A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਸਿਖ ਨਾ ਹਿੰਦੂ ਹਨ ਤੇ ਨਾ ਹਿੰਦੂਆਂ ਦਾ ਹਿੱਸਾ

Author/Source: Gursagar Singh

ਸਿਖ ਨਾ ਹਿੰਦੂ ਹਨ ਤੇ ਨਾ ਹਿੰਦੂਆਂ ਦਾ ਹਿੱਸਾ
ਗੁਰਸਾਗਰ ਸਿੰਘ

(੧)
ਸਿੱਖ ਦੇ ਹਿੰਦੂ ਕੌਮ ਦਾ ਇਕ ਫਿਰਕਾ ਹੋਣ ਸੰਬੰਧੀ, ਹਿੰਦੂ-ਵਿਦਵਾਨਾਂ ਤੇ ਹਿੰਦੂ-ਨੇਤਾਵਾਂ ਵਲੋਂ ਤਰਕ-ਵਿਤਰਕ ਕਰਦਿਆਂ ਕਈ ਪ੍ਰਕਾਰ ਦੀਆਂ ਞ'ਦਲੀਲਾਂਞ' ਦਿੱਤੀਆਂ ਜਾਂਦੀਆਂ ਹਨ। ਆਪਣੀ ਸਵਾਰਥ ਸਿੱਧੀ ਲਈ ਬਹੁ-ਸੰਮਤੀ ਦੇ ਦਬਲ ਬਣ ਚੁੱਕੇ ਕੁਝ ਸਿੱਖ-ਸਰੂਪ ਨੇਤਾ ਵੀ, ਬਿਨਾਂ ਕਿਸੇ ਡੂੰਘੀ ਸੋਚ ਦੇ ਅਤੇ ਸਿੱਖ ਪਰੰਪਰਾਵਾਂ ਨੂੰ ਨਜ਼ਰ-ਅੰਦਾਜ਼ ਕਰ ਕੇ, ਅਜਿਹੀਆਂ 'ਦਲੀਲਾਂ' ਨੂੰ ਸਹੀ ਸਿੱਧ ਕਰਨ ਲਈ ਆਪਣਾ ਤ੍ਰਾਣ ਲਾਉਂਦੇ ਰਹਿੰਦੇ ਹਨ। ਸੋ ਸਭ ਤੋਂ ਪਹਿਲਾਂ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ 'ਦਲੀਲਾਂ' ਦੀ ਸਾਰਥਕਤਾ ਨੂੰ ਪਰਖ ਲਿਆ ਜਾਵੇ।

ਇਨ੍ਹਾਂ ਲੋਕਾਂ ਵਲੋਂ ਮੁਖ ਦਲੀਲ ਇਹ ਦਿੱਤੀ ਜਾਂਦੀ ਹੈ ਕਿ, "ਸਿੱਖ ਹਿੰਦੂਆਂ ਵਿਚੋਂ ਨਿਕਲੇ ਹਨ, ਇਸ ਲਈ ਹਿੰਦੂ ਕੌਮ ਦਾ ਅੰਗ ਹਨ"। ਇਹ ਦਲੀਲ ਸਿੱਖ-ਇਤਿਹਾਸ ਤੇ ਸਿੱਖ-ਪਰੰਪਰਾਵਾਂ ਨੂੰ ਅੱਖੋਂ ਓਹਲੇ ਕਰ ਕੇ ਦਿੱਤੀ ਜਾਂਦੀ ਹੈ, ਕਿਉਂਕਿ ਇਹ ਗੱਲ ਪਰਮਾਣਾਂ ਦੀ ਮੁਥਾਜ ਨਹੀਂ ਕਿ ਸਿਖ ਕੌਮ ਦਾ ਜਨਮ ਗੁਰੂ ਨਾਨਕ ਪਾਤਸ਼ਾਹ ਦੀ ਕੁੱਖੋਂ ਹੋਇਆ ਤੇ ਇਸਦਾ ਪਾਲਣ-ਪੋਸ਼ਣ ਗੁਰੂ ਦਸੋਂ ਪਾਤਸ਼ਾਹੀਆਂ ਦੀ ਗੋਦ ਵਿਚ ਹੋਇਆ। ਅਜਿਹੀ ਨਿਰਾਲੀ ਕੌਮ ਨੂੰ ਹਿੰਦੂਆਂ ਵਿਚੋਂ ਨਿਕਲੇ ਮੰਨ ਕੇ ਹਿੰਦੂ ਆਖਣਾ ਅਲਪ-ਗਿਆਨ ਦਾ ਹੀ ਸਬੂਤ ਹੈ। ਈਸਾਈ, ਜੋ ਯਹੂਦੀਆਂ ਵਿਚੋਂ ਨਿਕਲੇ, ਕੀ ਉਨ੍ਹਾਂ ਨੂੰ ਅੱਜ ਕੁਰੇਸ਼ੀ ਈਸਾਈ ਜਾਂ ਯਹੂਦੀ ਕਿਹਾ ਜਾ ਸਕਦਾ ਹੈ? ਭਾਰਤ ਵਿਚ ਵੀ ਬਹੁਤ ਸਾਰੇ ਹਿੰਦੂ ਰਾਜਸੀ ਪ੍ਰਭਾਵਾਂ ਕਰਕੇ ਮੁਸਲਮਾਨ ਤੇ ਈਸਾਈ ਬਣੇ, ਕੀ ਉਨ੍ਹਾਂ ਨੂੰ ਹਿੰਦੂ ਕਿਹਾ ਜਾ ਸਕਦਾ ਹੈ?

ਕਈ ਲੋਕ ਇਹ ਦਲੀਲ ਦਿੰਦੇ ਹਨ ਕਿ "ਸਿੱਖਾਂ" ਦੇ ਭਾਈਚਾਰਕ ਸੰਬੰਧ ਹਿੰਦੂਆਂ ਨਾਲ ਹਨ ਤੇ ਉਨ੍ਹਾਂ ਵਿਚ ਰਿਸ਼ਤੇ-ਨਾਤੇ ਵੀ ਹੁੰਦੇ ਹਨ, ਇਸ ਲਈ ਸਿੱਖ, ਹਿੰਦੂ ਹਨ"। ਇਹ ਦਲੀਲ ਵੀ ਸਿੱਖ-ਸਿਧਾਂਤਾਂ ਨੂੰ ਅੱਖੋਂ ਓਹਲੇ ਕਰ ਕੇ ਹੀ ਦਿੱਤੀ ਜਾਂਦੀ ਹੈ ਤੇ ਇਸਦਾ ਅਧਾਰ ਕੇਵਲ ਕੁਝ ਕੁ ਬ੍ਰਾਹਮਣੀ ਪ੍ਰਭਾਵ ਹੇਠ ਆ ਚੁੱਕੇ ਸਿੱਖ-ਸਰੂਪ ਲੋਕਾਂ ਵਲੋਂ ਸਿੱਖ ਮਰਯਾਦਾ ਦੀ ਉਲੰਘਣਾ ਕਰ ਕੇ ਕੀਤੇ ਰਿਸ਼ਤੇ-ਨਾਤੇ ਹੀ ਹਨ। ਸਿੱਖ ਲਈ ਤਾਂ ਆਦੇਸ਼ ਹਨ:-

(ੳ) ਨਾਤਾ ਗੁਰੂ ਕੇ ਸਿਖ ਨਾਲ ਕਰੇ। (ਰਹਿਤਨਾਮਾ ਭਾਈ ਚੌਂਪਾ ਸਿੰਘ
(ਅ) ਕੰਨਯਾ ਕੋ ਮਾਰੇ, ਮੋਨੇ ਕੋ ਕੰਨਯਾ ਦੇਵੇ, ਸੋ ਤਨਖਾਹੀਆ ਹੈ।
ਸਿੱਖ ਕੋ ਸਿੱਖ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ।
ਦਈ ਭਾਦਣੀ ਕੋ ਸੁਤਾ, ਅਹਿ ਮੁਖ ਅਮੀ ਚੁਆਇ। (ਰਹਿਤਨਾਮਾ ਭਾਈ ਦੇਸਾ ਸਿੰਘ
(ੲ) ਕੰਨਯਾ ਦੇਵੈ ਸਿਖ ਕੋ, ਲੇਵੈ ਨਹਿ ਕੁਛ ਦਾਮ।
ਸੋਈ ਮੇਰਾ ਸਿਖ ਹੈ, ਪਹੁੰਚੇਗੋ ਮਮ ਧਾਮ। (ਗੁਰ ਪ੍ਰਤਾਪ ਸੂਰਜ)

"ਰਸਮਾਂ ਰਿਵਾਜਾਂ ਵਿਚ ਹਿੰਦੂਆਂ ਨਾਲ ਸਾਂਝ" ਦੀ ਦਲੀਲ ਦੇ ਕੇ ਵੀ ਕਈ ਵਾਰ ਸਿੱਖਾਂ ਨੂੰ ਹਿੰਦੂ ਕਹਿ ਦਿਤਾ ਜਾਂਦਾ ਹੈ। ਪਰ ਵਾਸਤਵ ਵਿਚ ਸਿੱਖ-ਮਰਯਾਦਾ ਪੂਰੀ ਤਰ੍ਹਾਂ ਹਿੰਦੂਆਂ ਦੇ ਫੋਕਟ ਕਰਮ-ਕਾਂਡ ਜਾਲ ਤੋਂ ਵਿਲੱਖਣ ਹੈ। ਜੇ ਬਾਹਰੀ-ਰੂਪ ਵਿਚ ਮਿਰਤਕ-ਸੰਸਕਾਰ ਆਦਿ ਵਿਚ ਕੋਈ ਸਾਂਝ ਦਿੱਸਦੀ ਵੀ ਹੈ ਤਾਂ ਅਜਿਹਾ ਨਿਰਣਾ ਦੇਣ ਤੋਂ ਪਹਿਲਾਂ ਦੋਹਾਂ ਦੇ ਅੰਤਰੀਵ ਫ਼ਰਕ ਨੂੰ ਸਮਝਣਾ ਅਤਿ ਜ਼ਰੂਰੀ ਹੈ। ਕਿਥੇ ਸਿੱਖਾਂ ੦੪ ਵਲੋਂ ਮਿਰਤਕ ਸਰੀਰ ਨੂੰ ਸਾਂਭਣ ਲਈ ਗੁਰਬਾਣੀ ਦੇ ਕੀਰਤਨ ਤੇ ਪਾਠ ਦੁਆਰਾ ਕੀਤਾ ਮਿਰਤਕ-ਸੰਸਕਾਰ ਤੇ ਕਿਥੇ ਬ੍ਰਾਹਮਣਾਂ ਵਲੋਂ ਕਈ ਤਰ੍ਹਾਂ ਦੇ ਕਰਮ-ਕਾਂਡ ਕਰਵਾ ਕੇ, ਮਿਰਤਕ ਦੀ ਆਤਮਾ ਨੂੰ ਸੁੱਖ ਪਹੁੰਚਾਣ ਦੇ ਢੋਂਗ ਹੇਠ ਕਈ ਤਰ੍ਹਾਂ ਦੇ ਨਾਟਕਾਂ ਦੁਆਰਾ ਕੀਤਾ ਮਿਰਤਕ-ਸੰਸਕਾਰ? ਦੋਹਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਸਿੱਖ-ਮਰਿਯਾਦਾ ਅਨੁਸਾਰ ਹੋਰ ਰਸਮਾਂ ਰਿਵਾਜਾਂ ਸਮੇਂ ਵੀ ਕੇਵਲ ਗੁਰਬਾਣੀ ਦਾ ਹੀ ਓਟ-ਆਸਰਾ ਲਿਆ ਜਾਂਦਾ ਹੈ-ਗੁਰਬਾਣੀ ਪੜ੍ਹਨੀ, ਗੁਰਬਾਣੀ ਗਾਉਣੀ, ਗੁਰਬਾਣੀ ਅੰਦਰ ਵਸਾਉਣੀ, ਇਹ ਹੈ ਸਿੱਖ ਮਰਯਾਦਾ ਦਾ ਆਧਾਰ। ਇਸਦੇ ਉਲਟ ਮਹੂਰਤ ਕਢਣੇ, ਕਈ ਪ੍ਰਕਾਰ ਦੇ ਕਰਮ ਕਾਂਡ ਕਰਨੇ, ਬ੍ਰਾਹਮਣ ਦੇ ਪੌਂ ਬਾਰਾਂ ਕਰਾਉਣੇ, ਇਹ ਹੈ ਹਿੰਦੂ ਮਰਯਾਦਾ। ਸੋ ਵਾਸਤਵਿਕ ਅਰਥਾਂ ਵਿਚ ਸਿੱਖ ਰਸਮਾਂ ਰਿਵਾਜਾਂ ਦੀ ਹਿੰਦੂ ਰਸਮਾਂ, ਰਿਵਾਜਾਂ ਨਾਲ ਕੋਈ ਸਾਂਝ ਨਹੀਂ, ਇਸ ਕਰਕੇ ਇਸ ਦਲੀਲ ਦੇ ਆਧਾਰ ਤੇ ਵੀ ਸਿੱਖਾਂ ਨੂੰ ਹਿੰਦੂ ਆਖਣਾ ਉਚਿਤ ਨਹੀਂ।

ਕਈ ਲੋਕ ਤਾਂ ਗੁਰੂ ਸਾਹਿਬਾਨ ਦੇ ਹਿੰਦੂ ਹੋਣ ਦੀ ਹਮਾਕਤ-ਭਰੀ ਦਲੀਲ ਦੇ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਨਮਸਾਖੀਆਂ ਵਿਚ ਜ਼ਿਕਰ ਆਉਂਦਾ ਹੈ ਕਿ ਵੇਈਂ ਨਦੀ ਵਿਚੋਂ ਪ੍ਰਗਟ ਹੋਣ ਤੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਉਪਦੇਸ਼ ਇਹੀ ਸੀ ਕਿ "ਨਾ ਹਮ ਹਿੰਦੂ ਨਾ ਮੁਸਲਮਾਨ"। ਇਸ ਤਰ੍ਹਾਂ ਗੁਰੂ ਸਾਹਿਬ ਨੇ ਅਲ-ਐਲਾਨੀਆ ਆਪਣੇ ਹਿੰਦੂ ਅਥਵਾ ਮੁਸਲਮਾਨ ਹੋਣ ਤੋਂ ਇਨਕਾਰ ਕਰ ਦਿੱਤਾ। ਗੁਰ-ਜੋਤਿ ਜਦ ਦੂਸਰੇ ਗੁਰ-ਵਿਅਕਤੀਆਂ ਵਿਚ ਪ੍ਰਵੇਸ਼ ਕਰ ਜਾਂਦੀ ਰਹੀ, ਤਦੋਂ ਨਾਲ ਹੀ ਉਨ੍ਹਾਂ ਦੇ ਪਹਿਲੇ ਧਰਮ-ਸੰਸਕਾਰ ਮਿਟ ਜਾਂਦੇ ਰਹੇ। ਜੇਕਰ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਉਪਾਸ਼ਕ ਸਨ ਤਾਂ ਬਾਅਦ ਵਿਚ ਗੁਰ-ਸੰਗਤਿ ਵਿਚ ਆ ਜਾਣ ਤੇ "ਨਾ ਹਮ ਹਿੰਦੂ ਨ ਮੁਸਲਮਾਨ" ਵਾਲੇ ਮਿਸ਼ਨ ਵਿਚ ਪ੍ਰਵੇਸ਼ ਕਰ ਜਾਣ ਤੋਂ ਬਾਅਦ ਵੀ ਉਹ ਞ'ਹਿੰਦੂਞ' ਕਿਵੇਂ ਰਹਿ ਗਏ? ਗੁਰਬਾਣੀ ਵਿਚ ਕਈ ਥਾਈਂ ਹਿੰਦੂਆਂ ਦੇ ਕਰਮ-ਕਾਂਡੀ ਜਾਲ ਨੂੰ ਨਕਾਰਿਆ ਗਿਆ ਹੈ ਤੇ "ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥" ਕਿਹਾ ਗਿਆ ਹੈ। ਇਸ ਵਿਚਾਰ ਦੀ ਰੌਸ਼ਨੀ ਵਿਚ ਗੁਰੂ ਸਾਹਿਬਾਨ ਦੇ ਹਿੰਦੂ ਹੋਣ ਦੀ ਦਲੀਲ ਦੇਣੀ ਹਮਾਕਤ ਭਰੀ ਗ਼ਲਤੀ ਹੈ।

