ ਨੂੰ ਨਸ਼ਟ ਕਰਨ ਵਾਲਾ (ਪ੍ਰਮਾਥੰ ਪ੍ਰਮਾਥੇ 146), ਫ਼ੁਰਨੇ ਚ ਹੀ ਦੁਸ਼ਟਾਂ ਨੂੰ ਸੰਘਾਰਨ ਵਾਲਾ (ਖਲ ਖੰਡ ਖਿਆਲ 167), ਆਕੀਆਂ ਦਾ ਵੱਡਾ ਵੈਰੀ ਤੇ ਉਨ੍ਹਾਂ ਤੋਂ ਕਰ ਵਸੂਲਣ ਵਾਲਾ (ਗਨੀਮੁਲ ਸਿਕਸਤੈ 122), ਵੈਰੀਆਂ ਨੂੰ ਤੋੜਨ ਵਾਲਾ (ਹਰੀਫੁਲ ਸਿਕੰਨ 126), ਗ਼ਰੀਬਾਂ ਨੂੰ ਨਿਵਾਜਣ ਵਾਲਾ (ਗਰੀਬੁਲ ਨਿਵਾਜ 153) ਅਤੇ ਮਿੱਤਰਾਂ ਨੂੰ ਵਡਿਆਉਣ ਵਾਲਾ (ਅਜੀਜੁਲ ਨਿਵਾਜ 124) ਹੈ। ਵੈਰੀ ਜਾਂ ਦੁਸ਼ਮਣ ਇੱਥੇ ਦੁਸ਼ਟ, ਅਮਾਨਵੀ ਜਾਂ ਮਨਫ਼ੀ ਸ਼ਕਤੀਆਂ ਦੇ ਲਖਾਇਕ ਹਨ, ਜਿਨ੍ਹਾਂ ਦਾ ਸੰਘਾਰ ਮਾਨਵੀ ਅਤੇ ਹਾਂ-ਪੱਖੀ ਸ਼ਕਤੀਆਂ ਨੂੰ ਕਾਇਮ ਕਰਨ ਲਈ ਜ਼ਰੂਰੀ ਹੈ। ਉਪਰੋਕਤ ਉਕਤੀਆਂ ਵਿਚ ਅਕਾਲ ਪੁਰਖ ਦਾ ਦੁਸ਼ਟ-ਦਮਨਕਾਰੀ ਰੂਪ ਮਨੁੱਖੀ ਸੋਚ ਅਤੇ ਸੁਰਤ ਦੀਆਂ ਉਲਝਣਾਂ ਦੇ ਪਰਿਪੇਖ ਵਿਚ ਪੂਰੀ ਤਰ੍ਹਾਂ ਸਪੱਸ਼ਟ ਹੰਦਾ ਹੈ। ਇਸ ਯੁੱਧ-ਪਰਿਪੇਖ ਦੇ ਵਿਸ਼ੇਸਣੀ ਪ੍ਰਸੰਗਾਂ ਨਾਲ ਅਕਾਲ ਪੁਰਖ ਦੇ ਸਦਾ ਅਜਿੱਤ ਸਰੂਪ ਨੂੰ ਪ੍ਰਗਟਾਇਆ ਗਿਆ ਹੈ। ਉਦਾਹਰਣ ਵਜੋਂ :
- ਅਜੀਤ ਹੈਂ ।। (੬, ੩੧, ੪੨, ੧੯੨)

- ਅਜੈ ਹੈਂ ।। (੩੬, ੧੩੫, ੧੪੯)
- ਸਮਸਤੋਪਰਾਜ ਹੈਂ ।। (੧੨੬)

- ਨਮੋ ਸਰਬ ਜੀਤੰ ।। (੬੯)
- ਅਗੰਜੁਲ ਗਨੀਮ ਹੈਂ ।। (੧੫੪)
ਅਕਾਲ ਪੁਰਖ (ਪਰਮ ਸੱਤਾ) ਸਭ ਨੂੰ ਜਿੱਤਣ ਵਾਲਾ ਹੈ। ਸਾਰਿਆਂ ਉੱਤੇ ਜਿੱਤ ਹਾਸਲ ਕਰਨ ਵਾਲਾ ਹੋਣ ਦੇ ਫ਼ਲਸਰੂਪ ਉਹ ਕਿਸੇ ਤੋਂ ਜਿੱਤਿਆ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਵੱਡੇ-ਵੱਡੇ ਦੁਸ਼ਟ ਵੀ ਉਸ ਨੂੰ ਜਿੱਤਣ ਤੋਂ ਅਸਮਰੱਥ ਹਨ। ਸਦਾ ਅਜਿੱਤ ਹੋਣ ਕਾਰਨ ਉਹ ਅਜਿਹੀ ਸ਼ਕਤੀਸ਼ਾਲੀ ਹਸਤੀ ਹੈ, ਜਿਸ ਨਾਲ ਕਦੀ ਜੂਝਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਯੁੱਧ-ਪਰਿਪੇਖ ਅਨੁਸਾਰ ਅਕਾਲ ਪੁਰਖ ਸਦਾ ਅਜਿੱਤ, ਸਭ ਨੂੰ ਜਿੱਤਣ ਵਾਲੀ, ਦੁਸ਼ਟਾਂ ਦੀ ਸੰਘਾਰਕ, ਯੁੱਧ ਦਾ ਕਾਰਨ-ਸਰੂਪ ਅਤੇ ਸ਼ਸਤਰ ਧਾਰਨ ਕਰਨ ਵਾਲੀ ਜੁਝਾਰੂ ਸ਼ਕਤੀ ਹੈ। ਭਗਤੀ ਦੇ ਸਮਨਵੈ ਨਾਲ ਸ਼ਕਤੀ ਨਰ-ਸੰਘਾਰਕ ਨਾ ਹੋ ਕੇ ਪਾਪ-ਵਿਨਾਸ਼ਕ ਬਣ ਜਾਂਦੀ ਹੈ। ਇਸ ਯੁੱਧ-ਪਰਿਪੇਖ ਕਾਰਨ ਹੀ ਇਸ ਬਾਣੀ ਵਿਚ ਅਕਾਲ ਪੁਰਖ ਦੀ ਉਸਤਤਿ ਲਈ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਕਰਨ ਵਾਲੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਤਾਂ ਪ੍ਰਯੋਜਨ ਇਕ ਵਿਸ਼ੇਸ਼ ਤਰ੍ਹਾਂ ਦੀ ਮਾਨਵੀ ਸੁਰਤ ਨੂੰ ਸਿਰਜਣਾ ਹੈ, ਜਿਸ ਨਾਲ ਮਨਫ਼ੀ ਅਤੇ ਹਾਂ-ਵਾਚੀ ਮਾਨਵੀ ਵਜੂਦ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਵਿਚਰਨ ਵਾਲੀ ਸੰਤੁਲਿਤ ਸੋਚ ਦਾ ਧਾਰਨੀ ਬਣਾਉਣਾ ਹੈ।


10. ਅਕਾਲ ਪੁਰਖ : ਮਿਥਿਹਾਸਕ ਤੱਤਾਂ ਦੇ ਪਰਿਪੇਖ ਵਿਚ

I.
ਸਾਹਿਤ ਵਿਚ ਮਿਥਿਹਾਸਕ ਤੱਤ : ਸਾਹਿਤ ਸਿਰਜਣਾ ਅਤੇ ਬਾਣੀ ਦਾ ਦਿੱਖ ਰੂਪ ਸ਼ਬਦਾਂ, ਵਾਕਾਂ, ਛੰਦਾਂ, ਪੈਰ੍ਹਿਆਂ ਦਾ ਬਣਿਆ ਹੁੰਦਾ ਹੈ। ਰਚਨਾ ਦੇ ਸ਼ਬਦਾਂ ਵਿਚ ਸਾਧਾਰਨ ਭਾਸ਼ਾਈ ਸ਼ਬਦ-ਰੂਪ ਅਤੇ ਸੰਕਲਪਿਕ ਸ਼ਬਦਾਵਲੀ ਦੋਵੇਂ ਹੀ ਵਰਤੇ ਹੋਏ ਮਿਲ ਸਕਦੇ ਹਨ। ਸੰਕਲਪਿਕ ਸ਼ਬਦਾਵਲੀ ਵਿਚ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਪਰੰਪਰਾ ਤੇ ਪਿਛੋਕੜ ਵਾਲੀ ਦਾਰਸ਼ਨਿਕ, ਇਤਿਹਾਸਕ, ਮਿਥਿਹਾਸਕ ਅਤੇ ਲੋਕਧਾਰਾਈ ਸ਼ਬਦਾਵਲੀ ਵੀ ਹੋ ਸਕਦੀ ਹੈ। ਇਸ ਵਿਚ ਸ਼ਾਮਿਲ ਹਰੇਕ ਸ਼ਬਦ ਦਾ ਆਪਣਾ ਅਰਥ-ਘੇਰਾ ਹੁੰਦਾ ਹੈ, ਜੋ ਤਕਰੀਬਨ ਰੂੜ੍ਹੀ ਰੂਪ ਵਿਚ ਸਥਾਪਿਤ ਹੁੰਦਾ ਹੈ। ਸਾਹਿਤ ਸਿਰਜਕ ਜਾਂ ਬਾਣੀਕਾਰ ਇਸ ਸੰਕਲਪਿਕ ਸ਼ਬਦਾਵਲੀ ਦੀ, ਆਪਣੀ ਕਿਰਤ ਵਿਚ ਪ੍ਰਸੰਗਿਕ ਵਰਤੋਂ ਕਰਕੇ, ਇਸ ਦੇ ਅਰਥ-ਘੇਰੇ ਨੂੰ ਇਕ ਪਾਸੇ ਨਵਾਂ ਵਿਸਥਾਰ ਪ੍ਰਦਾਨ ਕਰਦਾ ਹੈ ਅਤੇ ਦੂਜੇ ਪਾਸੇ ਆਪਣੀ ਸੋਚ ਜਾਂ ਅਧਿਆਤਮਕ ਅਵਲੋਕਣ ਦਾ ਸੰਚਾਰ ਵੀ ਕਰਦਾ ਹੈ। ਜਾਪੁ ਸਾਹਿਬ ਵਿਚ ਵੀ ਅਜਿਹੇ ਕਾਫ਼ੀ ਸੰਕਲਪਿਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇੱਥੇ ਕੇਵਲ ਮਿਥਿਹਾਸਕ ਸ਼ਬਦਾਂ ਦੇ ਪਰੰਪਰਾਈ ਅਰਥ-ਘੇਰਿਆਂ, ਪ੍ਰਸੰਗਿਕ ਵਰਤੋਂ ਅਤੇ ਅਕਾਲ ਪੁਰਖ ਦੀ ਉਸਤਤਿ ਦੇ ਨਿਹਿਤ ਪ੍ਰਯੋਜਨ ਨੂੰ ਉਲੀਕਿਆ ਅਤੇ ਉਜਾਗਰ ਕੀਤਾ ਗਿਆ ਹੈ।


