ਹਰ ਸ਼ਾਖ ਪੇ ਉਲੂ ਬੈਠਾ ਹੈ , ਅੰਜਾਮੇ ਗੁਲਿਸਤਾ ਕਯਾ ਹੋਗਾ
ਭਾਰਤ ਦੇਸ਼ ਵਿੱਚ ਵੱਖ ਵੱਖ ਸਥਾਨਾਂ 'ਤੇ ਅੌਰਤਾਂ ਅਤੇ ਬਾਲੜੀਆਂ ਨਾਲ ਹੋਏ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੇ ਅਮਨ ਪਸੰਦ ਲੋਕਾਂ ਵਿੱਚ ਅਜਿਹੇ ਅਨਸਰਾਂ ਵਿਰੁੱਧ ਪੂਰਾ ਰੋਹ ਹੈ ਅਤੇ ਅੌਰਤਾਂ ਨਾਲ ਹੋ ਰਹੇ ਅਜਿਹੇ ਜ਼ੁਲਮਾਂ ਪ੍ਰਤੀ ਰੋਹ ਭਰਪੂਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ । ਐਸਾ ਨਹੀਂ ਹੈ ਕਿ ਇਹ ਸਭ ਘਰੇਲੂ ਅੌਰਤਾਂ ਜਾਂ ਬੱਚੀਆਂ ਨਾਲ ਵਾਪਰ ਰਿਹਾ ਹੈ ਸਗੋਂ ਭਾਰਤ ਦੇ ਹਰੇਕ ਖੇਤਰ 'ਚ ਪੜ੍ਹੀਆਂ ਲਿਖੀਆਂ ਉੱਚ ਅਹੁਦੇ 'ਤੇ ਬੈਠੀਆਂ ਅੌਰਤਾਂ ਨੂੰ ਵੀ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਵਾਪਰ ਰਹੀਆਂ ਅਣਗਿਣਤ ਘਟਨਾਵਾਂ ਵਿਚੋਂ ਕੋਈ ਇੱਕ ਅੱਧ ਹੀ ਸਾਹਮਣੇ ਆਉਂਦੀ ਹੈ।
ਪਿਛਲੇ ਦਿਨੀਂ ਬਾਲੀਵੁੱਡ ਦੀ ਮਸ਼ਹੂਰ ਡਾਂਸ ਕੋਰੀਓਗ੍ਰਾਫਰ ਸਰੋਜ਼ ਖਾਨ ਨੇ ਅਜਿਹੀਆਂ ਘਟਨਾਵਾਂ ਨੂੰ ਕਾਸਟਿੰਗ ਕਾਊਚ ਦਾ ਨਾਮ ਦੇ ਕੇ ਬਿਆਨ ਦਿੱਤਾ ਸੀ ਕਿ ਬੇਸ਼ੱਕ ਫਿਲਮ ਜਗਤ ਦੇ ਵਿੱਚ ਐਕਟਰਾਂ , ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਵਲੋਂ ਅਭਿਨੈਤਰੀਆਂ ਅਤੇ ਸਹਿ ਅੌਰਤ ਕਲਾਕਾਰਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ ਪਰ ਘੱਟੋ ਘੱਟ ਇਸ ਬਹਾਨੇ ਉਨਾਂ ਨੂੰ ਫਿਲਮ ਜਗਤ 'ਚ ਕੰਮ ਤਾਂ ਮਿਲ ਜਾਂਦਾ ਹੈ । ਭਾਵੇਂ ਸਰੋਜ਼ ਖਾਨ ਦੇ ਇਸ ਬਿਆਨ ਦੀ ਹਰ ਪਾਸਿਉਂ ਤਿੱਖੀ ਵਿਰੋਧਤਾ ਹੋਈ ਪਰ ਤਾਮਿਲ ਅਭਿਨੇਤਰੀ ਸ਼੍ਰੀ ਰੈਡੀ ਤੇ ਇੱਕ ਹੋਰ ਨੇ ਮੰਨਿਆ ਕਿ ਸਰੋਜ਼ ਖਾਨ ਠੀਕ ਕਹਿ ਰਹੀ ਹੈ ਤੇ ਅਭਿਨੇਤਰੀਆਂ ਨੂੰ ਇਹ ਸਭ ਕਰਨਾ ਪੈਂਦਾ ਹੈ । ਕਾਂਗਰਸ ਦੀ ਸੰਸਦ ਮੈਂਬਰ ਰੇਣੁਕਾ ਚੌਧਰੀ ਨੇ ਸਿਆਸਤ 'ਚ ਵੀ ਅੌਰਤਾਂ ਨਾਲ ਅਜਿਹੇ ਸ਼ੋਸ਼ਣ ਬਾਰੇ ਬਿਆਨ ਦਿੱਤਾ ਹੈ ਕਿ ਸੰਸਦ ਵਿੱਚ ਵੀ ਕਾਸਟਿੰਗ ਕਾਊਚ ਦਾ ਰੁਝਾਣ ਹੈ ਅਤੇ ਅਕਸਰ ਇੰਝ ਹੁੰਦਾ ਹੈ ਪਰ ਕਿ ਭਾਰਤੀ ਫਿਲਮ ਜਗਤ ਅਤੇ ਭਾਰਤੀ ਸਿਆਸਤ ਵਿੱਚ ਹੀ ਅੌਰਤਾਂ ਇਸ ਗੰਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ? ਜੇਕਰ ਠੋਸ ਅਖ਼ਬਾਰੀ ਖ਼ਬਰਾਂ ਅਤੇ ਹੋਰ ਮੀਡੀਆ ਸੂਚਨਾਵਾਂ ਵੱਲ ਝਾਤੀ ਮਰੀਏ ਤਾਂ ਭਾਰਤ ਅੰਦਰ ਕੋਈ ਵੀ ਅਜਿਹਾ ਖੇਤਰ ਨਹੀਂ ਹੈ ਜਿੱਥੇ ਅੌਰਤਾਂ ਨੂੰ ਯੌਨ ਸ਼ੋਸ਼ਣ ਦਾ ਸ਼ਿਕਾਰ ਨਾ ਹੋਣਾ ਪੈਂਦਾ ਹੋਵੇ । ਅਜਿਹੇ ਖੇਤਰਾਂ ਬਾਰੇ ਵਿਚਾਰ ਚਰਚਾ ਹੇਠ ਲਿਖੇ ਅਨੁਸਾਰ ਹੈ :-
੧. ਪੁਲਸ ਖੇਤਰ -
ਭਾਰਤੀ ਪੁਲਸ ਵਿਭਾਗ ਸਮਾਜ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ, ਹਰੇਕ ਮਰਦ-ਅੌਰਤ, ਬੱਚਿਆਂ ਦੀ ਰਾਖੀ ਕਰਨ ਅਤੇ ਹਰੇਕ ਪ੍ਰਕਾਰ ਦੇ ਜੁਲਮ ਨੂੰ ਰੋਕਣ ਵਾਲਾ ਇੱਕ ਅਹਿਮ ਖੇਤਰ ਹੈ । ਭਾਰਤ ਵਿੱਚ ੨੦ ਲੱਖ ਦੇ ਕਰੀਬ ਪੁਲਸ ਫੋਰਸ 'ਚ ੬% ਮਹਿਲਾ ਕਾਂਸਟੇਬਲਾਂ ਹਨ ਅਤੇ ੧ % ਮਹਿਲਾ ਸੀਨੀਅਰ ਪੁਲਸ ਅਧਿਕਾਰੀ ਹਨ ਜਿਸ ਵਿੱਚ ਮਰਦ ਪੁਲਸ ਕਾਂਸਟੇਬਲ ਅਤੇ ਅਫ਼ਸਰਾਂ ਦੁਆਰਾ ਹੀ ਮਹਿਲਾ ਪੁਲਸ ਕਰਮੀਆਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ । ਪਹਿਲੀ ਮਹਿਲਾ ਆਈ.ਪੀ.ਐਸ ਪੁਲਸ ਅਫ਼ਸਰ ਕਿਰਨ ਬੇਦੀ ਨੇ ਇੱਕ ਵਾਰ ਬਿਆਨ ਦਿੱਤਾ ਸੀ ਕਿ "ਪੁਲਸ 'ਚ ਅੌਰਤ ਕਰਮੀਆਂ ਨਾਲ ਯੌਨ ਸਰੀਰਕ ਸ਼ੋਸ਼ਣ ਨਹੀਂ ਹੁੰਦਾ ਇਹ ਕਹਿਣਾ ਗਲਤ ਹੈ'" ਕਿਉਂਕਿ ਉਨਾਂ ਨੂੰ ਸ਼ੋਸ਼ਣ ਕਰਨ ਵਾਲੇ ਮਰਦ ਪੁਲਸ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਕਰਨ ਤੋਂ ਪਹਿਲਾਂ ਬਹੁਤ ਕੁੱਝ ਸੋਚਣਾ ਪੈਂਦਾ ਹੈ । ਸੀਨੀਅਰ ਪੁਲਸ ਪ੍ਰੋਗਰਾਮਰ ਅਦਿੱਤੀ ਦੱਤਾ ਦਾ ਕਹਿਣਾ ਹੈ ਕਿ ਪੁਲਸ ਵਿਭਾਗ 'ਚ ਯੌਨ ਸ਼ੋਸ਼ਣ ਮਾਮਲਿਆਂ ਨੂੰ ਸਮਝਣਾ ਅਸਾਨ ਨਹੀਂ ਹੈ ਅਤੇ ਵਿਭਾਗ 'ਚ ਇਹ ਆਮ ਜਿਹੀ ਹੀ ਗੱਲ ਹੈ ।
ਕੁੱਝ ਸਾਲ ਪਹਿਲਾਂ ਇੱਕ ਸਰਵੇਖਣ ਅਨੁਸਾਰ ਹਰਿਆਣਾ ਅਤੇ ਕੇਰਲਾ ਦੇ ਪੁਲਸ ਵਿਭਾਗ 'ਚ ੨੭.੫% ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਦਿੱਲੀ ਪੁਲਸ ਦੀਆਂ ੨੪ ਮਹਿਲਾ ਕਰਮੀਆਂ ਦੇ ਇੱਕ ਗਰੁੱਪ ਨੇ ਸੀਨੀਅਰ ਮਰਦ ਪੁਲਸ ਅਧਿਕਾਰੀ ਵਿਰੁੱਧ ਵਿਭਾਗ ਨੂੰ ਯੌਨ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ । ਤਾਮਿਲਨਾਡੂ ਦੀ ਡੀ.ਐਸ.ਪੀ ਆਰ ਵਿਸ਼ਣੂ ਪ੍ਰੀਆ ਅਤੇ ਕਰਨਾਟਕ ਦੀ ਸਬ-ਇੰਸਪੈਕਟਰ ਰੂਪਾ ਟਿੰਬਾਡੇ ਨੇ ਅਜਿਹੇ ਸ਼ੋਸ਼ਣ ਕਾਰਨ ਹੀ ਆਤਮ ਹੱਤਿਆ ਕਰ ਲਈ ਸੀ ਅਤੇ ਪੰਜਾਬ ਵਿੱਚ ਪੁਲਸ ਦੇ ਸੁਪਰ ਕੋਪ ਕਹੇ ਜਾਣ ਵਾਲੇ ਪੁਲਸ ਪ੍ਰਮੁੱਖ ਕੇ.ਪੀ.ਐਸ ਗਿੱਲ ਵਲੋਂ ਇੱਕ ਮਹਿਲਾ ਅਧਿਕਾਰੀ ਨਾਲ ਛੇੜਖਾਣੀ , ਪਿਛਲੇ ਸਮੇਂ ਲੁਧਿਆਣਾ ਨੇੜੇ ਮਹਿਲਾ ਪੁਲਸ ਕਾਂਸਟੇਬਲ ਵਲੋਂ ਥਾਂਣੇ ਵਿੱਚ ਆਤਮ ਹੱਤਿਆ ਅਤੇ ਇੱਕ ਊਚ ਪੁਲਸ ਅਫ਼ਸਰ ਦੀ ਚੰਡੀਗੜ੍ਹ ਰਿਹਾਇਸ਼ ਵਿੱਚ ਉਸਦੇ ਅੰਗ ਰੱਖਿਅਕ ਦੀ ਨੌਜਵਾਨ ਲੜਕੀ ਵਲੋਂ ਆਤਮ ਹੱਤਿਆ ਜਿਹੇ ਅਨੇਕਾਂ ਮਾਮਲੇ ਪੁਲਸ ਵਿਭਾਗ 'ਚ ਸੀਨੀਅਰ ਮਰਦ ਪੁਲਸ ਅਫ਼ਸਰਾਂ ਵਲੋਂ ਅੌਰਤਾਂ ਨਾਲ ਸ਼ੋਸ਼ਣ ਦੇ ਮਾਮਲਿਆਂ ਦੀ ਪੋਲ ਖੋਲਦੇ ਹਨ । ਅੌਰਤਾਂ ਦੀ ਸੁਰੱਖਿਆ ਅਤੇ ਨਿਆਂ ਲਈ ਬਣਾਏ ਪੁਲਸ ਮਹਿਲਾ ਵਿਭਾਗ ਵਿੱਚ ਅੌਰਤਾਂ ਦੀ ਬੇਪੱਤੀ , ਗੰਦੀਆਂ ਗਾਲ੍ਹਾਂ ਦੀ ਬੋਛਾੜ ਨਾਲ ਕਿਵੇਂ ਕੀਤੀ ਜਾਂਦੀ ਹੈ ਇਹ ਕਿਸੇ ਕੋਲੋਂ ਲੁਕਿਆ ਛਿਪਿਆ ਨਹੀਂ ਜਦੋਂ ਕਿ ਅੌਰਤ ਨੂੰ ਗੰਦੀਆਂ ਗਾਲ੍ਹਾਂ ਕੱਢਣਾ ਵੀ ਕਾਨੂੰਨ ਅਨੁਸਾਰ ਯੌਨ ਸ਼ੋਸ਼ਣ ਅਪ੍ਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ । ਪੰਜਾਬ ਦੀਆਂ ਹੱਕੀ ਮੰਗਾਂ ਲਈ ਚੱਲੇ ਸੰਘਰਸ਼ ਵਿੱਚ ਕਥਿਤ ਤੌਰ 'ਤੇ ਫੜੇ ਗਏ ਸਿੱਖ ਨੌਜਵਾਨਾਂ ਸਾਹਮਣੇ ਉਨਾਂ ਦੀਆਂ ਮਾਵਾਂ ਅਤੇ ਭੈਣਾਂ ਨੂੰ ਨੰਗਿਆਂ ਕਰਨਾ ਅਤੇ ਉਨਾਂ ਦੇ ਮੂੰਂਹ ਵਿੱਚ ਉਨਾਂ ਦੀਆਂ ਮਾਵਾਂ ਭੈਣਾਂ ਦਾ ਪਿਸ਼ਾਬ ਕਰਵਾਉਣ ਦੇ ਅਨੇਕਾਂ ਹੀ ਅਣਮਨੁੱਖੀ ਕਾਰਨਾਮੇ ਅਖ਼ਬਾਰਾਂ , ਮੈਗਜਿਨਾਂ ਰਾਂਹੀ ਪਿਛਲੇ ਸਮੇਂ ਜੱਗ ਜਾਹਰ ਹੋ ਚੁੱਕੇ ਹਨ ।
