
ਚੰਡੀ ਦੀ ਵਾਰ ਨੂੰ ਗੁਰੂ ਸਾਹਿਬ ਨੇ ਵਾਰ ਸ਼੍ਰੀ ਭਗਉਤੀ ਜੀ ਕੀ ਲਿਖਿਆ ਹੈ। ਇਥੇ ਅਸੀਂ ਇਸ ਵਾਰ ਨੂੰ ਵਾਰ ਦੇ ਤੌਰ 'ਤੇ ਪਰਖ ਕਰਾਂਗੇ।
ਵਾਰ ਦਾ ਸਰੂਪ
ਪੰਜਾਬੀ ਵਿੱਚ 'ਵਾਰ' ਸ਼ਬਦ ਦੀ ਕਈ ਅਰਥਾਂ ਵਿਚ ਵਰਤੋਂ ਹੋਈ ਹੈ। ਪੰਜਾਬੀ ਵਿਦਵਾਨਾਂ ਨੇ ਇਸ ਸ਼ਬਦ ਦੇ ਮੁੱਢ ਤੇ ਵਿਕਾਸ ਬਾਰੇ ਕਾਫ਼ੀ ਚਰਚਾ ਕੀਤੀ ਹੈ।
ਗੰਡਾ ਸਿੰਘ ਦਾ ਮੱਤ ਹੈ:
ਵਾਰ ਸ਼ਬਦ ਦਾ ਮੁੱਢ ਵ੍ਰਿ (ਸੰਸਕ੍ਰਿਤ ਵੁ) ਧਾਤੂ ਤੋਂ ਬਣਿਆ ਹੈ, ਜਿਸ ਤੋਂ ਕਿ "ਵਾਰੀ" ਜਾਂ "ਵੈਰੀ" (ਬਹਾਦਰ ਦੁਸ਼ਮਣ) ਅਰਥਾਤ ਵਾਰ ਕਰਨ ਵਾਲਾ ਯਾ ਵਾਰ ਰੋਕਣ ਵਾਲਾ, "ਵਾਹਰ" (ਕਿਸੇ ਦੂਸਰੇ ਉੱਤੇ ਹੱਲਾ ਕਰਨ ਲਈ ਜਮ੍ਹਾਂ ਹੋਏ ਮਨੁੱਖਾਂ ਦਾ ਇਕੱਠ) ਅਤੇ "ਵਾਸਰੀ" ਜਾਂ ਵਾਹਰੂ ਸ਼ਬਦ ਬਣੇ।੧
ਇੰਜ ਪੰਜਾਬੀ ਵਿਚ "ਵਾਰ" ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਜਿਵੇਂ : ਵੈਰ ਕੱਢਣਾ, ਹੱਲਾ ਕਰਨਾ ਜਾਂ ਸੱਟ ਮਾਰਨਾ (ਵਾਰ ਕਰਨਾ) ਬਦਲਾ ਲੈਣਾ (ਵਾਰੀ ਲਾਹੁਣਾ), ਕੁਰਬਾਨ ਜਾਣਾ (ਵਾਰੀ ਜਾਂ ਵਾਰੇ ਜਾਣਾ) ਅਤੇ ਘੇਰਾ ਪਾਉਣਾ ਆਦਿ। ਪਿਆਰਾ ਸਿੰਘ ਪਦਮ ਦੀ ਧਾਰਣਾ ਅਨੁਸਾਰ:
"ਵਾਰ" ਸ਼ਬਦ ਦਾ ਮੂਲ "ਵਾਰਤਾ" ਪਦ ਹੈ। ਪਿਛਲੇ ਜ਼ਮਾਨੇ ਵਿਚ ਜੰਗਾਂ ਜੁੱਧਾਂ ਦੀ ਕਥਾ-ਕਹਾਣੀ ਕਹਿਣਾ ਕਵੀਆਂ ਦਾ ਮਨਭਾਉਂਦਾ ਵਿਸ਼ਾ ਸੀ। ਚੂੰਕਿ ਹੋਰ ਕੋਈ ਆਖੀ ਜਾਣ ਵਾਲੀ ਵਾਰਤਾ ਸਾਹਮਣੇ ਨਹੀਂ ਸੀ... ਇਸ ਲਈ ਢਾਡੀਆਂ ਤੇ ਭੱਟਾਂ ਨੇ...ਬਹਾਦਰਾਂ ਦੇ ਵਾਰਤਾ-ਬਿਰਤਾਂਤਾਂ ਨੂੰ ਹੀ ਆਪਣੇ ਕਾਵਿ ਦਾ ਵਿਸ਼ਾ ਬਣਾਇਆ ਤੇ ਇਸ ਦਾ ਨਾਂ ਹੀ 'ਵਾਰਤਾ' ਜਾਂ 'ਵਾਰ' ਪੈ ਗਿਆ। ...ਵਾਰ ਸ਼ਬਦ ਇਸੇ ਵਾਰਤਾ ਪਦ ਤੋਂ ਸੰਖਿਪਤ ਹੋਇਆ ਜਾਪਦਾ ਹੈ। ਇਹ ਮਤ ਸਭ ਤੋਂ ਜ਼ਿਆਦਾ ਢੁਕਵਾਂ 'ਤੇ ਠੀਕ ਲੱਗਦਾ ਹੈ। ਅੱਜ ਭਾਵੇਂ "ਵਾਰ" ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੋਵੇ ਪਰੰਤੂ ਪਹਿਲੇ ਪਹਿਲ ਇਸ ਦਾ ਸਾਹਿਤਕ ਪ੍ਰਸੰਗ ਵਾਰਤਾ ਤੋਂ ਹੀ ਤੁਰਿਆ ਹੋਵੇਗਾ।੨
ਦਿਵਾਨ ਸਿੰਘ ਵੀ "ਵਾਰ" ਸ਼ਬਦ ਨੂੰ "ਵਾਰਤਾ" ਵਿਚੋਂ ਨਿਕਲਿਆ ਮੰਨਦਾ ਹੈ।੩
ਤੇਜਾ ਸਿੰਘ ਨੇ 'ਆਸਾ ਦੀ ਵਾਰ ਸਟੀਕ' ਵਿਚ ਲਿਖਿਆ ਹੈ ਕਿ 'ਵਾਰ' ਰਚਨਾ ਤੇ ਭਾਵ ਲਿਹਾਜ਼ ਨਾਲ ਬਹੁਤ ਕੁਝ ਯੂਨਾਨੀਆਂ ਦੇ ਉੱਘੇ ਗੀਤ "ਓਡ" (ode) ਨਾਲ ਮਿਲਦੀ ਜੁਲਦੀ ਹੈ। ਵਾਰ ਵਿਚ ਵੀ "ਓਡ" ਵਾਕਰ ਕਿਸੇ ਯੋਧੇ ਦਾ ਜੱਸ ਹੁੰਦਾ ਹੈ। ਇਸ ਵਿਚ ਵਿਚਾਰ ਜਾਂ ਦਲੀਲਬਾਜ਼ੀ ਦੀ ਥਾਂ ਬਿਆਨ ਹੁੰਦਾ ਹੈ। ਬਿਆਨ ਵੀ ਸਾਦਾ ਨਹੀਂ, ਸਗੋਂ ਜੋਸ਼ ਦੁਆਣ ਵਾਲਾ ਜਾਂ ਰੁਆਣ ਵਾਲਾ ਹੁੰਦਾ ਹੈ। ਇਸ ਦੀ ਬਣਾਵਟ ਜਾਂ ਰਚਨਾ ਵੀ ਪਉੜੀਆਂ ਤੇ ਦੋਹਰੇ (ਜਾਂ ਸਲੋਕ) ਮਿਲ ਕੇ ਓਡ ਵਰਗੀ ਹੋ ਜਾਂਦੀ ਹੈ। ਸਭ ਤੋਂ ਵੱਧ ਗਾਉਣ ਦੇ ਤਰੀਕਿਆਂ ਵਿਚ ਇਨ੍ਹਾਂ ਦੋਹਾਂ ਦਾ ਮੇਲ ਹੈ।