ਕਈ ਵਾਰ ਇਹ 'ਦਲੀਲਞ' ਦੇ ਕੇ ਗੁਰੂ ਸਾਹਿਬਾਨ ਨੂੰ ਹਿੰਦੂ ਸਿਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ "ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਞਞੂ ਦੀ ਰੱਖਿਆ ਲਈ ਕੁਰਬਾਨੀ ਕੀਤੀ ਸੀ"। ਪਰੰਤੂ ਇਹ ਦਲੀਲ ਦੇ ਕੇ ਅਜਿਹੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਅਸਲ ਮੰਤਵ ਨੂੰ ਨਜ਼ਰ-ਅੰਦਾਜ਼ ਕਰ ਜਾਂਦੇ ਹਨ। ਸਿੱਖ-ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੰਤਵ ਤਾਂ ਸਦੀਆਂ ਤੋਂ ਲਤਾੜੇ ਜਾ ਰਹੇ ਲੋਕਾਂ ਨੂੰ ਜੀਊਣ ਦੀ ਜਾਚ ਸਿਖਾਉਣਾ ਸੀ ਤੇ ਇਸੇ ਮੰਤਵ ਦੀ ਪੂਰਤੀ ਹਿੱਤ ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਜਾ ਕੇ ਕੁਰਬਾਨੀ ਦਿੱਤੀ। ਅਗਰ ਅਜਿਹਾ ਹੀ ਜ਼ੁਲਮ ਮੁਸਲਮਾਨਾਂ ਉੱਪਰ ਹੋ ਰਿਹਾ ਹੁੰਦਾ ਤਾਂ ਗੁਰੂ ਪਾਤਸ਼ਾਹ ਉਨ੍ਹਾਂ ਉਪਰ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਸ਼ਹਾਦਤ ਦੇਣੋਂ ਸੰਕੋਚ ਨਾ ਕਰਦੇ। ਗੁਰੂ-ਦਰ ਤੇ ਕੋਈ ਵੀ ਜ਼ੁਲਮ ਦਾ ਸਤਾਇਆ ਹੋਇਆ ਆਜਜ਼ੀ ਸਹਿਤ ਹਾਜ਼ਰ ਹੋਇਆ, ਗੁਰੂ ਦਰ ਤੋਂ ਉਸਨੂੰ ਬਖ਼ਸ਼ੀਸ ਤੇ ਅਸੀਸ ਹੀ ਮਿਲੀ-ਚਾਹੇ ਉਹ ਮੁਗਲ ਬਾਦਸ਼ਾਹ ਹਮਾਯੂੰ ਹੀ ਕਿਉਂ ਨਾ ਹੋਵੇ। ਖਾਲਸੇ ਦਾ ਕਰਤਵ ਹਮੇਸ਼ਾ ਗਰੀਬ ਦੀ ਰੱਖਿਆ ਕਰਨਾ ਰਿਹਾ ਹੈ, ਇਸੇ ਕਰਕੇ ਜਿਥੇ ਖ਼ਾਲਸੇ ਨੇ ਕਈ ਮੁਸਲਮਾਨ ਧਾੜਵੀਆਂ ਵਲੋਂ ਜਬਰੀ ਲੁੱਟ ਕੇ ਲਿਜਾਈਆ ਜਾ ਰਹੀਆਂ ਹਿੰਦੂ ਤ੍ਰੀਮਤਾਂ ਛੁਡਾਈਆਂ, ਉਥੇ ਆਪਣੇ ਦੁਸ਼ਮਣਾਂ ਦੀਆਂ ਤ੍ਰੀਮਤਾਂ ਉੱਪਰ ਵੀ ਕਦੇ ਹੱਥ ਨਹੀਂ ਚੁੱਕਿਆ, ਸਗੋਂ ਉਨ੍ਹਾਂ ਦੀ ਸੁਰੱਖਿਆ ਦੇ ਯੋਗ ਪ੍ਰਬੰਧ ਵੀ ਕੀਤੇ। ਇਸ ਲਈ ਗੁਰੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ 'ਤਿਲਕ ਜੰਞਞੂ ਦੀ ਰੱਖਿਆ' ਦੇ ਅਰਥਾਂ ਵਿਚ ਵੇਖ ਕੇ ਗੁਰੂ ਸਾਹਿਬਾਨ ਨੂੰ ਹਿੰਦੂ ਸਿਧ ਕਰਨਾ ਕਤੱਈ ਤੌਰ ਤੇ ਉਚਿਤ ਨਹੀਂ।

ਕਈ ਲੋਕ ਤਾਂ ਗੁਰੂ ਦਸਵੇਂ ਪਾਤਸ਼ਾਹ ਨੂੰ ਦੇਵੀ ਦਾ, ਅਥਵਾ ਸ਼ਿਵ ਦਾ ਉਪਾਸ਼ਕ ਸਿਧ ਕਰਨ ਲਈ, ਦਸਮ-ਗ੍ਰੰਥ ਦੀ ਬਾਣੀ ਨੂੰ ਤਰੋੜ-ਮਰੋੜ ਕੇ ਵੀ ਪੇਸ਼ ਕਰਦੇ ਹਨ ਤਾਂ ਕਿ ਗੁਰੂ ਸਾਹਿਬਾਨ ਨੂੰ ਹਿੰਦੂ ਸਿਧ ਕੀਤਾ ਜਾ ਸਕੇ। ਲੇਕਿਨ ਗੁਰੂ ਸਾਹਿਬ ਦਾ ਸਪਸ਼ਟ ਕਥਨ ਹੈ:

ਬਿਨ ਕਰਤਾਰ ਨ ਕਿਰਤਮ ਮਾਨੋ॥
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ॥......
ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਿਯੋ ਭਵ ਸਾਗਰ॥
ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ॥
(ਰਾਗੁ ਕਲਿਆਣੁ ਪਾ: ੧੦)

ਇਸ ਸਪਸ਼ਟ ਗੁਰ-ਹੁਕਮ ਦੀ ਰੌਸ਼ਨੀ ਵਿਚ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਗੁਰੂ ਸਾਹਿਬ ਦੇਵੀ ਦੀ ਅਥਵਾ ਸ਼ਿਵ ਦੀ ਮੂਰਤੀ ਦੀ ਪੂਜਾ ਕਰਦੇ ਸਨ?

ਉਪਰੋਕਤ ਵਿਚਾਰ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਅਜਿਹੀਆਂ 'ਦਲੀਲਾਂ' ਹਿੰਦੂ-ਵਿਦਵਾਨਾਂ ਵਲੋਂ ਸਵਾਰਥ-ਸਿੱਧੀ ਲਈ ਦਿੱਤੀਆਂ ਮਨ-ਆਈਆਂ ਉਕਤੀਆਂ-ਯੁਕਤੀਆਂ ਹੀ ਹਨ। ਇਹ ਞ'ਦਲੀਲਾਂਞ' ਵਾਸਤਵਿਕ ਅਰਥਾਂ ਵਿਚ ਦਲੀਲ-ਰਹਿਤ ਢਕੌਸਲੇ ਹਨ ਅਤੇ ਇਹ ਸਿੱਖ-ਪਰੰਪਰਾਵਾਂ ਤੇ ਸਿੱਖ-ਮਰਯਾਦਾ ਨੂੰ ਅੱਖੋਂ ਪਰੋਖੇ ਕਰ ਕੇ ਪੇਸ਼ ਕੀਤੇ ਜਾਂਦੇ ਹਨ। ਇਸ ਲਈ ਇਨ੍ਹਾਂ ਢਕੌਂਸਲਿਆਂ ਦੇ ਆਧਾਰ ਤੇ ਸਿੱਖ ਕੌਮ ਦੀ ਵਿਲੱਖਣ ਹਸਤੀ ਤੋਂ ਇਨਕਾਰ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ।

(੨)
ਸਿਖ ਕੌਮ ਨੂੰ ਜਿਸ ਹਿੰਦੂ ਸਮਾਜ ਦਾ ਅੰਗ ਸਿੱਧ ਕਰਨ ਲਈ ਸਾਰਾ ਹਿੰਦੁਸਤਾਨ ਟਿੱਲ ਲਾ ਰਿਹਾ ਹੈ, ਉਸ ਦੇ ਮੂਲ-ਆਧਾਰਾਂ ਬਾਰੇ ਥੋੜੀ ਕੁ ਵਿਚਾਰ ਕਰਨੀ ਅਨ-ਉਚਿਤ ਨਹੀਂ ਹੋਵੇਗੀ।

'ਹਿੰਦੂ' ਪਦ ਹੈ ਕੀ, ਇਹ ਵੀ ਇਕ ਬੁਝਾਰਤ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਪਦ ਦੀ ਵਰਤੋਂ ਅਰਬੀ-ਫ਼ਾਰਸੀ ਦੇ ਕਵੀਆਂ ਨੇ "ਚੋਰ, ਗ਼ੁਲਾਮ" ਲਈ ਕੀਤੀ ਹੈ। ਭਾਰਤ ਵਿਚ ਧਾੜਵੀ ਬਣ ਕੇ ਆਏ ਮੁਸਲਮਾਨਾਂ ਨੇ ਇਥੋਂ ਦੀ ਰਈਅਤ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦਿਆਂ 'ਹਿੰਦੂ' ਕਹਿਣਾ ਸ਼ੁਰੂ ਕਰ ਦਿੱਤਾ। ਤੇ ਇਥੋਂ ਦੀ ਰਈਅਤ ਦੀ ਸੂਝ-ਬੂਝ ਦਾ ਦੀਵਾਲੀਆ-ਪਣ ਦੇਖੋ ਕਿ ਇਸ ਗਿਲਾਨੀ ਭਰੇ ਸ਼ਬਦ ਨੂੰ ਹੀ ਆਪਣੇ ਲਈ ਵਰਤਣਾ ਸਵੀਕਾਰ ਕਰ ਲਿਆ। ਕਈ ਵਿਦਵਾਨ ਇਸ ਸ਼ਬਦ ਦਾ ਮੂਲ ਸੰਸਕ੍ਰਿਤ ਮੰਨਦੇ ਹਨ ਤੇ ਇਸਦੇ ਕੁਝ ਵੱਖਰੇ ਉੱਤਮ ਅਰਥ ਕਰਦੇ ਹਨ। ਲੇਕਿਨ ਇਸ ਸੰਬੰਧੀ ਕਾਂਸ਼ੀ ਨਿਵਾਸੀ ਪ੍ਰਸਿੱਧ ੪੫ ਪੰਡਿਤਾਂ ਦਾ ੧੯੨੦ ਵਿਚ ਦਿੱਤਾ ਨਿਰਣਾ ਵਰਣਨ-ਯੋਗ ਹੈ:-