ਸੀਨੀਅਰ ਪੁਲਸ ਅਤੇ ਫੌਜ ਅਫ਼ਸਰਾਂ ਵਲੋਂ ਪਿੰਡਾਂ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਸ਼ਰੇਆਮ ਮਰਦਾਂ ਨੂੰ ਧਮਕਾਉਣਾ ਕਿ ਤੁਹਾਨੂੰ ਖ਼ਤਮ ਕਰਕੇ ਤੁਹਾਡੀਆਂ ਅੌਰਤਾਂ ਤੋਂ ਗੈਰ ਸਿੱਖਾਂ ਦੇ ਬੱਚੇ ਪੈਦਾ ਕਰਕੇ ਤੁਹਾਡੀ ਨਵੀਂ ਨਸਲ ਤਿਆਰ ਕੀਤੀ ਜਾਵੇਗੀ ਆਦਿ ਦੀਆਂ ਸੁਰਖੀਆਂ ਅਜੇ ਵੀ ਪੰਜਾਬ ਦੀਆਂ ਹਵਾਵਾਂ ਵਿੱਚ ਗੁੰਜ ਰਹੀਆਂ ਹਨ । ਇਥੋਂ ਤੱਕ ਕਿ ਪੰਜਾਬ ਵਿੱਚ ਗੜਬੜ ਦੌਰਾਣ ਮਾਰੇ ਗਏ ਪੁਲਸ ਕਰਮੀਆਂ ਦੀਆਂ ਵਿਧਵਾਵਾਂ ਨਾਲ ਪੁਲਸ ਅਫ਼ਸਰਾਂ ਦੁਆਰਾ ਕੁਕਰਮਾਂ ਦੀਆਂ ਕਹਾਣੀਆਂ ਵੀ ਸਾਹਮਣੇ ਆਈਆਂ ਸਨ । ਪੁਲਸ ਵਿਭਾਗ 'ਚ ਅੌਰਤ ਕਰਮੀਆਂ ਦੀ ਸਥਿਤੀ 'ਤੇ ਪੰਜ ਸਾਲ ਖੋਜ ਕਰਕੇ ਪੀ.ਐਚ.ਡੀ ਕਰਨ ਵਾਲੀ ਟੂੰਪਾ ਮੁਖਰਜੀ ਦਾ ਕਹਿਣਾ ਹੈ ਕਿ '' ਅੌਰਤ ਕਾਂਸਟੇਬਲ ਦੀ ਗੱਲ ਤਾਂ ਕਿਤੇ ਰਹੀ ਸਗੋਂ ਉੱਚ ਅਹੁਦੇ 'ਤੇ ਬੈਠੀ ਪੁਲਸ ਮਹਿਲਾ ਅਫ਼ਸਰ ਦੇ ਅਧੀਨ ਕੰਮ ਕਰਨ ਵਾਲੇ ਮਰਦ ਪੁਲਸ ਕਰਮਚਾਰੀਆਂ ਦਾ ਰਵੱਈਆ ਵੀ ਉਨ੍ਹਾਂ ਪ੍ਰਤੀ ਠੀਕ ਨਹੀਂ ਹੈ। ਬਾਕੀ ਮਹਿਮਕਮਿਆਂ ਵਾਂਗ ਪੁਲਸ ਵਿਭਾਗ 'ਚ ਵੀ ਯੌਨ ਸ਼ੋਸ਼ਨ ਵਿਰੋਧੀ ਵਿਭਾਗ ਹੈ ਪਰ ਜੇਹੜੀਆਂ ਅੌਰਤ ਪੁਲਸ ਕਰਮੀਆਂ ਅਜਿਹੀਆਂ ਸ਼ਿਕਾਇਤਾਂ ਕਰਦੀਆਂ ਹਨ ਉਨਾਂ ਦਾ ਤਬਾਦਲਾ ਦੂਰ ਦੁਰਾਡੇ ਕਰ ਦਿੱਤਾ ਜਾਂਦਾ ਹੈ। ਆਪਣਾ ਭਵਿੱਖ , ਨੌਂਕਰੀ ਤੇ ਪਰਿਵਾਰ ਬਚਾਉਣ ਲਈ ਅਕਸਰ ਅੌਰਤ ਕਰਮਚਾਰੀ ਆਪਣੇ ਮਰਦ ਕਰਮਚਾਰੀ ਦੀ ਮੰਨਮਾਨੀ ਝੱਲਣ ਲਈ ਮਜ਼ਬੂਰ ਹੈ। ਸਾਰੇ ਉਪਰੇ ਅਹੁਦਿਆਂ 'ਤੇ ਤਾਂ ਮਰਦ ਅਧਿਕਾਰੀ ਬੈਠੇ ਹਨ ਯੌਨ ਸ਼ੋਸ਼ਣ ਮਾਮਲੇ 'ਚ ਇੱਕ ਅੱਧ ਸ਼ਿਕਾਇਤ ਕਰ ਵੀ ਦਿੱਤੀ ਜਾਵੇ ਤਾਂ ਇਹ ਦਬਾਅ ਦਿੱਤੀ ਜਾਂਦੀ ਹੈ ਅਤੇ ਸ਼ਿਕਾਇਤ ਕਰਨ ਵਾਲੀ ਅੌਰਤ ਕਰਮਚਾਰੀ ਦੇ ਪੱਲੇ ਸਿਵਾਏ ਬਦਨਾਮੀ ਤੋਂ ਕੁੱਝ ਨਹੀਂ ਪੈਂਦਾ। ਇਹੋ ਕਾਰਨ ਹੈ ਕਿ ਸ਼ਿਕਾਇਤ ਕਰਨ ਵਾਲੀ ਅੌਰਤ ਕਰਮਚਾਰੀ ਨਾਲ ਇਹ ਸਭ ਕੁੱਝ ਵਾਪਰਦਾ ਵੇਖ ਕੇ ਦੂਜੀਆਂ ਪੀੜ੍ਹਤ ਮਹਿਲਾ ਪੁਲਸ ਕਰਮੀ ਆਪਣਾ ਮੂੰਂਹ ਬੰਦ ਰੱਖਣ 'ਚ ਹੀ ਆਪਣੀ ਭਲਾਈ ਸਮਝਦੀਆਂ ਹਨ ''।
੨. ਭਾਰਤੀ ਫੌਜ -
ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ , ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਦਾ ਟਾਕਰਾ ਕਰਨ ਅਤੇ ਦੇਸ਼ ਦੇ ਨਾਗਰਿਕਾਂ ਦੀ ਹਰੇਕ ਬਿਪਤਾ ਸਮੇਂ ਸਹਾਇਤਾ ਕਰਨ ਵਾਲੀ ਫੋਜ ਦੇਸ਼ ਦਾ ਇੱਕ ਅਹਿਮ ਅੰਗ ਹੈ । ਮੁੱਖ ਤੌਰ 'ਤੇ ਇਸਦੇ ਤਿੰਨ ਭਾਗ ਹਨ ਥਲ ਸੈਨਾ , ਹਵਾਈ ਸੈਨਾ ਅਤੇ ਸਮੁੰਦਰੀ ਸੈਨਾ । ਭਾਰਤ ਦਾ ਇਹ ਅਹਿਮ ਖੇਤਰ ਵੀ ਅੌਰਤ ਫੋਜੀ ਕਰਮਚਾਰੀਆਂ ਅਤੇ ਨਾਗਰਿਕ ਅੌਰਤਾਂ ਦੇ ਯੌਨ ਸ਼ੋਸਣ ਮਾਮਲਿਆਂ ਤੋਂ ਮੁਕਤ ਨਹੀਂ ਹੈ । ਭਾਰਤ 'ਚ ਵੱਖੋ ਵੱਖ ਗੜਬੜ ਗ੍ਰਸਤ ਐਲਾਨੇ ਗਏ ਇਲਾਕੇ ਜਿਵੇਂ ਜੰਮੂ-ਕਸ਼ਮੀਰ , ਪੰਜਾਬ , ਮਣੀਪੁਰ , ਅਰੁਣਾਚਲ ਪ੍ਰਦੇਸ਼ , ਪੱਛਮੀ ਬੰਗਾਲ , ਆਸਾਮ , ਛੱਤੀਸਗੜ੍ਹ , ਆਂਧਰਾ ਪ੍ਰਦੇਸ਼ , ਮੇਘਾਲਿਆ , ਨਾਗਾਲੈਂਡ ਤੇ ਤ੍ਰਿਪੁਰਾ ਆਦਿਕ 'ਚ ਅਮਨ ਸ਼ਾਂਤੀ ਦੀ ਬਹਾਲੀ ਲਈ ਭੇਜੇ ਗਏ ਫੌਜੀ ਅਤੇ ਉਚ ਅਧਿਕਾਰੀਆਂ 'ਤੇ ਅਕਸਰ ਉਥੋਂ ਦੀਆਂ ਨਾਗਰਿਕ ਅੌਰਤਾਂ ਨਾਲ ਯੌਨ ਸ਼ੋਸ਼ਣ ਦੇ ਦੋਸ਼ ਲੱਗਦੇ ਰਹੇ ਅਤੇ ਲੱਗ ਰਹੇ ਹਨ । ਬਿਜਾਏ ਦੋਸ਼ੀ ਫੋਜ਼ੀ ਅਧਿਕਾਰੀ ਅਤੇ ਕਰਮਚਾਰੀਆਂ 'ਤੇ ਕਾਰਵਾਈ ਕਰਨ ਦੇ ਉਨਾਂ ਦਾ ਮਾਨਸਿਕ ਮਨੋਬਲ ਡਿੱਗ ਪੈਣ ਦਾ ਬਹਾਨਾ ਬਣਾ ਕੇ ਉਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਜਾਂਦਾ ਹੈ ।
ਗਵਾਂਢੀ ਦੇਸ਼ ਬੰਗਲਾਦੇਸ਼ ਤੋਂ ਭਾਰਤ 'ਚ ਘੁਸਪੈਠ ਕਰਨ ਵਾਲੀਆਂ ਖਾਸ ਕਰਕੇ ਨੌਜਵਾਨ ਅੌਰਤਾਂ ਨਾਲ ਫੌਜੀ ਅਫ਼ਸਰਾਂ ਵਲੋਂ ਕੀ ਕੀਤਾ ਜਾਂਦਾ ਹੈ ਇਹ ਕੋਈ ਲੁਕਿਆ ਛਿਪਿਆ ਨਹੀਂ । ਭਾਰਤੀ ਫੌਜ ਵਲੋਂ ਆਮ ਅੌਰਤਾਂ ਨਾਲ ਕੀਤੇ ਜਾਂਦੇ ਯੌਨ ਸ਼ੋਸ਼ਣ ਦੀ ਮਿਸਾਲ ਪੂਰੀ ਦੁਨੀਆ ਸਾਹਮਣੇ ਉਦੋਂ ਜੱਗਜਾਹਰ ਹੋ ਗਈ ਸੀ ਜਦੋਂ ਮਣੀਪੁਰ ਦੀਆਂ ਅੌਰਤਾਂ ਨੇ ਪੂਰੀ ਤਰ੍ਹਾਂ ਨਗਨ ਹੋ ਕੇ ਫੌਜੀ ਹੈਡਕੁਆਰਟਰ ਸਾਹਮਣੇ ਹੱਥਾਂ 'ਚ ਬੈਨਰ '' ਇੰਡੀਅਨ ਆਰਮੀ ਰੇਪ-ਅਸ '' ਫੜ ਕੇ ਬੈਨਰ ਪ੍ਰਦਰਸ਼ਨ ਕੀਤਾ ਸੀ ਅਤੇ ਪੰਜਾਬ ਵਿੱਚ ਸ਼੍ਰੀ ਦਰਬਾਰ ਸਾਹਿਬ 'ਤੇ ਹਮਲੇ ਦੌਰਾਣ ਆਪ੍ਰੇਸ਼ਨ ਨੀਲਾ ਤਾਰਾ ਅਤੇ ਆਪ੍ਰੇਸ਼ਨ ਵੁੱਡ ਰੋਜ਼ ਦੌਰਾਣ ਸਿੱਖ ਅੌਰਤਾਂ ਨਾਲ ਭਾਰਤੀ ਫੋਜੀਆਂ ਵਲੋਂ ਜਬਰ ਜਨਾਹ ਦੇ ਅਨੇਕਾਂ ਦੋਸ਼ ਲੱਗੇ ਸਨ ਇਸੇ ਤਰਾਂ ਸ਼੍ਰੀ ਲੰਕਾ ਅਤੇ ਮੇਘਾਲਿਆ 'ਚ ਭਾਰਤੀ ਫੋਜ ਵਲੋਂ ਉਥੋਂ ਦੀਆਂ ਅੌਰਤਾਂ ਦੀ ਕੀਤੀ ਬੇ-ਪੱਤੀ ਅੰਤਰ-ਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਬਣੀ ਸੀ । ਆਮ ਅੌਰਤ ਨਾਗਰਿਕਾਂ ਨਾਲ ਹੀ ਨਹੀਂ ਸਗੋਂ ਫੋਜ ਵਿੱਚ ਅੌਰਤ ਕਰਮਚਾਰੀਆਂ ਨਾਲ ਯੌਨ ਸ਼ੋਸ਼ਣ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਇੱਕ ਪ੍ਰਸਿੱਕ ਅਖ਼ਬਾਰੀ ਸੂਚਨਾ ਅਨੁਸਾਰ ਦੇਸ਼ ਦੀ ਕੁੱਲ ਥਲ ਸੈਨਾ ਦਾ ੩% , ਸਮੁੰਦਰੀ ਸੈਨਾ 'ਚ ੨.੪% ਅਤੇ ਹਵਾਈ ਸੈਨਾ 'ਚ ੮.੫% ਮਹਿਲਾ ਕਰਮਚਾਰੀ ਹਨ । ਜਦੋਂ ਕਿ ਤਿੰਨਾਂ ਸੈਨਾਵਾਂ ਦੇ ਕੁੱਲ ਅਫ਼ਸਰਾਂ ਵਿਚੋਂ ੫.੩% ਮਹਿਲਾ ਅਧਿਕਾਰੀ ਹਨ। ਆਮ ਮਹਿਲਾ ਫੌਜੀ ਕਰਮਚਾਰੀਆਂ ਨਾਲ ਸ਼ੋਸ਼ਣ ਦੀ ਗੱਲ ਤਾਂ ਕਿਤੇ ਰਹੀ ਸਗੋਂ ਉੱਚ ਮਹਿਲਾ ਅਫ਼ਸਰਾਂ ਦੇ ਯੌਨ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਹਨ । ਮਹਿਲਾ ਅਫ਼ਸਰਾਂ ਨੂੰ ਮਰਦ ਅਫ਼ਸਰਾਂ ਵਲੋਂ ਰਾਤ ਸਮੇਂ ਫੋਜੀ ਪਾਰਟੀਆਂ ਵਿੱਚ ਖਾਸ ਡਰੈਸ ਪਹਿਣ ਕੇ ਸ਼ਰਾਬ ਪ੍ਰੋਸਣ ਲਈ ਮਜ਼ਬੂਰ ਕਰਨਾ ਆਮ ਜਿਹੀ ਗੱਲ ਹੈ ।
ਕੁੱਝ ਇੱਕ ਘਟਨਾਵਾਂ ਤਾਂ ਮਰਦ ਅਫ਼ਸਰਾਂ ਵਲੋਂ ਅੌਰਤ ਅਫ਼ਸਰਾਂ ਨੂੰ ਨਾਲ ਨੱਚਣ ਲਈ ਮਜ਼ਬੂਰ ਕਰਨ ਦੀਆਂ ਵੀ ਹਨ । ਅੌਰਤ ਅਫ਼ਸਰਾਂ ਵਲੋਂ ਇਨਕਾਰ ਕਰਨ 'ਤੇ ਉਨਾਂ ਦਾ ਕੋਰਟ ਮਾਰਸ਼ਲ ਕਰਨ ਦੀਆਂ ਧਮਕੀਆਂ ਦੇ ਕੇ ਇਹ ਸਭ ਕੀਤਾ ਜਾਂਦਾ ਹੈ ਜਦਕਿ ਕਾਨੂੰਨ ਅਨੁਸਾਰ ਅੌਰਤ ਨੂੰ ਉਸਦੀ ਮਰਜੀ ਬਗੈਰ ਛੂਹਣਾ , ਨਾਲ ਨੱਚਣ ਲਈ ਅਤੇ ਸ਼ਰਾਬ ਪ੍ਰੋਸਣ ਲਈ ਮਜ਼ਬੂਰ ਕਰਨਾ ਵੀ ਯੌਨ ਸ਼ੋਸ਼ਣ ਅਪ੍ਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਹਿਮ ਅਖ਼ਬਾਰੀ ਸੂਚਨਾ ਅਨੁਸਾਰ ਕੁੱਝ ਸਾਲ ਪਹਿਲਾਂ ਸਿਗਨਲ ਕੋਰ ਦੀ ੨੬ ਸਾਲਾ ਕੈਪਟਨ ਨਾਲ ਗਣਤੰਤਰ ਦਿਵਸ ਪਰੇਡ ਵਿੱਚ ਨਾਰੀ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਉਸਦੇ ਉੱਚ ਅਫ਼ਸਰ ਨੇ ਜਬਰ ਜਨਾਹ ਕੀਤਾ । ਉਸਦੀ ਸ਼ਿਕਾਇਤ ਕਰਨ ਤੋਂ ਬਾਅਦ ਵੀ ਉਸਨੂੰ ਸਜ਼ਾ ਦੇਣ ਦੀ ਬਜਾਏ ਸਗੋਂ ਅਹਿਮ ਅਹੁਦਾ ਦੇ ਦਿੱਤਾ ਗਿਆ । ਪਿੱਛੇ ਜਿਹੇ ਇਸ ਅੌਰਤ ਫੋਜ਼ੀ ਅਫ਼ਸਰ ਦੇ ਪਿਤਾ ਨੇ ਉਸ ਵੇਲੇ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਸ਼ਿਕਾਇਤ ਕੀਤੀ ਸੀ ਕਿ ਇਹ ਦੌਸ਼ੀ ਅਫ਼ਸਰ ਅਜੇ ਵੀ ਮੇਰੀ ਬੇਟੀ ਨੂੰ ਡਿਊਟੀ ਦੌਰਾਣ ਪ੍ਰੇਸ਼ਾਨ ਕਰਦਾ ਹੈ । ਕੇਵਲ ਦੇਸ਼ 'ਚ ਹੀ ਨਹੀਂ ਵਿਦੇਸ਼ 'ਚ ਗਏ ਭਾਰਤੀ ਫੌਜੀਆਂ ਨੇ ਭਾਰਤ ਦੇ ਨਾਂਅ ਨੂੰ ਸ਼ਰਮਸਾਰ ਕੀਤਾ ਹੈ । ਕੁੱਝ ਸਮਾਂ ਪਹਿਲਾਂ ਯੂ.