ਭਾਰਤੀ ਧਰਮ ਅਤੇ ਗਿਆਨ ਪਰੰਪਰਾ ਦੀ ਸੰਕਲਪਿਕ ਸ਼ਬਦਾਵਲੀ : ਵੇਦ, ਕਤੇਬ, ਪੁਰਾਨ, ਸਿੰਮ੍ਰਿਤੀਆਂ, ਸ਼ਾਸਤਰ, ਮੰਤਰ ਤੇ ਜੰਤਰ ਅਤੇ ਭਾਰਤੀ ਮਿਥਿਹਾਸ ਦੀਆਂ ਮਿਥਿਹਾਸਕ ਮਦਾਂ ਤੇ ਵਜੂਦਾਂ ਲਈ ਵਰਤੇ ਜਾਣ ਵਾਲੇ ਸੰਕਲਪਿਕ ਸ਼ਬਦਾਂ : ਸੁਰ, ਅਸੁਰ, ਦੇਵ, ਨਾਰਾਇਣ, ਚੰਦ੍ਰ, ਸੂਰਜ, ਇੰਦਰ, ਪ੍ਰੇਤ, ਅਪ੍ਰੇਤ ਅਤੇ ਚਉਦਹ ਲੋਕ ਆਦਿ ਦੀ ਵਰਤੋਂ ਜਾਪੁ ਸਾਹਿਬ ਵਿਚ ਕੀਤੀ ਗਈ ਹੋਈ ਮਿਲਦੀ ਹੈ। ਇਨ੍ਹਾਂ ਦੇ ਪਰੰਪਰਾਈ ਅਰਥ-ਘੇਰਿਆਂ ਅਤੇ ਪ੍ਰਸੰਗਿਕ ਵਰਤੋਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :


II. ਮਿਥਿਹਾਸਕ ਤੱਤਾਂ ਦੇ ਪ੍ਰਸੰਗ: ਮਿਥਿਹਾਸਕ ਤੇ ਸਾਹਿਤਕ


(ੳ) ਵੇਦ, ਕਤੇਬ, ਸ਼ਾਸਤਰ, ਸਿੰਮ੍ਰਿਤੀਆਂ, ਪੁਰਾਨ : ਹਿੰਦੂ ਮਿਥਿਹਾਸ ਦਾ ਮੂਲ ਆਧਾਰ ਹਿੰਦੂ ਧਾਰਮਿਕ ਸਾਹਿਤ ਹੈ। ਇਸ ਦਾ ਸਭ ਤੋਂ ਪੁਰਾਣਾ ਸਰੋਤ ਵੇਦ ਹਨ। ਵੇਦ ਹਿੰਦੂ ਧਰਮ ਦੇ ਗਿਆਨਦਾਤਾ ਹਨ, ਜਿਨ੍ਹਾਂ ਦੀ ਗਿਣਤੀ ਚਾਰ ਹੈ : ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥ੍ਰਵ ਵੇਦ। ਪੂਰਵ ਕਾਲ ਵਿਚ ਇਹ ਹੱਥ-ਲਿਖਤ ਰੂਪ ਚ ਹੋਂਦ ਵਿਚ ਨਹੀਂ ਆਏ, ਬਲਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਸੁਣ ਕੇ ਕੰਠ ਕੀਤਾ ਜਾਂਦਾ ਸੀ। ਵੇਦ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਰਚਨਾ ਨਹੀਂ, ਸਗੋਂ ਇਨ੍ਹਾਂ ਵਿਚ ਵਸ਼ਿਸ਼ਟ, ਵਿਸ਼ਵਾਮਿੱਤਰ, ਭਾਰਦਵਾਜ ਆਦਿ ਅਨੇਕਾਂ ਰਿਸ਼ੀਆਂ ਦੇ ਬਣਾਏ ਹੋਏ ਮੰਤਰ ਹਨ, ਜਿਨ੍ਹਾਂ ਵਿਚ ਸੂਰਜ,ਅਗਨਿ, ਵਾਯੂ, ਇੰਦਰ ਆਦਿ ਦੇਵਤਿਆਂ ਦੀ ਮਹਿਮਾ ਹੈ।2 ਸਾਰੇ ਵੇਦਾਂ ਵਿਚ ਤਿੰਨ-ਤਿੰਨ ਭਾਗ ਹਨ : ਮੰਤਰ, ਬ੍ਰਾਹਮਣ, ਆਰਣਯਕ। ਵੇਦਾਂ ਦਾ ਮੰਤਰ ਭਾਗ ਉਹ ਹੈ, ਜਿਸ ਵਿਚ ਪੁਰਾਣੇ ਮੰਤਰ ਮੂਲ ਰੂਪ ਵਿਚ ਹਨ। ਬ੍ਰਾਹਮਣ ਭਾਗ ਵਿਚ ਮੰਤਰਾਂ ਦੀ ਵਿਆਖਿਆ ਹੈ। ਉਪਨਿਸ਼ਦ ਭਾਗ ਦੀ ਆਰਣਯਕ ਸੰਗਯਾ ਵਿਚ ਰਿਸ਼ੀਆਂ ਦੇ ਮੰਤਰਾਂ ਨੂੰ ਯੋਗ/ਉਚਿਤ ਸਮੇਂ ਤੇ ਵਰਣਨ ਦੀ ਵਿਧੀ ਅਤੇ ਯੱਗ ਆਦਿ ਕਰਮਾਂ ਦੇ ਪ੍ਰਕਾਰ ਦੱਸੇ ਗਏ ਹਨ।


ਸਿੰਮ੍ਰਿਤੀਆਂ ਰਿਸ਼ੀਆਂ ਦੇ ਲਿਖੇ ਹੋਏ ਉਹ ਧਰਮ ਗ੍ਰੰਥ ਹਨ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਰਥਾਤ ਬਜ਼ੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ। ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰੰਤੂ ਮੁੱਖ ਇਕੱਤੀ ਸਿੰਮ੍ਰਿਤੀਆਂ ਹਨ : ਮਨੁ ਸਿੰਮ੍ਰਿਤੀ, ਯਾਗਯਵਲਕਯ, ਲਘੁ ਅਤ੍ਰਿ, ਅਤ੍ਰਿ, ਵ੍ਰਿਧ ਅਤ੍ਰਿ, ਵਿਸ਼ਨੂੰ, ਲਘੁਹਾਰੀਤ, ਵ੍ਰਿਧ ਹਾਰੀਤ, ਔਸ਼ਨਸ਼, ਔਸ਼ਨਸ਼ ਸੰਹਿਤਾ, ਆਂਗਿਰਸ, ਯਮ, ਆਪਸੰਥ, ਸੰਵਤੰ, ਕਾਤਯਾਯਨ, ਵ੍ਰਿਹਸਪਤਿ, ਪਾਰਾਸ਼ਾਰ, ਵ੍ਰਿਹਤਪਾਰਾਸ਼ਹੀ, ਵਯਾਸ, ਲਘੁ ਵਯਾਸ, ਸੰਖ, ਲਿਖਿਤ, ਦਕ, ਗੌਤਮ, ਵ੍ਰਿਧ ਗੌਤਮ, ਸ਼ਾਤਾਰੂਪ, ਵਾਸ਼ਿਸ਼ਟ, ਪੁਲਸਯ, ਬੁਧ, ਕਸ਼ਯਪ ਅਤੇ ਨਾਰਦ ਸਿੰਮ੍ਰਿਤੀ।3 ਹਿੰਦੂ ਸਾਹਿਤ ਵਿਚ ਵੇਦਾਂ ਤੋਂ ਬਾਅਦ ਪੁਰਾਣਾਂ ਦਾ ਨਾਂ ਆਉਂਦਾ ਹੈ ਅਤੇ ਇਨ੍ਹਾਂ ਨੂੰ ਪੰਜਵਾਂ ਵੇਦ ਕਰਕੇ ਵੀ ਜਾਣਿਆ ਜਾਂਦਾ ਹੈ। ਪੁਰਾਣ ਅਜਿਹੇ ਧਰਮ-ਗ੍ਰੰਥ ਹਨ, ਜਿਨ੍ਹਾਂ ਵਿਚ ਵੇਦਾਂ ਦੀਆਂ ਗੂੜ੍ਹ ਗੱਲਾਂ ਨੂੰ ਬੜੀ ਸਰਲ, ਸੁਬੋਧ ਭਾਸ਼ਾ ਅਤੇ ਕਥਾਤਮਕ ਸ਼ੈਲੀ ਵਿਚ ਬੜੇ ਵਿਸਥਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ ਗਿਆ ਹੈ।4 ਪੁਰਾਣਾਂ ਦੀ ਗਿਣਤੀ ਅਠਾਰਾਂ ਅਤੇ ਇਨ੍ਹਾਂ ਵਿਚ ਅੰਕਿਤ ਸਲੋਕਾਂ ਦੀ ਗਿਣਤੀ ਚਾਰ ਲੱਖ ਦੇ ਕਰੀਬ ਮੰਨੀ ਜਾਂਦੀ ਹੈ – ਵਿਸ਼ਨੂੰ, ਬ੍ਰਹਮਾ, ਪਦਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨੀ, ਭਵਿਸਯ, ਬ੍ਰਹਮ ਵੈਵਰਤ, ਲਿੰਗ, ਵਾਰਾਹ, ਸ਼ਕੰਦ, ਵਾਮਨ, ਕੂਰਮ, ਮਤ੍ਸਯ, ਗਰੁੜ ਅਤੇ ਬ੍ਰਹਮਾਂਡ ਪੁਰਾਣ। ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਇਲਾਵਾ ਇੰਨੇ ਕੁ ਹੋਰ ਉਪ-ਪੁਰਾਣ ਵੀ ਹਨ। ਕਤੇਬ ਸ਼ਬਦ ਫ਼ਾਰਸੀ ਦੇ ਕੁਤਬ(ਕਿਤਾਬ) ਦਾ ਹੀ ਰੂਪਾਂਤਰ ਹੈ ਅਤੇ ਗੁਰਬਾਣੀ ਵਿਚ ਇਹ ਵਿਸ਼ੇਸ਼ ਕਰਕੇ ਸੰਸਾਰ ਦੀਆਂ ਚਾਰ ਧਾਰਮਿਕ ਕਿਤਾਬਾਂ ਤੋਰੇਤ(ਯਹੂਦੀਆਂ ਦੇ ਪੈਗ਼ੰਬਰ ਹਜ਼ਰਤ ਮੂਸਾ ਤੇ ਨਾਜ਼ਿਲ ਹੋਈ), ਜ਼ਬੂਰ (ਇਜਰਾਇਲੀ ਪੈਗ਼ੰਬਰ ਹਜ਼ਰਤ ਦਊਦ ਤੇ ਉੱਤਰੀ), ਅੰਜੀਲ (ਈਸਾਈਆਂ ਦੀ ਪਵਿੱਤਰ ਪੁਸਤਕ) ਅਤੇ ਕੁਰਾਨ (ਮੁਸਲਮਾਨਾਂ ਦੀ ਪਵਿੱਤਰ ਧਾਰਮਿਕ ਕਿਤਾਬ, ਜਿਹੜੀ ਹਜ਼ਰਤ ਮੁਹੰਮਦ ਸਾਹਿਬ ਤੇ ਨਾਜਿਲ ਹੋਈ) ਦਾ ਬੋਧਕ ਹੈ।