"ਹਿੰਦੂ ਯਵਨ ਸੰਕੇਤ ਪਦ ਹੈ, ਇਸ ਕਾਰਨ ਹਿੰਦੂ ਕਹਾਉਣਾ ਸਰਵਥਾ ਅਨੁਚਿਤ ਹੈ। "

ਇਸੇ ਕਰਕੇ ਹੀ ਆਰੀਆਂ ਸਮਾਜੀ ਆਪਣੇ ਆਪ ਨੂੰ 'ਹਿੰਦੂ' ਦੀ ਥਾਵੇਂ ਆਰੀਆ ਅਖਵਾਉਂਦੇ ਹਨ। ਹਿੰਦੂ ਧਰਮ-ਪੁਸਤਕਾਂ ਵਿਚ ਜੋ ਕੁਝ ਲਿਖਿਆ ਪਿਆ ਹੈ-ਢੱਕੀ ਹੀ ਰਿਝੇ! ਅਸੀਂ ਕੀੜੇ ਨਹੀਂ ਕੱਢਣਾ ਚਾਹੁੰਦੇ। ਲੇਕਿਨ ਇਨ੍ਹਾਂ ਧਰਮ-ਗ੍ਰੰਥਾਂ ਵਿਚ ਜੋ ਨੇਮ ਬਣਾਏ ਗਏ ਹਨ, ਉਹ ਹਿੰਦੂ-ਜਨਤਾ ਦੀ ਅਕਲ ਦੇ ਦੀਵਾਲੀਏ-ਪਣ ਦੇ ਹੀ ਸੂਚਕ ਹਨ। ਆਚਰਣੋਂ ਡਿੱਗੇ, ਕਾਮ-ਵੇਗ ਵਿਚ ਮਤੇ, ਅਨੇਕਾਂ ਸਤਵੰਤੀਆਂ ਦੇ ਸਤ ਭੰਗ ਕਰਨ ਵਾਲੇ ਦੇਵਤੇ ਹਿੰਦੂਆਂ ਲਈ ਪੂਜਯ ਹਨ। ਦੱਖਣੀ ਭਾਰਤ ਦੇ ਮੰਦਰਾਂ ਵਿਚ ਧਰਮ ਤੇ ਕਲਚਰ ਦੇ ਨਾਂ ਹੇਠ ਜੋ ਕੁਝ ਪਿਆ ਹੈ, ਉਸ ਨੂੰ ਦੇਖ ਕੇ ਕਿਸੇ ਵੀ ਹਯਾ ਵਾਲੇ ਬੰਦੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਲੇਕਿਨ ਵਾਰੇ ਜਾਈਏ ਇਸ ਹਿੰਦੂ-ਕਲਚਰ ਤੋਂ, ਕਿ ਅਜਿਹੇ ਕਲਚਰ ਵਿਚ ਤ੍ਰੀਮਤਾਂ ਵੀ ਬਿਨਾਂ ਕਿਸੇ ਲਜਿਆ ਦੇ ਇਨ੍ਹਾਂ ਮੰਦਰਾਂ ਵਿਚ ਜਾ ਕੇ ਆਪਣੇ ਧਰਮੀ ਹੋਣ ਦਾ ਪਾਜ ਬਣਾਉਂਦੀਆਂ ਹਨ।

ਕੋਈ ਨਿਸਚਿਤ ਆਧਾਰ ਨਾ ਹੋਣ ਕਰਕੇ ਹਿੰਦੂ ਧਰਮ ਦੀ ਪਰਿਭਾਸ਼ਾ ਦੇਣੀ ਵਿਦਵਾਨਾਂ ਲਈ ਹਮੇਸ਼ਾ ਇਕ ਸਮੱਸਿਆ ਬਣੀ ਰਹੀ ਹੈ। ਵਿਲੀਅਮ ਕਰੁਕਸ ਦੇ ਸ਼ਬਦਾਂ ਵਿਚ, “ਕੋਈ ਮਸਲਾ ਇੰਨਾਂ ਔਖਾ ਨਹੀਂ, ਜਿੰਨਾ ਕਿ ਹਿੰਦੂ ਪਦ ਦੀ ਸਹੀ ਤਾਰੀਫ਼ ਲੱਭਣ ਦਾ ਹੈ”। ਸਰ ਐਲਫ਼ਰੈਡ ਲਾਇਲ ਨੇ ਹਿੰਦੂ ਧਰਮ ਦਾ ਇਕ ਅਜਿਹੇ ਸਮੁੰਦਰ ਨਾਲ ਟਾਕਰਾ ਕੀਤਾ ਹੈ, ਜਿਸਦਾ ਨਾ ਕੋਈ ਕਿਨਾਰਾ ਹੈ ਤੇ ਨਾ ਕੋਈ ਸਿਰਾ, ਜਿਸ ਦਾ ਪਾਣੀ ਅਕਹਿ ਤੇ ਅਣਗਿਣਤ ਜ਼ੋਰ ਵਾਲੀਆਂ ਹਨੇਰੀਆਂ ਵਿਚ ਉੱਪਰ ਥੱਲੇ ਤੇ ਥਾਂ-ਕੁਥਾਂ ਹੋ ਰਿਹਾ ਹੈ।

ਸੋ ਗੁਰੂ ਨਾਨਕ ਪਾਤਸ਼ਾਹ ਦੇ ‘ਨਿਰਮਲ ਪੰਥ’ ਨੂੰ ਅਜਿਹੇ ਰੋਲ-ਘਚੋਲ ਵਾਲੇ ਹਿੰਦੂ-ਧਰਮ ਦਾ, ਅੰਗ ਸਿਧ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਜਦ ਕਿ ਹਿੰਦੂ ਮਤ-ਮਤਾਂਤਰਾਂ ਦੀ ਬੁਨਿਆਦ-ਵੇਦਾਂ, ਸ਼ਾਸ਼ਤਰਾਂ, ਸਿਮਰਤੀਆਂ ਬਾਰੇ ਗੁਰੁ ਦਸਮੇਸ਼ ਪਿਤਾ ਦਾ ਸਪੱਸ਼ਟ ਹੁਕਮ ਹੈ:-

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥
ਸਿੰਮ੍ਰਿਤ ਸਾਸਤ੍ਰ ਬੇਦ ਸਭੇ ਬਹੁ ਭੇਦ ਕਹੈਂ ਮਤ ਏਕ ਨ ਮਾਨਯੋ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਭਖਾਨਯੋ॥

ਗੁਰੁ ਦਸਮ-ਪਾਤਸ਼ਾਹ ਨੇ ਤਾਂ ਅਜਿਹੇ ਰੋਲ-ਘਚੋਲ ਤੋਂ ਲਾਂਭੇ ਹੱਟ, ਹਿੰਦੂ ਮੁਸਲਮਾਨ ਤੋਂ ਨਿਆਰੇ, ਖਾਲਸਾ ਪੰਥ ਦੀ ਨੀਂਹ ਰੱਖੀ:-

ਦੁਹੂੰ ਪੰਥ ਮੇਂ ਕਪਟ ਵਿਦਯਾ ਚਲਾਨੀ॥ ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ॥
ਕਰਹੁ ‘ਖਾਲਸਾ ਪੰਥ’ ਤੀਸਰ ਪ੍ਰਵੇਸਾ॥ ਜਗੈਂ ਸਿੰਘ ਜੋਧੈ ਧਰੈਂ ਨੀਲ ਭੇਸਾ॥
(ਦਸਮ ਗ੍ਰੰਥ, ਉਗ੍ਰਦੰਤੀ, ਛਕੇ)

ਹਿੰਦੂਆਂ ਦੀ ਪੱਥਰ-ਪੂਜਾ ਦੀ ਥਾਵੇਂ ਗੁਰੂ ਕਲਗੀਧਰ ਪਿਤਾ ਨੇ ਖਾਲਸੇ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ। “ਬਚਿਤਰ ਨਾਟਕ” ਵਿਚ ਆਪ ਜੀ ਸਪੱਸ਼ਟ ਕਰਦੇ ਹਨ:-