ਰਤਨ ਸਿੰਘ ਜੱਗੀ ਮੁਤਾਬਕ "ਵਾਰ" ਸ਼ਬਦ ਦਾ ਅਰਥ ਹੈ, ਸਾਹਮਣਾ ਕਰਨਾ ਪਿੱਛੇ ਧੱਕਣਾ, ਪਰੇ ਹਟਾਣਾ, ਰੋਕਣਾ। ਇਹ ਸੰਸਕ੍ਰਿਤ ਦੇ ਸ਼ਬਦ "ਵਾਰਣਾ" ਦਾ ਪੰਜਾਬੀ ਤਦ-ਭਾਵ ਰੂਪ ਹੈ।੪
ਉਹ ਅੱਗੇ ਚੱਲ ਕੇ ਵਾਰ ਦੀ ਪਰਿਭਾਸ਼ਾ ਇੰਜ ਦਿੰਦਾ ਹੈ:
ਸਮੁੱਚੇ ਤੌਰ 'ਤੇ ਵਾਰ ਦਾ ਅਰਥ ਇਹ ਹੀ ਕੱਢਿਆ ਜਾ ਸਕਦਾ ਹੈ ਕਿ ਉਹ ਵਾਰਤਾ, ਜੋ ਆਪਣੇ ਵਿਚ ਕਿਸੇ ਹੱਲੇ ਜਾਂ ਟੱਕਰ ਦਾ ਜ਼ਿਕਰ ਰੱਖਦੀ ਹੋਵੇ ਅਤੇ ਪਾਠਕਾਂ ਜਾਂ ਸਰੋਤਿਆਂ ਨੂੰ ਉਤਸਾਹਿਤ ਕਰੇ, ਪੰਜਾਬੀ ਕਾਵਿ-ਰੂਪ ਵਾਰ ਹੈ।੫
ਪਰ ਪਉੜੀ ਵਾਰ ਦਾ ਲਾਜ਼ਮੀ ਚਰਣ-ਪ੍ਰਬੰਧ ਹੈ। ਵਾਰ ਵਿਚ ਬੀਰ ਰਸ ਦਾ ਹੋਣਾ ਵੀ ਜਰੂਰੀ ਹੈ ਅਤੇ ਇਹ ਲੈਅ ਅਤੇ ਗੀਤਮਈ ਢੰਗ ਨਾਲ ਗਾਈ ਜਾਂਦੀ ਹੈ, ਤਦੇ ਹੀ ਉਹ ਸਰੋਤਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ।
ਵਿਦਵਾਨਾਂ ਦੀ ਇਸ ਚਰਚਾ ਤੋਂ ਅਸੀਂ ਇਸ ਸੱਟੇ ਉੱਤੇ ਪੁੱਜਦੇ ਹਾਂ ਕਿ ਪੰਜਾਬੀ ਵਿਚ ਵਾਰ ਉਹ ਕਾਵਿ-ਰੂਪ ਹੈ। ਜਿਸ ਵਿਚ ਕਿਸੇ ਹੱਲੇ ਜਾਂ ਟੱਕਰ ਦਾ ਵਰਨਣ ਬੀਰ ਰਸੀ, ਜਸ ਭਰਪੂਰ ਤੇ ਗੀਤਮਈ ਢੰਗ ਨਾਲ ਪਉੜੀਆਂ ਵਿਚ ਕੀਤਾ ਗਿਆ ਹੋਵੇ ਅਤੇ ਉਸ ਤੋਂ ਪਾਠਕਾਂ ਜਾਂ ਸਰੋਤਿਆਂ ਨੂੰ ਉਤਸਾਹ ਮਿਲੇ।
ਉਪਰੋਕਤ ਪਰਿਭਾਸ਼ਾ ਤੋਂ ਵਾਰ ਦੇ ਹੇਠ ਲਿਖੇ ਲੱਛਣ ਨਿਰਧਾਰਿਤ ਕੀਤੇ ਜਾ ਸਕਦੇ ਹਨ ਤੇ ਇਹਨਾਂ ਦੇ ਆਧਾਰ 'ਤੇ ਚੰਡੀ ਦੀ ਵਾਰ ਨੂੰ ਬਤੌਰ ਵਾਰ ਪਰਖ ਕੀਤੀ ਜਾ ਸਕਦੀ ਹੈ:
੧. ਮੰਗਲਾਚਰਣ: ਮੰਗਲਾਚਰਣ ਦੋ ਸ਼ਬਦਾਂ 'ਮੰਗਲ' ਤੇ 'ਆਚਰਣ' ਦਾ ਸਮਾਸ ਹੈ। ਮੰਗਲ ਸ਼ਬਦ ਸੰਸਕ੍ਰਿਤ ਦੇ ਮੰਗ ਧਾਤੂ ਦਾ ਵਿਉਤਪਤ ਰੂਪ ਹੈ। ਮੰਗ ਦੇ ਅਰਥ ਹਨ ਅਨੰਦ ਵਿਚ ਹੋਣਾ, ਹਰਕਤ ਕਰਨਾ, ਧਾ ਕੇ ਜਾਣਾ, ਆਦਿ। ਇੰਝ ਮੰਗਲ ਦੇ ਅਰਥ ਹਨ ਖੁਸ਼ੀ ਜਾਂ ਅਨੰਦ। ਇਸ ਤੋਂ ਛੁਟ ਮੰਗਲਾਚਰਣ ਦੇ ਇਕ ਹੋਰ ਅਰਥ ਵੀ ਹਨ। ਕਿਸੇ ਪੁਸਤਕ ਜਾਂ ਗ੍ਰੰਥ ਦੇ ਮੁੱਢ ਵਿਚ ਪੁਸਤਕ-ਲੇਖਕ ਜਾਂ ਗ੍ਰੰਥਾਕਾਰ ਆਪਣੇ ਇਸ਼ਟ ਦੀ ਜੋ ਅਰਾਧਨਾ ਲਿਖਦਾ ਹੈ ਉਸਨੂੰ ਮੰਗਲਾਚਰਣ ਆਖਦੇ ਹਨ। ਸਾਹਿਤ-ਆਚਾਰੀਆਂ ਨੇ ਮੰਗਲਾਚਰਣ ਦੇ ਤਿੰਨ ਭੇਦ ਕੀਤੇ ਹਨ। ਪਹਿਲਾ ਵਸਤੂ ਨਿਰਦੇਸ਼ਾਤਮਕ ਮੰਗਲਾਚਰਣ ਹੈ। ਇਸ ਦੁਆਰਾ ਗ੍ਰੰਥ ਕਰਤਾ, ਜਿਸ ਬਾਰੇ ਗ੍ਰੰਥ ਰਚ ਰਿਹਾ ਹੁੰਦਾ ਹੈ, ਗ੍ਰੰਥ ਦੇ ਮੁੱਢ ਵਿਚ ਉਸੇ ਦੇ ਗੁਣਾਂ ਦਾ ਗਾਇਣ ਕਰਦਾ ਅਥਵਾ ਉਸੇ ਦੇ ਗੁਣਾਂ ਦੀ ਮਹਿਮਾ ਕਰਨ ਵਾਲੇ ਮੰਗਲ ਗੀਤ ਗਾਉਂਦਾ ਹੈ ਜੋ ਸਾਨੂੰ ਗ੍ਰੰਥ ਵਿਚ ਆਉਣ ਵਾਲੀ ਵਸਤੂ ਜਾਂ ਵਿਅਕਤੀ ਦੀ ਆਰੰਭਕ ਜਾਣ-ਪਛਾਣ ਦੇ ਜਾਂਦੇ ਹਨ। ਆਦਿ ਗ੍ਰੰਥ ਦੇ ਆਰੰਭ ਵਿਚ ਮੂਲ ਮੰਤ੍ਰ 'ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ-ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥' ਵਸਤੂ ਨਿਰਦੇਸ਼ਾਤਮਕ ਮੰਗਲਾਚਰਣ ਹੀ ਹੈ। ਦੂਜਾ ਭੇਦ, ਅਸ਼ੀਰਵਾਦਾਤਮਕ ਮੰਗਲਾਚਰਣ ਹੈ। ਇਸ ਵਿਚ ਅਸ਼ੀਰਵਾਦ ਜਾਂ ਕਲਿਆਣ ਪ੍ਰਾਪਤੀ ਲਈ ਅਰਾਧਨਾ ਕੀਤੀ ਹੁੰਦੀ ਹੈ। ਕਈ ਸਿੱਖ ਸਿਧਾਂਤ ਦੇ ਗ੍ਰੰਥ, ਪੋਥੀਆਂ ਆਦਿ 'ਵਾਹਿਗੁਰੂ ਜੀ ਕੀ ਫਤਿਹ' ਨਾਲ ਆਰੰਭ ਜਾਂ ਅੰਤ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਦਾ 'ਜੈ ਤੇਗੰ ਸ੍ਰੀ ਜੈ ਤੇਗੰ' ਅਸ਼ੀਰਵਾਦਾਤਕਮਕ ਮੰਗਲਾਚਰਣ ਹੈ, ਤੀਜਾ ਮੰਗਲਾਚਰਣ ਨਮਸਕਰਾਤਮਕ ਹੈ। ਇਸ ਵਿਚ ਨਮਸਕਾਰ ਤੇ ਪ੍ਰਣਾਮ ਕੀਤਾ ਜਾਂਦਾ ਹੈ ਜਿਵੇਂ ਗੁਰਬਾਣੀ ਦੇ ਕਈ ਸ਼ਬਦ ਨਮਸਕਾਰ ਨਾਲ ਹੀ ਸ਼ੁਰੂ ਹੁੰਦੇ ਹਨ। ਜਿਵੇਂ 'ਆਦਿ ਏਕੰਕਾਰਾਂ', 'ਨਮਸਕਾਰ ਗੁਰਦੇਵ ਕਉ' ਆਦਿ। ਚੰਡੀ ਦੀ ਵਾਰ ਦੀਆਂ ਪਹਿਲੀਆਂ ਦੋ ਪਉੜੀਆਂ ਮੰਗਲਾਚਰਣ ਦੀਆਂ ਹਨ। ਪਹਿਲੀ ਪਉੜੀ ਵਿਚ ਗੁਰੂ ਜੀ ਨੇ 'ਭਗਉਤੀ' ਭਾਵ ਪਰਮਾਤਮਾ ਨੂੰ ਧਿਆਇਆ ਹੈ ਤੇ ਫਿਰ ਨੌ ਗੁਰੂ ਸਾਹਿਬਾਨ ਨੂੰ:
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥....
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥
ਦੂਜੀ ਪਉੜੀ ਵਿਚ ਪਰਮਾਤਮਾ ਦੀ ਸ਼ਕਤੀ ਦਰਸਾਈ ਹੈ ਤੇ ਸਿੱਟਾ ਇਹ ਕੱਢਿਆ ਹੈ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥....
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥
ਕਿਨੀ ਤੇਰਾ ਅੰਤੁ ਨ ਪਾਇਆ ॥੨॥
੨. ਸੰਘਰਸ਼: ਵਾਰ ਵਿਚ ਦੋ ਸ਼ਕਤੀਆਂ ਦਾ ਸੰਘਰਸ਼ ਦਰਸਾਇਆ ਜਾਂਦਾ ਹੈ। ਅਧਿਆਤਮਕ ਵਾਰਾਂ ਦਾ ਇਹ ਸੰਘਰਸ਼ ਦੋ ਵਿਚਾਰਾਂ ਵਿਚਕਾਰ ਹੁੰਦਾ ਹੈ, ਜਦ ਕਿ ਬੀਰ ਰਸੀ ਵਾਰਾਂ ਵਿਚ ਇਹ ਸੰਘਰਸ਼ ਸਰੀਰਕ ਰੂਪ ਵਿਚ ਹੁੰਦਾ ਹੈ। ਪਹਿਲਾਂ ਸੰਘਰਸ਼ ਦਾ ਪਿਛੋਕੜ ਦਿੱਤਾ ਜਾਂਦਾ ਹੈ ਅਤੇ ਅੰਤ ਵਿਚ ਸਮਾਧਾਨ। ਚੰਡੀ ਦੀ ਵਾਰ ਵਿਚ ਮੰਗਲਾਚਰਣ ਉਪਰੰਤ ਤੀਜੀ ਤੇ ਚੌਥੀ ਪਉੜੀ ਵਿਚ ਵਾਰ ਦਾ ਪਿਛੋਕੜ ਦਿੱਤਾ ਗਿਆ ਹੈ ਕਿ ਤ੍ਰੇਤੇ ਯੁਗ ਵਿਚ ਦੈਂਤਾਂ ਨੇ ਦੇਵਤਿਆਂ ਨੂੰ ਹਰਾ ਕੇ ਆਪਣਾ ਰਾਜ ਕਾਇਮ ਕਰ ਲਿਆ। ਇੰਦਰ ਦੁਰਗਾ ਦੀ ਸ਼ਰਨ ਵਿਚ ਆਉਂਦਾ ਹੈ ਤੇ ਸਹਾਇਤਾ ਲਈ ਬੇਨਤੀ ਕਰਦਾ ਹੈ। ਦੁਰਗਾ ਦੇਵੀ ਫ਼ੌਜਾਂ ਲੈ ਕੇ ਦੈਂਤਾਂ 'ਤੇ ਚੜ੍ਹਾਈ ਕਰਦੀ ਹੈ ਤੇ ਇਸ ਲੜਾਈ ਵਿਚ ਮਹਿਖਾਸੁਰ ਦੈਂਤ ਮਾਰਿਆ ਜਾਂਦਾ ਹੈ ਇੰਦਰ ਦਾ ਅਮਰਾਵਤੀ 'ਤੇ ਮੁੜ ਰਾਜ ਕਾਇਮ ਹੋ ਜਾਂਦਾ ਹੈ। ਇਹ ਦ੍ਰਿਸ਼ ਪਉੜੀ ੪ ਤੋਂ ੨੧ ਤੀਕ ਵਰਨਣ ਕੀਤਾ ਗਿਆ। ਕੁਝ ਸਮੇਂ ਪਿੱਛੋਂ ਸੁੰਭ ਤੇ ਨਿਸੁੰਭ ਦੈਂਤ ਅਮਰਾਵਤੀ 'ਤੇ ਹਮਲਾ ਕਰਕੇ ਇੰਦਰ ਦੇਵਤਾ ਨੂੰ ਉਥੋਂ ਭਜਾ ਦਿੰਦੇ ਹਨ। ਇੰਦਰ ਸਹਾਇਤਾ ਲਈ ਮੁੜ ਦੁਰਗਾ ਪਾਸ ਆਉਂਦਾ ਹੈ। ਪਉੜੀ ਨੰ: ੨੨ ਤੋਂ ੨੫ ਤੀਕ ਇਸ ਦ੍ਰਿਸ਼ ਨੂੰ ਰੂਪਮਾਨ ਕੀਤਾ ਗਿਆ ਹੈ। ਦੁਰਗਾ ਦੇਵੀ ਮੁੜ ਰਾਖਸ਼ਾਂ ਨਾਲ ਟੱਕਰ ਲੈਂਦੀ ਹੈ। ਉਸ ਦਾ ਟਾਕਰਾ ਪਹਿਲਾਂ ਲੋਚਨ ਧੂਮ ਨਾਲ ਹੁੰਦਾ ਹੈ ਜਿਸ ਦਾ ਵੇਰਵਾ ਪਉੜੀ ੨੮ਵੀਂ ਤੀਕ ਦਿੱਤਾ ਗਿਆ ਹੈ। ਫਿਰ ਚੰਡ ਤੇ ਮੁੰਡ ਨਾਲ ਸੰਘਰਸ਼ ਹੁੰਦਾ ਹੈ ਜਿਸ ਨੂੰ ਪਉੜੀ ੩੨ਵੀਂ ਤੀਕ ਦਰਸਾਇਆ ਗਿਆ। ਇਹਨਾਂ ਦੇ ਮਾਰੇ ਜਾਣ ਪਿਛੋਂ ਸ੍ਰਣਵਤ ਬੀਜ ਲੜਾਈ ਲਈ ਆਉਂਦਾ ਹੈ ਤੇ ਮਾਰਿਆ ਜਾਂਦਾ ਹੈ। ਇਸ ਦਾ ਵੇਰਵਾ ਪਉੜੀ ੪੩ਵੀਂ ਤੀਕ ਦਿੱਤਾ ਗਿਆ ਹੈ। ਅੰਤ ਵਿਚ ਸੁੰਭ ਤੇ ਨਿਸੁੰਭ ਨਾਲ ਸੰਘਰਸ਼ ਦਰਸਾਇਆ ਗਿਆ। ਉਹ ਵੀ ਇਸ ਸੰਘਰਸ਼ ਵਿਚ ਮਾਰੇ ਜਾਂਦੇ ਹਨ। ਇਸ ਸੰਘਰਸ਼ ਦਾ ਜ਼ਿਕਰ ਪਉੜੀ ੫੩ ਤੀਕ ਕੀਤਾ ਗਿਆ ਹੈ।
ਵਾਰ ਦੇ ਅਖ਼ੀਰ ਵਿਚ ਸਮਾਧਾਨ ਪੱਖ ਹੁੰਦਾ ਹੈ। ਨਾਇਕ ਦੀ ਜਿੱਤ ਤੇ ਪ੍ਰਤੀ ਨਾਇਕ ਦੀ ਹਾਰ ਹੁੰਦੀ ਹੈ। ਇਥੇ ਵੀ ਦੁਰਗਾ ਦੀ ਜਿੱਤ ਹੁੰਦੀ ਹੈ ਤੇ ਦੈਂਤਾਂ ਦੀ ਹਾਰ। ਦੇਵੀ ਇੰਦਰ ਨੂੰ ਦੁਬਾਰਾ ਰਾਜ ਭਾਗ ਸੌਂਪ ਦਿੰਦੀ ਹੈ।
੩. ਜਸ : ਵਾਰ ਵਿਚ ਨਾਇਕ ਦਾ ਜਸ ਗਾਇਆ ਜਾਂਦਾ ਹੈ ਤਾਂ ਜੋ ਸਰੋਤਿਆਂ ਨੂੰ ਉਸੇ ਰਸਤੇ ਤੁਰਨ ਲਈ ਪ੍ਰੇਰਿਆ ਜਾ ਸਕੇ। ਚੰਡੀ ਦੀ ਵਾਰ ਵਿਚ ਥਾਂ ਥਾਂ 'ਤੇ ਦੁਰਗਾ ਦੇਵੀ ਦੀ ਬਹਾਦਰੀ ਦੀ ਤਾਰੀਫ਼ ਕੀਤੀ ਗਈ ਹੈ। ਉਸ ਨੂੰ ਇਕ ਪਰਉਪਕਾਰੀ ਜੀਵ ਵਿਆਖਿਆ ਗਿਆ ਹੈ ਜੋ ਦੇਵਤਿਆਂ ਦੀ ਭਲਾਈ ਲਈ ਸੰਘਰਸ਼ ਕਰਦੀ ਹੈ। ਦੁਰਗਾ ਦੀ ਪ੍ਰਸ਼ੰਸਾ ਕੇਵਲ ਇਥੇ ਹੀ ਨਹੀਂ ਸਗੋਂ ਚੌਦ੍ਹਾਂ ਲੋਕਾਂ ਵਿਚ ਹੁੰਦੀ ਹੈ।
ੳ) ਇਤੀ ਮਹਖਾਸੁਰ ਦੈਤ ਮਾਰੇ ਦੁਰਗਾ ਆਇਆ ॥
ਚਉਦਹ ਲੋਕਾਂ ਰਾਣੀ ਸਿੰਘੁ ਨਚਾਇਆ ॥
ਅ) ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