ਜਾਪੁ ਸਾਹਿਬ ਵਿਚ ਉਪਰੋਕਤ ਧਾਰਮਿਕ ਗ੍ਰੰਥਾਂ ਦਾ ਹਵਾਲਾ ਹੇਠ ਲਿਖੇ ਪ੍ਰਸੰਗਾਂ ਵਿਚ ਮਿਲਦਾ ਹੈ :

ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਕਤੇਬ
।।
ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ ।। (੮੨)


ਜਿਸਦਾ ਭੇਤ ਦੇਵਤੇ, ਵੇਦ (ਹਿੰਦੂ ਧਰਮ ਗ੍ਰੰਥ) ਅਤੇ ਕਤੇਬ (ਸਾਮੀ ਧਰਮ ਪੁਸਤਕਾਂ) ਆਦਿ ਵੀ ਨਹੀਂ ਜਾਣਦੇ ਕਿ ਉਸਦਾ ਰੂਪ, ਰੰਗ, ਜਾਤ-ਪਾਤ ਕਿਹੋ ਜਿਹਾ ਹੈ।

ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ।।
ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰੁ ਰੇਖ।।
ਪਰਮ ਬੇਦ ਪੁਰਾਣ
ਜਾਕਹਿ ਨੇਤਿ ਭਾਖਤ ਨਿਤ।।

ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਹੀ ਵਹੁ ਚਿਤਿ।। (੮੬)


ਅਕਾਲ ਪੁਰਖ ਜਿਸ ਦੀ ਸਭ ਤਕ ਪਹੁੰਚ ਹੈ, ਜਿਹੜਾ ਸਭ ਦਾ ਸੰਘਾਰਕ ਅਤੇ ਸਭ ਤੋਂ ਨਿਰਾਲਾ ਹੈ, ਉਸਦੇ ਰੂਪ, ਰੰਗ ਅਤੇ ਆਕਾਰ ਆਦਿ ਨੂੰ ਸਭ ਪ੍ਰਕਾਰ ਦੇ ਸ਼ਾਸਤਰ (ਉਹ ਪੁਸਤਕ ਜੋ ਅਨੁਸ਼ਾਸਨ ਦੇਵੇ) ਵੀ ਜਾਣਦੇ ਤਕ ਨਹੀਂ। ਸ੍ਰੇਸ਼ਟ ਵੇਦ-ਪੁਰਾਣ ਆਦਿ ਧਰਮ ਗ੍ਰੰਥ ਵੀ ਉਸ ਦਾ ਅੰਤ ਨਹੀਂ ਪਾ ਸਕੇ ਅਤੇ ਹਮੇਸ਼ਾ ਸ੍ਰੇਸ਼ਟ ਅਤੇ ਬੇਅੰਤ (ਨ ਇਤੀ-ਇਹ ਨਹੀਂ) ਰੂਪ ਚ ਉਸ ਦਾ ਵਰਣਨ ਕਰਦੇ ਹਨ। ਉਹ ਅਕਾਲ ਪੁਰਖ ਕਰੋੜਾਂ ਸਿੰਮ੍ਰਿਤੀਆਂ, ਪੁਰਾਣਾਂ ਅਤੇ ਸ਼ਾਸਤਰਾਂ ਦੁਆਰਾ ਵੀ ਚਿਤਵਿਆ ਨਹੀਂ ਜਾ ਸਕਦਾ ਅਰਥਾਤ ਉਹ ਇਨ੍ਹਾਂ ਦੀ ਪਹੁੰਚ-ਸੀਮਾ ਤੋਂ ਬਾਹਰ ਹੈ।


ਮਿਥਿਹਾਸਕ ਸ਼ਬਦਾਂ ਦੇ ਉਪਰੋਕਤ ਪ੍ਰਸੰਗਾਂ ਤੋਂ ਸਪੱਸ਼ਟ ਹੈ ਕਿ ਧਰਮ ਅਤੇ ਗਿਆਨ ਦੇ ਸਿਧਾਂਤਾਂ ਦਾ ਉਦੈ ਕਰਨ ਵਾਲੇ ਸਰੋਤ ਵੇਦ, ਕਤੇਬ, ਸ਼ਾਸਤਰ, ਸਿੰਮ੍ਰਿਤੀਆਂ ਅਤੇ ਪੁਰਾਣ ਆਦਿ ਅਕਾਲ ਪੁਰਖ ਦਾ ਭੇਤ ਨਹੀਂ ਪਾ ਸਕੇ। ਉਹ ਵੀ ਉਸ ਨੂੰ ਨੇਤਿ-ਨੇਤਿ (ਇਹ ਨਹੀਂ, ਇਹ ਨਹੀਂ) ਕਹਿੰਦੇ ਹਨ। ਇਸ ਦਾ ਕਾਰਨ ਹੈ ਕਿ ਅਕਾਲ ਪੁਰਖ ਕਾਲ ਦੀਆਂ ਸੀਮਾਵਾਂ ਤੋਂ ਪਾਰ ਵਿਚਰਨ ਵਾਲੀ ਹਸਤੀ ਹੈ, ਜਦ ਕਿ ਗਿਆਨ ਦੇ ਇਹ ਸਾਰੇ ਸਰੋਤ ਕਾਲ-ਯੁਕਤ ਹਨ। ਕਾਲ-ਮੁਕਤ ਅਕਾਲਕਿਉਂਕਿ ਕਾਲ ਦੀਆਂ ਸੀਮਾਵਾਂ ਵਾਲਾ ਵਜੂਦ ਨਹੀਂ, ਇਸ ਲਈ ਉਸ ਦਾ ਨਾਂ ਤਾਂ ਕੋਈ ਰੂਪ ਹੈ, ਨਾ ਹੀ ਰੰਗ, ਨਾ ਹੀ ਜਾਤ-ਪਾਤ ਅਤੇ ਨਾ ਹੀ ਭੇਸ। ਇਸ ਵਾਸਤੇ ਇਨ੍ਹਾਂ ਗ੍ਰੰਥਾਂ ਰਾਹੀਂ ਉਚਰਿਤ ਉਸ ਦੇ ਸਰਗੁਣ ਸਰੂਪ ਦੁਆਰਾ ਨਿਰਗੁਣ ਅਕਾਲ ਪੁਰਖ ਨੂੰ ਜਾਣਨਾ ਅਤੇ ਚਿਤ ਵਿਚ ਧਰਨਾ ਸੰਭਵ ਨਹੀਂ।


(ਅ) ਸੁਰ-ਅਸੁਰ : ਸੁਰ ਵੇਦਾਂ ਵਿਚ ਵਰਣਿਤ ਪ੍ਰਾਣੀਆਂ ਦਾ ਇਕ ਅਜਿਹਾ ਵਰਗ ਹੈ, ਜਿਸ ਦਾ ਸੰਬੰਧ ਸੂਰਜ ਨਾਲ ਜੋੜਿਆ ਜਾਂਦਾ ਹੈ। ਇਹ ਛੋਟੇ ਦੇਵਤੇ ਹਨ, ਜੋ ਸਵਰਗ ਵਿਚ ਨਿਵਾਸ ਕਰਦੇ ਹਨ। ਆਮ ਤੌਰ ਤੇ ਸੁਰ ਦਾ ਭਾਵ ਇਕ ਦੇਵਤਾ ਹੈ। ਇਕ ਰਵਾਇਤ ਅਨੁਸਾਰ ਇਹ ਸ਼ਬਦ ਸ੍ਵਰ, ਸਵਰਗ ਨਾਲ ਸੰਬੰਧਿਤ ਹੈ, ਜਦੋਂ ਕਿ ਦੂਜੀ ਰਵਾਇਤ ਅਨੁਸਾਰ ਇਹ ਸ਼ਬਦ ਅਸੁਰ ਅਰਥਾਤ ਜੋ ਦੇਵਤਾ ਨਹੀਂਤੋਂ ਗ੍ਰਹਿਣ ਕੀਤਾ ਗਿਆ ਹੈ।5 ਅਸੁਰ ਨੂੰ ਪਹਿਲਾਂ ਦੇਵਤਾ ਦੇ ਅਰਥ ਚ ਗ੍ਰਹਿਣ ਕੀਤਾ ਜਾਂਦਾ ਸੀ, ਮਗਰੋਂ ਇਹ ਦੇਵਤਿਆਂ ਦੇ ਵੈਰੀ ਦੈਂਤਾਂ, ਦਾਨਵਾਂ ਅਤੇ ਕਸ਼ਯਪ ਦੀ ਸੰਤਾਨ ਲਈ ਸਮੁੱਚੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ, ਪਰ ਪੁਲਸਤਨ ਦੀ ਸੰਤਾਨ ਰਾਖਸ਼ਾਂ ਲਈ ਨਹੀਂ। ਜਾਪੁ ਸਾਹਿਬ ਵਿਚ ਇਸ ਮਿਥਿਹਾਸਕ ਤੱਤ ਦੀ ਵਰਤੋਂ ਦਾ ਪ੍ਰਸੰਗ ਹੇਠ ਲਿਖੇ ਅਨੁਸਾਰ ਹੈ :

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ।। ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ।। (੧)