ਪਖਾਣ ਪੂਜ ਹੋਂ ਨਹੀਂ। ਨ ਭੇਖ ਭੀਜ ਹੋਂ ਨਹੀਂ।
ਅਨੰਤ ਨਾਮੁ ਗਾਇ ਹੋਂ। ਪਰੱਮ ਪੁਰਖ ਪਾਇ ਹੋਂ। ੩੫। …
ਭਜੋਂ ਸੁ ਏਕ ਨਾਮਯੰ। ਜੁ ਕਾਮ ਸਰਬ ਠਾਮਯੰ।
ਨ ਜਾਪ ੳਾਨ ਕੋ ਜਪਂ। ਨ ਅਉਰ ਥਾਪਨਾ ਥਪਂ। ੩੭।
ਬਿਅੰਤ ਨਾਮ ਧਿਆਇ ਹੋਂ। ਪਰਮ ਜੋਤਿ ਪਾਇ ਹੋਂ।
ਨ ਧਿਆਨ ਆਨ ਕੋ ਧਰੋਂ। ਨ ਨਾਮ ਆਨ ਉਚਰੋਂ। ੩੮।

ਇਨ੍ਹਾਂ ਸਪਸ਼ਟ ਗੁਰ-ਹੁਕਮਾਂ ਦੀ ਰੌਸ਼ਨੀ ਵਿਚ ਵੀ ਜੇਕਰ ਕੋਈ ਸਿੱਖਾਂ ਨੂੰ ਹਿੰਦੂ ਆਖੀ ਜਾਏ ਤਾਂ ਇਹ ਉਸਦੀ ਕਮ-ਅਕਲੀ ਹੀ ਸਮਝਣੀ ਚਾਹੀਦੀ ਹੈ।
ਖਾਲਸੇ ਲਈ ਗੁਰੁ ਸਾਹਿਬ ਨੇ ਅਜਿਹੀ ਆਦਰਸ਼ ਜੀਵਨ-ਜਾਚ ਬਣਾਈ ਹੈ, ਜੋ ਹਿੰਦੂਆਂ ਦੇ ਰੋਲ-ਪਚੋਲੇ ਵਾਲੇ ਮਤਾਂ-ਮਤਾਂਤਰਾਂ ਵਿਚ ਤਾਂ ਕੀ, ਦੁਨੀਆਂ ਦੇ ਕਿਸੇ ਵੀ ਹੋਰ ਧਰਮ ਦੇ ਹਿੱਸੇ ਨਹੀਂ ਆਈ। ਗੁਰੁ ਕੇ ਸਿੱਖ ਦਾ ਜੀਵਨ-ਆਧਾਰ ਅਕਾਲ ਪੁਰਖ ਦਾ ‘ਹੁਕਮ’ ਹੈ ਤੇ ਇਸ ਹੁਕਮ ਦੀ ਪ੍ਰਤੀਤੀ ਕਰਦਿਆਂ ਹਰ ਵਕਤ ਨਾਮ-ਰੰਗਾਂ ਵਿਚ ਰਤੇ ਰਹਿਣਾ ਸਿਖ ਦਾ ਜੀਵਨ-ਆਦਰਸ਼ ਹੈ। ਗੁਰੂ ਕਾ ਬਚਨ ਅਥਵਾ ਗੁਰਬਾਣੀ ਉਸਦੇ ਜੀਵਨ ਦਾ ਪ੍ਰੇਰਨਾ-ਸੋਮਾ ਹੈ:-

ਮੈ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗਿ ਰਹਾਉ॥ (ਸੂਹੀ ਮ: ੪, ਪੰਨਾ ੭੫੯)

ਨਾਮ-ਰੰਗਾਂ ਵਿਚ ਰੰਗੀ ਗੁਰਸਿੱਖ ਰੂਹ ਆਪਣੇ ਤੱਕ ਹੀ ਸੀਮਿਤ ਨਹੀਂ ਰਹਿੰਦੀ, ਬਲਕਿ ਸਾਰੇ ਸੰਸਾਰ ਨੂੰ ‘ਨਾਮ’ ਦੀ ਪਾਰਸ-ਛੋਹ ਨਾਲ ਨਿਹਾਲ ਕਰਨਾ ਗੁਰਸਿੱਖ ਦਾ ਕਰਤੱਵ ਹੈ:-

(੧) ਆਪਿ ਜਪਹੁ ਅਵਰਹ ਨਾਮੁ ਜਪਾਵਹੁ॥…੫॥੨੦॥ (ਸੁਖਮਨੀ ਮ: ੫ )
(੨) ਆਪਿ ਮੁਕਤੁ, ਮੁਕਤੁ ਕਰੈ ਸੰਸਾਰੁ॥…੮॥੨੩॥ (ਸੁਖਮਨੀ ਮ: ੫ )

ਖਾਲਸੇ ਦੇ ਪਰਿਵਾਰ ਦੇ ਸਭ ਜੀਅ ਇਕ-ਸਮਾਨ ਹਨ:-

ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਮਾਝ ਮ: ੫, ਪੰਨਾ ੯੭)
ਇਹ ਸਾਰੇ ਜੀਅ ਜਾਤ-ਗੋਤ ਦੇ ਵਖੇਵਿਆਂ ਤੋਂ ਉਪਰ ਉਠ ਕੇ ਜੀਊਂਦੇ ਹਨ-
ਮਾਨਸ ਕੀ ਜਾਤ ਸਭੈ ਏਕੈ ਪਹਚਾਨਬੋ॥ (ਅਕਾਲ ਉਸਤਤਿ ਪਾ: ੧੦ )

ਸਦੀਆਂ ਤੋਂ ਲਿਤਾੜੀ ਜਾ ਰਹੀ ਇਸਤ੍ਰੀ-ਜਾਤੀ ਨੂੰ ਵੀ ਗੁਰੁ-ਘਰ ਨੇ ਮਰਦ ਦੇ ਬਰਾਬਰ ਲਿਆ ਖੜਾ ਕੀਤਾ ਤੇ ਉਸਨੂੰ ਵੀ ਬਰਾਬਰ ਦੇ ਹੱਕ ਦਿਤੇ:-

ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥ (ਸਲੋਕ ਮ: ੧, ਪੰਨਾ ੪੭੩)

ਖਾਲਸੇ ਦੀ ਜੀਵਨ-ਜਾਚ ਸਵੈ-ਮਾਣ ਵਾਲੀ ਜੀਵਨ-ਜਾਚ ਹੈ। ਇਸ ਵਿਚ ਸਭ ਜੀਅ ਸੁਖ-ਸ਼ਾਂਤੀ ਤੇ ਸਵੈ-ਮਾਣ ਨਾਲ ਜੀਉਂਦੇ ਹਨ, ਕੋਈ ਕਿਸੇ ਨੂੰ ਡਰਾਂਦਾ ਨਹੀਂ ਤੇ ਕੋਈ ਕਿਸੇ ਤੋਂ ਡਰਦਾ ਨਹੀਂ। ਖ਼ਾਲਸੇ ਦਾ ਆਦਰਸ਼ ਸਾਰੀ ਰਈਅਤ ਨੂੰ ਸੁਖ-ਸ਼ਾਂਤੀ ਪੁਚਾਣ ਵਾਲਾ ‘ਹਲੇਮੀ ਰਾਜ’ ਸਥਾਪਤ ਕਰਨਾ ਹੈ:-

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਸਿਰੀ ਰਾਗੁ ਮ: ੫, ਪੰਨਾ ੭੪)

ਇਹ ਹੈ, ਗੁਰੁ ਕੇ ਖਾਲਸੇ ਦੇ ਆਦਰਸ਼ਾਂ ਦਾ ਸੰਖੇਪ ਖ਼ਾਕਾ। ਅਜਿਹਾ ਸਰਬ-ਹਿਤੈਸ਼ੀ ਤੇ ਸੰਪੂਰਨ ਗੁਣਾਂ ਵਾਲਾ ਖਾਲਸਾ ਸਤਿਗੁਰਾਂ ਨੇ ਸਾਜਿਆ। ਅਜਿਹੇ ਗੁਣ ਦੁਨੀਆਂ ਦੀ ਕਿਸੇ ਹੋਰ ਕੌਮ ਪਾਸ ਨਹੀਂ-

(੧) ਮਾਰਿਆ ਸਿਕਾ ਜਗਤ੍ਰ ਵਿਚਿ, ਨਾਨਕ ਨਿਰਮਲ ਪੰਥ ਚਲਾਇਆ॥
ਭਾਈ ਗੁਰਦਾਸ ਜੀ, ਵਾਰ ੧, ਪਾ:੪
(੨) ਸਬਦਿ ਜਿਤੀ ਸਿਧੀ ਮੰਡਲੀ, ਕੀਤੋਸੁ ਆਪਣਾ ਪੰਥ ਨਿਰਾਲਾ॥
ਭਾਈ ਗੁਰਦਾਸ ਜੀ, ਵਾਰ ੧, ਪਉੜੀ

