ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।
ਪ੍ਰੇਮ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਚਿੱਤਰ ਰਚਨਾ ਕਰਦਾ ਆ ਰਿਹਾ ਹੈ। ਨਿਰੰਤਰਤਾ ਉਸ ਦੀ ਰੁਚੀ ਅਤੇ ਝੁਕਾਅ ਨੂੰ ਉਭਾਰਦੀ ਹੈ। ਜ਼ਾਹਿਰ ਹੈ ਕਿ ਇੰਨੇ ਲੰਮੇ ਵਕਫ਼ੇ ਵਿੱਚ ਫੇਲੇ ਪ੍ਰਗਟਾਵੇ ਦਾ ਇੱਕ ਵਿਸ਼ਾ ਜਾਂ ਮਾਧਿਅਮ ਨਹੀਂ ਹੋ ਸਕਦਾ। ਆਪਣੀ ਬਦਲਦੀ ਸੋਚ ਨਾਲ ਆਲੇ ਦੁਆਲੇ ਦੀ ਉਥਲ ਪੁਥਲ ਰਚਨਾਕਰ ਨੂੰ ਪ੍ਰਭਾਵਿਤ ਕਰਦੀ ਹੈ। ਉਂਜ ਜ਼ਰੂਰੀ ਨਹੀਂ ਕਿ ਰਚੇਤਾ ਹਰ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਰੱਖੇ। ਇਸ ਦੇ ਬਾਵਜੂਦ ਸਮਾਜ ਪ੍ਰਤੀ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਉਹ ਆਪਣੀ ਸਮਰੱਥਾ ਅਨੁਸਾਰ ਨਿਭਾਉਂਦਾ ਨਜਿੱਠਦਾ ਹੈ।
ਪ੍ਰੇਮ ਸਿੰਘ ਦਾ ਸਮੁੱਚਾ ਕੰਮ ਪੜਾਵਾਂ ਵਿੱਚ ਵੰਡਿਆ ਹੋਇਆ ਹੈ। ਆਮ ਤੌਰ 'ਤੇ ਚਿੱਤਰਕਾਰ ਰੋਗਨੀ ਰੰਗ ਇਸਤੇਮਾਲ ਕਰਦੇ ਹਨ ਤਾਂ ਵੀ ਕਿਸੇ ਵੇਲੇ ਖ਼ਾਸ ਪੜਾਅ, ਖ਼ਾਸ ਮਾਧਿਅਮ ਵਿੱਚ ਹੀ ਸੋਭਦਾ ਹੈ। ਚਿੱਤਰਕਾਰ ਪ੍ਰੇਮ ਸਿੰਘ ਦੇ ਜੀਵਨ ਵਿੱਚ ਅਜਿਹਾ ਦੌਰ ਵੀ ਆਉਂਦਾ ਹੈ, ਜਦੋਂ ਉਹ ਸਿਆਹ ਸਮੇਂ ਦੀਆਂ ਘਟਨਾਵਾਂ ਨੂੰ ਲਕੀਰਦਾ ਹੈ ਜਦੋਂ ਸਿੱਖ ਆਪਣੇ ਹੀ ਦੋਸ਼ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਸਨ।