੪. ਨਾਇਕ ਤੇ ਪ੍ਰਤੀਨਾਇਕ : ਵਾਰ ਵਿਚ ਨਾਇਕ ਦੇ ਨਾਲ ਪ੍ਰਤੀਨਾਇਕ ਦਾ ਹੋਣਾ ਵੀ ਜ਼ਰੂਰੀ ਹੈ। ਜਿੰਨਾ ਬਲਵਾਨ ਪ੍ਰਤੀਨਾਇਕ ਹੋਵੇਗਾ, ਉਤਨੀ ਤਕੜੀ ਟੱਕਰ ਹੋਵੇਗੀ। ਚੰਡੀ ਦੀ ਵਾਰ ਵਿਚ ਨਾਇਕਾ ਤਾਂ ਦੁਰਗਾ ਹੈ ਪਰ ਪ੍ਰਤੀਨਾਇਕ ਕੋਈ ਇਕ ਰਾਖਸ਼ ਨਹੀਂ। ਸਮੁੱਚੀ ਰਾਖਸ਼ ਕੌਮ ਹੀ ਪ੍ਰਤੀਨਾਇਕ ਵਜੋਂ ਸਾਹਮਣੇ ਆਉਂਦੀ ਹੈ। ਇਹ ਰਾਖਸ਼ ਵੀ ਬਹੁਤ ਬਲਵਾਨ ਅਤੇ ਹੰਕਾਰੀ ਦਰਸਾਏ ਗਏ ਹਨ, ਜਿਹੜੇ ਮੌਤ ਤਾਂ ਪ੍ਰਵਾਨ ਕਰ ਲੈਂਦੇ ਹਨ ਪਰ ਹਾਰ ਨਹੀਂ ਮੰਨਦੇ ਹਨ। ਉਹ ਤੜਪ ਤੜਪ ਕੇ ਜਾਨ ਤਾਂ ਦਿੰਦੇ ਹਨ ਪਰ ਪਾਣੀ ਨਹੀਂ ਮੰਗਦੇ।
੫. ਛੰਦ: ਵਾਰ ਛਮਦ-ਬੱਧ ਰਚਨਾ ਹੈ। ਇਸ ਵਿਚ ਆਮ ਤੌਰ 'ਤੇ ਸਿਰਖੰਡੀ ਛੰਦ ਵਰਤਿਆ ਜਾਂਦਾ ਹੈ। ਚੰਡੀ ਦੀ ਵਾਰ ਵਿਚ ਸਿਰਖੰਡੀ ਤੇ ਨਿਸ਼ਾਨੀ ਦੀ ਵਰਤੋਂ ਕੀਤੀ ਗਈ ਹੈ। ਵਾਰ ਪਉੜੀਆਂ ਵਿਚ ਲਿਖੀ ਜਾਂਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੨੨ ਵਾਰਾਂ ਹਨ ਤੇ ਇਹ ਸਾਰੀਆਂ ਪਉੜੀਆਂ ਵਿਚ ਹਨ। ਬਹੁਤੀਆਂ ਵਾਰਾਂ ਦੇ ਨਾਲ ਸਲੋਕ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ ਵੱਖ-ਵੱਖ ਹੈ। ਕਈ ਵੇਰ ਸਲੋਕ ਤੇ ਪਉੜੀ ਦਾ ਰਚਨਹਾਰ ਇਕੋ ਗੁਰੂ ਹੀ ਨਹੀਂ। ਚੰਡੀ ਦੀ ਵਾਰ ਵੀ ਪਉੜੀਆਂ ਵਿਚ ਹੈ ਤੇ ਇਸ ਦੀ ਪ੍ਰੋੜਤਾ ਗੁਰੂ ਗੋਬਿੰਦ ਸਿੰਘ ਨੇ ਆਪ ਵੀ ਕੀਤੀ ਹੈ:
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਚੰਡੀ ਦੀ ਵਾਰ ਵਿਚ ੫੪ ਪਉੜੀਆਂ ਤੇ ਇਕ ਦੋਹਿਰਾ ਹੈ।
੬. ਬੋਲੀ: ਵਾਰ ਇਕ ਤਾਂ ਬਾਹਰਮੁਖੀ ਤੇ ਬਿਆਨੀਆ ਕਵਿਤਾ ਹੈ। ਦੂਸਰੇ ਇਸ ਦੀ ਰਚਨਾ ਜਨ ਸਾਧਾਰਨ ਨੂੰ ਪ੍ਰੇਰਿਤ ਕਰਨ ਲਈ ਕੀਤੀ ਜਾਂਦੀ ਹੈ ਕਿਉਂਕਿ ਰਾਜਨੀਤਕ, ਸਮਾਜਕ, ਤੇ ਧਾਰਮਕ ਜਹਾਦਾਂ ਲਈ ਸਾਧਾਰਨ ਲੋਕ ਹੀ ਮੈਦਾਨ ਵਿਚ ਨਿਤਰਿਆ ਕਰਦੇ ਹਨ। ਇਸ ਲਈ ਵਾਰ ਦੀ ਬੋਲੀ ਸੌਖੀ ਤੇ ਜਨ ਸਾਧਾਰਨ ਦੇ ਸਮਝ ਵਿਚ ਆਉਣ ਵਾਲੀ ਹੋਣੀ ਚਾਹੀਦੀ ਹੈ। ਔਖੀ ਬੋਲੀ ਪਾਠਕ ਜਾਂ ਸਰੋਤਿਆਂ 'ਤੇ ਆਪਣਾ ਠੀਕ ਪ੍ਰਭਾਵ ਪਾਉਣ ਵਿਚ ਸਫਲ ਨਹੀਂ ਰਹੇਗੀ। ਸਾਧਾਰਨ ਹੋਣ ਦੇ ਬਾਵਜੂਦ ਵੀ ਵਾਰ ਦੀ ਬੋਲੀ ਵਾਯੂਮੰਡਲ ਵਿਚ ਛਣਕਾਰ ਪੈਦਾ ਕਰਨ ਵਾਲੀ ਹੁੰਦੀ ਹੈ ਅਤੇ ਇਸ ਵਿਚ ਤਲਖੀ ਵਾਲੇ ਅੱਖਰਾਂ (ਪ,ਗ,ਘ,ਙ,ਣ,ਤ,ੜ) ਦੀ ਵਰਤੋਂ ਆਮ ਹੁੰਦੀ ਹੈ। ਵਾਰ ਦੀ ਬੋਲੀ ਦੀ ਇਕ ਸਿਫਤ ਇਹ ਵੀ ਹੁੰਦੀ ਹੈ ਕਿ ਇਹ ਵਲਵਲਿਆਂ ਨੂੰ ਉਭਾਰਨ ਵਾਲੀ ਹੁੰਦੀ ਹੈ। ਇਸ ਲਈ ਵਾਰਾਂ ਨੂੰ ਪੜ੍ਹ ਪੜ੍ਹ ਕੇ ਜਾਂ ਸੁਣ ਸੁਣ ਕੇ ਹੱਥ ਹਥਿਆਰਾਂ 'ਤੇ ਆਪਣੇ ਆਪ ਹੀ ਚਲੇ ਜਾਂਦੇ ਹਨ।੭
