A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਦਸ਼ਮ ਗ੍ਰੰਥ ਦਾ ਸੰਕਲਨ ਤੇ ਸੰਪਾਦਨ

Source: Prof. Piara Singh Padam

ਦਸ਼ਮ ਗ੍ਰੰਥ ਦਾ ਸੰਕਲਨ ਤੇ ਸੰਪਾਦਨ
ਪ੍ਰ: ਪਿਆਰਾ ਸਿੰਘ ਪਦਮ


ਦਸ਼ਮ ਗ੍ਰੰਥ ਇਕ ਪੁਸਤਕ ਨਹੀਂ ਬਲਕਿ ਦਸਮੇਸ਼ ਜੀ ਦੁਆਰਾ ਰਚਿਤ ਹਿੰਦੀ, ਫ਼ਾਰਸੀ ਤੇ ਪੰਜਾਬੀ ਦੀਆਂ ਅਨੇਕ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਨੂੰ ਅਸੀਂ ‘ਗੁਰੂ ਗੋਬਿੰਦ ਸਿੰਘ ਗਰੰਥਾਵਲੀ’ ਕਹਿ ਸਕਦੇ ਹਾਂ। ਪਹਿਲੇ ਇਹ ਸੰਕਲਨ ਗੁਰੂ ਸਾਹਿਬ ਦੀ ਆਪਣੀ ਨਿਗਰਾਨੀ ਵਿਚ ੧੭੫੫ ਬਿ. ਵਿਚ ਤਿਆਰ ਕਰਾਇਆ ਗਿਆ ਸੀ। ਸਿਖਾਂ ਦਾ ਖਿਆਲ ਸੀ ਕਿ ਇਸਨੂੰ ਆਦਿ ਗਰੰਥ ਨਾਲ ਮਿਲਾ ਦਿਤਾ ਜਾਵੇ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਕਰਨਾ ਪਰਵਾਣ ਨਹੀਂ ਸੀ ਕੀਤਾ। ਭਾ: ਕੇਸਰ ਸਿੰਘ ਲਿਖਦੇ ਹਨ:-

ਛੋਟਾ ਗਰੰਥ ਜੀ ਜਨਮੇ ਸਾਹਿਬ ਦਸਵੇਂ ਪਾਤਸ਼ਾਹ ਕੇ ਧਾਮ।
ਸੰਮਤ ਸਤਾਰਾਂ ਸੈ ਪਚਵੰਜਾ, ਬਹੁਤ ਖਿਡਾਵੇ ਲਿਖਾਰੀ ਨਾਮ।
ਸਾਹਿਬ ਨੂੰ ਸੀ ਪਿਆਰਾ ਅਪਣੀ ਹੱਥੀਂ ਲਿਖਿਆ ਤੇ ਖਿਡਾਇਆ।
ਸਿਖਾਂ ਕੀਤੀ ਅਰਦਾਸ, ‘ਜੀ! ਨਾਲਿ ਚਾਹੀਏ ਮਿਲਾਇਆ।’ ੨੨੩।
ਬਚਨ ਕੀਤਾ, ‘ਗਰੰਥ ਹੈ ਉਹ, ਇਹ ਅਸਾਡੀ ਹੈ ਖੇਡ।’
ਨਾਲਿ ਨ ਮਿਲਾਇਆ, ਆਹਾ ਪਿਆਰਾ, ਕਉਨ ਜਾਨਹਿ ਭੇਦ।੨੨੪।
(ਬੰਸਾਵਲੀ ਨਾਮਾ, ਚਰਣ ੧੪, ਹੱਥਲਿਖਤ ਖਰੜਾ)

ਪਰੰਤੂ ਅਨੰਦਪੁਰ ਉਤੇ ਪਹਾੜੀ ਰਾਜਿਆਂ ਤੇ ਮੁਗ਼ਲ ਫੋਜਾਂ ਦੇ ਧਾਵਿਆਂ ਸਮੇਂ ਇਹ ਖਰੜਾ ਕਿਧਰੇ ਲੁਪਤ ਹੋ ਗਿਆ ਯਾ ਇਹ ਅਨੰਦਪੁਰ ਦੀ ਲੁੱਟ ਵਿਚ ਲੁਟਿਆ ਗਿਆ ਤੇ ਸੰਕਲਿਤ ਰੂਪ ਵਿਚ ਇਕ ਥਾਂ ਸੁਰੱਖਿਅਤ ਨ ਰਹਿ ਸਕਿਆ। ਭਾਈ ਮਨੀ ਸਿੰਘ ਚੂੰਕਿ ਉਮਰ ਭਰ ਗੁਰੂ ਸਾਹਿਬਾਨ ਪਾਸ ਰਹੇ ਸਨ, ਤੇ ਕਾਫੀ ਅਰਸਾ ਕਿਤਾਬਾਂ ਲਿਖ਼ਣ ਲਿਖਾਉਣ ਦਾ ਕੰਮ ਵੀ ਕਰਦੇ ਰਹੇ, ਇਸ ਕਰਕੇ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਪੂਰੀ ਜਾਣਕਾਰੀ ਸੀ ਕਿ ਕਿਹੜੀ ਕਿਹੜੀ ਰਚਨਾ ਗੁਰੂ ਸਾਹਿਬ ਦੀ ਆਪਣੀ ਹੈ ਤੇ ਕਿਹੜੀ ਦਰਬਾਰੀ ਕਵੀਆਂ ਦੀ ਹੈ।

--------
‘ਆਯੂ ਪੈਂਤੀ ਬਰਖ ਕੀ, ਮਨੀ ਸਿੰਘ ਕੀ ਆਹਿ
ਲਿਖੇ ਲਿਖਾਏ ਪੋਥੀਆਂ, ਮਨ ਮਹਿਂ ਬਹੁ ਉਤਸ਼ਾਹ ।੪੦।’
(ਸ਼ਹੀਦ ਬਿਲਾਸ, ਸੇਵਾ ਸਿੰਘ)
------

ਗੁਰੂ ਸਾਹਿਬ ਦੇ ਦੇਹਾਂਤ ਪਿਛੋਂ ਭਾਈ ਸਾਹਿਬ ਨੇ ਜਦੋਂ ਸਤਿਗੁਰਾਂ ਦੀਆਂ ਰਚਨਾਵਾਂ ਵੱਖ-੨ ਥਾਂ ਖਿਲਾਰੀਆਂ ਵੇਖੀਆਂ ਤਾਂ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਤੇ ਉਨ੍ਹਾਂ ਵਿਉਂਤ ਬਣਾਈ ਕਿ ਸਾਰੀਆਂ ਪ੍ਰਾਪਤ ਗੁਰ-ਰਚਨਾਵਾਂ ਨੂੰ ਸੰਕਲਿਤ ਕਰਕੇ ਇਕ ਬੀੜ ਵਿਚ ਗੁੰਦ ਦਿੱਤਾ ਜਾਵੇ। ਸੋ ਉਨ੍ਹਾਂ ਬੜੀ ਲੰਮੀ ਘਾਲ ਨਾਲ ਥਾਂ ਥਾਂ ਤੋਂ ਖਰੜੇ ਇਕੱਠੇ ਕੀਤੇ ਤੇ ਭਾਈ ਸ਼ੀਹਾਂ ਸਿੰਘ ਆਦਿ ਲਿਖਾਰੀਆਂ ਪਾਸੋਂ ਇਕੱਤਰ ਕਰਵਾਕੇ ‘ਦਸਵੇਂ ਪਾਤਸ਼ਾਹ ਕਾ ਗਰੰਥ’ ਤਿਆਰ ਕੀਤਾ। ਭਾਈ ਸਾਹਿਬ ਦੀ ਖੋਜ ਭਾਲ ਦੀ ਸਰਗਰਮੀ ਦਾ ਪਤਾ ਸਾਨੂੰ ਉਨ੍ਹਾਂ ਵਲੋਂ ਅੰਮ੍ਰਿਤਸਰ ਤੋਂ ਦਿੱਲੀ, ਮਾਤਾ ਸੁੰਦਰੀ ਜੋਗ਼, ਲਿਖੀ ਚਿਠੀ (ਅਪ੍ਰੈਲ ੧੭੧੩ ਈ.) ਤੋਂ ਵੀ ਲਗਦਾ ਹੈ, ਜੋ ਇਸ ਪਰਕਾਰ ਹੈ:-

ੴ ਅਕਾਲ ਸਹਾਏ।
‘ਪੂਜ ਮਾਤਾ ਜੀ ਦੇ ਚਰਨਾਂ ਪਰ ਮਨੀ ਸਿੰਘ ਕੀ ਡੰਡੋਤ ਬੰਦਨਾ। ਬਹੁਰੇ ਸਮਾਚਾਰ ਵਾਚਨਾ ਕਿ ਇਧਰ ਆਉਨ ਪਰ ਸਾਡਾ ਸਰੀਰੁ ਵਾਯੂ ਕਾ ਅਧਿਕ ਬਿਕਾਰੀ ਹੋਇ ਗਇਆ ਹੈ। ਸੁਅਸਤ ਨਾਹੀਂ ਰਿਹਿਆ, ਤਾਪ ਕੀ ਕਥਾ ਦੋ ਬਾਰ ਸੁਨੀ ਪਰ ਮੰਦਿਰ ਕੀ ਸੇਵਾ ਮੇਂ ਕੋਈ ਆਲਕੁ ਨਾਹੀ। ਦੇਸ ਵਿਚਿ ਖਾਲਸੇ ਦਾ ਬਲੁ ਛੁਟਿ ਗਇਆ ਹੈ, ਸਿੰਘ ਪਰਬਤਾਂ ਬਬਾਨਾਂ ਵਿਚ ਜਾਇ ਬਸੈ ਹੈਨਿ। ਮਲੇਛੋਂ ਕੀ ਦੇਸ ਮੇਂ ਦੋਹੀ ਹੈ। ਬਸਤੀ ਮੇਂ ਬਾਲਕ, ਜੁਵਾ, ਇਸਤਰੀ ਸਲਾਮਤੁ ਨਾਹੀ, ਮੁਛ ਮੁਛੁ ਕਰ ਮਾਰਦੇ ਹੈਨ। ਗੁਰੂ ਦਰੋਹੀ ਬੀ ਉਨ੍ਹਾਂ ਦੇ ਸੰਗ ਮਿਲਿ ਗਏ ਹੈਨ। ਹੰਦਾਲੀਏ ਮਿਲਿ ਕਰਿ ਮੁਕਬਰੀ ਕਰਦੇ ਹੈਨ, ਸਬੀ ਚਕੁ ਛੋੜ ਗਏ ਹੈਨ। ਮੁਤਸਦੀ ਭਾਗ ਗਏ ਹੈਨ ਸਾਡੇ ਪਰ ਅਬੀ ਤੋ ਅਕਾਲ ਰੱਛਾ ਹੈ। ਕੱਲ ਕੀ ਖਬਰ ਨਾਹੀ। ਸਾਹਿਬਾਂ ਦੇ ਹੁਕਮ ਅਟੱਲ ਹੈਨ। ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸਤੁ ਹੋਇ ਗਇਆ ਹੈ।

ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ, ਉਨ੍ਹਾਂ ਵਿਚਿ ਸਾਹਿਬਾਂ ਦੇ ੩੦੩ ਚਰਿਤਰ ਉਪਖਿਆਨ ਦੀ ਪੋਥੀ ਜੋ ਹੈ, ਸੋ ਸੀਂਹਾਂ ਸਿੰਘ ਨੂੰ ਮਹਲ ਵਿਚਿ ਦੇਨਾ ਜੀ। ਨਾਮ ਮਾਲਾ ਕੀ ਪੋਥੀ ਦੀ ਖਬਰੁ ਅਬੀ ਮਿਲੀ ਨਾਹੀਂ। ਕਰਿਸ਼ਨਾਵਤਾਰ ਪੂਰਬਾਰਧ ਤੋ ਮਿਲਾ, ਉਤਰਾਰਧ ਨਾਹੀ। ਜੋ ਮਿਲਾ ਅਸੀਂ ਭੇਜ ਦੇਵਾਂਗੇ।