ਐਨ.ਓ ਦੀ ਸ਼ਾਂਤੀ ਸੈਨਾ ਵਿੱਚ ੧੦ ਭਾਰਤੀ ਫੌਜੀਆਂ 'ਤੇ ਫੋਜੀ ਅਨੁਸਾਸ਼ਨ ਤੋੜ ਕੇ ਵਿਦੇਸ਼ੀ ਧਰਤੀ 'ਤੇ ਉਥੋਂ ਦੀਆਂ ਅੌਰਤਾਂ ਨਾਲ ਸਰੀਰਕ ਸਬੰਧ ਬਨਾਉਣ ਦੇ ਦੋਸ਼ ਲੱਗੇ ਸਨ ਅਤੇ ਸੂਡਾਨ ਦੀ ਇੱਕ ਫੌਜੀ ਮਹਿਲਾ ਅਫ਼ਸਰ ਨੇ ਵੀ ਭਾਰਤੀ ਫੋਜ਼ੀਆਂ 'ਤੇ ਉਸਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੌਸ਼ ਲਗਾਏ ਸਨ । ਪਿਛਲੇ ਤਿੰਨ ਕੁ ਸਾਲਾਂ 'ਚ ਹੀ ਤਕਰੀਬਨ ੧੨ ਫੌਜੀ ਮਹਿਲਾ ਅਫ਼ਸਰਾਂ ਵਲੋਂ ਯੌਨ ਸ਼ੋਸ਼ਣ ਦੀਆਂ ਮਰਦ ਫੌਜੀ ਅਫ਼ਸਰਾਂ ਵਿਰੁੱਧ ਸ਼ਿਕਾਇਤਾਂ ਅਖ਼ਬਾਰੀ ਸੁਰਖੀਆਂ ਬਣੀਆਂ ਸਨ। ਹਾਲਾਂਕਿ ਤਿੰਨਾਂ ਸੈਨਾਵਾਂ ਵਿੱਚ ਅੌਰਤ ਫੋਜ਼ੀ ਕਰਮੀਆਂ ਅਤੇ ਅੌਰਤ ਅਫ਼ਸਰਾਂ ਦੀ ਭਾਰੀ ਕਮੀ ਹੈ ਪਰ ਫਿਰ ਵੀ ਅਜੇ ਤੱਕ ਅੌਰਤਾਂ ਫੋਜ਼ ਵਿੱਚ ਨੌਂਕਰੀ ਕਰਨ ਲਈ ਤਿਆਰ ਨਹੀਂ ਹਨ ।
ਇਥੋਂ ਤੱਕ ਕਿ ਫੋਜ ਦੇ ਮਰਦ ਅਫ਼ਸਰ ਜੋ ਨੌਂਕਰੀ ਕਰ ਰਹੇ ਹਨ ਜਾਂ ਰਿਟਾਇਰ ਹੋ ਚੁੱਕੇ ਹਨ ਉਹ ਵੀ ਆਪਣੀਆਂ ਧੀਆਂ ਨੂੰ ਫੋਜ ਦੀ ਨੌਂਕਰੀ 'ਚ ਭੇਜਣ ਲਈ ਤਿਆਰ ਨਹੀਂ ਕਿਉਂਕਿ ਫੋਜ ਵਿੱਚ ਅੌਰਤ ਕਰਮਚਾਰੀਆਂ ਦੇ ਹੋ ਰਹੇ ਯੌਨ ਸ਼ੋਸ਼ਣ ਤੋਂ ਉਹ ਭਲੀ ਭਾਂਤ ਜਾਣੂ ਹਨ । ਪਿੱਛੇ ਜਿਹੇ ਇੱਕ ਪ੍ਰਸਿੱਧ ਬਾਲੀਵੁੱਡ ਅਭਿਨੇਤਰੀ ਦੇ ਪਿਤਾ ਫੋਜ਼ੀ ਅਫ਼ਸਰ ਨੂੰ ਇੱਕ ਫਿਲਮੀ ਪੱਤਰਕਾਰ ਨੇ ਪੁੱਛਿਆ ਕਿ ਤੁਹਾਡੀ ਬੇਟੀ ਦੇ ਫਿਲਮਾਂ 'ਚ ਕੰਮ ਕਰਨ ਨੂੰ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਤਾਂ ਪਿਤਾ ਫੌਜੀ ਅਫ਼ਸਰ ਨੇ ਕਿਹਾ ਕਿ ਮੇਂ ਮਾਣ ਮਹਿਸੂਸ ਕਰਦਾ ਹਾਂ ਕਿ ਮੇਰੀ ਬੇਟੀ ਨੇ ਆਪਣੀ ਕਲਾ ਰਾਂਹੀ ਮੇਰੇ ਪਰਿਵਾਰ ਦਾ ਨਾਂਅ ਰੌਸ਼ਣ ਕੀਤਾ ਹੈ । ਪੱਤਰਕਾਰ ਵਲੋਂ ਦੁਬਾਰਾ ਪੁੱਛਣ 'ਤੇ ਕਿ ਤੁਸੀ ਫੋਜ਼ੀ ਅਫ਼ਸਰ ਹੋ ਤੇ ਆਪਣੀ ਬੇਟੀ ਨੂੰ ਫੋਜ਼ 'ਚ ਅਫ਼ਸਰ ਕਿਉਂ ਨਹੀਂ ਬਣਾਇਆ ਤਾਂ ਉਸ ਅਭਿਨੇਤਰੀ ਦੇ ਪਿਤਾ ਫੌਜ਼ੀ ਅਫ਼ਸਰ ਨੋ-ਕਮੈਂਟ ਕਹਿ ਕੇ ਉਥੋਂ ਚਲਾ ਗਿਆ । ਜੇਕਰ ਫੌਜੀ ਅਫ਼ਸਰ ਹੀ ਆਪਣੀਆਂ ਧੀਆਂ ਨੂੰ ਫੋਜ਼ 'ਚ ਨਹੀਂ ਭੇਜ ਰਹੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਭਾਰਤੀ ਫੌਜ਼ 'ਚ ਅੌਰਤਾਂ ਨਾਲ ਕਿਸ ਪੱਧਰ 'ਤੇ ਸ਼ੋਸ਼ਣ ਹੁੰਦਾ ਹੈ ।
੩. ਨਿਆਂ ਪਾਲਿਕਾ -
ਇਹ ਵੀ ਭਾਰਤ ਦਾ ਅਹਿਮ ਵਿਭਾਗ ਹੈ ਜਿਸ ਦੁਆਰਾ ਦੇਸ਼ 'ਚ ਜੁਲਮ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਅਤੇ ਪੀੜ੍ਹਤਾਂ ਨੂੰ ਇਨਸਾਫ਼ ਦਿੱਤਾ ਜਾਂਦਾ ਹੈ । ਇਸ ਵਿਭਾਗ 'ਚ ਵਕੀਲਾਂ ਅਤੇ ਜੱਜਾਂ ਦੀ ਅਹਿਮ ਭੂਮਿਕਾ ਹੁੰਦੀ ਹੈ । ਕਿਉਂਕਿ ਭਾਰਤੀ ਕਾਨੂੰਨ ਅਨੁਸਾਰ ਕਿਸੇ ਦੋਸ਼ੀ ਨੂੰ ਸਜ਼ਾ ਦੇਣ ਦੀ ਪ੍ਰਕਿਰਿਆ ਲੰਬੀ ਤਾਂ ਕਿ ਕਿਸੇ ਬੇਕਸੂਰ ਨੂੰ ਸਜ਼ਾ ਨਾ ਹੋਵੇ ਪਰ ਅਫ਼ਸੋਸ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਾ ਇਹ ਵਿਭਾਗ ਵੀ ਅੌਰਤ ਵਕੀਲਾਂ ਅਤੇ ਅੌਰਤ ਜੱਜਾਂ ਨਾਲ ਯੌਨ ਸ਼ੋਸ਼ਣ ਦੇ ਮਾਮਲਿਆਂ 'ਚ ਦੋਸ਼ ਮੁਕਤ ਨਹੀਂ ਹੈ । ਜੱਜ ਅਤੇ ਵਕੀਲ ਬਨਣ ਲਈ ਕਾਨੂੰਨ ਦੀ ਪੜ੍ਹਾਈ ਕਰਨੀ ਪੈਂਦੀ ਹੈ ਪਰ ਕਾਨੂੰਨ ਦੀ ਪੜ੍ਹਾਈ ਕਰਵਾਉਣ ਵਾਲੇ ਕਾਲਜ਼ਾਂ ਵਿੱਚ ਹੀ ਮਰਦ ਪ੍ਰੇਫੈਸਰਾਂ ਵਲੋਂ ਲੜਕੀਆਂ ਦਾ ਸ਼ੋਸ਼ਣ ਹੋਣਾ ਸ਼ੁਰੂ ਹੋ ਜਾਂਦਾ ਹੈ । ਕਾਲਜ਼ ਵਿਚੋਂ ਪੜ੍ਹ ਕੇ ਜਦੋਂ ਲੜਕੀ ਕਾਨੂੰਨੀ ਪੜ੍ਹਾਈ ਦੀ ਡਿਗਰੀ ਲੈ ਕੇ ਕਚਿਹਰੀ 'ਚ ਪ੍ਰੈਕਟਿਸ ਕਰਨ ਪਹੁੰਚਦੀ ਹੈ ਤਾਂ ਕਚਿਹਰੀ ਵਿਚਲੇ ਸੀਨੀਅਰ ਮਰਦ ਵਕੀਲਾਂ ਵਲੋਂ ਉਨਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਂਕਿ ਅੌਰਤ ਨਾਲ ਯੌਨ ਸ਼ੋਸ਼ਣ ਦੀਆਂ ਕਾਨੂੰਨੀ ਧਾਰਾਵਾਂ ਅਤੇ ਸਜ਼ਾ ਦੀ ਉਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ । ਅੌਰਤ ਵਕੀਲਾਂ ਸਾਹਮਣੇ ਅਤੇ ਉਨ੍ਹਾਂ ਨਾਲ ਮਰਦ ਵਕੀਲਾਂ ਵਲੋਂ ਗੰਦੀਆਂ ਗਾਲ੍ਹਾਂ , ਗੰਦੇ ਕਮੈਂਟ ਅਤੇ ਗੰਦੇ ਇਸ਼ਾਰੇ ਆਮ ਜਿਹੀ ਗੱਲ ਹੈ ਇਹੋ ਕਾਰਨ ਹੈ ਕਿ ਭਾਰਤ ਦੀ ਹਰੇਕ ਕਚਹਿਰੀ 'ਚ ਸੈਂਕੜੇ , ਹਜ਼ਾਰਾਂ ਮਰਦ ਵਕੀਲਾਂ 'ਚ ਅੌਰਤ ਵਕੀਲਾਂ ਦੀ ਗਿਣਤੀ ਨਾ-ਮਾਤਰ ਹੀ ਹੈ ।
ਇਹ ਸ਼ੋਸ਼ਣ ਅੌਰਤ ਵਕੀਲਾਂ ਦਾ ਹੀ ਨਹੀਂ ਸਗੋਂ ਅੌਰਤ ਜੱਜਾਂ ਨਾਲ ਸੀਨੀਅਰ ਮਰਦ ਜੱਜਾਂ ਅਤੇ ਵਕੀਲਾਂ ਵਲੋਂ ਵੀ ਕੀਤਾ ਜਾਂਦਾ ਹੈ । ਇੱਕ ਅਹਿਮ ਅਖ਼ਬਾਰ ਦੀ ਸੂਚਨਾ ਅਨੁਸਾਰ ਦਿੱਲੀ ਦੀ ਇੱਕ ਹੇਠਲੀ ਅਦਾਲਤ ਵਿੱਚ ਇੱਕ ਨੌਜਵਾਨ ਅੌਰਤ ਜੱਜ ਨੂੰ ਇੱਕ ਮਰਦ ਵਕੀਲ ਨੇ ਭਰੀ ਅਦਾਲਤ 'ਚ ਹੀ ਇਹ ਬੋਲ ਕੇ '' ਤੇਰੀ ਅੌਕਾਤ ਕਯਾ ਹੈ ਮੇਂ ਤੇਰੀ ਚੱਡੀ ਫਾੜ ਕੇ ਰੱਖ ਦੂੰਗਾ '' ਧਮਕੀ ਦਿੱਤੀ ਸੀ ਕਿਉਂਕਿ ਅੌਰਤ ਜੱਜ ਨੇ ਉਸ ਵਕੀਲ ਦੇ ਗ੍ਰਾਹਕ ਦੋਸ਼ੀ ਨੂੰ ਸਜ਼ਾ ਸੁਣਾਈ ਸੀ । ਕ੍ਰਿਮੀਨਲ ਕੇਸ ਲੜ੍ਹਣ ਵਾਲੀ ਇੱਕ ਸੀਨੀਅਰ ਮਹਿਲਾ ਵਕੀਲ ਨੇ ਵੀ ਮੀਡੀਆ 'ਚ ਮੰਨਿਆ '' ਜਦੋਂ ਮੈਂ ਕਚਹਿਰੀ 'ਚ ਪ੍ਰੈਕਟਿਸ ਕਰਦੀ ਸੀ ਤਾਂ ਮਰਦ ਵਕੀਲ ਮੇਰੇ ਟੇਬਲ 'ਤੇ ਲਵ ਲੈਟਰ ਰੱਖ ਦਿੰਦੇ ਸੀ ਅਤੇ ਸ਼ਾਮ ਨੂੰ ਘਰ ਵਾਪਸੀ 'ਤੇ ਮਰਦ ਵਕੀਲਾਂ ਵਲੋਂ ਉਸਦਾ ਪਿੱਛਾ ਕੀਤਾ ਜਾਂਦਾ ਸੀ '' ਆਂਧਰਾ ਪ੍ਰਦੇਸ਼ 'ਚ ਕੁੱਝ ਸਾਲ ਪਹਿਲਾਂ ਯੌਨ ਸ਼ੋਸ਼ਣ ਕਰਕੇ ਇੱਕ ਸੀਨੀਅਰ ਅੌਰਤ ਵਕੀਲ ਨੇ ਆਤਮ ਹੱਤਿਆ ਕਰ ਲਈ ਸੀ , ਇੱਕ ਅੌਰਤ ਵਕੀਲ ਨੇ ਤਾਂ ਨਿਆਂ ਮੂਰਤੀ ਸਵਤੰਤਰ ਕੁਮਾਰ 'ਤੇ ਯੌਨ ਸ਼ੋਸ਼ਨ ਦਾ ਲਿਖਤੀ ਦੋਸ਼ ਲਗਾਇਆ ਸੀ ਜਦਕਿ ਸਵਤੰਤਰ ਕੁਮਾਰ ਨੇ ਆਪਣੇ ਹੋਰ ਸਮਰਥਕ ਜੱਜਾਂ ਦੁਆਰਾ ਮੀਡੀਆ 'ਚ ਬਿਆਨ ਦਿੱਤਾ ਸੀ ਕਿ ਇਹ ਉਸਦੇ ਖਿਲਾਫ਼ ਇੱਕ ਯੌਜਨਾ ਬੰਦ ਸਾਜਿਸ਼ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਨਿਆਂ ਮੂਰਤੀ ਏ.ਕੇ ਗਾਂਗੂਲੀ ਸਾਹਮਣੇ ਆਇਆ ਸੀ। ਇਨ੍ਹਾਂ ਹੀ ਨਹੀਂ ਦਿੱਲੀ ਸੁਪਰੀਮ ਕੋਰਟ ਦੀਆਂ ੨ ਸੀਨੀਅਰ ਅੌਰਤ ਵਕੀਲਾਂ ਨੇ ਇੱਕ ਮਰਦ ਜੱਜ ਵਿਰੁੱਧ ਯੌਨ ਸ਼ੋਸ਼ਨ ਦਾ ਮਾਮਲਾ ਦਰਜ਼ ਕਰਵਾਇਆ ਸੀ । ਜੇਕਰ ਦੌਸ਼ੀਆਂ ਨੂੰ ਸਜ਼ਾ ਦੇਣ ਵਾਲੇ ਕਾਨੂੰਨ ਤੋਂ ਪੂਰੀ ਤਰ੍ਹਾਂ ਜਾਣੂ ਮਰਦ ਵਕੀਲਾਂ ਅਤੇ ਜੱਜਾਂ ਦੇ ਇਹ ਹਾਲਾਤ ਹਨ ਤਾਂ ਭਾਰਤ ਦੇਸ਼ ਦੇ ਹੋਰ ਖੇਤਰਾਂ 'ਚ ਅੌਰਤਾਂ ਦੀ ਹਾਲਤ ਤਾਂ ਮਾੜੀ ਹੀ ਹੋਵੇਗੀ।
੪. ਖੇਡਾਂ ਵਿਭਾਗ-