ਚੰਡੀ ਦੀ ਵਾਰ ਇਨ੍ਹਾਂ ਗੁਣਾਂ ਦੀ ਧਾਰਨੀ ਹੈ। ਬੀਰ ਰਸ ਉਪਜਾਉਣ ਲਈ ਤਲਖੀ ਵਾਲੀਆਂ ਧੁਨੀਆਂ ਦੀ ਵਰਤੋਂ ਕੀਤੀ ਗਈ ਹੈ। ਭਾਵੇਂ ਇਸ ਵਿਚ ਸੰਸਕ੍ਰਿਤ, ਬ੍ਰਜ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਮਿਲਦੀ ਹੈ ਪਰ ਇਸ ਦੀ ਭਾਸ਼ਾ ਜਨ ਸਾਧਾਰਨ ਦੇ ਸਮਝ ਵਿਚ ਆਉਣ ਵਾਲੀ ਹੈ। ਜੋਗਿੰਦਰ ਸਿੰਘ ਕਿਰਨ ਇਸ ਨੂੰ ਭਾਸ਼ਾ ਪੱਖੋਂ ਉੱਤਮ ਰਚਨਾ ਕਰਾਰ ਦਿੰਦਾ ਹੋਇਆ ਲਿਖਦਾ ਹੈ ਕਿ ਬੀਰ ਰਸੀ ਸ਼ਬਦਾਵਲੀ ਤੇ ਵਾਯੂਮੰਡਲ ਕਰ ਕੇ ਇਸ ਵਾਰ ਦੀ ਵਿਸ਼ੇਸ਼ ਮਹਾਨਤਾ ਹੈ। ਇੰਨੀ ਬਲਵਾਨ ਬੀਰ ਰਸੀ ਬੋਲੀ ਵਿਚ ਰਚੀ ਹੋਈ ਕੋਈ ਹੋਰ ਵਾਰ ਨਹੀਂ ਮਿਲਦੀ। ਰਣ-ਭੂਮੀ ਤੇ ਘਟਨਾਵਾਂ ਦਾ ਵਰਨਣ ਬੜਾ ਯਤਾਰਥਕ, ਕਲਾਤਮਕ 'ਤੇ ਸੁਹਜਾਤਮਕ ਹੈ। ਰਣਭੂਮੀ ਦਾ ਵਰਨਣ ਇੰਨਾ ਸੁੰਦਰ ਤੇ ਕਲਾਤਮਕ ਹੈ ਕਿ ਲੜਾਈ ਦਾ ਸਾਰਾ ਨਜ਼ਾਰਾ ਅੱਖਾਂ ਸਾਹਮਣੇ ਆ ਜਾਂਦਾ ਹੈ।੮ ਇਹੋ ਕਾਰਨ ਹੈ ਕਿ ਇਸ ਦੀ ਬੀਰ ਰਸੀ ਸ਼ਬਦਾਵਲੀ ਤੇ ਸਾਧਾਰਨ ਭਾਸ਼ਾ ਕਰਕੇ ਇਸ ਨੂੰ ਪੜ੍ਹਨ ਜਾਂ ਸੁਣਨ ਵਾਲੇ ਯੁੱਧ ਕਰਨ ਲਈ ਤਿਆਰ ਹੋ ਜਾਂਦੇ ਹਨ।
੭. ਰਸ: ਬੀਰ ਰਸੀ ਵਾਰਾਂ ਵਿਚ ਬੀਰ ਰਸ ਪ੍ਰਧਾਨ ਹੁੰਦਾ ਹੈ ਤੇ ਅਧਿਆਤਮਕ ਵਾਰਾਂ ਵਿਚ ਸ਼ਾਤ ਰਸ ਪ੍ਰਮੁੱਖ ਹੁੰਦਾ ਹੈ। ਬਾਕੀ ਰਸ ਹੁੰਦੇ ਹਨ ਪਰ ਉਹ ਇਸ ਕੇ ਅਧੀਨ ਹੁੰਦੇ ਹਨ। ਵਾਰ ਵਿਚ ਉਤਸ਼ਾਹ ਹੋਣਾ ਜਰੂਰੀ ਹੈ ਤੇ ਬੀਰ ਰਸ ਦਾ ਸਥਾਨ ਉਤਸ਼ਾਹਜਨਕ ਹੈ। ਜੇ ਇਹ ਨਹੀਂ ਤਾਂ ਇਹ ਕਿੱਸਾ, ਮਰਸੀਆ, ਕਸੀਦਾ ਜਾਂ ਜੰਗਨਾਮਾ ਬਣ ਜਾਵੇਗਾ।੯ ਚੰਡੀ ਦੀ ਵਾਰ ਵਿਚ ਕਰਤਾ ਨੇ ਬੀਰ ਰਸ ਨੂੰ ਕਿਤੇ ਵੀ ਮੱਠਿਆਂ ਨਹੀਂ ਪੈਣ ਦਿੱਤਾ। ਬੀਰ ਰਸ ਸਾਰੀ ਵਾਰ ਵਿਚ ਇਕੋ ਜਿਹਾ ਤੀਬਰ ਭਰਿਆ ਗਿਆ ਹੈ। ਬੀਰ ਰਸ ਪ੍ਰਧਾਨ ਹੈ, ਹਾਸ ਰਸ, ਵੀਭਤਸ, ਅਦਭੁੱਤ, ਕਰੁਣਾ ਆਦਿ ਰਸ ਗੌਣ ਹਨ। ਹਾਸਰਸ ਦੀ ਜਿਥੇ ਵਰਤੋਂ ਕੀਤੀ ਹੈ ਉੱਥੇ ਵੀ ਬੀਰ ਰਸ ਨੂੰ ਮੱਠੀਆਂ ਨਹੀਂ ਪੈਣ ਦਿੱਤਾ।੧੦ ਵੈਸੇ, ਚੰਡੀ ਦੀ ਵਾਰ ਵਿਚ ਇਕ ਵੀ ਤੁਕ ਕੇਵਲ ਮਨੋਰੰਜਨ ਦੇ ਤੌਰ 'ਤੇ ਨਹੀਂ ਲਿਖੀ ਗਈ, ਸਗੋਂ ਆਰੰਭ ਤੋਂ ਹੀ ਬੀਰ ਰਸ ਦੀ ਪ੍ਰਧਾਨਤਾ ਹੈ ਤੇ ਅੰਤ ਤਕ ਉਸੇ ਗਰਮ ਜੋਸ਼ੀ ਨਾਲ ਨਿਭਦੀ ਹੈ।੧੧
(ਰਸਾਂ ਬਾਰੇ ਵਿਸਥਾਰ ਪੂਰਵਕ ਚਰਚਾ ਅਗਲੇ ਅਧਿਆਇ ਵਿਚ ਕੀਤੀ ਗਈ ਹੈ।)
੮. ਅਲੰਕਾਰ : ਭਾਰਤੀ ਸਾਹਿਤ ਵਿਚ ਅਲੰਕਾਰ ਵਰਤਨ ਦੀ ਪਰੰਪਰਾ ਥੌੜ੍ਹੀ ਜਾਂ ਬਹੁਤੀ ਉਹੀ ਹੈ, ਜਿਸ ਦਾ ਅਮੀਰ ਵਿਰਸਾ ਸੰਸਕ੍ਰਿਤ, ਅਪਭ੍ਰੰਸ਼ ਅਤੇ ਪ੍ਰਾਕ੍ਰਿਤਾਂ ਵਿਚ ਮਿਲਦਾ ਹੈ। ਅਲੰਕਾਰ ਉਸਾਰਨਾ ਕਾਵਿ-ਨਿਪੁੰਨਤਾ ਦਾ ਰਾਹ ਸਮਝਿਆ ਜਾਂਦਾ ਹੈ ਅਤੇ ਇਸ ਲਈ ਮਧ-ਕਾਲੀਨ ਸਮੇਂ ਦੇ ਕਵੀਆਂ ਨੇ ਇਸ ਪਾਸੇ ਵਿਸ਼ੇਸ਼ ਯਤਨ ਕੀਤੇ।