ਦੇਸ ਵਿਚ ਗੌਗਾ ਹੈ ਕਿ ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ, ਸਾਹਿਬ ਬਾਹੁੜੀ ਕਰਨਗੇ। ਤੋਲਾ ੫ ਸੋਨਾ ਸਾਹਿਬਜ਼ਾਦੇ ਕੀ ਘਰਨੀ ਕੇ ਆਭੂਖਨ ਲਈ ਗੁਰੂ ਕੀਆਂ ਖੰਡੂਰ ਸੈ ਭੇਜਾ ਹੈ। ੧੭ ਰਜਤਪਨ ਭੀ ਝੰਡਾ ਸਿੰਘ ਸੇ ਭਰ ਪਾਨੇ। ਪੰਜ ਰਜਤਪਣ ਇਸੇ ਤੋਸਾ ਦੀਆ। ਇਸਨੂੰ ਬਦਰਕਾ ਬੀ ਹੈ। ਇਸ ਸੇ ਉਠਿ ਜਾਵੇਗੇ।

ਮੁਸਤਦੀਓਂ ਨੇ ਹਿਸਾਬ ਨਾਹੀ ਦੀਆ। ਜੋ ਦੇਂਦੇ ਤਾਂ ਬੜੇ ਸ਼ਹਰ ਸੇ ਹੁੰਡੀ ਕਰਾਇ ਭੇਜਦੇ। ਅਸਾਡੇ ਸਰੀਰੁ ਦੀ ਰੱਛਿਆ ਰਹੀ ਤਾਂ ਕੁਆਰ ਦੇ ਮਹੀਨੇ ਆਵਾਂਗੇ। ਮਿਤੀ ਵੈਸਾਖ ੨੨, ਦਸਖਤ ਮਨੀ ਸਿੰਘ। ਗੁਰੂ ਚਕੁ ਬੁੰਗਾ। ਜੁਆਬ ਪੌਰੀ ਮੇਂ॥’

ਇਸ ਪੱਤ੍ਰਿਕਾ ਵਿਚ ਆਏ ਸੰਕੇਤ ਸਾਫ਼ ਤੌਰ ਤੇ ਅਵਤਾਰ ਕਥਾ (ਬਚਿਤ੍ਰ ਨਾਟਕ), ਚਰਿਤਰੋ ਪਖਯਾਨ ਤੇ ਸ਼ਸਤ੍ਰਨਾਮਮਾਲਾ ਨੂੰ ਗੁਰੂ ਸਾਹਿਬਾਂ ਦੀ ਕਿਰਤ ਸਿਧ ਕਰਦੇ ਹਨ, ਜਿਨ੍ਹਾਂ ਬਾਰੇ ਕੁਝ ਇਤਰਾਜ਼ ਵੀ ਕੀਤਾ ਜਾਂਦਾ ਹੈ।

ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਯਤਨ ਨਾਲ ਦਸਮ ਪਾਤਸ਼ਾਹ ਦੀ ਪ੍ਰਾਪਤ ਰਚਨਾ ‘ਦਸਮ ਗਰੰਥ’ ਦੇ ਰੂਪ ਵਿਚ ਸੰਭਾਲ ਦਿੱਤੀ ਗਈ। ਜੇਕਰ ਇਹ ਯਤਨ ਨ ਹੁੰਦਾ ਤਾਂ ਸ਼ਾਇਦ ਇਤਨੇ ਵੱਡੇ ਮਹਾਨ ਸਾਹਿਤਕਾਰ ਦੀ ਇਹ ਸਮੱਗਰੀ ਮਿਲਣਾ ਦੁਰਲਭ ਸੀ।
ਦਸਮ ਗਰੰਥ ਦੀਆਂ ਬੀੜਾਂ ਦੇ ਭੇਦ ਗਿਆਨੀ ਗਿਆਨ ਸਿੰਘ ਨੇ ਦਸਮ ਗਰੰਥ ਦੀਆਂ ਬੀੜਾਂ ਦੇ ਭੇਦ ਬਾਰੇ ਇਉਂ ਲਿਖਿਆ ਹੈ:-

ਇਕ ਦਿਨ ਆਗਿਆ ਪੰਥ ਕੀ, ਮਨੀ ਸਿੰਘ ਜੀ ਪਾਇ।
ਬਾਣੀ ਦਸਮੇ ਗੁਰੂ ਕੀ, ਸੰਗ੍ਰਹਿ ਕਰ ਧਰਿ ਭਾਇ।੨੦।
ਏਕ ਜਿਲਦ ਮੇਂ ਦੀਨੀ ਕਰਹੈ। ਤਿਸਕਾ ਭੋਗ ਹਕਾਯਤ ਪਰ ਹੈ।
ਦੂਸਰ ਬੀੜ ਦਮਦਮੇ ਭਈ, ਦੀਪ ਸਿੰਘ ਸ਼ਹੀਦ ਰਚਈ।
ਸੰਮਤ ਅਟਾਰਾਂ, ਸੈ ਚਾਰ। ਮਧ ਕਰਯੋ ਉਨ ਯਹ ਉਪਕਾਰ।
ਭੋਗ ਸਫੋਟਕ ਕਬਿੱਤਨ ਪਰ ਹੈ, ਯਹੈ ਪਛਾਨ ਸਯਾਨੇ ਰਰ ਹੈ।
ਸੁਖਾ ਸਿੰਘ ਗਰੰਥੀ ਔਰ, ਰਚੀ ਬੀੜ ਪਟਨੇ ਮੇਂ ਗੌਰ।
ਅਠਾਰਾਂ ਸੈ ਬੱਤੀ ਮਾਹੇ, ਰਖਿਓ ਸੁਖਮਨਾ ਛਕੇ ਵਾ ਹੈਂ।
ਅੰਕਪਲੀ ਲੌ ਅਨਿਕ ਪ੍ਰਸੰਗ, ਰਾਖੇ ਓਨ ਆਪਨੇ ਢੰਗ।
ਭੋਗ ਛੱਕਯੋਂ ਪਰ ਪਾਯੌ ਤਾਂਹਿ। ਤੀਨ ਬੀੜ ਹੋਈ ਬਿਧਿ ਯਾਂਹ।
ਪੁਨਾਂ ਚੜ੍ਹੜ ਸਿੰਘ ਤਾਂਕੇ ਪੂਤ, ਅੱਖਰ ਦਸਮ ਗੁਰੂ ਸਮ ਸੂਤ।
ਕਰ ਕੈ ਪਾਂਚ ਪੱਤਰੇ ਔਰ, ਗੁਰ ਤਰਫੋਂ ਲਿਖਿ ਪਾਏ ਗੌਰ।
ਔਰ ਗਰੰਥ ਇਕ ਵੈਸਾ ਕੀਓ, ਸੋ ਬਾਵੇ ਹਾਕਮ ਸਿੰਘ ਲੀਓ।
ਸੋ ਗੁਰਦੁਆਰੇ ਮੋਤੀ ਬਾਗ, ਹੈ ਅਬ ਹਮਨੇ ਪਿਖਯੋ ਬਿਲਾਗ।੨੯।
(ਪੰਥ ਪ੍ਰਕਾਸ਼, ੩੬ਵਾਂ ਨਿਵਾਸ, ਪੰਨਾ ੨੮੭)

ਹੁਣ ‘ਦਸਮ ਗ੍ਰੰਥ’ ਦੀਆਂ ਇਤਿਹਾਸਿਕ ਅਹਿਮੀਅਤ ਵਾਲੀਆਂ ਪ੍ਰਾਚੀਨ ਬੀੜਾਂ ਇਹ ਪ੍ਰਾਪਤ ਹਨ:-

੧. ਅਨੰਦਪੁਰੀ ਬੀੜ (੮ ਦਸਖਤੀ ਪੱਤਰੇ ਲਗੇ ਹੋਏ) ੪੦੩
੨. ਦੋ ਗਰੰਥਾਂ ਵਾਲੀ ਭਾ. ਮਨੀ ਸਿੰਘ ਵਾਲੀ ਬੀੜ (ਆਦਿ ਗਰੰਥ ਸਮੇਤ)
(੯ ਖਾਸ ਪੱਤਰੇ ਲਗੇ ਹੋਏ) ੧੦੯੬
੩. ਅਕਾਲ ਤਖ਼ਤ ਅੰਮ੍ਰਿਤਸਰ (ਮਿਸਲ ਪਟਨਾ ਜੀ ਕੀ ਨਕਲ) ੬੨੬
੪. ਦੀਵਾਨ ਖਾਨਾ ਸੰਗਰੂਰ(੬੦੧ ਤੋਂ ੧੧੬੬ ਪੱਤਰੇ ਤਕ) ੪੬੬
੫. ਗੁਰਦੁਆਰਾ ਮੋਤੀ ਬਾਗ, ਪਟਿਆਲਾ(ਸੱਤ ਖਾਸ ਪੱਤਰੇ ਲਗੇ ਹੋਏ) ੪੦੧
੬. ਤੋਸ਼ਖਾਨਾ ਤਖ਼ਤ ਪਟਨਾ ਸਾਹਿਬ (ਕਈ ਖਾਸ ਪੱਤਰੇ ਲਗੇ ਹੋਏ) ੭੧੩
੭. ਪਟਨੇ ਦੇ ਗਰੰਥੀ ਭਾਈ ਸੁੱਖਾ ਸਿੰਘ ਵਾਲੀ ਖਾਸ ਬੀੜ ਪਟਨਾ
੮. ਬਾਬਾ ਦੀਪ ਸਿੰਘ ਵਾਲੀ ਬੀੜ, ਦਮਦਮਾ ਸਾਹਿਬ ੯੭੧

ਉਪਰੋਕਤ ਵੇਰਵੇ ਵਿਚ ਲਗਭਗ ਇਹ ਚਾਰੇ ਆ ਹੀ ਜਾਂਦੀਆਂ ਹਨ ਤੇ ਇਸਤੋਂ ਇਲਾਵਾ ਕੁਝ ਹੋਰ ਬੀੜਾਂ ਵੀ ਇਤਿਹਾਸਕ ਮਹੱਤਵ ਵਾਲੀਆਂ ਹਨ। ਕੁਝ ਵਿਸ਼ੇਸ਼ ਬੀੜਾਂ ਦਾ ਬਿਉਰਾ ਇਥੇ ਦਿੱਤਾ ਜਾਂਦਾ ਹੈ:-