ਇਹ ਖੇਤਰ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਹ ਅਰੋਗਤਾ ਦੇ ਨਾਲ ਨਾਲ ਅਨੁਸਾਸ਼ਨ ਵੀ ਸਿਖਾਉਂਦਾ ਹੈ । ਵੱਖ ਵੱਖ ਖੇਡਾਂ 'ਚ ਨਿਪੁੰਨ ਹੋ ਕੇ ਮੁੰਡੇ ਕੁੜੀਆਂ ਸ਼ਹਿਰ ਪੱਧਰ ਤੋਂ ਲੈ ਕੇ ਉਲੰਪੀਅਨ , ਏਸ਼ੀਅਨ ਅਤੇ ਕਾਮਨਵੈਲਥ ਖੇਡ ਮੁਕਾਬਲਿਆਂ ਰਾਂਹੀ ਆਪਣਾ , ਪਰਿਵਾਰ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰਦੇ ਹਨ ਪਰ ਭਾਰਤ ਦੇ ਇਸ ਖੇਤਰ ਵਿੱਚ ਵੀ ਅੌਰਤ ਖਿਡਾਰਨਾਂ ਨਾਲ ਵੀ ਯੌਨ ਸ਼ੋਸ਼ਣ ਦੇ ਮਾਮਲੇ ਹੱਦ ਬੰਨੇ ਟੱਪੇ ਹੋਏ ਹਨ । ਇਸ ਖੇਤਰ 'ਚ ਬੇਸ਼ੱਕ ਲੜਕੀਆਂ ਹੁਣ ਵੱਡੀ ਗਿਣਤੀ 'ਚ ਆ ਕੇ ਮੱਲਾਂ ਮਾਰ ਰਹੀਆਂ ਹਨ ਪਰ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਮਰਦ ਕੋਚਾਂ ਦੇ ਮੁਕਾਬਲੇ ਅੌਰਤ ਕੋਚਾਂ ਦੀ ਗਿਣਤੀ ਨਾ-ਮਾਤਰ ਹੈ । ਬੇਸ਼ੱਕ ਖੇਡਾਂ 'ਚ ਹਿੱਸਾ ਲੈਣ ਦੀ ਸਿਖਲਾਈ ਲਈ ਸਖ਼ਤ ਕਾਨੂੰਨ ਹਨ ਜਿਵੇਂ ਤੈਰਾਕੀ ਕੋਚ ਪਾਣੀ 'ਚ ਸਿਖਲਾਈ ਦੇਣ ਵੇਲੇ , ਕ੍ਰਿਕਟ ਕੋਚ ਪਿੱਚ 'ਤੇ ਸਿਖਲਾਈ ਦੇਣ ਵੇਲੇ , ਹਾਕੀ ਕੋਚ ਖੇਡ ਮੈਦਾਨ ਵਿੱਚ ਸਿਖਲਾਈ ਦੇਣ ਸਮੇਂ , ਕਬੱਡੀ ਅਤੇ ਕੁਸ਼ਤੀ ਕੋਚ ਵੀ ਖੇਡ ਮੈਦਾਨ ਵਿੱਚ ਸਿਖਲਾਈ ਦੇਣ ਸਮੇਂ ਹੀ ਲੜਕੀ ਦੇ ਸਰੀਰ ਨੂੰ ਛੋਹ ਕੇ ਉਸਨੂੰ ਖੇਡ ਖੇਡਣ ਦਾ ਢੰਗ ਸਿਖਾ ਸਕਦਾ ਹੈ ਪਰ ਖੇਡ ਮੈਦਾਨ ਜਾਂ ਤੈਰਾਕੀ ਜਲ ਤੋਂ ਬਾਹਰ ਖਿਡਾਰਨਾਂ ਦੇ ਸਰੀਰ ਨੂੰ ਛੂਹ ਨਹੀਂ ਸਕਦੇ ਪਰ ਕੋਚਾਂ ਵਲੋਂ ਇਸੇ ਨੀਤੀ ਦਾ ਨਜਾਇਜ਼ ਫਾਇਦਾ ਉਠਾ ਕੇ ਸਿਖਲਾਈ ਦੌਰਾਣ ਖੇਡ ਮੈਦਾਨ ਤੋਂ ਹੀ ਖਿਡਾਰਨਾ ਦਾ ਸ਼ੋਸ਼ਣ ਆਰੰਭ ਹੋ ਜਾਂਦਾ ਹੈ ।
ਇਸਤੋਂ ਬਾਅਦ ਖੇਡ ਮੁਕਾਬਲਿਆਂ ਲਈ ਖਿਡਾਰਨਾਂ ਦੀ ਚੌਣ ਕਰਨ ਵੇਲੇ ਵੀ ਖਿਡਾਰਣਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ । ਉਨ੍ਹਾ ਦਾ ਭਵਿੱਖ ਖ਼ਰਾਬ ਹੋ ਜਾਣ ਦਾ ਡਰ ਕੇ ਕੇ ਜਾਂ ਟੀਮ 'ਚ ਸ਼ਾਮਲ ਕਰਨ ਦਾ ਲਾਲਚ ਦੇ ਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ । ਇਨ੍ਹਾਂ ਹੀ ਨਹੀਂ ਭਾਰਤ 'ਚ ਚੁਣੀਆਂ ਹੋਈਆਂ ਅਹਿਮ ਖੇਡ ਟੀਮਾਂ ਦੀਆਂ ਖਿਡਾਰਨਾਂ ਵਲੋਂ ਖੇਡ ਕੋਚਾਂ ਉਪਰ ਯੌਨ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਹਨ। ਇੱਕ ਪ੍ਰਸਿੱਧ ਅਖ਼ਬਾਰ ਅਨੁਸਾਰ ੨੦੦੯ 'ਚ ਆਂਧਰਾ ਪ੍ਰਦੇਸ਼ ਦੇ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਚਾਂਮੂੰਡੇ ਸਵਰਨਾਥ 'ਤੇ ਇੱਕ ਕ੍ਰਿਕਟ ਖਿਡਾਰਨ ਨੇਂ ਯੌਨ ਸ਼ੋਸ਼ਣ ਦਾ ਕੇਸ ਦਰਜ਼ ਕਰਵਾਇਆ ਸੀ। ੨੦੦੯ ਵਿੱਚ ਹੀ ਇੱਕ ਅਹਿਮ ਬਾਕਸਰ ਖਿਡਾਰਨ ਨੇ ਹੈਦਰਾਬਾਦ ਦੇ ਲਾਲ ਬਹਾਦੁਰ ਸਟੇਡੀਅਮ 'ਚ ਆਤਮ ਹੱਤਿਆ ਕਰ ਲਈ ਸੀ ਕਿਉਂਕਿ ਉਸਦੇ ਕੋਚ ਉਮਕਾਰ ਯਾਦਵ ਨੇ ਉਸਦਾ ਯੌਨ ਸ਼ੋਸ਼ਣ ਕੀਤਾ ਸੀ , ੨੦੧੦ 'ਚ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਕੁੱਝ ਖਿਡਾਰਨਾਂ ਨੇ ਕੋਚ ਮਹਾਂਰਾਜ ਕ੍ਰਿਸ਼ਨਣ ਕੋਸ਼ਿਕ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਸੰਨ੍ਹ ੨੦੧੧ ਵਿੱਚ ਤਾਮਿਲਨਾਡੂ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਏ.ਕੇ ਕਰੁਣਾਕਰਨ 'ਤੇ ਮਹਿਲਾ ਖਿਡਾਰਨ ਨੇ ਦੋਸ਼ ਲਗਾਇਆ ਸੀ ਕਿ ਟੀਮ 'ਚ ਸਲੈਕਟ ਕਰਨ ਲਈ ਕਰੁਣਾਕਰਨ ਉਸ 'ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਂਦਾ ਹੈ। ਸੰਨ ੨੦੧੪ 'ਚ ਏਸ਼ੀਅਨ ਗੇਮਸ ਦੌਰਾਣ ਇੱਕ ਜਿਮਨਾਸਟਿਕ ਖਿਡਾਰਨ ਨੇ ਕੋਚ ਮਨੋਜ ਗਵਾ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ।
ਅਨੇਕਾਂ ਹੀ ਅਜਿਹੇ ਹੋਰ ਮਾਮਲੇ ਜੋ ਦਬਾਅ ਦਿੱਤੇ ਗਏ ਜਿਸ ਨਾਲ ਭਵਿੱਖ 'ਚ ਭਾਰਤ ਦਾ ਨਾਂਅ ਰੋਸ਼ਣ ਕਰਨ ਵਾਲੀਆਂ ਖਿਡਾਰਣਾਂ ਯੌਨ ਸ਼ੋਸ਼ਣ ਕਾਰਨ ਜਾਂ ਤਾਂ ਖੇਡ ਮੈਦਾਨਾਂ ਤੋਂ ਪਰ੍ਹੇ ਚਲੀਆਂ ਗਈਆਂ ਜਾਂ ਕੋਚਾਂ ਅਤੇ ਖੇਡ ਅਧਿਕਾਰੀਆਂ ਦੀ ਸਰੀਰਕ ਸਬੰਧ ਦੀ ਮੰਗ ਪੂਰੀ ਨਾ ਹੋਣ 'ਤੇ ਖੇਡ ਮੈਦਾਨਾਂ ਤੋਂ ਲਾਂਭੇ ਕਰ ਦਿੱਤੀਆਂ ਗਈਆਂ ਅਜਿਹੇ ਮਾਮਲਿਆਂ ਕਾਰਨ ਹੀ ਮਹਿਲਾ ਤੇ ਬਾਲ ਵਿਕਾਸ ਕੇਂਦਰੀ ਮੰਤਰੀ ਕ੍ਰਿਸ਼ਨਾ ਤੀਰਥ ਨੂੰ ਬਿਆਨ ਦੇਣਾ ਪਿਆ ਕਿ ਅਸੀਂ ਖੇਡਾਂ 'ਚ ਯੌਨ ਸ਼ੋਸ਼ਣ ਨੂੰ ਕੰਮਕਾਜ ਸਥਾਂਨ 'ਤੇ ਅੌਰਤਾਂ ਨਾਲ ਯੌਨ ਸ਼ੋਸ਼ਣ ਵਾਲੇ ੨੦੧੩ ਦੇ ਖਾਸ ਕਾਨੂੰਨ ਦੇ ਦਾਇਰੇ 'ਚ ਲਿਆਉਣ ਦੀ ਯੌਜਨਾ ਬਣਾ ਰਹੇ ਹਾਂ ।
੫. ਪੜ੍ਹਾਈ ਅਤੇ ਅਧਿਆਪਣ ਖੇਤਰ -
ਇਸ ਖੇਤਰ 'ਚ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਗੁਰੂ ਚੇਲੇ ਦਾ ਪਵਿੱਤਰ ਰਿਸਤਾ ਹੁੰਦਾ ਹੈ ਪਰ ਅਫ਼ਸੋਸ ਇਸ ਰਿਸ਼ਤੇ ਵਿੱਚ ਅੌਰਤ ਅਧਿਆਪਕ ਅਤੇ ਵਿਦਿਆਰਥੀ ਲੜਕੀਆਂ ਦੀ ਇਜੱਤ ਤਾਰ ਤਾਰ ਹੋਣ ਤੋਂ ਨਹੀਂ ਬਚ ਸਕੀ । ਅਨੇਕਾਂ ਸਕੂਲੀ ਮਾਮਲਿਆਂ ਵਿਚੋਂ ਕੁੱਝ ਇੱਕ ਮਾਮਲੇ ਸਾਹਮਣੇ ਹਨ ਜਿੱਥੇ ਨਾਬਾਲਗ ਸਕੂਲੀ ਵਿਦਿਆਰਥਣਾਂ ਨਾਲ ਮਰਦ ਅਧਿਆਪਕਾਂ ਵਲੋਂ ਲਾਲਚ ਜਾਂ ਡਰਾਵਾ ਦੇ ਕੇ ਸਿੱਖਿਆ ਦੇ ਮੰਦਰ ਸਕੂਲਾਂ ਵਿੱਚ ਹੀ ਸਰੀਰਕ ਸਬੰਧ ਬਣਾਏ ਗਏ । ਕੁੱਝ ਨਬਾਲਗ ਲੜਕੀਆਂ ਤਾਂ ਗਰਭਵਤੀ ਵੀ ਕਰ ਦਿੱਤੀਆਂ ਗਈਆਂ ਅਤੇ ਕੁੱਝ ਦੇ ਗਰਭਪਾਤ ਦੇ ਮਾਮਲੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਹਨ । ਅਨੇਕਾਂ ਮਾਮਲਿਆਂ ਵਿਚੋਂ ਕੁੱਝ ਹੀ ਮਾਮਲੇ ਸਾਹਮਣੇ ਹਨ ਜਿੰਨ੍ਹਾਂ 'ਚ ਮਰਦ ਅਧਿਆਪਕ ਅਤੇ ਉਨਾਂ ਦੇ ਸਹਿਯੋਗੀਆਂ ਵਿਰੁੱਧ ਸ਼ਿਕਾਇਤ ਹੋਣ 'ਤੇ ਪੁਲਸ ਕੇਸ ਦਰਜ ਹੋਏ । ਕੇਵਲ ਸਕੂਲੀ ਵਿਦਿਆਰਥਣਾਂ ਹੀ ਨਹੀਂ ਸਗੋਂ ਉਚੇਰੀ ਵਿੱਦਿਆ ਐਮ.ਫਿਲ ਜਾਂ ਪੀ.ਐਚ.ਡੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਉਨ੍ਹਾਂ ਦੇ ਸੀਨੀਅਰ ਪ੍ਰੋਫੈਸਰਾਂ ਵਲੋਂ ਯੋਨ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ ।