ਅਕਾਲ ਪੁਰਖ ਅਜਿਹੀ ਹਸਤੀ ਹੈ ਜਿਸ ਨੂੰ ਤਿੰਨਾਂ ਲੋਕਾਂ (ਅਕਾਸ਼, ਪਾਤਾਲ ਤੇ ਮਾਤਲੋਕ) ਦੇ ਰਾਜੇ, ਸੁਰ, ਮਨੁੱਖ, ਅਸੁਰ ਅਤੇ ਬਨਾਂ ਦੇ ਤਿਨਕੇ ਵੀ ਨ-ਇਤੀ ਅਰਥਾਤ ਬੇਅੰਤ-ਬੇਅੰਤ ਕਹਿੰਦੇ ਹਨ। ਇਸ ਲਈ ਉਸ ਦੇ ਸਾਰੇ ਨਾਵਾਂ ਦਾ ਕਥਨ ਕੌਣ ਕਰ ਸਕਦਾ ਹੈ, ਬਲਕਿ ਚੰਗੀ ਮੱਤ ਵਾਲੇ ਹੀ ਉਸ ਦੇ ਕੁੱਝ ਕੁ ਕਰਮ ਨਾਵਾਂ ਦਾ ਹੀ ਵਰਣਨ ਕਰ ਸਕਦੇ ਹਨ। ਅਸਲ ਵਿਚ ਅਕਾਲ ਪੁਰਖ ਆਪਣੀ ਸਿਰਜਣਾ
ਸੁਰ ਅਤੇ ਅਸੁਰ, ਨਰ (ਮਨੁੱਖ) ਦੇ ਮੁਕਾਬਲੇ ਅਸੀਮ ਸ਼ਕਤੀਆਂ ਦੇ ਸਮਰੱਥ ਵਜੂਦ ਹੈ। ਇਸ ਲਈ ਮਨੁੱਖ ਦੇ ਬੋਧ ਵਿਚ ਸੁਰ ਅਤੇ ਅਸੁਰ ਨਾਲ ਉਨ੍ਹਾਂ ਦੇ ਕਾਰਜਾਂ ਅਨੁਸਾਰ ਕੁਝ ਸ਼ਕਤੀਆਂ ਨਿਰਧਾਰਿਤ ਕੀਤੀਆਂ ਹੋਈਆਂ ਮਿਲਦੀਆਂ ਹਨ। ਸ਼ਕਤੀਵਾਨ ਹੋਣ ਦੇ ਬਾਵਜੂਦ ਮਨੁੱਖ, ਸਮੇਤ ਇਨ੍ਹਾਂ ਸ਼ਕਤੀਆਂ ਦੇ ਮਾਲਕ, ਕੇਵਲ ਅਕਾਲ ਪੁਰਖ ਦੇ ਕਰਮ ਨਾਵਾਂ ਦੇ ਵਰਣਨ ਰਾਹੀਂ ਉਸ ਦੀ ਉਸਤਤਿ ਕਰ ਸਕਦੇ ਹਨ। ਆਪਣੀ ਇਸ ਸੀਮਾ ਵਿਚ ਵਿਚਰਦਿਆਂ ਅਰਥਾਤ ਅਕਾਲ ਪੁਰਖ ਦੇ ਕਰਮ ਨਾਵਾਂ ਦੇ ਵਰਣਨ ਉਪਰੰਤ ਵੀ ਉਨ੍ਹਾਂ ਨੂੰ ਉਸ ਬਾਰੇ ਨੇਤਿ-ਨੇਤਿ ਹੀ ਕਹਿਣਾ ਪੈਂਦਾ ਹੈ। (ੲ) ਨਾਰਾਇਣ, ਪ੍ਰੇਤ-ਅਪ੍ਰੇਤ : ਹਿੰਦੂ ਮਿਥਿਹਾਸ ਵਿਚ ਸੁੱਖ ਦੇਣਾ ਨਰਾਇਣ (ਵਿਸਨੂੰ) ਨਾਲ ਅਤੇ ਕਰੂਰ ਕਰਮ ਅਸੁਰਾਂ ਨਾਲ ਸੰਬੰਧਿਤ ਹੈ। ਮਿਥਿਹਾਸ ਅਨੁਸਾਰ ਪ੍ਰੇਤ ਰੂਹਾਂ ਦੇ ਮਨਫ਼ੀ ਰੂਪ ਹਨ ਅਰਥਾਤ ਇਹ ਅਜਿਹੀਆਂ ਦੁਸ਼ਟ ਰੂਹਾਂ ਹਨ, ਜਿਹੜੀਆਂ ਸ਼ਮਸ਼ਾਨ ਭੂਮੀ ਵਿਚ ਭਟਕਦੀਆਂ, ਮੁਰਦਿਆਂ ਨੂੰ ਜਿਵਾਉਂਦੀਆਂ ਅਤੇ ਮਨੁੱਖਾਂ ਨੂੰ ਭਟਕਾਉਂਦੀਆਂ ਤੇ ਮਾਰਦੀਆਂ ਹਨ। ਵਿਸ਼ਨੂੰ ਪੁਰਾਣ ਅਨੁਸਾਰ ਇਹ ਭਿਅੰਕਰ ਰੂਹਾਂ ਹਨ, ਜੋ ਮਾਸ ਖੋਰੀਆਂ ਹਨ ਅਤੇ ਵਾਯੂ ਪੁਰਾਣ ਅਨੁਸਾਰ ਇਨ੍ਹਾਂ ਦੀ ਪੈਦਾਇਸ਼ ਉਸ ਵੇਲੇ ਹੋਈ ਜਦੋਂ ਸਿਰਜਣਹਾਰ ਕ੍ਰੋਧ ਚ ਸੀ।6 ਅਪ੍ਰੇਤ ਨੇਕ ਰੂਹਾਂ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਦਾ ਹਵਾਲਾ ਜਾਪੁ ਸਾਹਿਬ ਵਿਚ ਇਸ ਤਰ੍ਹਾਂ ਪ੍ਰਸਤੁਤ ਕੀਤਾ ਗਿਆ ਹੈ :


ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ।। ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ।। (੫੪)


ਸਦਾ ਜੀਵਾਂ ਦਾ ਕਲਿਆਣ ਕਰਨ ਵਾਲੇ ਅਰਥਾਤ ਸੁੱਖ ਦੇਣ ਵਾਲੇ; ਭਿਆਨਕ ਜਾਂ ਕਰੂਰ ਕਰਮ ਵਾਲੇ; ਪ੍ਰੇਤ-ਅਪ੍ਰੇਤ ਅਤੇ ਦੇਵਤਿਆਂ ਦੀ ਸਭਾ ਵਿਚ ਰਹਿਣ ਵਾਲੇ ਜਾਂ ਉਨ੍ਹਾਂ ਦਾ ਧਰਮ ਅਨੁਸਾਰ ਪਾਲਣ ਕਰਨ ਵਾਲੇ ਨੂੰ ਨਮਸਕਾਰ ਹੈ।
ਅਕਾਲ ਪੁਰਖ ਕਿਉਂਕਿ ਸੁੱਖ ਦੇਣ ਵਾਲੇ ਅਤੇ ਕਰੂਰ ਦੋਵਾਂ ਤਰ੍ਹਾਂ ਦੇ ਕਰਮਾਂ ਦਾ ਕਰਤਾ ਹੈ, ਇਸ ਲਈ ਤਿੰਨੇ ਤਰ੍ਹਾਂ ਦੀਆਂ ਹੋਂਦਾਂ, ਪ੍ਰੇਤ, ਅਪ੍ਰੇਤ ਤੇ ਦੇਵ, ਅਕਾਲ ਪੁਰਖ ਦੀ ਸਿਰਜਣਾ ਹਨ। ਜੇ ਅਕਾਲ ਪੁਰਖ ਕਰੂਰ ਕਰਮਾਂ (ਪ੍ਰੇਤ) ਦਾ ਕਰਤਾ ਹੈ ਤਾਂ ਉਹ ਦੇਵਤਿਆਂ ਦੀ ਸਭਾ ਦਾ ਵੀ ਕਰਤਾ ਹੈ। ਮਨੁੱਖ ਦੇ ਬੋਧ ਵਿਚ ਪਈਆਂ ਇਹ ਹੋਂਦਾਂ (ਪ੍ਰੇਤ, ਅਪ੍ਰੇਤ, ਨਾਰਾਇਣ, ਦੇਵ) ਵੀ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਅਨੁਸਾਰ ਕਾਰਜਸ਼ੀਲ ਹੁੰਦੀਆਂ ਹਨ ਅਤੇ ਉਸ ਦੇ ਅਧੀਨ ਕਾਲ-ਯੁਕਤ ਸਿਰਜਨਾਵਾਂ ਹਨ।

(ਸ) ਦੇਵ, ਅਦੇਵ
: ਦੇਵ ਤੋਂ ਭਾਵ ਹੈ ਦੇਵਤਾਹਿੰਦੂ ਮਿਥਿਹਾਸ ਅਨੁਸਾਰ ਦੇਵਤਿਆਂ ਦੀ ਗਿਣਤੀ ਤੇਤੀ ਕ੍ਰੋੜ ਮੰਨੀ ਜਾਂਦੀ ਹੈ, ਜਿਨ੍ਹਾਂ ਵਿਚ ਗਿਆਰਾਂ-ਗਿਆਰਾਂ ਤਿੰਨਾਂ ਲੋਕਾਂ : ਮਾਤ ਲੋਕ, ਪਾਤਾਲ ਲੋਕ ਅਤੇ ਸਵਰਗ ਵਿਚ ਮੰਨੇ ਗਏ ਹਨ। ਅਦੇਵ ਤੋਂ ਭਾਵ ਹੈ ਜੋ ਦੇਵਤਾ ਨਾ ਹੋਵੇ ਅਰਥਾਤ ਦਾਨਵ। ਦਾਨਵ ਜਾਂ ਅਦੇਵ ਕਸ਼ਯਪ ਦੇ ਦਿੱਤੀ ਨਾਲ ਸੰਯੋਗ ਚੋਂ ਪੈਦਾ ਹੋਈ ਸੰਤਾਨ ਮੰਨੇ ਜਾਂਦੇ ਹਨ।7 ਅਦੇਵ ਰਾਖਸ਼ਸ਼ਾਂ ਅਤੇ ਦੈਂਤਾਂ ਦੀ ਉਹ ਨਸਲ ਹੈ, ਜਿਹੜੇ ਦੇਵਤਿਆਂ ਵਿਰੁੱਧ ਲੜਾਈਆਂ ਕਰਦੇ ਸਨ ਅਤੇ ਯੱਗਾਂ ਵਿਚ ਵਿਘਨ ਪਾਉਂਦੇ ਸਨ। ਇਹ ਯੁੱਧ ਜਿੱਤਦੇ ਵੀ ਰਹੇ ਅਤੇ ਹਾਰਦੇ ਵੀ ਰਹੇ। ਮਿਥਿਹਾਸ ਅਨੁਸਾਰ ਇਹ ਸ੍ਰਿਸ਼ਟੀ-ਰਚਨਾ ਦੌਰਾਨ ਸਿਰਜੀਆਂ ਵੱਖੋ-ਵੱਖਰੀ ਪ੍ਰਕਿਰਤੀ ਵਾਲੀਆਂ ਹੋਂਦਾਂ ਹਨ।