ਅੱਜਕੱਲ੍ਹ ਦਾ ਵਿਅਕਤੀ ਵੀ ਹਿੰਸਾ ਦਾ ਵਾਹਕ ਬਣ ਕੇ ਖ਼ੁਦ 'ਤੇ ਮਾਣ ਕਰਦਾ ਹੈ। ਅੱਜ ਦਾ ਦੌਰ ਸੋਚ ਨੂੰ ੩੩-੩੪ ਸਾਲ ਪਿੱਛੇ ਲੈ ਜਾਂਦਾ ਹੈ ਜਦੋਂ ਸਾਰੇ ਦੇਸ਼ ਵਿੱਚ ਇਕਸਾਰ ਹਿੰਸਾ ਫੇਲੀ ਸੀ। ਸਿੱਖਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਵੱਡੀ ਗਿਣਤੀ ਵਿੱਚ ਲੋਕ ਇਕਮੁੱਠ ਹੋ ਗਏ ਸਨ। ਹੁਣ ਦੇ ਹਾਲਾਤ ਉਨ੍ਹਾਂ ਦਿਨਾਂ ਤੋਂ ਵੱਖਰੇ ਨਹੀਂ ਹਨ। ਸੰਨ ਚੁਰਾਸੀ ਦੀ ਹਿੰਸਾ ਨੇ ਭਾਰਤ ਵਿੱਚ ਹੋਣ ਵਾਲੀ ਹਿੰਸਾ ਨੂੰ ਨਵਾਂ ਮੋੜ ਦਿੱਤਾ।
ਦਿੱਲੀ ਦੰਗਿਆਂ ਤੋਂ ਹਫ਼ਤਾ ਕੁ ਬਾਅਦ ਪ੍ਰੇਮ ਸਿੰਘ ਚੰਡੀਗੜ੍ਹੋਂ, ਦਿੱਲੀ ਆਉਂਦਾ ਹੈ ਤਾਂ ਕਿ ਸ੍ਰੀਧਰਾਣੀ ਆਰਟ ਗੈਲਰੀ ਵਿੱਚ ਆਪਣੇ ਕੰਮ ਦੀ ਨੁਮਾਇਸ਼ ਲਗਾ ਸਕੇ। ਇਹ ਯਾਤਰਾ ਪਰਿਵਾਰਕ ਜੀਆਂ ਦੀ ਮਨਾਹੀ ਦੇ ਬਾਵਜੂਦ ਕੀਤੀ ਜਾਂਦੀ ਹੈ। ਸ਼ੋਅ ਦੌਰਾਨ ਪੇਂਟਰ ਦਿੱਲੀ ਮਾਹੌਲ ਨੂੰ ਦੇਖਦਾ ਹੈ, ਮਿਲਣ ਆਏ ਲੋਕਾਂ ਦੀ ਹੱਡਬੀਤੀ ਸੁਣਦਾ ਹੈ। ਜੋ ਕੁਝ ਵੀ ਦੇਖਿਆ ਸੁਣਿਆ ਜਾਂਦਾ ਹੈ, ਉਹ ਚਿੱਤਰਕਾਰ ਦੇ ਮਨ ਨੂੰ ਬੁਰੀ ਤਰ੍ਹਾਂ ਵਲੂੰਧਰਦਾ ਹੈ। ਦੇਖਿਆ ਸੁਣਿਆ ਉਸ ਦੇ ਪ੍ਰਗਟਾਵੇ ਨੂੰ ਬਦਲ ਦਿੰਦਾ ਹੈ ਅਤੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੁੰਦੀ ਹੈ। ਪ੍ਰੇਮ ਸਿੰਘ 'ਇਮੇਜਿਜ਼ ਆਫ ਸਕਾਰਡ ਸਿਟੀ' ਦੇ ਸਿਰਲੇਖ ਨਾਲ ਨਵੀਂ ਚਿੱਤਰ ਲੜੀ ਸ਼ੁਰੂ ਕਰਦਾ ਹੈ। ਦਿਖਾਈ ਦੇ ਰਹਾ ਰੇਖਾਂਕਣ ਉਸੇ ਲੜੀ ਵਿਚੋਂ ਇੱਕ ਹੈ। ਇੱਕ ਆਕਾਰ ਦਰਸ਼ਕ ਵੱਲ ਪਿੱਠ ਕਰਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਆਕਾਰ ਦੀ ਪਿੱਠ ਤਾਂ ਸਾਡੇ ਵੱਲ ਹੈ, ਪਰ ਉਹ ਦੇਖ ਬਾਹਰ ਵੱਲ ਰਿਹਾ ਹੈ ਅਤੇ ਜਿਸ ਅੱਗੇ ਖੜ੍ਹਾ ਹੋ ਕੇ ਦੇਖਿਆ ਜਾ ਰਿਹਾ ਹੈ, ਉਹ ਘਰ ਦਾ ਦਰਵਾਜ਼ਾ ਹੈ। ਡਰਾਇੰਗ ਦੱਸਦੀ ਹੈ ਕਿ ਬਾਹਰ ਘੁੱਪ ਹਨੇਰਾ ਹੈ। ਜਾਹਿਰ ਹੈ ਕਿ ਦੇਖਣ ਵਾਲੇ ਦੀਆਂ ਅੱਖਾਂ ਦੂਰ ਦੂਰ ਤਕ ਤਾਂ ਕੀ ਹੱਥ ਦੋ ਹੱਥ ਤਕ ਦੇਖਣੋ ਅਸਮਰੱਥ ਹਨ।