ਵਿਦਿਆਰਥਣਾਂ ਦੇ ਖੋਜ ਪੱਤਰ ਨੂੰ ਬਾਰ ਬਾਰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਸੀਨੀਅਰ ਪ੍ਰੋਫੈਸਰਾਂ ਸਾਹਮਣੇ ਗੋਡੇ ਟੇਕਣ ਲਈ ਮਜ਼ਬੂਰ ਹੋ ਜਾਣ । ਇੱਕ ਅਹਿਮ ਅਖ਼ਬਾਰੀ ਸੂਚਨਾ ਅਨੁਸਾਰ ਐਸੀ ਹੀ ਇੱਕ ਪੀ.ਐਚ.ਡੀ ਕਰਨ ਵਾਲੀ ਵਿਦਿਆਰਥਣ ਨੇ ਖੁਦਕੁਸ਼ੀ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ ਸੀ ਜਿਸ 'ਚ ਉਸਨੇ ਲਿਖਿਆ ਸੀ '' ਮੇਰੇ ਖੋਜ ਕਾਰਜ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਮੇਰਾ ਸੀਨੀਅਰ ਪ੍ਰੋਫੈਸਰ ਮੇਰਾ ਖੋਜ ਪੱਤਰ ਬਾਰ ਬਾਰ ਰੱਦ ਕਰ ਰਿਹਾ ਸੀ ਅਤੇ ਖੋਜ ਪੱਤਰ ਮੁਕੰਮਲ ਪ੍ਰਾਪਤ ਕਰਨ ਬਦਲੇ ਉਹ ਮੇਰੇ ਤੋਂ ਸਰੀਰਕ ਸਬੰਧ ਦੀ ਮੰਗ ਕਰਦਾ ਸੀ , ਮੇਰੀ ਆਤਮਾ ਨੇ ਮੈਨੂੰ ਇਸ ਗੰਦੇ ਕੰਮ ਦੀ ਇਜ਼ਾਜਤ ਨਹੀਂ ਦਿੱਤੀ , ਮੇਰਾ ਭਵਿੱਖ ਖ਼ਰਾਬ ਹੋ ਗਿਆ ਸੀ ਅੰਤ ਮੇਰੇ ਕੋਲ ਖੁਦਕੁਸ਼ੀ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ '' । ਕੇਵਲ ਵਿਦਿਆਰਥਣਾਂ ਨਾਲ ਹੀ ਨਹੀਂ ਸਗੋਂ ਅੌਰਤ ਅਧਿਆਪਕਾਂ ਨਾਲ ਯੌਨ ਸ਼ੋਸ਼ਣ ਦੇ ਵੀ ਕਈ ਮਾਮਲੇ ਸਾਹਮਣੇ ਹਨ । ਅਹਿਮ ਅਖ਼ਬਾਰ ਅਨੁਸਾਰ ਦਿੱਲੀ ਬਸੰਤ ਵਿਹਾਰ ਦੇ ਚਿਣਮਿਯਾ ਵਿੱਦਿਆਲਿਯਾ ਦੀ ਇੱਕ ਅੌਰਤ ਅਧਿਆਪਕ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਜੈ ਦੌਲਤ ਤੇ ਉਸਦੇ ਸਹਿਯੋਗੀ ਪ੍ਰਿੰਸੀਪਲ ਅਭਿਜੀਤ ਬੋਸ ਉਤੇ ਯੌਨ ਸ਼ੋਸ਼ਣ ਦਾ ਮਾਮਲਾ ਦਰਜ਼ ਕਰਵਾਇਆ ਸੀ ।
ਪੰਜਾਬ ਦੇ ਪ੍ਰਸਿੱਧ ਵਿੱਦਿਅਕ ਸੰਸਥਾ ਚੀਫ਼ ਖ਼ਾਲਸਾ ਦਿਵਾਨ ਦੇ ਮੁਖੀ ਚੱਢਾ ਦੀਆਂ ਅੌਰਤ ਪ੍ਰਿੰਸੀਪਲ ਨਾਲ ਯੌਨ ਸ਼ੋਸ਼ਣ ਦੀ ਤਾਂ ਵੀਡੀਓ ਸਾਹਮਣੇ ਆ ਚੁੱਕੀ ਹੈ। ਜਿੰਨ੍ਹਾਂ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੇ ਅਤੇ ਅਧਿਆਪਕਾਂ ਨੇ ਸਮਾਜ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇ ਕੇ ਇੱਕ ਨਿਰੋਏ ਸਮਾਜ ਦੀ ਨੀਂਹ ਰੱਖਣੀ ਹੈ ਜੇਕਰ ਉਨ੍ਹਾਂ ਦੇ ਮਰਦ ਪ੍ਰਬੰਧਕ ਅਤੇ ਅਧਿਆਪਕ ਹੀ ਕਾਮ ਦੀ ਗੰਭੀਰ ਬਿਮਾਰੀ ਨਾਲ ਗਰੱਸੇ ਹੋਏ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੇਸ਼ ਦਾ ਤਾਂ ਰੱਬ ਹੀ ਰਾਖਾ ਹੈ ।
੬. ਮੈਡੀਕਲ ਖੇਤਰ -
ਰੱਬ ਤੋਂ ਬਾਅਦ ਜੇਕਰ ਮਨੁੱਖੀ ਜਿੰਦਗੀ ਦਾ ਕੋਈ ਰਾਖਾ ਹੈ ਤਾਂ ਉੁਹ ਡਾਕਟਰ ਹੀ ਹੈ । ਡਾਕਟਰ ਬਨਣ ਵਾਸਤੇ ਮੈਡੀਕਲ ਦੀ ਪੜਾਈ ਕਰਨੀ ਪੈਂਦੀ ਹੈ। ਪਰ ਇਸ ਦੌਰਾਣ ਲੜਕੀਆਂ ਨਾਲ ਕੀ ਕੁੱਝ ਵਾਪਰਦਾ ਹੈ ਇਸਦੇ ਕਿੱਸੇ ਵੀ ਜੱਗਜਾਹਰ ਹਨ । ਪੈਰਾ ਮੈਡੀਕਲ , ਨਰਸਿੰਗ ਆਦਿ ਦੀ ਪੜਾਈ ਦੌਰਾਣ ਤੇ ਟ੍ਰੇਨਿੰਗ ਦੌਰਾਣ ਤਾਂ ਲੜਕੀਆਂ ਦਾ ਯੌਨ ਸ਼ੋਸ਼ਣ ਤਾਂ ਹੁੰਦਾ ਹੀ ਹੈ ਸਗੋਂ ਪੜ੍ਹ ਲਿਖ ਕੇ ਡਾਕਟਰ ਬਣ ਚੁੱਕੇ ਮਰਦਾਂ ਵਲੋਂ ਵੀ ਅੌਰਤਾਂ ਦੀ ਇੱਜਤ ਖ਼ਰਾਬ ਕਰਨ ਦੇ ਕਈ ਮਾਮਲੇ ਸਾਹਮਣੇ ਹਨ । ਅਹਿਮ ਅਖਬਾਰੀ ਸੂਚਨਾ ਅਨੁਸਾਰ ਭੂਪਾਲ ਦੀ ਇੱਕ ਮੈਡੀਕਲ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਸਨੂੰ ਵਾਰ ਵਾਰ ਫੇਲ ਕਰ ਦਿੱਤਾ ਜਾਂਦਾ ਸੀ ਅਤੇ ਪਾਸ ਕਰਨ ਬਦਲੇ ਪੈਸੇ ਮੰਗੇ ਜਾਂਦੇ ਸੀ ਜੋ ਉਸ ਵਲੋਂ ਬੜੀ ਮੁਸ਼ਕਿਲ ਨਾਲ ਦਿੱਤੇ ਜਾਂਦੇ ਸਨ । ਫਿਰ ਇੱਕ ਦਿਨ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰਣੀਤ ਜੈਨ ਨੇ ਕਿਹਾ ਕਿ ਤੂੰਂ ਸੁੰਦਰ ਹੈਂ ਮੇਰੇ ਨਾਲ ਸਰੀਰਕ ਸਬੰਧ ਬਣਾ ਮੈਂ ਤੇਨੂੰ ਚੰਗੇ ਨੰਬਰਾਂ ਨਾਲ ਪਾਸ ਕਰ ਦਿਆ ਕਰਾਂਗਾ । ਇਸ ਲੜਕੀ ਨੇ ਵੀ ਇਹ ਖੁਦਕੁਸ਼ੀ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ ਕਿ ਮੇਰੇ ਕੋਲ ਮਰਨ ਤੋਂ ਇਲਾਵਾ ਹੁਣ ਹੋਰ ਕੋਈ ਚਾਰਾ ਨਹੀਂ ਹੈ ਇਸ ਘਟਨਾ ਤੋਂ ਬਾਅਦ ਇਸ ਕਾਲਜ਼ ਦੀਆਂ ੪੦ ਹੋਰ ਵਿਦਿਆਰਥਣਾਂ ਨੇ ਪਰਣੀਤ ਜੈਨ 'ਤੇ ਅਜਿਹੀ ਦੋਸ਼ ਲਗਾਏ ਸਨ । ਮਥੁਰਾ ਦੇ ਇਕ ਨਰਸਿੰਗ ਹੋਮ ਦੇ ਮਾਲਕ ਡਾਕਟਰ ਕੁਸ਼ਲਪਾਲ , ਉਸਦੇ ਇੱਕ ਰਿਸ਼ਤੇਦਾਰ ਤੇ ਦੋ ਨੌਂਕਰਾਂ 'ਤੇ ਇਸਦੇ ਨਰਸਿੰਗ ਹੋਮ ਦੀ ਨਰਸ ਨੇ ੨੦੧੬ 'ਚ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ । ਮਰੀਜ਼ਾਂ ਦੇ ਗੁਰਦੇ ਧੋਖੇ ਨਾਲ ਕੱਢ ਲੈਣ ਦੀਆਂ ਖਬਰਾਂ ਤਾਂ ਅਖ਼ਬਾਰੀ ਸੁਰਖੀਆਂ ਤਾਂ ਬਣਦੀਆਂ ਹੀ ਹਨ ਪਰ ਅੌਰਤ ਮਰੀਜਾਂ ਨੂੰ ਧੋਖੇ ਨਾਲ ਬੇਹੋਸ਼ੀ ਦਾ ਟੀਕਾ ਲਗਾ ਕੇ ਉਨਾਂ ਨਾਲ ਮਰਦ ਡਾਕਟਰਾਂ ਵਲੋਂ ਸਰੀਰਕ ਸਬੰਧ ਬਨਾਉਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਰੱਬ ਦਾ ਦੂਜਾ ਰੂਪ ਡਾਕਟਰਾਂ ਵਿਚੋਂ ਕਈ ਹਵਸ ਦੇ ਵਹਿਸ਼ੀ ਦਰਿੰਦੇ ਬਣ ਕੇ ਉਭਰੇ ਹਨ।
੭. ਟੈਲੀਫੋਨ ਕਾਲਸੈਂਟਰ ਅਤੇ ਆਈ.ਟੀ ਖੇਤਰ -
ਇੱਕ ਸਰਵੇਖਣ ਅਨੁਸਾਰ ਭਾਰਤ 'ਚ ਕਾਲ ਸੈਂਟਰ ਅਤੇ ਆਈ.ਟੀ ਖੇਤਰ 'ਚ ਮਰਦਾਂ ਦੇ ਮੁਕਾਬਲੇ ੭੨% ਅੌਰਤਾਂ ਕੰਮ ਕਰਦੀਆਂ ਹਨ ਪਰ ਇਨ੍ਹਾਂ ਵਿਚੋਂ ਹਰੇਕ ੪ ਵਿਚੋਂ ਤਿੰਨ ਅੌਰਤਾਂ ਨੂੰ ਕਿਸੇ ਨਾ ਕਿਸੇ ਤਰੀਕੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ । ਭਾਰਤ ਵਿੱਚ ਵੱਡੀ ਗਿਣਤੀ ਨੌਜਵਾਨ ਬੇਰੋਜਗਾਰਾਂ ਦੀ ਹੋਣ ਕਰਕੇ ਲੜਕੀਆਂ ਇਸ ਖੇਤਰ ਵਿੱਚ ਜਿਆਦਾ ਕੰਮ ਕਰਨ ਆਉਂਦੀਆਂ ਹਨ । ਅੌਰਤਾਂ ਵਿੱਚ ਸਹਿਣਸ਼ੀਲਤਾ ਵੱਧ ਹੋਣ ਕਰਕੇ ਜਿਆਦਾਤਰ ਕੰਪਨੀਆਂ ਵੀ ਅੌਰਤਾਂ ਨੂੰ ਹੀ ਨੌਂਕਰੀ ਦੇਣਾ ਪਸੰਦ ਕਰਦੀਆਂ ਹਨ । ਇੱਕ ਐਨ.ਜੀ.ਓ ਵਲੋਂ ਕੀਤੇ ਸਰਵੇਖਣ ਅਨੁਸਾਰ '' ਇਸ ਖੇਤਰ 'ਚ ਲੜਕੀਆਂ ਨੂੰ ਸਮੇਂ ਸਿਰ ਕੰਮ 'ਤੇ ਪਹੁੰਚਣ , ਸਮੇਂ ਸਿਰ ਕੰਮ ਨਿਪਟਾਉਣ ਅਤੇ ਕੰਮ ਦਾ ਬੋਝ ਬਹੁਤ ਜਿਆਦਾ ਹੋਣ ਕਰਕੇ ਅਕਸਰ ਲੜਕੀਆਂ ਮਾਨਸਿਕ ਤਣਾਓ ਹੇਠ ਰਹਿੰਦੀਆਂ ਹਨ । ਸਰਵੇਖਣ ਅਨੁਸਾਰ ਇੱਕ ਆਈ.ਟੀ ਖੇਤਰ ਦੀ ਲੜਕੀ ਸੰਧਿਆ ਨੇ ਦੱਸਿਆ ਕਿ ਕੰਮ ਦਾ ਬੋਝ ਬਹੁਤ ਜਿਆਦਾ ਹੋਣ ਕਾਰਨ ਜੇਕਰ ਕੰਮ ਸਹੀ ਸਮੇਂ 'ਤੇ ਮੁਕੰਮਲ ਨਹੀਂ ਹੁੰਦਾ ਤਾਂ ਨੌਂਕਰੀ ਤੋਂ ਕੱਢ ਦੇਣ ਦੇ ਡਰਾਵੇ ਦਿੱਤੇ ਜਾਂਦੇ ਹਨ ਜਿਹੜੀਆਂ ਲੜਕੀਆਂ ਟੀਮ ਲੀਡਰਾਂ ਨਾਲ ਸਬੰਧ ਪੈਦਾ ਕਰ ਲੈਂਦੀਆਂ ਹਨ ਉਨਾਂ 'ਤੇ ਕੰਮ ਬੋਝ ਘੱਟ ਪਾਇਆ ਜਾਂਦਾ ਹੈ ਤੇ ਉਨਾਂ ਦੀ ਤਰੱਕੀ ਵੀ ਵਧੇਰੇ ਹੁੰਦੀ ਹੈ ।
ਟੈਲੀਫੋਨ ਕਾਲਸੈਂਟਰਾਂ 'ਤੇ ਕੰਮ ਕਰਨ ਵਾਲੀਆਂ ਲੜਕੀਆਂ ਨਾਲ ਫੋਨ 'ਤੇ ਅਕਸਰ ਮਰਦ ਗੰਦੀਆਂ ਗੱਲਾਂ ਕਰਦੇ ਹਨ ਭਾਵੇਂ ਕਿ ਟੈਲੀਫੋਨ ਕਾਲ ਸੈਂਟਰ 'ਤੇ ਕੀਤੀ ਹਰੇਕ ਕਾਲ ਰਿਕਾਰਡ ਕੀਤੀ ਜਾਂਦੀ ਹੈ ਅਜਿਹੀਆਂ ਹੀ ਰਿਕਾਰਡ ਕੀਤੀਆਂ ਕਾਲਾਂ ਦੀ ਛਾਣਬੀਨ ਤੋਂ ਬਾਅਦ ਪਤਾ ਲੱਗਾ ਕਿ ਆਮ ਮਰਦ ਹੀ ਨਹੀਂ ਸਗੋਂ ਉਨਾਂ ਦੇ ਮਰਦ ਸਹਿ-ਕਰਮੀ ਅਤੇ ਸੀਨੀਅਰ ਅਧਿਕਾਰੀ ਵੀ ਕਾਲ ਸੈਂਟਰਾਂ ਦੀਆਂ ਲੜਕੀਆਂ ਨਾਲ ਗੰਦੀਆਂ ਗੱਲਾਂ ਕਰਕੇ ਆਪਣੇ ਨਾਲ ਸਰੀਰਕ ਸਬੰਧ ਬਨਾਉਣ ਲਈ ਮਜ਼ਬੂਰ ਕਰਦੇ ਹਨ। ਸਰਵੇਖਣ ਅਨੁਸਾਰ ਇਸ ਖੇਤਰ 'ਚ ਕੰਮ ਕਰਨ ਵਾਲੀਆਂ ਕੁੱਝ ਲੜਕੀਆਂ ਹਾਲਾਤ ਨਾਲ ਸਮਝੌਤਾ ਕਰ ਲੈਂਦੀਆਂ ਹਨ ਜਾਂ ਕੁੱਝ ਇੱਕ ਇਹ ਸਭ ਕੁੱਝ ਅੱਖੋਂ ਪਰੋਖੇ ਕਰ ਦਿੰਦੀਆਂ ਹਨ ਕਿਉਂਕਿ ਇਥੋਂ ਨੌਂਕਰੀ ਛੱਡ ਕੇ ਅੱਗੇ ਹੋਰ ਥਾਂ 'ਤੇ ਵੀ ਤਾਂ ਮਾਹੌਲ ਇਹੋ ਜਿਹਾ ਹੀ ਹੋਏਗਾ । ਜ਼ਿਆਦਾਤਰ ਲੜਕੀਆਂ ਸ਼ਿਕਾਇਤ ਇਸ ਕਰਕੇ ਨਹੀਂ ਕਰਦੀਆਂ ਕਿ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਅਤੇ ਟੀਮ ਲੀਡਰ ਸ਼ਿਕਾਇਤ ਕਰਨ ਵਾਲੀਆਂ ਲੜਕੀਆਂ ਨੂੰ ਬਲੈਕ ਲਿਸਟਡ ਕਰ ਦਿੰਦੇ ਹਨ ਜਿਸ ਕਰਕੇ ਇਸ ਖੇਤਰ 'ਚ ਹੋਰ ਕਿਤੇ ਨੌਂਕਰੀ ਮਿਲਣ ਦੀ ਸੰਭਾਵਣਾ ਬਿਲਕੁੱਲ ਖ਼ਤਮ ਹੋ ਜਾਂਦੀ ਹੈ ।