ਅਕਾਲ ਪੁਰਖ ਦੇ ਹੁਕਮ ਵਿਚ ਆਰੰਭ ਕੀਤੇ ਇਸ ਨਿਰਾਲੇ ਤੇ ਨਿਰਮਲ ਪੰਥ ਨੂੰ ਹਿੰਦੂਆਂ ਦਾ ਅੰਗ ਕਹਿਣ ਵਾਲੇ ਅਖੌਤੀ ਵਿਦਵਾਨ ਜ਼ਰਾ ਖਾਲਸੇ ਦੇ ਉਚ-ਆਦਰਸ਼ਾਂ ਨੂੰ ਆਪਣੇ ਮਹਿਜ਼ ਕਰਮ-ਕਾਂਡੀ ਮਤਾਂ-ਮਤਾਂਤਰਾਂ ਨਾਲ ਤੁਲਨਾ ਤਾਂ ਕਰ ਕੇ ਵੇਖਣ! ਕਿਥੇ ਖਾਲਸੇ ਦਾ ਸਰਬ-ਕਲਿਆਣਕਾਰੀ ਮਿਸ਼ਨ ਤੇ ਕਿਥੇ ਹਿੰਦੂ ਮਤ-ਮਤਾਂਤਰਾਂ ਦਾ ‘ਬਿਨਾ ਸਿਰੇ ਤੇ ਬਿਨਾਂ ਕਿਨਾਰੇ ਵਾਲਾ’ ਅਮੂਰਤ ਸਮੁੰਦਰ।

(੩)
ਖਾਲਸਾ ਆਪਣੇ ਜਨਮ ਤੋਂ ਹੀ ਨਿਰਾਲਾ ਵਿਚਰਦਾ ਆ ਰਿਹਾ ਹੈ। ਖਾਲਸੇ ਦੀ ਨਿਰਾਲੀ ਹਸਤੀ ਨੂੰ ਸਮੇਂ ਦੀ ਹਾਕਮ-ਸ਼੍ਰੈਣੀ ਵਲੋਂ ਵੀ ਕਈ ਵਾਰ ਪਰਵਾਨ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਵੱਲ ਥੋੜ੍ਹਾ ਕੇ ਸੰਕੇਤ ਖਾਲਸੇ ਦੀ ਵਿਲੱਖਣ ਹਸਤੀ ਨੂੰ ਪਰਮਾਣਿਤ ਕਰਨ ਵਿਚ ਸਹਾਈ ਹੋ ਸਕਦਾ ਹੈ।

੧੮ਵੀਂ ਸਦੀ ਵਿਚ ਜਦ ਖਾਲਸੇ ਦੀਆਂ ਲੋਕ-ਪੱਖੀ ਮਰਯਾਦਾਵਾਂ ਤੋਂ ਖਿੱਝ ਕੇ ਹਾਕਮ-ਸ਼੍ਰੇਣੀ ਨੇ ਖਾਲਸੇ ਨੂੰ ਆਪਣੇ ਜ਼ੁਲਮ ਤੇ ਤਸ਼ੱਦਦ ਦਾ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਤਾ ਖਾਲਸਾ ਹਰ ਵਾਰ ਜ਼ੁਲਮ ਤੇ ਹਾਵੀ ਰਿਹਾ। ਖਾਲਸੇ ਦੇ ਸਿਦਕ ਸਾਹਮਣੇ ਜ਼ਾਲਮਾਂ ਦੇ ਜ਼ੁਲਮ ਹਮੇਸ਼ਾ ਮਾਂਦੇ ਪੈ ਜਾਂਦੇ ਰਹੇ ਤੇ ਖਾਲਸਾ ਹਰ ਇਮਤਿਹਾਨ ਵਿਚੋਂ ਵਧੇਰੇ ਸਮਰੱਥਾ ਤੇ ਤਾਕਤ ਪ੍ਰਾਪਤ ਕਰ ਕੇ ਪਾਸ ਹੁੰਦਾ ਰਿਹਾ। ਥੋੜ੍ਹੀ ਜਿਹੀ ਗਿਣਤੀ ਵਿਚ ਖਾਲਸੇ ਵਲੋਂ ਬੇਸ਼ੁਮਾਰ ਸ਼ਾਹੀ ਤਾਕਤ ਨੂੰ ਜੜ੍ਹੋ ਉਖਾੜ ਦੇਣਾ ਕੋਈ ਮੋਅਜਜ਼ੇ ਤੋਂ ਘੱਟ ਨਹੀਂ। ਆਖ਼ਰ ਜ਼ਾਲਮ ਨੂੰ ਹਥਿਆਰ ਸੁੱਟਣੇ ਪਏ ਤੇ ਜ਼ਕਰੀਆਂ ਖ਼ਾਂ ਵਲੋਂ ਖਾਲਸੇ ਨੂੰ ਨਵਾਬੀ ਤੇ ਖਿੱਲਅਤ ਭੇਟ ਕੀਤੀ ਗਈ। ਪਰ ਸਦਕੇ ਜਾਈਏ ਖਾਲਸੇ ਦੇ ਉੱਚ ਆਦਰਸ਼ਾਂ ਤੋਂ, ਨਵਾਬੀ ਲੈਣ ਲਈ ਕਿਸੇ ਸਿਖ-ਸਰਦਾਰ ਨੇ ਆਪਣੇ ਆਪ ਨੂੰ ਯੋਗ ਨਾ ਸਮਝਿਆ-ਤੇ ਆਖ਼ਰ ਘਾਹੀ ਕਪੂਰ ਸਿੰਘ ਨੂੰ ਨਵਾਬੀ ਦੇ ਦਿੱਤੀ ਗਈ। ਧਿਆਨ ਯੋਗ ਗੱਲ ਹੈ ਕਿ ਇਹ ਨਵਾਬੀ ਕਿਸੇ ‘ਵਿਅਕਤੀ’ ਲਈ ਸਰਕਾਰ ਵਲੋਂ ਨਹੀਂ ਸੀ ਦਿਤੀ ਗਈ ਬਲਕਿ ‘ਖਾਲਸੇ’ ਨੂੰ ਦਿਤੀ ਗਈ ਸੀ। ਇਸ ਤਰ੍ਹਾਂ ਹਾਕਮ-ਸ਼੍ਰੇਣੀ ਵਲੋਂ ਨਵਾਬੀ ਦੇਣੀ, ਖਾਲਸੇ ਦੀ ਵਿਲੱਖਣ ਹੋਂਦ ਦੀ ਪਹਿਲੀ ਸਰਕਾਰੀ ਪਰਵਾਨਗੀ (recognition) ਸਮਝਣੀ ਚਾਹੀਦੀ ਹੈ।

ਖਾਲਸਾ ਰਾਜ ਸਮੇਂ ਵੀ ਦੂਸਰੇ ਮੁਲਕਾਂ ਨਾਲ ਜੋ ਸੰਧੀਆਂ ਹੁੰਦੀਆ ਰਹੀਆਂ, ਉਹ ਸਭ ‘ਸਰਕਾਰ ਖਾਲਸਾ’ ਵਲੋਂ ਧਿਰ ਬਣ ਕੇ ਹੁੰਦੀਆਂ ਰਹੀਆਂ। ਇਹ ਸਭ ਸੰਧੀਆਂ ਖਾਲਸੇ ਦੀ ਵਿਲੱਖਣ ਕੌਮੀ ਹੈਸੀਅਤ ਦੀ ਦੂਸਰਿਆਂ ਵਲੋਂ ਮਿਲੀ ਪਰਵਾਨਗੀ ਦਾ ਸਬੂਤ ਮੰਨਿਆ ਜਾ ਸਕਦਾ ਹੈ।

ਅੰਗਰੇਜ਼ੀ ਰਾਜ-ਕਾਲ ਦੇ ਦੌਰਾਨ ਅਨੰਦ-ਕਾਰਜ ਦੀ ਰਸਮ ਨੂੰ ਅੰਗਰੇਜ਼ ਸ਼ਾਸਕਾਂ ਵਲੋਂ “ਅਨੰਦ ਮੈਰਿਜ ਐਕਟ” ਬਣਾ ਕੇ ਪਰਵਾਨ ਕੀਤਾ ਗਿਆ ਹੈ-ਇਹ ਸਬੂਤ ਵੀ ਅੰਗਰੇਜ਼-ਸ਼ਾਸਕਾਂ ਵਲੋਂ ਸਿੱਖਾਂ ਦੀ ਹਿੰਦੂਆਂ ਤੋਂ ਵਿਲੱਖਣ ਹਸਤੀ ਨੂੰ ਪਰਮਾਣਤ ਕਰਦਾ ਹੈ। ਇਸੇ ਤਰ੍ਹਾ ‘ਕਲਾਸ ਕੰਪੋਜ਼ੀਸ਼ਨ’ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਵਾਂਗ਼ ਸਿਖਾਂ ਲਈ ਅਸੈਂਬਲੀ ਵਿਚ ਸੀਟਾਂ ਰਾਖਵੀਆਂ ਹੁੰਦੀਆਂ ਸਨ। ਇਸ ਤਰ੍ਹਾਂ ਅੰਗਰੇਜ਼-ਸ਼ਾਸਕਾਂ ਨੇ ਬੁਨਿਆਦੀ ਤੌਰ ਤੇ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਸਿਖਾਂ ਨੂੰ ਵੀ ਇਕ ਅਲੱਗ ਕੌਮ ਸਵੀਕਾਰ ਲਿਆ ਸੀ। ਦੇਸ਼ ਵੰਡ ਸਮੇਂ ਵੀ ਸਿਖਾਂ ਨੂੰ ਬਾਕਾਇਦਾ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਤੀਜੀ ਧਿਰ ਬਣਾਇਆ ਗਿਆ ਸੀ।