੧. ਅਨੰਦਪੁਰੀ ਬੀੜ- ਇਹ ਸਭ ਤੋਂ ਪ੍ਰਾਚੀਨ ਬੀੜ ਗਿ: ਸੁਰਿੰਦਰ ਸਿੰਘ ਕੰਵਲ ਤਰਨ ਤਾਰਨ ਪਾਸ ਮੈਂ ੨੦ ਅਪ੍ਰੈਲ ੧੯੭੨ ਨੂੰ ਵੇਖੀ ਸੀ ਜਿਸਦਾ ਬਹੁਤਾ ਹਿੱਸਾ ਅਨੰਦਪੁਰ ਵਿਖੇ ੧੭੫੨-੫੩ ਬਿ. ਵਿਚ ਦਸਮੇਸ਼ ਜੀ ਦੇ ਹਜ਼ੂਰੀ ਲਿਖਾਰੀਆਂ ਵਲੋਂ ਤਿਆਰ ਸੈਂਚੀਆਂ ਤੇ ਆਧਾਰਿਤ ਹੈ। ਇਹ ਲਿਖਾਰੀ ਸਨ…ਭਾਈ ਦਰਬਾਰੀ, ਦਰਬਾਰੀ ਸਿੰਘ ਛੋਟਾ, ਹਰਿਦਾਸ, ਨਿਹਾਲਾ ਤੇ ਬਾਲਾ ਆਦਿ। ਇਹ ਨਾਂ ਹਰ ਰਚਨਾਂ ਦੇ ਮੁਢ ਵਿਚ ਹਾਸ਼ੀਏ ਤੋਂ ਬਾਹਰ ਕੋਨੇ ਤੇ ਦਿਤੇ ਹੋਏ ਹਨ। ਦਰ ਅਸਲ ਇਹੋ ਬੀੜ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ, ਭਾਈ ਮਨੀ ਸਿੰਘ ਜੈਸੇ ਵਿਦਵਾਨਾਂ ਦੀ ਘਾਲਣਾ ਸਦਕਾ ਦਿੱਲੀ ਵਿਖੇ ਭਾਈ ਸ਼ੀਹਾਂ ਸਿੰਘ ਆਦਿ ਨੇ ਤਿਆਰ ਕਰਵਾਈ। ਭਾਈ ਮਨੀ ਸਿੰਘ ਜੀ ਦੀ ਮਾਤਾ ਸੁੰਦਰੀ ਜੋਗ ਚਿਠੀ ਤੇ ਭਾਈ ਕੇਸਰ ਸਿੰਘ ਦੀ ਲਿਖਤ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ।

‘ਅਤੇ ਏਸ ਗਰੰਥ ਦੂਜੇ ਦੀਆਂ ਸੰਚੀਆਂ ਭੀ ਸੇ ਖਿੰਡ ਗਈਆਂ।
ਜੁਧ ਲੜਾਈਆਂ ਕਰਕੇ ਕਿਧਰੇ ਕਿਧਰੇ ਗਈਆਂ।੩੭੪।
ਏਹੁ ਗਰੰਥ ਅਵਤਾਰ ਲੀਲ੍ਹਾ ਦਾ ਜੋ ਹੈ ਸੀ
ਸੋ ਭਾਈ ਮਨੀ ਸਿੰਘ ਹੋਰਾਂ ਇਕਠਾ ਕਰਵਾਇ ਖਰਚ ਪੈਸੀ
ਸੰਮਤ ਸਤਾਰਾਂ ਸੈ ਬਿਆਸੀ ਜਬ ਗਏ।
ਤਬ ਭਾਈ ਮਨੀ ਸਿੰਘ ਜੀ, ਦੂਜੇ ਅੰਮ੍ਰਿਤਸਰ ਆਵਤ ਬਏ।੩੭੫।
ਦੂਜਾ ਅੰਮ੍ਰਿਤਸਰ ਜੀ ਚੋਲੇ ਬਾਗ ਵਿਚ ਬਣਿਆ
ਭਾਈ ਮਨੀ ਸਿੰਘ ਮੁਸੱਦੀ ਜਾਤਿ ਕੰਬੋਉ ਸਿੱਖ ਸਿਖਾਂ ਵਿਚ ਗਣਿਆ।
ਸੋ ਸਿਖ ਮਾਇਆ ਲੈ ਕੇ ਬਹੁਤ ਹੈ ਸੀ ਆਇਆ।
ਸਿਖਾਂ ਨੂੰ ਖਰਚ ਰੁਪਈਏ ਦੇ ਕੇ, ਬਾਣੀ ਢੂੰਡਾਇਆ।੩੭੬
ਖਾਸ ਦਸਖਤੀ ਪੱਤਰੇ, ਲਿਖੇ ਹਥਿ ਆਏ।
ਉਨ੍ਹਾਂ ਪੱਤ੍ਰਾਂ ਦੇ ਬਰੋਬਰਿ ਨਾਲ ਸਭ ਬਾਣੀ ਲਈ ਲਿਖਾਏ।
(ਬੰਸਾਵਲੀਨਾਮਾਂ, ਦਸਵਾਂ ਚਰਣ, ਖਰੜਾ ਖਾਲਸਾ ਕਾਲਜ ਅੰਮ੍ਰਿਤਸਰ)

ਸੋ ਸ੍ਰੀ ਦਸਮੇਸ਼ ਜੀ ਦੀਆਂ ਰਚਨਾਵਾਂ ਦੇ ਜੋ ਅਨੰਦਪੁਰੀ ਖਰੜੇ ਮਿਲੇ, ਉਹ ਇਸ ਵਿਚ ਸੰਕਲਿਤ ਕਰ ਦਿਤੇ ਗਏ ਜਿਵੇਂ ਕਿ ਜਾਪੁ, ਗਿਆਨ ਪ੍ਰਬੋਧ ਤੇ ਰਾਮਾਵਤਾਰ ਦਾ ਦਰਬਾਰੀ ਸਿੰਘ ਛੋਟਾ ਵਲੋਂ ਕੀਤਾ ਉਤਾਰਾ ਹੈ, ਨਾਮ ਮਾਲਾ, ਵਾਰ ਦੁਰਗਾ ਕੀ ਆਦਿ ਦਰਬਾਰੀ ਦੀ ਨਕਲ ਹੈ। ਕ੍ਰਿਸ਼ਨਵਾਤਾਰ ਦਾ ਕਾਫੀ ਹਿੱਸਾ ਦਰਬਾਰੀ ਦਾ ਤੇ ਕੁਝ (ਜੁਧ ਪ੍ਰਬੰਧ) ਹਰਿਦਾਸ ਦੀ ਕਲਮ ਦਾ ਨਕਲ ਹੈ ਅਤੇ ਚਰਿਤ੍ਰ ਪਖਯਾਨ ਨਿਹਾਲਾ ਤੇ ਬਾਲਾ ਆਦਿ ਵਲੋਂ ਉਤਾਰਿਆ ਗਿਆ ਹੈ। ਬੀੜ ੧੨*੧੫ ਸ਼ਾਇਜ਼ ਵਿਚ ੪੦੩ ਪੱਤਰਿਆਂ ਦੀ ਹੈ, ੮ ਦਸਖਤੀ ਪੱਤਰੇ ਹਨ ਜਿਨ੍ਹਾਂ ਤੇ ੨੪, ੨੪ ਸਤਰਾਂ ਹਨ। ਬਾਕੀ ਹਰ ਪੱਤਰੇ ਤੇ ਲਗਭਗ ੩੪ ਸਤਰਾਂ ਹਨ। ਸ੍ਰੀ ਦਸਮੇਸ਼ ਜੀ ਦਾ ਜੁਆਨੀ ਦਾ ਸੁੰਦ੍ਰ ਚਿਤ੍ਰ ਮੁਢ ਵਿਚ ਦਿਤਾ ਹੈ ਤੇ ਇਕ ਸ਼ੇਰ ਦਾ ਸ਼ਿਕਾਰ ਕਰਦਿਆਂ ਦਾ ੧੪ਵੇਂ ਪੱਤਰੇ ਤੇ ਹੈ। ਪੰਨੇ ਲਾਉਣ ਲਗਿਆਂ ਹਰ ਮੂਲ ਖਰੜੇ ਦੇ ਪਹਿਲੇ ਪੰਨੇ ਸੋਧਕੇ ਫਿਰ ਦੁਬਾਰਾ ਬੀੜ ਦੇ ਇਕ-ਸਾਰ ਪੰਨੇ ਕੀਤੇ ਗਏ ਹਨ। ਅੰਤ ਵਿਚ ਦਿਤਾ ਜ਼ਫਰਨਾਮਾਂ ਕਿਸੇ ਹੋਰ ਕਲਮ ਦਾ ਲਿਖਿਆ ਪਿਛੋਂ ਜੋੜਿਆ ਗਿਆ ਹੈ ਪਰ ਇਸ ਦੇ ਪੰਨੇ ਨਹੀਂ ਲਗੇ।

ਬੀੜ ਦੇ ਦਰਸ਼ਨ ਦੁਰਲਭ ਜਾਪਦੇ ਹਨ। ਇਸ ਕਰ ਕੇ ਜੋ ਕੁਝ ਮੈਂ ਦੋ ਤਿੰਨ ਘੰਟੇ ਵਿਚ ਵੇਖ ਸਕਿਆ, ਉਹ ਇਥੇ ਦਰਜ ਕਰਨਾ ਜ਼ਰੂਰੀ ਸਮਝਦਾ ਹਾਂ।

ਤਤਕਰੇ ਦਾ ਮੁੱਢ ਇਉਂ ਹੈ- ‘ਬਾਣੀ ਸ੍ਰੀ ਮੁਖਵਾਕ ਪਾਤਸ਼ਾਹੀ ੧੦’ ੪ ਪੱਤਰੇ ਤਤਕਰਾ ਹੈ। ਪੰਜਵੇਂ ਪੱਤਰੇ ਉਤੇ ਭਾਈ ਮੁਹਕਮ ਸਿੰਘ ਅਰਜਨ ਸਿੰਘ ਦੇ ਨਾਂ ਲਿਖੇ ਹੁਕਮਨਾਮੇ ਦੀ ਨਕਲ ਹੈ। ਅੱਗੇ ਅੱਠ ਪੱਤਰੇ ਗੁਰੂ ਜੀ ਦੀ ਕਲਮ ਦੇ (ਦਸਖਤੀ) ਹਨ, ਹਰੇਕ ਨਾਲ ਲਿਖਾਰੀ ਦਾ ਉਤਾਰਾ ਹੈ। ਇਹ ਰੁਦ੍ਰਾਵਤਾਰ ਦਾ ਪਾਠ ਲਗਦਾ ਹੈ। ੧੪ਵੇਂ ਪੱਤਰੇ ਉਤੇ ਚਿਤ੍ਰ ਹੈ। ੧੫ ਤੋਂ ਜਾਪੁ ਸ਼ੁਰੂ ਹੁੰਦਾ ਹੈ, ਅੰਤਮ ਛੰਦ ਅੰਕ ੧੯੬ ਹੈ। ੧੯ ਪੱਤਰੇ ਦੇ ਪਾਸੇ ਤੇ ਲਿਖਿਆ ਹੈ-‘ਲੇਖਕ ਦਰਬਾਰੀ ਸਿੰਘ ਛੋਟਾ’ ਅਗੇ ਰਾਮਾਵਤਾਰ ਜੋ ੬੩ ਪੱਤਰੇ ਤੇ ਸਮਾਪਤ ਹੈ, ਉਥੇ ਫਿਰ ‘ਲੇਖਕ ਦਰਬਾਰੀ ਸਿੰਘ ਛੋਟਾ’ ਦੇ ਦਸਖਤ ਹਨ। ਪੱਤਰਾ ੬੪ ਤੋਂ ਕ੍ਰਿਸ਼ਨਾਵਾਤਾਰ ਹਰਿਦਾਸ ਦੀ ਕਲਮ ਤੋਂ ਹੈ। ੮੯ ਪੱਤਰੇ ਤੇ ਪਾਠ ਹੈ-‘ਅਵਰ ਬਾਂਛਨਾ ਨਾਹਿ ਪ੍ਰਭੁ-’ ੧੧੭ ਪੱਤਰੇ ਤੇ ਗੁਰੂ ਜੀ ਦੀ ਕਲਮ ਤੋਂ ਸੋਧ ਕੀਤੀ ਲਗਦੀ ਹੈ। ੧੧੯ ਪੱਤਰੇ ਤੋਂ ਚੰਡੀ ਚਰਿਤ੍ਰ ਉਕਤਿ ਬਿਲਾਸ ਸ਼ੁਰੂ ਹੈ, ਜੋ ੧੨੫ ਤੇ ਖਤਮ ਹੈ, ਉਥੇ ਸੰਮਤ ਦਰਜ ਹੈ-‘ਸੰਮਤ ੧੭੫੨ ਮਿਤੀ ਫ਼ਗਣ ੨੮’।