੮. ਪੱਤਰਕਾਰਤਾ ਦਾ ਖੇਤਰ -
ਪੱਤਰਕਾਰਤਾ ਭਾਰਤ ਦਾ ਇੱਕ ਹੋਰ ਅਹਿਮ ਖੇਤਰ ਹੈ ਇਸਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਵੀ ਕਿਹਾ ਜਾਂਦਾ ਹੈ । ਲੋਕਤੰਤਰ ਦੀ ਰਾਖੀ ਕਰਦਿਆਂ ਹੋਇਆਂ ਇਹ ਸੰਸਾਰ ਦੀ ਹਰੇਕ ਚੰਗੀ ਮਾੜੀ ਘਟਨਾ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ । ਇਸੇ ਕਰਕੇ ਇਸਨੂੰ ਸਮਾਜ ਦਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ ਪਰ ਜੇਕਰ ਇਸ ਖੇਤਰ 'ਚ ਕੰਮ ਕਰਨ ਵਾਲੀਆਂ ਅੌਰਤ ਪੱਤਰਕਾਰਾਂ ਨਾਲ ਹੁੰਦੇ ਯੌਨ ਸ਼ੋਸ਼ਣ ਨੂੰ ਦੇਖਿਆ ਜਾਵੇ ਤਾਂ ਬਹੁਤ ਹੀ ਭਿਆਨਕ ਤਸਵੀਰ ਸਾਹਮਣੇ ਆਉਂਦੀ ਹੈ । ਪ੍ਰਿੰਟ ਮੀਡੀਆ ਦੀ ਗੱਲ ਤਾਂ ਵੱਖਰੀ ਰਹੀ ਸਗੋਂ ਇਲੈਕਟ੍ਰੋਨਿਕ ਮੀਡੀਆ ਵਿੱਚ ਅੌਰਤ ਪੱਤਰਕਾਰਾਂ ਦੀ ਚੌਣ ਸਮੇਂ ਉਨਾਂ ਦੀ ਸੁੰਦਰਤਾ ਨੂੰ ਮੁੱਖ ਰੱਖਿਆ ਜਾਂਦਾ ਹੈ । ਇਸ ਖੇਤਰ 'ਚ ਅੌਰਤ ਪੱਤਰਕਾਰਾਂ ਨਾਲ ਹੋਏ ਯੌਨ ਸ਼ੋਸ਼ਣ ਦੇ ਅਨੇਕਾਂ ਮਾਮਲੇ ਅਹਿਮ ਟੀ.ਵੀ ਚੈਨਲਾਂ ਅਤੇ ਅਖਬਾਰਾਂ ਰਾਂਹੀ ਸਾਹਮਣੇ ਆ ਚੁੱਕੇ ਹਨ । ਇੰਡੀਆ ਟੀ.ਵੀ ਦੀ ਇੱਕ ੩੧ ਸਾਲਾ ਮਹਿਲਾ ਪੱਤਰਕਾਰ ਨੇ ਆਪਣੇ ਸੀਨੀਅਰ ਐਮ.ਪ੍ਰਸ਼ਾਦਿ ਅਤੇ ਅਨੀਤਾ ਬਿਸ਼ਤ 'ਤੇ ਅਜਿਹੇ ਦੌਸ਼ ਲਗਾਏ ਹਨ ਤੇ ਬਾਅਦ 'ਚ ਖੁਦਕੁਸ਼ੀ ਕਰ ਲਈ ਸੀ ।
ਇੱਕ ਅੰਗ੍ਰੇਜ਼ੀ ਮਹਿਲਾ ਪੱਤਰਕਾਰ ਨੇ ਵੀ ਸਹਿ ਕਰਮੀਆਂ 'ਤੇ ਦੋਸ਼ ਲਗਾਏ ਸਨ ਕਿ ਪਹਿਲਾਂ ਸਾਨੂੰ ਚਮਕ ਦਮਕ ਵਾਲੇ ਅਧੁਨਿਕ ਕੱਪੜੇ ਪਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਪਰ ਜੇਕਰ ਪਹਿਣ ਲਏ ਜਾਣ ਤਾਂ ਸਹਿਕਰਮੀਆਂ ਵਲੋਂ ਸੀਟੀ ਵਜਾ ਕੇ ਗੰਦੇ ਕਮੈਂਟ ਕੀਤੇ ਜਾਂਦੇ ਹਨ । ਇੱਕ ਮਸ਼ਹੂਰ ਅੰਗ੍ਰੇਜ਼ੀ ਅਖ਼ਬਾਰ ਇਸ ਸਬੰਧੀ ਲੰਬਾ ਲੇਖ ਪ੍ਰਕਾਸ਼ਿਤ ਕਰ ਚੁੱਕੀ ਹੈ ਕਿ ਕਿਵੇਂ ਅੌਰਤ ਪੱਤਰਕਾਰਾਂ ਨੂੰ ਅਖ਼ਬਾਰੀ ਮਾਲਕਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਸਬੰਧ ਬਨਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ । ਸਨ ਟੀ.ਵੀ ਦੀ ਇੱਕ ੨੮ ਸਾਲਾ ਪੱਤਰਕਾਰ ਨੇ ਪ੍ਰੈਸ 'ਚ ਬਿਆਨ ਜਾਰੀ ਕੀਤਾ ਕਿ ਉਸਨੂੰ ਹੁਣ ਕੋਈ ਵੀ ਚੈਨਲ ਨੌਂਕਰੀ ਨਹੀਂ ਦੇਵੇਗਾ ਕਿਉਂਕਿ ਉਸਨੇ ਚੈਨਲ ਦੇ ਹੈਡ ਵੀ.ਰਾਜਾ ਅਤੇ ਇੱਕ ਹੋਰ ਵੈਟਰੀਵੈਡਨ 'ਤੇ ਯੌਨ ਸ਼ੋਸ਼ਣ ਦੀ ਰਿਪੋਰਟ ਦਰਜ਼ ਕਰਵਾਈ ਹੈ । ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ 'ਤੇ ਵੀ ਸਹਿ ਕਰਮੀ ਅੌਰਤ ਨਾਲ ਯੌਨ ਸ਼ੋਸ਼ਨ ਦਾ ਮਾਮਲਾ ਦਰਜ਼ ਹੈ । ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਇੱਕ ਅੌਰਤ ਪੱਤਰਕਾਰ ਨਾਲ ਜਬਰਦਸਤੀ ਸਰੀਰਕ ਸਬੰਧ ਬਨਾਉਣ ਤੋਂ ਨਾਕਾਮ ਰਹਿਣ 'ਤੇ ਉਸਦੇ ਸਹਿਕਰਮੀ ਨੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ ਸੀ । ਇਨ੍ਹਾਂ ਹੀ ਨਹੀਂ ਆਸਾਮ ਦੀ ਇੱਕ ਪੱਤਰਕਾਰ ਨੂੰ ਗਊ ਮਾਸ ਖਾਣ ਬਾਰੇ ਲੇਖ ਲਿਖਣ ਕਰਕੇ ਕੱਟੜ ਹਿੰਦੂ ਜਥੇਬੰਦੀਆਂ ਦੇ ਕਾਰਕੂੰਨਾਂ ਵਲੋਂ ਗੰਦੀਆਂ ਗਾਲਾਂ ਅਤੇ ਗੰਦੇ ਕਮੈਂਟ ਕਰਕੇ ਪੀੜ੍ਹਤ ਕੀਤਾ ਗਿਆ। ਉਥੇ ਹੀ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦੀ ਹਿੰਦੂ ਕੱਟੜਪੰਥੀਆਂ ਵਲੋਂ ਹੱਤਿਆ ਕਰ ਦਿੱਤੀ ਗਈ । ਅੱਜ ਲੋਕ ਤੰਤਰ ਦਾ ਚੌਥਾ ਥੰਮ੍ਹ ਅੌਤਰ ਪੱਤਰਕਾਰਾਂ ਨਾਲ ਹੁੰਦੇ ਯੌਨ ਸ਼ੋਸ਼ਣ ਦੇ ਮਾਮਲਿਆਂ ਕਾਰਨ ਬੁਰੀ ਤਰ੍ਹਾਂ ਖੋਖਲਾ ਹੋ ਚੁੱਕਾ ਹੈ।
੯. ਧਾਰਮਿਕ ਖੇਤਰ -
ਧਰਮ ਜੋ ਇਨਸਾਨ ਨੂੰ ਸੱਚਿਆਰ ਅਤੇ ਸੰਜਮੀ ਹੋਣ ਦੀ ਜੀਵਣ ਜਾਚ ਸਿਖਾਉਂਦਾ ਹੈ ਇਸ ਖੇਤਰ 'ਚ ਵੀ ਅੌਰਤ ਨੂੰ ਹਵਸ ਦੇ ਭੁੱਖੇ ਅਖੌਤੀ ਧਰਮੀਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ । ਦੱਖਣ ਦੇ ਇੱਕ ਪ੍ਰਸਿੱਧ ਮੰਦਿਰ 'ਚ ਛੋਟੀਆਂ ਬਾਲੜੀਆਂ ਨੂੰ ਦਾਨ ਕਰ ਦਿੱਤਾ ਜਾਂਦਾ ਹੈ ਜੋ ਸਾਰੀ ਜਿੰਦਗੀ ਦੇਵਦਾਸੀਆਂ ਦੇ ਰੂਪ 'ਚ ਗੁਜਾਰਦੀਆਂ ਹਨ । ਉਨਾਂ ਵਿਚੋਂ ਵੀ ਕਈਆਂ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਅਤੇ ਉਨਾਂ ਨੂੰ ਸਾਰੀ ਜਿੰਦਗੀ ਮੁਸ਼ਕਿਲਾਂ ਨਾਲ ਕੱਢਣੀ ਪੈਂਦੀ ਹੈ । ਭਾਰਤੀ ਇਤਿਹਾਸ 'ਚ ਐਸੀਆਂ ਕਹਾਣੀਆਂ ਮਿਲਦੀਆਂ ਹਨ ਜਦੋਂ ਛੋਟੀ ਉਮਰ ਦੀਆਂ ਬਾਲੜੀਆਂ ਨੂੰ ਖਾਸ ਮਿਕਦਾਰ 'ਚ ਜ਼ਹਿਰ ਦੇ ਕੇ ਵਿਸ਼ ਕੰਨਿਆਵਾਂ ਬਣਾ ਕੇ ਵਿਰੋਧੀਆਂ ਨੂੰ ਖ਼ਤਮ ਕੀਤਾ ਜਾਂਦਾ ਰਿਹਾ ਹੈ । ਇਸਤੋਂ ਇਲਾਵਾ ਤੱਪ ਕਰਦੇ ਰਿਸ਼ੀਆਂ ਦਾ ਤੱਪ ਭੰਗ ਕਰਨ ਲਈ ਵੀ ਮੇਨਕਾ ਵਰਗੀਆਂ ਰਿਸ਼ੀ ਕੰਨਿਆਵਾਂ ਦਾ ਸਹਿਯੋਗ ਲਿਆ ਜਾਂਦਾ ਰਿਹਾ ਹੈ ਅਤੇ ਇਹ ਸਭ ਕੁੱਝ ਧਰਮ ਦੇ ਨਾਂਅ 'ਤੇ ਕੀਤਾ ਕਿਹਾ ਜਾਂਦਾ ਰਿਹਾ ਹੈ ।
ਅਜੋਕੇ ਸਮੇਂ ਵਿੱਚ ਵੀ ਕਈ ਅਖੌਤੀ ਧਾਰਮਿਕ ਅੰਧ-ਵਿਸ਼ਵਾਸੀ ਲੋਕ ਆਪਣੀਆਂ ਨੌਜਵਾਨ ਲੜਕੀਆਂ ਨੂੰ ਸਾਧਾਂ ਦੇ ਡੇਰਿਆਂ 'ਤੇ ਛੱਡ ਆਉਂਦੇ ਹਨ ਪਰ ਇਨ੍ਹਾਂ ਨਾਲ ਕੀ ਵਾਪਰ ਰਿਹਾ ਹੈ ਉਹ ਸਾਡੇ ਸਾਹਮਣੇ ਹੀ ਹੈ । ਇਨ੍ਹਾਂ ਲੜਕੀਆਂ ਦੀ ਬਾਪ ਦਾਦਿਆਂ ਦੀ ਉਮਰ ਦੇ ਬਾਪੂ ਆਸਾ ਰਾਮ , ਸਵਾਮੀ ਅਨਿੱਤਿਆ ਨੰਦ , ਅਖੌਤੀ ਰਾਮ ਰਹੀਮ ਅਤੇ ਕਈ ਹੋਰਨਾਂ ਦੇ ਕਾਰਨਾਮੇ ਜੋ ਸਾਡੇ ਸਮਾਜ ਨੂੰ ਸ਼ਰਮਸਾਰ ਕਰਦੇ ਹਨ ਸਾਡੇ ਸਾਹਮਣੇ ਹਨ। ਪਰ ਪਤਾ ਨਹੀਂ ਸਾਡੀਆਂ ਅੱਖਾਂ ਕਦੋਂ ਖੁੱਲਣਗੀਆਂ, ਬਹੁਤ ਸਾਰੇ ਮਾਮਲੇ ਤਾਂ ਸਿੱਖੀ ਭੇਸ ਵਿੱਚ ਸਾਧਾਂ ਸੰਤਾਂ ਦੇ ਵੀ ਹਨ ਜਿੰਨ੍ਹਾਂ ਨੇ ਆਪਦੇ ਭੋਰਿਆਂ ਵਿੱਚ ਕਈ ਨੌਜਵਾਨ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ ਪਰ ਐਸੇ ਅਖੌਤੀ ਸਾਧ ਸੰਤ ਡੇਰੇਦਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੇ 'ਤੇ ਲੱਗੇ ਅਜਿਹੇ ਇਲਜ਼ਾਮਾਂ ਨੂੰ ਵਿਰੋਧੀਆਂ ਜਾਂ ਸਰਕਾਰਾਂ ਦੀ ਸਾਜਿਸ਼ ਕਰਾਰ ਦੇ ਦਿੰਦੇ ਹਨ ਅਤੇ ਸੱਤਾ ਜਾਂ ਰਾਜਨੀਤੀ ਵਿਚਲੇ ਆਪਣੇ ਤਾਲਮੇਲ ਤੱਤਾਂ ਰਾਹੀਂ ਬਚ ਕੇ ਨਿਕਲ ਜਾਂਦੇ ਹਨ।
੧੦ . ਯੌਨ ਸ਼ੋਸ਼ਣ ਕੀ ਹੈ ?