ਹੈਰਾਨੀ ਦੀ ਗੱਲ ਹੈ ਕਿ ਅੱਜ ਜਿਹੜੀ ਕਾਂਗਰਸ “ਸਿਖ ਕੌਮ” ਦੀ ਵੱਖਰੀ ਹਸਤੀ ਮੰਨਣ ਤੋਂ ਆਕੀ ਹੈ ਤੇ ਦੇਸ਼ ਦੇ ਹਿੰਦੂਆਂ ਨੂੰ “ਸਿਖ ਕੌਮ” ਦਾ ਸੰਕਲਪ ‘ਖ਼ਾਲਿਸਤਾਨ’ ਦਰਸਾ ਕੇ ਡਰਾ ਰਹੀ ਹੈ, ਉਹੀ ਕਾਂਗਰਸ ਦੇਸ਼ ਵੰਡ ਤੋਂ ਪਹਿਲਾਂ ਸਿਖਾਂ ਦੀ ਵਿਲੱਖਣ ਹਸਤੀ ਨੂੰ ਮੰਨਦੀ ਰਹੀ ਹੈ। ਦੇਸ਼ ਵੰਡ ਤੋਂ ਪਹਿਲਾਂ ਇਸੇ ਕਾਂਗਰਸ ਦੇ ਨੇਤਾ ਪੰਡਤ ਨਹਿਰੂ ਸਿਖਾਂ ਲਈ ਅਜਿਹੇ ਖਿਤੇ ਦੀ ਕਲਪਨਾ ਕਰਦੇ ਸਨ, ਜਿਥੇ ਉਹ ਆਜ਼ਾਦੀ ਨਾਲ ਜੀਊ ਸਕਣ ਤੇ ਇਸੇ ਕਾਂਗਰਸ ਦੇ ਰੂਹੇ-ਰਵਾਂ ਮਹਾਤਮਾ ਗਾਂਧੀ ਜੀ ਸਿਖਾਂ ਨੂੰ ਬਹੁ ਗਿਣਤੀ ਵਲੋਂ ਕਿਸੇ ਕਿਸਮ ਦਾ ਧੱਕਾ ਨਾ ਹੋਣ ਦਾ ਭਰੋਸਾ ਦਿਵਾਂਦੇ ਰਹੇ ਸਨ।

(੪)
ਖਾਲਸੇ ਦੀ ਵਿਲੱਖਣ ਹਸਤੀ ਨੂੰ ਰੁਸ਼ਨਾਉਣ ਪਿਛੇ ਸਾਡਾ ਮੰਤਵ ਕਦਾਚਿਤ ਇਹ ਨਹੀਂ ਕਿ ਹਿੰਦੂਆਂ ਨਾਲ ਕਿਸੇ ਕਿਸਮ ਦੇ ਤਣਾਓ ਨੂੰ ਉਤਸ਼ਾਹਿਤ ਕੀਤਾ ਜਾਵੇ। ਸਾਡੀ ਤਮੰਨਾ ਹੈ ਕਿ ਹਿੰਦੂ ਤੇ ਸਿਖ ਸਾਰੇ ਹੀ ਇਸ ਦੇਸ਼ ਵਿਚ ਸੁਖੀ ਵਸਣ। ਲੇਕਿਨ ਇਸ ਲੇਖ ਦੇ ਅੰਤ ਵਿਚ, ਦੇਸ਼ ਵੰਡ ਤੋਂ ਬਾਅਦ ਹਿੰਦੂ ਬਹੁ-ਸੰਮਤੀ ਦੇ ਦਬੇਲ ਬਣ ਕੇ ਸਿੱਖਾਂ ਨੇ ਜੋ ‘ਖੱਟੀ’ ਕੀਤੀ ਹੈ, ਉਸਦਾ ਉਲੇਖ ਕਰਨਾ ਸਾਰਥਕ ਹੋਵੇਗਾ।

ਆਜ਼ਾਦੀ ਤੋਂ ਪਹਿਲਾਂ ਇਹੀ ਕਾਂਗਰਸ ਜੋ ਸਿੱਖਾਂ ਲਈ ਆਜ਼ਾਦ ਮਾਹੌਲ ਵਾਲੇ ਖਿੱਤੇ ਦੀਆਂ ਗੱਲਾਂ ਕਰਦੀ ਸੀ, ਦੇਸ਼-ਵੰਡ ਤੋਂ ਬਾਅਦ ਆਪਣੇ ਇਨ੍ਹਾਂ ਵਾਅਦਿਆਂ ਤੋਂ ਮੁੱਕਰ ਗਈ ਤੇ ਆਜ਼ਾਦੀ ਦੇ ਸੰਘਰਸ਼ ਵਿਚ ਸਿਖਾਂ ਵਲੋਂ ਦਿਤੀਆਂ ਆਹੂਤੀਆਂ ਦਾ ਪਹਿਲਾਂ ਇਵਜ਼ਾਨਾ ਇਸ ਨਵੀਂ ਸਰਕਾਰ ਵਲੋਂ ਇਹ ਦਿੱਤਾ ਗਿਆ ਕਿ ਸਿੱਖਾਂ ਨੂੰ ਜਰਾਇਮ-ਪੇਸ਼ਾ ਕਰਾਰ ਦੇ ਦਿੱਤਾ ਗਿਆ। ਦੇਸ਼ ਵਿਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਵੰਡ ਹੋਈ ਤਾਂ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਸਮਝ ਕੇ ਪੰਜਾਬ ਨੂੰ, ਭਾਸ਼ਾ ਦੇ ਆਧਾਰ ਤੇ ਵੰਡ ਰਹੇ ਕਮਿਸ਼ਨ ਦੀ ਅਧਿਕਾਰ-ਸੀਮਾ ਤੋਂ ਬਾਹਰ ਰੱਖਿਆ ਗਿਆ। ਅਕਾਲੀ ਦਲ ਨੇ ਪੰਜਾਬੀ ਸੂਬੇ ਲਈ ਸੰਘਰਸ਼ ਆਰੰਭਿਆ ਤਾਂ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਤੇ ਹੀ ਪਾਬੰਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਤੇ ਜ਼ਲੀਲ ਵੀ ਹੋਣਾ ਪਿਆ ਤੇ ਇਸਦੇ ਇਵਜ਼ ਵਿਚ ਮਿਲਿਆ-ਲੰਗੜਾ, ਲੂਲ੍ਹਾ ਪੰਜਾਬੀ ਸੂਬਾ !

ਅੰਗਰੇਜ਼ਾਂ ਦੇ ਸਮੇਂ ਫ਼ੌਜ ਵਿਚ ਉਹੀ ਸਿੱਖ ਭਰਤੀ ਹੋ ਸਕਦਾ ਸੀ, ਜੋ ਪੂਰਨ ਅੰਮ੍ਰਿਤਧਾਰੀ ਹੋਵੇ। ਪਰ ਅੱਜ ਦੀ ਸਰਕਾਰ ਨੇ ਅੰਮ੍ਰਿਤਧਾਰੀ ਤਾਂ ਕੀ, ਹਰ ਪਤਿਤ ਨੂੰ ਤਰੱਕੀਆਂ ਦੇ ਮੌਕੇ ਵੀ ਜ਼ਿਆਦਾ ਦਿਤੇ ਜਾਂਦੇ ਹਨ। ਕਿਸੇ ਮਹਿਕਮੇ ਦੇ ਉੱਚ ਅਹੁਦੇ ਲਈ ‘ਕਲੀਨ-ਸ਼ੇਵਨ’ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ-‘ਸਾਬਤ ਸੂਰਤਿ ਦਸਤਾਰ ਸਿਰਾ’ ਤਾਂ ਹਾਕਮਾਂ ਨੂੰ ਵੇਖ ਨਹੀਂ ਸੁਖਾਂਦਾ, ਤੇ ਕਈ ਵਾਰ ਅਜਿਹੇ ਗੁਰਸਿੱਖਾਂ ਨੂੰ ਇਨ੍ਹਾਂ ਹਾਕਮਾਂ ਦੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਦੱਖਣ ਵਿਚ ਕੁਝ ਹਰੀਝਨ ਹਿੰਦੂ ਲਾਲਚ-ਵਸ ਈਸਾਈ ਬਣ ਗਏ ਤਾਂ ਇਸਦਾ ਰੋਲਾ ਪਾਰਲੀਮੈਂਟ ਤੱਕ ਪਿਆ ਤੇ ‘ਲਾਲਚ-ਵਸ ਧਰਮ-ਪਰਿਵਰਤਨ’ ਨੂੰ ਕਾਨੂੰਨਨ ਜੁਰਮ ਕਰਾਰ ਦੇਣ ਦੀਆਂ ਗੱਲਾਂ ਹੋਈਆਂ। ਲੇਕਿਨ ਵਾਰੇ ਜਾਈਏ ਇਸ ਧਰਮ-ਨਿਰਪੇਖ ਸਰਕਾਰ ਤੋਂ, ਜੁ ਸਿਖਾਂ ਨੂੰ ਆਪਣੇ ਧਰਮ ਤੋਂ ਡੇਗਣ ਲਈ ਕਈ ਸਹੂਲਤਾਂ ਮੁਹੱਈਆ ਕਰ ਰਹੀ ਹੈ।