ਇਥੇ ਅੰਤਮ ਸਵਈਏ ਦੀ ਪਹਿਲੀ ਤੁਕ ਇਉ ਦਰਜ ਹੈ:

‘ਦੇਹੁ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ’।

*ਗਿਆਨੀ ਪ੍ਰਾਕ੍ਰਮ ਸਿੰਘ ਜੀ ਸੰਗਰੂਰ ਪਾਸ ਮੈਂ ਇਕ ਹੱਥ-ਲਿਖਤ ਪੋਥੀ ਦਸੰਬਰ ੧੯੪੪ ਵਿਚ ਵੇਖੀ ਸੀ, ਉਸ ਵਿਚ ਚੰਡੀ ਚਰਿਤ੍ਰ ਉਕਤ ਵਿਲਾਸ ਦੇ ਖਰੜੇ ਤੇ ੧੭੫੩, ੧੪ ਹਾੜ ਅੰਕਿਤ ਸੀ, ਉਸ ਵਿਚ ਚੰਡੀ ਚਰਿਤ੍ਰ ਉਕਤ ਵਿਲਾਸ ਦੇ ਖਰੜੇ ਤੇ ੧੭੫੩, ੧੪ ਹਾੜ ਅਮਕਿਤ ਸੀ। ਨਾਲ ਸ੍ਰੀ ਸਤਿਗੁਰ ਸ਼ੋਭਾ ਗ੍ਰੰਥ ਸੀ ਜਿਸਦੇ ੮੨੩ ਛੰਦ ਤੇ ਅਟਾਰਾਂ ਅਧਿਆ ਸਨ।

੧੨੬ ਪੱਤਰੇ ਤੋਂ ਜੁਧ ਪ੍ਰਬੰਧ ਸ਼ੁਰੂ ਹੋ ਕੇ ੧੫੫ ਤੇ ਸਮਾਪਤ ਹੈ, ਉਥੇ ਟਿੱਪਣੀ ਹੈ- ‘ਜੁਧੁ ਪਰਬੰਧੁ ਪੂਰਾ ਹੋਆ, ਲਿਖਿਆ ਹਰਿਦਾਸ ਸੰਮਤ ੧੭੫੨ ਮਿਤੀ ਚੇਤ ੨੧॥’ ੧੫੬ ਤੋਂ ਨਰ ਅਵਤਾਰ ਆਦਿ ਦਾ ਪ੍ਰਸੰਗ ਹੈ। ੧੯੬ ਤੋਂ ਗਿਆਨ ਪ੍ਰਬੋਧ ਚਲਦਾ ਹੈ। ੨੦੫ ਤੋਂ ਚੰਡੀ ਚਰਿਤ੍ਰ ਚਲਦਾ ਹੈ-ਮਹਿਖਦੈਂਤ ਸੂਰਯੰ।

੨੧੧ ਤੋਂ ੨੩੨ ਤਕ ਨਾਮ ਮਾਲਾ ਹੈ-੧੩੧੭ ਛੰਦ ਹਨ।
੨੩੩ ਤੇ- ਵਾਰ ਦੁਰਗਾ ਕੀ-ਕੋਨੇ ਤੇ ਦਸਖਤ ਹੈ-‘ਲੇਖਕ ਦਰਬਾਰੀ’
੨੩੬-ਅਸਫੋਟਕ ਕਬਿਤ
੨੩੮-ਤੇ ਪਾਠ ਹੈ-‘ਛਤ੍ਰੀ ਸਭੈ ਭ੍ਰਿਤ ਬਿਪਨ ਕੇ-
੨੩੯-ਤੇ ‘ਮਾਝ ਸ੍ਰੀ ਮੁਖਬਾਕ ਪਾ.੧੦’ ਦਰਜ ਹੈ।
੨੪੧-“ਤਤਕਰਾ ਸ੍ਰੀ ਚਰਿਤ੍ਰ ਪਖਯਾਨ ਕਾ।’ ਇਹ ਤਤਕਰਾ ਇਥੇ ਹੀ ਹੈ,

ਪਹਿਲੇ ਨਹੀਂ ਦਿਤਾ।੨੪੪ ਪੱਤਰੇ ਤੋਂ ਚਰਿਤ੍ਰ ਸ਼ੁਰੂ ਹੈ ਤੇ ਇਸੇ ਪੱਤਰੇ ਦੇ ਪੁਸ਼ਤੇ ਵਾਲੇ ਪਾਸੇ ਅੰਕਿਤ ਹੈ- ‘ਲੇਖਕ ਨਿਹਾਲਾ।’ ਅੱਗੇ ੩੨੮ ਪੱਤਰੇ ਤੋਂ ਬਾਲਾ ਦੀ ਕਲਮ ਹੈ। ੪੦੨ ਉਤੇ ਚਰਿਤ੍ਰ ਸਮਾਪਤ ਹਨ, ਅਗਲਾ ੪੦੩ ਪੱਤਰਾ ਕੁਛ ਹੋਰ ਛੰਦਾਂ ਦਾ ਉਤਾਰਾ ਹੈ। ਇਸਤੋਂ ਪਿਛੋਂ ਜ਼ਫਰਨਾਮਾ ਕਿਸੇ ਹੋਰ ਹੱਥ ਦਾ ਲਿਖਿਆ ਹੋਇਆ ਹੈ ਜਿਸਤੇ ਪੰਨੇ ਨਹੀਂ ਲੱਗੇ ਹੋਏ।
ਹਜ਼ੂਰੀ ਲਿਖਾਰੀਆਂ ਵਲੋਂ ਲਿਖੀ ਤੇ ਗੁਰੂ ਸਾਹਿਬ ਵਲੋਂ ਸੋਧੀ ਹੋਣ ਕਰਕੇ ਇਹ ਬੀੜ ਸਭ ਤੋਂ ਅਹਿਮ ਤੇ ਮੁਸਤਨਿਦ ਹੈ। ਇਹ ਠੀਕ ਹੈ ਕਿ ਪਹਿਲੇ ੬੩ ਪੱਤਰੇ ਕਾਗਜ਼ ਤੇ ਲਿਖਤ ਪੱਖੋਂ ਵੱਖਰੇ ਜਾਪਦੇ ਹਨ ਪਰ ਇਉਂ ਲਗਦਾ ਹੈ ਕਿ ਇਹ ਉਦੋਂ ਕਿਸੇ ਖਸਤਾ ਹਾਲ ਖਰੜੇ ਤੋਂ ਹੂਬਹੂ ਉਤਾਰੇ ਗਏ ਹਨ।

(੨) ਦੋ ਗਰੰਥਾਂ ਵਾਲੀ ਬੀੜ-ਭਾਈ ਮਨੀ ਸਿੰਘ ਜੀ ਦੀ ਨਿਗਰਾਨੀ ਹੇਠ ਦੋਹਾਂ ਗਰੰਥਾਂ ਦੀ ਜੋ ਇਕ ਬੀੜ ਤਿਆਰ ਹੋਈ, ਉਹ ਬੀੜ ਅਜ ਕਲ ਸਵਰਗਵਾਸੀ ਰਾਜਾ ਗੁਲਾਬ ਸਿੰਘ ਸੇਠੀ, ਹਨੂਮਾਨ ਰੋਡ, ਨਵੀਂ ਦਿੱਲੀ ਦੇ ਪਰਿਵਾਰ ਪਾਸ ਸੁਰੱਖਿਅਤ ਹੈ। ਸੇਠੀ ਸਾਹਿਬ ਨੇ ਇਹ ਹਜ਼ੂਰ ਸਾਹਿਬ ਤੋਂ ਲਿਆਂਦੀ ਸੀ ਤੇ ਮੈਂ ਇਹ ਬੀੜ ੨ ਅਗਸਤ ੧੯੬੫ ਨੂੰ ਦਿੱਲੀ ਦੇਖੀ ਸੀ। ਇਤਿਹਾਸ ਵਿਚ ਇਹੋ ਪ੍ਰਚਲਤ ਹੈ ਕਿ ਭਾ. ਮਨੀ ਸਿੰਘ ਜੀ ਨੇ ਦੋ ਗਰੰਥਾਂ ਨੂੰ ਇਕ ਕਰਨ ਦੀ ਵਿਉਂਤ ਕੀਤੀ, ਸੰਭਵ ਹੈ ਕਿ ਇਹ ਕਿਸੇ ਹੋਰ ਲਿਖਾਰੀ ਦੀ ਕਾਢ ਹੋਵੇ। ਕੁਲ ਪੱਤਰੇ ੧੦੯੬ ਤੇ ਦਸਮ ਗਰੰਥ ਵਾਲਾ ਭਾਗ ੫੩੭ ਤੋਂ ੧੦੨੮ ਪੱਤਰੇ ਤੱਕ ਹੈ, ਨੌਂ ਖਾਸ ਪੱਤਰੇ ਜੋੜੇ ਹੋਏ ਹਨ। ਇਸ ਵਿਚ ਚੂੰਕਿ ਆਦਿ ਗਰੰਥ ਦੀ ਬਾਣੀ ਨੂੰ ਰਾਗਾਂ ਦੀ ਥਾਂ ਗੁਰੂ ਵਿਅਕਤੀ ਅਨੁਸਾਰ ਵੰਡ ਕੇ ਦਿਤਾ ਗਿਆ ਹੈ ਤੇ “ਮਹਲਾ” ਦੀ ਥਾਂ ਪਾਤਸ਼ਾਹੀ ਸ਼ਬਦ ਵਰਤਿਆ ਹੈ, ਇਸ ਕਰਕੇ ਪਹਿਲੇ ਆਦਿ ਗ੍ਰੰਥ ਵਾਲੀ ਬਾਣੀ ਆ ਜਾਂਦੀ ਹੈ, ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਜਿਸਨੂੰ ‘ਦਸਵੇਂ ਪਾਤਸ਼ਾਹ ਕਾ ਗਰੰਥ’ ਕਿਹਾ ਗਿਆ ਹੈ। ਇਸ ਤੋਂ ਪਿਛੋਂ ਭਗਤਾਂ ਤੇ ਭੱਟਾਂ ਦੀ ਰਚਨਾ ਹੈ। ਅੰਤ ਜ਼ਫਰਨਾਮਾ ਹੈ। ਇਸ ‘ਦਸਮ ਗਰੰਥ’ ਵਿਚ ਹੇਠ ਲਿਖੇ ਅਨੁਸਾਰ ਛੋਟੇ ਵੱਡੇ ਪੁਸਤਕ ਇਸ ਤਰਤੀਬ ਨਾਲ ਸ਼ਾਮਲ ਹਨ:

੧. ਜਾਪੁ ਪੱਤਰਾ ੫੪੬
੨. ਬਚਿਤ੍ਰ ਨਾਟਕ (ਚੰਡੀ ਚਰਿਤ੍ਰ ਦੋਵੇਂ, ਚੌਬੀਸ ਅਵਤਾਰ,
ਬ੍ਰਹਮਾਵਤਾਰ, ਰੁਦ੍ਰ ਅਵਤਾਰ, ੩੨ ਸਵਈਏ ਤੇ ੯
ਸ਼ਬਦ ਰਾਗਾਂ ਕੇ।) ਪੱਤਰਾ ੫੪੯ ਤੋਂ
੩. ਸ਼ਸਤ੍ਰਨਾਮਮਾਲਾ ਪੱਤਰਾ ੭੮੬
੪. ਗਿਆਨ ਪ੍ਰਬੋਧ ਪੱਤਰਾ ੮੨੧
੫. ਅਕਾਲ ਉਸਤਤਿ ਪੱਤਰਾ ੮੩੦
੬. ਵਾਰ ਦੁਰਗਾ ਕੀ ਪੱਤਰਾ ੮੩੮
੭. ਚਰਿਤਰੋਪਖਯਾਨ ਪੱਤਰਾ ੮੪੬-੧੦੨੮ ਤਕ
੮. ਜ਼ਫਰਨਾਮਾ (ਗੁਰਮੁਖੀ ਤੇ ਫ਼ਾਰਸੀ ਦੋਹਾਂ ਵਿਚ) ਪੱਤਰਾ੧੦੯੦-੯੫
੯. ਸੱਦ