ਜਾਪੁ ਸਾਹਿਬ ਦੇ ਅਨੇਕਾਂ ਪ੍ਰਸੰਗਾਂ ਵਿਚ ਅਕਾਲ ਪੁਰਖ ਦੀ ਉਸਤਤਿ ਬਿਆਨ ਕਰਨ ਲਈ ਇਨ੍ਹਾਂ ਮਿਥਿਹਾਸਕ ਤੱਤਾਂ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ।


- ਨਮੋ ਦੇਵ ਦੇਵੇ।। ਅਭੇਖੀ ਅਭੇਵੇ।। (੪੪)


ਅਕਾਲ ਪੁਰਖ ਜੋ ਦੇਵਤਿਆਂ ਦਾ ਦੇਵਤਾ ਅਰਥਾਤ ਸ੍ਰੇਸ਼ਟ ਜਾਂ ਸਰਬ-ਉੱਚ ਦੇਵਤਾ ਹੈ ਅਤੇ ਭੇਖ ਤੋਂ ਰਹਿਤ ਹੈ, ਉਸ ਨੂੰ ਨਮਸਕਾਰ ਹੈ।


- ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ।। (੭੯)

ਅਕਾਲ ਪੁਰਖ ਸਭ ਦਾ ਮਾਣ-ਸਰੂਪ, ਤਿੰਨਾਂ ਭਵਨਾਂ ਦੇ ਦੇਵਤਿਆਂ ਦੁਆਰਾ ਮੰਨਣਯੋਗ, ਭੇਦ-ਰਹਿਤ ਅਤੇ ਮੁੱਢ-ਕਦੀਮ ਤੋਂ ਉਦਾਰ ਜਾਂ ਦਿਆਲੂ ਹੈ।


- ਕਿ ਆਦਿ ਅਦੇਵ ਹੈਂ।। ਕਿ ਆਪਿ ਅਭੇਵ ਹੈਂ॥

ਕਿ ਚਿਤ੍ਰੰ ਬਿਹੀਨੈ।। ਕਿ ਏਕੈ ਅਧੀਨੈ।। (੧੦੭)


ਅਕਾਲ ਪੁਰਖ ਆਰੰਭ (ਮੁੱਢ-ਕਦੀਮ) ਤੋਂ ਹੀ ਅਦੇਵ ਅਰਥਾਤ ਸੁਆਮੀ-ਰਹਿਤ ਹੈ। ਉਹ ਆਪ ਭੇਦ-ਰਹਿਤ ਅਤੇ ਚਿੱਤਰ ਸਰੂਪ ਤੋਂ ਬਿਨਾਂ ਹੈ ਅਤੇ ਇਕੋ-ਇਕ ਹਸਤੀ ਹੈ, ਜੋ ਖੁਦ ਆਪਣੇ ਅਧੀਨ ਹੀ ਹੈ।
ਅਕਾਲ ਪੁਰਖ ਦੀਆਂ ਕਾਲਯੁਕਤ ਸਿਰਜਣਾਵਾਂ ਦੇਵ, ਅਦੇਵ ਆਦਿ, ਉਸ ਨੂੰ ਨਮਸਕਾਰ ਕਰਦੀਆਂ ਹਨ, ਕਿਉਂਕਿ ਉਹ ਆਪ ਪਰਮ ਦੇਵਤਾ ਅਤੇ ਤਿੰਨਾਂ ਦੇਵਤਿਆਂ
: ਬ੍ਰਹਮਾ, ਵਿਸ਼ਨੂੰ ਤੇ ਸ਼ਿਵ, ਦੁਆਰਾ ਮੰਨਿਆ ਜਾਣ ਵਾਲਾ ਆਦਿ ਦੇਵ ਅਤੇ ਉਦਾਰ ਮੂਰਤ ਹੈ।


(ਹ) ਤਿੰਨ ਲੋਕ, ਚਾਰ ਚੱਕਰ ਤੇ ਚੌਦਾਂ ਲੋਕ : ਤ੍ਰਿਲੋਕ (ਤਿੰਨ ਲੋਕ) ਤੋਂ ਭਾਵ ਹੈ : ਪ੍ਰਿਥਵੀ, ਸਵਰਗ ਤੇ ਪਾਤਾਲ। ਭਾਰਤੀ ਦਰਸ਼ਨ ਤੇ ਹਿੰਦੂ ਮਿਥਿਹਾਸ ਪਰੰਪਰਾ ਚ ਤਿੰਨ ਲੋਕ ਸਵਰਗ, ਪ੍ਰਿਥਵੀ ਤੇ ਪਾਤਾਲ ਦੇ ਨਾਮ ਹਨ ਅਤੇ ਚਾਰ ਚੱਕਾਂ ਤੋਂ ਭਾਵ ਚਾਰੇ ਦਿਸ਼ਾਵਾਂ ਹਨ : ਉੱਤਰ, ਦੱਖਣ, ਪੂਰਬ ਤੇ ਪੱਛਮ। ਹਿੰਦੂ ਮਿਥਿਹਾਸ ਸੱਤ ਆਕਾਸ਼ ਤੇ ਸੱਤ ਪਾਤਾਲਾਂ ਨੂੰ ਮੰਨਿਆ ਜਾਂਦਾ ਹੈ। ਸੱਤ ਆਕਾਸ਼ ਇਹ ਹਨ : ਭੂ, ਸ਼ਵ, ਸ੍ਵ, ਮਹ, ਜਨ, ਤਪ ਅਤੇ ਸਤਯ। ਪਾਤਾਲ ਇਹ ਹਨ : ਅਤਲ, ਸੁਤਲ, ਵਿਤਲ, ਤਲਾਤਲ (ਗਭ ਸਿਮਤ), ਮਹਾਤਲ, ਰਸਾਤਲ ਤੇ ਪਾਤਾਲਖ਼ਿਲਾਅ ਜਾਂ ਬ੍ਰਹਿਮੰਡ ਦੀਆਂ ਸੀਮਾਵਾਂ ਲਈ ਵੀ ਮਿਥਿਹਾਸ ਚ ਚੌਦਾਂ ਲੋਕਾਂ ਦਾ ਮਿੱਥ ਪ੍ਰਾਪਤ ਹੈ।8 ਇਸ ਤਰ੍ਹਾਂ ਹਿੰਦੂ ਮਿਥਿਹਾਸਕ ਪਰੰਪਰਾ ਦੇ ਚਾਰ ਚੱਕਾਂ, ਤਿੰਨ ਲੋਕਾਂ (ਧਰਤੀ, ਆਕਾਸ਼ ਤੇ ਪਾਤਾਲ) ਦੇ ਨਾਲ ਨਾਲ ਸੈਮਟਿਕ ਪਰੰਪਰਾ ਦੇ ਚੌਦਾਂ ਤਬਕਾਂ/ਲੋਕਾਂ ਦੇ ਪ੍ਰਸੰਗ ਵੀ ਸਾਨੂੰ ਜਾਪੁ ਸਾਹਿਬ ਵਿਚੋਂ ਮਿਲਦੇ ਹਨ।

- ਚਕ੍ਰ ਬਕ੍ਰ ਫਿਰੈ ਚਤ੍ਰ ਚਕ ਮਾਨਈ ਪੁਰ ਤੀਨ।। (੮੨)
- ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਹ ਜਾਪ।।
ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਹ ਥਾਪੁ।। (੮੩)
- ਚਤ੍ਰ ਚਕ੍ਰ ਪਾਸੇ।। ਚਤ੍ਰ ਚਕ੍ਰ ਵਾਸੇ।।
ਚਤ੍ਰ ਚਕ੍ਰ ਮਾਨਯੈ।। ਚਤ੍ਰ ਚਕ੍ਰ ਦਾਨਯੈ।। (੯੮)