੧੨ ਅਲੰਕਾਰ ਕਾਵਿ ਬਲਕਿ ਆਮ ਬੋਲੀ ਦੀ ਜਿੰਦ ਜਾਨ ਹੁੰਦੇ ਹਨ, ਜਿਨ੍ਹਾਂ ਤੋਂ ਬਗ਼ੈਰ ਕਵਿਤਾ ਦੀ ਸੁੰਦਰਤਾ ਤੇ ਜਮਾਲ ਕਾਇਮ ਨਹੀਂ ਹੋ ਸਕਦਾ। ਅਲੰਕਾਰ ਸਾਦੇ ਅਤੇ ਅਰੋਗੀ ਹੋਣੇ ਚਾਹੀਦੇ ਹਨ। ਇਹ ਰੋਜ਼ਾਨਾ ਜੀਵਨ ਵਿਚੋਂ ਚੁਣੇ ਜਾਣ ਤਾਂ ਕਵੀ ਦੇ ਜਜ਼ਬੇ ਠੀਕ ਤਰ੍ਹਾਂ ਉੱਘੜ ਆਉਣ ਤੇ ਪਾਠਕ ਕਵੀ ਦੇ ਭਾਵ ਨੂੰ ਸਪੱਸ਼ਟ ਰੂਪ ਵਿਚ ਸਮਝ ਸਕਣ।੧੩ ਵਾਰਾਂ ਵਿਚ ਅਲੰਕਾਰਾਂ ਦੀ ਵਰਤੋਂ ਕਵਿਤਾ ਦੇ ਪ੍ਰਭਾਵ ਨੂੰ ਹੋਰ ਡੂੰਘੇਰਾ, ਹੋਰ ਵਧੇਰਾ, ਹੋਰ ਤਿਖੇਰਾ ਬਣਾਉਂਦੀ ਹੈ।੧੪ ਵਾਰਾਂ ਵਿਚ ਵਧੇਰੇ ਕਰਕੇ ਅਤਿਕਥਨੀ ਅਲੰਕਾਰ ਵਰਤਿਆ ਜਾਂਦਾ ਹੈ ਕਿਉਂਕਿ ਵਾਰਾਂ ਬੀਰ-ਰਸੀ ਤੇ ਪ੍ਰਸ਼ਾੰਸਤਮਕ ਰਚਨਾਵਾਂ ਹੁੰਦਿਆਂ ਹਨ। ਸ਼ਬਦ ਅਲੰਕਾਰਾਂ ਵਿਚੋਂ ਅਨੁਪ੍ਰਾਸ ਆਮ ਤੌਰ 'ਤੇ ਵਾਰਾਂ ਵਿਚ ਵਰਤਿਆ ਜਾਂਦਾ ਹੈ ਅਤੇ ਅਰਥ ਅਲੰਕਾਰਾਂ ਵਿਚੋਂ ਦ੍ਰਿਸ਼ਟਾਂਤ, ਉਪਮਾ 'ਤੇ ਰੂਪਕ ਦੀ ਵਰਤੋਂ ਚੌਖੀ ਮਾਤਰਾ ਵਿਚ ਹੋਇਆ ਕਰਦੀ ਹੈ। ਪਰ ਇਹਨਾਂ ਅਲੰਕਾਰਾਂ ਦੇ ਉਪਮਾਨ ਆਮ ਜੀਵਨ ਵਿਚੋਂ ਲਏ ਜਾਂਦੇ ਹਨ।੧੫
੯. ਕਾਵਿ ਨਿਆਂ: ਵਾਰ ਵਿਚ ਕਾਵਿ-ਨਿਆਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਇਸ ਅਨੁਸਾਰ ਵਾਰਕਾਰ ਜਿਥੇ ਨਾਇਕ ਦੀ ਬਹਾਦਰੀ ਦਾ ਜ਼ਿਕਰ ਕਰਦਾ ਹੈ, ਉਥੇ ਪ੍ਰਤੀਨਾਇਕ ਨੂੰ ਵੀ ਬਹਾਦਰ ਦਰਸਾਉਂਦਾ ਹੈ ਕਿਉਂਕਿ ਜਿੰਨਾ ਬਹਾਦਰ ਪ੍ਰਤੀਨਾਇਕ ਹੋਵੇਗਾ, ਉਤਨੀ ਹੀ ਸਖ਼ਤ ਟੱਕਰ ਹੋਵੇਗੀ। ਕਮਜ਼ੋਰ ਪ੍ਰਤੀਨਾਇਕ ਨੂੰ ਸੌਖਿਆਂ ਹੀ ਹਰਾਇਆ ਜਾ ਸਕਦਾ ਹੈ ਪਰ ਸਰੋਤਿਆਂ ਦੇ ਮਨ 'ਤੇ ਇਸ ਦਾ ਪ੍ਰਭਾਵ ਬਲਵਾਨ ਨਹੀਂ ਹੋਵੇਗਾ। ਨਾਇਕ ਤੇ ਪ੍ਰਤੀਨਾਇਕ ਵਿਚ ਵਖਰੇਵਾਂ ਜ਼ਰੂਰ ਰੱਖਿਆ ਜਾਂਦਾ ਹੈ। ਨਾਇਕ ਚੰਗੇ ਗੁਣਾਂ ਦਾ ਧਾਰਨੀ ਹੁੰਦਾ ਹੈ ਤੇ ਉਸਦਾ ਕਾਰਜ ਕਲਿਆਣੀ ਹੁੰਦਾ ਹੈ। ਪ੍ਰਤੀਨਾਇਕ ਦੀ ਰੁਚੀ ਨਕਾਰਤਮਕ ਤੇ ਢਾਹੂੰ ਹੁੰਦੀ ਹੈ। ਇਹੋ ਕਾਰਨ ਹੈ ਕਿ ਸਰੋਤੇ/ਪਾਠਕਾਂ ਦੀ ਹਮਦਰਦੀ ਉਸ ਨਾਲ ਨਹੀਂ ਹੁੰਦੀ।
ਚੰਡੀ ਦੀ ਵਾਰ ਵਿਚ ਗੁਰੂ ਸਾਹਿਬ ਨੇ ਕਾਵਿ-ਨਿਆਂ ਨੂੰ ਧਿਆਨ ਵਿਚ ਰੱਖਿਆ ਹੈ। ਉਹਨਾਂ ਨੇ ਜਿਥੇ ਦੁਰਗਾ ਦੀ ਬਹਾਦਰੀ ਦਾ ਵਰਣਨ ਕੀਤਾ ਹੈ, ਉਥੇ ਪ੍ਰਤੀਨਾਇਕ ਦੈਂਤਾਂ ਦੀ ਬਹਾਦਰੀ ਨੂੰ ਵੀ ਰੂਪਮਾਨ ਕੀਤਾ ਹੈ। ਦੈਂਤਾਂ ਨੂੰ ਸਿਰਲੱਥੇ ਜੋਧੇ ਦਰਸਾਇਆ ਹੈ, ਜਿਹੜੇ ਮੌਤ ਨੂੰ ਤਾਂ ਕਬੂਲ ਕਰ ਲੈਂਦੇ ਹਨ ਪਰ ਈਨ ਨਹੀਂ ਮੰਨਦੇ। ਉਹ ਏਨੀ ਬਹਾਦਰੀ ਨਾਲ ਲੜਦੇ ਹਨ ਕਿ ਮੈਦਾਨੇ ਜੰਗ ਵਿਚ ਪਾਣੀ ਨਹੀਂ ਮੰਗਦੇ:
ਕਦੇ ਨ ਨੱਠੈ ਜੁੱਧ ਤੇ ਜੋਧੇ ਜੁਝਾਰੇ ॥
ਦਿਲ ਵਿਚ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥..