‘ਚਰਿਤਰੋਪਖਯਾਨ’ ਤੋਂ ਪਿਛੋਂ ਭਗਤ ਬਾਣੀ ਤੇ ਭੱਟਾਂ ਦੀ ਰਚਨਾ ਆ ਜਾਂਦੀ ਹੈ।ਅੰਤ ਤੇ ਫਾਰਸੀ ਜ਼ਫਰਨਾਮਾ ਤੇ ‘ਲੱਖੀ ਜੰਗਲ’ ਵਾਲੀ ਸੱਦ ਹੈ।

‘ਅਸਫ਼ੋਟਕ ਕਬਿੱਤ’ ਤੇ ‘ਖਾਲਸਾ ਮਹਿਮਾ’ ਵਾਲੇ ਛੰਦ ਇਸ ਵਿਚ ਨਹੀਂ ਆਏ। ਬੀੜ ਦੇ ੧੦੯੬ ਪੱਤਰੇ ਤੇ ਲਿਖਾਰੀ ਦਾ ਨੋਟ ਹੈ:
‘ਖੜਗ ਪਾਣਿ! ਤੋਂ ਕ੍ਰਿਪਾ ਤੇ, ਪੋਥੀ ਰਚੀ ਬਿਚਾਰ
ਭੂਲ ਹੋਇ ਜਹਿ ਤਹਿ ਸੁਕਵਿ, ਪੜੀਅਹ ਸਭੇ ਸੁਧਾਰ
ਪੋਥੀਯਾ ਕੀ ਉਤਾਰ ਕੀਏ, ਜੁਮਲਾ ਸੰਚਯੇ ਕੋ
ਜਮਾ ਕੀਏ ਬਡੀ ਮੈਹ (ਨ) ਤ ਸੌ ਲੀਖੇ ਹੈ
ਸੰਮਤ ੧੭੭੦ ਮੇਂ ਤਯਾਰ ਹੁਵੇ ਹੈਂ।’

ਭਾਵੇਂ ਇਹ ਸੰਮਤ ਵਾਲੀਆਂ ਸਤਰਾਂ ਹੋਰ ਹੱਥ ਦੀਆਂ ਜਾਪਦੀਆਂ ਹਨ ਫਿਰ ਵੀ ਬੀੜ ਦੀ ਪ੍ਰਮਾਣੀਕਤਾ ਧਿਆਨ ਯੋਗ ਹੈ।
੫੩੭ ਪੱਤਰੇ ਤੇ ਦਸਮ ਗਰੰਥ ਦਾ ਤਤਕਰਾ ਸ਼ੁਰੂ ਹੁੰਦਾ ਹੈ ਜੋ ੫੪੫ ਤਕ ਚਲਦਾ ਹੈ। ਮੁਢ ਵਿਚ ਲਿਖਿਆ ਹੈ:-

‘ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਕਾ
ਸ੍ਰੀ ਮੁਖਾਰਬਿੰਦ ਬਾਕ ਪਾਤਸ਼ਾਹੀ ਦਸਵੀਂ ੧੦।’

ਫਿਰ ਜੋ ੮, ੯ ਖਾਸ ਦਸਖਤੀ ਪੱਤਰੇ ਲੱਭੇ ਸਨ, ਉਹ ਵੀ ਥਾਂ ਥਾਂ ਬੀੜ ਦੇ ਵਿਚ ਹੀ ਸ਼ਾਮਲ ਕਰ ਦਿਤੇ ਗਏ ਹਨ ਤੇ ਨਾਲ ਉਨ੍ਹਾਂ ਦਾ ਪਾਠ ਦੇ ਦਿਤਾ ਹੈ ਤਾਂ ਕਿ ਗੁਰੂ ਸਾਹਿਬ ਦੀ ਸ਼ਿਕਸਤਾ ਲਿਖਤ ਪੜ੍ਹਨ ਵਿਚ ਦਿੱਕਤ ਨ ਆਵੇ।
੬੧੫ ਪਤਿ ਤੇ ਉਹ ਦਸਖਤੀ ਪੱਤਰਾ ਸ਼ਾਮਲ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੀ ਛੰਦ-ਰਚਨਾ ਦਾ ਜੋੜ ਦਸਦਿਆਂ ਲਿਖਿਆ ਹੈ:-

‘ਅਟਤਾਲੀ ਸੈ ਕਹਾ ਬਨਾਈ। ਦੋਹਾਂ, ਛੰਦ ਚਉਪਈ ਆਈ
ਸਵਾਲਛ ਛੰਦਾਗੇ ਹੋਈ। ਜਾ ਮਹਿ ਏਕ ਘਾਟ ਨਹੀਂ ਕੋਈ ।੩੯੭੫।
॥੨੧੭ ਦੇਬ ਪਾਠ॥੮੭੫॥ ਜੁਧ ਪ੍ਰਬੰਧ॥ ੧੧੮੬॥ਦਸਮ॥੩੪੦॥ਰਾਸਮੰਡਲ ਕਾ॥ ੧੩੪ ਗੋਪ ਬ੍ਰਿਹ॥ ੨੦੩੮॥ ਅਬਕਾ॥੪੮੦੦॥ ਅਫਜੂ ਕਾ ਅਫਜੂ॥ ਸਮਾਲਾ ਵ।: ਵਾਰ॥ਚਰਿਤ੍ਰ॥ਤਿਹੁ ਪੋਥੀਆ ਬਿਨਾ॥’

ਇਸ ਨੋਟ ਤੋਂ ਇਕ ਗੱਲ ਹੋਰ ਸਾਬਤ ਹੁੰਦੀ ਹੈ ਕਿ ਗੁਰੂ ਸਾਹਿਬ ਆਪਣੀਆਂ ਤਿੰਨ ਰਚਨਾਵਾਂ-ਸ਼ਸਤ੍ਰ ਨਾਮ ਮਾਲਾ, ਦੁਰਗਾ ਦੀ ਵਾਰ ਤੇ ਚਰਿਤਰਪਖਯਾਨ ਦੀ ਛੰਦ-ਗਿਣਤੀ ਨੂੰ ਇਸ ਵਿਚ ਸ਼ਾਮਿਲ ਨਹੀਂ ਕਰਦੇ। ਇਸ ਦਾ ਦੂਜਾ ਭਾਵ ਇਹ ਵੀ ਹੈ ਕਿ ਇਹ ਰਚਨਾਵਾਂ ਗੁਰੂ ਸਾਹਿਬ ਦੀ ਅਪਣੀ ਕਲਮ ਦਾ ਸਿੱਟਾ ਹਨ।

(੩) ਜਦੋਂ ਭਾ. ਮਨੀ ਸਿੰਘ ਦਸਮ ਗਰੰਥ ਦਾ ਸੰਪਾਦਨ ਕਰ ਰਹੇ ਸਨ, ਉਸੇ ਸਮੇਂ ਯਾ ਉਸ ਤੋਂ ਕੁਝ ਸਮਾਂ ਪਿਛੋਂ ਪਟਨੇ ਸਾਹਿਬ ਵੀ ਕੁਝ ਵਿਦਵਾਨ ਸਿਖਾਂ ਬੀੜ ਤਿਆਰ ਕੀਤੀ ਜੋ ਮਿਸਲ ਪਟਨਾ ਜੀ ਦੀ ਕਰਕੇ ਪ੍ਰਸਿਧ ਹੈ। ਇਹ ਬੀੜ ਤਾਂ ਪ੍ਰਾਪਤ ਨਹੀਂ ਪਰ ਇਸ ਦਾ ੧੮੨੨ ਬਿ: ਦਾ ਜੰਮੂ ਵਿਚ ਕੀਤਾ ਉਤਾਰਾ ਅਕਾਲ ਤਖਤ ਅੰਮ੍ਰਿਤਸਰ ਦੇ ਤੋਸ਼ੇਖਾਨੇ ਵਿਚ ਸੁਰੱਖਿਅਤ ਹੈ। ਜਿਸਦੇ ਕੁਲ ੬੨੬ ਪਤਿ ਹਨ। ਪੰਜਵੇਂ ਪੱਤਰੇ ਤੇ ਲਿਖਿਆ ਹੈ:-

ੴ ਸ੍ਰੀ ਭਗਵਤੀ ਜੀ ਸਤ॥
ਸੰਮਤ ਅਠਾਰਾਂ ਸੈ ਇਕੀ ਮੰਘ ਦਿਨੇ ਛਿਅ॥੧੮੨੧॥
ਆਇਤਵਾਰ॥ ਸ੍ਰੀ ਗਿੰਥ ਜੀ ਲਿਖਨੇ ਲਗੇ॥ ਪਟਣੇ ਜੀ ਦੀ ਮਿਸਲ॥
ਪਾਤਸਾਹੀ॥੧੦॥ਸ੍ਰੀ ਮੁਖ ਵਾਕਯ॥
੬੧੬ ਅਮਤਲੇ ਪੱਤਰੇ ਤੇ ਫਿਰ ਇਹ ਸ਼ਬਦ ਹਨ:-
ੴ ਸ੍ਰੀ ਭਗਵਤੀ ਪ੍ਰਸਾਦਿ॥
ਸੰਮਤ ਅਟਾਰਾਂ ਸੈ ਬਾਈ ਅਸੂ ਦਿਨੇ ਪੱਦ੍ਰਾਂ॥੧੮੨੨॥ ਸ੍ਰੀ ਗ੍ਰਿੰਥ ਜੀ ਸੰਪੂਰਨ ਲਿਖ ਪਹੁਤੇ ਸਧ ਪੜ੍ਹਿਨਾ। ਬਹੁਤਿਆ ਉਪਰੋਂ ਲਿਖਿਆ, ਛੇਤੀ ਨਾਲ।

ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਮਿਸਲ ਪਟਨਾ ਜੀ ਤੋਂ ਇਲਾਵਾ ਲਿਖਾਰੀ ਨੇ ਹੋਰ ਬੀੜਾਂ ਦਾ ਆਸਰਾ ਵੀ ਲਿਆ।
ਇਸ ਦਾ ਤਤਕਰਾ ਇਉਂ ਹੈ:-
੧. ਜਾਪੁ ਪਤਿ ੧੭
੨. ਸ਼ਸਤ੍ਰ ਨਾਮ ਮਾਲਾ ਪਤਿ ੨੨
੩. ਉਸਤਤਿ ਸ੍ਰੀ ਅਕਾਲ ਜੀ ਕੀ ਪਤਿ ੬੦
੪. ਸ੍ਰੀ ਬਚਿਤ੍ਰ ਨਾਟਕ ਪਤਿ ੭੧
੫. ਗਿਆਨ ਪ੍ਰਬੋਧ ਪਤਿ ੩੨੯
੬. ਵਾਰ ਦੁਰਗਾ ਕੀ ਪਤਿ ੩੪੦
੭. ਚਰਿਤ੍ਰ ਪਖਯਾਨ ਗਰੰਥ ਪਤਿ ੩੪੪
੮. ਫੋਕਟ ਕਬਿਤ ਸਵੈਯੇ ਪਤਿ ੫੯੩
੯. ਸ਼ਬਦ ਰਾਗਾਂ ਕੇ ਪਤਿ ੫੯੮
੧੦. ਜੰਗ ਨਾਮਾ ਪਤਿ ੬੦੧
(ਗੁਰਮੁਖੀ ਤੇ ਫਾਰਸੀ ਦੋਹਾਂ ਲਿਪੀਆਂ ਵਿਚ ਹੈ)