ਅਕਾਲ ਪੁਰਖ ਦੇ ਹੁਕਮ ਦਾ ਤੇਜ਼ ਗਤੀ ਨਾਲ ਘੁੰਮਦਾ ਹੋਇਆ ਚਕ੍ਰ ਚੋਹਾਂ ਚੱਕਾਂ ਵਿਚ ਭਾਉਂਦਾ ਫਿਰਦਾ ਹੈ ਅਤੇ ਉਸਦਾ ਹੁਕਮ ਤਿੰਨਾਂ ਲੋਕਾਂ (ਧਰਤੀ, ਆਕਾਸ਼ ਤੇ ਪਾਤਾਲ) ਵਿਚ ਮੰਨਿਆ ਜਾਂਦਾ ਹੈ। ਉਸ ਦਾ ਜਾਪ ਚੌਦਾਂ ਲੋਕਾਂ (ਸਾਮੀ ਪਰੰਪਰਾ ਅਨੁਸਾਰ) ਦੇ ਸਾਰੇ ਜਗਤ ਵਿਚ ਹੋ ਰਿਹਾ ਹੈ। ਉਹ ਆਪ ਆਦਿ ਦੇਵ ਤੇ ਮੁੱਢ-ਰਹਿਤ ਸਰੂਪ ਵਾਲਾ ਹੈ ਅਤੇ ਉਸਨੇ ਹੀ ਸਾਰੀ ਸਿਰਜਣਾ (ਸ੍ਰਿਸ਼ਟੀ) ਨੂੰ ਸਥਾਪਿਤ ਕੀਤਾ ਹੋਇਆ ਹੈ। ਅਜਿਹਾ ਅਕਾਲ ਪੁਰਖ ਚੋਹਾਂ ਚੱਕਾਂ (ਚਾਰੇ ਦਿਸ਼ਾਵਾਂ) ਵਾਲਿਆਂ ਦੇ ਕੋਲ ਹੈ ਅਤੇ ਚੋਹਾਂ ਚੱਕਾਂ ਵਿਚ ਹੀ ਵੱਸਦਾ ਹੈ। ਉਹ ਚੋਹਾਂ ਚੱਕਾਂ ਨੂੰ ਦੇਣ ਵਾਲਾ ਹੈ ਅਤੇ ਉਸਦੀ ਮਾਨਤਾ ਵੀ ਚੌਹਾਂ ਚੱਕਾਂ ਵਿਚ ਹੈ। ਅਕਾਲ ਪੁਰਖ ਤਿੰਨਾਂ ਲੋਕਾਂ ਦੇ ਚਾਰ ਚੱਕਾਂ ਵਿਚ ਪ੍ਰਵਾਹਮਾਨ ਹੈ ਅਤੇ ਚੌਦਾਂ ਲੋਕਾਂ ਵਿਚ ਵੀ ਅਕਾਲ ਪੁਰਖ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਉਹ ਤਿੰਨਾਂ ਲੋਕਾਂ ਦੀ ਸਿਰਜਣਾ, ਪਾਲਣਾ ਤੇ ਸੰਘਾਰ ਕਰਨ ਵਾਲਾ, ਤਿੰਨਾਂ ਲੋਕਾਂ ਨੂੰ ਭੋਗਣ ਵਾਲਾ, ਚਾਰੇ ਚੱਕਾਂ ਵਿਚ ਜਾਣਿਆ ਤੇ ਮੰਨਿਆ ਜਾਣ ਵਾਲਾ ਅਤੇ ਚੌਦਾਂ ਲੋਕਾਂ ਦਾ ਸਿਰਜਕ ਹੈ। ਇਸ ਲਈ ਚੌਦਾਂ ਲੋਕਾਂ ਦੇ ਜੀਵ ਉਸ ਦਾ ਜਾਪ ਕਰਦੇ ਹਨ। ਜਾਪੁ ਸਾਹਿਬ ਵਿਚ ਤਿੰਨ ਲੋਕਾਂ, ਚੋਹਾਂ ਚੱਕਾਂ ਅਤੇ ਸਾਮੀ ਪਰੰਪਰਾ ਦੇ ਚੌਦਾਂ ਲੋਕਾਂ (ਤਬਕਾਂ) ਦਾ ਪ੍ਰਸੰਗ ਅਕਾਲ ਪੁਰਖ ਦੀ ਸਰਬ-ਵਿਆਪਕਤਾ ਨੂੰ ਦਰਸਾਉਣ ਲਈ ਪ੍ਰਯੋਗ ਕੀਤਾ ਗਿਆ ਹੈ। ਇਸ ਲਈ ਮਨੁੱਖ ਦੀ ਬੁੱਧੀ ਵਿਚ ਤਿੰਨ ਲੋਕ (ਸਵਰਗ, ਧਰਤੀ ਤੇ ਪਾਤਾਲ), ਚਾਰ ਚੱਕ (ਪੂਰਬ, ਪੱਛਮ, ਉੱਤਰ, ਦੱਖਣ) ਅਤੇ ਖ਼ਿਲਾਅ ਦੀਆਂ ਅਸੀਮ ਸੀਮਾਵਾਂ ਦਾ ਪ੍ਰਤੱਖਣ ਕਰਾਉਣ ਵਾਲੇ ਚੌਦਾਂ ਲੋਕ ਇਕ ਪਾਸੇ ਅਕਾਲ ਪੁਰਖ ਦੀ ਸਿਰਜਣਾ ਅਤੇ ਵਿਆਪਕਤਾ ਨੂੰ ਉਲੀਕਦੇ ਹਨ ਅਤੇ ਦੂਜੇ ਪਾਸੇ ਕਾਲ-ਯੁਕਤ ਅਧੀਨ ਵਜੂਦਾਂ ਵਜੋਂ ਸੰਚਾਰਿਤ ਹੁੰਦੇ ਹਨ।


(ਕ) ਚੰਦ, ਸੂਰਜ ਤੇ ਇੰਦਰ : ਮਿਥਿਹਾਸ ਅਨੁਸਾਰ ਚੰਦਰਮਾ ਸ਼ਾਂਤੀ ਦਾ ਦੇਵਤਾ ਹੈ। ਇਸ ਨੂੰ ਸੋਮ ਵੀ ਕਿਹਾ ਜਾਂਦਾ ਹੈ, ਜਿਸਨੇ ਸੂਰਜ ਦੀ ਤਪਸ਼ ਤੋਂ ਸ੍ਰਿਸ਼ਟੀ ਨੂੰ ਮੁਕਤ ਕੀਤਾ ਅਤੇ ਮਰ ਰਹੀ ਸ੍ਰਿਸ਼ਟੀ ਨੂੰ ਸ਼ਾਂਤੀ ਪ੍ਰਦਾਨ ਕੀਤੀ।9 ਹਿੰਦੂ ਮਿਥਿਹਾਸ ਪਰੰਪਰਾ ਚ ਚੰਦ ਤੇ ਸੂਰਜ ਵਿਸ਼ਨੂੰ ਦੇ ਅਵਤਾਰ ਹਨ ਤੇ ਵਿਸ਼ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਵਿਸ਼ਨੂੰ ਪੁਰਾਣ ਅਨੁਸਾਰ ਜਦੋਂ ਅਦਿੱਤੀ ਦੇ ਪੁੱਤਰ, ਦੈਂਤਾਂ, ਕਾਰਣ ਸ੍ਰਿਸ਼ਟੀ ਤੇ ਹਨੇਰ ਛਾਅ ਗਿਆ ਤਾਂ ਵਿਸ਼ਨੂੰ ਨੇ ਸੂਰਜ ਦਾ ਅਵਤਾਰ ਧਾਰਿਆ ਤੇ ਅਸੁਰਾਂ ਦਾ ਨਾਸ਼ ਕੀਤਾ। ਇਸੇ ਤਰ੍ਹਾਂ ਜਦੋਂ ਸ੍ਰਿਸ਼ਟੀ ਉੱਤੇ ਮਾਨਵੀ ਜੀਵ ਤੇ ਬਨਸਪਤੀ ਦੀ ਉਤਪਤੀ ਸਥਿਰ ਹੋਣ ਲੱਗੀ ਤਾਂ ਵਿਸ਼ਨੂੰ ਦੇ ਆਦੇਸ਼ ਅਨੁਸਾਰ ਚੰਦ ਨੇ ਅਵਤਾਰ ਧਾਰਿਆ। ਮਿਥਿਹਾਸ ਅਨੁਸਾਰ ਸੂਰਜ ਪ੍ਰਕਾਸ਼ ਤੇ ਤੇਜ ਦਾ ਸਰੋਤ, ਜੀਵਨ ਦਾਤਾ ਅਤੇ ਗਿਆਨ ਪ੍ਰਦਾਤਾ ਮੰਨਿਆ ਜਾਂਦਾ ਹੈ। ਇਸੇ ਲਈ ਗਾਇਤ੍ਰੀ ਮੰਤਰ ਨਿਰੋਲ ਸੂਰਜ ਦਾ ਮੰਤਰ ਹੈ, ਜਿਸ ਦੇ ਉਚਾਰਨ (ਜਾਪ) ਦਾ ਅਨੁਸ਼ਠਾਨ ਸੂਰਜ ਦੀ ਦਿਸ਼ਾ ਨਾਲ ਜੁੜਿਆ ਹੋਇਆ ਹੈ। ਗਾਇਤ੍ਰੀ ਦਾ ਉਚਾਰਨ ਸਵੇਰ ਦੇ ਸਮੇਂ ਪੂਰਬ ਵੱਲ, ਦੁਪਹਿਰ ਦੇ ਸਮੇਂ ਦੱਖਣ ਵੱਲ ਅਤੇ ਸ਼ਾਮ ਦੇ ਸਮੇਂ ਪੱਛਮ ਵੱਲ ਮੁਖ ਕਰਕੇ ਕੀਤਾ ਜਾਂਦਾ ਹੈ। ਸਮੇਂ ਦੇ ਇਨ੍ਹਾਂ ਪਹਿਰਾਂ ਨੂੰ ਜੇਕਰ ਇਨ੍ਹਾਂ ਦਿਸ਼ਾਵਾਂ ਨਾਲ ਸੰਬੰਧਿਤ ਕਰਕੇ ਦੇਖਿਆ ਜਾਵੇ ਤਾਂ ਇਸ ਮੰਤਰ ਦਾ ਉਚਾਰਨ ਜਿਸ ਸਮੇਂ ਵੀ ਹੋਵੇਗਾ, ਉਸ ਸਮੇਂ ਮੁਖ ਸੂਰਜ ਦੀ ਦਿਸ਼ਾ ਚ ਹੀ ਹੋਵੇਗਾ। ਮਿਥਿਹਾਸ ਅਨੁਸਾਰ ਇੰਦਰ ਦੇਵਤਿਆਂ ਦਾ ਰਾਜਾ ਹੈ, ਜਿਸਦਾ ਨਿਵਾਸ ਅਸਥਾਨ ਸਵਰਗ ਹੈ ਅਤੇ ਰਾਜਧਾਨੀ ਅਮਰਵਾਤੀਇਸ ਦੇ ਮਹਿਲ ਨੂੰ ਵੈਜਯੰਤ, ਬਾਗ਼ ਨੂੰ ਨੰਦਨ, ਕੰਦਸਾਰ ਤੇ ਪਰਾਸ਼ਯ ਕਹਿੰਦੇ ਹਨ। ਇਸ ਦੀ ਸਭਾ ਦਾ ਨਾਮ ਸੁਧਰਮਾ ਹੈ। ਇੰਦਰ ਨੂੰ ਅਯਾਸ਼ ਦੇਵਤਾ ਦਿਖਾਇਆ ਜਾਂਦਾ ਹੈ, ਜੋ ਰਿਸ਼ੀਆਂ ਦੀ ਤਪੱਸਿਆ ਨੂੰ ਭੰਗ ਕਰਨ ਲਈ ਅਪਸਰਾਵਾਂ ਭੇਜਦਾ ਹੈ।10 ਮਾਨਵੀ ਸਮਝ ਚ ਇੰਦਰ ਦੇਵਤਿਆਂ ਦਾ ਰਾਜਾ ਅਤੇ ਮੇਘ ਦਾ ਦੇਵਤਾ ਹੈ, ਜਿਹੜਾ ਮੀਂਹ ਦਾ ਦਾਤਾ ਅਤੇ ਉਪਜਾਇਕਤਾ ਦਾ ਮੂਲ ਹੈ। ਮਨੁੱਖੀ ਬੋਧ ਵਿਚ ਚੰਦ, ਸੂਰਜ ਤੇ ਇੰਦਰ ਸ਼ਕਤੀਸ਼ਾਲੀ ਵਜੂਦਾਂ ਦੇ ਲਖਾਇਕ ਹਨ। ਜਾਪੁ ਸਾਹਿਬ ਵਿਚ ਗੁਰੂ ਸਾਹਿਬ ਨੇ ਇਨ੍ਹਾਂ ਦੇਵਤਿਆਂ ਦੀ ਸਥਿਤੀ ਦਾ ਨਵ-ਸਥਾਨੀਕਰਨ ਕੀਤਾ ਹੈ :

- ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ।। (੧)
- ਨਮੋ ਚੰਦ੍ਰ ਚੰਦ੍ਰੇ।। ਨਮੋ ਭਾਨ ਭਾਨੇ।। (੪੬)
- ਇੰਦ੍ਰਾਨ ਇੰਦ੍ਰ।। ਬਾਲਾਨ ਬਾਲ।। ਰੰਕਾਨ ਰੰਕ।। ਕਾਲਾਨ ਕਾਲ।। (੯੦)
- ਕਿ ਸਰਬਤ੍ਰ ਭਾਨੈ।। ਕਿ ਸਰਬਤ੍ਰ ਮਾਨੈ।। ਕਿ ਸਰਬਤ੍ਰ ਇੰਦ੍ਰੈ।। ਕਿ ਸਰਬਤ੍ਰ ਚੰਦ੍ਰੈ।। (੧੧੯)
- ਨਮੋ ਸੂਰਜ ਸੂਰਜੇ।। ਨਮੋ ਚੰਦ੍ਰ ਚੰਦ੍ਰੈ।। ਨਮੋ ਰਾਜੇ ਰਾਜੇ।। ਨਮੋ ਇੰਦ੍ਰ ਇੰਦ੍ਰੇ।। (੧੮੫)
- ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ।
(੧੮੭)

ਅਕਾਲ ਪੁਰਖ ਕ੍ਰੋੜਾਂ ਇੰਦਰਾਂ ਦਾ ਇੰਦਰ ਤੇ ਸ਼ਾਹਾਂ ਦਾ ਸ਼ਾਹ ਗਿਣਿਆ ਜਾਂਦਾ ਹੈ। ਉਹ ਚੰਦਰਮਿਆਂ ਦਾ ਚੰਦਰਮਾ, ਸੂਰਜਾਂ ਦਾ ਸੂਰਜ, ਇੰਦਰਾਂ ਦਾ ਇੰਦਰ, ਸਰਲ ਸੁਭਾ ਵਾਲਾ ਬਾਲਾਂ ਦਾ ਬਾਲ, ਕੰਗਾਲਾਂ ਦਾ ਕੰਗਾਲ ਅਤੇ ਕਾਲਾਂ ਦਾ ਕਾਲ ਵੀ ਹੈ। ਅਕਾਲ ਪੁਰਖ ਸਭ ਦਾ ਪ੍ਰਕਾਸ਼ਕ, ਸਭ ਦਾ ਮਾਣ, ਸਾਰਿਆਂ ਦਾ ਰਾਜਾ ਅਤੇ ਸਭ ਨੂੰ ਸ਼ਾਂਤੀ ਦੇਣ ਵਾਲਾ ਹੈ। ਸੂਰਜਾਂ ਦਾ ਸੂਰਜ, ਚੰਦਰਮਿਆਂ ਦਾ ਚੰਦਰਮਾ, ਰਾਜਿਆਂ ਦਾ ਰਾਜਾ ਅਤੇ ਇੰਦਰਾਂ ਦਾ ਇੰਦਰ ਹੋਣ ਦੇ ਫ਼ਲਸਰੂਪ ਉਹ ਅਕਾਲ ਪੁਰਖ ਨਮਸਕਾਰੇ ਜਾਣ ਵਾਲੀ ਹਸਤੀ ਹੈ।


ਦੇਵਤਿਆਂ ਦਾ ਰਾਜਾ ਨਾ ਕੇਵਲ ਇੰਦਰ ਹੀ ਬਲਕਿ ਅਜਿਹੇ ਕਈ ਰਾਜੇ, ਪ੍ਰਾਕ੍ਰਿਤਕ ਸ਼ਕਤੀ ਦੇ ਤੇਜ-ਪ੍ਰਤਾਪ ਦੇ ਮਾਲਕ ਸੂਰਜ ਤੇ ਚੰਦਰ ਅਤੇ ਅਨੇਕਾਂ ਹੀ ਅਜਿਹੀਆਂ ਹੋਰ ਪ੍ਰਾਕ੍ਰਿਤਕ ਸ਼ਕਤੀਆਂ ਇੰਦਰਾਂ ਦੇ ਇੰਦਰ, ਰਾਜਿਆਂ ਦੇ ਰਾਜੇ ਸਾਰੀਆਂ ਸ਼ਕਤੀਆਂ ਦੇ ਸਰੋਤ ਅਨਾਦਿ ਬਿਭੂਤ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹਨ। ਜਾਪੁ ਸਾਹਿਬ ਵਿਚ ਮਨੁੱਖ ਦੀ ਇਸ ਸੋਚ ਦਾ ਵਿਸਥਾਰ ਕੀਤਾ ਗਿਆ ਹੈ। ਮਨੁੱਖ ਲਈ ਸੂਰਜ ਸਦੀਆਂ ਤੋਂ ਸ਼ਕਤੀ ਦਾ ਸਰੋਤ ਹੈ, ਜਿਸਦਾ ਮਨੁੱਖ ਨੂੰ ਵੀ ਤਜ਼ਰਬਾ ਵੀ ਹੈ ਅਤੇ ਅਹਿਸਾਸ ਵੀ। ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੀ ਇਸ ਸੋਚ ਨੂੰ ਵਿਸਥਾਰਿਤ ਕਰਦੇ ਹਨ ਕਿ ਅਸਲ ਵਿਚ ਸਾਰਿਆਂ ਸੂਰਜਾਂ ਦੀ ਸ਼ਕਤੀ ਦਾ ਆਧਾਰ, ਸੂਰਜਾਂ ਦਾ ਸੂਰਜ ਅਕਾਲ ਪੁਰਖ ਹੈ। ਅਕਾਲ ਪੁਰਖ ਦੇ ਸਾਹਮਣੇ ਤਾਂ ਸੂਰਜ ਕਿਰਪਾ-ਦ੍ਰਿਸ਼ਟੀ ਮੰਗਦਾ ਜਪ-ਕਰਤਾ ਹੀ ਹੈ। ਉਸ ਕੋਲ ਸੂਰਜ ਨੂੰ ਸੁਕਾਉਣ ਦੀ ਸਮਰੱਥਾ ਹੈ ਅਤੇ ਕਾਲ-ਯੁਕਤ ਸੂਰਜ ਕਾਲ ਦੀ ਸੀਮਾ ਵਿਚ ਵਿਚਰਦਾ ਹੋਣ ਕਰਕੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਦਾ ਪਾਤਰ ਹੈ। ਉਹ ਆਪਣਾ ਸਾਰਾ ਤੇਜ-ਪ੍ਰਤਾਪ ਆਪਣੇ ਸਿਰਜਕ ਤੋਂ ਹੀ ਪ੍ਰਾਪਤ ਕਰਦਾ ਹੈ। ਇਸ ਪ੍ਰਕਾਰ ਚੰਦ, ਸੂਰਜ ਅਤੇ ਇੰਦਰ ਅਦਿ ਮਾਨਵੀ ਸੋਚ ਅੰਦਰ ਕਾਰਜਸ਼ੀਲ ਸ਼ਕਤੀਆਂ ਆਪ ਅਕਾਲ ਪੁਰਖ ਦੀ ਸਿਰਜਣਾ ਹਨ ਅਤੇ ਨਾਲ ਹੀ ਆਪਣੇ ਸਿਰਜਕ ਦੀ ਕਿਰਪਾ-ਦ੍ਰਿਸ਼ਟੀ ਅਨੁਸਾਰ ਵਿਚਰਦੀਆਂ ਕਾਲ-ਯੁਕਤ ਹੋਂਦਾਂ ਹਨ।

(ਖ) ਜੰਤਰ, ਮੰਤਰ, ਤੰਤਰ
: ਹਿੰਦੂ ਮਿਥਿਹਾਸ ਪਰੰਪਰਾ ਵਿਚ ਜੰਤਰ, ਮੰਤਰ ਤੇ ਤੰਤਰ ਦਾ ਅਹਿਮ ਸਥਾਨ ਹੈ। ਮਿਥਿਹਾਸ ਦੇ ਸਰੋਤ ਸ਼ਾਸਤਰਾਂ ਵਿਚੋਂ ਇਕ ਅਜਿਹਾ ਸ਼ਾਸਤਰ ਹੈ, ਜੋ ਤੰਤਰ ਸ਼ਾਸਤਰਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉਹ ਸ਼ਾਸਤਰ ਹੈ, ਜਿਸ ਵਿਚ ਜਾਦੂ, ਟੂਣੇ ਅਤੇ ਮੰਤਰਾਂ ਦੀ ਸ਼ਕਤੀ ਦਾ ਵਰਣਨ ਅਤੇ ਸ਼ਕਤੀ ਦੀ ਉਪਾਸਨਾ ਪ੍ਰਧਾਨ ਹੈ। ਇਹ ਸ਼ਾਸਤਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ।11 ਤੰਤਰ ਸ਼ਾਸਤਰ ਅਨੁਸਾਰ ਜੰਤਰ ਦੇ ਅਰਥ ਟੂਣਾ-ਟਾਮਣ ਆਦਿ ਹਨ ਅਤੇ ਮੰਤਰ ਕਿਸੇ ਦੇਵਤਾ ਨੂੰ ਰਿਝਾਉਣ ਅਤੇ ਕਾਰਜਸਿੱਧੀ ਲਈ ਜਪਣਯੋਗ ਸ਼ਬਦ ਹਨ। ਜਾਪੁ ਸਾਹਿਬ ਵਿਚ ਇਨ੍ਹਾਂ ਦੀ ਪ੍ਰਸੰਗਿਕ ਵਰਤੋਂ ਦੁਆਰਾ ਅਕਾਲ ਪੁਰਖ ਨੂੰ ਇਨ੍ਹਾਂ ਤੋਂ ਉੱਪਰ ਬਿਆਨ ਕੀਤਾ ਗਿਆ ਹੈ :

- ਨਮੋ ਮੰਤ੍ਰ ਮੰਤ੍ਰੰ।। ਨਮੋ ਜੰਤ੍ਰ ਜੰਤ੍ਰੰ।। ਨਮੋ ਇਸਟ ਇਸਟੇ।। ਨਮੋ ਤੰਤ੍ਰ ਤੰਤ੍ਰੇ।। (੫੭)
- ਨਮੋ ਜੋਗ ਜੋਗੇ।। ਨਮੋ ਗਿਆਨ ਗਿਆਨੇ।। ਨਮੋ ਮੰਤ੍ਰ ਮੰਤ੍ਰੇ।। ਨਮੋ ਧਿਆਨ ਧਿਆਨੇ।। (੧੮੬)