ਪਿਛਲੇ ੩੭ ਸਾਲਾਂ ਵਿਚ ਸਿਖ-ਮਰਯਾਦਾ ਦਾ ਜੋ ਦੀਵਾਲਾ ਨਿਕਲਿਆ ਹੈ, ਉਹ ਸ਼ਾਇਦ ਖ਼ਾਲਸਾ ਰਾਜ ਤੋਂ ਬਾਅਦ ਵਾਲੇ ਸਮੇਂ ਨਾਲੋਂ ਘੱਟ ਨਹੀਂ। ਇਹ ਹਿੰਦੂ ਬਹੁ-ਸਮਤੀ ਦੀ ਇਕ ਗਿਣੀ-ਮਿਥੀ ਸਾਜ਼ਸ਼ ਹੀ ਕਹੀ ਜਾ ਸਕਦੀ ਹੈ। ਖ਼ੁਦ ਅਵਤਾਰਵਾਦ ਦੇ ਕੱਟੜ-ਵਿਰੋਧੀ ਗੁਰੁ ਨਾਨਕ ਪਾਤਸ਼ਾਹ ਤੇ ਗੁਰੁ ਕਲਗੀਧਰ ਪਾਤਸ਼ਾਹ ਦੀਆਂ ਤਸਵੀਰਾਂ ਮਾਤਾ ਦੇ ਜਗਰਾਤਿਆਂ ਵਿਚ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਲਗਾ ਕੇ ਗੁਰੁ ਸਾਹਿਬਾਨ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਤੇ ਗੁਰੁ ਸਾਹਿਬਾਨ ਨੂੰ ਮਹਿਜ਼ ਹਿੰਦੂ ਦੇਵੀ ਦੇਵਤੇ ਬਣਾਇਆ ਜਾ ਰਿਹਾ ਹੈ। ਅਜਿਹੇ ਜਗਰਾਤਿਆਂ ਵਿਚ ਸੋਮ-ਰਸ ਵਿਚ ਮੱਤੇ, ਪੰਜੇ ਐਬ ਸ਼ਰਈ ਗੀਤਕਾਰ ਘਟੀਆਂ ਕਿਸਮ ਦੇ ਗੀਤਾਂ ਨਾਲ ਕਈ ਵਾਰ ‘ਧੁਰ ਕੀ ਬਾਣੀ’ ਦੇ ਸ਼ਬਦ ਵੀ ਇੰਜ਼ ਹੀ ਵਿਚੇ ਗਾਈ ਜਾ ਰਹੇ ਹੁੰਦੇ ਹਨ, ਜਿਵੇਂ ਇਨ੍ਹਾਂ ਦਾ ਸਟੈਂਡਰਡ ਇਕ ਹੀ ਹੋਵੇ।
ਗੁਰ-ਅਸਥਾਨਾਂ ਦੇ ਪ੍ਰਬੰਧ ਵਿਚ ਸਰਕਾਰ ਵਲੋਂ ਦਖ਼ਲ ਦੇ ਕੇ ਗੁਰਦੁਆਰਾ-ਸਟੇਜਾਂ ਉਪਰ ਆਪਣੇ ਪਿੱਠੂਆਂ ਦਾ ਕਬਜ਼ਾ ਕਰਵਾ ਕੇ ਇਨ੍ਹਾਂ ਸਟੇਜਾਂ ਨੂੰ ਆਪਣੇ ਮਨ-ਮਾਨੇ ਮਨੋਰਥਾਂ ਲਈ ਵਰਤਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਇਹ ਹੈ ਸਾਡੀ ਧਰਮ-ਨਿਰਪੇਖ ਸਰਕਾਰ ਦੀ ਅੰਤਰੀਵ-ਸਥਿਤੀ।

ਹੋਰ ਤਾਂ ਹੋਰ ਪਿਛਲੇ ਕੁਝ ਅਰਸੇ ਵਿਚ ਸਿਖਾਂ ਨੂੰ ਸ਼ਰੇਆਮ ‘ਕੇਸਾਧਾਰੀ ਹਿੰਦੂ’ ਕਿਹਾ ਜਾ ਰਿਹਾ ਹੈ ਤੇ ਸਿਖਾਂ ਦੀ ਵਿਲੱਖਣ ਹਸਤੀ ਨੂੰ ਬਿਲਕੁਲ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ।

ਸਿਖਾਂ ਵਲੋਂ ਆਜ਼ਾਦੀ ਲਈ ਕੀਤੀਆਂ ਬੇਸ਼ੁਮਾਰ ਕੁਰਬਾਨੀਆਂ, ਪਾਕਿਸਤਾਨ ਤੇ ਚੀਨ ਨਾਲ ਹੋਏ ਯੁਧਾਂ ਵਿਚ ਦਿੱਤੀਆਂ ਆਹੂਤੀਆਂ, ਹਰਾ ਤੇ ਚਿੱਟਾ ਇਨਕਲਾਬ ਲਿਆਉਣ ਲਈ ਖੂਨ ਪਸੀਨਾ ਇਕ ਕਰਕੇ ਕੀਤੀ ਮਿਹਨਤ ਤੇ ਖੇਡਾਂ ਦੇ ਖੇਤਰ ਵਿਚ ਦੇਸ ਦੇ ਪੈਦਾ ਕੀਤੇ ਨਾਂ ਦੇ ਇਵਜ਼ਾਨੇ ਵਿਚ ਸਾਨੂੰ ਮਿਲਿਆ ਹੈ, ਉਪਰੋਕਤ ਸਭ ਕੁਝ ! ਨਿਰਸੰਦੇਹ ਕੁਝ ‘ਸਿਖਾਂ’ ਨੂੰ ਸਰਕਾਰ ਵਲੋਂ ਫ਼ਾਇਦੇ ਵੀ ਮਿਲੇ ਹਨ, ਪਰ ਸਰਕਾਰ ਨੇ ਸਿਖੀ ਸਰੂਪ ਤੋਂ ਤਿਲਾਂਜਲੀ ਦਿਵਾ ਕੇ ਇਹ ਫ਼ਾਇਦੇ ਦਿਤੇ ਹਨ। ਖਾਲਸਾ ਹਿੰਦੂ ਬਹੁ-ਸੰਮਤੀ ਨੂੰ ਕਦਾਚਿਤ ਡਰਾਉਣਾ ਨਹੀਂ ਚਾਹੁੰਦਾ, ਪਰ ਇਸਦਾ ਦਬੇਲ ਬਣ ਕੇ ਵੀ ਨਹੀਂ ਰਹਿਣਾ ਚਾਹੁੰਦਾ। ਕਿਉਂਕਿ ਖਾਲਸੇ ਦਾ ਆਦਰਸ਼ ਹੈ:-

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥ (ਸਲੋਕ ਮ: ੯, ਪੰਨਾ ੧੪੨੭

ਅਜੋਕੇ ਮਾਹੌਲ ਵਿਚ ਸਿਖ ਕੌਮ ਲਈ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਆਪਣੀ ਨਿਵੇਕਲੀ ਕੌਮੀ ਹਸਤੀ ਲਈ ਸੰਘਰਸ਼ ਕਰੇ-ਕਿਉਕਿ ਇਸ ਮਾਹੌਲ ਵਿਚ ਖਾਲਸਈ ਰਵਾਇਤਾਂ ਤੇ ਖਾਲਸਈ ਸਰੂਪ ਬਹੁਤੀ ਦੇਰ ਤਕ ਜ਼ਿੰਦਾ ਰਹਿਣਾ ਸੰਭਵ ਨਹੀਂ ਜਾਪ ਰਿਹਾ।

(“ਸੂਰਾ” ਅੰਮ੍ਰਿਤਸਰ, ਦਸੰਬਰ ੧੯੮੩)


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article