(੪) ਦੀਵਾਨ ਖਾਨਾ ਸੰਗਰੂਰ ਵਿਚ ਇਕ ਬੜੀ ਸੁੰਦਰ ਬੀੜ ਪਈ ਹੈ ਜੋ ਮਹਾਰਾਜਾ ਸਰੂਪ ਸਿੰਘ ਨੂੰ ਗ਼ਦਰ ਸਮੇਂ ਦਿਲੀ ਤੋਂ ਪ੍ਰਾਪਤ ਹੋਈ ਸੀ। ਭਾ. ਨੰਦਨ ਸਿੰਘ ਗਰੰਥੀ ਜੀ ਨੇ ਦਸਿਆ ਸੀ ਕਿ ਕੋਈ ਪਠਾਣ ਗੁਰਜ, ਖੜਗ ਤੇ ਕਟਾਰ ਸਮੇਤ ਇਹ ਗਰੰਥ ਦੇ ਗਿਆ ਸੀ। ਹੁਣ ਇਹ ਬੀੜ ਸਟੇਟ ਆਰਕਾਈਵਜ਼ ਲਾਇਬਰੇਰੀ ਪਟਿਆਲਾ ਵਿਚ ਆ ਗਈ ਹੈ। ਮੈਂ ੧੮ ਜਨਵਰੀ ੧੯੪੮ ਨੂੰ ਫਿਰ ੨੪-੧੧-੧੯੫੦ ਸੰਗਰੂਰ ਦਰਸ਼ਨ ਕੀਤੇ ਸਨ। ਇਹ ੬੦੨ ਪਤਿ ਤੋਂ ਚਲਦੀ ਹੈ। ਇਸ ਤੋਂ ਮਲੂਮ ਹੁੰਦਾ ਹੈ ਕਿ ਭਾਈ ਮਨੀ ਸਿੰਘ ਵਾਲੀ ਬੀੜ ਵਾਂਗ ਇਸ ਦਾ ਪੂਰਬਾਰਧ ਆਦਿ ਗਰੰਥ ਸੀ ਤੇ ਉਤਰਾਰਧ ਦਸਮ ਗਰੰਥ ਸੀ। ਪਿਛੋਂ ਇਸ ਨੂੰ ਵੱਖ ਵੱਖ ਕਰ ਦਿਤਾ ਗਿਆ। ਆਦਿ ਗਰੰਥ ਵਾਲਾ ਭਾਗ ਜੀਂਦ ਦੇ ਗੁਰਦੁਆਰੇ ਵਿਚ ਕਿਸੇ ਸਮੇਂ ਸੀ ਤੇ ਇਹ ਦਸਮ ਗਰੰਥ ਵਾਲਾ ਭਾਗ ਸੰਗਰੂਰ ਦੀਵਾਨਖਾਨੇ ਵਿਚ ਸੁਰੱਖਿਅਤ ਸੀ। ਬਹੁਤ ਹੀ ਸੁੰਦਰ ਲਿਖਤ ਵਾਲੀ ਬੀੜ ਹੈ ਤੇ ਇਸ ਦੇ ਹਰ ਪੱਤਰੇ ਨੂੰ ਵਖੋ ਵਖ ਕਿਸਮ ਦੀ ਵੇਲ ਨਾਲ ਸਜਾਇਆ ਗਿਆ ਹੈ, ਵੇਲਾਂ ਦੀ ਇਤਨੀ ਵੰਨਗੀ ਚਿਤ੍ਰਕਾਰ ਦੇ ਕਲਾ ਕਮਾਲ ਦੀ ਸਾਖੀ ਭਰਦੀ ਹੈ।
ਤਤਕਰਾ ਇਉਂ ਹੈ:-

੧. ਜਾਪੁ ਪਤਿ ੬੦੨
੨. ਨਾਮ ਮਾਲਾ ਪੁਰਾਨ ਪਤਿ ੬੦੭
੩. ਉਤਾਰਾ ਖਾਸੇ ਦਸਖਤ-ਅਕਾਲ ਪੁਰਖ ਕੀ ਉਸਤਤਿ ਪਤਿ ੬੪੨
੪. ਬਿਚਿਤ੍ਰ ਨਾਟਕ ਗ੍ਰਿੰਥ ਪਤਿ ੬੫੫
੫. ਗਿਆਨ ਪ੍ਰਬੋਧ ਗਿੰ੍ਰਥ ਪਤਿ ੮੯੬
੬. ਚੰਡੀ ਚਰਿਤ੍ਰ ਪਤਿ ੬੬੮
੭. ਬ੍ਰਹਿਮਾ ਕੇ ਅਵਤਾਰ ਪਤਿ ੮੭੦
੮. ਰੁਦ੍ਰ ਕੇ ਅਵਤਾਰ ਪਤਿ ੮੮੧
੯. ਚਰਿਤ੍ਰ ਪਖਯਾਨ ਪਤਿ ੯੧੦
੧੦. ਸੰਸਾਹਰ ਸੁਖਮਨਾ ਪਤਿ ੧੧੧੭
੧੧. ਵਾਰ ਮਾਲ ਕਉਂਸ ਕੀ ਪਤਿ ੧੧੨੨
੧੨. ਵਾਰ ਭਗਉਤੀ ਕੀ ਪਤਿ ੧੧੨੩
੧੩. ਸਬਦ ਸ੍ਰੀ ਮੁਖ ਵਾਕ ਪਤਿ ੧੧੨੪
੧੪. ਜੰਗਨਾਮਾਂ (ਫ਼ਾਰਸੀ ਤੇ ਗੁਰਮੁਖੀ ਦੋਵੇਂ) ਪਤਿ ੧੧੨੬
ਕੁਲ ਪਤਿ ੧੧੬੬ ਹਨ। ਪਰ ਆਦਿ ਗਰੰਥ ਵਾਲੇ ਛਡ ਕੇ ੫੬੬ ਪੱਤਰੇ ਹੀ ਰਹਿ ਜਾਂਦੇ ਹਨ।
ਇਸ ਬੀੜ ਵਿਚ ਜੋ ਸੰਸਾਹਰ ਸੁਖਮਨਾ, ਵਾਰ ਭਗਉਤੀ ਕੀ ਤੇ ਵਾਰ ਮਾਲ ਕਉਂਸ ਕੀ ਹੈ, ਉਹ ਸਿਵਾਇ ਭਾ: ਸੁਖਾ ਸਿੰਘ ਵਾਲੀ ਬੀੜ ਦੇ, ਹੋਰਥੇ ਨਹੀਂ ਤੇ ਨਾ ਹੀ ਪਿਛਲੇ ਲਿਖਾਰੀਆਂ ਇਨ੍ਹਾਂ ਨੂੰ ਸ਼ਾਮਲ ਕੀਤਾ ਹੈ। ਪੰਨਾ ੪ ਤੇ ਲਿਖਿਆ ਹੈ-
ਤਤਕਰੇ ਦੇ ਵਿਸਤਾਰ ਵਿਚ ਲਿਖਿਆ ਹੈ:-

‘ਅਬ ਰਾਮਾਅਉਤਾਰ ਕੇ ਉਪਰੰਤ ਏ ਪਉੜੀ ਦਸਖਤ ਖਾਸ ਸੇ ਲਿਖੀ ਪਤਿ ੭੧੮-ਅਬ ਬਰਨੌ ਕਿਸਨਾ ਅਵਤਾਰੁ।’ ਪਟਨੇ ਵਾਲੀ ਬੀੜ ਤੇ ਵੀ ਇਸੇ ਕਿਸਮ ਦਾ ਨੋਟ ਮਿਲਦਾ ਹੈ।

(੫) ਮੋਤੀ ਬਾਗ ਗੁਰਦੁਆਰਾ, ਪਟਿਆਲਾ (੫੪੨ ਪੱਤਰੇ) ਵਾਲੀ ਬੀੜ ਦੀ ਤਰਤੀਬ ਇਸ ਤਰ੍ਹਾਂ ਹੈ। (ਪਰ ਹੁਣ ਇਹ ਰੈਫ਼ਰੈਂਸ ਲਾਇਬਰੇਰੀ ਅੰਮ੍ਰਿਤਸਰ ਵਿਚ ਸੁਰੱਖਿਅਤ ਹੈ)-

ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਜੀ ਕਾ, ਸ੍ਰੀ ਮੁਖਾਰਬਿੰਦ ਬਾਕ ਪਾਤਸ਼ਾਹੀ ਦਸਵੀਂ॥੧੦॥
ਜਾਪ ੧ ਪਤਿ
ਬਚਿਤ੍ਰ ਨਾਟਕ ੪ ਪਤਿ
ਚੰਡੀ ਚਰਿਤ੍ਰ ਉਕਤਿ ਬਿਲਾਸ ੧੪ ਪਤਿ
ਚੰਡੀ ਚਰਿਤ੍ਰ ਤ੍ਰਾਂਬੀ ਮਹਾਤਮ ੨੨ ਪਤਿ
ਬਿਸਨ ਅਉਤਾਰ ਚਉਬੀਸ ੨੭ ਪਤਿ
ਬ੍ਰਹਿਮਾ ਅਵਤਾਰ ੧੭੦ ਪਤਿ
ਰੁਦ੍ਰ ਅਵਤਾਰ ੧੮੧ ਪਤਿ
ਸ਼ਸਤ੍ਰ ਨਾਮ ਮਾਲਾ ੨੧੪ ਪਤਿ
ਉਸਤਤਿ ਅਕਾਲ ਜੀ ਕੀ ੨੪੪ ਪਤਿ
ਗਿਆਨ ਪ੍ਰਬੋਧ ੨੪੩ ਪਤਿ
ਵਾਰ ਦੁਰਗਾ ਕੀ ੨੬੨ ਪਤਿ
ਚਰਿਤ੍ਰ ਪਖਿਯਾਨ ਕੀ ਕਥਾ ੨੬੪ ਪਤਿ
ਅਸਫੋਟਕ ਕਬਿਤ ੪੬੬ ਪਤਿ
ਅਸਫ਼ੋਟਕ ਸਵੈਯੇ ੪੬੯ ਪਤਿ
ਬਿਸਨ ਪਦੇ ੪੭੨ ਪਤਿ
ਮਾਝ *
ਜ਼ਫਰਨਾਮਾ (ਗੁਰਮੁਖੀ ਤੇ ਫਾਰਸੀ ਦੋਵੇਂ) ੮੭੭ ਪਤਿ

ਇਸ ਬੀੜ ਵਿਚ ੭ ਖਾਸ ਦਸਖ਼ਤੀ ਪੱਤਰੇ ਹਨ। ਇਕ ੧੯੧ ਪੱਤਰਾ ਤੇ ਅਗੇ ੬ ਪੱਤਰੇ ਹੋਰ – ੧੯੮, ੧੯੯, ੨੦੦, ੨੦੧, ੨੦੨ ਤੇ ੨੦੩ ਗਿ. ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਪੰਜ ਪੱਤਰੇ ਚੜ੍ਹਤ ਸਿੰਘ ਨੇ ਲਿਖਕੇ ਪਾਏ ਸਨ ਜੋ ਇਸਤਰ੍ਹਾਂ ਦੀ ਲਿਖ਼ਤ ਲਿਖਣ ਵਿਚ ਮੁਹਾਰਤ ਰਖਦਾ ਸੀ। ਵਡੀ ਗੱਲ ਨਹੀਂ ਕਿ ਅੇਸਾ ਹੀ ਹੋਵੇ ਪਰ ਇਸਦੀ ਗਹੁ ਨਾਲ ਛਾਣ ਬੀਣ ਕਰਨ ਦੀ ਲੋੜ ਹੈ-ਕਾਗਜ਼ ਦੀ, ਸਿਆਹੀ ਦੀ ਤੇ ਲਿਖਤ ਦੀ। ਨਾਲੇ ਪੱਤਰੇ ਪੰਜ ਨਹੀਂ, ਸੱਤ ਹਨ।