ਅਕਾਲ ਪੁਰਖ ਮੰਤਰਾਂ ਦਾ ਮੰਤਰ ਅਰਥਾਤ ਮੰਤਰਾਂ ਨੂੰ ਜਾਣਨ ਵਾਲਾ ਹੈ। ਉਹ ਜੰਤਰਾਂ ਦਾ ਜੰਤਰ ਅਰਥਾਤ ਜੰਤਰਾਂ ਦਾ ਕਾਰਨ-ਸਰੂਪ ਹੈ। ਉਹ ਇਸ਼ਟਾਂ ਦਾ ਇਸ਼ਟ ਅਤੇ ਤੰਤਰਾਂ ਦਾ ਤੰਤਰ ਵੀ ਹੈ। ਅਕਾਲ ਪੁਰਖ ਹੀ ਜੋਗਾਂ ਦਾ ਜੋਗ, ਗਿਆਨਾਂ ਦਾ ਗਿਆਨ ਸਰੂਪ ਅਤੇ ਧਿਆਨਾਂ ਦਾ ਧਿਆਨ ਵੀ ਹੈ। ਇਸ ਲਈ ਉਹ ਇਨ੍ਹਾਂ ਦੁਆਰਾ ਨਮਸਕਾਰਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਸਭ ਦਾ ਕਾਰਨ-ਸਰੂਪ ਉਹ ਆਪ ਹੈ।


ਇਸ ਤਰ੍ਹਾਂ ਅਕਾਲ ਪੁਰਖ ਸਾਰੇ ਮੰਤਰਾਂ, ਜੰਤਰਾਂ ਅਤੇ ਤੰਤਰਾਂ ਤੋਂ ਨਾ- ਸਿਰਫ਼ ਪਾਰ ਵਿਚਰਦਾ ਹੈ, ਬਲਕਿ ਇਨ੍ਹਾਂ ਕਾਲਯੁਕਤ ਸ਼ਕਤੀ ਪ੍ਰਯਤਨਾਂ ਤੋਂ ਕਿਤੇ ਵੱਡਾ ਸ਼ਕਤੀ-ਸਰੋਤ ਹੈ।

III. ਜਾਪੁ ਸਾਹਿਬ ਵਿਚ ਮਿਥਿਹਾਸਕ ਤੱਤਾਂ ਦਾ ਪ੍ਰਯੋਜਨ : ਜਾਪੁ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਭਾਰਤੀ ਪਰੰਪਰਾ ਵਿਚ ਧਰਮ, ਗਿਆਨ, ਦਰਸ਼ਨ ਅਤੇ ਮਿਥਿਹਾਸ ਦੀਆਂ ਸੰਕਲਪਿਕ ਮਦਾਂ ਨੂੰ ਪ੍ਰਸੰਗਾਂ ਵਿਚ ਵਰਤ ਕੇ ਅਕਾਲ ਪੁਰਖ ਦੀ ਉਸਤਤਿ ਕਰਦੇ ਹਨ। ਇਨ੍ਹਾਂ ਕਾਲ-ਯੁਕਤ ਸ਼ਕਤੀ-ਸਰੋਤਾਂ ਵਿਚ ਵਰਤ ਕੇ ਅਕਾਲ ਪੁਰਖ ਦੀ ਉਸਤਤਿ ਕਰਦੇ ਹਨ। ਇਨ੍ਹਾਂ ਕਾਲ-ਯੁਕਤ ਸ਼ਕਤੀ-ਸਰੋਤਾਂ ਸਾਹਮਣੇ ਅਕਾਲ ਪੁਰਖ ਇਕ ਸਰਵ-ਉੱਚ ਸ਼ਕਤੀ-ਸਰੂਪ ਹੈ। ਅਕਾਲ ਪੁਰਖ ਦੀ ਉਸਤਤਿ ਕਰਨ ਦੇ ਪ੍ਰਯੋਜਨ ਹਿਤ ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਦੇ ਅਰਥ-ਘੇਰਿਆਂ ਨੂੰ ਅਕਾਲ ਪੁਰਖ ਦੀ ਸਰਬ-ਸ਼ਕਤੀਮਾਨਤਾ ਅਤੇ ਸਰਬ-ਵਿਆਪਕਤਾ ਦੇ ਸਨਮੁੱਖ ਪੇਸ਼ ਕਰਦੇ ਹਨ। ਇਨ੍ਹਾਂ ਦੇ ਪਰਿਪੇਖ ਵਿਚ ਉਹ ਅਕਾਲ ਪੁਰਖ ਨੇਤਿ-ਨੇਤਿ ਹੈ। ਉਹ ਦੇਵਤਿਆਂ ਦਾ ਦੇਵਤਾ, ਇੰਦਰਾਂ ਦਾ ਇੰਦਰ, ਸੂਰਜਾਂ ਦਾ ਸੂਰਜ, ਚੰਦਾਂ ਦਾ ਚੰਦ, ਮੰਤਰਾਂ ਦਾ ਮੰਤਰ, ਜੰਤਰਾਂ ਦਾ ਜੰਤਰ ਅਤੇ ਤੰਤਰਾਂ ਦਾ ਤੰਤਰ ਹੈ। ਜਾਪੁ ਸਾਹਿਬ ਵਿਚ ਇਨ੍ਹਾਂ ਮਿਥਿਹਾਸਕ ਤੱਤਾਂ ਦੀ ਪ੍ਰਸੰਗਿਕ ਵਰਤੋਂ ਅਕਾਲ ਪੁਰਖ ਦੀ ਸਰਬ-ਸ਼ਕਤੀਮਾਨਤਾ ਸੰਚਾਰਿਤ ਕਰਨ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਅਕਾਲ ਪੁਰਖ ਦੇ ਸਨਮੁੱਖ ਨਤ-ਮਸਤਿਕ ਹੋ ਕੇ ਨਮਸਕਾਰ ਕਰਦੇ ਹੋਏ ਦਿਖਾਇਆ ਗਿਆ ਹੈ। ਗੁਰੂ ਸਾਹਿਬ ਪ੍ਰਚਲਿਤ ਭਾਰਤੀ ਪਰੰਪਰਾ ਵਿਚ ਇਨ੍ਹਾਂ ਸੰਕਲਪਿਕ ਮਦਾਂ ਦੀ ਪ੍ਰਸੰਗਿਕ ਵਰਤੋਂ ਕਰਕੇ ਮਾਨਵਤਾ ਨੂੰ ਅਕਾਲ ਪੁਰਖ ਦੀ ਬਖ਼ਸ਼ਿਸ਼ ਦੇ ਘੇਰੇ ਵਿਚ ਲੈ ਆਉਂਦੇ ਹਨ। ਮਾਨਵਤਾ ਦੇ ਪ੍ਰਤੱਖਣ ਵਿਚ ਇਹ ਸਦਾ ਦੈਵੀ ਅਤੇ ਅਧਿਆਤਮਕ ਵਜੂਦਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਇਸ ਕਰਕੇ ਸਾਧਾਰਨ ਸੂਝ ਇਨ੍ਹਾਂ ਦੇ ਸਰਬ-ਸ਼ਕਤੀਮਾਨ ਹੋਣ ਦੀ ਮਾਨਸਿਕ ਜਕੜ ਵਿਚ ਬੱਝੀ ਮਹਿਸੂਸ ਕਰਦੀ ਹੈਗੁਰੂ ਸਾਹਿਬ ਜਾਪੁ ਸਾਹਿਬ ਦੇ ਇਸ ਪਾਠ ਰਾਹੀਂ ਇਨ੍ਹਾਂ ਸੰਕਲਪਿਕ ਮਦਾਂ ਨਾਲ ਅੰਕਿਤ ਮਿਥਿਹਾਸਕ ਵਜੂਦਾਂ ਨੂੰ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਸਦਕਾ ਸਿਰਜਤ ਅਤੇ ਵਿਚਰਨ ਵਾਲੀਆਂ ਹੋਂਦਾਂ ਦੇ ਰੂਪ ਵਿਚ ਪ੍ਰਗਟ ਕਰਦੇ ਹਨ। ਇਹ ਵਜੂਦ ਕਿਉਂਕਿ ਕਾਲ-ਯੁਕਤ ਹਨ, ਇਸ ਲਈ ਇਹ ਅਕਾਲ ਨੂੰ ਹੀ ਨਮਸਕਾਰ ਕਰਦੇ ਹਨ। ਕਾਲ-ਯੁਕਤਤਾ ਵਾਲੇ ਵਜੂਦ ਅਕਾਲ ਸਾਹਮਣੇ ਨਿਮਾਣੇ ਤੇ ਨਿਮਰ ਰੂਪ ਵਿਚ ਵਿਚਰਦੇ ਹਨ। ਇਨ੍ਹਾਂ ਦੇ ਹਵਾਲੇ ਵਾਲੀ ਸ਼ਬਦਾਵਲੀ ਦੀ ਜਾਪੁ ਸਾਹਿਬ ਵਿਚ, ਪ੍ਰਸੰਗਿਕ ਵਰਤੋਂ ਰਾਹੀਂ ਗੁਰੂ ਸਾਹਿਬ, ਮਾਨਵਤਾ ਨੂੰ ਮਿਥਿਹਾਸਕ ਬੰਦਿਸ਼ਾਂ ਵਾਲੀ ਅਨੁਸ਼ਠਾਨੀ ਅਧਿਆਤਮਕਤਾ ਦੀ ਜਕੜ ਤੋਂ ਮੁਕਤ ਹੋਣ ਵਾਲੀ ਸੁਰਤ ਬਖ਼ਸ਼ਦੇ ਹਨ।

ਟਿੱਪਣੀਆਂ ਤੇ ਹਵਾਲੇ

1. ਪਰਮਜੀਤ ਸਿੰਘ ਸਿੱਧੂ, ਜਾਪੁ ਸਾਹਿਬ ਵਿਚ ਵਰਤੇ ਵਿਸ਼ੇਸ਼ਣਾਂ ਦਾ ਵਰਗੀਕਰਨ, ਖੋਜ ਦਰਪਣ, ਪੰਨੇ 108-109.

2. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ 1108.

3. ਉਹੀ, ਪੰਨਾ 198.

4. ਰਤਨ ਸਿੰਘ ਜੱਗੀ, ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਨਾ 693.

5. ਮਨਮੋਹਨ ਸਿੰਘ, ਦਸਮ ਗ੍ਰੰਥ ਵਿਚ ਮਿਥ ਰੂਪਾਂਤਰਣ, ਪੰਨਾ 138.

6. ਉਹੀ, ਪੰਨਾ 140.

7. ਉਹੀ, ਪੰਨਾ 138.

8. ਉਹੀ, ਪੰਨਾ 144.

9. ਉਹੀ, ਪੰਨਾ 134.

10. ਉਹੀ, ਪੰਨਾ 117.

11. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ 604.






Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article