ਇਹਦੇ ਨਾਲ ਜੁੜਵੀਂ ਇਕਾਈ ਹੈ, ਅੱਗ ਦੀਆਂ ਨਿੱਕੀਆਂ ਨਿੱਕੀਆਂ ਪਰ ਸੰਘਣੀਆਂ ਲਾਟਾਂ ਹਨ ਜੋ ਬਾਹਰ ਵੱਲ ਨੂੰ ਫੈਲ ਰਹੀਆਂ ਹਨ। ਆਇਤਕਾਰ ਸਿਆਹ ਦਰਵਾਜ਼ੇ ਦੁਆਲੇ ਚੁਗਾਠ ਹੋਣੀ ਚਾਹੀਦੀ ਸੀ, ਪਰ ਹੈ ਨਹੀਂ। ਦਰਵਾਜ਼ੇ ਦੇ ਤਿੰਨ ਪਾਸੇ ਅੱਗ ਦੀਆਂ ਲਪਟਾਂ ਹਨ। ਏਧਰ ਖੜ੍ਹਾ ਆਕਾਰ ਜੇ ਬਾਹਰ ਪੈਰ ਪੁੱਟਦਾ ਹੈ ਤਾਂ ਉਹ ਅੱਗ ਦੀ ਲਪੇਟ ਵਿੱਚ ਆ ਸਕਦਾ ਹੈ।
ਇਹ ਸਥਿਤੀ ਸਾਧਾਰਨ ਜਿਹੀ ਲੱਗਦੀ ਹੈ। ਕਿਸੇ ਹੋਰ ਵੇਰਵੇ ਦਾ ਨਾ ਹੋਣਾ, ਇਸ ਨੂੰ ਹੋਰ ਸਾਧਾਰਨ ਬਣਾ ਦਿੰਦਾ ਹੈ। ਅਸੀਂ ਇਸੇ ਸਾਧਾਰਨਤਾ ਵਿੱਚੋਂ ਕੁਝ ਲੱਭਣਾ ਹੈ। ਕਾਗ਼ਜ਼ ਉੱਪਰ ਬਣੀ ਇਸ ਡਰਾਇੰਗ ਵਾਸਤੇ ਕਾਲੀ ਸਿਆਹੀ ਤੋਂ ਇਲਾਵਾ ਕਿਸੇ ਹੋਰ ਰੰਗ ਦੀ ਵਰਤੋਂ ਨਹੀਂ ਹੋਈ। ਦਰਵਾਜ਼ੇ ਤੋਂ ਬਾਹਰ ਖੜ੍ਹਾ ਹਨੇਰਾ, ਚੁਗਾਠ ਦੁਆਲੇ ਅੱਗ ਦੇ ਕਲੀਰੇ ਅਤੇ ਖ਼ੁਦ ਮਾਨਵੀ ਆਕਾਰ ਕਾਲੀ ਸਿਆਹੀ ਨਾਲ ਰੂਪਮਾਨ ਹੋਇਆ ਹੈ।
ਮਾਨਵੀ ਆਕਾਰ ਪੁਰਖ ਦਾ ਨਹੀਂ ਸਗੋਂ ਇਸਤਰੀ ਦਾ ਹੈ। ਇਹ ਚਿੱਤਰ ਦੇ ਭਾਵ ਅਤੇ ਪ੍ਰਭਾਵ ਨੂੰ ਬਦਲ ਦਿੰਦੀ ਹੈ। ਚਿੱਤਰ ਦੇ ਪਿਛੋਕੜ ਵਿੱਚ ਵਾਪਰੀ ਦੁਖਪੂਰਨ ਘਟਨਾ ਹੈ ਜਿਸ ਅਨੁਸਾਰ ਮੌਤ, ਅੱਗ ਅਤੇ ਤਬਾਹੀ ਤੁਰ ਕੇ ਘਰਾਂ ਤਕ ਆਈ ਸੀ। ਦਿਸ ਰਿਹਾ ਦ੍ਰਿਸ਼ ਇਨ੍ਹਾਂ ਇਕਾਈਆਂ ਦੇ ਆ ਕੇ ਤੁਰ ਜਾਣ ਦਾ ਹੈ, ਪਰ ਉਹ ਆਪਣੀਆਂ ਨਿਸ਼ਾਨੀਆਂ ਪਿੱਛੇ ਛੱਡ ਕੇ ਗਈਆਂ ਹਨ। ਇਕਾਈਆਂ ਦਾ ਰਹਿਣਾ ਭਾਵ ਡਰ ਦਾ ਟਿਕੇ ਰਹਿਣਾ ਹੈ।
ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਯੱਧ ਸੰਤਾਪ ਹੰਢਾਉਣ ਦਾ ਕੇਂਦਰ ਸਦਾ ਇਸਤਰੀ ਹੁੰਦੀ ਹੈ। ਇਹ ਸੱਚ ਹੈ ਕਿ ਚੁਰਾਸੀ ਦੀ ਹਿੰਸਾ ਦਾ ਸ਼ਿਕਾਰ ਅਣਜੰਮੇ ਬੱਚਿਆਂ ਤੋਂ ਲੈ ਕੇ ਮਰਨ ਨੂੰ ਝੁਰਦੇ ਜੀਆਂ ਤਕ ਨੂੰ ਬਣਾਇਆ ਗਿਆ। ਮਰਨ ਵਾਲਿਆਂ ਤੋਂ ਵੱਧ ਜਿਉਂਦੇ ਰਹਿ ਗਿਆਂ ਵਾਸਤੇ ਜੀਵਨ ਦੇ ਅਰਥ ਹੀ ਬਦਲ ਜਾਂਦੇ ਹਨ। ਲਕੀਰੀ ਚਿੱਤਰ ਦੀ ਪਾਤਰ, ਇਹਦਾ ਸੰਕੇਤ ਹੈ। ਇਹਦੇ ਲਈ ਘਰ ਅੰਦਰ ਟਿਕੇ ਰਹਿਣਾ ਜਾਂ ਘਰੋਂ ਬਾਹਰ ਨਿਕਲ ਜਾਣਾ ਇੱਕੋ ਜਿਹਾ ਹੈ। ਘਰ ਅੱਗ ਦੀ ਲਪੇਟ ਵਿੱਚ ਹੈ। ਬਾਹਰ ਸਿਆਹ ਕਾਲੀ ਰਾਤ ਉਹਦੇ ਲਈ ਕੀ ਸਾਂਭੀ ਬੈਠੀ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਕਿਰਦਾਰ ਦੀ ਇਕੱਲਤਾ ਹਰ ਤਰ੍ਹਾਂ ਦੇ ਦੁਖ ਨੂੰ ਜ਼ਰਬਾਂ ਦੇ ਰਹੀ ਹੈ। ਉਸ ਦਾ ਨਿਹੱਥਾ ਹੋਣਾ, ਉਸ ਕੋਲੋਂ ਕਿਸੇ ਵੀ ਤਰ੍ਹਾਂ ਦੀ ਬਦਲਾਖੋਰ ਹਿੰਸਾ ਦਾ ਸਰੋਤ ਖੋਹ ਲੈਂਦਾ ਹੈ।
ਉਸ ਦਾ ਇਕੱਲਾ ਹੋਣਾ ਹਾਲਾਤ ਨੂੰ ਗਹਿਰ ਗੰਭੀਰ ਬਣਾਉਂਦਾ ਹੈ। ਐਨ ਸਰਦਲ 'ਤੇ ਅਹਿਲ ਖੜ੍ਹੇ ਹੋਣਾ ਕਈ ਤਰ੍ਹਾਂ ਦੇ ਵਿਚਾਰ ਜਗਾਉਂਦਾ ਹੈ। ਇੱਕ, ਇਹ ਇਕੱਲੀ ਕਿਉਂ ਹੈ? ਦੋ, ਘਰ ਦੇ ਸਾਰੇ ਜੀਅ ਮਾਰ ਮੁਕਾ ਦਿੱਤੇ ਹਨ। ਵਲੂੰਧਰੀ ਹੋਈ ਉਹ ਘਰ ਤਿਆਗ ਹਨੇਰੇ ਵਿੱਚ ਗੁਆਚਣਾ ਚਾਹੁੰਦੀ ਹੈ। ਤਿੰਨ, ਕੀ ਹਨੇਰਗਰਦੀ ਦੀ ਪਸਰੀ ਨਾਉਮੀਦੀ ਵਿੱਚੋਂ ਕਿਸੇ ਪਾਸਿਓਂ ਉਮੀਦ ਨੂੰ ਲਭ ਰਹੀ ਹੈ? ਚਾਰ, ਭਵਿੱਖ ਉਹਦੇ ਵਾਸਤੇ ਹੁਣ ਰਹੱਸ ਹੈ ਜਿਸ ਪਾਸ ਕਿਸੇ ਤਰ੍ਹਾਂ ਦਾ ਰੰਗ ਨਹੀਂ ਹੈ, ਸਿਰਫ਼ ਸਿਆਹ ਸਿਆਹੀ ਹੈ?
ਆਮ ਤੌਰ 'ਤੇ ਮਨੁੱਖ ਦਾ ਸਰੀਰ ਅਤੇ ਉਸ ਦੇ ਹਾਵ-ਭਾਵ ਦੁਖ ਸੁਖ ਵੇਲੇ ਹਰਕਤ ਵਿੱਚ ਆ ਜਾਂਦੇ ਹਨ, ਪਰ ਇੱਥੋ ਏਦਾਂ ਨਹੀਂ ਹੋ ਰਿਹਾ। ਲੱਗਦਾ ਅਚਾਨਕ, ਅਣਕਿਆਸੀ ਆਉਣ ਵਾਲੀ ਹਿੰਸਾ ਨੇ ਵਿਅਕਤੀ ਨੂੰ ਪਥਰਾਅ ਦਿੱਤਾ। ਆਕਾਰ ਦਾ ਇੱਕ ਹੋਰ ਲੱਛਣ ਪ੍ਰਗਟ ਹੁੰਦਾ ਹੈ। ਉਸ ਦਾ ਸਿਰ ਅੱਗੇ ਨੂੰ ਝੁਕਿਆ ਹੋਇਆ ਹੈ ਅਤੇ ਬਹੁਪਰਤੀ, ਬਹੁਦਿਸ਼ਾਵੀ ਹਿੰਸਾ ਨੇ ਉਸ ਦਾ ਸਰੀਰ ਨਿੱਸਲ ਕਰ ਦਿੱਤਾ ਹੈ, ਭਾਵੇਂ ਚਾਦਰ ਦੀ ਬੁੱਕਲ ਕਾਫ਼ੀ ਕੁਝ ਲੁਕਾ ਲੈਂਦੀ ਹੈ।
ਇੱਕ ਹੋਰ ਜਗਿਆਸਾ ਉੱਸਲਵੱਟੇ ਲੈਂਦੀ ਹੈ ਕਿ ਇਹ ਆਕਾਰ ਪਿੱਠ ਕਰ ਦਰਸ਼ਕ ਸਾਹਮਣੇ ਹਾਜ਼ਰ ਕਿਉਂ ਨਹੀਂ ਹੈ? ਚਿੱਤਰਕਾਰ ਨੇ ਬਣੇ ਹੋਏ ਹੋਰ ਕੰਮ ਦੇਖਦੇ ਹਾਂ ਤਾਂ ਪਤਾ ਲਗਦਾ ਹੈ, ਉਥੇ ਸਿਰਫ਼ ਬੁੱਕਲਾਂ ਹੀ ਨਜ਼ਰ ਪੈਂਦੀਆਂ ਹਨ, ਚਿਹਰਾ ਕਿਸੇ ਦਾ ਨਹੀਂ ਦਿਸਦਾ। ਹੋ ਸਕਦਾ ਹੈ ਪੜ੍ਹੀ ਜਾ ਰਹੀ ਕਿਰਤ ਦਾ ਕਿਰਦਾਰ ਵੀ ਚਿਹਰਾ ਵਿਹੀਣ ਹੋਵੇ।
ਦੇਸ਼ ਵਿਦੇਸ਼ ਵਿੱਚ ਬੇਚਿਹਰੇ ਆਕਾਰ ਰਚਣ ਦੀ ਕਲਾ ਖੇਤਰ ਵਿੱਚ ਰੀਤ ਰਹੀ ਹੈ। ਚਿੱਤਰਕਾਰ ਪ੍ਰੇਮ ਸਿੰਘ ਨੇ ਡਰਾਇੰਗਾਂ ਲਈ ਰਪੀਡੋਗ੍ਰਾਫ ਦੀ ਮਦਦ ਲਈ ਹੈ ਜੋ ਜ਼ੀਰੋ ਨੰਬਰ ਤੋਂ ਸ਼ੁਰੂ ਹੁੰਦਾ ਹੈ। ਜਿਉਂ ਜਿਉਂ ਨੰਬਰ ਵਧਦਾ ਹੈ, ਉਸੇ ਅਨੁਸਾਰ ਲਕੀਰ ਦਾ ਮੋਟਾਪਣ ਵਧਦਾ ਜਾਂਦਾ ਹੈ।