ਇਸ ਤੋਂ ਇਲਾਵਾ ਕਈ ਹੋਰ ਬੀੜਾਂ ਵੀ ਧਿਆਨ ਯੋਗ ਹਨ ਜਿਵੇਂ ਕਿ ਅਕਾਲ ਤਖਤ ਤੋਸ਼ੇਖਾਨੇ ਵਿਚ ਇਕ ਸੁੰਦਰ ਮਖਮਲੀ ਜਿਲਦ ਵਾਲੀ ਬੀੜ ਹੈ ਜਿਸਦੇ ੧੪੦੪ ਪੱਤਰੇ ਹਨ ਤੇ ਇਹ ੧੮੭੯ ਬਿ. ਦੀ ਲਿਖੀ ਹੋਈ ਹੈ। ਇਹ ਸ. ਦੇਸਾ ਸਿੰਘ ਮਜੀਠੀਏ ਨੇ ਭੇਟ ਕੀਤੀ ਸੀ ਇੰਡੀਆ ਆਫਿਸ ਲਾਇਬਰੇਰੀ ਵਿਚ (ਆਦਿ ਗੰ੍ਰਥ ਦੀਆਂ ੮ ਬੀੜਾਂ ਤੋਂ ਇਲਾਵਾ) ਤਿੰਨ ਦਸਮ ਗਰੰਥ ਦੀਆਂ ਬੀੜਾਂ ਵੀ ਹਨ:-

ਇਕ ੫੪੧ ਪੱਤਰੇ ਵਾਲੀ ਅਠਾਰਵੀਂ ਸਦੀ ਦੀ ਲਿਖਤ ਹੈ, ਦੂਜੀ ਫੱਗਣ ਵਦੀ ੧੦, ੧੯੦੩ ਬਿ. ਦੀ ਲਿਖੀ ਦੇਵਨਾਗਰੀ ਅੱਖਰਾਂ ਵਿਚ ਹੈ, ਇਸਦੇ ਪੱਤਰੇ ੫੨੦ ਹਨ ਤੀਜੀ ਬੀੜ ੬੪੨ ਪੱਤਰਿਆਂ ਵਾਲੀ ਸੁੰਦਰ ਲਿਖਾਈ ਵਾਲੀ ਹੈ, ਇਹ ੧੮੫੯ ਈ. ਵਿਚ ਸੋਢੀ ਸਾਧੂ ਸਿੰਘ ਕਰਤਾਰਪੁਰ ਵਾਲੇ ਨੇ ਮਲਕਾ ਵਿਕਟੋਰੀਆ ਲਈ ਸੁਗਾਤ ਵਜੋਂ ਭੇਜੀ ਸੀ। ਇਸ ਨਾਲ ੬੯੪ ਪੱਤਰਿਆਂ ਵਾਲੀ ਰੰਗੀਨ ਚਿਤ੍ਰਤ ਹਾਸ਼ੀਏ ਵਾਲੀ ਆਦਿ ਗਰੰਥ ਦੀ ਇਕ ਬੀੜ ਵੀ ਸੀ।

ਇਹ ਅਸਾਂ ਚਾਰ ਪੰਜ ਵਿਸ਼ੇਸ਼ ਬੀੜਾਂ ਦੇ ਤਤਕਰੇ ਦਾ ਬਿਉਰਾ ਇਸ ਲਈ ਦਿਤਾ ਹੈ ਤਾਂ ਕਿ ਪਾਠਕਾਂ ਨੂੰ ਪਤਾ ਲਗ ਜਾਵੇ ਕਿ ਕਿਸ ਤਰ੍ਹਾਂ ਵਿਦਵਾਨ ਸਿੱਖ ਲਿਖਾਰੀਆਂ ਆਪਣੇ ਆਪਣੇ ਜਤਨਾਂ ਰਾਹੀਂ ਇਹ ਕੰਮ ਕੀਤਾ। ਸੋ ਇਸ ਵਿਚ ਬਹੁਤ ਤਰਤੀਬ ਦਾ ਭੇਦ ਹੋਣਾ ਜ਼ਰੂਰੀ ਸੀ। ਮਗਰ ਪਿਛੋਂ ਦੇ ਲਿਖਾਰੀਆਂ ਵਧੇਰੇ ਭਾਈ ਮਨੀ ਸਿੰਘ ਵਾਲੀ ਤਰਤੀਬ ਨੂੰ ਹੀ ਅਪਣਾਇਆ ਤੇ ਇਹੋ ਪ੍ਰਚੱਲਤ ਹੋਈ।

ਦਸਮ ਗਰੰਥ ਦਾ ਨਾਮ

ਜਿਥੋਂ ਤਕ ਦਸਮ ਗਰੰਥ ਨਾਂ ਦਾ ਸਬੰਧ ਹੈ, ਇਸ ਵਿਚ ਵੀ ਕਾਫੀ ਤਬਦੀਲੀ ਹੁੰਦੀ ਆਈ ਹੈ। ਭਾਵੇਂ ਪਹਿਲੇ ਨਾਮ ਦੇਣ ਦਾ ਰਿਵਾਜ ਘੱਟ ਸੀ ਪਰ ਤਤਕਰੇ ਵਿਚ ਗਰੰਥ ਦਾ ਜ਼ਿਕਰ ਆ ਜਾਂਦਾ ਸੀ।

ਪੁਰਾਤਨ ਬੀੜਾਂ ਵਿਚ ਵਧੇਰੇ ਕਰਕੇ ਸਾਰੇ ਗਰੰਥ ਦਾ ਨਾਮ ‘ਬਚਿਤ੍ਰ ਨਾਟਕ’ ਦਿਤਾ ਹੈ। ਇਕ ਕਾਰਣ ਤਾਂ ਇਹ ਵੀ ਹੈ ਕਿ ਇਸ ਸਾਰੀ ਰਚਨਾਵਲੀ ਵਿਚ ਬਚਿਤ੍ਰ ਨਾਟਕ ਜਾਂ ਅਵਤਾਰ ਲੀਲ੍ਹਾ ਵਾਲੀ ਰਚਨਾ ਸਭ ਤੋਂ ਵੱਡੀ ਹੈ। ਫਿਰ ਦੂਜੀ ਗੱਲ ਇਕ ਹੋਰ ਵੀ ਹੈ ਕਿ ਪ੍ਰਾਚੀਨ ਬੀੜਾਂ ਵਿਚ ਛੰਦ ਅੰਕ ਸਾਰੇ ਰਲਾ ਕੇ ਚਲਦੇ ਹਨ ਜਿਵੇਂ ਕਿ ਜਾਪੁ ਤੇ ਅਕਾਲ ਉਸਤਤਿ ਵਾਲੀ ਰਚਨਾ ਨੂੰ ਮੰਗਲਾਚਰਣ ਵਜੋਂ ਮੁਢ ਵਿਚ ਰਖਿਆ ਹੈ ਤੇ ਸਾਰੀ ਅਵਤਾਰ ਕਥਾ ਦੇ ਅੰਤ ੩੨ ਸਵਈਏ ਤੇ ਸ਼ਬਦ ਰਾਗਾਂ ਕੇ ਦਰਜ ਇਸ ਲਈ ਕੀਤੇ ਹਨ ਕਿਉਂਕਿ ਇਨ੍ਹਾਂ ਵਿਚ ਸਤਿਗੁਰਾਂ ਬਾਰ ਬਾਰ ਇਹ ਵਿਚਾਰ ਦ੍ਰਿੜ੍ਹ ਕਰਾਇਆ ਹੈ ਕਿ ਇਹ ਅਵਤਾਰ ਪਰਮੇਸ਼ਰ ਨਹੀਂ ਇਹ ਤਾਂ ਅੰਸ਼ ਮਾਤ੍ਰ ਕਲਾ ਰਖਣ ਵਾਲੇ ਸਨ, ਇਨ੍ਹਾਂ ਨੂੰ ਪਰਮੇਸ਼ਰ ਮੰਨ ਕੇ ਪੂਜਣਾ ਠੀਕ ਨਹੀਂ। ਸੋ ਇਹ ਅੰਤਮ ਛੰਦ ‘ਪ੍ਰਾਨੀ ਪਰਮਪੁਰਖ ਪਗ ਲਾਗੋ ਦਾ ਸੰਦੇਸ਼ ਦੇਣ ਵਾਲੇ ਹਨ।
‘ਦਸਮ ਗਰੰਥ’ ਨਾਮ ਬਹੁਤਾ ਪੁਰਾਣਾ ਨਹੀਂ। ਪਹਿਲੇ ਇਸਨੂੰ ਕਈ ਤਰ੍ਹਾਂ ਲਿਖਿਆ ਜਾਂਦਾ ਰਿਹਾ ਹੈ। ਜਿਵੇਂ ਕਿ:-

(੧) ਭਾ. ਮਨੀ ਸਿੰਘ ਵਾਲੀ ਬੀੜ ਵਿਚ ਇਕ ਤਰ੍ਹਾਂ ਸਾਰੇ ਨੂੰ ‘ਬਚਿਤ੍ਰ ਨਾਟਕ ਗਰੰਥ’ ਹੀ ਆਖਿਆ ਹੈ-
‘ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਜੀ ਕਾ
ਮੁਖਾਰਬਿੰਦ ਪਾਤਸ਼ਾਹੀ ੧੦

(੨) ਮਿਸਲ ਪਟਨੇ ਦੀ ਨਕਲ ਬੀੜ, ਜੋ ਅਕਾਲ ਤਖਤ ਹੈ, ਉਸਤੇ ਇਉਂ ਅੰਕਿਤ ਹੈ-
‘ਸੂਚੀ ਪੋਥੀ ਦਾ ਤਤਕਰਾ ਸ੍ਰੀ ਬਚਿਤ੍ਰ ਨਾਟਕ ਗਰੰਥ ਜੀ ਕਾ, ਸ੍ਰੀ ਮੁਖ ਵਾਕ ਪਾਤਸਾਹੀ ੧੦॥ਲਿਖਯਤੇ॥’

(੩) ਇਹ ਹੋਰ ਪ੍ਰਾਚੀਨ ਬੀੜ ਤੇ ਇਉਂ ਦਰਜ ਹੈ:-
‘ਤਤਕਰਾ ਲਿਖਿਆ ਗਰੰਥ ਜੀ ਕਾ ਪਾਤਸਾਹੀ ੧੦।’

(੪) ਸੰਗਰੂਰ ਵਾਲੀ ਬੀੜ ਤੇ ਇਉਂ ਹੈ-
‘ਤਤਕਰਾ ਗਿਰੰਥ ਕਾ ਸ੍ਰੀ ਮੁਖਬਾਕ ਪਾਤਸ਼ਾਹੀ ੧੦’

(੫) ਪੱਥਰ ਦੇ ਛਾਪੇ ਵਾਲੀ ੧੨੧੪ ਸਫੇ ਵਾਲੀ ਬੀੜ ਤੇ ਇਉਂ ਦਰਜ ਹੈ-
‘ਤਤਕਰਾ ਸ੍ਰੀ ਗੁਰੂ ਕਾ ਦਸਮ ਪਾਤਸਾਹੀ ਕਾ ਲਿਖਿਆ ਸੁਚੀ ਪਤ ਕਾ।’

(੬) ਇਕ ਹੋਰ ਪੱਥਰ ਦੇ ਛਾਪੇ ਦੀ ਬੀੜ ਗਯਾਨ ਪ੍ਰੈਸ ਗੁਜਰਾਂਵਾਲੇ ਦੀ ਛਪੀ ੧੧੫੮ ਸਫੇ ਦੀ ਹੇ, ਉਸ ਤੇ ਹੈ- ‘ਸ੍ਰੀ ਗਰੰਥ ਸਾਹਿਬ ਦਸਵੇਂ ਪਾਤਿ ਸਾਹਿਬ ਜੀ ਕਾ।’