ਅੌਰਤ ਦੀ ਇੱਛਾ ਖਿਲਾਫ਼ ਉਸਨੂੰ ਛੂਹਣਾ ਜਾਂ ਕੋਸ਼ਿਸ਼ ਕਰਨਾ , ਲਾਲਚ ਜਾਂ ਡਰਾਵਾ ਦੇ ਕੇ ਸਰੀਰਕ ਸਬੰਧ ਬਨਾਉਣ ਦੀ ਮੰਗ ਕਰਨੀ ਜਾਂ ਸਬੰਧ ਬਨਾਉਣੇ , ਅੌਰਤਾਂ ਸਾਹਮਣੇ ਜਾਂ ਉਨ੍ਹਾਂ ਨਾਲ ਅਸ਼ਲੀਲ ਗੱਲਾਂ ਕਰਨੀਆਂ , ਅਸ਼ਲੀਲ ਤਸਵੀਰਾਂ , ਫਿਲਮਾਂ ਵਿਖਾਉਣੀਆਂ ਜਾਂ ਕਿਸੇ ਤਰ੍ਹਾਂ ਵੀ ਅੌਰਤ ਨੂੰ ਭੇਜਣੀਆਂ , ਅਸ਼ਲੀਲ ਗੱਲਾਂ ਲਿਖ ਕੇ ਭੇਜਣੀਆਂ ਜਾਂ ਅਸ਼ਲੀਲ ਇਸ਼ਾਰੇ ਕਰਨੇ ਆਦਿ ਯੌਨ ਸ਼ੋਸ਼ਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ । ਕਿ ਹੈ ਯੌਨ ਸ਼ੋਸ਼ਣ ਸਬੰਧੀ ਕਾਨੂੰਨ - ਭਾਰਤ 'ਚ ੯ ਦਸੰਬਰ ੨੦੧੩ ਨੂੰ ਇਸ ਸਬੰਧੀ ਪਾਸ ਕੀਤੇ ਕਾਨੂੰਨ ਅਨੁਸਾਰ ਦੌਸ਼ੀ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਅੌਰਤ ਆਪਣੇ ਨਾਲ ਵਾਪਰੀ ਅਜਿਹੀ ਕਿਸੇ ਵੀ ਘਟਨਾ ਸਬੰਧੀ ੩ ਮਹੀਨੇ ਦੇ ਅੰਦਰ ਅੰਦਰ ਦੌਸ਼ੀ ਵਿਰੁੱਧ ਸ਼ਿਕਾਇਤ ਦਰਜ਼ ਕਰਵਾ ਸਕਦੀ ਹੈ । ਭਾਵੇਂ ਭਾਰਤ ਸਰਕਾਰ ਨੇ ਅੌਰਤਾਂ ਦੀ ਰਾਖੀ ਲਈ ਕਈ ਕਾਨੂੰਨ ਬਣਾਏ ਹਨ ਅਤੇ ਨਬਾਲਗ ਲੜਕੀਆਂ ਨਾਲ ਬਲਾਤਕਾਰ ਮਾਮਲਿਆਂ 'ਚ ਫਾਂਸੀ ਦੀ ਸਜ਼ਾ ਵੀ ਤਜਵੀਜ਼ ਹੋ ਸਕਦੀ ਹੈ ਪਰ ਫਿਰ ਵੀ ੨੦੦੬ ਤੋਂ ੨੦੧੩ ਤੱਕ ੧੮ ਸਾਲ ਤੋਂ ਉਪਰ ਲੜਕੀਆਂ ਨਾਲ ਯੌਨ ਸ਼ੋਸ਼ਣ ਅਧੀਨ ਧਾਰਾ ੨੫੮ ਤਹਿਤ ੨ ਲੱਖ ੮੩ ਹਜ਼ਾਰ ੪੦੭ ਮਾਮਲੇ ਅਤੇ ਧਾਰਾ ੫੦੯ ਤਹਿਤ ੭੧੮੪੩ ਅਤੇ ਜਬਰ ਜਨਾਹ ਦੇ ੧੫੪੨੫੧ ਮਾਮਲੇ ਦਰਜ ਕੀਤੇ ਗਏ । ਜਦੋਂ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਇੱਕਲੇ ਸੰਨ ੨੦੧੬ 'ਚ ਅੌਰਤਾਂ ਨਾਲ ਸਬੰਧਤ ੩੩੮੯੫੪ ਮਾਮਲੇ ਦਰਜ਼ ਕੀਤੇ ਗਏ ਪਰ ਜੋ ਕੇਸ ਦਰਜ ਨਹੀਂ ਕੀਤੇ ਗਏ ਜਾਂ ਡਰਾ ਧਮਕਾ ਕੇ ਸਮਝੋਤੇ ਕਰਵਾ ਦਿੱਤੇ ਗਏ ਉਨਾਂ ਦੀ ਗਿਣਤੀ ਹੋ ਵੀ ਲੱਖਾਂ 'ਚ ਹੋ ਸਕਦੀ ਹੈ ।
੧੧. ਭਾਰਤ 'ਚ ਯੌਨ ਸ਼ੋਸ਼ਣ ਤੇ ਸਿੱਖ ਧਰਮ -
ਯੋਨ ਸ਼ੋਸਣ ਦੀਆਂ ਘਟਨਾਵਾਂ ਰੋਕਣ ਲਈ ਬੇਸ਼ੱਕ ਭਾਰਤ ਸਰਕਾਰ ਨੇ ਅਨੇਕਾਂ ਨਿਯਮ ਅਤੇ ਕਾਨੂੰਨ ਬਣਾਏ ਹਨ ਪਰ ਇਹ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ । ਭਾਰਤ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਕੰਮ ਕਰਦੀਆਂ ਅੌਰਤਾਂ ਦੀ ਇੱਜਤ ਨਾਲ ਖੇਡਿਆ ਨਹੀਂ ਜਾਂਦਾ । ਅੌਰਤਾਂ , ਬੱਚੀਆਂ ਨਾਲ ਵਾਪਰੇ ਕਿਸੇ ਵੀ ਮਾੜੀ ਘਟਨਾ ਨੂੰ ਅਸੀਂ ਕਲਯੁੱਗ ਦਾ ਪ੍ਰਭਾਵ ਜਾਂ ਕਲਯੁੱਗ ਦਾ ਕਹਿਰ ਨਾਂਅ ਦੇ ਕੇ ਆਪਣੀ ਜਿੰਮ੍ਹੇਵਾਰੀ ਤੋਂ ਪੱਲਾ ਝਾੜ ਲੈਂਦੇ ਹਾਂ। ਪਰ ਕੀ ਭਾਰਤ ਦੇ ਦੇਵਯੁੱਗ ਕਹੇ ਜਾਂਦੇ ਸੱਤਯੁੱਗ , ਤ੍ਰੈਤਾ ਅਤੇ ਦੁਆਪਰ ਯੁੱਗ 'ਚ ਅੌਰਤਾਂ ਨਾਲ ਕੋਈ ਅਜਿਹੀ ਘਟਨਾ ਨਹੀਂ ਸੀ ਵਾਪਰੀ? ਤ੍ਰੈਤਾ ਯੁੱਗ ਵਿੱਚ ਸ਼੍ਰੀ ਲਛਮਣ ਜੀ ਵਲੋਂ ਲੰਕਾ ਨਰੇਸ਼ ਸ਼੍ਰੀ ਰਾਵਣ ਦੀ ਭੈਣ ਸਰੂਪ ਨਖਾ ਦਾ ਨੱਕ ਵੱਢ ਦੇਣਾ , ਬਦਲੇ 'ਚ ਸ਼੍ਰੀ ਰਾਵਣ ਵਲੋਂ ਸ਼੍ਰੀ ਲਛਮਣ ਜੀ ਦੇ ਭਰਾ ਸ਼੍ਰੀ ਰਾਮ ਜੀ ਦੀ ਧਰਮ ਪਤਨੀ ਸੀਤਾ ਮਾਤਾ ਜੀ ਨੂੰ ਅਗਵਾ ਕਰਕੇ ਕੈਦ ਕਰ ਲੈਣਾ ਤੇ ਉਪਰੰਤ ਯੁੱਧ ਵਿੱਚ ਸ਼੍ਰੀ ਰਾਵਣ ਜੀ ਦੇ ਮਾਰੇ ਜਾਣ ਦੀ ਘਟਨਾ ਨੂੰ ਭਾਰਤ ਦੇ ਲੋਕ ਅੱਜ ਤੱਕ ਦੁਸ਼ਿਹਰੇ ਮੌਕੇ ਰਾਵਣ ਦੇ ਪੁਤਲੇ ਸਾੜ ਕੇ ਯਾਦ ਕਰਦੇ ਹਨ। ਗੁਰਬਾਣੀ ਅੰਦਰ ਵੀ ਇਸ ਗੱਲ ਦਾ ਹਵਾਲਾ ਮਿਲਦਾ ਹੈ ਕਿ ਸੱਤ ਯੁੱਗ ਸਮੇਂ ਚਾਰ ਵੇਦਾਂ ਦੇ ਵਿਆਖਿਆਕਾਰ ਤੇ ਚਾਰ ਮੂੰਹਾਂ ਵਾਲੇ ਬ੍ਰਹੱਮਾ ਜੀ ਆਪਣੀ ਬੇਟੀ ਸਰਸਵਤੀ 'ਤੇ ਮੋਹਿਤ ਹੋ ਗਏ ਸਨ ।
ਭਾਈ ਗੁਰਦਾਸ ਜੀ ਅਨੁਸਾਰ '' ਚਾਰੇ ਵੇਦ ਵਖਾਣਦਾ ਚਤੁਰਮੁਖੀ ਹੋਏ ਖਰਾ ਸਿਆਣਾ , ਲੋਕਾਂ ਨੂੰ ਸਮਝਾਇੰਦਾ ਦੇਖਿ ਸੁਰਸਤੀ ਰੂਪ ਲੋਭਾਣਾ '' ਅਤੇ ਇੰਦਰ ਦੇਵਤਾ ਜੀ ਨੇ ਆਪਦੇ ਹੀ ਗੁਰੂ ਗੌਤਮ ਜੀ ਦੀ ਪਤਨੀ ਅਹਿੱਲੀਆ ਨਾਲ ਭੋਗ ਕੀਤਾ ਤੇ ਗੌਤਮ ਜੀ ਦੇ ਸਰਾਪ ਕਾਰਨ ਉਸਦੇ ਸਾਰੇ ਸਰੀਰ 'ਤੇ ਅੌਰਤ ਦੇ ਹਜਾਰਾਂ ਹੀ ਗੁਪਤ ਅੰਗ ਪ੍ਰਗਟ ਹੋ ਗਏ ਜਿਸ ਕਾਰਨ ਉਸਨੂੰ ਸੈਂਕੜੇ ਸਾਲ ਲੁਕ ਕੇ ਰਹਿਣਾ ਪਿਆ। ਭਾਈ ਗੁਰਦਾਸ ਜੀ ਅਨੁਸਾਰ '' ਗੌਤਮ ਨਾਰਿ ਅਹਿਲਿਆ , ਤਿਸ ਨੋ ਦੇਖਿ ਇੰਦਰ ਲੋਭਾਣਾ , ਪਰ ਘਰਿ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ '' ਦੁਆਪਰ ਯੁੱਗ ਦੀਆਂ ਕਹਾਣੀਆਂ ਅਸੀਂ ਆਸਾ ਕੀ ਵਾਰ ਦੀਆਂ ਤੁਕਾਂ '' ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਰ ਕ੍ਰਿਸਨੁ ਜਾਦਮੁ ਭਇਆ '' ਵਿੱਚ ਪੜ੍ਹ ਸਕਦੇ ਹਾਂ । ਅਸਲ ਵਿੱਚ ਅੌਰਤ ਨਾਲ ਦੁਰਾਚਾਰ ਦੀਆਂ ਘਟਨਾਵਾਂ ਅਖੌਤੀ ਸਤਯੁੱਗ ਕਾਲ ਤੋਂ ਹੀ ਭਾਰਤ ਵਿੱਚ ਵਾਪਰਦੀਆਂ ਰਹੀਆਂ ਹਨ ਕਿਉਂਕਿ ਬਹੁਤ ਭਾਰਤੀ ਗੰ੍ਰਥਾਂ ਵਿੱਚ ਅੌਰਤ ਨੂੰ ਪਸ਼ੂ , ਮੂਰਖ ਅਤੇ ਸ਼ੂਦਰ ਦੇ ਬਰਾਬਰ ਹੀ ਸਮਝਿਆ ਗਿਆ ਹੈ ਅਤੇ ਇਨ੍ਹਾਂ ਨੂੰ ਹਰੇਕ ਤਰ੍ਹਾਂ ਦਬਾਅ ਕੇ ਰੱਖਣ ਦਾ ਹੀ ਵਰਨਣ ਇਨ੍ਹਾਂ ਵਿੱਚ ਮਿਲਦਾ ਹੈ । ਇਸ ਸਬੰਧੀ ਮਹਾਂ ਕਵੀ ਤੁਲਸੀ ਦਾਸ ਜੀ ਦਾ ਕਹਿਣਾ ਹੈ ਕਿ '' ਢੋਰ ਗਵਾਰ ਸ਼ੂਦਰ ਅਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ '' ਭਾਰਤੀ ਸਮਾਜ ਅੰਦਰ ਸਭ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਅੌਰਤ ਜਾਤੀ ਨੂੰ ਸਨਮਾਨ ਦੇ ਕੇ ਕਿਹਾ ਸੀ '' ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ '' ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਮਨਸਾ ਦੇਈ ਜੀ ਨੇ ਵਿਧਵਾ ਅੌਰਤਾਂ ਦੇ ਪੁਨਰਵਿਆਹ , ਸਤੀ ਦੀ ਰਸਮ ਬੰਦ ਕਰਨ ਤੇ ਅੌਰਤਾਂ ਦੁਆਰਾ ਘੁੰਡ ਕੱਢਣ ਦੀ ਰਸਮ ਨੂੰ ਖ਼ਤਮ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਸਨ । ਇਥੋਂ ਤੱਕ ਕਿ ਸਿੱਖ ਮਰਦਾਂ ਦੇ ਨਾਲ ੫੨ ਸਿੱਖ ਬੀਬੀਆਂ ਪ੍ਰਚਾਰਕ ਬਣਾ ਕੇ ਉਨ੍ਹਾਂ ਨੂੰ ਪ੍ਰਚਾਰ ਦੀ ਸੇਵਾ ਸੌਂਪੀ ਸੀ । ਮੀਰੀ ਪੀਰੀ ਦੇ ਮਾਲਕ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਦੀ ਮੁਢਲੀ ਸਿੱਖਿਆ ਉਨਾਂ ਦੇ ਮਾਤਾ ਗੰਗਾ ਜੀ ਨੇ ਦਿੱਤੀ ਸੀ ।