ਪ੍ਰਸਤੁਤ ਡਰਾਇੰਗ ਦੀ ਚੋਣ ਅਨੇਕਾਂ ਡਰਾਇੰਗਾਂ ਵਿਚੋਂ ਕੀਤੀ ਹੈ। ਕੁਝ ਸਾਲ ਬੀਤਣ ਮਗਰੋਂ ਪੇਂਟਰ ਨੇ ਇਸੇ ਵਿਸ਼ੇ ਨੂੰ ਤੇਲ-ਰੰਗਾਂ ਵਿੱਚ ਵੀ ਨਿਭਾਇਆ। ਮਾਧਿਅਮ ਵਿਸ਼ੇ ਨੂੰ ਨਿਖਾਰਦਾ ਸੰਵਾਰਦਾ ਹੈ। ਇਹ ਨਹੀਂ ਕਿ ਇੱਕ ਤੋਂ ਵੱਧ ਆਕਾਰਾਂ ਵਾਲਾ ਕੰਮ ਕੀਤਾ ਹੀ ਨਹੀਂ। ਇੱਕ ਸਪੇਸ ਉੱਪਰ ਤਿੰਨ-ਚਾਰ ਰੂਪ-ਸਮੂਹ ਹਨ ਜਾਂ ਇੱਕ ਸਮੂਹ ਦੂਜੇ ਸਾਹਮਣੇ ਹੈ ਜਾਂ ਇੱਕ ਜਣਾ ਉਚੇਰੇ ਖੜ੍ਹਾ ਹੋਰਾਂ ਨੂੰ ਸੰਬੋਧਤ ਹੋਣ ਦਾ ਭਰਮ ਪੈਦਾ ਕਰ ਰਿਹਾ ਹੈ। ਇਹ ਸਥਿਤੀ ਆਪਣਾ ਦੁਖ ਸੁਖ ਦੂਜਿਆਂ ਨਾਲ ਸਾਂਝਾ ਕਰਨ ਦੀ ਹੈ। ਇਹ ਡਰਾਇੰਗ ਸਪੇਸ ਨੂੰ ਨਿਸ਼ਚਿਤ ਦਾਇਰੇ ਵਿੱਚ ਨਹੀਂ ਬੰਨ੍ਹਦੀ। ਬਿਲਕੁਲ ਨਿਸ਼ਚਿਤ ਹੈ ਤਾਂ ਉਹ ਦਰ ਤੋਂ ਬਾਹਰਲਾ ਸੰਸਾਰ ਹੈ ਜੋ ਕਿਸੇ ਰੰਗ ਭਾਵ ਦੀ ਪਛਾਣ ਨਹੀਂ ਕਰਦਾ। ਇਹ 'ਬਲੈਕ ਹੋਲ (ਸਿਆਹ ਸੁਰਾਖ਼)' ਜਿਹਾ ਪ੍ਰਤੀਤ ਹੋ ਰਿਹਾ ਹੈ। ਸਮਾਜ ਵਿੱਚੋਂ ਵਿਆਪਤ ਨਾਬਰਾਬਰੀ, ਅਨਿਆਂ, ਹਿੰਸਾ, ਹੱਕਾਂ ਦੀ ਉਲੰਘਣਾ ਵਰਗੇ ਤੱਤ ਸਾਂਝੀ ਤਬਾਹੀ ਦੇ 'ਬਲੈਕ ਹੋਲ' ਹਨ। ਅਸੀਂ ਤ੍ਰਾਸਦੀਆਂ ਹੁੰਦੀਆਂ ਦੇਖ ਰਹੇ ਹਾਂ ਜਿਵੇਂ ਇਹ ਕਿਰਦਾਰ। ਕੀ ਕਿਸੇ ਬੁਰਾਈ ਦੇ ਇਲਾਜ ਦਾ ਬੀਜ ਬੀਜਣ ਦਾ ਉਪਰਾਲਾ ਕਿਸੇ ਨੇ ਕੀਤਾ ਹੈ?