(੭) ੧੩੮੯ ਸਫੇ ਵਾਲੀ ਟਾਇਪ ਦੀ ਬੀੜ ਜੋ ਮੁਫੀਦ ਆਮ ਪ੍ਰੈਸ ਲਾਹੌਰ ਦੀ ਛਪੀ ਹੋਈ ਹੈ, ਇਸ ਤੇ ਸਿਰਲੇਖ ਹੈ-
‘ਸ੍ਰੀ ਗੁਰੂ ਗਰੰਥ ਸਾਹਿਬ ਜੀ ਦਸਮ ਪਾਤਸਾਹੀ।’

(੮) ਐਂਗਲੋ ਸੰਸਕ੍ਰਿਤ ਪ੍ਰੈਸ ਅਨਾਰਕਲੀ ਲਾਹੌਰ ਦੀ ਛਪੀ ੧੨੮੬ ਪੰਨੇ ਦੀ ਬੀੜ ਤੇ ਇਉਂ ਹੈ:-
‘ਤਤਕਰਾ ਸ੍ਰੀ ਗੁਰੂ ਗਰੰਥ ਸਾਹਿਬ ਦਸਮ ਪਾਤਸਾਹੀ ਜੀ ਕਾ ਲਿਖਯਤੇ।’

(੯) ਗੁਰੂ ਖਾਲਸਾ ਪ੍ਰੈਸ ਅੰਮ੍ਰਿਤਸਰ ਦੀ ਛਪੀ ੧੨੮੧ ਪੰਨੇ ਵਾਲੀ ਬੀੜ ਤੇ ਇਸ ਪਰਕਾਰ ਹੈ-‘ਸ੍ਰੀ ਦਸਮ ਗਰੰਥ ਸਾਹਿਬ ਜੀ।’

(੧੦) ਪੰਡਿਤ ਸੁਖਲਾਲ ਉਪਦੇਸ਼ਕ ਭਾਰਤ ਧਰਮ ਮਹਾ ਮੰਡਲ ਬਨਾਰਸ ਵਾਲਿਆ ਦੇ ਉਦਮ ਨਾਲ, ਰਾਜਪੂਤ ਪ੍ਰਿੰਟਿੰਗ ਵਰਕਸ ਲਾਹੌਰ ਵਿਚ ਇਕ ਉਰਦੂ ਅੱਖਰਾਂ ਅੰਦਰ ੮੯੨ ਸਫੇ ਦੀ ਬੀੜ ਛਪੀ ਸੀ, ਉਸਤੇ ਵੀ ‘ਦਸਮ ਗਰੰਥ ਸਾਹਿਬ’ ਨਾਮ ਦਿਤਾ ਗਿਆ ਹੈ।
ਇਸ ਵੇਰਵੇ ਤੋਂ ਪਰਗਟ ਹੈ ਕਿ ‘ਦਸਮ ਗਰੰਥ’ ਨਾਮ ਵੀਹਵੀਂ ਸਦੀ ਦੇ ਮੁੱਢ ਵਿਚ ਪ੍ਰਚਲਤ ਹੋਇਆ ਜਿਸ ਦਾ ਭਾਵ ਸੀ, ‘ਦਸਮ ਪਾਤਸ਼ਾਹੀ ਦਾ ਰਚਿਆ ਹੋਇਆ ਪੁਸਤਕ।’
ਜੈਸਾ ਕਿ ਅਸਾਂ ਅੱਗੇ ਵੀ ਕਿਹਾ ਹੈ ਕਿ ਲਗਭਗ ਸਾਰੀ ਰਚਨਾਵਲੀ ਬਹੁਤੀਆਂ ਬੀੜਾਂ ਵਿਚ ਬਰਾਬਰ ਹੀ ਹੈ। ਕੇਵਲ ਭਾਈ ਸੁੱਖਾ ਸਿੰਘ ਵਾਲੀ (ਪਟਨਾ) ਖਾਸ ਬੀੜ ਵਿਚ ਇਹ ਵਾਧੂ ਰਚਨਾਵਾਂ ਮਿਲਦੀਆ ਹਨ:-

(੧) ਸੰਸਾਹਰਿ ਸੁਖਮਨਾ-ਇਸ ਦੀਆਂ ੨੪ ਪਉੜੀਆਂ ਹਨ।

(੨) ਵਾਰ ਮਾਲਕਉਂਸ ਕੀ-ਕੇਵਲ ੧੧ ਪਉੜੀਆਂ ਹਨ ਅਤੇ ਹਰ ਪਉੜੀ ਦੇ ਅਖੀਰ ਤੇ ਇਹ ਤੁਕ ਹੈ-
‘ਨਾਨਕ ਜੋ ਪ੍ਰਭ ਭਾਵਹਿੰਗੇ, ਹਰਿ ਜੀ ਹਰਿਮੰਦਿਰ ਆਵਹਿੰਗੇ।’

(੩) ਵਾਰ ਸ੍ਰੀ ਭਗਉਤੀ ਜੀ ਕੀ-ਇਹ ਵਾਰ ਦੁਰਗਾ ਕੀ ਨਾਲੋਂ ਭਿੰਨ ਹੈ, ਕੇਵਲ ੮ ਛੰਦ ਹਨ। ਅਰੰਭ ਇਉਂ ਹੈ-

‘ਭਗਤ ਭਗਉਤੀ ਤਿਸਹ ਕੀ, ਜੋ ਜਨ ਧੀਰ ਧਰੇ।’

ਮੇਰੀ ਪੁਸਤਕ ‘ਪੰਜਾਬੀ ਵਾਰਾਂ’ ਤੇ ‘ਵਾਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀਆਂ’ ਵਿਚ ਇਸ ਦਾ ਪਾਠ ਦੇ ਦਿਤਾ ਗਿਆ ਹੈ।
ਇਹ ਭਿੰਨ ਰਚਨਾਵਾਂ ਕੁਝ ਕੁ ਬੀੜਾਂ ਵਿਚ ਹੀ ਹਨ। ਮਾਲੂਮ ਹੁੰਦਾ ਹੈ ਕਿ ਕਿਸੇ ਲਿਖਾਰੀ ਨੂੰ ਸ਼ਾਇਦ ਭਾਈ ਸੁੱਖਾ ਸਿੰਘ ਜੀ ਨੂੰ ਹੀ ਇਨ੍ਹਾਂ ਬਾਰੇ ਭੁਲੇਖਾ ਲਗਾ ਕਿ ਦਸਮੇਸ਼-ਕਿਰਤ ਹਨ। ਇਸ ਕਰਕੇ ਉਸ ਨੇ ਇਹ ਸ਼ਾਮਿਲ ਕਰ ਦਿਤੀਆਂ ਪਰੰਤੂ ਪਿਛੋਂ ਦੇ ਵਿਦਵਾਨਾਂ ਦੀ ਖੋਜ ਇਸ ਨਾਲ ਸਹਿਮਤ ਨਹੀਂ ਹੋ ਸਕੀ, ਸੋ ਛਾਪੇ ਦੀਆ ਬੀੜਾਂ ਵਿਚ ਇਹ ਦਰਜ ਨਹੀਂ। ਇਸ ਤਰ੍ਹਾਂ ਹੁਣ ਛਾਪੇ ਦੀ ਸੂਰਤ ਵਿਚ ਆਇਆ ਦਸਮ ਗਰੰਥ, ਗੁਰੂ ਗੋਬਿੰਦ ਸਿੰਘ ਰਚਨਾਵਲੀ ਦਾ ਹੀ ਸੰਗ੍ਰਹਿ ਹੈ, ਇਸ ਵਿਚ ਹੋਰ ਦਰਬਾਰੀ ਕਵੀ ਦੀ ਕੋਈ ਰਚਨਾ ਸ਼ਾਮਲ ਨਹੀਂ।
ਸੋ ਦਸਮ ਗਰੰਥ ਦੇ ਰੂਪ ਵਿਚ ਗੁਰੂ ਸਾਹਿਬ ਕਿਰਤ ਕੁਲ ਪ੍ਰਾਪਤ ਰਚਨਾਵਾਂ ਇਹ ਹੋਈਆਂ:-

(ੳ) ਵੱਡੇ ਗਰੰਥ – ਬਚਿਤ੍ਰ ਨਾਟਕ, ਚਰਿਤ੍ਰਪਖਯਾਨ, ਸ਼ਸਤਰ ਨਾਮਮਾਲਾ, ਗਿਆਨ ਪ੍ਰਬੋਧ ਤੇ ੧੧ ਹਕਾਯਤਾਂ (ਫ਼ਾਰਸੀ)

(ਅ) ਛੋਟੀਆਂ ਰਚਨਾਵਾਂ-ਜਾਪੁ, ਅਕਾਲ ਉਸਤਤਿ, ਚੰਡੀ ਚਰਿਤਰ ਉਕਤਿ ਬਿਲਾਸ, ਵਾਰ ਦੁਰਗਾ ਕੀ, ਜ਼ਫਰਨਾਮਾ (ਫ਼ਾਰਸੀ)

(ੲ) ਫੁਟਕਲ- ਸ਼ਬਦ ਰਾਗਾਂ ਕੇ, ੩੨ ਸਵੈਯੇ, ਖਾਲਸਾ ਮਹਿਮਾ ਦੇ ਚਾਰ ਛੰਦ, ਸੱਦ, ਖਿਆਲ ਤੇ ਅਸਫੋਟਕ ਛੰਦ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਗੁਰੀਲਾ ਯੁੱਧਨੀਤੀ ਦੇ ਮਹਾਨਾਇਕ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ੨੫ਵੇਂ ਸ਼ਹੀਦੀ ਦਿਹਾੜੇ 'ਤੇ ਕਰਨਯੋਗ ਵਿਸ਼ੇਸ਼ ਉਪਰਾਲੇ

 

ਬਾਣੀ ਬਾਣੇ ਦੇ ਪੂਰੇ ਭਜਨੀਕ ਸੂਰਮੇ ਜਥੇਦਾਰ ਸਾਹਿਬ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਜਿੰਨ੍ਹਾਂ ਨੂੰ ਸਿੱਖ ਸੰਘਰਸ਼ ਦੇ ਗੁਰੀਲਾ ਯੁੱਧ ਦਾ ਮਹਾਨਾਇਕ ਕਿਹਾ ਜਾਂਦਾ ਹੈ। ...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article

ਬਚਿਤ੍ਰ ਨਾਟਕ

 

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ-ਨਾਟਕ' ਦਾ ਨਾਮ ਦਿੱਤਾ।...

Read Full Article

Amrit-Sanchar Maryada Violation: Worldwide Condemnation and Boycott of the Ragi Darshan Lobby

 

Representatives of Sikh organizations across North America and Europe strongly condemned the blasphemous acts committed by the followers of excommunicated heretic Ragi Darshan Sinh at the Gurdwara Sikh Sangat of Virginia who altered the sacred 'Khanday-ki-Pahul' ceremony and Ardaas. ...

Read Full Article

Two Sikhs Killed by Punjab Police - Scores of Protesters Brutally Attacked and Detained

 

At least two Sikhs were were killed and scores injured on Wednesday in bloody clashes between Sikhs protesting against the desecration of the Guru Granth Sahib Ji and police near Kotkapura town in Punjab’s Faridkot district....

Read Full Article

Sikh Leaders Reject Treacherous 'Pardon' of Sirsa Cultist - Jathedar Bhai Ranjit Singh Warns Gurbachan Singh

 

The Sikh community expressed their displeasure over the pardoning of Dera Sacha Sauda head Gurmeet Ram Rahim Singh by Akal Takht, the highest temporal seat of the Sikh religion, calling the move 'politically motivated' as well as a “betrayal with Sikh community”....

Read Full Article