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੱਕ ਤਾਂ ਸਿੱਖ ਬੀਬੀਆਂ ਸ਼ਸਤਰਧਾਰੀ ਹੋ ਕੇ ਹਥਿਆਰ ਚਲਾਉਣੇ ਵੀ ਸਿੱਖ ਚੁਕੀਆਂ ਸਨ ਇਸਦੀ ਮਿਸਾਲ ਮਾਤਾ ਭਾਗ ਕੌਰ ਤੇ ਸਾਥਣਾਂ ਵਲੋਂ ਮੁਕਤਸਰ ਦੀ ਜੰਗ ਵਿੱਚ ਹਿੱਸਾ ਲੈਣਾ , ਬੀਬੀ ਸਤਵੰਤ ਕੌਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਜ ਵਿੱਚ ਜਾ ਕੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਫੋਜ਼ ਨਾਲ ਚੱਪੜ ਚਿੜੀ ਵਿਖੇ ਜੰਗ 'ਚ ਲੜ ਕੇ ਸ਼ਹੀਦ ਹੋਣਾ ਹੈ । ਗੁਰੂ ਕਾਲ ਤੋਂ ਲੈ ਕੇ ਸਿੱਖ ਰਾਜ ਦੀ ਕਾਇਮੀ ਤੱਕ ਕੋਈ ਇੱਕ ਵੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਸਿੱਖਾਂ ਵਲੋਂ ਕਿਸੇ ਵੀ ਧਰਮ ਦੀ ਅੌਰਤ ਦੀ ਬੇਪੱਤੀ ਕੀਤੀ ਗਈ ਹੋਵੇ। ਸਗੋਂ ਅਹਿਮਦ ਸ਼ਾਹ ਅਬਦਾਲੀ ਨਾਲ ਹਿੰਦੁਸਤਾਨ ਹਮਲੇ 'ਤੇ ਆਏ ਚਸ਼ਮਦੀਦ ਗਵਾਹ ਤੇ ਜੰਗਨਾਮੇ ਦੇ ਕਰਤਾ ਕਾਜ਼ੀ ਨੂਰ ਮੁਹੱਮਦ ਲਿਖਦਾ ਹੈ ਕਿ '' ਸਿੱਖਾਂ ਵਲੋਂ ਸਾਡੇ ਇੱਕ ਫੌਜੀ ਕੈਂਪ 'ਤੇ ਹਮਲੇ ਸਮੇਂ ਸਾਨੂੰ ਉਥੋਂ ਭੱਜਣਾ ਪਿਆ ਪਰ ਸਿੱਖਾਂ ਨੇ ਸਾਡੀਆਂ ਅੌਰਤਾਂ ਨੂੰ ਨਾ ਹੀ ਲੁੱਟਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੇਪੱਤੀ ਕੀਤੀ '' ਸਿੱਖ ਜਰਨੈਲ ਹਰੀ ਸਿੱਘ ਨਲੂਏ ਨਾਲ ਸਰੀਰਕ ਸਬੰਧ ਕਾਇਮ ਕਰਕੇ ਲੜਕਾ ਪੈਦਾ ਕਰਨ ਦੀ ਚਾਹਤ ਲੈ ਕੇ ਆਈ ਮੁਸਲਮਾਨ ਅੌਰਤ ਗੁਲਬਾਨੋ ਨੂੰ ਜਰਨੈਲ ਹਰੀ ਸਿੰਘ ਨਲੂਏ ਨੇ ਕੀਮਤੀ ਸੋਗਾਤਾਂ ਭੇਂਟ ਕਰਕੇ ਧਰਮ ਦੀ ਮਾਂ ਬਣਾ ਕੇ ਵਿਦਾ ਕੀਤਾ ਸੀ ਕਿਉਂਕਿ ਸਿੱਖਾਂ ਨੂੰ ਗੁਰਬਾਣੀ ਦੀ ਗੁੜ੍ਹਤੀ ਹੀ ਇਹੋ ਮਿਲੀ ਹੋਈ ਹੈ '' ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ , ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ '' ਪਰ ਅਫ਼ਸੋਸ ਹੈ ਕਿ ਭਾਰਤ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਧਾਰਮਿਕ ਕਰਮ ਕਾਂਢ , ਪੂਜਾ ਦੇ ਸਾਧਨ ਅਤੇ ਧਰਮ ਗੰ੍ਰਥ ਹੋਣ ਦੇ ਬਾਵਜੂਦ ਧਰਮ ਅਤੇ ਜਾਤੀ ਦੇ ਨਾਂਅ ਉਤੇ ਝਗੜੇ ਕਰਕੇ ਮਨੁੱਖਾਂ ਦਾ ਕਤਲੇਆਮ ਅਤੇ ਅੌਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈ । ਨਵਬੰਰ ੮੪ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਸਿੱਖ ਅੌਰਤਾਂ ਦੀ ਬੇਪੱਤੀ ਕੀਤੀ ਗਈ । ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲ ਤੇ ਅੌਰਤਾਂ ਨਾਲ ਬਲਾਤਕਾਰ ਕੀਤੇ ਗਏ ।
ਮੁਸਲਮਾਨ ਅੌਰਤਾਂ ਦੇ ਪੇਟ ਚੀਰ ਕੇ ਵਿਚੋਂ ਬੱਚੇ ਕੱਢ ਕੇ ਤ੍ਰਿਸ਼ੂਲਾਂ 'ਤੇ ਟੰਗੇ ਗਏ । ਊੜੀਸਾ ਕੰਧਮਾਲ ਵਿੱਚ ਇਸਾਈਆਂ ਨੂੰ ਮਾਰਿਆ ਗਿਆ ਅਤੇ ਅੌਰਤਾਂ ਨਾਲ ਬਲਾਤਕਾਰ ਕੀਤੇ ਗਏ । ਆਂਧਰਾ ਪ੍ਰਦੇਸ਼ ਅਤੇ ਤ੍ਰਿਪੁਰਾ 'ਚ ਕਾਮਰੇਡਾਂ ਦੇ ਕਤਲ ਤੇ ਅੌਰਤਾਂ ਦੀ ਬੇਪੱਤੀ ਦੇ ਮਾਮਲੇ ਵੀ ਅਜੋਕੇ ਸਮੇਂ 'ਚ ਸਾਹਮਣੇ ਆਏ ਹਨ । ਐਸੀਆਂ ਘਟਨਾਵਾਂ ਦੌਰਾਣ ਅੌਰਤਾਂ ਸਭ ਤੋਂ ਵੱਧ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ । ਪਿਛਲੇ ਕੁੱਝ ਸਮੇਂ ਤੋਂ ਦਲਿਤ ਅੌਰਤਾਂ , ਫੈਕਟਰੀਆਂ ਅਤੇ ਖੇਤਾਂ 'ਚ ਕੰਮ ਕਰਨ ਵਾਲੀਆਂ ਅੌਰਤਾਂ ਨਾਂਲ ਬਲਾਤਕਾਰ ਦੀਆਂ ਘਟਨਾਵਾਂ 'ਚ ਬੇਹੱਦ ਤੇਜ਼ੀ ਆਈ ਹੈ । ਅੱਜ ਜੇਕਰ ਭਾਰਤੀ ਸਮਾਜ ਦੀਆਂ ਅੌਰਤਾਂ ਆਪਣੇ ਨਾਲ ਹੋ ਰਹੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਬਚਨਾ ਚਹੁੰਦੀਆਂ ਤਾਂ ਉਨਾਂ ਨੂੰ ਸਿੱਖ ਧਰਮ ਤੋਂ ਸੇਧ ਲੈਣੀ ਚਾਹੀਦੀ ਹੈ । ੧੯੪੭ ਦੀ ਅਜ਼ਾਦੀ ਸਮੇਂ ਹਿੰਦ ਪਾਕਿ ਦੀ ਵੰਢ ਵੇਲੇ ਭਾਵੇਂ ਹਜ਼ਾਰਾਂ ਹੀ ਅੌਰਤਾਂ ਦੀ ਬੇਪੱਤੀ ਹੋਈ ਪਰ ਗੁਰੂ ਆਸਰੇ ਜਿਊਣ ਵਾਲੀਆਂ ਸਿੱਖ ਬੀਬੀਆਂ ਨੇ ਸ਼ਹੀਦੀਆਂ ਤਾਂ ਪ੍ਰਾਪਤ ਕਰ ਲਈਆਂ ਪਰ ਜਿਉਂਦੇ ਜੀਅ ਗੈਰ ਮਰਦਾਂ ਦਾ ਹੱਥ ਸਰੀਰ ਨੂੰ ਨਹੀਂ ਲੱਗਣ ਦਿੱਤਾ । ਨਵੰਬਰ ੧੯੮੪ 'ਚ ਵੀ ਸਿੱਖ ਕਤਲੇਆਮ ਵੇਲੇ ਜੇਹੜੇ ਸਿੱਖ ਪਰਿਵਾਰ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਦੇ ਗਏ ਸਨ ਉਨਾਂ ਨੂੰ ਹੀ ਕਤਲੇਆਮ ਅਤੇ ਬੇਪੱਤੀ ਦੀ ਜਲਾਲਤ ਸਹਿਣੀ ਪਈ ਜਿੰਨ੍ਹਾਂ ਅੰਦਰ ਸਿੱਖੀ ਸਪਿਰਿਟ ਸੀ ਉਹ ਜਾਂ ਤਾਂ ਲੜ ਮਰੇ ਜਾਂ ਉਨ੍ਹਾਂ ਦੇ ਝਰੀਟ ਤੱਕ ਵੀ ਨਹੀਂ ਆਈ । ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਭੂਤਰੇ ਸਿਪਾਈਆਂ ਵਲੋਂ ਜਦੋਂ ਦੋ ਸਿੱਖ ਬੀਬੀਆਂ ਦੀ ਬੇਪੱਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਬੀਬੀਆਂ ਨੇ ਗਾਤਰੇ ਕਿਰਪਾਨਾਂ ਨਾਲ ਹੀ ਭੂਤਰੇ ਪੁਲਸ ਕਰਮੀਆਂ ਦੀ ਭੁਗਤ ਸਵਾਰੀ ਸੀ ।
ਮੇਰੀਆਂ ਕੁੱਝ ਜਾਣਕਾਰ ਅਮ੍ਰਿੰਤਧਾਰੀ ਨੌਜਵਾਨ ਸਿੱਖ ਬੀਬੀਆਂ ਜੋ ਵੱਖ ਵੱਖ ਅਦਾਰਿਆਂ 'ਚ ਨੌਂਕਰੀ ਕਰਦੀਆਂ ਹਨ ਨੇ ਮੇਰੇ ਪੁੱਛਣ 'ਤੇ ਦੱਸਿਆ ਕਿ ਸਾਡੇ ਵੱਲ ਮਾੜੀ ਅੱਖ ਨਾਲ ਦੇਖਣ ਦਾ ਕਦੇ ਵੀ ਸਾਡੇ ਸਹਿ ਕਰਮੀਆਂ ਜਾਂ ਉੱਚ ਅਧਿਕਾਰੀਆਂ ਦਾ ਹੌਂਸਲਾ ਨਹੀਂ ਪਿਆ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਇਸਦਾ ਖਮਿਆਜ਼ਾ ਤੁਰੰਤ ਹੀ ਭੁਗਤਣਾ ਪੈ ਸਕਦਾ ਹੈ । ਉਨ੍ਹਾਂ ਦੱਸਿਆ ਕਿ ਮਾੜ੍ਹੀਆਂ ਘਟਨਾਵਾਂ ਦਾ ਸ਼ਿਕਾਰ ਅੌਰਤਾਂ ਦੀ ਚੁੱਪ ਵੀ ਇਸ ਲਈ ਜਿੰਮ੍ਹੇਵਾਰ ਹੈ । ਅੌਰਤਾਂ ਆਪਣੇ ਨਾਲ ਹੁੰਦੀਆਂ ਗੰਦੀਆਂ ਹਰਕਤਾਂ ਨੂੰ ਚੁੱਪ ਕਰਕੇ ਸਹਿਣ ਜਾਂ ਖੁਦਕੁਸ਼ੀ ਕਰਨ ਨਾਲੋਂ ਅਮ੍ਰਿੰਤਧਾਰੀ , ਸ਼ਸਤਰਧਾਰੀ ਹੋਣ, ਸਿੱਖ ਮਾਰਸ਼ਲ ਆਰਟ , ਕਰਾਟੇ , ਗਤਕੇ ਆਦਿ ਦੀ ਸਿਖਲਾਈ ਪ੍ਰਾਪਤ ਕਰਨ । ਪਹਿਲਾਂ ਕਾਨੂੰਨੀ ਦਾਹਿਰੇ 'ਚ ਰਹਿ ਕੇ ਯੌਨ ਸ਼ੋਸ਼ਣ ਕਰਨ ਵਾਲੇ ਮਰਦਾਂ ਦਾ ਵਿਰੋਧ ਕੀਤਾ ਜਾਵੇ ਪਰ ਜੇਕਰ ਫਿਰ ਵੀ ਮਰਦ ਆਪਣੀ ਹੱਦ ਟੱਪਣ ਤਾਂ ਉਨਾਂ ਨੂੰ ਬਣਦੀ ਸਜ਼ਾ ਦੇ ਦਿੱਤੀ ਜਾਵੇ ਕਿਉਂਕਿ ਭਾਰਤੀ ਕਾਨੂੰਨ ਵੀ ਆਪਣੀ ਇੱਜਤ ਦੀ ਰਾਖੀ ਕਰਦਿਆਂ ਦੌਸ਼ੀ ਨੂੰ ਸਜ਼ਾ ਦੇਣ ਲਈ ਸੈਲਫ਼ ਡਿਫੈਂਸ ਦੀ ਹਾਮੀ ਭਰਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਯੌਨ ਸ਼ੋਸ਼ਣ ਕਰਨ ਵਾਲੇ ਮਰਦਾਂ ਨੂੰ ਸਖ਼ਤ ਸਜ਼ਾ ਜਾਂ ਫਾਂਸੀ ਦੇਣ ਦੀ ਬਜਾਏ ਭਾਰਤੀ ਇਤਿਹਾਸ ਦੇ ਗੁਰੂ ਗੌਤਮ ਵਾਂਗ ਜੋ ਉਨ੍ਹਾਂ ਨੇਂ ਇੰਦਰ ਨੂੰ ਸਜ਼ਾ ਦਿੱਤੀ ਸੀ ਦੌਸ਼ੀ ਮਰਦ ਦੇ ਸਰੀਰ ਜਾਂ ਅੰਗ ਉਪਰ ਕੋਈ ਅਜਿਹਾ ਚਿੰਨ੍ਹ ਬਣਾ ਦਿੱਤਾ ਜਾਵੇ ਜੋ ਸਾਰੀ ਉਮਰ ਉਸਨੂੰ ਜ਼ਲੀਲ ਕਰਦਾ ਰਿਹੈ । ਪੂਰੀ ਦੁਨੀਆ ਵਿੱਚ ਭਾਰਤ ਹੀ ਐਸਾ ਦੇਸ਼ ਹੈ ਜਿਸਨੂੰ ਮਾਤਾ ਕਿਹਾ ਜਾਂਦਾ ਹੈ ਕਿਸੇ ਵੀ ਹੋਰ ਦੇਸ਼ ਜਿਵੇਂ ਕੈਨੇਡਾ ਨੂੰ ਕੈਨੇਡਾ ਮਾਤਾ , ਇਟਲੀ ਨੂੰ ਇਟਲੀ ਮਾਤਾ , ਅਮਰੀਕਾ ਨੂੰ ਅਮਰੀਕਾ ਮਾਤਾ ਜਾਂ ਡੁਬਈ ਨੂੰ ਡੁਬਈ ਮਾਤਾ ਨਹੀਂ ਕਿਹਾ ਜਾਂਦਾ ਇਸ ਲਿਹਾਜ਼ ਨਾਲ ਜੇ ਦੇਸ਼ ਭਾਰਤ ਮਾਤਾ ਹੈ ਤਾਂ ਇਸਦੇ ਸਾਰੇ ਬੱਚੇ ਬੱਚੀਆਂ ਇਸ ਭਾਰਤ ਰੂਪੀ ਮਾਤਾ ਦੇ ਪੁੱਤਰ ਧੀਆਂ ਹਨ ਤੇ ਰਿਸ਼ਤੇ ਵਜੋਂ ਭੈਣ ਭਰਾ ਲੱਗਦੇ ਹਨ । ਜੇਕਰ ਭਾਰਤ ਦੇਸ਼ ਦੇ ਭਰਾ ਇਸ ਦੇਸ਼ ਦੀਆਂ ਭੈਣਾਂ ਦਾ ਯੌਨ ਸ਼ੋਸ਼ਣ ਕਰਨ ਜਾਂ ਜਬਰ ਜਨਾਹ ਕਰਦੇ ਹਨ ਤਾਂ ਇਹ ਮਨੁੱਖਤਾਵਾਦੀ ਨਹੀਂ ਸਗੋਂ ਨਿਰਾ ਪਸ਼ੂ ਪੁਣਾ ਹੈ ।