ਰਾਕਸ ਰਣੋ ਨ ਭੱਜਨ ਰੋਹੇ ਰੋਹਲੇ ॥
ਸੀਹਾਂ ਵਾਂਗੂ ਗੱਜਣ ਸੱਭੇ ਸੂਰਮੇ ॥
ਤਣਿ ਤਣਿ ਕੈਬਰ ਛੱਡਨ ਦੁਰਗਾ ਸਾਮਣੇ ॥
ਗੁਰੂ ਸਾਹਿਬ ਨੇ ਜਿਥੇ ਦੁਰਗਾ ਦੀ ਬਹਾਦਰੀ ਦਾ ਜੱਸ ਗਾਇਆ ਹੈ ਉਥੇ ਦੈਂਤਾਂ ਦੀ ਵੀ ਸ਼ਲਾਘਾ ਕੀਤੀ ਹੈ। ਨਿਸੁੰਭ ਦੈਂਤ ਦੀ ਸ਼ਲਾਘਾ ਕਰਦੇ ਹੋਏ ਉਹ ਲਿਖਦੇ ਹਨ:
ਬੀਰ ਪਲਾਣੋ ਡਿੱਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥
ਸਾਬਾਸ ਸਲੋਣੇ ਖਾਨ ਕਉ ॥ ਸਦ ਸਾਬਾਸ ਤੇਰੇ ਤਾਣ ਕਉ ॥
ਤਾਰੀਫਾਂ ਪਾਨ ਚਬਾਨ ਕਉ ॥ ਸਦ ਰਹਮਤ ਕੈਫਾਂ ਖਾਣ ਕਉ ॥
ਸਦ ਰਹਮਤ ਤੁਰੇ ਨਚਾਣ ਕਉ ॥
ਉਪਰੋਕਤ ਚਰਚਾ ਤੋਂ ਸਿੱਧ ਹੋ ਜਾਂਦਾ ਹੈ ਕਿ ਚੰਡੀ ਦੀ ਵਾਰ ਵਿਚ ਵਾਰ ਦੇ ਸਾਰੇ ਲੱਛਣ ਮੌਜੂਦ ਹਨ ਤੇ ਇਹ ਇਕ ਸਫਲ ਵਾਰ ਹੈ। ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।
ਹਵਾਲੇ ਅਤੇ ਟਿੱਪਣੀਆਂ
੧. ਪੰਜਾਬ ਦੀਆਂ ਵਾਰਾਂ, ਪੰਨਾ ੬.
੨. ਪੰਜਾਬੀ ਵਾਰਾਂ, ਪੰਨਾ ੧੧-੧੬
੩. ਸੂਫ਼ੀਵਾਦ ਤੇ ਹੋਰ ਲੇਖ, ਪੰਨਾ ੮੬
੪. ਵਿਚਾਰਧਾਰਾ, ਪੰਨਾ ੧੭੩
੫. ਉਹੀ
੬. ਪੰਜਾਬੀ ਯੁਨੀਵਰਸਿਟੀ ਪੰਜਾਬੀ ਸਾਹਿਤ ਕੋਸ਼, ਪੰਨੇ ੪੦੭-੪੦੩
੭. ਜੀਤ ਸਿੰਘ ਸੀਤਲ, ਚੰਡੀ ਦੀ ਵਾਰ, ਪੰਨਾ ੭੧
੮. 'ਮੱਧਕਾਲ ਦੀਆਂ ਬੀਰ ਰਸੀ ਵਾਰਾਂ', ਪੰਜਾਬੀ ਬੀਰ ਸਾਹਿਤ, (ਸੰਪਾ. ਝਤਿ ਸਿੰਘ ਸੀਤਲ), ਪੰਨਾ ੭੬.
੯. ਪ੍ਰੀਤਮ ਸਿੰਘ, ਪੰਜਾਬੀ ਸਾਹਿਤ ਵਿਚ ਬੀਰ ਕਾਵਿ ਦਾ ਵਿਕਾਸ, ਪੰਨਾ ੧੨੮
੧੦. ਗੁਰਦੀਪ ਸਿੰਘ, 'ਨਾਦਰਸ਼ਾਹ ਤੇ ਚੰਡੀ ਦੀ ਵਾਰ', ਪੰਜਾਬੀ ਬੀਰ ਸਾਹਿਤ (ਸੰਪਾ. ਜੀਤ ਸਿੰਘ ਸੀਤਲ), ਪੰਨਾ ੨੫੨
੧੧. ਉਹੀ, ਪੰਨਾ ੨੫੪
੧੨. ਪ੍ਰੀਤਮ ਸਿੰਘ, ਪੰਜਾਬੀ ਸਾਹਿਤ ਵਿਚ ਬੀਰ ਕਾਵਿ ਦਾ ਵਿਕਾਸ, ਪੰਨਾ ੧੨੮
੧੩. ਕਾਲਾ ਸਿੰਘ ਬੇਦੀ, ਵਾਰ ਸ੍ਰੀ ਭਗਉਤੀ ਜੀ ਕੀ, ਪੰਨੇ ੧੮੦-੧੮੧
੧੪. ਗੁਰਦੀਪ ਸਿੰਘ, 'ਨਾਦਰਸ਼ਾਹ ਤੇ ਚੰਡੀ ਦੀ ਵਾਰ', ਪੰਜਾਬੀ ਬੀਰ ਸਾਹਿਤ (ਸੰਪਾ. ਜੀਤ ਸਿੰਘ ਸੀਤਲ), ਪੰਨਾ ੨੬੧
੧੫. ਜੀਤ ਸਿੰਘ ਸੀਤਲ, ਚੰਡੀ ਦੀ ਵਾਰ, ਪੰਨਾ ੭੨